ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 June, 2008

-ਦੋ ਕਵਿਤਾਵਾਂ-
(1) ਦੇਖਿਓ ਕਿਤੇ…!, (2) ਇਲਾਜ

-ਸੁਰਿੰਦਰ ਗੀਤ-

ਦੇਖਿਓ ਕਿਤੇ…!

ਚਿੜੀਆਂ!
ਕਿੱਧਰ ਗਈਆਂ
ਉਹ ਨਿੱਕੀਆਂ ਨਿੱਕੀਆਂ
ਚਹਿਕਦੀਆਂ
ਚੋਗਾ ਚੁਗਦੀਆਂ
ਨਗ਼ਮੇ ਬਣਾਉਂਦੀਆਂ
ਨਗ਼ਮੇ ਗਾਉਂਦੀਆਂ
ਸੂਰਜ ਨੂੰ ਜੀਅ ਆਇਆਂ ਆਖਦੀਆਂ
ਪ੍ਰਭਾਤ ਦਾ ਸ਼ਿੰਗਾਰ ਬਣਦੀਆਂ
ਕਿੱਧਰ ਗਈਆਂ
ਉਹ ਪਿਆਰੀਆਂ ਚਿੜੀਆਂ।

ਚਿੜੀਆਂ
ਰੁੱਖਾਂ ਦੀਆਂ ਸ਼ਾਖ਼ਾਂ ਤੇ
ਆਲ੍ਹਣੇ ਬਣਾਉਂਦੀਆਂ
ਰੁੱਖਾਂ ਦਾ ਮਾਣ ਵਧਾਉਂਦੀਆਂ
ਆਲ੍ਹਣਿਆਂ ‘ਚ ਪਏ ਬੱਚੇ ਪਾਲਦੀਆਂ
ਅਦੁੱਤੀ ਮਮਤਾ
ਕਾਇਨਾਤ ਦਾ ਹੁਸਨ ਚਿੜੀਆਂ
ਗਈਆਂ ਤਾਂ ਗਈਆਂ ਕਿੱਥੇ
ਦੇਸ ਪੰਜਾਬ ਛੱਡਕੇ ।

ਕੋਈ ਕਹਿੰਦਾ
ਲੋਕਾਂ ਨੇ ਰੁਖ ਵੱਢ ਦਿੱਤੇ
ਆਪਣੇ ਆਲ੍ਹਣੇ ਬਣਾਉਣ
ਤਾਂ ਬਣਾਉਣ ਕਿੱਥੇ।

ਕੋਈ ਕਹਿੰਦਾ
ਝੱਲ ਨਹੀਂ ਸਕੀਆਂ
ਮੋਬਾਇਲ ਫੋਨਾਂ ਦੀਆ ਤਰਬਾਂ
ਕੋਈ ਕਹਿੰਦਾ ਝੱਲ ਨਹੀਂ ਸਕੀਆਂ
ਵਾਤਾਵਰਣ ‘ਚ ਘੁਲੀਆਂ ਗਰਦਾਂ
ਮਰ ਗਈਆਂ ਸਾਰੀਆਂ।

ਕੁਝ ਵੀ ਹੋਵੇ
ਚਿੜੀਆਂ ਹੁਣ ਦਿਸਦੀਆਂ ਨਹੀਂ
ਮਰ ਗਈਆਂ
ਜਾਂ
ਕਿਤੇ ਚਲੀਆਂ ਗਈਆਂ।

ਤੇ
ਦੇਖਿਓ
ਕਿਤੇ ਇਹ ਕੁੜੀਆਂ ਵੀ
ਭਰੂਣ ਹੱਤਿਆ ਦੀ ਮਾਰ ਮਰਦੀਆਂ
ਤੇ
ਦਾਜ-ਦਹੇਜ਼ ਦੀ ਮਾਰ ਤੋਂ ਡਰਦੀਆਂ
ਕਿਤੇ ਚਲੀਆਂ ਨਾ ਜਾਣ
ਕਿਉਂਕਿ
ਕੁੜੀਆਂ ਵੀ ਤਾਂ
ਚਿੜੀਆਂ ਦਾ ਚੰਬਾ ਹੁੰਦੀਆਂ ਹਨ।


ਇਲਾਜ

ਨੇਤਾ ਜੀ
ਭਾਸ਼ਨ ਦੇ ਰਹੇ ਸਨ
ਸਾਡੇ ਕਾਰਜ-ਕਾਲ ਦੌਰਾਨ
ਦੇਸ਼ ਨੇ ਬੜੀ ਤਰੱਕੀ ਕੀਤੀ ਹੈ
ਅਸੀਂ ਦੁਨੀਆਂ ਦਾ ਸਭ ਤੋਂ
ਅਮੀਰ ਬੰਦਾ ਪੈਦਾ ਕੀਤਾ ਹੈ
ਸਾਡੇ ਦੇਸ਼ ‘ਚ
ਕਰੋੜਪਤੀਆਂ ਦੀ ਗਿਣਤੀ
ਸਭ ਤੋਂ ਜ਼ਿਆਦਾ ਹੈ
ਸਾਡੇ ਕੋਲ ਹਨ
ਸ਼ਕਤੀਸ਼ਾਲੀ ਬੰਬ
ਦੂਰ ਦੂਰ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ
ਬੇ-ਸ਼ੁਮਾਰ ਮਾਰੂ
ਪਰਮਾਣੂ ਹਥਿਆਰ
ਤੇ ਹੋਰ ਵੀ ਕਈ ਕੁਝ
ਕਰ ਸਕਦੇ ਹਾਂ ਤਿਆਰ।

ਪਰ!
ਪਰ ਨੇਤਾ ਜੀ ਦਾ
ਭਾਸ਼ਨ ਸੁਣਨ ਲਈ
ਭਾੜੇ ਤੇ ਲਿਆਂਦੇ ਲੋਕ
ਸੋਚ ਰਹੇ ਸਨ
ਕਾਸ਼!
ਕਦੇ ਕਿਸੇ ਨੇ
ਸਾਡੀ ਵੀ ਗਿਣਤੀ ਕੀਤੀ ਹੁੰਦੀ
ਸਾਡੇ ਭੁੱਖੇ ਢਿੱਡਾਂ ਦੀ ਵੀ
ਸਾਰ ਲਈ ਹੁੰਦੀ।

ਸਾਡਾ
ਕੀ ਸੰਵਾਰਨਗੇ
ਇਹ ਕਰੋੜ ਪਤੀ
ਜਾਂ ਲੱਖ-ਪਤੀ
ਅਸੀਂ ਤਾਂ
ਇਕ ਡੰਗ ਦੀ ਰੋਟੀ ਖਾਤਿਰ
ਠੰਡ ‘ਚ ਠੁਰ ਠੁਰ ਕਰ ਰਹੇ ਹਾਂ
ਇਹ ਬਕ-ਬਕ ਸੁਣ ਰਹੇ ਹਾਂ
ਸਾਡਾ ਕੀ ਸੰਵਾਰਨਗੇ
ਇਹ ਮਾਰੂ ਪਰਮਾਣੂ ਹਥਿਆਰ
ਸਾਨੂੰ ਤਾਂ ਚਾਹੀਦਾ ਹੈ
ਸਾਡੀ ਗਰੀਬੀ
ਸਾਡੀ ਭੁੱਖ
ਸਾਡੀ ਬੇ-ਵਸੀ ਦਾ ਇਲਾਜ।
*****
(31 ਜਨਵਰੀ 2008 ਯੂਨੀਕੋਡ

ਸੁਰਿੰਦਰ ਗੀਤ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari


? likhari: Punjabi Likhari Forum-2001-2008

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.