|
|
|
ਅਜੋਕਾ
ਵਾਧਾ::
26 June, 2008 |
|

|
lyK/aflf-duaflf/jfxkfrI
|

|
|
 |
(18)
ਗੁਮਰਾਹ
ਨਾ ਹੋ ਜਾਇਉ ਲੋਕੋ ਇਹ ਨੱਚਣ ਦਾ ਵੇਲਾ ਨਹੀਂ
– ਸ਼ਾਮ ਸਿੰਘ
(ਅੰਗ-ਸੰਗ), ਚੰਡੀਗੜ੍ਹ, ਪੰਜਾਬ- |
ਉਨ੍ਹਾਂ ਲੋਕਾਂ ਲਈ ਤਾਂ ਮੌਸਮ ਉਦਾਸ ਹੈ ਜਿਨ੍ਹਾਂ ਦਾ ਗਰੀਬੀ ਪਿੱਛਾ ਨਹੀਂ ਛੱਡ
ਰਹੀ, ਚਿੰਤਾਵਾਂ ਜਿਨ੍ਹਾਂ ਦੇ ਮੱਥੇ ’ਚ ਤਣਾਅ ਪੈਦਾ ਕਰ ਰਹੀਆਂ, ਵਾਅਦੇ ਜਿਨ੍ਹਾਂ
ਦੇ ਕਦੇ ਪੂਰੇ ਨਹੀਂ ਹੁੰਦੇ ਅਤੇ ਲਾਰੇ ਜਿਨ੍ਹਾਂ ਦਾ ਕਦੇ ਕੁੱਝ ਵੀ ਨਹੀਂ ਸੁਆਰਦੇ।
ਅਜਿਹੇ ਲੋਕਾਂ ਅੱਗੇ ਮੁਸਕਰਾਹਟ ਆਪੇ ਦਾ ਪ੍ਰਦਰਸ਼ਨ ਕਰੇ ਤਾਂ ਉਨ੍ਹਾਂ ਨੂੰ ਸੁਖਾਵਾਂ
ਨਹੀਂ ਕਰ ਸਕਦੀ। ਚਾਅ, ਸ਼ੋਰ ਮਚਾਉਣ ਦਾ ਯਤਨ ਕਰੇ ਤਾਂ ਜ਼ਖ਼ਮਾਂ ’ਤੇ ਲੂਣ ਛਿੜਕਣ
ਜਿਹਾ ਅਹਿਸਾਸ ਪੈਦਾ ਹੋਵੇਗਾ। ਨੱਚਣ ਦੇ ਦ੍ਰਿਸ਼ ਤੇ ਨੱਚਣ ਦੇ ਸੱਦੇ ਦੇਣ ਵਾਲੇ ਵਕਤ
ਦੀ ਹਕੀਕਤ ਵਲ ਪਿੱਠ ਕਰਕੇ ਲਲਕਾਰੇ ਮਾਰਨੋਂ ਨਹੀਂ ਹਟਦੇ। ਹਟਦੇ ਹੀ ਨਹੀਂ।
ਆ ਜਾ ਨੱਚ ਲੈ, ਨੱਚ ਬੱਲੀਏ, ਜੇ ਨੱਚੇਂ ਅਸਾਡੇ ਨਾਲ, ਝਲਕ ਦਿਖਲਾ ਜਾ, ਆਉ ਨੱਚੀਏ
ਤੇ ਆਉ ਸਾਰੇ ਨੱਚੀਏ ਅਜਿਹੇ ਦ੍ਰਿਸ਼ ਉਭਾਰਦੇ ਹਨ ਕਿ ਸਾਰੇ ਲੋਕ ਅਸਲੀਅਤ ਦੀ ਜ਼ਮੀਨ
ਛੱਡ ਕੇ ਕਲਪਨਾ ਦੇ ਕਲਾਵੇ ਵਿਚ ਆ ਕੇ ਨੱਚਣ ਲੱਗ ਪੈਣ ਅਤੇ ਆਪੋ-ਆਪਣੇ ਮਨਾਂ ਦੇ ਸੱਚ
ਤੋਂ ਦੂਰ ਝੂਮਣ ਲੱਗ ਪੈਣ। ਇਹ ਆਟੇ ’ਚ ਲੂਣ ਬਰਾਬਰ ਲੋਕਾਂ ਦੇ ਸੱਦੇ ਹਨ। ਨਾਚਾਂ
ਵਾਲਿਆਂ ਤੇ ਨਚਾਰਾਂ ਦੇ ਬੁਲਾਵੇ ਹਨ ਜਿਹੜੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਬਾਜ਼
ਨਹੀਂ ਆਉਂਦੇ। ਇਹ ਪਹਿਰਾਵਿਆਂ ਦੀ ਚਮਕ ਦਮਕ ਅਤੇ ਚੁੰਧਿਆ ਦੇਣ ਵਾਲੀਆਂ ਰੌਸ਼ਨੀਆਂ
ਦੇ ਜਲਵਿਆਂ ਰਾਹੀਂ ਚਕਾਚੌਂਧ ਪੈਦਾ ਕਰਦੇ ਲੋਕਾਂ ਨੂੰ ਆਪਣੀ ਸੁਪਨਈ ਲਪੇਟ ਵਿਚ ਲੈ
ਲੈਂਦੇ ਹਨ।
ਇਹ ਉਨ੍ਹਾਂ ਲੋਕਾਂ ਦੇ ਜਾਦੂਮਈ ਕ੍ਰਿਸ਼ਮੇ ਹਨ ਜਿਹੜੇ ਸਮਾਜ ਦੇ 98 ਫੀਸਦੀ ਵਾਸੀਆਂ
’ਤੇ ਰੰਗੀਨ ਐਨਕਾਂ ਚੜ੍ਹਾ ਕੇ ਆਲੇ-ਦੁਆਲੇ ਦੀ ਹਰਿਆਲੀ ਨੂੰ ਹੋਰ ਤੋਂ ਹੋਰ ਹਰੀ ਭਰੀ
ਦਿਖਾਉਂਦੇ ਹਨ ਅਤੇ ਕੁਦਰਤ ਦੀ ਹਰ ਚੀਜ਼ ਨੂੰ ਹੋਰ ਤੋਂ ਹੋਰ ਜਾਦੂਮਈ ਅਤੇ ਜਲਵਾਮਈ।
ਪਰ ਇਹ ਕਿਰਿਆ ਬਹੁਤਾ ਚਿਰ ਨਹੀਂ ਚੱਲਦੀ। ਅਸਲੀਅਤ ਸਾਹਮਣੇ ਪ੍ਰਗਟ ਹੋ ਜਾਣ ’ਤੇ ਸਭ
ਪਰਦਾਫਾਸ਼ ਹੋ ਜਾਂਦਾ ਹੈ ਤੇ ਭੇਤ ਖਤਮ ਹੋ ਕੇ ਰਹਿ ਜਾਂਦਾ ਹੈ। ਜਾਗ੍ਰਤ ਲੋਕ ਸਮੇਂ
ਦੀ ਤੋਰ ਨੂੰ ਸਮਝ ਕੇ ਹਨੇਰੇ ਨੂੰ ਦੂਰ ਕਰਦਿਆਂ ਆਮ ਲੋਕਾਂ ਨੂੰ ਹੋਕਾ ਦਿੰਦੇ ਹਨ ਕਿ
ਗੁਮਰਾਹ ਨਾ ਹੋ ਜਾਇਉ ਲੋਕੋ ਇਹ ਨੱਚਣ ਦਾ ਵੇਲੇ ਨਹੀਂ।
ਜਿਸ ਘਰ ਵਿਆਹ ਹੋਵੇ, ਖੁਸ਼ੀ ਦਾ ਮੌਕਾ ਹੋਵੇ ਉੱਥੇ ਕਦੇ ਕਿਸੇ ਨੂੰ ਨੱਚਣ ਦਾ ਸੱਦਾ
ਨਹੀਂ ਦਿੱਤਾ ਜਾਂਦਾ, ਉੱਥੇ ਤਾਂ ਨੱਚਣਾਂ ਆਪ ਮੁਹਾਰਾ ਹੁੰਦਾ। ਖੁਸ਼ੀ ਤੇ ਚਾਅ ਘਰ
ਵਾਲਿਆਂ ਤੇ ਪ੍ਰਾਹੁਣਿਆਂ ਦੇ ਪੈਰ ਜ਼ਮੀਨ ’ਤੇ ਲੱਗਣ ਹੀ ਨਹੀਂ ਦਿੰਦੇ। ਅਜਿਹੇ ਮੌਕੇ
ਆਪੇ ਤੋਂ ਬਾਹਰ ਹੋਏ ਵਲਵਲੇ ਵੀ ਹੁੰਦੇ ਹਨ ਅਤੇ ਸਾਦ-ਮੁਰਾਦੇ ਇਰਾਦੇ ਵੀ। ਜਿਹੜਾ
ਨੱਚਣਾ ਅਜਿਹੇ ਮੌਕਿਆਂ ਤੇ ਹੁੰਦਾ ਹੈ ਉਸ ਵਿਚ ਘਰ ਦਾ ਹਰ ਜੀਅ ਸ਼ਾਮਲ ਹੁੰਦਾ ਹੈ ਤੇ
ਸ਼ਾਮਲ ਹੋਣ ਵਾਲਿਆਂ ਦਾ ਭਰਵਾਂ ਚਾਅ ਵੀ। ਅਲਬੇਲੇ ਤੇ ਮਸਤਾਨੇ ਛਿਣ ਹਰ ਜੀਅ ਤੇ
ਮਹਿਮਾਨ ਨੂੰ ਆਪਣੇ ਦਾਇਰੇ ਤੋਂ ਬਾਹਰ ਜਾਣ ਦੀ ਆਗਿਆ ਤੱਕ ਦੇਣ ਲਈ ਤਿਆਰ ਹੀ ਨਹੀਂ
ਹੁੰਦੇ।
ਅਜ-ਕਲ ਟੀ ਵੀ ਚੈਨਲਾਂ ਨੇ ਨੱਚਣ ਦਾ ਏਨਾ ਸ਼ੋਰ ਮਚਾਇਆ ਹੋਇਆ ਹੈ ਕਿ ਕੰਨ ਸੁਣਨ ਦਾ
ਹੀਆ ਨਹੀਂ ਕਰਦੇ ਅਤੇ ਅੱਖਾਂ ਦੇਖਣ ਲਈ ਤਿਆਰ ਨਹੀਂ ਹੁੰਦੀਆਂ। ਲੱਚਰ ਜਹੇ ਗੀਤ
ਕੰਨਾਂ ਨੂੰ ਸੁਖਾਉਂਦੇ ਨਹੀਂ ਤੇ ਅੱਧ-ਨੰਗੇ ਜਿਸਮ ਅੱਖਾਂ ਅੱਗੇ ਉਹ ਕੁੱਝ ਪਰੋਸਦੇ
ਹਨ ਜੋ ਅੱਖਾਂ ਨੂੰ ਚਾਹੀਦਾ ਨਹੀਂ ਹੁੰਦਾ। ਨਾਚ ਦੇ ਨਾਂ ਤੇ ਨੰਗੇਜ਼ ਦਿਖਾਉਣ ਨੂੰ
ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਪਰਵਾਨ ਕਰਨਾ ਤਾਂ ਕਿਸੇ
ਤਰ੍ਹਾਂ ਵੀ ਸਿਆਣਪ ਨੂੰ ਮਨਜ਼ੂਰ ਨਹੀਂ ਹੋ ਸਕਦਾ। ਪਰ, ਟੀ ਵੀ ਸਕਰੀਨਾਂ ’ਤੇ ਨਾਚਾਂ
ਦੀ ਧੁੰਮ ਪਈ ਰਹੇਗੀ, ਗਦਰ ਮਚਿਆ ਰਹੇਗਾ। ਰੌਲ਼ਾ ਹੀ ਰੌਲ਼ਾ, ਅਵਾਗੌਣ ਰੌਲ਼ਾ ਤੇ ਇਸ
ਰੌਲ਼ੇ ਵਿਚ ਗੁਆਚਿਆ ਮਨੁੱਖ।
ਲੋਕਾਂ ਦੇ ਜਾਗਣ ਦਾ ਵੇਲਾ ਹੈ ਜਿਨ੍ਹਾਂ ਤੋਂ ਨਾਚਾਂ ਦੀ ਪਛਾਣ ਭੁੱਲੀ ਹੋਈ ਨਹੀਂ।
ਜਿਹੜੇ ਨਾਚ ਦਿਖਾਏ ਜਾਂਦੇ ਹਨ ਇਹ ਫਿਲਮੀ ਹਨ, ਅਸਲੀ ਨਹੀਂ। ਇਨ੍ਹਾਂ ਵਿਚ ਨਾਚ ਦੀ
ਧਮਕ ਘੱਟ ਹੀ ਹੁੰਦੀ ਹੈ ਤੇ ਪਹਿਰਾਵਿਆਂ ਦੀ ਚਮਕ ਵੱਧ। ਇਨ੍ਹਾਂ ਵਿਚ ਅਦਾਵਾਂ,
ਮੁਦਰਾਵਾਂ, ਕਰਵਟਾਂ ਅਤੇ ਜਿਸਮਾਂ ਦੀਆਂ ਲਚਕੀਲੀਆਂ ਹਰਕਤਾਂ ਦੀ ਘਾਟ ਅਕਸਰ ਰੜਕਦੀ
ਰਹਿੰਦੀ ਹੈ। ਪਰ ਇਸ ਵਿਚ ਲੱਗੇ ਲੋਕ ਨੰਗੇਜ਼ ਕਾਰਨ ਲੋਕਾਂ ਦੀਆਂ ਅੱਖਾਂ ਵਿਚ
ਅਸ਼ਲੀਲਤਾ ਦਾ ਘੱਟਾ ਪਾਉਣ ਵਿਚ ਅਕਸਰ ਕਾਮਯਾਬ ਰਹਿੰਦੇ ਹਨ ਅਤੇ ਲੋਕਾਂ ਨੂੰ ਗੁਮਰਾਹ
ਕਰਨੋਂ ਵੀ ਨਹੀਂ ਹਟਦੇ।
ਕੇਬਲ ਟੀ ਵੀ ਚੈਨਲਾਂ ਵਾਲੇ ਹੀ ਨਹੀਂ ਸਗੋਂ ਹਰ ਖੇਤਰ ਦੇ ਲੋਕ ਹੀ ਆਮ ਲੋਕਾਂ ਨੂੰ
ਆਪਣੀਆਂ ਉਂਗਲਾਂ ਦੇ ਇਸ਼ਾਰਿਆਂ ’ਤੇ ਨਚਾਉਣ ਤੋਂ ਗੁਰੇਜ਼ ਨਹੀਂ ਕਰਦੇ । ਧਾਰਮਕ ਆਗੂ
ਸਵਰਗ ’ਚ ਚੰਗੇ ਜੀਵਨ ਦੇ ਲਾਰੇ ਲਾਉਂਦੇ ਹਨ ਪੈਰੋਕਾਰਾਂ ਨੂੰ ਸਿਰਫ ਉਂਗਲੀਆਂ ’ਤੇ
ਨਚਾਉਂਦੇ ਹਨ ਕਿਸੇ ਨੂੰ ਦੇਣ ਜੋਗੇ ਕੁੱਝ ਨਹੀਂ। ਲੋਕ ਵਿਚਾਰੇ, ਕਿਸਮਤ ਮਾਰੇ
ਇਨ੍ਹਾਂ ਦੀ ਮਾਰ ਤੋਂ ਬਚ ਨਹੀਂ ਪਾਉਂਦੇ ਕਿਸੇ ਮੁਸ਼ਕਲ ਨਾਲ ਮੱਥਾ ਨਹੀਂ ਲਾਉਂਦੇ,
ਲਾਰਿਆਂ ਦੀ ਧੁੱਪ ਛਾਂ ਵਿਚ ਤੁਰਦੇ ਰਹਿੰਦੇ ਤੇ ਜੀਵਨ ਭਰ ਖੁਰਦੇ ਰਹਿੰਦੇ।
ਰਾਜਨੀਤਕਾਂ ਦੇ ਵਸ ਤਾਂ ਸਾਰਾ ਸਮਾਜ ਸਦਾ ਹੀ ਪਿਆ ਰਹਿੰਦਾ। ਇਹ ਸਭ ਨੂੰ ਹੀ ਨਚਾਈ
ਰਖਦੇ ਹਨ। ਕਿਸੇ ਨੂੰ ਨਹੀਂ ਬਖਸ਼ਦੇ। ਸਮਾਜਕ ਪ੍ਰਾਣੀਆਂ ਦਾ ਇਨ੍ਹਾਂ ਬਿਨਾਂ ਸਰਦਾ
ਨਹੀਂ ਜਿਸ ਕਾਰਨ ਨੇਤਾ ਕਿਸੇ ਨੂੰ ਵੀ ਆਪਣੇ ਹਿਤਾਂ ਲਈ ਵਰਤਣ ਤੋਂ ਉੱਕਾ ਹੀ ਨਹੀਂ
ਝਿਜਕਦੇ। ਅਸਲ ਮਹੌਲ ਨੂੰ ਸਮਝਿਆ ਜਾਵੇ ਤਾਂ ਬੇਝਿਜਕ ਇਹ ਕਹਿਣਾ ਪਵੇਗਾ ਕਿ ਰਾਜਨੀਤੀ
ਵਿਚ ਹਰ ਕੋਈ ਨੱਚ ਰਿਹਾ ਹੈ ਤੇ ਬਾਹਰ ਵਾਲਿਆਂ ਨੂੰ ਨਚਾਉਣ ਦੀ ਮੁਹਾਰਤ ਹਾਸਲ ਕਰ
ਰਿਹਾ।
ਜਦ ਗਰੀਬ ਉਦਾਸ ਨਾ ਹੋਊ, ਭੁੱਖਾਂ ਮਾਰਿਆਂ ਕੋਈ ਨਾ ਹੋਊ, ਮਜਬੂਰ ਕੋਈ ਨਾ ਹੋਊ।
ਉਦੋਂ ਹੀ ਨੱਚਣਾਂ ਵਾਜਬ ਹੋਊ। ਨੱਚਣ ਲਈ ਵਾਜਾਂ ਮਾਰਨਾਂ ਜਾਇਜ਼ ਹੋਊ। ਅਜੇ ਤਾਂ
ਪੂਰੇ ਯਤਨਾਂ ਨਾਲ ਆਮ ਲੋਕਾਂ ਨੂੰ ਮੁੱਠੀ ਭਰ ਨਚਾਰਾਂ ਵਲੋਂ ਭੰਬਲਭੂਸੇ ਵਿਚ ਪਾਕੇ
ਗੁਮਰਾਹ ਕੀਤਾ ਜਾ ਰਿਹਾ ਜਿਸ ਕਾਰਨ ਲੋਕਾਂ ਅੱਗੇ ਇਹੀ ਹੋਕਾ ਦੇਣਾ ਠੀਕ ਰਹੇਗਾ ਕਿ
ਗੁਮਰਾਹ ਨਾ ਹੋ ਜਾਇਉ ਲੋਕੋ ਇਹ ਨੱਚਣ ਦਾ ਵੇਲਾ ਨਹੀਂ।
(19
ਦਸੰਬਰ
2007)
ਚਾਤ੍ਰਿਕ ਯੂਨੀਕੋਡ
|
|
ਸ਼ਾਮ ਸਿੰਘ (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ
ਕਲਿੱਕ ਕਰੋ
>>>>>
|

ਲਿਖਾਰੀ
Likhari
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|