ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

   ਮੁੱਖਪੰਨਾ

          -lyK/aflf-duaflf/jfxkfrI-

 

 

ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਪੜ੍ਹਾਈ ਵਰਦਾਨ ਕਿ ਸਰਾਪ

-ਡਾ: ਅਮਰਜੀਤ ਸਿੰਘ ਕਾਂਗ-
ਸਾਬਕਾ ਡੀਨ, ਆਰਟਸ ਐਂਡ ਲੈਂਗੂਏਜ਼ਜ਼, ਕੁਰਕਸ਼ੇਤਰ ਯੂਨੀਵਰਿਸਟੀ, ਕੁਰਕਸ਼ੇਤਰ
 


ਇਤਿਹਾਸ ਇਸ ਤੱਥ ਦਾ ਪ੍ਰਮਾਣ ਹੈ ਕਿ ਅੰਗਰੇਜ਼ ਸਾਮਰਾਜ ਦਾ ਸੂਰਜ ਕਦੀ ਵੀ ਨਹੀਂ ਸੀ ਡੁਬਦਾ। ਵਿਸ਼ਵ ਵਿੱਚ ਇਸ ਸਾਮਰਾਜ ਦੀਆਂ ਜੜ੍ਹਾਂ ਇਨ੍ਹੀਆਂ ਡੂੰਘੀਆਂ ਹਨ ਕਿ ਗਿਆਨ ਦੀ ਇਕੀਵੀਂ ਸਦੀ ਵਿਚ ਵੀ ਅੰਗਰੇਜ਼ ਅਤੇ ਅੰਗਰਜ਼ੀ ਦੀ ਸਰਵਉਚਤਾ ਬਰਕਰਾਰ ਹੈ। ਲੋਕ ਮਨਾਂ ਵਿੱਚ ਤਾਂ ਅਜੇ ਵੀ ਕਦੀ ਕਦੀ ਸਿਮਰਤੀ ਜਾਗਦੀ ਹੈ ਕਿ ਇਨਾਂ ਨਾਲੋਂ ਤਾਂ ਅੰਗਰੇਜ਼ ਹੀ ਚੰਗੇ ਸਨ। ਅਜਿਹਾ ਇਸ ਲਈ ਹੈ ਕਿ ਅੰਗਰੇਜ਼ਾਂ ਦੀ ਨੀਤੀ ਮੁਲਕਾਂ ਉਪਰ ਕਬਜ਼ੇ ਦੇ ਨਾਲ ਨਾਲ ਉਥੋਂ ਦੇ ਦੇਸੀ ਸਭਿਆਚਾਰ ਨੂੰ ਆਪਣੇ ਰਾਗ ਰੰਗ ਵਿੱਚ ਢਾਲਣਾ ਹੁੰਦਾ ਸੀ। ਇਹ ਉਹੋ ਗੁੱਝੀ ਨੀਤੀ ਹੁੰਦੀ ਸੀ ਜਿਸ ਨਾਲ ਸਾਮਰਾਜੀ ਚਾਲਾਂ ਨੂੰ ਭਵਿਖ ਮਿਲਦਾ ਸੀ। ਵਰਤਮਾਨ ਵਿਚ ਇਹ ਨੀਤੀ ਹਰ ਤਾਕਤਵਰ ਧਿਰ ਨੇ ਅਪਣਾ ਲਈ ਹੈ ਕਿ ਹੁਣ ਧਰਤੀਆਂ ਜਿੱਤਣ ਦੀ ਲੋੜ ਨਹੀਂ । ਦੂਸਰਿਆਂ ਮੁਲਕਾਂ ਦੀਆਂ ਮੰਡੀਆਂ ਨੂੰ ਕਬਜ਼ੇ ਵਿੱਚ ਲੈਣ ਨਾਲ ਹੀ ਮਸਲੇ ਅਤੇ ਮੁਲਕ ਅਧੀਨ ਹੋ ਜਾਣਗੇ। ਵਿਸ਼ਵੀਕਰਨ ਦੇ ਇਸ ਦੌਰ ਵਿੱਚ ਗਰੀਬ ਮੁਲਕ ਆਪਣੇ ਘਰ ਬੈਠਿਆਂ ਹੀ ਗੁਲਾਮ ਬਣ ਰਹੇ ਹਨ। ਇਹ ਗੁਲਾਮੀ ਸੋਚ ਅਤੇ ਚਿੰਤਨ ਦੀ ਹ,ੈ ਭਾਸ਼ਾ ਨੀਤੀ ਦੀ ਹੈ, ਆਪਣਾ ਸਭਿਆਚਾਰ ਭੁਲਾ ਦੇਣ ਵਾਲੀ ਹੈ। ਵਰਤਮਾਨ ਵਿੱਚ ਇਹ ਸਥਿਤੀ ਬੜੀ ਚਿੰਤਾਜਨਕ ਹੈ। ਭਾਸ਼ਾ ਅਤੇ ਸਭਿਆਚਾਰ ਦੇ ਮਿਟ ਜਾਣ ਦੀ ਹੈ। ਗਰੀਬ ਮੁਲਕ ਇਸ ਸਰਾਪ ਵਿੱਚ ਡਸੇ ਜਾ ਰਹੇ ਹਨ। ਪੱਛਮੀ ਪ੍ਰਭਾਵ ਨੇ ਭਾਰਤ ਵਰਗੇ ਸਮਰੱਥ ਦੇਸ ਨੂੰ ਵੀ ਆਪਣੇ ਜੁਲਮ ਜਕੜ ਵਿੱਚ ਲੈ ਲਿਆ ਹੈ ਅਤੇ ਇਹ ਪ੍ਰਭਾਵ ਬੜੇ ਤੇਜੀ ਨਾਲ ਦੇਸੀ ਸਭਿਆਚਾਰ ਅਤੇ ਭਾਸ਼ਾ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਪ੍ਰਦੂਸ਼ਨ ਵਿੱਚ ਅੰਗਰਜ਼ੀ ਜ਼ੁਬਾਨ ਤੇ ਪੱਛਮੀ ਸੰਗੀਤ ਦੀ ਵਡੀ ਭੂਮਿਕਾ ਹੈ। ਇਹ ਉਹ ਮਾਨਸਿਕ ਗੁਲਾਮੀ ਹੈ ਜਿਸ ਨਾਲ ਗਰੀਬ ਮੁਲਕਾਂ ਦੇ ਅਵਚੇਤਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਅੰਗਰੇਜ਼ੀ ਬੋਲਣਾ, ਪੜ੍ਹਨਾਂ ਅਤੇ ਅੰਗਰੇਜ਼ੀ ਪਹਿਰਾਵਾ ਸਾਡੀ ਹੋਂਦ ਨੂੰ ਮਿਟਾ ਰਿਹਾ ਹੈ। ਅਕਸਰ ਇਹ ਮੰਨਿਆ ਜਾਂਦਾ ਹੈ ਕਿ ਕਿਸੇ ਕੌਮ ਦੀ ਹੋਂਦ ਨੂੰ ਮਿਟਾਉਣਾ ਹੋਵੇ ਤਾਂ ਉਸ ਕੌਮ ਲਈ ਉਸਦੀ ਮਾਂ ਬੋਲੀ ਅਜਨਬੀ ਬਣਾ ਦਿਓ। ਵਰਤਮਾਨ ਸਥਿਤੀ ਵਿੱਚ ਵੀ ਅਜਿਹਾ ਹੀ ਹੈ ਅਤੇ ਸਭ ਤੋਂ ਵੱਡਾ ਸਰਾਪ ਪੰਜਾਬੀ ਕੌਮ ਹੰਢਾ ਰਹੀ ਹੈ। ਪੰਜਾਬੀ ਸਭਿਆਚਾਰ ਅਤੇ ਪੰਜਾਬੀ ਭਾਸ਼ਾ ਨਵੀਂ ਪੀੜ੍ਹੀ ਲਈ ਅਜਨਬੀ ਬਣ ਗਈ ਹੈ। ਇਹ ਫੈਸ਼ਨ ਅਧੁਨਿਕਤਾ ਦਾ ਪ੍ਰਤੀਕ ਬਣ ਰਿਹਾ ਹੈ। ਇਹਨਾਂ ਹੱਥਾਂ ਵਿੱਚ ਹੀ ਅੰਗਰੇਜ਼ੀ ਸਰਾਪ ਬਣ ਰਹੀ ਹੈ।

ਇਸ ਤੱਥ ਬਾਰੇ ਦੋ ਰਾਵਾਂ ਨਹੀਂ ਹਨ ਕਿ ਅੰਗਰੇਜ਼ੀ ਅੰਤਰਰਾਸ਼ਟਰੀ ਜ਼ੁਬਾਨ ਬਣ ਚੁੱਕੀ ਹੈ ਅਤੇ ਇਸ ਦਾ ਗਿਆਨ ਬੜਾ ਲਾਜ਼ਮੀ ਹੈ। ਅੰਗਰੇਜ਼ੀ ਦੇ ਗਿਆਨ ਬਿਨਾਂ ਮਨੁੱਖ ਅਧੂਰਾ ਜਾਪਦਾ ਹੈ ਅਤੇ ਭਾਰਤ ਦੇ ਕਈਆਂ ਪ੍ਰਾਂਤਾਂ ਵਿੱਚ ਅੰਗਰਜ਼ੀ ਰਾਹੀਂ ਹੀ ਸੰਚਾਰ ਹੋ ਰਿਹਾ ਹੈ। ਇੱਕ ਪ੍ਰਾਂਤ ਦੀ ਜ਼ੁਬਾਨ ਨਾ ਜਾਨਣ ਵਾਲਾ ਬੰਦਾਂ ਹਿੰਦੀ ਰਾਹੀਂ ਨਹੀਂ ਸਗੋਂ ਅੰਗਰੇਜ਼ੀ ਰਾਹੀ ਹੀ ਆਪਣੀ ਗੱਲ ਦਾ ਸੰਚਾਰ ਕਰਦਾ ਹੈ।
ਸੋ ਸਪੱਸ਼ਟ ਹੈ ਕਿ ਅੰਗਰੇਜ਼ੀ ਦਾ ਗਿਆਨ ਲਾਜ਼ਮੀ ਹੈ। ਇਹ ਸਥਿਤੀ ਉਦੋਂ ਚਿੰਤਾਂਗ੍ਰਸਤ ਹੋ ਜਾਂਦੀ ਹੈ ਜਦੋ ਕੋਈ ਸਮੂਹ ਆਪਣੀ ਜ਼ੁਬਾਨ ਦੀ ਥਾਂ ਅੰਗਰੇਜ਼ੀ ਨੂੰ ਮੂਲ ਦਰਜਾ ਦਿੰਦਾ ਹੈ। ਮਿਸਾਲ ਵਜੋਂ ਜਿੰਨਾਂ ਪ੍ਰਾਂਤਾਂ ਵਿੱਚ ਅੰਗਰਜ਼ੀ ਨੂੰ ਪਹਿਲੀ ਜਮਾਤ ਤੋਂ ਪੜ੍ਹਾਇਆ ਜਾ ਰਿਹਾ ਹੈ ਉਨ੍ਹਾਂ ਪ੍ਰਾਂਤਾਂ ਵਿੱਚ ਮੂਲ ਸਭਿਆਚਾਰ ਅਤੇ ਮਾਂ ਬੋਲੀ ਅਜਨਬੀ ਬਣ ਰਹੀ ਹੈ। ਨਵੀਂ ਪੀੜ੍ਹੀ ਆਪਣੇ ਜਨਮ ਨਾਲ ਹੀ ਅੰਗਰੇਜ਼ੀ ਜ਼ੁਬਾਨ ਵਾਲੇ ਮਹੌਲ ਵਿਚ ਪ੍ਰਵੇਸ਼ ਕਰਦੇ ਹਨ ਤਾਂ ਉਨ੍ਹਾਂ ਦੇ ਮਨਾਂ ਵਿੱਚ ਨਾ ਤਾਂ ਮਾਂ ਬੋਲੀ ਲਈ ਪਿਆਰ ਰਹਿੰਦਾ ਹੈ ਨਾ ਹੀ ਮਾਂ ਬੋਲੀ ਨੂੰ ਪੜ੍ਹਨ ਲਿਖਣ ਦਾ ਰੁਝਾਨ ਜਾਗਦਾ ਹੈ। ਇਸ ਸਥਿਤੀ ਨੂੰ ਪਬਲਿਕ ਸਕੂਲਾਂ ਨੇ ਚਿੰਤਾਜਨਕ ਬਣਾਇਆ ਹੈ। ਪੰਜਾਬੀ ਜ਼ੁਬਾਨ ਨੂੰ ਸਭ ਤੋਂ ਵੱਡੀ ਢਾਅ ਇਨ੍ਹਾਂ ਸਕੂਲਾਂ ਰਾਹੀਂ ਹੀ ਲੱਗੀ ਹੈ। ਇਨ੍ਹਾਂ ਸਕੂਲਾਂ ਵਿੱਚ ਗੱਲਬਾਤ ਅੰਗਰੇਜੀ ਵਿਚ ਕਰਨ ਦਾ ਉਦੇਸ਼ ਹੈ। ਜਿਹੜਾ ਬੱਚਾ ਘਰ ਅਤੇ ਸਕੂਲ ਵਿਚ ਅੰਗਰੇਜ਼ੀ ਬੋਲਣੀ ਸਿੱਖ ਅਤੇ ਲਿਖ ਰਿਹਾ ਹੈ ਉਸਦੇ ਅਵਚੇਤਨ ਵਿੱਚ ਨਾ ਬੋਲੀ ਲਈ ਪਿਆਰ ਪੈਦਾ ਹੋ ਸਕਦਾ ਹੈ ਅਤੇ ਨਾ ਹੀ ਆਪਣੇ ਸਭਿਆਚਾਰ ਲਈ ਗੌਰਵਤਾ ਜਾਗਦੀ ਹੈ। ਜ਼ਾਹਿਰਾ ਰੂਪ ਵਿਚ ਉਹ ਬੜਾ ਪ੍ਰਭਾਵਿਤ ਕਰਦਾ ਹੈ ਪਰ ਭਵਿਖ ਵਿਚ ਉਸਦਾ ਜਿਹੜਾ ਆਤਮਿਕ ਨਿਘਾਰ ਆਉਂਦਾ ਹੈ ਉਹ ਤਰਾਸਦੀ ਮਈ ਹੁੰਦਾ ਹੈ। ਇਹ ਸਥਿਤੀ ਉਦੋਂ ਸੰਕਟਮਈ ਹੋ ਜਾਂਦੀ ਹੈ ਜਦੋਂ ਮੱਧਸ੍ਰੇਣੀ ਦੇ ਬੱਚੇ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਅੰਗਰੇਜ਼ੀ ਲਾਜ਼ਮੀ ਜ਼ੁਬਾਨ ਵਜੋਂ ਪੜ੍ਹਨੀ ਪੈਂਦੀ ਹੈ। ਇਸ ਵਿਦਿਆਰਥੀ ਲਈ ਅੰਗਰੇਜ਼ੀ ਅਜਨਬੀ ਹੈ ਕਿਉਂਕਿ ਇਹ ਜ਼ੁਬਾਨ ਉਸਦੇ ਘਰ ਵਿਚ ਨਹੀਂ ਬੋਲੀ ਜਾਂਦੀ। ਸਕੂਲ ਵਿਚ ਇਹੀ ਜ਼ਬਾਨ ਉਸ ਲਈ ਬੰਧਨ ਬਣ ਜਾਂਦੀ ਹੈ। ਸਰਕਾਰੀ ਅਤੇ ਗੈਰਸਰਕਾਰੀ ਸਕੂਲਾਂ ਵਿੱਚ ਜਦੋਂ ਅੰਗਰੇਜ਼ੀ ਨੂੰ ਪਹਿਲੀ ਜਮਾਤ ਤੋਂ ਪੜ੍ਹਾਉਣ ਦੀ ਨੀਤੀ ਬਣਦੀ ਹੈ ਤਾਂ ਇਹ ਨੀਤੀ ਬੱਚੇ ਦੇ ਆਤਮਿਕ ਨਿਘਾਰ ਦਾ ਕਾਰਨ ਬਣ ਜਾਂਦੀ ਹੈ। ਬੱਚੇ ਦੀ ਸਾਰੀ ਦੀ ਸਾਰੀ ਸਕਤੀ ਇਸ ਜ਼ੁਬਾਨ ਨੂੰ ਰਟਨ ਵਿੱਚ ਲਗ ਜਾਂਦੀ ਹੈ ਅਤੇ ਬਾਕੀ ਦੇ ਸਾਰੇ ਲਾਜ਼ਮੀ ਵਿਸ਼ੇ ਅਣਗੌਲੇ ਰਹਿ ਜਾਂਦੇ ਹਨ। ਆਪਣੀ ਮਾਂ ਬੋਲੀ ਦੇ ਗਿਆਨ ਤੋਂ ਅਧੂਰਾ ਵਿਦਿਆਰਥੀ ਅੰਗਰੇਜ਼ੀ ਦੇ ਜ਼ਿਹਨੀ ਭੈਅ ਵਿੱਚ ਖੀਣ ਹੋ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਪ੍ਰਾਂਤ ਵਿੱਚ ਇਹ ਸਥਿਤੀ ਅੱਜ ਬੜਾ ਵੱਡਾ ਸਰਾਪ ਬਣ ਰਹੀ ਹੈ। ਜਿਨ੍ਹਾਂ ਸਕੂਲਾਂ ਵਿੱਚ ਅੰਗਰੇਜ਼ੀ ਪਹਿਲੀ ਜਮਾਤ ਤੋਂ ਲਾਜ਼ਮੀ ਹੈ ਉਥੇ ਇਹ ਕੁਹਰਾਮ ਤੇਜੀ ਨਾਲ ਫੈਲ ਰਿਹਾ ਹੈ।

ਇਹ ਸਪੱਸ਼ਟ ਹੈ ਕਿ ਮਾਂ ਬੋਲੀ ਦੇ ਗਿਆਨ ਰਾਹੀਂ ਹੀ ਬੱਚੇ ਦੀ ਸਖ਼ਸ਼ੀਅਤ ਅਤੇ ਉਸਦੇ ਜਜ਼ਬਾਤਾਂ ਨੂੰ ਖਿੜਾਓ ਮਿਲਦਾ ਹੈ ਅਤੇ ਜਿਸ ਮਹੌਲ ਵਿੱਚ ਮਾਂ ਬੋਲੀ ਬੋਲਣਾ, ਛੋਟੇ ਅਤੇ ਹੀਣਭਾਵਨਾਂ ਦੀ ਨਿਸ਼ਾਨੀ ਬਣ ਜਾਵੇ ਉਥੇ ਬੱਚੇ ਦੀ ਸਖ਼ਸ਼ੀਅਤ ਅਪੰਗ ਹੋ ਜਾਂਦੀ ਹੈ। ਪੰਜਾਬੀਆਂ ਅੰਦਰ ਅੰਗਰੇਜ਼ੀ ਪ੍ਰਭਾਵ ਤੇਜ਼ੀ ਨਾਲ ਫੈਲ ਰਿਹਾ ਹੈ। ਉਹ ਬੜਾ ਮਾਰੂ ਅਤੇ ਨਵੀਂ ਪੀੜ੍ਹੀ ਨੂੰ ਦਿਮਾਗਹੀਣ ਕਰਨ ਵਾਲਾ ਹੈ। ਪ੍ਰਾਂਤ ਦੀ ਸਰਕਾਰ ਦੀ ਭਾਸ਼ਾ ਨੀਤੀ ਇਸ ਸੰਕਟ ਵਿੱਚ ਮੂਲ ਭੂਮਿਕਾ ਨਿਭਾਉਂਦੀ ਹੈ। ਅਸੀਂ ਸਮਝਦੇ ਹਾਂ ਕਿ ਅੰਗਰੇਜ਼ੀ ਦੀ ਪੜ੍ਹਾਈ ਨੂੰ ਲਾਜ਼ਮੀ ਉਦੋਂ ਬਣਾਇਆ ਜਾਵੇ ਜਦੋਂ ਬੱਚਾ ਲਾਜ਼ਮੀ ਬੌਧਿਕ ਰੂਪ ਵਿੱਚ ਵਿਕਾਸ ਕਰ ਚੁੱਕਾ ਹੋਵੇ। ਦੁਨੀਆਂ ਭਰ ਦੇ ਸਿੱਖਿਆ ਸਾਸ਼ਤਰੀ ਵੀ ਇਸੇ ਗੱਲ ਦੀ ਗਵਾਹੀ ਭਰਦੇ ਹਨ। ਇਹ ਬੌਧਿਕ ਵਿਕਾਸ ਮਾਂ ਬੋਲੀ ਦੁਆਰਾਂ ਹੀ ਹੋਣਾ ਜ਼ਰੂਰੀ ਹੈ। ਇਸ ਸਮੇਂ ਹਰ ਸਰਕਾਰ ਨੂੰ ਆਪਣੀ ਭਾਸ਼ਾ ਨੀਤੀ ਵਿਚ ਪਰਿਵਰਤਨ ਲਿਆਉਣ ਦੀ ਲਈ ਲੋੜ ਹੈ। ਪ੍ਰਾਇਮਰੀ ਸਕੂਲ ਤੱਕ ਮਾਂ ਬੋਲੀ ਦਾ ਭਰਵਾ ਗਿਆਨ ਦੇਣ ਦੀ ਲੋੜ ਹੈ। ਦੂਸਰੇ ਵਿਸ਼ਿਆਂ ਨੂੰ ਅੰਗਰੇਜ਼ੀ ਦੇ ਮਾਧਿਆਮ ਰਾਹੀਂ ਨਹੀਂ ਸਗੋਂ ਮਾਂ ਬੋਲੀ ਦੇ ਮਾਧਿਆਮ ਰਾਹੀਂ ਹੀ ਪੜ੍ਹਾਇਆ ਜਾਵੇ। ਇਸ ਲੋੜ ਦੀ ਪੂਰਤੀ ਲਈ ਨਵੀਆਂ ਪਾਠ ਪੁਸਤਕਾਂ ਤਿਆਰ ਕੀਤੀਆ ਜਾਣੀਆਂ ਚਾਹੀਦੀਆਂ ਹਨ। ਸਿਖਿਆ ਨੂੰ ਜਦੋਂ ਮਾਂ ਬੋਲੀ ਦੇ ਮਾਧਿਆਮ ਰਾਹੀਂ ਪੜ੍ਹਇਆ ਜਾਵੇਗਾ ਤਾਂ ਸਿੱਟੇ ਭਵਿਖਮੁਖੀ ਹੋਣਗੇ। ਬੱਚੇ ਦੀ ਸ਼ਕਤੀ ਨੂੰ ਖਿੜਾਓ ਮਿਲੇਗਾ ਅਤੇ ਸਖ਼ਸ਼ੀਅਤ ਵਿੱਚ ਨਿਖਾਰ ਆ ਸਕੇਗਾ। ਅਜਿਹਾ ਕੋਈ ਵੀ ਗਿਆਨ ਨਹੀਂ ਜੋ ਮਾਂ ਬੋਲੀ ਦੇ ਮਾਧਿਆਮ ਰਾਹੀਂ ਨਾ ਦਿੱਤਾ ਜਾ ਸਕੇ। ਜਿਨਾਂ ਮੁਲਕਾਂ ਵਿੱਚ ਅੰਗਰਜ਼ੀ ਪੜ੍ਹਾਈ ਦਾ ਮਾਧਿਆਮ ਨਹੀਂ ਉਥੇ ਮਾਂ ਬੋਲੀ ਵਿਚ ਪਾਠ ਪੁਸਤਕਾਂ ਤਿਆਰ ਕੀਤੀਆਂ ਜਾਂਦੀਆਂ ਹਨ। ਚੀਨ, ਜਪਾਨ, ਫਰਾਂਸ ਅਤੇ ਜਰਮਨੀ ਵਰਗੇ ਮੁਲਕ ਇਸ ਦੀ ਜੀਵਿਤ ਮਿਸਾਲ ਹਨ। ਭਾਰਤ ਵਿੱਚ ਬੰਗਾਲੀ ਇਸ ਸੋਚ ਦੇ ਧਾਰਨੀ ਹਨ ਕਿ ਪਹਿਲਾਂ ਦਰਜਾ ਮਾਂ ਬੋਲੀ ਲਈ ਹੈ ਅਤੇ ਪੰਜਾਬੀ ਸਮੂਹ ਇਸ ਪੱਖੋ ਥਿੜਕਿਆ ਸਮੂਹ ਹੈ ਜੋ ਦਿਨ-ਬ-ਦਿਨ ਜ਼ੁਬਾਨ ਦੇ ਮਾਮਲੇ ਵਿੱਚ ਰਸਾਤਲ ਵਲ ਜਾ ਰਿਹਾ ਹੈ। ਵਰਤਮਾਨ ਸਥਿਤੀ ਵਿੱਚ ਮੂਲ ਫੈਸਲੇ ਲੈਣੇ ਜ਼ਰੂਰੀ ਹਨ। ਭਾਸ਼ਾ ਨੀਤੀ ਨੂੰ ਬਦਲਣਾ ਜ਼ਰੂਰੀ ਹੈ। ਪੰਜਾਬੀ ਨੂੰ ਪਹਿਲੀ ਜਮਾਤ ਤੋਂ ਜ਼ਰੂਰੀ ਬਣਾਇਆ ਜਾਵੇ। ਨਵੀਂਆਂ ਪਾਠ ਪੁਸਤਕਾਂ ਤਿਆਰ ਕੀਤੀਆ ਜਾਣ। ਪੰਜਾਬੀ ਮਾਧਿਆਮ ਰਾਹੀਂ ਬੱਚਾ ਜਦੋਂ ਵਿਦਿਆ ਗ੍ਰਹਿਣ ਕਰੇਗਾ ਤਾਂ ਉਸ ਅੰਦਰ ਗੌਰਵਤਾ ਦਾ ਅਹਿਸਾਸ ਜਾਗੇਗਾ। ਬੱਚੇ ਦੀ ਸ਼ਕਤੀ ਨੂੰ ਅਜਨਬੀ ਜ਼ੁਬਾਨ ਦੀ ਰਟਨ ਨੀਤੀ ਲਈ ਨਸ਼ਟ ਕਰਨਾ ਸਰਾਪ ਹੈ। ਅਜਨਬੀ ਜ਼ੁਬਾਨ ਉਦੋਂ ਵਰਦਾਨ ਬਣਦੀ ਹੈ ਜਦੋਂ ਉਸਨੂੰ ਆਪਣੀ ਜ਼ਹਿਨੀਅਤ ਉਪਰ ਭਾਰੂ ਨਹੀਂ ਹੋਣ ਦਿੱਤਾ ਜਾਂਦਾ। ਪੰਜਾਬੀਆਂ ਨੂੰ ਇਸ ਸਮਂ ਨਿੱਠ ਕਿ ਆਪਣੀ ਜ਼ੁਬਾਨ ਲਈ ਲਾਮਬੰਦ ਹੋਣ ਦੀ ਲੋੜ ਹੈ।

*******

(11 ਫਰਵਰੀ 2008 ਚਾਤ੍ਰਿਕ ਯੂਨੀਕੋਡ

ਡਾ: ਅਮਰਜੀਤ ਸਿੰਘ ਕਾਂਗ ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.