ਮੁੱਖਪੰਨਾ

          -ਵਿਅੰਗ-

likhari2001@yahoo.co.uk

ਕੁੱਤੇ ਦੀ ਪੂਛ

ਡਾ. ਫ਼ਕੀਰ ਚੰਦ ਸ਼ੁਕਲਾ

 

ਉਸ ਨੂੰ ਕਿਤਾਬਾਂ ਪੜ੍ਹਣ ਦਾ ਵਾਹਵਾ ਝੱਸ ਹੈ।

ਪਰ ਉਹ ਕਿਸੇ ਕੋਰਸ ਦੀ ਪੜ੍ਹਾਈ ਨਹੀਂ ਕਰ ਰਿਹਾ। ਇਸ ਤਰ੍ਹਾਂ ਦੀ ਤਾਂ ਜਿਹੜ੍ਹੀ ਪੜਾਈ ਕਰਨੀ ਸੀ ਕਦੋਂ ਦੀ ਪੂਰੀ ਕਰ ਚੁਕਿੱਆ ਹੈ। ਕੋਰਸ ਦੀਆਂ ਕਿਤਾਬਾਂ ਵਿਚ ਉਸ ਨੂੰ ਘੱਟ ਹੀ ਦਿਲਚਸਪੀ ਸੀ। ਪੜ੍ਹਣ ਲਈ ਤਾਂ ਕੋਈ ਨਾਵਲ, ਕਹਾਣੀ ਸੰਗ੍ਰਹਿ ਜਾਂ ਰਸਾਲੇ ਹੀ ਚੰਗੇ ਲਗਦੇ ਸਨ ਅਤੇ ਹੁਣ ਵੀ ਲੱਗਦੇ ਹਨ।

ਰੋਟੀ ਖਾਣ ਵੇਲੇ ਵੀ ਕੋਈ ਨਾ ਕੋਈ ਕਿਤਾਬ ਜਾਂ ਰਸਾਲਾ ਪੜ੍ਹਦਾ ਰਹਿੰਦਾ ਏ। ਰਾਤੀਂ ਸੌਣ ਤੌਂ ਪਹਿਲਾਂ ਵੀ ਜਦ ਤੱਕ ਇਕ ਦੋ ਕਹਾਣੀਆਂ ਨਾ ਪੜ੍ਹ ਲਵੇ,ਉਸ ਨੂੰ ਜਿਵੇਂ ਨੀਂਦ ਹੀ ਨਹੀਂ ਆਉਂਦੀ।

ਜਦੋਂ ਕੁਆਰਾ ਸੀ ਉਦੋਂ ਤਾਂ ਰਾਤ ਨੂੰ ਪਤਾ ਨਹੀਂ ਕਿੰਨੀ ਕਿੰਨੀ ਦੇਰ ਤੱਕ ਪੜ੍ਹਦਾ ਰਹਿੰਦਾ ਸੀ। ਹੱਥ ਤੇ ਬੰਨ੍ਹੀ ਘੜੀ ਵੀ ਲਾਹ ਕੇ ਰੱਖ ਦੇਂਦਾ ਸੀ ਤਾਂ ਜੋ ਵਕਤ ਦਾ ਪਤਾ ਨਾ ਲੱਗੇ ਅਤੇ ਕਹਾਣੀ ਪੜ੍ਹਣ ਦਾ ਸੁਆਦ ਨਾ ਖਰਾਬ ਹੋਵੇ।

ਸੈਂਟਰਲ ਲਾਈਬ੍ਰੇਰੀ ਦਾ ਉਹ ਮੈਂਬਰ ਹੈ। ਹਰ ਦੂਜੇ ਤੀਜੇ ਦਿਨ ਪੁਰਾਣੀਆਂ ਕਿਤਾਬਾਂ ਮੋੜ ਕੇ ਨਵੀਆਂ ਕਢਵਾ ਲਿਆਉਂਦਾ ਹੈ। ਪੜ੍ਹਣ ਦੀ ਉਸਦੀ ਸਪੀਡ ਤੋਂ ਇੰਜ ਜਾਪਦੈ ਜਿਵੇਂ ਉਹ ਬਹੁਤ ਵੱਡਾ ਸਕਾਲਰ ਹੋਵੇ ਅਤੇ ਕਹਾਣੀਆਂ ਜਾਂ ਨਾਵਲ ਤੇ ਰਿਸਰਚ ਕਰ ਰਿਹਾ ਹੋਵੇ। ਲਾਈਬ੍ਰੇਰੀ ਦਾ ਕਾਰਡ ਵੀ ਛੇਤੀ ਛੇਤੀ ਭਰਦਾ ਜਾਂਦਾ ਸੀ। ਇਕ ਵਾਰੀ ਲਾਈਬ੍ਰੇਰੀ ਵਿਚ ਕਿਤਾਬਾਂ ਇਸ਼ੂ ਕਰਨ ਵਾਲੇ ਨੇ ਪੁੱਛ ਈ ਲਿਆ ਸੀ-“ਜੇ ਤੁਸੀਂ ਬੁਰਾ ਨਾ ਮੰਨੋ ਤਾਂ ਇਕ ਗੱਲ ਪੁੱਛਾਂ?”

“ਪੁੱਛੋ”

“ਕੀ ਤੁਸੀਂ ਸੱਚੀ ਮੁੱਚੀ ਐਨੀ ਛੇਤੀ ਕਿਤਾਬਾਂ ਪੜ੍ਹ ਲੈਂਦੇ ਓ?..ਗੁੱਸਾ ਨਾ ਕਰੀੳ..ਮੈਂ ਤਾਂ ਬਸ..”

ਜੁਆਬ ਵਿਚ ਉਸ ਰਤਾ ਕੁ ਮੁਸਕਰਾ ਕੇ ਕਿਹਾ ਸੀ-“ਬਸ ਇੰਜ ਈ ਸਮਝ ਲੋ” ਪਰ ਅਪਣੇ ਮਨ ਅੰਦਰ ਐਨਾ ਜ਼ਰੂਰ ਸੋਚਿਆ ਸੀ ਕਿ ਇਹ ਤਾਂ ਕੁਝ ਵੀ ਨੀ। ਕਾਲਜ ਦੇ ਦਿਨਾਂ ਵਿਚ ਤਾਂ ਏਸ ਤੋਂ ਦੁੱਗਣੀ ਸਪੀਡ ਤੇ ਪੜ੍ਹਦਾ ਹੁੰਦਾ ਸੀ।“

ਯਾਰ ਦੋਸਤ ਵੀ ਉਸ ਦੀ ਏਸ ਆਦਤ ਤੇ ਟਿੱਚਰ ਕਰਨੋ ਨਹੀਂ ਹਟਦੇ-“ਨਿਊਟਨ ਸਾਹਿਬ (ਦੋਸਤ ਉਸ ਨੂੰ ਇਸੇ ਨਾਂਅ ਨਾਲ ਸੱਦਦੇ ਨੇ) ਜੇ ਤੁਸੀਂ ਐਨੀ ਤਵੱਜੋ ਡਿਪਾਰਟਮੈਂਟਲ ਐਗਜ਼ਾਮ ਨੂੰ ਦਿੳ ਤਾਂ ਤੁਹਾਡਾ ਕੈਰੀਅਰ ਨਾ ਬਣ ਜਵੇ। ਐਵੇਂ ਅੱਖਾਂ ਖਰਾਬ ਕਰਨ ਦਾ ਕੀ ਫੈਦਾ!”

ਪਰ ਉਹ ਉਨ੍ਹਾਂ ਦੀਆਂ ਟਿੱਚਰਾਂ ਦੀ ਭੋਰਾ ਪਰਵਾਹ ਨਹੀਂ ਕਰਦਾ ਅਤੇ ਨਾ ਹੀ ਕਦੇ ਉਨ੍ਹਾਂ ਨਾਲ ਗੁੱਸੇ ਹੁੰਦੈ। ਉਹ ਮਨ ਈ ਮਨ ਹਸਦਾ ਏ ਕਿ ਜੇ ਕਿਤੇ ਇਹਨਾਂ ਨੂੰ ਏਹ ਪਤਾ ਲੱਗ ਜਾਵੇ ਕਿ ਉਹ ਤਾਂ ਲੈਟਰੀਨ ‘ਚ ਵੀ ਰਸਾਲੇ ਲੈ ਕੇ ਜਾਂਦਾ ਏ ਫੇਰ ਤਾਂ ਉਸ ਦੀ ਮਿੱਟੀ ਪਲੀਦ ਕਰ ਦੇਣ।

ਉਹ ਇਕ ਸਰਕਾਰੀ ਦਫਤਰ ਵਿਚ ਕਲਰਕ ਲੱਗਿਆ ਹੋਇਆ ਏ। ਦਫਤਰ ‘ਚ ਵੀ ਆਪਣੀ ਏਸ ਆਦਤ ਨੁੰ ਉਹ ਕਾਬੂ ਨਹੀਂ ਕਰ ਸਕਿਆ। ਦਫਤਰ ਦਾ ਕੰਮ ਉਹ ਫਟਾਫਟ ਕਰ ਦੇਂਦਾ ਤੇ ਫੇਰ ਰਸਾਲਾ ਪੜ੍ਹਣ ਲੱਗ ਜਾਂਦਾ। ਸਾਹਿਬ ਨੇ ਵੀ (ਸ਼ਾਇਦ ਤੰਗ ਹੋ ਕੇ) ਹੁਣ ਟੋਕ ਟਕਾਈ ਬੰਦ ਕਰ ਦਿੱਤੀ ਏ। ਦਫਾ ਹੋਵੇ, ਉਨ੍ਹਾਂ ਨੂੰ ਕੀ! ਦਫਤਰ ਦਾ ਕੰਮ ਤਾ ਠੀਕ ਤਰ੍ਹਾਂ ਕਰਦਾ।

ਪਤਨੀ ਵੀ ਉਸ ਦੀ ਏਸ ਆਦਤ ਤੋਂ ਵਾਹਵਾ ਦੁਖੀ ਏ। ਏਹ ਕਾਹਦਾ ਝੱਸ! ਨਾ ਖਾਣ ਪੀਣ ਦਾ ਫਿਕਰ, ਨਾ ਪਹਿਣਨ ਦਾ ਚਾਉ। ਮੂਹਰੇ ਪਈ ਰੋਟੀ ਠੰਢੀ ਹੋ ਜਾਵੇਗੀ ਪਰ ਜਨਾਬ ਦੀਆ ਨਜਰਾਂ ਮਜਾਲ ਕਿਆ ਏ ਕਿਤਾਬ ਤੋਂ ਹਟ ਜਾਣ!

ਪਤਨੀ ਵੀ ਆਪਣੇ ਵੱਲੋਂ ਬਥੇਰੀ ਥਾਹ ਲਾਕੇ ਅੱਕ ਗਈ। ਨਾ ਤਾਂ ਪਿਆਰ ਨਾਲ ਸਮਝਾਉਣ ਦਾ ਕੋਈ ਅਸਰ ਹੋਇਆ ਅਤੇ ਨਾ ਹੀ ਰੁੱਸ ਕੇ 'ਪੇਕੇ' ਜਾਣ ਦਾ ਫਾਰਮੂਲਾ ਕੰਮ ਆਇਆ।

ਉਸ ਦਿਨ ਪਤਨੀ ਕਿਚਨ ‘ਚ ਚਾਹ ਬਣਾ ਰਹੀ ਸੀ ਕਿ ਅਚਾਨਕ ਪਤੀਲੀ ਹੱਥੋ ਛੁਟ ਗਈ ਤੇ ਉਬਲਦੇ ਉਬਲਦੇ ਪਾਣੀ ਦੇ ਛਿੱਟੇ ਪੈਰਾਂ ਤੇ ਪੈ ਗਏ ।

“ਹਾਏ ਮੈਂ ਮਰਗੀ” ਪਤਨੀ ਦੀ ਚੀਕ ਨਿਕਲ ਗਈ।
ਉਹ ਕਮਰੇ ‘ਚ ਬੈਠਾ ਨਾਵਲ ਪੜ੍ਹ ਰਿਹਾ ਸੀ । ਬਹੁਤ ਦਿਲਚਸਪ ਸੀਨ ਚਲ ਰਿਹਾ ਸੀ ।  ਪਤਨੀ ਦੀ ਚੀਕ ਸੁਣ ਕੇ ਉਸ ਬਗੈਰ ਕਿਤਾਬ ਤੋਂ ਨਜਰਾਂ ਚੁੱਕਿਆਂ ਈ ਪੁਛਿੱਆ-“ਕੀ ਹੋਇਆ?”

ਪਤਨੀ ਨੇ ਕੋਈ ਜੁਆਬ ਨਹੀਂ ਦਿੱਤਾ।

ਇਕ ਵਾਰੀ ਪੁੱਛਣ ਮਗਰੋਂ ਮੁੜ ਪੁੱਛਣ ਦੀ ਸ਼ਾਇਦ ਉਸ ਲੋੜ ਨਹੀਂ ਸਮਝੀ ਜਾਂ ਹੋ ਸਕਦੈ ਉਸ ਨੂੰ ਚੇਤੇ ਈ ਨਾ ਰਿਹਾ ਹੋਵੇ। ਪਤਨੀ ਖੁਦ ਈ ਕਮਰੇ ‘ਚ ਆ ਗਈ। ਪਤੀ ਨੂੰ ਕਿਤਾਬ ਪੜ੍ਹਦਿਆਂ ਵੇਖ ਉਸ ਦੇ ਸੱਤੀਂ ਕਪੜੇ ਅੱਗ ਲੱਗ ਗਈ-“ਹੱਦ ਹੋ ਗਈ । ਕੋਈ ਮਰਦੈ ਤਾਂ ਮਰ ਜਾਵੇ,ਏਹਨਾ ਨੂੰ ਕਿਤਾਬਾਂ ਤੋਂ ਫੁਰਸਤ ਨੀ। ਜੇ ਕਿਤਾਬਾਂ ਐਨੀਆਂ ਈ ਚੰਗੀਆਂ ਲੱਗਦੀਆਂ ਸਨ ਤਾਂ ਕੀ ਅੱਗ ਲੱਗੀ ਪਈ ਸੀ 'ਬਯਾਹ' ਕਰੌਣ ਦੀ!”

ਪਤਨੀ ਨੇ ਉਸ ਦੇ ਹੱਥੋਂ ਕਿਤਾਬ ਖੋਹ ਕੇ ਪਰ੍ਹਾਂ ਵਗ੍ਹਾ ਮਾਰੀ। ਉਹ ਡੌਰ ਭੌਰ ਜਿਹਾ ਹੋ ਗਿਆ। ਅਪਲਕ ਪਤਨੀ ਵੱਲ ਤਕੱਣ ਲੱਗਾ। ਪਤਨੀ ਦਾ ਚਿਹਰਾ ਗੁੱਸੇ ਨਾਲ ਤਪ ਰਿਹਾ ਸੀ।

“ਹੱਦ ਹੋ ਗਈ, ਐਨਾ ਗੁੱਸਾ” ਆਖਦਿਆਂ ਉਹ ਹਲਕਾ ਜਿਹਾ ਮੁਸਕਰਾਇਆ ਅਤੇ ਕੁਰਸੀ ਨਾਲ ਢ੍ਹੋ ਲਾ ਕੇ ਰਤਾ ਲੰਮਾ ਪੈ ਗਿਆ। ਪਤਨੀ ਕਿਉਂ ਚੀਕੀ ਸੀ ਉਸ ਨੂੰ ਭੋਰਾ ਵੀ ਚੇਤੇ ਨਹੀਂ ਰਿਹਾ।

ਪਤਨੀ ਨੇ ਇਕ ਵਾਰੀ ਘੂਰ ਕੇ ਉਸ ਵੱਲ ਤੱਕਿਆ ਤੇ ਫੇਰ ਅਲਮਾਰੀ ‘ਚੋਂ ਬਰਨੌਲ ਕੱਢ ਕੇ ਪੈਰ ਤੇ ਮਲਣ ਲੱਗੀ।

“ਕੀ ਹੋਇਆ?”ਉਸ ਹੈਰਾਨੀ ਨਾਲ ਪੁੱਛਿਆ।

“ਤੁਸੀਂ ਕੀ ਲੈਣੈ? ਅਪਣੀ ਕਿਤਾਬ ਪੜ੍ਹੀ ਜਾਓ” ਆਖ ਕੇ ਉਹ ਅੰਦਰਲੇ ਕਮਰੇ ਵੱਲ ਚਲੀ ਗਈ।

ਉਹ ਜਿਵੇਂ ਸੋਚੀਂ ਪੈ ਗਿਆ। ਕੀ ਹੋ ਗਿਐ ਪਤਨੀ ਨੂੰ! ਹਰ ਵੇਲੇ ਸੜੀ ਭੁੱਝੀ ਰਹਿੰਦੀ ਏ। ਬੇਵਜ੍ਹਾ ਰੁੱਸ ਜਾਂਦੀ ਏ। ਕਿਤਾਬ ਨੂੰ ਇੰਜ ਵਗ੍ਹਾ ਕੇ ਸੁੱਟ‘ਤਾ ਜਿਵੇਂ ਘਰ ਦੀ ਹੀ ਕੋਈ ਚੀਜ ਹੋਵੇ। ਪਾਟ ਜਾਂਦੀ ਤਾਂ ਨਵੀਂ ਲੈ ਕੇ ਦੇਣੀ ਪੈਣੀ ਸੀ। ਕਿੰਨਾ ਦਿਲਕਸ਼ ਕਥਾਨਕ ਚੱਲ ਰਿਹਾ ਸੀ। ਸਾਰਾ ਸੁਆਦ ਖਰਾਬ ਕਰ ‘ਤਾ। ਹੁਣ ਤੱਕ ਪੰਜ ਸੱਤ ਸਫੇ ਅਰਾਮ ਨਾਲ ਪੜ੍ਹ ਲੈਣੇ ਸਨ। ਕਿਚਨ‘ਚ ਕੰਮ ਕਰਦਿਆਂ ਘਿਓ ਦਾ ਛਿੱਟਾ ਪੈ ਗਿਆ ਹੋਣੈ। ਫੇਰ ਔਰਤ ਜਾਤ ਏ। ਛੇਤੀ ਘਬਰਾ ਜਾਂਦੀ ਏ।

ਹ ਕੁਰਸੀ ਤੋਂ ਉੱਠ ਕੇ ਕਮਰੇ ਦੀ ਇਕ ਨੁੱਕਰ ‘ਚੋਂ ਪਤਨੀ ਵੱਲੋਂ ਸੁੱਟੀ ਕਿਤਾਬ ਚੁੱਕ ਲਿਆਇਆ ਅਤੇ ਮੁੜ ਪੜ੍ਹਣ ਲੱਗ ਪਿਆ। ਸ਼ਾਮ ਤੱਕ ਜੇ ਏਹ ਨਾਵਲ ਖਤਮ ਹੋ ਹਿਆ ਤਾਂ ਲਾਈਬ੍ਰੈਰੀ ਬੰਦ ਹੋਣ ਤੋਂ ਪਹਿਲਾਂ ਏਸ ਨੂੰ ਮੋੜ ਕੇ ਨਵੀਂ ਕਿਤਾਬ ਇਸ਼ੂ ਕਰਵਾ ਲਿਆਵੇਗਾ। ਉਸ ਇੰਜ ਹੀ ਸੋਚਿਆ ਸੀ।

ਥੋੜੀ ਦੇਰ ਮਗਰੋਂ ਪਤਨੀ ਦੀ ਅਵਾਜ ਆਈ-“ਮੈਂ ਜਾ ਰਹੀ ਆਂ”

“ਅੱਛਾ” ਬਿਨਾ ਪਤਨੀ ਵੱਲ ਵੇਖਿਆਂ ਉਸ ਆਖਿਆ।

“ਏਹ ਵੀ ਨੀ ਪੁੱਛਣਾ ਕਿੱਥੇ ਚੱਲੀ ਆਂ?”

ਪਤਨੀ ਦੇ ਇੰਜ ਆਖਣ ਤੇ ਉਸ ਗਰਦਨ ਉੱਪਰ ਕਰਕੇ ਉਸ ਵੱਲ ਤੱਕਿਆ। “ਹੈਂ ਆਹ ਅਟੈਚੀ ਕਾਹਨੂੰ ਚੁੱਕਿਐ? ਮੈਂ ਤਾਂ ਸਮਝਿਆ ਸੀ ਕਿ ਤੂੰ..”

“ਬਜਾਰ ਚੱਲੀ ਆਂ, ਏਹੋ ਨਾ?..” ਪਤਨੀ ਨੇ ਉਸ ਨੂੰ ਅੱਧ ਵਚਾਲੇ ਟੋਕਦਿਆਂ ਕਿਹਾ-“ਜੀ ਨਹੀਂ, ਮੈਂ ਬਜਾਰ ਨੀ ਪੇਕੇ ਜਾ ਰਹੀ ਆਂ..”

“ਪਰ ਕਿਉਂ?”

“ਏਹ ਵੀ ਦੱਸਣ ਦੀ ਲੋੜ ਏ?” ਅਤੇ ਉਹ ਦਰਵਾਜੇ ਵੱਲ ਮੁੜ ਗਈ।

“ਰਤਾ ਗੱਲ ਤਾਂ ਸੁਣ” ਉਹ ਇਕਦਮ ਉੱਠ ਖਲੋਤਾ।

“ਕੀ ਸੁਨਾਣੈ? ਐਵੇਂ ਤੁਹਾਡਾ ਵਕਤ ਖਰਾਬ ਹੋਵੇਗਾ। ਐਨੀ ਦੇਰ ‘ਚ ਤਾਂ ਤੁਸੀਂ ਦੋ ਚਾਰ ਵਰਕੇ ਹੋਰ ਪੜ੍ਹ ਲਵੋਗੇ” ਤੇ ਅਗਲੇ ਹੀ ਪਲ ਪਤਨੀ ਘਰੋਂ ਬਾਹਰ ਚਲੀ ਗਈ।

ਉਹ ਡੌਰ ਭੌਰ ਜਿਹਾ ਉਸ ਨੂੰ ਜਾਂਦਿਆਂ ਵੇਖਦਾ ਰਿਹਾ। ਉਸ ਤੋਂ ਐਨਾ ਵੀ ਨਹੀਂ ਹੋਇਆ ਕਿ ਪਤਨੀ ਤੋਂ ਅਟੈਚੀ ਖੋਹ ਕੇ ਉਸ ਨੂੰ ਬਾਂਹ ਤੋਂ ਫੜ ਕੇ ਅੰਦਰ ਲੈ ਆਵੇ।

*****
ਪਤਨੀ ਨੂੰ ਗਿਆਂ ਪੰਦਰਾਂ ਦਿਨ ਦੇ ਕਰੀਬ ਹੋ ਗਏ ਨੇ। ਏਹ ਦਿਨ ਉਸ ਕਿਵੇਂ ਕੱਢੇ, ਬਸ ਉਹੋ ਜਾਣਦਾ । ਹਰ ਵੇਲੇ ਗੁਆਚਿਆ ਜਿਹਾ ਰਹਿੰਦਾ। ਕਿਤਾਬਾਂ ਵੀ ਨਹੀਂ ਪੜ੍ਹਦਾ। ਪਤਨੀ ਦਾ ਇੰਜ ਰੁੱਸ ਕੇ ਤੁਰ ਜਾਣਾ ਉਸ ਤੋਂ ਜਿਵੇਂ ਬਰਦਾਸਤ ਨਹੀਂ ਹੋਇਆ।

ਅਪਣੀ ਗਲਤੀ ਮੰਨ ਕੇ ਪਤਨੀ ਨੂੰ ਚਿੱਠੀ ਲਿਖਣਾ ਉਹ ਅਪਣੀ ਹਤਕ ਸਮਝਦਾ । ਆਪਣੀ ਮਰਜੀ ਨਾਲ ਗਈ ਏ, ਆਪਣੀ ਮਰਜੀ ਨਾਲ ਈ ਆਏ।

ਕਈ ਦਿਨਾਂ ਤੋਂ ਉਹ ਦਫਤਰ ਵੀ ਨਹੀਂ ਗਿਆ। ਤਾਪ ਚੜ੍ਹਿਆ ਹੋਇਆ ਏ। ਸ਼ਾਇਦ ਮੌਸਮ ‘ਚ ਆ ਰਹੀ ਤਬਦੀਲੀ ਕਰਕੇ ਜਾਂ ਵੇਲੇ ਸਿਰ ਰੋਟੀ ਨਾ ਖਾਣ ਕਰਕੇ।

ਸ਼ਾਮੀ ਜਦੋਂ ਡਾਕਟਰ ਤੋਂ ਦੁਆਈ ਲ਼ੈ ਕੇ ਘਰ ਆਇਆ ਤਾਂ ਘਰ ‘ਚ ਪਤਨੀ ਨੂੰ ਆਈ ਵੇਖ ਕਪਾਹ ਦੇ ਫੁੱਲ ਵਾਂਗ ਖਿੜ ਗਿਆ।

“ਕਿੱਦਾਂ ਤਬੀਅਤ ਏ ਥੋਡੀ?..ਤਾਪ ਕਿਵੇਂ ਚੜ੍ਹ ਗਿਆ?” ਉਸ ਦੇ ਕੁਝ ਆਖਣ ਤੋਂ ਪਹਿਲਾਂ ਹੀ ਪਤਨੀ ਨੇ ਪੁੱਛ ਲਿਆ।

ਉਸ ਨੂੰ ਡਾਢੀ ਹੈਰਾਨੀ ਹੋਈ। ਪਤਨੀ ਨੂੰ ਕਿਵੇਂ ਪਤਾ ਲੱਗਿਆ।

“ਮੈਨੂੰ ਸਵੇਰੇ ਮਿਸੇਜ ਗੁਪਤਾ ਦਾ ਫੋਨ ਆਇਆ ਸੀ । ਉਸ ਤੁਹਾਡੇ ਬਾਰੇ ਦੱਸਿਆ। ਮੈਂ ਤਾਂ ਫੋਨ ਸੁਣਦਿਆਂ ਸਾਰ ਈ ਤੁਰ ਪਈ।” ਪਤਨੀ ਨੇ ਉਸ ਨੂੰ ਅਸਲੀਅਤ ਤੋਂ ਜਾਣੂ ਕਰਵਾ ਦਿੱਤਾ।

ਪਤਨੀ ਦੇ ਮੁੜ ਆਉਣ ਦੀ ਵਾਧੂ ਖੁਸ਼ੀ ਉਸ ਨੂੰ ਏਸ ਗੱਲ ਦੀ ਵੀ ਹੈ ਕਿ ਉਸ ਨੂੰ ਝੁਕਣਾ ਨਹੀਂ ਪਿਆ।ਆਪੇ ਗਈ ਸੀ, ਆਪੇ ਆ ਗਈ। ਏਧਰ ਓਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਆਖਿਰ ਪਤਨੀ ਨੇ ਪੁੱਛ ਹੀ ਲਿਆ-“ਕੀ ਗੱਲ ਅੱਜ ਕਿਤਾਬਾਂ ਰਸਾਲੇ ਨੀ ਨਜਰ ਆ ਰਹੇ?”

“ਤੈਨੂੰ ਚੰਗੇ ਨੀ ਸੀ ਲੱਗਦੇ। ਮੈਂ ਤਾਂ ਓਸੇ ਦਿਨ ਕਿਤਾਬਾਂ ਤੇ ਰਸਾਲੇ ਬਾਹਰ ਸੁੱਟ’ਤੇ। 'ਲੈਬਰੇਰੀ' ਦਾ ਕਾਰਡ ਵੀ ਕੈਂਸਲ ਕਰਵਾ ‘ਤਾ”।

“ਸੱਚੀਂ?” ਪਤਨੀ ਨੂੰ ਜਿਵੇਂ ਯਕੀਨ ਨੀ ਹੋਇਆ।

“ਤੇਰੀ ਸੰਹੁ।”

ਪਤਨੀ ਦੀ ਖੁਸ਼ੀ ਦੀ ਹੱਦ ਨਾ ਰਹੀ। ਮਨ ਹੀ ਮਨ ਆਪਣੇ ਆਪ ਨੂੰ ਬੁਰਾ ਭਲਾ ਆਖਣ ਲੱਗੀ। ਉਹ ਤਾਂ ਐਵੇਂ ਬੇਫਜੂਲ ਉਸ ਨਾਲ ਖਹਿਬੜਦੀ ਰਹਿੰਦੀ ਏ। ਪਤੀ ਤਾਂ ਉਸ ਦੀ ਹਰ ਗੱਲ ਮੰਨਦਾ ਹੈ।

ਪਤੀ ਦਾ ਤਾਪ ਵੀ ਛੂਹਮੰਤਰ ਹੋ ਗਿਆ।

ਪਤਨੀ ਨੇ ਉਸ ਦੀ ਮਨ ਪਸੰਦ ਡਿਸ਼ ਮਟਰ ਚੌਲ ਬਣਾਏ। ਦੋਵੇਂ ਇੱਕੋ ਪਲੇਟ ‘ਚ ਖਾਣ ਲੱਗੇ। ਚੱਮਚ ਭਰ ਭਰ ਕੇ ਪਤਨੀ ਉਸ ਦੇ ਮੂੰਹ ‘ਚ ਪਾਉਂਦੀ ਤੇ ਉਹ ਪਤਨੀ ਦੇ।

ਖਾਣਾ ਖਤਮ ਹੋ ਗਿਆ। ਰਾਤ ਵੀ ਕਾਫੀ ਹੋ ਗਈ ਸੀ। ਉਹ ਬੈੱਡ ਤੇ ਲੇਟ ਗਏ। ਮੁੜ ਏਧਰ ਓਧਰ ਦੀਆ ਗਲਾਂ ਕਰਨ ਲੱਗੇ।
ਅਚਾਨਕ ਪਤੀ ਨੇ ਸਰ੍ਹਾਣਾ ਇੱਕ ਪਾਸੇ ਸਰਕਾ ਕੇ ਇਕ ਰਸਾਲਾ ਕੱਢ ਲਿਆ।

“ਏਹ ਕੀ..ਤੁਸੀਂ ਤਾਂ ਕਹਿੰਦੇ ਸੀ ..?” ਪਤਨੀ ਹੈਰਾਨ ਪਰੇਸ਼ਾਨ ਉਸ ਵੱਲ ਤੱਕਣ ਲੱਗੀ।

“ਅੱਜ ਨਾ ਰੋਕੀਂ ਪਲੀਜ਼..” ਉਹ ਜਿਵੇਂ ਖੁਸ਼ਾਮਦ ਕਰਨ ਲੱਗਾ-“ਅੱਜ ਤਾਂ ਤੇਰੇ ਔਣ ਦੀ ਖੁਸ਼ੀ ‘ਚ ਦੋ ਚਾਰ ਪੇਜ਼ ਪੜ੍ਹਣਾ ਚਾਹੁੰਦਾ..ਕੱਲ ਤੋਂ ਉੱਕਾ ਈ ਨੀ ਪੜੂੰਗਾ..ਤੇਰੀ ਸੰਹੁ ਡਾਰਲਿੰਗ.. .” ਤੇ ਉਹ ਪਹਿਲਾਂ ਵਾਂਗ ਹੀ ਰਸਾਲਾ ਪੜ੍ਹਣ ‘ਚ ਗੁਆਚ ਗਿਆ।
*****

*230-ਸੀ,ਭਾਈ ਰਣਧੀਰ ਸਿੰਘ ਨਗਰ,
ਲੁਧਿਆਣਾ-141 012
ਮੋਬਾਇਲ 98153-59222

(11 ਫਰਵਰੀ 2008)

ਡਾ: ਫਕੀਰ ਚੰਦ ਸ਼ੁਕਲਾ ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

e-mail:
ilKfrI



© likhari: Punjabi Likhari Forum-2001-2008