ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com

   ਮੁੱਖਪੰਨਾ

          -lyK/aflf-duaflf/jfxkfrI-

likhari2001@yahoo.co.uk

 

ਪੰਜਾਬੀ ਸਭਿਆਚਾਰ ਦਾ ਸੰਕਟ

-ਡਾ: ਅਮਰਜੀਤ ਸਿੰਘ ਕਾਂਗ-
ਸਾਬਕਾ ਡੀਨ, ਆਰਟਸ ਐਂਡ ਲੈਂਗੂਏਜ਼ਜ਼, ਕੁਰਕਸ਼ੇਤਰ ਯੂਨੀਵਰਿਸਟੀ, ਕੁਰਕਸ਼ੇਤਰ
 


ਪੰਜਾਬ ਦੀ ਧਰਤੀ ਸੀਮਾਂਵਰਤੀ ਪ੍ਰਾਂਤ ਹੈ। ਸੀਮਾਂਵਰਤੀ ਪ੍ਰਾਂਤ ਦਾ ਸੰਕਟ ਇਹ ਹੁੰਦਾ ਹੈ ਕਿ ਅਜਨਬੀ ਜਦੋਂ ਪ੍ਰਵੇਸ਼ ਕਰਦੇ ਹਨ ਤਾਂ ਉਨ੍ਹਾਂ ਦੀ ਇਸ ਆਮਦ ਨਾਲ ਪ੍ਰਾਂਤ ਦੇ ਸਭਿਆਚਾਰ ਉਪਰ ਫੌਰੀ ਪ੍ਰਭਾਵ ਪੈਂਦਾ ਹੈ ਇਸ ਲਈ ਇਹ ਦੇਖਣ ਵਿੱਚ ਆਇਆ ਹੈ ਕਿ ਸੀਮਾਂਵਤੀ ਪ੍ਰਾਂਤ ਦੇ ਸਭਿਆਚਾਰ ਵਿੱਚ ਅਨੇਕਤਾ ਹੋਵੇਗੀ। ਅਜਨਬੀ ਲੋਕ ਜਦੋਂ ਪ੍ਰਵੇਸ਼ ਕਰਦੇ ਹਨ ਤਾਂ ਉਹ ਆਪਣੀ ਸਭਿਆਚਾਰਿਕ ਸਮਿਰਤੀ ਵੀ ਨਾਲ ਲੈ ਕੇ ਆਉਂਦੇ ਹਨ। ਇਸ ਸਥਿਤੀ ਵਿੱਚ ਦੇਸੀ ਅਤੇ ਅਜਨਬੀ ਸਭਿਆਚਾਰ ਵਿੱਚ ਟਕਰਾਓ ਜਾਂ ਤਨਾਓ ਬਣਿਆ ਰਹਿੰਦਾ ਹੈ। ਪੰਜਾਬੀ ਸਭਿਆਚਾਰ ਵਿੱਚ ਅਜਿਹੀ ਸਥਿਤੀ ਵਾਰ ਵਾਰ ਬਣੀ ਹੈ। ਇਹੀ ਕਾਰਨ ਹੈ ਕਿ ਪੰਜਾਬੀ ਸਭਿਆਚਾਰ ਵਿੱਚ ਵਿਭਿੰਨ ਸਭਿਆਚਾਰਾਂ ਦਾ ਸੁਮੇਲ ਹੈ ਪਰਸਪਰ ਟਕਰਾਓ ਵੀ ਰਿਹਾ ਹੈ ਅਤੇ ਸਮਿਨਵੈ ਵੀ । ਮਿਸਾਲ ਵਜੋਂ ਇਸਲਾਮ ਅਤੇ ਸਾਮੀ ਚਿੰਤਨ ਸਭ ਤੋਂ ਪਹਿਲਾਂ ਪੰਜਾਬ ਪ੍ਰਾਂਤ ਵਿੱਚ ਪ੍ਰਵੇਸ਼ ਕੀਤਾ। ਪੰਜਾਬੀ ਸਭਿਆਚਾਰ ਲਈ ਇਹ ਸੰਕਟ ਸਥਿਤੀ ਸੀ ਕਿ ਅਜਨਬੀ ਦੇ ਸਭਿਆਚਾਰ, ਉਨ੍ਹਾਂ ਦੀ ਬੋਲੀ ਅਤੇ ਸ਼ੈਲੀ ਨਾਲ ਕਿਵੇਂ ਨਜਿੱਠਿਆ ਜਾਵੇ । ਇਹ ਸੰਕਟ ਸਥਿਤੀ ਇੱਕ ਲੰਮੇ ਅਰਸੇ ਤੱਕ ਕਾਇਮ ਰਹੀ। ਸਭਿਆਚਾਰਿਕ ਤਨਾਓ ਬੜਾ ਸਪੱਸ਼ਟ ਸੀ। ਸਾਮੀ ਚਿੰਤਨ ਦੇ ਵਾਰਸ ਮੁਸਲਮਾਨ ਰਾਜ ਸੱਤਾ ਦੇ ਮਾਲਕ ਸਨ। ਇਸ ਲਈ ਸਾਮੀ ਚਿੰਤਨ ਦੇ ਦਬਾਓ ਹੇਠ ਭਾਰਤੀ ਅਤੇ ਪੰਜਾਬੀ ਸਭਿਆਚਾਰ ਇੱਕ ਗੰਭੀਰ ਸੰਕਟ ਵਿੱਚੋ ਗੁਜ਼ਰਿਆ ਸੀ। ਇਸ ਸੰਕਟ ਦਾ ਸਮਾਧਾਨ ਉਦੋਂ ਹੋਇਆ ਜਦੋਂ ਦੋਹਾਂ ਸਭਿਆਚਾਰਾਂ ਵਿੱਚ ਸਮਿਨਵੈ/ਸੰਯੋਗ ਪੈਦਾ ਹੋਇਆ। ਟਕਰਾਓ ਤਨਾਓ ਪਰਸਪਰ ਸੰਯੋਗ ਬਦਲਿਆ। ਸੂਫ਼ੀ ਭਗਤ ਅਤੇ ਗੁਰੂ ਸਾਹਿਬਾਨ ਇਸ ਸਭਿਆਚਾਰਿਕ ਸਮਿਨਵੈ ਦੇ ਪ੍ਰਤੀਨਿਧ ਬਣੇ। ਸਮਿਨਵੈ ਦੇ ਬਾਵਜੂਦ ਪੰਜਾਬੀ ਸਭਿਆਚਾਰ ਅਤੇ ਅਜਨਬੀ ਸਭਿਆਚਾਰ ਵਿੱਚ ਤਨਾਓ ਦਾ ਕਾਰਣ ਬਣਦਾ ਰਿਹਾ ਹੈ।

ਪੰਜਾਬੀ ਸਭਿਆਚਾਰ ਲਈ ਦੂਜਾ ਸੰਕਟ ਅੰਗਰੇਜ਼ੀ (ਪੱਛਮੀ) ਸਭਿਆਚਾਰ ਦੇ ਆਗਮਨ ਨਾਲ ਪੈਦਾ ਹੋਇਆ ਸੀ। ਪੱਛਮੀ ਚਿੰਤਨ ਅਤੇ ਰਹਿਤਲ ਦੇਸੀ ਸਭਿਆਚਾਰ ਲਈ ਚਣੌਤੀ ਸੀ। ਧਰਮ ਦੇ ਖਤਰ ਵਿੱਚ ਤਾਂ ਇਹ ਸੰਕਟ ਹੋਰ ਵੀ ਗਹਿਰਾ ਸੀ। ਅਜਨਬੀ ਸਭਿਆਚਾਰ ਦੇ ਪ੍ਰਵੇਸ਼ ਨਾਲ ਦੇਸੀ ਸਭਿਆਚਾਰਾਂ ਦੀ ਆਪਣੀ ਖੁਸ਼ਬੂ ਗੰਧਲੀ ਹੋ ਜਾਂਦੀ ਹੈ। ਪਹਿਲਾਂ ਸਾਮੀ ਸਭਿਆਚਾਰ ਦਾ ਸੰਕਟ ਰਿਹਾ ਅਤੇ ਫਿਰ ਪੱਛਮੀ ਸਭਿਆਚਾਰ ਦੀ ਰਹਿਤਲ ਨੇ ਨਵੀਆਂ ਚਣੌਤੀਆਂ ਪੈਦਾ ਕੀਤੀਆਂ। ਅਜਨਬੀ ਸਭਿਆਚਾਰ ਦੇ ਪ੍ਰਵੇਸ਼ ਨਾਲ ਜਿੱਥੇ ਦੇਸੀ ਸਭਿਆਚਾਰਾਂ ਵਿੱਚ ਸੰਕਟ ਪੈਦਾ ਹੁੰਦਾ ਹੈ। ਉਥੇ ਇਹ ਵੀ ਮੰਨਿਆ ਗਿਆ ਹੈ ਕਿ ਬਾਹਰਲੀ ਆਮਦ ਨਾਲ ਦੇਸੀ ਸਭਿਆਚਾਰ ਵਿੱਚ ਵੰਨਗੀ ਵੀ ਆਉਂਦੀ ਹੈ। ਇਹ ਪ੍ਰਭਾਵ ਮੂਲ ਰੰਗ ਨੂੰ ਬਦਰੰਗ ਵੀ ਕਰਦਾ ਹੈ ਪਰ ਨਾਲ ਹੀ ਵੰਨਗੀ ਨੂੰ ਪੈਦਾ ਕਰਦਾ ਹੈ। ਬਹਿਰਹਾਲ ਪੰਜਾਬੀ ਸਭਿਆਚਾਰ ਇਕ ਲੰਮੇ ਅਰਸੇ ਤੋਂ ਇਨ੍ਹਾਂ ਸਭਿਆਚਾਰਿਕ ਸੰਕਟਾਂ ਨਾਲ ਝੂਜਦਾ ਆ ਰਿਹਾ ਹੈ।

ਪੱਛਮੀ ਸਭਿਆਚਾਰ ਦੇ ਪ੍ਰਵੇਸ਼ ਨਾਲ ਪੰਜਾਬੀ ਸਭਿਆਚਾਰ ਡੂੰਘੇ ਸੰਕਟ ਵਿੱਚ ਅਵੱਸ਼ ਘਿਰ ਗਿਆ ਹੈ। ਵਿਸ਼ਵੀਕਰਨ ਦੇ ਨਾਂ ਹੇਠਾਂ ਪੱਛਮੀ ਸਭਿਆਚਾਰ ਨੇ ਜਿਵੇਂ ਪੰਜਾਬ ਨੂੰ ਮੰਡੀ ਬਣਾ ਲਿਆ ਹੈ। ਇਹ ਸਥਿਤੀ ਬੜੀ ਚਿੰਤਾਜਨਕ ਹੈ। ਪੰਜਾਬੀ ਸਭਿਆਚਾਰ ਨੂੰ ਰੀਮਿਕਸ ਰਾਹੀਂ ਜੋ ਢਾਹ ਲੱਗੀ ਹੈ ਉਹ ਬੜੀ ਗਹਿਰੀ ਹੈ। ਦਿਨ ਬ-ਦਿਨ ਮਾਨਸਿਕ ਗੁਲਾਮੀ ਵੱਧ ਰਹੀ ਹੈ। ਸਭਿਆਚਾਰ ਦੀ ਆਪਣੀ ਸੁਹਜ ਸ਼ੈਲੀ ਭੁਲਾ ਕੇ ਨਵੀਂ ਪੀੜ੍ਹੀ ਸੁਰ ਦੀ ਥਾਂ ਸ਼ੋਰ ਨੂੰ ਅਪਣਾ ਰਹੀ ਹੈ। ਘਰ ਦੀ ਥਾਂ ਬਜ਼ਾਰ ਨੇ ਲੈ ਲਈ ਹੈ। ਪਿੰਡਾ ਦੇ ਪਿੜ੍ਹ ਮੇਲੇ ਅਤੇ ਤੀਆਂ ਹੁਣ ਵਿਸਰ ਰਹੀਆਂ ਹਨ। ਆਤਮਾ ਦੀ ਥਾਂ ਹੁਣ ਦੇਹ ਅਤੇ ਨਿਰਲੱਜਤਾ ਨੇ ਲੈ ਲਈ ਹੈ। ਸਭਿਆਚਾਰਿਕ ਲੋੜਾਂ ਦੀ ਥਾਂ ਹੁਣ ਲੋਭਾਂ ਨੇ ਲਈ ਹੈ। ਦਮੜੀ ਅਤੇ ਚਮੜੀ ਦੀ ਲਾਲਸਾ ਨੇ ਸਭਿਆਚਾਰ ਨੂੰ ਵਿਘਟਨ ਵਲ ਤੋਰ ਦਿੱਤਾ ਹੈ। ਟਿਕਾਓ ਦੀ ਥਾਂ ਥਰਥਰਾਹਟ ਨੇ ਪੰਜਾਬੀ ਬੰਦੇ ਨੂੰ ਗੁੰਮ ਸੁੰਮ ਕਰ ਦਿੱਤਾ ਹੈ। ਨੈਤਿਕ ਮੁਲਾਂ ਦੇ ਪਤਨ ਨਾਲ ਸਭਿਆਚਾਰਿਕ ਮੁੱਲ ਖਾਰਜ ਹੋ ਰਹੇ ਹਨ। ਸਭਿਆਚਾਰਿਕ ਸੱਚ ਤਿੜਕ ਰਹੇ ਹਨ। ਸ਼ੱਧੀ ਦੀ ਥਾਂ ਰੀਮਿਕਸ ਪ੍ਰਵਾਨ ਹੋ ਰਹੇ ਹਨ। ਪੰਜਾਬੀ ਪਹਿਰਾਵਾ ਅਲੋਪ ਹੋ ਰਿਹਾ ਹੈ। ਮਿੱਠੇ ਗੀਤਾਂ ਦੀ ਥਾਂ ਚੀਕਵੀਂ ਸੁਰ ਵਾਲੇ ਗੀਤ ਗਾਏ ਜਾ ਰਹੇ ਹਨ। ਧਰਮ ਦੀ ਧਰਾਤਲ ਉਪਰ ਨਿੰਰਕਾਰ ਦੀ ਥਾਂ ਹੰਕਾਰ ਨੇ ਲੈ ਲਈ ਹੈ।

ਵਿਸ਼ਵੀਕਰਨ ਅਸਲ ਵਿੱਚ ਉੱਤਰ ਬਸਤੀਵਾਦ ਹੈ ਜੋ ਇਲਾਕਿਆਂ ਨੂੰ ਹੜੱਪੇ ਬਿਨਾਂ ਹੀ ਦੇਸੀ ਸਭਿਆਚਾਰਾਂ ਨੂੰ ਨਿਗਲ ਰਿਹਾ ਹੈ। ਪੰਜਾਬੀ ਸਭਿਆਚਾਰ ਦੀ ਨਵੇਕਲੀ ਪਛਾਣ ਗੁੰਮ ਹੋ ਰਹੀ ਹੈ। ਕੇਵਲ ਪੰਜਾਬ ਹੀ ਨਹੀਂ ਹੁਣ ਸਾਰੇ ਹੀ ਤੀਸਰੇ ਦੇਸਾਂ ਦੇ ਸਭਿਆਚਾਰ ਆਪਣੇ ਸੁਹਜ ਗੁਆ ਰਹੇ ਹਨ। ਪੱਛਮੀ ਸਭਿਆਚਾਰ ਨੇ ਜ਼ਮੀਨਾਂ ਉਪਰ ਕਬਜਾ ਕਰੇ ਬਿਨਾਂ ਹੀ ਦੂਸਰੇ ਗਰੀਬ ਮੁਲਕਾਂ ਨੂੰ ਅਧੀਨ ਕਰ ਲਿਆ ਹੈ। ਦੇਸੀ ਸਭਿਆਚਾਰ ਵਿੱਚ ਹੁਣ ਕੁੱਝ ਵੀ ਆਪਣਾ ਨਹੀਂ। ਮਾਨਿਸਿਕ ਗੁਲਾਮੀ ਨੇ ਪੰਜਾਬੀ ਸਭਿਆਚਾਰ ਦੀਆਂ ਜੜ੍ਹਾਂ ਉਖਾੜ ਦਿੱਤੀਆਂ ਹਨ। ਪੌਪ ਸੰਗੀਤ ਨੇ ਪੰਜਾਬੀ ਸਭਿਆਚਾਰ ਦੀਆਂ ਮਿੱਠੀਆਂ ਲੋਰੀਆਂ ਨੂੰ ਅਜਨਬੀ ਬਣਾ ਦਿੱਤਾ ਹੈ। ਸੁਹਜ ਸੁਆਦ ਪੱਛਮੀ ਰੰਗ ਵਿੱਚ ਰੰਗਿਆ ਗਿਆ ਹੈ। ਇਹ ਸੰਕਟ ਸਿਰਫ ਪੰਜਾਬੀ ਸਭਿਆਚਾਰ ਦਾ ਹੀ ਨਹੀਂ ਬਲਿਕ ਉਨ੍ਹਾਂ ਸਾਰੇ ਸਭਿਆਚਾਰਾਂ ਦਾ ਹੈ ਜੋ ਵਿਸ਼ਵੀਕਰਨ ਦੇ ਭੁਲਾਵੇ ਹੇਠ ਆਪਣੀ ਹੋਂਦ ਗੁਆ ਰਹੇ ਹਨ। ਪੰਜਾਬੀ ਸਭਿਆਚਾਰ ਦਾ ਇਹ ਸੰਕਟ ਬੜਾ ਗਹਿਰਾ ਅਤੇ ਚਿੰਤਾਜਨਕ ਹੈ।
 

*******

(19 ਜਨਵਰੀ 2008 ਚਾਤ੍ਰਿਕ ਯੂਨੀਕੋਡ

ਡਾ: ਅਮਰਜੀਤ ਸਿੰਘ ਕਾਂਗ ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari


© likhari: Punjabi Likhari Forum-2001-2008