ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 02 May, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ/aflf-duaflf/jfxkfrI

ਨਾਨਕ ਬਾਣੀ ਦੇ ਸਰਬਕਾਲੀ ਸੱਚ
-ਡਾ: ਜਸਪਾਲ ਕੌਰ ਕਾਂਗ-
ਚੇਅਰਮੈਨ, ਗੁਰੂ ਨਾਨਕ ਸਿੱਖ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ


        
 'ਬਾਣੀ ਸੰਸਾਰ' ਦਾ ਮੂਲ ਝਰੋਖਾ 'ਨਾਨਕ ਬਾਣੀ' ਹੈ। ਜੋ ਵਿਚਾਰ ਨਾਨਕ ਬਾਣੀ ਦਾ ਅੰਗ ਬਣੇ ਹਨ ਉਨ੍ਹਾ ਵਿਚਾਰਾਂ ਨੂੰ ਹੀ ਦੂਸਰੇ ਗੁਰੂ ਸਾਹਿਬਾਨ ਨੇ ਆਪਣੀ ਆਪਣੀ ਅਲੌਕਿਕ ਪ੍ਰਤਿਭਾ ਅਤੇ ਰੱਬੀ ਸੁਰਤਿ ਰਾਹੀਂ ਵਿਸਥਾਰ ਦਿੱਤਾ ਹੈ। ਨਾਨਕ ਬਾਣੀ ਦੀਆਂ ਅਮਰ ਰਚਨਾਤਮਕ ਪੈੜਾਂ ਹੀ ਗੁਰਮਤਿ ਵਿਚਾਰਧਾਰਾ ਦਾ ਬਿੰਬ ਉਸਾਰਦੀਆਂ ਹਨ। ਬਾਣੀ ਸੰਸਾਰ ਵਿੱਚ ਜੇਕਰ ਵਿਚਾਰਾਂ ਦਾ ਅੰਤਰ ਵਿਰੋਧ ਨਹੀਂ ਹੈ ਤਾਂ ਇਸ ਦਾ ਰਹੱਸ ਉਹ ਨਾਨਕ ਬਾਣੀ ਹੀ ਹੈ ਜਿਸ ਨੇ ਅਨੁਭਵ ਅਤੇ ਚਿੰਤਨ ਦੀ ਪੱਧਰ ਉਪਰ ਦੁਨਿਆਵੀ ਅਤੇ ਰੁਹਾਨੀ ਮਸਲਿਆਂ ਨੂੰ ਸਪੱਸ਼ਟ ਕਰ ਦਿੱਤਾ ਸੀ। ਇਹੀ ਕਾਰਨ ਹੈ ਕਿ ਗੁਰਮਤਿ ਵਿਚਾਰਧਾਰਾ ਵਿੱਚ ਇੱਕ ਸੁਰਤਾ, ਇੱਕਸਾਰਤਾ ਅਤੇ ਵਿਚਾਰਧਾਰਿਕ ਗਹਿਰਾਈ ਹੈ। ਨਾਨਕ ਬਾਣੀ ਦੀ ਯਾਤਰਾ ਬ੍ਰਹਿਮੰਡ ਤੋਂ ਲੈਕੇ ਉਸ ਧਰਤੀ ਤੱਕ ਦੀ ਹੈ ਜਿਸ ਨੂੰ ਧਰਮਸਾਲ ਬਣਾਉਣ ਦਾ ਉਦੇਸ਼ ਉਪਦੇਸ਼ ਹੈ। ਇਸ ਬਹੁਦਿਸ਼ਾਵੀ ਵਿਚਾਰਧਾਰਾਈ ਯਾਤਰਾ ਦਾ ਹੀ ਸਿੱਟਾ ਹੈ ਕਿ ਇਹ ਨਾਨਕ ਬਾਣੀ ਇੱਕੋ ਵੇਲੇ ਲੌਕਿਕ ਵੀ ਹੈ ਅਤੇ ਪਾਰਲੌਕਿਕ ਵੀ। ਲੌਕਿਕ ਤੋਂ ਭਾਵ ਹੈ ਬਾਣੀ ਵਿੱਚ ਧਰਤੀ ਨਾਲ ਜੁੜੇ ਹਰ ਮਸਲੇ ਨੂੰ ਚਿਤਵਿਆ ਅਤੇ ਚਿਤਰਿਆ ਗਿਆ ਹੈ। ਪਾਰਲੌਕਿਕਤਾ ਤਾਂ ਇਸ ਬਾਣੀ ਦਾ ਪ੍ਰਾਣ ਤੱਤ ਹੈ। ਜਿਸ ਦੇ ਅੰਤਰਗਤ ਬ੍ਰਹਿਮੰਡ ਤੋਂ ਲੈਕੇ ਬ੍ਰਹਮ ਤੱਕ ਦੇ ਹਰ ਵਿਚਾਰ ਨੂੰ ਦਿੱਬਤਾ ਰਾਹੀਂ ਸਾਕਾਰ ਕੀਤਾ ਹੈ। ਇਸ ਬਾਣੀ ਦੀ ਵਡਿਆਈ ਇਹ ਹੈ ਕਿ ਲੋਕਿਕਤਾ ਵਿਚੋਂ ਪਾਰਲੌਕਿਕਤਾ ਨੂੰ ਅਰਥ ਦਿੱਤੇ ਹਨ ਅਤੇ ਪਾਰਲੌਕਿਕਤਾ ਵਿਚੋਂ ਲੌਕਿਕਤਾ ਦਾ ਮਾਰਗ ਦਰਸ਼ਨ ਕੀਤਾ ਹੈ। ਇਹੀ ਨਾਨਕ ਬਾਣੀ ਦਾ ਸੱਚ ਹੈ। ਜਿਸ ਦੇ ਵਿਰਾਟ ਬਿੰਬ ਵਿਚੋਂ ਧਰਤੀ ਮਨੁੱਖ ਬ੍ਰਹਿਮੰਡ ਅਤੇ ਬ੍ਰਹਮ ਜੱਗਮਗ ਹੋ ਰਹੇ ਹਨ। ਇਸ ਵਿਰਾਟ ਬਿੰਬ ਵਿੱਚ ਕੋਈ ਭਰਮ ਭੁਲੇਖਾ ਜਾਂ ਭ੍ਰਾਂਤੀ ਨਹੀ ਬਲਕਿ ਛੋਟੀ ਇਕਾਈ ਤੋਂ ਲੈਕੇ ਵਡੇਰੀ ਇਕਾਈ ਤੱਕ ਦੇ ਸਾਰੇ ਸਰੋਕਾਰ ਦ੍ਰਿਸ਼ਟੀਗੋਚਰ ਹੋ ਜਾਂਦੇ ਹਨ।

         ਨਾਨਕ ਬਾਣੀ ਦਾ ਮੂਲ ਸੱਚ ਮਨੁੱਖੀ ਹੋਂਦ ਨੂੰ ਪਵਿਤਰ ਕਰਨ ਨਾਲ ਜੁੜਿਆ ਹੋਇਆ ਹੈ। ਮਨੁੱਖੀ ਹੋਂਦ ਆਪਣੇ ਮੂਲ ਵਿੱਚ ਪਾਸ਼ਵਿਕ ਹੋਂਦ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਮਨੁੱਖ ਦੀ ਮਿੱਟੀ ਵਿੱਚ ਟਿਕੇ ਹੋਏ ਹਨ। ਮਨੁੱਖ ਲਈ ਪਹਿਲੀ ਚਣੌਤੀ ਆਪਣੇ ਇਸ ਮਾਨਸ ਰੂਪ ਵਿਚੌਂ ਦੇਵਤਾ ਜਗਾਉਣਾ ਹੈ। ਨਾਨਕ ਬਾਣੀ ਦਾ ਪਹਿਲਾ ਉਦੇਸ਼ ਹੀ ਸਰੀਰ ਰੂਪੀ ਧਰਤੀ ਨੂੰ ਧਰਮਸਾਲ ਬਣਾਉਣਾ ਹੈ। ਧਰਮਸਾਲ ਇਹ ਤਾਂ ਹੀ ਬਣ ਸਕਦਾ ਹੈ ਜੇਕਰ ਇਸ ਸ਼ਬਦ ਸੁਰਤਿ ਨਾਲ ਜੋੜਿਆ ਜਾਵੇ। ਸਬਦਿ ਸੁਰਤਿ ਨਾਲ ਜੋੜਨ ਤੋਂ ਪਹਿਲਾਂ ਮਨੁੱਖ ਨੇ ਆਪਣੀ ਮਿੱਟੀ ਨੂੰ ਜਿਵੇਂ ਪਵਿੱਤਰ ਕਰਨਾ ਹੈ ਉਸ ਦਾ ਮਾਡਲ ਨਾਨਕ ਬਾਣੀ ਵਿੱਚ ਹੈ। ਇਹ ਸਰੀਰ ਰੂਪੀ ਮਿੱਟੀ ਉਦੋਂ ਪਵਿੱਤਰ ਹੋਵੇਗੀ ਜਦੋਂ ਇਸ ਦੇ ਅੰਦਰ ਹੁਕਮ ਦੀ ਪਛਾਣ ਅਤੇ ਹਉਮੈ ਵਰਗੇ ਮਹਾਂ ਰੋਗ ਤੋਂ ਮੁਕਤੀ ਮਿਲੇਗੀ। 'ਹਉਮੈ ਦੀਰਘ ਰੋਗ ਹੈ' ਜਿਨੀ ਦੇਰ ਹਉਮੈ ਹੈ ਉਨੀ ਦੇਰ ਤੱਕ ਹੁਕਮ ਦੀ ਸੋਝੀ, ਨਾਮ ਮੰਨਣ ਅਤੇ ਸੁਨਣ ਦੀ ਅਵੱਸਥਾ ਨਹੀਂ ਆਵੇਗੀ । ਨਾਮ ਮੰਨਣ ਅਤੇ ਸੁਨਣ ਦੀ ਅਵੱਸਥਾ ਦਾ ਪਹਿਲਾ ਬਿੰਦੂ ਬ੍ਰਹਮ ਦੀ ਹੋਂਦ ਵਿੱਚ ਵਿਸ਼ਵਾਸ ਹੈ। ਜੇਕਰ ਮਨ ਭਟਕ ਰਿਹਾ ਹੈ, ਲੋਭ ਪਦਾਰਥਾਂ ਵਿੱਚ ਮਗਨ ਹੈ ਤਾਂ ਬ੍ਰਹਮ ਦੀ ਪ੍ਰਤੀਤੀ ਦਾ ਪ੍ਰਸ਼ਨ ਹੀ ਨਹੀਂ ਜਾਗਦਾ। ਨਾਨਕ ਬਾਣੀ ਨੇ ਮੂਲ ਮੰਤਰ ਰਾਹੀਂ ਪਹਿਲਾਂ ਉਸ ਬ੍ਰਹਮ ਨੂੰ ਪ੍ਰਭਾਸ਼ਿਤ ਕੀਤਾ ਹੈ ਜਿਸ ਨਾਲ ਜੁੜਿਆਂ ਹੀ ਕਾਲ ਤੋਂ ਮੁਕਤ ਹੋਇਆ ਜਾ ਸਕਦਾ ਹੈ। ਜਿਹੜਾ ਵਿਅਕਤੀ ਬ੍ਰਹਮ ਮਾਰਗ ਉਪਰ ਚਲਦਾ ਹੈ ਉਸ ਅੰਦਰਲੇ ਵਿਕਾਰ ਆਪਣੇ ਆਪ ਟਿਕਾਓ ਵਿੱਚ ਆ ਜਾਂਦੇ ਹਨ। ਇਨ੍ਹਾਂ ਵਿਕਾਰਾਂ ਦੀ ਜਨਮ ਭੂਮੀ ਕਿਉਂਕਿ ਮਨ ਹੈ ਇਸ ਲਈ ਨਾਨਕ ਬਾਣੀ ਦਾ ਮੂਲ ਉਪਦੇਸ਼ ਮਨ ਨੂੰ ਜਿੱਤਣਾ ਹੈ। ਜੋ ਜਗਿਆਸੂ ਮਨ ਨੁੰ ਜਿੱਤਦਾ ਹੈ ਉਸ ਅੰਦਰ ਹੀ ਤਾਂ ਨਾਮ ਸ਼ਬਦਿ ਸੁਰਤਿ ਦੀ ਚੇਤਨਾ ਆਉਣੀ ਹੈ। ਨਾਮ ਮੰਨਣ ਸਬਧੀ ਅਵੱਸਥਾ ਉਸੇ ਅੰਦਰ ਪ੍ਰਗਟ ਹੋਣੀ ਹੈ ਜਿਸ ਨੇ ਆਪਣੇ ਮਨ ਉਪਰ ਵਸੀਕਾਰ ਕਰ ਲਿਆ ਹੈ। ਸੋ ਸਪਸ਼ਟ ਹੈ ਕਿ ਨਾਨਕ ਬਾਣੀ ਦਾ ਅਦਿ ਬਿੰਦੂ ਮਨੁੱਖ ਨੂੰ ਸੰਬੋਧਿਤ ਹੈ। ਮਨੁੱਖ ਨੂੰ ਉਸ ਦੀ ਕਰਮ ਗਤੀ ਨਾਲ ਜੋੜ ਕੇ ਗੁਰੂ ਨਾਨਕ ਦੇਵ ਜੀ ਨੇ ਸ਼ੁਭ ਅਮਾਲਾਂ ਵੱਲ ਪ੍ਰੇਰਿਆ ਹੈ। ਬ੍ਰਹਮ ਨਾਲ ਜੁੜਨ ਤੋ ਪਹਿਲਾਂ ਮਨੁੱਖ ਨੇ ਆਪਣੇ ਅੰਦਰਲੇ ਪੰਜ ਵਿਕਾਰਾਂ ਨੂੰ ਨਿਯੰਤਰਣ ਵਿੱਚ ਕਰਨਾ ਹੈ। ਜੇ ਇਹ ਵਿਕਾਰ ਇੱਕ ਸੰਜਮ ਵਿੱਚ ਹਨ ਤਾਂ ਮਨੁੱਖ ਦੇ ਅੰਦਰੋਂ ਪਾਪ ਧੋਇ ਜਾਣੈ ਹਨ। ਬ੍ਰਹਮ ਦੇ ਪ੍ਰਵੇਸ਼ ਤੋਂ ਪਹਿਲਾਂ ਸਰੀਰ ਰੂਪੀ ਭਾਂਡੇ ਨੂੰ ਸੱਚਾ, ਸੁੱਚਾ ਤੇ ਪਵਿੱਤਰ ਕਰਨਾ ਹੈ। ਆਪਣੀਆਂ ਇਛਾਵਾਂ ਨੂੰ ਇੱਕ ਸਹਿਜ ਵਿੱਚ ਟਿਕਾਉਣਾ ਹੈ। ਮਨੁੱਖ ਦਾ ਅੰਦਰਲਾ ਜਗਤ ਜੇ ਸ਼ਾਂਤ ਹੈ ਤਾਂ ਹੀ ਉਸ ਦੀ ਸੁਰਤਿ ਪ੍ਰਭੂ ਧੁਨੀ ਨੂੰ ਸੁਣ ਸਕੇਗੀ। ਗੁਰੂ ਨਾਨਕ ਚਿੰਤਨ ਦੀ ਵਡਿਆਈ ਇਹ ਹੈ ਕਿ ਇਸ ਦੇ ਆਰ ਪਾਰ ਤਾਂ ਬ੍ਰਹਮ ਦੀ ਪ੍ਰਤੀਤ ਹੈ। ਪਰ ਇਸ ਸੁੱਚੇ ਪਸਾਰੇ ਦੇ ਕੇਂਦਰ ਵਿੱਚ ਮਨੁੱਖ ਦੀ ਮੁਕਤੀ ਨੂੰ ਵਿਚਾਰਿਆ ਹੈ। ਮਨੁੱਖ ਜੋ ਭਟਕ ਰਿਹਾ ਹੈ ਮਨਮੁੱਖਤਾ ਦੀ ਹੋਣੀ ਹੰਢਾ ਰਿਹਾ ਹੈ। ਮਨੁੱਖ ਨੂੰ ਧਰਤੀ ਦੇ ਅਮਲ ਨਾਲ ਜੋੜ ਕੇ ਉਸਦਾ ਦਾ ਮਿਲਾਪ ਪ੍ਰਭੂ ਨਾਲ ਕਰਾਉਣਾ ਹੀ ਨਾਨਕ ਬਾਣੀ ਦਾ ਮੂਲ ਸੱਚ ਹੈ।

        ਨਾਨਕ ਬਾਣੀ ਦਾ ਮੂਲ ਸੰਦੇਸ਼ ਹੀ ਮਨੁੱਖ ਨੂੰ ਆਪਣੇ ਬੰਧਨਾਂ ਤੋਂ ਪਾਰ ਜਾਣ ਵੱਲ ਪ੍ਰੇਰਦਾ ਹੈ। ਆਪਣੇ ਅੰਦਰ ਜੋਤ ਨੂੰ ਪਛਾਨਣ ਦਾ ਮਾਰਗ ਦਸਦਾ ਹੈ। ਨਾਨਕ ਬਾਣੀ ਦੇ ਸੱਚਾਂ ਦਾ ਸਿੱਧਾ ਸਬੰਧ, ਵਿਹਾਰ ਦੀ ਪਵਿਤਰਤਾ, ਸਾਦਗੀ, ਸੁੱਚਤਾ ਅਤੇ ਸ਼ੁਭ ਗੁਣਾਂ ਨਾਲ ਹੈ। ਸ਼ੁਭ ਕਰਮ, ਸ਼ੁਭ ਬੋਲ, ਸ਼ੁਭ ਵਿਚਾਰ, ਸ਼ੁਭ ਕਿਰਦਾਰ ਅਤੇ ਸ਼ੁਭ ਅਮਲ ਹੀ ਉਹ ਮੁੱਲ ਹਨ ਜੋ ਮਨੁੱਖ ਨੂੰ ਬ੍ਰਹਮ ਮਾਰਗ ਉਪਰ ਲੈਕੇ ਜਾਂਦੇ ਹਨ । ਨਾਨਕ ਬਾਣੀ ਵਿੱਚ ਇਸੇ ਲਈ ਨੈਤਿਕਤਾ ਉਪਰ ਬੜਾ ਬਲ ਦਿੱਤਾ ਹੈ।

       ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਜਪੁਜੀ ਸਾਹਿਬ ਵਿੱਚ ਇਹ ਮਹਾਂਕਾਵਿ ਉਚਾਰਿਆ 'ਧਰਤੀ ਥਾਪਿ ਰਖੀ ਧਰਮਸਾਲ‘ ਭਾਵ ਮਨੁੱਖ ਨੇ ਇਸ ਧਰਮਸਾਲ ਵਿੱਚ ਰਹਿੰਦਿਆਂ ਦੋ ਕਾਰਜ ਕਰਨੇ ਹਨ। ਪਹਿਲਾ ਕਾਰਜ ਬਾਹਰਲੀ ਧਰਤੀ ਨੂੰ ਧਰਮਸਾਲ ਬਣਾਈ ਰੱਖਣਾ ਅਤੇ ਦੂਜਾ ਆਪਣੀ ਅੰਦਰਲੀ ਧਰਤੀ ਨੂੰ ਧਰਮਸਾਲ ਬਣਾਉਣਾ ਹੈ। ਇਹ ਧਰਮਸਾਲ ਉਦੋਂ ਹੀ ਬਣੇਗੀ ਜਦੋਂ ਇਸ ਦੇ ਅੰਦਰ ਸਦਗੁਣਾਂ ਦਾ ਪ੍ਰਵੇਸ਼ ਹੋ ਜਾਵੇਗਾ। ਨਾਨਕ ਬਾਣੀ ਵਿੱਚ ਜਿਹੜਾ ਮੁਕਤੀ ਦਾ ਸੂਝ ਮਾਡਲ ਉਸਾਰਿਆ ਹੈ ਉਸ ਦੀ ਬੁਨਿਆਦ ਹੀ ਮਾਨਵੀ ਮੁੱਲਾਂ ਉਪਰ ਟਿਕੀ ਹੋਈ ਹੈ। ਨਾਨਕ ਬਾਣੀ ਵਿੱਚ 'ਦਇਆ ਸੰਤੋਖ ਜਤਿ ਸਤਿ ਸਰਮੁ' ਨੂੰ ਕੇਂਦਰ ਬਿੰਦੂ ਰੱਖ ਕੇ ਇਹ ਕਿਹਾ ਗਿਆ ਹੈ। ਕਿ ਜੇਕਰ ਸਗਲ ਜਮਾਤੀ ਦਾ ਜੀਵਿੰਤ ਰੂਪੀ ਦੇਖਣਾ ਹੈ ਤਾਂ ਇਸ ਲਈ ਨੈਤਿਕ ਗੁਣ ਅਪਨਾਉਣੇ ਅਨਿਵਾਰੀ ਹਨ। ਜਿਸ ਮਨੁੱਖ ਅੰਦਰ ਸਬਰ, ਸ਼ੁਕਰ, ਸੰਤੋਖ, ਦਾਇਆ, ਸਹਿਨਸ਼ੀਲਤਾ ਨਹੀਂ ਉਹ ਮਨੁੱਖ ਆਪਣੇ ਮਨ ਨੂੰ ਕਦੀ ਨਹੀਂ ਜਿੱਤ ਸਕਦਾ।

       ਮਨ ਦਾ ਮਾਨੁ ਤਿਆਗਣਾ, ਕਾਮ, ਕਰੋਧ ਅਤੇ ਦੁਰਜਨ ਦੀ ਸੰਗਤ ਤੋਂ ਦੂਰ ਰਹਿਣਾ, ਸੇਵਾ ਸੰਜਮੁ ਅਤੇ ਤ੍ਰਿਸ਼ਨਾਂ ਤੋ ਬਚਣਾ, ਅਹੰਕਾਰ ਅਤੇ ਮਾਇਆ ਤੋਂ ਦੂਰ ਰਹਿਣਾ ਹੀ, ਨੈਤਿਕਤਾ ਹੈ। ਇਹ ਗੱਲਾਂ ਕਹਿ ਕੇ ਬਾਣੀਕਾਰਾਂ ਨੇ ਇਹ ਵਿਚਾਰ ਪ੍ਰਗਟਾਇਆ ਹੈ ਕਿ ਜਿਸ ਮਨੁੱਖ ਨੇ ਆਪਣਾ ਚਰਿੱਤਰ ਸਦਾਚਾਰੀ ਬਣਾ ਲਿਆ ਹੈ ਉਸ ਨੂੰ ਕਿਸੇ ਕਰਮਕਾਂਡ ਦੀ ਲੋੜ ਹੀ ਨਹੀਂ ਰਹਿੰਦੀ। ਨਾਨਕ ਬਾਣੀ ਦੀ ਵਡਿਆਈ ਹੀ ਇਹ ਹੈ ਕਿ ਇਸ ਵਿੱਚ ਕੇਵਲ ਅਧਿਆਤਮ ਜਾਂ ਨੈਤਿਕ ਮੁੱਲਾਂ ਦੀ ਹੀ ਗੱਲ ਨਹੀਂ ਕੀਤੀ ਸਗੋਂ ਆਪਣੇ ਸਮਕਾਲੀ ਸਮਾਜ ਵਿੱਚ ਫੈਲੇ ਵਿਭਚਾਰ ਅਤੇ ਪਤਨਸ਼ੀਲ ਮਨੁੱਖਾਂ ਵਿਰੁਧ, ਲੋਕਾਂ ਅੰਦਰ ਤਿੱਖੀ ਚੇਤਨਾ ਵੀ ਪੈਦਾ ਕੀਤੀ ਹੈ। ਇਸ ਚੇਤਨਾ ਨੇ ਲੋਕਾਂ ਨੂੰ ਮਾਨਸਿਕ ਤੌਰ ਤੇ ਉਨ੍ਹਾਂ ਮਨਫੀ ਕਰਮਕਾਂਡਾਂ ਵਿਰੁਧ ਲਾਮਬੰਦ ਕਰਕੇ ਇੱਕ ਨਵੀਂ ਜੀਵਨ ਜਾਂਚ ਦੀ ਪ੍ਰੇਰਨਾ ਦਿੱਤੀ ਹੈ। ਬਾਣੀ ਚਿੰਤਨ ਵਿੱਚ ਉਹ ਜੀਵਨ ਅਰਥਹੀਣ ਹੈ ਜੋ ਨੈਤਿਕਤਾ/ਸਦਾਚਾਰ ਮੁੱਲਾਂ ਤੋਂ ਟੁੱਟਿਆ ਹੋਇਆ ਹੈ।

      ਨਾਨਕ ਬਾਣੀ ਵਿੱਚ ਅਨੈਤਕ ਮਨੁੱਖ ਦਾ ਪ੍ਰਤੀਕ ਮਨਮੁਖਿ ਹੈ ਜੋ ਧਰਮ ਕਰਮ ਤੋਂ ਟੁੱਟਾ ਹੋਇਆ, ਮਾਇਆ ਵਿੱਚ ਲੀਨ ਹੈ। ਇਸ ਮਨੁੱਖ ਦੀ ਸੋਚ ਅਤੇ ਕਰਮ ਮੈਲਾ ਹੈ। ਮਨ ਦੀ ਚੰਚਲਤਾ ਇਸ ਮਨਮੁਖਿ ਨੂੰ ਹਰ ਪਲ ਬੇ-ਅਰਾਮ ਕਰਦੀ ਹੈ। ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਵਰਗੇ ਅਵਗੁਣ ਮਨਮੁਖਿ ਨੂੰ ਬੁਧੀ ਹੀਣ ਕਰ ਦਿੰਦੇ ਹਨ। ਜ਼ਿੰਦਗੀ ਦਾ ਸ਼ੁਭ ਕਰਮ ਭੁਲਾ ਕੇ ਇਹ ਵਿਅਕਤੀ ਭਟਕਦਾ ਹੈ। ਇਹ ਮਨੁੱਖ, ਬਾਣੀ ਅਨੁਸਾਰ ਅੰਨ੍ਹਾ ਅਤੇ ਮੂਰਖ ਹੈ। ਮਨਮੁਖਿ ਦੇ ਸਮਾਂਤਰ ਜਿਹੜਾ ਮਨੁੱਖ ਸਦਾਚਾਰ ਨਾਲ ਭਰਪੂਰ ਹੈ ਉਸ ਨੁੰ ਗੁਰਮੁਖ ਕਿਹਾ ਗਿਆ ਹੈ। ਗੁਰਮੁਖ ਉਹ ਹੈ ਜੋ ਸਦਗੁਣਾ ਦਾ ਪ੍ਰਤੀਕ ਹੈ, ਦੂਜਿਆ ਦਾ ਭਲਾ ਕਰਦਾ ਹੈ, ਅਗਿਆਨ ਤੋਂ ਗਿਆਨ ਤੀਕ ਲੈ ਕੇ ਜਾਂਦਾ ਹੈ। ਭਲੇ ਅਤੇ ਬੁਰੇ ਵਿਚਕਾਰ ਨਿਖੇੜਾ ਕਰਨ ਦੀ ਸੋਝੀ ਦਿੰਦਾ ਹੈ।

      ਨਾਨਕ ਬਾਣੀ ਵਿੱਚ ਨੈਤਿਕਤਾ ਉਹ ਮੁੱਲ ਹੈ ਜੋ ਮਨੁੱਖ ਨੂੰ ਪ੍ਰਭੂ ਦੀ ਬਖ਼ਸਿਸ ਤੱਕ ਲੈ ਜਾਂਦਾ ਹੈ। ਸਦਾਚਾਰ ਵਿੱਚ ਪੁੰਨ ਦਾਨ, ਤਿਆਗ, ਅਤੇ ਨਿਰਮਾਣਤਾ ਨੂੰ ਬੜਾ ਉਤਮ ਕਿਹਾ ਗਿਆ ਹੈ ਅਤੇ ਸੰਦੇਸ਼ ਇਹ ਦਿੱਤਾ ਹੈ ਕਿ ਬੁਰੇ ਕੰਮਾਂ ਦਾ ਤਿਆਗ ਕਰੋ, ਗੁਣ ਧਾਰਨ ਕਰੋ, ਅੰਦਰਲੀ ਮੈਲ ਨੂੰ ਨਾਮ ਰਾਹੀਂ ਧੋਵੋ, ਨਿੰਦਿਆ ਅਤੇ ਝੂਠ ਤੋਂ ਹਰ ਛਿੰਨ ਬਚੋ। ਗੁਰਮਤਿ ਵਿੱਚ ਮਨੁੱਖ ਨੂੰ ਇਹੀ ਆਦੇਸ਼ ਹੈ ਕਿ ਇਸ ਕਾਇਆ ਨੂੰ ਪਵਿੱਤਰ ਕਰਕੇ ਇਸ ਅੰਦਰ ਪ੍ਰਭੂ ਦਾ ਰੰਗ ਭਰੋ । ਇਹ ਤੱਥ ਤਾਂ ਸਪੱਸ਼ਟ ਹੀ ਹੈ ਕਿ ਪ੍ਰਮ ਅਨੰਦ ਦੀ ਅਵਸਥਾ ਉਹੀ ਜਗਿਆਸੂ ਕਰ ਸਕਦਾ ਹੈ ਜਿਸ ਨੇ ਆਪਣੀ ਅੰਤਹਕਰਣ ਦਾ ਸ਼ੁੱਧੀਕਰਣ ਕੀਤਾ ਹੈ। ਇਹ ਸ਼ੁਧੀ ਉਦੋਂ ਹੀ ਸੰਭਵ ਹੁੰਦੀ ਹੈ ਜਦੋਂ ਮਨੁੱਖ ਨੂੰ ਗਿਆਨ ਪ੍ਰਾਪਤੀ ਹੁੰਦੀ ਹੈ। ਗਿਆਨ ਉਸ ਮਨੁੱਖ ਨੁੰ ਪ੍ਰਾਪਤ ਹੁੰਦਾ ਹੈ ਜਿਸ ਨੇ ਆਪਣੇ ਆਪ ਨੂੰ ਅੰਦਰੋਂ ਬਾਹਰੋਂ ਪਵਿੱਤਰ ਕਰ ਲਿਆ ਹੈ। ਅੰਦਰਲੇ ਦੀ ਪਵਿੱਤਰਤਾ ਦਾ ਸੰਬਧ ਇੰਦਿਰਿਆਵੀ ਜਗਤ ਨਾਲ ਹੈ ਅਤੇ ਬਾਹਰਲੇ ਦੀ ਸ਼ੁੱਧੀ ਦਾ ਰਿਸ਼ਤਾ ਮਨੁੱਖੀ ਕਾਰਜ ਨਾਲ ਹੈ। ਨਾਨਕ ਬਾਣੀ ਮਨੁੱਖ ਨੂੰ ਦੋਹਾਂ ਰੂਪਾਂ ਵਿੱਚ ਪਵਿੱਤਰ ਕਰਦੀ ਹੈ। ਇਸ ਪਵਿੱਤਰਤਾ ਨੂੰ ਪ੍ਰਾਪਤ ਕਰਨ ਵਿਚ ਨਾਮ ਦੀ ਭੂਮਿਕਾ ਵੀ ਨੈਤਿਕ ਹੋ ਨਿਬੜੀ ਹੈ। ਪ੍ਰਮਾਣ ਵਜੋਂ ਜਪੁਜੀ ਵਿੱਚ ਬੜਾ ਸਪੱਸ਼ਟ ਉਚਾਰਨ ਹੈ ਕਿ ਬਾਹਰਲੀ ਮੈਲ ਤਾਂ ਨਹਾਉਣ ਨਾਲ ਉਤਰਦੀ ਹੈ ਪਰ 'ਮਨ ਦੀ ਮੈਲ‘ ਸਿਰਫ਼ ਨਾਮ ਰਾਹੀਂ ਹੀ ਧੋਤੀ ਜਾ ਸਕਦੀ ਹੈ। ਇਸ ਦ੍ਰਿਸ਼ਟੀ ਤੋਂ ਪ੍ਰਭੂ ਦਾ ਨਾਮ ਵੀ ਨੈਤਿਕ ਭੂਮਿਕਾ ਨਿਭਾਉਂਦਾ ਹੈ। ਨਾਮ ਦੇ ਮੰਨਣ ਸੁਨਣ ਨਾਲ ਮਨੁੱਖ ਦੀ ਸੁਰਤਿ ਇਕਾਗਰ ਹੋ ਜਾਂਦੀ ਹੈ, ਮਨ ਟਿਕ ਜਾਂਦਾ ਹੈ, ਇਛਾਵਾਂ ਦੀ ਤ੍ਰਿਪਤੀ ਹੋ ਜਾਂਦੀ ਹੈ, ਕਾਲ ਦਾ ਡਰ ਮੁੱਕ ਜਾਂਦਾ ਹੈ ਅਤੇ ਸੱਚ ਝੂਠ ਦੀ ਪਛਾਣ ਹੋ ਜਾਂਦੀ ਹੈ।  ਇਹ ਨਾਮ ਦੀ ਕਮਾਈ ਹੈ ਜੋ ਮਨੁੱਖ ਅੰਦਰੋਂ ਪਾਪ ਧੋ ਦਿੰਦੀ ਹੈ।

      ਇਹਨਾਂ ਵਿਚਾਰਾਂ ਦੇ ਅੰਤਰਗਤ ਅਸੀਂ ਇਹ ਕਹਿ ਸਕਦੇ ਹਾਂ ਕਿ ਨਾਨਕ ਬਾਣੀ ਦੇ ਸੱਚ ਸਰਬਕਾਲੀ ਹਨ। ਇਨ੍ਹਾਂ ਦੇ ਝਰੋਖੇ ਵਿਚੋਂ ਧਰਤੀ ਤੋਂ ਲੈਕੇ ਬ੍ਰਹਿਮੰਡ ਦੇ ਅਨੁਭਵ ਦੀ ਯਾਤਰਾ ਕੀਤੀ ਜਾ ਸਕਦੀ ਹੈ। ਇਹੀ ਸੱਚ ਮਨੁੱਖ ਦੀ ਮੁਕਤਾ ਧਰਾਤਲ ਹਨ। ਇਨਾਂ ਸੱਚਾਂ ਵਿੱਚ ਰੱਬੀ ਪੈਗ਼ਾਮ ਟਿਕਿਆ ਹੋਇਆ ਹੈ। ਵਰਤਮਾਨ ਸਮਿਆਂ ਵਿੱਚ ਜਦੋਂ ਮਨੁੱਖ ਅੰਦਰੋਂ ਬਾਹਰੋਂ ਸਰਾਪਿਆ ਹੋਇਆ ਹੈ ਇਹ ਸੱਚ ਉਸ ਮਨੁੱਖ ਦੀ ਮੁਕਤੀ ਦਾ ਅਧਾਰ ਬਣ ਸਕਦੇ ਹਨ।

*******

18 ਜਨਵਰੀ 2008 --ਯੂਨੀਕੋਡ

ਡਾ: ਜਸਪਾਲ ਕੌਰ ਕਾਂਗ ਦੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari


© likhari: Punjabi Likhari Forum-2001-2008

 

 

 

 

 

 

 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.