![]() ਵਰਿਆਮ ਸਿੰਘ ਸੰਧੂ |
ਤਿੰਨ
ਕਹਾਣੀਆਂ-ਇੱਕ ਦ੍ਰਿਸ਼ਟੀਕੋਣ
-ਵਰਿਆਮ ਸਿੰਘ
ਸੰਧੂ- |
ਜਾਣਕਾਰੀ ਲਈ
ਸਤੰਬਰ 16, 2007 ਨੂੰ ਬਰੈੰਪਟਨ ਵਿੱਚ ‘ਕਹਾਣੀ ਵਿਚਾਰ ਮੰਚ’ ਦਾ ਸਾਲਾਨਾ ਪਰੋਗਰਾਮ ਹੋਇਆ। ਇਸ ਵਿੱਚ ਤਿੰਨ ਕਹਾਣੀਆਂ ਪੜ੍ਹੀਆਂ ਗਈਆਂ। ਜਿਨ੍ਹਾਂ ਸਬੰਧੀ ਵਿਚਾਰ ਚਰਚਾ ਆਰੰਭੀ ਗਈ ਅਤੇ ਵਿਚਾਰ ਸਾਂਝੇ ਵੀ ਕੀਤੇ ਗਏ। ਵਰਿਆਮ ਸੰਧੂ ਵਕਤ ਦੀ ਘਾਟ ਕਰਕੇ ਆਪਣੇ ਕੁੰਜੀਵਤ ਭਾਸ਼ਨ ਵਿੱਚ ਅੰਸ਼ਕ ਹੀ ਗੱਲ ਕਰ ਸਕੇ। ਕਿਰਪਾਲਤਾ ਸਹਿਤ ਉਨ੍ਹਾਂ ਨੇ ਆਪਣੇ ਵਿਚਾਰ ਵਿਸਥਾਰ ਵਿੱਚ ਲਿਖ ਕੇ ਦੇ ਦਿੱਤੇ ਹਨ। ਜੋ ਦੂਰ ਦੁਰਾਡੇ ਦੇ ਪਾਠਕਾਂ ਲਈ ‘ਲਿਖਾਰੀ’ ਰਾਹੀਂ ਪੇਸ਼ ਕੀਤੇ ਜਾ ਰਹੇ ਹਨ।
ਇਸ ਸਬੰਧੀ ਦੂਸਰੇ ਕੋਨਿਆਂ ਤੋਂ ਪਹੁੰਚੇ ਛੁਟ ਪੁਟ ਵਿਚਾਰ ਵੀ ‘ਲਿਖਾਰੀ’ ਦੇ ਪਾਠਕਾਂ ਦੇ ਸਨਮੁੱਖ ਕੀਤੇ ਜਾਣਗੇ।
ਰਾਏ ਸਾਹਿਬ ਨੂੰ ਬੇਨਤੀ ਹੈ ਕਿ ਉਹ ਇਨ੍ਹਾਂ ਤਿੰਨਾਂ ਕਹਾਣੀਆਂ ਨੂੰ ਆਰਕਾਈਵ ਵਿੱਚੋਂ ਕੱਢ ਕੇ ਮੁੱਖ ਪੰਨੇ ਉੱਤੇ ਲੈ ਆਉਣ ਤਾਂ ਕਿ ਪਾਠਕ ਉਨ੍ਹਾਂ ਦਾ ਤਾਜਾ ਪਾਠਨ ਕਰ ਕੇ ਸੰਧੂ ਦੇ ਵਿਚਾਰਾਂ ਉੱਤੇ ਸੋਚ ਵਿਚਾਰ ਕਰ ਸਕਣ। ਇਸ ਮੁੱਦੇ ਉੱਤੇ ਹੋਈ ਟੀਕਾ ਟਿੱਪਣੀ ਦੀ ‘ਲਿਖਾਰੀ’ ਰਾਹੀਂ ਪਹੁੰਚ ਆਪਣੇ ਧੰਨ ਭਾਗ ਸਮਝੇ ਜਾਣਗੇ।-----ਕਿਰਪਾਲ ਸਿੰਘ ਪੰਨੂੰ
**************
ਤਿੰਨ ਕਹਾਣੀਆਂ_ਇੱਕ ਦ੍ਰਿਸ਼ਟੀਕੋਨ
ਜਰਨੈਲ ਸਿੰਘ
ਮਿੰਨੀ ਗਰੇਵਾਲ
ਮੇਜਰ ਮਾਂਗਟ{ਪਾਣੀ (ਜਰਨੈਲ ਸਿੰਘ), ਵਹਿੰਦੇ ਪਾਣੀਆਂ ਦੇ ਪਰਛਾਵੇਂ (ਮਿੰਨੀ ਗਰੇਵਾਲ) ਮੋਮ ਦੇ ਖੰਭ (ਮੇਜਰ ਮਾਂਗਟ)}।
-ਲੇਖਕ: ਵਰਿਆਮ ਸਿੰਘ ਸੰਧੂ-
ਟਰਾਂਟੋ ਵੱਸਦੇ ਤਿੰਨ ਕਹਾਣੀਕਾਰਾਂ ਦੀਆਂ ਤਿੰਨ ਕਹਾਣੀਆਂ ਦੇ ਹਵਾਲੇ ਨਾਲ ਅਸੀਂ ਲਿਖੀ ਜਾ ਰਹੀ ਅਜੋਕੀ ‘ਕਨੇਡੀਅਨ ਪੰਜਾਬੀ ਕਹਾਣੀ’ ਦੇ ਨਕਸ਼ ਪਛਾਨਣ ਦੀ ਕੋਸ਼ਿਸ਼ ਕਰਾਂਗੇ। ਇਹ ਤਿੰਨ ਕਹਾਣੀਆਂ ਹਨ: ਜਰਨੈਲ ਸਿੰਘ ਦੀ ‘ਪਾਣੀ’ ; ਮਿੰਨੀ ਗਰੇਵਾਲ ਦੀ ‘ਵਹਿੰਦੇ ਪਾਣੀਆਂ ਦੇ ਪ੍ਰਛਾਵੇਂ’ ; ਅਤੇ ਮੇਜਰ ਮਾਂਗਟ ਦੀ ‘ਮੋਮ ਦੇ ਖੰਭ’।
ਪਰਵਾਸ ਧਾਰਨ ਕਰਨਾ ਤਾਂ ਸ਼ਾਇਦ ਪੰਜਾਬੀਆਂ ਦੇ ਖ਼ਮੀਰ ਵਿੱਚ ਹੈ। ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਸਦੀਆਂ ਤੋਂ ਹੌਲੀ ਹੌਲੀ ਦੂਜੀਆਂ ਧਰਤੀਆਂ ਤੋਂ ਹਮਲਾਵਰਾਂ ਦੀ ਸ਼ਕਲ ਵਿੱਚ ਪੰਜਾਬ ਵਿੱਚ ਆਉਂਦੇ ਰਹੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਏਥੇ ਹੀ ਵੱਸ ਜਾਂਦੇ ਰਹੇ। ਇਥੋਂ ਦੇ ਬਹੁਤਿਆਂ ਮੂਲ ਬਾਸ਼ਿੰਦਿਆਂ ਨੂੰ ਉਹਨਾਂ ਨੇ ਪੂਰਬ ਅਤੇ ਦੱਖਣ ਵੱਲ ਧੱਕ ਦਿੱਤਾ ਅਤੇ ਜਿਹੜੇ ਪਿੱਛੇ ਬਚੇ ਰਹਿ ਗਏ ਉਹਨਾਂ ਦੀਆਂ ਔਰਤਾਂ ਨਾਲ ਵਿਆਹ-ਸੰਬੰਧਾਂ ਰਾਹੀਂ ਉਹ ‘ਪਰਵਾਸੀ’ ਹਮਲਾਵਰ ਹੌਲੀ ਹੌਲੀ ਇਥੇ ਹੀ ਘੁਲ-ਮਿਲ ਕੇ ਇਥੋਂ ਦਾ ਹੀ ਹਿੱਸਾ ਹੋ ਗਏ ਅਤੇ ਇਥੋਂ ਦੇ ਮਾਲਕ ਬਣ ਗਏ। ਅਸੀਂ ਉਹਨਾਂ ‘ਪਰਵਾਸੀਆਂ’ ਦੀ ਹੀ ਆਲ-ਔਲਾਦ ਹਾਂ। ਸਾਡੇ ਪੰਜਾਬੀਆਂ ਵਿੱਚ ਪਤਾ ਨਹੀਂ ਕਿੱਥੋਂ ਕਿੱਥੋਂ ਦੀਆਂ ਜਾਤੀਆਂ, ਕੌਮਾਂ ਜਾਂ ਨਸਲਾਂ ਦਾ ਲਹੂ ਮਿਲਿਆ ਹੋਇਆ ਹੈ। ਸਾਡੇ ਧੁਰ ਅਵਚੇਤਨ ਵਿਚ, ਚੰਗੀ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਪੰਜਾਬ ਆ ਵੱਸੇ ਅਤੇ ਇਥੋਂ ਦੇ ਹੀ ਹੋ ਗਏ ਪੁਰਖਿਆਂ ਦਾ ਸਦਾ ‘ਗਤੀਸ਼ੀਲ’ ਰਹਿਣ ਦਾ ਅਸਰ ਡੂੰਘੀਆਂ ਜੜ੍ਹਾਂ ਜਮਾਈ ਬੈਠਾ ਹੈ। ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਸਾਡੇ ਖ਼ਮੀਰ ਵਿੱਚ ਪਰਾਈਆਂ ਧਰਤੀਆਂ ਨੂੰ ਗਾਹੁਣ, ਅਪਨਾਉਣ ਦੀ ਲਾਲਸਾ ਦੂਜੇ ਭਾਰਤੀ ਲੋਕਾਂ ਨਾਲੋਂ ਕੁੱਝ ਵਧੇਰੇ ਹੈ।
ਪਿਛਲੀ ਸਦੀ ਵਿੱਚ ਪੱਛਮੀ ਮੁਲਕਾਂ ਵਿੱਚ ਪੰਜਾਬੀ ਲੋਕ ਬੜੀ ਵੱਡੀ ਗਿਣਤੀ ਵਿੱਚ ਆਣ ਵੱਸੇ। ਜਦੋਂ ਵੀ ਕੋਈ ਜਣਾ ਆਪਣੀ ਧਰਤੀ ਨੂੰ ਛੱਡ ਕੇ ਕਿਸੇ ਪਰਾਈ ਧਰਤੀ ਤੇ ਵਾਸ ਕਰਦਾ ਹੈ ਤਾਂ ਉਹ ਆਪਣਾ ਸਭਿਆਚਾਰ, ਆਪਣੀਆਂ ਕਦਰਾਂ ਕੀਮਤਾਂ ਆਪਣੇ ਨਾਲ ਲੈ ਕੇ ਆਉਂਦਾ ਹੈ। ਪੱਛਮ ਦੇ ਭਾਰੂ ਸਭਿਆਚਾਰ ਦੇ ਹਮਲੇ ਤੋਂ ਬਚੇ ਰਹਿਣ ਲਈ ਅਤੇ ਆਪਣੀ ਪਛਾਣ ਬਚਾ ਕੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਤਰਲੋ-ਮੱਛੀ ਵੀ ਹੁੰਦਾ ਰਹਿੰਦਾ ਹੈ ਅਤੇ ਆਪਣੀ ਸਮਰੱਥਾ ਅਨੁਸਾਰ ‘ਸਮੁੰਦਰ ਵਿੱਚ ਡੁੱਬਣੋਂ ਬਚਣ ਲਈ ਪਾਣੀ ‘ਚੋਂ ਸਿਰ ਬਾਹਰ ਕੱਢ ਕੇ ਸਾਹ ਲੈਣ ਦਾ’ ਯਤਨ ਵੀ ਕਰਦਾ ਰਹਿੰਦਾ ਹੈ।
ਇਹੋ ਕਾਰਨ ਹੈ ਕਿ ਅਸੀਂ ਪਰਵਾਸ ਧਾਰਨ ਕਰਕੇ ਵੀ ਇੱਕ ‘ਬੰਦ ਸਭਿਆਚਾਰ’ ਵਿੱਚ ਵਿਚਰਦੇ ਹਾਂ। ਸਾਡਾ ਮੁਢਲਾ ਅਤੇ ਬਹੁਤਾ ਪਰਵਾਸੀ ਸਾਹਿਤ ਇਸੇ ਬੰਦ ਸਭਿਆਚਾਰ ਦੀ ਕਹਾਣੀ ਕਹਿੰਦਾ ਸੀ। ਜਿਸ ਵਿੱਚ ਪਿੱਛੇ ਦਾ ਹੇਰਵਾ, ਨਸਲੀ ਵਿਤਕਰਾ, ਪੀੜ੍ਹੀ-ਪਾੜਾ, ਸਭਿਆਚਾਰਕ ਤਣਾਓ ਅਤੇ ਸਭਿਆਚਾਰਕ ਅਨੁਕੂਲਣ ਦੇ ਭਖ਼ਦੇ ਵਿਸ਼ੇ ਕੇਂਦਰ ਵਿੱਚ ਰਹੇ।
ਅਸੀਂ ਵਿਦੇਸ਼ਾਂ ਵਿੱਚ ਆ ਕੇ ਨਵੇਂ ਹਾਲਾਤ ਅਤੇ ਸਮਾਜ ਦੇ ਅਨੂਕੂਲ ਹੋਣ ਦੇ ਯਤਨ ਵਿੱਚ ਤਾਂ ਹਾਂ ਪਰ ਆਪਣਾ ਪਿੱਛਾ ਭੁੱਲੇ ਨਹੀਂ। ਓਧਰਲਾ ਪੰਜਾਬ ਆਪਣੇ ਨਾਲ ਹੀ ਚੁੱਕ ਕੇ ਲੈ ਆਏ ਹਾਂ। ‘ਪੱਛਮੀ’ ਹੋ ਕੇ ਵੀ ‘ਪੰਜਾਬੀ’ ਬਣੇ ਰਹਿਣਾ ਚਾਹੁੰਦੇ ਹਾਂ। ਆਪਣੀ ਪਛਾਣ ਗਵਾਉਣਾ ਨਹੀਂ ਚਾਹੁੰਦੇ। ਇਹੋ ਕਾਰਨ ਹੈ ਕਿ: ਪੰਜਾਬੀਆਂ ਦੀ ਬਹੁ-ਗਿਣਤੀ ਵਾਲੇ ਥਾਵਾਂ ਤੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਆਪਣਿਆਂ ਵਿੱਚ ਵਾਸ ਸੁਰੱਖਿਆ ਦਾ ਅਹਿਸਾਸ ਦਿੰਦਾ ਹੈ। ਅਸੀਂ ਆਪਣੇ ਧਰਮ ਸਥਾਨ, ਮਾਰਕੀਟ ਸੈਂਟਰ, ਸਕੂਲ ਉਸਾਰੇ ਹਨ। ਬੱਚਿਆਂ ਨੂੰ ਜ਼ਬਾਨ ਅਤੇ ਸਭਿਆਚਾਰ ਨਾਲ ਜੋੜਨ ਦਾ ਫ਼ਿਕਰ ਰੱਖਦੇ ਹਾਂ। ਸਭਿਆਚਾਰਕ ਮੇਲੇ, ਘੋਲ-ਕਬੱਡੀ, ਸਾਹਿਤ ਰਚਨਾ, ਕਾਨਫ਼ਰੰਸਾਂ, ਨਾਟਕ ਤੇ ਸੈਮੀਨਾਰ ਕਰਕੇ ਪਿੱਛੇ ਨਾਲ ਸੰਬੰਧਾਂ ਨੂੰ ਤਰੋ-ਤਾਜ਼ਾ ਰੱਖਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ। ਰੇਡੀਓ, ਅਖ਼ਬਾਰਾਂ, ਰਿਸਾਲੇ ਅਤੇ ਟੀ ਵੀ ਚੈਨਲ ਚਲਾਉਂਦੇ ਹਾਂ। ਇਥੋਂ ਦੀ ਸਿਆਸਤ ਵਿੱਚ ਵੀ ਹਿੱਸਾ ਲੈਂਦੇ ਹਾਂ ਪਰ ਆਪਣੇ ਪੈਸੇ ਦੇ ਜ਼ੋਰ ਨਾਲ ਪੰਜਾਬ ਦੀ ਸਿਆਸਤ ਤੇ ਵੀ ਅਸਰ ਅੰਦਾਜ਼ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਬੱਚਿਆਂ ਨੂੰ ਪਿੱਛੇ ਪੰਜਾਬ ਵਿੱਚ ਵਿਆਹੁਣਾ ਚਾਹੁੰਦੇ ਹਾਂ।
ਇਹੋ ਕਾਰਨ ਹੈ ਕਿ ਇਥੋਂ ਦੇ ਪੱਛਮੀ ਵਸਨੀਕਾਂ ਨਾਲ ਸਾਡੀ ਸਾਂਝ ਬਹੁਤੀ ਕਾਰੋਬਾਰੀ ਅਤੇ ਚਲਾਵੀਂ ਕਿਸਮ ਦੀ ਹੀ ਰਹੀ ਹੈ। ਅਸੀਂ ਆਪਣੇ ਪੰਜਾਬੀਆਂ ਵਾਂਗ ਪੱਛਮੀ ਲੋਕਾਂ ਦੇ ਘਰਾਂ ਵਿੱਚ ਨਹੀਂ ਆਉਂਦੇ ਜਾਂਦੇ, ਖਾਂਦੇ-ਪੀਂਦੇ ਅਤੇ ਵਿਚਰਦੇ। ਸਾਡੇ ਉਹਨਾਂ ਨਾਲ ਸੰਬੰਧ ਬਹੁਤੇ ਅੰਤਰੰਗ ਨਹੀਂ ਬਣ ਸਕੇ। ਇਸੇ ਕਰਕੇ ਅਸੀਂ ਇਥੇ ਆਪਣਾ ਹੀ ਇੱਕ ‘ਪਰਦੇਸੀ ਪੰਜਾਬ’ ਵਸਾਇਆ ਹੋਇਆ ਹੈ।
ਸਾਡੇ ਮਨਾਂ ਵਿੱਚ ਇਧਰ ਆ ਵੱਸਣ ਦੀ ਸੰਤੁਸ਼ਟੀ ਅਤੇ ਪਿੱਛਾ ਛੱਡ ਆਉਣ ਦੀ ਵਿਲਕਣੀ ਦਾ ਦਵੰਦ ਹੈ। ਇਸੇ ਦਵੰਦ ਵਿੱਚ ਬਾਹਰ ਵੱਸਦਾ ਪੰਜਾਬੀ ਬੰਦਾ ਜਿਊਂਦਾ ਹੈ। ਸਾਡਾ ਸਾਹਿਤ ਵੀ ‘ਸੰਤੁਸ਼ਟੀ’ ਅਤੇ ‘ਵਿਲਕਣੀ’ ਦੇ ਇਹਨਾਂ ਦੋਹਾਂ ਸਿਰਿਆਂ ਵਿੱਚ ਲਮਕਦੀ ਰੱਸੀ ਉੱਤੇ ਤਣਾਓ ਵਿੱਚ ਵਿਚਰਦੇ ਅਤੇ ਹਰ ਪਲ ਡਿੱਗ ਪੈਣ ਤੋਂ ਬਚਦੇ ਬੰਦੇ ਦੀ ਕਹਾਣੀ ਕਹਿੰਦਾ ਹੈ। ਜਿਉਂ ਜਿਉਂ ਸਾਡੀ ਨਵੀਂ ਪੀੜ੍ਹੀ ਜਵਾਨ ਅਤੇ ਵੱਡੀ ਹੋ ਕੇ ਪੱਛਮੀ ਰਹਿਤਲ ਦਾ ਹਿੱਸਾ ਬਣਨ ਵੱਲ ਵਧ ਰਹੀ ਹੈ ਤਿਉਂ ਤਿਉਂ ਸਾਡਾ ਪੱਛਮੀ ਲੋਕਾਂ ਨਾਲ ਕਾਰੋਬਾਰ ਅਤੇ ਸਹਿਚਾਰ ਵੀ ਵਧ ਰਿਹਾ ਹੈ। ਇਸ ਨਾਲ ਕਈ ਕਿਸਮ ਦੀਆਂ ਸਮੱਸਿਆਵਾਂ ਅਤੇ ਸੰਕਟ ਵੀ ਵਧ ਰਹੇ ਹਨ। ਨਵੀਂ ਕਨੇਡੀਅਨ ਪੰਜਾਬੀ ਕਹਾਣੀ ਦੀ ਵਿਸ਼ੇਸ਼ਤਾ ਇਹ ਹੈ ਕਿ ਹੁਣ ਇਸਨੇ ‘ਭੁਹੇਰਵੇ’ ਤੋਂ ਪਾਰ ਜਾ ਕੇ ਅੰਤਰ-ਸਭਿਆਚਾਰਕ ਸੰਬੰਧਾਂ ਅਤੇ ਸਰੋਕਾਰਾਂ ਨੂੰ ਜ਼ਬਾਨ ਦੇਣੀ ਸ਼ੁਰੂ ਕੀਤੀ ਹੈ। ਇਹ ਕਹਾਣੀ ‘ਪਰਦੇਸੀ ਪੰਜਾਬ’ ਦੀ ਜਕੜ ਵਿੱਚ ਫਸੇ ਮਨੁੱਖ ਦੇ ਕੱਸਾਓ ਅਤੇ ਤਣਾਓ ਨੂੰ ਬਿਆਨ ਵੀ ਕਰਦੀ ਹੈ ਪਰ ਇਸ ਕੱਸ ਵਿਚੋਂ ਨਿਕਲ ਕੇ ਆਪਣੇ ਵਿਚਰਨ ਦਾ ਦਾਇਰਾ ਮੋਕਲਾ ਕਰਨ ਦੀ ਪ੍ਰੇਰਨਾ ਵੀ ਦਿੰਦੀ ਹੈ। ਇਹ ਕਹਾਣੀ ਪੰਜਾਬੀ ਬੰਦੇ ਨੂੰ ਪੰਜਾਬ ਦੀ ਧਰਾਤਲ ਤੋਂ ਚੁੱਕ ਕੇ ਵਿਸ਼ਵ ਸਰੋਕਾਰਾਂ ਨਾਲ ਜੋੜਨ ਦੀ ਪਹਿਲਕਦਮੀ ਕਰਦੀ ਹੈ। ਪੰਜਾਬੀ ਕਹਾਣੀ ਵਿੱਚ ਵਸਤੂ-ਚੋਣ ਦੇ ਪੱਖੋਂ ਇਹ ਨਵਾਂ ਵਰਤਾਰਾ ਹੈ।
ਚਰਚਾ ਅਧੀਨ ਕਹਾਣੀਕਾਰਾਂ ਵਿਚੋਂ ਜਰਨੈਲ ਸਿੰਘ ਦੀ ਤਾਂ ਸਗੋਂ ਇਹ ਵੀ ਵਿਸ਼ੇਸ਼ਤਾ ਹੈ ਕਿ ਉਸਨੇ ‘ਟਾਵਰਜ਼’ ਵਰਗੀ ਕਹਾਣੀ ਲਿਖ ਕੇ ਵਸਤੂ ਦੇ ਪੱਧਰ ਤੇ ਪੰਜਾਬੀ ਕਹਾਣੀ ਵਿੱਚ ਇੱਕ ਨਵਾਂ ਆਯਾਮ ਜੋੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕਹਾਣੀ ਸਿਰਫ਼ ਪੰਜਾਬੀ ਮਨੁੱਖ ਦੀ ਨਾ ਹੋ ਕੇ ਸੰਸਾਰ ਦੇ ਕਿਸੇ ਵੀ ਮਨੁੱਖ ਦੀ ਕਹਾਣੀ ਹੋ ਗਈ ਹੈ। ਪਰ ਇਸਦਾ ਮਤਲਬ ਹਰਗ਼ਿਜ਼ ਇਹ ਨਹੀਂ ਕਿ ਪਰਦੇਸੀ ਪੰਜਾਬੀ ਸਰੋਕਾਰਾਂ ਵਾਲੀ ਕਹਾਣੀ ਇਸ ਨਾਲੋਂ ਘਟੀਆ ਜਾਂ ਪਿੱਛੇ ਰਹਿ ਗਈ ਹੈ। ਜਰਨੈਲ ਸਿੰਘ ਅਤੇ ਦੂਜੇ ਅਜਿਹੇ ਕਹਾਣੀਕਾਰਾਂ ਦੀ ਕਹਾਣੀ ਦੀ ਵਿਸ਼ੇਸ਼ਤਾ ਇਸਦੇ ਵੱਖਰੇ ਵਸਤੂ-ਚੋਣ ਵਿੱਚ ਹੈ; ਕਿਸੇ ਤਰ੍ਹਾਂ ਵੀ ਚੰਗੇ ਜਾਂ ਮਾੜੇ ਹੋਣ ਵਿੱਚ ਨਹੀਂ। ਚੰਗਾ ਜਾਂ ਮਾੜਾ ਉਸਨੂੰ ਕਹਾਣੀਕਾਰ ਦੀ ਮਸਲਿਆਂ ਨੂੰ ਜਾਨਣ ਅਤੇ ਸਮਝਣ ਦੀ ਪ੍ਰਤਿਭਾ ਅਤੇ ਕਲਾ ਸੰਗਠਨ ਵਿੱਚ ਢਾਲ ਸਕਣ ਦੀ ਯੋਗਤਾ ਨੇ ਬਨਾਉਣਾ ਹੈ।
ਤਿੰਨਾਂ ਕਹਾਣੀਕਾਰਾਂ ਦੀਆਂ ਕਹਾਣੀਆਂ ਦਾ ਇੱਕ ਸਾਂਝਾ ਸੂਤਰ ਇਹ ਹੈ ਕਿ ਇਸਦੇ ਪਾਤਰ ਸਭਿਆਚਾਰੀਕਰਨ ਦੀ ਪ੍ਰਕਿਰਿਆ ਵਿੱਚ ਪਏ ਹੋਏ ਹਨ। ਦੋ ਵਿਭਿੰਨ ਰਹਿਤਲ ਵਾਲੀਆਂ ਸਭਿਅਤਾਵਾਂ ਦੇ ਨਜ਼ਦੀਕ ਹੋਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਅੰਤਰ-ਸਭਿਆਚਾਰਕ ਵਿਆਹ-ਸੰਬੰਧਾਂ ਨੇ ਨਿਭਾਉਣੀ ਹੁੰਦੀ ਹੈ।
‘ਪਾਣੀ’ ਵਿੱਚ ਰਾਜੂ ਅਤੇ ਸ਼ੈਰਨ ਦਾ ਆਪਸੀ ਵਿਆਹ ਦੋ ਸਭਿਅਤਾਵਾਂ ਜਾਂ ਸਭਿਆਚਾਰਾਂ ਮਿਲਨ-ਬਿੰਦੂ ਬਣਦਾ ਹੈ, ਜਿਸ ਨਾਲ ਜਿ਼ੰਦਗੀ ਦੇ ਖਲੋਤੇ ਪਾਣੀਆਂ ਵਿੱਚ ਹਲਚਲ ਮੱਚਦੀ ਹੈ। ‘ਵਹਿੰਦੇ ਪਾਣੀਆਂ ਦੇ ਪਰਛਾਵੇਂ’ ਵਿੱਚ ਵਿਜਯ ਅਤੇ ਲਾਰਾ ਦਾ ਵਿਆਹ ਦੋ ਕੌਮਾਂ ਦਾ ਸਹਿਚਾਰ-ਸੂਤਰ ਬਣਦਾ ਹੈ। ‘ਮੋਮ ਦੇ ਖੰਭ’ ਵਿੱਚ ਵੀ ਮੁੱਖ-ਪਾਤਰ ਸ਼ਿੰਦੀ ਦੀ ਧੀ ਦਾ ਸੰਬੰਧ ਕਿਸੇ ਪੱਛਮੀ ਲੜਕੇ ਨਾਲ ਹੋਣ ਦੀ ਕਨਸੋਅ ਮਿਲਦੀ ਹੈ। ਇਸਤੋਂ ਇਲਾਵਾ ਇਸੇ ਕਹਾਣੀ ਵਿੱਚ ਸ਼ਿੰਦੀ ਅਤੇ ਡੌਨਾ ਦਾ ਆਪਸੀ ਸਹਿਚਾਰ ਅਤੇ ‘ਵਹਿੰਦੇ ਪਾਣੀਆਂ ਦੇ ਪਰਛਾਵੇਂ’ ਵਿੱਚ ਐਂਜਲਾ ਅਤੇ ਮੀਰਾ ਦੀ ਦੋਸਤੀ ਦੱਸਦੀ ਹੈ ਕਿ ਪੂਰਬ ਅਤੇ ਪੱਛਮ ਦੇ ਲੋਕ ਆਪਣੇ ਬੰਦ ਦਾਇਰਿਆਂ ਵਿਚੋਂ ਨਿਕਲ ਕੇ ਇੱਕ ਦੂਜੇ ਨੂੰ ਮਿਲਣ ਲੱਗੇ ਹਨ। ਇਸ ਮਿਲਾਪ ਦੀਆਂ ਆਪਣੀਆਂ ਸਮੱਸਿਆਵਾਂ ਹਨ ਜਿੰਨ੍ਹਾਂ ਦੀ ਨਿਸ਼ਾਨਦੇਹੀ ਲੇਖਕ ਆਪੋ ਆਪਣੀ ਪ੍ਰਤਿਭਾ ਅਤੇ ਸਮਰੱਥਾ ਅਨੁਸਾਰ ਕਰਦੇ ਹਨ।
ਜਦੋਂ ਦੋ ਸਭਿਅਤਾਵਾਂ ਜਾਂ ਸਭਿਆਚਾਰ ਇੱਕ ਦੂਜੇ ਨਾਲ ਟਕਰਾਉਂਦੇ ਹਨ ਤਾਂ ਦੋਹਾਂ ਧਿਰਾਂ ਨੂੰ ਹੀ ਸਦਮਾ ਲਗਦਾ ਹੈ। ਉਹਨਾਂ ਨੂੰ ਆਪਣਾ ਵੱਖਰਾ ਰੰਗ ਘੁਲਦਾ-ਪਿਘਲਦਾ ਦਿਖਾਈ ਦਿੰਦਾ ਹੈ। ਇੰਜ ਦੋਵੇਂ ਧਿਰਾਂ ਕਲਚਰਲ ਸਦਮੇ ਦੀ ਅਵਸਥਾ ਵਿਚੋਂ ਗੁਜ਼ਰਦੇ ਹਨ। ਹਰੇਕ ਧਿਰ ਨੂੰ ਆਪਣਾ ਸਭਿਆਚਾਰ ਚੰਗਾ ਅਤੇ ਉੱਤਮ ਲੱਗਦਾ ਹੈ ਅਤੇ ਦੂਜੇ ਵਿੱਚ ਕੋਈ ਨਾ ਕੋਈ ਕਾਣ ਜਾਂ ਊਣ ਨਜ਼ਰ ਆਉਂਦੀ ਹੈ।
ਪਰ ਸਭਿਆਚਾਰਾਂ ਅਤੇ ਸਭਿਅਤਾਵਾਂ ਦਾ ਵੱਖਰਾਪਨ ਉਹਨਾਂ ਦੇ ਚੰਗੇ ਜਾਂ ਮਾੜੇ ਹੋਣ ਵਿੱਚ ਨਹੀਂ, ਕੇਵਲ ‘ਵੱਖਰੇ’ ਹੋਣ ਵਿੱਚ ਹੈ। ਕਹਾਣੀਕਾਰਾਂ ਨੇ ਇਸ ਵੱਖਰੇਪਨ ਨੂੰ ਫੜ੍ਹਣ ਦੀ ਕੋਸ਼ਿਸ਼ ਕੀਤੀ ਹੈ।
‘ਪਾਣੀ’ ਵਿੱਚ ਆਪਣੀ ਗੱਲ ਕਹਿਣ ਲਈ ਲੇਖਕ ਵਿਰੋਧੀ-ਜੁੱਟ ਉਸਾਰਦਾ ਹੈ।
ਸੁਖਜੀਤ ਕੌਰ ਅਤੇ ਰਾਜੂ ਤੇ ਸ਼ੈਰਨ ਜਾਂ ਪੱਛਮ ਅਤੇ ਪੰਜਾਬ।
ਸੁਖਜੀਤ ਕੌਰ ਪੂਰਬ ਦੀ ਸਭਿਅਤਾ ਦੀ ਪ੍ਰਤੀਨਿਧ ਹੈ ਅਤੇ ਸ਼ੈਰਨ ਤੇ ਰਾਜੂ ਪੱਛਮੀ ਸਭਅਿਤਾ ਦੇ।
ਇਸ ਵਿਰੋਧੀ ਜੁੱਟ ਦੇ ਆਪਸੀ ਤਣਾਓਸ਼ੀਲ ਰਿਸ਼ਤੇ ਰਾਹੀਂ ਲੇਖਕ ਵੱਖ ਵੱਖ ਧਿਰਾਂ ਦੇ ਪੈਂਤੜੇ ਤੋਂ ਉਹਨਾਂ ਨੂੰ ਵੇਖਦਾ ਅਤੇ ਜ਼ਬਾਨ ਦਿੰਦਾ ਹੈ। ਸਥਿਤੀਆਂ ਪੇਸ਼ ਕਰਦਾ ਹੈ ਅਤੇ ਉਹਨਾਂ ਦੇ ਗਾਲਪਿਕ ਅਰਥ ਸਿਰਜਦਾ ਹੈ।
ਹਰੇਕ ਸਭਿਅਤਾ ਜਾਂ ਸਭਿਆਚਾਰ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇੱਕ ਧਿਰ ਆਪਣੇ ਪੈਂਤੜੇ ਤੋਂ ਖਲੋ ਕੇ ਤਾਂ ਉਹਨਾਂ ਨੂੰ ਚੰਗਾ ਜਾਂ ਮਾੜਾ ਕਹਿ ਸਕਦੀ ਹੈ ਪਰ ਹਕੀਕਤ ਵਿੱਚ ਇੰਜ ਹੁੰਦਾ ਨਹੀਂ। ਹਰੇਕ ਧਿਰ ਦਾ ਆਪਣਾ ਸੱਚ ਹੁੰਦਾ ਹੈ ਅਤੇ ਲੇਖਕ ਨੂੰ ਹਰੇਕ ਧਿਰ ਨੂੰ ਜ਼ਬਾਨ ਦੇਣੀ ਬਣਦੀ ਹੈ। ਜਰਨੈਲ ਸਿੰਘ ਨੇ ਇਹ ਜ਼ਬਾਨ ਦੇਣ ਦੀ ਕੋਸ਼ਿਸ਼ ਕੀਤੀ ਹੈ।
ਉਦਾਹਰਣ ਵਜੋਂ: ਸ਼ੈਰਨ ਸੁਖਜੀਤ ਨੂੰ ਇਸ ਕਰਕੇ ਬੁਰੀ ਲੱਗਦੀ ਹੈ
ਕਿ ਉਸਨੇ ਉਸ ਕੋਲੋਂ ਉਸਦਾ ਪੁੱਤ ਖੋਹ ਲਿਆ ਹੈ। ਬੱਚਿਆਂ ਦੇ ਨਾਂ ਖੋਹ ਲਏ ਹਨ। ਡੈਬੀ ਦਾ ਪੂਰਾ ਨਾਂ ਹੀ ਅਤੇ ਪੋਤਰੇ ਦਾ ਅੱਧਾ (ਅੱਧਾ ਵੀ ‘ਲਾਲਚ’ ਵੱਸ ਛੱਡਿਆ ਹੈ)।
ਉਸਦਾ ਖਾਣ-ਪੀਣ (ਬੀਫ ਖਾਣਾ), ਪਹਿਨਣ ਪਚਰਨ ਵੱਖਰਾ ਹੈ (ਬਿਕਨੀ ਪਾਕੇ ਸੱਸ ਸਹੁਰੇ ਅੱਗੇ ਝੀਲ ਵਿੱਚ ਨਹਾਉਣਾ)
ਕਿ ਉਹ ਕਿਸੇ ਹੋਰ ਨਸਲ ਦੀ ਹੈ ਅਤੇ ਪੰਜਾਬੀ ਸਭਿਆਚਾਰ ਵਿੱਚ ਘੁਲਣ ਦੀ ਕੋਸ਼ਿਸ਼ ਨਹੀਂ ਕਰਦੀ।
ਕਿ ਉਹ ਪੰਜਾਬੀ ਭਾਸ਼ਾ ਨਹੀਂ ਜਾਣਦੀ ਅਤੇ ਸਿੱਖਣਾ ਵੀ ਨਹੀਂ ਚਾਹੁੰਦੀ।
ਰਿਸ਼ਤੇਦਾਰਾਂ ਦੇ ਜਾਣ ਤੋਂ ਨਾਂਹ ਕਰਦੀ ਹੈ।
ਉਹਦੇ ਕਰਕੇ ਸੁਖਜੀਤ ਕੌਰ ਆਪਣੇ ਪੁੱਤ ਦਾ ਪੰਜਾਬੀ ਰੰਗ ਦਾ ਵਿਆਹ ਨਹੀਂ ਕਰ ਸਕੀ।
ਇਸੇ ਕਰਕੇ ਸੁਖਜੀਤ ਕੌਰ ਉਸ ਨਾਲ ਪੰਜਾਬੀ ਸੱਸ-ਨੂੰਹ ਵਾਂਗ ਮਿਲਕੇ ਕੰਮ ਕਰਨ ਅਤੇ ਦੁੱਖ ਸੁਖ ਫੋਲਣ ਵਿੱਚ ਅੜਿੱਕਾ ਮਹਿਸੂਸ ਕਰਦੀ ਹੈ।
ਕਿ ਉਹ ਫ਼ਜ਼ੂਲ ਖ਼ਰਚ ਹੈ ਅਤੇ ਘਰੇਲੂ ਕਿਸਮ ਦੀ ਔਰਤ ਨਹੀਂ।
ਕਿ ਉਸਦੇ ਚਾਅ ਅਤੇ ਸ਼ੌਕ ਵੱਖਰੇ ਨੇ। (ਸਵਿਮਿੰਗ, ਚੰਗੇ ਮੌਸਮ ਵਿੱਚ ਬਾਹਰ ਦੌੜਨ ਚਲੇ ਜਾਣਾ, ਘਰ ਦੀ ਥਾਂ ਬਾਹਰ ਦਾ ਖਾਣਾ, ਖਾਣਾ)
ਓਧਰ ਸ਼ੈਰਨ ਭਾਵੇਂ ਲੇਖਕ ਦੇ ਸਿੱਧੇ ਫੋਕਸ ਵਿੱਚ ਨਹੀਂ ਪਰ ਉਸਦੀਆਂ ਵੀ ਆਪਣੀਆਂ ਸਮੱਸਿਆਵਾਂ ਹਨ।
ਉਹ ਨਿਰ੍ਹੇ ਪਰਿਵਾਰਕ ਖਲਜਗਣਾਂ ਤੋਂ ਉੱਪਰ ਉੱਠ ਕੇ ਕੁਦਰਤ ਨੁੰ ਮਾਨਣ ਵਾਲੀ ਕੌਮ ਦਾ ਅੰਗ ਹੈ।
ਉਹ ਸੁਤੰਤਰ ਵਿਚਰਨ ਦੀ ਚਾਹਵਾਨ ਹੈ।
ਉਹ ਖਾਣ ਪੀਣ ਅਤੇ ਪਹਿਨਣ ਪਚਰਨ ਵਿੱਚ ਆਪਣੀ ਜੀਵਨ-ਸ਼ੈਲੀ ਅਨੁਸਾਰ ਵਿਚਰਨ ਦਾ ਓਨਾ ਹੀ ਹੱਕ ਰੱਖਦੀ ਹੈ, ਜਿੰਨਾਂ ਸੁਖਜੀਤ ਕੌਰ।
ਆਪਣੇ ਕਲਚਰ ਮੁਤਾਬਕ ਬੱਚੇ ਦਾ ਨਾਂ ਰੱਖਣਾ ਉਸਦੀ ਵੀ ਓਨੀ ਹੀ ਉਚਿੱਤ ਤਾਂਘ ਹੈ ਜਿੰਨੀ ਸੁਖਜੀਤ ਕੌਰ ਦੀ।
ਜਦੋਂ ਰਿਸ਼ਤੇਦਾਰਾਂ ਵਿੱਚ ਸ਼ੈਰਨ ਦੇ ਨਾ ਸਮਝ ਆਉਣ ਵਾਲੀ ਦੂਜੀ ਭਾਸ਼ਾ ਪੰਜਾਬੀ ਵਿੱਚ ਹੀ ਗੱਲਾਂ ਹੋ ਰਹੀਆਂ ਹੋਣ ਅਤੇ ਉਹ ਓਥੇ ਅਣਗੌਲੀ ਬੈਠੀ ਰਹੇ ਤਾਂ ਉਹ ਓਥੇ ਜਾਵੇ ਵੀ ਕਿਉਂ?
ਇੰਜ ਕਲਚਰਲ ਧੱਕਾ ਜਾਂ ਸਦਮਾ ਸਿਰਫ਼ ਇੱਕ ਧਿਰ (ਸੁਖਜੀਤ) ਨੂੰ ਹੀ ਨਹੀਂ ਸ਼ੈਰਨ ਨੂੰ ਵੀ ਲੱਗਦਾ ਹੈ। ਉਸਦੀ ਪੀੜ ਇਸਤੋਂ ਵੀ ਗਹਿਰੀ ਹੋ ਸਕਦੀ ਹੈ ਕਿਉਂਕਿ ਉਹ ਤਾਂ ਸਗੋਂ ਆਪਣਾ ਘਰ-ਬਾਰ ਅਤੇ ਮਾਪੇ ਤਿਆਗ ਕੇ ਅਸਲੋਂ ਵੱਖਰੇ ਕਲਚਰ ਵਾਲੇ ਲੋਕਾਂ ਦੇ ਪਰਿਵਾਰਕ ਸਮੂਹ ਵਿੱਚ ਰਹਿਣ ਆਈ ਹੈ।
ਇਹ ਠੀਕ ਹੈ ਕਿ ਹਰ ਇੱਕ ਦੀ ਆਪਣੀ ਪੀੜ ਹੈ ਅਤੇ ਹਰ ਇੱਕ ਨੂੰ ਆਪਣੀ ਪੀੜ ਲਈ ਆਪ ਹੂੰਗਣਾ ਪੈਂਦਾ ਹੈ। ਸੁਖਜੀਤ ਦੀ ਪੀੜ ਉੱਤੇ, ਕੇਂਦਰੀ ਪਾਤਰ ਹੋਣ ਕਰਕੇ, ਲੇਖਕ ਦਾ ਫੋਕਸ ਵਧੇਰੇ ਹੈ ਪਰ ਉਸਦੀ ਸਹਿਜ ਲਿਖਣ ਸ਼ੈਲੀ ਦਾ ਕਮਾਲ ਹੈ ਕਿ ਸ਼ੈਰਨ ਦਾ ਪੱਖ ਵੀ ਸਾਡੇ ਸਾਹਮਣੇ ਆ ਜਾਂਦਾ ਹੈ।
ਕਲਚਰਲ ਧੱਕੇ ਨਾਲ ਹੁੰਦੀ ਮਾਨਸਿਕ ਪੀੜ ਨੂੰ ਸੁਖਜੀਤ ਰਾਹੀਂ ਪੇਸ਼ ਕੀਤਾ ਗਿਆ ਹੈ। ਸ਼ੈਰਨ ਦੇ ਮਨ ਤੇ ਸਿੱਧਾ ਤਾਂ ਨਹੀਂ ਪਰ ਉਸਦੇ ਵਾਰਤਾਲਾਪਾਂ ਰਾਹੀਂ ਉਸਦੀ ਪੀੜਾ ਤੇ ਵੀ ਫੋਕਸ ਕੀਤਾ ਗਿਆ ਹੈ, ਜਿਸਨੂੰ ਸੁਹਿਰਦ ਪਾਠਕ ‘ਅਣਕਿਹਾਂ’ ਵੀ ਮਹਿਸੂਸ ਕਰ ਲੈਂਦਾ ਹੈ।
ਸਭਿਆਚਾਰਕ ਅਨੁਕੂਲਣ: ਲੇਖਕ ਦੱਸਦਾ ਹੈ ਕਿ ਦੋਵਾਂ ਧਿਰਾਂ ਨੇ ਆਪਣੇ ਸਭਿਆਚਾਰ ਦੇ ਅਨੁਕੂਲ ਜੀਣ ਦਾ ਯਤਨ ਵੀ ਕਰਨਾ ਹੈ ਅਤੇ ਆਪਣੀ ਪੀੜ ਨੂੰ ਹੋਠਾਂ ਹੇਠਾਂ ਦੱਬ ਕੇ ਦੂਜੇ ਕਲਚਰ ਦੇ ਅਨੁਕੂਲ ਹੋਣ ਦਾ ਯਤਨ ਵੀ ਕਰਨਾ ਹੈ। ਇਹ ਤਾਂ ਹੀ ਸੰਭਵ ਹੈ ਜੇ ਦੂਜੇ ਕਲਚਰ ਦੀਆਂ ਚੰਗੀਆਂ ਗੱਲਾਂ ਦਾ ਮੁੱਲ ਵੀ ਪਾਇਆ ਜਾਵੇ ਅਤੇ ਆਪਣੇ ਕਲਚਰ ਦੀਆਂ ਮਾੜੀਆਂ ਗੱਲਾਂ ਦੀ ਨਿਸ਼ਾਨਦੇਹੀ ਕਰਕੇ ਅਤੇ ਉਹਨਾਂ ਨੂੰ ਤਿਆਗਣ ਦੀ ਕੋਸ਼ਿਸ਼ ਵੀ ਕੀਤੀ ਜਾਵੇ। ਤਦ ਹੀ ਛੋਟੇ ਪੱਧਰ ‘ਤੇ ਪਰਿਵਾਰ ਅਤੇ ਵੱਡੇ ਪੱਧਰ ਤੇ ਮੁਲਕ ਆਪਸੀ ਸਹਿਹੋਂਦ ਅਤੇ ਪਰਸਪਰ ਭਾਈਚਾਰੇ ਨਾਲ ਜੀ ਅਤੇ ਰਹਿ ਸਕਣਗੇ।
ਰਚਨਾ-ਦ੍ਰਿਸ਼ਟੀ: ਇਸ ਕਹਾਣੀ ਵਿੱਚ ਵੀ ਅਜਿਹਾ ਹੋਇਆ ਹੈ। ਦੋਵਾਂ ਸਭਿਆਚਾਰਾਂ ਦੇ ਪ੍ਰਤੀਨਿਧ ਦੂਜੀ ਧਿਰ ਦੇ ਸਭਿਆਚਾਰ ਵੱਲ ਕੇਵਲ ‘ਨਾਂਹ-ਮੁਖੀ’ ਹੀ ਨਹੀਂ; ‘ਹਾਂ-ਮੁਖੀ’ ਪਹੁੰਚ ਵੀ ਰੱਖਦੇ ਹਨ: ‘ਹਾਂ-ਮੁਖ’ ਪਹੁੰਚ ਵੱਲ ਧਿਆਨ ਦਿਵਾਉਣ ਪਿੱਛੇ ਲੇਖਕ ਦੀ ਰਚਨਾ-ਦ੍ਰਿਸ਼ਟੀ ਕਾਰਜਸ਼ੀਲ ਹੁੰਦੀ ਹੈ। ਉਲਾਰ ਰਚਨਾ ਦ੍ਰਿਸ਼ਟੀ ਵਾਲਾ ਲੇਖਕ ਕੇਵਲ ਇੱਕ ਧਿਰ ਦੇ ਦੁੱਖਾਂ ਅਤੇ ਸੰਕਟਾਂ ਨੂੰ ਹੀ ਉਭਾਰ ਕੇ ਪੇਸ਼ ਕਰੇਗਾ ਅਤੇ ਦੂਜੀ ਧਿਰ ਉੱਤੇ ਉਹਨਾਂ ਦੁੱਖਾਂ ਦਾ ਦੋਸ਼-ਆਰੋਪਣ ਕਰੇਗਾ।
ਪਰ ਜਰਨੈਲ ਸਿੰਘ ਦੀ ਦ੍ਰਿਸ਼ਟੀ ਵਿੱਚ ਅਜਿਹਾ ਕਿਸੇ ਕਿਸਮ ਦਾ ਵੀ ਉਲਾਰ ਨਹੀਂ। ਸ਼ੈਰਨ ਤੇ ਰਾਜੂ ਨੇ ਘਰ ਦੇ ਪਿੱਛੇ ਫੁੱਲਾਂ ਦਾ ਬਗੀਚਾ ਲਾਇਆ ਹੈ ਜਿੱਥੇ ਚਿੱਟੇ, ਨੀਲੇ ਪੀਲੇ, ਲਾਲ, ਗੁਲਾਬੀ ਅਤੇ ਬਦਾਮੀ; ਵੰਨ ਸਵੰਨੇ ਫੁੱਲ ਸੁਖਜੀਤ ਦੀ ਆਤਮਾ ਨੂੰ ਸਕੂਨ ਦਿੰਦੇ ਹਨ। (ਸੰਕੇਤ ਵੱਖ ਵੱਖ ਨਸਲਾਂ ਦੀ ਨੇੜਲੀ ਸਾਂਝ ਅਤੇ ਵਿਭਿੰਨਤਾ ਵਿੱਚ ਪਈ ਤਰਤੀਬ ਅਤੇ ਖੂਬਸੂਰਤੀ ਵੱਲ ਵੀ ਹੋ ਸਕਦਾ ਹੈ)
ਸ਼ੈਰਨ ਨੇ ਵਿਆਹ ਪਿੱਛੋਂ ਘਰ ਦੀ ਜਿਸ ਤਰੀਕੇ ਨਾਲ ਵੀਂ ਨੁਹਾਰ ਅਤੇ ਸੈਟਿੰਗ ਬਦਲੀ; ਉਸਦੀ ਸੁਖਜੀਤ ਵੀ ਪਰਸੰਸਾ ਕਰਦੀ ਹੈ।
ਸ਼ੈਰਨ ਨੇ ਆਪਣੇ ਹੋਣ ਵਾਲੇ ਬੱਚੇ ਬਾਰੇ ਜਿਵੇਂ ਪਹਿਲਾਂ ਹੀ ਕਿਤਾਬਾਂ ਪੜ੍ਹ ਕੇ ਉਹਦੇ ਪਾਲਣ ਪੋਸਣ ਵੱਲ ਧਿਆਨ ਦਿੱਤਾ, ਇਸਤੇ ਵੀ ਸੁਖਜੀਤ ਕੌਰ ਨੂੰ ਮਾਣ ਹੈ।
ਦੂਜੇ ਪਾਸੇ ਸ਼ੈਰਨ ਸੁਖਜੀਤ ਕੌਰ ਦੀਆਂ ਰੁਚੀਆਂ ਦਾ ਖ਼ਿਆਲ ਰੱਖਣ ਦੀ ਵੀ ਕੋਸ਼ਿਸ਼ ਕਰਦੀ ਹੈ, ਉਸਨੂੰ ਉਦਾਸ ਵੇਖ ਕੇ ਅਪਣੱਤ ਨਾਲ ਹਾਲ ਚਾਲ ਪੁੱਛਦੀ ਰਹਿੰਦੀ ਹੈ, ਸੁਖਜੀਤ ਕੌਰ ਦੀਆਂ ਤਿੱਖੀਆਂ ਟਿੱਪਣੀਆਂ ‘ਤੇ ਆਪਣੀ ਰਾਇ ਤਾਂ ਦਿੰਦੀ ਹੈ ਪਰ ਤਿੱਖਾ ਵਿਰੋਧ ਨਹੀਂ ਕਰਦੀ। ਉਸਨੂੰ ਇੰਡੀਅਨ ਰੈਸਟੋਰੈਂਟ ਵਿੱਚ ਖਾਣਾ ਖੁਆਉਣ ਦਾ ਸੱਦਾ ਦਿੰਦੀ ਹੈ।
ਇਸਤੋਂ ਇਲਾਵਾ ਸ਼ੈਰਨ ਨੇ ਸਮਰੱਥਾ ਅਨੁਸਾਰ ਪੰਜਾਬੀ ਸਿੱਖਣ ਦੀ ਕੋਸ਼ਿਸ਼ ਵੀ ਕੀਤੀ ਹੈ।
ਦੂਜੇ ਪਾਸੇ ਸਭ ਤੋਂ ਵੱਧ ਪ੍ਰਤੀਰੋਧ ਵਾਲੀ ਧਿਰ, ਸੁਖਜੀਤ, ਵੀ ਸਭਿਆਚਾਰਕ-ਅਨੁਕੂਲਣ ਦੀ ਪ੍ਰਕਿਰਿਆ ਵਿੱਚ ਪਈ ਹੋਈ ਹੈ ਅਤੇ ਉਸਨੇ ਆਪਣੇ ਪੁੱਤ ਰਾਜੂ ਦੇ ਸ਼ੈਰਨ ਨਾਲ ਵਿਆਹ ਨੂੰ ਅੰਤਿਮ ਰੂਪ ਵਿੱਚ ਪ੍ਰਵਾਨਗੀ ਦੇ ਹੀ ਦਿੱਤੀ ਸੀ।
ਉਸਦੇ ਵਿਆਹ ਵਾਲੇ ਦਿਨ ਉਹ ਉਸਨੂੰ ਬੇਸ਼ੱਕ ‘ਪੰਜਾਬੀ’ ਨਹੀਂ ਲੱਗਦਾ, ਪਰ ਫਿਰ ਉਸਨੂੰ ਉਸਤੇ ਮੋਹ ਵੀ ਆਉਂਦਾ ਹੈ। ਉਹ ਜਦੋਂ ਇਹ ਸੋਚਦੀ ਹੈ ਕਿ ਕਾਸ਼! ਉਹਦੀ ਨੂੰਹ ਅਤੇ ਉਹ ਦੋਵੇਂ ‘ਸਰ੍ਹੋਂ, ਪਾਲਕ ਅਤੇ ਬਰੌਕਲੀ’ ਛਿੱਲ ਕੇ ਸਾਗ ਬਣਾ ਰਹੀਆ ਹੁੰਦੀਆਂ ਅਤੇ ਆਪਸ ਵਿੱਚ ਅੰਤਰੰਗ ਵਾਰਤਾਲਾਪ ਕਰ ਰਹੀਆਂ ਹੁੰਦੀਆਂ ਤਾਂ ਲੇਖਕ ਬੜਾ ਬਾਰੀਕ ਸੰਕੇਤ ਕਰ ਰਿਹਾ ਹੈ। ‘ਸਰ੍ਹੋਂ ਅਤੇ ਪਾਲਕ’ ਇੱਕ ਸਭਿਆਚਾਰ ਅਤੇ ‘ਬਰੌਕਲੀ’ ਦੂਜੇ ਸਭਿਆਚਾਰ ਦੀਆਂ ਪ੍ਰਤੀਕ ਹੋ ਨਿੱਬੜਦੀਆਂ ਹਨ। ਅਨੁਪਾਤਕ ਪੱਧਰ ਤੇ ਭਾਵੇਂ ‘ਸਾਗ’ ਵਿੱਚ ‘ਬਰੌਕਲੀ’ (ਪੱਛਮ) ਦੀ ਸ਼ਮੂਲੀਅਤ ਘੱਟ ਹੈ ਅਤੇ ਸਰ੍ਹੋਂ ਅਤੇ ਪਾਲਕ (ਪੰਜਾਬ) ਦੀ ਵਧੇਰੇ ਹੈ ਤਦ ਵੀ ਸਾਗ ਵਿੱਚ ਬਰੌਕਲੀ ਦੀ ਸ਼ਮੂਲੀਅਤ ਰਾਹੀਂ ਸੁਖਜੀਤ ਕੌਰ ਦੀ ਅਨੁਕੂਲਣ ਬਿਰਤੀ ਵੱਲ ਸਹਿਜ ਸੰਕੇਤ ਚਲਾ ਜਾਂਦਾ ਹੈ। ਸਾਗ ਸਿਰਫ਼ ਖਾਣ ਦੀ ਵਸਤ ਨਹੀਂ ਰਹਿ ਜਾਂਦਾ ਸਗੋਂ ਦੋ ਸਭਿਆਚਾਰਾਂ ਦੀ ਵਧ ਰਹੀ ਸਾਂਝ ਦਾ ਚਿਹਨ ਵੀ ਹੋ ਨਿੱਬੜਦਾ ਹੈ।
ਜ਼ਾਹਿਰ ਹੈ ਕਿ ਲੇਖਕ ਦੋਹਾਂ ਧਿਰਾਂ ਦੀਆਂ ਵਧੀਆਂ ਹੋਈਆਂ ਨੁੱਕਰਾਂ ਦੇ ਹੌਲੀ ਹ਼ੌਲੀ ਘਸਦੇ ਜਾਣ ਅਤੇ ਇੱਕ ਦੂਜੇ ਦੇ ਅਨੁਕੂਲ ਹੋ ਜਾਣ ਵੱਲ ਹਕੀਕੀ ਸੰਕੇਤ ਕਰ ਰਿਹਾ ਹੈ।
ਸਵੈ-ਆਲੋਚਨਾ: ਲੇਖਕ ਦੀ ਦ੍ਰਿਸ਼ਟੀ ਦਾ ਸੰਤੁਲਨ ‘ਆਪਣੀਆਂ ਬੁਰਾਈਆਂ’ ਵੱਲ ਵੀ ਸੰਕੇਤ ਕਰਦਾ ਹੈ ਅਤੇ ਦੱਸਦਾ ਹੈ ਕਿ ਸਾਡੀ ਆਪਣੀ ਸਭਿਅਤਾ ਵਿੱਚ ਵੀ ਸਾਰਾ ਕੁੱਝ ‘ਮਾਣ ਕਰਨ ਯੋਗ’ ਨਹੀਂ ਹੈ।
ਸੁਖਜੀਤ ਦੇਸੀ ਨੂੰਹਾਂ ਦੀਆਂ ਕਰਤੂਤਾਂ ਵੀ ਜਾਣਦੀ ਹੈ, ਜਿੰਨ੍ਹਾਂ ਦੀਆਂ ਸ਼ਕਾਇਤਾਂ ਫ਼ੈਕਟਰੀ ਵਿੱਚ ਕੰਮ ਕਰਨ ਵਾਲੀਆਂ ਬੁੱਢੀਆਂ ਅਕਸਰ ਕਰਦੀਆਂ ਰਹਿੰਦੀਆਂ ਹਨ। ਬਲਦੇਵ ਸਿੰਘ ਦੇ ਚਾਚੇ ਦੇ ਪੁੱਤ ਮੁਖਤਿਆਰ ਸਿੰਘ ਦੀ ਪੰਜਾਬੀ ਨੂੰਹ ਨਿੱਤ ਉਹਨਾਂ ਦੀ ਕੁੱਤੇ ਖਾਣੀ ਕਰਦੀ ਸੀ। ਉਹਨਾਂ ਦੀ ਨਿਸਬਤ ਸ਼ੈਰਨ ਦਾ ਵਿਹਾਰ ਕਿਵੇਂ ਵੀ ਆਪੱਤੀਜਨਕ ਨਹੀਂ ਲੱਗਦਾ।
ਸੋ ਹਕੀਕਤ ਇਹ ਹੈ ਕਿ ਜ਼ਿੰਦਗੀ ਸਭਿਆਚਾਰਕ ਅਨੁਕੂਲਣ ਦੇ ਰਾਹ ਪਈ ਹੋਈ ਹੈ ਅਤੇ ਹੌਲੀ ਹੌਲੀ ਪੰਜਾਬ ਦੇ ਸਭਿਆਚਾਰ ਨੇ ਵੱਖ ਵੱਖ ਨਦੀਆਂ ਨਾਲਿਆਂ ਦੇ ਪਾਣੀ ਦੇ ਸਮੁੰਦਰ ਵਿੱਚ ਡਿੱਗ ਪੈਣ ਵਾਂਗ ਪੱਛਮੀ ਸਭਿਆਚਾਰ ਵਿੱਚ ਘੁਲ-ਮਿਲ ਜਾਣਾ ਹੈ। ਲੇਖਕ ਦਾ ਨਜ਼ਰੀਆ ਇਸਦੀ ਪੁਸ਼ਟੀ ਕਰਦਾ ਹੈ।
ਸਭਿਆਚਾਰਕ ਅਨੁਕੂਲਣ ਦੇ ਰਸਤੇ ਤੇ ਬਲਦੇਵ ਦਾ ਪਰਿਵਾਰ ਤਾਂ ਚਿਰਾਂ ਤੋਂ ਪਿਆ ਹੋਇਆ ਹੈ। ਉਹਨਾਂ ਦੇ ਮਾਪੇ ਅੱਡ ਅਤੇ ਇਕੱਲੇ ਰਹਿ ਕੇ ਖੁਸ਼ ਹਨ, ਭਾਵੇਂ ਪੋਤਰਿਆਂ ਨੂੰ ਮਿਲਣ ਦੀ ਤਾਂਘ ਉਹਨਾਂ ਨੂੰ ਵੀ ਹੈ। ਉਹਨਾਂ ਨੇ ਆਪਣੇ ਬੱਚਿਆਂ ਨੂੰ ਵਿਆਹ ਮਰਜ਼ੀ ਨਾਲ ਕਰਨ ਦੀ ਖੁੱਲ੍ਹ ਦਿੱਤੀ ਸੀ। ਉਹਨਾਂ ਦਾ ਅਸਰ ਹੀ ਹੋਵੇਗਾ ਜੋ ਬਲਦੇਵ ਆਪਣੇ ਬੱਚਿਆਂ ਦੀ ਸਵਿਮਿੰਗਪੂਲ ਦੀ ਮੰਗ ਨੂੰ ਵਧੇਰੇ ਹਮਦਰਦੀ ਨਾਲ ਵੇਖਦਾ ਹੈ ਅਤੇ ਉਸਦਾ ਵਿਹਾਰ ਲੇਖਕੀ ਨਜ਼ਰੀਏ ਦੀ ਤਰਜਮਾਨੀ ਵੀ ਕਰਦਾ ਨਜ਼ਰ ਆਉਂਦਾ ਹੈ।
ਕਹਾਣੀਕਾਰ ‘ਪਾਣੀ’ ਦੇ ਰੂਪਕ ਰਾਹੀਂ ਕਈ ਦਿਸ਼ਾਵਾਂ ਵਿੱਚ ਅਰਥ ਸਿਰਜਣ ਦੀ ਕੋਸ਼ਿਸ਼ ਵਿੱਚ ਹੈ। ਪਹਿਲੀ ਵਾਰ ਸੁਖਜੀਤ ਕੌਰ ਨੂੰ ਰਾਜੂ ਦਾ ਵਿਆਹ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਉਸ ਨੇ ਸ਼ੀਸ਼ਿਆਂ ਵਰਗਾ ਪਾਣੀ ਲਿਆ ਕੇ ਕੰਧਾਂ ਤੇ ਚੜ੍ਹਾ ਦਿੱਤਾ ਹੋਵੇ, ਜਿਹੜੇ ਸ਼ੀਸ਼ੇ ਬੰਦੇ ਦੇ ਚਿਹਰੇ ਅਤੇ ਕੱਦ ਬੁੱਤ ਨੂੰ ਵਿੰਗਾ ਟੇਢਾ ਅਤੇ ਕਾਣਸੂਤਾ ਜਿਹਾ ਬਣਾ ਕੇ ਬੇਪਛਾਣ ਕਰ ਦਿੰਦੇ ਹਨ। ਇਹ ਰੂਪਕ ਦੋ ਸੱਭਿਆਚਾਰਾਂ ਦੇ ਆਪਸੀ ਟਕਰਾਓ ਵਿੱਚੋਂ ਸੁਖਜੀਤ ਕੌਰ ਨੂੰ ਆਪਣੀ ਅਤੇ ਆਪਣੇ ਮੁੰਡੇ ਦੇ ਪਰਿਵਾਰ ਅਤੇ ਪੋਤੇ ਪੋਤੀਆਂ ਦੀ ਮੂਲ ਪਛਾਣ ਦੇ ਖੰਡਿਤ ਹੋ ਜਾਣ ਦੇ ਭੈ ਵੱਲ ਸੰਕੇਤ ਹੈ। ਰਿਸ਼ਤੇ ਅਤੇ ਚਿਹਰੇ ਕਾਣਸੂਤੇ ਅਤੇ ਵਿੰਗੇ ਟੇਢੇ ਹੋ ਰਹੇ ਹਨ। ਉਸਦਾ ਪੁੱਤ ਪੰਜਾਬੀ ਪਛਾਣ ਤੋਂ ਬੇਮੁਖ ਹੋਈ ਜਾ ਰਿਹਾ ਹੈ। ਉਸਦੀ ਪੋਤੀ ਡੈਬੀ ਪੱਛਮੀ ਸੱਭਿਅਤਾ ਵਿੱਚ ਖਪਤ ਹੋਣ ਵੱਲ ਵਧ ਰਹੀ ਜਾਪਦੀ ਹੈ ਅਤੇ ਉਸਨੇ ਇਸ ਸਭਿਅਤਾ ਦੇ ਕੁਛੜ ਚੜ੍ਹਣ ਲਈ ਬਾਹਵਾਂ ਅੱਡੀਆਂ ਹੋਈਆਂ ਹਨ (ਮੋਟਰ ਬੋਟ ‘ਤੇ ਡੈਬੀ ਦਾ ਬਾਹਵਾਂ ਅੱਡ ਕੇ ਚੜ੍ਹਣ ਦਾ ਪ੍ਰਤੀਕਾਤਮਕ ਦ੍ਰਿਸ਼) ਅਤੇ ਭਵਿੱਖ ਵਿੱਚ ਇਸ ‘ਮੋਟਰ ਬੋਟ’ ‘ਤੇ ਮਾਪਿਆਂ ਨੂੰ ਬਿਨਾ ਸੂਚਿਤ ਕੀਤੇ ਸ਼ਾਇਦ ਚੜ੍ਹ ਵੀ ਜਾਣਾ ਹੈ।
ਦੂਜੀ ਵਾਰ ਪਾਣੀ ਦਾ ਮੈਟਾਫ਼ਰ ਵੱਖ-ਵੱਖ ਨਦੀਆਂ ਨਾਲਿਆਂ ਦੇ ਸਮੁੰਦਰ ਜਿੱਡੀ ਝੀਲ ਵਿੱਚ ਡਿੱਗਣ ਰਾਹੀਂ ਵੱਖ-ਵੱਖ ਨਸਲਾਂ, ਲੋਕਾਂ ਅਤੇ ਮੁਲਕਾਂ ਦੇ ਲੋਕਾਂ ਵੱਲੋਂ ਇੱਕ ਦੂਜੇ ਵਿੱਚ ਘੁਲ ਮਿਲ ਜਾਣ ਦੇ ਸੰਕੇਤਕ ਅਰਥ ਦਿੰਦਾ ਹੈ। ਸੁਖਜੀਤ ਕੌਰ ਦੀ ਬੁੜਬੁੜਾਹਟ ਵਿਚੋਂ ਨਦੀਆਂ, ਨਾਲਿਆਂ ਦਾ ਸਮੁੰਦਰ ਵਰਗੀ ਝੀਲ ਵਿੱਚ ਡਿੱਗਣਾ ਕੈਨੇਡਾ ਦੇ ਬਹੁ-ਸੱਭਿਆਚਾਰਕ ਮੁਲਕ ਵਿੱਚ ਵੱਖ-ਵੱਖ ਮੁਲਕਾਂ ਅਤੇ ਸੱਭਿਆਚਾਰਾਂ ਦੇ ਸੰਮਲਿਤ ਹੋ ਰਹੇ ਜੀਵਨ ਵੱਲ ਇਸ਼ਾਰਾ ਹੈ।
ਇੱਥੇ ਲੇਖਕ ਇੱਕ ਹੋਰ ਵਿਰੋਧੀ ਜੁੱਟ ਉਸਾਰਦਾ ਹੈ। ਸੁਖਜੀਤ ਕੌਰ ਦੇ ਪਿੰਡ ਦੀ ਮੋਟਰ ਵਿਚਲਾ ਚਲ੍ਹਾ ਅਤੇ ਸਮੁੰਦਰ ਵਰਗੀ ਇਹ ਝੀਲ। ਚਲ੍ਹਾ ਇੱਕ ਬੰਦ ਸੱਭਿਆਚਾਰ ਦਾ ਸੰਕੇਤ ਵੀ ਹੈ ਅਤੇ ਸਮੁੰਦਰ ਵਰਗੀ ਝੀਲ ਵੱਖ-ਵੱਖ ਸੱਭਿਆਚਾਰਾਂ ਦੇ ਮਿਲਾਪ ਅਤੇ ਮਿਲਵਰਤਨ ਦੀ। ਲੇਖਕ ਚਲ੍ਹੇ ‘ਚੋਂ ਨਿਕਲ ਕੇ ਜਾਂ ਬੰਦ ਸੱਭਿਆਚਾਰਾਂ ‘ਚੋਂ ਨਿਕਲ ਕੇ ਵਿਸ਼ਾਲ ਸੱਭਿਆਚਾਰਾਂ ਦੇ ਰੰਗ-ਮੇਲੇ ਵਿੱਚ ਸ਼ਾਮਿਲ ਹੋਣ ਲਈ ਇਸ਼ਾਰਾ ਕਰਦਾ ਵੀ ਪ੍ਰਤੀਤ ਹੁੰਦਾ ਹੈ।
ਤੀਜੀ ਵਾਰ ਸ਼ੈਰਨ ਦੇ ਬੋਲਾਂ ਵਿੱਚ ਪਾਣੀ ਦਾ ਰੂਪਕ ਇਹ ਅਰਥ ਦਿੰਦਾ ਹੈ ਕਿ ਮਨੁੱਖ ਨੂੰ ਕਿਨਾਰੇ ਤੇ ਬਹਿਣਾ ਨਹੀਂ, ਸਗੋਂ ਪਾਣੀ ਵਿੱਚ ਕੁੱਦਣਾ ਚਾਹੀਦਾ ਹੈ; ਭਾਵ: ਇੱਕ ਬੰਦ ਸੱਭਿਆਚਾਰ ਨਾਲ ਜਾਂ ਇੱਕ ਪਿੰਡ ਨਾਲ ਜੁੜੇ ਰਹਿਣ ਦੀ ਥਾਂ ਇੱਕ ਗਲੋਬਲ ਸੱਭਿਆਚਾਰ ਨਾਲ ਜੁੜਨਾ ਤੇ ਉਸ ਵਿੱਚ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ। ਇੰਜ ਲੇਖਕ ਇੱਕ ਗਲੋਬਲ ਪ੍ਰਵਚਨ ਉਸਾਰਦਾ ਦਿਖਾਈ ਦਿੰਦਾ ਹੈ।
‘ਪਾਣੀ’ ਪੰਜਾਬੀ ਸੱਭਿਆਚਾਰ ਵਿਚਲੇ ਮੋਹ ਮੁਹੱਬਤ ਦੀ ਬਹੁਲਤਾ ਅਤੇ ਪੱਛਮੀ ਸੱਭਿਆਚਾਰ ਵਿਚਲੀ ਰਿਸ਼ਤਿਆਂ ਦੀ ਰੇਤਲੀ ਖ਼ੁਸ਼ਕੀ ਦੇ ਵਿਰੋਧੀ ਜੁੱਟ ਨੂੰ ਵੀ ਪੇਸ਼ ਕਰਦਾ ਹੈ। ਸੁਖਜੀਤ ਕੌਰ ਦਾ ਚਾਚਾ ਪੰਜਾਬ ਸਿੰਘ ਪੰਜਾਬ ਦੀ ਉਸ ਸੁੱਚੀ ਆਤਮਾ ਦਾ ਪ੍ਰਤੀਕ ਹੈ, ਜੋ ਮੋਹ ਮੁਹੱਬਤ ਅਤੇ ਰਿਸ਼ਤਿਆਂ ਦੀ ਕਦਰਦਾਨੀ ਵਿੱਚ ਵਿਸ਼ਵਾਸ ਰੱਖਦਾ ਹੈ। ਜਦ ਕਿ ਪੱਛਮੀ ਸੱਭਿਅਤਾ ਨੂੰ ਖ਼ੁਸ਼ਕ ਅਤੇ ਮੋਹ ਮੁਹੱਬਤ ਦੀ ਘਾਟ ਵਾਲੀ ਸੱਭਿਅਤਾ ਆਖਿਆ ਗਿਆ ਹੈ। ਪਰ ਹਕੀਕਤ ਇਹ ਹੈ ਕਿ ਪੰਜਾਬ ਵਿੱਚ ਵੀ ਜ਼ਿੰਦਗੀ ਬਦਲ ਰਹੀ ਹੈ, ਕਦਰਾਂ ਬਦਲ ਰਹੀਆਂ ਹਨ। ਉਸਦੇ ਚਾਚੇ ਦਾ ਪੁੱਤ ਭੁੱਪੀ ਵੀ ਰਿਸ਼ਤੇ ਨਾਲੋਂ ਪੈਸੇ ਨੂੰ ਵੱਧ ਮਹੱਤਵ ਦੇਣ ਲੱਗ ਪਿਆ ਹੈ। ਪੰਜਾਬ ਵਿੱਚ ਵੀ ‘ਧਰਤੀ ਹੇਠੋਂ ਪਾਣੀ ਸੁੱਕ ਰਿਹਾ ਹੈ।’ ਪੰਜਾਬੀ ਬੰਦਾ ਵੀ ਪੈਸਾ-ਕੀਮਤਾਂ ਦੀ ਗ੍ਰਿਫ਼ਤ ਵਿੱਚ ਆ ਗਿਆ ਹੈ।
ਲੇਖਕ ਦਾ ਸੁਨੇਹਾਂ ਨਜ਼ਰ ਦੀ ਤਾਜ਼ਗੀ ਨਾਲ ਵਾਪਰ ਰਹੀਆਂ ਤਬਦੀਲੀਆਂ ਨੂੰ ਵੇਖਣ, ਵਾਚਣ ਅਤੇ ਉਸ ਅਨੁਸਾਰ ਸਹਿਜੇ ਸਹਿਜੇ ਢਲ ਜਾਣ ਦੀ ‘ਸਲਾਹ’ ਅਤੇ ਪ੍ਰਵਾਨਗੀ ਦਿੰਦਾ ਹੈ।
ਮਿੰਨੀ ਗਰੇਵਾਲ ਦੀ ਕਹਾਣੀ ‘ਵਹਿੰਦੇ ਪਾਣੀਆਂ ਦੇ ਪਰਛਾਵੇਂ’ ਵਿੱਚ ਲਾਰਾ ਅਤੇ ਵਿਜਯ ਦੇ ਵਿਆਹ ਬੰਧਨ ਵਿੱਚ ਬੱਝ ਜਾਣ ਨੂੰ ਲਾਰਾ ਦੀ ਮਾਂ ਅਤੇ ਕਹਾਣੀ ਦੀ ਮੁੱਖ ਪਾਤਰ ਐਂਜਲਾ ਬੜੇ ਹੀ ਉਤਸ਼ਾਹ ਵਰਧਕ ਤਰੀਕੇ ਨਾਲ ਲੈਂਦੀ ਹੈ। ਉਸਨੂੰ ਵਿਜਯ ਉੱਤੇ ਮਾਣ ਵੀ ਹੈ। ਉਹ ਆਪਣੇ ਦੋਹਤੇ ਗੌਤਮ ਨਾਲ ਮਿਲਕੇ ਮੀਰਾ ਕੋਲੋਂ ਪੰਜਾਬੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਦੀ ਹੈ ਤਾਕਿ ਉਹ ਵਿਜਯ ਦੇ ਸਭਿਆਚਾਰ ਦੇ ਨੇੜੇ ਹੋ ਸਕੇ ਅਤੇ ਉਸਨੂੰ ਖ਼ੁਸ਼ੀ ਦੇ ਸਕੇ। ਐਂਜਲਾ ਵੱਲੋਂ ਕਿਸੇ ਪੰਜਾਬੀ ਨਾਲ ਆਪਣੀ ਧੀ ਦਾ ਵਿਆਹ ਹੋਣ ‘ਤੇ ਸੁਖਜੀਤ ਵਾਂਗ ਕੋਈ ਪ੍ਰਤੀਰੋਧ ਦਿਖਾਈ ਨਹੀਂ ਦਿੰਦਾ। ਇਹ ਅਤੇ ਇਸਤੋਂ ਇਲਾਵਾ ਮੀਰਾ ਨਾਲ ਐਂਜਲਾ ਦੀ ਦੋਸਤੀ ਅਤੇ ਸਹਿਚਾਰ ਇਸ ਹਕੀਕਤ ਵੱਲ ਵੀ ਸੰਕੇਤ ਕਰਦਾ ਹੈ ਕਿ ਪੱਛਮੀ ਲੋਕ ਆਪਣੇ ਬੱਚਿਆਂ ਨੂੰ ਮਰਜ਼ੀ ਕਰਨ ਦੀ ਪਹਿਲ ਦੇਣ ਵਾਲੇ ਹਨ ਅਤੇ ਪੰਜਾਬੀ ਲੋਕਾਂ ਨਾਲੋਂ ਵਧੇਰੇ ਮਾਨਸਿਕ ਚੌੜਿੱਤਣ ਵਾਲੇ ਹਨ। ਉਹਨਾਂ ਵਿੱਚ ਸਭਿਆਚਾਰਕ ਅਨੁਕੂਲਣ ਦੀ ਸਹਿਜ ਬਿਰਤੀ ਹੈ। ਪਰ ਨਾਲ ਦੇ ਨਾਲ ਲੇਖਿਕਾ ਦੀ ਰਚਨਾ ਦ੍ਰਿਸ਼ਟੀ ਇਸ ਗੱਲ ਦੀ ਗਵਾਹੀ ਵੀ ਦਿੰਦੀ ਹੈ ਕਿ ਰਿਸ਼ਤਿਆਂ ਵਿੱਚ ਵਫ਼ਾ ਨਿਭਾਉਣਾ ਅਤੇ ਵਚਨਾ ਦੇ ਪੱਕੇ ਹੋਣਾ ਪੱਛਮੀ ਲੋਕਾਂ ਦੀ ਕੋਈ ਪੱਕੀ ਰਵਾਇਤ ਨਹੀਂ, ਸਗੋਂ ਐਂਜਲਾ ਦੇ ਪ੍ਰੇਮੀ ਕਰਿਸਚੀਅਨ ਵਰਗੇ ਬੇਵਫ਼ਾ ਅਤੇ ਦਗ਼ਾ ਦੇਣ ਵਾਲੇ ਲੋਕ ਵੀ ਹਨ। ਕਰਿਸਚੀਅਨ ਨਾਂ ਰਾਹੀਂ ਵਿਡੰਬਨਾਤਮਕ ਸੁਨੇਹਾ ਇਹ ਵੀ ਜਾਂਦਾ ਹੈ ਕਿ ਇਸਾਈਅਤ ਤਾਂ ਦੂਜੇ ਦੇ ਦੁੱਖਾਂ ਨੂੰ ਹਰਨ ਦਾ ਨਾਮ ਹੈ; ਸਾਰੀ ਉਮਰ ਅਗਲੇ ਨੂੰ ਵਿਛੋੜੇ ਵਿੱਚ ਤੜਪਦਾ ਛੱਡ ਜਾਣ ਦਾ ਨਾਂ ਨਹੀਂ। ਇਸ ਲਈ ਕੋਈ ਕੌਮ ਅਤੇ ਕੋਈ ਧਰਮ ਕੇਵਲ ਦਿੱਖ ਦੀ ਪੱਧਰ ਤੇ ਚੰਗਾ ਨਹੀਂ ਹੋ ਸਕਦਾ ਜਿੰਨਾਂ ਚਿਰ ਉਹ ਤੱਤ ਵਜੋਂ ਚੰਗਿਆਈ ਨੂੰ ਸਮਰਪਤ ਨਹੀਂ। ਇਸਨੂੰ ਵਿਆਪਕ ਅਰਥ ਦੇਣ ਲਈ ਲੇਖਿਕਾ ਵੱਲੋਂ ਗੌਤਮ, ਮੀਰਾ ਅਤੇ ਕ੍ਰਿਸ਼ਨ ਦੇ ਨਾਵਾਂ ਨੂੰ ਵੀ ਪ੍ਰਤੀਕਾਤਮਕ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਚੰਗਿਆਈ ਕਿਸੇ ਵਿਸ਼ੇਸ਼ ਧਰਮ ਜਾਂ ਕੌਮ ਦੀ ਇਜਾਰੇਦਾਰੀ ਨਹੀਂ।
ਰਚਨਾ-ਦ੍ਰਿਸ਼ਟੀ ਪੱਖੋਂ ਇਹ ਕਹਾਣੀ ਮੱਧਕਾਲੀ ਦ੍ਰਿਸ਼ਟੀਕੋਨ ਦੀ ਵਾਹਕ ਬਣਦੀ ਹੈ, ਜਿਸ ਮੁਤਾਬਕ ਪਿਆਰ ਕੇਵਲ ਇੱਕ ਜਣੇ ਨਾਲ ਹੀ ਹੁੰਦਾ ਹੈ ਅਤੇ ਉਮਰ ਭਰ ਲਈ ਹੁੰਦਾ ਹੈ। ਫਿਰ ਸਾਰੀ ਉਮਰ ਵਿਛੜੇ ਪ੍ਰੇਮੀ ਦੇ ਵਿਛੋੜੇ ਅਤੇ ਉਸਦੀ ਉਡੀਕ ਵਿੱਚ ਵਿਲਕਦਿਆਂ ਅਤੇ ਤੜਪਦਿਆਂ ਲੰਘਦੀ ਹੈ। ਐਂਜਲਾ ਦੀ ਸਾਰੀ ਜ਼ਿੰਦਗੀ ਇਸ ਸਦੀਵੀ ਵਿਛੋੜੇ ਨੂੰ ਸਮਰਪਿਤ ਹੋ ਜਾਂਦੀ ਹੈ। ਭਾਵੇਂ ਕਰਿਸਚੀਅਨ ਪ੍ਰੇਮਕਾ ਦੇ ਪਿਆਰ ਨੂੰ ਭੁਲਾ ਕੇ ਨਵੇਂ ਥਾਂ ਵਿਆਹ ਕਰਵਾ ਲੈਂਦਾ ਹੈ ਅਤੇ ਪਿਆਰ ਦੇ ਬਦਲ ਰਹੇ ਪੂੰਜੀਵਾਦੀ ਸੰਕਲਪ ਦੀ ਸ਼ਾਹਦੀ ਭਰਦਾ ਹੈ ਕਿ ਪਿਆਰ ਵਿੱਚ ਜ਼ਰੂਰੀ ਨਹੀਂ ਕਿਸੇ ਦੇ ਵੈਰਾਗ ਵਿੱਚ ਸਾਰੀ ਉਮਰ ਲੰਘਾਈ ਜਾਵੇ, ਸਗੋਂ ਕਿਸੇ ਹੋਰ ਨਾਲ ਪਿਆਰ ਅਤੇ ਵਿਆਹ ਕਰਕੇ ਪਹਿਲੇ ਪਿਆਰ ਨੂੰ ਭੁੱਲਿਆ ਵੀ ਜਾ ਸਕਦਾ ਹੈ। ਪਰ ਲੇਖਿਕਾ ਦੀ ਐਂਜਲਾ ਦੇ ਮੱਧਕਾਲੀਨ ਪਿਆਰ-ਮੁੱਲਾਂ ਨਾਲ ਹਮਦਰਦੀ ਉਸਦੀ ਆਪਣੀ ਦ੍ਰਿਸ਼ਟੀ ਦੀ ਸੂਚਕ ਹੋ ਨਿੱਬੜਦੀ ਹੈ। ਵਰਨਾ, ਕੋਈ ਕਾਰਨ ਨਹੀਂ ਕਿ ਐਂਜਲਾ ਸਾਰੀ ਉਮਰ ਬੇਵਫ਼ਾ ਪ੍ਰੇਮੀ ਦੇ ਵਿਛੋੜੇ ਵਿੱਚ ਤੜਪਦੀ ਰਹਿੰਦੀ ਅਤੇ ਜਵਾਨ ਜਹਾਨ ਹੁੰਦਿਆਂ ਅਤੇ ਹੋਰ ਵਿਆਹ ਕਰ ਲੈਣ ਦੀਆਂ ਸੰਭਾਵਨਾਵਾਂ ਦੇ ਹੁੰਦਿਆਂ ਵੀ ਕਰਿਸਚੀਅਨ ਦੀ ਉਡੀਕ ਵਿੱਚ ਮੌਤ ਤੱਕ ਪਹੁੰਚ ਜਾਂਦੀ।
ਕੀ ਇਹ ਗੱਲ ਮੰਨਣਯੋਗ ਹੈ ਕਿ ਅੱਜ ਤੋਂ ਤੀਹ ਪੈਂਤੀ ਸਾਲ ਪਹਿਲਾਂ ਪੱਛਮ ਵਿੱਚ ਰਹਿੰਦੀ ਔਰਤ ਦੀ ਸਥਿਤੀ ਏਨੀ ਤਰਸਯੋਗ ਹੋਵੇਗੀ (ਐਂਜਲਾ ਵਰਗੀ) ਕਿ ਉਹ ਜੇ ਕਵਾਰੀ ਮਾਂ ਬਣਦੀ ਹੈ ਤਾਂ ਉਸਨੂੰ ਘਰੋਂ ਕੱਢ ਦਿੱਤਾ ਜਾਂਦਾ ਹੋਵੇਗਾ ਅਤੇ ਉਸ ਨਾਲ ਸਾਰੇ ਸੰਬੰਧ ਤੋੜ ਕੇ ਗੁੰਮਨਾਮੀ ਦਾ ਜੀਵਨ ਜਿਊਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੋਵੇਗਾ? ਮੈਨੂੰ ਇਸ ਬਾਰੇ ਸ਼ੱਕ ਹੈ। ਇਹ ਅਪਵਾਦ ਕਿਸੇ ਪੱਛਮੀ ਕਬੀਲੇ ਵਿੱਚ ਵੱਸਦੀ ਔਰਤ ਬਾਰੇ ਤਾਂ ਹੋ ਸਕਦਾ ਹੈ, ਵਿਕਸਿਤ ਪੂੰਜੀਵਾਦੀ ਸਭਿਅਤਾ ਵਿੱਚ ਅਜਿਹਾ ਵਤੀਰਾ ਸਵਾਲ ਦੇ ਘੇਰੇ ਵਿੱਚ ਆ ਜਾਂਦਾ ਹੈ। ਪਰ ਜੇ ਇਹ ਸੱਚ ਹੈ ਤਾਂ ਮੇਰੇ ਲਈ ਇਹ ਇੱਕ ਨਵੀਂ ਗੱਲ ਹੈ। ਉਂਜ ਇਹ ਇੱਕ ਸਦੀਵੀ ਹਕੀਕਤ ਹੈ ਕਿ ਲਿੰਗ ਸੰਬੰਧਾਂ ਦੀ ਖੁੱਲ ਮਾਨਣ ਦਾ ਖ਼ਮਿਆਜ਼ਾ ਹਮੇਸ਼ਾ ਔਰਤ ਨੂੰ ਹੀ ਭੁਗਤਣਾ ਪੈਂਦਾ ਹੈ। ਸਮਾਜ ਭਾਵੇਂ ਫਿਊਡਲ ਹੋਵੇ ਜਾਂ ਉੱਤਰ ਆਧੁਨਿਕ। ਅਤੇ ਇਸ ਹਕੀਕਤ ਵੱਲ ਮਿੰਨੀ ਸਹਿਜ ਨਾਲ ਹੀ ਸਾਡਾ ਧਿਆਨ ਦਿਵਾ ਦਿੰਦੀ ਹੈ।
ਮੇਜਰ ਮਾਂਗਟ ਦੀ ਕਹਾਣੀ ‘ਮੋਮ ਦੇ ਖੰਭ’ ਵਿਚਲੀ ਪਾਤਰ ਸ਼ਿੰਦੀ ਦਾ ਦੁੱਖ ਵਧੇਰੇ ਨਿੱਜੀ ਅਤੇ ਵਿਅਕਤੀਗਤ ਹੈ ਅਤੇ ਇਸਨੂੰ ਪ੍ਰਤੀਨਿਧ ਦੁੱਖ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ। ਇਸ ਦੁੱਖ ਦਾ ਬੁਨਿਆਦੀ ਆਧਾਰ ਕੁਦਰਤ ਦੀ ਕਰੋਪੀ ਹੈ। ਸਾਡੀ ਆਲੋਚਨਾ ਵਿੱਚ ਹਮੇਸ਼ਾ ਪ੍ਰਤੀਨਿਧ ਕਿਰਦਾਰ-ਨਿਗਾਰੀ ਅਤੇ ਪ੍ਰਤੀਨਿਧ ਦੁੱਖ-ਸੁਖ ਦੀ ਸਿਰਜਣਾ ਉੱਤੇ ਬਲ ਦਿੱਤਾ ਗਿਆ ਹੈ ਅਤੇ ਨਿੱਜੀ ਜਾਂ ਵਿਅਕਤੀ-ਵਿਲੱਖਣਤਾ ਨੂੰ ਅਣਗੌਲਿਆਂ ਕੀਤਾ ਜਾਂਦਾ ਰਿਹਾ ਹੈ। ਪਰ ਨਿੱਜੀ ਦੁੱਖ ਦਾ ਵੀ ਮਹੱਤਵ ਹੁੰਦਾ ਹੈ ਅਤੇ ਇਹ ਦੁੱਖ ਵੀ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਤ ਕਰਦਾ ਹੈ। ਸ਼ਿੰਦੀ ਦਾ ਦੁੱਖ ਉਸਦੇ ਮਾਂ ਬਾਪ ਦੀ ਮੌਤ ਨਾਲ ਜੁੜਿਆ ਹੋਇਆ ਹੈ। ਪਤੀ ਵੱਲੋਂ ਦਿੱਤੀ ਇਕੱਲ ਪਿੱਛੇ ਕਾਰਨ ਸ਼ਿੰਦੀ ਦਾ ਆਪਣਾ ‘ਨਿਰਾਸ਼, ਉਦਾਸ, ਪੱਥਰ ਅਤੇ ਲਾਸ਼’ ਹੋਣਾ ਹੋ ਸਕਦਾ ਹੈ, ਉਹ ਆਪਣੇ ਗ਼ਮ ਦੇ ਸੰਘਣੇ ਹਨੇਰੇ ਵਿੱਚ ਆਪਣੇ ਚੰਗੇ ਪਤੀ ਦੀ ਮੁਹੱਬਤ ਦੀ ਲਿਸ਼ਕ ਦਾ ਹੁੰਗਾਰਾ ਸਮੇਂ ਸਿਰ ਨਹੀਂ ਭਰ ਸਕੀ ਤਾਂ ਪਤੀ ਦਾ ਉਸਤੋਂ ਦੂਰ ਜਾਣਾ ਸੁਭਾਵਿਕ ਹੀ ਸੀ। ਇਸ ਪ੍ਰਕਾਰ ਸ਼ਿੰਦੀ ਦਾ ਆਪਣਾ ਦੁੱਖ ਫ਼ੈਲ ਕੇ ਉਸਦੇ ਪਰਿਵਾਰ ਨੂੰ ਵੀ ਦੁੱਖ ਦੇ ਸੰਘਣੇ ਪ੍ਰਛਾਵੇਂ ਵਿੱਚ ਵਲ੍ਹੇਟ ਲੈਂਦਾ ਹੈ। ਉਸਦਾ ‘ਮਨਹੂਸ’ ਹੋਣਾ ਉਸਨੂੰ ਭਰਾ ਅਤੇ ਰਿਸ਼ਤੇਦਾਰਾਂ ਤੋਂ ਵੀ ਵਿਜੋਗ ਦਿੰਦਾ ਹੈ। ਸਾਡੇ ਸਭਿਆਚਾਰ ਵਿੱਚ ਮਨਹੂਸ ਹੋਣ ਦੇ ਸੰਸਕਾਰ ਉਸਦੇ ਵਿਅਕਤੀਗਤ ਦੁੱਖ ਨੂੰ ਪੇਸ਼ ਕਰਦਿਆਂ ਵੀ ਸਾਡੀ ਪਿਛਾਂਹ-ਖਿੱਚੂ ਸਮਾਜਿਕ ਮਾਨਸਿਕ ਉਣਤਰ ਬਣਤਰ ਵੱਲ ਸੰਕੇਤ ਕਰਦੇ ਹਨ। ਉਸਦਾ ਨਿੱਜੀ ਦੁੱਖ ਵੱਡੇ ਦਾਇਰੇ ਦੀ ਹਕੀਕਤ ਦੀ ਨਿਸ਼ਾਨਦੇਹੀ ਕਰਦਾ ਹੈ।
ਕਹਾਣੀ ਵਿੱਚ ਔਰਤ ਹੋਣ ਦਾ ਦੁਖਾਂਤ ਵੀ ਹਾਜ਼ਰ ਹੈ। ਸ਼ਿੰਦੀ ਦੀ ਆਜ਼ਾਦ ਤਬੀਅਤ ਅਤੇ ਪਿੰਡ ਵਿੱਚ ਖੁੱਲ ਨਾਲ ਵਿਚਰਨਾ ਪਿੰਡ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਅਤੇ ਉਸ ਦੇ ਵਿਹਾਰ ਰਾਹੀਂ ਹੋਰ ਕੁੜੀਆਂ ਦੇ ‘ਵਿਗੜ ਜਾਣ’ ਦਾ ਸੰਸਾ ਵੀ ਪਿੰਡ ਦੇ ਲੋਕਾਂ ਨੂੰ ਘੇਰੀ ਰੱਖਦਾ ਹੈ। ਇਹੋ ਕਾਰਨ ਹੈ ਕਿ ਉਸਦਾ ਧੀ ਦੇ ਹੱਕ ਵਿੱਚ ਭੁਗਤਣ ਵਾਲਾ ਬਾਪ ਵੀ ਧੀ ਲਈ ਛੇਤੀ ਵਰ-ਘਰ ਲੱਭਣ ਲਈ ਮਜਬੂਰ ਹੋ ਜਾਂਦਾ ਹੈ। ਇਸ ਰਾਹੀਂ ਸਾਡੇ ਪੰਜਾਬੀ ਸਮਾਜ ਵਿੱਚ ਔਰਤ ਦੀ ਗੌਣ ਹੋਂਦ ਦੀ ਹਕੀਕੀ ਨਿਸ਼ਾਨ ਦੇਹੀ ਹੀ ਹੁੰਦੀ ਹੈ, ਜੋ ਔਰਤ ਦੀ ਸੀਮਤ ਜਿਹੀ ਆਜ਼ਾਦੀ ਉੱਤੇ ਵੀ ਬੰਧੇਜ ਲਾਉਂਦੀ ਹੈ। ਪਹਿਲੀਆਂ ਦੋਹਾਂ ਕਹਾਣੀਆਂ ਵਾਂਗ ਸਭਿਆਚਾਰਕ ਅਨੁਕੂਲਣ ਦੀ ਪ੍ਰਕਿਰਿਆ ਇਸ ਕਹਾਣੀ ਵਿੱਚ ਵੀ ਨਜ਼ਰ ਆ ਜਾਂਦੀ ਹੈ। ਸ਼ਿੰਦੀ ਦੇ ਡੌਨਾ ਵਰਗੀਆਂ ਪੱਛਮੀ ਗਵਾਂਢਣਾ ਨਾਲ ਸਹਿਜ ਸੰਬੰਧ ਹਨ। ਉਸਨੂੰ ਸਾਡੇ ਲੋਕਾਂ ਦਾ ਦੋਗਲਾ ਰਵੱਈਆ ਵੀ ਪਸੰਦ ਨਹੀਂ। ਸ਼ਿੰਦੀ ਦੇ ਮਾਧਿਅਮ ਰਾਹੀਂ ਲੇਖਕ ਇਹ ਸੁਨੇਹਾ ਵੀ ਦਿੰਦਾ ਲੱਗਦਾ ਹੈ ਕਿ ਦਿਖਾਵੇ ਦੇ ‘ਪੱਛਮੀ’ ਦਿਸਣਾ ਹੀ ਠੀਕ ਨਹੀਂ। ਸ਼ਿੰਦੀ ਨੇ ਆਪਣੀ ਧੀ ਦੇ ਬੁਆਇ ਫਰੈਂਡ ਦੀ ਹੋਂਦ ਨੂੰ ਸਵੀਕਾਰ ਕਰ ਲਿਆ ਹੈ।
ਸ਼ਿੰਦੀ ਵੱਲੋਂ ਆਪਣੇ ਲੋਕਾਂ ਦੀਆਂ ਬੁਰਾਈਆਂ ਵੱਲ ਧਿਆਨ ਦਿਵਾਉਣਾ ਅਤੇ ਨਵੀਂ ਪੀੜ੍ਹੀ ਦੇ ਵਿਗੜ ਜਾਣ ਵੱਲ ਸੰਕੇਤ ਵੀ ਸਭਿਆਚਾਰਕ ਅਨੁਕੂਲਣ ਨੂੰ ਵਾਜਬ ਠਹਿਰਾਉਣ ਵਾਲੇ ਹਨ, ਭਾਵੇਂ ਇਹਨਾਂ ਸੰਕੇਤਾਂ ਪਿੱਛੇ ਪੇਸ਼ਕਾਰੀ ਦਾ ਉਚੇਚ ਨਜ਼ਰੀਂ ਪੈਂਦਾ ਹੈ।
ਇੱਕ ਹਕੀਕਤ ਇਹ ਵੀ ਰੌਸ਼ਨ ਹੁੰਦੀ ਹੈ ਕਿ ਪੱਛਮੀ ਸਮਾਜ ਵਿੱਚ ਔਰਤ ਵਧੇਰੇ ਆਜ਼ਾਦ ਹੋ ਰਹੀ ਹੈ। ਮਿੰਨੀ ਗਰੇਵਾਲ ਦੀ ਔਰਤ ਪਾਤਰ ਦੇ ਅਪਵਾਦ ਨੂੰ ਛੱਡ ਲਿਆ ਜਾਵੇ ਤਾਂ ਅਸੀਂ ਵੇਖਦੇ ਹਾਂ ਕਿ ‘ਪਾਣੀ’ ਕਹਾਣੀ ਵਿੱਚ ਵੀ ਔਰਤ ਕੇਵਲ ‘ਔਰਤ’ ਹੋਣ ਕਰਕੇ ਦੁਖੀ ਨਹੀਂ ਹੈ। ਬਦਲ ਰਹੀ, ਸੁਤੰਤਰ ਅਤੇ ਸਮਰੱਥ ਹੋ ਰਹੀ ਅਤੇ ਪੱਛਮੀ ਸਮਾਜ ਵਿੱਚ ਵਿਚਰ ਰਹੀ ਔਰਤ ਦਾ ਬਿੰਬ ਹਕੀਕੀ ਵੀ ਹੈ ਅਤੇ ਆਪਣੇ ਆਪ ਵਿੱਚ ਨਵਾਂ ਵੀ।
ਮੇਜਰ ਮਾਂਗਟ ਦੀ ਰਚਨਾ ਦ੍ਰਿਸ਼ਟੀ ਉੱਤੇ ਉਦੋਂ ਸੁਆਲੀਆ ਨਿਸ਼ਾਨ ਲੱਗਦਾ ਜਾਪਦਾ ਹੈ ਜਦੋਂ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸਨੇ ਇਸ ਦੁਖੀ ਔਰਤ ਰਾਹੀਂ ਕੀ ਸਾਰਥਿਕ ਸੁਨੇਹਾ ਦੇਣਾ ਚਾਹਿਆ ਹੈ? ਲੇਖਕ ਦਿੱਖ ਦੀ ਪੱਧਰ ‘ਤੇ ‘ਮੋਮ ਦੇ ਖੰਭਾਂ’ ਵਾਂਗ ਕਹਾਣੀ ਨਾਲ ਜੋੜੀ ਰਵਾਇਤੀ ਕਿਸਮ ਦੀ ਪ੍ਰਗਤੀਵਾਦੀ ਦ੍ਰਿਸ਼ਟੀ ਅਨੁਸਾਰ ਰਿਸ਼ਤਿਆਂ ਦੀ ਮੋਹ ਮੁਹੱਬਤ ਤੋਂ ਪਾਰ ਜਾ ਕੇ ਜਿਉਣ ਦਾ ਸੰਕੇਤ ਦੇ ਰਿਹਾ ਹੈ। ਇਹ ਦ੍ਰਿਸ਼ਟੀ ਭਾਵੇਂ ਬੜੀ ਪੇਤਲੀ ਜਿਹੀ ਹੈ ਪਰ ਕਹਾਣੀ ਦੇ ਅੰਤ ਉੱਤੇ ਲੇਖਕ ਇੱਕ ਹੋਰ ਮਹੱਤਵ ਪੂਰਨ ਹਕੀਕਤ ਵੱਲ ਸਹਿਜ-ਸੰਕੇਤ ਕਰ ਜਾਂਦਾ ਹੈ। ਸ਼ਿੰਦੀ ਦੇ ਅਧਿਆਤਮ ਵੱਲ ਪਰਤਣ ਅਤੇ ਰਿਸ਼ਤਿਆਂ ਵਿਚਲੇ ਮੋਹ ਨੂੰ ਤਿਲਾਂਜਲੀ ਦੇਣਾ ਇਸ ਹਕੀਕਤ ਵੱਲ ਸੰਕੇਤ ਹੈ ਕਿ ਜਦੋਂ ਮਨੁੱਖ ਪਰਿਵਾਰ ਅਤੇ ਸਮਾਜ ਤੋਂ ਵਿਜੋਗਿਆ ਜਾਂਦਾ ਹੈ ਅਤੇ ਇਕੱਲਾ ਰਹਿ ਜਾਂਦਾ ਹੈ ਤਾਂ ਉਸਦਾ ਅਧਿਆਤਮ ਵੱਲ ਪਰਤਣਾ ਯਕੀਨੀ ਹੈ। ਅਧਿਆਤਮ ਵੱਲ ਲਗਾਓ, ਰਿਸ਼ਤਿਆਂ ਨੂੰ ਝੂਠ ਸਮਝਣ ਅਤੇ ਸਮਾਜ ਨਾਲੋਂ ਟੁੱਟ ਕੇ ਸਵੈ ਦੇ ਖੋਲ ਵਿੱਚ ਬੰਦ ਹੋ ਜਾਣ ਦਾ ਰਾਹ ਹੈ। ਸਮਾਜਕ ਆਰਥਿਕ ਜਾਂ ਰਾਜਸੀ ਸਮੱਸਿਆਵਾਂ ਵੱਲੋਂ ਬੇਰੁਖ਼ੀ ਅਖ਼ਤਿਆਰ ਕਰ ਲੈਣ ਦਾ ਰਾਹ ਹੈ ਅਤੇ ਅਸਿੱਧੇ ਤੌਰ ‘ਤੇ ਚਾਲੂ ਪ੍ਰਬੰਧ ਦੇ ਜਿਉਂ ਤਿਉਂ ਚੱਲਦੇ ਰਹਿਣ ਦੀ ਹਾਮੀ ਭਰਨ ਵਾਲਾ ਹੈ। ਜੇ ਅਜਿਹੇ ਵਤੀਰੇ ਨੂੰ ਹੱਕੀ ਠਹਿਰਾਇਆ ਜਾਂਦਾ ਹੈ ਤਾਂ ਮਨੁੱਖ ਦੇ ਮੁੜ ਜੰਗਲਾਂ ਵੱਲ ਪਰਤ ਜਾਣ ਦੀ ਹਕੀਕਤ ਪ੍ਰਤੀਨਿਧ ਬਣ ਜਾਵੇਗੀ ਅਤੇ ਲੁੱਟ-ਖੋਹ ਤੇ ਆਧਾਰਿਤ ਸਮਾਜ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਲਿਆ ਸਕਣ ਦੀ ਗੁੰਜਾਇਸ਼ ਖ਼ਤਮ ਹੋ ਜਾਵੇਗੀ। ਇਸ ਪੱਖੋਂ ਇਸ ਕਹਾਣੀ ਦਾ ਸਹਿਜ ਸੁਨੇਹਾ ਮਹੱਤਵਪੂਰਨ ਬਣ ਜਾਂਦਾ ਹੈ।
ਇੱਕ ਗੱਲ ਜਿਹੜੀ ਤਿੰਨਾਂ ਹੀ ਕਹਾਣੀਆਂ ਵਿਚੋਂ ਉੱਭਰ ਕੇ ਸਾਹਮਣੇ ਆਉਂਦੀ ਹੈ, ਉਹ ਇਹੋ ਹੀ ਹੈ ਕਿ ਇਥੇ ਰਹਿ ਰਹੇ ਲੋਕਾਂ ਦਾ ਪੱਛਮੀ ਕਦਰਾਂ ਕੀਮਤਾਂ ਅਨੁਸਾਰ ਢਲ ਜਾਣਾ ਅਤੇ ਇਸ ਜੀਵਨ-ਸ਼ੈਲੀ ਦੇ ਅਨੁਕੂਲ ਹੋ ਜਾਣਾ ਇਤਿਹਾਸਕ ਤੌਰ ਤੇ ਅਨਿਵਾਰੀ ਹੈ। ਇਸ ਇਤਿਹਾਸਕ ਅਨਿਵਾਰਤਾ ਦੇ ਯਥਾਰਥਕ ਪੱਖ ਨੂੰ ਬਿਆਨ ਕਰਦਿਆਂ ਜਿਹੜੀ ਸਭ ਤੋਂ ਕੌੜੀ ਹਕੀਕਤ ਰੂਬਰੂ ਹੁੰਦੀ ਹੈ ਉਹ ਹੈ ਵਿਅਕਤੀ ਦਾ ਤੜਪਾ ਦੇਣ ਵਾਲੀ ਇਕੱਲ ਦਾ ਸ਼ਿਕਾਰ ਹੋ ਜਾਣਾ। ਸ਼ਿੰਦੀ, ਉਸਦਾ ਪਤੀ, ਡੌਨਾ (ਮੋਮ ਦੇ ਖੰਭ), ਐਂਜਲਾ (ਵਹਿੰਦੇ ਪਾਣੀਆਂ ਦੇ ਪ੍ਰਛਾਵੇਂ), ਬਲਦੇਵ ਸਿੰਘ ਦੇ ਮਾਪੇ (ਪਾਣੀ) ਇਹ ਸਾਰੇ ਪਾਤਰ ਇਕੱਲ ਵਿੱਚ ਤੜਪਦੇ ਪਾਤਰ ਹਨ।
ਧਿਆਨ ਦੇਣ ਯੋਗ ਗੱਲਾਂ: ਜਰਨੈਲ ਸਿੰਘ ਦੀ ਕਹਾਣੀ ਵੱਡ ਆਕਾਰੀ ਅਤੇ ਬਹੁਪਰਤੀ ਹੈ। ਸਹਿਜ ਸ਼ੈਲੀ ਵਿੱਚ ਲਿਖੀ ਇਸ ਕਹਾਣੀ ਦੀ ਵਿਸ਼ੇਸ਼ਤਾ ਹਰੇਕ ਪਾਤਰ ਨੂੰ ਉਸਦੀ ‘ਜ਼ਬਾਨ ਦੇਣ’ ਵਿੱਚ ਹੈ। ਪ੍ਰਤੀਕਾਂ ਤੇ ਰੂਪਕਾਂ ਰਾਹੀਂ ਅਰਥਾਂ ਦੀ ਗਹਿਨਤਾ ਅਤੇ ਬਹੁ-ਪਰਤਤਾ ਦੀ ਥਾਹ ਪਾਉਣੀ ਉਸਦਾ ਹੋਰ ਹਾਸਿਲ ਹੈ। ਇਹੋ ਕਾਰਨ ਹੈ ਕਿ ਸਹਿਜ ਨਾਲ ਤੁਰੀ ਜਾਂਦੀ ਕਹਾਣੀ ਵਿੱਚ ਜਦੋਂ ‘ਪਾਣੀ’ ਦੇ ਰੂਪਕ ਨੂੰ ਲੇਖਕ ਵਾਰ ਵਾਰ ਪੇਸ਼ ਕਰਕੇ ਕੁੱਝ ਉਚੇਚ ਨਾਲ ਅਰਥ ਸਿਰਜਣ ਦੀ ਕੋਸ਼ਿਸ਼ ਕਰਨ ਲੱਗਦਾ ਹੈ ਤਾਂ ਕਹਾਣੀ ਦੀ ਸਹਿਜਤਾ ਭੰਗ ਹੋਣ ਲੱਗਦੀ ਹੈ। ਸੁਖਜੀਤ ਦੀ ਪਾਣੀ ਬਾਰੇ ਬੁੜਬੜਾਹਟ ਵੀ ਲਾਊਡ ਹੈ ਅਤੇ ਲੱਗਣ ਲੱਗ ਪੈਂਦਾ ਹੈ ਕਿ ਇਹ ਉਸਦੇ ਸਹਿਜ ਬੋਲ ਨਹੀਂ ਹਨ ਸਗੋਂ ਲੇਖਕ ਆਪਣੇ ਵਿਚਾਰਾਂ ਨੂੰ ਉਸਦੇ ਰਾਹੀਂ ਆਰੋਪਿਤ ਕਰ ਰਿਹਾ ਹੈ। ਇੰਜ ਹੀ ਸ਼ੈਰਨ ਵੱਲੋਂ ਸੁਖਜੀਤ ਕੌਰ ਨੂੰ ‘ਕਿਨਾਰਿਆਂ ਤੋਂ ਉੱਠ ਕੇ ਪਾਣੀ ਵਿੱਚ ਕੁੱਦਣ’ ਦੇ ਦਿੱਤੇ ਸੁਨੇਹੇ ਵਿੱਚ ਵੀ ਸ਼ੈਰਨ ਘੱਟ ਅਤੇ ਲੇਖਕ ਖ਼ੁਦ ਵੱਧ ਬੋਲਦਾ ਨਜ਼ਰ ਆਉਂਦਾ ਹੈ।
ਮਿੰਨੀ ਗਰੇਵਾਲ ਕੁਦਰਤ ਦੇ ਦ੍ਰਿਸ਼ ਵਰਨਣ ਦੀ ਮਾਹਿਰ ਹੈ। ਪਰ ਉਸਦੀ ਇਹੋ ਵਿਸ਼ੇਸ਼ਤਾ ਉਦੋਂ ਦੋਸ਼ ਬਣ ਜਾਂਦੀ ਹੈ ਜਦੋਂ ਵਿਸਥਾਰਪੂਰਵਕ ਵਰਨਣ ਕਹਾਣੀ ਦੇ ਬਿਰਤਾਂਤ ਦੀ ਗਤੀ ਨੂੰ ਢਿੱਲਾ ਕਰ ਦਿੰਦਾ ਹੈ। ਉਂਝ ਵੀ ਮੀਰਾ ਨਾਲ ਸੰਬੰਧਾਂ ਦਾ ਵਿਸਥਾਰ ਕੁੱਝ ਵਧੇਰੇ ਲਮਕਵਾਂ ਹੈ ਅਤੇ ਉਸਦਾ ਐਂਜਲਾ ਦੀ ਬੁਨਿਆਦੀ ਪ੍ਰੇਮ ਕਹਾਣੀ ਦੇ ਬਿਰਤਾਂਤ ਨਾਲ ਵਾਸਤਾ ਕੁੱਝ ਦੂਰ ਦਾ ਹੀ ਲੱਗਦਾ ਹੈ। ਮੀਰਾ ਅਤੇ ਐਂਜਲਾ ਦੇ ਸੰਬੰਧਾਂ ਦਾ ਵਰਨਣ ਜਿੱਥੇ ਲੋੜ ਨਾਲੋਂ ਵੱਧ ਥਾਂ ਲੈ ਗਿਆ ਹੈ ਓਥੇ ਵਿਜਯ ਅਤੇ ਲਾਰਾ ਦੇ ਸੰਬੰਧਾਂ ਦਾ ਬਿਰਤਾਂਤ ਕੁੱਝ ਵਧੇਰੇ ਹੀ ਸੰਖੇਪ ਰਹਿ ਗਿਆ ਹੈ, ਜੋ ਹੋਰ ਵਿਸਥਾਰ ਦੀ ਮੰਗ ਕਰਦਾ ਹੈ।
ਮੇਜਰ ਮਾਂਗਟ ਦੀ ਕਹਾਣੀ’ ਮੋਮ ਦੇ ਖੰਭ’ ਵਿੱਚ ਸਵੈ ਜੀਵਨੀ-ਪਰਕ ਬਿਰਤਾਂਤ ਦੀ ਸਿਰਜਣਾ ਕੀਤੀ ਗਈ ਹੈ। ਉੱਤਮ ਪੁਰਖੀ ਬਿਰਤਾਂਤ ਸਿਰਜਣਾ ਦੀ ਜਿੱਥੇ ਇਹ ਵਿਸ਼ੇਸ਼ਤਾ ਹੈ ਕਿ ਬਿਰਤਾਂਤ ਦਾ ਵਕਤਾ ਆਪਣੇ ਅੰਤਰ ਮਨ ਤੇ ਡੂੰਘੀ ਝਾਤੀ ਪੁਆ ਸਕਦਾ ਹੈ ਓਥੇ ਇਸਦਾ ਨੁਕਸਾਨ ਇਹ ਵੀ ਹੈ ਕਿ ਬਿਰਤਾਂਤਕ ਵਕਤਾ ਦੇ ਪਿੱਛੇ ਖਲੋਤਾ ਲੇਖਕ ਕਈ ਵਾਰ ਆਪਣੇ ਵਿਚਾਰਾਂ ਦੇ ਵਾਹਨ ਲਈ ਇਸ ਜੁਗਤ ਨੂੰ ਵਰਤਣ ਦੇ ਲਾਲਚ ਵਿੱਚ ਬਿਰਤਾਂਤ ਦਾ ਸੰਤੁਲਨ ਭੰਗ ਕਰ ਦਿੰਦਾ ਹੈ। ਇਸ ਲਈ ‘ਉੱਤਮ ਪੁਰਖੀ ਬਿਰਤਾਂਤ ਸਿਰਜਣ’ ਦੀ ਜੁਗਤ ਨੂੰ ਬੜੀ ਸਾਵਧਾਨੀ ਨਾਲ ਵਰਤਣਾ ਪੈਂਦਾ ਹੈ। ਲੇਖਕ ਅਤੇ ਕਹਾਣੀ ਦੇ ਬਿਰਤਾਂਤ-ਕਰਤਾ ਨੂੰ ਅਲੱਗ ਅਲੱਗ ਰਹਿਣਾ ਅਤੇ ਦਿਸਣਾ ਚਾਹੀਦਾ ਹੈ। ਸ਼ਿੰਦੀ ਦੇ ਮਾਧਿਅਮ ਰਾਹੀਂ ਗੱਲ ਕਰਦਿਆਂ ਪਾਕਿਸਤਾਨੀ ਪਰਿਵਾਰ ਦਾ ਵੇਰਵਾ ਦੇਣ ਲੱਗ ਜਾਣਾ ਅਤੇ ਉਹਨਾਂ ਦੇ ਦੋਗਲੇਪਨ ‘ਤੇ ਉਂਗਲ ਧਰਨ ਲੱਗ ਪੈਣਾ ਬਿਰਤਾਂਤ ਵਿੱਚ ਲੇਖਕ ਦੀ ਜਬਰੀ ਦਖ਼ਲਅੰਦਾਜ਼ੀ ਦਾ ਲਖਾਇਕ ਹੋ ਨਿੱਬੜਦਾ ਹੈ। ਦੂਜੇ ਪਾਸੇ ਸ਼ਿੰਦੀ ਦੇ ਪਤੀ ਨੂੰ ਵੀ ਉਸਦਾ ਪੱਖ ਪੇਸ਼ ਕਰਨ ਲਈ ਜ਼ਬਾਨ ਮਿਲਣੀ ਚਾਹੀਦੀ ਸੀ, ਜਿਸਤੋਂ ਲੇਖਕ ਉੱਕ ਗਿਆ ਹੈ। ਨਿੱਕੀਆਂ ਨਿੱਕੀਆਂ ਗਲਤੀਆਂ ਕਹਾਣੀ ਦੇ ਸਮੁਚੇ ਅਰਥਾਂ ਵਿੱਚ ਤਾਂ ਭਾਵੇਂ ਵੱਡਾ ਵਿਘਨ ਨਹੀਂ ਪਾਉਂਦੀਆਂ ਪਰ ਉਹਨਾਂ ਕਰਕੇ ਪਾਠਕ ਦਾ ਸਵਾਦ ਜ਼ਰੂਰ ਕਿਰਕਿਰਾ ਹੋ ਜਾਂਦਾ ਹੈ। ਮਾਂਗਟ ਇਹ ਵੀ ਭੁੱਲ ਗਿਆ ਕਿ ਇੱਕ ਥਾਂ ਤੇ ਤਾਂ ਉਹ ਕਹਿ ਰਿਹਾ ਹੈ ਕਿ ਸ਼ਿੰਦੀ ਨਾਲ ਉਸਦਾ ਭਰਾ ਮਨਹੂਸ ਹੋਣ ਕਰਕੇ ਮਿਲਦਾ ਵਰਤਦਾ ਨਹੀਂ, ਪਰ ਦੂਜੇ ਪਾਸੇ ਇੱਕ ਥਾਂ ਤੇ ਇਹ ਵੀ ਜ਼ਿਕਰ ਹੈ ਕਿ ਅਜੇ ਕੱਲ੍ਹ ਹੀ ਉਸਦਾ ਭਰਾ ਉਸਨੂੰ ਮਨਹੂਸ ਕਹਿ ਕੇ ਗਿਆ ਹੈ। ‘ਬਿਲਕੁਲ ਨਾ ਵਰਤਣਾ’ ਅਤੇ ‘ਕੱਲ੍ਹ ਹੀ’ ਮਿਲਣਾ (ਭਾਵੇਂ ਮਨਹੂਸ ਕਹਿ ਕੇ ਹੀ) ਵੱਖਰੀਆਂ ਵੱਖਰੀਆਂ ਗੱਲਾਂ ਹਨ। ਪਿੰਡ ਵਿੱਚ ਸ਼ਿੰਦੀ ਦੇ ਮਾਪਿਆਂ ਨੂੰ ‘ਸਿ਼ੰਦੀ ਦੀ ਆਜ਼ਾਦੀ’ ‘ਤੇ ਉਂਗਲ ਰੱਖ ਕੇ ਛੇਤੀ ਵਿਆਹ ਦੇਣ ਦੀ ਸਲਾਹ ਵਧੇਰੇ ਯਥਾਰਥਕ ਨਹੀਂ ਲੱਗਦੀ। ਕਿਸੇ ਦੀ ਧੀ ਬਾਰੇ ਅਜਿਹੀਆਂ ਤਿੱਖੀਆਂ ਟਿੱਪਣੀਆਂ ਉਹਨਾਂ ਦੇ ਮਾਪਿਆਂ ਦੀ ਪਿੱਠ ਪਿੱਛੇ ਤਾਂ ਕੀਤੀਆਂ ਜਾ ਸਕਦੀਆਂ ਹਨ ਉਹਨਾਂ ਦੇ ਸਾਹਮਣੇ ਇਹਨਾਂ ਦੀ ਮੰਨਣ-ਯੋਗਤਾ ਸਵਾਲ ਦੇ ਦਾਇਰੇ ਵਿੱਚ ਆ ਜਾਂਦੀ ਹੈ। ਯਥਾਰਥਵਾਦੀ ਕਹਾਣੀ ਵਿੱਚ ਅਜਿਹੀਆਂ ਘਾਟਾਂ ਵੱਲ ਧਿਆਨ ਦੇਣਾ ਬਣਦਾ ਹੈ।
ਕੁੱਲ ਮਿਲਾ ਕੇ ਤਿੰਨੇ ਕਹਾਣੀਆਂ ਕਨੇਡਾ ਵਿੱਚ ਰਚੀ ਜਾ ਰਹੀ ਪੰਜਾਬੀ ਕਹਾਣੀ ਦਾ ਇੱਕ ਵੱਖਰਾ ਅਤੇ ਵਿਸ਼ੇਸ਼ ਬਿੰਬ ਉਭਾਰਨ ਵਿੱਚ ਸਫ਼ਲ ਹੁੰਦੀਆਂ ਹਨ।
(25 ਸਤੰਬਰ 2007)
e-mail:
ਲਿਖਾਰੀ
© likhari: Punjabi Likhari Forum-2001-2007