ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਕਹਾਣੀਆਂ

ਇੱਕ ਸੱਚੀ ਕਹਾਣੀ:

ਉਹਦੀਆਂ ਉਹੀ ਜਾਣੇ

-ਸ਼ਾਹਿਦਾ ਦਿਲਾਵਰ ਸ਼ਾਹ-


ਬਹੁਤੀ ਲੋਕਾਈ ਉਹਨੂੰ ਸਿਰ ਫਿਰੀ ਤੇ ਮਗ਼ਰੂਰ ਕਹਿੰਦੀ ਸੀ। ਉਹਦੇ ਵਸੇਬ ਈ ਇਹੋ ਜਿਹੇ ਸਨ ਗੱਲ ਗੱਲ ਉਂਤੇ ਭੁੜਕ ਡੰਡਿਓਂ ਪਾਰ ਹੁੰਦੀ ਤੇ ਕਦੇ ਨੱਕ ਉਂਤੇ ਮੱਖੀ ਨਾ ਬਹਿਣ ਦਿੰਦੀ। ਜਿਹੜੀ ਗੱਲ ਉਂਤੇ ਅੜ ਜਾਂਦੀ ਭੇਡ ਦੇ ਪੈਰਾਂ ਵਾਂਗ ਇੱਕੋ ਥਾਵੇਂ ਖਲੋਤੀ ਰਹਿੰਦੀ ਭਾਵੇਂ ਸਿਰ ਉਂਤੋਂ ਕਿੰਨੇ ਸਮੇਂ ਵਿਸਰ ਜਾਣ। ਉਹਦੇ ਹੁਸਨ ਦੀ ਤਰ੍ਹਾਂ ਜ਼ੁਬਾਨ ਤੇ ਉਹਦਾ ਇਖ਼ਤਿਆਰ ਨਹੀਂ ਸੀ 'ਇਕ ਸੁਹਣੀ ਉਂਤੋਂ ਸੁੱਤੀ ਪਈ ਉੱਠੀ' ਵਾਂਗ ਸੀ। ਹੁਸਨ ਅਦਾਵਾਂ ਡੁਲ੍ਹ ਡੁਲ੍ਹ ਪੈਂਦੀਆਂ ਤੇ ਬੇਮੁਹਾਰੇ ਘੋੜੇ ਹਾਰ ਜਿਵੇਂ ਚਾਹੁੰਦੀ ਹਿੱਕ ਦਿੰਦੀ ਉਹਦੇ ਕੋਲ ਹੋਰ ਤੇ ਕੁਝ ਨਹੀਂ ਸੀ ਬਸ ਇਕ ਸੁਹਣੀ ਮੂਰਤ ਤੇ ਬਦ-ਜ਼ੁਬਾਨੀ ਜ਼ਰੂਰ ਸੀ। ਜੇ ਕੋਈ ਉਹਨੂੰ ਕੁਝ ਕਹਿ ਬਹਿੰਦਾ ਉਹ ਉਹਦਾ ਝਾਟਾ ਪੁੱਟ ਕੇ ਉਹਦੇ ਹੱਥ ਫੜਾਂਦੀ। ਕੱਲੀ ਕੱਲੀ ਭੈਣ ਹੋਣ ਦੀ ਵਜੋਂ ਘਰ ਵਿਚ ਮਾਪੇ ਤੇ ਲਾਡ ਵੇਖ ਲੈਂਦੇ ਨੇ ਪਰ ਬਾਹਰੋਂ ਕੋਈ ਨਹੀਂ ਵੇਖਦਾ। ਕਈ ਵਾਰ ਉਲਾਹਮੇ ਵੀ ਆਏ ਪਰ ਪਿਓ ਲੋਕਾਈ ਅਗੇ ਹੱਥ ਜੋੜ ਕੇ ਵੇਲਾ ਟਪਾ ਲੈਂਦਾ ਪਰ ਮਾਂ ਘੁਰਕੀ ਜ਼ਰੂਰ ਵਟਦੀ ਜਿਹੜੀ “ਛੰਨੋ” ਦੇ ਪਿਓ ਨੂੰ ਬੁਰੀ ਲੱਗਦੀ। ਹਰ ਵਾਰ ਉਹ ਆਪਣੀ ਘਰ ਵਾਲੀ ਨੂੰ ਆਖਦਾ “ਭਲੀਏ ਲੋਕੇ ਧੀਆਂ ਨੂੰ ਕੁਝ ਨਹੀਂ ਆਖੀਦਾ” ਉਹਦੀ
ਜ਼ਨਾਨੀ ਝਟ ਆਖਦੀ:-
“ਨਾ ਧੀਆਂ ਨੂੰ ਕਿਉਂ ਕੁਝ ਨਹੀਂ ਆਖੀਦਾ। ਇੰਜ ਤੇ ਇਹ ਸਾਰਾ ਘਰ ਸਿਰ ਉੱਤੇ ਚੁੱਕ ਲਵੇਗੀ” ਉਹਦਾ ਜੁਆਬ ਹਮੇਸ਼ਾਂ ਇਹੋ ਹੁੰਦਾ ਪਈ “ਧੀਆਂ ਬੇਗਾਨਾ ਤੇ ਅਗਲਾ ਧਨ ਹੁੰਦੀਆਂ ਨੇ।”

ਛੰਨੋ ਦੀ ਮਾਂ ਇਹ ਕੁਝ ਨਾ ਮੰਨਦੀ ਤੇ ਹਰ ਵੇਲੇ ਬੁਰੇ ਭੱਲੇ ਤੋਂ ਛੰਨੋ ਨੂੰ ਮੋੜਦੀ ਤੋ ਟੋਕਦੀ ਰਹਿੰਦੀ। ਛੰਨੋ ਜ਼ਰਾ ਕੁ ਵੱਡੀ ਹੋਈ ਤੇ ਉਸ ਨੂੰ ਘਰ ਦੇ ਨੇੜੇ ਪਰਾਈਮਰੀ ਸਕੂਲੇ ਪਾ ਦਿੱਤਾ ਗਿਆ। ਅੱਜੇ ਛੰਨੋ ਪੰਜਵੀਂ ਜਮਾਤ ਵਿਚ ਈ ਸੀ ਪਈ ਉਨ੍ਹਾਂ ਦੇ ਮਿਡਲ ਹਿੱਸੇ ਨੂੰ ਹਾਈ ਦਾ ਦਰਜਾ ਦੇ ਦਿੱਤਾ ਗਿਆ। ਛੰਨੋ ਮੈਟ੍ਰਿਕ’ਚੋਂ ਵਾਜਬੀ ਜਿਹੇ ਨੰਬਰ ਲੈ ਕੇ ਪਾਸ ਹੋਈ ਤੇ ਯਾਰਵੀਂ ਜਮਾਤ ਦੇ ਖਾਬ ਵੇਖਣ ਲੱਗ ਪਈ। ਪਿੰਡ ਵਿਚ ਕੋਈ ਹਾਇਰ ਸੈਕੰਡਰੀ ਸਕੂਲ ਨਹੀਂ ਸੀ ਤੇ ਨਾ ਈ ਇੰਟਰਮੀਡੀਅਟ ਕਾਲਜ ਸੀ ਘਰ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਸਨ ਪਈ ਕਿਸੇ ਸ਼ਹਿਰ ਦੇ ਕਾਲਜ ਵਿਚ ਉਹਨੂੰ ਦਾਖਲ ਕਰਵਾਇਆ ਜਾਵੇ ਜਾਂ ਕੋਈ ਰਿਸ਼ਤੇਦਾਰ ਐਡਾ ਪੁਜਦਾ ਵੀ ਨਹੀਂ ਸੀ ਕਿਸੇ ਸ਼ਹਿਰ ਵਿਚ ਜਿਹੜਾ ਉਹਦੀ ਜ਼ਿਮੇਵਾਰੀ ਚੁੱਕਦਾ। ਬੜਾ ਕੁਝ ਸੋਚ ਵੇਖ ਕੇ ਛੰਨੋ ਦੀ ਮਾਂ ਨੇ ਛੰਨੋ ਦੇ ਪਿਓ ਨੂੰ ਸ਼ਹਿਰ ਕਿਸੇ ਕਾਲਜ ਵਿਚ ਦਾਖਲੇ ਲਈ ਮੰਨਾ ਈ ਲਿਆ। ਘਰ ਦਾ ਖਰਚਾ ਕੋਈ ਬਹੁਤਾ ਨਹੀਂ ਸੀ। ਦਾਣਾ ਫੱਕਾ ਵੇਚ ਕੇ ਏਨਾ ਤੇ ਖਰਚਾ ਨਿਕਲ ਆਉਂਦਾ ਸੀ ਪਈ ਛੰਨੋ ਲਈ
ਫੀਸ ਕਪੱੜੇ ਤੇ ਕਿਤਾਬਾਂ ਦਾ ਆਸਰਾ ਹੋ ਜਾਵੇ। ਕਰ ਕਰਾ ਕੇ ਇਕ ਦਿਨ ਛੰਨੋ ਆਪਣੀ ਮਾਂ ਨਾਲ ਸਵੇਰੇ ਸਵੇਰੇ ਸ਼ਹਿਰ ਦੀ ਲਾਰੀ ਉਂਤੇ ਬੈਠੀ ਤੇ ਕਾਲਜ ਦਫ਼ਤਰ ਅੱਪੜ ਗਈ। ਫ਼ੀਸ ਦਾਖਲੇ ਦਾ ਪਤਾ ਕੀਤਾ। ਦਾਖਲਾ ਆਖ਼ਰੀ ਮਰਹਲੇ ਉਂਤੇ ਸੀ ਖੈਰ ਫ਼ਾਰਮ ਲਿਆ, ਪੁਰ ਕੀਤਾ। ਹੋਰ ਵੀ ਕੁੜੀਆਂ ਇਕ ਦੂਜੇ ਤੋਂ ਪੁੱਛ ਪੁੱਛ ਕੇ ਫ਼ਾਰਮ ਪੁਰ ਕਰ ਰਹੀਆਂ ਸਨ। ਰੱਬ ਲਾਇਆ ਸਬੱਬ ਤੇ ਤੀਜੀ ਲਿਸਟ ਵਿਚ ਉਹਦਾ ਨਾਂ ਵੀ ਕਾਮਯਾਬ ਉਮੀਦਵਾਰਾਂ ਵਿਚ ਆ ਗਿਆ। ਵੇਲੇ ਦਾ ਪਤਾ ਈ ਨਾ ਲੱਗਾ ਅੱਖ ਝਮਕਦਿਆਂ ਈ ਛੰਨੋ ਬਾਰ੍ਹਵੀਂ ਚੌਧਵੀਂ ਸੋਲ੍ਹਵੀਂ ਤੇ ਅੱਠਾਰਵੀਂ ਪਾਸ ਕਰ ਗਈ। ਅੱਠਾਰਵੀਂ ਮੈਂ ਤਾਂ ਆਖਿਆ ਏ ਪਈ ਸਾਇੰਸ ਦੇ ਕਿਸੇ ਵਿਸ਼ੇ ਵਿਚ ‘ਸਪੈਸ਼ਲਾਈਜ਼ੇਸ਼ਨ’ ਕਰ ਰਹੀ ਸੀ। ਉਹ ਜਿਹੜੇ ਫ਼ਲੈਟ ਵਿਚ ਰਹਿੰਦੀ ਸੀ ਉਹਦਾ ਕਰਾਇਆ ਵੀ ਖ਼ੌਰੇ ਫ਼ਰਿਸ਼ਤੇ ਈ ਦੇ ਜਾਂਦੇ ਸਨ। ਇਕ ਦਿਨ ਨਾਲ ਦਿਆਂ ਫ਼ਲੈਟਾਂ ਵਿਚ ਬੜੀ ਆਵਾ ਜਾਈ ਸੀ ਤੇ ਬਾਹਰ ਵੀ ਹੜਬੰਗ ਜਿਹੀ ਮੱਚੀ ਲੱਗਦੀ ਸੀ। ਉਸ ਆਪਣੇ ਕਮਰੇ ਦੀ ਬਾਰੀ ਖੋਲ੍ਹ ਕੇ ਵੇਖੀ ਤੇ ਗਲੀ ਵਿਚ ਇਕ ਵੱਖਰਾ ਜਿਹਾ ਸ਼ੋਰ ਸੀ। ਨਾਲ ਦੀ ਗੁਆਂਢੀ ‘ਪਾੜੂ’ ਤੋਂ ਪੁੱਛਣ ਤੇ ਪਤਾ ਲੱਗਿਆ ਪਈ ਫ਼ਲੈਟਾਂ ਦੇ ਮਾਲਕ ਨੂੰ ਅਚਨਚੇਤ ਦਿਲ ਦਾ ਦੌਰਾ ਪੈ ਗਿਆ। ਉਹ ਰੱਬ ਨੂੰ ਪਿਆਰਾ ਹੋ ਗਿਆ ਏ ਕੱਲ੍ਹ ਉਹਦੀ ਲਾਸ਼ ਅਮਰੀਕਾ ਤੋਂ ਹਵਾਈ ਜਹਾਜ਼ ਰਾਹੀਂ ਪਾਕਿਸਤਾਨ ਆਵੇਗੀ।

ਛੰਨੋ ਫ਼ਲੈਟ ਦੇ ਮਾਲਕ ਦੀ ਮਰਗ ਦਾ ਸੁਣ ਕੇ ਸੁੰਨ ਦੀ ਸੁੰਨ ਈ ਹੋ ਗਈ ਕੁਝ ਨਾ ਬੋਲ ਸਕੀ। ਉਹਦੇ ਨਾ ਬੋਲਣ ਦੀ ਵਜ੍ਹਾ ਸਾਡੇ ਪੱਲੇ ਫ਼ਿਕਰੇ ਨਾ ਆਈ। ਛੰਨੋ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਦਿਨ ਦਿਹਾੜੇ ਕਿਸੇ ਨੇ ਅਸਮਾਨ ਉਹਦੇ ਸਿਰ ਉਂਤੇ ਡੇਗ ਦਿੱਤਾ ਹੋਵੇ। ਹਰ ਪਾਸੇ ਚੁੱਪ ਚਾਪ ਸੀ। ਵਾਹਵਾ ਦਿਨ ਅਜਿਹੇ ਸੋਗਵਾਰੀ ਵਿਚ ਲੰਘ ਗਏ। ਇਕ ਦਿਨ ਆਰਗਨਾਈਜ਼ਰ ਛੰਨੋ ਦੇ ਫ਼ਲੈਟ ਅਗੇ ਆ ਕੇ ਉਂਚੀ ਉਂਚੀ ਬੋਲ ਰਿਹਾ ਸੀ “ਰਖ਼ਸ਼ੰਦਾ ਬੀਬੀ ਹੁਣ ਤੇ ਸਾਹਿਬ ਦੁਨੀਆ ਉਂਤੋਂ ਟੁਰ ਗਏ ਨੇ ਹੁਣ ਤੁਸੀ ਫ਼ਲੈਟ ਦਾ ਮਹੀਨਾਵਾਰ ਬਿਲ ਕਿਹਨੂੰ ਜਮ੍ਹਾਂ ਕਰਵਾਉਂਦੇ ਓ.........................????????? ਉਹ ਪਹਿਲਾਂ ਨਾਲ਼ੋਂ ਵੀ ਉਂਚੀ ਵਾਜ ਵਿਚ ਬੋਲਿਆ: “ਤੁਹਾਡੇ ਖਾਤੇ ਪਿਛਲੇ ਢਾਈ ਮਹੀਨੇ ਦਾ ਡਿਉਜ਼ ਤੇ ਬਿਜਲੀ ਦੇ ਬਿਲ ਨੇ, ਮੈਂ ਆਖ਼ਰੀ ਵਾਰਨਿੰਗ ਦੇ ਰਿਹਾ ਵਾਂ, ਮੇਰੇ ਬੰਦੇ ਪਰਸੋਂ ਤੱਕ ਤੁਹਾਡਾ ਇੰਤਜ਼ਾਰ ਕਰਨਗੇ ਤੇ ਏਸ ਤੋਂ ਮਗਰੋਂ ਤੁਹਾਡਾ ਫ਼ਲੈਟ ਖ਼ਾਲੀ ਕਰਵਾ ਲਿਆ ਜਾਵੇਗਾ ਆਪਣਾ ਬੰਦੋਬਸਤ ਕਰ ਲਵੋ।”

ਛੰਨੋ ਕੋਲ ਇਨ੍ਹਾਂ ਗੱਲਾ ਦਾ ਕੋਈ ਜੁਆਬ ਨਹੀਂ ਸੀ ਨਾ ਹੀ ਕਿਸੇ ਸੁਰੱਖਿਸ਼ਤ ਥਾਂ ਉਂਤੇ ਜਾਣ ਦਾ ਕੋਈ ਆਸਰਾ ਸੀ। ਉਨ੍ਹੇ ਅਪਣੀਆਂ ਕਲਾਸ ਫ਼ੈਲੋਜ਼ ਨਾਲ ਗੱਲ ਕੀਤੀ ਪਰ ਉਹ ਉਹਦੀ ਰਿਹਾਇਸ਼ ਦਾ ਕੋਈ ਤਸੱਲੀਬਖ਼ਸ਼ ਇੰਤਜ਼ਾਮ ਨਾ ਕਰ ਸਕੀਆਂ। ਅੱਜ ਤੇ ਪਰਸੋਂ ਦੇ ਦਿਨ ਵਿਚ ਸਿਰਫ਼ ਦੋ ਦਿਨ ਤੇ ਇਕ ਰਾਤ ਦਾ ਪੰਧ ਸੀ। ਛੰਨੋ ਨੇ ਰਾਤ ਤਾਰੇ ਗਿਣ ਕੇ ਲੰਘ ਦਿੱਤੀ। ਉਹ ਵਾਜ ਵੀ ਮਾਰਦੀ ਤੇ ਕਿਹਨੂੰ? ਆਪਣੀ ਬੁੱਢੀ ਮਾਂ ਨੂੰ ਜਿਹੜੀ ਆਪਣੀ ਹੈਸੀਅਤ ਤੋਂ ਵੱਧ ਕਰ ਈ ਕੀ ਸਕਦੀ ਸੀ। ਉਹਦੀਆਂ ਮੋਟੀਆਂ ਮੋਟੀਆਂ ਕਿਤਾਬਾਂ ਦਾ ਖ਼ਰਚਾ ਕੌਣ ਚੁੱਕ ਸਕਦਾ। ਜੇ ਉਹ ਸਮਾਜ ਵੱਲ ਝਾਤ ਪਾਉਂਦੀ ਤੇ ਹਰ ਕੋਈ ਚੁੜੇਲਾਂ, ਡੈਣਾਂ ਹਾਰ ਖ਼ਿਰਾਜ ਮੰਗਦਾ ਨਜ਼ਰ ਆਉਂਦਾ। ਪਹਿਲੀ ਰਾਤ ਲੰਘੀ ਦੂਜਾ ਦਿਨ ਆਇਆ ਦਿਨ ਵੀ ਸੰਗੀਆਂ ਸਖੀਆਂ ਦੀ ਮਿੰਨਤ ਕਰਦਿਆਂ ਲੰਘ ਗਿਆ ਪਰ ਕੋਈ ਸਹਾਰਾ ਨਜ਼ਰ ਨਾ ਆਇਆ ਦਿਨ ਢਲਿਆ ਰਾਤ ਦੇ ਹਨੇਰੇ ਸਾਹਮਣੇ ਸਨ। ਫ਼ੈਸਲੇ ਦੀ ਘੜੀ ਨੇੜੇ ਨੇੜੇ ਆ ਰਹੀ ਸੀ ਹੁਣ ਸਾਮਾਨ ਬਾਹਰ ਸੁੱਟਣ ਵਿਚ ਕੋਈ ਝਟ ਨਹੀਂ ਸੀ। ਚਹੁੰ ਪਾਸੇ ਵੇਖ ਲਿਆ, ਤਰਲੇ ਪਾ ਪੂ ਕੇ ਵੇਖ ਲਏ ਸਨ ਕਿਸੇ ਨੇ ਹਾਮੀ ਨਾ ਭਰੀ ਇਕੋ ਈ ਰਾਹ ਸੀ। ਛੰਨੋ ਆਪਣਾ ਸਾਮਾਨ ਕਿਸੇ ਖੂਹ ਵਿਚ ਸੁੱਟ ਕੇ ਮਗਰ ਈ ਛਾਲ ਮਾਰ ਲਵੇ। ਉਹਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਖ਼ਿਆਲ ਆ ਰਹੇ ਸਨ ਝਖੜ ਚੱਲ ਰਹੇ ਸਨ, ਉਹਦੇ ਫ਼ਿਉਚਰ ਤੇ ਖ਼ੌਰੇ ਚੰਗਾ ਈ ਹੋਵੇ ਪਰ ਆਉਣ ਵਾਲੀ ਭੁੱਖ ਕਿਹਨੇਂ ਵੇਖੀ ਹੁੰਦੀ ਏ ਰੋਟੀ ਦੀ ਭੁੱਖ ਅੱਜ ਹੋਵੇ ਤੇ ਢਿੱਡ ਭਰਨ ਵਾਲਾ ਸਾਈਂ ਅਗਲੇ ਹਫ਼ਤੇ ਦਾ ਵਾਅਦਾ ਕਰੇ। ਏਹ ਢਿੱਡ ਨਾਲ ਧ੍ਰੋਹ ਹੁੰਦਾ ਏ। ਉਹ ਤੇ ਸਿਰ ਲਕੋਈ ਲਈ ਅਜ ਲੋੜਵੰਦ ਸੀ। ਹੁਣ ਉਹ ਵੇਲਾ ਆਣ ਪਹੁੰਚਿਆ ਸੀ ਜਦੋਂ ਛੰਨੋ ਰੱਖ ਰਖਾਓ ਦੀਆਂ ਸਾਰੀਆਂ ਹੱਦਾਂ ਉਲਾਂਘ ਕੇ ਹੰਝੂ ਹੰਝੂ ਹੋਈ ਜਾ ਰਹੀ ਸੀ ਤੇ ਬੇਵਸ ਹੋ ਕੇ ਰੱਬ ਨੂੰ ਆਖ ਰਹੀ ਸੀ...........”ਵਾਹ ਸਾਈਆਂ ਤੇਰੇ ਬੰਦੇ ਕਿੰਨੇ ਵਿਚਾਰੇ ਨੇ, ਕਿੰਨੇ ਬੇਇਖ਼ਤਿਆਰ ਨੇ, ਕਿੰਨੇ ਬੇਬਸ ਨੇ, ਕੀ ਤੂੰ ਵੀ ਵਿਚਾਰਾ, ਬੇਇਖ਼ਤਿਆਰ ਤੇ ਬੇਬਸ ਏਂ” ਉਹ ਵਾਰ ਵਾਰ ਇਹ ਅੱਖਰ ਦੁਹਰਾ ਰਹੀ ਸੀ................. ਉਹੋ ਕਬੂਲੀਅਤ ਦਾ ਝੱਟ ਸੀ ਉਹੋ ਸੱਚਾ ਵੇਲਾ ਸੀ, ਉਸੇ ਲਮਹੇ ਉਹਦੇ ਫੱਟੜ ਦਿਲ ਦੀ ਡੂੰਘਿਆਈ ਚੋਂ ਨਿਕਲਣ ਵਾਲੀ ਮਜ਼ਲੂਮ ਅਰਜ਼ੀ ਸੁਣੀ ਗਈ.........................ਸੁਣਨ ਵਾਲੇ ਹੈਰਾਨ ਹੋਣਗੇ ਪਈ ਉਹਦੀ ਬਾਂਹ ਫੜਣ ਲਈ ਗ਼ੈਬੀ ਹੱਥ ਕਿੱਥੋਂ ਆਇਆ...............ਟਣ ਟਣ ਟਣ.....ਫ਼ੋਨ ਦੀ ਘੰਟੀ
ਵਜੀ ਏਹ ਕੋਈ ਰਸਮੀ ਅੱਖਰ ਨਹੀਂ। ਹਕੀਕਤ ਵਿਚ ਇੰਜ ਹੋਇਆ। ਫ਼ੋਨ ਸੁਣਨ ਲਈ ਉਹਦਾ ਜੀ ਨਾ ਕੀਤਾ ਘੰਟੀ ਅਖ਼ੀਰੀ ਸਾਹਵਾਂ ਉੱਤੇ ਸੀ। ਗ਼ੈਬੀ ਤਾਕਤ ਨੇ ਉਹਨੂੰ ਮਜਬੂਰ ਕੀਤਾ ਪਈ ਉਂਠ ਫ਼ੋਨ ਚੁੱਕ...............................ਦੂਜੇ ਪਾਸੇ ਤੋਂ ਵਾਜ ਆ ਰਹੀ ਸੀ ਪਈ...............”ਛੰਨੋ ਜੀ! ਤੁਸੀ ਮੰਨੋ ਭਾਵੇਂ ਨਾ ਮੰਨੋ, ਹੁਣੇ ਹੁਣੇ ਮੈਂ ਨਮਾਜ਼ ਪੜ੍ਹ ਰਿਹਾ ਸਾਂ ਤੇ ਤੁਹਾਡਾ ਖ਼ਿਆਲ ਆਇਆ ਮੈਂ ਸੋਚਿਆ ਨਮਾਜ਼ ਤੋਂ ਵਿਹਲਾ ਹੋ ਕੇ ਤੁਹਾਨੂੰ ਫ਼ੋਨ ਕਰ ਲਵਾਂ। ਤੁਹਾਨੂੰ ਬੁਰਾ ਤੇ ਨਹੀਂ ਲੱਗਾ, ਛੰਨੋ ਜੀ ਤੁਸੀਂ ਕੀ ਕਰ ਰਹੇ ਓ?”
ਛੰਨੋ ਨੂੰ ਉਸ ਵੇਲੇ ਵਾਕਿਆ ਈ ਬੁਰਾ ਲੱਗਾ। ਦੂਜੇ ਬੰਨਿਓਂ ਫ਼ੇਰ ਵਾਜ ਆਈ:
“ਤਸੀ ਕੀ ਕਰ ਰਹੇ ਓ”। ਏਸ ਤੋਂ ਪਹਿਲਾਂ ਕਿ ਫ਼ੋਨ ਬੰਦ ਹੋ ਜਾਂਦਾ ਛੰਨੋ ਹੌਲੀ ਜਿਹੀ ਬੋਲੀ
“ਰੋ ਰਹੀ ਆਂ”
“ਖ਼ੈਰੀਂ ਸਲਾ...............ਕਿਉਂ ਰੋ ਰਹੇ ਓ, ਖ਼ੈਰ ਤੇ ਹੈ ਏ?”
ਛੰਨੋ ਦੀ ਫ਼ੋਨ ਕਰਨ ਵਾਲੇ ਨਾਲ ਦੁਆ ਸਲਾਮ ਵੀ ਨਹੀਂ ਸੀ ਨਾ ਕੋਈ ਉਚੇਰੀ ਜਾਣ ਪਛਾਣ ਸੀ ਲੰਘੇ ਸਮੇਂ
ਵੇਲੇ ਕਿਸੇ ਇੱਕਠ ਵਿਚ ਰਸਮੀ ਜਿਹੀ ਮੁਲਾਕਾਤ ਹੋਈ ਸੀ ਜਿਹੜੀ ਛੰਨੋ ਨੂੰ ਚੰਗੀ ਤਰ੍ਹਾਂ ਯਾਦ ਵੀ ਨਹੀਂ ਸੀ। ਵੇਲੇ ਦੀ
ਨਜ਼ਾਕਤ ਨੂੰ ਵੇਖਦਿਆਂ ਹੋਇਆਂ ਫ਼ੋਨ ਕਰਨ ਵਾਲੇ ਪੁੱਛਿਆ “ਤੁਸੀਂ ਆਪਣਾ ਪਰਾਬਲਮ ਦੱਸ ਸਕਦੇ
ਓ.......................?”
ਛੰਨੋ ਜਿਹੜੀ ਇਕ ਬੰਨੇ ਉਂਕਾ ਗੱਲ ਨਹੀਂ ਸੀ ਕਰਨਾ ਚਾਹੁੰਦੀ ਇੱਕੋ ਸਾਹ ਵਿਚ ਸਾਰੀ ਕਹਾਣੀ ਕਹਿ ਗਈ।
ਦੂਜੇ ਬੰਨਿਓਂ ਨਿੱਕਾ ਜਿਹਾ ਜੁਮਲਾ ਆਇਆ ....................
“ਮੈਂ ਤੁਹਾਡੀ ਕੁਝ ਮਦਦ ਕਰ ਸਕਨਾਵਾਂ?”
ਛੰਨੋ ਬੋਲੀ: “ਅਗਰ ਹੋ ਸਕੇ ਤੇ ਕਰ ਦਿਓ”
(ਦਿਲ ਵਿਚ ਆਖਣ ਲੱਗੀ “ਤੂੰ ਮੇਰੀ ਕੀ ਮਦਦ ਕਰੇਂਗਾ ਏਸ ਵੇਲੇ ਤੇ ਰੱਬ ਦਿਆਂ ਬੰਦਿਆਂ ਅਗੇ ਰੱਬ ਸਣੇ ਸਭ ਬੇਬਸ
ਨੇ”) 'ਚੰਗਾ ਰੱਬ ਰਾਖਾ' ਕਹਿ ਕੇ ਫ਼ੋਨ ਬੰਦ ਹੋਗਿਆ।

ਠੀਕ ਪੰਜ ਮਿੰਟ ਤੇ ਚੌਧਾਂ ਸਕਿੰਟਾਂ ਮਗਰੋਂ ਫ਼ੋਨ ਦੁਬਾਰਾ ਖੜ੍ਹਕਿਆ। ਛੰਨੋ ਜਿਵੇਂ ਘੰਟੀ ਦੀ ਵਾਜ ਸੁਣਨ ਤੋਂ ਪਹਿਲਾਂ ਰਸੀਵਰ ਚੁੱਕ ਲੈਣਾ ਚਾਹੁੰਦੀ ਸੀ। ਦੂਜੇ ਬੰਨਿਓਂ ਵਾਜ ਆਈ “ਰਖਸ਼ੰਦਾ ਬੀਬੀ ਖਾਣਾ ਵਾਣਾ ਖਾ ਕੇ ਆਰਾਮ ਨਾਲ ਸੌਂ ਜਾਓ ਤੁਹਾਡੀ ਐਕਸਟੈਨਸ਼ਨ ਹੋ ਚੁੱਕੀ ਏ।”

ਛੰਨੋਂ ਨੂੰ ਆਪਣੇ ਕੰਨਾਂ ਉਂਤੇ ‘ਅਤਬਾਰ’ ਨਹੀਂ ਸੀ ਆ ਰਿਹਾ ਤੇ ਨਾਲ਼ੇ ਆਪਣੇ ਆਖੇ ਉਂਤੇ ਨਿਮੋਸ਼ੀ ਹੋ ਰਹੀ ਸੀ ਜਿਹੜੇ ਉਹ ਆਪਣੇ ਰੱਬ ਸੱਚੇ ਲਈ ਵਰਤ ਚੁੱਕੀ ਸੀ। ਪਈ “ਰੱਬਾ ਆਪਣੀ ਲੋਕਾਈ ਹਾਰ ਤੂੰ ਵੀ ਬੇਬਸ ਤੇ ਬੇਇਖ਼ਤਿਆਰ ਏਂ।” ਸੁਬਹਾਨ ਅਲਾ ਰੱਬ ਤੇ ਰੱਬ ਏ ਉਹ ਬੇਇਖ਼ਤਿਆਰ ਕਿੰਜ ਹੋ ਸਕਦਾ ਏ? ਕਈ ਸਮੇਂ ਲੰਘ ਗਏ ਨੇ ਪਰ ਅਜੇ ਤਾਈਂ ਇਹ ਗੱਲ ਦੀ ਗਵੇੜ ਨਹੀਂ ਲੱਗ ਰਹੀ ਪਈ ਛੰਨੋ ਫੋਨ ਕਰਨ ਵਾਲੇ ਦੀ ਨਮਾਜ਼ ਵਿਚ ਕਿਵੇਂ ਆਣ ਖਲੋਤੀ।
(30 ਦਸੰਬਰ 2007)

ਸ਼ਾਹਿਦਾ ਦਿਲਾਵਰ ਸ਼ਾਹ ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ilKfrI
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.