ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

-ਕਹਾਣੀ-
ਧੂਣੀ

-ਮੇਜਰ ਮਾਂਗਟ-

ਆਖਰ ਪ੍ਰੋ: ਦੇਵ ਨੇ ਆਪਣਾ ਇਤਿਹਾਸਕ ਨਾਵਲ ਪੂਰਾ ਕਰ ਹੀ ਲਿਆ।ਹੁਣ ਉਸ ਨੂੰ ਸਮਝ ਨਹੀਂ ਸੀ ਪੈਂਦੀ ਇਸ ਦਾ ਨਾਂ ਕੀ ਰੱਖੇ।ਇਸ ਪ੍ਰੋਜੈਕਟ ਤੇ ਉਸ ਨੇ ਦਸ ਸਾਲ ਲਾਏ ਸਨ।ਜਿਵੇ ਕੋਈ ਜੋਗੀ ਤਪੱਸਿਆ ਕਰਦਾ ਹੈ।ਕਨੇਡਾ ਆਕੇ ਜਦੋਂ ਉਹ ਨਾਵਲ ਤੇ ਛੇ ਛੇ ਘੰਟੇ ਦੀ ਸਿਟਿੰਗ ਕਰ ਰਿਹਾ ਸੀ ਤਾਂ ਉਸ ਦੀ ਪਤਨੀ ਆਖਦੀ “ਫੇਰ ਬਹਿ ਗਏ ਧੂਣਾ ਰਮਾ ਕੇ ਤੁਸੀਂ ਤਾਂ ਸਾਧਾਂ ਨੂੰ ਵੀ ਪਿੱਛੇ ਛੱਡ ਗਏ”।ਪ੍ਰੋ: ਦੇਵ ਮੁੱਢ ਤੋਂ ਹੀ ਸਿਰੜੀ ਸੀ।ਇਤਿਹਾਸ ਉਸ ਲਈ ਦਿਲਚਸਪ ਵਿਸ਼ਾ ਸੀ ਤੇ ਸੰਗੀਤ ਉਸ ਦੀ ਜਿੰਦ ਜਾਨ।ਪ੍ਰੋਫੈਸਰ ਵੀ ਤਾਂ ਉਹ ਸੰਗੀਤ ਦਾ ਹੀ ਸੀ।ਪਰ ਪੁਰਾਤਨ ਨੂੰ ਖੋਜਣਾ ਉਸ ਦੀ ਪੁਰਾਣੀ ਆਦਤ ਸੀ।ਭਾਵੇਂ ਉਹ ਆਧੁਨਿਕ ਵਿਚਾਰਾ ਦਾ ਹਾਮੀ ਤੇ ਵਰਤਮਾਨ ਵਿੱਚ ਜੀਣ ਵਾਲਾ ਬੰਦਾ ਹੈ ਪਰ ਤਾਂ ਵੀ ਉਸ ਨੂੰ ਲੱਗਦਾ ਰਹਿੰਦਾ ਹੈ ਕਿ ਉਹ ਆਪਣੇ ਮਨ ਤੇ ਪੁਰਾਤਨ ਰੂੜੀਆਂ ਦਾ ਭਾਰ ਲੈ ਕੇ ਜੀ ਰਿਹਾ ਹੈ।ਇਸ ਖਲਜਗਣ ‘ਚੋਂ ਨਿੱਕਲਣ ਲਈ ਹੀ ਤਾਂ ਉਹ ਪ੍ਰਫੈਸਰੀ ਨੂੰ ਲੱਤ ਮਾਰ ਕੇ ਕਨੇਡਾ ਆ ਗਿਆ ਸੀ।ਪਰ ਆਖਣ ਵਾਲੇ ਆਖਦੇ ਸਨ ਅਜਿਹੀ ਉਸ ਦੀ ਦੇਰ ਦੀ ਲਾਲਸਾ ਸੀ।ਦਰਅਸਲ ਕਨੇਡਾ ਵਿੱਚ ਉਸ ਦੀ ਉਹ ਪ੍ਰੇਮਿਕਾ ਰਹਿੰਦੀ ਸੀ ਜਿਸ ਨਾਲ ਉਸ ਦਾ ਅੰਤਰਜਾਤੀ ਵਿਆਹ ਨਹੀਂ ਸੀ ਹੋ ਸਕਿਆ।ਉਸ ਦੇ ਵਿਦਿਆਰਥੀ ਅਤੇ ਬਹੁਤੇ ਲੋਕ ਇਸ ਕਹਾਣੀ ਨੂੰ ਜਾਣਦੇ ਸਨ।

ਜਦੋਂ ਪ੍ਰੋ: ਦੇਵ ਆਪਣੇ ਨਾਵਲ ਦੇ ਖੋਜ ਪ੍ਰਜੈਕਟ ਤੇ ਕੰਮ ਕਰਦਾ ਕਦੀ ਸੰਘੋਲ ਕਦੀ ਰਾਹੋਂ ਜਾਂ ਹੋਰ ਕਿਤੇ ਹੜੱਪਾ ਜਾਂ ਮੋਹਨਜੋਦਰੋਂ ਨਾਲ ਸਬੰਧਤ ਖੰਡਰ ਖੋਜਦਾ।ਤਾਂ ਲੋਕ ਕਹਿੰਦੇ ਉਹ ਆਪਣਾ ਅਤੀਤ ਢੂੰਡ ਰਿਹਾ ਹੈ।ਅਜਿਹੇ ਖੰਡਰ ਤਾਂ ਉਸ ਦੀ ਛਾਤੀ ਵਿੱਚ ਵੀ ਹਨ...।ਕਦੀ ਕਦੀ ਯਾਦਾਂ ਦੀ ਡੰਗੋਰੀ ਲੈ ਕੇ ਉਹ ਇਨ੍ਹਾਂ ਖੰਡਰਾਂ ਦੀ ਸੈਰ ਨੂੰ ਨਿੱਕਲ ਤੁਰਦਾ ਹੈ।

ਆਪਣੀ ਰਹਿ ਚੁੱਕੀ ਪ੍ਰੇਮਕਾ ਰੂਪਾ ਦਾ ਪਿਆਰ ਉਸ ਦੀ ਛਾਤੀ ਅੰਦਰ ਇੱਕ ਅਜਿਹਾ ਹੀ ਖੰਡਰ ਸੀ।ਕਿੰਨੀ ਸੋਹਣੀ ਤੇ ਸੰਗੀਤ ਦੀ ਮਾਹਰ ਸੀ ਉਹ।ਜਿੱਥੇ ਉਹ ਅਜੰਤਾ ਇਲੋਰਾ ਦੀ ਕੋਈ ਸੁੰਦਰ ਮੂਰਤੀ ਸੀ ਉੱਥੇ ਪੁਰਾਤਨ ਥੇਹਾਂ ‘ਚੋਂ ਨਿੱਕਲੇ ਸਮਾਨ ਵਾਂਗੂੰ,ਯਾਦਾਂ ਦੇ ਪੁਰਾਣੇ ਠੀਕਰ ਹਾਰ ਹਮੇਲਾਂ ਤੇ ਕੀਮਤੀ ਵਸਤਾਂ ਉਮਰ ਦਾ ਸਰਮਾਇਆ ਸਨ।ਕਦੀ ਕਦੀ ਇਹ ਕੰਕਰ ਪੱਥਰ ਉਸਦੇ ਸੀਨੇ ਵਿੱਚ ਚੁਭਣ ਲੱਗ ਜਾਂਦੇ।ਉਹ ਬੇਚੈਨ ਹੋ ਜਾਂਦਾ,ਤੇ ਸੋਚਦਾ ਮਨ ਦੇ ਖੰਡਰ ਨੂੰ ਵੀ ਖੋਜ ਹੀ ਲੈਣਾ ਚਾਹੀਦਾ ਹੈ।ਬੱਸ ਫਿਰ ਉਸ ਨੇ ਪੁਆਇੰਟ ਸਿਸਟਮ ਤੇ ਕਨੇਡਾ ਲਈ ਅਪਲਾਈ ਕਰ ਦਿੱਤਾ ਸੀ।

ਕਨੇਡਾ ਆਕੇ ਉਸ ਨੇ ਕੁੱਝ ਕੰਮ ਵੀ ਕੀਤਾ ਤੇ ਆਪਣੀ ਸੰਗੀਤ ਅਕੈਡਮੀ ਵੀ ਖੋਹਲੀ।ਇਸ ਦੇ ਨਾਲ ਨਾਲ ਆਪਣਾ ਅਧੂਰਾ ਨਾਵਲ ਵੀ ਪੂਰਾ ਕੀਤਾ।ਅਜੇ ਉਸ ਨੂੰ ਆਪਣੇ ਨਾਵਲ ਦਾ ਨਾਂ ਨਹੀਂ ਸੀ ਔੜ ਰਿਹਾ।ਇੱਕ ਦਿਨ ਉਸਦੀ ਸੰਗੀਤ ਅਕੈਡਮੀ ਨੂੰ ਇੱਕ ਅਜਿਹਾ ਫੋਨ ਆਇਆ ਕਿ ਜਿਸ ਨੇ ਧਰਤੀ ਹੇਠ ਦੱਬੇ ਖੰਡਰ ਮੁੜ ਸੁਰਜੀਤ ਕਰ ਦਿੱਤੇ।ਇਹ ਫੋਨ ਕਿਸੇ ਹੋਰ ਦਾ ਨਹੀਂ ਬਲਕਿ ਪ੍ਰੋ: ਦੇਵ ਦੀ ਪ੍ਰੇਮਿਕਾ ਰਹਿ ਚੁੱਕੀ ਰੂਪਾ ਦਾ ਹੀ ਸੀ।
ਰੂਪਾ ਨੇ ਫੋਨ ਕਰਕੇ ਕਿਹਾ ਸੀ ਕਿ ਉਹ ਆਪਣੀ ਧੀ ਸਰਗਮ ਨੂੰ ਸੰਗੀਤ ਸਿਖਾਉਣਾ ਚਾਹੁੰਦੀ ਹੈ।
ਉਹ ਸੰਗੀਤ ਜਿਸ ਦਾ ਕੋਈ ਧਰਮ ਨਹੀਂ,ਦੇਸ਼ ਨਹੀਂ,ਜ਼ੁਬਾਨ ਨਹੀਂ।ਜੋ ਦਿਲ ਦੀ ਠੱਕ ਠੱਕ ਦੇ ਨਾਲ ਹੀ ਵੱਜਦਾ ਏ।ਪੂਰੀ ਪ੍ਰਾਕਿਰਤੀ ਵਿੱਚ ਕਦੇ ਪੌਣ,ਕਦੀਂ ਬਾਰਿਸ਼,ਕਦੀ ਬੱਦਲਾਂ ਦੀ ਗੜਗੜਾਹਟ ਤੇ ਕਦੀ ਸਮੁੰਦਰੀ ਲਹਿਰਾਂ ਬਣਕੇ ਗੂੰਜਦਾ ਏ।ਉਹ ਸੰਗੀਤ ਜਿਸ ਨਾਲ ਰੂਪਾ ਤੇ ਦੇਵ ਜੁੜੇ ਹੋਏ ਸਨ।

ਯਾਦਾਂ ਅੱਜ ਵੀ ਤਾਜਾ ਨੇ।ਦੋਹਾਂ ਨੇ ਰਲਕੇ ਕਿਸੇ ਸਮੇਂ ਅਨੇਕਾਂ ਹੀ ਯੂਥਫੈਸਟੀਵਲਾਂ ਤੇ ਹੋਰ ਮੁਕਾਬਲਿਆਂ ‘ਚ ਭਾਗ ਲਿਆ ਤੇ ਆਪਣੇ ਕਾਲਜ ਲਈ ਟ੍ਰਾਫੀਆਂ ਜਿੱਤ ਕੇ ਲਿਆਏ।ਪਰ ਦੋਹਾਂ ਦੀ ਸੰਗੀਤ ਜੋੜੀ ਜੀਵਨ ਜੋੜੀ ਨਹੀਂ ਸੀ ਬਣ ਸਕੀ।ਮਧੁਰ ਸੰਗੀਤ ਦਾ ਛੜਕਾ ਜਾਤ ਪਾਤ ਨਾਲ ਭਰੇ ਮਨਾਂ ਤੇ ਨਾ ਹੋ ਸਕਿਆ।ਸੰਗੀਤ ਨੂੰ ਰੱਬ ਸਮਝਣ ਵਾਲਿਆਂ ਨੂੰ ਉਦੋਂ ਹੀ ਪਤਾ ਲੱਗਾ ਕਿ ‘ਸੰਗੀਤ ਨਹੀਂ ਸਮਾਜ ਵੱਡਾ ਅਤੇ ਵੱਧ ਤਾਕਤਵਰ ਹੁੰਦਾ ਹੈ’।ਕਈ ਵਾਰ ਸੰਗੀਤਕ ਧੁਨਾ ਤੇ ਹਿੱਲ ਰਹੇ ਪੈਰ ਅਤੇ ਝੂਮ ਰਹੇ ਸਿਰ ਮਹਿਜ਼ ਇੱਕ ਡਰਾਮਾ ਹੀ ਹੁੰਦਾ ਹੈ।ਮਨੁੱਖ ਦੀ ਹਾਉਮੈ ਨਾਲੋਂ ਕੁੱਝ ਵੀ ਵੱਡਾ ਨਹੀਂ ਹੁੰਦਾ।ਜਿਸ ਤੱਕ ਧਰਮ ਜਾਂ ਸੰਗੀਤ ਦਾ ਪਾਣੀ ਔਖਾ ਹੀ ਅੱਪੜਦਾ ਹੈ।ਜੇ ਅੱਪੜਦਾ ਹੁੰਦਾ ਤਾਂ ਅੱਜ ਇਹ ਹਾਲ ਨਾਂ ਹੁੰਦੇ’।ਪ੍ਰੋ: ਦੇਵ ਬੈਠਾ ਪਤਾ ਨਹੀਂ ਕੀ ਕੁੱਝ ਸੋਚੀ ਜਾ ਰਿਹਾ ਸੀ।

ਕਹਿਣ ਨੂੰ ਤਾਂ ਦੋਹਾਂ ਦੇ ਪਰਿਵਾਰ ਪੜ੍ਹੇ ਲਿਖੇ ਸਨ,ਸੰਗੀਤ ਨੂੰ ਵੀ ਪਿਆਰ ਕਰਦੇ ਸਨ,ਪਰ ਜਾਤ ਪਾਤ ਉਨ੍ਹਾਂ ਤੋਂ ਉੱਚੀ ਸੀ।ਫੇਰ ਜੇ ਕੁੜੀ ਲਈ ਮੁੰਡਾ ਵੀ ਕਨੇਡਾ ਵਾਲਾ ਮਿਲ ਜਾਵੇ ਤਾਂ ਪਿਆਰ ਵਿਆਰ ਨੂੰ ਕੌਣ ਪੁੱਛਦਾ ਹੈ?ਕੁੜੀ ਦੇ ਪਿਉ ਨੇ ਕਿਸੇ ਦੀ ਵੀ ਨਹੀਂ ਸੀ ਸੁਣੀ ਉਨ੍ਹੇ ਕਿਹਾ “ਗੌਣਾ ਬਜੌਣਾ ਸ਼ੌਂਕ ਜਰੂਰ ਹੈ ਪਰ ਮੇਰੀ ਕੁੜੀ ਨੇ ਕਿਤੇ ਇਹ ਕੰਨਾਂ ਨੂੰ ਬੰਨਣੈ।ਜਾਤ ਬਰਾਦਰੀ ਦੀ ਵੀ ਤਾਂ ਗੱਲ ਹੁੰਦੀ ਆ... ਤੇ ਦੂਜੇ ਪਾਸੇ ਕਨੇਡਾ ਵਾਲਾ ਮੁੰਡਾ ਮਿਲਦੈ।ਏਹਜੇ ਪੜ੍ਹੇ ਲਿਖੇ ਤਾਂ ਏਥੇ ਵੀਹ ਤੁਰੇ ਫਿਰਦੇ ਨੇ” ਦੇਵ ਨੂੰ ਜਾਪਿਆ ਸੀ ਜਿਵੇਂ ਫੁੱਲਾਂ ਦੀ ਖੇਤੀ ਤੇ ਗੜ੍ਹੇ ਮਾਰ ਹੋ ਗਈ ਹੋਵੇ।

ਫਿਰ ਦਿਲ ‘ਚ ਹਜ਼ਾਰਾਂ ਅਰਮਾਨ ਦੱਬੀਂ ਰੂਪਾ ਜਹਾਜ਼ ਚੜ ਗਈ।ਉਸ ਦੇ ਮਨ ਅੰਦਰਲਾ ਸੰਗੀਤ ਵੀ ਸੌਂ ਗਿਆ।ਦੇਵ ਵੀ ਟੁੱਟ ਗਿਆ ਸੀ।ਖਾਣਾ ਪੀਣਾ ਪਹਿਨਣਾ ਸਭ ਕੁੱਝ ਭੁੱਲ ਗਿਆ।ਪਰ ਇਉਂ ਟੁੱਟਿਆਂ ਤਾਂ ਸਰਨਾ ਨਹੀਂ ਸੀ।ਉਸਨੇ ਸੰਗੀਤ ਦਾ ਸਾਥ ਨਾਂ ਛੱਡਿਆ।ਉਹ ਜਦੋਂ ਹਰਮੋਨੀਅਮ ਤੇ ਕੋਈ ਉਦਾਸ ਗੀਤ ਛੋਂਹਦਾ ਤਾਂ ਲੋਕਾਂ ਦੇ ਅਥਰੂ ਵਹਿ ਤੁਰਦੇ।ਉਸਦੀ ਕਹਾਣੀ ਲੋਕਾਂ ਲਈ ਦੰਦ ਕਥਾ ਬਣ ਗਈ।ਜਦੋਂ ਉਸ ਨੇ ਸੰਗੀਤ ਦੀ ਡਿਗਰੀ ਪੂਰੀ ਕੀਤੀ ਤਾਂ ਉਸੇ ਕਾਲਜ ਨੇ ਦੇਵ ਨੂੰ ਸੰਗੀਤ ਦਾ ਲੈਕਚਰਾਰ ਰੱਖ ਲਿਆ।ਵਰਿਆਂ ਦੇ ਵਰੇ ਬੀਤ ਗਏ ਪਰ ਟੁੱਟੇ ਪਿਆਰ ਦੀਆਂ ਕਿਰਚਾਂ ਉਸਦੇ ਮਨ ‘ਚ ਰੜਕਦੀਆਂ ਰਹੀਆਂ।

ਜਦੋਂ ਕੋਈ ਕਨੇਡਾ ਤੋਂ ਆਉਂਦਾ ਜਾਂ ਜਾਂਦਾ ਤਾਂ ਉਸ ਨੂੰ ਰੂਪਾ ਯਾਦ ਆਂਉਦੀ।ਰੂਪਾ ਦੀ ਯਾਦ ਨੂੰ ਉਹ ਸੰਗੀਤ ਸੰਗ ਵਰਚਾਉਂਦਾ।

ਆਪਣੇ ਕਾਲਜ ਵਿੱਚ ਪ੍ਰੋ: ਦੇਵ ਨੇ ਕਈ ਸੰਗੀਤ ਜੋੜੀਆਂ ਤਿਆਰ ਕੀਤੀਆਂ।ਜੋ ਉਨ੍ਹਾਂ ਵਾਂਗੂੰ ਹੀ ਅੰਤਰਕਾਲਜ ਮੁਕਾਬਲੇ ਜਿੱਤ ਕੇ ਲਿਆਈਆਂ।ਬਾਅਦ ਵਿੱਚ ਦੇਵ ਦੇ ਕਈ ਸ਼ਾਗਿਰਦ ਗਾਇਕੀ ਦੇ ਖੇਤਰ ਵਿੱਚ ਮਸ਼ਹੂਰ ਵੀ ਹੋਏ।ਜੋ ਅੱਜ ਵੀ ਜਦੋਂ ਮਿਲਦੇ ਉਸ ਦੇ ਗੋਡੀਂ ਹੱਥ ਲਾਉਂਦੇ।ਬਾਅਦ ਵਿੱਚ ਪ੍ਰੋ: ਦੇਵ ਦਾ ਵਿਆਹ ਪ੍ਰੋ:ਅਨੀਤਾ ਨਾਲ ਹੋ ਗਿਆ ਸੀ ਜੋ ਹਿਸਟਰੀ ਦੀ ਲੈਕਚਰਾਰ ਸੀ।ਦੋਹਾਂ ਦਾ ਟੇਸਟ ਤਾਂ ਨਹੀਂ ਸੀ ਮਿਲਦਾ ਪਰ ਕਿੱਤਾ ਜਰੂਰ ਮਿਲਦਾ ਸੀ।ਭਾਂਵੇ ਅਰੇਂਜ ਮੈਰਿਜ ਸੀ ਪਰ ਤਾਂ ਵੀ ਵਕਤ ਚੰਗਾ ਗੁਜਰ ਰਿਹਾ ਸੀ।

ਉਨ੍ਹਾਂ ਦੇ ਨਾਲ ਦੇ ਕਈ ਪ੍ਰੋਫੈਸਰ ਬਾਹਰਲੇ ਮੁਲਕਾਂ ਜਾ ਵਸੇ ਸਨ।ਰੀਸੋ ਰੀਸ ਇੱਕ ਦਿਨ ਅਨੀਤਾ ਨੇ ਵੀ ਕਹਿ ਹੀ ਦਿੱਤਾ ਸੀ “ਸਾਰੇ ਲੋਕ ਬਾਹਰਲੇ ਮੁਲਕਾਂ ਨੂੰ ਜਾਈ ਜਾਂਦੇ ਨੇ ਆਪਾਂ ਵੀ ਕਨੇਡਾ ਲਈ ਅਪਲਾਈ ਕਰਕੇ ਦੇਖ ਲੈਂਦੇ ਹਾਂ”।ਲੋਕ ਬੱਚਿਆਂ ਖਾਤਰ ਜਾਂਦੇ ਨੇ ਆਪਾਂ ਆਪਣੇ ਲਈ ਹੀ ਸਈ।ਵਿਆਹ ਤੋਂ ਕਈ ਸਾਲ ਬਾਅਦ ਵੀ ਜਦੋਂ ਉਨ੍ਹਾਂ ਦੇ ਬੱਚਾ ਨਾ ਹੋਇਆ ਤਾਂ ਉਨ੍ਹਾਂ ਨੇ ਇਹ ਆਸ ਹੀ ਛੱਡ ਦਿੱਤੀ।ਪਰ ਜੀਣਾ ਤਾਂ ਨੀ ਛੱਡਿਆ ਜਾ ਸਕਦਾ ਤੇ ਨਾਂ ਹੀ ਸੁਪਨੇ ਤਿਆਗੇ ਜਾ ਸਕਦੇ ਨੇ।ਬਾਹਰਲੇ ਮੁਲਕ ਜਾਣਾ ਤਾਂ ਦੋਹਾਂ ਦਾ ਹੀ ਸੁਪਨਾ ਸੀ।

ਗੱਲ ਦੇਵ ਦੇ ਦਿਲ ਨੂੰ ਲੱਗ ਗਈ।ਸੁਆਹ ਹੇਠਾਂ ਦੱਬੀ ਅੱਗ ਨੂੰ ਜਿਵੇਂ ਹਵਾ ਦਾ ਬੁੱਲਾ ਜਿਹਾ ਮਿਲ ਗਿਆ।ਰੂਪਾ ਨੂੰ ਹਵਾਵਾਂ ਹੱਥ ਸੁਨੇਹਾ ਭੇਜਦੇ ਦੇਵ ਨੇ ਇੱਕ ਦਿਨ ਸੱਚਮੁੱਚ ਹੀ ਕਨੇਡਾ ਲਈ ਪੇਪਰ ਭਰ ਦਿੱਤੇ।ਤੇ ਫੇਰ ਦੋ ਸਾਲ ਦੇ ਵਿੱਚ ਹੀ ਕਨੇਡਾ ਦਾ ਵੀਜਾ ਵੀ ਆ ਗਿਆ।

ਉਹ ਵਿਸਾਖੀ ਦੇ ਦਿਨ ਸਨ।ਟੋਰਾਂਟੋ ਵਿੱਚ ਹੋਣ ਵਾਲੇ ਵਿਸਾਖੀ ਮੇਲੇ ਵਿੱਚ ਪ੍ਰਸਿੱਧ ਗਾਇਕ ਬਲਜੀਤ ਬੱਲਾ ਵੀ ਜਾ ਰਿਹਾ ਸੀ ਜੋ ਪ੍ਰੋ: ਦੇਵ ਦਾ ਸ਼ਾਗਿਰਦ ਸੀ।ਜਦੋਂ ਪੋ: ਦੇਵ ਨੇ ਉਨ੍ਹਾਂ ਨੂੰ ਆਪਣੇ ਜਾਣ ਦੀ ਵੀ ਗੱਲ ਦੱਸੀ ਤਾਂ ਉਹ ਚਹਿਕ ਉੱਠਿਆ।ਤਾਂ ਉਨੇ ਪ੍ਰੋ: ਦੇਵ ਨੂੰ ਕਿਹਾ
“ਸਰ ਸਟੇਜ ਦੀ ਕਾਰਵਾਈ ਥੋਡੇ ਤੋਂ ਵਧੀਆ ਹੋਰ ਕੌਣ ਸੰਭਾਲ ਸਕਦਾ ਹੈ?ਮੈਂ ਪ੍ਰਮੋਟਰ ਨੂੰ ਕਹਾਂਗਾ ਉਹ ਤੁਹਾਨੂੰ ਵੀ ਸ਼ੋਅ ਵਿੱਚ ਸ਼ਾਮਲ ਕਰ ਲੈਣਗੇ”।

ਟੋਰਾਂਟੋ ਵਿੱਚ ਆਪਣੀ ਆਮਦ ਦਾ ਢੰਡੋਰਾ ਪਿੱਟਣ ਲਈ ਇਸ ਤੋਂ ਵਧੀਆ ਮੌਕਾ ਭਲਾਂ ਹੋਰ ਕੀ ਹੋ ਸਕਦਾ ਸੀ।ਥਾਂ ਥਾਂ ਇਸ਼ਤਿਹਾਰਾਂ ਵਿੱਚ ਤੇ ਅਖਬਾਰਾਂ ਵਿੱਚ ਨਾਂ।ਰੇਡੀਉ ਟੀ ਵੀ ਹਰ ਥਾਂ ਤੇ ਉਨ੍ਹਾਂ ਦੇ ਨਾਂ ਦੇ ਚਰਚੇ ਹੋਣਗੇ।ਕਿਤੇ ਤਾਂ ਰੂਪਾ ਦੇ ਨਜ਼ਰੀਂ ਚੜ ਹੀ ਜਾਵੇਗਾ।

ਪ੍ਰੋ: ਦੇਵ ਨੇ ਤੁਰੰਤ ਹਾਂ ਕਰ ਦਿੱਤੀ।ਉਹ ਪੰਜ ਅਪਰੈਲ ਨੂੰ ਟੋਰਾਂਟੋ ਪਹੁੰਚੇ ਤੇ ਕਲਾਕਾਰ ਦਸ ਅਪਰੈਲ ਨੂੰ।ਚੌਦਾਂ ਅਪਰੈਲ ਦਾ ਸ਼ੋਅ ਸੀ।ਗਾਇਕ ਬੱਲੇ ਨੇ ਹੋਟਲ ਵਿੱਚ ਪਹੁੰਚਣ ਸਾਰ ਪ੍ਰੋ: ਦੇਵ ਨੂੰ ਦਿੱਤੇ ਹੋਏ ਨੰਬਰ ਤੇ ਫੋਨ ਕਰ ਦਿੱਤਾ।ਜੋ ਅਪਣੇ ਕਾਲਜ ਦੇ ਦੋਸਤ ਦਲਜੀਤ ਕੋਲ ਠਹਿਰੇ ਹੋਏ ਸਨ।ਤੇ ਉਹ ਉੇਸੇ ਸ਼ਾਮ ਪ੍ਰੋ: ਦੇਵ ਨੂੰ ਕਾਰ ‘ਚ ਬਿਠਾ ਕੇ ਹੋਟਲ ਵਿੱਚ ਮਿਲਾ ਲਿਆਇਆ।ਸ਼ੋਅ ਦੀ ਤਿਆਰੀ ਪੂਰੇ ਜੋਰ ਸ਼ੋਰ ਨਾਲ ਆਰੰਭ ਹੋ ਗਈ।

ਉਸ ਹਫਤੇ ਹਰ ਜਗਾ ਪ੍ਰੋ: ਦੇਵ ਦਾ ਜ਼ਿਕਰ ਸੀ।ਇਲੈਕਟ੍ਰਾਨਿਕ ਮੀਡੀਆ ਤੇ ਵੀ ਦੇਵ ਹੀ ਬੋਲਦਾ।ਬੋਲਾਂ ਦਾ ਤਾਂ ਉਹ ਧਨੀ ਸੀ ਹੀ।ਇਹ ਬੋਲ ਕੰਮ ਤੋਂ ਆ ਰਹੀ ਰੂਪਾ ਦੇ ਵੀ ਕੰਨੀ ਪੈ ਗਏ।ਜਦੋਂ ਉਸ ਨੂੰ ਰੇਡੀਉ ਤੋਂ ਪਤਾ ਲੱਗਾ ਕਿ ਵੀਹ ਸਾਲਾ ਤੋਂ ਉਸ ਦੀਆਂ ਸਿਮ੍ਰਤੀਆਂ ‘ਚ ਰਹਿਣ ਵਾਲਾ ਦੇਵ,ਉਸਦਾ ਸੱਚਾ ਸੁੱਚਾ ਪਿਆਰ ਉਸੇ ਦੇ ਸ਼ਹਿਰ ਵਿੱਚ ਹੈ ਤਾਂ ਉਹ ਉਸਦੀ ਇੱਕ ਝਲਕ ਵੇਖਣ ਲਈ ਤੜਫ ਉੱਠੀ।ਮਨ ਵਿੱਚ ਕੁੱਝ ਸੁਲਗਣ ਲੱਗਿਆ।ਜਿਸਮ ਵਿੱਚ ਜਿਵੇਂ ਧੂੰਆਂ ਧਾਰ ਹੋਣ ਵਰਗਾ ਕੁੱਝ ਹੋਵੇ।ਉਸਦਾ ਸਾਹ ਘੁੱਟ ਰਿਹਾ ਸੀ।ਕਿਹੜਾ ਸਬੱਬ ਬਣੇ ਤੇ ਉਹ ਕਿਸ ਨੂੰ ਮਨ ਦੀ ਗੱਲ ਕਹੇ।‘ਹੇ ਮੇਰਿਆ ਰੱਬਾ ਕਦੀ ਐਡੀ ਬੇਵਸੀ ਵੀ ਹੁੰਦੀ ਹੈ’।ਉਹ ਤੜਫੀ।

ਫੇਰ ਇੱਕ ਵੀਡੀਉ ਸਟੋਰ ਤੇ ਉਸ ਨੇ ਸ਼ੋਅ ਦਾ ਪੋਸਟਰ ਵੇਖਿਆ।ਪ੍ਰੋ: ਦੇਵ ਵਿਚਕਾਰ ਬੈਠੇ ਸਨ ਤੇ ਆਲੇ ਦੁਆਲੇ ਕਲਾਕਾਰ।ਉਹੀ ਨੈਣ ਨਕਸ਼ ਤੇ ਉਹੀ ਸਮੁੰਦਰ ਵਰਗੀਆਂ ਗਹਿਰੀਆਂ ਅੱਖਾਂ।ਜਿਨ੍ਹਾਂ ਵਿੱਚ ਕਦੀ ਉਹ ਡੁੱਬ ਗਈ ਸੀ।ਚਿਹਰੇ ਤੇ ਉਮਰਾਂ ਦੇ ਫਾਸਲੇ ਸਪਸ਼ਟ ਵਿਖਾਈ ਦੇ ਰਹੇ ਸਨ।ਸਟੋਰ ਤੋਂ ਰੂਪਾ ਨੇ ਇੱਕ ਪੋਸਟਰ ਚੁੱਕ ਲਿਆ।ਘਰ ਜਾਕੇ ਉਸ ਨੇ ਪ੍ਰੋ: ਦੇਵ ਦੀ ਫੋਟੋ ਨੂੰ ਚੁੰਮਿਆ ਤੇ ਲੁਕ ਕੇ ਰੋਈ ਵੀ।ਪਹਿਲੀ ਵਾਰ ਅਹਿਸਾਸ ਹੋਇਆ ਕਿ ਪਿਆਰ ਕਦੀ ਬੁੱਢਾ ਨਹੀਂ ਹੁੰਦਾ।ਅੱਗ ਕਦੋਂ ਪੁਰਾਣੀ ਹੁੰਦੀ ਆ ਭਲਾਂ।ਹਰ ਲਾਟ ਨਵਾਂ ਨਕੋਰ ਰੂਪ ਲੈ ਕੇ ਜੰਮਦੀ ਆ।ਇਸ ਲਾਟ ਦੀ ਰੋਸ਼ਨੀ ਵਿੱਚ ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਉਸ ਦਾ ਘਰ ਵਾਲਾ ਗੁਰਸੇਵਕ ਉਸਦਾ ਪਤੀ ਜਰੂਰ ਸੀ ਪਰ ਪਿਆਰ ਨਹੀਂ ਸੀ।

ਜਿਸ ਨੂੰ ਪਿਛਲੇ ਵੀਹ ਸਾਲ ਘਰ ਦੀ ਸਫਾਈ,ਜੌਬ,ਖਰਚੇ,ਜਿੰਮੇਵਾਰੀਆਂ,ਬੱਚੇ ਸਭ ਕੁੱਝ ਨਜ਼ਰ ਆਇਆ ਪਰ ਉਸ ਅੰਦਰਲੀ ਕਲਾਕਾਰ ਨਜ਼ਰ ਨਹੀਂ ਸੀ ਆਈ।ਉਹ ਉਸ ਦੇ ਬੱਚਿਆਂ ਦੀ ਮਾਂ ਹੈ।ਉਸ ਦੀ ਜਿਸਮਾਨੀ ਭੁੱਖ ਵੀ ਇੱਕ ਮਸ਼ੀਨ ਵਾਂਗ ਪੂਰੀ ਕਰਦੀ ਹੈ।ਸੁਘੜ ਪਤਨੀ ਵਾਂਗ ਜਦੋਂ ਕਿਹਾ ਸ਼ੁਰੂ ਹੋ ਜਾ ਤਾਂ ਸ਼ੁਰੂ ਹੋ ਗਈ ਤੇ ਜਦੋਂ ਕਿਹਾ ਬੰਦ ਹੋ ਜਾ ਤਾਂ ਬੰਦ ਹੋ ਗਈ।ਪਰ ਤਾਂ ਵੀ ਉਹ ਆਪਣੇ ਪਤੀ ਪ੍ਰਤੀ ਵਫਾਦਾਰ ਰਹੀ ਹੈ।ਅੱਜ ਉਸ ਨੂ ਲੱਗਦਾ ਹੈ ਕਿ ਉਹ ਪਤਨੀ ਹੋਣ ਦਾ ਮਹਿਜ਼ ਡਰਾਮਾ ਕਰ ਰਹੀ ਸੀ।ਉਸਦੇ ਅੰਦਰ ਜਿਵੇਂ ਕੁੱਝ ਮੱਚ ਰਿਹਾ ਹੈ।ਜਿਸ ਨੂੰ ਉਹ ਛੁਪਾਉਣ ਦਾ ਯਤਨ ਕਰ ਰਹੀ ਹੈ।ਜਿਵੇਂ ਉਸ ਦੀ ਛਾਤੀ ਵਿੱਚ ਕੋਈ ਕਬਰਸਤਾਨ ਹੈ।ਜਿਥੇ ਉਸ ਦੇ ਮੋਏ ਸੁਪਨੇ ਦੱਬੇ ਪਏ ਹਨ।‘ਪਤਾ ਨਹੀਂ ਮੇਰੇ ਵਰਗੇ ਹੋਰ ਕਿੰਨੇ ਕੁ ਲੋਕ ਹੋਣਗੇ’ ਉਹ ਸੋਚਣ ਲੱਗੀ।

ਉਸ ਦੇ ਮਨ ਅੰਦਰ ਮਰ ਚੁੱਕੀ ਕਲਾ ਦੇ ਪਥਰਾਟ ਜਿਵੇਂ ਹਰਕਤ ਕਰ ਰਹੇ ਹੋਣ।ਪ੍ਰੋ: ਦੇਵ ਦੀ ਸ਼ਹਿਰ ਵਿੱਚ ਹੋਂਦ ਨਾਲ ਜਿਵੇਂ ਬਰਫਾਂ ਦੇ ਢੇਰ ਪਿਘਲਣ ਲੱਗੇ ਹੋਣ।ਤੇ ਪੱਥਰ ਹੋ ਚੁੱਕੇ ਮਨ ਤੇ ਕਲਾ ਦੇ ਫਾਸਲ ਨਜ਼ਰ ਆਉਣ ਲੱਗੇ।ਉਹ ਵੀਡੀਉ ਸਟੋਰ ਤੋਂ ਕੁੱਝ ਕਲਾਸੀਕਲ ਸੰਗੀਤ,ਕੁੱਝ ਗ਼ਜ਼ਲਾਂ ਤੇ ਮਨ ਪਸੰਦ ਗਾਣੇ ਖਰੀਦ ਲਿਆਈ।

ਇੱਕ ਦਿਨ ਸੁਣ ਰਹੀ ਸੀ ਤਾਂ ਗੁਰਸੇਵਕ ਨੇ ਉਸਦਾ ਮਜ਼ਾਕ ਉਡਾਇਆ ਕਿ ‘ਆ ਕੀ ਬਈ?ਆਹ ਸ਼ੌਂਕ ਕਿੱਥੋਂ ਜਾਗ ਪਿਆ?’

ਗੁਰਸੇਵਕ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਬਿਨ੍ਹਾਂ ਸ਼ੌਂਕ ਤੋਂ ਹੀ ਕਿਤੇ ਥੋੜੋ ਉਹ ਸਰਗਮ ਨੂੰ ਸੰਗੀਤ ਲਈ ਤਿਆਰ ਕਰ ਰਹੀ ਹੈ।ਉਸ ਨੇ ਉਸ ਨੂੰ ਹਰਮੋਨੀਅਮ ਦੀਆਂ ਤੇ ਸਿਤਾਰ ਦੀਆਂ ਕਲਾਸਾਂ ਲਈ ਵੀ ਤਿਆਰ ਕੀਤਾ ਸੀ ਤੇ ਉਹ ਉਸ ਨੂੰ ਗਾਉਣਾ ਸਿੱਖਾ ਰਹੀ ਸੀ।ਤਾਂ ਹੀ ਤਾਂ ਉਹ ਸਕੂਲ ਮੁਕਾਬਲਿਆਂ ‘ਚ ਭਾਗ ਲੈ ਰਹੀ ਸੀ।ਦਰਅਸਲ ਰੂਪਾ ਅੰਦਰ ਮਰ ਚੁੱਕਿਆ ਕਲਾ ਦਾ ਬੀਜ ਉਹ ਆਪਣੀ ਧੀ ਵਿੱਚ ਪੁੰਗਰਦਾ ਵੇਖਣਾ ਚਾਹੁੰਦੀ ਸੀ।ਜਦ ਕਿ ਗੁਰਸੇਵਕ ਨੂੰ ਏਨਾਂ ਗੱਲਾਂ ਤੱਕ ਕੋਈ ਮਤਲਬ ਨਹੀਂ ਸੀ।ਪਰ ਰੂਪਾ ਦਾ ਪੁਨਰ ਜਨਮ ਹੋ ਰਿਹਾ ਸੀ। ਇਹ ਸਿਰਫ ਉਹ ਹੀ ਜਾਣਦੀ ਸੀ।ਸਰਗਮ ਉਸੇ ਦਾ ਹੀ ਨਵਾਂ ਰੂਪ ਸੀ।

ਇੱਕ ਦਿਨ ਇਸ ਡਰਾਮੇ ਦੀ ਸ਼ਿਖਰ ਹੋਈ।ਰੂਪਾ ਨੇ ਆਪਣੇ ਪਤੀ ਮਨਾ ਕੇ ਵਿਸਾਖੀ ਸ਼ੋਅ ਵਿੱਚ ਲੈ ਕੇ ਜਾਣਾ ਸੀ।ਤਾਂ ਕਿ ਇੱਕ ਝਲਕ ਪ੍ਰੋ: ਦੇਵ ਦੀ ਦੇਖ ਸਕੇ।ਉਸ ਨੇ ਐਨਾਂ ਜਬਰਦਸਤ ਰੋਲ ਅਦਾ ਕੀਤਾ ਕਿ ਗੁਰਸੇਵਕ ਨਾਂ ਕਰ ਹੀ ਨਹੀਂ ਸਕਿਆ।ਕਹਿਣ ਲੱਗਿਆ “ਰੂਪਾ ਮੈਨੂੰ ਤਾਂ ਬਹੁਤਾ ਸ਼ੌਂਕ ਨਹੀਂ,ਜੇ ਤੂੰ ਕਹੇਂ ਤਾਂ ਦੇਖ ਆਂਉਂਦੇ ਹਾਂ”।

ਚੌਦਾਂ ਅਪਰੈਲ ਮਿਸੀਸਾਗਾ ਦੇ ਹਰਸ਼ੀ ਸੈਂਟਰ ਵਿੱਚ ਦਰਸ਼ਕਾਂ ਦੀ ਬੇਹੱਦ ਭੀੜ।ਇਸੇ ਭੀੜ ਵਿੱਚ ਰੂਪਾ ਵੀ ਅਪਣੇ ਪਤੀ ਤੇ ਬੱਚਿਆਂ ਨਾਲ ਖੜੀ ਸੀ,ਆਪਣਾ ਜੋਰ ਜੋਰ ਨਾਲ ਧੜਕਦਾ ਦਿਲ ਲਈਂ।ਜਿਸ ਦੀ ਆਵਾਜ਼ ਸਿਰਫ ਉਹ ਹੀ ਸੁਣ ਸਕਦੀ ਸੀ।ਉਹ ਪਰਸ ‘ਚ ਪਈਆਂ ਸ਼ੋਅ ਦੀਆਂ ਟਿਕਟਾਂ ਵਾਰ ਵਾਰ ਚੈੱਕ ਕਰਦੀ।ਜਿਵੇਂ ਟਿਕਟਾਂ ਨੂੰ ਖੰਭ ਲੱਗ ਜਾਣੇ ਹੋਣ ਤੇ ਉਨ੍ਹਾਂ ਪਰਸ ‘ਚੋਂ ਉਡ ਜਾਣਾ ਹੋਵੇ।ਜਿਵੇਂ ਉਸਦੇ ਖੂਬਸੂਰਤ ਸੁਪਨੇ ਨੇ ਧੜਾਮ ਦੇਕੇ ਯਥਾਰਥ ਦੀ ਜ਼ਮੀਨ ਨਾਲ ਟਕਰਾ ਕੇ ਚਕਨਾਚੂਰ ਹੋ ਜਾਣਾ ਹੋਵੇ।

ਪ੍ਰਵੇਸ਼ ਦੁਆਰ ਤੱਕ ਪਹੁੰਚਦਿਆ ਉਹ ਯਾਦ ਦੇ ਭਵਸਾਗਰ ‘ਚ ਗੋਤੇ ਖਾਂਦੀ ਰਹੀ।ਦਰਿਆ ਪੁਰਸਲਾਤ,ਤੇ ਗਊ ਦੀ ਪੂਛ ਸਨ ਪ੍ਰੋ: ਦੇਵ ਨਾਲ ਜੁੜੀਆਂ ਯਾਦਾਂ।ਨਿੱਕੇ ਨਿੱਕੇ ਦੀਵੇ ਬਲਦੇ ਬੁੱਝ ਜਾਂਦੇ।ਇਹ ਦੀਵੇ ਉਸਦੇ ਘਰ ਨੂੰ ਵੀ ਸਾੜ ਸਕਦੇ ਸਨ ਉਹ ਜਾਣਦੀ ਸੀ।ਪਰ ਉਸ ਨੇ ਇਹ ਹਾਲਾਤ ਨਹੀਂ ਸੀ ਪੈਦਾ ਹੋਣ ਦੇਣੇ।ਉਹ ਨੇ ਤਾਂ ਸਿਰਫ ਰੌਸ਼ਨੀ ਮਾਨਣੀ ਸੀ।ਉਹ ਰੌਸ਼ਨੀ ਵੱਲ ਵਧ ਰਹੀ ਸੀ।

ਬਹੁਤ ਵੱਡਾ ਹਾਲ,ਲਾਈਟਾਂ ਦੀ ਚਕਾ ਚੌਂਧ।ਉਹ ਆਪਣੀਆਂ ਸੀਟਾਂ ਲੱਭ ਕੇ ਬੈਠ ਗਏ।ਸ਼ੋਅ ਸ਼ੁਰੂ ਹੋਣ ‘ਚ ਪੰਦਰਾਂ ਮਿੰਟ ਬਾਕੀ ਸਨ।‘ਕਈ ਵਾਰ ਵਕਤ ਕਿੰਨਾਂ ਹੌਲੀ ਗੁਜਰਦਾ ਹੈ’ ਰੂਪਾ ਨੂੰ ਮਹਿਸੂਸ ਹੋਇਆ।ਉਸਦਾ ਬੇਟਾ ਅਲਾਪ ਉਸ ਨੂੰ ਕਈ ਵਾਰੀ ਪੁੱਛ ਹਟਿਆ ਸੀ ‘ਮਾਂ ਤੂੰ ਮੇਰੇ ਨਾਲ ਗੱਲ ਨੀ ਕਰਦੀ’।

‘ਏਨੇ ਹੌਲੀ ਤਾਂ ਪਿਛਲੇ ਵੀਹ ਸਾਲ ਵੀ ਨਹੀ ਲੰਘੇ’।ਉਹ ਸੋਚਦੀ।ਭਾਂਵੇ ਦੋ ਬੱਚੇ ਹੋ ਗਏ ਸਨ,ਤੇ ਸਿਰ ਦੇ ਵਾਲ ਸਫੈਦੀ ਮਾਰਨ ਲੱਗੇ।ਪਰ ਮਹਿੰਦੀ ਲੱਗੇ ਵਾਲ ਉਮਰ ਨੂੰ ਤਾਂ ਪਿੱਛੇ ਨਹੀਂ ਮੋੜ ਸਕਦੇ।ਪਰੰਤੂ ਅੱਜ ਇਹ ਕੇਹੋ ਜਿਹਾ ਪੜ੍ਹਾ ਆ ਗਿਆ ਸੀ ਕਿ ਚਾਲੀਆਂ ਦੀ ਰੂਪਾਂ ਆਪਣੇ ਆਪ ਨੂੰ ਵੀਹਾਂ ਵਰਿਆਂ ਦੀ ਅੱਲੜ ਮੁਟਿਆਰ ਸਮਝ ਰਹੀ ਸੀ।

ਜਗਦੀਆਂ ਲਾਈਟਾਂ ਇੱਕ ਦਮ ਬੁੱਝ ਗਈਆਂ।ਸਟੇਜ ਤੇ ਸੰਗੀਤ ਦੀਆਂ ਧੁਨਾਂ ਉੱਚੀਆਂ ਹੋਈਆਂ।ਰੂਪਾਂ ਦਾ ਦਿਲ ਜੋਰ ਨਾਲ ਧੜਕਿਆ।ਸਪੌਟ ਲਾਈਟ ਵਿੱਚ ਮਾਈਕ ਵੱਲ ਵਧ ਰਿਹਾ ਉਸਦਾ ਦੇਵ...।ਕੋਈ ਮੁੰਡਾ ਖੁੰਡਾ ਨਹੀ ਬਿਅਲੀ ਸਾਲ ਦਾ ਬੰਦਾ ਪ੍ਰੋ: ਦੇਵ...।
ਕੀ ਹਾਲ ਬਣਾ ਲਿਆ ਸੱਜਣਾ...।ਅੰਦਰਲਾ ਕੜ ਪਾਟ ਗਿਆ।ਆਪ ਮੁਹਾਰੇ ੱਿਨਕਲ ਗਏ ਅਥਰੂ ਉਸ ਨੇ ਚੁੰਨੀ ਨਾਲ ਪੂੰਝ ਸੁੱਟੇ ਤੇ ਗੱਚ ਭਰ ਆਇਆ।ਉਸਦਾ ਹੱਥ ਵੀ ਹਿੱਲਿਆ।ਪਰ ਹਜ਼ਾਰਾ ਲੋਕਾਂ ਦੀ ਭੀੜ ਵਿੱਚ ਉਸਦਾ ਨਿੱਕਾ ਜਿਹਾ ਲੁਕਿਆ ਹੋਇਆ ਹੱਥ ਕਿਸ ਨੇ ਵੇਖਣਾ ਸੀ।ਪ੍ਰੋ: ਦੇਵ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹ ਸ਼ੋਅ ਵਿੱਚ ਬੈਠੀ ਵੀ ਹੈ ਜਾਂ ਨਹੀਂ।ਲੇਕਿਨ ਜਦੋਂ ਉਸ ਨੇ ਮੰਚ ਤੇ ਆ ਕੇ ਕਿਹਾ ਸੀ ਕਿ ‘ਮਿੱਤਰਾਂ ਦੇ ਸ਼ਹਿਰ ਨੂੰ ਪ੍ਰੋ: ਦੇਵ ਦਾ ਸਲਾਮ’।ਤਾਂ ਰੂਪਾ ਨੂੰ ਲੱਗਿਆ ਸੀ ਕਿ ਇਹ ਸਲਾਮ ਸਿਰਫ ਤੇ ਸਿਰਫ ਉਸ ਨੂੰ ਹੀ ਭੇਜਿਆ ਗਿਆ ਹੈ।

ਫੇਰ ਸ਼ੋਅ ਸ਼ੁਰੂ ਹੋ ਗਿਆ।ਉਸ ਨੇ ਤਾਂ ਹੋਰ ਕੁੱਝ ਵੀ ਨਹੀਂ ਸੀ ਸੁਣਿਆ।ਉਹ ਤਾਂ ਸਿਰਫ ਪ੍ਰੋ: ਦੇਵ ਨੂੰ ਹੀ ਸੁਣਨ ਗਈ ਸੀ।ਉਸ ਦਾ ਇੱਕ ਇੱਕ ਬੋਲ ਸੰਜੀਵਨੀ ਬੂਟੀ ਬਣਕੇ ਉਸ ਅੰਦਰ ਉੱਤਰ ਰਿਹਾ ਸੀ।ਉਹ ਤਾ ‘ਵਾਹ ਵਾਹ ਕਿਆ ਬਾਤ ਹੈ’ ਵੀ ਨਹੀਂ ਸੀ ਕਹਿ ਸਕਦੀ।ਐਨੀ ਕਮਜੋਰ ਉਸ ਨੇ ਆਪਣੇ ਆਪ ਨੂੰ ਕਦੀ ਵੀ ਮਹਿਸੂਸ ਨਹੀਂ ਸੀ ਕੀਤਾ।

ਆਪਣੀ ਹੋਂਦ ਨਾਲੋ ਉਸਦਾ ਨਾਟਕ ਵੱਡਾ ਸੀ।ਜਿਸ ਨੇ ਅਮਰ ਵੇਲ ਵਾਂਗ ਉਸ ਦੀ ਸਖਸ਼ੀਅਤ ਨੂੰ ਵਲ਼ ਲਿਆ ਸੀ।ਉਹ ਮਾਂ ਹੋਣ ਦਾ,ਪਤਨੀ ਹੋਣ ਦਾ ਸਭ ਨਾਟਕ ਹੀ ਤਾਂ ਕਰ ਰਹੀ ਸੀ।ਕਦੀ ਕਦੀ ਲੱਗਦਾ ਸਾਰੇ ਲੋਕ ਹੀ ਨਾਟਕ ਕਰ ਰਹੇ ਹਨ।ਦੁਨੀਆ ਇੱਕ ਰੰਗ ਮੰਚ ਹੈ ਐਵੇਂ ਤਾਂ ਨੀ ਸੈਕਸਪੀਅਰ ਨੇ ਕਿਹਾ।ਜੇ ਸਿਰਫ ਇੱਕ ਦਿਨ ਲੋਕ ਆਪਣਾ ਅਸਲ ਪ੍ਰਗਟ ਕਰ ਦੇਣ ਤਾਂ ਸਾਰਾ ਸੰਸਾਰ ਸੜ ਕੇ ਸੁਆਹ ਹੋ ਜਾਵੇ।ਹੋਰ ਤਾਂ ਹੋਰ ਮਸ਼ਹੂਰ ਲੋਕਾਂ ਦੀਆਂ ਸਵੈ ਜੀਵਨੀਆਂ ਵੀ ਉਸ ਨੂੰ ਝੂਠ ਦੇ ਪੁਲੰਦੇ ਜਾਪਦੀਆਂ ਸਨ।ਅੰਦਰੀਆਂ ਕਬਰਾਂ ਨੂੰ ਭਲਾਂ ਕੌਣ ਖੋਦ ਕੇ ਗੜੇ ਮੁਰਦੇ ਪ੍ਰਗਟ ਕਰਦਾ ਹੈ।ਇਨ੍ਹਾਂ ਕਬਰਾਂ ਤੇ ਯਾਦਾਂ ਦੇ ਫੁੱਲ ਸਜਾ ਕੇ ਲੋਕ ਜੀਵਨ ਦਾ ਨਾਟਕ ਕਰਦੇ ਨੇ ਜਿਵੇਂ ਉਹ ਕਰ ਰਹੀ ਹੈ।

ਅੱਧਾ ਸ਼ੋਅ ਬੀਤ ਗਿਆ।ਬਲਜੀਤ ਬੱਲਾਂ ਆਪਣੀ ਪ੍ਰੋਫਾਰਮੈਂਸ ਖਤਮ ਕਰਕੇ ਪ੍ਰੋ: ਦੇਵ ਬਾਰੇ ਬੋਲ ਰਿਹਾ ਸੀ।“ਪ੍ਰੋ: ਦੇਵ ਬੋਲਾਂ ਦੇ ਹੀ ਧਨੀ ਨਹੀਂ ਗਾਇਕੀ ਦੇ ਵੀ ਧਨੀ ਹਨ।ਆਪਣੇ ਜ਼ਮਾਨੇ ਦੇ ਮਸ਼ਹੂਰ ਗਾਇਕ।ਏਨ੍ਹਾ ਦੀ ਜੋੜੀ ਕਦੀ ਬੇਹੱਦ ਮਸ਼ਹੂਰ ਸੀ।ਕੋਈ ਸੰਗੀਤ ਮੁਕਾਬਲਾ ਹੋਵੇ ਤਾਂ ਇਹ ਹੀ ਜਿੱਤਦੇ।ਮੁੜਕੇ ਇਨ੍ਹਾਂ ਦੀ ਜੋੜੀ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ।ਉਹ ਸਾਥ ਕਿਤੇ ਗੁਆਚ ਗਿਆ।ਤਾਂ ਪ੍ਰੋ: ਸਾਹਿਬ ਨੇ ਗਾਉਣਾ ਹੀ ਛੱਡ ਦਿੱਤਾ।ਲੇਕਿਨ ਇਨ੍ਹਾਂ ਦਾ ਕਾਲਜ ਤੇ ਘਰ ਸੰਗੀਤ ਦਾ ਮੱਕਾ ਨੇ।ਮੈਂ ਹੀ ਨਹੀ ਪੰਜਾਬ ਦੇ ਅਨੇਕਾਂ ਕਲਾਕਾਰ ਏਨ੍ਹਾਂ ਦੇ ਚੰਡੇ ਹੋਏ ਨੇ।ਪਤਾ ਇਹ ਵੀ ਲੱਗਿਆ ਹੈ ਕਿ ਏਨ੍ਹਾਂ ਦੀ ਉਹ ਜੋੜੀਦਾਰ ਕਨੇਡਾ ਵਿੱਚ ਹੀ ਕਿਤੇ ਗੁਆਚੀ ਹੋਈ ਏ।ਸ਼ਾਇਦ ਉਸੇ ਨੂੰ ਲੱਭਦੇ ਆਏ ਹੋਣ।(ਲੋਕਾਂ ਦਾ ਹਾਸਾ ਗੂੰਜਿਆ)...ਲੇਕਿਨ ਪ੍ਰੋ: ਸਾਹਿਬ ਅੱਜ ਜਰੂਰ ਗਾਉਣਗੇ।ਜੋੜੀ ਨਹੀਂ ਤਾਂ ਇਕੱਲੇ ਸਈ।ਉਨ੍ਹਾਂ ਦੇ ਨਾਂ ਤੇ ਜੋਰਦਾਰ ਤਾੜੀਆਂ”।

ਸਾਰਾ ਹਾਲ ਗੂੰਜ ਉੱਠਿਆ।ਰੂਪਾ ਦੇ ਹੱਥ ਕੰਬਦੇ ਹੋਏ ਤਾੜੀਆਂ ਮਾਰਦੇ ਰਹੇ।ਪਤੀ ਵੀ ਤਾੜੀਆਂ ਮਾਰ ਰਿਹਾ ਸੀ ਤੇ ਬੱਚੇ ਵੀ।“ਹਾਇਉ ਮੇਰਿਆ ਰੱਬਾ” ਰੂਪਾਂ ਦੀ ਹੂਕ ਨਿੱਕਲੀ।ਜਾਪਦਾ ਸੀ ਦਿਲ ਸੀਨਿਉ ਭੁੜਕ ਕੇ ਬਾਹਰ ਡਿੱਗ ਪਵੇਗਾ।ਕੰਨਾਂ ਵਿੱਚੋਂ ਸੇਕ ਨਿੱਕਲਣ ਲੱਗਿਆ।

ਪ੍ਰੋ: ਦੇਵ ਨੇ ਹਰਮੋਨੀਅਮ ਸੁਰ ਕੀਤਾ ਤਬਲੇ ਵਾਲੇ ਨੇ ਥਾਪ ਦਿੱਤੀ।ਪ੍ਰੋ: ਦੇਵ ਦੀਆਂ ਉਂਗਲਾਂ ਸੁਰਾਂ ਤੇ ਨੱਚੀਆਂ ਤੇ ਤਬਲਾ ਵਾਦਕ ਦੀਆਂ ਤਬਲੇ ਤੇ।ਸੰਗੀਤ ਨੂੰ ਸਮਝਣ ਵਾਲਿਆ ਦੇ ਸਿਰ ਅਤੇ ਪੈਰ ਝੂਮਣ ਲੱਗੇ।

ਬੇਸਮਝਾਂ ਲਈ ਇਹ ਖਾਨਾ ਪੂਰਤੀ ਸੀ।ਕੋਈ ਦਮ ਦਵਾਊ ਗਾਇਕ।ਦੇਵ ਨੇ ਅਲਾਪ ਲਗਾਇਆ ਰੂਪਾ ਦੇ ਬੁੱਲ ਹਿੱਲੇ।ਉਹ ਜਾਣ ਗਈ ਸੀ ਹੁਣ ਕੀ ਗਾਇਆ ਜਾਣਾ ਹੈ।ਉਸ ਦਾ ਬੇਟਾ ਅਲਾਪ ਪੌਪ ਕੋਰਨ ਮੰਗ ਰਿਹਾ ਸੀ। ਬੇਟੀ ਸਰਗਮ ਵਾਸ਼ਰੂਮ ਜਾਣਾ ਚਾਹੁੰਦੀ ਤੇ ਗੁਰਸੇਵਕ ਕਹਿ ਰਿਹਾ ਸੀ “ਜਾਂ ਲੈ ਜਾ ਨਿਆਣਿਆ ਨੂੰ ਇਹ ਤਾਂ ਐਵੇਂ ਹੈ ਕੋਈ।”

ਇਹ ਕੇਹੋ ਜਿਹਾ ਝੱਖੜ ਸੀ ਜੋ ਉਸ ਦੇ ਪੈਰ ਉਖਾੜ ਰਿਹਾ ਸੀ।‘ਰੱਬਾ ਏਹੋ ਜਿਹੇ ਪਰਚੇ ਕਦੇ ਕਿਸੇ ਨੂੰ ਵੀ ਨਾਂ ਪਾਵੀ’ਉਹ ਪਤੀ ਦੀ ਗੱਲ ਮੰਨ ਕੇ ਉੱਠ ਖਲੋਤੀ।ਪ੍ਰੋ: ਦੇਵ ਕਹਿ ਰਿਹਾ ਸੀ “ਮੇਰੀ ਜੋੜੀਦਾਰ ਦੀ ਘਾਟ ਮੈਨੂੰ ਬਹੁਤ ਰੜਕਦੀ ਹੈ ਰੱਬ ਉਸ ਨੂੰ ਸਲਾਮਤ ਰੱਖੇ।ਲੇਕਿਨ ਅੱਜ ਮੇਰਾ ਸਾਥ ਤੁਸੀਂ ਦਿਉ ਤਾੜੀਆਂ ਨਾਲ ਤੇ ਬੋਲਾਂ ਨਾਲ”।

“ਮੈਂ ਹੁਣ ਲੋਕ ਵੀ ਨਹੀ ਰਹੀਂ ਏਨੀਆਂ ਦੂਰੀਆਂ ਪੈ ਗਈਆਂ...”।ਰੂਪਾ ਦਾ ਰੋਣ ਨਿੱਕਲ ਗਿਆ।ਸਰਗਮ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਂ ਸਿਰਫ ਵਾਸ਼ਰੂਮ ਜਾਣ ਲਈ ਕਹਿਣ ਤੇ ਹੀ ਕਿਉਂ ਖਿਝ ਗਏ ਤੇ ਰੋਣ ਲੱਗ ਪਏ।

ਉਹ ਵਿਚਾਰੀ ਕੀ ਜਾਣਦੀ ਸੀ ਕਿ ਮਨੁੱਖ ਦੇ ਅੰਦਰ ਇੱਕ ਅਜਿਹਾ ਸੰਸਾਰ ਵੀ ਹੁੰਦਾ ਹੈ ਜੋ ਸਿਰਫ ਉਸੇ ਦਾ ਹੀ ਹੁੰਦਾ ਹੈ।ਜਿੱਥੇ ਉਸ ਨਾਲ ਹੋਰ ਕੋਈ ਵੀ ਨਹੀਂ ਤੁਰਦਾ।ਰੂਪਾ ਵੀ ਉਨ੍ਹਾਂ ਪੁਰਾਤਨ ਖੰਡਰਾਂ ਵਿੱਚ ਤੁਰੀ ਫਿਰ ਰਹੀ ਸੀ।ਹਾਲ ਵੇਅ ਵਿੱਚ ਉਸਦੇ ਦੇਵ ਦੀ ਆਵਾਜ਼ ਗੂੰਜ ਰਹੀ ਸੀ ਤੇ ਬਾਕੀ ਸਭ ਸ਼ੋਰ ਹੀ ਸ਼ੋਰ।

ਸ਼ੋਅ ਦੇਖ ਕੇ ਉਹ ਘਰ ਪਰਤ ਆਏ।ਰੂਪਾ ਬੇਹੱਦ ਉਦਾਸ ਸੀ ਤੇ ਚੁੱਪ ਵੀ।ਗੁਰਸੇਵਕ ਕਹਿ ਰਿਹਾ ਸੀ, “ਮੈਂ ਤਾਂ ਪਹਿਲਾਂ ਹੀ ਕਿਹਾ ਸੀ ਇਹ ਸ਼ੋਅ ਐਵੇਂ ਹੀ ਹੁੰਦੇ ਨੇ।ਮੈਂਨੂੰ ਪਤੈ ਤੈਨੂੰ ਚੰਗਾ ਨੀ ਲੱਗਿਆ।ਚੱਲ ਦੋ ਸੌ ਡਾਲਰ ਹੀ ਗਿਆ।ਫਿਕਰ ਨਾਂ ਕਰ ਸੌਂ ਜਾ ਚੁੱਪ ਕਰਕੇ”।ਰੂਪਾ ਪਤੀ ਵਲ ਪਿੱਠ ਕਰਕੇ ਪੈ ਗਈ ਅੱਖਾਂ ਬੰਦ ਸਨ ਤੇ ਮਨ ‘ਚ ਗੂੰਜਦਾ ਸੀ ਦੇਵ ਦਾ ਗੀਤ।ਸੀਨੇ ‘ਚ ਬਲ਼ ਰਹੇ ਭਾਂਬੜ ਨਾਲ ਨੀਂਦ ਕਿੱਥੇ ਆਉਣੀ ਸੀ।

ਦਿਨ ਬੀਤਣ ਲੱਗੇ ਪ੍ਰੋ: ਦੇਵ ਮੁੜ ਗੁਆਚ ਗਏ।ਪਤਾ ਨਹੀਂ ਇੰਡੀਆਂ ਨੂੰ ਮੁੜ ਗਏ ਜਾ ਕੀ।ਉਹ ਤਾਂ ਕਿਸੇ ਨੂੰ ਪੁੱਛ ਵੀ ਨਹੀਂ ਸੀ ਸਕਦੀ।ਕਈ ਵਾਰ ਪ੍ਰਮੋਟਰ ਦਾ ਨੰਬਰ ਡਾਇਲ ਕੀਤਾ।ਕਿ ਕੋਈ ਹੋਰ ਨਾਂ ਲੈ ਕੇ ਕਹਿ ਦਵਾਂਗੀ ਉਨ੍ਹਾਂ ਦੀ ਸਟੂਡੈਂਟ ਹਾਂ।ਪਰ ਜਦੋਂ ਵੀ ਉਹ ਆਪਣੀ ਉਮਰ,ਬੱਚੇ ਪਤੀ ਅਤੇ ਪਰਿਵਾਰ ਬਾਰੇ ਸੋਚਦੀ ਤਾਂ ਮਨ ਕਹਿੰਦਾ ਜੇ ਇਹ ਧੂਣੀ ਧੁਖ ਪਈ ਤਾਂ ਸਾਰਾ ਕੁੱਝ ਸੜ ਕੇ ਸੁਆਹ ਹੋ ਜਾਵੇਗਾ।ਫੇਰ ਉਸ ਦੇ ਹੱਥ ਰੁਕ ਜਾਂਦੇ।

ਉਹ ਸੋਚਦੀ ਪਿਆਰ ਸਿਰਫ ਮਿਲਣਾ ਜਾਂ ਭੋਗਣਾ ਹੀ ਤਾਂ ਨਹੀਂ ਹੁੰਦਾ।ਪਿਆਰ ਤਾਂ ਪੂਜਾ ਹੈ ਕੁਰਬਾਨੀ ਹੈ।ਲੋਕਾਂ ਨੂੰ ਕਿਹੜਾ ਰੱਬ ਮਿਲਦਾ ਹੈ,ਫੇਰ ਵੀ ਉਸਦੀ ਪੂਜਾ ਕਰਦੇ ਨੇ।ਦੇਵ ਤਾਂ ਮੇਰਾ ਇਸ਼ਕ ਹੈ।ਮੈਂ ਆਪਣੀ ਜ਼ਿੰਦਗੀ ਬਲੀ ਚੜ੍ਹਾ ਦਿੱਤੀ ਆਪਣੇ ਪਰਿਵਾਰ ਲਈ।ਦੇਵ ਦੀ ਪ੍ਰੇਮਕਾ ਨਹੀਂ ਮਾਪਿਆਂ ਦੀ ਆਗਿਆਕਾਰ ਧੀ ਬਣਕੇ।ਏਹੋ ਨਾਟਕ ਮੈਂ ਹੁਣ ਤੱਕ ਕਰਦੀ ਹਾਂ।

ਸਾਡਾ ਤੇ ਗੋਰਿਆਂ ਦਾ ਇਹੋ ਹੀ ਫਰਕ ਹੈ ਉਹ ਨਾਟਕ ਨਹੀ ਕਰਦੇ ਅਸਲੀ ਜੀਵਨ ਜੀਂਦੇ ਨੇ।ਅਸੀਂ ਨਾਟਕ ਕਰਦੇ ਹਾਂ।ਸੋਚਦੇ ਕਿਸੇ ਹੋਰ ਨੂੰ ਹਾਂ ਤੇ ਭੋਗਦੇ ਕਿਸੇ ਹੋਰ ਨੂੰ ਹਾਂ।ਹਰ ਤੀਸਰੇ ਭਾਰਤੀ ਦਾ ਏਹੋ ਦੁਖਾਂਤ ਹੈ।

ਇੱਕ ਦਿਨ ਰੂਪਾ ਟੀ ਵੀ ਵੇਖ ਰਹੀ ਸੀ ਕੋਈ ਪੰਜਾਬੀ ਪ੍ਰੋਗਰਾਮ ਚੱਲ ਰਿਹਾ ਸੀ।ਤਾਂ ਅਚਾਨਕ ਦੇਵ ਪ੍ਰਗਟ ਹੋ ਗਿਆ।ਉਹ ਦੱਸ ਰਿਹਾ ਸੀ ਕਿ ਮਿਸੀਸਾਗਾ ਵਿੱਚ ਉਸਨੇ ਆਪਣੀ ਸੰਗੀਤ ਅਕੈਡਮੀ ਖੋਹਲੀ ਹੈ।ਉਹ ਬੱਚਿਆਂ ਨੂੰ ਸੰਗੀਤ ਸਿਖਾਵੇਗਾ।ਤੇ ਫਿਰ ਉਸ ਦਾ ਫੋਨ ਨੰਬਰ ਆਇਆ।

ਰੂਪਾ ਨੇ ਫਟਾ ਫਟ ਫੋਨ ਨੰਬਰ ਹੱਥ ਉੱਪਰ ਹੀ ਲਿਖ ਲਿਆ।ਹੁਣ ਇੱਕ ਨਵੀਂ ਕਸ਼ਮਕਸ਼ ਸ਼ੁਰੂ ਹੋ ਗਈ ਕਿਸ ਬਹਾਨੇ ਦੇਵ ਨੂੰ ਮਿਲਿਆ ਜਾਵੇ।ਤੇ ਬੱਸ ਇਹ ਹੀ ਬਹਾਨਾ ਸਭ ਤੋਂ ਵਧੀਆ ਸੀ ਕਿ ਸਰਗਮ ਨੂੰ ਉਸਦੀ ਸੰਗੀਤ ਅਕੈਡਮੀ ਵਿੱਚ ਲਾ ਦਿੱਤਾ ਜਾਵੇ।ਬੱਸ ਫੇਰ ਸੁਰੂ ਹੋ ਗਿਆ ਸੀ ਨਾਟਕ।ਪਤੀ ਵੱਲ ਲੋੜੋ ਵੱਧ ਧਿਆਨ।ਉਸ ਦੀ ਮਨ ਪਸੰਦ ਦੇ ਖਾਣੇ ਤੇ ਹਰ ਇੱਛਾ ਪੂਰੀ।ਕਈ ਵਾਰ ਉਹ ਸੋਚਦੀ ਆਪਣੀਆਂ ਮੰਗਾਂ ਮੰਨਵਾਉਣ ਲਈ ਕੀ ਹਰ ਔਰਤ ਨੂੰ ਹੀ ਇਹ ਡਰਾਮਾ ਕਰਨਾ ਪੈਂਦਾ ਹੋਵੇਗਾ?

ਫੇਰ ਮਨ ਕਹਿੰਦਾ ਦੁਨੀਆਂ ਹੈ ਹੀ ਡਰਾਮੇਬਾਜੀ।ਜਿੰਨਾ ਬੜਾ ਕੋਈ ਡਰਾਮੇਬਾਜ ਉਨ੍ਹਾਂ ਹੀ ਚੰਗਾ ਉਸਦਾ ਜੀਵਨ।ਉਸਦਾ ਤੀਰ ਨਿਸ਼ਾਨੇ ਤੇ ਲੱਗਾ ਗੁਰਸੇਵਕ ਸਰਗਮ ਨੂੰ ਸੰਗੀਤ ਅਕਾਡਮੀ ‘ਚ ਲਗਾਉਣ ਲਈ ਮੰਨ ਗਿਆ।ਇਸ ਸ਼ਰਤ ਤੇ ਕੇ ਉਸ ਨੂੰ ਚੁੱਕਣਾ ਤੇ ਛੱਡਣਾ ਤੇਰੀ ਜਿੰਮੇਵਾਰੀ ਹੈ।ਅੰਨਾਂ ਕੀ ਭਾਲੇ ਦੋ ਅੱਖਾਂ।ਰੂਪਾ ਨੇ ਕਿਹਾ “ਫੇਰ ਕਰ ਦਵਾਂ ਫੋਨ” ਗੁਰਸੇਵਕ ਨੇ ਕਿਹਾ ਕਰਦੇ।ਰੂਪਾ ਨੇ ਉਸੇ ਵਕਤ ਦੇਵ ਦੀ ਸੰਗੀਤ ਅਕੈਡਮੀ ਨੂੰ ਫੋਨ ਘੁਮਾ ਦਿੱਤਾ।

ਰਿੰਗ ਵੱਜੀ ਪ੍ਰੋ: ਦੇਵ ਨੇ ਫੋਨ ਚੁੱਕਿਆ।ਜਾਣੀ ਪਛਾਣੀ ਆਵਾਜ਼ ਮਾਖਿਉ ਮਿੱਠੀ ਕੰਨਾਂ ਵਿੱਚ ਪਈ।ਪੌਣਾਂ ਵਿੱਚ ਸ਼ਾਹਿਦ ਘੁਲ਼ ਗਿਆ।ਜਿਵੇਂ ਕੋਈ ਜਲਤਰੰਗ ਵੱਜ ਰਿਹਾ ਹੋਵੇ।ਸਰੀਰ ਤਾਨਪੁਰਾ ਬਣ ਗਿਆ ਤੇ ਸੁੱਤੀਆਂ ਪਈਆਂ ਸਾਰੀਆਂ ਕਲਾਵਾਂ ਜਾਗ ਉੱਠੀਆਂ।ਸੌਂ ਚੁੱਕੀ ਅੱਗ ਨੂੰ ਭੂਕਨੇ ਨਾਲ ਫੂਕਾਂ ਮਾਰਨ ਵਾਲਾ ਇਹ ਕੌਣ ਸੀ।

ਤਾਂ ਅੱਗੋਂ ਆਵਾਜ਼ ਆਈ।“ਮੈਂ ਰੂਪਾ ਬੋਲਦੀ ਆਂ,ਪਛਾਣ ਲਿਆ”।

ਪ੍ਰੋ: ਦੇਵ ਨੇ ਕਿਹਾ, “ਪਛਾਣੀ ਦਾ ਉਨੂੰ ਹੈ ਜਿਨੂੰ ਕਦੀ ਭੁੱਲਿਆ ਹੋਵੇ।”

“ਚੁੱਪ ਕਿਉਂ ਹੋ ਗਏ?”

“ਜਿਸਮ ਟੋਹ ਰਿਹਾ ਹਾਂ ਕਿਤੇ ਸੁਪਨਾ ਨਾਂ ਹੋਵੇ।”
“ਪ੍ਰੋ:ਦੇਵ ਕਈ ਵਾਰੀ ਸੁਪਨੇ ਵੀ ਸੱਚ ਹੋ ਜਾਂਦੇ ਨ।ੇ”
“ਤੇਰਾ ਸਿਰਫ ਦੇਵ ਹਾਂ ਦੇਵ ਕਹਿ।”
“ਕਿਉਂ ਕਿਸੇ ਹੋਰ ਦਾ ਨੀ ਹੋਇਆ?ਵਿਆਹ ਨਹੀਂ ਕਰਵਾਇਆ।”
“ਹਾਂ ਕਰਵਾ ਲਿਆ।ਪਤੀ ਦਾ ਰੋਲ ਬਹੁਤ ਵੀ ਸੋਹਣਾ ਕਰਦਾ ਹਾਂ।”
“ਖੈਰ ਹੁਣ ਆਪਣੇ ਰਸਤੇ ਅਲੱਗ ਨੇ” ਰੂਪਾ ਨੇ ਹੌਕਾ ਲੈ ਕੇ ਗੱਲ ਅੱਗੇ ਤੋਰੀ।
“ਪਰਿਵਾਰ ਦਾ ਕੀ ਹਾਲ ਆ?ਕਿੰਨੇ ਬੱਚੇ ਨੇ?”ਦੇਵ ਵੇ ਪੁੱਛਿਆ

“ਮੇਰੇ ਦੋ ਬੱਚੇ ਨੇ ਵੱਡੀ ਕੁੜੀ ਆ।ਮਿਊਜਿਕ ‘ਚ ਇਨਟਰਸਟਿਡ ਆ।ਤੁਹਾਡੀ ਅਕੈਡਮੀ ਬਾਰੇ ਸੁਣਿਆ ਸੀ ਲਾਉਣਾ ਚਾਹੁੰਦੇ ਹਾਂ”।(ਥੋੜੀ ਦੇਰ ਰੁਕ ਕੇ)ਵੈਸੇ ਫੀਸ ਕਿੰਨੀ ਆ?ਮੇਰੇ ਹਸਬੈਂਡ ਵੀ ਗੱਲ ਕਰਨਗੇ”।ਰੂਪਾ ਜਿਵੇਂ ਕੋਈ ਵਿੱਥ ਸਿਰਜ ਰਹੀ ਸੀ।
ਪ੍ਰੋ: ਦੇਵ ਨੇ ਕਿਹਾ “ਰੂਪਾ ਕਿਉਂ ਸ਼ਰਮਿੰਦਾ ਕਰਦੀ ਏਂ ਮੈਂ ਔਰ ਪੈਸੇ...ਉਹ ਵੀ ਤੇਰੇ ਤੋਂ...”

“ਤੁਹਾਡਾ ਬਿਜਨਸ ਏ ਨਹੀਂ ਲਵੋਂਗੇ ਤਾਂ ਮੈਨੂੰ ਚੰਗਾ ਨਹੀਂ ਲੱਗੇਗਾ।ਨਾਲੇ ਹਸਬੈਂਡ ਕੀ ਸੋਚਣਗੇ?”
“ਬੱਚਿਆਂ ਦੇ ਨਾਂ ਕੀ ਨੇ?”ਪ੍ਰੋ: ਦੇਵ ਨੇ ਪੁੱਛਿਆ
“ਉਹੀ ਜੋ ਆਪਾਂ ਕਦੀ ਸੋਚੇ ਸੀ ਸਰਗਮ ਅਤੇ ਅਲਾਪ”ਰੂਪਾ ਚੁੱਪ ਕਰ ਗਈ”
ਪ੍ਰੋ: ਦੇਵ ਜਿਵੇਂ ਸੁੰਨ ਹੋ ਗਿਆ

“ਕਦੋਂ ਆਈਏ ਦਾਖਲੇ ਵਾਸਤੇ?ਕੱਲ ਮੇਰੇ ਹਸਬੈਂਡ ਘਰ ਹੋਣਗੇ।ਟਰੱਕ ਤੇ ਜਾਂਦੇ ਨੇ ਨਾਂ...” ਰੂਪਾ ਬੋਲੀ
“ਕੱਲ ਸ਼ਨੀਵਾਰ ਹੈ।ਦਸ ਵਜੇ ਆ ਜਾਣਾ ਪਤਾ ਲਿਖ ਲੋ” ਦੇਵ ਨੇ ਪਤਾ ਲਿਖਾ ਦਿੱਤਾ।
ਤੇ ਫਿਰ ਬਾਏ ਕਹਿ ਕੇ ਰੂਪਾ ਨੇ ਫੋਨ ਰੱਖ ਦਿੱਤਾ

ਪ੍ਰੋ: ਦੇਵ ਨੂੰ ਜਿਵੇਂ ਕੋਈ ਗੁਆਚਿਆ ਖਜ਼ਾਨਾ ਮਿਲ ਗਿਆ ਹੋਵੇ।ਉਸਦੀ ਪਤਨੀ ਅਨੀਤਾ ਨੇ ਪਹਿਲੀ ਵਾਰੀ ਉਸ ਨੂੰ ਏਨਾਂ ਖੁਸ਼ ਵੇਖਿਆ।ਜਿਵੇਂ ਉਸਦੀ ਛਾਤੀ ਅੰਦਰ ਕੋਈ ਸੂਰਜ ਮਘ ਰਿਹਾ ਹੋਵੇ।ਜਿਸਦੀ ਚਿਹਰੇ ਤੇ ਰੌਸ਼ਨੀ ਪੈ ਰਹੀ ਹੋਵੇ।ਪ੍ਰੋ: ਦੇਵ ਇਸ ਖੁਸ਼ੀ ਦਾ ਸਬੱਬ ਪੁੱਛਣ ਤੇ ਪਤਨੀ ਦੀ ਗੱਲ ਟਾਲਦੇ ਰਹੇ।

ਰਾਤ ਨੂੰ ਨੀਂਦ ਨਹੀਂ ਪਈ।ਦੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸਦਾ ਤੇ ਰੂਪਾ ਦਾ ਹੁਣ ਕੀ ਰਿਸ਼ਤਾ ਹੈ।ਜਵਾਨੀ ‘ਚ ਤਿੰਨ ਚਾਰ ਵਰੇ ਪਿਆਰ ਹੀ ਕੀਤਾ ਸੀ।ਫੇਰ ਉਹ ਸੋਚਣ ਲੱਗਿਆ ਅਨੀਤਾ ਨਾਲ ਮੇਰੀ ਸਾਂਝ ਵੀਹ ਸਾਲ ਪੁਰਾਣੀ ਹੈ।ਸਾਡੇ ਦੋਹਾਂ ਦੇ ਬੱਚੇ ਵੀ ਨੇ ਹੁਣ ਤਾਂ।ਪਰ ਅਨੀਤਾ ਨਾਲ ਗੱਲ ਕਰਦਿਆਂ ਮੇਰਾ ਦਿਲ ਕਦੀ ਏਦਾਂ ਕਿਉਂ ਨਹੀਂ ਧੜਕਿਆਂ।ਕਿਉਂ ਮੈਨੂੰ ਲੱਗਦਾ ਰਹਿੰਦਾ ਹੈ ਕਿ ਉਹ ਮੈਨੂੰ ਇਕੱਲਿਆਂ ਛੱਡ ਦੇਵੇ।...ਅਤੇ ਕਿਉਂ ਮੈਨੂੰ ਇਕਾਂਤ ਪਸੰਦ ਹੈ।

ਅਨੀਤਾ ਨੂੰ ਵੀ ਲੱਗਦਾ ਹੈ ਕਿ ਜਿਸਮਾਨੀ ਲੋੜ ਵੇਲੇ ਹੀ ਮੈਂ ਉਸਦਾ ਧਿਆਨ ਕਰਦਾ ਹਾਂ।ਉਂਝ ਉਸ ਤੋਂ ਦੂਰ ਭੱਜਦਾ ਹਾਂ।ਆਖਣ ਨੂੰ ਅਸੀਂ ਜੀਵਨ ਸਾਥੀ ਹਾਂ।ਪਰ ਉਂਝ ਉਹ ਘਰਦੇ ਕੰਮਾਂ ‘ਚ ਬਿਜੀ ਹੈ ਤੇ ਮੈਂ ਬਾਹਰਲਿਆਂ ਕੰਮਾਂ ਵਿੱਚ।ਗਰਜਾਂ ਤੇ ਕੰਮਾਂ ਤੋਂ ਬਿਨਾਂ ਹੋਰ ਰਿਸ਼ਤਾ ਹੀ ਸਾਡਾ ਕੋਈ ਨਹੀਂ।ਜੌਬ ਕਰੋ,ਕੰਮ ਕਰੋ,ਖਰੀਦੋ ਫਰੋਖਤ ਤੇ ਏਸੇ ਰੁਟੀਨ ਵਿੱਚ ਸਰੀਰਕ ਸਾਂਝ।ਦੈਟਸ ਇਟ।

ਪਰ ਰੂਪਾ ਨਾਲ ਮੇਰਾ ਗਰਜਾਂ,ਲੋੜਾ ਦਾ ਰਿਸ਼ਤਾ ਨਹੀਂ ਤੇ ਨਾਂ ਹੀ ਮੈਂ ਕਦੇ ਉਸ ਨਾਲ ਕਦੀ ਜਿਸਮਾਨੀ ਸਾਂਝ ਪਾਈ ਹੈ।ਫੇਰ ਮੇਰੀ ਰੂਹ ਕਿਉਂ ਉਸ ਲਈ ਤੜਫਦੀ ਹੈ।

ਉਹ ਸੰਗੀਤ ਦੀ ਇੱਕ ਤਰੰਗ ਹੈ ਤੇ ਸੰਗੀਤ ਮੇਰੇ ਲਈ ਜਿੰਦ ਜਾਨ।ਪਤਨੀ ਲਈ ਸੰਗੀਤ ਐਵੇਂ ਵਾਧੂ ਦਾ ਸਮਾਂ ਬਰਬਾਦ ਕਰਨਾ।ਉਸ ਦਾ ਸ਼ੌਕ ਤਾਂ ਚਟਪਟੇ ਖਾਣੇ,ਨਵੇਂ ਫੈਸ਼ਨ ਦੇ ਸੂਟ ਤੇ ਖਰੀਦੋ ਫਰੋਖਤ।ਮੈਂ ਉਸ ਨਾਲ ਬਜ਼ਾਰ ਜਾਣ ਤੋਂ ਤੇ ਉਹ ਮੇਰੇ ਨਾਲ ਕਿਸੇ ਸੰਗੀਤ ਪ੍ਰੋਗਰਾਮ ਤੇ ਜਾਣ ਤੋਂ ਕੰਨੀ ਕਤਰਾਉਂਦੀ ਐ।ਉੱਥੇ ਸੰਗੀਤ ਨਾਲ ਮੇਰੇ ਹਿੱਲਦੇ ਪੈਰ ਅਤੇ ਸਿਰ ਉਸ ਲਈ ਮਜ਼ਾਕ ਦਾ ਵਿਸ਼ਾ ਬਣ ਜਾਂਦੇ ਨੇ।ਪ੍ਰੋ:ਦੇਵ ਸੋਚ ਰਿਹਾ ਸੀ।

ਜਦੋਂ ਵੱਡੇ ਵੱਡੇ ਕਲਾਕਾਰ ਪ੍ਰੋ: ਦੇਵ ਦੀਆਂ ਤਰੀਫਾਂ ਕਰਦੇ ਤਾਂ ਪ੍ਰੋ: ਅਨੀਤਾ ਨੂੰ ਆਪਣੇ ਘਰ ਵਾਲੇ ਵਿੱਚ ਕੋਈ ਖਾਸ ਗੱਲ ਨਜ਼ਰ ਨਾਂ ਆਉਂਦੀ।ਨਾਲ ਦੇ ਪ੍ਰੋਫੈਸਰਾਂ ਸ਼ਹਿਰਾਂ ‘ਚ ਕੋਠੀਆਂ ਉਸਾਰ ਲਈਆਂ ਪਲਾਟ ਲੈ ਲਏ।ਪਰ ਪ੍ਰੋ: ਦੇਵ ਤੇ ਪੱਲੇ ਸਿਰਫ ਗੋਡੀਂ ਹੱਥ ਹੀ ਆਏ।ਤਾਂ ਹੀ ਤਾਂ ਉਹ ਅਕਸਰ ਪੁੱਛਦੀ “ਥੋਨੂੰ ਮਿਲਦਾ ਕੀ ਹੈ ਇਹ ਗੀਤ ਗੂਤ ਤਿਆਰ ਕਰਵਾ ਕੇ ਕੁੱਝ ਹੋਰ ਕਰ ਲੋ।ਕੋਈ ਦੁਕਾਨ ਬਣਵਾ ਕੇ ਹੀ ਕਿਰਾਏਤੇ ਦੇ ਦੋ ਜਿੱਥੋ ਚਾਰ ਪੈਸੇ ਆਉਣ”।ਬੱਸ ਏਸੇ ਨੋਕ ਝੋਕ ਵਿੱਚ ਵੀਹ ਸਾਲ ਗੁਜਰ ਗਏ।

ਪ੍ਰੋ: ਦੇਵ ਨੂੰ ਰੂਪਾ ਤੋਂ ਬਾਅਦ ਮਾਪਿਆ ਦੇ ਜੋਰ ਪਾਉਣ ਤੇ ਇਹ ਅਰੇਂਜ ਮੈਰਿਜ਼ ਕਰਨੀ ਪਈ ਸੀ।ਤੇ ਹੁਣ ਹਰ ਗੱਲ ਵਿੱਚ ਸਮਝੌਤੇ ਕਰਨੇ ਉਸ ਨੇ ਸਿੱਖ ਲਏ ਸਨ ।‘ਦਰਅਸਲ ਵਿਆਹ ਹੈ ਹੀ ਸਮਝੌਤਿਆਂ ਦਾ ਨਾਂ...’।ਉਹ ਕਦੀ ਕਦੀ ਸੋਚਦਾ

ਪਤੀ ਪਤਨੀ ਦੇ ਨਾਂ ਸ਼ੌਕ ਸਾਂਝੇ ਤੇ ਨਾਂ ਵਿਚਾਰ।ਉਸ ਵਾਂਗੂੰ ਪਤਾ ਨਹੀ ਹੋਰ ਕਿੰਨੇ ਸ਼ਾਦੀ ਦਾ ਗਲ਼ ਪਿਆ ਢੋਲ ਵਜਾ ਰਹੇ ਹੋਣਗੇ।‘ਕੀ ਵਿਆਹ ਆਪਣੇ ਅਰਥ ਗੁਆ ਚੁੱਕਾ ਹੈ?’ਕਦੀ ਕਦੀ ਦੇਵ ਸੋਚਦਾ।ਨਵੀਂ ਪੀੜੀ ਸ਼ਾਇਦ ਏਸੇ ਕਰਕੇ ਇਸ ਬੰਧਨ ਤੋਂ ਕੰਨੀ ਕਤਰਾ ਰਹੀ ਹੈ।ਉਮਰ ਭਰ ਦੀ ਗ਼ੁਲਾਮੀ।ਵਿਆਹੀਆਂ ਔਰਤਾਂ ਦੀ ਤਾਂ ਜ਼ੰਜੀਰ ਉਦੋਂ ਹੀ ਟੁੱਟਦੀ ਜਦੋਂ ਸਹੁਰੇ ਘਰ ਤੋਂ ਉਸਦੀ ਲਾਸ਼ ਨਿੱਕਲਦੀ ਹੈ।ਭਾਵੇਂ ਸਾਰੀ ਉਮਰ ਉਸਦਾ ਸ਼ਰਾਬੀ ਪਤੀ ਕੁੱਟਦਾ ਮਾਰਦਾ ਰਹੇ ਤੇ ਉਹ ਫਿਰ ਵੀ ਪ੍ਰਮੇਸ਼ਰ।ਏਸੇ ਤਰ੍ਹਾਂ ਉਹ ਵੀ ਅਨੀਤਾ ਦਾ ਪ੍ਰਮੇਸ਼ਰ ਸੀ।‘ਪਰ ਅੱਜ ਕੱਲ ਦੇ ਪ੍ਰਮੇਸ਼ਰ ਪਤਨੀਆਂ ਤੋਂ ਕੁੱਝ ਜਿਆਦਾ ਹੀ ਡਰਦੇ ਨੇ’।ਉਹ ਹਸਦਾ।

ਕਨੇਡਾ ਆਕੇ ਉਸ ਨੇ ਪਤਨੀ ਪ੍ਰਮੇਸ਼ਰ ਪਰਿਵਾਰ ਵਧੇਰੇ ਵੇਖੇ ਸਨ।ਜਿੱਥੇ ਮਰਦ ਦੀ ਹਾਲਤ ਭਿੱਜੀ ਬਿੱਲੀ ਵਰਗੀ ਸੀ।ਪਰ ਉਨ੍ਹਾਂ ਦੀ ਸ਼ਾਦੀ ਫਿਰ ਵੀ ਚੱਲ ਰਹੀ ਸੀ।ਜਿੰਨੇ ਵੱਡਾ ਸਮਝੌਤੇਵਾਦ ਉਨ੍ਹੀਆਂ ਹੀ ਲੰਬੀਆਂ ਮੈਰਿਜ ਐਨਵਰਸਰੀਆਂ।ਪ੍ਰੋ: ਦੇਵ ਨੂੰ ਲੱਗਦਾ ਸੀ ਕਿ ਰੂਪਾ ਨਾਲ ਉਹ ਉਨੇ ਹੀ ਸਬੰਧ ਬਣਾਵੇ ਜਿੰਨਾ ਨਾਲ ਉਸਦਾ ਪਰਿਵਾਰ ਨਾ ਟੁੱਟੇ।ਸ਼ਾਦੀ ਦੀ ਸਿਲਵਰ ਜੁਬਲੀ ਮਨਾਉਣ ਦੀ ਤਮੰਨਾ ਤਾਂ ਉਸ ਦੀ ਵੀ ਸੀ।ਏਹੋ ਗੱਲ ਰੂਪਾ ਸ਼ਾਇਦ ਆਪਣੇ ਪਤੀ ਬਾਰੇ ਵੀ ਸੋਚ ਰਹੀ ਹੋਵੇ।ਦੋਨੋ ਆਪੋ ਆਪਣੇ ਬੰਧਨਾਂ ਦੇ ਘੁਰਨਿਆ ‘ਚ ਬੰਦ ਸਨ।

ਅੱਜ ਰੂਪਾ ਪਹਿਲੀ ਵਾਰੀ ਜਿਵੇਂ ਕਿਸੇ ਘੁਰਨੇ ‘ਚੋ ਨਿੱਕਲ ਕੇ ਜਾ ਰਹੀ ਹੋਵੇ।ਉਸ ਨੇ ਸ਼ੀਸ਼ਾ ਤੱਕਿਆ ਚਿਹਰਾ ਕੁਮਲਾ ਗਿਆ ਸੀ।ਵਾਲਾਂ ਦੀ ਮਹਿੰਦੀ ਫਿੱਕੀ ਪੈ ਗਈ ਸੀ।ਉਹ ਕੁੜੀ ਤੋਂ ਅੱਧਖੜ ਔਰਤ ਬਣ ਗਈ ਸੀ।ਕਾਲਜ ਸਮੇਂ ਦੀਆਂ ਫੋਟੋਆਂ ਦੇਖਦੀ ਤਾਂ ਨਿਰੀ ਪੁਰੀ ਸਰਗਮ ਲੱਗਦੀ।ਪਿਆਰੀ ਜਿਹੀ ਕੁੜੀ।ਉਸ ਨੇ ਅੱਖਾਂ ਦੀਆਂ ਸ਼ਿਆਹੀਆਂ ਢਕਣ ਲਈ ਮਸਖਾ ਲਗਾਇਆ।ਦੇਵ ਦੇ ਪਸੰਦੀਦਾ ਰੰਗ ਦਾ ਸੂਟ ਪਾਇਆ।ਗੁਰਸੇਵਕ ਦੇ ਤਾਂ ਟੋਰਾਂਟੋ ਤੋਂ ਕੈਲੇਫੋਰਨੀਆਂ ਦੇ ਗੇੜੇ ਹੀ ਨਾ ਮੁੱਕੇ ਪਰ ਉਸਦਾ ਰੂਪ ਮੁੱਕ ਚੱਲਿਆ ਸੀ।ਉਸ ਲਈ ਟਰੱਕ ਪਾਉਣੇ ਤੇ ਘਰ ਲੈਣਾ ਹੀ ਦੋ ਵੱਡੇ ਸ਼ੌਂਕ ਸਨ।ਰੂਪਾ ਦੇ ਹੁਸਨ ਦਾ ਖਜ਼ਾਨਾ ਏਸੇ ਤਰ੍ਹਾਂ ਵੀਹ ਸਾਲ ਕਿਰਦਾ ਰਿਹਾ।

ਉਹ ਸੋਚਣ ਲੱਗੀ “ਦੇਵ ਮੈਨੂੰ ਪਛਾਣ ਵੀ ਲਵੇਗਾ”।ਉਸ ਦਾ ਦਿਲ ਧੜਕ ਰਿਹਾ ਸੀ।ਉਹ ਪਤੀ ਨੂੰ ਨਾਲ ਲੈਕੇ ਬੇਟੀ ਨੂੰ ਕਾਰ ‘ਚ ਬਿਠਾ (ਪ੍ਰੋ: ਦੇਵ ਨੂੰ ਮਿਲਣ)ਨਹੀ ਸੱਚ ਕੁੜੀ ਨੂੰ ਦਾਖਲ ਕਰਵਾਉਣ ਤੁਰ ਪਈ।

ਪ੍ਰੋ: ਦੇਵ ਜਿਵੇਂ ਉਸੇ ਨੂੰ ਹੀ ਉਡੀਕਦਾ ਹੋਵੇ।ਕਲਪਣਾ ਦੇ ਉਡਣ ਖਟੋਲੇ ਤੋਂ ਉੱਤਰ ਉਸ ਨੇ ਤੱਕਿਆ ਰੂਪਾ ਆਪਣੇ ਪਤੀ ਨਾਲ ਕਾਹਲੇ ਕਦਮੀ ਆ ਰਹੀ ਸੀ।ਉਹ ਹੀ ਤੋਰ ਉਹ ਹੀ ਅੰਦਾਜ਼।ਉਸ ਨੇ ਫਿਰੋਜ਼ੀ ਰੰਗ ਦਾ ਸੂਟ ਪਹਿਨਿਆ ਹੋਇਆ ਸੀ।ਦੇਵ ਦਾ ਪਸੰਦੀਦਾ ਰੰਗ।
ਕੋਲ ਆਕੇ ਉਸਨੇ ਦੋਹਵੇਂ ਹੱਥ ਜੋੜੇ।ਜਿਵੇਂ ਵਹਿੰਦੇ ਝਰਨੇ ਰੁਕ ਗਏ ਹੋਣ।ਟੱਲੀਆਂ ਵਾਂਗੂੰ ਆਵਾਜ ਟਣਕੀ।ਪ੍ਰੋ: ਦੇਵ ਉਸ ਨੂੰ ਚਾਹੁੰਦਾ ਹੋਇਆ ਵੀ ਬੁੱਕਲ ‘ਚ ਨਾ ਲੈ ਸਕਿਆ।ਅੱਖਾਂ ‘ਚ ਮਾਰੇ ਦਰਿਆਵਾਂ ਦੇ ਬੰਨ ਟੁੱਟਜੂ ਟੁੱਟਜੂ ਕਰ ਰਹੇ ਸਨ।ਨਾਲ ਖੜਾ ਬੰਦਾ ਰੂਪਾ ਦਾ ਪਤੀ ਹੀ ਹੋ ਸਕਦਾ ਸੀ।ਥੋੜਾ ਜਿਹਾ ਭਾਰਾ ਸਰੀਰ ਅੱਧਾ ਸਿਰ ਗੰਜਾ ਹੱਥ ‘ਚ ਸੈੱਲ ਫੋਨ।

ਉਸ ਨੇ ਗੁਰਸੇਵਕ ਕਹਿ ਕੇ ਸੱਜਾ ਹੱਥ ਅੱਗੇ ਵਧਾਇਆ।ਪ੍ਰੋ: ਦੇਵ ਨੂੰ ਉਸ ਦੀ ਕਿਸਮਤ ਤੇ ਰਸ਼ਕ ਆਇਆ।ਰੂਪਾ ਦੇ ਚਿਹਰੇ ਤੇ ਉਮਰ ਦੀਆਂ ਲਕੀਰਾਂ ਭਾਵੇਂ ਗੂੜੀਆਂ ਹੋ ਗਈਆਂ ਸਨ।ਪਰ ਉਹੋ ਖੂਬਸੂਰਤੀ ਉਹੋ ਅੰਦਾਜ਼।ਹੱਸਦੀ ਤਾਂ ਅੱਖਾਂ ਮੀਟ ਲੈਂਦੀ।ਨਾਲ ਖੜੀ ਕੁੜੀ ਤਾਂ ਉਸ ਨੇ ਦੇਖੀ ਹੀ ਨਹੀਂ ਸੀ।ਜਦ ਨਜ਼ਰ ਪਈ ਤਾਂ ਜੁਆਨੀ ਵੇਲੇ ਦੀ ਬਣੀ ਤਣੀ ਰੂਪਾ ਦਾ ਭੁਲੇਖਾ ਪਿਆ।ਪ੍ਰੋ:ਦੇਵ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਤਾਂ ਸਾਰਾ ਜਿਸਮ ਹੀ ਜਿਵੇਂ ਕੰਬ ਗਿਆ ਹੋਵੇ।ਕੋਈ ਝੱਖੜ ਸ਼ੂਕ ਰਿਹਾ ਸੀ।ਪ੍ਰੋ: ਦੇਵ ਦਾ ਵਜੂਦ ਕੱਖਾਂ ਵਾਂਗੂੰ ਉਡ ਰਿਹਾ ਸੀ।

“ਆਉ ਅੰਦਰ ਬੈਠਦੇ ਹਾਂ”ਉਹ ਛੋਟੇ ਜਿਹੇ ਦਫਤਰ ਵਲ ਲੈ ਤੁਰਿਆ।

ਨਾਲ ਦੇ ਕਮਰੇ ਵਿੱਚ ਦਸ ਬਾਰਾਂ ਬੱਚੇ ਤਬਲੇ ਤੇ ਹਰਮੋਨੀਅਮ ਨਾਲ ਕੁੱਝ ਗਾ ਰਹੇ ਸਨ।ਗੁਰਸੇਵਕ ਆਪਣੀ ਕੁੜੀ ਸਰਗਮ ਬਾਰੇ ਗੱਲ ਕਰ ਰਿਹਾ ਸੀ ਤੇ ਦਾਖਲਾ ਫੀਸ ਪੁੱਛ ਰਿਹਾ ਸੀ।ਪ੍ਰੋ: ਦੇਵ ਗੱਲ ਟਾਲ ਨਾ ਸਕਿਆ। ਪੰਜ ਸੌ ਡਾਲਰ ‘ਚੋਂ ਢਾਈ ਸੌ ਪਹਿਲਾਂ ਦੇਣਾ ਸੀ।ਨਾ ਨਾ ਕਰਦੇ ਦੇਵ ਨੂੰ ਢਾਈ ਸੌ ਡਾਲਰ ਜਦੋਂ ਗੁਰਸੇਵਕ ਨੇ ਫੜਾਇਆ ਤਾਂ ਉਸ ਨੂੰ ਪਹਿਲੀ ਵਾਰ ਮਾਇਆ ਨਾਗਣੀ ਲੱਗੀ।ਉਸ ਦੇ ਅੰਦਰੋਂ ਜਿਵੇਂ ਕੁੱਝ ਮਰ ਗਿਆ ਹੋਵੇ।

ਸਮਝ ਨਹੀ ਸੀ ਆ ਰਹੀ ਉਹ ਵਿਉਪਾਰੀ ਬਣ ਕੇ ਸੰਗੀਤ ਕਦੋਂ ਤੋਂ ਵੇਚਣ ਲੱਗ ਪਿਆ ਸੀ।ਉਹ ਵੀ ਰੂਪਾ ਦੀ ਕੁੜੀ ਨੂੰ ਜੋ ਉਸਦਾ ਆਪਣਾ ਪਿਆਰ ਸੀ,ਇਸ਼ਕ ਸੀ।ਉਸ ਦੀ ਰੂਹ ਉਸ ਨੂੰ ਲਾਹਣਤਾ ਪਾਉਂਦੀ ਰਹੀ।

ਸ਼ਾਮ ਢਲੀ ਪ੍ਰੋ: ਦੇਵ ਨੇ ਆਪਣੇ ਜਿਗਰੀ ਯਾਰ ਗੁਰਜੀਤ ਨੂੰ ਫੋਨ ਕੀਤਾ।ਤੇ ਫੇਰ ਉਹ ਕਿਸੇ ਬੀਅਰ ਬਾਰ ਵਿੱਚ ਜਾ ਬੈਠੇ।
ਪ੍ਰੋ: ਦੇਵ ਜਿਵੇਂ ਚੌਵੀ ਪੱਚੀ ਸਾਲ ਦਾ ਮੁੰਡਾ ਬਣ ਕੇ ਆਪਣੀ ਮਹਿਬੂਬਾ ਦੀ ਕਹਾਣੀ ਸੁਣਾ ਰਿਹਾ ਹੋਵੇ।

“ਯਾਰ ਮੇਰੇ ਲਈ ਅਜੇ ਵੀ ਉਹ ਦੁਨੀਆਂ ਦੀ ਸਭ ਤੋਂ ਸੋਹਣੀ ਔਰਤ ਹੈ।ਉਹ ਹੀ ਆਵਾਜ਼ ਉਹ ਹੀ ਅੰਦਾਜ਼” ਉਹ ਬੀਅਰ ਦੀਆਂ ਘੁੱਟਾ ਭਰ ਰਿਹਾ ਸੀ।ਸੋਚਾਂ ‘ਚ ਡੁੱਬਿਆ,ਕਿਸੇ ਸਮਾਧੀ ‘ਚ ਲੀਨ।ਪਤਾ ਨਹੀਂ ਉਸ ਨੇ ਕਿੰਨੀਆਂ ਕੁ ਗੱਲਾਂ ਕੀਤੀਆਂ।ਘਰ ਵਾਲੀ ਦਾ ਸੈੱਲ ਤੇ ਵਾਰ ਵਾਰ ਫੋਨ ਆ ਰਿਹਾ ਸੀ।ਜਿਵੇਂ ਇਹ ਫੋਨ ਨਹੀਂ ਬਲਕਿ ਪਤਨੀ ਵਲੋਂ ਪਤੀ ਦੇ ਨੱਕ ‘ਚ ਪਾਈ ਨਕੇਲ ਹੋਵੇ।ਅੱਕ ਕੇ ਉਸ ਨੇ ਫੋਨ ਹੀ ਬੰਦ ਕਰ ਦਿੱਤਾ।

ਅੱਜ ਬੀਅਰ ਵੀ ਨਸ਼ਾ ਨਹੀਂ ਸੀ ਕਰ ਰਹੀ।ਇਸ਼ਕ ਤੋਂ ਵੱਡਾ ਹੋਰ ਕੋਈ ਨਸ਼ਾ ਨਹੀਂ ਹੁੰਦਾ ਦੇਵ ਨੂੰ ਲੱਗਿਆ।ਫੇਰ ਗੁਰਜੀਤ ਉਸ ਨੂੰ ਘਰ ਛੱਡ ਆਇਆ।

ਉਸ ਨੇ ਪਤੀ ਹੋਣ ਮਖੌਟਾ ਪਹਿਨ ਲਿਆ ਸੀ। ਘਰ ਵਾਲੀ ਵਾਲੀ ਦੀ ਤਾਰੀਫ ਉਸ ਵਲੋਂ ਬਣਾਏ ਖਾਣੇ ਦੀ ਤਾਰੀਫ।ਬੱਚਿਆਂ ਦੀਆਂ ਗੱਲਾਂ ਇੰਡੀਆਂ ਦੀਆਂ ਗੱਲਾਂ।ਇੱਕ ਸਫਲ ਅਦਾਕਾਰ ਵਾਂਗ।ਪੈਣ ਲੱਗਿਆ ਉਹ ਖੁਦ ਤੇ ਹੀ ਹੱਸਿਆ।ਅਸੀਂ ਸਾਰੇ ਕਿੰਨੇ ਵੱਡੇ ਡਰਾਮੇਵਾਜ ਹਾਂ।ਅਜਿਹਾ ਡਰਾਮਾ ਮੇਰੀ ਪਤਨੀ ਵੀ ਤਾਂ ਸ਼ਾਇਦ ਮੇਰੇ ਨਾਲ ਕਰਦੀ ਹੋਊ।ਇਹ ਤਾਂ ਹੋ ਨਹੀਂ ਸਕਦਾ ਕਿ ਉਸ ਨੂੰ ਕੋਈ ਮੇਰੇ ਤੋਂ ਬਿਨਾ ਹੋਰ ਚੰਗਾ ਨਾਂ ਲੱਗਿਆ ਹੋਵੇ।ਪਰ ਉਹ ਕਹੇਗੀ ਨਹੀਂ।ਭਾਰਤੀ ਔਰਤ ਜੋ ਹੋਈ।

ਹੁਣ ਸਰਗਮ ਹਰ ਵੀਕਐਂਡ ਤੇ ਕਲਾਸ ਲੈਣ ਆਂਉਂਦੀ।ਰੂਪਾ ਹਮੇਸ਼ਾਂ ਉਸ ਨੂੰ ਛੱਡ ਕੇ ਜਾਂਦੀ ਲੈ ਕੇ ਜਾਂਦੀ।ਪ੍ਰੋ: ਦੇਵ ਨੂੰ ਹੱਥ ਖੜਾ ਕਰ ਸਲਾਮ ਕਰਦੀ।ਕਦੀ ਕੁੱਝ ਪੁੱਛਣ ਦੇ ਬਹਾਨੇ ਅੰਦਰ ਵੀ ਆ ਜਾਂਦੀ।ਉਸ ਨੂੰ ਵੇਖ ਕੇ ਮੁਸਕਰਾੳਂਦੀ।ਜਿਵੇਂ ਦਰਿਆਵਾਂ ਨੂੰ ਕੰਢਿਆਂ ਅੰਦਰ ਰਹਿ ਕੇ ਵੱਗਣਾ ਆ ਗਿਆ ਹੋਵੇ।

ਪ੍ਰੋ: ਦੇਵ ਸਰਗਮ ਤੇ ਬੇਹੱਦ ਮਿਹਨਤ ਕਰ ਰਿਹਾ ਸੀ।ਉਸ ਨਾਲ ਰਲ਼ ਕੇ ਗਾਉਂਦਾ।ਅੱਖਾਂ ਮੀਟਿਆਂ ਪਤਾ ਹੀ ਨਾ ਲੱਗਦਾ ਕਿ ਉਸ ਦਾ ਸਾਥ ਰੂਪਾ ਦੇ ਰਹੀ ਹੈ ਜਾਂ ਉਸ ਦੀ ਬੇਟੀ ਸਰਗਮ।ਉਸ ਦੀਆਂ ਝੀਲ ਵਰਗੀਆਂ ਅੱਖਾਂ ‘ਚ ਤੱਕਦਾ ਉਸ ਨਾਲ ਗੱਲਾਂ ਕਰਦਾ ਰਹਿੰਦਾ।ਕਦੀ ਉਸ ਦੀ ਮਾਂ ਬਾਰੇ ਤੇ ਕਦੀ ਡੈਡੀ ਬਾਰੇ।

ਉਹ ਘਰ ਜਾ ਕੇ ਆਖਦੀ, “ਮੌਮ ਦੇਵ ਅੰਕਲ ਬਹੁਤ ਚੰਗੇ ਨੇ ਤੁਸੀਂ ਕਦੇ ਮਿਲਿਉ ਤਾਂ ਸਈ।ਮੌਮ ਡੈਡ ਨੂੰ ਪੁੱਛ ਕੇ ਦੇਵ ਅੰਕਲ ਨੂ ਘਰੇ ਬਲਾਉਣਾ।...ਉਹ ਮੇਰਾ ਬਹੁਤ ਕਰਦੇ ਨੇ”

ਇੱਕ ਦਿਨ ਰੂਪਾ ਨੇ ਦੇਵ ਨੂੰ ਫੋਨ ਤੇ ਕਿਹਾ ਵੀ “ਸਰਗਮ ਸਾਰਾ ਦਿਨ ਦੇਵ ਅੰਕਲ ਦੇਵ ਅੰਕਲ ਕਰਦੀ ਰਹਿੰਦੀ ਆ ਕਿਤੇ ਤੁਸੀਂ ਉਸ ਦਾ ਲੋੜ ਤੋਂ ਵੱਧ ਤਾਂ ਨੀ ਕਰਦੇ...”

ਦੇਵ ਨੂੰ ਮਿਲਣ ਤੋਂ ਬਾਅਦ ਰੂਪਾ ਅੰਦਰ ਜੰਮੀ ਬਰਫ ਪਿਘਲਣ ਲੱਗੀ।ਉਸ ਨੇ ਫੇਰ ਤੋਂ ਸੰਗੀਤ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ।ਚੰਗੇ ਸੰਗੀਤ ਦੀਆਂ ਟੇਪਾਂ ਸੀ ਡੀ ਜ਼ ਉਹ ਇੱਕਠੀਆਂ ਕਰਨ ਲੱਗੀ।ਪ੍ਰੋ: ਦੇਵ ਨੂੰ ਫੋਨ ਵੀ ਵਧਣ ਲੱਗੇ।

ਉਧਰ ਗੁਰਸੇਵਕ ਦੇ ਟਰੱਕ ਦੇ ਗੇੜੇ ਲੰਬੇ ਹੋ ਰਹੇ ਸਨ।ਉਹ ਇਸ ਸਾਲ ਘਰ ਫ੍ਰੀ ਕਰਕੇ ਹੋਰ ਵੱਡਾ ਘਰ ਲੈਣਾ ਚਾਹੁੰਦਾ ਸੀ।ਗੇੜਾ ਲਾ ਕੇ ਹਫਤੇ ਬਾਅਦ ਆਂਉਦਾ।ਕਈ ਵਾਰੀ ਤਾਂ ਬਿਨਾਂ ਘਰ ਆਇਆਂ ਉਥੋਂ ਹੀ ਮੁੜ ਜਾਂਦਾ।ਰੂਪਾ ਹਫਤੇ ਦੀਆਂ ਦਾਲਾਂ ਰੋਟੀਆਂ ਉੱਥੇ ਹੀ ਫੜਾ ਆਂਉਦੀ।

ਬਹੁਤੇ ਟਰੱਕਾਂ ਵਾਲਿਆਂ ਦਾ ਇਹ ਹੀ ਹਾਲ ਸੀ।ਪਤਨੀਆਂ ਚੰਗੀਆਂ ਗੱਡੀਆਂ ਭਜਾਈ ਫਿਰਦੀਆਂ ਵਕਤ ਪੂਰਾ ਕਰਨ ਲਈ।ਜਨਾਬ ਉਨ੍ਹਾਂ ਕੋਲ ਘਰ ਰਹਿਣ ਲਈ ਟਾਈਮ ਹੀ ਨਹੀਂ ਸੀ।ਕੰਮਾਂ ਤੇ ਡੋਰੋਂ ਟੁੱਟੀ ਪਤੰਗ ਵਾਂਗੂੰ ਅਜਿਹੀਆਂ ਔਰਤਾਂ ਦੇ ਕਿੱਸੇ ਸੁਣਨ ਨੂੰ ਮਿਲਦੇ।ਤੇ ਕਈ ਇਹ ਵੀ ਆਖਦੀਆਂ “ਕੀ ਕਰਨਾ ਹੈ ਅਜਿਹੇ ਪੈਸੇ ਨੂੰ ਜਦ ਥੋਡਾ ਟੱਬਰ ਹੀ ਥੋਡਾ ਨਾਂ ਰਹੇ।ਘਰ ਕੱਲਾ ਇੱਟਾਂ ਪੱਥਰਾਂ ਦੀਆਂ ਕੰਧਾਂ ਤਾਂ ਨੀ ਹੁੰਦਾ...।ਤੇ ਨਾਂ ਹੀ ਪੈਸਾ ਸਭ ਕੁੱਝ ਹੁੰਦਾ ਹੈ”

ਰੂਪਾ ਦੇ ਸਮਝੌਤਿਆਂ ਦੀ ਡੋਰ ਕਮਜੋਰ ਪੈਣ ਲੱਗੀ।ਹੁਣ ਉਹ ਪ੍ਰੋ: ਦੇਵ ਨਾਲ ਕਿਸੇ ਟਿੱਮ ਹੌਰਟਨ ਵੀ ਜਾ ਬੈਠਦੀ।ਉਹ ਖੂਬ ਗੱਲਾਂ ਕਰਦੇ।ਫਿਰ ਤੋਂ ਇਸ਼ਕ ਪੁੰਗਰ ਰਿਹਾ ਸੀ।ਆਪਣੇ ਜੀਵਨ ਸਾਥੀਆਂ ਤੋਂ ਚੋਰੀ ਚੋਰੀ।ਕਦੀ ਕਦੀ ਰੂਪਾ ਇਹ ਵੀ ਸੋਚਦੀ ਜੇ ਕਿਸੇ ਨੇ ਮੈਨੂੰ ਦੇਖ ਲਿਆ ਤਾਂ ਲੋਕ ਮੇਰੀਆਂ ਵੀ ਗੱਲਾ ਬਣਾਉਣਗੇ।ਕਿ ਘਰ ਵਾਲਾ ਟਰੱਕ ਤੇ ਤੋਰ ਕੇ ਇਹ ਮਿਊਜਿਕ ਟੀਚਰ ਨਾਲ ਤੁਰੀ ਫਿਰਦੀ ਆ।

ਫੇਰ ਉਹ ਸੋਚਦੀ ਆਖਰ ਮੈਂ ਵੀ ਇਨਸਾਨ ਹਾਂ।ਜਿਸ ਦਾ ਪਿਆਰ ਕਨੇਡਾ ਦੀ ਬਲੀ ਚੜ ਗਿਆ।ਮੇਰੇ ਵਰਗੇ ਪਤਾ ਨਹੀਂ ਹੋਰ ਕਿੰਨੇ ਨੇ ਜੋ ਪਤੀ ਪਤਨੀ ਦਾ ਨਾਟਕ ਕਰ ਰਹੇ ਹੋਣਗੇ।ਜੀਵਨ ਦੀ ਪਵਿੱਤਰਤਾ ਤਾਂ ਮਨ ਦੀ ਪਵਿੱਤਰਤਾ ਹੈ।ਤੇ ਮਨ ਮੇਰਾ ਹਮੇਸ਼ਾਂ ਦੇਵ ਨੂੰ ਹੀ ਚਾਹੁੰਦਾ ਰਿਹਾ ਹੈ।ਏਹੋ ਹਾਲ ਸ਼ਾਇਦ ਦੇਵ ਦਾ ਵੀ ਹੋਵੇ।

ਰੋਟੀਆਂ ਲਾਹੀ ਜਾਣਾ,ਨਿਆਣੇ ਜੰਮ ਦੇਣੇ,ਸਫਾਈਆਂ ਕਰੀ ਜਾਣਾ ਜਾਂ ਜੌਬ ਕਰੀ ਜਾਣੀ ਇਹ ਹੀ ਤਾਂ ਜੀਵਨ ਨਹੀਂ।ਜੇ ਪਿਆਰ ਹੁੰਦਾ ਤਾਂ ਅਸੀ ਵੀ ਵੋਕੇਸ਼ਨਾਂ ਤੇ ਜਾਂਦੇ।ਸੈਰ ਸਪਾਟੇ ਕਰਦੇ।ਜੀਵਨ ਨੂੰ ਮਾਣਦੇ।ਪਰ ਸਾਡਾ ਪਿਆਰ ਤਾਂ ਪੈਸੇ ਨਾਲ ਹੈ।

ਫੇਰ ਇੱਕ ਦਿਨ ਪ੍ਰੋ: ਦੇਵ ਨੇ ਕਹਿ ਹੀ ਦਿੱਤਾ “ਰੂਪਾ ਤੂੰ ਮੇਰੀ ਪ੍ਰੇਮਿਕਾ ਤਾਂ ਹੈ ਹੀ ਪਤਨੀ ਬਣਾਉਣ ਦੀ ਇੱਛਾ ਅਧੂਰੀ ਰਹਿ ਗਈ।ਮੈਂ ਤਾਂ ਆਪਣੀ ਪਤਨੀ ਵਿੱਚੋਂ ਵੀ ਤੈਨੂੰ ਫੀਲ ਕਰਦਾ ਰਿਹਾਂ ਹਾਂ”

ਰੂਪਾ ਕਹਿਣਾ ਤਾਂ ਚਾਹੁੰਦੀ ਸੀ ‘ਹਾਲ ਮੇਰਾ ਵੀ ਏਹ ਹੀ ਹੈ’ ਪਰ ਕਹਿ ਨਾਂ ਸਕੀ।ਦੂਸਰੇ ਦਿਨ ਰੂਪਾ ਨੂੰ ਪਤਾ ਨਹੀਂ ਕੀ ਹੋ ਗਿਆ ਸੀ,ਉਹ ਆਉਣ ਸਾਰ ਕਹਿਣ ਲੱਗੀ “ਦੇਵ ਆਪਣੇ ਇਹ ਸਬੰਧ ਠੀਕ ਨਹੀਂ ਹੁਣ ਆਪਾਂ ਵਿਆਹ ਤਾਂ ਕਰਵਾ ਨਹੀਂ ਸਕਦੇ ਇਹ ਮਿਲਣਾ ਜੁਲਣਾ ਵੀ ਗੁੱਝਾ ਨਹੀਂ ਰਹਿਣਾ।ਜੇ ਤੇਨੂੰ ਮੇਰੀ ਤਮੰਨਾ ਹੈ ਤਾਂ ਮੈਂ ਇੱਕ ਦਿਨ ਲਈ ਤੇਰੀ ਪਤਨੀ ਬਣ ਸਕਦੀ ਹਾਂ।ਜਿੱਥੇ ਮਰਜੀ ਲੈ ਚੱਲ।ਆਪਣੀ ਰੂਹ ਨੂੰ ਸ਼ਾਂਤ ਕਰ ਲੈ।ਤਾਂ ਕਿ ਜੋ ਤਮੰਨਾਂ ਅਧੂਰੀ ਹੈ ਉਹ ਵੀ ਪੂਰੀ ਹੋ ਜਾਵੇ।ਫੇਰ ਇਹ ਫਾਈਲ ਕਲੋਜ਼।ਆਪਾਂ ਚੰਗੇ ਦੋਸਤ ਬਣਕੇ ਰਹਾਂਗੇ।

ਸ਼ੁੱਕਰਵਾਰ ਦਾ ਦਿਨ ਸੀ।ਗੁਰਸੇਵਕ ਨੂੰ ਗੇੜਾ ਲੈ ਕੇ ਗਿਆਂ ਦੋ ਦਿਨ ਹੋ ਗਏ ਸਨ।ਰੂਪਾ ਨੇ ਕੰਮ ਤੋਂ ਛੁੱਟੀ ਕੀਤੀ।ਸੁਕੇਅਰ ਵਨ ਦੀ ਮਾਲ ਵਿੱਚ ਕਾਰ ਖੜਾਈ ਤੇ ਪ੍ਰੋਂ: ਦੇਵ ਨਾਲ ਬੈਠ ਕੇ ਲੇਕ ਉਨਟਾਰੀਉ ਤੇ ਚਲੀ ਗਈ।ਅੱਜ ਦੇ ਦਿਨ ਉਹ ਦੇਵ ਦੀ ਪਤਨੀ ਬਣਕੇ ਆਈ ਸੀ।
ਲੇਕ ਦੀ ਹਿੱਕ ਤੇ ਲਹਿਰਾਂ ਦਾ ਸ਼ੋਰ ਸੀ।ਉਨ੍ਹਾਂ ਲੇਕ ਸ਼ੋਅਰ ਪਾਰਕ ਵਿੱਚ ਸੂਰਜ ਸਾਹਮਣੇ ਮੂੰਹ ਕਰਕੇ ਅੱਜ ਦਾ ਰਿਸ਼ਤਾ ਕਬੂਲਿਆ।ਪਤੀ ਪਤਨੀ ਦਾ ਰਿਸ਼ਤਾ।ਇੱਕ ਦੂਸਰੇ ਦਾ ਹੱਥ ਫੜਿਆ।ਇੱਕ ਦੂਜੇ ਨੂੰ ਚੁੰਮਿਆ।ਬਹੁਤ ਗੱਲਾਂ ਕੀਤੀਆਂ ਫੇਰ ਉਹ ਸਾਹਮਣੇ ਹੀ ਬਣੇ ਹੋਟਲ ਚਲੇ ਵਿੱਚ ਗਏ ਅਤੇ ਕਮਰਾ ਬੁੱਕ ਕਰਵਾਇਆ।

ਰੂਪਾਂ ਨੇ ਕਿਸੇ ਡਰੋਂ ਗੁਰਸੇਵਕ ਨੂੰ ਫੋਨ ਕੀਤਾ।ਉਹ ਕੈਲੇਫੋਰਨੀਆਂ ਵਲ ਜਾ ਰਿਹਾ ਸੀ।ਰੂਪਾ ਨੇ ‘ਕਦੋਂ ਮੁੜੋਂਗੇ’ ‘ਕੀ ਹਾਲ ਹੈ’ ਬਗੈਰਾ ਦਾ ਨਾਟਕ ਕਰਕੇ ਫੋਨ ਰੱਖ ਦਿੱਤਾ।ਜਿਵੇਂ ਉਸਦੇ ਮਨ ਅੰਦਰ ਕੋਈ ਚੋਰ ਬੈਠਾ ਸੀ।

ਫੋਨ ਦੇਵ ਨੇ ਵੀ ਅਨੀਤ ਨੂੰ ਕੰਮ ਤੇ ਕੀਤਾ ਸੀ ਕਿ ਉਹ ਮਿਊਜਿਕ ਦਾ ਸਮਾਨ ਲੈਣ ਕਿਸੇ ਦੋਸਤ ਨਾਲ ਟੋਰਾਂਟੋ ਗਿਆ ਹੈ।ਹੁਣ ਉਨ੍ਹਾਂ ਦੇ ਜਿਸਮ ਇੱਕ ਹੋਣ ਵਾਲੇ ਸਨ।ਉਹ ਕੰਬ ਰਹੇ ਸਨ।

ਪਰ ਇਹ ਕੀ ਰੂਪਾ ਨੂੰ ਪ੍ਰੋ: ਦੇਵ ਚੋਂ ਆਪਣੇ ਪਤੀ ਗੁਰਸੇਵਕ ਦਾ ਭੁਲੇਖਾ ਪੈ ਰਿਹਾ ਸੀ।ਪ੍ਰੋ: ਦੇਵ ਦੇ ਵੀ ਵੱਧਦੇ ਹੱਥ ਰੁਕ ਗਏੇ।ਜਿਵੇਂ ਉਹ ਅਨੀਤਾ ਨਾਲ ਧੋਖਾ ਕਰ ਰਿਹਾ ਹੋਵੇ।ਆਖਰ ਉਨ੍ਹਾਂ ਦਾ ਵੀਹ ਸਾਲ ਦਾ ਰਿਸ਼ਤਾ ਸੀ।

ਰੂਪਾ ਦੇ ਕੋਸ਼ਿਸ਼ ਕਰਨ ਤੇ ਵੀ ਅੰਦਰਲੀ ਅੱਗ ਰਾਖ ਦੀ ਢੇਰੀ ਬਣੀ ਰਹੀ।ਪ੍ਰੋ: ਦੇਵ ਵੀ ਤਾਂ ਰਾਖ ਦਾ ਢੇਰ ਹੀ ਬਣਿਆ ਪਿਆ ਸੀ।ਰੂਪਾ ਨੇ ਕਿਹਾ “ਨਹੀਂ ਮੈਂ ਇਹ ਨਹੀਂ ਕਰ ਸਕਦੀ ਜਿਸਮਾਨੀ ਸਾਂਝ ਹੀ ਤਾਂ ਸਭ ਕੁੱਝ ਨਹੀਂ ਹੁੰਦੀ।ਨਾਲੇ ਆਪਣੀ ਤਾਂ ਰੂਹ ਦੀ ਸਾਂਝ ਹੈ।ਹੁਣ ਮੈਂ ਕਿਸੇ ਹੋਰ ਦੀ ਪਤਨੀ ਹਾਂ ਦੋ ਬੱਚਿਆਂ ਦੀ ਮਾਂ ਵੀ ਹਾਂ।ਕੋਈ ਕੁੜੀ ਚਿੜੀ ਨਹੀਂ”।ਪ੍ਰੋ: ਦੇਵ ਨੂੰ ਰੂਪਾ ‘ਚੋਂ ਪ੍ਰੇਮਕਾ ਨਹੀਂ ਬਲਕਿ ਗੁਰਸੇਵਕ ਦੀ ਪਤਨੀ ਨਜ਼ਰ ਆਈ।ਜਿਵੇਂ ਉਹ ਕਿਸੇ ਓਪਰੀ ਤੀਵੀਂ ਨਾਲ ਨਜਾਇਜ਼ ਸਬੰਧ ਜੋੜ ਰਿਹਾ ਹੋਵੇ।ਉਹ ਦੋਨੋਂ ਰੁੱਕ ਗਏ।ਤੇ ਸਮਾਂ ਦੌੜਨ ਲੱਗਿਆ।

ਸਾਹਮਣੇ ਕਲਾਕ ਤੇ ਢਾਈ ਵੱਜੇ।ਰੂਪਾ ਦੇ ਬੱਚਿਆ ਦਾ ਸਕੂਲੋਂ ਆਉਣ ਦਾ ਟਾਈਮ ਹੋ ਚੁੱਕਾ ਸੀ।ਅਨੀਤਾ ਨੇ ਵੀ ਚਾਰ ਵਜੇ ਕੰਮ ਛੱਡ ਕੇ ਘਰ ਪਹੁੰਚਣਾ ਸੀ।ਦੇਵ ਨੇ ਵੀ ਚਾਰ ਵਜੇ ਤੋਂ ਲੇਟ ਨਹੀਂ ਸੀ ਹੋਣਾ।ਉਹ ਹੋਟਲੋਂ ਨਿੱਕਲ ਤੁਰੇ।ਬਾਹਰ ਨਿੱਕਲ ਕੇ ਜਿਵੇਂ ਦੋਨੋਂ ਹਲਕਾ ਮਹਿਸੂਸ ਕਰ ਰਹੇ ਹੋਣ।ਜਿਵੇਂ ਕੁੱਝ ਗ਼ਲਤ ਹੋਣੋ ਬਚ ਗਿਆ ਹੋਵੇ।

ਫਿਰ ਵੀ ਰੂਪਾ ਦਾ ਮਨ ਅਪਰਾਧੀ ਮਹਿਸੂਸ ਕਰ ਰਿਹਾ ਸੀ।ਸੁਕੇਅਰ ਵਨ ਆਕੇ ਉਸਨੇ ਕਾਰ ਚੁੱਕੀ ਤੇ ਅੰਦਰ ਬੈਠਣ ਸਾਰ ਗੁਰਸੇਵਕ ਨੂੰ ਫੋਨ ਘੁਮਾ ਕੇ ਉਹ ਉਹ ਪੁੱਛ ਰਹੀ ਸੀ “ਭੁੱਖੇ ਨਾ ਰਿਹੋ ਵਕਤ ਸਿਰ ਟਰੱਕ ਕਿਤੇ ਰੋਕ ਕਾ ਖਾਣਾ ਖਾ ਲਿਉ”ਉਸਦਾ ਗਲ਼ ਭਰ ਆਇਆ।ਜਿਵੇਂ ਕਿਸੇ ਨੇ ਠੰਢੇ ਪਾਣੀ ਦੀ ਬਾਲਟੀ ਲੱਟ ਲੱਟ ਕਰਦੀ ਅੱਗ ਤੇ ਸੁੱਟ ਦਿੱਤੀ ਹੋਵੇ।

ਹੁਣ ਪ੍ਰੋ: ਦੇਵ ਸੋਚ ਰਿਹਾ ਸੀ ਜਿਵੇਂ ਉਹ ਬੁੱਢਾ ਹੋ ਗਿਆ ਹੈ।ਮਨ ਅੰਦਰਲੀ ਧੂਣੀ ਜਿਸ ਵਿੱਚ ਰੂਪਾ ਦੇ ਇਸ਼ਕ ਦੀ ਅੱਗ ਦੱਬੀ ਹੋਈ ਸੀ,ਹੁਣ ਠੰਢੀ ਹੋ ਚੁੱਕੀ ਹੈ।ਇਹ ਅੱਗ ਜੇ ਅੱਜ ਬਲ਼ ਉੱਠਦੀ ਤਾਂ ਸਾਰਾ ਕੁੱਝ ਹੀ ਸਾੜ ਦਿੱੰਦੀ।ਰਿਸ਼ਤੇ ਨਾਤੇ ਘਰ ਯਾਦਾਂ ਤੇ ਇਸ਼ਕ।ਤਾਂ ਫੇਰ ਰੂਪਾ ਨੂੰ ਯਾਦ ਕਰਨ ਲਈ ਕੀ ਬਹਾਨਾ ਰਹਿ ਜਾਂਦਾ?ਉਸ ਨੂੰ ਲੱਗਿਆ ਰੂਪਾ ਦੇ ਇਸ਼ਕ ਵਾਲੀ ਫਾਈਲ ਕਦੇ ਵੀ ਕਲੋਜ਼ ਨਹੀਂ ਹੋਣੀ।ਉਸੇ ਸੇਕ ਨੂੰ ਤਾਂ ਉਹ ਸਿਰਜਣ ਸ਼ਕਤੀ ਵਿੱਚ ਬਦਲਦਾ ਆ ਰਿਹਾ ਸੀ।

ਰੂਪਾ ਜਦ ਘਰ ਕੋਲ ਪਹੁੰਚੀ ਤਾਂ ਉਸ ਨੂੰ ਜਾਪਿਆ ਜਿਵੇਂ ਦੋ ਦਹਾਕੇ ਪਹਿਲਾਂ ਮੋਏ ਕਿਸੇ ਬੱਚੇ ਦੀ ਕਬਰ ਤੇ ਉਹ ਫੁੱਲਾਂ ਦਾ ਗੁਲਦਸਤਾ ਰੱਖ ਕੇ ਪਰਤ ਰਹੀ ਹੋਵੇ।ਉਸ ਦੀਆਂ ਅੱਖਾਂ ਵਿੱਚ ਅਥਰੂ ਸਨ।ਕਈ ਪਤੀ ਪਤਨੀਆਂ ਇਕੱਠੇ ਸ਼ਾਮ ਦੀ ਸੈਰ ਕਰ ਰਹੇ ਸਨ।ਕਈ ਜੋੜੇ ਘਰਾਂ ਦੇ ਬਾਹਰ ਬਾਲਕੋਨੀਆਂ ਵਿੱਚ ਬੈਠੇ ਚਹਿਕ ਰਹੇ ਸਨ।ਉਸ ਦਾ ਗੁਰਸੇਵਕ ਵੀ ਭੁੱਖਣ ਭਾਣਾ ਪਤਾ ਨਹੀਂ ਕਿੱਥੇ ਸੜਕਾਂ ਮਿੱਧਦਾ ਫਿਰ ਰਿਹਾ ਹੋਊ।ਉਹ ਸੋਚ ਰਹੀ ਸੀ।

ਉਧਰ ਪ੍ਰੋਂ: ਦੇਵ ਨੇ ਅਨੀਤਾ ਨੂੰ ਬੁੱਕਲ ਵਿੱਚ ਲਿਆ ਪਤਾ ਨਹੀਂ ਏਨਾਂ ਪਿਆਰ ਕਿੱਥੋਂ ਉਮੜ ਆਇਆ ਸੀ।ਅਨੀਤਾਂ ਨੇ ਹੱਥਾ ਦੇ ਛਾਲੇ ਦਿਖਾਏ ਕਿੱਥੇ ਪ੍ਰੋਫੈਸਰੀ ਤੇ ਕਿੱਥੇ ਪਲਾਸਟਿਕ ਦੀ ਫੈਕਟਰੀ ਵਿੱਚ ਕੰਮ।ਉਹ ਬੀਤਿਆ ਸਮਾਂ ਯਾਦ ਕਰਕੇ ਰੋਅ ਪਈ ਤੇ ਆਂਖਣ ਲੱਗੀ

“ਚਲੋਂ ਇੰਡੀਆ ਮੁੜ ਚੱਲੀਏ ਏਥੇ ਕੀ ਰੱਖਿਆ ਇਨਾਂ ਖੰਡਰਾਂ ਵਿੱਚ”।  ਉਹ ਠੀਕ ਹੀ ਤਾਂ ਕਹਿ ਰਹੀ ਸੀ।

ਪਰ ਜਾਣ ਤੋਂ ਪਹਿਲਾਂ ਅਜੇ ਪ੍ਰੋ: ਦੇਵ ਨੇ ਸਰਗਮ ਨੂੰ ਸੰਗੀਤ ਸਿਖਾਉਣਾ ਸੀ।ਪੂਜਾ ਦੀ ਅੱਗ ਤੇ ਹਵਨ ਪਾਉਣ ਲਈ ਨਹੀਂ ਸਗੋਂ ਸੰਗੀਤ ਦੀ ਚਿੰਗਾੜੀ ਨੂੰ ਲਾਟ ਬਣਾਉਣ ਲਈ।ਪ੍ਰੋਂ ਦੇਵ ਦੀ ਹਿੱਕ ਵਿੱਚ ਦੱਬੇ ਪਹਿਲੇ ਪਿਆਰ ਦੇ ਖੰਡਰ ਉਸ ਨੂੰ ਯਾਦ ਕਰਵਾ ਰਹੇ ਸਨ ਕਿ ਅਜੇ ਉਸ ਦਾ ਮਕਸਦ ਪੂਰਾ ਨਹੀਂ ਹੋਇਆ।ਅਜੇ ਤਾਂ ਉਸ ਨੇ ਆਪਣੇ ਨਾਵਲ ਦਾ ਨਾਂ ਵੀ ਰੱਖਣਾ ਹੈ।ਹਿੱਕ ਵਿੱਚ ਯਾਦਾਂ ਦੇ ਕੰਕਰ ਪੱਥਰ ਸਮੇਟੀ ਉਸ ਨੇ ਖਰੜਾ ਚੁੱਿਕਆ ਹੀ ਸੀ ਤਾਂ ਅਨੀਤਾ ਬੋਲੀ “ਫੇਰ ਬਹਿ ਗਏ ਧੂਣੀ ਰਮਾ ਕੇ”।ਪ੍ਰੋ: ਦੇਵ ਨੇ ਕਿਹਾ ‘ਲਉ ਜੀ ਮਿਲ ਗਿਆ ਨਾਂ’।ਥੈਂਕਸ ਅਨੀਤਾ।ਘਰ ਵਿੱਚ ਸੰਗੀਤ ਚੱਲ ਰਿਹਾ ਸੀ ਰੂਪਾ ਜਿਵੇਂ ਸੰਗੀਤਿਕ ਲਹਿਰਾਂ ‘ਚ ਸਮਾਈ ਹੋਵੇ ਤੇ ਪੂਰੇ ਬ੍ਰਹਿਮੰਡ ਵਿੱਚ ਫੈਲ ਗਈ ਹੋਵੇ।“ਧੁਨੀ ਅਤੇ ਹਵਾ ਬੰਧਨ ਕਦੋਂ ਕਬੂਲ ਕਰਦੀਆਂ ਨੇ ਭਲਾਂ?” ਹੁਣ ਪ੍ਰੋ: ਦੇਵ ਸੋਚਾਂ ਵਿੱਚ ਗੜੂੰਦ ਸਨ ਅੱਖਾਂ ਬੰਦ ਤੇ ਬਿਰਤੀ ਲੱਗੀ ਹੋਈ।
*****
(15 ਫਰਵਰੀ 2008 ਯੂਨੀਕੋਡ

 ਮੇਜਰ ਮਾਂਗਟ ਦੀਆਂ ਲਿਖਾਰੀ ਵੱਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.