ਟਰਾਂਸਪੋਰਟ ਦੇ ਕਾਰੋਬਾਰ ਨਾਲ ਸੰਬੰਧਤ ਹੋਣ ਕਰਕੇ ਮਹੀਨੇ ਵਿੱਚ ਇੱਕ ਅੱਧ
ਵਾਰ ਸ਼ਮਸ਼ਾਨ ਘਾਟ ਜਾਣਾ ਹੀ ਪੈਂਦਾ ਹੈ। ਕਦੇ ਕੋਈ ਰਾਹਗੀਰ, ਆਪਣੀ ਜਾਂ
ਕਿਸੇ ਦੋਸਤ ਦੀ ਗੱਡੀ ਹੇਠਾਂ ਆ ਗਿਆ ਤਾਂ ਹਮਦਰਦੀ ਵਜੋਂ ਤੇ ਜੇ ਕੋਈ ਘਟਨਾ
ਕਿਸੇ ਜਾਣ ਪਹਿਚਾਣ ਵਾਲੇ ਨਾਲ ਵਾਪਰ ਗਈ ਤਾਂ ਨਿੱਜੀ ਦੁੱਖ ਕਰਕੇ। ਜਦੋਂ
ਵੀ ਕਦੇ ਕਲਕੱਤੇ ਦੇ ਕਾਲੀਘਾਟ ਵਾਲੇ ਸ਼ਮਸ਼ਾਨ-ਘਾਟ ਗਏ ਹਾਂ, ਉੱਥੇ ਅਕਸਰ
ਸਸਕਾਰ ਕਰਨ ਵਾਲੀਆਂ ਲਾਸ਼ਾਂ ਦੀ ਭੀੜ ਵੇਖੀ ਹੈ। ਰੇਲਵੇ ਜਾਂ ਸਿਨੇਮਾ ਹਾਲ
ਦੇ ਟਿਕਟ ਲੈਣ ਵਾਂਗ ਇੱਥੇ ਵੀ ਮੁਰਦੇ ਨੂੰ ਕਤਾਰ ਵਿੱਚ ਲੱਗਣਾ ਪੈਂਦਾ ਹੈ।
ਬਿਜਲੀ ਦੀਆਂ ਭੱਠੀਆਂ ਦਿਨ ਰਾਤ ਚੱਲਦੀਆਂ ਹਨ। ਨਾਲ ਹੀ ਲੱਕੜਾਂ ਨਾਲ
ਜਲਾਉਣ ਦਾ ਪ੍ਰਬੰਧ ਵੀ ਹੈ। ਦੋਹੀਂ ਪਾਸੀਂ ਇੱਕੋ ਜਿਹੀ ਭੀੜ ਰਹਿੰਦੀ ਹੈ।
ਹਰ ਪੰਦਰਾਂ-ਵੀਹ ਮਿੰਟਾਂ ਬਾਅਦ ਕਿਸੇ ਨਾ ਕਿਸੇ ਪਾਸਿਓਂ ... ‘ਹਰੀ ਬੋਲ’,
ਜਾਂ ‘ਰਾਮ ਨਾਮ ਸੱਤ ਹੈ’ ਦੀਆਂ ਆਵਾਜ਼ਾਂ ਸੁਣਦੀਆਂ ਹਨ ਤੇ ਮੁਰਦਿਆਂ ਦੀ
ਕਤਾਰ ਵਿੱਚ ਵਾਧਾ ਹੁੰਦਾ ਰਹਿੰਦਾ ਹੈ।
ਅਜਿਹੇ ਥਾਂ ਆ ਕੇ, ਇੰਨੀਆਂ ਲਾਸ਼ਾਂ ਵੇਖ ਕੇ, ਰੋਂਦੇ ਕੁਰਲਾਉਂਦੇ
ਸਕੇ-ਸੰਬੰਧੀ ਵੇਖ ਕੇ, ਆਪਣਾ ਦੁੱਖ ਘੱਟ ਜਾਪਦਾ ਹੈ।
ਉਮਰ ਅਤੇ ਸਮਾਜ ਦੇ ਹਰ
ਵਰਗ ਦੀਆਂ ਲਾਸ਼ਾਂ ਏਥੇ ਆਉਂਦੀਆਂ ਹਨ। ਕੀਮਤੀ ਦੁਸ਼ਾਲਿਆਂ ਵਿੱਚ ਲਪੇਟੀਆਂ
ਹੋਈਆਂ ਵੀ ਤੇ ਬਿਨਾਂ ‘ਖੱਫਣ’ ਤੋਂ ਵੀ। ਬੰਗਾਲੀ ਲੋਕ ਆਪਣੇ ਬੱਚਿਆਂ ਨੂੰ
ਏਥੇ ਲੈ ਕੇ ਆਉਂਦੇ ਹਨ। ਉਹ ਸਸਕਾਰ ਕਰਨ ਦੇ ਸਾਰੇ ਸਿਸਟਮ ਦੀ ਉਹਨਾਂ ਨੂੰ
ਜਾਣਕਾਰੀ ਦਿੰਦੇ ਹਨ। ਸਾਡੇ ਇੱਥੇ ਪੰਜਾਬ ਵਿੱਚ ਤਾਂ ਮਾਵਾਂ ਬੱਚਿਆਂ ਨੂੰ
ਆਖਦੀਆਂ ਹਨ, ‘ਸਿਵਿਆਂ ਕੋਲ ਦੀ ਨੀ ਜਾਣਾ, ਉੱਥੇ ਭੂਤ ਮਗਰ ਲੱਗ ਜੂ।’
ਸਾਡੇ ਪਿੰਡਾਂ ਵਿੱਚ ਸਾਡੇ ਬੱਚੇ ਅਜੇ ਵੀ ਸਿਵਿਆਂ ਤੋਂ ਭੈਅ ਖਾਂਦੇ ਹਨ,
ਪਰ ਮਹਾਨਗਰਾਂ ਵਿੱਚ ਉਹ ਪਾਰਕਾਂ ਵਿੱਚ ਘੁੰਮਣ ਵਾਂਗ ਹੀ ਸ਼ਮਸ਼ਾਨ ਘਾਟ ਵੇਖਣ
ਜਾਂਦੇ ਹਨ।
ਖ਼ੈਰ! ਇੱਕ ਵਾਰ ਕਾਲੀ ਘਾਟ ਆਪਣੇ ਇੱਕ ਦੋਸਤ ਦੇ ਰਿਸ਼ਤੇਦਾਰ ਦੇ ਸਸਕਾਰ
ਵੇਲੇ ਗਿਆ ਹੋਇਆ ਸਾਂ। ਲਾਸ਼ਾਂ ਦੀ ਲੰਮੀ ਕਤਾਰ ਸਾਡੇ ਤੋਂ ਅੱਗੇ ਸੀ। ਮੈਂ
ਸੁਭਾਵਕ ਹੀ ਇਹ ਸੋਚ ਕੇ ਕਿ ਕਿੰਨਾ ਕੁ ਸਮਾਂ ਲੱਗੇਗਾ ... ਲਾਸ਼ਾਂ ਦੀ
ਗਿਣਤੀ ਕਰਨ ਲੱਗਾ ... ਤੇਰਾਂ ਲਾਸ਼ਾਂ ਸਾਡੇ ਤੋਂ ਮੂਹਰੇ ਸਨ। ਚੌਦ੍ਹਵਾਂ
ਨੰਬਰ ਸਾਡਾ ਸੀ। ਇੱਕ ਲਾਸ਼ ’ਤੇ ਉਹ 45 ਕੁ ਮਿੰਟ ਲਾਉਂਦੇ ਹਨ। ਇਸ ਹਿਸਾਬ
ਨਾਲ ਤਾਂ ਰਾਤ ਦੇ 10 ਕੁ ਵਜੇ ਸਾਡੀ ਵਾਰੀ ਆਉਣ ਦੀ ਉਮੀਦ ਸੀ। ਅਸੀਂ ਕੁੱਝ
ਜਣੇ, ਬਾਹਰ ਖੁੱਲ੍ਹੇ ਥਾਂ ਆ ਬੈਠੇ।
ਸ਼ਮਸ਼ਾਨ ਘਾਟ ਦੇ ਅੰਦਰ
ਬੈਠਿਆਂ ਹਰ ਮਨੁੱਖ ਇਸ ਤਰ੍ਹਾਂ ਹੀ ਸੋਚਦਾ ਹੈ, ‘ਕਾਹਦੇ ਵਾਸਤੇ ਬੰਦਾ
ਐਵੇਂ ਜੱਫੇ ਪਾਈ ਜਾਂਦੈ, ਤਰਲੋ-ਮੱਛੀ ਹੋਈ ਜਾਂਦੈ, ਅੰਤ ਨੂੰ ਤਾਂ ਏਥੇ ਈ
ਆਉਂਦੈ। ਦੇਖ ਲਉ, ਔਹ ਪਏ ਐ ਸਾਰੇ, ਹੈ ਕੋਈ ਇਹਨਾਂ ਨੂੰ ਫ਼ਿਕਰ? ਨਾ ਕਿਸ਼ਤ
ਟੁੱਟੀ ਦਾ ਝੋਰਾ, ਨਾ ਟਾਇਰ ਪਾਟਣ ਦਾ ਡਰ।’
... ਦੂਸਰਾ ਕੋਈ ਕਾਰੋਬਾਰੀ ਆਪਣੇ ਢੰਗ ਨਾਲ ਸੋਚਦਾ ਹੋਵੇਗਾ।
ਸਾਡੇ ਨਾਲ ਦਾ ਇੱਕ ਅਚਾਨਕ ਬੋਲਿਆ -‘ਮੈਂ ਤਾਂ ਯਾਰ ਡਰੈਵਰ ਨੂੰ ਬੀਮਾ ਫੜਾ
ਕੇ ਆਉਣੈ, ਕਾਹਲੀ ਵਿੱਚ ਮੇਰੇ ਕੋਲ ਹੀ ਰਹਿ ਗਿਆ, ਜੇ ਚਲਾਣ ਹੋ ਗਿਆ ...
ਫੇਰ?’ ਸਾਡੇ ਰੋਕਦਿਆਂ ਵੀ ਉਹ ‘ਹੁਣੇ ਆਇਆ’ ਆਖ ਕੇ ਤੁਰ ਗਿਆ।
‘ਏਥੇ ਆ ਕੇ ਵੀ ਬੀਮਿਆਂ ਦਾ ਫ਼ਿਕਰ ਨੀਂ ਛੱਡਦਾ ਬੰਦੇ ਨੂੰ।’ ਇੱਕ ਹੋਰ
ਬੋਲਿਆ।
‘ਇਹ ਫ਼ਿਕਰ ਤਾਂ ਉਦੋਂ ਹੀ ਮੁੱਕੂ, ਜਦੋਂ ਉਤਲੇ ਨੇ ਪੱਕਾ ਬੀਮਾ ਕਰ ਕੇ ਸੱਦ
ਲਿਆ।’
ਅਸੀਂ ਗੱਲਾਂ ਹੀ ਕਰਦੇ ਸਾਂ, ਥੋੜ੍ਹਾ ਕੁ ਪਰੇ ਅਚਾਨਕ ਰੌਲਾ ਪੈ ਗਿਆ। ਜਿਸ
ਲਾਸ਼ ਦੀ ਸਸਕਾਰ ਕਰਨ ਦੀ ਵਾਰੀ ਸੀ, ਉਸਦੇ ਵਾਰਸਾਂ ਦਾ ਪਤਾ ਨਹੀਂ ਸੀ ਲੱਗ
ਰਿਹਾ। ਸਸਕਾਰ ਕਰਨ ਦੀ ਫੀਸ ਵਾਲੀ ਪਰਚੀ ਵੀ ਕਿਸੇ ਕੋਲ ਨਹੀਂ ਸੀ। ਉਸਦੇ
ਬਾਅਦ ਵਾਲੀ ਲਾਸ਼ ਵਾਲੇ ਰੌਲਾ ਪਾ ਰਹੇ ਸਨ ਕਿ ਇਸ ਨੂੰ ਪਾਸੇ ਹਟਾ ਕੇ
ਸਾਨੂੰ ਨੰਬਰ ਦਿੱਤਾ ਜਾਵੇ। ਪਰ ਉੱਥੇ ਕੰਮ ਕਰਦੇ ਕਰਮਚਾਰੀ ਪਹਿਲਾਂ ਪੂਰੀ
ਖੋਜ ਪੜਤਾਲ ਕਰਨੀ ਚਾਹੁੰਦੇ ਸਨ। ਬਾਅਦ ਵਾਲੇ, ਜਿਨ੍ਹਾਂ ਦਾ ਨੰਬਰ ਸੀ, ਉਹ
ਜ਼ਿੱਦ ਕਰ ਰਹੇ ਸਨ, ‘ਪਹਿਲਾਂ ਸਾਡੀ ਲਾਸ਼ ਦਾ ਸਸਕਾਰ ਕਰੋ, ਫੇਰ ਇਹਨਾਂ ਨੂੰ
ਲੱਭਦੇ ਰਹੋ।’
ਅਸੀਂ ਹੈਰਾਨ ਸਾਂ, ਇੱਥੇ
ਤਾਂ ਮੁਰਦਿਆਂ ਦੇ ਸਸਕਾਰ ਪਿੱਛੇ ਵੀ ਝਗੜਾ ਹੋ ਰਿਹੈ ਤੇ ਅਸੀਂ ਜਿਉਂਦੇ
ਜੀਅ ਸੰਨਿਆਸ ਲੈਣ ਵਰਗੀਆਂ ਗੱਲਾਂ ਸੋਚ ਸੋਚ ਉਪਰਾਮ ਹੋਈ ਜਾ ਰਹੇ ਹਾਂ।
ਆਸੇ ਪਾਸੇ, ਬਾਹਰ, ਫਿਰ ਲੱਕੜਾਂ ਵਾਲੇ ਸ਼ਮਸ਼ਾਨ ਘਾਟ ਵੱਲ ਲਾਸ਼ ਦੇ ਵਾਰਸਾਂ
ਨੂੰ ਲੱਭਿਆ ਗਿਆ। ਕਿਧਰੇ ਵੀ ਨਹੀਂ ਮਿਲੇ। ਇਸ ਤਰ੍ਹਾਂ ਤਾਂ ਸਸਕਾਰ ਨਹੀਂ
ਹੋ ਸਕਣਾ। ਉਹਨਾਂ ਲਾਸ਼ ਨੂੰ ਕਤਾਰ ਵਿੱਚੋਂ ਹਟਾ ਕੇ ਇੱਕ ਪਾਸੇ ਰੱਖ
ਦਿੱਤਾ।
ਮੈਂ ਮੁਰਦਾ ਘਾਟ ਦੇ ਇੱਕ ਕਰਮਚਾਰੀ ਤੋਂ ਜਾਨਣਾ ਚਾਹਿਆ - ਹੁਣ ਉਹ ਇਸ
ਲਾਵਾਰਸ ਲਾਸ਼ ਦਾ ਕੀ ਕਰਨਗੇ?
‘ਸਵੇਰ ਤੱਕ ਦੇਖਾਂਗੇ! ਫਿਰ ਕਾਰਪੋਰੇਸ਼ਨ ਵਿੱਚ ਇਸਦੀ ਸੂਚਨਾ ਦਿਆਂਗੇ।
ਠਾਣੇ ਵੀ ਰਿਪੋਰਟ ਕਰਾਂਗੇ। ਫਿਰ ਲਾਵਾਰਸ ਕਰਾਰ ਦੇ ਕੇ ਇਸਨੂੰ ਉੱਧਰ
ਲੱਕੜਾਂ ਵਾਲੇ ਪਾਸੇ ਜਲਾ ਦਿਆਂਗੇ।’ ਕਰਮਚਾਰੀ ਨੇ ਪੂਰੀ ਲਾਪਰਵਾਹੀ ਨਾਲ
ਦੱਸਿਆ।
‘ਪਹਿਲਾਂ ਵੀ ਕਦੇ ਇਸ ਤਰ੍ਹਾਂ ਹੋਇਐ?’
‘ਅਨੇਕ ਬਾਰ
ਸਰਦਾਰ ਜੀ। ਵਾਰਿਸ ਆਉਂਦੇ ਨੇ। ਮੁਰਦੇ ਨੂੰ ਜਲਾਉਣ ਦੀ ਫੀਸ ਜਮ੍ਹਾਂ
ਕਰਵਾਉਣ ਜੋਗੇ ਵੀ ਪੈਸੇ ਕੋਲ ਨਹੀਂ ਹੁੰਦੇ। ਥੋੜ੍ਹੀ ਦੇਰ ਉਸਦੇ ਸਿਰਹਾਣੇ
ਬੈਠ ਕੇ ਵਿਰਲਾਪ ਕਰਨ ਦਾ ਨਾਟਕ ਕਰਦੇ ਨੇ। ਉਸਦੇ ਸਿਰਹਾਣੇ ਧੂਪ-ਬੱਤੀ ਵੀ
ਜਲਾਉਂਦੇ ਨੇ। ਜੇ ਲਾਸ਼ਾਂ ਦੀ ਜ਼ਿਆਦਾ ਭੀੜ ਨਹੀਂ ਹੈ ਤਾਂ ਉਹ ਲਾਸ਼ ਨੂੰ ਇੱਕ
ਪਾਸੇ ਰੱਖ ਕੇ ਇੰਤਜ਼ਾਰ ਕਰਦੇ ਰਹਿੰਦੇ ਨੇ। ਫਿਰ ਕਤਾਰ ਵਿੱਚ ਰੱਖ ਕੇ, ਇੱਕ
ਇੱਕ ਦੋ ਦੋ ਕਰਕੇ ਖਿਸਕ ਜਾਂਦੇ ਨੇ।’
ਅਜਿਹੇ ਮਹਾਂਨਗਰਾਂ ਵਿੱਚ ਜੇ ਗਗਨ ਛੂੰਹਦੀਆਂ ਇਮਾਰਤਾਂ ਦੀ ਚਕਾਚੌਂਧ ਹੈ
ਤਾਂ ਹੇਠਲੇ ਦਰਜੇ ਦੀ ਅਤਿ ਦੀ ਗ਼ਰੀਬੀ ਵੀ ਹੈ ... ਜਿੱਥੇ ਇਹਨਾਂ ਲੋਕਾਂ
ਨੂੰ ਆਪਣੇ ਅਤਿ ਪਿਆਰੇ ... ਲਾਵਾਰਸ ਛੱਡ ਕੇ ਆਉਣ ਲਈ ਮਜ਼ਬੂਰ ਹੋਣਾ ਪੈਂਦਾ
ਹੈ।
ਬਾਅਦ ਵਿੱਚ ਇਹੀ ਘਟਨਾ, ਮੇਰੀ ਕਹਾਣੀ ‘ਲਾਵਾਰਸ’ ਲਿਖਣ ਦੀ ਪ੍ਰੇਰਣਾ ਸਰੋਤ
ਬਣੀ ਸੀ।
***
(11 ਜਨਵਰੀ 2008)