|
 |
ਦੋ ਗ਼ਜ਼ਲਾਂ
-ਜੀਤ ਔਲਖ (ਕੈਨੇਡਾ)- |
ਗ਼ਜ਼ਲ
ਤੇਰੇ ਨਾਜ਼ੁਕ ਹੋਠਾਂ ਦੀ ਸਹੁੰ, ਪੱਥਰ ਮੇਰਾ ਨਾਂ
ਮੇਰੇ ਵਰਗੇ ਪੱਥਰ ਨਾਲੋਂ ਪੱਥਰ ਜੰਮਦੀ ਮਾਂ ।
ਮੇਰੇ ਖਿੱਲਰੇ ਵਾਲ ਜੀਕਣ ਘਰ ਹੈ ਚਿੜੀਆਂ ਦਾ
ਰਲ ਕੇ ਮੇਰੇ ਕਰਮਾਂ ਨੇ ਹੈ ਮੈਨੂੰ ਕੁੱਟਿਆ ਜਾਂ ।
ਬਲਦੀ ਧੁੱਪ ਨੂੰ ਸਹਿੰਦਾ, ਫਿਰ ਵੀ ਕਰਦਾ ਹੱਥੀਂ ਛਾਂ
ਉਹ ਰੁੱਖ ਸਭ ਤੋਂ ਸੰਘਣਾ ਜਿਸਨੂੰ ਕਹਿੰਦੇ ਲੋਕੀਂ ਮਾਂ ।
ਘਰ ਤਾਂ ਹੋਵੇ ਭਾਵੇਂ ਨਿੱਕਾ, ਸਾਰੇ ਵਿੱਚ ਗਿਰਾਂ
ਗੱਲ ਬਸ ਏਨੀ ਹੋਵੇ ਤੇਰੇ ਦਿਲ ਦੇ ਅੰਦਰ ਥਾਂ ।
ਜੇ ਬਣਾਵਾਂ ਉਸਦੀ ਇਕ ਤਸਵੀਰ ਯਾਰੋ ਮੈਂ
ਤਹਿ ਹੈ ਲਗਪਗ ਰੱਖਿਆ ਜਾਣਾ ਕਵਿਤਾ ਇਸਦਾ ਨਾਂ ।
ਉਹਦੇ ਮਨ ਵਿਚ ਕੀ ਹੈ ਉਸ ਤੋਂ ਪੁੱਛਾਂ ਕਿ ਅਜੇ ਨਾ
ਉਹ ਹੈ ਰੂਹ ਦਾ ਹਾਣੀ ਜਿਸਨੂੰ ਦਿਲ ਤੋਂ ਚਾਹੁੰਦਾ ਹਾਂ ।
ਗ਼ਜ਼ਲ
ਤੈਨੂੰ ਮੇਰੀ ਜ਼ਿੰਦਗੀ ਦਾ ਵਾਸਤਾ
ਆ ਜਾ ਤੈਨੂੰ ਆਸ਼ਕੀ ਦਾ ਵਾਸਤਾ ।
ਇਕ ਤਾਂ ਤੈਨੂੰ ਸਹੁੰ ਹੈ ਮੇਰੇ ਪਿਆਰ ਦੀ
ਦੂਜਾ ਮੇਰੀ ਦੋਸਤੀ ਦਾ ਵਾਸਤਾ ।
ਗੁਜ਼ਰਿਆ ਉਹ ਜਿਸਮ ਦੇ ਬਾਜ਼ਾਰ ‘ਚੋਂ
ਪਾਇਆ ਮੈਂ ਦਿਲ ਦੀ ਗਲੀ ਦਾ ਵਾਸਤਾ ।
ਤੈਨੂੰ ਤਰਲਾ ਹਉਕਿਆਂ ਦੀ ਤਪਸ਼ ਦਾ
ਅੱਥਰੂਆਂ ਦੀ ਜਾਂ ਨਦੀ ਦਾ ਵਾਸਤਾ ।
ਗ਼ਜ਼ਲ ਦੇ ਇਹ ਸ਼ੇਅਰ ਹੈ ਲਿਖਵਾ ਗਿਆ
ਜੀਤ ਤੋਂ ਤੇਰੀ ਕਮੀ ਦਾ ਵਾਸਤਾ ।
***** (31 ਜਨਵਰੀ 2008 ਯੂਨੀਕੋਡ
|