ਗੱਲ
ਸੰਨ ਅਠਤਾਲੀ ਦੀ ਹੈ। ਪ੍ਰਿੰਸੀਪਲ ਕਨ੍ਹਈਆ ਲਾਲ ਕਪੂਰ ਸਾਨੂੰ ਬੀ. ਏ. ਵਿੱਚ
ਪ੍ਰੋਫ਼ੈਸਰ ਦੇ ਰੂਪ ਵਿੱਚ ਅੰਗਰੇਜ਼ੀ ਪੜ੍ਹਾਇਆ ਕਰਦੇ ਸਨ। ਓਦੋਂ ਉਹ ਕਪੂਰ ਸਾਹਿਬ ਕਰ
ਕੇ ਹੀ ਆਮ ਜਾਣੇ ਜਾਂਦੇ ਸਨ। ਬਹੁਤੀ ਗੱਲ ਹੋਈ ਤਾਂ ਕੇ. ਐੱਲ ਕਪੂਰ ਕਹਿ ਦਿੱਤਾ।
ਕਪੂਰ ਸਾਹਿਬ ਨੌਜਵਾਨ ਮਨਾਂ ਅਤੇ ਉਹਨਾਂ ਦੇ ਧੜਕਦੇ ਦਿਲਾਂ ਦੀਆਂ ਭਾਵਨਾਵਾਂ ਨਾਲ
ਇਕਦਮ ਸਾਂਝਾਂ ਪਾ ਲੈਂਦੇ ਸਨ। ਭਾਵੇਂ ਅੱਜ ਬਹੁਤ ਅਰਸਾ ਬੀਤ ਗਿਆ ਹੈ, ਪਰ ਉਹਨਾਂ
ਦੀਆਂ ਸਾਡੇ ਨਾਲ ਜਾਂ ਸਾਡੇ ਵਿਚਕਾਰ ਕੀਤੀਆਂ ਗੱਲਾਂ ਅੱਜ ਤਕ ਸਾਡੇ ਕੰਨਾਂ ਵਿੱਚ
ਗੂੰਜਦੀਆਂ ਹਨ। ਉਹ ਹਰ ਇੱਕ ਨੂੰ ਮੋਹ ਲੈਂਦੇ ਸਨ। ਹਮੇਸ਼ਾ ਹੱਸਦੇ ਰਹਿੰਦੇ ਸਨ।
ਖਿਝਣਾ ਤਾਂ ਉਹਨਾਂ ਦੇ ਨੇੜੇ ਤਕ ਨਹੀਂ ਭਟਕਦਾ ਸੀ। ਜਵਾਨਾਂ ਵਿੱਚ ਜਵਾਨ ਦਿਲ ਲੈ ਕੇ
ਫਿਰਨਾ ਉਹਨਾਂ ਦੀ ਸ਼ਖ਼ਸੀਅਤ ਦਾ ਉਘੜਵਾਂ ਗੁਣ ਸੀ।
ਇੱਕ ਦਿਨ ਅੰਗਰੇਜ਼ੀ ਦਾ ਇਕਾਂਗੀ (ਵੱਨ ਐਕਟ ਪਲੇ) ਪੜ੍ਹਾ ਰਹੇ ਸਨ। ਇੱਕ ਪਾਤਰ ਦੋ
ਸਕੀਆਂ ਭੈਣਾਂ ਨਾਲ ਪਿਆਰ ਕਰਦਾ ਸੀ। ਉਸ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਕਿਸ ਨਾਲ
ਵਿਆਹ ਕਰਵਾਏ। ਟਾਸ ਪਾਈ ਗਈ ਪਰ ਸਿੱਕਾ ਹੇਠਾਂ ਲੱਕੜੀ ਦੇ ਫੱਟਿਆਂ ਦੀ ਝੀਥ ਵਿੱਚ
ਸਿੱਧਾ ਫਸ ਗਿਆ। ਪ੍ਰੋਫ਼ੈਸਰ ਸਾਹਿਬ ਨੇ ਝੱਟ ਸਾਨੂੰ ਪੰਜਾਬੀ ਦਾ ਲੋਕ ਗੀਤ ਸੁਣਾ
ਦਿੱਤਾ:
ਦੋਨੋਂ ਭੈਣਾ ਇੱਕੋ-ਜਿੱਕੀਆਂ, ਤੂੰ
ਆਸ਼ਕ ਕਿਹੜੀ ਦਾ?
ਭਾਵੇਂ ਪ੍ਰੋਫ਼ੈਸਰ ਸਾਹਿਬ ਉਰਦੂ ਅਦੀਬ ਕਰ ਕੇ ਬਹੁਤੇ ਮਸ਼ਹੂਰ ਹੋਏ ਸਨ ਪਰ ਉਹਨਾਂ ਦਾ
ਦਿਲ ਪੰਜਾਬੀ-ਮਾਂ ਦੇ ਪਿਆਰ ਲਈ ਪੰਜਾਬੀਆਂ ਵਾਂਗ ਧੜਕਦਾ ਸੀ। ਗੱਲਾਂ ਆਮ ਪੰਜਾਬੀ
ਵਿੱਚ ਖੁਲ੍ਹੀਆਂ-ਠੁਲ੍ਹੀਆਂ ਕਰਦੇ ਸਨ।
ਇੱਕ ਵਾਰ, ਉਹਨਾਂ ਨੇ ਇੱਕ ਘਟਨਾ ਸੁਣਾਈ ਜਦੋਂ ਉਹ ਪਹਿਲੇ ਦਿਨ ਲਾਹੌਰ ਪ੍ਰੋਫ਼ੈਸਰ
ਬਣ ਕੇ ਕਲਾਸ ਵਿੱਚ ਗਏ ਸਨ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਲਾਸ ਉੱਤੇ ਰੋਹਬ
ਜਮਾਉਣ ਲਈ ਪਹਿਲੇ ਦਿਨ ਆਪਣੇ ਲੈਕਚਰ ਦੀ ਖ਼ੂਬ ਤਿਆਰੀ ਕੀਤੀ। ਜਦ ਉਹ ਪੀਰੀਅਡ ਵਿੱਚ
ਪੜ੍ਹਾ ਰਹੇ ਸਨ ਤਾਂ ਵਿਦਿਆਰਥੀਆਂ ਨੇ ਉਹਨਾਂ ਨੂੰ ਗਧੀ-ਗੇੜ ਪਾਉਣ ਲਈ ਸ਼ਰਾਰਤਾਂ
ਕਰਨੀਆਂ ਸ਼ੁਰੂ ਕਰ ਦਿੱਤੀਆਂ – ਕੋਈ ਬੱਕਰੀ ਵਾਂਗ ਮਿਆਂਕਿਆ, ਕੋਈ ਕੁੱਤੇ ਵਾਂਗ
ਭੌਂਕਿਆ, ਕੋਈ ਗਧੇ ਵਾਂਗ ਹਿਣਕਿਆ ਤੇ ਏਸੇ ਤਰ੍ਹਾਂ ........। ਗੱਲ ਕੀ ਪ੍ਰੋਫ਼ੈਸਰ
ਸਾਹਿਬ ਕਹਿਣ ਲੱਗੇ ਕਿ ਮੇਰਾ ਲੈਕਚਰ ਮੇਰੇ ਹੱਥੋਂ ਨਿਕਲਦਾ ਦਿਸਿਆ। ਮੈਂ ਮੌਕੇ ਨੂੰ
ਬਚਾਉਣ ਲਈ ਡਿਸਿਪਲਨ ’ਤੇ ਲੈਕਚਰ ਕਰਨਾ ਸ਼ੁਰੂ ਕਰ ਦਿੱਤਾ। ਲੈਕਚਰ ਅੰਗਰੇਜ਼ੀ ਵਿੱਚ
ਸੀ। ਆਖ਼ਰ, ਘੰਟੀ ਵੱਜਣ ਵਾਲੀ ਹੋ ਗਈ। ਇੱਕ ਵਿਦਿਆਰਥੀ ਵਿੱਚੋਂ ਹੀ ਉੱਠ ਕੇ ਕਹਿਣ
ਲੱਗਾ, ਸਰ, ਸਾਨੂੰ ਡਿਸਿਪਲਨ ਦੇ ਅਰਥ ਪੰਜਾਬੀ ਵਿੱਚ ਦੱਸੋ। ਸਾਨੂੰ ਸਮਝ ਨਹੀਂ ਪਈ।
ਮੈਂ ਇਸ ਦੇ ਅਰਥ ਜ਼ਬਤ, ਅਨੁਸ਼ਾਸਨ ਆਦਿ ਕਈ ਸ਼ਬਦਾਂ ਨਾਲ ਦੱਸ ਕੇ ਘਰ ਪੂਰਾ ਕਰਨ ਦੀ
ਕੋਸ਼ਿਸ਼ ਕੀਤੀ ਪਰ ਤਸੱਲੀ ਨਾ ਹੋਈ। ਆਖ਼ਰ ਦੂਸਰੇ ਦਿਨ ਢੁੱਕਵਾਂ ਅਰਥ ਦੱਸਣ ਦਾ ਇਕਰਾਰ
ਕਰ ਕੇ ਪੱਲਾ ਛੁਡਾਇਆ।
ਘਰ ਆ ਕੇ ਡਿਕਸ਼ਨਰੀਆਂ ਫੋਲੀਆਂ। ਦੋਸਤਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਪਰ ਗੱਲ ਕਿਸੇ
ਅੱਤਣ-ਪੱਤਣ ਲੱਗਦੀ ਦਿੱਸਦੀ ਨਹੀਂ ਸੀ। ਬੜਾ ਫ਼ਿਕਰਮੰਦ ਹੋ ਕੇ ਆਥਣ ਨੂੰ ਘਰੋਂ ਸੈਰ
’ਤੇ ਨਿਕਲਿਆ। ਰਸਤੇ ਵਿੱਚ ਇੱਕ ਮੰਦਰ ਆਇਆ। ਦਰਵਾਜ਼ੇ ਤੋਂ ਬਾਹਰ ਇੱਕ ਪੁਜਾਰੀ
ਪ੍ਰਸ਼ਾਦ ਵੰਡ ਰਿਹਾ ਸੀ ਅਤੇ ਬਹੁਤ ਸਾਰੇ ਬੱਚਿਆਂ ਦੀ ਭੀੜ ਲੱਗੀ ਹੋਈ ਸੀ। ਬੱਚੇ
ਇੱਕ-ਦੂਜੇ ਦੇ ਉੱਪਰ ਦੀ ਟਪ-ਟਪ ਪ੍ਰਸ਼ਾਦ ਲੈ ਰਹੇ ਸਨ। ਪੁਜਾਰੀ ਨੇ ਉਹਨਾਂ ਨੂੰ ਘੂਰ
ਕੇ ਕਿਹਾ, “ਓਏ, ਬੰਦੇ ਦੇ ਪੁੱਤਰ ਬਣੋ।” ਬੱਸ, ਅਰਥ ਲੱਭ ਪਿਆ। ਬੜਾ ਖ਼ੁਸ਼ ਹੋਇਆ।
ਅਗਲੇ ਦਿਨ ਕਲਾਸ ਵਿੱਚ ਵਿਦਿਆਰਥੀਆਂ ਨੂੰ ਡਿਸਿਪਲਨ ਦੇ ਸਹੀ ਅਰਥ ਪੰਜਾਬੀ ਵਿੱਚ
ਦੱਸੇ ਕਿ ਬੰਦੇ ਦੇ ਪੁੱਤਰ ਬਣੋ। ਇਸ ਉੱਤੇ ਸਾਰੇ ਵਿਦਿਆਰਥੀ ਹੱਸ ਪਏ ਅਤੇ ਗੰਭੀਰ ਹੋ
ਗਏ।
ਸੰਨ ਸੰਤਾਲੀ ਪਿੱਛੋਂ ਪੰਜਾਬੀ-ਮਾਂ ਆਪਣੇ ਸ਼ਾਸਨ ਉੱਤੇ ਬਰਾਜਮਾਨ ਹੋ ਗਈ। ਬਹੁਤ ਸਾਰੇ
ਵਿਦਵਾਨ ਆਪਣੀ ਮਾਂ-ਬੋਲੀ ਵੱਲ ਖਿੱਚੇ ਆਉਣ ਲੱਗੇ। ਅਸੀਂ ਕਪੂਰ ਸਾਹਿਬ ਦੇ ਅੰਦਰ ਵੀ
ਪੰਜਾਬੀ-ਮਾਂ ਲਈ ਅਥਾਹ ਪਿਆਰ ਦੇਖਿਆ।
ਇੱਕ ਵਾਰ ਕਾਲਜ ਦੇ ਹਾਲ ਵਿੱਚ ਇੱਕ ਸਮਾਰੋਹ ਹੋ ਰਿਹਾ ਸੀ। ਪਹਿਲਾਂ ਪ੍ਰਿੰਸੀਪਲ
ਸਾਹਿਬ, ਨੇ ਹਿੰਦੀ ਵਿੱਚ ਭਾਸ਼ਨ ਦਿੱਤਾ। ਫਿਰ ਕਪੂਰ ਸਾਹਿਬ ਦੀ ਵਾਰੀ ਆਈ। ਸਰੋਤਿਆਂ
ਦੇ ਚਿਹਰੇ ਕਪੂਰ ਸਾਹਿਬ ਨੂੰ ਸੁਣਨ ਲਈ ਦਮਕ ਪਏ। ਕਪੂਰ ਸਾਹਿਬ ਨੇ ਪੰਜਾਬੀ ਵਿੱਚ
ਭਾਸ਼ਨ ਅਰੰਭ ਕੀਤਾ ਕਿ ਇੱਕ ਵਾਰ ਇੱਕ ਮੀਰ ਇੱਕ ਸਰਦਾਰ ਨੂੰ ਮਿਲਣ ਗਿਆ। ਸਰਦਾਰ
ਅੱਗੋਂ ਬਗ਼ੀਚੀ ਵਿੱਚ ਕੁਰਸੀ ਵਿੱਚ ਬੈਠਾ ਸੀ। ਕੋਲ ਇੱਕ ਮੰਜਾ ਪਿਆ ਸੀ। ਮੀਰ ਮੰਜੇ
ਉੱਤੇ ਬੈਠ ਗਿਆ। ਕੁਝ ਚਿਰ ਪਿੱਛੋਂ ਸਰਦਾਰ ਕੁਰਸੀ ਤੋਂ ਉੱਠਿਆ ਅਤੇ ਮੰਜੇ ਉੱਤੇ ਬੈਠ
ਗਿਆ। ਮੀਰ ਮੰਜੇ ਤੋਂ ਉੱਠਿਆ ਅਤੇ ਹੇਠਾਂ ਘਾਹ ਉੱਤੇ ਬੈਠ ਗਿਆ। ਫਿਰ ਸਰਦਾਰ ਮੰਜੇ
ਤੋਂ ਉੱਠਿਆ ਅਤੇ ਘਾਹ ਉੱਤੇ ਬੈਠ ਗਿਆ। ਮੀਰ ਨੇ ਕੋਲ ਪਈ ਕਹੀ ਨਾਲ ਇੱਕ ਟੋਆ ਪੁੱਟਣਾ
ਸੁਰੂ ਕਰ ਦਿੱਤਾ। ਸਰਦਾਰ ਕਹਿਣ ਲੱਗਾ, “ਓਏ, ਤੂੰ ਇਹ ਕੀ ਕਰਦਾਂ?” ਮੀਰ ਕਹਿਣ
ਲੱਗਾ, “ਮਹਾਰਾਜ, ਅਸੀਂ ਤੁਹਾਥੋਂ ਨੀਵਾਂ ਹੀ ਬੈਠਣਾ ਆ। ਮੈਂ ਸੋਚਿਆ, ਆਪਾਂ ਟੋਆ
ਪੁੱਟ ਕੇ ਨੀਵੇਂ ਹੋ ਕੇ ਬੈਠ ਜਾਂਦੇ ਆਂ।” ਕਪੂਰ ਸਾਹਿਬ ਨੇ ਕਿਹਾ ਕਿ ਪ੍ਰਿੰਸੀਪਲ
ਸਾਹਿਬ ਨੇ ਹਿੰਦੀ ਵਿੱਚ ਭਾਸ਼ਨ ਦਿੱਤਾ ਸੀ ਤੇ ਮੈਂ ਸੋਚਿਆ ਕਿ ਆਪਾਂ ਪੰਜਾਬੀ ਵਿੱਚ
ਬੋਲ ਲੈਂਦੇ ਹਾਂ।
ਇਸ ਉਪਰੰਤ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਇੱਕ ਪੁਰਾਣੀ ਘਟਨਾ ਸੁਣਾਈ।
ਓਦੋਂ ਪੰਜਾਬ ਇਕੱਠਾ ਹੁੰਦਾ ਸੀ ਅਤੇ ਇੱਕ ਵਾਰ ਉਸ ਨੂੰ ਇੱਕ ਪੱਤਰਕਾਰ ਨਾਲ ਪੰਜਾਬ
ਅਸੰਬਲੀ ਵਿੱਚ ਜਾਣ ਦਾ ਮੌਕਾ ਮਿਲਿਆ। ਉਸ ਸਮੇਂ ਅਸੰਬਲੀ ਦੇ ਸਪੀਕਰ ਮੀਆਂ
ਸ਼ਹਾਬੁੱਦਦੀਨ ਸਨ। ਅਸੰਬਲੀ ਵਿੱਚ ਇੱਕ ਸਰਦਾਰ ਨੇ ਭਾਸ਼ਨ ਦੇਣਾ ਸ਼ੁਰੂ ਕੀਤਾ। ਭਾਸ਼ਨ
ਬੇਸੁਰਾ ਸੀ। ਮੀਆਂ ਸ਼ਹਾਬੁੱਦਦੀਨ ਨੇ ਸ਼ੱਟ-ਅਪ ਕਹਿ ਕੇ ਟੋਕਿਆ। ਸਰਦਾਰ ਹੁਰੀਂ ਹੋਰ
ਉੱਚੀ ਬੋਲਣ ਲੱਗ ਪਏ। ਸਪੀਕਰ ਸਾਹਿਬ ਨੇ ਫਿਰ ਸ਼ੱਟ-ਅਪ ਕਿਹਾ ਪਰ ਸਰਦਾਰ ਜੀ ਦੀ ਸੁਰ
ਓਦੂੰ ਵੀ ਉੱਚੀ ਹੋ ਕੇ ਨਿਕਲੀ। ਆਖ਼ਰ, ਸਪੀਕਰ ਨੇ ਹੋਰ ਸਖ਼ਤ ਸ਼ਬਦਾਂ ਵਿੱਚ ਕਿਹਾ,
“ਬਹਿ ਮਰ ਵੀ।” ਉਹ ਸਰਦਾਰ ਜੀ ਬੈਠ ਗਏ। ਅਸੀਂ ਅਸੰਬਲੀ ਤੋਂ ਬਾਹਰ ਆ ਕੇ ਸਰਦਾਰ ਜੀ
ਨੂੰ ਪੁੱਛਿਆ ਕਿ ਤੁਸੀਂ ਸਪੀਕਰ ਸਾਹਿਬ ਦੇ ਪਹਿਲਾਂ ਕਹਿਣ ਉੱਤੇ ਕਿਉਂ ਨਾ ਚੁੱਪ
ਕੀਤੇ? ਸਰਦਾਰ ਜੀ ਨੇ ਉੱਤਰ ਦਿੱਤਾ, “ਮੈਂ ਸਮਝਿਆ ਕਿ ਉਹ ਕਹਿ ਰਹੇ ਨੇ ‘ਸ਼ਾਬਾਸ਼!
ਸ਼ਾਬਾਸ਼’!” ਬੱਸ, ਮੈਂ ਹੋਰ ਉੱਚੀ ਬੋਲਦਾ ਗਿਆ। ਜੇ ਪਹਿਲਾਂ ਠੀਕ ਸਮਝਾਉਂਦੇ ਤਾਂ ਮੈਂ
ਪਹਿਲਾਂ ਬੈਠ ਜਾਣਾ ਸੀ। ਕਪੂਰ ਸਾਹਿਬ ਦਾ ਭਾਵ ਸੀ ਕਿ ਮਾਂ-ਬੋਲੀ ਦੀ ਥਾਂ ਹੋਰ ਕੋਈ
ਬੋਲੀ ਨਹੀਂ ਲੈ ਸਕਦੀ।
ਕਪੂਰ ਸਾਹਿਬ ਨੇ ਭਾਸ਼ਨ ਜਾਰੀ ਰੱਖਦਿਆਂ ਮਾਂ-ਬੋਲੀ ਦੇ ਪਿਆਰ ਵਿੱਚ ਇੱਕ ਹੋਰ ਗੱਲ
ਸੁਣਾਈ। ਇਕ ਵਾਰ ਉਸ ਦਾ ਮਿੱਤਰ ਕਹਿਣ ਲੱਗਾ, “ਪੰਜਾਬੀ ਤਾਂ ਪੇਂਡੂ, ਗੰਵਾਰੂ ਬੋਲੀ
ਆ।” ਕਪੂਰ ਸਾਹਿਬ ਕਹਿਣ ਲੱਗੇ ਕਿ ਮੈਨੂੰ ਆਪਣੇ ਮਿੱਤਰ ਦੇ ਸ਼ਬਦਾਂ ਉੱਤੇ ਬੜੀ
ਹੈਰਾਨੀ ਹੋਈ ਤੇ ਮੈਂ ਉਸ ਨੂੰ ਕਈ ਸਵਾਲ ਕੀਤੇ:
“ਕਿਉਂ ਬਈ, ਜਦ ਤੂੰ ਜੰਮਿਆ ਸੀ,
ਤੈਨੂੰ ਲੋਰੀਆਂ ਪਸ਼ਤੋ ਬੋਲੀ ’ਚ ਮਿਲਿਆਂ ਸਨ?”
“ਨਹੀਂ ਤਾਂ, ਪੰਜਾਬੀ ਵਿੱਚ।”
“ਵੱਡਾ ਹੋ ਕੇ ਤੂੰ ਆਪਣੇ ਆੜੀਆਂ
ਨਾਲ ਬੰਗਾਲੀ ਬੋਲੀ ਵਿੱਚ ਗੱਲਾਂ ਕਰਦਾ ਹੁੰਦਾ ਸੀ?”
“ਨਹੀਂ, ਪੰਜਾਬੀ ਵਿੱਚ।”
“ਜਦ ਤੇਰਾ ਵਿਆਹ ਹੋਇਆ, ਤੇਰੀਆਂ
ਭੈਣਾ ਨੇ ਗੀਤ ਗੁਜਰਾਤੀ ਬੋਲੀ ਵਿੱਚ ਗਾਏ ਸਨ?”
“ਨਹੀਂ, ਪੰਜਾਬੀ ਵਿੱਚ।”
“ਕੀ ਤੂੰ ਆਪਣੀ ਘਰ ਵਾਲੀ ਨਾਲ
ਗੱਲਾਂ ਅੰਗਰੇਜ਼ੀ ਵਿੱਚ ਕਰਦਾ ਏਂ?”
“ਨਹੀਂ, ਪੰਜਾਬੀ ਵਿੱਚ।”
“ਜਦ ਤੂੰ ਮਰੇਂਗਾ, ਤੇਰੇ ਵੈਣ
ਕਿਹੜੀ ਬੋਲੀ ਵਿੱਚ ਪੈਣਗੇ?”
“ਪੰਜਾਬੀ ਵਿੱਚ।”
ਫਿਰ ਕਪੂਰ ਸਾਹਿਬ ਕਹਿਣ ਲੱਗੇ, ਮੈਂ ਉਸ ਨੂੰ ਕਿਹਾ, “ਤੂੰ ਜੰਮਿਆ ਪੰਜਾਬੀ ਵਿੱਚ,
ਮਰਨਾ ਪੰਜਾਬੀ ਵਿੱਚ। ਫਿਰ ਤੈਨੂੰ ਆਪਣੀ ਬੋਲੀ ਨਾਲ ਐਨੀ ਨਫ਼ਰਤ ਕਿਉਂ?” ਬੱਸ, ਉਹ
ਮਿੱਤਰ ਸ਼ਰਮਿੰਦਾ ਹੋ ਗਿਆ।
ਚੱਲਦੇ-ਚੱਲਦੇ ਕਪੂਰ ਸਾਹਿਬ ਦੀ ਇਕ ਹਾਸ-ਰਸ ਗੱਲ:
ਕਿਸੇ ਕਾਰਨ ਕੋਈ ਆਦਮੀ ਕਪੂਰ ਸਾਹਿਬ ਨਾਲ ਉਲਝ ਪਿਆ। ਉਹ ਆਦਮੀ ਕਪੂਰ ਸਾਹਿਬ ਨੂੰ
ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਸ਼ਰੀਫ਼ ਆਦਮੀ ਸਮਝਿਆ ਸੀ। ਕਪੂਰ ਸਾਹਿਬ ਬਿਲੇ,
“ਤੁਸੀਂ ਠੀਕ ਸਮਝਿਆ ਸੀ। ਮੈਂ ਹੀ ਤੈਨੂੰ ਗ਼ਲਤ ਸਮਝਿਆ ਸੀ।” ਕਪੂਰ ਸਾਹਿਬ
ਹਾਜ਼ਰ-ਜਵਾਬ ਬਹੁਤ ਸਨ।
ਕਪੂਰ ਸਾਹਿਬ ਇੱਕ ਮਹਿਕ ਸਨ ਜਿਹੜੀ ਮੋਗੇ ਵਿੱਚ ਹੀ ਨਹੀਂ ਬਲਕਿ ਆਲੇ ਦੁਆਲੇ ਵੀ
ਫੈਲੀ। ਉਸ ਮਹਿਕ ਦੀ ਸੁਗੰਧੀ ਚਾਚਾ ਗੁਰਨਾਮ ਸਿਘ ਤੀਰ ਚੰਡੀਗੜ੍ਹੀਆ, ਸ਼ੇਰ ਜੰਗ
ਜਾਂਗਲੀ, ਕੇ. ਐੱਲ ਗਰਗ, ਦਲੀਪ ਸਿੰਘ ਭੁਪਾਲ ਅਤੇ ਡਾਕਟਰ ਮੁਹਿੰਦਰ ਸਿੰਘ ਹੱਲਨ
ਕੈਲਗਰੀ (ਕਨੇਡਾ) ਵਿੱਚ ਦੇਖੀ ਜਾ ਸਕਦੀ ਹੈ।
ਕਪੂਰ ਸਾਹਿਬ ਮੋਗੇ ਦੀ ਮੁਸਕਾਨ ਸਨ। ਉਹ ਅੰਦਰੋਂ ਪੰਜਾਬੀ ਸਨ, ਬਾਹਰੋਂ ਪੰਜਾਬੀ ਸਨ।
ਬੱਸ, ਪੰਜਾਬੀ-ਮਾਂ ਦੇ ਪਿਆਰੇ ਸਪੂਤ ਸਨ।
(11 ਫਰਵਰੀ
2008)
*****
(Daljit Singh Rakhra)
1107/ 10149 Saskathewan
Drive
Edmonton AB T6E 6B6
Canada
Phone: (780) 989 - 2977
ਦਲਜੀਤ ਸਿੰਘ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਵਾਂ ਪੜ੍ਹਨ ਲਈ ਕਲਿੱਕ ਕਰੋ
>>>>>>>>>>>>