ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com

   ਮੁੱਖਪੰਨਾ

             ਲੇਖ/ਖੋਜ/ਆਲੋਚਨਾ/ਰੀਵੀਊ/ਵਿਚਾਰ

likhari2001@yahoo.co.uk

ਗਰੀਬ ਵਰਗ ਦੀਆਂ ਜੜ੍ਹਾਂ ਵੱਢ ਰਿਹਾ ਕਮਿਸ਼ਨ ਕਲਚਰ
ਦੇਸ਼ 'ਚ ਬਹੁਤੇ ਗਰੀਬ ਗੁਰਬੇ ਦਵਾਈ ਖੁਣੋ ਤੋੜ ਜਾਂਦੇ ਨੇ ਦਮ

-ਰੋਜ਼ੀ ਸਿੰਘ, ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ-

ਜੇਕਰ ਗੱਲ ਦਾਨੀ ਲੋਕਾਂ ਦੀ ਕਰੀਏ ਤਾਂ ਅਨੇਕਾਂ ਲੋਕ ਇੰਝ ਦੇ ਮਿਲ ਜਾਣਗੇ ਜਿਨ੍ਹਾਂ ਆਪਣੀ ਸਾਰੀ ਹਯਾਤੀ ਖਲਕਤ ਦੀ ਖ਼ਿਦਮਤ ਵਿੱਚ ਲੰਘਾ ਦਿੱਤੀ ਹੋਵੇ। ਜੇ ਪਰਮਾਤਮਾਂ ਨੇ ਉਹਨਾਂ ਨੂੰ ਕੁਦਰਤ ਨੇ ਪੈਸੇ ਦੀ ਬੇਪਨਾਹ ਤਾਕਤ ਨਾਲ ਨਵਾਜ਼ਿਆ ਏ ਤਾਂ ਉਹ ਆਪਣਾ ਅਗਲਾ ਜਹਾਨ ਸਫਲ ਬਣਾਉਣ ਲਈ ਆਪਣੇ ਵੱਲੋਂ ਡਾਢੀ ਕੋਸ਼ਿਸ਼ ਕਰਦੇ ਨੇ ਕਿ ਕਮੀਂ-ਕਮੀਨ, ਗਰੀਬ ਤੇ ਫ਼ਕੀਰ ਬੰਦਿਆਂ ਦੇ ਕੰਮ ਆਇਆ ਜਾਵੇ ਤਾਂ ਕਿ ਰੱਬ ਦੀ ਦਰਗਾਹ ਵਿੱਚ ਕਿਧਰੇ ਕੋਈ ਖੂੰਜਾ ਉਹਨਾਂ ਵਾਸਤੇ ਵੀ ਮਿਲ ਜਾਵੇ। ਭਗਤ ਪੂਰਨ ਸਿੰਘ ਜੀ ਇਹਨਾਂ ਵਰਗੇ ਲੋਕਾਂ ਵਿੱਚੋਂ ਇੱਕ ਸਭ ਤੋਂ ਵੱਡੀ ਮਿਸਾਲ ਨੇ। ਜਿਨਾਂ ਆਪਣਾ ਸਾਰਾ ਜੀਵਨ ਇਹੋ ਜਿਹੇ ਲੋਕਾਂ ਦੀ ਸੇਵਾ ਵਿੱਚ ਲਗਾ ਦਿੱਤਾ ਜਿਨ੍ਹਾਂ ਨੂੰ ਵੇਖ ਕਿ ਸਾਨੂੰ ਕਚਿਆਣ ਆਣ ਲੱਗ ਜਾਂਦੀ ਏ। ਰੋਗੀਆਂ, ਪਿੰਗਲਿਆਂ ਅਤੇ ਦਿਮਾਗੀ ਤੌਰ ਤੇ ਫ਼ਕੀਰ ਲੋਕਾਂ ਦੀ ਸੇਵਾ ਕਰਦਿਆਂ ਉਹਨਾਂ ਨੇ ਆਪਣਾ ਸਾਰਾ ਜੀਵਨ ਲਗਾ ਦਿੱਤਾ ਪਰ ਕਦੀ ਵੀ ਕਚਿਆਣ ਮਹਿਸੂਸ ਨਹੀਂ ਕੀਤੀ, ਤੇ ਜੇਕਰ ਦੂਜੇ ਪਾਸੇ ਝਾਤੀ ਮਾਰੀਏ ਤਾਂ ਅਜਿਹੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਜੋ ਗਰੀਬ ਗੁਰਬੇ ਤੇ ਲਾਚਾਰ ਲੋਕਾਂ ਵੱਲੋ ਇਕੱਠੇ ਕੀਤੇ ਲਿਫਾਫਿਆਂ ਤੇ ਰੱਦੀ ਦੇ ਕੁਝ ਟੁਕੜਿਆਂ ਵਿੱਚੋਂ ਵੀ ਆਪਣਾ ਹਿੱਸਾ ਰੱਖ ਕੇ ਅਗਲੇ ਦੇ ਹੱਥ ਤੇ ਪੈਸੇ ਧੱਰਦੇ ਨੇ। ਦੁਨੀਆਂ ਇੱਕ ਸਿੱਕੇ ਦੇ ਦੋ ਪਹਿਲੂਆਂ ਵਾਂਗ ਏ... ਜਿਥੇ ਚੰਗੇ ਲੋਕ ਵੀ ਨੇ ਤੇ ਮਾੜਿਆਂ ਦੀ ਵੀ ਕੋਈ ਕਮੀ ਨਈਂ ਏ। ਪਰ ਜਦ ਕਦੇ ਖਿਆਲ ਮਾਰੀਏ ਤਾਂ ਇੰਝ ਲਗਦੈ ਜਿਵੇਂ ਜਲਦੀ ਹੀ ਸਾਰੇ ਮਾੜੇ ਲੋਕ ਰਲ ਕਿ ਚੰਗਿਆਂ ਨੂੰ ਖਾ ਜਾਣਗੇ ਤੇ ਫਿਰ ਦੁਨੀਆਂ ਤੇ ਕੋਈ ਚੰਗਾ ਬਚੇਗਾ ਈ ਨਹੀਂ । ਸ਼ਾਇਦ ਇਹ ਮੈਨੂੰ ਈ ਲਗਦੈ....! ਤੁਹਾਨੂੰ ਸ਼ਾਇਦ ਨਾ ਲੱਗੇ ਪਰ ਜੇ ਗਹੁ ਨਾਲ ਤੱਕਿਆ ਜਾਵੇ ਤਾਂ ਪਤਾ ਲਗਦਾ ਏ ਕਿ ਸੱਚ ਹੀ ਏ, ਸ਼ਇਦ ਕੁਝ ਚਿਰ ਬਾਅਦ ਦੁਨੀਆਂ ਭੁੱਖੇ ਬਘਿਆੜ ਵਾਂਗ ਸਾਨੂੰ ਸਾਰਿਆਂ ਨੂੰ ਹੀ ਖਾ ਜਾਵੇ .....! ਅੱਲਾ ਨਾ ਕਰੇ ਪਰ ਅੱਜ ਕੁਝ ਅਜਿਹੇ ਬਘਿਆੜਾਂ ਦੀ ਗੱਲ ਕਰਨੋਂ ਮੈਂ ਰਹਿ ਨਹੀਂ ਸਕਾਂਗਾ। ਭਾਵੇਂ ਕਿ ਇਸ ਬਘਿਆੜ ਦਾ ਪਹਿਲਾ ਸ਼ਿਕਾਰ ਮੈਂ ਹੀ ਕਿਉਂ ਨਾ ਬਣ ਜਾਵਾਂ।

ਗੱਲ ਸ਼ੁਰੂ ਕਰਦੇ ਆਂ ਬੜਾ ਪਵਿੱਤਰ ਪੇਸ਼ਾ ਸਮਝੇ ਜਾਂਦੇ ਡਾਕਟਰਾਂ ਤੋਂ। ਕਹਿੰਦੇ ਨੇ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਨੇ ਪਰ ਰੱਬ ਕਦੋਂ ਦਾ ਪਦਾਰਥਵਾਦੀ ਹੋ ਗਿਐ ਪਤਾ ਈ ਨਹੀਂ ਲੱਗਾ। ਜੇ ਮਰੀਜ਼ ਮਰਦਾ ਹੋਵੇ ਤਾਂ ਡਾਕਟਰ ਆ ਕੇ ਓਸਨੂੰ ਹੌਂਸਲਾ ਦੇ ਦੇਵੇ ਤਾਂ ਮਰੀਜ ਲਈ ਦਵਾਈ ਤੋਂ ਵੱਧ ਫਾਇਦਾ ਹੋ ਜਾਂਦਾ ਸੀ, ਪਰ ਹੁਣ ਕਿਥੇ.....! ਹੁਣ ਮਰੀਜ਼ ਚੰਗਾ ਭਲਾ ਹੁੰਦੈ ਪਰ ਡਾਕਟਰ ਓਸਨੂੰ ਵੱਡੇ ਵੱਡੇ ਟੈਸਟ ਲਿਖ ਕੇ ਸਗੋਂ ਹੋਰ ਜ਼ਿਆਦਾ ਬਿਮਾਰੀ ਲਗਾ ਦਿੰਦੇ ਨੇ। ਗੱਲ ਵਿੱਚੋਂ ਕੁਝ ਨਹੀਂ ਹੁੰਦੀ, ਬਸ ਏਂਨਾਂ ਕਿ ਟੈਸਟਾਂ ਵਿੱਚੋਂ ਡਾਕਟਰਾਂ ਨੂੰ ਸੁੱਕੀ ਕਮਿਸ਼ਨ ਜੋ ਬਚ ਜਾਣੀ ਹੁੰਦੀ ਏ। ਮਰੀਜ਼ ਭਾਵੇਂ ਆਪਣੀ ਪੈਲ਼ੀ ਗਹਿਣੇ ਰੱਖੇ, ਆਪਣੀ ਮਾਂ, ਭੈਣ ਤੇ ਜਾਂ ਫਿਰ ਘਰਵਾਲੀ ਦੀਆਂ ਕੁਝ ਕੁ ਬਚੀਆਂ ਮੈਲੀਆਂ ਹੋ ਚੁੱਕੀਆਂ ਟੂੰਬਾਂ ਹੀ ਕਿਉਂ ਨਾ ਵੇਚੇ ਡਾਕਟਰਾਂ ਨੂੰ ਕੀ, ਬਸ ਟੈਸਟ ਜਰੂਰੀ ਏ....। ਮਰੀਜ਼ ਤਾਂ ਕੀ ਨਾਲ ਆਏ ਓਸ ਦੇ ਗਰੀਬ ਪਰਿਵਾਰ ਮੈਂਬਰਾਂ ਦੀਆਂ ਅੱਖਾਂ ਵਿੱਚ ਆਏ ਮੋਟੇ ਮੋਟੇ ਲਾਚਾਰੀ ਦੇ ਹੰਝੂ ਇਹਨਾਂ ਜ਼ਾਲਮ ਡਾਕਟਰਾਂ ਦੇ ਦਿਲਾਂ ਤੇ ਕੋਈ ਅਸਰ ਨਹੀਂ ਕਰਦੇ। ਸ਼ਾਇਦ ਚੀਰ ਫਾੜ ਕਰ-ਕਰ ਕੇ ਇਹਨਾਂ ਦੇ ਦਿੱਲ ਪੱਥਰ ਹੋ ਗਏ ਹੁੰਦੇ ਨੇ। ਮੈਂ ਸਾਰਿਆਂ ਨੂੰ ਇਕੋ ਰੱਸੇ ਨਹੀਂ ਬੰਨ੍ਹ ਰਿਹਾ ਕਿਉਂਕਿ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਪਰ ਬਹੁਤੇ ਡਾਕਟਰ ਇੰਝ ਹੀ ਕਰਦੇ ਨੇ। ਤੁਸੀ ਕਿਸੇ ਵੀ ਡਾਕਟਰ ਕੋਲ ਜਾਓ ਦੋ ਮਿੰਟ ਤੋਂ ਵੀ ਪਹਿਲਾਂ ਚੈਕ-ਅੱਪ ਕਰਕੇ ਇੱਕ ਫੁੱਟ ਲੰਮੀ ਟੈਸਟਾਂ ਦੀ ਪਰਚੀ ਤੁਹਾਡੇ ਹੱਥ ਫੜਾ ਦੇਵੇਗਾ ਤੇ ਨਾਲ ਹੀ ਓਸ ਦੁਕਾਨ ਦਾ ਪਤਾ ਜਿਥੋਂ ਟੈਸਟ ਕਰਵਾਉਣਾ ਹੁੰਦੈ। ਕਿਉਂ ....? ਤੁਸੀ ਕਦੀ ਸੋਚਿਐ...!! ਕਿਉਂਕਿ ਓਸ ਹੱਟੀ ਵਾਲੇ ਨੇ ਡਾਕਟਰ ਨਾਲ 40 ਤੋਂ 50 ਪ੍ਰਤੀਸ਼ਤ ਕਮਿਸ਼ਨ ਜੋ ਕੀਤੀ ਹੁੰਦੀ ਏ। ਤੇ ਅੱਗੇ ਤੁਸੀ ਆਪ ਸਿਆਣੇ ਓ....! ਜੇਕਰ ਕਿਤੇ ਭੁੱਲ ਭੁਲੇਖੇ ਡਾਕਟਰ ਪਤਾ ਨਾ ਦੇਵੇ ਤਾਂ ਤੁਸੀਂ ਜਿਸ ਲੈਬੋਰਟਰੀ ਤੇ ਜਾਓਗੇ ਅਗਲੇ ਪਹਿਲਾਂ ਪੁੱਛਣਗੇ ''ਕਿਹੜੇ ਡਾਕਟਰ ਨੇ ਭੇਜਿਆ‘‘ ਬੰਦਾ ਪੁੱਛੇ ਤੁਸੀਂ ਟੈਸਟ ਕਰੋ ਐਡਰੈਸ ਪੁੱਛ ਕੇ ਤੁਸੀਂ ਰਿਸ਼ਤਾ ਕਰਨੈ। ਪਰ ਅਸਲ ਗੱਲ ਤਾਂ ਕਮਿਸ਼ਨ ਦੀ ਹੁੰਦੀ ਏ ਨਾ.....! ਗੱਲ ਇਥੇ ਈ ਬੱਸ ਨਹੀਂ ਹੋ ਜਾਂਦੀ ਸਗੋਂ ਇਹ ਬਿਮਾਰੀ ਪਿੰਡਾਂ ਦਿਆਂ ਡਾਕਟਰਾਂ ਤੱਕ ਵੀ ਪਹੁੰਚ ਗਈ ਹੈ। ਆਰ.ਐਮ.ਪੀ. ਕਹਾਉਂਦੇ ਇਹਨਾਂ ਪਿੰਡਾਂ ਦੇ ਡਾਕਟਰਾਂ ਨੇ ਅੱਗੇ ਵੱਡੇ ਹਸਪਤਾਲਾਂ ਨਾਲ ਕਮਿਸ਼ਨਾਂ ਕੀਤੀਆਂ ਹੁੰਦੀਆਂ ਨੇ। ਬਸ ਕੋਈ ਮੁਰਗੀ ਫਸ਼ੀ ਨਹੀਂ ਤੇ ਇਹਨਾਂ ਨੇ ਬਾਲਿਆਂ ਵਾਲੀ, ਬਰਸਾਤਾਂ ਵਿੱਚ ਚੋਂਦੀ ਜਿਹੀ ਹੱਟੀ ਵਿੱਚ ਡੱਠੇ ਲੱਕੜ ਦੇ ਬਿਨ੍ਹਾਂ ਗੱਦੇ ਵਾਲੇ ਤਖਤਪੋਸ਼ ਤੇ ਮਰੀਜ਼ ਲੰਮੇ ਪਾਇਆ ਨਹੀਂ । ਪਹਿਲੇ ਦੋ ਤਿੰਨ ਦਿਨ ਆਪ ਗੁਲੂਕੋਜ ਲਗਾਈ ਜਾਣਗੇ ਫਿਰ ਆਪਣੀ ਕਮੀਨਗੀ ਨੂੰ ਕੱਜਦੇ ਹੋਏ ਰੈਫਰ ਕਰ ਦੇਣਗੇ। ਜਿਥੇ ਰੈਫਰ ਕਰਨਗੇ ਓਥੋਂ ਤਾਂ ਫਿਰ ਸੁੱਕੇ ਈ ਪੈਸੇ ਆਉਂਣੇ ਨੇ। ਸਾਡੇ ਵਿੱਚੋਂ ਬਹੁਤੇ ਲੋਕ ਜਾਣਦੇ ਈ ਨੇ ਕੇ ਬਹੁਤੇ ਸਰਕਾਰੀ ਡਾਕਟਰ 30-30 ਹਜਾਰ ਰੁਪੈ ਸਰਕਾਰੀ ਤਨਖਾਹ ਤਾਂ ਲੈਂਦੇ ਨੇ ਪਰ ਮਰੀਜ਼ ਇਹਨਾਂ ਦੀਆਂ ਪ੍ਰਾਈਵੇਟ ਕਲੀਨਿਕਾਂ ‘ਤੇ ਵੇਟਿੰਗ ਰੂਮ ਵਿੱਚ ਬੈਠੇ ਹੁੰਦੇ ਨੇ। ਕੀ ਸਰਕਾਰੀ ਹਸਪਤਾਲਾਂ ਵਿੱਚ ਇਹਨਾਂ ਦੀ ਡਾਕਟਰੀ ਕਾਰਗਰ ਸਿੱਧ ਨਹੀਂ ਹੁੰਦੀ...? ਕੀ ਓਥੇ ਮਸ਼ੀਨਰੀ ਨਹੀਂ...? ਕੀ ਓਥੇ ਦਵਾਈਆਂ ਨਹੀ, ਟੈਸਟ ਨਹੀਂ ...? ਸਭ ਕੁਝ ਹੁੰਦੈ ਪਰ ਓਥੇ ਟੈਸਟਾਂ ਦੀ ਤੇ ਦਵਾਈਆਂ ਦੀ ਕਮਿਸ਼ਨ ਕੌਣ ਦੇਵੇਗਾ।

ਹੁਣ ਇਥੇ ਮੈਂ ਇਹ ਵੀ ਦੱਸਦਾ ਜਾਵਾਂ ਕਿ ਲੈਬਾਰਟਰੀਆਂ ਤੇ ਕਮਿਸ਼ਨ ਕਿੰਝ ਮਿਥੀ ਜਾਂਦੀ ਏ। ਬਹੁਤੇ ਡਾਕਟਰਾਂ ਨੇ ਆਪੋ ਆਪਣੇ ਕੋਡ ਰੱਖੇ ਹੁੰਦੇ ਨੇ। ਹੁਣ ਮੰਨ ਲਓ ਜੇ ਤਾਂ ਟੈਸਟ ਦੀ ਵਾਕਿਆ ਈ ਲੋੜ ਐ ਫਿਰ ਲੈਬ ਵਾਲੇ ਡਾਕਟਰ ਨੂੰ 50 ਪ੍ਰਤੀਸ਼ਤ ਤੱਕ ਕਮਿਸ਼ਨ ਦੇਣਗੇ ਪਰ ਜੇ ਕਿਸੇ ਟੈਸਟ ਦੇ ਅੱਗੇ ਕੋਈ ਸ਼ਪੈਸ਼ਲ ਕੋਡ ਲੱਗਿਆ ਹੋਏ ਤਾਂ ਇਸਦਾ ਮਤਲਬ ਟੈਸਟ ਕਰਨਾ ਨਹੀ ਸਗੋਂ ਨਾਰਮਲ ਰੇਂਜ ਭਰ ਕੇ ਰਿਪੋਰਟ ਦੇ ਦੇਣੀ ਹੈ ਜਿਸਦੀ 40 ਪ੍ਰਤਿਸ਼ਤ ਤੱਕ ਕਮਿਸ਼ਨ ਡਾਕਟਰਾਂ ਨੂੰ ਹਰ ਮਹੀਨੇ ਚਿੱਟੇ ਲਿਫਾਫਿਆਂ ਵਿਚ ਪੈਕ ਹੋ ਕੇ ਚਲੀ ਜਾਂਦੀ ਏ। ਏਹੀ ਹਾਲ ਦਵਾਈਆਂ ਵੇਚਣ ਵਾਲਿਆਂ ਦਾ ਏ...। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕੁਝ ਦਵਾਈਆਂ ਤਾਂ ਸਿਰਫ ਓਸੇ ਹਸਪਤਾਲ ਦੇ ਸਟੋਰ ਵਿੱਚੋਂ ਮਿਲਦੀਆਂ ਨੇ ਜਿੱਥੇ ਇਲਾਜ ਚੱਲ ਰਿਹਾ ਹੋਵੇ। ਤੁਸੀਂ ਜੇ ਉਹਨਾਂ ਨੂੰ ਪੁਛੋ ਕਿ ਬਜਾਰੋਂ ਕਿਉਂ ਮਿਲਦੀਆਂ ਨਹੀਂ ਤਾਂ ਕਹਿਣਗੇ, ''ਇਹ ਕੰਪਨੀ ਸਿਰਫ ਸਾਡੇ ਕੋਲ ਐ‘‘ ਦਰਅਸਲ ਕੰਪਨੀ ਵਾਲਿਆਂ ਨੇ ਨੀਲੇ ਨੋਟ ਜੋ ਡਾਕਟਰ ਨੂੰ ਦਿੱਤੇ ਹੁੰਦੇ ਨੇ ਇਸ ਦੇ ਬਾਵਜੂਦ ਵੀ ਦਵਾਈ ਬਾਹਰੋਂ ਮਿਲ ਜਾਵੇ...ਫਿਰ ਤਾਂ ਬੜੀ ਮਾੜੀ ਗੱਲ ਏ...!

ਇਸ ਸਾਰੇ ਵਰਤਾਰੇ ਦੇ ਚੱਲਦੇ ਬਹੁਤੇ ਗਰੀਬ ਗੁਰਬੇ ਤਾਂ ਦਵਾਈ ਖੁਣੋ ਈ ਦਮ ਤੋੜ ਜਾਂਦੇ ਨੇ ਕਿਉਂਕਿ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਉਹਨਾਂ ਨੂੰ ਦੇਖ ਕੇ ਨਹੀਂ ਰਾਜੀ ਤੇ ਪ੍ਰਾਈਵੇਟ ਕਲੀਨਿਕਾਂ ਤੇ ਹਸਪਤਾਲਾਂ ਦਾ ਖਰਚਾ ਉਹ ਭਰ ਨਹੀਂ ਸਕਦੇ । ਆਖਿਰ ਇਹ ਲੋਕ ਜਾਣ ਤਾਂ ਜਾਣ ਕਿਧਰ ....? ਸਾਡੇ ਦੇਸ਼ ਦੀ ਕਰੀਬ 25 ਪ੍ਰਤੀਸ਼ਤ ਵੱਸੋਂ ਅਜਿਹੀ ਹੈ ਜਿਨਾਂ ਕੋਲ ਰਹਿਣ ਨੂੰ ਮਕਾਨ ਤੱਕ ਨਹੀਂ ਤੇ ਉਹ ਖੁੱਲ੍ਹੇ ਅਸਮਾਨ ਥੱਲੇ ਜਿੰਦਗੀ ਬਸਰ ਕਰਨ ਤੇ ਮਜਬੂਰ ਨੇ ਅਤੇ ਕੁੱਲ 75 ਪ੍ਰਤੀਸ਼ਤ ਗਰੀਬੀ ਰੇਖਾ ਵਾਲੇ ਲੋਕ ਪਿੰਡਾਂ ਅਤੇ ਕਸਬਿਆਂ ਵਿੱਚ ਰਹਿੰਦੇ ਨੇ ਜਿਨ੍ਹਾਂ ਕੋਲ ਦੋ ਵਕਤ ਦੀ ਰੋਟੀ ਦਾ ਵੀ ਜੁਗਾੜ ਨਹੀਂ ਏ। ਅਜਿਹੀ ਹਾਲਤ ਵਿੱਚ ਇਹ ਲੋਕ ਇਨ੍ਹੇ ਮਹਿੰਗੇ ਟੈਸਟ ਅਤੇ ਦਵਾਈਆਂ ਕਿਥੋਂ ਖ੍ਰੀਦ ਸਕਦੇ ਨੇ...! ਫਿਰ ਇਨ੍ਹਾਂ ਦਾ ਤਾਂ ਅੱਲਾ ਈ ਹਾਫਿਜ਼ ਏ ਨਾ...! ਕਦੀ ਸਮਾਂ ਸੀ ਜਦ ਡਾਕਟਰ ਨਬਜ਼ ਦੇਖ ਕੇ ਬਿਮਾਰੀ ਦੱਸ ਦਿੰਦੇ ਸਨ ਤੇ ਮਰੀਜ਼ਾਂ ਦਾ ਇਲਾਜ਼ ਕਰਨਾ ਆਪਣਾ ਫਰਜ਼ ਸਮਝਦੇ ਸੀ ਤੇ ਇਨਸਾਨੀਅਤ ਦੀ ਸੇਵਾ, ਪਰ ਪਤਾ ਨਈਂ ਕਿਥੇ ਗਏ ਨੇ ਓ ਲੋਕ....?

ਗੱਲ ਇਕੱਲੀ ਡਾਕਟਰਾਂ ਤੇ ਹੀ ਨਹੀਂ ਮੁੱਕ ਜਾਂਦੀ, ਸਗੋਂ ਹਰ ਮਹਿਕਮੇ ਤੇ ਹਰ ਖੇਤਰ ਵਿੱਚ ਕਮਿਸ਼ਨਾਂ ਤੇ ਰਿਸਵਤ ਨੇ ਕੁੰਢਲੇ ਸੱਪ ਵਾਂਗ ਡੇਰਾ ਜਮਾ ਲਿਆ ਏ। ਕੋਰਟ ਕਚਿਹਰੀਆਂ ਵਿੱਚ ਚਪੜਾਸੀ ਤੋਂ ਲੈ ਕੇ ਮੁਨਸਫਾਂ ਤੱਕ ਸ਼ਰੇਆਮ ਪੈਸੇ ਚੜ੍ਹਦੇ ਨੇ ਤੇ ਜੋ ਲੋਕ ਪੈਸੇ ਨਹੀਂ ਦੇ ਸਕਦੇ ਉਹਨਾਂ ਦਾ ਹਾਲ ਪਾਤਰ ਸਹਿਬ ਦੀ ਗ਼ਜ਼ਲ ਵਿਚਲੀਆਂ ਇਹਨਾਂ ਸਤਰਾਂ ਵਰਗਾ ਈ ਹੁੰਦੈ:-

ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ।

ਥਾਣਿਆਂ ਵਿੱਚ ਥਾਣੇਦਾਰ ਗਰੀਬਾਂ ਨੂੰ ਖਾਹਮੁਖਾਹ ਈ ਗਾਲ੍ਹਾਂ ਕੱਢੀ ਜਾਣਗੇ ਜਦੋਂਕਿ ਸਰਮਾਏਦਾਰ ਪੈਸੇ ਦੇ ਜ਼ੋਰ ਨਾਲ ਇਨਸਾਫ ਦਾ ਗਲਾ ਦਬਾ ਦਿੰਦੇ ਨੇ। ਤੇ ਗਰੀਬ ਆਪਣੇ ਮੁੰਹ ਤੇ ਵੱਜੀ ਇਸ ਚਪੇੜ ਨੂੰ ਇਨਸਾਫ ਦੇ ਮੂੰਹ ਤੇ ਵੱਜੀ ਚਪੇੜ ਕਹਿ ਕੇ ਘਰ ਪਰਤ ਆਉਦੇ ਨੇ।

ਤੁਸੀਂ ਭਾਵੇਂ ਕਰਿਆਨਾ ਖਰੀਦਣਾ ਹੋਵੇ ਜਾਂ ਕਾਰ, ਸਾਬਣ ਜਾਂ ਦਵਾਈ ਹਰ ਕੰਮ ਵਿੱਚ ਕਮਿਸ਼ਨ ਪਹਿਲਾਂ ਰੱਖੀ ਗਈ ਹੋਵੇਗੀ। ਕੰਪਨੀਆਂ ਵਾਲਿਆਂ ਦੇ ਏਜੰਟ ਤੁਹਡੇ ਤਰਲੇ ਪਏ ਮਾਰਦੇ ਫਿਰਨਗੇ ਤਾਂ ਕੇ ਉਹਨਾਂ ਦਾ ਜੁਗਾੜ ਚੱਲਦਾ ਰਹੇ। ਸੂਈ ਤੋਂ ਲੈ ਕੇ ਜਹਾਜ ਤੱਕ ਹਰ ਚੀਜ ਵਿੱਚ ਕਮਿਸ਼ਨ ਏ। ਇਥੋਂ ਤੱਕ ਕੇ ਸਾਡੇ ਮੁਲਕ ਅੰਦਰ ਤੇ ਨੇਤਾ ਤੱਕ ਕਮਿਸ਼ਨ ਮਾਰ ਹੋ ਗਏ। ਜਿਹੜੇ ਕਦੀ ਸ਼ਹੀਦ ਫੌਜੀਆਂ ਦੇ ਤਬੂਤਾਂ ਵਿੱਚੋਂ ਕਮਿਸ਼ਨ ਮਾਰ ਜਾਂਦੇ ਨੇ, ਕਦੀ ਤੋਪਾਂ 'ਚੋਂ ਤੇ ਕਦੀ ਡੰਗਰਾਂ ਦੇ ਚਾਰੇ ਵਿੱਚੋਂ ਕਮਿਸ਼ਨ ਖਾ ਜਾਂਦੇ ਨੇ। ਹੁਣ ਥੋੜੇ ਦਿਨ ਪਹਿਲਾਂ ਇੱਕ ਖ਼ਬਰ ਆਈ ਸੀ ਕਿ ਕੁਝ ਨੇਤਾਵਾਂ ਨੇ ਤਾਂ ਸਕੂਲੀ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਿਹਰ ਦੇ ਖਾਣੇ ਵਿੱਚ ਬਿਸਕੁਟ ਦੇਣ ਦੀ ਸ਼ਿਫਾਰਸ਼ ਕਰਨ ਵਾਸਤੇ ਬਿਸਕੁਟ ਕੰਪਨੀਆਂ ਤੋਂ ਭਾਰੀ ਕਮਿਸ਼ਨ ਖਾਂਦੀ ਏ।

ਆੜ੍ਹਤੀ ਕਿਸਾਨਾਂ ਦੀਆਂ ਜਿਨਸਾਂ ਵਿੱਚੋਂ ਕਿਸਾਨਾਂ ਦਾ ਹਿੱਸਾ ਖਾਈ ਜਾਂਦੇ ਨੇ ਤੇ ਸਰਕਾਰ ਕੋਲੋਂ ਤੇ ਕੰਪਨੀ ਵਾਲਿਆਂ ਕੋਲੋਂ ਕਮਿਸ਼ਨ ਖਾਈ ਜਾਂਦੇ ਨੇ ਤੇ ਅੱਗੋਂ ਉਹਨਾਂ ਨੂੰ ਕਿਸੇ ਹੋਰ ਨੂੰ ਕਮਿਸ਼ਨ ਦੇਣੀ ਪੈਂਦੀ ਏ। ਜੇ ਕੋਈ ਕਾਮਾ ਮਜ਼ਦੂਰ ਦਿਨ ਰਾਤ ਮਿਹਨਤ ਕਰਕੇ ਚਾਰ ਪੈਸੇ ਜਮਾਂ ਕਰਕੇ ਰੋਜ਼ਮਰਾ ਦੀਆਂ ਚੀਜਾਂ ਲੈਣ ਟੁਰ ਈ ਪੈਂਦਾ ਤਾਂ ਹਾਲੇ ਓਸਦੀਆਂ ਅੱਧੀਆਂ ਚੀਜਾਂ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਪੈਸੇ ਮੁੱਕ ਜਾਂਦੇ ਨੇ। ਤੇ ਹਾਰ ਕੇ ਓਸਨੂੰ ਫਿਰ ਆੜ੍ਹਤੀ ਜਾਂ ਕਿਸੇ ਲਾਲੇ ਅੱਗੇ ਝੋਲੀ ਅੱਡਣੀ ਪੈਂਦੀ ਏ। ਵਸਤਾਂ ਦੇ ਅਸਮਾਨੀ ਚੜ੍ਹੇ ਮੁੱਲ ਅਤੇ ਵੱਧਦੀ ਮਹਿੰਗਾਈ ਪਿਛੇ ਕਮਿਸ਼ਨ ਕਲਚਰ ਇੱਕ ਬਹੁਤ ਵੱਡਾ ਕਾਰਨ ਮੰਨੀ ਜਾ ਸਕਦੀ ਏ। ਇਸ ਦਾ ਅਸਰ ਉੱਚ ਅਤੇ ਧਨਾਢ ਵਰਗ ਨੂੰ ਤਾਂ ਨਹੀਂ ਪੈਂਦਾ ਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੱਢ ਭੰਨਵੀਂ ਮਿਹਨਤ ਕਰਕੇ 100 ਰੁਪੈ ਦਿਹਾੜੀ ਪਾਉਂਣ ਵਾਲੇ ਮਜ਼ਦੂਰ ਜਾਂ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸ਼ਾਨ ਨੂੰ ਜਰੂਰ ਪੈਂਦਾ ਏ। ਜਿਨ੍ਹਾਂ ਨੇ ਆਪਣੇ ਢਿੱਡ ਤੇ ਪੱਟੀ ਬੰਨ੍ਹ ਕੇ ਪੈਸੇ ਜੋੜੇ ਹੁੰਦੇ ਨੇ ਤਾਂ ਕੇ ਉਹਨਾਂ ਦਾ ਔਖਾ ਵੇਲਾ ਵੀ ਕਿਤੇ ਸੋਖਾ ਹੋ ਸਕੇ।

ਕੀ ਬਣੇਗਾ ਇਸ ਦੇਸ਼ ਦਾ ਜਿਥੇ ਰਾਖੇ ਚੋਰਾਂ ਨਾਲ ਰਲ ਗਏ ਨੇ, ਜਿਥੇ ਵਾੜ ਖੇਤ ਨੂੰ ਪਈ ਖਾਈ ਜਾਂਦੀ ਏ, ਜਿਥੇ ਮੁਨਸ਼ਫ ਡਾਢਿਆਂ ਦੇ ਆਖੇ ਲੱਗ ਕੇ ਇਨਸਾਫ ਦਾ ਗਲਾ ਘੁੱਟੀ ਜਾਂਦੇ ਨੇ, ਜਿਥੇ ਇਕ ਮਿਹਨਤਕਸ਼ ਤੇ ਸ਼ਾਫ ਜਮੀਰ ਵਾਲਾ ਬੰਦਾ ਹੱਥਾਂ ਚੋਂ ਨਿਕਲੀ ਜਾ ਰਹੇ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਦੀ ਜਾਨ ਬਚਾਉਣ ਲਈ ਡਾਕਟਰਾਂ ਦੇ ਤਰਲੇ ਪਿਆ ਕੱਢਦਾ ਏ, ਜਿਥੇ ਕੋਈ ਮਾਂ ਆਪਣੀ ਔਲਾਦ ਲਈ ਹਾੜੇ ਪਈ ਕੱਢਦੀ ਏ, ਤੇ ਜਿਥੇ ਚਿੜੀਆਂ ਦੀ ਮੌਤ ਤੇ ਗਵਾਰਾਂ ਦੇ ਹਾਸੇ ਵਾਂਗ ਕਮਿਸ਼ਨ-ਮਾਰ ਗਰੀਬਾਂ ਦੀ ਮੌਤ ਤੇ ਉਹਨਾ ਦੇ ਲੁੱਟੇ ਪੈਸੇ ਨਾਲ ਐਸ਼ ਪਏ ਕਰਦੇ ਨੇ।

ਕਦੀ ਸਮਾ ਸੀ ਜਦ ਦੁਖ ਦਰਦ ਸਾਂਝੇ ਹੁੰਦੇ ਸੀ ਤੇ ਸਾਂਝੀਆਂ ਖੁਸ਼ੀਆਂ ਤੇ ਓਸ ਟਾਇਮ ਗਰੀਬ ਗੁਰਬਿਆਂ ਦੀ ਸ਼ਾਹ ਲੋਕ ਈ ਪੱਤ ਰੱਖਦੇ ਆਏ ਸੀ ''ਗੁਰੂ ਬਿਨਾਂ ਗੱਤ ਨਹੀ ਤੇ ਸ਼ਾਹ ਬਿਨਾਂ ਪੱਤ ਨਹੀਂ‘‘ ਪਰ ਨਾ ਤਾਂ ਹੁਣ ਓਹ ਸ਼ਾਹ ਰਹੇ ਨੇ ਤੇ ਨਾ ਹੀ ਕੋਈ ਕਿਸੇ ਦੀ ਪਤ ਨੂੰ ਆਪਣੀ ਪਤ ਸਮਝਦਾ ਏ। ਕਿੰਨਾਂ ਚੰਗਾ ਹੋਵੇ ਜੇ ਭਗਤ ਪੂਰਨ ਸਿੰਘ ਵਾਂਗ ਇਨਸਾਨੀਅਤ ਦੀ ਸੇਵਾ ਹੀ ਮਹਾਨ ਸੇਵਾ ਹੋ ਨਿਬੜੇ ''ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ‘‘ ਦੇ ਮਹਾਂਵਾਕ ਦੀ ਸਚਾਈ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਸਮਾ ਜਾਵੇ। ਇਸ ਅਰਦਾਸ ਤੇ ਤਮੰਨਾਂ ਨਾਲ ਅਲਵਿਦਾ ਆਖਦਾ ਹਾਂ ਕਿ ਪ੍ਰਮਾਤਮਾਂ ਦੁਨੀਆ ਦੇ ਲੋਕਾਂ 'ਤੇ ਆਪਣੀ ਮਿਹਰ ਦਾ ਹੱਥ ਰੱਖੇ ਤੇ ਸਾਰੇ ਇਨਸਾਨ ਇਕੋ ਦੀ ਸੰਤਾਨ ਬਣ ਜਾਣ ਤੇ ਇਸ ਧਰਤ ਸੁਹਾਵੀ ਤੇ ਸਾਰੇ ਖੁਸ਼ ਰਹਿਣ...........ਅਮੀਨ..!
 

ਰੋਜੀ ਸਿੰਘ
ਫਤਿਹਗੜ ਚੂੜੀਆਂ
ਗੁਰਦਾਸਪੁਰ
9988964633

*******

(5 ਫਰਵਰੀ 2008 ਚਾਤ੍ਰਿਕ ਯੂਨੀਕੋਡ

ਰੋਜ਼ੀ ਸਿੰਘ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari


© likhari: Punjabi Likhari Forum-2001-2008