ਇੰਦਰਜੀਤ ਸਿੰਘ ਜੀਤ ਨੂੰ
ਇੰਗਲੈਂਡ ਦੇ ਪੰਜਾਬੀ ਜਗਤ 'ਚੋਂ
ਕੌਣ ਨਹੀਂ ਜਾਣਦਾ।
ਉਸਨੇ ਲਗਾਤਾਰ
ਪੰਜਾਬੀ ਹਾਸ-ਵਿਅੰਗ ਦੀਆਂ ਰਚਨਾਵਾਂ ਨਾਲ ਪੰਜਾਬੀ ਭਾਈਚਾਰੇ ਵਿੱਚ ਹਾਸਾ ਬਿਖੇਰਿਆ
ਹੈ।
ਉਸਦੀ ਇਸ ਘਾਲਣਾ ਸਦਕਾ
ਦਿੱਲੀ ਵਿਚ 'ਪਿਆਰਾ ਸਿੰਘ ਦਾਤਾ ਹਾਸ-ਵਿਅੰਗ ਦਾ ਸਨਮਾਨ' ਇਸ ਸਾਲ ਇੰਦਰਜੀਤ ਜੀਤ
ਨੂੰ ਨਵੰਬਰ ਵਿਚ ਮਿਲਿਆ ਹੈ।
ਪੰਜਾਬੀ ਸਾਹਿਤ
ਅਤੇ ਸਭਿਆਚਾਰਕ ਜਗਤ ਇਸ ਨਾਲ ਆਪਣਾ ਮਾਣ ਹੋਇਆ ਮਹਿਸੂਸ ਕਰਦਾ ਹੈ ਅਤੇ ਇੰਦਰਜੀਤ ਜੀਤ
ਨੂੰ ਇਸ ਅਵਾਰਡ ਮਿਲਣ ਦੀ ਖ਼ੁਸ਼ੀ ਤੇ ਹਾਰਦਿਕ ਵਧਾਈ ਪੇਸ਼ ਕਰਦਾ ਹੈ।
ਏਸੇ ਹੀ ਖ਼ੁਸ਼ੀ
ਵਿੱਚ ਇੰਦਰਜੀਤ ਜੀਤ ਨਾਲ ਇੱਕ ਮੁਲਾਕਾਤ ਪੇਸ਼ ਕਰਦਿਆਂ ਮੈਨੂੰ ਖ਼ੁਸ਼ੀ ਹੋ ਰਹੀ ਹੈ।
ਦੇ: ਇੰਦਰਜੀਤ ਜੀ ਇਨਾਮ
ਮਿਲਣ ਦੀ ਬਹੁਤ ਬਹੁਤ ਵਧਾਈ।
ਇੰ: ਥੈਂਕ ਯੂ
ਦੇਵਿੰਦਰ।
ਦੇ: ਇਹ ਦੱਸੋ ਇਸ ਅਵਾਰਡ
ਮਿਲਣ ਤੇ ਤੁਸੀ ਕਿਸਤਰ੍ਹਾਂ ਮਹਿਸੂਸ ਕਰ ਰਹੇ ਹੋ?
ਇੰ: ਬੜੀ ਖ਼ੁਸ਼ੀ
ਹੁੰਦੀ ਹੈ ਜਦ ਕਿਸੇ ਨੂੰ ਇਨਾਮ ਮਿਲਦਾ ਹੈ।
ਪਿਆਰਾ ਸਿੰਘ ਦਾਤਾ ਮੈਮੋਰੀਅਲ ਅਵਾਰਡ ਜਿਹੜਾ ਨੈਸ਼ਨਲ ਬੁੱਕ ਸ਼ੋਪ ਵਾਲਿਆਂ ਨੇ ਤਿੰਨ
ਸਾਲ ਪਹਿਲਾਂ ਸ਼ੁਰੂ ਕੀਤਾ ਸੀ।
ਪਹਿਲਾ ਅਵਾਰਡ
ਕੇ. ਐਲ. ਗਰਗ ਨੂੰ ਦਿਤਾ ਗਿਆ ਸੀ,
ਦੂਸਰਾ ਸੇਖਾ ਸ਼ਰਮਾ ਹੋਰਾਂ ਨੂੰ ਤੇ ਤੀਸਰਾ ਮੈਂਨੂੰ।
ਮੈਂ ਸ਼੍ਰੀ ਰਜਿੰਦਰ ਸਿੰਘ ਅਤੇ ਪਰਮਜੀਤ ਹੁਰਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ
ਮੈਨੂੰ ਇਸ ਅਵਾਰਡ ਦੇ ਯੋਗ ਸਮਝਿਆ ਹੈ।
ਦੇ: ਤੁਹਾਡਾ ਨੰਬਰ ਬੜੀ
ਛੇਤੀ ਲੱਗ ਗਿਐ।
ਇੰ: ਦੇਖ ਲੈ
ਦੇਵਿੰਦਰ।
ਮੈਂ ਆਪ ਬੜਾ
ਹੈਰਾਨ ਹੋਇਆ ਜਦ ਮੈਨੂੰ ਉਨ੍ਹਾਂ ਦੀ ਈਮੇਲ ਆਈ,
ਪਰ ਨਾਲ ਹੀ ਖ਼ੁਸ਼ੀ ਵੀ ਹੋਈ ਕੇ ਉਨ੍ਹਾਂ ਮੇਰੇ ਕੀਤੇ ਕੰਮ ਨੂੰ
ਪਹਿਚਾਣ ਕੇ ਆਪਣਾ ਉਸ ਵਿਚ ਭਰੋਸੇ ਦਾ ਇਜ਼ਹਾਰ ਕੀਤਾ ਹੈ।
ਦੇ: ਵੱਡੀ ਗੱਲ ਇਹ ਹੈ
ਕਿ ਇਹ ਅਵਾਰਡ ਨਕਲੀ ਅਵਾਰਡ ਨਹੀਂ, ਅਸਲੀ ਅਵਾਰਡ ਹੈ।
ਸ਼੍ਰੀ ਪਿਆਰਾ
ਸਿੰਘ ਦਾਤਾ ਜੀ ਆਪ ਬੜੇ ਵੱਡੇ ਹਾਸ-ਵਿਅੰਗ ਦੇ ਲਿਖਾਰੀ ਸਨ ਤੇ ਉਨ੍ਹਾਂ ਦੇ ਨਾਮ ਨਾਲ
ਜੁੜ ਕੇ ਏਸ ਅਵਾਰਡ ਦੀ ਅਹਮਿਅਤ ਹੋਰ ਵੀ ਵੱਧ ਜਾਂਦੀ ਹੈ।
ਕੇ ਐਲ ਗਰਗ ਅਤੇ
ਸੇਖਾ ਹੋਰਾਂ ਤੇ ਫਿਰ ਤੁਹਾਨੂੰ ਇਹ ਅਵਾਰਡ ਦੇ ਕੇ ਉਨ੍ਹਾਂ ਅਵਾਰਡ ਦੇ ਜੈਨੂਇੰਨ ਹੋਣ
ਦਾ ਸਬੂਤ ਦਿਤਾ ਹੈ।
ਇੰ: ਮੈ ਤਾਂ
ਸਮਝਦਾ ਹਾਂ ਸਾਡੇ ਨਵੇਂ ਲੇਖਕ ਤੇ ਅੱਗੋਂ ਹੋਰ ਹਾਸ-ਵਿਅੰਗ ਲਿਖਣ ਵਾਲੇ ਲੇਖਕਾਂ ਨੂੰ
ਇਹ ਅਵਾਰਡ ਦੇ ਕੇ ਉਨ੍ਹਾਂ ਦੀ ਵੀ ਹੋਂਸਲਾ ਬੁਲੰਦੀ ਕੀਤੀ ਜਾਣੀ ਚਾਹੀਦੀ ਹੈ।
ਦੇ: ਤੁਸੀ ਕੀ ਸੋਚਦੇ ਹੋ
ਕਿ ਕੋਈ ਵੀ ਅਵਾਰਡ ਕਿਸੀ ਲੇਖਕ ਨੂੰ ਅੱਗੋਂ ਕੁਝ ਲਿਖ਼ਣ ਲਈ ਪ੍ਰੇਰਦਾ ਹੈ,
ਜਾਂ ਕੋਈ ਹਉਮੇਂ ਵਰਗੀ ਖ਼ੁਸ਼ੀ ਭਰ ਦੇਂਦਾ ਹੈ ਕਿਉਂ ਕਿ ਆਮ ਤੌਰ
ਤੇ ਇਹ ਕਿਹਾ ਜਾਂਦਾ ਹੈ ਕਿ ਜੇ ਕਿਸੇ ਲਿਖਾਰੀ ਨੂੰ ਲਿਖਾਰੀ ਦੇ ਤੌਰ ਤੇ ਮਾਰਨਾ
ਹੋਵੇ ਤਾਂ ਉਹਨੂੰ ਇਨਾਮ ਦੇ ਦਿਓ?
ਇੰ: ਮੈਂ ਤਾਂ
ਨਹੀਂ ਸਮਝਦਾ ਕਿ ਜੇ ਕਿਸੇ ਨੂੰ ਇਨਾਮ ਮਿਲਦਾ ਹੈ ਤਾਂ ਉਸ ਵਿਚ ਹਉਮੇ ਆ ਜਾਂਦੀ ਹੈ
।
ਜਿਵੇਂ ਤੁਸੀਂ ਆਪਣੇ ਆਪ
ਨੂੰ ਦੇਖ ਲਓ,
ਤੁਹਾਨੂੰ ਵੀ ਕਈ ਇਨਾਮ ਮਿਲੇ ਹਨ ਪਰ ਤੁਸੀਂ ਹਾਲੇ ਵੀ ਲਿਖੀ
ਜਾਂਦੇ ਹੋ ਗਰਗ ਹੋਰਾਂ ਨੂੰ ਦੇਖ ਲਓ 40 ਸਾਲਾਂ ਤੋਂ ਲਿਖਦੇ ਆ ਰਹੇ ਨੇ ਹੁਣ ਤੱਕ
ਲਿਖ ਰਹੇ ਨੇ।
ਮੈਂ ਸਮਝਦਾਂ,
ਮਾਣ ਸਨਮਾਨ ਮਿਲਣ ਨਾਲ ਲੇਖਕ ਦੀ ਹੋਂਸਲਾ ਅਫਜ਼ਾਈ ਹੁੰਦੀ ਹੈ ਤਾ ਕਿ ਉਹ ਹੋਰ ਚੰਗਾ
ਲਿਖੇ।
ਦੇ: ਵੈਸੇ ਇਹ ਹਾਸ ਰਸ
ਕਿੰਨੇ ਕੁ ਸਾਲਾਂ ਤੋਂ ਲਿਖ ਰਹੇ ਹੋ?
ਇੰ: ਦੇਵਿੰਦਰ
ਜੀ ਅਸਲ ਵਿੱਚ ਇਹ ਬਚਪਨ ਤੋਂ ਹੀ,
ਇਹ ਸਾਡੇ ਖ਼ਾਨਦਾਨ ਵਿਚ ਜਾਂ ਜੀਨਸ ਵਿਚ ਕਹਿ ਲਓ,
ਉਦੋਂ ਲੋਕੀਂ ਜੀਨਾਂ ਨਹੀਂ ਸੀ ਪਾਂਦੇ ਪਜਾਮੇ ਵਿਚ ਕਹਿ ਲਓ।
ਸਾਡੇ ਫਾਦਰ
ਹੁਰੀਂ,
ਗ੍ਰੈਂਡ ਫਾਦਰ ਹੁਰੀਂ ਬੜੇ ਸ਼ੁਗ਼ਲੀ ਹੁੰਦੇ ਸੀ ਬੜੇ ਮਜ਼ਾਕ ਕਰਦੇ ਸੀ।
ਸਾਡੇ ਚਾਚਾ ਜੀ
ਹਮੇਸ਼ਾਂ ਹੀ ਹਾਸੇ ਦੀਆਂ,
ਮਜ਼ਾਕ ਦੀਆਂ ਗੱਲਾਂ ਕਰਦੇ ਸੀ, ਮੈਂ
ਬਚਪਨ ਤੋਂ ਹੀ ਉਨ੍ਹਾਂ ਦੇ ਮਜ਼ਾਕ ਸੁਣਦਾ ਆ ਰਿਹਾ ਸੀ ਤੇ ਹਾਸ ਰੱਸ ਦੀ ਵਿਧਾ ਮੇਰੀ
ਜ਼ਾਤੀ ਚੋਣ ਨਹੀਂ, ਮੈਨੂੰ ਵਿਰਸੇ ਵਿਚ ਮਿਲੀ ਰਹਿਮਤ ਸੀ
ਜੋ ਮੇਰੀ ਲਿਖਤ ਦੇ ਰੂਪ ਵਿਚ ਰੰਗ ਲਿਆਈ।
ਦੇ: ਬਚਪਨ ਵਿਚ ਕੁਝ
ਲਿਖਿਆ?
ਇੰ: ਬਚਪਨ ਵਿਚ
ਹੀ ਆਪਣੇ ਪਿਤਾ ਜੀ ਪਾਸੋਂ,
ਆਪਣੇ ਚਾਚਾ ਜੀ ਪਾਸੋਂ ਜੋ ਚੁਟਕਲੇ ਸੁਣਨੇ ਉਹ ਸਕੂਲ ਜਾ ਕੇ
ਸੁਨਾਉਣੇ, ਫੇਰ ਕਾਲਜ ਵਿਚ ਸਾਡਾ ਇਕ ਮੈਗਜ਼ੀਨ ਨਿਕਲਦਾ
ਸੀ 'ਬਿਆਸ' ਉਹਦੇ ਵਿਚ ਮੈਂ
ਹਾਸ-ਰਸ ਦਾ ਇੱਕ ਕਾਲਮ ਸ਼ੁਰੂ ਕੀਤਾ ਸੀ ਜਿਸ ਵਿਚ ਜੋਕਸ ਵਗ਼ੈਰਾ ਲਿਖਦੇ ਹੁੰਦੇ ਸੀ।
ਦੇ: ਇੰਦਰਜੀਤ ਜੀ!
ਤੁਸੀਂ ਸੋਚਦੇ ਹੋ,
ਕਿ ਤੁਹਾਡੇ ਪਿਤਾ ਜੀ ਜਾਂ ਤੁਹਾਡੇ ਚਾਚਾ ਜੀ ਤੁਹਾਡੇ ਲੇਖਕ ਬਣਨ
ਲਈ ਪ੍ਰੇਰਣਾ ਬਣੇ?
ਇੰ: ਬਿਲਕੁਲ,
ਏਥੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਂਦਾ ਹਾਂ।
ਸਾਡੇ ਬਾਬਾ ਜੀ
ਬੜੇ ਮਜ਼ਾਕੀਆ ਹੁੰਦੇ ਸਨ।
ਉਨ੍ਹਾਂ ਜਦੋਂ
ਸ਼ਰਾਬ ਪੀਣੀ ਛੱਡ ਦਿੱਤੀ ਤਾਂ ਘਰ ਵਾਲੇ ਬੜੇ ਖ਼ੁਸ਼ ਹੋਏ,
ਉਨ੍ਹਾਂ ਨੂੰ ਵਧਾਈ ਦਿੱਤੀ ਤੇ ਕਿਹਾ ਬੜੀ ਖ਼ੁਸ਼ੀ ਦੀ ਗੱਲ ਹੈ ਕਿ
ਤੁਸਾਂ ਸ਼ਰਾਬ ਛੱਡ ਦਿੱਤੀ।
ਕਹਿਣ ਲੱਗੇ,
‘‘ਅੱਛਾ, ਜੇ ਏਨੀ ਹੀ ਖ਼ੁਸ਼ੀ ਦੀ ਗੱਲ
ਹੈ ਤਾਂ ਲਿਆਓ, ਇੱਕ ਪੈਗ ਪੀ ਹੀ ਲੈਂਦੇ ਹਾਂ‘‘।
ਏਹੋ ਜਿਹੀਆਂ ਕਈ
ਗੱਲਾਂ ਯਾਦ ਨੇ।
ਦੇ: (ਹੱਸਦਿਆਂ ਹੋਇਆਂ)
ਏਹੋ ਜਿਹੇ ਟੋਟਕੇ ਤਾਂ ਤੁਸੀਂ ਆਪ ਵੀ ਕਈ ਵਾਰੀ ਸੁਣਾਉਂਦੇ ਰਹਿੰਦੇ ਹੋ।
ਪ੍ਰੋਗਰਾਮਾਂ
ਵਿਚ ਤੁਹਾਡੇ ਕੋਲੋਂ ਆਮ ਸੁਣਦੇ ਰਹੀਦਾ ਹੈ।
ਅੱਛਾ ਇਹ ਦੱਸੋ
ਕਿ ਸਾਹਿਤ ਦੀਆਂ ਹੋਰ ਗੰਭੀਰ ਵਿਧਾਵਾਂ ਜਿਵੇਂ ਕਵਿਤਾ,
ਲੇਖ, ਕਹਾਣੀ,
ਨਾਵਲ, ਅਲੋਚਨਾ ਵਾਂਗ ਹਾਸ-ਵਿਅੰਗ
ਵੀ ਕੋਈ ਗੰਭੀਰ ਵਿਧਾ ਹੈ ਜਾਂ ਕਿ ਕੇਵਲ ਹਲਕਾ ਫੁਲਕਾ ਹਾਸਾ ਮਜ਼ਾਕ ਹੀ ਹੈ?
ਇੰ: ਮੈਂ ਸਮਝਦਾ
ਹਾਂ ਕਿ ਹਾਸ-ਵਿਅੰਗ ਲਿਖਣਾ ਇੱਕ ਗੰਭੀਰ ਕਾਰਜ ਹੈ।
ਮੈਂ ਕਾਲਜ ਦੇ
ਜ਼ਮਾਨੇ ਵਿਚ ਗੰਭੀਰ ਕਿਸਮ ਦੀਆਂ ਰਚਨਾਵਾਂ ਵੀ ਲਿਖਦਾ ਹੁੰਦਾ ਸਾਂ,
ਨਾਲ ਨਾਲ ਹਾਸ-ਵਿਅੰਗ ਵੀ ਲਿਖਦਾ ਹੁੰਦਾ ਸਾਂ ਓਦੋਂ ਸਾਡੇ ਸਾਧੂ
ਸਿੰਘ ਹਮਦਰਦ ਹੁਰੀਂ ਹੁੰਦੇ ਸਨ, ਕਹਿਣ ਲੱਗੇ,
‘‘ਬੇਟਾ ਹਾਸ-ਰੱਸੀ ਰਚਨਾਵਾਂ ਵਧੇਰੇ ਲਿਖਿਆ ਕਰ।
ਤੇਰਾ ਏਸ ਪਾਸੇ
ਵੱਲ ਝੁਕਾਅ ਜ਼ਿਆਦਾ ਹੈ।
ਏਸੇ ਤਰ੍ਹਾਂ
ਦਿੱਲੀ ਵਿਚ ਤਾਰਾ ਸਿੰਘ ਕਾਮਲ ਹੁੰਦੇ ਸਨ,
ਉਹ ਵੀ ਬੜੇ ਵਿੱਟੀ ਹੁੰਦੇ ਸਨ ਪਰ ਉਨ੍ਹਾਂ ਦੀਆਂ ਰਚਨਾਵਾਂ ਵਿਚ
ਗੰਭੀਰਤਾ ਹੁੰਦੀ ਸੀ।
ਦੇ: ਹਾਂ ਜੀ ਵਾਕਿਆ ਹੀ
ਉਹ ਬਹੁਤ ਪਾਏ ਦਾ ਲਿਖਨ ਵਾਲੇ ਕਵੀਆਂ ਵਿਚੋਂ ਸਨ।
ਸਾਡੇ ਉਹ ਆਮ
ਯੂਨੀਵਰਸਿਟੀ ਵਿਚ ਆ ਜਾਇਆ ਕਰਦੇ ਸਨ।
ਓਥੇ ਡਾਕਟਰ
ਹਰਭਜਨ ਸਿੰਘ,
ਮੋਹਨਜੀਤ, ਡਾਕਟਰ ਸਤਿੰਦਰ ਸਿੰਘ
ਨੂਰ ਹੁਰੀਂ ਹੁੰਦੇ ਸਨ।
ਅੱਸੀ ਸਾਰੇ
ਯੂਨੀਵਰਸਿਟੀ ਦੇ ਲਾਅਨ ਵਿਚ ਮਜਲਿਸ ਲਾਂਦੇ ਹੁੰਦੇ ਸਾਂ,
ਸਰਦੀਆਂ ਹੁੰਦੀਆਂ ਸਨ, ਨਾਲੇ
ਮੂੰਗਫਲੀ ਤੇ ਨਾਲੇ ਹਾਸੇ ਮਜ਼ਾਕ ਚਲਦੇ ਸਨ, ਉਨ੍ਹਾਂ ਵਿਚ
ਬੜਾ ਵੱਡਾ ਵਿਅੰਗ ਲੁਕਿਆ ਹੁੰਦਾ ਸੀ।
ਇੰ: ਤਾਰਾ ਸਿੰਘ
ਹੋਰੀਂ ਪਹਿਲਾਂ ਤਾਰਾ ਸਿੰਘ ਕਾਮਲ ਲਿਖਦੇ ਹੁੰਦੇ ਸਨ।
ਬਾਅਦ ਵਿਚ
ਉਨ੍ਹਾਂ ਕਾਮਲ ਲਿਖਣਾ ਬੰਦ ਕਰ ਦਿਤਾ ਸੀ।
ਸਾਡੇ ਈਸਟਰਨ
ਪੰਜਾਬ ਚਰਨ ਸਿੰਘ ਹੁਰਾਂ ਦਾ ਇੱਕ ਕਾਲਜ ਹੁੰਦਾ ਸੀ,
ਤੇ ਮੈਂ ਤੇ ਤਾਰਾ ਸਿੰਘ ਗਿਆਨੀ ਇੱਕਠਿਆਂ ਕੀਤੀ ਸੀ।
ਓਥੇ ਵੀ ਹਾਸਾ
ਮਜ਼ਾਕ ਬਹੁਤ ਚਲਦਾ ਹੁੰਦਾ ਸੀ ਤੇ ਉਨ੍ਹਾਂ ਦੇ ਸਾਥ ਵਿਚ ਰਹਿ ਕੇ ਵੀ ਮੈਂਨੂੰ ਹਾਸ-ਰਸ
ਲਿਖਣ ਦੀ ਪ੍ਰੇਰਣਾ ਮਿਲੀ।
ਦੇ: ਇੰਦਰਜੀਤ ਜੀ ਤੁਸੀਂ
ਇਹ ਦੱਸੋ ਕਿ ਹਾਸ ਰਸੀ ਸਾਹਿਤ ਦਾ ਸਮਾਜ ਵਿਚ ਕਿੰਨਾ ਕੁ ਵੱਡਾ ਰੋਲ ਹੈ?
ਇੰ: ਮੈਂ ਸਮਝਦਾ
ਹਾਂ ਹਾਸ-ਵਿਅੰਗ ਦਾ ਸਾਹਿਤ ਵਿਚ ਬਹੁਤ ਵੱਡਾ ਰੋਲ ਹੈ।
ਇਹ ਉਸ ਸ਼ੂਗਰ
ਕੋਟਿਡ ਦਵਾਈ ਵਾਂਗ ਹੈ ਜਿਸ ਨੂੰ ਲੈਣ ਵਿਚ ਕੋਈ ਮਰੀਜ਼ ਗੁਰੇਜ਼ ਨਹੀਂ ਕਰਦਾ।
ਸਮਾਜ ਦੇ ਕਿਸੇ
ਵੀ ਕੋਹੜ ਨੂੰ ਹਾਸ-ਵਿਅੰਗ ਰਾਹੀਂ ਜਿਨ੍ਹਾਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾ
ਸਕਦਾ ਹੈ,
ਓਨਾ ਕਿਸੇ ਹੋਰ ਵਿਧਾ ਰਾਹੀਂ ਨਹੀਂ।
ਹਾਲਾਂ ਕਿ ਮੈਂ
ਸਮਝਦਾ ਹਾਂ ਕਿ ਸਾਰੀਆਂ ਸਾਹਿਤ ਵਿਧਾਵਾਂ ਦਾ ਆਪਣਾ ਮਹੱਤਵ ਹੈ।
ਪਰ ਸਾਹਿਤ ਵਿਚ
ਜੇ ਕੋਈ ਸੁਨੇਹਾ ਦੇਣਾ ਹੋਵੇ ਤਾਂ ਹਾਸ-ਵਿਅੰਗ ਦੀ ਵਿਧਾ ਬਹੁਤ ਕਾਰਗਰ ਸਿੱਧ ਹੋ
ਸਕਦੀ ਹੈ।
ਦੇ: ਮੈਂ ਸਮਝਦੀ ਹਾਂ
ਹਾਸ-ਵਿਅੰਗ ਜਿਥੇ ਸਾਹਿਤ ਵਾਸਤੇ ਚੰਗਾ ਹੈ ਓਥੇ ਸਿਹਤ ਵਾਸਤੇ ਵੀ ਚੰਗਾ ਹੈ।
ਇੰ: ਡਾਕਟਰ ਵੀ
ਕਹਿੰਦੇ ਨੇ ਕਿ,
"Laughter
is the best medicine"
ਤੁਹਾਨੂੰ ਵੀ ਪਤਾ ਹੈ ਕਿ
ਅੱਜ ਕੱਲ੍ਹ ਡਾਕਟਰ ਬਹੁਤ ਤਜਰਬੇ ਕਰ ਰਹੇ ਨੇ।
ਕਾਫ਼ੀ ਬੰਦੇ
ਹੱਸਣ ਨਾਲ ਹੀ ਠੀਕ ਹੋ ਗਏ ਨੇ।
ਦੇ: ਮੈਂ ਇੱਕ ਵਾਰੀ
ਅਚਾਰੀਆ ਰਜਨੀਸ਼ ਹੋਰਾਂ ਦਾ ਕੁਝ ਪੜ੍ਹ ਰਹੀ ਸਾਂ ਤੇ ਉਹਦੇ ਵਿਚ ਇੱਕ ਤਾਂ ਖੁੱਲ੍ਹ ਕੇ
ਹੱਸਣ ਨੂੰ ਸਿਹਤ ਦੀ ਨਿਸ਼ਾਨੀ ਮੰਨਿਆ ਹੋਇਆ ਸੀ ਤੇ ਨਾਲ ਹੀ ਇਹ ਦੱਸਿਆ ਸੀ ਕਿ ਫ਼ਿਕਰ
ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ।
ਉਨ੍ਹਾਂ ਦੱਸਿਆ
ਸੀ ਕਿ ਜੇ ਕੋਈ ਕਿਸੇ ਮਹਿਫ਼ਿਲ ਵਿਚ ਕੁਝ ਦੇਰ ਲਈ ਊਲ ਜਲੂਲ ਬਿਨ ਸਿਰ ਪੈਰ ਦੀਆਂ
ਗੱਲਾਂ ਕਰ ਸਕਦਾ ਹੈ ਤਾਂ ਫਿੱਕਰ ਤੋਂ ਛੁਟਕਾਰਾ ਪਾਉਣ ਲਈ ਏਸ ਤੋਂ ਵਧੀਆ ਤਰੀਕਾ ਹੋਰ
ਕੋਈ ਨਹੀਂ ਹੋ ਸਕਦਾ।
ਏਥੇ ਮੈਨੂੰ ਲਗਦਾ ਹੈ ਰਜਨੀਸ਼ ਹੋਰਾਂ ਇਹ ਗੱਲ ਬੜੀ ਗੰਭੀਰ ਸੋਚ ਵਿਚਾਰ ਵਿਚੋਂ ਲਿਖੀ
ਹੋਵੇਗੀ।
ਇੰ: ਬਿਲਕੁਲ
ਠੀਕ ਹੈ।
ਹਾਸੇ ਅਤੇ
ਗੰਭੀਰਤਾ ਦਾ ਬੜਾ ਗਹਿਰਾ ਸੰਬੰਧ ਹੈ।
ਹਾਸਾ ਤੇ
ਗੰਭੀਰਤਾ ਜਿਥੇ ਪਾਰਟਨਰ ਬਣ ਕੇ ਤੁਰਦੇ ਹਨ ਓਥੇ ਹਾਸ-ਵਿਅੰਗ ਦਾ ਜਨਮ ਹੁੰਦਾ ਹੈ।
ਦੇ: ਇੰਦਰਜੀਤ ਜੀ! ਮੈਂ
ਤੁਹਾਡੀ ਏਸ ਗੱਲ ਨਾਲ ਬਹੁਤ ਸਹਿਮਤ ਹਾਂ।
ਹਾਸੇ ਦੇ ਨਾਲ
ਵਿਅੰਗ ਦਾ ਹੋਣਾ 'ਸੋਨੇ ਤੇ ਸੁਹਾਗੇ' ਵਾਲੀ ਗੱਲ ਬਣ ਜਾਂਦੀ ਹੈ।
ਇੰ: ਜਿਸ ਵਿਅੰਗ
ਵਿਚ ਹਾਸ ਰਸ ਦੀ ਪੁੱਠ ਨਹੀਂ,
ਉਹ ਵਿਅੰਗ ਵੀ ਕਾਮਯਾਬ ਨਹੀਂ ਹੋ
ਸਕਦਾ।
ਏਸ ਲਈ ਮੈਂ
ਕਹਿੰਦਾ ਹੁੰਦਾ ਹਾਂ ਕਿ ਹਾਸੇ ਤੇ ਵਿਅੰਗ ਦੀ ਆਪਸ ਵਿਚ ਪਾਰਟਨਰਸ਼ਿਪ ਹੁੰਦੀ ਹੈ?
ਦੇ: ਇਸ ਪਾਰਟਨਰ ਸ਼ਿਪ
ਵਿਚ ਹਾਸੇ ਦਾ ਕਿੰਨਾ ਹਿੱਸਾ ਹੈ ਅਤੇ ਵਿਅੰਗ ਦਾ ਕਿੰਨਾ?
ਇੰ: ਫਿਫਟੀ
ਫਿਫਟੀ।
ਦੇ: ਹਾਸੇ ਤੇ ਵਿਅੰਗ
ਨੂੰ ਕਿਵੇਂ ਪਰਿਭਾਸ਼ਿਤ ਕਰੋਗੇ?
ਇੰ: ਮੈਂ ਸਮਝਦਾ
ਹਾਂ ਹਾਸਾ ਛੇੜ-ਛਾੜ ਹੈ ਅਤੇ ਵਿਅੰਗ ਚੀਰ-ਫਾੜ।
ਦੇ: ਤੁਹਾਡਾ ਮਤਲਬ ਚੀਰ
ਫਾੜ ਵਿਸ਼ਲੇਸ਼ਣ ਤੋਂ ਹੈ?
ਇੰ: ਇਹ ਸੋਚ
ਸਮਝ ਤੋਂ ਹੈ।
ਜੇ ਕੋਈ ਡਾਕਟਰ
ਆਪ੍ਰੇਸ਼ਨ ਵੇਲੇ ਸੋਚ ਸਮਝ ਤੋਂ ਕੰਮ ਨਾ ਲਵੇ ਤਾਂ ਮਾੜੀ ਜਿਹੀ ਵੱਧ ਚੀਰ ਫਾੜ ਨਾਲ
ਬੰਦਾ ਠੀਕ ਹੋਣ ਦੀ ਬਜਾਏ ਕਬਰਿਸਤਾਨ ਪਹੁੰਚ ਜਾਂਦਾ ਹੈ।
ਏਸੇ ਤਰ੍ਹਾਂ ਜੇ
ਛੇੜ-ਛਾੜ ਵੱਧ ਹੋ ਜਾਵੇ ਤਾਂ ਕਈ ਵਾਰ ਮਾਮਲਾ ਥਾਣੇ ਜਾਂ ਕਚਹਿਰੀ ਤੱਕ ਪੁੱਜ ਜਾਂਦਾ
ਹੈ।
ਏਸ ਲਈ ਹਾਸ ਵਿਅੰਗ ਲਿਖਣਾ ਬੜਾ ਜ਼ਿੰਮੇਵਾਰੀ ਵਾਲਾ ਕੰਮ ਹੈ।
ਦੇ: ਮੈਂ ਤੁਹਾਡੀ ਇਸ
ਗੱਲ ਨਾਲ ਬਿਲਕੁਲ ਸਹਿਮਤ ਹਾਂ।
ਜਿਵੇਂ ਤੁਹਾਡੀ
ਪਿੱਛੇ ਜਿਹੇ ਕਿਤਾਬ ਆਈ ਹੈ
'ਕਵੀਆਂ ਦੀਆਂ ਮਸ਼ਕਰੀਆਂ' ਉਹ ਲਿਖਣ
ਵੇਲੇ ਤੁਸੀ ਕਿੰਨੇ ਕੁ ਸਾਵਧਾਨ ਸੀ ਕਿਉਂਕਿ ਕਿਸੇ ਵੇਲੇ ਕੋਈ ਲਿਖਾਰੀ ਆਪਣੇ ਬਾਰੇ
ਪੜ੍ਹ ਕੇ ਬੁਰਾ ਮਹਿਸੂਸ ਵੀ ਕਰ ਸਕਦਾ ਹੈ।
ਕਿਸੇ ਦੀ ਕੀਤੀ
ਹੋਈ ਬਹੁਤੀ ਚੀਰ-ਫਾੜ ਤੁਹਾਡੇ ਰਿਸ਼ਤੇ ਨੂੰ ਵੀ ਕਬਰਿਸਤਾਨ ਤੱਕ ਪਹੁੰਚਾ ਸਕਦੀ ਹੈ?
ਇੰ: ਬਿਲਕੁਲ।
ਏਸੇ ਲਈ ਮੈਂ
ਭੂਮਿਕਾ ਵਿਚ ਕਹਿ ਦਿਤਾ ਸੀ ਕਿ ਇਸ ਪੁਸਤਕ ਵਿਚ ਕੁਝ ਗ਼ੱਲਾਂ ਤੱਥ ਮੂਲਕ ਹਨ ਪਰ ਕੁਝ
ਲੇਖਕਾਂ ਦੇ ਨਾਲ ਮੈਂ ਜੋੜ ਕੇ ਕਰੀਏਟ ਕੀਤੀਆਂ ਹਨ।
ਵੈਸੇ ਵੀ ਇਹ
ਸਾਰੀਆਂ ਗੱਲਾਂ ਦਸ ਸਾਲ ਪੁਰਾਣੀਆਂ ਹਨ।
ਕੁਝ ਏਥੋਂ ਦੀਆਂ
ਕੁਝ ਅਫ਼ਰੀਕਾ ਦੀਆਂ।
ਮੈਂ ਜਦੋਂ ਵੀ
ਕਿਸੀ ਮਹਿਫ਼ਿਲ ਵਿਚ ਬੈਠਦਾ ਸੀ,
ਕੋਈ ਹਾਸੇ ਮਜ਼ਾਕ
ਦੀਆਂ ਗੱਲਾਂ ਆਪਣੀ
ਡਾਇਰੀ ਵਿਚ ਨੋਟ ਕਰ ਲੈਂਦਾ ਸੀ।
ਪਰ ਮੈਂ ਕੋਸ਼ਿਸ਼
ਕੀਤੀ ਹੈ ਕਿ ਕਿਸੇ ਦੀ ਇੱਜ਼ਤ ਉਪਰ ਕੋਈ ਆਂਚ ਨਾ ਆਏ।
ਦੇ: ਹੁਣ ਤੱਕ ਤੁਹਾਡੀਆਂ
ਕਿੰਨੀਆਂ ਪੁਸਤਕਾਂ ਆ ਚੁੱਕੀਆਂ ਨੇ?
ਇੰ: ਮੇਰੀ
ਪਹਿਲੀ ਪੁਸਤਕ ‘‘ਬਾਰ
ਪਰਾਏ ਬੈਸਣਾ‘‘ ਕਵਿਤਾ ਦੀ ਸੀ,
ਉਸ ਦੇ ਬਾਅਦ 'ਹੱਸਦੇ ਕਵੀ',
ਇਸ ਤੋਂ ਬਾਅਦ 'ਕੁਤਕੁਤਾੜੀਆਂ',
ਫੇਰ 'ਵਲਾਇਤੀ ਹਾਸੇ',
ਫੇਰ 'ਕਵੀਆਂ ਦੀਆਂ ਮਸ਼ਕਰੀਆਂ'
ਤੇ ਹੁਣ ਨਵੀਂ ਕਿਤਾਬ 'ਉਰਦੂ ਦੀ
ਹਾਸ-ਵਿਅੰਗ ਸ਼ਾਇਰੀ'।
ਦੇ: ਤੁਸੀਂ ਇੱਕ ਤੋਂ
ਬਾਅਦ ਦੂਜੀ,
ਦੂਜੀ ਤੋਂ ਬਾਅਦ ਤੀਜੀ ਇਸਤਰ੍ਹਾਂ ਕਈ ਕਿਤਾਬਾਂ ਹਾਸ ਰਸ ਉੱਪਰ
ਦਿਤੀਆਂ ਹਨ।
ਬਾਰ ਬਾਰ ਇਕੋ
ਵਿਧਾ ਉੱਪਰ ਕਈ ਪੁਸਤਕਾਂ ਲਿਖਣ ਦੀ ਕਿਉਂ ਲੋੜ ਪਈ?
ਇੰ: ਇਹ ਮੇਰਾ
ਜਨੂਨ ਕਹਿ ਲਓ।
ਦੇ: ਮੇਰਾ ਮਤਲਬ ਹੈ ਇੱਕ
ਪੁਸਤਕ ਤੋਂ ਬਾਅਦ ਦੂਜੀ ਵਿਚ ਕੁਝ ਵੱਖਰਾ ਕਹਿਣਾ ਚਾਹੰਦੇ ਹੋ?
ਇੰ: ਹਾਂ,
ਕਿਉਂਕਿ ਮੈ ਕਵਿਤਾ ਵਿਚ ਹਾਸ ਰਸ ਵੀ ਲਿਖਿਆ ਹੈ ਅਤੇ ਵਾਰਤਕ ਵਿਚ ਵੀ।
ਪਰ ਕਈ ਵਾਰੀ
ਬਹੁਤ ਕੁੱਝ ਤੁਹਾਡੇ ਕੋਲ ਲਿਖਿਆ ਪਿਆ ਹੁੰਦਾ ਹੈ।
ਤੁਸੀਂ ਉਸਨੂੰ
ਇੱਕ ਕਿਤਾਬ ਵਿਚ ਨਹੀਂ ਦੇ ਸਕਦੇ ਪਰ ਕਈ ਕਿਤਾਬਾਂ ਦੀ ਸ਼ਕਲ ਵਿਚ ਉਹ ਸਾਰਾ ਕੁਝ
ਇੱਕਠੇ ਰੂਪ ਵਿਚ ਆ ਜਾਂਦਾ ਹੈ।
ਦੇ: ਤੁਸੀਂ ਕੀ ਸਮਝਦੇ
ਹੋ ਕਿ ਅੱਜ ਕੱਲ੍ਹ ਕਿਤਾਬਾਂ ਦਾ ਕਿੰਨਾ ਕੁ ਮਹੱਤਵ ਹੈ?
ਇੰ: ਮੈਂ ਸਮਝਦਾ
ਹਾਂ ਕਿ ਅੱਜ ਕੱਲ੍ਹ ਮੀਡੀਆ ਦੇ ਛਾ ਜਾਣ ਕਰਕੇ ਕਿਤਾਬਾਂ ਲੋਕੀ ਘੱਟ ਪੜ੍ਹਦੇ ਹਨ।
ਪਰ ਮੈਂ ਜਿਵੇਂ
ਪਹਿਲਾਂ ਵੀ ਕਿਹਾ ਹੈ ਕਿ ਕਿਤਾਬਾਂ ਲਿਖਣਾ ਮੇਰੇ ਲਈ ਜਨੂਨ ਹੈ।
ਦੇ: ਮੈਂ ਸਮਝਦੀ ਹਾਂ ਕਿ
ਆਪਣੇ ਆਪ ਨੂੰ ਲਿਖਤ ਜਗਤ ਵਿਚ ਕਾਇਮ ਰੱਖਣ ਲਈ ਜਨੂਨ ਦੀ ਲੋੜ ਹੈ।
ਇੰ: ਜੇ ਤੁਹਾਡੇ
ਵਿਚ ਕਿਸੇ ਕੰਮ ਲਈ ਜਨੂਨ ਨਹੀਂ ਤਾਂ ਉਸ ਵਿਚ ਤੁਹਾਡੀ ਕੋਈ ਕਾਮਯਾਬੀ ਨਹੀਂ।
ਦੇ: ਇੰਦਰਜੀਤ ਜੀ ਤੁਸੀ
ਜਿਹੜਾ ਮੀਰਜ਼ਾਦਾ ਕੱਢਦੇ ਸੀ ਉਹ ਕਿੱਥੇ ਗਿਆ,
ਕਾਫ਼ੀ ਦੇਰ ਤੋਂ ਆਇਆ ਨਹੀਂ?
ਇੰ: ਉਹ ਬਿਪਨ
ਗੋਇਲ ਨੇ ਜਿਸਨੂੰ ਮੈਂ ਪਰਚਾ ਕੱਢਣ ਦੀ ਜ਼ਿੰਮੇਵਾਰੀ ਦਿੱਤੀ ਸੀ,
ਆਪਣੀ ਪਤਨੀ ਦੇ ਨਾਂ ਰਜਿਸਟਰ ਕਰਵਾ ਲਿਆ ਤੇ ਮੇਰਾ ਨਾਮ ਤੱਕ ਵੀ
ਉਸ ਵਿਚੋਂ ਕੱਢ ਦਿਤਾ।
ਦੇ: ਇਹ ਤਾਂ ਬੜੀ ਮਾੜੀ
ਗੱਲ ਹੈ,
ਸਾਹਿਤ ਜਗਤ ਵਿਚ ਏਹੋ ਜਿਹੀਆਂ ਹੇਰਾਫੇਰੀਆਂ ਸਮਾਜ ਨੂੰ ਕਿਹੜਾ ਸੁਨੇਹਾ ਦੇਂਦੀਆਂ ਨੇ?
ਇੰ: ਬਸ ਕੀ
ਕੀਤਾ ਜਾਏ,
ਸਭ ਕੁਝ ਹੋ ਰਿਹਾ ਹੈ।
ਪਰ ਮੈਂ ਇਸ ਵਾਰ
ਇੰਡੀਆ ਜਾ ਕੇ ਨਵਾਂ ਮੀਰਜ਼ਾਦਾ ਅਤੇ ਕੁਝ ਹੋਰ ਨਾਂ ਥੱਲੇ ਰਜਿਸਟਰ ਕਰਾਉਣ ਲਈ ਅਰਜ਼ੀ
ਦੇ ਆਇਆ ਹਾਂ ਤੇ ਜਲਦੀ ਹੀ ਉਹ ਮੈਗਜ਼ੀਨ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ।
ਦੇ: ਇਨਸ਼ਾ ਅੱਲ੍ਹਾ
ਤੁਹਾਡਾ ਇਹ ਯਤਨ ਕਾਮਯਾਬ ਹੋਵੇ।
ਇੰ: ਥੈਂਕ ਯੂ
ਦੇਵਿੰਦਰ
ਦੇ: ਤੁਸੀ ਆਪਣੇ ਪਰਚੇ
ਰਾਹੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
ਇੰ: ਮੈਂ
ਚਾਹੁੰਦਾ ਹਾਂ ਕਿ ਲੋਕੀ ਜ਼ਿੰਦਗੀ ਵਿਚ ਹਮੇਸ਼ਾ ਹੱਸਦੇ ਰਹਿਣ।
ਮੈਂ ਹਮੇਸ਼ਾ
ਕਹਿਣਾ ਹੁੰਨਾ, 'ਮੈਨੇ
ਰੋਤੀ ਹੂਈ ਆਂਖੋਂ ਕੋ ਹਸਾਇਆ ਅਕਸਰ, ਇਸ ਸੇ ਬੜ੍ਹਕਰ
ਇਬਾਦਤ ਔਰ ਕਿਆ ਹੋਗੀ।'
ਤੇ ਏਥੇ ਮੈਂ ਇਹ
ਵੀ ਕਹਿਣਾ ਹੁੰਨਾ, ‘‘ਹਾਸਾ
ਦੱਬੋ ਨਾ, ਦੱਬ ਕੇ ਹੱਸੋ‘‘,
ਅਤੇ ਇਕ ਹੋਰ ਉਰਦੂ ਦਾ ਸ਼ੇਅਰ ਹੈ, ‘‘ਹੰਸੋ
ਕਿ ਆਜ ਹੰਸੀ ਕੀ ਸਖ਼ਤ ਜ਼ਰੂਰਤ ਹੈ, ਮਗਰ ਕਿਸੀ ਕੇ ਲਬੋਂ
ਸੇ ਨਾ ਛੀਨ ਕੇ ਲਾਓ‘‘।
ਦੇ: ਵਾਹ! ਕੋਈ ਸਵਾਲ
ਆਪਣੇ ਆਪ ਨੂੰ ਕਰਨਾ ਚਾਹੋਗੇ?
ਇੰ: ਕਿਸਤਰ੍ਹਾਂ
ਦਾ ਸਵਾਲ?
ਦੇ: ਕੋਈ ਵੀ।
ਇੰ: ਮੈਂ ਆਪਣੇ
ਆਪ ਨੂੰ ਸਵਾਲ ਕਰਦਾ ਹੁੰਦਾ ਹਾਂ ਕਿ ਸਾਡੇ ਏਥੇ ਪੰਜਾਬੀ ਵਿਚ ਹਾਸ ਵਿਅੰਗ ਲਿਖਣ
ਵਾਲੇ ਬਹੁਤ ਘੱਟ ਕਿਉਂ ਨੇ?
ਉਰਦੂ ਵਿਚ ਲਿਖਣ ਵਾਲੇ ਕਾਫ਼ੀ ਨੇ ਤੇ ਬਹੁਤ ਅੱਛਾ ਵੀ ਲਿਖਦੇ ਨੇ।
ਇਕ ਸਵਾਲ ਮੇਰੇ
ਜ਼ਿਹਨ ਵਿਚ ਇਹ ਵੀ ਆਉਂਦਾ ਹੈ ਕਿ ਸਾਡੇ ਬੁੱਧੀ ਜੀਵੀ ਹਾਸ ਰਸ ਲਿਖਣ ਵਾਲਿਆਂ ਨੂੰ
ਥਰਡ ਕਲਾਸ ਕਿਉਂ ਸਮਝਦੇ ਨੇ?
ਦੇ: ਇਸ ਬਾਰੇ ਕੀ ਕਹਿਣਾ
ਚਾਹੋਗੇ?
ਇੰ: ਮੈਂ
ਚਾਹੰਦਾ ਹਾਂ ਕਿ ਹਾਸ ਰਸ ਲਿਖਣ ਵਾਲਿਆਂ ਨੂੰ ਵੀ ਗੰਭੀਰ ਰੂਪ ਵਿਚ ਲੈਣਾ ਚਾਹੀਦਾ ਹੈ।
ਅਜ ਕਲ ਅਖ਼ਬਾਰਾਂ
ਵਿਚ ਕਿੰਨੇ ਜੋਕਸ,
ਕਾਰਟੂਨ ਆਉਂਦੇ ਹਨ, ਹੱਸਣਾ ਸਿਹਤ ਲਈ ਬਹੁਤ ਚੰਗਾ ਹੈ,
ਇਸ ਲਈ ਹਾਸ ਰਸ ਨੂੰ ਸਾਹਿਤ ਵਿਚ ਵਾਜਬ ਥਾਂ ਮਿਲਣੀ ਚਾਹੀਦੀ ਹੈ।
ਦੇ: ਤੁਹਾਡੀ ਇਹ ਰੀਝ
ਪੂਰੀ ਹੋਵੇ,
ਇਹ ਮੇਰੀ ਦੁਆ ਹੈ।
ਤੁਹਾਨੂੰ ਹਾਸ
ਰਸ ਲਿਖਣ ਲਈ ਜਿਹੜਾ ਅਵਾਰਡ ਮਿਲਿਆ ਹੈ,
ਮੈਂ ਇੱਕ ਵਾਰ ਫੇਰ ਉਸ ਲਈ ਵਧਾਈ ਦੇਂਦੀ ਹਾਂ।
ਇੰ: ਥੈਂਕ ਯੂ
ਦੇਵਿੰਦਰ।
**********
(13 ਦਸੰਬਰ 2007) ਯੂਨੀਕੋਡ