ਮਨੁੱਖ ਇਕ ਸਮਾਜਿਕ ਪ੍ਰਾਣੀ ਹੈ।
ਮਨੁੱਖ ਨੂੰ ਮਨੁੱਖਤਾ ਤਕ ਪਹੁੰਚਾਉਣ ਵਾਲਾ ਸਮਾਜ ਹੀ ਸਾਹਿਤ ਵਿਚ ਵਿਭਿੰਨ ਤਰ੍ਹਾਂ
ਪ੍ਰਤਿਬਿੰਬਤ ਹੁੰਦਾ ਹੈ। ਵਿਅੰਗ, ਸਮਾਜਿਕ ਚੇਤਨਾ ਦੀ ਖੋਜ ਕਰਦਾ ਹੈ ਅਤੇ ਫਿਰ ਸਮਾਜ
ਦੇ ਮੰਚ ਉਤੇ ਪ੍ਰਸਤੁਤ ਕਰਦਾ ਹੈ। ਸਮਾਜ ਦੇ ਵਿਧਾਨ ਨੂੰ ਦੁਰਬਲ ਬਣਾਉਣ ਵਾਲੀਆਂ
ਪ੍ਰਵਿਰਤੀਆਂ ਦੇ ਚੱਕਰਵਿਊ ਨੂੰ ਤੋੜਨ ਦਾ ਸਾਹਸ ਇਕ ਮਾਤਰ ਵਿਅੰਗ ਹੀ ਕਰ ਸਕਦਾ ਹੈ।
ਵਿਅੰਗ ਦੇ ਪਿੱਛੇ ਵਿਚਾਰਾਂ ਦੀ ਇਕ ਗਹਿਰਾਈ ਹੈ ਜੋ ਹਾਸਾ ਵੀ ਪੈਦਾ ਕਰਦਾ ਹੈ ਲੇਕਿਨ
ਉਸ ਦੇ ਹਾਸੇ ਦੇ ਬਾਦ ਉਭਰਦੇ ਹਨ ਝੰਜੋੜਣ ਦਾ ਪ੍ਰਭਾਵ ਤੇ ਤਿਲਮਿਲਾਹਟ ਜੋ ਸੋਚਣ ਲਈ
ਮਜਬੂਰ ਕਰਦੀ ਹੈ। ਵਿਅੰਗ ਨੂੰ ਸਾਵਧਾਨ ਹੋ ਕੇ ਦੇਖਣਾ, ਪੜ੍ਹਨਾ ਪੈਂਦਾ ਹੈ। ਲੇਖਕ
ਕੇਵਲ ਮੰਨੋਰੰਜਨ ਹੀ ਨਹੀਂ ਕਰਦਾ ਬਲਕਿ ਬੜੇ ਤਿੱਖੇਪਣ ਨਾਲ ਜੀਵਨ ਨੂੰ ਸਮਝਣ ਵਿਚ ਵੀ
ਸਹਾਇਕ ਹੁੰਦਾ ਹੈ। ਹਾਸੇ ਦਾ ਸੰਬੰਧ ਦਿਲ ਨਾਲ ਹੁੰਦਾ ਹੈ। ਜਦ ਕਿ ਵਿਅੰਗ ਦਾ ਸੰਬੰਧ
ਦਿਲ ਨਾਲ ਵੀ ਹੈ ਤੇ ਦਿਮਾਗ ਨਾਲ ਵੀ। ਲੇਖਕ ਦੀ ਚੇਤਨਾ ਆਦਰਸ਼ਵਾਦੀ ਚੇਤਨਾ ਹੈ ਜੋ
ਵਿਅੰਗ ਸਿਰਜਦਿਆਂ ਵੀ ਕਾਰਜਸ਼ੀਲ ਰਹਿੰਦੀ ਹੈ।
ਮਹਿੰਦਰ
ਸਿੰਘ ਦੀ ਵਿਅੰਗ ਦੀ ਪੁਸਤਕ ਇੰਡੋ-ਕੈਨੇਡੀਅਨ ਝੇਡਾਂ ਪੜ੍ਹ ਕੇ ਪਾਠਕ ਜ਼ੋਰ ਨਾਲ
ਨਹੀਂ ਹੱਸਦਾ ਬਲਕਿ ਇਕ ਹਲਕੀ ਜਿਹੀ ਮੁਸਕਰਾਹਟ ਉਸਦੇ ਬੁੱਲ੍ਹਾਂ ਉੱਤੇ ਆ ਜਾਂਦੀ ਹੈ।
ਵਿਅੰਗ ਵਿਚ ਤੇਜ਼ੀ ਅਤੇ ਗਰਮੀ ਜਿ਼ਆਦਾ ਹੈ। ਵਿਅੰਗ ਦਾ ਉਦੇਸ਼ ਕਿਸੇ ਨੂੰ ਖੁਸ਼
ਕਰਨਾ ਨਹੀਂ ਬਲਕਿ ਤੇਜ਼ਾਬ ਦੀ ਤਰ੍ਹਾਂ ਬੁਰਾਈਆਂ ਤੇ ਲਗ ਕੇ ਉਸ ਨੂੰ ਖ਼ਤਮ ਕਰਨਾ
ਹੈ। ਵਿਅੰਗ ਸਾਹਿਤ ਦੀ ਇਕ ਅਜਿਹੀ ਵਿਧਾ ਹੈ ਜੋ ਜੀਵਨ ਨਾਲ ਸਿੱਧਾ ਸੰਬੰਧ ਰੱਖਦੀ
ਹੈ। ਵਿਅੰਗਕਾਰ ਪੂਰੀ ਤਰ੍ਹਾਂ ਜਾਗ੍ਰਿਤ ਰਹਿ ਕੇ ਜੀਵਨ ਤੇ ਸਮਾਜ ਦੀ ਹਰ ਛੋਟੀ ਤੋਂ
ਛੋਟੀ ਘਟਨਾ ਨੂੰ ਪਾਠਕਾਂ ਦੇ ਸਾਹਮਣੇ ਪੇਸ਼ ਕਰਦਾ ਹੈ। ਇੰਡੋ-ਕੈਨੇਡੀਅਨ ਝੇਡਾਂ
ਵਿਅੰਗ-ਸੰਗ੍ਰਹਿ ਅਜਿਹੀ ਰਚਨਾ ਹੈ ਜਿਸ ਵਿਚ ਲੇਖਕ ਨੇ ਵਿਅੰਗ ਸ਼ੈਲੀ ਨਾਲ ਭਰਪੂਰ 39
ਵਿਅੰਗ ਪੇਸ਼ ਕੀਤੇ ਹਨ। ਇਸ ਵਿਚ ਵਿਅੰਗਕਾਰ ਵੰਨ ਸਵੰਨੇ ਵਿਸ਼ੇ ਲੈਂਦਾ ਹੈ। ਪਹਿਲੇ
ਲੇਖ ਵਿਚ ਲੇਖਕ ਜੋ ਬਿਰਤਾਂਤ ਸਿਰਜਦਾ ਹੈ ਉਹ ਸੱਚ ਮੁਚ ਇਕ ਰਸਮੀ ਜਿਹਾ ਵਾਕ ਹੈ ਕਿ
‘ਕੀ ਹਾਲ ਹੈ’। ਦਰਅਸਲ ਅਸੀਂ ਵਿਅਕਤੀ ਦੇ ਹਾਲ ਤੋਂ ਕੁਝ ਨਹੀਂ ਲੈਣਾ ਹੁੰਦਾ ਕੇਵਲ
ਆਪਣੇ ਮਤਲਬ ਦੇ ਲਈ ਗੱਲ ਅੱਗੇ ਗੱਲ ਵਧਾਉਣੀ ਹੁੰਦੀ ਹੈ। ਦੂਜੇ ਲੇਖ ਵਿਚ ਵਿਅੰਗਕਾਰ
ਸਿਆਸੀ ਰਾਜਨੀਤੀ ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੈ। ਲੇਖ ਵਿਚ ਵਰਤਿਆ
ਗਿਆ ਮੁਹਾਵਰਾ “ਓਏ ਮੂਰਖਾ, ਦੜ ਵੱਟ ਜਮਾਨਾ ਕੱਟ, ਭਲੇ ਦਿਨ ਆਉਣਗੇ”, “ਪੁਲਸੀਏ
ਟੈਨਸ਼ਨ ਲੈਂਦੇ ਨਹੀਂ ਦਿੰਦੇ ਐ।” ਪੁਲਸੀਏ ਦੇ ਨਰਮੀ ਵਾਲੇ ਹਫਤੇ ਆਦਿ ਦਾ ਮਤਲਬ
ਵਅੰਗਾਤਮਿਕ ਹੈ ਜੋ ਕਾਨੂੰਨ ਦੇ ਭ੍ਰਿਸ਼ਟਾਚਾਰ ਨੂੰ ਨੰਗਾ ਕਰਦਾ ਹੈ। ‘ਤਰੱਕੀ ਦਾ
ਯੁੱਗ’ ਵਿਅੰਗ ਵਿਚ ਲੇਖਕ ਵਿਗਿਆਨ ਦੇ ਬਣਾਏ ਚਮਤਕਾਰ ਉੱਤੇ ਵਿਅੰਗ ਕੱਸਦਾ ਹੈ ਕਿ
ਕਿਵੇਂ ਮੋਬਾਇਲ ਦੇ ਦੁਆਰਾ ਮਨੁੱਖ ਦਿਨ ਰਾਤ ਲੋਕਾਂ ਤੋਂ ਖਬਰਾਂ ਲੈਣ ਅਤੇ ਖਬਰਾਂ
ਦੇਣ ਦੇ ਆਹਰ ਵਿੱਚ ਹੀ ਲੱਗਾ ਰਹਿੰਦਾ ਹੈ ਤੇ ਇਸੇ ਕੰਮ ਵਿਚ ਉਹ ਥਕਾਵਟ ਮਹਿਸੂਸ
ਕਰਦਾ ਹੈ, ਜਿਵੇਂ ਪਤਾ ਨਹੀਂ ਉਸ ਨੇ ਕਿੰਨੇ ਪਹਾੜ ਤੋੜ ਦਿੱਤੇ ਹੋਣ। ‘ਵਰ ਦੀ ਲੋੜ’
ਵਾਲਾ ਲੇਖ ਪੜ੍ਹ ਕੇ ਮੇੈਨੂੰ ਲੱਗਾ ਸਚ ਅਖਬਾਰ ਦਾ ਇਕ ਪੇਜ ਤਾਂ ਇਵੇਂ ਜਿਹੀਆਂ ਵਾਧੂ
ਖਬਰਾਂ ਨਾਲ ਹੀ ਭਰਿਆਂ ਹੁੰਦਾ ਹੈ ਪਰ ਐਤਵਾਰ ਨੂੰ ਤਾਂ ਕਾਫੀ ਜਿ਼ਆਦਾ ਸਫ਼ੇ ਇਸੇ
ਨਾਲ ਭਰੇ ਹੁੰਦੇ ਹਨ। ਮਹਿੰਦਰ ਸਿੰਘ ਜੀ ਤੁਸੀਂ ਇਹ ਵੀ ਦਸ ਦੇਵੋ ਕਿ ਜੋ ਕੰਪਿਊਟਰ
ਤੇ ਇੰਨਟਨੈਟ ਦੇ ਦੁਆਰਾ ਵਰ ਦੀ ਚੋਣ ਕਰਦੇ ਹਨ ਉਨ੍ਹਾਂ ਬਾਰੇ ਤੁਸੀਂ ਕਦੋਂ ਲਿਖੋਗੇ।
‘ਪਛਤਾਵਾ’ ਲੇਖ ਵਿਚ ਮਨੁੱਖ ਦੀਆਂ ਅਤ੍ਰਿਪਤ ਇੱਛਾਵਾਂ ‘ਸੁੱਖ ਨਾਲ’ ਲੇਖ ਵਿਚ
ਰਿਸ਼ਤਿਆਂ ਦੇ ਸੌਦੇ ਨੂੰ ਵਸਤੂ ਬਣਾਇਆ ਗਿਆ ਹੈ। ‘ਬਾਬੇ ਦੀ ਮਿਹਰ’ ਲੇਖ ਵਿਚ ਅਜਿਹੇ
ਲੋਕਾਂ ਨੂੰ ਵਿਅੰਗ ਦਾ ਨਿਸ਼ਾਨਾ ਬਣਾਇਆ ਹੈ ਜੋ ਸ਼ੁਭ ਕਰਮ ਨਾਲੋਂ ਧਰਮ ਦੇ ਬਾਹਰੀ
ਰੂਪ, ਚਿੰਨ੍ਹ ਤੇ ਦਿਖਾਵੇ ਨੂੰ ਮੰਨਦੇ ਹਨ। ਗੁਰੂਆਂ ਦੇ ਅਮਲੀ ਉਦੇਸ਼ਾਂ ਦੀ ਅੱਜ ਦੇ
ਸਮੇਂ ਵਿਚ ਕੋਈ ਮਹੱਤਤਾ ਨਹੀੰਂ ਰਹਿਣ ਦਿੱਤੀ ਗਈ। ‘ਨਵਾਂ ਸਾਲ’ ਲੇਖ ਵਿਚ ਲੇਖਕ
ਬਿਲਕੁਲ ਸਚਾਈ ਬਿਆਨਦਾ ਹੈ ਕਿ ਅੰਗ੍ਰੇਜ਼ਾਂ ਦੇ ਮਗਰ ਲੱਗ ਕੇ ਅਸੀਂ ਤਾਂ ਭੁੱਲ ਹੀ
ਚੁੱਕੇ ਹਾਂ ਕਿ ਨਵਾਂ ਸਾਲ ਤੇ ਨਵੀਂ ਰੁੱਤ ਤਾ ਨਵੀਂ ਹੀ ਹੁੰਦੀ ਐ, ਪਰ ਅਸੀਂ
ਪੁਰਾਣੇ ਹੁੰਦੇ ਚਲੇ ਜਾਂਦੇ ਹਾਂ। ਪਰ ਸਰਦਾਰ ਜੀ ਇਹ ਤਾਂ ਸਭ ਨੂੰ ਹੀ ਪਤਾ ਹੈ ਪਰ
ਜੇਕਰ ਬੰਦਾ ਨਵਾਂ ਸਮਝ ਕੇ ਕੁਝ ਕਰਨਾ ਚਾਹੁੰਦਾ ਹੈ ਤਾਂ ਇਸ ਵਿਚ ਬੁਰਾਈ ਵੀ ਕੀ ਹੈ?
‘ਨਹੀਂ ਰੀਸਾਂ ਪਰਦੇਸ਼ ਦੀਆਂ’ ਵਿਚ ਲੇਖਕ ਮੁੜ ਉਹੋ ਮੁਹਾਵਰਾ ਵਰਤਦਾ ਹੈ ਜੋ ਉਹ
ਦੂਜੇ ਲੇਖਾਂ ਵਿਚ ਵਰਤਦਾ ਹੈ। ‘ਆਂਢ-ਗੁਆਢ’ ਲੇਖ ਵਿਚ ਲੇਖਕ ਦੱਸਦਾ ਹੈ ਕਿ ਗੁਆਂਢੀ
ਵੀ ਆਪਸ ਵਿਚ ਮਤਲਬ ਪ੍ਰਸਤ ਹੋ ਕੇ ਰਹਿੰਦੇ ਹਨ। ਜਾਤ ਪਾਤ ਜਿਹੀਆਂ ਬੀਮਾਰੀਆਂ ਭਾਰਤ
ਰਹਿੰਦਿਆਂ ਤਾਂ ਸਨ ਹੀ, ਅਸੀਂ ਵਿਦੇਸ਼ਾਂ ਵਿਚ ਵੀ ਉਸ ਨੂੰ ਨਾਲ ਹੀ ਲੈ ਕੇ ਤੁਰ ਪਏ
ਹਾਂ। ਅਜਿਹੀ ਸੋਚ ਸਾਡੀ ਮਾਨਸਿਕ ਸੋਚ ਨੂੰ ਨੰਗਾ ਕਰਦੀ ਹੈ। ‘ਫੈਮਿਲੀ ਡਾਕਟਰ’ ਲੇਖ
ਵਿਚ ਲੇਖਕ ਡਾਕਟਰਾਂ ਤੇ ਵਿਅੰਗ ਕੱਸਦਾ ਹੈ। ਫੈਮਿਲੀ ਡਾਕਟਰ ਕਿਵੇਂ ਸਿਹਤ ਦੇ ਨਾਲ
ਘਰੇਲੂ ਵਾਤਾਵਰਣ ਬਾਰੇ ਵੀ ਜਾਣਕਾਰੀ ਰੱਖਣ ਲੱਗ ਪੈਂਦੇ ਹਨ। ਵਰਤਿਆ ਗਿਆ ਮੁਹਾਵਰਾ
ਦਾਈਆਂ ਕੋਲੋਂ ਪੇਟ ਗੁੱਝੇ ਨਹੀਂ ਰਹਿੰਦੇ ਹੀ ਇਨ੍ਹਾਂ ਤੇ ਫੱਬਦਾ ਅਖਾਣ ਹੈ। ਇਸ ਤੋਂ
ਇਲਾਵਾ ਪਾਰਟੀਆਂ ਤੇ ਗਿਫਟ, ਸੁਖੀ ਪਰਿਵਾਰ, ਵਿਕਾਊ, ਹਿਸਾਬੀ ਮੇਲਾ, ਗੁੱਸਾ, ਸਭ
ਰੰਗ ਬਿਰੰਗੇ ਵਿਸ਼ੇ ਲੋਏ ਗਏ ਹਨ। ਕੇਵਲ ‘ਦੁਬੰਗ ਕੁਲਵੰਤ ਸਿੰਘ ਗਿੱਲ’, ਦੇ ਲੇਖ
ਨੂੰ ਛੱਡ ਸਮਾਜ ਨੂੰ ਦਿਸ਼ਾ ਦੇਣ ਵਾਲੇ ਹਨ। ਕੁਲਵੰਤ ਸਿੰਘ ਗਿੱਲ ਜਿਹੇ ਪਾਤਰ
ਸਚਮੁੱਚ ਸਮਾਜ ਵਿਚ ਆਦਰਸ਼ਵਾਦੀ ਮਨੁੱਖ ਹਨ ਜਿਨ੍ਹਾਂ ਦੀ ਸੋਚ ਤੋਂ ਹਰ ਮਨੁੱਖ ਨੂੰ
ਇਕ ਨਵਾਂ ਰਾਹ ਮਿਲਦਾ ਹੈ। ਸੱਚ ਵਿਚ ਹੀ ਵਿਅੰਗਕਾਰ ਦਾ ਧਰਮ ਹੋਰ ਵਿਧਾਵਾਂ ਲਿਖਣ
ਵਾਲਿਆਂ ਦੀ ਤੁਲਨਾ ਵਿਚ ਕਠਿਨ ਮੰਨਿਆ ਜਾਂਦਾ ਹੈ ਕਿਉਂਕਿ ਆਪਣੀ ਰਚਨਾ ਪ੍ਰਕ੍ਰਿਆ
ਵਿਚ ਉਸ ਨੂੰ ਸਮਾਜ ਦੇ ਵਿਸਿ਼ਆਂ ਦੇ ਪ੍ਰਤਿ ਹੀ ਨਹੀਂ ਬਲਕਿ ਆਪਣੇ ਆਪ ਪ੍ਰਤਿ ਵੀ
ਸਪੱਸ਼ਟ ਹੋਣਾ ਪੈਂਦਾ ਹੈ। ਮਹਿੰਦਰ ਸਿੰਘ ਦੁਆਰਾ ਲਿਖੇ ਵਿਅੰਗ ਜਿੱਥੇ ਵਿਅੰਗ ਦਾ
ਸਿ਼ਕਾਰ ਬਣੇ ਵਿਅਕਤੀ ਨੂੰ ਹਸਾ ਰਹੇ ਹਨ ਉੱਥੇ ਸੁਣਨ ਵਾਲੇ ਤਿਲਮਿਲਾ ਵੀ ਉਠਦੇ ਹਨ।
ਫਿਰ ਕਹਿਣ ਵਾਲੇ ਨੂੰ ਜਵਾਬ ਦੇਣਾ ਆਪਣੇ ਆਪ ਲਈ ਹੋਰ ਮੁਸ਼ਕਿਲ ਹੋ ਜਾਂਦਾ ਹੈ। ਜਦੋਂ
ਮਹਿੰਦਰ ਸਿੰਘ ਦੀ ਰਚਨਾ ਦੇ ਵਿਅੰਗ ਵਿਅਕਤੀ ਜਾਂ ਸਮਾਜ ਦੀ ਬੁਰਾਈ ਸਿੱਧੇ ਸ਼ਬਦਾਂ
ਵਿਚ ਨਾ ਕਹਿ ਕੇ ਉਲਟੇ ਸ਼ਬਦਾਂ ਵਿਚ ਪੇਸ਼ ਹੁੰਦੇ ਹਨ ਤਾਂ ਇਹ ਹੋਰ ਵੀ ਉਦੇਸ਼ਪੂਰਣ
ਲੱਗਣ ਲੱਗ ਪੈਂਦੇ ਹਨ। ਉਦਾਹਰਣ ਦੇ ਤੌਰ ਤੇ ਕੁੱਤੀ ਚੀਜ਼, ਕੁੱਤੇ ਦੀ ਪੂਛ, ਯਾਰਾਂ
ਦਾ ਯਾਰ, ਪੈਸੇ ਕਮਾਉਣ ਦਾ ਧੰਦਾ ਆਦਿ। ਜੀਵਨ ਦੇ ਪ੍ਰਤਿ ਮਹਿੰਦਰ ਸਿੰਘ ਦੀ ਉੱਨੀ ਹੀ
ਉਤੇਜਨਾ ਹੈ ਜਿੰਨੀ ਹਰ ਗੰਭੀਰ ਰਚਨਾਕਾਰ ਦੀ ਹੁੰਦੀ ਹੈ, ਬਲਕਿ ਸ਼ਾਇਦ ਇਸ ਤੋਂ ਵੀ
ਜਿ਼ਆਦਾ ਹੀ। ਮਹਿੰਦਰ ਸਿੰਘ ਜੀਵਨ ਦੇ ਪ੍ਰਤਿ ਫਰਜ਼ ਦਾ ਅਨੁਭਵ ਕਰਦਾ ਹੈ। ਅਜਿਹੀ
ਸੋਚ ਉਸਦੇ ਭੂਤਕਾਲ ਵਿਚ ਅਧਿਆਪਕ ਹੋਣ ਕਾਰਣ ਹੀ ਸੰਭਵ ਜਾਪਦੀ ਹੈ। ਇਸੇ ਸਦਕਾ ਹੀ ਉਹ
ਸੁਧਾਰ ਦੇ ਆਹਰ ਵਿਚ ਹੀ ਲੱਗਿਆ ਜਾਪਦਾ ਹੈ।
ਜ਼ਿੰਦਗੀ ਬੜੀ ਜਟਿਲ ਚੀਜ਼ ਹੈ।
ਜੀਵਨ ਕੇਵਲ ਹੱਸਣ ਤੇ ਕੇਵਲ ਰੋਣ ਤੱਕ ਸੀਮਿਤ ਨਹੀਂ ਹੁੰਦਾ। ਮਹਿੰਦਰ ਸਿੰਘ ਦੇ
ਵਿਅੰਗ ਦਾ ਮਤਲਬ ਐਸੀ ਅਰਥ ਵਿਅੰਜਨਾ ਕਰਨਾ ਹੈ ਜਿਸ ਵਿਚ ਸੱਚ ਦੀ ਆਤਮਾ ਹੈ ਤੇ ਝੂਠ
ਤੇ ਜ਼ੋਰਦਾਰ ਚੋਟ। ਮਹਿੰਦਰ ਸਿੰਘ ਦੇ ਵਿਅੰਗ ਦੀ ਚੋਟ ਇੰਨੀ ਤਿੱਖੀ ਹੈ ਕਿ ਇਸ ਵਿਚ
ਲਾਗ ਲਪੇਟ ਦੀ ਕੋਈ ਥਾਂ ਨਹੀਂ। ਇਹ ਵਿਅਕਤੀਆਂ ਦੇ ਕੋਝੇ ਸਰੀਰਕ ਗਠਨ ਅਤੇ ਗਿਰੇ ਹੋਏ
ਚਰਿਤਰ ਉੱਤੇ ਪੂਰੀ ਤਰ੍ਹਾਂ ਹਮਲਾ ਕਰਦਾ ਹੈ। ਇਕ ਦਾਰਸ਼ਨਿਕ ਦਾ ਮੰਨਣਾ ਹੈ ਕਿ
ਵਿਅੰਗਕਾਰ ਨੈਤਿਕਤਾ ਦਾ ਠੇਕੇਦਾਰ ਨਹੀਂ ਹੁੰਦਾ ਪਰ ਉਹ ਸਮਾਜ ਦੀ ਗੰਦਗੀ ਦਾ
ਸਫ਼ਾਈ-ਕਰਤਾ ਹੁੰਦਾ ਹੈ। ਉਹ ਸਮਾਜਿਕ ਬੁਰਾਈਆਂ ਦੀ ਗੰਦਗੀ ਨੂੰ ਸਾਫ਼ ਕਰਦਾ ਹੈ।
ਮਹਿੰਦਰ ਸਿੰਘ ਦੁਆਰਾ ਲਿਖੇ ਵਿਅੰਗ ਅਜਿਹੀ ਸਾਹਿਤਕ ਰਚਨਾ ਹਨ ਜੋ ਮਨੁੱਖ ਦੇ ਮਾਨਵੀ
ਅਤੇ ਵਿਅਕਤੀਗਤ ਦੋਸ਼ਾਂ, ਮੂਰਖਤਾਵਾਂ ਅਤੇ ਕਮਜ਼ੋਰੀਆਂ ਦੀ ਅਲੋਚਨਾ ਅਤੇ ਨਿੰਦਾ
ਸੁਧਾਰ ਦੇ ਆਸ਼ੇ ਨਾਲ ਕਰਦੇ ਹਨ। ਉਸਦੇ ਵਿਅੰਗ ਭਾਵੇਂ ਤਿੱਖੇ ਹਨ ਪਰ ਪਾਠਕ ਉਸਦੇ
ਤਿੱਖੇਪਣ ਨੂੰ ਵੀ ਪਚਾ ਸਕਦਾ ਹੈ ਤੇ ਉਸ ਉਪਰ ਨਰਾਜ਼ ਹੋਣਦੀ ਥਾਂ ਅਮਲ ਕਰਨ ਦੀ
ਸੋਚਦਾ ਹੈ ਅਤੇ ਤਿੱਖੇਪਣ ਲਈ ਉਸਨੂੰ ਮੁਆਫ਼ ਵੀ ਕਰ ਦਿੰਦਾ ਹੈ । ਭਾਸ਼ਾ ਅਤੇ ਸ਼ਬਦ
ਉਸਦੇ ਸ਼ਸਤਰ ਹਨ ਅਤੇ ਸਮਾਜ ਧਰੋਹੀ ਉਸਦੇ ਨਿਸ਼ਾਨੇ। ਕਈ ਵਾਰੀ ਬਿਨਾਂ ਤਾੜਨਾ ਤੋਂ
ਸੁਧਾਰ ਸ਼ਇਦ ਸੰਭਵ ਨਹੀਂ ਹੋ ਸਕਦਾ। ਜਦ ਤਕ ਵਿਅਕਤੀ ਵਿਸ਼ੇਸ਼ ਨੂੰ ਵਿਅੰਗ ਦਾ
ਨਿਸ਼ਾਨਾ ਨਹੀਂ ਬਣਾਇਆ ਜਾਂਦਾ ਤਦ ਤਕ ਸੁਧਾਰ ਅਸੰਭਵ ਹੈ। ਬੇਸ਼ਰਮ ਵਿਅਕਤੀ ਜਿਨ੍ਹਾਂ
ਨੂੰ ਕਿਸੇ ਦੀ ਸ਼ਰਮ ਜਾਂ ਡਰ ਨਹੀਂ ਉਨ੍ਹਾਂ ਦੀ ਵੀ ਮਹਿੰਦਰ ਸਿੰਘ ਦੇ ਵਿਅੰਗ ਨਾਲ
ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮਹਿੰਦਰ ਸਿੰਘ ਦੇ ਵਿਅੰਗ ਨਾਲ ਹੋਰ ਲੋਕਾਂ ਨੂੰ
ਵੀ ਚੇਤਾਵਨੀ ਮਿਲ ਜਾਂਦੀ ਹੈ। ਇਸ ਦਾ ਅਸਲੀ ਕਾਰਣ ਤਰਕ ਦੇ ਬਲ ਤੇ ਗੱਲ ਕਹਿਣਾ ਹੈ।
ਜੋ ਕੰਮ ਬੜੀ ਵਿਦਵਤਾਪੂਰਣ ਤਰਕ ਦੁਆਰਾ ਸਫਲ ਨਹੀਂ ਹੋ ਸਕਦਾ ਉਹ ਕਦੇ ਕਦੇ ਇਕ ਕਰਾਰੇ
ਵਿਅੰਗ ਨਾਲ ਆਸਾਨੀ ਨਾਲ ਹੋ ਜਾਂਦਾ ਹੈ। ਮਹਿੰਦਰ ਸਿੰਘ ਦੀ ਵਿਅੰਗ ਸ਼ੈਲੀ ਵਿਚ ਅਰਥ
ਤੇ ਉਦੇਸ਼ ਦਾ ਵੱਖਰਾ ਮਹੱਤਵ ਹੈ। ਇਸ ਸ਼ੈਲੀ ਵਿਚ ਮੁਹਾਵਰਿਆਂ ਦੇ ਨਾਲ ਭਾਸ਼ਾ ਦਾ
ਚਮਤਕਾਰ ਵੀ ਬਹੁਤ ਹੈ। ਵਿਅੰਗ ਦੇ ਵਾਕ ਛੋਟੇ ਤੇ ਤਿੱਖੇ ਹਨ। ਵਿਅੰਗ ਲਿਖਣਾ ਹਰੇਕ
ਦੇ ਵੱਸ ਦੀ ਗੱਲ ਨਹੀਂ ਕਿਉਂਕਿ ਵਿਅੰਗ ਦਾ ਸੰਬੰਧ ਮਨੁੱਖ ਦੇ ਸੁਭਾਅ ਨਾਲ ਹੁੰਦਾ
ਹੈ। ਸਹੀ ਅਰਥਾਂ ਵਿਚ ਇਸ ਪੁਸਤਕ ਵਿਚਲਾ ਵਿਅੰਗ ਇਕ ਅਜਿਹੇ ਚਾਕੂ ਦੇ ਸਮਾਨ ਹੈ ਜਿਸ
ਦੀ ਤੇਜ ਧਾਰ ਨਾਲ ਖੂਨ ਤਾਂ ਨਹੀਂ ਨਿਕਲਦਾ ਪਰ ਹਾਂ ਟੀਸ ਜ਼ਰੂਰ ਰਹਿ ਜਾਂਦੀ ਹੈ।
ਮਿੱਠੇ ਲੱਗਣ ਵਾਲੇ ਸ਼ਬਦਾਂ ਵਿਚ ਸਹੀ ਅਰਥ ਭਰ ਦਿੱਤੇ ਗਏ ਹਨ। ਵਿਅੰਗ ਵਿਚ ਗਾਲੀ
ਗਲੋਚ ਦਾ ਇਸਤੇਮਾਲ ਵੀ ਬੜੇ ਸਭਿਅਕ ਢੰਗ ਨਾਲ ਕੀਤਾ ਗਿਆ ਹੈ। ਵਿਅੰਗ ਦੀ ਇਸ ਪੁਸਤਕ
ਵਿਚ ਵਿਸ਼ੇ ਦੀ ਕੋਈ ਸੀਮਾ ਨਹੀਂ ਹੈ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦਾ ਸ਼ਾਮਿਲ
ਹੋਣਾ ਮਾਣ ਵਾਲੀ ਗੱਲ ਹੈ।
(ਸੀ-122, ਯੂਨੀਵਰਸਿਟੀ ਕੈਂਪਸ,
ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ-136119)