ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

ਰੀਵੀਊ:

'ਚਿਹਰੇ ਦੀ ਤਲਾਸ਼'

ਡਾ: ਪ੍ਰੀਤਮ ਸਿੰਘ ਕੈਂਬੋ, ਲੰਡਨ

ਡਾ: ਪ੍ਰੀਤਮ ਸਿੰਘ ਕੈਂਬੋ

‘ਚਿਹਰੇ ਦੀ ਤਲਾਸ਼’ ਸੁਰਿੰਦਰ ਸੋਹਲ ਦਾ ਦੂਜਾ ਕਾਵਿ-ਸੰਗ੍ਰਿਹ ਹੈ। ਪਹਿਲਾ ਕਾਵਿ ਸੰਗ੍ਰਿਹ ‘ਖੰਡਰ, ਖ਼ਾਮੋਸ਼ੀ ਤੇ ਰਾਤ’ ਗ਼ਜ਼ਲ-ਸੰਗ੍ਰਹਿ ਸੀ ਜਦ ਕਿ ਇਸ ਨਵੇਂ ਕਾਵਿ-ਸੰਗ੍ਰਿਹ‘ ਚਿਹਰੇ ਦੀ ਤਲਾਸ਼’ ਵਿਚ ਸ਼ਾਮਲ ਕਵਿਤਾਵਾਂ ਖੁਲ੍ਹੀਆਂ ਹਨ। ਅੱਜ ਕਲ ਜ਼ਿਆਦਾਤਰ ਨਵੀਨ ਕਵਿਤਾ ਖੁਲ੍ਹੀ ਹੀ ਲਿਖੀ ਜਾ ਰਹੀ ਹੈ। ਅਸੀਂ ਹੱਥਲੇ ਪੁਸਤਕ ਰੀਵੀਊ ਵਿੱਚ ਖੁਲ੍ਹੀ ਕਵਿਤਾ ਦੇ ਪਿਛੋਕੜ ਵਿਚ ਨਹੀਂ ਜਾਣਾ ਚਾਹੁੰਦੇ ਕਿ ਇਹ ਕਦੋਂ ਲਿਖੀ ਜਾਣ ਲੱਗੀ ਤੇ ਕਿਵੇਂ ਅੱਜ ਦੇ ਸਮੇਂ ਤਕ ਪੁੱਜੀ ਹੈ। ਪਰ ਹੱਥਲੇ ਸੰਗ੍ਰਹਿ ਬਾਰੇ ਗੱਲ ਕਰਨ ਲਈ ਸਾਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਮੋਟੇ ਮੋਟੇ ਕਿਹੜੇ ਵਿਸ਼ੇ ਇਸ ਕਾਵਿ ਦੇ ਘੇਰੇ ਵਿੱਚ ਆਉਂਦੇ ਹਨ ਤੇ ਕਿਹੜੀਆਂ ਕਿਹੜੀਆਂ ਜੁੱਗਤਾਂ ਅਪਣਾਂਈਆਂ ਜਾਂਦੀਆਂ ਹਨ। ਪਰੰਪਰਾਗਤ ਕਵਿਤਾ ਛੰਦਬਧ ਹੁੰਦੀ ਸੀ ਤੇ ਇਸਦੇ ਵਿਸ਼ੇ ਧਾਰਮਕ, ਸਮਾਜਕ ਅਤੇ ਸਭਿਆਚਾਰਕ ਸੀਮਾਵਾਂ ਵਾਲੇ ਹੁੰਦੇ ਸਨ। ਅਜਿਹੀ ਕਵਿਤਾ ਵੀਹਵੀਂ ਸਦੀ ਦੇ ਅੱਧ ਤੱਕ ਲਿਖੀ ਜਾਂਦੀ ਰਹੀ ਹੈ। ਪ੍ਰਗਤੀਵਾਦੀ ਦੌਰ ਤੋਂ ਬਆਦ ਕਵਿਤਾ ਲਖਸ਼-ਹੀਣ ਹੋ ਕੇ ਰਹਿ ਗਈ ਕਿਉਂਕਿ ਕਵੀਆਂ ਸਾਹਮਣੇ ਕੋਈ ਲਹਿਰ ਨਹੀਂ ਸੀ ਜਿਸ ਦੇ ਦੁਆਲੇ ਕੇਂਦਰਿਤ ਹੋ ਕੇ ਉਹ ਕਵਿਤਾ ਰਚਦੇ। ਲਹਿਰ ਵਾਲੀ ਕਵਿਤਾ ਸਾਹਮਣੇ ਇੱਕ ਲਖ਼ਸ਼ ਹੁੰਦਾ ਸੀ ਤੇ ਉਸ ਲਖ਼ਸ਼ ਦੀ ਸੇਧੇ ਤੁਰਦਿਆਂ ਕਵੀ ਲੋਕ ਆਪਣੀ ਰਚਨਾ ਕਰੀ ਜਾਂਦੇ ਸਨ।

ਇਸ ਪਿੱਛੋਂ ਪ੍ਰਯੋਗਸ਼ੀਲ ਲਹਿਰ ਨਾਲ ਨਵੇਂ ਨਵੇਂ ਪ੍ਰਯੋਗ ਹੋਣ ਲੱਗੇ ਤੇ ‘ਵਿਅੱਕਤੀ-ਕੇਂਦਰਤ’ ਕਵਿਤਾਵਾਂ ਲਿਖੀਆਂ ਜਾਣ ਲੱਗੀਆਂ। ਅਜਿਹੀ ਕਵਿਤਾ ਵਿਸ਼ੇ ਪੱਖੋਂ ਨਿਵੇਕਲੀ ਸੀ ਤੇ ਜੁਗਤਾਂ ਪੱਖੋਂ ਅਨੋਖੀ ਤੇ ਅਵੱਲੀ ਜਿਹੀ। ਨਵੇਂ ਪ੍ਰਯੋਗਾਂ ਵਿਚ ਵਭਿੰਨ ਵਿਸ਼ਿਆਂ ਨੂੰ ਪਰੋਇਆ ਗਿਆ। ਇੰਨ੍ਹਾਂ ਵਿਚ ਤਿੜਕਦੇ ਰਿਸ਼ਤਿਆਂ ਦੀ ਗੱਲ ਕੀਤੀ ਜਾਣ ਲੱਗੀ। ਪਰੰਪਰਾਗਤ ਕੀਮਤਾਂ ਚਿਣੌਤੀ ਹੇਠ ਆ ਗਈਆਂ। ਸਮਾਜਕ ਤੇ ਸਭਿਆਚਾਰਕ ਪਰੀਵਰਤਨ ਵਾਪਰਨ ਨਾਲ ਪਰੰਪਰਾਗਤ ਸਮਾਜ ਦਾ ਚਿਹਰਾ-ਮੁਹਰਾ ਬਦਲ ਗਿਆ ਤੇ ਸਭਿਆਚਾਰਕ-ਚੇਤਨਾ ਨੇ ਇਕ ਬਦਲਵਾਂ ਮੋੜ ਕੱਟਿਆ। ਨਵੇਂ ਪਰੀਵਰਤਨ ਵਾਪਰਨ ਨਾਲ ਅੱਜ ਕਵਿਤਾ ਦਾ ਰੂਪ ਵੀ ਬਦਲ ਗਿਆ ਹੈ ਤੇ ਹੁਣ ਇਹ ਇੰਨਾ ਬਦਲ ਗਿਆ ਹੈ ਕਿ ਕਵਿਤਾ ਵਾਲੀ ਗੱਲ ਲੱਗਦੀ ਹੀ ਨਹੀਂ ਹੈ। ਪਰ ਇਸ ਦੇ ਬਾਵਜ਼ੂਦ ਚੰਗੀ ਨਵੀਂ ਕਵਿਤਾ ਵਿਚ ਅਨੁਭੱਵ ਦੀ ਸ਼ਿੱਦਤ ਵਿਦਮਾਨ ਹੈ। ਨਵੀਨ ਕਵਿਤਾ ਜ਼ਿਆਦਾਤਰ ਵਿਚਾਰਕ ਤੇ ਦਿਮਾਗੀ ਹੋ ਗਈ ਹੈ। ਇਸ ਵਿਚ ਪੁਰਾਣਾ ਰਸ ਅਲੋਪ ਹੁੰਦਾ ਜਾ ਰਿਹਾ ਹੈ ਤੇ ਪਾਠਕ ਕਵਿਤਾ ਦੇ ਅਨੁੱਭਵ ਤੇ ਅਹਿਸਾਸਾਂ ਦੀ ਤਿ੍ਪਤੀ ਤਕ ਮਹਿਦੂਦ ਰਹਿੰਦਾ ਹੈ। ਅਜੋਕੀ ਕਵਿਤਾ ਵਿਚ ਪ੍ਰਤੀਕਾਂ ਦੀ ਭਰਮਾਰ ਹੁੰਦੀ ਹੈ। ਪ੍ਰਤੀਕਾਂ ਦੇ ਆਸਰੇ ਕਵਿਤਾ ਦੀ ਬੁਣਤੀ ਕੀਤੀ ਜਾਂਦੀ ਹੈ।

ਹੱਥਲੀ ਪੁਸਤਕ ਵਿਚ ਵੀ ਪ੍ਰਤੀਕਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਵਿਕੋਲਿਤਰੇ ਹਨ ਤੇ ਇਨ੍ਹਾਂ ਨੂੰ ਪ੍ਰਤੀਕਾਂ ਦੀ ਸਹਾਇਤਾ ਨਾਲ ਪ੍ਰਤੀਬਿੰਬਤ ਕੀਤਾ ਗਿਆ ਹੈ। ਜਿਵੇਂ ‘ਹਨੇਰੇ ਦੀ ਲਿਸ਼ਕ’ ਨਾਮੀ ਕਵਿਤਾ ਵਿਚਲੇ ਅਨੁੱਭਵ ਨੂੰ ਪ੍ਰਤੀਕ-ਮਈ ਬਣਾ ਕੇ ਪੇਸ਼ ਕੀਤਾ ਗਿਆ ਹੈ। ਇੱਥੇ ਹਨੇਰਾ ਪ੍ਰਤੀਕ ਹੈ ਚਾਨਣੇ ਦਾ ਕਿਉਂਕਿ ਸਿਦਕ ਹਨੇਰੇ ਵਿਚ ਆਪਣਾ ਸਿਦਕ ਪਾਲਦਾ ਹੈ। ਜੇ ਸਿਦਕ ਟੁੱਟ ਗਿਆ ਤਾਂ ਹਨੇਰਾ ਹਾਵੀ ਹੋ ਜਾਂਦਾ ਹੈ। ਸਿਦਕ ਤਾਂ ਚਾਨਣੇ ਵਿਚ ਜਦੋਂ ਦਿਲ ਛੱਡ ਬਹਿੰਦਾ ਹੈ ਤਾਂ ਚਾਨਣ ਵੀ ਹਨ੍ਹੇਰਾ ਬਣ ਜਾਂਦਾ ਹੈ। ਪਰ ਹਨੇਰਾ ਲਿਸ਼ਕ ਪੈਂਦਾ ਹੈ ਜਦੋਂ ਸਿਦਕ ਪੱਲੇ ਹੋਵੇ। ਇਸ ਕਵਿਤਾ ਵਿਚ ਸਿਦਕ ਦੀ ਮਹੱਤਤਾ ਦਰਸਾਉਣ ਲਈ ਹਨ੍ਹੇਰੇ ਨੂੰ ਸਿਦਕ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਕਵਿਤਾ ਵਿਚ ਪ੍ਰਤੀਕਮਈ ਲਹਿਜੇ ਵਿਚ ਪਿਆਰ ਦੇ ਟੁੱਟ-ਭੱਜ ਦੀ ਗੱਲ ਕੀਤੀ ਗਈ ਹੈ। ‘ਤਿੜਕਦੇ ਨਕਸ਼’ ਨਾਮੀ ਕਵਿਤਾ ਵਿਚ ਸੰਤਰੇ ਦੇ ਬੀਜ ਨੂੰ ਪ੍ਰਤੀਕ ਵਜੋਂ ਲੈ ਕੇ ਇਸ ‘ਚੋਂ  ਕਰੂੰਬਲ ਪੁੰਗਰਨ ਨੂੰ ਚਾਅ ਦੇ ਪ੍ਰਤੀਕ ਵਜੋਂ ਵਰਤਿਆ ਹੈ ਤੇ ਬੀਜ ਦੇ ਪ੍ਰਤੀਫਲ ਨੂੰ ਖੱਟੀਆਂ ਗਲਗਲਾਂ ਦੇ ਪ੍ਰਤੀਕ ਰਾਹੀਂ ਉਜਾਗਰ ਕੀਤਾ ਗਿਆ ਹੈ। ਕਵੀ ਇਸ ਕਵਿਤਾ ਰਾਹੀਂ ਤਿੜਕਦੇ ਰਿਸ਼ਤੇ ਦੇ ਅਨੁਭੱਵ ਨੂੰ ਉਪਰੋਕਤ ਪ੍ਰਤੀਕ ਰਾਹੀਂ ਢਾਲ ਕੇ ਕਹੀ ਗੱਲ ਨੂੰ ਪ੍ਰਭਾਵ ਦੇ ਰਿਹਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਕੁਝ ਉਹ ਕਵਿਤਾਵਾਂ ਵੀ ਹਨ ਜਿਸ ਵਿਚ ਸਵੈ-ਦਵੰਦ ਨੂੰ ਪੇਸ਼ ਕੀਤਾ ਗਿਆ ਹੈ। ‘ਬਦਲਦਾ ਜ਼ਾਵੀਆ’ ਨਾਮੀ ਕਵਿਤਾ ਵਿਚ ਸਵੈ-ਮਨ ਦੇ ਵਿਖਰਵੇਂ ਰੂਪ ਦ੍ਰਿਸ਼ਟੀਗੋਚਰ ਕੀਤੇ ਗਏ ਹਨ। ਦੂਜੇ ਘਰ ਅੰਦਰ ਬੱਚਿਆਂ ਵਲੋਂ ਵਾਹੀਆਂ ਲੀਕਾਂ ਕੋਝੀਆਂ ਜਾਪਦੀਆਂ ਹਨ ਪ੍ਰੰਤੂ ਆਪਣੇ ਬੱਚਿਆਂ ਵਲੋਂ ਵਾਹੀਆਂ ਲੀਕਾ ਫੁੱਲ-ਪੱਤੀਆਂ ਜਾਪਦੀਆਂ ਹਨ। ਇਕੋ ਹੀ ਮਨ ਦੇ ਵੱਖਰੇ ਵੱਖਰੇ ਕੋਨਿਆਂ ਦੀ ਸੁਹਣੀ ਤਸਵੀਰ-ਕਸ਼ੀ ਕੀਤੀ ਹੈ। ‘ਮਨ ਨੀਵਾਂ ਮਤਿ ਉੱਚੀ’ਵਾਲੀ ਕਵਿਤਾ ਵਿਚ ਕਵੀ ਨੇ ਮਨੁੱਖੀ ਮਾਨਸਿਕਤਾ ਵਿਚ ਛੁਪੇ ਵਲਾਂ-ਛਲਾਂ ਨੂੰ ਉਜਾਗਰ ਕੀਤਾ ਹੈ। ਮਨੁੱਖੀ ਮਨ ਦੀ ਦੰਭੀ ਮਾਨਸਿਕਤਾ ਨੂੰ ਇਹ ਕਵਿਤਾ ਖ਼ੂਬਸੂਰਤੀ ਨਾਲ ਪ੍ਰਸਤੁੱਤ ਕਰਦੀ ਹੈ। ਕਵੀ ਨੇ ਇਸ ਕਵਿਤਾ ਨੂੰ ਬਿਰਤਾਂਤਿਕ ਰੂਪ ਦਿੱਤਾ ਹੈ। ਕਵਿਤਾ ਦਾ ਸੁਨੇਹਾ ਉੱਚ ਪਾਏ ਦਾ ਹੈ ਤੇ ਇਹ ਚੰਗੇਰਾ ਪ੍ਰਭਾਵ ਵੀ ਛੱਡਦਾ ਹੈ। ਇਸੇ ਹੀ ਕਤਾਰ ਵਿਚ ਲੇਖਕ ਦੀ ਕਵਿਤਾ, ‘ਚੁੱਪ ਦਾ ਰਿਸ਼ਤਾ’ ਬਾਰੇ ਗੱਲ ਕੀਤੀ ਜਾ ਸਕਦੀ ਹੈ ਜਿਸ ਵਿਚ ਮਨੁੱਖ ਨੂੰ ਰੁੱਖਾਂ ਦੀ ਜੁਗਤ ਤੋਂ ਕੁੱਝ ਸਿਖੱਣ ਲਈ ਪ੍ਰੇਰਿਆ ਗਿਆ ਹੈ। ਰੁੱਖ ਚੁੱਪ-ਚੁਪੀਤੀ ਸਾਂਝ ਹੰਢਾਉਂਦੇ ਹਨ ਪਰ ਬੰਦਾ ਝੱਖੜ ਝੁੱਲਦੇ ਸਾਰ ਹੀ ਆਪਣੇ ਘਰ ਦਾ ਰਸਤਾ ਫੜ ਲੈਂਦਾ ਹੈ:

ਆ-
ਰੁੱਖਾਂ ਤੋਂ ਜੁਗਤ ਸਮਝੀਏ
ਜੋਗ ਕਮਾਈਏ
ਰੁੱਖਾਂ ਵਰਗੀ
ਚੁੱਪ ਚੁਪੀਤੀ ਸਾਂਝ ਹੰਢਾਉਂਦੇ
ਇਕ ਹੋ ਜਾਈਏ।

ਇਸ ਦੇ ਇਲਾਵਾ ਲੇਖਕ ਨੇ ਨਿੱਕੀਆਂ ਨਿੱਕੀਆਂ ਕਾਵਿ-ਟੁਕੜੀਆਂ ਰਾਹੀਂ ਵੀ ਪ੍ਰਭਾਵ ਸਿਰਜਣ ਦਾ ਯਤਨ ਕੀਤਾ ਹੈ ਜਿਵੇਂ ‘ਬਦਲਦਾ ਜ਼ਾਵੀਆ’ ਵਿਚ ਸਵੈ ਦੀ ਸਵਾਰਥੀ ਨਜ਼ਰ, ਔੜ ਵਿਚ ਕਠੋਰ ਮਨਾਂ ਦੀ, ਬੱਚੇ ਝਿੜਕਦੀ ਪਤਨੀ ਨੂੰ ਬੱਚਿਆਂ ਪ੍ਰਤੀ ਸਾਰਥਕ ਤੇ ਸੁਹਿਰਦ ਪਹੁੰਚ ਆਦਿ। ਇਨ੍ਹਾਂ ਨੁੰ ਸੁੰਦਰ ਕਾਵਿ ਰਚਨਾਵਾਂ ਕਿਹਾ ਜਾ ਸਕਦਾ ਹੈ ਪ੍ਰੰਤੂ ਕੁਝ ਕਵਿਤਾਵਾਂ ਅਜਿਹੀਆਂ ਵੀ ਹਨ ਜੋ ਪੂਰੀ ਤਰ੍ਹਾਂ ਸਪਸ਼ੱਟ ਨਹੀਂ ਭਾਵ ਧੁੰਦਲੀਆਂ ਹਨ ਕੁਝ ਸਪਸ਼ਟ ਤਾਂ ਹਨ ਪ੍ਰੰਤੂ ਉਹ ਸਾਰਥਕ ਸੰਦੇਸ਼ ਨਹੀਂ ਦਿੰਦੀਆਂ।

ਕਵਿਤਾ ਬਾਰੇ ਇਹ ਗੱਲ ਕਹਿਣੀ ਬਣਦੀ ਹੈ ਕਿ ਕਾਵਿ ਦਾ ‘ਪ੍ਰਯੋਜਨ’ ਹੁੰਦਾ ਹੈ। ਜੇ ਕਾਵਿ ਦਾ ‘ਪ੍ਰਯੋਜਨ’ ਸਫ਼ਲ ਨਾ ਹੋਵੇ ਤਾਂ ਪਾਠਕ ਦਾ ਹਿਰਦਾ ਸੱਖਣਾ ਜਿਹਾ ਹੋ ਜਾਂਦਾ ਹੈ। ਕਵਿਤਾ ਧੜਕਦੇ ਸ਼ਬਦਾਂ ਨਾਲ ਪਾਠਕ ਦੇ ਹਿਰਦੇ ਵਿਚ ਸੰਚਾਰ ਕਰ ਦੇਵੇ ਤਾਂ ਹੀ ਉਸ ਨੂੰ ਸੁੱਖ ਦਾ ਆਭਾਸ ਹੁੰਦਾ ਹੇ। ਖੁਲ੍ਹੀ ਕਵਿਤਾ ਵਿਚ ਤਾਂ ਇਸ ਗੁਣ ਦਾ ਹੋਣਾ ਬਹੁਤ ਜ਼ਰੂਰੀ ਹੈ। ਅਸਪਸ਼ਟਤਾ ਦਾ ਭਾਵ ਦਿੰਦੀ ਕਵਿਤਾ ਪਾਠਕ ਮਨ ਦੀ ਧਰਤੀ ਕੱਲਰੀ ਜਿਹੀ ਬਣਾ ਦਿੰਦੀ ਹੈ। ਇਸਦੇ ਨਾਲ ਹੀ ਕਵਿਤਾ ਸਿਰਫ ਪਾਠਕਾਂ ਨੂੰ ਮਾਨਵ ਸੰਦੇਸ਼ ਹੀ ਨਹੀਂ ਦਿੰਦੀ ਸਗੋਂ ਇਹ ਆਪਣੀ ਕਲਾਤਮਿਕ ਗੁਣ ਸਦਕੇ ਹਿਰਦਿਆਂ ਨੂੰ ਮਖ਼ਮੂਰ ਵੀ ਕਰਦੀ ਹੈ। ਪ੍ਰੰਤੂ ਇਹ ਗੁਣ ਵਧੇਰੇ ਕਰਕੇ ਛੰਦ-ਬਧ ਕਵਿਤਾ ਵਿਚ ਹੀ ਆ ਸਕਦਾ ਹੈ ਅਤੇ ਇਸ ਵਿਚਲਾ ਸੰਗੀਤਕ ਰਸ ਵੀ ਮਾਣਿਆ ਜਾ ਸਕਦਾ ਹੈ। ਹਾਂ, ਇਸਦੇ ਉਲਟ ਜੇਕਰ ਕੋਈ ਵਿਚਾਰ ਛੰਦਾਬੰਦੀ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ ਤਾਂ ਕਵਿਤਾ ਵਿਚ ‘ਵਰਤੀਂਦੇ ਸ਼ਬਦਾਂ’ ਦੀ ਲੈ-ਆਤਮਕਿਤਾ ਜ਼ਰੂਰ ਪਨਪਨੀ ਚਾਹੀਦੀ ਹੈ।

‘ਚਿਹਰੇ ਦੀ ਤਲਾਸ਼’ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਪ੍ਰਗਟਾਏ ਭਾਵ ਇੰਨੇ ਖ਼ੂਬਸੂਰਤ ਹਨ ਕਿ ਜੇ ਕਰ ਕਿਧਰੇ, ਇਨ੍ਹਾਂ ਨੂੰ ਪਹਿਲੇ ਕਾਵਿ ਸੰਗ੍ਰਿਹ ‘ਖੰਡਰ, ਖ਼ਾਮੋਸ਼ੀ ਤੇ ਰਾਤ’ ਦੀਆਂ ਕਵਿਤਾਵਾਂ ਵਾਂਗ ਹੀ ਛੰਦਾਬੰਦੀ ਵਿਚ ਬੰਨ੍ਹਿਆ ਜਾਂਦਾ ਤਾਂ ਇਨ੍ਹਾਂ ਦੀ ਆਭਾ ਹੋਰ ਵੀ ਚਮਕ ਉਠਣੀ ਸੀ। ਸਮਰੱਥ ਅਤੇ ਸੰਵੇਦਨਸ਼ੀਲ ਗ਼ਜ਼ਲਗੋਅ ‘ਸੁਰਿੰਦਰ ਸੋਹਲ’ ਆਪਣੀਆਂ 63 ਖੁਲ੍ਹੀਆਂ ਕਵਿਤਾਵਾਂ ਦੇ ਸੰਗ੍ਰਿਹ: ‘ਚਿਹਰੇ ਦੀ ਤਲਾਸ਼’ ਰਾਹੀ ਪ੍ਰਗਟਾਏ ਵਿਚਾਰਾਂ ਲਈ ਵਧਾਈ ਦਾ ਪਾਤਰ ਹੈ।

****
ਪ੍ਰਕਾਸ਼ਕ ਅਤੇ ਪੁਸਤਕ ਮਿਲਣ ਦਾ ਪਤਾ:
ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ(ਪੰਜਾਬ)
ਕੀਮਤ: 100 ਰੁਪਏ (5 ਡਾਲਰ)

****

(17 ਜਨਵਰੀ 2007) ਯੂਨੀਕੋਡ

ਡਾ: ਪ੍ਰੀਤਮ ਸਿੰਘ ਕੈਂਬੋ ਦੀਆਂ 'ਲਿਖਾਰੀ' ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>>>>>

e-mail:
ਲਿਖਾਰੀ


© likhari: Punjabi Likhari Forum-2001-2007