ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 02 May, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

   ਮੁੱਖਪੰਨਾ

             ਲੇਖ/ਵਿਚਾਰ/ਖੋਜ/ਆਲੋਚਨਾ/ਰੀਵੀਊ

likhari2001@yahoo.co.uk

 

'ਔਰਤਾਂ ਪਾਗਲ ਨਹੀਂ ਹੁੰਦੀਆਂ'

ਮੂਲ ਲੇਖਕ: ਇਸਮਤ ਚੁਗ਼ਤਾਈ

ਪੰਜਾਬੀ ਰੂਪ: ਡਾ.ਗੁਰਦਿਆਲ ਸਿੰਘ ਰਾਏ

ਕੁਝ ਇਸਮਤ ਚੁਗ਼ਤਾਈ ਬਾਰੇ:

ਇਸਮਤ ਚੁਗ਼ਤਾਈ ਉਰਦੂ ਦੀ ਸੁ-ਪ੍ਰਸਿੱਧ, ਸਿਰ-ਕੱਢ, ਬਹੁ-ਚਰਚਿਤ ਅਤੇ ਬਹੁ-ਪੱਖੀ ਲੇਖਕਾ ਹੋਈ ਹੈਉਸਦਾ ਜਨਮ 21 ਅਗਸਤ 1915 ਨੂੰ ਬਦਾਯੂੰ (ਯੂ.ਪੀ.) ਵਿਚ ਹੋਇਆ ਅਤੇ ਉਹ 24 ਅਕਤੂਬਰ 1991 ਨੂੰ 76 ਸਾਲ ਦੀ ਉੱਮਰ ਭੋਗ ਕੇ ਇਸ ਸੰਸਾਰ ਨੂੰ ਅਲਵਿੱਦਾ ਕਹਿ ਗਈਉਸਦੀ ਇੱਛਾ ਅਨੁਸਾਰ ਉਸਨੂੰ ਬੰਬਈ ਵਿੱਚ ਹੀ ਦਫ਼ਨਾਇਆ ਗਿਆ

ਉਹ ਉਰਦੂ ਦੀ ਅਤਿ-ਉਤੱਮ ਅਫਸਾਨਾ-ਨਿਗ਼ਾਰ ਸੀ ਜਾਂ ਨਹੀਂ ਇਸ ਸਬੰਧੀ ਦੋ ਰਾਵਾਂ ਹੋ ਸਕਦੀਆਂ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਰਦੂ ਸਾਹਿਤ ਦੇ ਚਾਰ ਥੰਮਾਂ ਵਿਚ ਉਸਦੀ ਗਿਣਤੀ ਜ਼ਰੂਰ ਸੀਉਰਦੂ ਸਾਹਿਤਕ ਜਗਤ ਦੇ ਚਾਰ ਥੰਮ ਸਨ: ਸਾਅਦਤ ਹਸਨ ਮੰਟੋ, ਕ੍ਰਿਸ਼ਨਚੰਦਰ, ਰਾਜਿੰਦਰ ਸਿੰਘ ਬੇਦੀ ਅਤੇ ਇਸਮਤ ਚੁਗ਼ਤਾਈਮੁਨਸ਼ੀ ਪ੍ਰੇਮ ਚੰਦ ਤੋਂ ਬਾਅਦ ਕੁਝ ਨਵੇਂ ਲਿਖਾਰੀਆਂ ਨੇ ਆਪਣੀਆਂ ਕਹਾਣੀਆਂ ਵਿਚ ਕਾਮ ਸਬੰਧਾਂ ਬਾਰੇ ਬੜੀ ਬੇਬਾਕੀ ਅਤੇ ਹੌਸਲੇ ਨਾਲ ਵਰਨਣ ਕਰਨਾ ਆਰੰਭਿਆਇਸਮਤ ਚੁਗ਼ਤਾਈ ਅਤੇ ਮੰਟੋ ਨੇ ਵੀ ਕੁਝ ਅਜਿਹੀਆਂ ਕਹਾਣੀਆਂ ਲਿਖੀਆਂ ਜਿਹਨਾਂ ਨੇ ਪਾਠਕਾਂ ਨੂੰ ਚੌਂਕਾ ਦਿੱਤਾ

ਦਰਅਸਲ ਇਸਮਤ ਚੁਗ਼ਤਾਈ ਨੇ 1938 ਤੋਂ ਕਹਾਣੀਆਂ ਲਿਖਣੀਆਂ ਆਰੰਭ ਕੀਤੀਆਂ ਅਤੇ ਉਸਦੀ ਪਹਿਲੀ ਡਰਾਮੇ ਵਰਗੀ ਕਹਾਣੀ ਫਸਾਦੀਛੱਪੀ ਤਾਂ ਉਹ ਚਰਚਾ ਵਿੱਚ ਆ ਗਈਇਸਤੋਂ ਬਾਅਦ ਸਹੀ ਅਰਥਾਂ ਵਿਚ ਉਸਦੀ ਪਹਿਲੀ ਕਹਾਣੀ ਕਾਫ਼ਰਇਸੇ ਵਰ੍ਹੇ ਮਾਸਿਕ ਸਾਕੀਵਿਚ ਛਪੀਇਹ ਕਹਾਣੀ ਕਹਾਣੀ ਕਲਾ ਦੀ ਨਿਪੁੰਨਤਾਦੀ ਸਿਖਰ ਸੀਆਰੰਭ ਹੀ ਇੰਨਾ ਚੰਗਾ ਸੀ ਕਿ ਮੁੜ ਇਸਮਤ ਨੇ ਪਿਛ੍ਹਾਂ ਨਹੀਂ ਤੱਕਿਆਇਸਮਤ ਨੇ ਲਿਖਣ/ਛਪਣ ਤੋਂ ਪਹਿਲਾਂ ਹੀ ਕਈ ਵਰ੍ਹੇ ਪੂਰੀ ਲਗਨ ਨਾਲ ਨਾ ਕੇਵਲ ਅੰਗਰੇਜੀ ਅਤੇ ਉਰਦੂ ਸਾਹਿਤ ਨੂੰ ਘੋਖਿਆ-ਪੜਤਾਲਿਆ ਹੀ ਸਗੋਂ ਫਿਕਸ਼ਨਦਾ ਨਿਯਮ ਪੂਰਵਕ ਅਧਿਐਨ ਵੀ ਕੀਤਾ ਸੀਇਹੋ ਹੀ ਕਾਰਨ ਸੀ ਕਿ ਉਹ ਨਾ ਕੇਵਲ ਕਹਾਣੀ ਕਹਿਣ ਦੀ ਕਲਾ ਵਿਚ ਹੀ ਨਿਪੁੰਨ ਸੀ ਸਗੋਂ ਬੋਲੀ ਸਬੰਧੀ ਵੀ ਸੁਚੇਤ ਸੀ

27 ਸਾਲ ਦੀ ਉੱਮਰ ਵਿਚ ਉਸਦਾ ਪਹਿਲਾ ਕਹਾਣੀ ਸੰਗ੍ਰਹਿ ਕਲੀਆਂਛਪਿਆ ਪਰ ਇਸਤੋਂ ਪਹਿਲਾਂ 1941 ਵਿਚ ਹੀ ਉਸਦੀ ਕਹਾਣੀ ਲਿਹਾਫ਼ਉਤੇ ਮੁਕੱਦਮਾ ਚੱਲਿਆਆਰੋਪ ਸੀ ਕਿ ਇਸ ਕਹਾਣੀ ਦਾ ਵਿਸ਼ਾ ਅਸ਼ਲੀਲ ਹੈਸਮਲਿੰਗਿਕਸਬੰਧਾਂ ਦਾ ਪ੍ਰਗਟਾਵਾ ਕਰਦੀ ਕਹਾਣੀ ਨੂੰ ਸਮਾਜ ਦੀਆਂ ਪ੍ਰਚਲਿਤ ਕਦਰਾਂ-ਕੀਮਤਾਂ ਦਾ ਅਪਮਾਨ ਸਮਝਿਆ ਗਿਆਮੁਕਦਮੇ ਵਿਚ ਕਾਨੂੰਨੀ ਮਾਹਿਰਾਂ ਦੀਆਂ ਖਰੀਆਂ ਦਲੀਲਾਂ ਕਾਰਨ ਇਸਮਤ ਨੂੰ ਬਾ-ਇਜ਼ਤ ਬਰੀ ਕੀਤਾ ਗਿਆ।  ਕਈ ਆਖਦੇ ਨੇ ਕਿ ਇਸਮਤ ਚੁਗ਼ਤਾਈ ਆਪਣੀ ਲਿਹਾਫ਼ਕਹਾਣੀ ਤੇ ਚੱਲੇ ਮੁਕੱਦਮੇ ਕਾਰਨ ਪ੍ਰਸਿੱਧ ਹੋ ਗਈਇਹ ਗ਼ਲਤ ਹੈਇਹ ਕਹਾਣੀ ਵਿਸ਼ੇ ਪਖੋਂ ਭਾਵੇਂ ਵੱਖਰੀ ਹੈ ਅਤੇ ਇਸ ਵਿੱਚ ਵੀ ਕਹਾਣੀ-ਕਲਾਨੂੰ ਅੱਖੋਂ ਪਰੋਖੇ ਨਹੀਂ ਕੀਤਾ ਗਿਆ ਪਰ ਇਸਮਤ ਦੀਆਂ ਲਿਹਾਫ਼ਕਹਾਣੀ ਤੋਂ ਪਹਿਲਾਂ ਛਪੀਆਂ ਕਹਾਣੀਆਂ ਜਿਵੇਂ ਕਿ ਗੈਂਦਾ, ਕਾਫ਼ਰ ਜਾਂ ਫਸਾਦੀ ਆਦਿ ਨੇ ਤਾਂ ਪਹਿਲਾਂ ਹੀ ਇਸਮਤ ਚੁਗ਼ਤਾਈ ਨੂੰ ਅਵੱਲ ਦਰਜੇ ਦੀ ਕਹਾਣੀਕਾਰਾ ਦੀ ਪਦਵੀ ਦਿਲਵਾ ਦਿੱਤੀ ਸੀ

ਇਸ ਪਿੱਛੋਂ ਇਸਮਤ ਦੇ ਹੋਰ ਵੀ ਕਈ ਕਹਾਣੀ ਸੰਗ੍ਰਹਿ ਛਪੇਅੰਤਿਮ ਕਹਾਣੀ ਸੰਗ੍ਰਹਿ ਛੂਈ ਮੂਈ’, (ਪਾਕਿਸਤਾਨ ਐਡੀਸ਼ਨ) 1972 ਵਿਚ ਜਦੋਂ ਛਪਿਆ ਤਾਂ ਉਸਦੀ ਉੱਮਰ 57 ਸਾਲ ਦੀ ਸੀਤਰੱਕੀ ਪਸੰਦ ਅਤੇ ਇਸਤਰੀ ਜ਼ਾਤੀ ਦੀ ਬੇਹਤਰੀ ਲਈ ਲਿਖਣ ਵਾਲੀ ਇਸਮਤ ਚੁਗ਼ਤਾਈ ਆਪਣੇ ਸਮਾਜ-ਵਿਰੋਧੀ ਵਿਚਾਰਾਂ ਕਾਰਨ ਭਾਵੇਂ ਵਿਵਾਦ-ਗ੍ਰਸਤ ਰਹੀ ਪਰ ਉਸਨੇ ਆਪਣੇ ਵਿਚਾਰਾਂ ਉਤੇ ਬੜੀ ਦ੍ਰਿੜਤਾ ਨਾਲ ਪਹਿਰਾ ਦਿੱਤਾਲੇਖਕਾ ਇਸਮਤ ਚੁਗਤਾਈ ਨੇ 1978 ਵਿਚ, ਸ਼ਿਆਮ ਬੈਂਗਲ ਦੀ ਫਿਲਮ ਜ਼ਨੂੰਨਵਿਚ ਵੀ ਭਾਗ ਲਿਆ

ਭਾਵੇਂ ਇਸਮਤ ਚੁਗ਼ਤਾਈ ਨੂੰ ਕਹਾਣੀਆਂ ਅਤੇ ਨਾਵਲ ਲਿੱਖਣ ਵਿਚ ਇੱਕੋ ਜਿਹੀ ਨਿਪੁੰਨਤਾ ਹਾਸਲ ਸੀ ਪਰ ਉਸਦੇ ਲੇਖ (ਇਨਸ਼ਾਈਏ) ਵੀ ਕਮਾਲ ਦੀ ਨਿਪੁੰਨਤਾ ਦਾ ਪ੍ਰਗਟਾਵਾ ਕਰਦੇ ਸਨਇਹਨਾਂ ਲੇਖਾਂ ਦੇ ਵਿਸ਼ੇ ਅੱਜ ਵੀ ਨਵੇਂ ਨਕੋਰਅਤੇ ਸਮਾਜਕ ਚੇਤਨਾ ਜਗਾਉਣ ਵਾਲੇ ਹਨਇਸਮਤ ਚੁਗ਼ਤਾਈ ਦਾ ਇੱਕ ਅਜਿਹਾ ਹੀ ਲੇਖ ਆਧੀ ਔਰਤ ਆਧਾ ਸੁਪਨਾਦਾ ਪੰਜਾਬੀ ਰੂਪ ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਿਹਾ ਹਾਂ। ---ਡਾ: ਗੁਰਦਿਆਲ ਸਿੰਘ ਰਾਏ (7 ਜਨਵਰੀ 2008)


'ਔਰਤਾਂ ਪਾਗਲ ਨਹੀਂ ਹੁੰਦੀਆਂ'
ਮੂਲ ਲੇਖਕ: ਇਸਮਤ ਚੁਗ਼ਤਾਈ
ਪੰਜਾਬੀ ਰੂਪ: ਡਾ. ਗੁਰਦਿਆਲ ਸਿੰਘ ਰਾਏ

ਔਰਤ ---ਔਰਤ---ਔਰਤ--

ਬੁਰੀ, ਚੰਗੀ, ਬੇ-ਵਫ਼ਾ, ਬਾ-ਵਫ਼ਾ, ਐਸੀ ਵੈਸੀ ਅਤੇ ਖ਼ੁਦਾ ਜਾਣੇ ਕੈਸੀ ਕੈਸੀਹਰ ਦੇਸ਼, ਹਰ ਜ਼ਮਾਨੇ ਵਿਚ ਬੜੇ ਬੜੇ ਚਿੰਤਕਾਂ ਨੇ ਔਰਤ ਦੇ ਬਾਰੇ ਵਿਚ ਕੋਈ ਨਾ ਕੋਈ ਰਾਏ ਜ਼ਰੂਰ ਕਾਇਮ ਕੀਤੀ ਹੈਕੋਈ ਸਾਹਿਬ ਇਸਦੇ ਹੁਸਨ ਤੇ ਜ਼ੋਰ ਦੇ ਰਹੇ ਹਨ ਅਤੇ ਕੋਈ ਇਸ ਦੀ ਪਾਰਸਾਈ ਅਤੇ ਨੇਕ-ਸੀਰਤੀ ਉਤੇ ਖ਼ੁਸ਼ ਹਨਇੱਕ ਸਾਹਿਬ ਦਾ ਖਿ਼ਆਲ ਹੈ ਕਿ 'ਖ਼ੁਦਾ ਦੇ ਬਾਅਦ' ਔਰਤ ਦੀ ਪਦਵੀ ਹੈਤਾਂ ਦੂਜੇ ਸਾਹਿਬ ਇਸ ਨੂੰ ਸ਼ੈਤਾਨ ਦੀ ਮਾਸੀ ਬਨਾਉਣ 'ਤੇ ਤੁਲੇ ਹੋਏ ਹਨ

ਇਕ ਸਾਹਿਬ ਫੁਰਮਾਉਂਦੇ ਨੇ "ਇਕ ਧੋਖੇਬਾਜ਼ ਮਰਦ ਨਾਲੋਂ ਇਕ ਧੋਖੇਬਾਜ਼ ਔਰਤ ਜਿ਼ਆਦਾ ਖ਼ਤਰਨਾਰਕ ਹੁੰਦੀ ਹੈ।" ਜਿਵੇਂ ਕਿ ਕੋਈ ਇਹ ਕਹੇ ਕਿ ਇਕ ਕਾਲੇ ਮਰਦ ਨਾਲੋਂ ਇਕ ਕਾਲੀ ਔਰਤ ਜਿ਼ਆਦਾ ਕਾਲੀ ਹੁੰਦੀ ਹੈਕਿੰਨੀ ਸ਼ਾਨਦਾਰ ਗੱਲ ਕਹੀ ਹੈ ਕਿ ਝੂਮ ਉਠੱਣ ਨੂੰ ਜੀਅ ਕਰਦਾ ਹੈ ਅਤੇ ਜੇਕਰ ਮੈਂ ਆਪੂੰ ਔਰਤ ਨਾ ਹੁੰਦੀ ਅਤੇ ਇਹਨਾਂ ਬਿਆਨਾਂ ਨੇ ਮੈਂਨੂੰ ਬੌਖਲਾ ਨਾ ਦਿੱਤਾ ਹੁੰਦਾ ਤਾਂ ਕਹਿਣ ਵਾਲੇ ਦਾ ਮੂੰਹ ਚੁੰਮ ਲੈਂਦੀਮੁਸੀਬਤ ਤਾਂ ਇਹ ਹੈ ਕਿ  ਇਨ੍ਹਾਂ 'ਨਾਮਾਅਕੂਲ' ਬਿਆਨਾਂ ਨੇ 'ਸਿਟੀ' ਹੀ ਗੁੰਮ ਕੀਤੀ ਹੋਈ ਏ

ਅਤੇ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਿੰਨਾਂ ਮਰਦਾਂ ਨੇ ਔਰਤਾਂ ਨੂੰ ਸਮਝਣ ਦਾ ਦਅਵਾ ਕੀਤਾ ਹੈ ਉਨਾਂ ਔਰਤਾਂ ਨੇ ਮਰਦਾਂ ਦੇ ਸਬੰਧ ਵਿਚ ਕਦੇ ਕੋਈ ਬਿਆਨ ਆਪਣੀ ਅਕਲ ਨਾਲ ਨਹੀ ਬਣਾਇਆ

ਮਰਦਾਂ ਨੇ ਕਿਹਾ: 'ਮਰਦ ਜ਼ਾਲਮ ਹੁੰਦਾ ਹੈ' ਉਹ ਚੁੱਪ-ਚਾਪ ਜ਼ੁਲਮ ਸਹਿਣ ਲੱਗੀਆਂ

ਮਰਦਾਂ ਨੇ ਆਖਿਆ:'ਔਰਤ ਡਰਪੋਕ ਹੁੰਦੀ ਹੈ' ਉਹ ਚੂਹੀਆਂ ਤੋਂ ਵੀ ਡਰਨ ਲੱਗੀਆਂ

ਫਿਰ ਫੁਰਮਾਇਆ-'ਵਕਤ ਪਵੇ ਤਾਂ ਔਰਤ ਜਾਨ ਤੇ ਖੇਡ ਜਾਂਦੀ ਹੈ ਬਸ ਝੱਟ ਹੀ ਜਾਨ 'ਤੇ ਖੇਡ ਗਈਆਂ'

ਮਾਂ ਦੀ ਮਮਤਾ ਦਾ ਸਾਰੀ ਦੁਨੀਆ ਢੋਲ ਪਿੱਟਦੀ ਹੈ, ਬਾਪ ਦੀ ਬਾਪਤਾ ਦਾ ਰੋਣਾ ਕੋਈ ਨਹੀਂ ਰੋਂਦਾਔਰਤ ਦੀ ਇਜ਼ਤ ਲੁੱਟ ਸਕਦੀ ਹੈਮਰਦ ਦੀ ਨਹੀਂ ਲੁੱਟਦੀਸ਼ਾਇਦ ਮਰਦ ਦੀ ਇਜ਼ਤ ਹੁੰਦੀ ਹੀ ਨਹੀਂ ਜਿਹੜੀ ਕਿ ਲੁੱਟੀ-ਖਸੁੱਟੀ ਜਾ ਸਕੇਔਰਤ ਦੇ ਹਰਾਮੀ-ਹਲਾਲ ਬੱਚਾ ਹੁੰਦਾ ਹੈਮਰਦ ਦੇ ਕੁਝ ਵੀ ਨਹੀਂ ਹੁੰਦਾ

ਸਦੀਆਂ ਤੋਂ ਔਰਤ ਦੇ ਸਿਰ ਅਜਿਹੇ ਊਟ-ਪੁਟਾਂਗ ਦੋਸ਼ ਥੱਪ ਕੇ ਚਿੰਤਕ ਇਸਨੂੰ ਬੁਖ਼ਲਾਉਣ ਦੀ ਕੋਸਿ਼ਸ਼ ਕਰਦੇ ਆਏ ਹਨਜਾਂ ਤਾਂ ਉਹ ਇਸਨੂੰ ਅਸਮਾਨ 'ਤੇ ਚੜ੍ਹਾ ਦਿੰਦੇ ਹਨ ਜਾਂ ਚਿੱਕੜ ਵਿੱਚ ਪਟਕ ਦਿੰਦੇ ਨੇਪਰ ਬਰਾਬਰ ਖੜਾ ਕਰਦਿਆਂ ਉਹਨਾਂ ਦਾ ਦਮ ਨਿਕਲਣ ਲੱਗਦਾ ਹੈਇਸਨੂੰ ਦੈਵੀ ਅਤੇ ਅਸਮਾਨੀ ਮਖ਼ਲੂਕ ਬਣਾ ਦੇਣਗੇ ਪਰ ਦੋਸਤ ਅਤੇ ਸਾਥੀ ਕਹਿੰਦਿਆਂ ਸ਼ਰਮਾਉਂਦੇ ਨੇ

ਸਮਝ ਵਿਚ ਨਹੀ ਆਉਂਦਾ ਕਿ ਇਹ ਘਟੀਆਪਨ ਦਾ ਅਹਿਸਾਸ ਹੈ ਜਾਂ ਗ਼ਲਤ-ਫ਼ਹਿਮੀਆਖਿ਼ਰ ਇਹਨਾਂ ਨੂੰ ਔਰਤ ਦੀ ਬਰਾਬਰੀ ਤੋਂ ਕਿਉਂ ਡਰ ਲੱਗਦਾ ਹੈਉਹ ਵੀ ਤਾਂ ਇਨਸਾਨ ਹੁੰਦੀਆਂ ਹਨਉਸਨੂੰ ਬਰਾਬਰ ਬੈਠਾਉਂਦਿਆਂ ਕਿਉਂ ਘਬਰਾਹਟ ਹੁੰਦੀ ਹੈਕੀ ਮਰਦ ਇੱਕ ਪੱਲ ਲਈ ਇਹ ਨਹੀਂ ਭੁੱਲ ਸਕਦਾ ਕਿ ਬਰਾਬਰੀ ਦੇ ਲਾਜ਼ਮੀ ਅਰਥ ਘਟੀਆਪਨ ਦੇ ਨਹੀਂ ਹਨਸਭ ਜਾਣਦੇ ਹਨ ਕਿ ਔਰਤ, ਮਾਂ, ਧੀ, ਪਤਨੀ ਅਤੇ ਭੈਣ ਹੀ ਬਣ ਸਕਦੀ ਹੈਪਿਤਾ, ਪੁੱਤਰ, ਪਤੀ ਅਤੇ ਭਰਾ ਨਹੀਂ ਬਣ ਸਕਦੀਫਿਰ ਕਿਉਂ ਬਾਰ ਬਾਰ ਕਹਿੰਦੇ ਨੇ ਕਿ ਉਹ ਇਸੇ ਲਈ ਹੀ ਪੈਦਾ ਹੋਈ ਹੈਕੀ ਔਰਤ ਨੂੰ ਇੰਨਾਂ ਵੀ ਪਤਾ ਨਹੀਂ ਕਿ ਉਹ ਔਰਤ ਹੈ ਜਿਹੜਾ ਕਿ ਉਸਨੂੰ ਲਗਾਤਾਰ ਦੱਸਿਆ ਜਾ ਰਿਹਾ ਹੈ?

ਜਾਂ ਸ਼ਾਇਦ ਮਰਦ ਜਾਣਦੇ ਨੇ ਕਿ ਮਾਂ ਅਤੇ ਪਤਨੀ ਬਨਣਾ ਲੋਹੇ ਦੇ ਚਣੇ ਚਬਾਉਣਾ ਹੈਇਸ ਲਈ ਔਰਤ ਦੇ ਦਿਮਾਗ਼ ਵਿਚ ਠੋਕੀ ਜਾਂਦੇ ਹਨ ਕਿ ਉਹ ਬਣੀ ਹੀ ਇਸੇ ਕਾਰਜ ਲਈ ਹੈਉਸਨੂੰ ਇਸਤੇ ਫਖ਼ਰ ਕਰਨਾ ਚਾਹੀਦਾ ਹੈ ਕਿ ਇਹ ਮਜ਼ੇ ਦੀ ਪਦਵੀ ਹੈਇਹਨਾਂ ਨੂੰ ਕੋਈ ਸਮਝਾਏ ਕਿ ਕਿਸ ਕੰਬਖਤ ਔਰਤ ਨੇ ਕਦੇ ਇਸ ਤੋਂ ਇੰਨਕਾਰ ਕੀਤਾ ਹੈਕੌਣ ਕਹਿ ਰਿਹਾ ਹੈ ਮਰਦਾਂ ਨੂੰ ਕਿ ਆਉ ਸਾਹਿਬ ਤੁਸੀਂ ਨਿਆਣੇ ਪੈਦਾ ਕਰੋ ਅਤੇ ਉਹਨਾਂ ਨੂੰ ਦੁੱਧ ਪਿਲਾਉਫਿਰ ਭਲਾ ਬਾਰ ਬਾਰ ਇੰਝ ਜਤਾਉਣ ਦੀ ਕੀ ਲੋੜ ਪੈ ਰਹੀ ਹੈ?

ਔਰਤ ਵਿਧਵਾ ਹੋ ਜਾਂਦੀ ਹੈ ਤਾਂ ਇਸਦੀਆਂ ਚੂੜੀਆਂ ਭੰਨ ਦਿੰਦੇ ਹਨਮਰਦ ਦੀ ਘੜੀ, ਐਨਕ ਜਾਂ ਹੁੱਕਾ ਭੰਨਣ ਦਾ ਕਦੇ ਕਿਸੇ ਨੂੰ ਖਿਆਲ ਨਹੀਂ ਆਇਆਵਿਧਵਾ ਪਹਿਰਾਵੇ ਵਿਚ ਵੀ ਤਬਦੀਲੀ ਕਰਨ ਲਈ ਮਜ਼ਬੂਰ ਹੁੰਦੀ ਹੈਰੰਗਿਆ ਦੁਪੱਟਾ ਲੈ ਲਵੇ ਜਾਂ ਹੱਥਾਂ ਵਿਚ ਚੂੜੀਆਂ ਪਾ ਲਵੇ ਤਾਂ ਲੋਕਾਂ ਦੇ ਕਲੇਜੇ ਪਾਟ ਜਾਣਮਰਦ ਉਹੀ ਸੂਟ-ਬੂਟ, ਅਚਕਨ, ਅੰਗਰਖਾ ਪਾਈ ਘੁੰਮਦਾ ਹੈਕਿਹੋ ਜਿਹੀ ਬੇ-ਰਹਿਮੀ ਹੈ ਕਿ ਵਿਖਾਵੇ ਲਈ ਵੀ ਸੋਗ ਨਹੀਂ ਮੰਨਾਉਂਦਾਹਾਲਾਂਕਿ ਔਰਤਾਂ ਨੂੰ ਜਿਵੇਂ ਪਤੀ ਦਾ ਦੁੱਖ ਹੁੰਦਾ ਹੈਬਹੁਤ ਸਾਰੀਆਂ ਔਰਤਾਂ ਅਤੇ ਮਰਦਾਂ ਨੂੰ ਨਹੀਂ ਹੁੰਦਾਪਰ ਇਸਤਰੀਆਂ ਨੂੰ ਢੋਂਗ ਰਚਾਉਣਾ ਪੈਂਦਾ ਹੈ

ਇਕ ਸਾਹਿਬ ਫੁਰਮਾਉਂਦੇ ਨੇ ਕਿ 'ਔਰਤ ਦੀ ਸ਼ਾਨ ਹੀ ਇਹੀ ਹੈ ਕਿ ਦੁਨੀਆਂ ਇਸਤੋਂ ਨਾ-ਵਾਕਫ਼ ਹੀ ਰਹੇਪਤੀ ਦੀ ਮੁਹੱਬਤ ਇਸਦਾ ਬਹੁ-ਮੁੱਲਾ ਖ਼ਜ਼ਾਨਾ ਹੁੰਦਾ ਹੈ ਅਤੇ ਇਸਦਾ ਛੋਟਾ ਜਿਹਾ ਪਰਵਾਰ ਇਸਦਾ ਸੰਸਾਰ

ਕਿਉਂ ਸਾਹਿਬ! ਜੇਕਰ ਕਿਸੇ ਔਰਤ ਦੀ ਸ਼ੋਹਰਤ ਹੁੰਦੀ ਹੈ ਤਾਂ ਉਹ ਤੁਹਾਡੇ ਹਿੱਸੇ ਦੀ ਇਜ਼ੱਤ ਤਾਂ ਨਹੀਂ ਖੋਹੰਦੀਅੱਲ੍ਹਾ ਦੀ ਦੇਣ ਹੈਇਸ ਵਿਚ ਤੁਹਾਨੂੰ ਕਿਉਂ ਤਕਲੀਫ਼ ਹੁੰਦੀ ਹੈ? ਕਿਹੋ ਜਿਹਾ ਕਮੀਨਾਪਨ ਹੈਇਸਤਰੀ ਹੋਵੇ ਜਾਂ ਮਰਦ, ਜੇਕਰ ਦੁਨੀਆ ਵਿਚ ਕੁਝ ਕਰ ਜਾਵੇ ਤਾਂ ਕਿਸੇ ਦੀ ਸ਼ਾਨ ਨੂੰ ਕਿਵੇਂ ਬੱਟਾ ਲੱਗ ਜਾਵੇਗਾਮਰਦ ਦੀ ਸ਼ੋਹਰਤ ਨਾਲ ਜੇਕਰ ਮਰਦ ਦੀ ਇਜ਼ਤ ਨਹੀਂ ਘੱਟਦੀ ਤਾਂ ਔਰਤ ਦੀ ਸ਼ੋਹਰਤ ਨਾਲ ਕਿਉਂ ਇਸਦੀ ਵਡਿਆਈ ਨੂੰ ਘੁੱਣ ਲੱਗ ਜਾਵੇਗਾ

ਪਤਨੀ ਜਾਹਿਲ-ਉਜੱਡ ਹੋਵੇ ਤਾਂ ਕੋਈ ਦੁਸ਼ਵਾਰੀ ਨਹੀਂਪਤੀ, ਪਤਨੀ ਤੋਂ ਘੱਟ ਪੜ੍ਹਿਆ-ਲਿਖਿਆ ਹੋਵੇ ਤਾਂ ਬਸ ਹਨੇਰ ਹੀ ਆ ਜਾਵੇਗਾਕਿਉਂ ਜੋ  ਕਿਸੇ ਵੱਡੇ ਦੇ ਆਖੇ ਨੂੰ ਸੱਟ ਲਗ ਜਾਂਦੀ ਹੈਡਾਕਟਰ ਨਾਇਡੋ ਨੂੰ ਜਦੋਂ 'ਮਿਸੇਜ਼ ਸਰੋਜਨੀ ਨਾਇਡੋ ਦੇ ਪਤੀ' ਆਖਿਆ ਜਾਂਦਾ ਸੀ ਤਾਂ ਬਹੁਤ ਸ਼ਰਮਿੰਦਾ ਹੋ ਜਾਂਦੇ ਸਨਦੁਨੀਆਂ ਵਿਚ ਕ੍ਰਰੋੜਾਂ ਇਸਤਰੀਆਂ ਆਪਣੇ ਪਤੀਆਂ ਦੀਆਂ ਪਤਨੀਆਂ ਬਣ ਕੇ ਮਜ਼ੇ ਨਾਲ ਰਹਿੰਦੀਆਂ ਹਨਇਹਨਾਂ ਨੂੰ ਘਟੀਆਪਨ ਦਾ ਅਹਿਸਾਸ ਨਹੀਂ ਹੁੰਦਾਮਰਦ ਦੇ ਕੰਨ ਵਿਚ ਪੈਦਾ ਹੁੰਦਿਆਂ ਹੀ ਫ਼ੂਕ ਮਾਰ ਦਿੱਤੀ ਜਾਂਦੀ ਹੈ ਕਿ ਉਹ ਸਰਵ-ਉਤੱਮ ਹੈ ਅਤੇ ਉਸਦ ਭੋਲਾਪਨ ਵੇਖੋ ਕਿ ਉਹ ਸੱਚ-ਮੁੱਚ ਹੀ ਯਕੀਨ ਕਰ ਲੈਂਦਾ ਹੈ ਕਿ ਉਹ ਸੰਸਾਰ ਦੀ ਲਾਇਕ ਤੋਂ ਲਾਇਕ ਔਰਤ ਨਾਲੋਂ ਵੀ ਉੱਚਾ ਹੈਸਿਰਫ਼ ਇਸ ਲਈ ਕਿ ਉਹ ਮਰਦ ਹੈਫਿਰ ਜਦੋਂ ਇਸਨੂੰ ਆਪਣੇ ਤੋਂ ਵੱਧ ਪੜ੍ਹੀ-ਲਿਖੀ ਅਤੇ ਅਕਲਮੰਦ ਇਸਤਰੀ ਮਿਲਦੀ ਹੈ ਤਾਂ ਉਹ ਉਸ ਨੂੰ ਨਫ਼ਰਤ ਕਰਦਾ ਹੈਕਿਉਂਕਿ ਉਹ ਇਸ ਵੇਲੇ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦਾਕੀ ਮੇਰਾ ਰਸੋਈਆ ਕੇਵਲ ਇਸ ਲਈ ਮੈਡਮ ਕਿਊਰੀ ਤੋਂ ਉਤੱਮ ਹੋ ਸਕਦਾ ਹੈ ਕਿ ਉਹ ਮਰਦ ਦੀ ਨਸਲ ਤੋਂ ਹੈ ਜਿਸਨੂੰ ਆਮ ਤੌਰ ਤੇ ਔਰਤ ਤੋਂ ਉਤੱਮ ਸਮਝਿਆ ਗਿਆ ਹੈ? ਪਰ ਜੇਕਰ ਯਕੀਨ ਨਾ ਆਵੇ ਤਾਂ ਆਪਣੇ ਰਸੋਈਏ ਜਾਂ ਧੋਬੀ ਨੂੰ ਪੁੱਛ ਲੈਣਾਇਹੀ ਕਹੇਗਾ ਕਿ ਔਰਤ ਕਦੇ ਵੀ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ!

ਇੱਕ ਹੋਰ ਸਾਹਿਬ ਫੁਰਮਾਉਂਦੇ ਹਨ: 'ਜੇਕਰ ਇਸਤਰੀ ਦੇ ਦਿੱਲ ਨੂੰ ਚੀਰਿਆ ਜਾਵੇ ਤਾਂ ਇਸ ਵਿਚ ਸਬਰ-ਸਬੂਰੀ, ਬਰਦਾਸ਼ਤ, ਲੁਕਵੀਆਂ ਕੁਰਬਾਨੀਆਂ ਕਰਨ ਦਾ ਮਾਦਾ ਅਤੇ ਹੋਰ ਨਜ਼ਰ ਨਾ ਆਉਣ ਵਾਲੀਆਂ ਖੂਬੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਹੋਵੇਗਾ'

ਬਈ ਹੱਦ ਹੈਮੈਂ ਇਕ ਮਰਦ ਡਾਕਟਰ ਨੂੰ ਪੁੱਛਿਆ ਤਾਂ ਉਹ ਕਹਿੰਦੇ ਹਨ: 'ਸਭ ਬਕਵਾਸ ਹੈਔਰਤ ਤੇ ਮਰਦ ਦੇ ਦਿੱਲ ਦੀ ਸ਼ਕਲ ਬਿਲਕੁਲ ਇੱਕੋ ਜਿਹੀ ਹੁੰਦੀ ਹੈ ਅਤੇ ਇਸ ਵਿੱਚੋਂ ਕੋਈ 'ਅਵਾ-ਤਵਾ' ਚੀਜ਼ਾਂ ਨਹੀਂ ਨਿਕਲਦੀਆਂ' ਲਉ ਸੁਣੋ, ਉਹੀ ਡਾਕਟਰ ਸਾਹਿਬ ਕਹਿੰਦੇ ਨੇ--ਔਰਤ ਮਰਦ ਨਾਲੋਂ ਜਿ਼ਆਦਾ ਸਿਆਣੀ ਨਹੀਂ ਹੁੰਦੀਇਹ ਤਾਂ ਤਰਬੀਅਤ ਉਤੇ ਆਧਾਰਿਤ ਹੈਵਿੱਦਿਆ ਅਤੇ ਸਿਖਲਾਈ ਮਰਦ ਅਤੇ ਔਰਤ ਦੋਹਾਂ ਉਤੇ ਇੱਕੋ ਜਿਹਾ ਅਸਰ ਕਰਦੀ ਹੈ

ਇਕ ਹੋਰ ਸਾਹਿਬ ਫੁਰਮਾਉਂਦੇ ਹਨ: 'ਜਦੋਂ ਬੱਚਾ ਪਹਿਲੀ ਬਾਰ ਮਾਂ ਦੀ ਛਾਤੀ ਤੋਂ ਦੁੱਧ ਪੀਂਦਾ ਹੈ ਤਾਂ ਉਹ ਆਨੰਦ ਨਾਲ ਲਾਲ ਹੋ ਕੇ ਕੰਬਣ ਲੱਗਦੀ ਹੈ'

ਇਸਤਰੀਆਂ ਨੇ ਝੱਟ ਹੀ ਤਾੜ ਲਿਆ ਹੋਵੇਗਾ ਕਿ ਫੁਰਮਾਉਣ ਵਾਲਾ ਸਾਹਿਬ 'ਮਰਦ' ਹੈਉਸਨੇ ਜੋ ਕੁਝ ਲਿਖਿਆ ਕੇਵਲ ਸੁਣਿਆ-ਸੁਣਾਇਆ ਹੋਇਆ ਹੈਪੂਰੇ ਯਕੀਨ ਨਾਲ ਆਖਿਆ ਜਾ ਸਕਦਾ ਹੈ ਕਿ ਉਸਨੇ ਖ਼ੁੱਦ ਕਦੇ ਵੀ ਕਿਸੇ ਬੱਚੇ ਨੂੰ (ਆਪਣੀ ਛਾਤੀ ਤੋਂ) ਦੁੱਧ ਨਹੀਂ ਪਿਲਾਇਆਉਹ ਨਹੀਂ ਜਾਣਦਾ ਕਿ ਬੱਚਾ ਜਦੋਂ ਪਹਿਲੀ ਬਾਰ ਦੁੱਧ ਪੀਂਦਾ ਹੈ ਤਾਂ ਮਾਂ ਨੂੰ ਕਿੰਨੀ ਤਕਲੀਫ ਹੁੰਦੀ ਹੈਮਾਂ, ਜਿਹੜੀ 'ਲਾਲ' ਹੋ ਕੇ ਕੰਬ ਰਹੀ ਹੋਵੇਗੀ, ਬਿਲਕੁਲ ਵੀ ਪਿਆਰ ਜਾਂ ਰਾਹਤ ਕਾਰਨ ਨਹੀਂ ਕੰਬ ਰਹੀ ਹੋਵੇਗੀਦਰਦ ਕਾਰਨ ਰੰਗ ਬਦਲ ਗਿਆ ਹੋਵੇਗਾ

ਇਹ ਮੈਂ ਇਸ ਲਈ ਕਹਿ ਰਹੀ ਹਾਂ ਕਿ ਮਰਦ ਖ਼ਾਹ-ਮਖ਼ਾਹ ਉਲਟੇ-ਸਿੱਧੇ ਬਿਆਨ ਠੋਕਦੇ ਰਹਿੰਦੇ ਹਨਇੰਨਾ ਵੀ ਨਹੀਂ ਸੋਚਦੇ ਕਿ ਹੁਣ ਔਰਤਾਂ ਵੀ ਉਹਨਾਂ ਦੇ ਆਖੇ ਅਨੁਸਾਰ ਹੀ ਕੇਵਲ ਔਰਤਾਂ ਨਹੀਂ ਰਹੀਆਂਬਹੁਤ ਸਾਰੀ ਜਾਣਕਾਰੀ ਹਾਸਲ ਕਰਨ ਲੱਗ ਪਈਆਂ ਹਨਹੁਣ ਅਜਿਹੇ ਘਿੱਸੇ-ਪਿਟੇ ਵਾਕਾਂ ਨਾਲ ਧੋਖੇ ਵਿਚ ਨਹੀਂ ਆਉਣਗੀਆਂਸਿੱਧੀ-ਸਾਦੀ ਅਕਲ ਦੀ ਗੱਲ ਕਰੋਔਰਤਾਂ ਨੂੰ ਔਰਤਾਂ ਨਾਲੋਂ ਜਿ਼ਆਦਾ ਸਮਝਣ ਦਾ ਦਾਅਵਾ ਨਾ ਕਰੋ ਤਾਂ ਠੀਕ ਰਹੇਗਾਮੁਫ਼ਤ ਵਿਚ ਤੁਹਾਡਾ ਪੋਲ ਖੁਲ੍ਹ ਜਾਵੇਗਾਵੱਡੇ ਤੇ ਛੋਟੇ ਦੇ ਝਗੜੇ ਵਿਚ ਪੈ ਕੇ ਸਮਾਂ ਬਰਬਾਦ ਕਰਨ ਦੀ ਵੇਹਲ ਤੁਹਾਨੂੰ ਕਿੱਥੋਂ ਮਿਲ ਗਈਰੰਗ, ਨਸਲ ਅਤੇ ਇਸਤਰੀ-ਮਰਦ ਦਾ ਭਿੰਨ-ਭੇਦ ਬੜੀ ਤੇਜ਼ੀ ਨਾਲ ਮਿੱਟ ਰਿਹਾ ਹੈਸਨਅੱਤ ਅਤੇ ਵਿੱਦਿਆ ਦੇ ਖੇਤਰ ਵਿੱਚ ਸੰਸਾਰ ਬੜੀ ਤੇਜ਼ੀ ਨਾਲ ਵੱਧ ਰਿਹਾ ਹੈਹੁਣ ਕੰਮ ਕਰਨ ਵਾਲਿਆਂ ਦੀ ਮੰਗ ਵੱਧ ਰਹੀ ਹੈਹਰ ਖੇਤਰ ਵਿਚ ਔਰਤ ਨੂੰ ਮਰਦ ਦਾ ਹੱਥ ਵਟਾਉਣਾ ਪੈ ਰਿਹਾ ਹੈ

ਪੱਛਮੀ ਇਸਤਰੀਆਂ, ਹਜ਼ਾਰਾਂ ਕਿਸਮ ਦੀਆਂ ਘਰੇਲੂ ਮਸ਼ੀਨਾਂ ਦੇ ਹੁੰਦਿਆਂ-ਸੁੰਦਿਆਂ, ਰੋਜੀ ਕਮਾਉਣ ਲਈ ਮਜ਼ਬੂਰ ਹਨਇਸ ਲਈ ਖਾਨਾਦਾਰੀ ਦੇ ਕੰਮਾਂ ਵਿਚ ਅਤੇ ਬੱਚਿਆਂ ਦੀ ਪਾਲਣਾ ਕਰਨ ਵਿਚ ਮਰਦਾਂ ਨੂੰ ਬਰਾਬਰ ਸਹਾਇਤਾ ਕਰਨੀ ਪੈਂਦੀ ਹੈਜੇਕਰ ਪਤਨੀ ਰਕਾਬੀਆਂ ਧੋਂਦੀ ਹੈ ਤਾਂ ਪਤੀ ਝਾੜੂ ਦਿੰਦਾ ਹੈਪਤਨੀ ਬਿਸਤਰਾ ਲਗਾਉਂਦੀ ਹੈ ਤਾਂ ਪਤੀ ਬੱਚੇ ਨੂੰ ਦੁੱਧ ਦੀ ਬੋਤਲ ਤਿਆਰ ਕਰਕੇ ਪਿਲਉਂਦਾ ਹੈਦੋਵੇਂ ਮਿਲ ਕੇ ਨਾਸ਼ਤਾ ਅਤੇ ਭੋਜਨ ਬਣਾਉਂਦੇ ਹਨਬੱਚਿਆਂ ਨੂੰ ਤਿਆਰ ਕਰਦੇ ਹਨ ਫਿਰ ਆਪੂੰ ਕੰਮ ਤੇ ਜਾਂਦੇ ਹਨਜਿਹੜੀ ਇਸਤਰੀ ਕੰਮ ਤੇ ਨਹੀਂ ਜਾਂਦੀ, ਉਹ ਵਿਹਲੀ ਬੈਠ ਕੇ ਗੱਪਾਂ ਨਹੀਂ ਮਾਰਦੀਧੁਲਾਈ ਕਰਦੀ ਹੈ, ਕਪੜੇ ਇੱਸਤਰੀ ਕਰਦੀ ਹੈ ਅਤੇ ਘਰ ਲਈ ਸੌਦਾ ਖਰੀਦ ਲਿਆਉਂਦੀ ਹੈਸਮਾਂ ਬੱਚ ਜਾਂਦਾ ਹੈ ਇਸ ਲਈ 'ਪਾਰਟ-ਟਾਈਮ' ਕੰਮ ਵੀ ਕਰਦੀ ਹੈਇਸ ਦੇ ਬਾਵਜ਼ੂਦ ਇਹ ਹਾਲ ਹੈ ਕਿ ਮੁਸ਼ਕਲ ਨਾਲ ਪੂਰੀ ਪੈਂਦੀ ਹੈ

ਪਰ ਸਾਡੇ ਇੱਥੋਂ (ਭਾਰਤ) ਦੇ ਮਰਦ, ਲੰਬੇ-ਚੌੜੇ ਬਿਆਨਾਂ ਦੀ ਲਾਠੀ ਲੈ ਕੇ ਇਸਤਰੀਆਂ ਨੂੰ ਹਕ ਰਹੇ ਹਨਚਾਹੇ ਜਿੰਨੀ ਮਰਜ਼ੀ ਤੰਗੀ-ਤੁਰਸ਼ੀ ਹੋਵੇ, ਪਤਨੀ ਘਰ ਦੀ 'ਜ਼ੀਨਤ' ਬਣੀ ਬੈਠੀ ਰਹੇਪਤੀ ਚਰਖ਼ਾ ਹੋ ਜਾਣਗੇ ਪਰ ਨੱਕ ਸਲਾਮਤ ਰਹੇਪਤਨੀ, ਇਸਤਰੀ-ਪਨ ਦਾ ਪਟਾਰਾ ਸੰਭਾਲੀ ਬੈਠੀ ਰਹੇਭਾਵੇਂ ਬੱਚਿਆਂ ਨੂੰ ਫੀਸ ਨਾ ਲਿਆਉਣ 'ਤੇ ਸ਼ਰਮਿੰਦਾ ਹੋਣਾ ਪਵੇਬਾਣੀਆ ਕਰਜ਼ ਮੰਗ ਮੰਗ ਕੇ ਭਾਵੇਂ ਪਤੀ ਦੀ 'ਬੋਲਦੀ' ਬੰਦ ਕਰਾ ਦੇਵੇ ਪਰ ਕਿਉਂਕਿ ਕੋਈ ਵੱਡੇ 'ਮੀਆਂ' ਕਹਿ ਮਰੇ ਹਨ ਕਿ: 'ਔਰਤ ਦੀ ਦੁਨੀਆਂ ਇਸਦਾ ਘਰ ਹੈ' ਤਾਂ ਬਸ ਔਰਤਾਂ ਲਕੀਰ ਦਾ ਫ਼ਕੀਰ ਬਣ ਕੇ 'ਘਰ ਦਾ, ਘਰ ਦਾ' ਕਰਦੀਆਂ ਰਹਿਣਗੀਆਂ

ਸਭ ਤੋਂ ਵੱਧ ਵੱਡੇ ਵੱਡੇ ਕਥਨ ਔਰਤਾਂ ਦੀ ਪਵਿੱਤਰਤਾ ਅਤੇ ਨੇਕੀ ਬਾਰੇ ਕਹੇ ਗਏ ਹਨ

ਫੁਰਮਾਉਂਦੇ ਹਨ ਕਿ 'ਔਰਤ ਨੂੰ ਕੁੱਦਰਤ ਨੇ ਕੁਝ ਇਸ ਤਰ੍ਹਾਂ ਬਣਾਇਆ ਹੈ ਕਿ ਉਹ ਕੇਵਲ ਇੱਕ ਨੂੰ ਹੀ ਪਿਆਰ ਕਰਦੀ ਹੈ ਅਤੇ ਉਸੇ ਉਤੇ ਕੁਰਬਾਨ ਹੋ ਜਾਂਦੀ ਹੈ'

ਅਤੇ ਮਰਦ!

"ਮਰਦ ਦੀ ਖ਼ਸਲਤ ਵਿਚ 'ਅਨੇਕਤਾ' ਹੈਉਹ ਹਰ ਵੇਲੇ ਨਵੀਂ ਔਰਤ ਵਲਾਂ ਖ੍ਹਿਚਿਆ ਜਾਂਦਾ ਹੈ।"

ਕਿਉਂ ਸ੍ਰੀਮਾਨ ਜੀ ਇਹ ਖ਼ਬਰ ਤੁਹਾਨੂੰ ਕਿਸਨੇ ਦਿੱਤੀ? ਔਰਤ ਦੀ ਖਸਲਤ ਵੀ ਆਪਣੇ ਮਤਲਬ ਅਨੁਸਾਰ ਢਾਲ ਲਈ ਗਈ ਤਾਂ ਜੋ ਤੁਸੀਂ ਤਸੱਲੀ ਨਾਲ ਖਸਲਤ ਦੇ ਸਿਰ ਦੋਸ਼ ਥੱਪ ਕੇ 'ਰੰਡੀ-ਬਾਜ਼ੀ' ਕਰੋ ਅਤੇ ਪਤਨੀ ਦੇ ਪੈਰਾਂ ਵਿਚ ਇਸ ਦੀਆਂ ਬੇੜੀਆਂ ਪਾ ਦਿਉ ਕਿ ਉਹ ਕੁਦਰਤ ਦੇ ਵਿਰੁੱਧ ਗੱਲ ਕਰਕੇ, ਗਵਾਂਢੀ ਨਾਲ ਦੀਦੇ ਨਾ ਲੜਾਉਣ ਲੱਗੇ ਅਤੇ ਇਸ ਤਰਾਂ 'ਇਸਤਰੀਤਵ' ਨਾ ਗੰਵਾ ਬੈਠੇਹੋਰ ਤਾਂ ਹੋਰ ਕੁਦਰਤ ਨੂੰ ਵੀ ਮਰਦ ਇਸ ਸਾਜ਼ਸ਼ ਵਿਚ ਘਸੀਟ ਲਿਆਏਹਾਲਾਂਕਿ ਇਹ ਹਥਿਆਰ ਕਦੇ ਵੀ ਕਾਰਗਰ ਸਾਬਤ ਨਹੀਂ ਹੋਇਆਔਰਤ ਨੇ ਅੱਖਾਂ ਲੜਾਉਣੀਆਂ ਚਾਹੀਆਂ ਤਾਂ ਮਰਦਾਂ ਨੂੰ ਪਤਾ ਵੀ ਨਾ ਚੱਲਿਆਉਹ, ਇਹੀ ਸਮਝਦੇ ਰਹੇ ਕਿ ਔਰਤਾਂ ਨੇਕ ਅਤੇ ਪਵਿੱਤਰ ਹਨਇਹ ਇਹਨਾਂ ਦੀ ਖ਼ਸਲਤ ਹੈਫਿਰ ਕੀ ਡਰ ਹੈ? ਪਰ ਕੋਈ ਇਹਨਾਂ ਨੂੰ ਪੁੱਛੇ ਕਿ ਤੁਹਾਨੂੰ ਕਿਸ ਨੇ ਆਖਿਆ ਕਿ ਔਰਤ ਕੇਵਲ ਇੱਕ ਬਾਰ ਹੀ ਪਿਆਰ ਕਰਦੀ ਹੈ?

ਇਹ ਸਭ ਢਕੌਂਸਲੇ ਦੀਆਂ ਗੱਲਾਂ ਹਨਜ਼ਮਾਨਾ ਬਦਲ ਰਿਹਾ ਹੈ ਅਤੇ ਅਜਿਹੇ ਬਿਆਨਾਂ ਦੇ ਰੋਕਿਆਂ, ਰੁਕਣ ਵਾਲਾ ਨਹੀਂਜਿ਼ੰਦਗੀ ਦੀਆਂ ਕਦਰਾਂ ਚੰਗੇ ਜਾਂ ਮੰਦੇ ਰਾਹ ਬਦਲ ਕੇ ਹੀ ਰਹਿਣਗੀਆਂ ਭਾਵੇਂ ਅਸੀਂ ਜਿਨਾਂ ਵੀ ਮਾਤਮ ਕਰੀਏਸਿਰ ਪਿੱਟੀਏਹਾਲਤਾਂ, ਇਸਤਰੀ ਨੂੰ ਘਰਾਂ ਵਿਚ ਸ਼ਾਂਤੀ ਨਾਲ ਨਹੀਂ ਬੈਠਣ ਦੇਣਗੀਆਂਸਾਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਮਜ਼ਬੂਰੀ-ਵਸ ਅਸੀਂ ਆਪਣੀ ਭੈਣ, ਧੀ, ਮਾਂ ਅਤੇ ਪਤਨੀ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ ਲਈ ਭੇਜਣ ਵਾਸਤੇ ਮਜ਼ਬੂਰ ਹੋ ਜਾਵਾਂਗੇ ਤਾਂ ਸਾਨੂੰ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਿਖਲਾਈ ਦੇਣੀ ਚਾਹੀਦੀ ਹੈਕੀ ਅਸੀਂ ਇਹਨਾਂ ਨੂੰ ਪੁਰਾਣੇ ਕੌਲਾਂ ਅਨੁਸਾਰ ਸ਼ਰਮ ਤੇ ਹਿਆ ਨੂੰ ਕਾਇਮ ਰੱਖਣ ਲਈ ਹਰ ਵੇਲੇ 'ਨਾਰੀ' ਹੋਣ ਦੇ ਅਹਿਸਾਸ ਵਿਚ ਹੀ ਗ਼ਰਕ ਰਹਿਣ ਦਾ ਪਾਠ(ਸਬਕ) ਪੜ੍ਹਾਈਏਜਾਂ ਇਹ ਸਮਝਾਈਏ ਕਿ ਜਦੋਂ ਕੰਮ ਤੇ ਜਾਉ ਤਾਂ ਆਪਣੀ ਨਸਵਾਨੀਅਤ, ਨਾਰੀ-ਕੋਮਲਤਾ ਅਤੇ ਨਾਜ਼-ਨਖ਼ਰੇ, ਨਾਲ ਨਾ ਲੈ ਕੇ ਜਾਉਉਥੇ 'ਔਰਤ' ਹੋਣ ਦੇ ਬਲ ਬੂਤੇ ਤੇ ਨਹੀਂ ਸਗੋਂ ਆਪਣੀ ਮਿਹਨਤ ਨਾਲ ਕੰਮ ਕਰੋਚੰਗਾ ਤਾਂ ਇਹ ਹੈ ਕਿ ਤੁਹਾਡੇ ਨਾਲ ਕੰਮ ਕਰਨ ਵਾਲੇ ਇਹ ਮਹਿਸੂਸ ਹੀ ਨਾ ਕਰਨ ਕਿ ਤੁਸੀਂ ਔਰਤ ਹੋਸਗੋਂ ਤੁਹਾਨੂੰ ਆਪਣਾ ਸਾਥੀ ਸਮਝ ਕੇ ਕੰਮ ਨਾਲ ਕੰਮ ਰੱਖਣਆਖ਼ਰ ਉਹ ਮਰਦ ਹਨ ਤੇ ਤੁਸੀਂ ਔਰਤਇਸ ਗੱਲ ਨੂੰ ਜਾਣ ਜਾਣ ਕੇ ਨਾ ਜਤਾਉ ਤਾਂ ਜੋ ਤੁਹਾਡਾ ਦੋਹਾਂ ਦਾ ਜ਼ਹਿਨੀ ਸਕੂਨ ਕਾਇਮ ਰਹੇ ਅਤੇ ਇੱਕ ਦੂਜੇ ਵਲਾਂ ਖ੍ਹਿਚੇ ਜਾਣ ਦੀ ਥਾਂ ਤੁਹਾਡਾ ਧਿਆਨ ਕੰਮ ਵਲਾਂ ਲੱਗੇ

ਪੱਛਮੀ ਔਰਤਾਂ ਮਰਦਾਂ ਦੇ 'ਮੋਢੇ ਨਾਲ ਮੋਢਾ' ਲਾ ਕੇ ਬਰਾਬਰ ਕੰਮ ਕਰਦੀਆਂ ਹਨ ਪਰ ਨਾਲ ਹੀ ਲੋੜੋਂ ਵੱਧ ਆਪਣੇ ਔਰਤ ਹੋਣ ਦਾ ਢੋਲ ਪਿੱਟਦੀਆਂ ਹਨਪੱਲ ਪੱਲ ਮਗਰੋਂ ਮੇਕ-ਅਪ ਕਰਦੀਆਂ ਹਨਵਾਲ ਸੰਵਾਰਦੀਆਂ ਹਨ ਅਤੇ 'ਡੇਟ' ਭਾਵ ਸੱਦਾ-ਪੱਤਰ ਹਾਸਲ ਕਰਨ ਲਈ ਉਹ ਸਾਰੇ ਨਾਜ਼-ਨਖ਼ਰਾਲੂ ਢੰਗ ਵਰਤਦੀਆਂ ਹਨ ਜਿਹੜੇ ਕਿ ਅਖ਼ਬਾਰਾਂ ਅਤੇ ਰਸਾਲਿਆਂ ਰਾਹੀਂ ਇਹਨਾਂ ਤੱਕ ਪਹੁੰਚਦੇ ਹਨਉਥੋਂ ਦੇ ਰਸਾਲਿਆਂ-ਮੈਗ਼ਜ਼ੀਨਾਂ ਵਿਚ ਹਜ਼ਾਰਾਂ ਬਨਾਵਟੀ ਵਸਤਾਂ ਅਤੇ ਖ਼ੁਸ਼ਬੂਆਂ ਕੇਵਲ ਬੰਦਿਆਂ ਨੂੰ ਫਸਾਉਣ ਲਈ ਜ਼ਾਹਿਰ ਕੀਤੀਆਂ ਜਾਂਦੀਆਂ ਹਨਉਥੋਂ ਦੀਆਂ  ਔਰਤਾਂ ਦੇ ਦਿਲਾਂ ਵਿਚ ਇਹ ਬਿਠਾ ਦਿੱਤਾ ਗਿਆ ਹੈ ਕਿ ਇਹਨਾਂ ਦੀ ਜਿ਼ੰਦਗੀ ਦਾ ਮਕਸਦ ਹੈ ਕਿ ਇਹਨਾਂ ਨੂੰ ਕੋਈ ਚਾਹੇਇਹਨਾਂ ਨਾਲ ਵਿਆਹ ਕਰਕੇ ਬੱਚੇ ਬਖਸ਼ੇਪਰ ਕਿੰਨੀਆਂ ਲੜਕੀਆਂ ਹਨ ਜਿਹੜੀਆਂ ਰਸਾਲਿਆਂ ਦੇ ਦੱਸੇ ਹੋਏ ਨੁਸਖਿ਼ਆਂ ਨੂੰ ਵਰਤਕੇ ਜਿ਼ੰਦਗੀ ਦੇ ਇਹਨਾਂ ਸੁਪਨਿਆਂ ਨੂੰ ਸਾਕਾਰ ਕਰ ਲੈਂਦੀਆਂ ਹਨਜਿ਼ਆਦਾ ਤਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਮਰਦਾਂ ਨੂੰ ਵਰਗਲਾਉਂਦੀਆਂ ਹਨ ਅਤੇ ਖ਼ੁੱਦ ਉਹਨਾਂ ਦਾ ਸਿ਼ਕਾਰ ਹੋ ਜਾਂਦੀਆਂ ਹਨਅਤੇ ਸਾਰੀ ਉੱਮਰ ਪਰੀਆਂ ਦੇ ਸ਼ਹਿਜ਼ਾਦੇ ਦੀ ਉਡੀਕ ਵਿਚ ਗੁਜ਼ਾਰ ਦਿੰਦੀਆਂ ਹਨਜਿਸ ਦੇਸ਼ ਦੀਆਂ ਔਰਤਾਂ ਚਿੱਤ ਭਰਮਾਉਣੇ ਬਿੱਖਰੇ ਖਿ਼ਆਲਾਂ ਵਾਲੀਆਂ ਅਤੇ ਨਾ-ਮੁਰਾਦ ਹੋਣ ਉਥੋਂ ਦੇ ਬੱਚੇ ਕਿਉਂ ਨਾ 'ਟੈਡੀ' ਬਨਣਗੇ ਅਤੇ ਬੱਚੀਆਂ ਕਿਉਂ ਨਾ ਆਪਣੀ ਨਸਵਾਨੀਅਤ ਦਾ ਰੋਅਬ ਜਮਾਉਣਗੀਆਂ

ਮੈਂ ਰੂਸ ਵਿਚ ਔਰਤਾਂ ਨੂੰ ਹਰ ਕਿੱਤੇ ਵਿੱਚ ਕੰਮ ਕਰਦਿਆਂ ਵੇਖਿਆਕਿਸੇ ਦੇ ਮੂੰਹ ਉਤੇ ਨਾ ਕੋਈ ਮੇਕ-ਅਪ ਸੀ ਅਤੇ ਨਾ ਹੀ ਉਹਨਾਂ ਦੇ ਵਾਲ ਸੰਵਾਰੇ ਹੋਏ ਸਨਜਿ਼ਆਦਾ ਨੇ ਤਾਂ ਬਿਲਕੁਲ ਮਰਦਾਂ ਵਾਂਗ ਹੀ ਵਰਦੀਆਂ ਪਾਈਆਂ ਹੋਈਆਂ ਸਨ ਕਿ ਪਹਿਚਾਨਣਾ ਔਖਾ ਸੀਬਿਲਕੁਲ ਮਰਦ ਲੱਗ ਰਹੀਆਂ ਸਨਮੈਂਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ 'ਇਸਤਰੀਅਤ' ਦਾ ਖੂੰਨ ਹੋ ਰਿਹਾ ਹੈ

ਮੈਂ ਪੁੱਛਿਆ ਤਾਂ ਸਾਡੀ ਸਾਥਣ ਨੇ ਦੱਸਿਆ ਕਿ 'ਅਸੀਂ ਨਹੀਂ ਚਾਹੁੰਦੇ ਕਿ ਕੰਮ ਦੇ ਵੇਲੇ ਕੋਈ 'ਨਸਵਾਨੀਅਤ' ਜਾਂ 'ਮਰਦਾਨਗੀ' ਦੀ ਨੁਮਾਇਸ਼ ਕਰੇ'

'ਕਿਉ? ਤਦ ਤਾਂ ਇਹ ਮਸ਼ੀਨ ਬਣ ਜਾਣਗੀਆਂ'

"ਇਹ ਤਾਂ ਹੋਰ ਵੀ ਚੰਗਾ ਹੈਤੁਸੀਂ ਕੀ ਮਸ਼ੀਨ ਨੂੰ ਕੋਈ ਘਟੀਆਂ ਸਮਝਦੇ ਹੋ? ਕੀ ਹੱਥਾਂ ਦੀਆਂ ਬਣਾਈਆਂ ਮਸ਼ੀਨਾਂ ਪੱਥਰ ਤੋਂ ਤਰਾਸ਼ੇ ਬੁੱਤ ਨਾਲੋਂ ਕੁਝ ਘੱਟ ਪਵਿੱਤਰ ਹਨ? ਜੇਕਰ ਉਹ ਪੱਥਰ ਸਾਡੀ ਸੁਣਦਾ ਹੈ ਤਾਂ ਇਹ ਮਸ਼ੀਨਾਂ ਵੀ ਸਾਡੀਆਂ ਅੰਨ-ਦਾਤਾ ਹਨਸਾਨੂੰ ਗਾਵਾਂ-ਬਲਦਾਂ ਨਾਲੋਂ ਜਿ਼ਆਦਾ ਪਿਆਰੀਆਂ ਹਨਕਿਉਂਕਿ ਇਹਨਾਂ ਨੂੰ ਅਸੀਂ ਆਪੂੰ ਬੜੇ ਪਿਆਰ ਨਾਲ ਬਣਾਇਆ ਹੈਹੁਣ ਜੇਕਰ ਅਸੀਂ ਇਹਨਾਂ ਜਿਹੇ ਹੋ ਜਾਈਏ ਅਤੇ ਇੰਨੀ ਹੀ ਸ਼ਰਾਫਤ ਅਤੇ ਈਮਾਨਦਾਰੀ ਨਾਲ ਕੰਮ ਕਰੀਏ ਤਾਂ ਸਾਡੇ ਜੀਵਨ ਦਾ ਮਕਸਦ ਪੂਰਾ ਹੋ ਜਾਵੇਇਹਨਾਂ ਮਸ਼ੀਨਾਂ ਵਿਚ ਨਾ ਔਰਤਾਂ ਹਨ ਅਤੇ ਨਾ ਹੀ ਮਰਦਇੰਝ ਹੀ ਇਹਨਾਂ ਨੂ ਚਲਾਉਣ ਵਾਲਿਆਂ ਦੀ ਵੀ ਕੋਈ ਲੋੜ ਨਹੀਂਸਭ ਮਜ਼ਦੂਰ ਨੇ ਸਭ ਮਸ਼ੀਨਾਂ-"

ਪਰ ਰਾਤ ਨੂੰ ਅਤਿੱਥੀ-ਭੋਜ ਸਮੇਂ ਮੈਂ ਵੇਖਿਆ ਇਹਨਾਂ ਮਸ਼ੀਨਾਂ ਵਿਚ ਜਾਨ ਪੈ ਗਈ ਸੀਜੀਵਨ ਅਤੇ ਇਨਸਾਨੀਅਤ ਦਾ ਹੱਕ ਭਰਪੂਰ ਤਰੀਕੇ ਨਾਲ ਅਦਾ ਹੋ ਰਿਹਾ ਸੀ

ਕਾਰਖਾਨੇ ਵਿਚ ਕਿਤੇ ਲੋਹਾ ਗਾਲ਼ਣ ਦੀਆਂ ਮਸ਼ੀਨਾਂ ਸਨ, ਕਿਤੇ ਢਾਲਣ ਦੀਆਂ, ਕਿਤੇ 'ਮਾਸ਼ਾ' ਸੀ ਤਾਂ ਕਿਤੇ ਨਤਾਸ਼ਾਸੀਇੱਕ ਪਾਸੇ ਪੁਰਜ਼ੇ ਢਾਲਣ ਦੀਆਂ ਮਸ਼ੀਨਾਂ ਸਨ ਤਾਂ ਦੂਜੇ ਪਾਸੇ 'ਯੂਰੀ' ਸੀ  ਅਤੇ 'ਵੀਰਾ' ਸੀ

ਪਰ ਬਾਲਸ਼ਵਾਈ ਥੀਏਟਰ ਵਿਚ ਯੂਰੀ ਦੀ ਬਾਂਹ ਨਾਦੀਆਦੀ ਕਮਰ ਦੁਆਲੇ ਸੀ ਅਤੇ ਨਤਾਸ਼ਾ’, ‘ਰੋਮਨੀਊਫ਼ਦੇ ਦਿਲ ਵਿਚ ਆਪਣੇ ਨਸ਼ੀਲੇ ਨੈਣਾਂ ਦੇ ਤੀਰ ਉਤਾਰਨ ਵਿਚ ਮਗਨ ਸੀਔਰਤ ਜੇਕਰ, ਥਾਂ ਅਤੇ ਮੌਕਾ ਵੇਖਕੇ 'ਇਸਤਰੀਪਨ' ਵਿਖਾਵੇ ਤਾਂ ਸਜਦਾ ਹੈਇਹ ਕੀ ਕਾਲਜਾਂ, ਦਫ਼ਤਰਾਂ ਅਤੇ ਵਿਭਾਗਾਂ ਵਿਚ 'ਨਸਵਾਨੀਅਤ' ਦੀ ਪੋਟਲੀ ਸਮੇਟੀ ਜਾ ਰਹੀ ਹੈ

ਜਦੋਂ ਇਹ ਪਤਾ ਹੈ ਕਿ ਅੱਜ ਨਹੀਂ ਤਾਂ ਕਲ੍ਹ ਔਰਤਾਂ ਨੇ ਮਰਦਾਂ ਦੇ ਨਾਲ ਹੀ ਕੰਮ ਕਰਨਾ ਹੈ ਤਾਂ ਸਾਨੂੰ ਇਹ ਕਥਨ ਭੁੱਲ ਕੇ ਨਵੇਂ ਕਥਨ/ਕੌਲ ਬਨਾਉਣੇ ਪੈਣਗੇ:-

(1) ਕਾਲਜ ਅਤੇ ਸਕੂਲ ਵਿਚ ਤੂੰ ਨਾ ਮਾਂ ਹੈਂ ਨਾ ਧੀ ਅਤੇ ਨਾ ਹੀ ਪ੍ਰੇਮਿਕਾ--ਕੇਵਲ ਵਿਦਿਆਰਥਣ ਹੈਂ ਅਤੇ ਬਾਕੀ ਪਰੋਫੈਸਰ ਅਤੇ ਵਿਦਿਆਰਥੀ/ਵਿਦਿਆਰਥਣਾਂ

(2) ਦਫ਼ਤਰ ਵਿਚ ਨਾ ਤੂੰ ਮੁਹਬੱਤ ਵਿਚ ਬਾ-ਵਫ਼ਾ ਹੈਂ ਅਤੇ ਨਾ ਹੀ ਬੇ-ਵਫ਼ਾਸਿੱਧੀ ਤਰ੍ਹਾਂ ਕੰਮ ਕਰ ਅਤੇ ਨਖ਼ਰੇ ਭੁੱਲ ਜਾ

(3) ਆਲੇ-ਦੁਆਲੇ ਜਿਹੜੇ ਲੋਕ ਬੈਠੇ ਹਨ ਸਭ ਇਨਸਾਨ ਹਨ: ਨਾ ਮਰਦ ਹਨ ਅਤੇ ਨਾ ਹੀ ਔਰਤਾਂਅਫਸਰ ਹਨ ਜਾਂ ਕਲਰਕ, ਆਹ ਮੇਜ ਹੈ, ਔਹ ਕੁਰਸੀ ਅਤੇ ਚਪੜਾਸੀਤੁਸੀਂ ਨਾ ਕਮਜ਼ੋਰ ਹੋ ਨਾ ਸ਼ਕਤੀਸ਼ਾਲੀ, ਨਾ ਕੋਮਲ ਅਤੇ ਨਾ ਹੀ ਕੁਰੱਖਤਤੁਹਾਡਾ ਕੰਮ ਉਹੀ ਹੈ ਜਿਸਦੀ ਤੁਸੀਂ ਤਨਖ਼ਾਹ ਲੈਂਦੇ ਹੋਜਦੋਂ ਤੱਕ ਤੁਸੀਂ ਕਿੱਤਾ ਨਾ ਬਦਲ ਲਵੋ ਤੁਹਾਨੂੰ ਕੁਦਰਤ ਨੇ ਇਸੇ ਕੰਮ ਲਈ ਪੈਦਾ ਕੀਤਾ ਹੈਇੱਥੇ ਪਤੀ ਜਾਂ ਪਤਨੀ ਫਸਾਉਣ ਨਹੀਂ ਕੇਵਲ ਕੰਮ ਕਰਨ ਲਈ ਆਏ ਹੋਸਰੀਰਕ ਜਾਂ ਦਿਮਾਗ਼ੀ ਤਾਕਤ ਜਾਂ ਕਮਜ਼ੋਰੀ ਤੋਂ ਨਾ ਲਾਭ ਉਠਾਉ ਅਤੇ ਨਾ ਹੀ ਕਿਸੇ ਦਾ ਨੁਕਸਾਨ ਕਰੋ

(4) ਕੇਵਲ ਵਿਆਹ ਹੀ ਤੁਹਾਡੀ ਮੰਜਿ਼ਲ ਨਹੀਂਕਿਉਂਕਿ ਵਿਆਹ ਕਰ ਲੈਣਾ ਟੀਚੇ ਤੇ ਪਹੁੰਚਣਾ ਨਹੀਂਇਸਨੂੰ ਨਿਭਾਉਣਾ ਅਸਲ ਵਿਚ ਲੰਬੀ ਸੜਕ ਹੈ

ਪਰ ਗੁਰਦੇਵ ਕਹਿੰਦੇ ਹਨ: 'ਐ ਔਰਤ! ਤੂੰ ਅੱਧੀ ਔਰਤ ਹੈਂ ਅਤੇ ਅੱਧਾ ਸੁਪਨਾ!'

ਕਿਸੇ ਨੇ ਇਹਨਾਂ ਦੀ ਪਤਨੀ ਤੋਂ ਰਾਏ ਲਈ ਹੁੰਦੀ ਤਾਂ ਸ਼ਾਇਦ ਇਹ ਕਹਿੰਦੀ ਕਿ ਗੁਰੂਦੇਵ ਤਾਂ ਆਪੂੰ 'ਪੂਰੇ ਦੇ ਪੂਰਾ' ਸੁਪਨਾ ਸਨ ਅਤੇ ਸੁਪਨੇ ਦੀ ਸੁੰਦਰ ਵਿਆਖਿਆ ਵੀ!

ਪਰ 'ਔਰਤਾਂ ਪੈਗੰਬਰ ਨਹੀਂ ਹੁੰਦੀਆਂ'---'ਔਰਤਾਂ ਨਬੀ ਨਹੀਂ ਹੁੰਦੀਆਂ'---'ਔਰਤਾਂ ਪਾਗਲ ਨਹੀਂ ਹੁੰਦੀਆਂ'

ਤਾਂ ਫਿਰ ਕੋਈ ਉੱਠ ਕੇ ਕਹਿ ਕਿਉਂ ਨਹੀਂ ਦਿੰਦਾ ਕਿ 'ਔਰਤ, ਔਰਤ ਨਹੀਂ ਹੁੰਦੀ'

(ਦੇਸ-ਪ੍ਰਦੇਸ ਦੇ ਵਾਰਸ਼ਕ ਅੰਕ 2008ਚੋਂ ਧੰਨਵਾਦ ਸਹਿਤ)

 ****

(7 ਜਨਵਰੀ 2008)

ਇਸ ਰਚਨਾ/ਵਿਸ਼ੇ ਸਬੰਧੀ ਜੇਕਰ ਆਪ ਆਪਣੇ ਵਿਚਾਰ ਲਿਖਣਾ ਚਾਹੁੰਦੇ ਹੋ ਤਾਂ 'ਲਿਖਾਰੀ' ਆਪ ਦਾ ਸੁਆਗਤ ਕਰਦਾ ਹੈ।---ਲਿਖਾਰੀ

ਇਸ ਲੇਖ/ਵਿਸ਼ੇ ਸਬੰਧੀ ਕੁਝ ਆਏ ਵਿਚਾਰ ਹਾਜ਼ਰ ਹਨ:

ਔਰਤਾਂ ਸਚਮੁੱਚ ਹੀ ਪਾਗ਼ਲ ਨਹੀਂ ਹੁੰਦੀਆਂ--ਕਰਮ ਬਰਸਟ

ਪਿਆਰੇ ਰਾਏ ਸਾਹਿਬ,
ਤੁਹਾਡੇ ਵੱਲੋਂ ਤਰਜ਼ਮਾ ਕੀਤੀ, ਉਰਦੂ ਦੀ ਮਸ਼ਹੂਰ ਕਹਾਣੀਕਾਰਾ ਇਸਮਤ ਚੁਗਤਾਈ ਦੀ ਲਿਖਤ, ‘‘ਔਰਤਾਂ ਪਾਗ਼ਲ ਨਹੀਂ ਹੁੰਦੀਆਂ‘‘ ਪੜ੍ਹਕੇ ਰੂਹ ਝੰਜੋੜੀ ਗਈ।
ਸਾਡੇ ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਸਚਮੁਚ ਹੀ ਨਰਕ ਭੋਗਣ ਲਈ ਮਜ਼ਬੂਰ ਕੀਤੀਆਂ ਜਾਂਦੀਆਂ ਹਨ। ਔਰਤ ਪੁਲਾੜ ਵਿਚ ਪਹੁੰਚ ਚੁੱਕੀ ਹੈ, ਲੇਕਿਨ ਸਾਡੇ ਹੰਕਾਰਵਾਦੀ ਮਰਦ ਅਜੇ ਵੀ ਉਸਨੂੰ ਗਿੱਚੀ ਪਿੱਛੇ ਅਕਲ ਵਾਲੀ ਅਤੇ ਪੈਰ ਦੀ ਜੁੱਤੀ ਹੀ ਸਮਝਦੇ ਹਨ।

ਬਾਬੇ ਨਾਨਕ ਨੇ ਔਰਤ ਨੂੰ ‘‘ ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ‘‘ ਦਾ ਉਚਾ ਮੁਰਾਤਬਾ ਬਖ਼ਸਿਆ ਸੀ, ਪ੍ਰੰਤੂ ਬਾਬੇ ਨਾਨਕ ਦੇ ਅਖੌਤੀ ਸਿੱਖ ਵੀ ਬ੍ਰਾਹਮਣਵਾਦੀ ਕ੍ਰਮਕਾਡਾਂ ਦੀ ਦਲਦਲ ਵਿਚੋਂ ਨਿਕਲਣ ਲਈ ਤਿਆਰ ਨਹੀਂ ਹਨ। ਜਗ ਦੀ ਜਣਨੀ ਦਾ ਇਹ ਭਿਅੰਕਰ ਦੁਖਾਂਤ ਹੀ ਕਿਹਾ ਜਾ ਸਕਦਾ ਹੈ, ਕਿ ਉਹ ਬਚਪਨ ਵਿਚ ਪਿਓ ਦੀ, ਜਵਾਨੀ ਵਿਚ ਖਸਮ ਦੀ ਅਤੇ ਬੁਢਾਪੇ ਵਿਚ ਪੁੱਤ ਦੀ ਗੁਲਾਮੀ ਹੰਢਾਉਣ ਲਈ ਸਰਾਪੀ ਹੋਈ ਹੈ।

ਔਰਤ ਦੀ ਮੁਕਤੀ ਲਈ ਸਮਾਜ ਵਿਚ ਤਿੱਖੀ ਤਬਦੀਲੀ ਦੀ ਲੋੜ ਹੈ ਅਤੇ ਇਹਦੇ ਲਈ ਖੁਦ ਔਰਤ ਨੂੰ ਹੀ, ਸਮਾਜ ਵਿਚ ਬੁਨਿਆਦੀ ਤਬਦੀਲੀਆਂ ਲਈ ਸੰਘਰਸ਼ਸ਼ੀਲ ਸ਼ਕਤੀਆਂ ਨਾਲ ਜੋਟੀ ਪਾਕੇ ਤਰੱਦਦ ਕਰਨਾ ਹੋਵੇਗਾ।
ਤੁਹਾਡਾ,
ਕਰਮ ਬਰਸਟ

(9 ਫਰਵਰੀ 2008)


ਇਸਮਤ ਚੁਗਤਾਈ ਦਾ ਲੇਖ ਇਕ ਜਨੂੰਨ----ਮੁਹਿੰਦਰ ਸਿੰਘ ਘੱਗ

ਗੁਰਦਿਆਲ ਸਿੰਘ ਰਾਏ ਹੋਰਾਂ ਵਲੋਂ ਇਸਮਤ ਚੁਗਤਾਈ ਦੇ ਲੇਖ ਔਰਤਾਂ ਪਾਗਲ ਨਹੀਂ ਹੁੰਦੀਆਂ ਦਾ ਪੰਜਾਬੀ ਰੂਪਕਰਨ ਲਿਖਾਰੀ.ਕੌਮ ਤੇ ਪੜ੍ਹਿਆ ਅਤੇ ਨਾਲ ਹੀ ਡਾਕਟਰ ਰਾਏ ਹੋਰਾਂ ਨੇ ਉਸ ਲੇਖ ਤੇ ਵਿਚਾਰ ਉਡੀਕਣ ਦਾ ਸੁਨੇਹਾ ਦੇ ਕੇ ਜੋ ਸੰਵਾਦ ਰਚਾਉਣ ਦਾ ਯਤਨ ਕੀਤਾ ਹੈ, ਸਲਾਹੁਣ ਯੋਗ ਹੈ

ਇਸਤਰੀ ਹੱਕਾਂ ਦੇ ਅੰਦੋਲਨ ਦਾ ਇਤਿਹਾਸ:

ਇਸਮਤ ਚੁਗਤਾਈ ਦਾ ਇਹ ਲੇਖ ਇਸਤਰੀਆਂ ਦੇ ਬਰਾਬਰ ਹੱਕਾਂ ਲਈ ਚੱਲੇ ਅੰਦੋਲਨ ਦਾ ਹਿੱਸਾ ਹੈ ਜੋ 1880 ਈਸਵੀ ਵਿਚ ਫਰਾਂਸ ਤੋਂ ਚੱਲਿਆ। 1890 ਵਿਚ ਇਸ ਦੀ ਗੂੰਜ ਬਰਤਾਨੀਆਂ ਵਿਚ ਸੁਣਾਈ ਦਿੱਤੀ। 1910 ਈਸਵੀ ਵਿਚ ਅੰਧ ਮਹਾਂਸਾਗਰ ਨੂੰ ਪਾਰ ਕਰ ਕੇ ਇਸ ਦੀ ਚਰਚਾ ਅਮਰੀਕਾ ਦੀ ਧਰਤੀ ’ਤੇ ਵੀ ਸ਼ੁਰੂ ਹੋ ਗਈਇਸ ਅੰਦੋਲਨ ਨੂੰ ਕੋਈ ਨਾਂ ਦੇਣ ਤੋਂ ਪਹਿਲਾਂ ਫਰਾਂਸ ਅਤੇ ਬਰਤਾਨੀਆਂ ਵਿਚ ਕੁਝ ਮਰਦ ਅਤੇ ਇਸਤਰੀਆਂ, ਇਸਤਰੀ ਜਾਤੀ ਨਾਲ ਹੋ ਰਹੇ ਧੱਕੇ ਬਾਰੇ ਕਲਮ ਅਤੇ ਲੈਕਚਰਾਂ ਦਵਾਰਾ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦੇ ਰਹੇਇਸਤਰੀਆਂ ਦੇ ਹੱਕਾਂ ਦੀ ਲੜਾਈ ਦੇ ਇਸ ਅੰਦੋਲਨ ਨੂੰ ਖਾਂਦੇ ਪੀਂਦੇ ਪਰਿਵਾਰਾਂ ਦੀਆਂ ਇਸਤਰੀਆਂ ਵਲੋਂ ਕੋਈ ਖਾਸ ਹੁੰਘਾਰਾ ਨਹੀਂ ਸੀ ਮਿਲਿਆਮਲਕਾ ਵਿਕਟੋਰੀਆ ਤਾਂ ਇਸ ਅੰਦੋਲਨ ਨੂੰ "Mad, Wicked folly of women’s rights" ਪਾਗਲਪਨ, ਸ਼ਰਾਰਤਨ, ਅਹਿਮਕਾਨਾ ਇਸਤਰੀਆਂ ਦੇ ਹੱਕ ਆਖਦੀ ਸੀ।  ਇਹ ਇਸਮਤ ਚੁਗਤਾਈ ਦੇ ਵਸ ਦੀ ਗਲ ਨਹੀਂ ਸਾਰੇ ਸੰਸਾਰ ਵਿਚ ਹੀ ਰੱਜੇ ਪੁੱਜੇ ਲੋਕ ਸੋਨੇ ਦੀ ਹੱਥ ਕੜੀ ਨੂੰ ਗਹਿਣਾ ਹੀ ਸਮਝਦੇ ਹਨ

ਅੰਦੋਲਨ ਦਾ ਪਹਿਲਾ ਭਾਗ ਅਤੇ ਪ੍ਰਾਪਤੀ

ਇਸ ਅੰਦੋਲਨ ਨੂੰ ਤਿੰਨਾਂ ਭਾਗਾਂ ਵਿਚ ਵੰਡਿਆ ਜਾ ਸਕਦਾ ਹੈਪਹਿਲੇ ਭਾਗ ਵਿਚ ਬਰਤਾਨਵੀ ਇਸਤਰੀਆਂ ਨੇ ਬਰਾਬਰਤਾ ਅਤੇ ਵੋਟ ਦਾ ਹੱਕ ਪਰਾਪਤ ਕਰਨ ਦਾ ਯਤਨ ਕੀਤਾ। ਫਲਸਰੂਪ 1918 ਈਸਵੀ ਤੋਂ ਸ਼ੁਰੂ ਹੋ ਕੇ 1928 ਈਸਵੀ ਤਕ ਬਰਤਾਨੀਆਂ ਵਿਚ ਇਸਤਰੀ ਨੇ ਵੋਟ ਦਾ ਹੱਕ ‘ਕਮਾ ਲਿਆ’ ਸੀ ‘ਕਮਾ ਲਿਆ’ ਸ਼ਬਦਾਂ ਤੋਂ ਹੈਰਾਨ ਨਾ ਹੋਣਾਬਰਤਾਨੀਆਂ ਦੀਆਂ ਇਸਤਰੀਆਂ ਨੂੰ ਹਾਕਮ ਜਮਾਤ ਨੇ ਵੋਟ ਦਾ ਹੱਕ ਦਾਨ ਵਜੋਂ ਜਾਂ ਇਸਤਰੀਆਂ ਤੇ ਤਰਸ ਖਾ ਕੇ ਨਹੀਂ ਸੀ ਦਿੱਤਾ। ਇਹ ਤਾਂ ਇਸਤਰੀਆਂ ਨੇ ਪਹਿਲੀ ਵੱਡੀ ਸੰਸਾਰ ਜੰਗ ਵਿਚ ਦੇਸ਼ ਨੂੰ ਦਰਪੇਸ਼ ਔਕੜਾਂ ਨਾਲ ਸਿੱਝਣ ਲਈ ਮਰਦਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਮਰਦ ਹਾਕਮ ਜਮਾਤ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਦੱਬੀ ਕੁਚਲੀ ਇਸਤਰੀ ਨਾਲੋਂ ਬਰਾਬਰ ਖੜ੍ਹੀ ਇਸਤਰੀ ਦੇਸ਼ ਦੀ ਖੁਸ਼ਹਾਲੀ ਲਈ ਬਹੁਤ ਲਾਹੇਵੰਦ ਹੋ ਸਕਦੀ ਹੈਮਿਹਨਤ ਨਾਲ ਕਮਾਏ ਹੱਕ ਨਾਲ ਇਸਤਰੀ ਜ਼ਾਤੀ ਦਾ ਸਿਰ ਉੱਚਾ ਹੋ ਗਿਆਅਮਰੀਕਾ ਵਿਚ ਇਲਿਜ਼ਬਥ ਕੈਡੀ, ਸਟੇਨਟਨ ਸੂਜ਼ਨ ਬੀ ਐਨਥਨੀ ਦੀ ਅਗਵਾਈ ਵਿਚ ਸਲੇਵਰੀ ਦੇ ਖਿਲਾਫ ਆਵਾਜ਼ ਉਠਾਈ ਗਈ। ਸਿੱਟੇ ਵਜੋਂ ਅਮਰੀਕਣ ਵਿਧਾਨ ਵਿਚ ਵੀ  1920 ਈਸਵੀ ਵਿਚ ਉੰਨੀਵੀਂ ਸੋਧ ਕੀਤੀ ਗਈ, ਜਿਸ ਨਾਲ ਅਮਰੀਕਾ ਦੀਆਂ ਇਸਤਰੀਆਂ ਨੂੰ ਵੋਟ ਦਾ ਅਧਿਕਾਰ ਮਿਲ ਗਿਆ

ਅੰਦੋਲਨ ਦਾ ਦੂਸਰਾ ਭਾਗ

ਅੰਦੋਲਨ ਦਾ ਦੂਸਰਾ ਭਾਗ 1960 ਈਸਵੀ ਤੋਂ ਲੈ ਕੇ 1980 ਈਸਵੀ ਤਕ ਦਾ ਹੈਇਸ ਵਿਚ ਇਸਤਰੀਆਂ ਦੀਆਂ ਮੰਗਾਂ ਵਿਚ ਸਮਾਜਕ ਅਤੇ ਸੱਭਿਆਚਾਰਕ ਬਰਾਬਰਤਾ ਦੀ ਵੀ ਗੱਲ ਚੱਲੀ ਇਸ ਭਾਗ ਵਿਚ ਜੋਸ਼ ਹੋਸ਼ ਤੇ ਭਾਰੂ ਲਗਦਾ ਹੈ। ਕੁਝ ਤੇਜ਼ ਤਰਾਰ ਇਸਤਰੀਆਂ ਤਾਹਨੇ ਮੇਹਣਿਆਂ ਤੇ ਉੱਤਰ ਆਈਆਂ ਪਤਾ ਨਹੀਂ ਸੱਚ ਹੈ ਜਾਂ ਝੂਠ, ਪਰ ਕੁਝ ਲੇਖਕਾਂ ਵਲੋਂ ਬਰਾ (ਅੰਘੀਆਂ) ਜਲਾਉਣ ਦਾ ਵੀ ਜ਼ਿਕਰ ਆਉਂਦਾ ਹੈ ਕੁਝ ਇਸਤਰੀਆਂ ਨੇ ਇਸ ਹੱਲੇ ਗੁੱਲੇ ਦੇ ਖਿਲਾਫ ਆਵਾਜ਼ ਵੀ ਉਠਾਈ ਪਰ ਘੱਟ ਗਿਣਤੀ ਵਿਚ ਹੋਣ ਕਾਰਨ ਉਹਨਾਂ ਦੀ ਆਵਾਜ਼ ਦੱਬ ਕੇ ਰਹਿ ਗਈ ਅਤੇ ਇਸ ਭਾਗ ਦੀ ਪਰਾਪਤੀ ਸਿਫਰ ਹੈ ਤੀਸਰਾ ਭਾਗ ਹੁਣ ਚੱਲ ਰਿਹਾ ਹੈ। ਹਾਲੇ ਵੀ ਹਰ ਖੇਤਰ ਵਿਚ ਬਰਾਬਰਤਾ ਲਿਆਉਣ ਲਈ ਬਹੁਤ ਕੁਝ ਕਰਨਾ ਬਾਕੀ ਹੈ

ਹੁਣ ਗੱਲ ਕਰਦੇ ਹਾਂ ਇਸਮਤ ਚੁਗਤਾਈ ਦੇ ਲੇਖ ਦੀ

ਇਸਮਤ ਚੁਗਤਾਈ ਦੇ ਲੇਖ ਵਿਚੋਂ 1960 ਈਸਵੀ ਤੋਂ ਲੈ ਕੇ 1980 ਈਸਵੀ ਤਕ ਚੱਲੇ ਅੰਦੋਲਨ ਦਾ ਪਰਛਾਵਾਂ ਸਾਫ ਦਿਸ ਰਿਹਾ ਹੈ ਤਾਹਨੇ ਮੇਹਣਿਆਂ ਦੀ ਝਲਕ ਸਾਫ ਦਿਖਾਈ ਦੇ ਰਹੀ ਹੈਹੋਸ਼ ਤੇ ਜੋਸ਼ ਭਾਰੂ ਲਗਦਾ ਹੈਵੰਨਗੀ ਵਜੋਂ ਦੇਖੋਧੋਖੇਬਾਜ਼ ਮਰਦ ਨਾਲੋਂ ਧੋਖੇਬਾਜ਼ ਇਸਤਰੀ ਜ਼ਿਆਦਾ ਖਤਰਨਾਕ ਹੁੰਦੀ ਹੈ, ਦੇ ਪ੍ਰਤੀਕਰਮ ਵਜੋਂ ਉਸ ਵਲੋਂ ਦਿੱਤਾ ਜਵਾਬ: ਜਿਵੇਂ ਕੋਈ ਇਹ ਕਹੇ ਕਿ ਇਕ ਕਾਲੇ ਮਰਦ ਨਾਲੋਂ ਇਕ ਕਾਲੀ ਔਰਤ ਜ਼ਿਆਦਾ ਕਾਲੀ ਹੁੰਦੀ ਹੈ।’ ਬਗੈਰ ਸੋਚੇ ਲਿਖਿਆ ਲਗਦਾ ਹੈ</