ਹੁਣ ਤੱਕ ਮੈਂ ਕਈ ਚਿੱਠੀਆਂ
ਲਿਖ ਚੁੱਕੀ ਸਾਂ।ਤਿੰਨ ਚਾਰ ਵਾਰੀ ਤਾਂ ਖੁਦ ਵੀ ਜਾ ਆਈ ਸਾਂ।ਪਰ ਫੇਰ ਵੀ ਮੇਰਾ
ਕੰਮ ਅਜੇ ਤੀਕ ਨਹੀਂ ਹੋਇਆ ਸੀ।ਪਤਾ ਨਹੀਂ ਇੰਜ ਕਦੇ ਕੰਮ ਹੋਵੇਗਾ ਵੀ ਕਿ ਨਹੀਂ?
ਅੱਜ ਫੇਰ ਮੈਂ ਆਪਣੇ ਪਤੀ ਨਾਲ
ਇਸ ਬਾਰੇ ਹੱਲ ਕੀਤੀ ਸੀ ਤਾਂ ਉਨ੍ਹਾਂ ਨੇ ਉਸੇ ਤਰ੍ਹਾਂ ਕਿਹਾ ਸੀ ਜਿਵੇਂ
ਪਹਿਲਾਂ ਵੀ ਕਈ ਵਾਰੀ ਕਹਿ ਚੁੱਕੇ ਨੇ-“ਐਦਾਂ ਭਲਾ ਅੱਜ ਕੱਲ ਕਿਤੇ ਕੰਮ ਹੁੰਦੇ
ਨੇ!ਜਾਂ ਤਾਂ ਕੋਈ ਸਿਫ਼ਾਰਸ਼ ਲੱਭ ਜਾਂ ਫੇਰ ਪੈਸੇ ਚੜ੍ਹਾ ਦੇ”।
“ਹੱਦ ਹੋ ਗਈ ਥੋਡੀ ਵੀ। ਮੈਂ
ਭਲਾ ਸਿਫਾਰਸ਼ ਕਿੱਥੋਂ ਲੱਭਾਂਗੀ?ਥੋਨੂੰ ਐਨੇ ਬੰਦੇ ਜਾਣਦੇ ਨੇ,ਕੀ ਕੋਈ ਆਹ ਮਾੜਾ
ਜਿੰਨਾ ਕੰਮ ਵੀ ਨਹੀਂ ਕਰਵਾ ਸਕਦਾ?”
“ਅੱਜ ਕੱਲ ਨੀ ਕੋਈ ਜਾਣ-ਪਛਾਣ
ਨੁੰ ਕੁਝ ਸਮਝਦਾ।ਬੰਦਾ ਉਦੋਂ ਈ ਕਿਸੇ ਦਾ ਕੰਮ ਕਰਦੈ ਜਦੋਂ ਉਸ ਨੂੰ ਖੁਦ ਉਸ
‘ਚੋਂ ਕੁਝ ਲੱਭਦਾ ਹੋਵੇ।ਮੇਰੀ ਮੰਨ ਤਾਂ ਮਾਰ ਮੱਥੇ ਜਿਹੜੇ ਪੰਜ ਸੱਤ ਹਜ਼ਾਰ
ਮੰਗਦੇ ਨੇ।”
“ਰਹਿਣ ਦਿਓ ਤੁਸੀਂ ਅਪਣੀ
ਫਲਾਸਫੀ ਨੂੰ” ਮੈਂ ਰਤਾ ਖਿਝ ਕੇ ਕਿਹਾ।
“ਫੇਰ ਜਿਵੇਂ ਤੇਰਾ ਮਨ ਕਰਦੈ ਕਰੀ ਜਾਹ” ਮੇਰੇ ਪਤੀ ਨੇ ਵੀ ਜਿਵੇਂ ਜਿੰਮੇਵਾਰੀ
ਤੋਂ ਪੱਲਾ ਛੁਡਾ ਲਿਆ ਸੀ।
“ਕੁਝ ਵੀ ਹੋਵੇ,ਭਾਵੇਂ ਜਿੰਨਾ
ਚਿਰ ਲੱਗ ਜਾਵੇ,ਮੈਂ ਕਿਸੇ ਨੂੰ ਪੈਸੇ ਨਹੀਂ ਖੁਆਉਣੇ। ਲਾਹਨਤ ਏ ਫੇਰ ਤਾਂ ਮੇਰੇ
ਅਧਿਆਪਕ ਹੋਣ ਤੇ ਜੇ ਮੈਂ ਖੁਦ ਹੀ ਆਪਣੇ ਕੰਮ ਕਰਵਾਉਣ ਲਈ ਰਿਸ਼ਵਤ ਦੇਵਾਂ। ਫੇਰ
ਭਲਾ ਅਸੀਂ ਵਿਦਿਆਰਥੀਆਂ ਨੂੰ ਕਿਹੜੇ ਮੂੰਹ ਨਾਲ ਨੈਤਿਕ ਸਿੱਖਿਆ ਦੇਵਾਂਗੇ।ਮੈਂ
ਅਪਣੇ ਹੱਕ ਲਈ ਵੱਡੇ ਤੋਂ ਵੱਡੇ ਅਧਿਕਾਰੀ ਨੂੰ ਮਿਲਾਂਗੀ। ਅਖਬਾਰਾਂ ਵਿੱਚ
ਸੰਪਾਦਕਾਂ ਦੇ ਨਾਂ ਖਤ ਲਿਖਾਂਗੀ। ਸ਼ੰਬਧਿਤ ਮਹਿਕਮੇ ਦੇ ਕੰਮਚੋਰ ਮੁਲਾਜ਼ਮਾਂ ਦੀ
ਸ਼ਿਕਾਇਤ ਮੰਤਰੀਆਂ ਤੱਕ ਪਹੁਚਾਵਾਂਗੀ”।ਮੇਰੇ ਮਨ ਵਿਚ ਇਹੋ ਜਿਹੇ ਖਿਆਲ ਠਾਠਾਂ
ਮਾਰਦੇ ਰਹਿੰਦੇ ਪਰ ਕੁਝ ਸਮੇਂ ਮਗਰੋਂ ਖੁਦ ਹੀ ਸ਼ਾਂਤ ਹੋ ਜਾਂਦੇ। ਮੈਨੂ ਇੰਜ
ਜਾਪਣ ਲੱਗਦਾ ਜਿਵੇਂ ਕਿਸੇ ਨੇ ਮੇਰੇ ਸ਼ਿਕਾਇਤ ਭਰੇ ਖਤ ਖੋਲ੍ਹ ਕੇ ਵੀ ਨਹੀਂ
ਵੇਖਣੇ।
ਕਈ ਵਾਰੀ ਮੇਰੇ ਮਨ ਵਿੱਚ
ਆਉਂਦਾ ਕਿ ਮੇਰੇ ਪਤੀ ਠੀਕ ਹੀ ਆਖਦੇ ਨੇ। ਐਨਾ ਖਜੱਲ ਖੁਆਰ ਹੋਣ ਨਾਲੋਂ ਤਾਂ
ਪੈਸੇ ਦੇ ਕੇ ਹੀ ਕੰਮ ਕਰਵਾ ਲੈਣਾ ਚਾਹੀਦਾ ਹੈ।ਪਰ ਅਗਲੇ ਹੀ ਪਲ ਅਪਣੇ ਮਨ ਵਿੱਚ
ਪਾਲੇ ਹੋਏ ਸੰਸਕਾਰ ਮੇਰੀ ਇਸ ਸੋਚ ਨੂੰ ਜਿਵੇਂ ਘਟੀਆ ਕਰਾਰ ਦੇ ਦਿੰਦੇ। ਤੇ
ਨਾਲੇ ਪੈਸੇ ਕਿਹੜੇ ਅਸਮਾਨੋਂ ਟਪਕਦੇ ਨੇ।ਮਿੱਟੀ ਵਿੱਚ ਜਿੰਦ ਰੋਲਣੀ ਪੈਂਦੀ ਏ
ਤਾਂ ਕਿਤੇ ਜਾ ਕੇ ਪੈਸੇ ਨਸੀਬ ਹੁੰਦੇ ਨੇ!
ਆਪਣੇ ਸ਼ਹਿਰ ਤੋਂ ਬਾਹਰ ਦੇ
ਸਕੂਲ ਵਿੱਚ ਜਾ ਕੇ ਨੌਕਰੀ ਕਰਨੀ ਤਾਂ ਹੋਰ ਵੀ ਔਖੀ ਹੁੰਦੀ ਏ।ਪਹਿਲਾਂ ਤੜਕੇ
ਮੂੰਹ ਹਨੇਰੇ ਉੱਠਕੇ ਘਰ ਦਾ ਸਾਰਾ ਕੰਮ ਕਰੋ। ਐਨੇ ਸਾਝਰੇ ਤਾਂ ਕੋਈ ਕੰਮ ਕਰਨ
ਵਾਲੀ ਵੀ ਕੰਮ ਕਰਨ ਨੂੰ ਨਹੀਂ ਮੰਨਦੀ। ਕਿਸੇ ਨੂੰ ਪੁੱਛੋ ਤਾਂ ਬੜੇ ਨਖਰੇ ਨਾਲ
ਆਖਣਗੀਆਂ-“ਇਤਨੀ ਸੁਬ੍ਹਾ ਨੀ ਹਮ ਸੇ ਕਾਮ ਹੋਤਾ।ਸੀਤ ਲਗਤੀ ਏ”।ਫਟਾਫਟ ਘਰ ਦਾ
ਕੰਮ ਨਿਬਟਾ ਕੇ ਮੁਸ਼ਕਿਲ ਨਾਲ ਇਕ ਦੋ ਬੁਰਕੀਆ ਰੋਟੀ ਦੀਆਂ ਅੰਦਰ ਸੁੱਟ ਕੇ ਬਸ
ਸਟੈਂਡ ਵੱਲ ਭੱਜੀਦਾ ਏ ਕਿ ਕਿਤੇ ਬਸ ਨਾ ਨਿਕਲ ਜਾਵੇ।ਕਈ ਵਾਰੀ ਤਾਂ ਇੰਜ ਵੀ
ਹੁੰਦਾ ਏ ਕਿ ਬਸ ਸਟੈਂਡ ਦੇ ਲਾਗੇ ਪਹੁੰਚੀਦਾ ਈ ਏ ਕਿ ਬਸ ਅਹੁ ਗਈ ਤੇ ਅਗਲੀ ਬਸ
ਚੜ੍ਹ ਕੇ ਜਦੋਂ ਸਕੂਲ ਪਹੁੰਚੀਦਾ ਏ ਤਾਂ ਸਾਰੇ ਰਾਹ ਸਾਹ ਸੁੱਕਿਆ ਰਹਿੰਦੈ ਕਿ
ਕਿਤੇ ਕੋਈ ਚੈਕਿੰਗ ਕਰਨ ਵਾਲਾ ਨਾ ਆ ਗਿਆ ਹੋਵੇ।ਤੇ ਫੇਰ ਸਕੂਲ ‘ਚ ਪੜਾਉਣ ਦਾ
ਕੰਮ।ਸਾਰੀ ਛੁੱਟੀ ਹੋਣ ਤੱਕ ਪੜ੍ਹਾ-ਪੜ੍ਹਾ ਕੇ ਇੰਜ ਦਿਮਾਗ ਥੱਕ ਜਾਂਦੈ ਕਿ ਮਨ
ਕਰਦਾ ਏ ਕਿ ਜਿਵੇਂ ਉੱਡ ਕੇ ਘਰ ਜਾ ਪਹੁੰਚੀਏ ਤੇ ਇਕ ਕੱਪ ਗਰਮ ਗਰਮ ਚਾਹ ਦਾ ਪੀ
ਕੇ ਘੱਟੋ ਘੱਟ ਦੋ ਤਿੰਨ ਘੰਟੇ ਅਰਾਮ ਨਾਲ ਸੋਈਏ।ਪਰ ਇਹ ਹਸਰਤ ਵੀ ਸ਼ਾਇਦ ਹੀ ਕਦੇ
ਪੂਰੀ ਹੋਵੇ।ਥੱਕੀ ਟੁੱਟੀ ਹੋਣ ਦੇ ਬਾਵਜੂਦ ਵੀ ਘਰ ਪਹੁੰਚਦਿਆਂ ਸਾਰ ਹੀ ਮੁੜ
ਉਹੋ ਚੁਰਾਸੀ ਦਾ ਚੱਕਰ।..ਤੇ ਐਨੀ ਖੱਜਲ ਖੁਆਰ ਹੋ ਕੇ ਕਮਾਏ ਪੈਸਿਆਂ ਨੂੰ ਮੈਂ
ਕਿਵੇਂ ਰਿਸ਼ਵਤ ਦੇਣ ਵਿੱਚ ਰੋੜ੍ਹ ਦੇਵਾਂ।
ਬੱਸ ਮੈਂ ਇਸੇ ਸਸ਼ੋਪੰਜ ਵਿੱਚ
ਘਿਰੀ ਰਹਿੰਦੀ।ਕਈ ਵਾਰੀ ਮਨ ਵਿੱਚ ਖਿਆਲ ਵੀ ਆਉਂਦਾ ਕਿ ਕੀ ਐਨੀ ਵੱਡੀ ਦੁਨੀਆਂ
ਵਿੱਚ ਇੱਕ ਵੀ ਅਜਿਹਾ ਅਧਿਕਾਰੀ ਨਹੀਂ ਜੋ ਮੇਰੇ ਵਰਗੇ ਅਧਿਆਪਕ ਅਤੇ ਉਸ ਦੇ
ਕਿੱਤੇ ਦੀ ਕਦਰ ਕਰੇ।ਪੁਰਾਣੇ ਜਮਾਨਿਆਂ ‘ਚ ਤਾਂ ਕਹਿੰਦੇ ਨੇ ਅਧਿਆਪਕਾਂ ਦੀ ਰੱਬ
ਵਾਂਗ ਪੂਜਾ ਹੁੰਦੀ ਸੀ ਪਰ ਅੱਜ ਕੱਲ੍ਹ ਤਾਂ ਜਿਵੇਂ ਇਹ ਸਾਰਿਆਂ ਕੰਮਾਂ ‘ਚੋਂ
ਮਾੜਾ ਕਿੱਤਾ ਹੋ ਗਿਆ ਹੈ।ਇਹੋ ਜਿਹੇ ਖਿਆਲ ਅਕਸਰ ਮੇਰੇ ਦਿਮਾਗ ਵਿੱਚ ਘੁੰਮਦੇ
ਰਹਿੰਦੇ।
ਪਰ ਅਸਲੀਅਤ ਇਹੋ ਸੀ ਕਿ ਮੇਰੇ
ਕੇਸ ਦੀ ਫਾਇਲ ਪਤਾ ਨਹੀਂ ਕਿੱਥੇ ਗੁਆਚ ਗਈ ਸੀ ਜਾਂ ਗੁਆ ਦਿੱਤੀ ਗਈ ਸੀ ਕਿਉਂਕਿ
ਇਕ ਦੋ ਉੱਚ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਵੀ ਮੇਰਾ ਕੰਮ ਨਹੀਂ ਹੋਇਆ ਸੀ।
ਪਰ ਫੇਰ ਵੀ ਮੈਂ ਉਮੀਦ ਨਹੀਂ ਛੱਡੀ ਸੀ।ਦੋ ਚਾਰ ਮਹੀਨਿਆਂ ਮਗਰੋਂ ਇਕ ਦੋ ਯਾਦ
ਪੱਤਰ ਜ਼ਰੂਰ ਲਿਖ ਦੇਂਦੀ ਸਾਂ।
ਦਿਨ ਗੁਜ਼ਰਦੇ ਜਾ ਰਹੇ ਸਨ।
ਇਕ ਦਿਨ ਮੇਰੀ ਇਕ ਸਾਥਣ ਨੇ
ਦੱਸਿਆ-“ਤੂੰ ਇਕ ਵਾਰੀ ਫੇਰ ਖੁਦ ਜਾ ਕੇ ਵੇਖ।ਸੁਣਿਐ ਕੋਈ ਔਰਤ ਅਫ਼ਸਰ ਬਣ ਕੇ ਆਈ
ਏ।ਕਹਿੰਦੇ ਨੇ ਬੜੀ ਸਖਤ ਏ।ਸਾਰੇ ਵਿਭਾਗ ਨੂੰ ਖਿੱਚਿਆ ਹੋਇਆ ਏ ਤੇ ਪੁਰਾਣੇ
ਕੇਸਾਂ ਦਾ ਨਿਬਟਾਰਾ ਕਰਨ ਲਈ ਮਹਿਕਮੇ ਦੇ ਕਰਮਚਾਰੀਆਂ ਨੂੰ ਹਰ ਰੋਜ਼ ਦੇਰ ਤੱਕ
ਦਫ਼ਤਰ ਵਿੱਚ ਹੀ ਕੰਮ ਕਰਨਾ ਪੈਂਦੈ।”
ਮੈਂ ਫੇਰ ਦੁਚਿੱਤੀ ਵਿੱਚ ਜਾ
ਫਸੀ ਸਾਂ ਕਿ ਜਾਵਾਂ ਕਿ ਨਾ ਜਾਵਾਂ।ਪਹਿਲਾਂ ਵੀ ਤਾਂ ਕਈ ਵਾਰੀ ਹੋ ਆਈ
ਸਾਂ।ਵੱਡੇ ਅਧਿਕਾਰੀਆਂ ਤੱਕ ਤਾਂ ਪਹੁੰਚਣ ਹੀ ਨਹੀਂ ਦਿੱਤਾ ਉਨ੍ਹਾਂ ਦੇ
ਦਰਬਾਰੀਆਂ ਨੇ।ਖੈਰ ਫੇਰ ਵੀ ਕਈ ਦਿਨ ਸੋਚ ਵਿਚਾਰ ਕੇ ਮੈਂ ਉੱਥੇ ਜਾਣ ਦਾ ਫੈਸਲਾ
ਕਰ ਲਿਆ ਸੀ।ਕੋਸ਼ਿਸ਼ ਤਾਂ ਕਰਨੀ ਹੀ ਚਾਹੀਦੀ ਹੈ।
ਦਫਤਰ ਦਾ ਮਾਹੌਲ ਮੈਨੂੰ ਕੋਈ
ਜ਼ਿਆਦਾ ਬਦਲਿਆ ਹੋਇਆ ਨਹੀਂ ਜਾਪਿਆ। ਹਾਂ ਐਨਾ ਫਰਕ ਜ਼ਰੂਰ ਸੀ ਕਿ ਕਰਮਚਾਰੀ
ਸੀਟਾਂ ਤੇ ਬੈਠੇ ਸਨ ਤੇ ਉਨ੍ਹਾਂ ਦੇ ਸਾਹਮਣੇ ਮੇਜਾਂ ਤੇ ਅੱਧ ਖੁੱਲੀਆਂ ਫਾਈਲਾਂ
ਪਈਆ ਸਨ।ਪਰ ਉਨ੍ਹਾਂ ਦਾ ਧਿਆਨ ਫਾਈਲਾਂ ਵਿੱਚ ਘੱਟ ਪਰ ਆਪਸੀ ਗੱਲਾਂ ਬਾਤਾਂ
ਵਿੱਚ ਜ਼ਿਆਦਾ ਲੱਗ ਰਿਹਾ ਸੀ।
ਮੈਂ ਉੱਚ ਅਧਿਕਾਰੀ ਨੂੰ ਮਿਲਣ
ਲਈ ਪੀ.ਏ.ਨੂੰ ਆਖਿਆ ਤਾਂ ਉਸ ਰਤਾ ਖਿੱਝ ਕੇ ਕਿਹਾ-“ਮੈਂ ਕਿਸ ਕਿਸ ਨੂੰ ਮਿਲਾਈ
ਜਾਵਾਂ”।
“ਤੁਹਾਨੂੰ ਮਿਲਾਉਣ ਵਿੱਚ ਕੀ
ਇਤਰਾਜ਼ ਏ?ਨਾਲੇ ਹੁਣ ਤਾਂ ਮੁਲਾਕਾਤ ਕਰਨ ਦਾ ਸਮਾਂ ਏ”।
“ਅੰਦਰ ਮੀਟਿੰਗ ਚੱਲ ਰਹੀ
ਏ।ਜਦੋਂ ਬੀਬੀ ਜੀ ਵਿਹਲੇ ਹੋਣਗੇ ਉਦੋਂ ਮਿਲ ਲਈਓ”।
ਪਰ ਮੈਂ ਤਾਂ ਜਿਵੇਂ ਮਨ ਵਿੱਚ ਧਾਰ ਕੇ ਆਈ ਸੀ ਕਿ ਇਸ ਵਾਰ ਜ਼ਰੂਰ ਮਿਲ ਕੇ
ਜਾਣੈ,ਭਾਵੇਂ ਕੁਝ ਵੀ ਹੋ ਜਾਵੇ।
“ਤੁਸੀਂ ਮਿਹਰਬਾਨੀ ਕਰਕੇ
ਮੇਰੀ ਚਿੱਟ ਅੰਦਰ ਭੇਜ ਦਿਓ”ਮੈਂ ਚਿੱਟ ਤੇ ਅਪਣਾ ਨਾਂ ਅਤੇ ਪਤਾ ਲਿਖਦਿਆਂ
ਕਿਹਾ।
“ਮੈਂ ਤੁਹਾਨੂੰ ਦੱਸਿਆ ਤਾਂ
ਹੈ ਕਿ ਮੀਟਿੰਗ..”
“ਏਸ ਵੇਲੇ ਮੁਲਾਕਾਤ ਕਰਨ ਦਾ
ਸਮਾਂ ਏ..ਤੁਸੀਂ ਚਿੱਟ ਨਹੀਂ ਭਿਜਵਾਉਣੀ ਤਾਂ ਮੈਂ ਖੁਦ ਅੰਦਰ ਚਲੀ ਜਾਣੈ..ਫੇਰ
ਨਾ ਆਖਿਓ..”ਮੈਂ ਰਤਾ ਗੁੱਸੇ ਨਾਲ ਕਿਹਾ।
ਉਸ ਇਕ ਦੋ ਪਲ ਮੇਰੇ ਵੱਲ ਘੂਰ
ਕੇ ਵੇਖਿਆ ਤੇ ਫੇਰ ਮੇਰੇ ਵੱਲ ਹੱਥ ਵਧਾਉਂਦਿਆਂ ਕਿਹਾ-“ਲਿਆਓ ਚਿੱਟ..” ਤੇ ਉਸ
ਮੇਰੀ ਚਿੱਟ ਚਪੜਾਸੀ ਦੇ ਹੱਥ ਅੰਦਰ ਭਿਜਵਾ ਦਿੱਤੀ।
ਛੇਤੀ ਹੀ ਮੈਨੂੰ ਬੁਲਾਵਾ ਆ
ਗਿਆ।
ਅੰਦਰ ਇਕ ਭਖਵੇਂ ਤੇ ਰੋਹਬਦਾਰ
ਚਿਹਰੇ ਵਾਲੀ ਨੌਜਵਾਨ ਔਰਤ ਬੈਠੀ ਸੀ।ਮੈਂ ਤਾਂ ਸਮਝਿਆ ਸੀ ਕੋਈ ਬਜ਼ੁਰਗ ਔਰਤ
ਹੋਵੇਗੀ।ਕਮਰੇ ਵਿੱਚ ਹੋਰ ਕੋਈ ਬੰਦਾ ਨਹੀਂ ਸੀ।ਦਫ਼ਤਰ ਦੇ ਬੰਦੇ ਕਿੰਨਾ ਝੂਠ
ਬੋਲਦੇ ਨੇ।ਕਿਹੜੀ ਮੀਟਿੰਗ ਹੋ ਰਹੀ ਸੀ ਉੱਥੇ ਭਲਾ!
“ਆਓ ਬੈਠੋ”ਮੇਰੇ ਵੱਲ ਵੇਖ ਕੇ ਹਲਕਾ ਜਿਹਾ ਮੁਸਕਰਾ ਕੇ ਉਨ੍ਹਾਂ ਕੁਰਸੀ ਵੱਲ
ਇਸ਼ਾਰਾ ਕਰਦਿਆਂ ਕਿਹਾ-“ਦੱਸੋ ਕੀ ਸੇਵਾ ਕਰ ਸਕਦੀ ਆਂ ਮੈਂ ਤੁਹਾਡੀ?”
ਮੈਂ ਸੰਖੇਪ ਵਿਚ ਉਨ੍ਹਾਂ ਨੂੰ
ਅਪਣਾ ਸਾਰਾ ਕੇਸ ਸਮਝਾ ਦਿੱਤਾ।
“ਤੁਸੀਂ ਕੁੱਝ ਲਿਖ ਕੇ ਵੀ
ਲਿਆਏ ਓ?ਉਨ੍ਹਾਂ ਮੈਨੂੰ ਪੁੱਛਿਆ।
“ਜੀ ਹਾਂ,ਆਹ ਮੇਰੀ ਅਰਜ਼ੀ ਨਾਲ
ਸਾਰੇ ਲੋੜੀਂਦੇ ਕਾਗਜ਼ਾਤ ਨੱਥੀ ਨੇ”ਮੈਂ ਲਿਫਾਫੇ ‘ਚੋਂ ਕਾਗਜ਼ ਕੱਢ ਕੇ ਉਨ੍ਹਾਂ
ਵੱਲ ਵਧਾ ਦਿੱਤੇ।
ਉਨ੍ਹਾਂ ਮੇਰੀ ਅਰਜ਼ੀ ਤੇ ਕੁਝ ਲਿਖਿਆ ਤੇ ਫੇਰ ਇੰਟਰਕੌਮ ਤੇ ਕਿਸੇ ਨੂੰ ਅੰਦਰ
ਆਉਣ ਲਈ ਕਿਹਾ। ਅਗਲੇ ਹੀ ਪਲ ਉਨ੍ਹਾਂ ਦਾ ਪੀ.ਏ.ਉੱਥੇ ਆ ਗਿਆ।
ਉਨ੍ਹਾਂ ਮੇਰੇ ਕਾਗਜ਼ ਉਸ ਵੱਲ
ਵਧਾਉਂਦਿਆਂ ਕਿਹਾ-“ਏਸ ਕੇਸ ਬਾਰੇ ਮੈਨੂੰ ਸ਼ਾਮ ਤੱਕ ਪੂਰੀ ਰਿਪੋਰਟ ਮਿਲਣੀ
ਚਾਹੀਦੀ ਏ।ਸਾਨੂੰ ਸ਼ਰਮ ਆਉਣੀ ਚਾਹੀਦੀ ਏ ਕਿ ਐਨੇ ਕੁ ਕੰਮ ਲਈ ਵੀ ਸਾਡੇ
ਅਧਿਆਪਕਾਂ ਨੂੰ ਇੰਝ ਗੇੜੇ ਮਾਰਨੇ ਪੈਂਦੇ ਨੇ।ਅਧਿਆਪਕ ਤਾਂ ਦੇਸ਼ ਦਾ ਗੌਰਵ
ਹੁੰਦੇ ਨੇ”।
ਰੱਬ ਝੂੱਠ ਨਾ ਬੁਲਾਵੇ,
ਮੈਨੂੰ ਤਾਂ ਉਹ ਬੀਬੀ ਸਾਕਸ਼ਾਤ ਸਰਸਵਤੀ ਦੇਵੀ ਨਜ਼ਰ ਆਉਣ ਲੱਗੀ ਸੀ।ਰੱਬ ਏਸ ਨੂੰ
ਭਾਗ ਲਾਵੇ।ਏਸ ਮੇਰੇ ਕਿੱਤੇ ਦਾ ਕਿੱਡਾ ਮੁੱਲ ਪਾਇਐ।
ਪੀ.ਏ. ਜਾਣ ਲੱਗਾ ਤਾਂ
ਉਨ੍ਹਾਂ ਕਿਹਾ-“ਜਰਾ ਦੋ ਕੱਪ ਚਾਹ ਦੇ ਭਿਜਵਾ ਦਈਓ”।
ਮੈਂ ਤਾਂ ਜਿਵੇਂ ਡੌਰ-ਭੌਰ
ਜਹੀ ਹੋ ਗਈ ਸਾਂ।ਐਡੀ ਵੱਡੀ ਅਫ਼ਸਰ ਤੇ ਮੇਰੇ ਵਾਸਤੇ ਚਾਹ ਮੰਗਵਾ ਰਹੀ ਸੀ।ਮੈਨੂੰ
ਜਿਵੇਂ ਅਪਣੇ ਕੰਨਾਂ ਤੇ ਯਕੀਨ ਜਿਹਾ ਨਹੀਂ ਆ ਰਿਹਾ ਸੀ।ਪਰ ਅਗਲੇ ਹੀ ਪਲ ਮਨ ‘ਚ
ਇਹ ਖਿਆਲ ਵੀ ਆਇਆ ਸੀ ਕਿ ਇਹ ਵੀ ਤਾਂ ਹੋ ਸਕਦੈ ਕਿ ਉਨ੍ਹਾਂ ਕਿਸੇ ਹੋਰ ਲਈ ਚਾਹ
ਮੰਗਵਾਈ ਹੋਵੇ।
ਪੀ.ਏ. ਦੇ ਬਾਹਰ ਜਾਂਦਿਆਂ
ਸਾਰ ਹੀ ਉਹ ਇੱਕਦਮ ਉੱਠ ਖਲੋਤੀ ਤੇ ਹੱਥ ਜੋੜ ਕੇ ਬੋਲੀ-“ਮੁਆਫ ਕਰਨਾ ਭੈਣ
ਜੀ,ਮੈਂ ਪਹਿਲਾਂ ਉੱਠ ਕੇ ਆਪ ਜੀ ਦਾ ਸੁਆਗਤ ਨਹੀਂ ਕੀਤਾ।ਦਰਅਸਲ ਮੈਂ ਵੇਖਣਾ
ਚਾਹੁੰਦੀ ਸਾਂ ਕਿ ਤੁਸੀਂ ਮੈਨੂੰ ਪਛਾਣਿਆ ਵੀ ਐ ਕਿ ਨਹੀਂ”।
“ਜੀ..?”ਮੈਂ ਹੈਰਾਨੀ ਨਾਲ
ਉਨ੍ਹਾਂ ਵੱਲ ਤੱਕਣ ਲੱਗੀ ਸਾਂ।
“ਤੁਸੀਂ ਮੈਨੂੰ ਪਛਾਣਿਆ ਨੀ ਭੈਣ ਜੀ?”ਉਨ੍ਹਾਂ ਮੈਨੂੰ ਫੇਰ ਪੁੱਛਿਆ।
ਇਸ ਵਾਰ ਮੈਂ ਉਸ ਦੇ ਚਿਹਰੇ
ਵੱਲ ਬੜੇ ਗਹੁ ਨਾਲ ਵੇਖਿਆ।ਚਿਹਰਾ ਤਾਂ ਕੁਝ ਜਾਣਿਆ ਪਛਾਣਿਆ ਜਾਪਿਆ ਪਰ ਫੇਰ ਵੀ
ਮੈਨੂੰ ਚੇਤੇ ਨਹੀਂ ਸੀ ਆ ਰਿਹਾ ਕਿ ਉਹ ਕੌਣ ਏ।
ਐਨੇ ਚਿਰ ‘ਚ ਉਹ ਸੀਟ ਛੱਡ ਕੇ
ਮੇਰੇ ਲਾਗੇ ਆ ਗਈ ਸੀ-“..ਭੈਣ ਜੀ..ਮੈਂ ਮੀਤੋ ਹਾਂ..ਆਪ ਜੀ ਕੋਲ ਦਸਵੀਂ ‘ਚ
ਪੜ੍ਹਦੀ ਸਾਂ”।
ਇਹ ਮੀਤੋ ਏ!ਮੈਨੂੰ ਤਾਂ ਅਪਣੀਆਂ ਅੱਖਾਂ ਤੇ ਜਿਵੇਂ ਯਕੀਨ ਨਹੀਂ ਆ ਰਿਹਾ
ਸੀ।ਕਿੱਥੇ ਉਹ ਮਰੀਅਲ ਜਹੀ ਕਾਲੀ ਕਲੂਟੀ ਕੁੜੀ ਤੇ ਕਿੱਥੇ ਏਹ ਰੋਹਬਦਾਰ ਚਿਹਰੇ
ਵਾਲੀ ਐਡੀ ਵੱਡੀ ਅਫ਼ਸਰ।
“ਬੈਠੋ ਨਾ, ਤੁਸੀਂ ਖਲੋਤੇ
ਕਿਉਂ ਓਂ”ਆਖਦਿਆਂ ਉਹ ਮੇਰੇ ਲਾਗੇ ਪਈ ਕੁਰਸੀ ਤੇ ਬੈਠ ਗਈ।
ਤੇ ਫੇਰ ਏਧਰ ਓਧਰ ਦੀਆਂ
ਗੱਲਾਂ ਤੁਰ ਪਈਆਂ।
ਹੌਲੇ ਹੌਲੇ ਮੈਨੂੰ ਸਭ ਕੁਝ
ਚੇਤੇ ਆਉਣ ਲੱਗਾ ਸੀ।ਉਦੋਂ ਉਸ ਪਿੰਡ ਦੇ ਸਕੂਲ ਵਿੱਚ ਮੇਰੀ ਬਦਲੀ ਹੋਣ ਤੇ
ਮੈਨੂੰ ਦਸਵੀਂ ਜਮਾਤ ਪੜ੍ਹਾਉਣ ਲਈ ਮਿਲੀ ਸੀ।ਮੀਤੋ ਵੀ ਉਸੇ ਜਮਾਤ ਵਿੱਚ ਸੀ।
ਬਿਲਕੁਲ ਕਾਨ੍ਹੇ ਵਰਗੀ ਸੁੱਕੀ।ਪੜ੍ਹਾਈ ਵਿੱਚ ਤਾਂ ਬਾਕੀ ਬੱਚਿਆਂ ਨਾਲੋਂ ਚੰਗੀ
ਸੀ ਪਰ ਬੋਲਦੀ ਬਹੁਤ ਘੱਟ ਸੀ।
ਅਕਸਰ ਉਸ ਦੀ ਮਾਂ ਸਕੂਲੇ ਆ
ਜਾਂਦੀ ਸੀ।ਉਸ ਦਾ ਇੱਕੋ ਰੋਣਾ ਹੁੰਦਾ ਸੀ-“ਮੈਨੂੰ ਤਾਂ ਏਸ ਕੁੜੀ ਦਾ ਗਮ ਖਾਈ
ਜਾ ਰਿਹੈ। ਕਾਲਾ ਸਿਆਹ ਰੰਗ। ਕਿੱਥੋਂ ਮੁੰਡਾ ਲੱਭਾਂਗੀ ਮੈਂ ਏਹਦੇ
ਵਾਸਤੇ!ਸੱਚੀਂ ਭੈਣ ਜੀ,ਮੈਨੂੰ ਤਾਂ ਸੋਚਾਂ ‘ਚ ਰਾਤ ਨੂੰ ਨੀਂਦ ਵੀ ਨਹੀਂ
ਆਉਂਦੀ।ਭੈਣ ਜੀ ਤੁਸੀਂ ਮੇਰੇ ਮੁੰਡੇ ਵੇਖੋ,ਕਿੱਡੇ ਸੋਹਣੇ ਨੇ,ਬਿਲਕੁਲ
ਅੰਗਰੇਜ਼ਾਂ ਵਰਗੇ ਲੱਗਦੇ ਨੇ।”
“ਤੁਸੀਂ ਏਹੋ ਜਹੀਆਂ ਗੱਲਾਂ
ਨਾ ਕਰਿਆ ਕਰੋ।ਹਾਲੇ ਇਸ ਦੇ ਪੜ੍ਹਨ ਦੇ ਦਿਨ ਨੇ।ਤੁਹਾਨੂੰ ਤਾਂ ਇਸ ਨੂੰ ਪੜ੍ਹਨ
ਲਈ ਉਤਸਾਹਿਤ ਕਰਨਾ ਚਾਹੀਦਾ ਏ”ਮੈਂ ਉਸ ਨੂੰ ਬਥੇਰਾ ਸਮਝਾਉਂਦੀ ਰਹਿੰਦੀ ਪਰ ਉਸ
ਤੇ ਤਾਂ ਜਿਵੇਂ ਕੋਈ ਅਸਰ ਹੀ ਨਹੀਂ ਹੁੰਦਾ ਸੀ।
..ਤੇ ਇਕ ਵਾਰ ਮੈਨੂੰ ਇਤਫਾਕਨ
ਉਨ੍ਹਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਸੀ।ਸਚੁਮੱਚ ਹੀ ਉਸ ਦੇ ਮੁੰਡੇ ਬਹੁਤ
ਸੋਹਣੇ ਸਨ।ਮੀਤੋ ਤਾਂ ਉਨ੍ਹਾਂ ਦੇ ਖਾਨਦਾਨ ‘ਚੋਂ ਜਿਵੇਂ ਲੱਗਦੀ ਹੀ ਨਹੀਂ ਸੀ।
ਘਰ ਵਿੱਚ ਵੀ ਸ਼ਾਇਦ ਮੀਤੋ ਨਾਲ
ਚੰਗਾ ਸਲੂਕ ਨਹੀਂ ਹੁੰਦਾ ਸੀ ਕਿਉਂਕਿ ਅਕਸਰ ਉਹ ਮੇਰੇ ਕੋਲ ਗੱਲਾਂ ਕਰਦਿਆਂ ਰੋ
ਪੈਂਦੀ ਸੀ-“ਨਾ ਭੈਣ ਜੀ ਏਸ ‘ਚ ਮੇਰਾ ਕਿਆ ਕਸੂਰ ਏ ਜੇ ਮੇਰਾ ਰੰਗ ਕਾਲਾ ਏ
ਤਾਂ!”
ਮੈਂ ਉਸ ਨੂੰ ਬਥੇਰਾ
ਸਮਝਾਉਂਦੀ ਰਹਿੰਦੀ ।ਬਥੇਰਾ ਹੌਸਲਾ ਦੇਂਦੀ।ਮਨਘੜਤ ਕਹਾਣੀਆਂ ਸੁਣਾਉਂਦੀ ਤਾਂ ਜੋ
ਉਸ ਦੇ ਬਾਲ ਮਨ ਨੂੰ ਹੌਸਲਾ ਮਿਲਦਾ ਰਵ੍ਹੇ ਤੇ ਉਹ ਪੜ੍ਹਾਈ ਵਿੱਚ ਮਨ ਲਗਾ
ਸਕੇ।ਮੇਰੀਆਂ ਗੱਲਾਂ ਦਾ ਜਿਵੇਂ ਹੌਲੀ ਹੌਲੀ ਉਸ ਤੇ ਕੁਝ ਅਸਰ ਹੋਣ ਲੱਗਾ ਸੀ
ਕਿਉਂਕਿ ਹੁਣ ਉਹ ਹਲਕਾ ਜਿਹਾ ਮੁਸਕਰਾਉਣ ਵੀ ਲੱਗ ਪਈ ਸੀ ਤੇ ਪੜ੍ਹਾਈ ਵਿੱਚ ਵੀ
ਪਹਿਲਾਂ ਨਾਲੋਂ ਜ਼ਿਆਦਾ ਦਿਲਚਸਪੀ ਲੈਣ ਲੱਗ ਪਈ ਸੀ।
ਦਸਵੀਂ ਕਰਨ ਮਗਰੋਂ ਮੀਤੋ
ਸਕੂਲ ਛੱਡ ਗਈ ਸੀ ਤੇ ਕੁਝ ਚਿਰ ਮਗਰੋਂ ਮੇਰੀ ਬਦਲੀ ਵੀ ਕਿਸੇ ਹੋਰ ਸਕੂਲ ਵਿੱਚ
ਹੋ ਗਈ ਸੀ।
ਤੇ ਅੱਜ ਮੀਤੋ ਇਕ ਅਨੋਖੇ ਰੂਪ ਵਿੱਚ ਮੇਰੇ ਸਾਹਮਣੇ ਆ ਖਲੋਤੀ ਸੀ।
ਚਾਹ ਆ ਗਈ ਸੀ।ਮੀਤੋ ਨੇ ਖੁਦ
ਹੀ ਮੇਰੇ ਲਈ ਚਾਹ ਦਾ ਕੱਪ ਤਿਆਰ ਕੀਤਾ ਸੀ ।
“ਸੱਚੀਂ ਭੈਣ ਜੀ,ਤੁਹਾਡਾ ਕਰਜ਼
ਤਾਂ ਮੈਂ ਕਦੇ ਵੀ ਨਹੀਂ ਲਾਹ ਸਕਦੀ ।ਤੁਸੀਂ ਮੈਨੂੰ ਐਨਾ ਹੌਸਲਾ ਦਿੱਤਾ ਸੀ ਕਿ
ਮੇਰੇ ਬੁਝੇ ਮਨ ਵਿੱਚ ਇਕ ਜੋਤ ਜਗਣ ਲੱਗੀ ਸੀ।ਮੈਂ ਮਨ ਵਿੱਚ ਪੱਕਾ ਨਿਸ਼ਚਾ ਕਰ
ਲਿਆ ਸੀ ਕਿ ਮੈਂ ਜੀਵਨ ਵਿੱਚ ਜ਼ਰੂਰ ਕੁਝ ਬਣ ਕੇ ਵਿਖਾਵਾਂਗੀ।ਸੱਚੀਂ ਭੈਣ ਜੀ..”
ਮੈਂ ਉਸ ਨੂੰ ਇਕ ਦੋ ਵਾਰੀ
ਵਿੱਚੋਂ ਟੋਕਣਾ ਚਾਹਿਆ ਪਰ ਉਹ ਤਾਂ ਇਕੋ ਸਾਹ ਬੋਲੀ ਜਾ ਰਹੀ ਸੀ-“ਭੈਣ ਜੀ
,ਜਿਹੜੇ ਰਿਸ਼ਤੇਦਾਰ ਮੇਰਾ ਮਖੌਲ ਉਡਾਇਆ ਕਰਦੇ ਸਨ,ਮੈਨੂੰ ਕਾਲੀ ਕਲੂਟੀ ਪੁੱਠੇ
ਤਵੇ ਵਰਗੀ ਆਖਿਆ ਕਰਦੇ ਸਨ,ਅੱਜ ਕੱਲ੍ਹ ਉਹੀਓ ਅਪਣੇ ਸੁਨੱਖੇ ਮੁੰਡਿਆਂ ਨੂੰ
ਨੌਕਰੀ ਦੁਆਉਣ ਲਈ ਪਤਾ ਨਹੀਂ ਕਿੰਨੇ ਕਿੰਨੇ ਗੇੜੇ ਮੇਰੇ ਘਰ ਦੇ ਮਾਰਦੇ ਨੇ..”।
ਸੁਨੱਖੇ ਮੁੰਡਿਆਂ ਦਾ ਜ਼ਿਕਰ
ਆਉਂਦਿਆਂ ਹੀ ਮੇਰੇ ਮੂੰਹੋ ਆਪ ਮੁਹਾਰੇ ਨਿਕਲ ਪਿਆ –“ਉਹ ਤੁਹਾਡੇ ਭਰਾ ਕੀ ਕੰਮ
ਕਰਦੇ ਨੇ?”।
“ਉਹ ਮੇਰੇ ਅੰਗਰੇਜ਼ਾਂ ਵਰਗੇ
ਦਿਖਣ ਵਾਲੇ ਭਰਾ?”ਉਹ ਹੱਸ ਪਈ-“ਵੱਡਾ ਬੀ.ਏ.‘ਚ ਦੋ ਵਾਰੀ ਫੇਲ ਹੋ ਗਿਆ ਸੀ।ਹੁਣ
ਕਿਸੇ ਫੈਕਟਰੀ ‘ਚ ਕੰਮ ਕਰਦੈ”ਉਨ੍ਹਾਂ ਦੀ ਅਵਾਜ਼ ਰਤਾ ਤਲਖ਼ ਹੋਣ ਲੱਗੀ ਸੀ-“ਤੇ
ਛੋਟਾ ਬੰਬਈ ਐਕਟਰ ਬਣਨ ਦੇ ਚੱਕਰ ‘ਚ ਪੈਸੇ ਫੂਕ ਕੇ ਹੁਣ ਮਕੈਨਕੀ ਸਿੱਖ ਰਿਹੈ”।
ਉਨ੍ਹਾਂ ਇਕ ਲੰਮਾ ਜਿਹਾ ਸਾਹ
ਖਿੱਚ ਕੇ ਛੱਡਦਿਆਂ ਆਖਿਆ-“ਸੱਚੀਂ ਭੈਣ ਜੀ ਤੁਸੀਂ ਸੱਚ ਹੀ ਕਿਹਾ ਕਰਦੇ ਸੀ ਕਿ
ਵਿੱਦਿਆ ਕੱਖ ਨੂੰ ਵੀ ਲੱਖ ਬਣਾ ਸਕਦੀ ਏ।ਤੇ ਅੱਜ ਤੁਸੀਂ ਖੁਦ ਈ ਵੇਖ ਲਵੋ।”
ਗੱਲਾਂ ਕਰਦਿਆਂ ਕਰਦਿਆਂ
ਅਚਾਨਕ ਉਨ੍ਹਾਂ ਆਖਿਆ-“ਭੈਣ ਜੀ,ਸ਼ਾਇਦ ਤੁਹਾਨੂੰ ਚੇਤੇ ਹੋਵੇ,ਸਾਡੀ ਜਮਾਤ ਵਿਚ
ਇਕ ਬਹੁਤ ਹੀ ਸੋਹਣੀ ਕੁੜੀ ਹੁੰਦੀ ਸੀ ਜਿਸਨੂੰ ਕੋਈ ਚਿੱਟਾ ਗੁਲਾਬ ਤੇ ਕੋਈ
ਚਮੇਲੀ ਦੀ ਕਲੀ ਤੇ ਕੋਈ ਚੰਨ ਦਾ ਟੁਕੜਾ ਆਖਿਆ ਕਰਦਾ ਸੀ”।
“ਹਾਂ..ਹਾਂ “ਮੈਨੂੰ ਵੀ
ਜਿਵੇਂ ਚੇਤੇ ਆਉਣ ਲੱਗਾ ਸੀ।ਰਜਨੀ ਨਾਂ ਸੀ ਸ਼ਾਇਦ ਉਸ ਦਾ।ਉਸ ਮਰਜਾਣੀ ਨੂੰ ਤਾਂ
ਜਿਵੇਂ ਰੱਬ ਨੇ ਵਿਹਲੇ ਟਾਈਮ ‘ਚ ਆਪਣੇ ਹੱਥੀਂ ਬਣਾਇਆ ਸੀ।ਅੰਤਾਂ ਦੀ ਸੋਹਣੀ।ਉਹ
ਤਾਂ ਹਨੇਰੀ ਰਾਤ ਵਿਚ ਚੰਦਰਮੇ ਵਾਂਗ ਚਮਕਦੀ ਸੀ।
“ਉਹ ਕਿੱਥੇ ਆ ਅੱਜ
ਕੱਲ੍ਹ?ਕੁਝ ਪਤੈ ਉਸ ਬਾਰੇ ਵੀ?”ਮੇਰੇ ਪੁੱਛਣ ਤੇ ਉਨ੍ਹਾਂ ਹਸਦਿਆਂ ਆਖਿਆ –“ਉਹ
ਤਾਂ ਦਸਵੀਂ ਮਗਰੋਂ ਈ ਪੜ੍ਹਨੋ ਹਟ ਗਈ ਸੀ।ਫੇਰ ਪਤਾ ਨੀ ਕਿੱਧਰ ਰਹੀ।ਅੱਜ ਕੱਲ੍ਹ
ਸਾਧਣੀ ਬਣੀ ਹੋਈ ਏ।ਬੜੇ ਚੇਲੇ ਚਾਟੇ ਨੇ ਉਸ ਦੇ।ਸੁਣਿਐ ਬਾਹਰਲੇ ਮੁਲਕਾਂ ‘ਚ ਵੀ
ਵਾਹਵਾ ਗੇੜੇ ਮਾਰ ਆਉਂਦੀ ਏ।”ਇਕ ਪਲ ਰੁਕ ਕੇ ਉਨ੍ਹਾਂ ਦੱਸਿਆ-“ਅੱਜ ਕੱਲ੍ਹ ਏਥੇ
ਈ ਆਈ ਹੋਈ ਏ।ਹਰ ਰੋਜ ਚੌਬੀ ਸੈਕਟਰ ਵਿੱਚ ਪਰਵਚਨ ਕਰਦੀ ਏ।ਕਹਿੰਦੇ ਨੇ ਵਾਹਵਾ
‘ਕੱਠ ਹੁੰਦੈ ਉੱਥੇ..ਮੈਂ ਤਾਂ ਨੀ ਜਾ ਸਕੀ ਹਾਲੇ ਤੀਕ..ਵਿਹਲ ਈ ਨੀ
ਮਿਲੀ।..ਤੁਸੀਂ ਮਿਲ ਆਈਓ..”ਉਨ੍ਹਾਂ ਮੈਨੂੰ ਰਜਨੀ ਦਾ ਐਡਰੈਸ ਸਮਝਾਉਂਦਿਆਂ
ਕਿਹਾ।
ਮੈਂ ਉਨ੍ਹਾਂ ਕੋਲੋਂ ਹਾਲੇ
ਬਹੁਤ ਕੁਝ ਪੁੱਛਣਾ ਸੀ ਤੇ ਪਤਾ ਨਹੀਂ ਸਾਡੀਆਂ ਗੱਲਾਂ ਹਾਲੇ ਹੋਰ ਕਿੰਨੀ ਦੇਰ
ਚਲਦੀਆ ਰਹਿੰਦੀਆਂ ਪਰ ਉਨ੍ਹਾਂ ਇਕ ਜ਼ਰੂਰੀ ਮੀਟਿੰਗ ਵਿੱਚ ਜਾਣਾ ਸੀ ,ਤੇ ਉਹ ਚਲੇ
ਗਏ,ਪਰ ਮੇਰੇ ਮਨ ਨੂੰ ਕੰਵਲ ਦੇ ਫੁੱਲ ਵਾਂਗ ਖਿੜਾ ਗਏ।
...ਤੇ ਅੱਜ ਪਹਿਲੀ ਵਾਰੀ
ਮੈਨੂੰ ਆਪਣੇ ਕਿੱਤੇ ਤੇ ਫ਼ਖ਼ਰ ਹੋ ਰਿਹਾ ਸੀ।ਇਸ ਕਰਕੇ ਨਹੀਂ ਕਿ ਸਾਲਾਂ ਤੋਂ
ਅੜਿਆ ਮੇਰਾ ਕੰਮ ਹੋ ਜਾਣਾ ਸੀ ਸਗੋਂ ਇਸ ਕਰਕੇ ਕਿ ਮੇਰੀ ਇਕ ਵਿਦਿਆਰਥਣ ਨੇ
ਸਾਡੀ ਕਿਤਾਬੀ ਸਿੱਖਿਆ ਨੂੰ ਅਮਲੀ ਜਾਮਾ ਪਹਿਨਾ ਕੇ ਵਿਖਾ ਦਿੱਤਾ ਸੀ ਕਿ ਕਿਵੇਂ
ਵਿੱਦਿਆ ਹਾਸਲ ਕਰਕੇ ਜ਼ਿਦੰਗੀ ਦਾ ਰੁਖ ਬਦਲਿਆ ਜਾ ਸਕਦਾ ਹੈ।
ਮੈਂ ਸੋਚਿਆ ਹੁਣ ਮੇਰਾ ਕੰਮ
ਤਾਂ ਹੋ ਹੀ ਗਿਐ ਤੇ ਨਾਲੇ ਫੇਰ ਪਤਾ ਨੀ ਕਦੋਂ ਚੰਡੀਗੜ੍ਹ ਫੇਰਾ ਲੱਗੇ,ਮੈਂ
ਰਜਨੀ ਨੂੰ ਮਿਲਣ ਦਾ ਮਨ ਬਣਾ ਲਿਆ ਤੇ ਉਸ ਦੇ ਆਸ਼ਰਮ ਤੇ ਜਾ ਪੁੱਜੀ।
ਉੱਥੇ ਵਾਹਵਾ ਇਕੱਠ ਸੀ।ਜ਼ਿਆਦਾ
ਗਿਣਤੀ ਔਰਤਾਂ ਦੀ ਸੀ ਪਰ ਆਦਮੀ ਵੀ ਘੱਟ ਨਹੀਂ ਸਨ।ਇਕ ਵੱਡੇ ਸਾਰੇ ਸਿੰਘਾਸਨ ਤੇ
ਉਹ ਬੈਠੀ ਹੋਈ ਸੀ।ਭਗਮੇ ਕਪੜਿਆਂ ਵਿਚ ਉਹ ਵਾਕਿਆ ਈ ਕੋਈ ਰਿੱਧੀ ਸਿੱਧੀ ਵਾਲੀ
ਹਸਤੀ ਜਾਪ ਰਹੀ ਸੀ।ਚਿਹਰੇ ਤੇ ਅੰਤਾਂ ਦਾ ਨੂਰ ਸੀ।ਹਰ ਪਾਸੇ ਗਹਿਮਾ ਗਹਿਮੀ ਸੀ।
ਲੋਕੀ ਉਨ੍ਹਾਂ ਦੇ ਦਰਸ਼ਨ ਕਰਨ
ਲਈ ਲਾਈਨ ਵਿਚ ਖਲ੍ਹੋਤੇ ਸਨ ਪਰ ਲਾਈਨ ਤਾਂ ਕੀੜੀ ਦੀ ਤੋਰ ਵਾਂਗ ਤੁਰ ਰਹੀ
ਸੀ।ਮੈਂ ਵੀ ਲਾਈਨ ਵਿਚ ਖਲ੍ਹੋ ਗਈ।
ਲੋਕੀ ਉਨ੍ਹਾਂ ਦੇ ਪੈਰੀ ਹੱਥ
ਲਾਉਂਦੇ ਅਤੇ ਚੜ੍ਹਾਵਾ ਚੜਾਉਂਦੇ ਸਨ। ਉਹ ਅਸ਼ੀਰਵਾਦ ਦੇਣ ਦੀ ਮੁੱਦਰਾ ਵਿੱਚ ਹੱਥ
ਖੜਾ ਕਰ ਦਿੰਦੀ।
ਆਖਿਰ ਮੇਰੀ ਵਾਰੀ ਵੀ ਆ
ਗਈ।ਉਨ੍ਹਾਂ ਇਕ ਦੋ ਪਲ ਮੇਰੇ ਵੱਲ ਗਹੁ ਨਾਲ ਵੇਖਿਆ।ਮੈਨੂੰ ਜਾਪਿਆ ਜਿਵੇਂ ਉਸ
ਦੀਆਂ ਅੱਖਾਂ ਵਿਚ ਹਲਕੀ ਜਿਹੀ ਚਮਕ ਆ ਗਈ ਹੋਵੇ ਅਤੇ ਉਸ ਨੇ ਮੈਨੂੰ ਪਛਾਣ ਲਿਆ
ਹੋਵੇ।ਪਰ ਉਹ ਮੂੰਹੋ ਕੁਝ ਨਾ ਬੋਲੀ।ਮੈਂ ਵੀ ਉਸ ਵੱਲ ਬੜੀ ਰੀਝ ਨਾਲ ਤੱਕਿਆ ਪਰ
ਪੈਰੀਂ ਹੱਥ ਨਾ ਲਾਏ।ਇਕ ਦੋ ਪਲ ਉਨ੍ਹਾਂ ਵੱਲ ਤਕੱਣ ਮਗਰੋਂ ਮੈਨੂੰ ਖੁਦ ਹੀ
ਆਪਣੇ ਬਾਰੇ ਦੱਸਣਾ ਪਿਆ-“..ਜੀ ਤੁਸੀਂ ਸ਼ਾਇਦ ਮੈਨੂੰ ਪਛਾਣਿਆ ਨੀ..ਮੈਂ..”
“ਤੁਸੀਂ ਮੱਥਾ ਟੇਕ ਲਿਐ ਤਾਂ
ਅੱਗੇ ਵਧੋ..ਹੋਰ ਵੀ ਸੰਗਤਾਂ ਦਰਸ਼ਨਾਂ ਲਈ ਖਲ੍ਹੋਤੀਆਂ ਨੇ”ਉਸ ਹੱਥ ਨਾਲ ਮੈਨੂੰ
ਅੱਗੇ ਤੁਰਨ ਦਾ ਇਸ਼ਾਰਾ ਕੀਤਾ।ਉਸ ਦੀ ਰੁੱਖੀ ਆਵਾਜ਼ ਸੁਣ ਕੇ ਮੈਂ ਤਾਂ ਜਿਵੇਂ
ਸੁੰਨ ਹੋ ਗਈ ਸਾਂ।ਸਾਧੂ ਸੰਤਾਂ ਬਾਰੇ ਤਾਂ ਸੁਣਿਐ ਕਿ ਉਹ ਨਿਮਰਤਾ ਨਾਲ ਬੋਲਦੇ
ਨੇ ਅਤੇ ਆਪਸੀ ਭਾਈ ਚਾਰੇ ਦਾ ਉਪਦੇਸ਼ ਦੇਂਦੇ ਨੇ।..ਪਰ ਏਹ ਸਾਧਨੀ ..ਜਿਹੜੀ ਕਦੇ
ਮੇਰੀ ਵਿਦਿਆਰਣ ਰਹੀ ਏ..ਕਿਵੇਂ ਮੇਰੀ ਬੇਇਜ਼ਤੀ ਕਰ ਰਹੀ ਸੀ।ਮੈਨੂੰ ਆਪਣੇ ਆਪ ਤੇ
ਖਿਝੀ ਆਉਣ ਲੱਗੀ ਸੀ..ਮੈਨੂੰ ਕੀ ਲੋੜ ਪਈ ਸੀ ਐਥੇ ਆਉਣ ਦੀ!ਉਂਜ ਵੀ ਮੈਂ ਕਿਹੜਾ
ਸ਼ਾਧੂ ਸੰਤਾਂ ਦੇ ਪਰਵਚਨ ਸੁਨਣ ਜਾਂਦੀ ਆਂ।ਮੇਰੇ ਮਨ ਵਿਚ ਏਹ ਖਿਆਲ ਵੀ ਆ ਰਿਹਾ
ਸੀ ਕਿ ਕਿਤੇ ਏਹ ਏਸ ਕਰਕੇ ਤਾਂ ਔਖੀ ਨਹੀਂ ਕਿ ਮੈਂ ਕੋਈ ਚੜ੍ਹਾਵਾ ਨਹੀਂ
ਚੜ੍ਹਾਇਆ।
ਮੈਂ ਡੈਂਬਰਿਆਂ ਵਾਂਗ ਉਸ ਵੱਲ
ਤੱਕਿਆ ਤਾਂ ਉਸ ਫੇਰ ਮੈਨੂੰ ਹੱਥ ਨਾਲ ਅੱਗੇ ਤੁਰਨ ਦਾ ਇਸ਼ਾਰਾ ਕੀਤਾ।ਮੇਰੇ ਤਾਂ
ਜਿਵੇਂ ਸੱਤੀਂ ਕਪੜੀਂ ਅੱਗ ਲੱਗ ਗਈ ਹੋਵੇ।
...ਤੇ ਹੁਣ ਤਾਂ ਉਥੇ ਇਕ ਛਿਣ
ਰੁਕਣ ਦੀ ਵੀ ਕੋਈ ਤੁੱਕ ਨਹੀਂ ਸੀ।ਐੱਥੇ ਖਲ੍ਹੋ ਕੇ ਤਾਂ ਆਪਣੇ ਆਪ ਨੂੰ ਹੋਰ
ਜਲੀਲ ਕਰਨ ਵਾਲੀ ਹੀ ਗੱਲ ਹੋਣੀ ਸੀ।ਪਰ ਮੇਰੇ ਲਈ ਤਾਂ ਜਿਵੇਂ ਹੁਣ ਇਕ ਇਕ ਕਦਮ
ਪੁੱਟਣਾ ਵੀ ਔਖਾ ਹੋ ਰਿਹਾ ਸੀ..ਤੇ ਮੈਂ ਉਸ ਵੱਲ ਤੱਕਦਿਆਂ ਹੌਲੀ ਹੌਲੀ ਬਾਹਰ
ਵੱਲ ਜਾਣ ਲੱਗੀ ਸਾਂ।ਪਰ ਮੇਰੇ ਮਨ ਵਿੱਚ ਘੜੀ ਮੁੜੀ ਏਹ ਖਿਆਲ ਵੀ ਘੁੰਮੀ ਜਾ
ਰਿਹਾ ਸੀ ਕਿ ਸੱਚਾ ਗਿਆਨ ਅਤੇ ਵਿਵਿਹਾਰ ਵਿੱਚ ਅਸਲੀ ਹਲੀਮੀ ਤਾਂ ਵਿਦਿਆ ਗਰਿਹਣ
ਕਰਨ ਨਾਲ ਹੀ ਆਉਂਦੀ ਏ..ਕਿਸੇ ਠੀਕ ਈ ਆਖਿਐ –ਫਲ ਨੀਵਿਆਂ ਰੁੱਖਾਂ ਨੂੰ ਲੱਗਦੇ
ਨੇ..ਰਜਨੀ ਵਰਗੀਆਂ ਦੀ ਸਿਖਿਆ ਦਾ ਉਦੇਸ਼ ਤਾਂ ਆਮ ਲੋਕਾਂ ਨੂੰ ਅੰਧਵਿਸ਼ਵਾਸ ਦੇ
ਗਧੀ ਗੇੜ ‘ਚ ਪਾ ਕੇ ਪੈਸੇ ਠੱਗਣਾ ਹੀ ਹੋ ਸਕਦਾ ਏ।
• 230-ਸੀ,ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ-141 012
*****
(15 ਫਰਵਰੀ 2008 ਯੂਨੀਕੋਡ)