ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

   ਲੇਖ/ਆਲਾ-ਦੁਆਲਾ/ਜਾਣਕਾਰੀ/ਵਿਚਾਰ

Photo:Amanpal Sara,Burnby,Canada

(3) ਕੈਨੇਡਾ ਵਿੱਚ ਆਉਣ ਵਾਲੇ
ਸਜ-ਵਿਆਹਿਆਂ ਦੇ ਰੁਲਣ ਦੀ ਸਮੱਸਿਆ


-ਅਮਨ ਪਾਲ ਸਾਰਾ (ਬਰਨਬੀ, ਬੀ.ਸੀ., ਕੈਨੇਡਾ)-

ਵਿਆਹਾਂ ਦੇ ਆਧਾਰ ’ਤੇ ਕੈਨੇਡਾ ਆ ਕੇ ਵਸਣ ਦੀ ਮਨਜ਼ੂਰੀ ਲੈ ਕੇ ਆਉਣ ਵਾਲੇ ਵਰਗ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਬਹੁਤ ਸਾਰੇ ਕੇਸ ਅਜਿਹੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਇਕ ਧਿਰ ਦੂਸਰੀ ਧਿਰ ਲਈ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰਦੀ ਹੈ। ਭਾਰਤੀ ਕੈਨੇਡੀਅਨ ਸਮਾਜ ਵਿਚ ਅਜਿਹੇ ਕੇਸਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਵੈਨਕੂਵਰ ਤੋਂ ਛਪਦਾ ਅੰਗਰੇਜ਼ੀ ਦਾ ਇਕ ਅਖਬਾਰ ਇਸ ਨੂੰ ਕਿਸੇ ਉੱਚ ਪੱਧਰੀ ਅਪਰਾਧੀ ਗੈਂਗ ਦੀ ਕਾਰਵਾਈ ਕਹਿਣ ਤੱਕ ਦਾ ਇੰਕਸ਼ਾਫ ਕਰਦਾ ਹੈ।

ਕਿਸੇ ਵਿਅਕਤੀਗਤ ਕੇਸ ਨੂੰ ਮੁੱਖ ਨਾ ਰੱਖ ਕੇ ਇੱਕ ਕਮਿਊਨਿਟੀ ਦੇ ਪੱਧਰ ਉੱਪਰ ਜੇਕਰ ਇਸ ਸਾਰੇ ਵਰਤਾਰੇ ਨੂੰ ਨਾ ਵਿਚਾਰਿਆ ਗਿਆ ਤਾਂ ਸਾਨੂੰ ਭਵਿੱਖ ਵਿਚ ਇਸਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਅਸੀਂ ਹਮੇਸ਼ਾ ਵਾਂਗ ਇਕ ਦੂਸਰੇ ਉੱਪਰ ਊਜਾਂ ਲਗਾ ਕੇ ਖੁਦ ਨੂੰ ਸੁਰਖਰੂ ਮਹਿਸੂਸ ਕਰ ਲੈਂਦੇ ਹਾਂ ਤੇ ਪਰਨਾਲਾ ਉੱਥੇ ਦਾ ਉੱਥੇ ਰਹਿੰਦਾ ਹੈ। ਸਾਨੂੰ ਸਮੇਂ ਦੀ ਨਬਜ਼ ਪਛਾਣ ਕੇ ਉਸ ਨਾਲ ਕਦਮ ਮਿਲਾਉਣਾ ਚਾਹੀਦਾ ਹੈ।

ਸਾਨੂੰ ਆਧੁਨਿਕ ਸਮੇਂ ਵਿਚ ਇਹ ਮੰਨ ਕੇ ਚੱਲਣਾ ਪੈਣਾ ਹੈ ਕਿ ਅਰੇਂਜਡ ਮੈਰਿਜ ਇਕ ਸਮਾਂ ਵਿਹਾ ਚੁੱਕਾ ਵਰਤਾਰਾ ਹੈ। ਭਾਵੇਂ ਕਿਸੇ ਸਮੇਂ ਇਹ ਅਕਸਰ ਕਾਮਯਾਬ ਹੁੰਦੀ ਹੋਵੇਗੀ ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਜੇਕਰ ਜ਼ਰਾ ਨਿਰਪੱਖ ਹੋ ਕੇ ਬਰੀਕੀ ਨਾਲ ਦੇਖੀਏ ਕਿ ਅਕਸਰ ਕੈਨੇਡਾ ਤੋਂ ਭਾਰਤ ਜਾ ਕੇ ਸਾਥੀ ਲੱਭਣ ਦੀ ਕਿਰਿਆ ਪਿੱਛੇ ਕੀ ਕੀ ਮਨੋਬ੍ਰਿਤੀਆਂ ਕਾਰਜਸ਼ੀਲ ਹੁੰਦੀਆਂ ਹਨ; ਸੱਭ ਤੋਂ ਵੱਡਾ ਤੇ ਅਹਿਮ ਤੱਤ ਰਿਸ਼ਤੇ ਦਾ ਕੈਨੇਡਾ ਤੋਂ ਹੋਣਾ ਹੁੰਦਾ ਹੈ ਜਿਸ ਕਾਰਨ ਵਿਆਹ ਤੋਂ ਬਾਅਦ ਸਾਥੀ ਦੇ ਕੈਨੇਡਾ ਪੱਕੇ ਤੌਰ ਤੇ ਆ ਵਸਣ ਤੇ ਕੁੱਝ ਸਾਲਾਂ ਬਾਅਦ ਅਗਾਂਹ ਆਪਣੇ ਪਰਿਵਾਰ ਨੂੰ ਮੰਗਵਾ ਸਕਣ ਦਾ ਮੌਕਾ ਬਣਨ ਦਾ ਲਾਲਚ ਸ਼ਾਮਿਲ ਹੁੰਦਾ ਹੈ। ਮੇਰੇ ਇਸ ਕਥਨ ਦੀ ਪੁਸ਼ਟੀ ਲਈ ਕੈਨੇਡਾ ਵਿੱਚ ਛਪਦੇ ਕਿਸੇ ਵੀ ਪੰਜਾਬੀ ਅਖਬਾਰ ਦਾ ਮੈਟਰੀਮੋਨੀਅਲ ਹਿੱਸਾ ਦੇਖਿਆ ਜਾ ਸਕਦਾ ਹੈ। ਬਹੁਤ ਸਾਰੇ ਇਸ਼ਤਿਹਾਰਾਂ ਵਿੱਚ ਇਸ ਕਿਸਮ ਦੀ ਗੱਲ ਆਮ ਹੁੰਦੀ ਹੈ ਕਿ ਇਸ ਰਿਸ਼ਤੇ ਬਦਲੇ ਤੁਹਾਨੂੰ ਸਾਡਾ ਫਲਾਨਾ ਰਿਸ਼ਤੇਦਾਰ ਕੈਨੇਡਾ ਲੰਘਾਉਣਾ ਪਵੇਗਾ।

ਰਿਸ਼ਤੇ ਦੇ ਕੈਨੇਡਾ ਦਾ ਰਿਹਾਇਸ਼ੀ ਹੋਣ ਦੇ ਇਸ ਗੁਣ ਦੇ ਬਦਲੇ ਉਸ ਨਾਲ ਜੁੜੇ ਲਗਭਗ ਬਾਕੀ ਸਾਰੇ ਨੁਕਤੇ ਅਤੇ ਯੋਗਤਾਵਾਂ ਨੂੰ ਅਕਸਰ ਜਾਣ ਬੁੱਝ ਕੇ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਜੋ ਕਿ ਵਿਆਹ ਦੇ ਬੰਧਨ ਲਈ ਅਤਿ ਜ਼ਰੂਰੀ ਹੁੰਦੇ ਹਨ। ਜਿਵੇਂ ਕਿ ਉਮਰਾਂ ਵਿਚਲਾ ਅੰਤਰ, ਵਿੱਦਿਅਕ ਯੋਗਤਾਵਾਂ ਵਿੱਚ ਅੰਤਰ, ਸੁਭਾਵਾਂ ਅਤੇ ਚਾਲ ਚਲਣ ਵਿਚਲੀਆਂ ਕੰਮਜ਼ੋਰੀਆਂ, ਕੈਨੇਡਾ ਵਿੱਚ ਪਹਿਲਾਂ ਵਿਆਹਿਆ ਹੋਣ ਜਾਂ ਚੱਲ ਰਹੇ ਪ੍ਰੇਮ ਸਬੰਧਾਂ ਦੀ ਜਾਣਕਾਰੀ ਆਦਿ ਮਹੱਤਵ ਪੂਰਣ ਗੱਲਾਂ ਦੀ ਅਕਸਰ ਪੜਚੋਲ ਨਹੀਂ ਕੀਤੀ ਜਾਂਦੀ। ਸਿੱਟੇ ਵਜੋਂ ਵਿਆਹ ‘ਦੋ ਰੂਹਾਂ ਦਾ ਬੰਧਨ’ ਹੋਣ ਦੀ ਬਜਾਇ ਦੋ ਸਰੀਰਾਂ ਵਿਚਕਾਰ ਇੱਕ ਆਰਥਿਕ ਸੌਦਾ ਹੋ ਨਿਬੜਦਾ ਹੈ। ਅਕਸਰ ਇਸ ਸੌਦੇ ਵਿੱਚ ਕੈਨੇਡਾ ਤੋਂ ਗਏ ਮੁੰਡੇ ਵਲੋਂ ਕੀਤੀ ਦਾਜ ਦੀ ਮੰਗ ਦੀ ਲਾਹਣਤ ਵੀ ਸ਼ਾਮਿਲ ਹੁੰਦੀ ਹੈ। ਸੋ ਜਿੱਥੇ ਆਰਥਿਕ ਮੁਫ਼ਾਦ ਮੁੱਖ ਰੱਖੇ ਜਾਣ ਉੱਥੇ ਮਾਨਵਵਾਦੀ ਕਦਰਾਂ ਕੀ ਅਹਿਮੀਅਤ ਰਖਵਾ ਸਕਦੀਆਂ ਹਨ। ਇਹ ਸਾਡੇ ਵਿੱਚ ਆਈ ਨੈਤਿਕ ਗਿਰਾਵਟ ਦਾ ਪ੍ਰਤੀਕ ਹੈ।

ਦਰਅਸਲ ਇਹ ਗਿਰਾਵਟ ਭਾਵੇਂ ਸਾਡੇ ਅੰਦਰ ਆਈ ਹੈ ਪਰ ਇਸਦੇ ਕਾਰਨ ਸਾਡੇ ਬਾਹਰ ਹੀ ਮੌਜੂਦ ਹਨ। ਪਿਛਲੇ ਕੁੱਝ ਸਮੇਂ ਦੌਰਾਨ ਆਰਥਿਕਤਾ ਵਿੱਚ ਆਈ ਤੇਜ਼ੀ ਦੇ ਪਸਾਰ ਨੇ ਮਨੁੱਖੀ ਰਿਸ਼ਤਿਆਂ ਨੂੰ ਗਹਿਰੇ ਰੂਪ ਵਿੱਚ ਪ੍ਰਭਾਵਿਤ ਕੀਤਾ ਹੈ। ਟੈਲੀਵੀਯਨ ਦੇ ਇੱਕ ਦਮ ਪਸਾਰ ਨੇ ਮਨੁੱਖ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਨੁੱਖੀ ਰਿਸ਼ਤੇ ਆਰਥਿਕਤਾ ਉੱਪਰ ਹੀ ਆਧਾਰਿਤ ਹੁੰਦੇ ਹਨ। ਆਰਥਿਕਤਾ ਵਿੱਚ ਆਈ ਇਸ ਫੌਰੀ ਤਬਦੀਲੀ ਨਾਲ ਭਾਰਤੀ ਜਾਂ ਪੰਜਾਬੀ ਸਭਿਆਚਾਰ ਕਦਮ ਨਹੀਂ ਮਿਲਾ ਸਕਿਆ। ਸ਼ਾਇਦ ਕੋਈ ਸੱਭਿਆਚਾਰ ਵੀ ਇੰਨੀ ਛੇਤੀ ਐਡੀ ਵੱਡੀ ਤਬਦੀਲੀ ਨੂੰ ਹਜ਼ਮ ਨਹੀਂ ਕਰ ਸਕਦਾ। ਪੈਸਾ ਪ੍ਰਧਾਨ ਸਮਾਜ ਦੀ ਫੋਕੀ ਚਮਕ ਦਮਕ ਨੇ ਸਮਾਜ ਵਿਚਲੀਆਂ ਮਾਨਵਵਾਦੀ ਕੀਮਤਾਂ ਦਾ ਘਾਣ ਕਰ ਦਿੱਤਾ ਹੈ। ਮਨੁੱਖ ਨੂੰ ਇੱਕ ਦੂਜੇ ਨਾਲੋਂ ਤੋੜ ਕੇ ਸੁਆਰਥੀ ਅਤੇ ਮਹਿਜ਼ ਇੱਕ ਖਪਤਕਾਰ ਬਣਾਉਣ ਦੇ ਨਾਲ ਨਾਲ ਇੱਕ ‘ਮੈਂ ਪ੍ਰਧਾਨ ਸੱਭਿਆਚਾਰ’ (ਮੀ ਕਲਚਰ) ਦਾ ਅੰਗ ਬਣਾ ਕੇ ਰੱਖ ਦਿੱਤਾ ਹੈ। ਮੇਰੀ ਜਾਚੇ ਹਥਲੀ ਸਮੱਸਿਆ ਇਸੇ ਵਜ੍ਹਾ ਨਾਲ ਵਰਤ ਰਿਹਾ ਵਰਤਾਰਾ ਹੈ। ਪਰ ਇਹ ਸਿੱਟਾ ਕੱਢ ਲੈਣ ਨਾਲ ਅਸੀਂ ਆਪਣੀਆਂ ਨੈਤਿਕ ਤੇ ਮਾਨਵਵਾਦੀ ਕਦਰਾਂ ਕੀਮਤਾਂ ਨੂੰ ਵਧੀਆ ਬਣਾਉਣ ਦੇ ਫਰਜ਼ ਤੋਂ ਮੁਕਤ ਨਹੀਂ ਹੋ ਜਾਂਦੇ।

ਮੁੱਕਦੀ ਗੱਲ ਕਿ ਕੈਨੇਡਾ ਤੋਂ ਭਾਰਤ ਜਾ ਕੇ ਅਰੇਂਜਡ ਮੈਰਿਜ ਕਰਵਾਉਣ ਪਿੱਛੇ ਅਸਲ ਵਿੱਚ ਅਕਸਰ ਸਾਡੀ ਆਰਥਿਕ ਲਾਭ ਕਮਾਉਣ ਦੀ ਭਾਵਨਾ ਕਾਰਜਸ਼ੀਲ ਹੁੰਦੀ ਹੈ ਜੋ ਵਿਆਹ ਨੂੰ ‘ਦੋ ਰੂਹਾਂ ਦਾ ਮੇਲ’ ਨਹੀਂ ਰਹਿਣ ਦਿੰਦੀ ਬਲਕਿ ਦੋ ਜਿਸਮਾਂ ਵਿਚਕਾਰ ਇਕ ਸੌਦਾ ਬਣਾ ਦਿੰਦੀ ਹੈ। ਕਿਸੇ ਵੀ ਸੌਦੇ ਵਿੱਚ ਫਾਇਦੇ ਦੇ ਨਾਲ ਨਾਲ ਨੁਕਸਾਨ ਦੇ ਵੀ ਮੌਕੇ ਹੁੰਦੇ ਹਨ ਤੇ ਇਸ ਵਰਤਾਰੇ ਵਿੱਚ ਅਸੀਂ ਆਪਣੀਆਂ ਨੈਤਿਕ ਕੀਮਤਾਂ ਗੁਆ ਰਹੇ ਹਾਂ ਜਿਸ ਦੇ ਸਾਨੂੰ ਇੱਥੇ ਬਤੌਰ ਕਮਿਊਨਿਟੀ ਗੰਭੀਰ ਸਿੱਟੇ ਭੁਗਤਣੇ ਪੈਣਗੇ। ਇਹ ਮਸਲਾ ਵਿਅਕਤੀਗਤ ਵਖਰੇਵਿਆਂ ਤੋਂ ਉਤਾਂਹ ਉੱਠ ਕੇ ਫੌਰੀ ਤੌਰ ’ਤੇ ਵਿਚਾਰੇ ਜਾਣ ਦੀ ਮੰਗ ਕਰਦਾ ਹੈ।

*****
(20 ਫਰਵਰੀ 2007) ਯੂਨੀਕੋਡ

ਅਮਨ ਪਾਲ ਸਾਰਾ (ਬਰਨਬੀ, ਬੀ.ਸੀ. ,ਕੈਨੇਡਾ) ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.