ਇੱਕ:
ਉਮਰਾਂ ਦੀ ਰੁੱਤ ਤੇ ਜਦ ਵੀ, ਸੁੰਨਾ ਸਿਆਲ ਹੋਵੇਗਾ।
ਯੁਗਾਂ ਦੇ ਸੂਰਜਾਂ ਜਿਹਾ ਨਿੱਘਾ, ਤੇਰਾ ਖ਼ਿਆਲ ਹੋਵੇਗਾ।
ਵੀਣਾਂ ਦੀਆਂ ਟੁੱਟੀਆਂ ਇਹ ਤਾਰਾਂ, ਜਦ ਵੀ ਕਦੇ ਜੂੜੀਆਂ,
ਮੇਰੇ ਗੀਤਾਂ ਤੇ ਨਗ਼ਮਿਆਂ ‘ਚ, ਤੇਰਾ ਹੀ ਤਾਲ ਹੋਵੇਗਾ।
ਕੈਸੀ ਹੈ ਇਹ ਗ਼ੁਰਬਤ, ਇਹ ਕੈਸੀ ਬੇਵਸੀ ਹੈ,
ਤੇਰੇ ਹੌਕਿਆਂ ਦਾ ਬੋਝ, ਰੂਹ ਤੋਂ ਕਿੱਦਾਂ ਸੰਭਾਲ ਹੋਵੇਗਾ।
ਰਹੇਗੀ ਇੱਕ ਉਮੀਦ, ਬਣਕੇ ਉਮਰ ਭਰ ਉਡੀਕ,
ਖ਼ੁਦ ਦਾ ਵੀ ਸਾਇਆ, ਭਾਵੇਂ ਨਾ ਨਾਲ ਹੋਵੇਗਾ।
ਲੜੇਗੀ ਚੰਨ ਦੀ ਇੱਕ ਕਾਤਰ, ਸਵੇਰ ਹੋਣ ਤੱਕ,
ਮੱਸਿਆ ਦੇ ਮੁੱਖ ਤੇ ਭਾਵੇਂ, ਅੱਤ ਦਾ ਜਲਾਲ ਹੋਵਗਾ।
------------ 0 ------------
ਦੋ:
ਬ੍ਰਿਹਾ ਬ੍ਰਿਹਾ ਆਖੀਏ, ਬ੍ਰਿਹਾ ਤੂੰ ਸੁਲਤਾਨ
ਭਾਲ਼ਦੇ ਤੈਨੂੰ ਥੱਕ ਗਏ, ਪਹਾੜ ਪਤਾਲ ਮਦਾਨ।
ਸੋਚਾਂ ਦੀ ਨਾਭੀ ਦੇ ਅੰਦਰ, ਸੂੱਤਾ ਰੂਹ ਦਾ ਪੰਛੀ,
ਨਾਭੀ ਅੰਦਰ ਨਾੜੂਆ, ਤੇ ਨਾੜੂਏ ਵਿੱਚ ਪ੍ਰਾਣ।
ਬ੍ਰਿਹੋਂ ਦੇ ਖੰਭ ਪੰਛੀ ਤਾਈਂ ਲੈ ਗਏ ਦੂਰ ਉਡਾਅ,
ਮਾਰੂਥਲ ਵਿੱਚ ਪੈੜ ਗਵਾਚੀ, ਅੰਬਰ ਵਿੱਚ ਮੁਸਕਾਣ।
ਬ੍ਰਿਹਾ ਸਾਡਾ ਅਜ਼ਲ ਦਾ ਸਾਥੀ, ਬ੍ਰਿਹਾ ਸਾਡਾ ਮਹਿਰਮ,
ਬ੍ਰਿਹਾ ਸਾਡਾ ਤਨ ਮਨ ਹਰਿਆ, ਜਿੰਦ ਹੋਈ ਕੁਰਬਾਨ।
ਬ੍ਰਿਹਾ ਸਾਡੇ ਵਿਹੜੇ ਖਿੜਿਆ, ਇਹ ਬ੍ਰਿਹਾ ਦੀ ਖੁਸ਼ਬੋ,
ਜਿਸ ਦਿਨ ਸਾਡਾ ਬ੍ਰਿਹਾ ਰੁੱਸਿਆ, ਵਿਹੜਾ ਆਇਆ ਖਾਣ।
ਦੂਰ ਗਏ ਸੱਜਣਾਂ ਦੇ ਪਿੱਛੋਂ ਬ੍ਰਿਹਾ ਭਰੇ ਖਿਲਾਅ,
ਮਨ ਖਿੜਦਾ ਜਦ ਸੁੰਨੇ ਵਿਹੜੇ, ਬ੍ਰਿਹਾ ਲੱਗੇ ਗਾਣ।
ਲੋਕਾਂ ਮੰਗੇ ਵਸਲ ਤੇ ਮੇਲੇ, ਸਿੱਕੇ ਲੱਖ ਕਰੋੜਾਂ,
ਨਕਲੀ ਤੋਹਫੇ ਦੁਨੀਆਂ ਦੇ ਨਾ ਦਿਲ ਸਾਡਾ ਭਰਮਾਣ।
ਰੂਹ ਪੰਛੀ ਮਨ ਗੁਫ਼ਾ ਦੇ ਅੰਦਰ ਵਾਜਾ ਪਿਆ ਵਜਾਵੇ,
ਬ੍ਰਿਹਾ ਦੀ ਇਹ ਸਾਂਝ ਯੁਗਾਂ ਦੀ, ਸਾਡੇ ਜਿੰਦ ਪ੍ਰਾਣ।
*****
(ਚਾਤ੍ਰਿਕ ਯੂਨੀਕੋਡ)
(7 ਜਨਵਰੀ 2008)
khabarsar@yahoo.co.uk