|
|
|
ਅਜੋਕਾ
ਵਾਧਾ::
30 April, 2008 |
ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ
ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ
ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ
|
|
 |
(21)
ਰਚਨਾ ਹੀ ਖ਼ੁਦ ਕਲਗੀ
ਹੁੰਦੀ, ਇਨਾਮ ਨਾ ਬਣਦਾ ਕੁੱਲਾ
ਸ਼ਾਮ ਸਿੰਘ
(ਅੰਗ-ਸੰਗ), ਚੰਡੀਗੜ੍ਹ, ਪੰਜਾਬ- |
ਰਚਨਾ ਕਿਸੇ ਕਿਸਮ ਦੀ ਵੀ ਹੋਵੇ, ਓਹੀ ਕਰ ਸਕਦਾ ਜਿਸ ਕੋਲ ਕੁੱਝ ਕਰਨ ਤੇ ਕਹਿਣ ਦੀ
ਸਮਰੱਥਾ ਹੋਵੇ। ਨਵੇਂ ਖਿਆਲ ਹੋਣ, ਸੋਚਾਂ ਹੋਣ ਤੇ ਤਾਜ਼ਾਤਰੀਨ ਵਿਚਾਰ ਹੋਣ।
ਢੰਗ-ਤਰੀਕਾ ਹੋਵੇ, ਸਲੀਕਾ ਹੋਵੇ ਅਤੇ ਸ਼ਿਲਪ ’ਚ ਮੁਹਾਰਤ ਹੋਵੇ। ਕਰਨ, ਕਹਿਣ ਤੇ
ਲਿਖਣ ਦੀ ਜਾਚ ਨਾ ਹੋਵੇ ਤਾਂ ਵਲਵਲੇ ਚੁੱਪ ਦੀ ਗੁਫਾ ’ਚ ਬੈਠੇ ਰਹਿਣਗੇ ਅਤੇ
ਬੌਧਿਕਤਾ ਧਰੀ ਧਰਾਈ ਰਹਿ ਜਾਵੇਗੀ। ਕੋਈ ਵੀ ਕਲਾ ਹੱਥ ਵਿਚ ਨਾ ਹੋਵੇ ਤੇ ਕੋਈ
ਮਾਧਿਅਮ ਸਾਥ ਦੇਣ ਲਈ ਤਿਆਰ ਨਾ ਹੋਵੇ ਤਾਂ ਗੱਲ ਕਿਸੇ ਸਿਰੇ ਨਹੀਂ ਲੱਗ ਸਕਦੀ।
ਜਿਸ ਸਿਰਜਕ ’ਤੇ ਰਚਨਾ ਸਵਾਰ ਹੋ ਜਾਵੇ ਉਹ ਸੌ ਵਲ਼-ਫੇਰ ਪਾ ਕੇ ਕੋਈ ਨਾ ਕੋਈ ਰਾਹ
ਲੱਭ ਲੈਂਦਾ ਹੈ ਪਰ ਜੇ ਨਾ ਲੱਭੇ ਤਾਂ ਉਹ ਬਣਾ ਲੈਂਦਾ ਹੈ ਤਾਂ ਕਿ ਉਸ ਦੀ ਰਚਨਾ
ਤੁਰਨ ਦੇ ਕਾਬਲ ਹੋ ਸਕੇ। ਰਚਨਾ ਤੁਰਦੀ ਹੈ ਕਦੇ ਰਵਾਇਤ ਦੇ ਸਾਏ ਹੇਠ, ਕਦੇ
ਰੀਤਾਂ-ਰਸਮਾਂ ਨੂੰ ਗਲਵਕੜੀ ਪਾ ਕੇ ਤੇ ਕਦੇ ਨਵੇਂ ਬੋਧ ਦੀ ਤਲਾਸ਼ ਵਿਚ। ਜਿਸ ਰਚਨਾ
ਵਿਚ ਮੌਲਿਕਤਾ ਹੁੰਦੀ ਹੈ ਉਹ ਦਮਦਾਰ ਹੋਣ ਕਾਰਨ ਲੋਕਾਂ ਵਿਚ ਮਕਬੂਲ ਹੋਣ ਤੋਂ ਵਿਰਵੀ
ਨਹੀਂ ਰਹਿੰਦੀ। ਅਜਿਹੀ ਰਚਨਾ ਨੂੰ ਲੋਕ ਸਮੂਹ ਪ੍ਰਵਾਨ ਹੀ ਨਹੀਂ ਕਰਦੇ ਸਗੋਂ ਆਪਣੀ
ਸੋਚ ਦਾ ਹਿੱਸਾ ਵੀ ਬਣਾ ਲੈਂਦੇ ਹਨ ਤੇ ਜੀਵਨ ਦਾ ਆਦਰਸ਼ ਵੀ।
ਕਿਸੇ ਵੀ ਤਰ੍ਹਾਂ ਦੀ ਹੋਵੇ ਰਚਨਾ ਤਾਂ ਰਚਨਾ ਹੀ ਹੁੰਦੀ ਹੈ ਜਿਹੜੀ ਰੂਪ ਧਾਰਨ ਤੋਂ
ਬਾਅਦ ਇਕੱਲੇ ਕਰਤਾ ਦੀ ਨਹੀਂ ਰਹਿੰਦੀ ਸਗੋਂ ਪਾਠਕ ਦੀ ਵੀ ਹੁੰਦੀ ਹੈ ਤੇ ਆਲੋਚਕ ਦੀ
ਵੀ, ਸਰੋਤੇ ਦੀ ਵੀ ਹੁੰਦੀ ਹੈ ਤੇ ਦਰਸ਼ਕ ਦੀ ਵੀ। ਇਕ ਮਿਆਰ ਰਚਨਾ ਵਿਚ ਪਿਆ ਹੁੰਦਾ
ਹੈ ਜਿਸ ਦੇ ਮੁਲਾਂਕਣ ਤੇ ਪਰਖ ਬਾਅਦ, ਉਸ ਦਾ ਮੁੱਲ ਸਭ ਨੇ ਪਾਉਣਾ ਹੁੰਦਾ ਹੈ।
ਜਿਨ੍ਹਾਂ ਕੋਲ ਪਰਖ ਦੀ ਨਜ਼ਰ ਤੇ ਸਮਰਥਾ ਹੋਵੇਗੀ ਉਹ ਹੀ ਰਚਨਾ ਨਾਲ ਨਿਆਂ ਕਰ
ਸਕਣਗੇ। ਜਿਹੜੇ ਆਪਣੇ ਆਪ ਤੋਂ ਉੱਪਰ ਉੱਠ ਕੇ ਕੇਵਲ ਰਚਨਾ ਤੇ ਉਸਦੇ ਮਿਆਰ ਦੀ ਚਰਚਾ
ਕਰਨਗੇ ਉਨ੍ਹਾਂ ਦੀ ਨਿਰਪੱਖਤਾ ਹਰ ਸੂਰਤ ਮੈਦਾਨ ਵਿਚ ਨਿਤਰਨ ਦਾ ਯਤਨ ਕਰੇਗੀ।
ਜਿਹੜੀ ਰਚਨਾ ਵਿਚ ਤੱਤ ਹੋਣਗੇ, ਕਣੀ ਹੋਵੇਗੀ ਤੇ ਰਚਨਾਤਮਿਕਤਾ ਹੋਵੇਗੀ, ਉਹ ਲੋਕ
ਦਿਲਾਂ ਵਿਚ ਥਾਂ ਬਣਾ ਲਵੇਗੀ। ਅਜਿਹਾ ਹੋਣ ਲਈ ਕਿਸੇ ਨੂੰ ਮਨਾਉਣ ਦੀ ਲੋੜ ਨਹੀਂ।
ਮਿਆਰੀ ਰਚਨਾ ਆਪ ਬੋਲੇਗੀ
ਤੇ ਉਸ ਨੂੰ ਚਰਚਾ ਵਿਚ ਆਉਣ ਲਈ ਛੋਟੀਆਂ ਵੱਡੀਆਂ ਤੂਤੀਆਂ ਤੇ ਫੌੜ੍ਹੀਆਂ ਦੀ ਲੋੜ
ਨਹੀਂ ਪਵੇਗੀ। ਉਸ ਅੰਦਰ
ਪਏ ਮਿਆਰਾਂ ਤੇ ਗੁਣਾਂ ਨੇ ਉਭਰਨਾ ਹੀ ਹੁੰਦਾ ਹੈ ਤੇ ਪਾਰਖੂਆਂ ਦੀ ਬਹੁਗਿਣਤੀ
ਉਨ੍ਹਾਂ ਨੂੰ ਉਜਾਗਰ ਕਰਨ ਬਿਨਾ ਨਹੀਂ ਰਹਿੰਦੀ। ਮਿਆਰਾਂ ਤੇ ਗੁਣਾਂ ਦੀ ਉਚਾਈ ਕਾਰਨ
ਹੀ ਰਚਨਾ ਅੰਦਰ ਪਈ ਕਲਗੀ ਪਾਠਕਾਂ/ਆਲੋਚਕਾਂ ਤੱਕ ਵੀ ਪਹੁੰਚ ਜਾਂਦੀ ਹੈ ਤੇ
ਸਰੋਤਿਆਂ-ਦਰਸ਼ਕਾਂ ਤੱਕ ਵੀ।
ਕਲਗੀ ਵਾਲੀ ਰਚਨਾ ਨੂੰ ਕੋਈ ਇਨਾਮਾਂ ਸਨਮਾਨਾਂ ਲਈ ਗੌਲ਼ੇ ਨਾ ਗੌਲ਼ੇ ਉਸ ਨੂੰ ਕੋਈ ਫਰਕ
ਨਹੀਂ ਪੈਂਦਾ। ਇਸ ਦੇ ਉਲਟ ਅਜਿਹੀ ਰਚਨਾ ਨੂੰ ਅੱਖੋਂ ਓਹਲੇ ਕਰਨ ਵਾਲੇ ਪਾਰਖੂਆਂ ਦਾ
ਨੰਗੇਜ਼ ਪ੍ਰਗਟ ਹੋਏ ਬਿਨਾਂ ਨਹੀਂ ਰਹਿੰਦਾ। ਪਤਾ ਲੱਗ ਜਾਂਦਾ ਹੈ ਕਿ ਇਨਾਮ ਦੇਣ
ਵਾਲੇ ਵੱਡੇ ਧੜੇਬਾਜ਼ ਹਨ, ਦਗ਼ੇਬਾਜ਼ ਹਨ ਜਿਨ੍ਹਾਂ ਕਲਗੀ ਵਾਲੀ ਸਿਰਜਣਾ ਨੂੰ
ਨਜ਼ਰਅੰਦਾਜ਼ ਕਰਕੇ ਆਪਣੇ ਹੀ ਬੌਨੇਪਨ ਤੇ ਅਗਿਆਨ ਦਾ ਅਹਿਸਾਸ ਕਰਵਾ ਦਿੱਤਾ।
ਅਜਿਹੀਆਂ ਕਲਗੀਧਾਰੀ ਰਚਨਾਵਾਂ ਉਦੋਂ ਤੱਕ ਅਣਗੌਲੀਆਂ ਕੀਤੀਆਂ ਜਾਂਦੀਆਂ ਰਹਿਣਗੀਆਂ
ਜਦ ਤੱਕ ਵੱਡੀਆਂ ਥਾਵਾਂ ਉੱਤੇ ਬੌਣੇ ਕੱਦ ਵਾਲੇ ਊਣੇ-ਪੌਣੇ ਸਿਫਾਰਸ਼ੀ ‘ਵਿਦਵਾਨ’
ਬਿਠਾਏ ਜਾਣੇ ਬੰਦ ਨਹੀਂ ਕੀਤੇ ਜਾਂਦੇ।
ਇਨਾਮ ਮਿਲਣ ਨਾਲ ਕਦੇ ਕੋਈ ਰਚਨਾ ਵੱਡੀ, ਉੱਚੀ ਤੇ ਨਵੀਂ ਨਹੀਂ ਹੁੰਦੀ। ਉਹ, ਉਹੀ
ਰਹਿੰਦੀ ਹੈ ਜਿਸ ਤਰ੍ਹਾਂ ਦੀ ਹੋਵੇ। ਓਡੀ ਰਹਿੰਦੀ ਹੈ ਜਿੱਡਾ ਉਹਦਾ ਕੱਦ ਹੋਵੇ।
ਆਪਣੇ ਵਿਚਲੇ ਮਿਆਰ ਤੋਂ ਜ਼ਰਾ ਮਾਤਰ ਵੀ ਨਹੀਂ ਵਧਦੀ। ਹਾਂ, ਏਨਾ ਜ਼ਰੂਰ ਹੈ ਕਿ ਉਸ
ਦੀ ਚਰਚਾ ਜ਼ਰੂਰ ਹੋ ਜਾਂਦੀ ਹੈ ਜਿਸਦਾ ਨਾ ਉਸਦੇ ਸਿਰਜਕ ਨੂੰ ਤੇ ਨਾ ਹੀ ਉਸ ਨਾਲ
ਸਬੰਧਤ ਕਲਾ ਤੇ ਸਾਹਿਤ ਨੂੰ ਫ਼ਾਇਦਾ ਹੁੰਦਾ। ਉਲਟਾ, ਮਾੜੀ ਰਚਨਾ ਨੂੰ ਇਨਾਮ ਮਿਲਣ
ਨਾਲ ਉਸ ਭਾਸ਼ਾ, ਕਲਾ ਤੇ ਸਿਨਫ ਦਾ ਜ਼ਰੂਰ ਜਲੂਸ ਨਿਕਲ ਕੇ ਰਹਿ ਜਾਂਦਾ।
ਲਘੂ ਤੇ ਮਾੜੀ ਰਚਨਾ ਨੂੰ ਕੇਵਲ ਉਦੋਂ ਹੀ ਇਨਾਮ ਮਿਲਦਾ ਹੈ ਜਦੋਂ ਸਿਫਾਰਸ਼ਾਂ
ਚਲਦੀਆਂ ਹੋਣ ਤੇ ਗੁਟਬੰਦੀ ਪੁਗਾਣੀ ਹੁੰਦੀ ਹੋਵੇ। ਅਜਿਹੇ ਮੌਕੇ ਪਾਰਖੂਆਂ ਨੂੰ
ਵਰਤਿਆ ਜਾਂਦਾ, ਮਾੜੀ ਰਚਨਾ ਦੀ ਫੂਕ-ਨੁਮਾ ਪੈਂਠ ਬੰਨ੍ਹੀ ਜਾਂਦੀ ਹੈ ਅਤੇ ਖਾਹਮਖਾਹ
ਹੀ ਬਿਨਾ ਕਿਸੇ ਸਮਗਰੀ ਦੇ ਉਸਾਰੇ ਜਾਂਦੇ ਹਨ ਪੁਲ। ਝੂਠੀ ਪ੍ਰਸ਼ੰਸਾ ਕੀਤੀ ਜਾਂਦੀ
ਹੈ ਅਤੇ ਡਲਫੀ ਉੱਤੇ ਲੋੜ ਤੋਂ ਬਿਨਾ ਹੀ ਛੇੜਿਆ ਜਾਂਦਾ ਹੈ ਰਾਗ-ਦਰਬਾਰੀ। ਕੇਵਲ ਤੇ
ਕੇਵਲ ਮਾੜੀ ਰਚਨਾ ਸਿਰ ਕੁੱਲਾ ਦਿਖਾਉਣ ਲਈ ਮਾੜੀ ਰਚਨਾ ਦਾ ਫੋਕਾ ਹੀ ਗੁੱਡਾ
ਬੰਨ੍ਹਿਆ ਜਾਂਦਾ ਅਤੇ ਦਿਨ-ਦਿਹਾੜੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ
ਕੀਤਾ ਜਾਂਦਾ।
ਸਮਾਂ ਕਦੇ ਕਿਸੇ ਨੂੰ ਮਾਫ
ਨਹੀਂ ਕਰਦਾ। ਮਾੜੀ ਰਚਨਾ ਨੂੰ ਚਰਚਾ ’ਚ ਲਿਆਉਣ ਵਾਲਿਆਂ ਨੂੰ ਵੀ ਨਹੀਂ। ਹਾਂ,
ਮਾੜੀਆਂ ਰਚਨਾਵਾਂ ਨੂੰ, ਲਘੂ-ਕਿਰਤਾਂ ਨੂੰ ਅਤੇ ਬੇਸੁਰੀਆਂ ਸਿਰਜਣਾਵਾਂ ਨੂੰ
ਇਨਾਮ-ਸਨਮਾਨ ਦੇ ਵੀ ਦਿੱਤੇ ਜਾਣ ਤਾਂ ਵੀ ਕੁੱਝ ਹੀ ਅਰਸੇ ਬਾਅਦ ਧੂੜ ’ਚ ਗੁਆਚੇ
ਟੱਟੂ ਵਾਂਗ ਇਹ ਕਿਧਰੇ ਨਹੀਂ ਲੱਭਣਗੀਆਂ ਸਗੋਂ ਹੋਰ ਵੀ ਬੇਮਾਅਨਾ ਹੋ ਕੇ ਰਹਿ
ਜਾਣਗੀਆਂ।
ਨਾ ਤਾਂ ਕਿਸੇ ਰਚਨਾ ਦੀ ਕਲਗੀ ਖੋਹੀ ਜਾ ਸਕਦੀ ਹੈ ਤੇ ਨਾ ਹੀ ਕਿਸੇ ਮਾੜੀ ਰਚਨਾ ਸਿਰ
ਕੁੱਲਾ ਸਜਾਇਆ ਜਾ ਸਕਦਾ ਹੈ :-
ਓਹੀ ਰਚਨਾ ਸਭ ਨੂੰ ਪੋਹੇ
ਜਿਸ ਦੀ ਸੋਚ ਦਾ ਦਾਇਰਾ ਖੁੱਲ੍ਹਾ
ਉੱਚੇ ਖਿਆਲ ਸ਼ਿਲਪ ਵੀ ਪੂਰੀ
ਆਏ ਤਾਜ਼ਗੀ ਦਾ ਕੋਈ ਬੁੱਲਾ
ਰਾਹ ਬਣਾਵੇ ਅੱਖਾਂ ਖੋਲ੍ਹੇ
ਹੋਵੇ ਐਸਾ ਗਿਆਨ ਅਮੁੱਲਾ
ਰਚਨਾ ਹੀ ਖੁਦ ਕਲਗੀ ਹੁੰਦੀ
ਇਨਾਮ ਕਦੇ ਨਾ ਬਣਦਾ ਕੁੱਲਾ।
****
(1
ਫਰਵਰੀ
2008)
ਚਾਤ੍ਰਿਕ ਯੂਨੀਕੋਡ
|
|
ਸ਼ਾਮ ਸਿੰਘ (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ
ਕਲਿੱਕ ਕਰੋ
>>>>>
|

ਲਿਖਾਰੀ
Likhari
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|