ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 02 May, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

lyK/aflf-duaflf/jfxkfrI

(6) ਅਮਰੀਕਾ ਅਤੇ ਰੂਸ ਵਿਚਕਾਰ ਹਥਿਆਰਾਂ ਦੀ ਦੌੜ-ਇਕ ਘਾਤਕ ਵਰਤਾਰਾ
– ਕਰਮ ਬਰਸਟ-


ਰੂਸ ਦੇ ਰਾਸ਼ਟਰਪਤੀ ਵੱਲੋਂ ਆਪਣੇ ਦੇਸ਼ ਦੀਆਂ ਮਿਜ਼ਾਇਲਾਂ ਦੇ ਮੂੰਹ ਯੂਰਪ ਵੱਲ ਨੂੰ ਸੇਧ ਦੇਣ ਦੀ ਧਮਕੀ ਨਾਲ ਅਮਰੀਕਾ ਵਿਸ਼ੇਸ਼ ਕਰਕੇ ਪੱਛਮੀ ਖੇਮੇ ਵਿਚ ਖਲਬਲੀ ਮੱਚ ਜਾਣਾ ਸੁਭਾਵਿਕ ਸੀ। ਰੂਸ ਦੀ ਇਹ ਪ੍ਰਤੀਕਿਰਿਆ ਅਮਰੀਕਾ ਵੱਲੋਂ ਪੋਲੈਂਡ ਅਤੇ ਚੈਕ ਗਣਰਾਜ ਦੀ ਧਰਤੀ ਉਪਰ, ਨਾਟੋ ਸ਼ਕਤੀਆਂ ਦੇ ਥੜੇ ਅਧੀਨ ਬੀੜੀਆਂ ਖਤਰਨਾਕ ਮਿਜ਼ਾਇਲਾਂ ਦੇ ਸਬੰਧ ਵਿਚ ਆਈ ਹੈ। ਰੂਸ ਨੇ ਇਸੇ ਸਾਲ ਹੀ ਪਹਿਲਾਂ ਬਹੁਮੰਤਵੀ ਜੰਗੀ ਹਥਿਆਰਾਂ ਨਾਲ ਲੈਸ ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਇਲ ਅਤੇ Øਇਕ ਨਵੀਂ ਕਰੂਜ਼ ਮਿਜ਼ਾਇਲ ਦਾਗ ਕੇ ਪੱਛਮੀ ਖੇਮੇ ਨੂੰ ਭੈਅਭੀਤ ਕਰ ਦਿੱਤਾ ਸੀ। ਬਾਕੀ ਰਹਿੰਦੀ ਕਸਰ ਇਕ ਅਜਿਹਾ ਬੰਬ ਬਣਾਕੇ ਕਰ ਦਿੱਤੀ ਹੈ, ਜਿਸਦਾ ਅਮਰੀਕਾ ਕੋਲ ਵੀ ਤੋੜ ਨਹੀਂ ਹੈ। ਅਮਰੀਕਾ ਨੇ ਕੁੱਝ ਵਰ੍ਹੇ ਪਹਿਲਾਂ ਇਕ ਅਜਿਹਾ ਬੰਬ ਬਣਾਇਆ ਸੀ, ਜਿਸਨੂੰ ਹੁਣ ਤੱਕ ਦੇ ਸਾਰੇ ‘‘ਬੰਬਾਂ ਦੀ ਮਾਂ‘‘ ਕਿਹਾ ਜਾਂਦਾ ਸੀ, ਲੇਕਿਨ ਰੂਸ ਵੱਲੋਂ ਤਿਆਰ ਕੀਤੇ ਬੰਬ ਨੂੰ ਸਾਰੇ ‘‘ਬੰਬਾਂ ਦਾ ਪਿਓ‘‘ ਦੱਸਿਆ ਜਾ ਰਿਹਾ ਹੈ। ਰੂਸ ਵੱਲੋਂ ਨਵੀਆਂ ਤਿਆਰ ਕੀਤੀਆਂ ਮਿਜ਼ਾਇਲਾਂ ਅਗਲੇ ਚਾਲੀ ਸਾਲਾਂ ਤੱਕ ਅਮਰੀਕੀ ਹਥਿਆਰਾਂ ਦਾ ਟਾਕਰਾ ਕਰਨ ਦੇ ਸਮਰੱਥ ਹਨ। ਰੂਸ ਦੀ ਦਲੀਲ ਹੈ, ਕਿ ਉਸ ਨੇ ਇਹ ਕਾਰਵਾਈ ਅਮਰੀਕੀ ‘ਸਾਮਰਾਜ‘ ਦੀਆਂ ਆਪਹੁਦਰੀਆਂ ਕਰਤੂਤਾਂ ਨੂੰ ਠੱਲਣ ਲਈ ਕੀਤੀ ਗਈ ਹੈ।

ਸਾਲ 1991 ਵਿਚ ਸੋਵੀਅਤ ਯੂਨੀਅਨ ਦੇ ਖਿੰਡਾਅ ਨਾਲ ਅਮਰੀਕਾ ਨੇ ਹਮਲਾਵਰ ਪਹੁੰਚ ਅਪਣਾ ਲਈ ਸੀ। ਰੂਸ ਦੀ ਦਹਾਕਿਆਂ ਦੀ ਚੁਣੌਤੀ ਰਹਿਤ ਸਰਦਾਰੀ ਨੂੰ ਠੁੱਠ ਦਿਖਾਉਂਦਿਆਂ, ਪੂਰਬੀ ਯੂਰਪ ਦੇ ਸਾਬਕਾ ਸਮਾਜਵਾਦੀ ਦੇਸ਼ਾਂ ਨੂੰ ਆਪਣੀ ਸੁਰੱਖਿਆ ਛੱਤਰੀ ਅਧੀਨ ਕਰ ਲਿਆ ਸੀ। ਕਾਫ਼ੀ ਸਮੇਂ ਤੋਂ ਉਸਨੇ ਬੁਲਗਾਰੀਆ ਅਤੇ ਰੁਮਾਨੀਆ ਵਿਚ ਫੌਜੀ ਅੱਡੇ ਸਥਾਪਿਤ ਕਰਨੇ ਸ਼ੁਰੂ ਕੀਤੇ ਹੋਏ ਹਨ। ਰੂਸ ਦਾ ਹਿੱਸਾ ਰਹੇ ਬਲਕਾਨ ਰਾਜਾਂ ਵਿਚ ‘‘ਸੰਤਰੀ ਂਿੲਨਕਲਾਬ‘‘ ਲਿਆਕੇ, ਉਹਨਾਂ ਨੂੰ ਆਪਣੇ ਖੰਭਾਂ ਹੇਠਾਂ ਕੀਤਾ ਹੋਇਆ ਹੈ। ਰੂਸ ਦੀਆਂ ਪੱਛਮੀ ਏਸ਼ੀਆਂਾ ਹੇਠਲੀਆਂ ਸਾਬਕਾ ਇਕਾਈਆਂ ਨੂੰ ਵੀ ਇਕ ਤਰਾਂ ਆਪਣੇ ਜੰਗੀ ਜਾਲ ਵਿਚ ਫਸਾ ਲਿਆ ਸੀ। ਉਹਨਾਂ ਨੂੰ ਤਾਂ ਇਕ ਇਕ ਕਰਕੇ ਰੂਸ ਨੇ ਆਪਣੇ ਪ੍ਰਭਾਵ ਖੇਤਰਾਂ ਵਿਚ ਵਾਪਸ ਲੈ ਆਂਦਾ ਹੈ।

1990ਵਿਆਂ ਦੇ ਇਹਨਾਂ ਘਟਨਾਕ੍ਰਮਾਂ ਸਦਕਾ ਰੂਸ ਦਾ ‘‘ਮਹਾਂਸ਼ਕਤੀ‘‘ ਹੋਣ ਦਾ ਰੁਤਬਾ ਤਾਂ ਖੁੱਸਿਆ ਹੀ ਸੀ, ਬਲਕਿ ਬਹੁਤੇ ਸਿਆਸੀ ਪੰਡਤ ਤਾਂ ਉਸਨੂੰ ਕਮਜ਼ੋਰ ਦੇਸ਼ਾਂ ਦੀ ਸ਼੍ਰੇਣੀ ਵਿਚ ਰੱਖਣ ਲੱਗ ਪਏ ਸਨ। ਸਾਡੇ ਆਪਣੇ ਦੇਸ਼ ਦੀਆਂ ਹਾਕਮ ਜਮਾਤਾਂ ਨੇ ਉਦੋਂ ਤੋਂ ਹੀ ਭਾਰਤ ਦੀ ਬਦੇਸ਼ ਨੀਤੀ ਨੂੰ ਅਮਰੀਕਾ ਦੀਆਂ ਸ਼ਰਤਾਂ ਮੁਤਾਬਕ ਢਾਲਣਾ ਸ਼ੁਰੂ ਕੀਤਾ ਹੋਇਆ ਹੈ। ਭਾਰਤ ਅਮਰੀਕਾ ਵਿਚਕਾਰ ਹੋਈ ਗੈਰ ਫੌਜੀ ਪਰਮਾਣੂੰ ਸੰਧੀ ਅਮਰੀਕਾ ਪੱਖੀ ਝੁਕਾਅ ਦਾ ਉਚਤਮ ਰੂਪ ਕਿਹਾ ਜਾ ਸਕਦਾ ਹੈ। ਖ਼ੈਰ ਵੱਡੀਆਂ ਤਾਕਤਾਂ ਵਿਚਕਾਰ ਹੁੰਦੀ ਖਿਚੋਤਾਣ ਨਵੀਂ ਗੱਲ ਨਹੀਂ ਹੈ। ਅਸਲ ਵਿਚ ਨਵਾਂ ਭਾਣਾ ਤਾਂ ਇਹ ਵਾਪਰਿਆ ਹੈ, ਕਿ ਰੂਸ ਰਫ਼ਤਾ ਰਫ਼ਤਾ ਆਪਣੀ ਗੁਆਚੀ ਹੋਈ ਸ਼ਾਨ ਨੂੰ ਮੁੜ ਹਾਸਲ ਕਰਨ ਲਈ ਸਿਰਤੋੜ ਯਤਨ ਕਰ ਰਿਹਾ ਹੈ ਅਤੇ ਕਾਫ਼ੀ ਹੱਦ ਤੱਕ ਸਫ਼ਲ ਵੀ ਹੋ ਰਿਹਾ ਹੈ।

ਅਗਸਤ 1990 ਵਿਚ ਇਰਾਕ ਵੱਲੋਂ ਕੂਵੈਤ ਨੂੰ ਹੜੱਪ ਲੈਣ ਨਾਲ ਦੁਨੀਆਂ ਭਰ ਦੀ ਕੂਟਨੀਤਕ ਅਤੇ ਰਣਨੀਤਕ ਫ਼ਿਜ਼ਾ ਹੀ ਬਦਲ ਗਈ ਸੀ। ਕੂਵੈਤ ਨੂੰ ਮੁਕਤ ਕਰਵਾਉਣ ਦੀ ਆੜ ਹੇਠਾਂ ਅਮਰੀਕਾ ਦੀ ਅਗਵਾਈ ਅਧੀਨ ਸਾਰੇ ਹੀ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਨੇ ਇਰਾਕ ਉਪਰ ਫੌਜੀ ਹਮਲਾ ਵਿੱਢ ਦਿੱਤਾ ਸੀ। ਸਥਿਤੀ ਦਾ ਵਿਅੰਗ ਇਹ ਸੀ, ਕਿ ਰੂਸ ਨੂੰ ਨਾ ਚਾਹੁੰਦੇ ਹੋਏ ਵੀ ਆਪਣੇ ਪੱਕੇ ‘‘ਸ਼ਰੀਕ‘‘ ਅਮਰੀਕਾ ਦੀ ਬੋਲੀ ਬੋਲਣੀ ਪਈ ਸੀ ਅਤੇ ਉਹ ਆਪਣੇ ‘‘ਮਿੱਤਰ‘‘ ਇਰਾਕ ਦੇ ਉਲਟ ਖੜਣ ਲਈ ਮਜ਼ਬੂਰ ਹੋ ਗਿਆ ਸੀ। ਇਕੋ ਇਕ ਮਹਾਂਸ਼ਕਤੀ ਹੋਣ ਦਾ ਗ਼ਰੂਰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਦੇ ਸਿਰ ‘ਤੇ ਇਸ ਕਦਰ ਚੜ੍ਹਿਆ, ਕਿ ਉਸਨੇ ਜੇਤੂ ਅੰਦਾਜ ਵਿਚ ਐਲਾਨ ਕਰ ਮਾਰਿਆ ਕਿ ‘‘ਅਸੀਂ ਹੁਣ ਇਕ ਧਰੁਵੀ ਸੰਸਾਰ ਵਿਚ ਪ੍ਰਵੇਸ਼ ਕਰ ਗਏ ਹਾਂ।‘‘ ਸਿਆਸੀ ਅਤੇ ਫੌਜੀ ਖੇਤਰ ਵਿਚ ਇਸ ਬੜ੍ਹਕ ਦਾ ਮਤਲਬ ਸੀ, ਕਿ ਰੂਸ ਵੱਡੀ ਤਾਕਤ ਵਜੋਂ ਕੌਮਾਂਤਰੀ ਦ੍ਰਿਸ਼ ਤੋਂ ਅਲੋਪ ਹੋ ਗਿਆ ਹੈ ਅਤੇ ਚਾਰ ਦਹਾਕਿਆਂ ਤੋਂ ਚੱਲੀ ਆ ਰਹੀ ਹਥਿਆਰਾਂ ਦੀ ਦੌੜ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਗਈ ਹੈ।

ਅਜਾਰੇਦਾਰ ਪੂੰਜੀਵਾਦ ਅਤੇ ਜੰਗ ਦੋਵੇਂ ਹੀ ਨਾਲੋ ਨਾਲ ਚੱਲਦੇ ਹਨ। ਇਸ ਲਈ ਇਕ ਧਰੁਵੀ ਸੰਸਾਰ ਪ੍ਰਬੰਧ ਦਾ ਦਾਅਵਾ ਅੰਸ਼ਕ ਰੂਪ ਵਿਚ ਸੱਚ ਹੁੰਦਾ ਹੋਇਆ ਵੀ, ਬੁਨਿਆਦੀ ਤੌਰ ‘ਤੇ ਦਰੁਸਤ ਨਹੀਂ ਸੀ। ਜਦੋਂ ਤੱਕ ਸਾਮਰਾਜਵਾਦ ਮੌਜੂਦ ਹੈ, ਉਦੋਂ ਤੱਕ ਵਿਸ਼ਵ ਸ਼ਾਂਤੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਇਹ ਸੱਚ ਹੈ, ਕਿ ਪੂੰਜੀਵਾਦੀ ਵਿਕਾਸ ਦਾ ਅਸਾਵਾਂਪਣ ਇਕ ਥਾਂ ‘ਤੇ ਵਿਕਾਸ ਅਤੇ ਦੂਜੀ ਥਾਂ ‘ਤੇ ਵਿਨਾਸ਼ ਨੂੰ ਜਨਮ ਦਿੰਦਾ ਰਹਿੰਦਾ ਹੈ। ਕਈ ਵਾਰੀਂ ਅਜਿਹਾ ਵਰਤਾਰਾ ਸਦੀਵੀ ਰੂਪ ਵਿਚ ਵੀ ਵਾਪਰ ਜਾਂਦਾ ਹੈ, ਜਿਵੇਂ ਕਿ ਬਰਤਾਨੀਆ ਲਗਾਤਾਰ ਆਪਣੇ ਨਿਘਾਰ ਵੱਲ ਨੂੰ ਗਿਆ ਹੈ, ਜਦਕਿ ਜਰਮਨੀ ਅਤੇ ਜਪਾਨ ਦੋ ਦੋ ਵਾਰ ਤਬਾਹ ਹੋਕੇ ਵੀ, ਮੁੜ ਉਭਰਦੇ ਰਹੇ ਹਨ। ਇਸ ਲਈ ਰੂਸ ਦਾ ਦੁਬਾਰਾ ਕੌਮਾਂਤਰੀ ਸਿਆਸਤ ਵਿਚ ਆ ਜਾਣਾ ਅਲੋਕਾਰੀ ਗੱਲ ਨਹੀਂ ਹੈ।

ਹਥਿਆਰਾਂ ਦੀ ਦੌੜ ਦੇ ਖਾਤਮੇ ਦੀ ਪੇਸ਼ੇਗੋਨੋਈ ਤੱਥਾਂ ਉਪਰ ਅਧਾਰਤ ਨਹੀਂ ਸੀ। ਰੂਸ ਦੇ ਪਰਦੇ ਦੇ ਪਿੱਛੇ ਚਲੇ ਜਾਣ ਦੇ ਦੌਰ ਵਿਚ ਵੀ, ਜਰਮਨੀ ਅਤੇ ਫਰਾਂਸ ਦੀ ਅਗਵਾਈ ਹੇਠਲੇ ਯੂਰਪੀ ਸੰਘ ਨੇ, ਕੌਮਾਂਤਰੀ ਖੇਤਰ ਵਿਚ ਆਪਣੇ ਤੇਵਰ ਭਾਵੇਂ ਕਮਜ਼ੋਰ ਹੀ ਸਹੀ, ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਵਿਸ਼ਵ ਵਪਾਰ ਸੰਗਠਨ ਦੇ ਮੰਚ ਉਪਰ ਵਾਰ ਵਾਰ ਪੈਂਦੇ ਰੱਟੇ, ਅਮਰੀਕਾ ਅਤੇ ਯੂਰਪੀ ਸੰਘ ਦੇ ਆਪਸੀ ਵਿਰੋਧ ਹੀ ਹਨ। ਬੇਸ਼ਕ ਇਹ ਵਿਰੋਧ ਠੰਢੀ ਜੰਗ ਦੇ ਜ਼ੁਮਰੇ ਵਿਚ ਨਹੀਂ ਆਉਂਦੇ, ਫੇਰ ਵੀ ਇਹਨਾਂ ਨੇ, ਕੌਮਾਂਤਰੀ ਮਸਲਿਆਂ ਵਿਚ, ਅਮਰੀਕਾ ਨੂੰ ਉਸ ਕਿਸਮ ਦੀ ‘‘ਨੈਤਿਕਤਾ‘‘ ਹਾਸਲ ਨਹੀਂ ਹੋਣ ਦਿੱਤੀ, ਜਿਹੋ ਜਿਹੀ ਉਸਨੇ ਇਰਾਕ ਉਪਰ ਪਹਿਲੇ ਹਮਲੇ ਵੇਲੇ ਪ੍ਰਾਪਤ ਕੀਤੀ ਸੀ। ਅਮਰੀਕਾ ਵਲੋਂ ਇਰਾਕ ਅਤੇ ਅਫਗਾਨਿਸਤਾਨ ਵਿਚ ਫਸ ਜਾਣ ਨਾਲ, ਇਹਦੇ ‘ਜਮਹੂਰੀਅਤ ਦੀ ਬਹਾਲੀ ‘ ਦੇ ਮਿਸ਼ਨ ਦੀ ਮਿੱਟੀ ਪਲੀਤ ਹੋ ਗਈ ਹੈ। ਇਸਦੇ ਜ਼ਰਖਰੀਦ ਬੁੱਧੀਜੀਵੀਆਂ ਵਲੋਂ ਕੀਤੀਆਂ ‘‘ਇਤਿਹਾਸ ਦੇ ਅੰਤ‘‘ ਦੀਆਂ ਭਵਿੱਖਬਾਣੀਆਂ ਪੁੱਠੀਆਂ ਪੈਣ ਲੱਗੀਆਂ ਹਨ। ਖੁਦ ਇਸ ‘ਸਿਧਾਂਤ‘ ਦਾ ਪੈਰੋਕਾਰ ਫਰਾਂਸਿਸ ਫੂਕੋਯਾਮਾ ਬੁਸ਼ ਪ੍ਰਸ਼ਾਸ਼ਨ ਦਾ ਅਲੋਚਕ ਬਣਨ ਲਈ ਮਜ਼ਬੂਰ ਹੋ ਗਿਆ ਹੈ।

ਕੌਮਾਂਤਰੀ ਪੱਧਰ ‘ਤੇ ਦਿਨੋ ਦਿਨ ਬਦਲ ਰਹੇ ਸ਼ਕਤੀਆਂ ਦੇ ਸਮਤੋਲ ਵਿਚ, ਅਮਰੀਕਾ ਆਪਦੀ ਪ੍ਰਮਾਣੂੰ ਫੌਜੀ ਸ਼ਕਤੀ ਦੇ ਸਹਾਰੇ ਇਕ ਧਰੁਵੀ ਸੰਸਾਰ ਪ੍ਰਬੰਧ ਨੂੰ ਬਚਾਉਣ ਲਈ, ਵਿਕਸਤ ਦੇਸਾਂ ਦੇ ਨਾਲ ਹੀ, ਵਿਕਾਸਸ਼ੀਲ ਦੇਸ਼ਾਂ ਦੀਆਂ ਬਾਹਾਂ ਮਰੋੜਣ ਦੀ ਨੀਤੀ ਉਪਰ ਚੱਲ ਰਿਹਾ ਹੈ। ਅਮਰੀਕਾ ਦੇ ਦਬਾਅ ਕਾਰਨ ਹੀ ਅੱਜ ਤੱਕ ਰੂਸ ਨੂੰ ਵਿਸ਼ਵ ਵਪਾਰ ਸੰਗਠਨ ਦਾ ਮੈਂਬਰ ਨਹੀਂ ਬਣਨ ਦਿੱਤਾ ਗਿਆ। ਇਸਦਾ ਕਾਰਨ ਹੈ ਕਿ ਪੂਤਿਨ ਨਿਜ਼ਾਮ ਨੇ ਬੋਰਿਸ ਯੈਲਤਸਿਨ ਦੇ ਕਾਰਜਕਾਲ ਦੌਰਾਨ ਕਾਇਮ ਹੋਏ ਅਮਰੀਕਾ ਪੱਖੀ ਆਰਥਿਕ ਗਰੋਹਾਂ ਦੇ ਸਰਗਣਿਆਂ ਨੂੰ ਜੇਲਾਂ ਵਿਚ ਸੁਟਵਾ ਦਿੱਤਾ ਸੀ। ਅਮਰੀਕਾ ਇਹਨਾਂ ਹਰਕਤਾਂ ਨੂੰ ‘‘ ਜਮਹੂਰੀਅਤ ਵਿਰੋਧੀ‘‘ ਅਤੇ ਖੁੱਲੀ ਮੰਡੀ ਲਈ ਰੁਕਾਵਟ ਦਾ ਨਾਮ ਦਿੰਦਾ ਹੈ। ਇਕ ਹੀ ਮੁੱਦੇ ਉਪਰ ਇਹ ਵੱਖ ਵੱਖ ਦੇਸ਼ਾਂ ਨਾਲ ਦੂਹਰੀ ਨੀਤੀ ਉਪਰ ਚੱਲ ਰਿਹਾ ਹੈ। ਪ੍ਰਮਾਣੂੰ ਮਸਲੇ ਉਪਰ ਹੀ ਭਾਰਤ ਨੂੰ ਪੁਚਕਾਰਨ ਅਤੇ ਇਰਾਕ ਨੂੰ ਦੁਰਕਾਰਨ ਵਾਲੀ ਨੀਤੀ ਇਦੇ ਵਤੀਰੇ ਦੀਆਂ ਠੋਸ ਮਿਸਾਲਾਂ ਹਨ। ਇਰਾਨ ਦਾ ਪ੍ਰਮਾਣੂੰ ਮਸਲਾ, ਅਜਿਹੀ ਨੀਤੀ ਕਾਰਨ ਹੀ ਕੌਮਾਂਤਰੀ ਟਕਰਾਅ ਵਾਲਾ ਬਿੰਦੂ ਬਣਿਆ ਹੋਇਆ ਹੈ।

ਵਾਰਸਾ ਪੈਕਟ ਦੇ ਖਿੰਡਾਅ ਨਾਲ ਜਿਹੜਾ ਖਲਾਅ ਪੈਦਾ ਹੋਇਆ ਸੀ, ਉਸਨੂੰ ਇਕ ਹੱਦ ਤੱਕ ਭਰਨ ਲਈ ਰੂਸ ਅਤੇ ਚੀਨ ਦੀ ਅਗਵਾਈ ਹੇਠਲਾਂ ‘ਸੰਘਾਈ ਸਹਿਯੋਗ ਸੰਗਠਨ‘ ਅੱਗੇ ਵੱਧ ਰਿਹਾ ਹੈ। ਇਹ ਕਹਿਣਾ ਤਾਂ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ ਕਿ ਰੂਸ ਚੀਨ ਧੁਰਾ ਜਲਦੀ ਹੀ ਠੰਢੀ ਜਾਂ ਗਰਮ ਜੰਗ ਵਿਚ ਕੁੱਦ ਸਕਦਾ ਹੈ, ਲੇਕਿਨ ‘ਹੋਣਹਾਰ ਵਿਰਵਾਨ‘ ਦੇ ਪੈਰ ਕਿਸੇ ਖਤਰਨਾਕ ਦਿਸ਼ਾ ਵੱਲ ਵੱਧਣ ਦਾ ਸੰਕੇਤ ਜਰੂਰ ਦੇ ਰਹੇ ਹਨ। ਇਸ ਸੰਗਠਨ ਵਿਚ ਕੁਦਰਤੀ ਤੇਲ ਅਤੇ ਗੈਸਾਂ ਨਾਲ ਮਾਲਾਮਾਲ ਕੇਂਦਰੀ ਏਸ਼ੀਆ ਦੇ ਚਾਰ ਮੁਲਕਾਂ ਕਜਾਖਸਤਾਨ, ਉਜ਼ਬੇਕਿਸਤਾਨ, ਕਿਰਗਿਜਸਤਾਨ ਅਤੇ ਤਾਜ਼ਿਕਸਤਾਨ ਦੀ ਸਰਗਰਮ ਮੌਜੂਦਗੀ, ਇਕ ਸ਼ਕਤੀਸ਼ਾਲੀ ਧਰੁਵ ਦੀ ਉਸਾਰੀ ਕਰ ਸਕਦੀ ਹੈ। ਇਸ ਸੰਗਠਨ ਵਿਚ, ਭਾਰਤ, ਪਾਕਿਸਤਾਨ, ਮੰਗੋਲੀਆ ਅਤੇ ਇਰਾਨ ਨੂੰ ਅਬਜ਼ਰਵਰ ਦਾ ਦਰਜਾ ਦਿੱਤਾ ਗਿਆ ਹੈ। ਗੱਲ ਕੀ, ਧਰਤੀ ਦੇ ਦੱਖਣੀ ਪੂਰਬੀ ਹਿੱਸੇ ਅੰਦਰ ਰੂਸ ਆਪਣੇ ਪ੍ਰਭਾਵ ਖੇਤਰਾਂ ਨੂੰ ਮੁੜ ਪੱਕੇ ਪੈਰੀ ਕਰ ਰਿਹਾ ਹੈ।

ਅਮਰੀਕਾ ਨੇ ਰੂਸ ਤੇ ਚੀਨ ਦੀਆਂ ਧਰੁਵ ਖੜਾ ਕਰਨ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਸ਼ੱਕ ਅਤੇ ਗੰਭੀਰਤਾ ਨਾਲ ਲੈਂਦੇ ਹੋਏ, ਵਾਰ ਵਾਰ ਚਿਤਾਵਨੀ ਦਿੱਤੀ ਹੈ, ਕਿ ‘‘ ਉਹ ਰੂਸ ਆਪਣੇ ਤੇਲ ਅਤੇ ਗੈਸ ਦੇ ਸਰੋਤਾਂ ਨੂੰ ਜੱਫਾ ਮਾਰ ਕੇ, ਇਹਨਾਂ ਨੂੰ ਬਲੈਕਮੇਲ ਕਰਨ ਅਤੇ ਧਮਕਾਉਣ ਲਈ ਇਸਤੇਮਾਲ ਨਾ ਕਰੇ। ਰੂਸ ਉਪਰ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਉਹ ‘‘ਆਪਣੇ ਦੇਸ਼ ਅਤੇ ਦੂਜੇ ਮੁਲਕਾਂ ਵਿਚ ਜਮਹੂਰੀ ਵਿਕਾਸ ਨੂੰ ਰੋਕ ਰਿਹਾ ਹੈ, ਜਿਸ ਕਰਕੇ ਇਸਦੇ ਅਮਰੀਕਾ, ਯੂਰਪ ਅਤੇ ਆਪਣੇ ਗੁਆਂਢੀਆਂ ਨਾਲ ਸਬੰਧਾਂ ਉਪਰ ਬੁਰਾ ਅਸਰ ਪੈ ਰਿਹਾ ਹੈ।‘‘

ਗੱਲ ਬੜੀ ਸਪਸ਼ਟ ਹੈ ਕਿ ਕੌਮਾਂਤਰੀ ਮੰਚਾਂ ਉਪਰ ਰੂਸ ਨੇ ਕਾਫੀ ਹੱਦ ਤੱਕ ਅਜ਼ਾਦਾਨਾ ਪਹੁੰਚ ਅਪਣਾ ਲਈ ਹੈ, ਜਿਹਨਾਂ ਵਿਚ ਇਰਾਨ ਦੀ ਪ੍ਰਮਾਣੂੰ ਨੀਤੀ ਦੀ ਹਮਾਇਤ ਕਰਨਾ, ਅਮਰੀਕਾ ਵਲੋਂ ਪਾਬੰਦੀਆਂ ਲਗਾਉਣ ਦੇ ਬਾਵਜੂਦ ਵੀ ਇਰਾਨ ਦੇ ਪ੍ਰਮਾਣੂੰ ਪਲਾਟਾਂ ਦੀ ਉਸਾਰੀ ਜਾਰੀ ਰੱਖਣਾ ਅਤੇ ਉਸਨੂੰ 700 ਅਰਬ ਡਾਲਰ ਦੀਆਂ ਐਂਟੀ ਏਅਰਕਰਾਫਟ ਮਿਜ਼ਾਇਲਾਂ ਪ੍ਰਦਾਨ ਕਰਨ ਲਈ ਸੌਦਾ ਕਲਮਬੰਦ ਕਰਨਾ। ਇਸਤੋਂ ਵੀ ਵੱਧ ਕੇ ਰੂਸ ਨੇ ਫਲਸਤੀਨ ਦੀ ਨਵੀਂ ਬਣੀ ‘ਹਮਸ‘ ਸਰਕਾਰ ਨੂੰ ਮਾਨਤਾ ਦੇ ਕੇ, ਅਮਰੀਕਾ ਦੇ ਜ਼ਖਮਾਂ ਤੇ ਨਮਕ ਲਾਇਆ ਸੀ। ਰੂਸ ਤੋਂ ਬਿਨਾਂ , ਅਮਰੀਕਾ ਨੇ ਚੀਨ ਨੂੰ ਵੀ ਨਿਸ਼ਾਨਾ ਬਣਾਉਾਂਦਿਆਂ ‘‘ਆਪਣੀ ਫੌਜੀ ਜਾਣਕਾਰੀ ਲੁਕੋਣ ਅਤੇ ਸੁਰੱਖਿਆ ਪ੍ਰਬੰਧਾਂ ਦੇ ਨਵੀਨੀਕਰਨ ਬਦਲੇ ‘‘ਸਿੱਟੇ ਭੁਗਤਣ‘‘ਦੀ ਧਮਕੀ ਦਿੱਤੀ ਹੋਈ ਹੈ। ਅਮਰੀਕੀ ਪ੍ਰਸ਼ਾਸ਼ਨ ਦੇ ਆਹਲਾ ਮੰਤਰੀਆਂ ਵਲੋਂ ਰੂਸ ਅਤੇ ਚੀਨ ਨੂੰ ਧਮਕੀਆਂ ਦੇਣਾ ਅਤੇ ਸੰਘਾਈ ਸਹਿਯੋਗ ਸੰਗਠਨ ਦੇ ਮੁਕਾਬਲੇ ‘ਤੇ ਬਾਲਟਿਕ ਅਤੇ ਬਲਕਾਨ ਮੁਲਕਾਂ ਦੀ ‘ ਜਮਹੂਰੀ ਪ੍ਰਬੰਧ ਲਈ ਕਾਮਨਵੈਲਥ‘‘ ਦੀ ਸਥਾਪਨਾ ਲਈ ਯਤਨ ਕਰਨੇ ਸਧਾਰਨ ਅਮਲ ਨਹੀਂ ਹਨ। ਅਮਰੀਕਾ ਤਾਂ ਯੂਰਪੀ ਸੰਘ ਦੇ ਵਿਰੋਧ ਵਿਚ ਪੂਰਬੀ ਯੂਰਪ ਦੇ ਦੇਸ਼ਾਂ ਦਾ ਵੱਖਰਾ ਮੰਚ ਖੜਾ ਕਰਨ ਦੀਆਂ ਕੋਸ਼ਿਸ਼ਾਂ ਵੀ ਕਰ ਰਿਹਾ ਹੈ।

ਇਹਨਾਂ ਘਟਨਾਕ੍ਰਮਾਂ ਤੋਂ ਜ਼ਾਹਰ ਹੋ ਰਿਹਾ ਹੈ, ਕਿ ਦੁਨੀਆਂ ਇਕ ਵਾਰ ਫੇਰ 1946 ਦੇ ਉਸ ਦੌਰ ਵੱਲ ਮੁੜ ਰਹੀ ਹੈ, ਜਦੋਂ ਠੰਢੀ ਜੰਗ ਦਾ ਆਗਾਜ਼ ਕੀਤਾ ਗਿਆ ਸੀ, ਹੁਣ ਫਰਕ ਸਿਰਫ ਐਨਾ ਹੈ, ਕਿ ਜੰਗੀ ਮੋਰਚੇ ਦੇ ਸਥਾਨ ਪੂੁਰਬੀ ਯੂਰਪ ਤੋਂ ਬਦਲਕੇ, ਸਾਬਕਾ ਸੋਵੀਅਤ ਸੰਘ ਦੇ ਦੇਸਾਂ ਵੱਲ ਤਬਦੀਲ ਹੋ ਰਹੇ ਹਨ। ਕੁੱਝ ਰਾਜਨੀਤਿਕ ਮਾਹਰਾਂ ਦਾ ਵਿਚਾਰ ਹੈ, ਕਿ ਰੂਸ ਫੌਜੀ ਖੇਤਰ ਵਿਚ ਕਦੇ ਵੀ ਅਮਰੀਕਾ ਦਾ ਮੁਕਾਬਲਾ ਨਹੀਂ ਕਰ ਸਕਦਾ, ਕਿਉਂਕਿ ਇਹਦੇ ਕੋਲ ਇੰਨੇ ਵੱਡੇ ਖਰਚੇ ਝੱਲਣ ਲਈ ਆਰਥਿਕ ਸਾਧਨਾਂ ਦੀ ਤੋਟ ਹੈ। ਇਸ ਦਲੀਲ ਵਿਚ ਅੱਜ ਦੀ ਘੜੀ ਦਮ ਨਹੀਂ ਰਿਹਾ। ਇਸ ਵੇਲੇ ਪੂਰਾ ਯੂਰਪ ਖਾਸ ਕਰਕੇ, ਜਰਮਨੀ ਰੂੁਸ ਵਲੋਂ ਸਪਲਾਈ ਕੀਤੇ ਜਾਂਦੇ ਤੇਲ ਅਤੇ ਗੈਸ ਉਪਰ ਨਿਰਭਰ ਹੋਕੇ ਰਹਿ ਗਿਆ ਹੈ। ਅਖੌਤੀ ਸਮਾਜਵਾਦ ਦੇ ਖਾਤਮੇ ਤੋਂ ਬਾਅਦ, ਯੂਰਪ ਲਈ ਰੂਸੀ ਖੇਮੇ ਵੱਲ ਪਰਤਣ ਲਈ ਕੋਈ ਵਿਚਾਰਧਾਰਕ ਅੜਿੱਚਣ ਵੀ ਨਹੀਂ ਰਹੀ ਹੈ। ਨਵੇਂ ਬਣ ਰਹੇ ਕੌਮਾਂਤਰੀ ਸਮੀਕਰਣਾਂ ਦੀ ਰੋਸ਼ਨੀ ਵਿਚ, ਅਮਰੀਕਾ ਅਤੇ ਰੂਸ ਵਿਚਕਾਰ ਸ਼ੁਰੂ ਹੋਈ ਸ਼ਬਦੀ ਜੰਗ ਨੂੰ ਹੁਣ ਸਿਰਫ ਸ਼ਕਤੀ ਸੰਤੁਲਨ ਦੀ ਮੁੜ ਢਲਾਈ ਦੀ ਬਜਾਏ, ਪ੍ਰਭਾਵ ਖੇਤਰਾਂ ਦੇ ਵਿਸਥਾਰ ਲਈ ਲੜੀ ਜਾ ਰਹੀ ਠੰਢੀ ਜੰਗ ਵਜੋਂ ਦੇਖਣਾ ਚਾਹੀਦਾ ਹੈ।

ਜੰਗ ਠੰਢੀ ਹੋਵੇ ਜਾਂ ਗਰਮ, ਹਮੇਸ਼ਾ ਹੀ ਆਮ ਜਨਤਾ ਦਾ ਘਾਣ ਕਰਦੀ ਰਹੀ ਹੈ। ਮਨੁੱਖ ਦੇ ਵਿਕਾਸ ਲਈ ਵਰਤੇ ਜਾਣ ਵਾਲੇ ਸਰੋਤ, ਵਿਨਾਸ਼ਕਾਰੀ ਹਥਿਆਰਾਂ ਦੇ ਨਿਰਮਾਣ ਲਈ ਵਰਤੇ ਜਾਂਦੇ ਹਨ। ਸਾਮਰਾਜੀ ਸ਼ਕਤੀਆਂ ਵੱਲੋਂ ‘‘ਜਮਹੂਰੀਅਤ‘‘ ਅਤੇ ‘‘ਬਰਾਬਰੀ‘‘ ਲਈ ਕੀਤੇ ਜਾ ਰਹੇ ਢੌਂਗ ਹੁਣ ਬੇਨਕਾਬ ਹੋ ਗਏ ਹਨ। ਲੋਕਾਂ ਨੂੰ ਆਪਣਾ ਭਵਿੱਖ ਬਚਾਉਣ ਲਈ ਸਾਮਰਾਜਵਾਦੀ ਤਾਕਤਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਕੇਵਲ ਲੋਕਾਈ ਦਾ ਸਰਬਵਿਆਪਕ ਪ੍ਰਤੀਰੋਧ ਹੀ ਸਾਮਰਾਜੀ ਦੇਸ਼ਾਂ ਨੂੰ ਘਾਤਕ ਹਥਿਆਰਾਂ ਦੀ ਅੰਨ੍ਹੀ ਗਲੀ ਅਤੇ ਜੰਗ ਵੱਲ ਲਿਜਾਂਦੇ ਕਦਮ ਚੁੱਕਣ ਤੋਂ ਰੋਕ ਸਕਦਾ ਹੈ।
00000

ਕਰਮ ਬਰਸਟ
273, ਹਾਊਸਿੰਗ ਬੋਰਡ ਕਲੋਨੀ,
ਸੰਗਰੂਰ, ਪੰਜਾਬ,
ਭਾਰਤ

E-mail: karambarsat@yahoo.co.in
karambarsat@gmail.com

*******

(11 ਜਨਵਰੀ 2008 ਚਾਤ੍ਰਿਕ ਯੂਨੀਕੋਡ

ਕਰਮ ਬਰਸਟ ਦੀਆਂ 'ਲਿਖਾਰੀ' ਵਿਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari


© likhari: Punjabi Likhari Forum-2001-2008

 

 

 

 

 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.