|
|
‘ਪਰੀਆਂ ਦਾ ਦੇਸ’ ਦੇ ਸੰਦਰਭ ਵਿੱਚ -ਜਸਬੀਰ ਕਾਲਰਵੀ- |
![]() ਜਸਬੀਰ ਕਾਲਰਵੀ |
‘ਪਰੀਆਂ ਦਾ ਦੇਸ' ਮੇਜਰ ਮਾਂਗਟ ਦਾ ਚੌਥਾ ਕਹਾਣੀ ਸੰਗ੍ਰਹਿ ਹੈ।ਇਸ ਸੰਗ੍ਰਹਿ ਦੀਆਂ ਕਹਾਣੀਆਂ ਤੋਂ ਪਹਿਲਾਂ ਹੀ ਉਸਦੀਆਂ ਕਹਾਣੀਆਂ ਪੰਜਾਬੀ ਕਹਾਣੀ ਦੇ ਸਮੁੱਚੇ ਪ੍ਰੀਵਾਰ ‘ਚ ਵਿਸ਼ੇਸ਼ ਸਥਾਨ ਪ੍ਰਾਪਤ ਕਰ ਚੁੱਕੀਆਂ ਹਨ। ਇਨ੍ਹਾਂ ਕਹਾਣੀਆਂ ਦਾ ਮੁਹਾਂਦਰਾ ਉਸ ਸੱਭਿਆਚਾਰਕ ਤਣਾਉ ਦੀ ਉਪਜ ਹੈ ਜਿਸ ਦੀਆਂ ਜੜ੍ਹਾਂ ਆਪਣੀ ਮਿੱਟੀ ਫਲ/ਫੁੱਲ ਓਪਰੀ ਮਿੱਟੀ ਵਿੱਚ ਵਧ ਫੁੱਲ ਰਹੇ ਹਨ। ਮਿੱਟੀ ਤਾਂ ਮਿੱਟੀ ਹੁੰਦੀ ਹੈ ਪਰ ਜਦੋਂ ਅਸੀਂ ਮਨੁੱਖੀ ਜਾਤ ਦੇ ਸਰੋਕਾਰਾਂ ਨਾਲ ਉਸ ਨੂੰ ਜੋੜਦੇ ਹਾਂ ਤਾਂ ਉਹ ਤਮਾਮ ਰਿਸ਼ਤਿਆਂ ਵਾਂਗ ਆਪਣੇ ਤੇ ਪਰਾਏ ਹੋਣ ਦਾ ਸੰਤਾਪ ਭੋਗਦੀ ਮਹਿਸੂਸ ਹੁੰਦੀ ਹੈ। ਮੇਜਰ ਮਾਂਗਟ ਦੀ ਪ੍ਰਾਪਤੀ ਇਹ ਹੈ ਕਿ ਉਹ ਇਨ੍ਹਾਂ ਰਿਸ਼ਤਿਆਂ ਦਾ ਸੰਤਾਪ ਭੋਗ ਰਹੇ ਪਾਤਰਾਂ ਲਈ ਢੁੱਕਵਾਂ ਮਹੌਲ ਹੀ ਪੈਦਾ ਹੀ ਨਹੀਂ ਕਰਦਾ ਸਗੋਂ ਇਸ ਆਪਣੇ ਪਰਾਏ ਦੇ ਤਾਣੇ ਬਾਣੇ ਨੂੰ ਕਿਸੇ ਕਹਾਣੀ ਦਾ ਕੇਂਦਰੀ ਥੀਮ ਬਣਾ ਕੇ ਉਸ ਦੁਆਲੇ ਕਹਾਣੀ ਸਿਰਜਦਾ ਹੈ। ਉਸ ਦੇ ਪਾਤਰ ਭਾਵੇਂ ਸਕਾਰਾਤਮਕ ਦਿਸ਼ਾ ਵੱਲ ਜਾ ਰਹੇ ਹੋਣ ਜਾਂ ਨਕਾਰਾਤਮਕ ਦਿਸ਼ਾ ਵੱਲ ਉਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਵਿਸ਼ੇਸ਼ ਦਖਲ ਨਹੀਂ ਦਿੰਦਾ ਸਗੋਂ ਉਨ੍ਹਾਂ ਨੂੰ ਆਪਣੇ ਰਾਹ ਚੱਲਣ ਦਿੰਦਾ ਹੈ।ਹਾਲਤ ਅਤੇ ਹਾਲਾਤ ਦੋਹਾਂ ਦਾ ਸਾਹਮਣਾ ਕਰਦੇ ਹੋਏ ਉਸ ਦੇ ਪਾਤਰ ਬੜੀ ਸੰਜੀਦਗੀ ਨਾਲ ਆਪਣੇ ਰਾਹੀਂ ਤੁਰਦੇ ਮਹਿਸੂਸ ਹੁੰਦੇ ਹਨ।
‘ਚਾਂਦੀ ਦੀ ਗੜਵੀ’ਕਹਾਣੀ ਵਿੱਚ ਗੜਵੀ ਸ਼ਰਾਬ ਦੀ ਭੇਂਟ ਚੜਦੀ ਹੈ ਤੇ ਰਿਸ਼ਤੇ ਨਾਤੇ ਸੱਭਿਆਚਾਰਕ ਬਦਲਾਉ ਦੇ। ਪਾਤਰਾਂ ਦੀ ਮਜ਼ਬੂਰੀ,ਬੱਸ ਆਪਣੇ ਤੋਂ ਅੱਗੇ ਨਿੱਕਲ ਜਾਣ ਦੇ ਸਬੰਧ ਵਿੱਚ ਦਰਸਾਈ ਗਈ ਹੈ। ਮਜ਼ਬੂਰੀਆਂ ਦਾ ਹਾਲਾਤ ਦੇ ਮੋਢਿਆਂ ਤੇ ਚੜ ਜਾਣਾ ਕਿਸੇ ਹੱਦ ਤੱਕ ਬਦਲਾਅ ਦਾ ਕਾਰਨ ਹੋਣਾ ਚਾਹੀਦਾ ਹੈ ਜੋ ਬਦਕਿਸਮਤੀ ਨਾਲ ਹੈ ਨਹੀਂ। ਇਹ ਬਦਲਾਅ ਵਿੱਚ ਪਾਤਰ ਪਰ ਤੋਂ ਜਸਮਾਨੀ ਨਿੱਜ ਦੀ ਗੱਲ ਕਰਦੇ, ਨਿੱਜ ਨੂੰ ਤਰਜੀਹ ਦਿੰਦੇ ਮਹਿਸੂਸ ਹੁੰਦੇ ਹਨ।ਹਰ ਕਹਾਣੀ ‘ਚ ਆਪਣਿਆਂ ਲਈ ਵਕਤ ਦੀ ਘਾਟ ਹੈ, ਪੈਸੇ ਲਈ ਜਿਆਦਾ ਮਹੱਤਵਪੂਰਨ ਸਥਾਨ ਹੈ। ਇਸ ਲਈ ਅਸੀਂ ਉਨ੍ਹਾਂ ਨੂੰ ਹੀ ਵਰਤ ਜਾਂਦੇ ਹਾਂ ਜਿਨ੍ਹਾਂ ਰਾਹੀ ਅਸੀਂ ਇਸ ਸੰਸਾਰ ਵਿੱਚ ਪ੍ਰਵੇਸ਼ ਕੀਤਾ ਹੁੰਦਾ ਹੈ ਤੇ ਹੁਣ ਜ਼ਿੰਦਗੀ ਦੇ ਮਹੱਤਵਪੂਰਨ ਫੈਸਲਿਆਂ ਵਿੱਚ ਉਨ੍ਹਾਂ ਦਾ ਕੋਈ ਸਥਾਨ ਨਹੀਂ ਹੁੰਦਾ।
‘ਸਿਰਜਣਹਾਰ' ਇਸ ਸੰਗ੍ਰਹਿ ਦੀ ਮਹੱਤਵ ਪੂਰਨ ਕਹਾਣੀ ਹੈ।ਬੁਰਾ -ਬੁਰਾ ਹੈ ਤੇ ਚੰਗਾ –ਚੰਗਾ।ਮਾੜਾ ਸੱਭਿਆਚਾਰਕ ਬਦਲਾਉ ਇਸ ਕਹਾਣੀ ਦੇ ਮੁੱਖ ਪਾਤਰ ਤੇ ਕੋਈ ਪ੍ਰਭਾਵ ਨਹੀਂ ਛੱਡਦਾ। ਜਾਂ ਇਸ ਕਹਾਣੀ ਦੇ ਮੁੱਖ ਪਾਤਰ ਲਈ ਇਸ ਬਦਲਾਅ ਪ੍ਰਤੀ ਕੋਈ ਆਕਰਸ਼ਣ ਨਹੀਂ। ਉਹ ਤਾਂ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਆਪਣੀ ਮਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਇਸ ਕਹਾਣੀ ਦੇ ਪਾਤਰ ਗੈਰ ਪੰਜਾਬੀ ਹਨ ਤੇ ਸੰਜੀਵਤਾ ਨਾਲ ਤੁਰਦੇ ਫਿਰਦੇ ਮਹਿਸੂਸ ਹੁੰਦੇ ਹਨ।
‘ਕਠਪੁਤਲੀਆਂ’ਕਹਾਣੀ ਸਰਪੰਚ ਨਿਰੰਜਣ ਸਿੰਘ ਤੇ ਉਸ ਦੀ ਘਰ ਵਾਲੀ ਹਰਨਾਮ ਕੌਰ ਦੇ ਆਲੇ ਦੁਆਲੇ ਘੁੰਮਦੀ ਹੈ। ਇਹ ਕਹਾਣੀ ਮੈਨੂੰ ਇਸ ਸੰਗ੍ਰਹਿ ਦੀ ਇੱਕ ਹੋਰ ਵਧੀਆ ਕਹਾਣੀ ਲੱਗੀ ਹੈ ਤੇ ਇਸੇ ਕਹਾਣੀ ਵਿੱਚ ਆਇਆ ਇੱਕ ਵਾਕ:-
“ਇੱਕ ਮੋਹ ਦੀ ਤੰਦ ਹੈ ਜੋ ਖਹਿੜਾ ਨਹੀਂ ਛੱਡਦੀ,ਹੁਣ ਨੂੰ ਤਾਂ ਛੱਡ ਕੇ ਕਦੋਂ ਦੇ ਇੰਡੀਆ ਤੁਰ ਜਾਂਦੇ”
ਇਹ ਵਾਕ ਸਮੁੱਚੀ ਬਜ਼ੁਰਗ ਮਾਨਸਿਕਤਾ ਤੇ ਪੁਰਾਣੀ ਪੀੜੀ ਦਾ ਨਵੀਂ ਪੀੜੀ ਲਈ ਪਿਆਰ ਜਾਂ ਨਫਰਤ ‘ਚ ਸ਼ਾਮਲ ਹੈ। ਪਰ ਇਹ ਵਾਕ ਉਸ ਸਤਿਕਾਰ ‘ਚ ਸ਼ਾਮਲ ਨਹੀਂ ਜੋ ਨਵੀਂ ਪੀੜੀ ਦਾ ਪੁਰਾਣੀ ਪੀੜੀ ਲਈ ਹੋਣਾ ਚਾਹੀਦਾ ਹੈ।
‘ਮੌਤ ਮਖੌਟੇ ਤੇ ਮਨੁੱਖ’ਬਦਲਦੀਆਂ ਪ੍ਰਸਥਿਤੀਆਂ ‘ਚ ਵਿਰੋਧੀਆਂ ਦੇ ਖੁਸ਼/ਉਦਾਸ ਹੋਣ ਦੇ ਪ੍ਰਸੰਗ ‘ਚ ਲਿਖੀ ਗਈ ਹੈ। ਇਹ ਸ਼ੁਕਰ ਹੈ ਕਿ ਪਿਆਰ ਕਰਦੇ ਲੋਕ ਇਸ ਕਹਾਣੀ ਦੇ ਆਖਰ ਤੱਕ ਮੁੱਖ ਪਾਤਰ ਜੌਰਜ ਨਾਲ ਜੁੜੇ ਰਹਿੰਦੇ ਹਨ। ਇਸ ਕਹਾਣੀ ਵਿੱਚ ਮਿਹਨਤ ਅਤੇ ਇਮਾਨਦਾਰੀ ਦੀ ਜਿੱਤ ਹੁੰਦੀ ਦਿਖਾਈ ਗਈ ਹੈ।
‘ਕਾਲ਼ਾ ਸੋਨਾ’ਪਾਤਰ ਦੇ ਗੁਣਾਂ ਤੇ ਅਧਾਰਿਤ ਕਹਾਣੀ ਹੈ।ਇਸ ਵਿੱਚ ਰੰਗ/ਨਸਲ ਦੇ ਭੇਦ ਨੂੰ ਕੋਈ ਸਥਾਨ ਨਾਂ ਕੇ ਇੱਕ ਪੰਜਾਬੀ ਕੁੜੀ ਕਾਲ਼ੇ ਨੌਜਵਾਨ ਨੂੰ ਮੁਹੱਬਤ ਕਰਦੀ ਹੈ।…ਤੇ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਇੱਕ ਲੰਬੀ ਲੜਾਈ ਦੀ ਤਿਆਰੀ ਕਰਦੀ ਹੈ। ਇਹ ਕਹਾਣੀ ਮੱਧ ‘ਚ ਹੈ,ਉਰੇ ਪੁਰਾਣੀ ਪੀੜੀ ਖੜੀ ਹੈ-ਤੇ ਪਰੇ ਨਵੀਂ।ਬਜ਼ੁਰਗ ਇਸ ਕਹਾਣੀ ਨੂੰ ਹੋਰ ਨਜ਼ਰੀਏ ਤੋਂ ਦੇਖਣਗੇ ਤੇ ਅੱਜ ਕੱਲ ਦੀ ਨਵੀਂ ਨਸਲ ਲਈ ਇਹ ਕਹਾਣੀ ਪ੍ਰਤੀਨਿੱਧ ਕਹਾਣੀ ਸਿੱਧ ਹੋਵੇਗੀ। ਜਿੱਤ ਇਸ ਵਿੱਚ ਸੋਨੀਆ ਦੀ ਹੀ ਹੁੰਦੀ ਹੈ। ਜੋ ਕਾਲ਼ੇ ਨੌਜਵਾਨ ਪ੍ਰਤੀ ਵਧੀਆਂ ਸੋਚਦੀ ਵੀ ਆਪਣੀ ਕਾਮਵਾਸਨਾ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰਦੀ ਤੇ ਅਖੀਰ ‘ਚ ਉਸਦੀਆਂ ਬਾਹਾਂ ‘ਚ ਚਲੇ ਜਾਂਦੀ ਹੈ।
‘ਕਪੁੱਤ’ਕਰਤਾਰ ਸਿੰਘ ਦੀ ਕੇਨੇਡਾ ਆ ਕੇ ਹੋਈ ਹੋਣੀ ਦੀ ਕਹਾਣੀ ਹੈ। ਉਸ ਨੂੰ ਮਿੱਟੀ ‘ਚ,ਕਿਸੇ ਚੀਜ਼ ‘ਚ,ਸ਼ਕਲ ਸੂਰਤ ਅਤੇ ਰਿਸ਼ਤਿਆਂ ‘ਚ ਕੋਈ ਖੁਸ਼ਬੂ ਨਜ਼ਰ ਨਹੀਂ ਆਉਦੀ। ਉਸ ਦੇ ਆਪਣੇ ਹੀ ਉਸ ਦਾ ਲਾਹਾ ਲੈਂਦੇ ਹਨ। ਤੇ ਮਕਸਦ ਪੂਰਾ ਹੋਣ ਤੇ ਬੇਰੰਗ ਚਿੱਠੀ ਵਾਂਗ ਮੋੜ ਦਿੰਦੇ ਹਨ।
ਕੁਦਰਤ ਵਲੋਂ ਪੈਦਾ ਕੀਤੇ ਨਿਜ਼ਾਮ ਵਿੱਚ ਪਲੱਸ ਅਤੇ ਨੈਗੇਟਿਵ ਊਰਜਾ ਸ਼ਕਤੀ ਦੇ ਨਾਲ ਨਾਲ ਇੱਕ ਹੋਰ ਊਰਜਾ ਸਾਹ ਲੈ ਰਹੀ ਹੁੰਦੀ ਹੈ ਜੋ ਕਿ ਅਣੂ ਦੇ ਕੇਂਦਰ ‘ਚ ਹੁੰਦੀ ਹੈ। ਇਸ ਊਰਜਾ ਨੂੰ ਨਿਊਕਲੀਅਰ ਇਨਰਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ – ਤੇ ਇਹ ਸਭ ਤੋਂ ਸ਼ਕਤੀਸ਼ਾਲੀ ਊਰਜਾ ਹੁੰਦੀ ਹੈ। ਮਰਦ-ਔਰਤ ਰਿਸ਼ਤੇ ਅੰਦਰ ਊਰਜਾ ਦੇ ਵਿਰੋਧ ਦੀ ਖਿੱਚੋਤਾਣ ਹੁੰਦੀ ਹੈ। ਪਰ ਵਿੱਚ ਵਿਚਾਲੇ ਅਜਿਹੀ ਮਨੁੱਖੀ ਨਸਲ ਹੁੰਦੀ ਹੈ ਜਿਸ ਨੂੰ ਅੱਜ ਅਸੀਂ ਧੱਕੇ ਨਾਲ ਗੇਅ ਅਤੇ ਲੈਸਬੀਅਨ ਕਹੀ ਜਾ ਰਹੇ ਹਾਂ। ਉਹ ਲੋਕ ਜੋ ਇਸ ਪਲੱਸ ਜਾਂ ਮਾਈਨਸ ਇਨਰਜੀ ਤੋਂ ਆਜ਼ਾਦ ਹੁੰਦੇ ਹਨ ਇਸ ਦੇ ਕਲਾਵੇ ‘ਚ ਆਉਦੇ ਹਨ। ਪਰ ਉਹ ਅਕਸਰ ਲੁਕਾਈ ਦੀ ਨਫਰਤ ਦਾ ਸ਼ਿਕਾਰ ਬਣਦੇ ਹਨ।ਅੱਜ ਕੱਲ ਦੇ ਇਸ ਯੁੱਗ ‘ਚ ਜਿੱਥੇ ਕਿਸੇ ਦੀ ਕੋਈ ਮਹੱਤਤਾ ਨਹੀਂ, ਮੁੰਡੇ ਕੁੜੀਆਂ ਧੱਕੇ ਨਾਲ ਜਾਂ ਕਿਸੇ ਤਜ਼ੁਰਬੇ ਹਿੱਤ ਇਨ੍ਹਾਂ ਦੀ ਪਾਲ਼ ‘ਚ ਜਾਂ ਖੜਦੇ ਹਨ। ਉਨ੍ਹਾਂ ਲਈ ਸ਼ਾਇਦ ਦਵਾ ਦੀ ਲੋੜ ਹੁੰਦੀ ਹੈ,ਕਨੂੰਨ ਦੀ ਨਹੀਂ। ਇਸੇ ਪ੍ਰਸੰਗ ਦੁਆਲੇ ਘੁੰਮਦੀ ਹੈ ‘ਦਿਸ਼ਾ’ ਨਾਂ ਦੀ ਕਹਾਣੀ। ਪਰ ਅਫਸੋਸ ਕਿ ਉਸ ਨੂੰ ਕੋਈ ਦਿਸ਼ਾ ਪ੍ਰਾਪਤ ਨਹੀਂ ਹੁੰਦੀ।
ਮੇਜਰ ਮਾਂਗਟ ਦੇ ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਦਾ ਥੀਮਕ ਪਾਸਾਰ ਉਸ ਦੀਆਂ ਦੋ ਕਹਾਣੀਆਂ ‘ਪਰੀਆਂ ਦਾ ਦੇਸ’ ਤੇ ‘ਬਾਰ ਪਰਾਏ…’ ਵਿੱਚੋਂ ਮਿਲਦਾ ਪ੍ਰਤੀਤ ਹੁੰਦਾ ਹੈ।' ਪਰੀਆਂ ਦਾ ਦੇਸ’ ਮੇਜਰ ਮਾਂਗਟ ਦੀ ਚੋਣ ਹੈ ਪਰ ਇਸ ਕਹਾਣੀ ਸੰਗ੍ਰਹਿ ਵਿੱਚ ‘ਬਾਰ ਪਰਾਏ’ ਕਹਾਣੀ ਵੀ ਉਨੀ ਹੀ ਪ੍ਰਤੀਨਿੱਧਤਾ ਕਰਦੀ ਮਹਿਸੂਸ ਹੁੰਦੀ ਹੈ।ਭਾਰਤ ਵਿੱਚ ਮਾਂ/ਬਾਪ/ਵੀਰਾਂਦਾ ਡਰ/ਇੱਜਤ ਦਾ ਡਰ/ਧਰਮ ਦਾ ਡਰ/ਰੱਬ/ਪੁਲਿਸ ਦਾ ਡਰ ਹੁੰਦਾ ਹੈ। ਇੱਥੇ ਆਕੇ ਜਦੋਂ ਡਰ ਦੀ ਲੇਪ ਉੱਤਰਦੀ ਹੈ ਤਾਂ ਮਖੌਟੇ ਤਿੜਕਦੇ ਹਨ। ਤੇ ਅਸੀਂ ਪੂਰੇ ਦੇ ਪੂਰੇ ਉਹ ਨਿੱਕਲ ਕੇ ਬਾਹਰ ਆਉਦੇ ਹਾਂ –ਜੋ ਅਸੀਂ ਹੁੰਦੇ ਹਾਂ। ਸੁਆਰਥ/ਡਰ ਦੀ ਲੇਪ ਜੇ ਆਪਣੀ ਮਿੱਟੀ ‘ਚ ਹੀ ਉੱਤਰ ਜਾਵੇ ਤਾਂ ਅਸਲ ਸਵੈ ਦੇ ਦਰਸ਼ਨ ਹੋ ਸਕਦੇ ਹਨ। ਜੋ ਨਿਰਸੰਦੇਹ ਸਵਾਗਤਯੋਗ ਹੈ।
ਮੇਜਰ ਮਾਂਗਟ ਦੀਆਂ ਇਹ ਕਹਾਣੀਆਂ ਸਾਡੇ ਲੋਕਾਂ ਦੇ ਅਧੂਰੇ ਮਨੋਵਿਗਿਆਨਕ ਹੀਣਤਾ ਭਾਵਾਂ ਨੂੰ ਪ੍ਰਗਟਾਉਂਦੀਆਂ ਕਹਾਣੀਆਂ ਹਨ।ਕੇਨੇਡਾ ਐਡਾ ਮਖੌਟਾਧਾਰੀ ਮੁਲਕ ਨਹੀਂ ਹੈ ਜਿੰਨੇ ਸਾਡੇ ਆਪਣੇ ਲੋਕ ਮਖੌਟਾਧਾਰੀ ਹਨ। ਉਨ੍ਹਾ ਦੇ ਮਖੌਟਿਆਂ ‘ਚ ਲੁਕੇ ਚਿਹਰੇ ਜਦ ਪ੍ਰਗਟ ਹੁੰਦੇ ਹਨ ਤਾਂ ਅਸੀਂ ਅਕਸਰ ਕਹਿੰਦੇ ਹਾਂ ਕਿ ਕੇਨੇਡਾ ਨਿਰਮੋਹੀ ਦੇਸ਼ ਹੈ-ਜੋ ਪੂਰਾ ਸਹੀ ਨਹੀਂ ਹੈ। ਅਸੀਂ ਨਿਰਮੋਹੀ ਹਾਂ-ਸਾਡੇ ਨਿਰਮੋਹੀ ਚਿਹਰਿਆਂ ਤੇ ਨਿਰਸੁਆਰਥ ਤੇ ਮੋਹ ਦਾ ਲੇਪ ਚੜਿਆ ਹੈ। ਸ਼ੀਸ਼ਾ ਦੇਖਦੇ ਸਮੇਂ ਅਸੀਂ ਕਦੀ ਵੀ ਆਪਣੇ ਚਿਹਰੇ ਪਿੱਛੇ ਛਿਪੇ ਉਸ ਸੁਆਰਥੀ/ਨਿਰਮੋਹੀ/ਚਾਲਾਕ/ਦੰਭੀ ਚਿਹਰੇ ਨੂੰ ਨਹੀਂ ਵੇਖਦੇ ਬਲਕਿ ਲੇਪ ਚੜੀ ਮਿੱਟੀ ਦੇ ਹੀ ਦਰਸ਼ਨ ਕਰਦੇ ਹਾਂ।
ਕੁਦਰਤ ਅੰਦਰ ਪ੍ਰਵਾਸੀ ਪੰਛੀ ਥਾਂ/ਟਿਕਾਣਾ ਤੇ ਸੁਰੱਖਿਆ ਕਾਰਨ ਪ੍ਰਵਾਸ ਕਰਦੇ ਹਨ ਅਸੀਂ ਕਿਸ ਲਈ?ਮਹਿਜ਼ ਪੈਸੇ ਲਈ? ਇਸੇ ਲਈ ਸਾਡੇ ਰਿਸ਼ਤਿਆਂ ਵਿੱਚ ਬੋਲੀ ਹੁੰਦੀ ਹੈ ਤੇ ਜਿਹੜਾ ਵਿਅੱਕਤੀ ਵੱਧ ਬੋਲੀ ਦਿੰਦਾ ਹੈ ਉਸੇ ਦਾ ਅਧਿਕਾਰ ਤੇ ਮਹੱਤਵ ਕੇਨੇਡਾ ਆਉਣ ਦੇ ਪ੍ਰਸੰਗ ਵਿੱਚ ਵਾਚਿਆ ਜਾ ਸਕਦਾ ਹੈ। ਸੋ ਮੁੱਖ ਕੇਨੇਡਾ ਹੈ ਨਾਂ ਪਿਆਰ/ਨਾਂ ਮੋਹ/ਨਾਂ ਵਿਸ਼ਵਾਸ਼/ਨਾਂ ਰਿਸ਼ਤਾ। ਇਨ੍ਹਾਂ ਗੁਣਾਂ ਤੋਂ ਥੱਕੇ ਜਦੋਂ ਦੋ ਵਿਅੱਕਤੀ ਵਿਆਹ ਵਰਗੇ ਪਵਿੱਤਰ ਬੰਧਨ ‘ਚ ਬੱਝਦੇ ਹਨ ਤਾਂ ਜ਼ਿੰਦਗੀ ਢਹਿ ਢੇਰੀ ਹੋ ਜਾਂਦੀ ਹੈ ਤੇ ਵਿਅੱਕਤੀ ਜੀਊਣ ਦਾ ਨਾਟਕ ਕਰਦੇ ਹਨ। ਪਰ ਹੁੰਦੇ ਉਹ ਪਿੰਜਰ ਹਨ। ਜਿਨ੍ਹਾਂ ਨੂੰ ਮਾਂਗਟ ਨੇ ਚੁੜੇਲਾਂ/ਭੂਤ ਵੀ ਕਿਹਾ ਹੈ। ਇਸੇ ਕਰਕੇ ਲੋਕ ਕੇਨੇਡਾ ਪਹੁੰਚ ਕੇ ਭੂਤਰ ਜਾਂਦੇ ਹਨ। ਇਸ ਦਾ ਕਾਰਨ ਸਾਡੇ ਲੋਕਾਂ ਦੀ ਅਨਪੜ੍ਹਤਾ ਹੈ। ਜਦੋਂ ਤੱਕ ਸਾਡੀਆਂ ਪੱਗਾਂ ਅਤੇ ਦੁਪੱਟਿਆਂ ਥੱਲੇ ਇੱਕ ਰੌਸ਼ਨ ਦਿਮਾਗ ਨਹੀਂ ਹੋਵੇਗਾ ਉਦੋਂ ਤੱਕ ਸਾਡੀਆਂ ਪੱਗਾਂ ਤੇ ਦੁਪੱਟੇ ਰੁਲ਼ਦੇ ਰਹਿਣਗੇ। ਤੇ ਰੋਲਣ ਵਾਲੇ ਬੇਗਾਨੇ ਨਹੀਂ ਸਾਡੇ ਸਭ ਤੋਂ ਕਰੀਬੀ ਸਾਡੇ ਆਪਣੇ ਹੀ ਧੀਆਂ ਪੁੱਤ ਹੋਣਗੇ। ਜੋ ਇਸ ਮੰਡੀ ਵਿੱਚ ਮਹਿਜ਼ ਵਸਤੂ ਬਣ ਕੇ ਵਿਕਣ ਲਈ ਤਿਆਰ ਬਰ ਤਿਆਰ ਰਹਿਣਗੇ।
ਮੇਜਰ ਮਾਂਗਟ ਦਾ ਇਹ ਮਹੱਤਵਪੂਰਨ ਕਹਾਣੀ ਸੰਗ੍ਰਹਿ ਪੜ੍ਹਦੇ ਸਮੇਂ ਜੋ ਕਹਾਣੀ ਵਾਰ ਵਾਰ ਮੇਰੇ ਮਨ ‘ਚ ਆਉਂਦੀ ਰਹੀ ਉਹ ਹੈ ‘ਬਾਰ ਪਰਾਏ। ਬਾਬਾ ਫਰੀਦ ਦਾ ਸ਼ਬਦ ‘ਬਾਰ ਪਰਾਏ ਬੈਸਣਾ ਸਾਂਈ ਮੁਝੇ ਨਾਂ ਦੇਅ…’ਨਾਲ ਇਹ ਕਹਾਣੀ ਆਪਣੇ ਸ਼ਿਖਰ ਤੇ ਪੁੱਜਦੀ ਹੈ। ਇਹ ਕਹਾਣੀ ਯਕੀਨਨ ਸਾਡੀ ਬਜ਼ੁਰਗ ਮਾਨਸਿਕਤਾ ਦੇ ਅਨੁਕੂਲ ਹੈ। ਸਾਡੇ ਲੋਕ ਜੇ ਕਹਾਣੀ ਨੂੰ ਪ੍ਰਤੀਨਿੱਧ ਕਹਾਣੀ ਵਜੋਂ ਚੁਣ ਕੇ ਜੀਊਣਾ ਸ਼ੁਰੂ ਕਰਨ ਤਾਂ ਸੱਭਿਆਚਾਰਕ ਬਦਲਾਉ ਦੇ ਸੰਤਾਪ ਨੂੰ ਝੱਲ ਰਹੀ ਸਾਡੀ ਪੁਰਾਣੀ ਪੀੜੀ ਦੀ ਹਾਲਾਤ ਹੋਰ ਹੋਵੇਗੀ।‘ਬਾਰ ਪਰਾਏ’‘ਚ ਸਵਾਲ ਵੀ ਨੇ ਤੇ ਹੱਲ ਵੀ ਨੇ। ਆਜ਼ਾਦ ਫਿਜ਼ਾ ਵੀ ਹੈ, ਰਿਸ਼ਤੇ ਨਾਤੇ ਵੀ ਹਨ ਤੇ ਮਜ਼ਬੂਰੀਆਂ ਵੀ ਡੰਗ ਵਾਂਗ ਨਹੀਂ ਚੁਭਦੀਆਂ। ਸੋ ਇਹ ਕਹਾਣੀ ਮੈਨੂੰ ਉੱਤਰ ਵਾਂਗ ਲੱਗਦੀ ਹੈ ਜਦੋਂ ਕਿ ਸਾਰੀਆਂ ਕਹਾਣੀਆਂ ਪ੍ਰਸ਼ਨ ਵਾਚਕ ਹੀ ਹਨ।
ਆਦਮੀ ਦਾ ਜਿੰਨਾਂ ਘੇਰਾ ਵਧਿਆ ਉਨਾਂ ਉਹ ਘਰ ‘ਚ ਲੁਕਿਆ ਹੈ। ਜਿੰਨੀ ਉਸ ਦੀ ਮਸ਼ਹੂਰੀ ਹੋਈ ਉਨਾਂ ਹੀ ਉਹ ਬਦਨਾਮ ਹੋਇਆ ਹੈ। ਮਾਇਆ ਵਧੀ-ਸੋਚ ਛੋਟੀ ਹੋਈ। ਮੰਡੀ ਫੈਲੀ-ਦਿਲ ਸੁੰਗੜ ਗਿਆ।ਬਾਹਾਂ ਖੋਹਲੀਆਂ ਹਵਾ ਵੀ ਕਲਾਵੇ ‘ਚ ਨਾਂ ਆਈ। ਸੱਭਿਆਚਾਰਕ ਬਦਲਾਅ ਦੇ ਨਾਮ ਤੇ ਚਮੜੀ ਦਾ ਭਾਅ ਵਧਿਆ ਤੇ ਰਿਸ਼ਤੇ ਨਾਤੇ ਮੰਡੀ ਦੇ ਵਧਦੇ ਕਦਮਾਂ ‘ਚ ਗੁੰਮ ਗੁਆਚ ਕੇ ਕਦੋਂ ਵਿਉਪਾਰੀ ਬਣ ਗਏ ਕਿਸੇ ਨੂੰ ਵੀ ਨਹੀਂ ਪਤਾ। ਸਾਡੀ ਮੌਜੂਦਾ ਪੀੜੀ ਅੰਦਰ ਜੋ ਗੁੰਮ ਹੋ ਗਿਆ ਹੈ-ਇਹ ਕਹਾਣੀਆਂ ਵਿੱਚ ਉਸ ਨੂ ਤਲਾਸ਼ਣ ਦਾ ਯਤਨ ਕੀਤਾ ਗਿਆ ਹੈ। ਮੇਜਰ ਮਾਂਗਟ ਦਾ ਇਹ ਸੰਗ੍ਰਹਿ ਸਾਡੇ ਲੋਕਾਂ ਦੀਆਂ ਸੋਚਾਂ ਨੂੰ ਬਦਲਣ ‘ਚ ਕਾਮਯਾਬ ਹੋਵੇਗਾ। ਅਜਿਹਾ ਵਿਸ਼ਵਾਸ਼ ਪ੍ਰਗਟ ਕਰਦਿਆਂ ਮੈਂ ‘ਪਰੀਆਂ ਦਾ ਦੇਸ’ ਦਾ ਸੁਆਗਤ ਕਰਦਾ ਹਾਂ ਤੇ ਮੇਜਰ ਮਾਂਗਟ ਨੂੰ ਇਸ ਮਹੱਤਵਪੂਰਨ ਯਤਨ ਤੇ ਵਧਾਈ ਪੇਸ਼ ਕਰਦਾ ਹਾਂ।
(6 ਜਨਵਰੀ 2007)
ਨੋਟ:
(1) ਕਹਾਣੀਕਾਰ ਮੇਜਰ ਮਾਂਗਟ ਦੇ ਕਹਾਣੀ ਸੰਗ੍ਰਿਹ 'ਪਰੀਆਂ ਦਾ ਦੇਸ਼' ਸਬੰਧੀ ਕੁਲਜੀਤ ਮਾਨ ਦਾ ਲੇਖ ਪੜ੍ਹਨ ਲਈ ਕਲਿੱਕ ਕਰੋ >>>>
(2) ਕਹਾਣੀਕਾਰ ਮੇਜਰ ਮਾਂਗਟ ਦੀਆਂ 'ਲਿਖਾਰੀ' ਵੱਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>
e-mail:
ਲਿਖਾਰੀ
© likhari: Punjabi Likhari Forum-2001-2007