|
|
|
ਅਜੋਕਾ
ਵਾਧਾ::
02 May, 2008 |
ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ
ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ
ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ
|

|
lyK/aflf-duaflf/jfxkfrI
|

|
|
 |
(19) ਚਿਰਾਂ ਤੋਂ ਲਾਰਿਆਂ ਉੱਤੇ ਟੰਗਿਆ ਭਾਰਤ ਦੇਸ਼ ਮਹਾਨ
– ਸ਼ਾਮ ਸਿੰਘ
(ਅੰਗ-ਸੰਗ), ਚੰਡੀਗੜ੍ਹ, ਪੰਜਾਬ- |
ਵਾਅਦੇ ਦੇ ਪੂਰਾ ਨਾ ਹੋਣ ’ਚੋਂ ਜਨਮ ਧਾਰ ਲੈਂਦਾ ਹੈ ਲਾਰਾ। ਜਦ ਵਾਅਦਾ ਪੂਰਾ ਨਹੀਂ
ਹੁੰਦਾ ਤਾਂ ਪੈ ਜਾਂਦਾ ਇਕ ਖੱਪਾ। ਲਾਰਾ ਲੱਪਾ। ਵਚਨ ਜਦੋਂ ਵਫ਼ਾ ਨਾ ਪਾਲਣ ਸਮੇਂ
ਨੂੰ ਵੱਜਦਾ ਧੱਫਾ। ਲਾਰਾ ਲੱਪਾ, ਲਾਰਾ ਲੱਪਾ ਲਾਈ ਰੱਖਦੇ। ਵਕਤਾਂ ਨੂੰ ਵਖਤਾਂ ’ਚ
ਪਾਈ ਰੱਖਦੇ। ਲੋਕਾਂ ਨੂੰ ਫੋਕਾ ਈ ਨਚਾਈ ਰਖਦੇ। ਪੱਬਾਂ ਹੇਠ ਉਡੀਕ ਵਿਛਾਈ ਰਖਦੇ ਤੇ
ਅੱਖਾਂ ’ਚ ਸੁਪਨੇ ਜਗਾਈ ਰੱਖਦੇ।
ਭਾਰਤੀਆਂ ਅੱਗੇ ਲਾਰਿਆਂ ਦੇ ਲਾਲੀਪੌਪ ਇਸ ਤਰ੍ਹਾਂ ਲਟਕਾਏ ਜਾਂਦੇ ਹਨ ਕਿ ਕੋਈ ਵੀ
ਇਨ੍ਹਾਂ ਵਲ ਖਿੱਚੇ ਹੋਏ ਬਿਨਾਂ ਨਹੀਂ ਰਹਿ ਸਕਦਾ। ਲਾਰਿਆਂ ਵਿਚ ਉਹ ਕੁੱਝ ਹੁੰਦਾ ਹੈ
ਜਿਹੜਾ ਲੋਕਾਂ ਨੂੰ ਆਪਣੀ ਲੋਕਾਈ ਵਿਚ ਰਿਝਾਈ ਰੱਖਣ ਵਿਚ ਕਦੇ ਅਸਫਲ ਨਹੀਂ ਹੁੰਦਾ।
ਲਾਰਾ ਇੱਛਾ ਦੀ ਉਸ ਗੋਦੀ ਵਿਚ ਆਸਣ ਲਾਈ ਬੈਠਾ ਰਹਿੰਦਾ ਹੈ ਜਿਹੜੀ ਦੇਰ ਤੱਕ ਵੀ
ਨਿਰਾਸ਼ ਹੋਣ ਦਾ ਨਾਂ ਨਹੀਂ ਲੈਂਦੀ।
ਕਹਿੰਦੇ ਹਨ ਕਦੇ ਸੋਨੇ ਦੀ ਚਿੜੀ ਸੀ ਭਾਰਤ। ਹਰ ਕੋਈ ਇਸ ਦੀ ਸਿਫਤ ਕਰਨ ਵਿਚ ਹੀ
ਆਪਣਾ ਗੌਰਵ ਸਮਝਦਾ। ਇਸ ਦਾ ਸੋਨਾ ਤੇ ਸੋਨੇ ਦੀ ਚਿੜੀ ਕਿੱਥੇ ਗਏ, ਕਿੱਧਰ ਉਡ-ਪੁਡ
ਗਏ? ਇਸ ਬਾਰੇ ਵੱਖ ਵੱਖ ਰਾਵਾਂ ਵਿਚ ਦੱਸਿਆ ਜਾਂਦਾ। ਕੋਈ ਕਹਿੰਦਾ ਮੁਗਲ ਲੈ ਗਏ
ਲੁੱਟ ਕੇ ਸੋਨੇ ਦੀ ਚਿੜੀ ਤੇ ਕਦੇ ਕੋਈ ਆਖਦਾ ਕਿ ਅੰਗਰੇਜ਼ਾਂ ਨੇ ਕੱਖ ਨਹੀਂ ਛੱਡਿਆ
ਸੋਨੇ ਦੀ ਚਿੜੀ ਦੇ ਪੱਲੇ।
ਬਹੁਤ ਸਾਰੇ ਭਾਰਤ ਮਾਤਾ ਦੇ ਸਪੂਤ ਵੀ ਇਸ ਸੋਨੇ ਦੀ ਚਿੜੀ ਦੇ ਫੰਘ੍ਹ ਤੋੜਨ ਵਿਚ
ਪਿੱਛੇ ਨਹੀਂ ਰਹੇ। ਉੱਚੇ ਕਾਰੋਬਾਰਾਂ ਵਾਲੇ, ਵੱਡੀਆਂ ਕੋਠੀਆਂ ਵਾਲੇ ਅਤੇ ਵੱਡੇ
ਨਖਰਿਆਂ ਵਾਲਿਆਂ ਦੀ ਜਾਂਚ-ਪੜਤਾਲ ਕਰਵਾ ਕੇ ਦੇਖੀ ਜਾਵੇ ਤਾਂ ਸਭ ਦੇ ਸਭ ਹੀ
ਸੋਨ-ਚਿੜੀ ਨੂੰ ਲੁੱਟਣ ਦੇ ਦੋਸ਼ੀ ਨਿਕਲਣਗੇ, ਨਿਰੇ ਚਿੜੀ-ਮਾਰ। ਬਹੁਤ ਘੱਟ ਹੋਣਗੇ
ਜਿਹੜੇ ਮਿਹਨਤ ਤੇ ਇਮਾਨਦਾਰੀ ਦੇ ਰਾਹ ਤੁਰਕੇ ਉੱਚੀਆਂ ਥਾਵਾਂ ਅਤੇ ਲਿਸ਼ਕਦੀਆਂ
ਕੋਠੀਆਂ ’ਚ ਪਹੁੰਚੇ ਹੋਣਗੇ।
ਦੇਸ਼ ਦੇ ਆਮ ਵਾਸੀ ਧਰਮ ਦੇ ਚੁੰਗਲ ’ਚ ਫਸੇ ਕਿਸਮਤ ਦੇ ਆਸਰੇ ਨੂੰ ਹੱਥਾਂ ’ਚੋਂ
ਕਿਰਨ ਨਹੀਂ ਦਿੰਦੇ, ਸੋਚ ’ਚੋਂ ਗਿਰਨ ਨਹੀਂ ਦਿੰਦੇ। ਧਰਮ ਤੇ ਕਿਸਮਤ ਦੇ ਲਾਰਿਆਂ ਦੀ
ਅਗੰਮੀ ਲੀਲਾ ਦਾ ਕੋਈ ਜਵਾਬ ਨਹੀਂ। ਕਿਸਮਤ ਦੇ ਲਾਰੇ ਚੰਗੇ ਦਿਨਾਂ ਦੀ ਆਸ ਦਿਖਾਉਂਦੇ
ਤੇ ਧਰਮ ਦੇ ਲਾਰੇ ਸਿੱਧੇ ਹੀ ਸਵਰਗਾਂ ਦੇ ਦਰਸ਼ਨ ਦੀ ਤਾਂਘ ਮਘਾਈ ਰਖਦੇ। ਜਿਸ ਸੰਤ
ਨੇ ਸਿਰਫ ਸੁਣਿਆਂ ਹੀ ਹੁੰਦਾ ਹੈ ਸਵਰਗਾਂ ਬਾਰੇ ਉਹ ਵੀ ਮੌਕਾ ਮਿਲਣ ’ਤੇ ਇਸ ਨੂੰ
ਆਪਣੀ ਜੇਬ ਵਿਚੋਂ ਕੱਢ ਵਿਖਾਉਂਦੈ, ਅਤੇ ਸਰੋਤਿਆਂ ਨੂੰ ਖੂਬ ਰਿਝਾਉਂਦੈ।
ਕੋਈ ਮੁਕਾਬਲਾ ਨਹੀਂ ਰਾਜਨੀਤੀ ਕੋਲ ਲਾਰਿਆਂ ਦਾ। ਵਿਸ਼ਾਲ ਜੰਗਲ ਤੇ ਲਾਰਿਆਂ ਦਾ
ਬਹੁਤ ਵੱਡਾ ਭੰਡਾਰ। ਹਰ ਨੇਤਾ ਹੀ ਐਸੇ ਲਾਰੇ ਲਾਵੇ ਜੋ ਸਭ ਦਾ ਮਨ ਭਰਮਾਵੇ। ਲਾਰਿਆਂ
ਦੇ ਜੰਗਲ ਵਿਚ ਘਿਰੇ ਲੋਕਾਂ ਨੂੰ ਇਹ ਚੇਤਾ ਹੀ ਭੁਲਾ ਦਿੱਤਾ ਜਾਂਦਾ ਕਿ ਉਨ੍ਹਾਂ ਨੂੰ
ਜੋ ਕੁੱਝ ਦੱਸਿਆ ਜਾ ਰਿਹਾ ਹੈ ਉਹ ਲਾਰੇ ਹਨ। ਵਰ੍ਹਿਆਂ ਦੇ ਲੰਘਣ ਬਾਅਦ ਹੀ ਉਨ੍ਹਾਂ
ਨੂੰ ਪਤਾ ਲਗਦਾ ਕਿ ਨੇਤਾ ਲੋਕ ਜਿਹੜੇ ਵਾਅਦੇ ਉਨ੍ਹਾਂ ਨਾਲ ਕਰ ਗਏ ਸਨ ਉਹ ਵਾਅਦੇ
ਨਹੀਂ, ਲਾਰੇ ਸਨ ਜੋ ਕਦੇ ਪੂਰੇ ਨਹੀਂ ਹੋਣੇ।
ਖੇਤਰ ਵਿਦਿਆ ਦਾ, ਜਿੱਥੇ ਰੌਸ਼ਨੀ ਕਰਨ ਦਾ ਵਾਅਦਾ ਕੀਤਾ ਜਾਂਦਾ। ਪਰ, ਜਿੰਨਾ ਨ੍ਹੇਰ
ਵਿਦਿਆ ਦੇ ਖੇਤਰ ’ਚ ਹੈ ਸ਼ਾਇਦ ਹੀ ਕਿਸੇ ਹੋਰ ਖੇਤਰ ਵਿਚ ਹੋਵੇ। ਵਾਅਦਾ ਕੀਤਾ
ਜਾਂਦਾ ਹੈ ਕਿ ਪੜ੍ਹਾਈ ਬਾਅਦ ਨੌਕਰੀ ਦੀ ਰੌਸ਼ਨੀ ਵੀ ਮਿਲੇਗੀ ਤੇ ਸੁਖ-ਅਰਾਮ ਦਾ
ਚਾਨਣ ਵੀ। ਪਰ ਇਹ ਵਾਅਦਾ ਵੀ ਆਪਣੇ ਪਿੱਛੇ ਰੌਸ਼ਨੀ ਨਹੀਂ ਕੇਵਲ ਹਨੇਰਾ ਹੀ ਛੱਡ
ਜਾਂਦਾ ਜਿਸ ਵਿਚ ਘਿਰਿਆ ਨਾਗਰਿਕ ਆਪਣਾ ਆਪਾ ਲੱਭਣ ਦੇ ਵੀ ਕਾਬਲ ਨਹੀਂ ਰਹਿੰਦਾ।
ਲਾਰੇ ਦੇ ਲਾਲੀਪੌਪ ਤੋਂ ਬਿਨਾਂ ਉਸਦੇ ਹੱਥ-ਪੱਲੇ ਕੁੱਝ ਨਹੀਂ ਆਉਂਦਾ।
ਭਾਰਤ ਦੀ ਵੱਡੀ ਸਰਕਾਰ ਅਤੇ ਰਾਜ ਸਰਕਾਰਾਂ ਦੇ ਹਾਕਮਾਂ ਕੋਲ ਲਾਰਿਆਂ ਦੇ ਭੰਡਾਰ ਹਨ
ਜਿਹੜੇ ਅੱਖਾਂ ਅੱਗੇ ਲਟਕਦਿਆਂ ਅਸਲੀਅਤ ਦਾ ਚਿੱਤ-ਚੇਤਾ ਨਹੀਂ ਆਉਣ ਦਿੰਦੇ, ਲਾਰਿਆਂ
ਨੂੰ ਟੰਗਣ ਲਈ ਹੈਂਗਰਾਂ ਦੀ ਕੋਈ ਕਮੀ ਨਹੀਂ। ਲੋਕ ਉਨ੍ਹਾਂ ਦੇ ਆਸਰੇ ਹੀ ਆਪਣੀਆਂ
ਖਾਹਸ਼ਾਂ ਦੇ ਪਰਿੰਦਿਆਂ ਨੂੰ ਹੱਥੋਂ ਨਹੀਂ ਛੱਡਦੇ। ਏਹੀ ਕਾਰਨ ਹੈ ਕਿ ਲੋਕ ਲਾਰਿਆਂ
’ਤੇ ਹੀ ਟੰਗੇ ਹੋਏ ਸਮਾਂ ਗੁਜ਼ਾਰਦੇ ਰਹਿੰਦੇ ਹਨ ਪਰ ਏਕਤਾ ਕਰਕੇ ਸੰਘਰਸ਼ ਕਰਨ ਵਲ
ਨਹੀਂ ਤੁਰਦੇ। ਏਹੀ ਵਜ੍ਹਾ ਹੈ ਕਿ ਚਿਰਾਂ ਤੋਂ ਲਾਰਿਆਂ ਉੱਤੇ ਟੰਗਿਆ ਭਾਰਤ ਦੇਸ਼
ਮਹਾਨ।
ਲੋਕਾਂ ਦੇ ਸਬਰ ਨੂੰ ਅਜਮਾਉਣ ਵਾਲੇ ਲਰਿਆਂ ਦੇ ਸਿਰਜਕਾਂ ਨੂੰ ਪੁੱਠੀ ਸਲਾਮ ਕਰਨੀ
ਬਣਦੀ ਹੈ ਜਿਹੜੇ ਪੁੱਠੀ ਸੋਚ ਦੇ ਰਾਹ ਤੁਰਦਿਆਂ ਕੋਈ ਸਿੱਧਾ ਕੰਮ ਨਹੀਂ ਕਰਦੇ।
ਭਾਈ-ਭਤੀਜਾਵਾਦ ਦੇ ਰਾਮ-ਰੌਲ਼ੇ ਵਿਚ ਗ੍ਰਸੇ ਲਾਰਿਆਂ ਦੇ ਵਣਜਾਰਿਆਂ ਨੂੰ ਏਨਾ ਕੁ
ਚੇਤਾ ਕਰਾਉਣਾ ਜਰੂਰ ਬਣਦਾ ਹੈ ਕਿ ਕੁਦਰਤੀ ਸੋਮਿਆਂ ਦੀ ਭਰਪੂਰਤਾ ਦੇ
ਹੁੰਦਿਆਂ-ਸੁੰਦਿਆਂ ਵੀ ਭਾਰਤ ਦੇ ਲੋਕਾਂ ਤੱਕ ਵੀ ਪਦਾਰਥ ਦੀ ਸਹੀ ਵੰਡ ਹੋ ਸਕਦੀ ਹੈ
ਪਰ ਜੇ ਉਹ ਤਨੋਂ ਮਨੋਂ ਸੁਹਿਰਦਤਾ ਨਾਲ ਚਾਹੁਣ ਤੇ ਇਹ ਵੀ ਕਿ ਆਮ ਲੋਕਾਈ ਨੂੰ
ਲਾਰਿਆਂ ਤੇ ਟੰਗੀ ਰੱਖਣ ਨਾਲ ਇਕ ਦਿਨ ਅਜਿਹਾ ਆ ਜਾਵੇਗਾ ਜਦੋਂ ਜਨ ਸਾਧਾਰਨ ਨੂੰ
ਵਰਚਾਉਣਾ ਤੇ ਟਿਕਾਣਾ ਅਸਾਨ ਨਹੀਂ ਰਹੇਗਾ ਕਿਉਂਕਿ :
ਹਾਕਮ ਰਾਜ ਕਰੀ ਜਾਵਣਗੇ
ਅਸੀਂ ਆਮ ਇਨਸਾਨ
ਰੱਬ ਮਿਲਾਉਣ ਦਾ ਵਾਅਦਾ ਕਰਦੇ
ਮੱਥੇ ’ਚ ਬੀਆਬਾਨ
ਸਾਧਨ ਬਹੁਤ ਵੰਡੇ ਨਾ ਕੋਈ
ਕੀ ਕਰੇ ਹਿੰਦੁਸਤਾਨ
ਚਿਰਾਂ ਤੋਂ ਲਾਰਿਆਂ ਉੱਤੇ ਟੰਗਿਆ
ਭਾਰਤ ਦੇਸ਼ ਮਹਾਨ
(1
ਜਨਵਰੀ
2008)
ਚਾਤ੍ਰਿਕ ਯੂਨੀਕੋਡ
|
|
ਸ਼ਾਮ ਸਿੰਘ (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ
ਕਲਿੱਕ ਕਰੋ
>>>>>
|

ਲਿਖਾਰੀ
Likhari
© likhari: Punjabi Likhari
Forum-2001-2008
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|