ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 02 May, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ


ਡਾ. ਰਜਨੀ ਰਾਣੀ

ਇਕਬਾਲ ਅਰਪਣ ਦਾ ਕਹਾਣੀ ਸੰਸਾਰ : ਇਕ ਵਿਸ਼ਲੇਸ਼ਣ

--ਡਾ. ਰਜਨੀ ਰਾਣੀ, (ਕੁਰੁਕਸ਼ੇਤਰ, ਹਰਿਆਣਾ)-


ਇਕਬਾਲ ਅਰਪਣ

ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਸਾਹਿਤਕਾਰਾਂ ਨੇ ਸਾਹਿਤ ਰਚਨਾ ਦੁਆਰਾ ਆਪਣੀਆਂ ਸਮਸਿਆਵਾਂ ਅਤੇ ਅਕਾਂਖਿਆਵਾਂ ਨੂੰ ਜ਼ੁਬਾਨ ਦੇਣ ਦਾ ਯਤਨ ਕੀਤਾ ਹੈ। ਇਸ ਸਮੇਂ ਬਰਤਾਨੀਆ, ਕੈਨੇਡਾ, ਡੈਨਾਮਾਰਕ, ਨੀਦਰਲੈਡ, ਆਸਟਰੇਲੀਆ, ਕੀਨੀਆ, ਜਰਮਨੀ, ਸਵੀਡਨ, ਜ਼ਿੰਮਬਾਵੇ, ਡੁਬਈ, ਮਸਕਟ ਆਦਿ ਦੇਸ਼ਾਂ ਵਿਚ ਰਹਿ ਰਹੇ ਪੰਜਾਬੀ ਪਰਵਾਸੀਅ ਲੇਖਕਾਂ ਨੇ ਪੰਜਾਬੀ ਸਾਹਿਤ ਦੀ ਰਚਨਾ ਕੀਤੀ ਹੈ। ਜਦੋਂ ਕੋਈ ਸਾਹਿਤਕਾਰ ਆਪਣਾ ਦੇਸ਼ ਤੇ ਆਪਣਾ ਸਮਾਜਿਕ ਸੰਦਰਭ ਛੱਡ ਕੇ ਦੂਜੇ ਦੇਸ਼ਾਂ ਵਿਚ ਆਬਾਦਕਾਰ ਵਜੋਂ ਜਾਂਦਾ ਹੈ ਤਾਂ ਉਸ ਦੀ ਚੇਤਨਾ ਇਕ ਨਵੀਂ ਭਾਂਤ ਦੇ ਅਨੁਭਵ ਨੂੰ ਗ੍ਰਹਿਣ ਕਰਨ ਦੀ ਪ੍ਰਕਿਰਿਆ ਵਿਚ ਪੈਂਦੀ ਹੈ। ਸਾਹਿਤ ਸਿਰਜਣਾ ਦਾ ਇਹ ਅਨੁਂਭਵ ਉਨ੍ਹਾਂ ਦੇ ਪਰਵਾਸੀ ਜੀਵਨ ਦੀਆਂ ਵਿਹਾਰਕ ਉਲਝਣਾਂ ਤੇ ਵਿਭਿੰਨ ਪ੍ਰਸਥਿਤੀਆਂ ਵਿਚੋਂ ਪੈਦਾ ਹੋਇਆ। ਇਨ੍ਹਾਂ ਪ੍ਰਸਥਿਤੀਆਂ ਵਿਚ ਭਿੰਨ ਭਿੰਨ ਦੇਸ਼ਾਂ ਵਿਚ ਗਏ ਪਰਵਾਸੀਆਂ ਦੀਆਂ ਆਪੋ ਆਪਣੀਆਂ ਸਮੱਸਿਆਵਾਂ ਹਨ।

ਪਰਵਾਸੀ ਪੰਜਾਬੀ ਕਹਾਣੀ ਵਿਚ ਯੋਗਦਾਨ ਪਾਉਣ ਵਾਲੇ ਬਹੁਤ ਸਾਰੇ ਸਾਹਿਤਕਾਰ ਹਨ। ਇਨ੍ਹਾਂ ਵਿਚੋਂ ਇਕ ਨਾਂ ਇਕਬਾਲ ਅਰਪਨ ਦਾ ਵੀ ਹੈ ਜੋ ਪਰਵਾਸੀ ਸਾਹਿਤ ਵਿਚ ਆਪਣਾ ਵੱਖਰਾ ਸਥਾਨ ਸਥਾਪਤ ਕਰ ਗਿਆ ਹੈ। ਇਕਬਾਲ ਅਰਪਨ ਦੀਆਂ ਕਹਾਣੀਆਂ ਦਾ ਅਧਿਐਨ ਕਰਨ ਤੋਂ ਪਹਿਲਾ ਅਸੀਂ ਉਸ ਬਾਰੇ ਥੋੜ੍ਹੀ ਜਾਣਕਾਰੀ ਦੇਣਾ ਜ਼ਰੂਰੀ ਸਮਝਦੇ ਹਾਂ ਕਿਉਂਕਿ ਬਹੁਤ ਸਾਰੇ ਭਾਰਤੀ ਪਾਠਕ ਸ਼ਾਇਦ ਇਸ ਪਰਵਾਸੀ ਸਾਹਿਤਕਾਰ ਤੋਂ ਜਾਣੂ ਨਾ ਹੋਣ ਜਾਂ ਫਿਰ ਸ਼ਾਇਦ ਥੋੜ੍ਹਾ ਬਹੁਤ ਹੀ ਉਸ ਬਾਰੇ ਜਾਣਦੇ ਹੋਣ। ਇਕਬਾਲ ਅਰਪਨ ਦਾ ਜਨਮ ਪਿੰਡ ਛੱਜਾਵਾਲ ਜਿਲ੍ਹਾਂ ਲੁਧਿਆਣਾ ਵਿਖੇ ਹੋਇਆ। ਉਸਨੇ ਪੰਜਾਬ ਰਹਿੰਦਿਆਂ ਕਲਰਕ, ਸਟੈਨੋ ਟਾਈਪਿਸਟ, ਸਟੇੈਨੋਗ੍ਰਾਫੀ ਇਨਸਟ੍ਰਕਟਰ ਆਦਿ ਵੱਖ ਵੱਖ ਕਿੱਤੇ ਅਪਣਾਏ। ਜ਼ਾਂਬੀਆਂ (ਅਫਰੀਕਾ) ਦੇ ਪਰਵਾਸ ਪਿਛੋਂ ਲੈਕਚਰਾਰ ਦੀ ਨੌਕਰੀ ਮਿਲ ਗਈ। ਫਿਰ ਜਿ਼ੰਬਾਵੇ, ਸਮੋਆ ਤੋਂ ਬਾਦ ਕੈਨੇਡਾ ਜਾਂ ਪਹੁੰਚਿਆ ਤੇ ਦੁਭਾਸ਼ੀਏ ਵਜੋਂ ਕਾਰਜ ਕੀਤਾ। ਉਸਨੇ ਕਹਾਣੀ ਤੇ ਕਾਵਿ ਰਚਨਾ ਤੋਂ ਇਲਾਵਾ ਇਕ ਨਾਵਲ ਵੀ ਪ੍ਰਕਾਸਿ਼ਤ ਕੀਤਾ। ਵਿਭਿੰਨ ਦੇਸ਼ਾਂ ਦੇ ਵਸੇਬੇ ਨੇ ਉਸਦੇ ਅਨੁਭਵ ਨੂੰ ਵਿਸ਼ਾਲਤਾ ਬਖਸ਼ੀ। ਉਸ ਨੇ ਅਫਰੀਕੀ ਤੇ ਪੰਜਾਬੀ ਸੰਸਕ੍ਰਿਤੀਆਂ ਦੇ ਮੇਲ ਅਤੇ ਟਕਰਾਅ ਬਾਰੇ ਜੋ ਰਚਨਾ ਕੀਤੀ ਉਹ ਉਸ ਦਾ ਵਿਸ਼ੇਸ ਹਾਸਲ ਹੈ। ਅਨੁਭਵ ਦੀ ਵਿਲੱਖਣਤਾ ਤੇ ਪ੍ਰਮਾਣਿਕਤਾ ਉਸ ਦੀ ਕਹਾਣੀਆਂ ਦੇ ਉਲੇਖਯੋਗ ਪਹਿਲੂ ਹਨ। ਕਹਾਣੀ ਸੰਗਹਿ “ਗੁਆਚੇ ਰਾਹ” 1980, “ਮੌਤ ਦਾ ਸੁਪਨਾ” 1983, “ਆਫਰੇ ਹੋਏ ਲੋਕ” 1984, “ਚਾਨਣ ਦੇ ਵਣਜਾਰ”ੇ 2006 ਅਤੇ ਫਿਰ ਸਾਰੇ ਸੰਗ੍ਰਹਿਾਂ ਦਾ ਜੋੜ “ਲਾਲਾਂ ਦੀ ਜੋੜੀ” ਪ੍ਰਕਾਸਿ਼ਤ ਹੋਏ। 15 ਜੂਨ 2006 ਵਿਚ ਇਹ ਸਾਹਿਤਕਾਰ ਸਾਡੇ ਤੋਂ ਸਦਾ ਲਈ ਵਿਛੜ ਗਿਆ।

ਇਕਬਾਲ ਅਰਪਨ ਦਾ ਪੰਜਾਬੀ ਕਹਾਣੀ ਜਗਤ ਵਿਚ ਵਿਸ਼ੇਸ਼ ਸਥਾਨ ਹੈ। ਉਸ ਦੀ ਵਿਸ਼ੇਸ਼ਤਾ ਦਾ ਕਾਰਣ ਉਸ ਦੀ ਸਧਾਰਣਤਾ ਹੈ। ਇਕਬਾਲ ਅਰਪਨ ਸਾਧਾਰਣ ਮਨੁੱਖ ਦੀਆਂ ਸਾਧਾਰਣ ਸਮੱਸਿਆਵਾਂ ਨੂੰ ਸਾਧਾਰਣਤਾ ਸਹਿਤ ਪੇਸ਼ ਕਰਨ ਵਾਲਾ ਕਹਾਣੀਕਾਰ ਹੈ। ਇਕਬਾਲ ਅਰਪਨ ਦੀਆਂ ਕਹਾਣੀਆਂ ਵਿਚ ਕਹਾਣੀ ਦਾ ਸੱਚ ਆਮ ਜਿੰ਼ਦਗੀ ਦੇ ਨਾਲ ਜੁੜਿਆ ਹੋਇਆ ਹੈ। ਲੇਖਕ ਦੀਆਂ ਕਹਾਣੀਆਂ ਇਕਹਿਰੇ ਉਦੇਸ਼ ਵਾਲੀਆਂ ਹਨ। “ਗੁਆਚੇ ਰਾਹ” ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਨੇਤਾ’ ਦਾ ਨਾਇਕ ਇਕ ਰਿਕਸ਼ੇ ਵਾਲਾ ਹੈ ਜਿਸ ਦਾ ਜਿ਼ਕਰ ਬਿਰਤਾਂਤਕਾਰ ਕਰਦਾ ਹੈ। ਰਿਕਸ਼ਾ ਵਾਲੇ ਦੇ ਮਾਧਿਅਮ ਦੁਆਰਾ ਨੇਤਾ ਲੋਕਾਂ ਉਤੇ ਵਿਅੰਗ ਕੱਸਿਆ ਗਿਆ ਹੈ। ਅਜਿਹੇ ਨੇਤਾ ਲੋਕ ਜੋ ਵੋਟਾਂ ਦੇ ਸਮੇਂ ਵੱਡੇ-ਵੱਡੇ ਵਾਅਦੇ ਕਰਦੇ ਹਨ ਤੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਪਰ ਉਹ ਨਹੀਂ ਜਾਣਦੇ ਕਿ ਮਜ਼ਦੂਰ ਵਰਗ ਤੱਕ ਦੇ ਲੋਕ ਵੀ ਉਨ੍ਹਾਂ ਦੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ। ਜਿਵੇਂ ਰਿਕਸ਼ੇ ਵਾਲਾ ਆਖਦਾ ਹੈ :- “ਅਜੀ ਆਉਣਾ ਹੋਊ ਕਿਸੇ ਨੇ, ਅੱਜ ਕਲ੍ਹ ਤਾਂ ਸਰਦਾਰ ਜੀ ਐਰਾ ਗੈਰਾ ਈ ਨੇਤਾ। ਇੱਟ ਚੱਕੋ ਤੇ ਨੇਤਾ। ਇਉਂ ਲੱਗਦਾ ਬਈ ਲੋਕੀਂ ਘੱਟ ਨੇ ਤੇ ਨੇਤਾ ਬਹੁਤੇ ਆ।” ਰਿਕਸ਼ੇ ਵਾਲਾ ਅਨਪੜ੍ਹ ਹੈ ਤਾਂ ਕੀ, ਮਜ਼ਦੂਰ ਹੈ ਤਾਂ ਕੀ ਪਰ ਉਹ ਇਨ੍ਹਾਂ ਲੋਕਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ। ਨੇਤਾ ਲੋਕਾਂ ਦੇ ਆਉਣ ਨਾਲ ਸੜਕਾਂ ਦੀ ਸਫ਼ਾਈ ਹੋ ਜਾਂਦੀ ਹੈ, ਨਹੀਂ ਤਾਂ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਇਸ ਦਿਨ ਮਜ਼ਦੂਰਾਂ ਦੀ ਦਿਹਾੜੀ ਚੰਗੀ ਹੋ ਜਾਂਦੀ ਹੈ। ਇਹ ਮਜ਼ਦੂਰ ਲੋਕ ਜਾਣਦੇ ਹਨ ਕਿ ਮਿਹਨਤ ਤਾਂ ਉਹ ਕਰਦੇ ਹਨ ਪਰ ਖਾ ਜਾਂਦੇ ਹਨ ਇਹ ਨੇਤਾ ਲੋਕ। ਪਰ ਇਹ ਸਭ ਜਾਣਨ ਤੋਂ ਬਾਦ ਵੀ ਉਹ ਸੋਚਦੇ ਹਨ ਕਿ ਰੋਜ਼ ਹੀ ਚੋਣਾਂ ਹੁੰਦੀਆਂ ਰਹਿਣ। ਕਿੰਨਾ ਸਾਧਾਰਣ ਬਿਰਤਾਂਤ ਹੈ ਇਸ ਕਹਾਣੀ ਦਾ। ਇਸ ਨੂੰ ਪੜ੍ਹਨ ਤੋਂ ਬਾਦ ਲੱਗਦਾ ਹੈ ਕਿ ਸ਼ਾਇਦ ਅਜਿਹੀ ਘਟਨਾ ਤੇ ਅਸੀਂ ਵੀ ਕਹਾਣੀ ਰਚ ਸਕਦੇ ਹਾਂ। ਇਹੋ ਇਸ ਕਹਾਣੀ ਦੀ ਵਿਸੇਸ਼ਤਾ ਹੈ।

‘ਚੁੰਬਕ’ ਕਹਾਣੀ ਵਿਚ ਕਿਰਨ ਨਾਂ ਦੀ ਨਾਇਕਾ ਦੇ ਚਰਿੱਤਰ ਨੂੰ ਉਘਾੜਿਆ ਗਿਆ ਹੈ। ਕਿਰਨ ਜੋ ਐਡਮਨਿਸਟ੍ਰੇਟਿਵ ਅਫ਼ਸਰ ਦੀ ਸਟੈਨੋ ਹੈ। ਜਿਸ ਦੀ ਸਲੈਕਸ਼ਨ ਇੰਟਰਵਿਊ ਦੇ ਆਧਾਰ ਤੇ ਨਹੀਂ ਬਲਕਿ ਉਸ ਦੀ ਸੁੰਦਰਤਾ ਤੇ ਆਧਾਰ ਤੇ ਹੰਦੀ ਹੈ। ਕਿਰਨ ਜਿਹੀਆਂ ਹਜ਼ਾਰਾਂ ਹੀ ਔਰਤਾਂ ਜਿ਼ੰਦਗੀ ਵਿਚ ਸ਼ਾਰਟ ਕੱਟ ਰਸਤਾ ਅਪਣਾ ਕੇ ਆਪਣੀ ਆਤਮ ਨਿਰਭਰਤਾ ਨੂੰ ਕਾਇਮ ਰੱਖਣਾ ਚਾਹੁੰਦੀਆਂ ਹਨ। ਇਸੇ ਸਦਕਾ ਹੀ ਉਸ ਦੀ ਸਲੈਕਸ਼ਨ ਵਿਚ ਵਰਮਾ ਤੇ ਸ਼ਰਮਾ ਸ਼ਾਮਿਲ ਸਨ। ਪਰ ਹੁਣ ਨਵਾਂ ਅਫਸਰ ਮਿਸਟਰ ਕਪੂਰ ਵੀ ਇਸ ਲਿਸਟ ਵਿਚ ਸ਼ਮਿਲ ਹੋ ਜਾਂਦਾ ਹੈ। ਇਹੋ ਇਸ ਕਹਾਣੀ ਦਾ ਸਾਰ ਹੈ। ਕਹਾਣੀ ‘ਮਿੱਟੀ’ ਦਾ ਪਾਤਰ ਵਾਰਸੀ ਸਾਹਿਬ ਜ਼ਾਂਬੀਆਂ ਦੇ ਕਿਟਵੇ ਸ਼ਹਿਰ ਵਿਚ ਰਹਿੰਦਾ ਹੋਇਆ ਵੀ ਆਪਣੇ ਪਿੰਡ ਤਲਵੰਡੀ ਨੂੰ ਨਹੀਂ ਭੁੱਲਿਆ। ਪਾਕਿਸਤਾਨ ਬਣਨ ਤੋਂ ਏਨੀ ਦੇਰ ਪਿਛੋਂ ਵੀ ਸਾਰੀਆਂ ਯਾਦਾਂ ਉਹ ਆਪਣੇ ਦਿਲ ਦੀ ਸੰਦੂਕੜੀ ਵਿਚ ਸੰਭਾਲ ਕੇ ਰੱਖੀ ਬੈਠਾ ਹੈ। ਇਸੇ ਲਈ ਜਦੋਂ ਬਿਰਤਾਂਤਕਾਰ ਭਾਰਤ ਆਉਣ ਲੱਗਾ ਤਾਂ ਵਾਰਸੀ ਸਾਹਿਬ ਨੇ ਕਿਹਾ :- “ਜੇ ਹੋ ਸਕੇ ਤਾਂ ਤੁਸੀਂ ਮੇਰੇ ਤਲਵੰਡੀ ਜ਼ਰੂਰ ਜਾਣਾ। ਸਾਡਾ ਮਕਾਨ ਧਰਮਸ਼ਾਲਾ ਦੇ ਬਿਲਕੁਲ ਸਾਹਮਣੇ ਸੀ......ਸਾਡੇ ਮਕਾਨ ਦੇ ਵਿਹੜੇ ਚੋਂ ਇਕ ਮਿੱਟੀ ਦੀ ਗੁਥਲੀ ਭਰਕੇ ਲੈ ਆਉਣਾ...ਬਸ ਮਿੱਟੀ...ਉਸ ਮਿੱਟੀ ਨੂੰ ਅੱਖਾਂ ਨੂੰ ਲਾਉਣ ਨੂੰ ਜੀਅ ਕਰਦਾ.....ਘੁੱਟ ਕੇ ਦਿਲ ਨਾਲ ਲਾਉਣ ਨੂੰ ਜੀਅ ਕਰਦਾ ਹੈ। ਬਸ ਮਿੱਟੀ ਦੀ ਗੁਥਲੀ......ਹੋਰ ਕੁਝ ਵੀ ਨਹੀਂ।” ਇਸ ਤਰ੍ਹਾਂ ਇਹ ਕਹਾਣੀ ਭਾਰਤ ਤੇ ਪਾਕਿਸਤਾਨ ਦੀ ਵੰਡ ਦੀ ਦਰਦਭਰੀ ਇਕ ਬਾਤ ਪਾਉਂਦੀ ਹੈ।

‘ਕਹਾਣੀ ਦਾ ਅੰਤ’ ਕਹਾਣੀ ਅਜਿਹੇ ਨਾਇਕ ਦੀ ਕਹਾਣੀ ਹੈ ਜੋ ਇਕ ਮੰਨਿਆ ਹੋਇਆ ਸਾਹਿਤਕਾਰ ਸੀ ਪਰ ਉਸ ਦੀ ਪਤਨੀ ਦੇ ਆਉਣ ਤੇ ਉਸ ਦਾ ਸੌ਼ਕ ਬਿਲਕੁਲ ਖਤਮ ਹੋ ਜਾਂਦਾ ਹੈ। ਗੁਰਬਚਨ ਸਿੰਘ ਸੋਜ਼ ਦੀ ਪਤਨੀ ਇੰਦਰਾ ਦਾ ਮੰਨਣਾ ਹੈ ਕਿ ਦਿਲ ਤੇ ਦਿਮਾਗ ਦੀ ਭੁੱਖ ਨਾਲੋਂ ਪੇਟ ਦੀ ਭੁੱਖ ਬੁਝਾਉਣੀ ਕਿਤੇ ਜ਼ਰੂਰੀ ਹੈ। ਉਸ ਕਲਾਕਾਰ ਦੇ ਅਮਰ ਹੋਣ ਦਾ ਕੀ ਲਾਭ ਜਦੋਂ ਉਸ ਦੀ ਬੀਵੀ ਤੇ ਉਸ ਦੇ ਬੱਚੇ ਭੁੱਖ ਨਾਲ ਮਰ ਰਹੇ ਹੋਣ। ਇਵੇਂ ਇਹ ਕਹਾਣੀ ਇਕ ਸਾਹਿਤਕਾਰ ਤੇ ਉਸ ਦੀ ਘਰੇਲੂ ਸਥਿਤੀ ਨੂੰ ਦਰਸਾਉਂਦੀ ਹੈ ਕਿ ਸਾਹਿਤਕਾਰ ਕੇਵਲ ਆਪਣੀ ਮਹਾਨਤਾ ਦੇ ਵਾਜੇ ਵਜਾਉਂਦਾ ਹੈ। ਬੀਵੀ ਬੱਚਿਆਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ। ਖਲਾਅ ਨਾਲ ਭੁੱਖੇ ਪੇਟ ਦੀ ਅੱਗ ਨਹੀਂ ਬੁਝਦੀ। ਭਾਵੇਂ ਇੰਦਰਾ ਦੀਆਂ ਗੱਲਾਂ ਅਜੋਕੇ ਯੁੱਗ ਲਈ ਸਹੀ ਹਨ ਪਰ ਅੱਜ ਦੇ ਮਸ਼ੀਨੀ ਯੁੱਗ ਵਿਚ ਔਰਤ ਲਈ ਆਦਮੀ ਤੇ ਆਦਮੀ ਲਈ ਔਰਤ ਕੋਈ ਮਾਇਨੇ ਨਹੀਂ ਰੱਖਦਾ, ਰੱਖਦਾ ਹੈ ਤਾਂ ਕੇਵਲ ਪੈਸਾ। ਇਸੇ ਲਈ ਇੰਦਰਾ ਗੁਰਬਚਨ ਸਿੰਘ ਨੂੰ ਮੋਟੀ ਰਕਮ ਦਾ ਬੀਮਾ ਕਰਵਾ ਲੈਣ ਦੀ ਵੀ ਸਲਾਹ ਦਿੰਦੀ ਹੈ। ਇਵੇਂ ਇਹ ਕਹਾਣੀ ਪੈਸੇ ਲਈ ਨਿਘਾਰ ਵਲ ਜਾ ਰਹੇ ਰਿਸ਼ਤੇ ਤੇ ਖਤਮ ਹੋ ਰਹੀ ਕਲਾ ਦੇ ਕਾਰਣ ਵੀ ਦਰਸਾਉਂਦੀ ਹੈ। ‘ਕਲਾਕਾਰ’ ਕਹਾਣੀ ਦੇ ਪਾਤਰ ਦੋਸ਼ੀ ਦੀ ਕਲਾ ਉੱਤੇ ਮਜ਼ਾਕ ਕਰਦੀ ਜਾਪਦੀ ਹੈ। ਇਹ ਕਹਾਣੀ ਇਹ ਵੀ ਦਰਸਾਉਦੀ ਹੈ ਕਿ ਸਾਹਿਤਕਾਰ ਆਪਣੀ ਪ੍ਰਸੰਸਾ ਦਾ ਕਿੰਨਾ ਭੁੱਖਾ ਹੁੰਦਾ ਹੈ ਕਿ ਖੁਦ ਹੀ ਆਪਣੇ ਪ੍ਰਸੰਸਕਾਂ ਨੂੰ ਮਿਲਣ ਪਹੁੰਚ ਜਾਂਦਾ ਹੈ। ਇਹ ਕਹਾਣੀ ਇਸ ਸੰਗ੍ਰਹਿ ਦੀ ਸਭ ਤੋਂ ਹਲਕੀ ਕਹਾਣੀ ਹੈ।

‘ਪਰਛਾਵੇ’ ਕਹਾਣੀ ਦੀ ਨਾਇਕਾ ਰਾਮ ਰੱਖੀ ਹੈ ਜੋ ਟੀ.ਵੀ. ਦੀ ਮਰੀਜ਼ ਹੈ ਪਰ ਉਹ ਆਪਣੇ ਪਤੀ ਲਈ ਹਰ ਕੰਡਿਆਲੇ ਰਾਹ ਤੇ ਫੁੱਲ ਖਲੇਰਦੀ ਹੈ। ਉਸ ਦੇ ਮਰਨ ਤੋਂ ਬਾਦ ਸੂਰਜ ਮੱਲ ਨੂੰ ਆਪਣੀ ਜਿ਼ੰਦਗੀ ਬੀਆਬਾਨ ਲੱਗਦੀ ਹੈ। ਉਹ ਅਜਿਹੀ ਥਾਂ ਤੇ ਜਾਣਾ ਲੋਚਦਾ ਹੈ ਜਿੱਥੇੋ ਵਾਪਸ ਨਾ ਆ ਸਕੇ। ਪਰ ਉਸ ਦਾ ਬੱਚਾ ਪੱਪੂ ਦਾ ਮਾਸੂਮ ਚਿਹਰਾ ਮੁੜ ਉਸ ਨੁੂੰ ਆਪਣੇ ਵੱਲ ਖਿੱਚ ਲੈਂਦਾ ਹੈ। ਇਸ ਤਰ੍ਹਾਂ ਇਹ ਕਹਾਣੀ ਰਿਸ਼ਤਿਆਂ ਦੇ ਮਹੱਤਵ ਨੂੰ ਦਰਸਾਉਂਦੀ ਹੈ। ‘ਕਾਲੀ ਬੋਲੀ ਰਾਤ’ ਕਹਾਣੀ ਇਹ ਪੇਸ਼ ਕਰਦੀ ਹੈ ਕਿ ਮਨੁੱਖ ਇਕ ਦੂਜੇ ਦੇ ਦੁੱਖ ਵਿਚ ਸਹਾਈ ਹੋਣ ਤੋਂ ਪਰੇ ਹੋ ਰਿਹਾ ਹੈ। ਹ੍ਹਰ ਮਨੁੱਖ ਆਪਣੀ ਆਪਣੀ ਪੀੜ ਨੂੰ ਛਾਤੀ ਨਾਲ ਬੰਨ੍ਹੀ ਫਿਰਦਾ ਹੈ। ਪੀੜ ਹੀ ਇਕ ਅਜਿਹੀ ਚੀਜ਼ ਹੈ ਜੋ ਬੰਦਾ ਕਿਸੇ ਨਾਲ ਨਹੀਂ ਵੰਡ ਸਕਦਾ। ਇਹ ਪੀੜ ਹਰ ਮਨੁੱਖ ਨੂੰ ਆਪਣੀ ਆਪਣੀ ਸਹਿਣੀ ਪੈਂਦੀ ਹੈ। ਧਾਰਮਿਕ ਸਥਾਨ, ਪੂਜਾ ਪਾਠ ਸਭ ਇਕ ਰੁਟੀਨ ਬਣ ਕੇ ਰਹਿ ਗਿਆ ਹੈ ਸ਼ਾਂਤੀ ਕਿਧਰੇ ਵੀ ਨਹੀਂ ਮਿਲਦੀ। ਇਹ ਕਹਾਣੀ ਇਕ ਲੰਮੀ ਕਾਲੀ ਰਾਤ ਨੂੰ, ਡਰ ਨਾਲ ਭਰੇ, ਸਹਿਮੇ ਹੋਏ ਪਲਾਂ ਨੂੰ ਪੇਸ਼ ਕਰਦੀ ਹੈ।

‘ਦਿਲਾਂ ਦੇ ਰਿਸ਼ਤੇ’ ਕਹਾਣੀ ‘ਮਿੱਟੀ’ ਕਹਾਣੀ ਦੇ ਨਾਲ ਮੇਲ ਖਾਂਦੀ ਕਹਾਣੀ ਹੈ। ਜਿਸ ਵਿਚ ਕਹਾਣੀਕਾਰ ਇਹ ਤੱਥ ਉਜਾਗਰ ਕਰਦਾ ਹੈ ਕਿ ਜਿੱਥੇ ਦਿਲ ਮਿਲ ਜਾਣ ਉੱਥੇ ਮਜ਼ਹਬੀ ਕੰਧ ਇਕ ਕੱਚੀ ਕੰਧ ਹੈ ਜਿਸ ਨੂੰ ਆਸਾਨੀ ਨਾਲ ਤੋੜਿਆ ਜਾ ਸਕਦਾ ਹੈ। ਦੂਜਾ ਖੂਨ ਦੇ ਰਿਸ਼ਤੇ ਨਾਲੋਂ ਦਿਲਾਂ ਦੇ ਰਿਸ਼ਤੇ ਪਹਾੜੀ ਝਰਨੇ ਵਾਂਗ ਹੁੰਦੇ ਹਨ। ਫੁੱਲਾਂ ਦੀ ਮਹਿਕ ਵਰਗੇ ਹੁੰਦੇ ਹਨ। ਪਾਕਿਸਤਾਨ ਬਣਨ ਤੋਂ ਪਹਿਲਾਂ ਸਥਾਪਿਤ ਹੋਏ ਇਹ ਰਿਸ਼ਤੇ ਵੰਡ ਤੋਂ ਬਾਦ ਵੀ ਚਿੱਠੀ ਪੱਤਰ ਰਾਹੀਂ ਇਕ ਦੂਜੇ ਨੂੰ ਜੋੜੀ ਰੱਖਦੇ ਹਨ। ਜਦ ਕਿ ਕਾਲ਼ੀ ਬੋਲ਼ੀ ਰਾਤ ਵਿਚ ਨਾਇਕ ਦੇ ਗੁਆਢੀਆਂ ਨੂੰ ਕਿਸੇ ਦੀਆਂ ਪੀੜਾਂ ਵਿਚ ਸ਼ਰੀਕ ਹੋਣ ਦੀ ਬਜਾਇ ਨੀਂਦ ਵਧੇਰੇ ਪਿਆਰੀ ਲੱਗਦੀ ਹੈ। ‘ਗੁਆਚੇ ਰਾਹ’ ਕਹਾਣੀ ਆਪਣੇ ਆਪ ਨੂੰ ਤਲਾਸ਼ਣ ਦੀ ਕਹਾਣੀ ਹੈ। ਆਪੇ ਤੋਂ ਬਿਨਾਂ ਹਰ ਚੀਜ਼ ਰੁੱਖੀ ਲੱਗਦੀ ਹੈ। ਇਸ ਤਰ੍ਹਾਂ ਇਹ ਕਹਾਣੀ ਖ਼ੁਦੀ ਨੂੰ ਤਲਾਸ਼ਣ ਦੇ ਯਤਨ ਵਿਚ ਹੈ। ‘ਬਸੰਤੀ’ ਕਹਾਣੀ ਦੀ ‘ਚੁੰਬਕ’ ਕਹਾਣੀ ਨਾਲ ਤੁਲਨਾ ਕਰਕੇ ਦੇਖੀ ਜਾ ਸਕਦੀ ਹੈ। ਜਿਥੇ ‘ਚੁੰਬਕ’ ਕਹਾਣੀ ਸ਼ਹਿਰੀ ਔਰਤ ਦੇ ਜੀਵਨ ਦੀ ਕਹਾਣੀ ਨੂੰ ਦਰਸਾਉਂਦੀ ਹੈ ਉੱਥੇ ਬਸੰਤੀ ਇਕ ਨਿਮਨ ਵਰਗ ਦੀ ਔਰਤ ਦੀ ਦਾਸਤਾਂ ਨੂੰ ਪੇਸ਼ ਕਰਦੀ ਹੈ। ਇਹ ਕਹਾਣੀ ਦਰਸਾਉਂਦੀ ਹੈ ਕਿ ਕਿਵੇਂ ਜਿ਼ਮੀਂਦਾਰ ਲੋਕ ਬਸੰਤੀ ਤੇ ਚੰਪਾ ਵਰਗੀਆਂ ਔਰਤਾਂ ਦਾ ਫਾਇਦਾ ਉਠਾਉਂਦੇ ਹਨ। ਬਸੰਤੀ ਦੇ ਅਨੁਸਾਰ : “ਬਸੰਤੀ ਮਨ ਵਿਚ ਸੌ ਸੌ ਗਾਲ੍ਹਾਂ ਕੱਢਦੀ। ਸਾਲੇ ਕੁੱਤੇ ਊਂ ਤਾਂ ਸਾਡੇ ਚੋਂ ਬੂ ਆਉਂਦੀ ਆ ਤੇ ਜਦੋਂ ਹਰਾਮ ਦੇ ਘੁੱਟ ਘੁੱਟ ਜੱਫੀਆਂ ਪੌਦੇ ਆ ਤਾਂ ਖੁਸ਼ਬੂ ਔਂਦੀ ਆਂ। ਅੰਬ ਦੀ ਗੁਠਲੀ ਆਂਗੂੰ ਚੂਸਦੇ ਆ ਮੇਰੇ ਪਿਉ ਦੇ ਕੁੜਮ। ਐਂ ਚੱਟਦੇ ਆ ਜਿਵੇਂ ਡੰਗਰ ਲੂਣ ਦੀ ਸਿੱਲ ਨੂੰ ਚੱਟਦਾ ਹੋਵੇ-ਪਾਜੀ ਹਰਾਮ ਦੇ ਹੱਡ, ਕੁੱਤੇ ਦੇ ਤੁਖ਼ਮ........।” ਜਦੋਂ ਅਜਿਹੀਆਂ ਔਰਤਾਂ ਆਪਣੇ ਨਾਲ ਕੀਤੀ ਬਦਸਲੂਕੀ ਦਾ ਬਦਲਾ ਲੈਂਦੀਆਂ ਹਨ ਤਦ ਵੀ ਦੂਜੀਆਂ ਔਰਤਾਂ ਤੇ ਆਦਮੀ ਉਨ੍ਹਾਂ ਦਾ ਪੱਖ ਪੂਰਨ ਦੀ ਬਜਾਏ ਇਹੋ ਜਿਹੇ ਸ਼ਬਦ ਵਰਤਦੇ ਹਨ : “ਹਾਏ ਹਾਏ ਨੀ ਲੋੜ੍ਹਾ ਮਾਰਿਆ ਨੀ..ਜਿਗਰਾ ਦੇਖੋ ਨੀ ਕੁੱਤੀ ਰੰਨ ਦਾ, ਦੇਖ ਲੌ ਨੀ ਜ਼ਮਾਨਾ –ਕੁੱਤੇ ਕਮੀਨ ਸਿਰੀਂ ਚੜ੍ਹਗੇ ਨੀ.......ਖੁੰਢਾਂ ਤੇ ਬੈਠੇ ਗੱਲਾਂ ਕਰਦੇ ਬਈ ਹੱਦ ਹੋ ਗਈ ਚਮਰੌਟਿਆਂ ਦੀ। ਗੋਹਾ ਕੂੜਾ ਸਾਂਭਦੇ ਸਾਲੇ ਸਿਰ ਚੜ੍ਹਗੇ-ਕਹਿੰਦੇ ਨੰਬਦਰਦਾਰ ਨੇ ਬਚਾ ਲਿਆ ਨਹੀਂ ਤਾਂ ਸੇਲੀ ਅਰਗਾ ਜੁਆਨ ਭੰਗ ਦੇ ਭਾੜੇ ਮਾਰਤਾ ਸੀ। ਇਹਦੀ ਧੀ ਦੀ...ਐਨਾ ਹੀਆ ਬਈ ਅੱਖ ਨੀ ਸੀ ਉੱਠਦੀ। ਕਹਿੰਦੇ ਮੁੰਡੇ ਨੇ ਘਾਹ ਕੱਢਣੋਂ ਮਨ੍ਹਾਂ ਕਰਤਾ ਤਾਂ ਕੁੱਤੀ ਰੰਨ ਸਿਰ ਚੜ੍ਹਗੀ..........।” ਇਵੇਂ ਇਹ ਕਹਾਣੀ ਇਹ ਤੱਥ ਉਜਾਗਰ ਕਰਦੀ ਹੈ ਔਰਤ ਦਾ ਸੋ਼ਸ਼ਣ ਜਿ਼ਆਦਾਤਰ ਅਜਿਹੇ ਲੋਕਾਂ ਦੀ ਸ਼ਹਿ ਨਾਲ ਵਧੇਰੇ ਹੁੰਦਾ ਹੈ। ਜਦੋਂ ਨੰਬਰਦਾਰਾਂ ਦੇ ਮੁੰਡੇ ਨੇ ਬਸੰਤੀ ਦੀ ਪੱਤ ਨੂੰ ਹੱਥ ਪਾਇਆ ਤਾਂ ਇਸ ਦਾ ਕਿਸੇ ਨੂੰ ਜਿਵੇਂ ਪਤਾ ਹੀ ਨਹੀਂ ਪਰ ਜਦੋਂ ਬਸੰਤੀ ਨੇ ਚੰਪਾ ਵੱਲ ਉਸ ਨੂੰ ਅਜਿਹੀ ਨਜ਼ਰ ਨਾਲ ਤੱਕਦੇ ਦੇਖਿਆ ਤਾਂ ਉਸ ਨੂੰ ਖੁਰਪਾ ਮਾਰਦਿਆਂ ਨੰਬਰਦਾਰ ਦੇਖ ਲੈਂਦਾ ਹੈ। ‘ਉਡੀਕ’ ਕਹਾਣੀ ਦਾ ਪਾਤਰ ਰਾਮ ਲਾਲ ਇਕ ਕੋਹਜਾ ਪਾਤਰ ਹੈ ਜਿਸ ਨੂੰ ਉਡੀਕ ਹੈ ਕਿ ਉਸ ਦੇ ਦੋਸਤ ਦੇ ਭੇਜੇ ਹੋਏ ਲੋਕ ਉਸ ਲਈ ਰਿਸ਼ਤਾ ਲੈਕੇ ਆਉਣਗੇ। ਇਸ ਲਈ ਉਹ ਪੂਰਾ ਦਿਨ ਇੰਤਜ਼ਾਰ ਕਰਦਾ ਹੈ। ਆਪਣੇ ਘਰ ਆਪਣੇ ਆਪ ਨੂੰ ਸੰਵਾਰਦਾ ਹੈ ਪਰ ਦੋਸਤ ਨਹੀਂ ਆਉਂਦੇ। ਅਗਲੇ ਦਿਨ ਜਦੋਂ ਕੱਪੜੇ ਉਤਾਰ ਕੇ ਉਹ ਦਰਵਾਜ਼ਾ ਖੋਲ੍ਹਦਾ ਹੈ ਤਾਂ ਉਹ ਰਾਮ ਲਾਲ ਨੂੰ ਇਹ ਕਹਿ ਕੇ ਚਲੇ ਜਾਂਦੇ ਹਨ ਕਿ ਫੇਰ ਕਦੇ ਦਰਸ਼ਨ ਕਰਾਂਗੇ। ਇਸ ਕਹਾਣੀ ਦਾ ਪਾਤਰ ਸ਼ਾਮ ਲਾਲ ਜੇ ਤਕੜੇ ਅਹੁਦੇ ਵਾਲਾ ਕੋਈ ਅਫ਼ਸਰ ਹੁੰਦਾ ਤਾਂ ਅਜਿਹਾ ਨਾ ਹੁੰਦਾ ਕਿਉਂਕਿ ਹੁਣ ਤਾਂ ਆਮ ਇਹ ਗੱਲ ਹੈ ਕਿ ਪੈਸੇ ਨਾਲ ਹਰ ਚੀਜ਼ ਨੂੰ ਢੱਕਿਆ ਜਾ ਸਕਦਾ ਹੈ ਫਿਰ ਕੋਹਜ ਕੀ ਚੀਜ਼ ਹੈ। ਸ਼ਕਲ ਨਹੀੰਂ ਪੈਸਿਆਂ ਨੂੰ ਦੇਖੋ।

‘ਫੈਸਲਾ’ ਕਹਾਣੀ ਇਕ ਅਜਿਹੇ ਪਾਤਰ ਦੀ ਕਹਾਣੀ ਹੈ ਜਿਸ ਦੀ ਅਜੇ ਇਸ਼ਕ ਦੀ ਉਮਰ ਨਹੀਂ ਹੈ। ਉਹ ਆਪਣੇ ਦਫ਼ਤਰ ਵਿਚ ਲੱਗੀ ਇਕ ਟਾਈਪਿਸਟ ਚੰਪਾ ਨੂੰ ਪਿਆਰ ਕਰਦਾ ਹੈ ਜਿਸ ਦਾ ਪਤੀ ਸ਼ਰਾਬ ਪੀ ਕੇ ਦਿਨ ਰਾਤ ਉਸ ਨੂੰ ਮਾਰਦਾ ਕੁੱਟਦਾ ਹੈ। ਪਰ ਜਦੋਂ ਇਕ ਦਿਨ ਮੈਂ ਪਾਤਰ ਚੰਪਾ ਦਾ ਇੰਤਜਾਰ ਕਰ ਰਿਹਾ ਹੁੰਦਾ ਹੈ ਤਾਂ ਇਕ ਆਦਮੀ ਉਸ ਕੋਲ ਆ ਕੇ ਦੱਸਦਾ ਹੈ ਕਿ ਉਸਦੀ ਪਤਨੀ ਦੇ ਮਾਲਕ ਨੇ ਉਸ ਨੂੰ ਸਾੜ੍ਹੀਆਂ ਪੈਸਿਆਂ ਦਾ ਲਾਲਚ ਦੇ ਆਪਣੇ ਜਾਲ਼ ਵਿਚ ਫਸਾ ਲਿਆ ਹੈ ਤੇ ਉਹ ਉਸ ਆਦਮੀ ਤੇ ਦਰਖਾਸਤ ਵੀ ਦੇ ਚੁੱਕਾ ਹੈ, ਪਰ ਕੋਈ ਉਸ ਦੀ ਸਿ਼ਕਾਇਤ ਨਹੀਂ ਸੁਣਦਾ। ਆਖਿਰ ਉਹ ਖ਼ੁਦ ਫੈਸਲਾ ਕਰਨ ਲਈ ਚਾਕੂ ਚੁੱਕੀ ਫਿਰਦਾ ਹੈ। ਮੈਂ ਪਾਤਰ ਉਸ ਦੀ ਗੱਲ ਸੁਣ ਕੇ ਪੂਰੀ ਤਰ੍ਹਾਂ ਘਬਰਾ ਜਾਂਦਾ ਹੈ ਤੇ ਉਸ ਨੂੰ ਉਸ ਆਦਮੀ ਦੇ ਨਕਸ਼ ਵਿਚ ਚੰਪਾ ਦਾ ਪਤੀ ਦਿਖਾਈ ਦੇਣ ਲੱਗਦਾ ਹੈ। ਇਹ ਕਹਾਣੀ ਇਹ ਤੱਥ ਉਜਾਗਰ ਕਰਦੀ ਹੈ ਕਿ ਪਾਤਰ ਦਾ ਚੰਪਾ ਪ੍ਰਤੀ ਪਿਆਰ ਨਹੀਂ ਕੇਵਲ ਇਕ ਚੁੰਬਕੀ ਆਕਰਸ਼ਣ ਸੀ ਜੋ ਉਸ ਆਦਮੀ ਦੇ ਫੈਸਲੇ ਨੂੰ ਸੁਣਦੇ ਹੀ ਤਿੱਤਰ ਹੋ ਜਾਂਦਾ ਹੈ।

‘ਖਲਾਅ’ ਕਹਾਣੀ ਕਹਾਣੀਕਾਰ ਦੀ ਕੇਵਲ ਕਹਾਣੀ ਹੀ ਨਹੀਂ ਬਲਕਿ ਇਕ ਸਿੱਖਿਆ ਹੈ। ਕਨਾਟ ਪਲੇਸ ਦੇ ਪਾਰਕ ਵਿਚੋਂ ਲੋਕਾਂ ਦੀਆਂ ਬੀਅਰ ਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਇਕਠੀਆਂ ਕਰਦਾ ਇਕ ਲੜਕਾ ਹੈ ਜਿਸ ਦੀ ਉਮਰ ਅਜਿਹਾ ਕੰਮ ਕਰਨ ਦੀ ਨਹੀਂ ਬਲਕਿ ਪੜ੍ਹਨ ਲਿਖਣ ਲਈ ਸਕੂਲ ਜਾਣ ਦੀ ਹੈ। ਕਹਾਣੀਕਾਰ ਨੂੰ ਦੁੱਖ ਹੈ ਕਿ ਅਜਿਹੇ ਹਜ਼ਾਰਾਂ ਬੱਚੇ ਖਾਲੀ ਬੋਤਲਾਂ ਦੀ ਤਰ੍ਹਾਂ ਸਾਰੀ ਉਮਰ ਹੀ ਖਾਲੀ ਰਹਿ ਜਾਂਦੇ ਹਨ। ਇਸ ਖਲਾਅ ਨੂੰ ਰੋਕਣ ਦਾ ਜਿੰਮਾ ਸਰਕਾਰ,ਮਾਪਿਆਂ ਤੇ ਹਰ ਨਾਗਰਿਕ ਦਾ ਬਣਦਾ ਹੈ। ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਹੀ ਰਾਹ ਦਿਖਾਈ ਜਾਵੇ ਕਿਉਂਕਿ ਅੱਜ ਦਾ ਬੱਚਾ ਕਲ ਦਾ ਭਵਿੱਖ ਹੈ। ‘ਚੋਰ’ ਕਹਾਣੀ ਕਿਸੇ ਅਜਿਹੇ ਚੋਰਦੀ ਕਹਾਣੀ ਨਹੀਂ ਜੋ ਧੰਨ ਸੰਪਤੀ ਲੈ ਕੇ ਭੱਜਿਆ ਹੋਵੇ। ਇਹ ਕੇਵਲ ਉਸ ਚੋਰ ਦੀ ਕਹਾਣੀ ਹੈ ਜਿਸ ਨੂੰ ਰਸਤੇ ਵਿਚ ਇਕ ਲੜਕੀ ਮਿਲ ਜਾਂਦੀ ਹੈ ਤੇ ਜਦੋਂ ਉਹ ਉਸ ਲੜਕੀ ਨੂੰ ਕਿਸੇ ਸੁੰਨਸਾਨ ਜਗ੍ਹਾ ਤੇ ਲੈ ਜਾਂਦਾ ਹੈ। ਪੰਡਿਤ ਸਿ਼ਵ ਨਰਾਇਣ ਉਸਨੂੰ ਦੇਖ ਲੈਂਦਾ ਹੈ ਤੇ ਕਹਿੰਦਾ ਹੈ ਕਿ ਘਬਰਾ ਨਹੀਂ ਬਸ ਇਹ ਦਸ ਦੇ ਕਿ ਮੈਨੂੰ ਵੀ....।ਲੜਕੇ ਵਲੋਂ ਇਨਕਾਰ ਕਰਨ ਤੇ ਉਸ ਨੇ ਰੌਲਾ ਪਾ ਕੇ ਦੋਹਾਂ ਨੂੰ ਬਦਨਾਮ ਕਰ ਦਿੱਤਾ। ਅਸਲ ਵਿਚ ਇਸ ਕਹਾਣੀ ਦਾ ਮਸਲਾ ਕੇਵਲ ਭਾਰਤੀ ਸੋਚ ਦਾ ਮਸਲਾ ਹੈ।

‘ਬਦਨਾਮ ਆਦਮੀ’ ਕਹਾਣੀ ਵਿਚ ਕਹਾਣੀਕਾਰ ਵਿਦੇਸ਼ਾਂ ਵਿਚ ਬੋਲੀ ਜਾਣ ਵਾਲੀ ਪੰਜਾਬੀ ਬੋਲੀ ਦੀ ਗੱਲ ਸੁਣਾਉਂਦਾ ਹੈ। ਪਰ ਇਸ ਬਾਰੇ ਇਹੋ ਕਿਹਾ ਜਾ ਸਕਦਾ ਹੈ ਕਿ ਵਿਦੇਸ਼ਾਂ ਵਿਚ ਪੰਜਾਬੀ ਸਿੱਧੀ ਪੁੱਠੀ ਜਿਵੇਂ ਵੀ ਹੈ ਬੋਲੀ ਤਾਂ ਜਾਂਦੀ ਹੈ। ਪਰ ਸਾਡੇ ਆਪਣੇ ਮੁਲਕ ਵਿਚ ਤਾਂ ਅਸੀਂ ਪੰਜਾਬੀ ਹੋ ਕੇ ਵੀ ਇਸ ਤੋਂ ਦੂਰ ਹੁੰਦੇ ਜਾ ਰਹੇ ਹਾਂ। ਪੰਜਾਬੀ ਬੋਲੀ ਦਾ ਜਿੰਨਾ ਬੁਰਾ ਹਾਲ ਹੁਣ ਇਥੇ ਹੈ ਓਨਾਂ ਤਾਂ ਸ਼ਇਦ ਵਿਦੇਸ਼ਾਂ ਵਿਚ ਵੀ ਨਹੀਂ। ਇਥੇ ਤਾਂ ਇਹ ਬੋਲੀ ਕੇਵਲ ਪੌਪ ਗੀਤਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਕਹਾਣੀ ਇਹ ਵੀ ਕਹਿੰਦੀ ਹੈ ਕਿ ਜਿਹੜਾ ਬੰਦਾ ਖੁੱਲ੍ਹ ਕੇ ਜਿਉਂਦਾ ਤੇ ਖੁੱਲ੍ਹ ਕੇ ਐਸ਼ ਕਰਦਾ ਹੈ ਉਸ ਨੂੰ ਦੂਜੇ ਲੋਕ ਸਹਿਣ ਨਹੀਂ ਕਰਦੇ। ਜਿਵੇਂ ਕਹਾਣੀ ਵਿਚ ਪਾਤਰ ਬੰਸੀ ਖੁੱਲ੍ਹ ਕੇ ਜਿ਼ੰਦਗੀ ਦਾ ਆਨੰਦ ਮਾਣਦਾ ਹੈ। ਦੇਸੋਂ਼ ਆਏ ਆਪਣੇ ਲੋਕਾਂ ਨਾਲ ਹੱਸ ਕੇ ਮਿਲਦਾ ਵਰਤਦਾ ਹੈ। ਉਸਦਾ ਮੰਨਣਾ ਹੈ ਕਿ ਸਾਨੂੰ ਸ਼ਰਾਬ ਨੂੰ ਪੀਣਾ ਚਾਹੀਦਾ ਹੈ-ਸ਼ਰਾਬ ਸਾਨੂੰ ਨਾ ਪੀਵੇ। ਉਹ ਇਹ ਵੀ ਮੰਨਦਾ ਹੈ ਕਿ ਲੋਕ ਤਾਂ ਸ਼ਰਾਬ ਤੋਂ ਵੀ ਭੈੜੇ ਆ :

“ਲੋਗ ਲੋਗ ਕਾ ਖੂਨ ਪੀਤੇ ਹੈਂ
ਮੈਨੇ ਤੋਂ ਸਿਰਫ਼ ਮੈਕਸੀ ਕੀ ਹੈ।”

ਬੰਸੀ ਇਕ ਭਰੀ ਹੋਈ ਸ਼ਰਾਬ ਦੀ ਬੋਤਲ ਹੈ ਜਿਸਦਾ ਸਾਰੇ ਨਸ਼ਾ ਕਰਦੇ ਹਨ ਤੇ ਵਰਤੋਂ ਤੋਂ ਪਿਛੋਂ ਖਾਲੀ ਬੋਤਲ ਵਾਂਗ ਹੀ ਉਸ ਨੂੰ ਭੁੱ਼ਲ ਜਾਂਦੇ ਹਨ। ਅਜਿਹੇ ਲੋਕ ਦੁਨੀਆਂ ਵਿਚ ਬਹੁਤ ਘੱਟ ਮਿਲਦੇ ਹਨ। ਤਦ ਹੀ ਬਿਰਤਾਂਤਕਾਰ ਕਹਿੰਦਾ ਹੈ ਕਿ ਕਾਸ਼! ਨਵੀਂ ਥਾਂ ਤੇ ਵੀ ਮੈਨੂੰ ਕੋਈ ਬੰਸੀ ਮਿਲ ਜਾਵੇ।

‘ਧਰਤੀ ਦੀ ਆਵਾਜ਼’ ਕਹਾਣੀ ਵਿਚ ਕਹਾਣੀਕਾਰ ਧਰਤੀ ਨੂੰ ਬੋਲਦਾ ਮਹਿਸੂਸ ਕਰਦਾ ਹੈ। ਇਹ ਧਰਤੀ ਸਾਊਥ ਅਫਰੀਕਾ ਦੀ ਹੈ ਜੋ ਕਹਿ ਰਹੀ ਹੈ ਕਿ ਜਿਸ ਨੇ ਵੀ ਮੇਰੇ ਵਿਹੜੇ ਪੈਰ ਪਾਇਆ ਮੈਂ ਉਸ ਦੀ ਹੋ ਗਈ। ਪਰ ਉਹ ਮੇਰਾ ਨਹੀਂ ਹੋਇਆ। ਉਹ ਹਮੇਸ਼ਾਂ ਮੈਨੂੰ ਓਪਰੀਆਂ ਨਜ਼ਰਾਂ ਨਾਲ ਹੀ ਦੇਖਦਾ ਹੈ। ਉਸ ਨੇ ਕਦੇ ਮੈਂਨੂੰ ਪਿਆਰ ਨਹੀਂ ਕੀਤਾ। ਹ੍ਹਮੇਸ਼ਾ ਆਪਣੇ ਨਿੱਜੀ ਲਾਭ ਬਾਰੇ ਸੋਚਿਆ। ਮੇਰਾ ਰੰਗ ਵੀ ਹਰ ਦੇਸ਼ ਦੀ ਮਿੱਟੀ ਵਰਗਾ ਹੈ। ਧਰਤੀ ਇਨਸਾਫ਼ ਦੀ ਮੰਗ ਕਰਦੀ ਹੈ। ਅਸਲੀ ਸਿੱਖਿਆ ਤੇ ਅਮਲ ਕਰਨ ਲਈ ਕਹਿੰਦੀ ਹੈ। ਸਿਆਸੀ ਕੈਦੀਆਂ ਤੇ ਕੀਤੇ ਜ਼ੁਲਮ ਦਾ ਰੁਦਨ ਕਰਦੀ ਹੈ ਨਾਲ ਹੀ ਚੇਤਾਵਨੀ ਵੀ ਦਿੰਦੀ ਹੈ ਕਿ ਖ਼ਬਰਦਾਰ ਕਿ ਉਸਦੇ ਕਿਣਕੇ ਕਿਣਕੇ ਚੋਂ ਯੋਧਾ ਪੈਦਾ ਹੋ ਚੁੱਕੇ ਹਨ। ਉਹ ਆਪਣਾ ਸਿਰ ਤਲੀ ਤੇ ਰੱਖ ਕੇ ਤੁਰ ਚੁੱਕੇ ਹਨ ਜੋ ਹਨੇਰੀ ਦੀ ਤਰ੍ਹਾਂ ਹਰ ਦਿਸ਼ਾਂ ਤੋਂ ਵੱਧ ਰਹੇ ਹਨ ਤੇ ਹਰ ਪਾਸੇ ਹੀ ਤੂਫਾਨ ਵਾਂਗ ਛਾ ਰਹੇ ਹਨ। “ਤੂੰ ਕਿਵੇਂ ਸੱਚ ਦੀ ਆਵਾਜ਼ ਨੂੰ ਗੋਲੀਆਂ ਨਾਲ ਦਬਾ ਦਿੱਤਾ । ਤੂੰ ਆਪਣੇ ਕੀਤੇ ਤੇ ਪਸ਼ਚਾਤਾਪ ਕਰਨਾ ਚਾਹੇਂਗਾ ਪਰ ਤੈਨੂੰ ਸਮਾਂ ਨਹੀਂ ਮਿਲੇਗਾ। ਬਸ ਦਿਨਾਂ ਦਾ ਹੇਰ ਫੇਰ ਹੈ।” ਇਵੇਂ ਕਹਾਣੀਕਾਰ ਨੇ ਇਸ ਕਹਾਣੀ ਵਿਚ ਧਰਤੀ ਨੂੰ ਇਕ ਮਾਂ ਦੇ ਰੂਪ ਵਿਚ ਪਾਤਰ ਬਣਾ ਕੇ ਪੇਸ਼ ਕੀਤਾ ਹੈ। ਧਰਤੀ ਦੇ ਇਸ ਰੁਦਨ ਨੂੰ ਕਹਾਣੀਕਾਰ ਨੇ ਉਥੇ ਰਹਿ ਕੇ ਮਹਿਸੂਸ ਕੀਤਾ ਤਦੇ ਹੀ ਇੰਨੀ ਸਫ਼ਲ ਕਹਾਣੀ ਦੀ ਰਚਨਾ ਸੰਭਵ ਹੋਈ। ਜੋ ਲੇਖਕ ਦੀ ਸਫ਼ਲ ਪ੍ਰਾਪਤੀ ਹੈ।

ਦੂਜੇ ਕਹਾਣੀ ਸੰਗ੍ਰਹਿ ‘ਮੌਤ ਦਾ ਸੁਪਨਾ’ ਦੀ ‘ਵੈਲੀ’ ਕਹਾਣੀ ਭਾਰਤੀ ਕਾਨੂੰਨ ਦੇ ਹਾਲ ਤੋਂ ਜਾਣੂ ਕਰਵਾਉਂਦੀ ਹੈ। ਕਿਵੇਂ ਭਾਰਤੀ ਪੁਲਸੀਏ ਪੈਸੇ ਖਾ ਕੇ ਆਪਣਾ ਮੂੰਹ ਬੰਦ ਕਰ ਲੈਂਦੇ ਹਨ। ਪਰ ਪਿਉ ਸੰਤੂ ਦੀ ਨਜਾਇਜ਼ ਮੌਤ ਪੁੱਤਰ ਤਾਰੇ ਅੰਦਰ ਬਦਲੇ ਦੀ ਅੱਗ ਭਰ ਦਿੰਦੀ ਹੈ। ਇਹੋ ਬਦਲਾ ਉਸ ਨੂੰ ਪੂਰੇ ਪੰਜ ਬੰਦਿਆਂ ਦਾ ਕਾਤਲ ਬਣਾ ਦਿੰਦਾ ਹੈ। ਪੂਰੇ ਪਿੰਡ ਦੇ ਲੋਕ, ਬੱਚੇ, ਬੁੱਢੇ ਉਸ ਦੇ ਨਾਂ ਤੋਂ ਡਰਦੇ ਹਨ। ਪਰ ਨਾਲ ਹੀ ਇਹ ਕਹਾਣੀ ਤਾਰੇ ਦੇ ਮਨ ਵਿਚ ਪਿੰਡ ਦੀ ਧੀ ਭੈਣ ਪ੍ਰਤੀ ਚੰਗੇ ਆਚਰਣ ਦੇ ਸੱਚ ਨੂੰ ਵੀ ਉਭਾਰਦੀ ਹੈ। ‘ਜਿਵੇਂ ਤਿਵੇ’ ਕਹਾਣੀ ਵੀ ਭਾਰਤੀ ਸੋਚ ਦੀ ਹੀ ਦਾਸਤਾਂ ਨੂੰ ਪੇਸ਼ ਕਰਦੀ ਹੈ। ਕਹਾਣੀ ਦਾ ਪਾਤਰ ਲੱਛੂ ਭਾਵੇਂ ਦਿੱਲੀ ਵਿਚ ਸੈਕਸ਼ਨ ਅਫ਼ਸਰ ਲੱਗਾ ਹੈ ਤਾਂ ਵੀ ਜਦੋਂ ਉਹ ਪਿੰਡ ਵਾਪਸ ਆਉਂਦਾ ਹੈ ਤਾਂ ਸਾਰੇ ਉਸ ਨੂੰ ਚਮਿਆਰਾਂ ਦਾ ਲੱਛੂ ਹੀ ਕਹਿ ਕੇ ਸੰਬੋਧਨ ਕਰਦੇ ਹਨ। ਲੱਛੂ ਦੇਖਦਾ ਹੈ ਕਿ ਦੁਨੀਆਂ ਕਿਥੋਂ ਕਿਥੇ ਪਹੁੰਚ ਗਈ ਪਰ ਅਜੇ ਵੀ ਉਸ ਦੀ ਜਾਤ ਤੇ ਉਸ ਦੀ ਮਾਂ ਦੇ ਬੀਤੇ ਅਤੀਤ ਬਾਰੇ ਲੋਕਾਂ ਨੇ ਗੱਲਾਂ ਬਣਾਉਣੀਆਂ ਨਹੀੰਂ ਛੱਡੀਆਂ। ਸੱਚਮੁੱਚ ਪਿੰਡ ਵਿਚ ਬਿਜਲੀ ਤਾਂ ਜ਼ਰੂਰ ਆਈ ਹੈ ਪਰ ਰੌਸ਼ਨੀ ਅਜੇ ਵੀ ਨਹੀਂ ਆਈ ਸਭ ਕੁਝ ਜਿਵੇਂ ਦਾ ਤਿਵੇਂ ਹੀ ਹੈ।

‘ਮੁਰਝਾਏ ਫੁੱਲ’ ਕਹਾਣੀ ਵਿਚ ਕਹਾਣੀਕਾਰ ਇਕ ਅਜਿਹੇ ਹਸਪਤਾਲ ਨੂੰ ਕਹਾਣੀ ਦਾ ਆਧਾਰ ਬਣਾਉਂਦਾ ਹੈ ਜੋ ਰਾਜਧਾਨੀ ਦਾ ਸਭ ਤੋਂ ਨਾਮੀਂ ਹਸਪਤਾਲ ਹੈ। ਜਿਥੇ ਕੇਵਲ ਬੱਚਿਆਂ ਦਾ ਇਲਾਜ ਹੁੰਦਾ ਹੈ। ਇਥੇ ਬਾਲ ਦਿਵਸ ਦਾ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਮਾਰੋਹ ਵਿਚ ਸ਼ਹਿਰ ਦੀਆਂ ਮੰਨੀਆਂ ਪਰਮੰਨੀਆਂ ਹਸਤੀਆਂ ਸ਼ਾਮਿਲ ਹੁੰਦੀਆਂ ਹਨ ਜੋ ਕੇਵਲ ਆਪਣੇ ਨਾਂ ਤੇ ਧੰਦੇ ਦਾ ਪ੍ਰਚਾਰ ਕਰਨ ਲਈ ਪਹੁੰਚਦੀਆਂ ਹਨ। ਉਹ ਅਜਿਹਾ ਕੋਈ ਮੌਕਾ ਆਪਣੇ ਹੱਥਾਂ ਤੋਂ ਨਹੀਂ ਜਾਣ ਦਿੰਦੀਆਂ। ਪਰ ਜਦੋਂ ਇਥੇ ਪੈਦਾ ਹੋਏ ਬੱਚਿਆਂ ਦੀਆਂ ਲਗਾਤਾਰ ਬਾਹਾਂ ਸੁੱਕਣੀਆਂ ਸ਼ੁਰੂ ਹੁੰਦੀਆਂ ਹਨ ਤਾਂ ਵੀ ਇਹ ਲੋਕ ਤੇ ਇਥੋਂ ਦੇ ਡਾਕਟਰ ਆਪਣੇ ਨਿੱਜੀ ਸਵਾਰਥ ਵਿਚ ਕਮੇਟੀਆਂ ਦਾ ਗਠਨ ਕਰਨ ਲੱਗਦੇ ਹਨ। ਬੱਚਿਆਂ ਦੀ ਹਾਲਤ ਵਲ ਕਿਸੇ ਦਾ ਕੋਈ ਧਿਆਨ ਨਹੀਂ। ਕਰਮਚਾਰੀਆਂ ਨੂੰ ਵੀ ਬੱਚਿਆਂ ਦੀ ਹਾਲਤ ਨਾਲੋਂ ਹਸਪਤਾਲ ਦੀ ਬਦਨਾਮੀ ਦਾ ਡਰ ਵਧੇਰੇ ਹੈ। ਇਸੇ ਕਾਰਵਾਈ ਵਿਚ ਬੱਚੇ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਜਾਨ ਬਚਾਉਣ ਵਾਲੇ ਡਾਕਟਰ ਹੀ ਜਦੋਂ ਨਿੱਜੀ ਸਵਾਰਥ ਲਈ ਦੌੜ ਭੱਜ ਕਰਨ ਲੱਗ ਪੈਣ ਤਦ ਹੋਰ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ।

‘ਤੂੰ ਆਪੇ ਕਰਤਾ’ ਕਹਾਣੀ ਮਨੁੱਖ ਦੀ ਆਪਣੇ ਕੰਮ ਵਿਚ ਲਗਨ ਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਦੇ ਸੱਚ ਨੂੰ ਪੇਸ਼ ਕਰਦੀ ਹੈ। ਚਰਨ ਸਿੰਘ ਦੇ ਸ਼ਬਦ ਹਨ : “ਬੰਦਾ ਕੁਝ ਵੀ ਨਹੀਂ ਕਰ ਸਕਦਾ। ਜੋ ਕੁਝ ਵੀ ਹੁੰਦਾ ਹੈ ਸਭ ਉਸ ਪ੍ਰਮਾਤਮਾ ਦਾ ਕੀਤਾ ਹੁੰਦਾ ਹੈ।” ਇਥੇ ਇਹ ਗੱਲ ਬੜੀ ਸਹਿਜੇ ਹੀ ਆਖੀ ਜਾ ਸਕਦੀ ਹੈ ਕਿ ਰੱਬ ਭਾਵੇਂ ਹੈ ਜਾਂ ਨਹੀਂ ਪਰ ਇਸ ਵਿਚ ਵਿਸ਼ਵਾਸ਼ ਨਾਲ ਵਿਲ ਪਾਵਰ ਜ਼ਰੂਰ ਵੱਧ ਜਾਂਦੀ ਹੈ। ਲੇਖਕ ਦੀ ਸਿੱਖ ਧਰਮ ਵਿਚ ਸ਼ਰਧਾ ਨੂੰ ਵੀ ਇਹ ਕਹਾਣੀ ਉਜਾਗਰ ਕਰਦੀ ਹੈ। ‘ਨਵੀਂ ਕਹਾਣੀ’ ਵਿਚ ਲੇਖਕ ਇਹ ਤੱਥ ਉਜਾਗਰ ਕਰਦਾ ਹੈ ਕਿ ਅੱਜ ਸੱਚੇ ਸਾਹਿਤ ਦੀ ਕੋਈ ਕਦਰ ਨਹੀਂ, ਖਾਸ ਕਰ ਪੰਜਾਬੀ ਬੋਲੀ ਦੀ ਇਹ ਜਿ਼ਆਦਾ ਬਦਨਸੀਬੀ ਹੈ ਕਿ ਨਵੇਂ ਲੇਖਕ ਨੁੂੰ ਰਚਨਾ ਛਪਾਉਣ ਦੇ ਲਈ ਚੰਦਾ ਵੀ ਭੇਜਣਾ ਪੈਂਦਾ ਹੈ। ਦੂਜੇ ਪਾਸੇ ਸਾਹਿਤਕਾਰ ਨੂੰ ਪੜ੍ਹਨ ਵਾਲੇ ਸੱਚੇ ਪਾਠਕਾਂ ਦੀ ਵੀ ਕਮੀ ਹੈ। ਜਿ਼ਆਦਾਤਰ ਪਾਠਕ ਕਹਾਣੀ ਦੀ ਬਣਤਰ, ਕਿਉਂ ਚੰਗੀ ਲੱਗੀ ਦਾ ਜਿ਼ਕਰ ਨਾ ਕਰਕੇ ਲੇਖਕਾਂ ਨਾਲ ਨਿੱਜੀ ਸੰਬੰਧ ਸਥਾਪਿਤ ਕਰਨਾ ਚਾਹੁੰਦੇ ਹਨ, ਉਹ ਵੀ ਜਿ਼ਆਦਾ ਪਰਵਾਸੀ ਸਾਹਿਤਕਾਰਾਂ ਨਾਲ। ਪਰ ਅਸਲ ਵਿਚ ਇਹ ਸੋਚ ਸਭ ਪਾਠਕਾਂ ਦੀ ਨਹੀਂ ਹੋ ਸਕਦੀ। ਹਾਂ ਅਜਿਹੇ ਪਾਠਕਾਂ ਦੇ ਚਿਹਰੇ ਜਿੰ਼ਦਗੀ ਵਿਚ ਹੂ-ਬ-ਹੂ ਮਿਲ ਜਾਂਦੇ ਹਨ।

‘ਮੌਤ ਦਾ ਸੁਪਨਾ’ ਕਹਾਣੀ ਇਕਹਿਰੇ ਬਿਰਤਾਂਤ ਦੀ ਕਹਾਣੀ ਹੈ। ਕਹਾਣੀ ਵਿਚਲਾ ਮੈਂ ਪਾਤਰ ਕੈਂਸਰ ਦਾ ਮਰੀਜ਼ ਹੈ। ਉਹ ਬਿਮਾਰੀ ਦੌਰਾਨ ਸੋਚਦਾ ਰਹਿੰਦਾ ਹੈ ਤੇ ਜਿੰਨਾ ਚਿਰ ਜਿੰ਼ਦਗੀ ਹੁੰਦੀ ਹੈ ਇਹ ਸੋਚ ਵੀ ਕਾਇਮ ਰਹਿੰਦੀ ਹੈ। ਪਾਤਰ ਆਪਣੇ ਮਾਂ-ਬਾਪ ਬਾਰੇ ਵੀ ਸੋਚਦਾ ਹੈ। ਉਸਨੂੰ ਲੱਗਦਾ ਹੈ ਕਿ ਉਸਦੇ ਮਾਪੇ ਉਸ ਨੁੂੰ ਮਿਲਣ ਨਹੀਂ ਬਲਕਿ ਆਪਣਾ ਫਰਜ਼ ਪੂਰਾ ਕਰਨ ਆਉਂਦੇ ਹਨ। ਉਂਜ ਸਾਰੇ ਰਿਸ਼ਤੇ ਫਰਜ਼ ਨਾਲ ਹੀ ਤਾਂ ਜੁੜੇ ਹੋਏ ਹਨ! ਉਸ ਨੂੰ ਤਾਂ ਆਪਣੀ ਜਿ਼ੰਦਗੀ ਵੀ ਫਰਜ਼ੀ ਜਿਹੀ ਲੱਗਦੀ ਹੈ। ਦੂਸਰੇ ਪਾਸੇ ਉਸਦਾ ਸੋਚਣਾ ਹੈ ਕਿ ਮਰਨ ਵਾਲੇ ਦਾ ਸੱਧਰਾਂ ਨਾਲ ਕਾਹਦਾ ਰਿਸ਼ਤਾ। ਮਰਨ ਵਾਲੇ ਦੀਆਂ ਸਾਰੀਆਂ ਸੱਧਰਾਂ ਵੀ ਉਸ ਦੇ ਨਾਲ ਹੀ ਮਰਨੀਆਂ ਚਾਹੀਦੀਆਂ ਹਨ। ਇਕੱਲਿਆਂ ਮਰ ਕੇ ਸ਼ਾਇਦ ਚੈਨ ਨ ਮਿਲੇ। ਕਿਸੇ ਦਾ ਤਾਂ ਧੁਰ ਦਾ ਸਾਥ ਹੋਣਾ ਚਾਹੀਦਾ ਹੈ। ਮਰਨ ਵਾਲੇ ਮਰੀਜ਼ ਦੀ ਇਹ ਸੋਚ ਉਸ ਨੂੰ ਹੋਰ ਤੇਜ਼ੀ ਨਾਲ ਮੌਤ ਦੇ ਕੋਲ ਲੈ ਕੇ ਜਾਂਦੀ ਹੈ।

‘ਨਵੇ ਲੋਕ’ ਕਹਾਣੀ ਕਹਾਣੀਕਾਰ ਦੇ ਵਿਦੇਸ਼ੀ ਅਨੁਭਵ ਦੁਆਰਾ ਰਚੀ ਗਈ ਹੈ। ਮੈਂ ਪਾਤਰ ਦੱਸਦਾ ਹੈ ਕਿ ਵਿਦੇਸ਼ੀ ਲੋਕ ਅੱਜ ਨੂੰ ਮਾਣਦੇ ਹਨ। ਕਲ੍ਹ ਦੇ ਗ਼ਮ ਵਿਚ ਗੋਤੇ ਨਹੀਂ ਖਾਂਦੇ। ਇਨ੍ਹਾਂ ਨੂੰ ਕੋਈ ਚਿੰਤਾ ਨਹੀਂ। ਨਾ ਮੁੰਡੇ ਦਾ ਵਿਆਹ ਕਰਨਾ ਨਾ ਕੁੜੀ ਲਈ ਦਾਜ ਬਣਾਉਣਾ। ਪਰ ਦੂਜੇ ਪਾਸੇ ਇਥੇ ਦੀਆਂ ਇਸਤਰੀਆਂ ਦੀ ਹਾਲਤ ਭਾਰਤੀ ਔਰਤ ਤੋਂ ਵੀ ਬਦਤਰ ਹੈ। ਜਿਵੇਂ ਮਿਸ਼ਜ ਮਕੂੰਜਾ ਕਹਿੰਦੀ ਹੈ : “ਤੁਸੀਂ ਲੋਕ ਖੁਸ਼ਕਿਸਮਤ ਹੋ। ਤੁਹਾਡੀਆਂ ਔਰਤਾਂ ਬਹੁਤ ਖ਼ੁਦਕਿਸਮਤ ਹਨ। ਤੁਹਾਡੇ ਰਹਿਣ ਸਹਿਣ ਦਾ ਢੰਗ ਸਾਡੇ ਨਾਲੋਂ ਬਹੁਤ ਵੱਖਰਾ ਹੈ ਪਰ ਚੰਗਾ ਹੈ। ਤੁਹਾਡੇ ਦੇਸ਼ਾਂ ਵਿਚ ਆਏ ਦਿਨ ਆਦਮੀ ਦਾ ਛੱਡ-ਛੱਡਾ ਨਹੀਂ ਹੁੰਦਾ। ਤੁਸੀਂ ਮੇਰਾ ਕੇਸ ਦੇਖ ਲਉ। ਮੇਰੇ ਤਿੰਨ ਬੱਚੇ ਹਨ। ਮੇਰੇ ਪਤੀ ਨੇ ਮੈਨੂੰ ਛੱਡ ਦਿੱਤਾ ਹੈ ਹੁਣ ਤੁਸੀ ਦੱਸੋ ਮੈਂ ਕੀ ਕਰਾ----।”

ਔਰਤ ਕਿਧਰੇ ਵੀ ਹੋਵੇ ਉਸ ਦੀ ਹਾਲਤ ਇਕੋ ਜਿਹੀ ਹੈ। ਕਹਾਣੀ ਵਿਚ ਇਕ ਹੋਰ ਔਰਤ ਦੇ ਚਾਰ ਬੱਚੇ ਵੱਖੋ-ਵੱਖਰੇ ਆਦਮੀਆਂ ਤੋਂ ਹਨ ਤੇ ਪੰਜਵਾਂ ਪੇਟ ਵਿਚ ਵੀ ਵੱਖਰੇ ਆਦਮੀ ਤੋਂ। ਉਸ ਦਾ ਮੰਨਣਾ ਹੈ ਜੇ ਆਦਮੀ ਨਿਕੰਮਾ ਹੋਵੇਗਾ ਤਾਂ ਸਾਰੇ ਹੀ ਬੱਚੇ ਵੀ ਨਿਕੰਮੇ ਹੋਣਗੇ। ਇਸੇ ਲਈ ਵੱਖਰੇ-ਵੱਖਰੇ ਆਦਮੀਆਂ ਤੋਂ ਹੋਣ ਨਾਲ ਅਜਿਹਾ ਨਹੀਂ ਹੋਵੇਗਾ। ਮਨੁੱਖ ਆਪਣੇ ਮਨ ਵਿਚ ਕਿੰਨੇ ਭਰਮ ਪਾਲਦਾ ਕਿ ਇਧਰ ਵਿਦੇਸ਼ ਦੀਆਂ ਦੁਨੀਆਂ ਇਥੋਂ ਕਿੰਨੀ ਚੰਗੀ ਹੈ ਤੇ ਵਿਦੇਸ਼ੀ ਲੋਕਾਂ ਦਾ ਸੋਚਣਾ ਹੈ ਕਿ ਇਧਰ ਦੀ ਦੁਨੀਆਂ ਉਸ ਤੋਂ ਕਿੰਨੀ ਚੰਗੀ ਹੈ। ਅਸਲ ਵਿਚ ਉਸ ਕਹਾਣੀ ਵਿਚ ਲੇਖਕ ਦੀ ਮਨਸ਼ਾ ਸਮਾਜ ਨੂੰ ਰਿਸ਼ਤਿਆਂ ਦੇ ਲਗਾਉ ਵਿਚ ਬੰਨ੍ਹਣ ਦੀ ਹੈ ਤੇ ਪੰਜਾਬੀ ਜੀਵਨ ਦਾ ਪਸਾਰ ਕਰਨ ਦੀ ਹੈ। ‘ਬਾਸੀ ਰੋਟੀ’ ਕਹਾਣੀ ਵਿਚਲੀ ਲੜਕੀ ਕੰਚਨ ਬਿਨਾ ਸੰਕੋਚ ਆਪਣੇ ਦੁਕਾਨ ਦੇ ਮਾਲਕ ਦੇ ਹੱਥਾਂ ਵਿਚ ਆਪਣੇ ਆਪ ਨੂੰ ਸੰਭਾਲ ਦਿੰਦੀ ਹੈ। ਪਰ ਕੁਝ ਮਹੀਨਿਆਂ ਪਿਛੋਂ ਉਹ ਬਾਸੀ ਰੋਟੀ ਵਰਗੀ ਲਗਦੀ ਹੈ। ਬਾਸੀ ਰੋਟੀ ਭੁੱਖ ਨੂੰ ਮਾਰਨ ਲਈ ਤਾਂ ਠੀਕ ਹੈ ਪਰ ਤਾਜ਼ੀ ਰੋਟੀ ਦਾ ਸੁਆਦ ਵੱਖਰਾ ਹੀ ਹੁੰਦਾ ਹੈ। ਇਵੇਂ ਇਹ ਕਹਾਣੀ ਮਨੁੱਖ ਦੀ ਮਾਨਸਿਕਤਾ ਦੇ ਕੋਝੇ ਪੱਖ ਨੂੰ ਬੜੀ ਸਾਧਾਰਣਤਾ ਨਾਲ ਪੇਸ਼ ਕਰਦੀ ਹੈ। ਮਰਦ ਪ੍ਰਧਾਨ ਸਮਾਜ ਵਿਚ ਔਰਤ ਦੀ ਬੇਵੱਸੀ ਨੂੰ ਸਬਜ਼ੀ, ਜੁੱਤੀ ਜਿਹੀਆਂ ਚੀਜ਼ਾਂ ਨਾਲ ਹੀ ਤੁਲਨਾਇਆ ਜਾਂਦਾ ਰਿਹਾ ਹੈ। ‘ਆਪਣੇ ਪਰਾਏ’ ਕਹਾਣੀ ਦੇ ਪਾਤਰ ਨੂੰ ਇਹ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਉਸ ਦੇ ਆਪਣੇ ਦੇਸ਼ ਵਾਲਿਆਂ ਨੂੰ ਉਸ ਦੇ ਆਉਣ ਦੀ ਖੁਸ਼ੀ ਨਹੀਂ। ਕੇਵਲ ਉਸ ਦੇ ਦੁਆਰਾ ਲਿਆਂਦੇ ਗਏ ਤੋਹਫਿਆਂ ਦਾ ਵਧੇਰੇ ਇੰਤਜ਼ਾਰ ਹੈ। ਪੁਲਿਸ ਕਸਟਮ ਵਾਲਿਆਂ ਤੋਂ ਲੈਕੇ ਘਰ ਦੇ ਮੈਬਰਾਂ ਤਕ ਨੂੰ ਤੋਹਫਿਆਂ ਦਾ ਇੰਤਜ਼ਾਰ ਹੈ। ਪਰ ਦੂਜੇ ਪਾਸੇ ਵਿਦੇਸ਼ੀ ਲੋਕ ਕੇਵਲ ਪਿਆਰ ਦੇ ਭੁੱਖੇ ਸਨ। ਪਿਆਰ ਦੇ ਬਦਲੇ ਉਹ ਆਪਣਾ ਸਭ ਕੁਝ ਲੁਟਾ ਦਿੰਦੇ ਸਨ।

‘ਆਫਰੇ ਲੋਕ’ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਜਸ਼ਨ’ ਵਿਚ ਪੇਸ਼ ਆਈ ਸਮੱਸਿਆ ਇਕ ਮੇਰੀ ਨਾਮ ਦੀ ਔਰਤ ਨਾਲ ਸੰਬੰਧਿਤ ਹੈ ਜਿਸ ਨੂੰ ਚਕੁੰਡਾ ਨਾਂ ਦੇ ਲੋਕਾਂ ਦਾ ਡਰ ਹੈ। ਇਹ ਲੋਕ ਏਥੇ ਦੇ ਲੋਕਾਂ ਨੂੰ ਜ਼ਬਰਦਸਤੀ ਪਕੜ ਕੇ ਆਪਣਾ ਗ਼ੁਲਾਮ ਬਣਾ ਕੇ ਅੱਗੇ ਵੇਚ ਦਿੰਦੇ ਸਨ। ਪਰ ਜਿਹੜੇ ਲੋਕ ਉਨ੍ਹਾਂ ਤੋਂ ਬਚ ਜਾਂਦੇ ਸਨ ਉਹ ਢੋਲ ਵਜਾ ਕੇ ਜਸ਼ਨ ਮਨਾਉਂਦੇ ਸਨ। ਕਹਾਣੀਕਾਰ ਨੇ ਇਸ ਕਹਾਣੀ ਵਿਚ ਪਿਛਲਝਾਤ ਦੀ ਵਿਧੀ ਨੂੰ ਅਪਣਾਇਆ ਹੈ। ਕਹਾਣੀ ਨੂੰ ਬੜੇ ਕਾਵਿਮਈ ਢੰਗ ਨਾਲ ਕਹਾਣੀਕਾਰ ਨੇ ਦਰਸਾਇਆ ਹੈ ਜਿਵੇ : “ਪਰ ਅੱਜ---ਅੱਜ ਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਜਿਵੇਂ ਧਰਤੀ ਦੇ ਪਿੰਡੇ ਉੱਤੇ ਨੂਰ ਛਿੜਕ ਰਹੀਆਂ ਹੋਣ। ਮੇਰੀ ਦੇ ਧੁਰ ਅੰਦਰੋਂ ਜਿ਼ੰਦਗੀ ਦੀ ਛਲ ਉੱਠੀ ਤੇ ਦੇਸ਼ ਦੀ ਆਜ਼ਾਦ ਹੋਈ ਮਿੱਟੀ ਉੱਤੇ ਬੁਢਾਪੇ ਵਿਚ ਵੀ ਉਸ ਦੇ ਪੈਰ ਜਵਾਨ ਕੁੜੀਆਂ ਵਾਂਗ ਥਿਰਕਣ ਲੱਗ ਪਏ...।”

‘ਤਰੱਕੀ’ ਕਹਾਣੀ ਤਰੱਕੀ ਦੇ ਨਾਂ ਉੱਤੇ ਸੱਚ ਨੂੰ ਉਜਾਗਰ ਕਰਦੀ ਹੈ। ਰਵੀ ਦਿੱਲੀ ਤੋਂ ਲੁਧਿਆਣੇ ਤੱਕ ਦਾ ਸਫ਼ਰ ਕਰਦਿਆਂ ਦੇਖਦਾ ਹੈ ਕਿ ਕਿਵੇਂ ਭਾਰਤ ਤਰੱਕੀ ਦੇ ਨਾਂ ਤੇ ਆਪਣੇ ਆਪ ਵਿਚ ਛਲਿਆ ਜਾ ਰਿਹਾ ਹੈ। ਇਸ ਤਰ੍ਹਾਂ ਇਹ ਕਹਾਣੀ ਸਿਆਸਤ ਉੱਤੇ ਵੀ ਇਕ ਕਰਾਰਾ ਵਿਅੰਗ ਹੈ। ‘ਹਾਰ ਜਿੱਤ’ ਕਹਾਣੀ ਲੇਖਕ ਦੇ ਖ਼ੁਦ ਦੇ ਹਾਕੀ ਦੇ ਖੇਡ ਅਨੁਭਵ ਵਿਚੋਂ ਉਪਜੀ ਹੈ। ਖੇਡ ਦੇ ਮੈਦਾਨ ਵਿਚ ਹੋਈ ਹੇਰਾ ਫੇਰੀ ਦਾ ਖਿਡਾਰੀਆਂ ਨੂੰ ਪੂਰਾ ਅਹਿਸਾਸ ਹੋਣਾ ਤੇ ਆਪਣੇ ਕੀਤੇ ਧੋਖੇ ਵਜੋਂ ਆਪਣੇ ਆਪ ਸ਼ਰਮਿੰਦਾ ਹੋਣਾ ਹੀ ਇਸ ਕਹਾਣੀ ਦਾ ਮੁੱਖ ਟੀਚਾ ਹੈ। ਇਹ ਅਨੁਭਵ ਲੇਖਕ ਦਾ ਨਿੱਜੀ ਜਾਪਦਾ ਹੈ।

‘ਕਾਤਲ’ ਕਹਾਣੀ ਵਿਚ ਨਾਇਕ ਪੌਲ ਤੇ ਜੈਨ ਜਦੋਂ ਦੇਖਦੇ ਹਨ ਕਿ ‘ਸੋਨੇ ਦੀ ਧਰਤੀ’ ਦੱਖਣੀ ਅਫਰੀਕਾ ਵਿਚ ਵਿਤਕਰੇ ਦੇ ਬੋਰਡਾਂ ਨੂੰ ਛੱਡ ਸਭ ਕੁਝ ਯੂਰਪ ਦੇ ਦੇਸ਼ਾਂ ਵਾਂਗ ਹੈ ਤਾਂ ਉਨ੍ਹਾਂ ਨੂੰ ਬੜੀ ਨਿਰਾਸਤਾ ਹੁੰਦੀ ਹੈ ਕਿ ਦੱਖਣੀ ਅਫਰੀਕਾ ਅਜਿਹਾ ਦੇਸ਼ ਹੈ ਜੋ ਕਾਲੇ ਲੋਕਾਂ ਦੀ ਧਰਤੀ ਹੈ ਪਰ ਇਥੇ ਸਭ ਕੁਝ ਗੋਰੇ ਲੋਕਾਂ ਦੇ ਲਈ ਹੈ। ਪੌਲ ਤੇ ਜੈਨ ਜੋ ਕੁਝ ਦੇਖਣ ਆਏ ਸਨ ਉਹ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਿਹਾ। ਇਕ ਗੋਰੇ ਦੇ ਮੁਤਾਬਕ:- “ਅਜੇ ਤਾਂ ਅਸੀਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਬਾਰੇ ਸੋਚਣਾ ਵੀ ਸ਼ੁਰੂ ਨਹੀਂ ਕੀਤਾ। ਪੂਰੀ ਦੀ ਪੂਰੀ ਤਾਕਤ ਸਾਡੇ ਹੱਥਾਂ ਵਿਚ ਹੈ। ਤੁਸੀਂ ਇਸ ਗੱਲ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਠ ਫੀ ਸਦੀ ਗੋਰੇ ਲੋਕਾਂ ਨੂੰ ਹੀ ਕੇਵਲ ਵੋਟ ਪਾਉਣ ਦਾ ਹੱਕ ਹੈ ਬਾਕੀ ਨੂੰ ਵੋਟ ਪਾਉਣ ਦਾ ਵੀ ਹੱਕ ਨਹੀਂ।” ਇਹ ਵਿਤਕਰਾ ਕੇਵਲ ਹੋਟਲਾਂ, ਕਲੱਬਾਂ ਵਿਚ ਹੀ ਨਹੀਂ ਬਲਕਿ ਇਹੋ ਵਿਤਕਰਾ ਇਕ ਮਾਸੂਮ ਬੱਚੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦਾ ਹੈ। ਇਹੋ ਸਭ ਕੁਝ ਵੇਖ ਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸੋਨੇ ਦੀ ਧਰਤੀ ਨਹੀਂ ਇਹ ਤਾਂ ਇਕ ਕਤਲਗਾਹ ਹੈ। ਨਾ ਜਾਣੇ ਆਏ ਦਿਨ ਕਿੰਨੇ ਬੰਦੇ ਮੌਤ ਦੇ ਘਾਟ ਉਤਰਦੇ ਹਨ। ਪਰ ਕਾਲੇ ਡਾਕਟਰ ਦਾ ਇਹ ਆਖਣਾ, “ਲੋਕਾਂ ਦਾ ਡੁਲ੍ਹਿਆਂ ਖੂਨ ਕਦੇ ਅਜਾਈਂ ਨਹੀਂ ਜਾਂਦਾ। ਜ਼ਰੂਰ ਰੰਗ ਲੈ ਕੇ ਆਉਂਦਾ ਹੈ। ਹੁਣ ਬਹੁਤੀ ਦੇਰ ਦੀ ਗੱਲ ਨਹੀਂ......।” ਭਾਵੇਂ ਇਹ ਲੋਕ ਸਦੀਆਂ ਤੋਂ ਦਬਾਏ ਹੋਏ ਹਨ ਪਰ ਇਨ੍ਹਾਂ ਦੇ ਸਰੀਰ ਦਾ ਖੂਨ ਜੰਮਦਾ ਨਹੀਂ ਤੇ ਨਾ ਹੀ ਇਨ੍ਹਾਂ ਦੀ ਸੋਚ ਮਰਦੀ ਹੈ। ਨੈਲਸਨ ਮੰਡੇਲਾ ਦੀ ਆਵਾਜ਼ ਆਮ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਜ਼ਰੂਰ ਉਭਰੇਗੀ। ਇੰਝ ਅਸੀਂ ਵੇਖਦੇ ਹਾਂ ਕਿ ਅਜਿਹਾ ਵਿਤਕਰਾ ਸਾਡੇ ਹੀ ਦੇਸ਼ ਵਿਚ ਨਹੀਂ ਬਲਕਿ ਬਾਹਰਲੇ ਦੇਸ਼ਾਂ ਵਿਚ ਵੀ ਅਨੇਕਾਂ ਮਾਸੂਮਾਂ ਦੀ ਜਾਨ ਲੈਂਦਾ ਹੈ। ਪਰ ਜਦੋਂ ਚੇਤਨਤਾ ਜਾਗਦੀ ਹੈ ਤਾਂ ਕ੍ਰਾਂਤੀ ਜਰੂਰ ਆਉਂਦੀ ਹੈ।

‘ਭੁੱਖ’ ਕਹਾਣੀ ਦਾ ਨਾਇਕ ਸ਼ਾਮ ਲਾਲ ਆਪਣੀ ਅੰਦਰੂਨੀ ਕਮਜ਼ੋਰੀ ਦੇ ਕਾਰਨ ਆਪਣੀ ਪਤਨੀ ਕਮਲੇਸ਼ ਨੂੰ ਖੁਸ਼ ਨਹੀਂ ਕਰ ਪਾਉਂਦਾ ਜਿਸ ਕਾਰਨ ਉਹ ਆਪਣੀ ਤੁਲਨਾ ਇਕ ਸੜੇ ਹੋਏ ਕੇਲੇ ਦੇ ਨਾਲ ਕਰਦਾ ਹੈ। ਇਸੇ ਸਰੀਰਕ ਕਮਜ਼ੋਰੀ ਕਾਰਨ ਇਸ ਕਹਾਣੀ ਦਾ ਦੁਖਾਂਤ ਉਭਰਦਾ ਹੈ। ‘ਰਿਸ਼ਤੇ’ ਕਹਾਣੀ ਇਕ ਅਜਿਹੀ ਕਹਾਣੀ ਹੈ ਜਿਸ ਵਿਚ ਲੋਕ ਮਜ੍ਹਬ ਦੀ ਛੁਰੀ ਨਾਲ ਧਰਮ ਦੇ ਭੈਣ ਭਰਾ ਦੇ ਰਿਸ਼ਤੇ ਨੂੰ ਤੋੜਨ ਦਾ ਯਤਨ ਕਰਦੇ ਹਨ ਪਰ ਕਹਾਣੀ ਵਿਚਲੀ ਨਾਇਕਾ ਗੁਲਬਦਨ ਆਪਣੇ ਧਰਮ ਦੇ ਭਰਾ ਗੁਰਚਰਨ ਨਾਲ ਰਿਸ਼ਤਾ ਤੋੜ ਕੇ ਭੈਣ ਭਾਈ ਦੇ ਰਿਸ਼ਤੇ ਨੂੰ ਧਰਤੀ ਤੇ ਮਰਨ ਨਹੀਂ ਦਿੰਦੀ। ‘ਦਲਦਲ’ ਕਹਾਣੀ ਵਿਚ ਬਿਰਤਾਂਤਕਾਰ ਦੱਸਦਾ ਹੈ ਕਿ ਰਾਜਧਾਨੀ ਵਿਚ ਹਰ ਬੰਦੇ ਨੂੰ ਆਪੋ ਆਪਣੀ ਪਈ ਹੋਈ ਹੈ। ਇਥੇ ਬੰਦੇ ਬਹੁਤੇ ਤੇ ਰੋਜ਼ਗਾਰ ਦੇ ਮੌਕੇ ਘੱਟ ਹਨ। ਰੋਜ਼ਗਾਰ ਦੀ ਘਾਟ ਕਾਰਨ ਬੰਦਾ ਸਹਿਜੇ ਹੀ ਭੀਖ ਮੰਗਣ ਦੀ ਦਲਦਲ ਵਿਚ ਫਸਦਾ ਚਲਾ ਜਾਂਦਾ ਹੈ। ‘ਨਵੀਂ ਗੱਲ’ ਕਹਾਣੀ ਦਾ ਵਿਸ਼ਾ ਭਾਵੇਂ ਨਵਾਂ ਨਹੀਂ ਹੈ ਪਰ ਫਿਰ ਵੀ ਇਸ ਕਹਾਣੀ ਵਿਚ ਨੌਕਰਾਣੀ ਨਾਰੀਵਾਦੀ ਸੁਰ ਦੀ ਧਾਰਨੀ ਹੈ। ਉਸ ਦੇ ਸ਼ਬਦਾਂ ਅਨੁਸਾਰ : “ਜੇ ਮੈਂ ਵਿਆਹ ਕਰਵਾ ਲੈਂਦੀ ਤਾਂ ਕੇਵਲ ਇਕ ਆਦਮੀ ਦੀ ਜਾਤੀ ਦੀ ਮਲਕੀਅਤ ਬਣ ਕੇ ਰਹਿ ਜਾਂਦੀ। ਉਸ ਦੀ ‘ਹਾਂ’ ਵਿਚ ‘ਹਾਂ’ ਤੇ ਉਸ ਦੀ ‘ਨਾਂਹ’ ਵਿਚ ‘ਨਾਂਹ’ ਮਿਲਾਉਣੀ ਪੈਂਦੀ ਜਦੋਂ ਉਸ ਆਦਮੀ ਦਾ ਦਿਲ ਕਰਦਾ ਤਾਂ ਉਹ ਸਾਬਣ ਦੀ ਚਾਕੀ ਵਾਂਗ ਮੈਨੂੰ ਵਰਤ ਲੈਂਦਾ। ਮੈਂ ਸਾਬਣ ਦੀ ਚਾਕੀ ਨਹੀਂ ਬਣਨਾ ਚਾਹੁੰਦੀ ਮੈਂ ਆਜ਼ਾਦ ਜਿ਼ੰਦਗੀ ਦੇ ਹੱਕ ਵਿਚ ਹਾਂ। ਪਤੀ ਇਕ ਜਿਲ੍ਹਣ ਹੈ। ਜਿਲ੍ਹਣ ‘ਚ ਫਸ ਕੇ ਮੁੜ ਨਿਕਲਣਾ ਬੜਾ ਮੁਸ਼ਕਿਲ ਹੈ। ਬਲਕਿ ਉਸ ਦੇ ਉਲਟ ਆਦਮੀ ਇਕ ਸ਼ੂਕਦਾ ਸਮੁੰਦਰ ਹੈ। ਜਦੋਂ ਮਰਜ਼ੀ ਗੋਤਾ ਮਾਰਕੇ ਬਾਹਰ ਆ ਜਾਉ। ਕੇਵਲ ਇਕ ਪਤੀ ਖੜ੍ਹੇ ਪਾਣੀ ਵਾਂਗ ਬੋਅ ਮਾਰਨ ਲੱਗਦੈ। ਆਦਮੀ ਸੁੰਦਰ ਪੁਸ਼ਾਕ ਵਾਂਗ ਜਦੋਂ ਮਰਜ਼ੀ ਬਦਲ ਲਵੋ। ਮੈਨੂੰ ਬੱਚਿਆਂ ਦਾ ਸ਼ੌਕ ਸੀ ਉਹ ਮੇਰੇ ਕੋਲ ਹਨ।” ਇਹ ਗੱਲ ਭਾਵੇਂ ਡਾਕਟਰ ਵਰਮਾ ਤੇ ਕੁਸਮ ਲਈ ਅਸਲੋਂ ਨਵੀੰ ਸੀ ਪਰ ਹੋਰਾਂ ਲਈ ਕੋਈ ਨਵੀਂ ਨਹੀਂ ਸੀ। ਇਥੋਂ ਇਹ ਗੱਲ ਸਾਫਂ ਜ਼ਾਹਰ ਹੈ ਕਿ ਡਾਕਟਰ ਵਰਮਾ ਤੇ ਉਸ ਦੀ ਪਤਨੀ ਕੁਸਮ ਭਾਰਤ ਤੋਂ ਨਵੇਂ ਨਵੇਂ ਜ਼ਾਂਬੀਆ ਗਏ ਸਨ। ਇਸ ਲਈ ਉਨ੍ਹਾਂ ਲਈ ਤਾਂ ਨਵੀਂ ਹੀ ਸੀ । ਪਰ ਅੱਜ ਤਾਂ ਜ਼ਾਂਬੀਆ ਹੀ ਨਹੀਂ ਇੰਡੀਅਨ ਔਰਤਾਂ ਦੀ ਵੀ ਅਜਿਹੀ ਸੋਚ ਹੁੰਦੀ ਜਾਂ ਰਹੀ ਹੈ ਜੋ ਭਵਿੱਖ ਲਈ ਇਕ ਖਤਰਾ ਪੈਦਾ ਕਰ ਸਕਦੀ ਹੈ।

‘ਆਫਰੇ ਲੋਕ’ ਕਹਾਣੀ ਪਾਤਰ ਲਾਲ ਸਿੰਘ ਗ੍ਰੰਥੀ ਰਾਹੀਂ ਨੈਰੋਬੀ ਵਿਚ ਧਰਮ ਨਾਲ਼ ਸੰਬੰਧਿਤ ਲੋਕਾਂ ਦੀ ਧਰਮ ਪ੍ਰਤੀ ਆਸਥਾ ਪਿੱਛੇ ਕੰਮ ਕਰਕੇ ਵਿਖਾਵੇ ਨੂੰ ਪੇਸ਼ ਕਰਦੀ ਹੈ। ਇਵੇਂ ਇਹ ਕਹਾਣੀ ਸਮਾਜ ਵਿਚ ਧਰਮ ਵਿਚ ਆ ਚੁੱਕੀ ਗਿਰਾਵਟ ਨੂੰ ਪੇਸ਼ ਕਰਦੀ ਹੈ। ਅਸਲ ਵਿਚ ਰੱਜਿਆ ਮਨੁੱਖ ਉਹ ਹੁੰਦਾ ਹੈ ਜਿਸ ਵਿਚ ਸਬਰ ਸੰਤੋਖ ਤੇ ਨਿਮਰਤਾ ਭਰੀ ਹੋਵੇ ਪਰ ਜਿਨ੍ਹਾਂ ਦੇ ਮਨ ਵਿਚ ਸਾਂਤੀ ਨਹੀਂ, ਸਬਰ ਸੰਤੋਖ ਨਹੀਂ ਉਹ ਆਫਰੇ ਤੇ ਪਾਖੰਡੀ ਹੁੰਦੇ ਹਨ। ਇਹੋ ਇਸ ਕਹਾਣੀ ਦਾ ਮੂਲ ਸਾਰ ਹੈ। ‘ਬਰਬਾਦੀ’ ਕਹਾਣੀ ਵਿਚਲੀ ਨਾਇਕਾ ਜਿਸ ਦਾ ਨਾਂ ਕਿਸੇ ਨੂੰ ਨਹੀਂ ਪਤਾ ਬਿਮਲਾ ਹੈ ਜਾਂ ਕਮਲਾ। ਬਿਰਤਾਂਤਕਾਰ ਇਸ ਕਹਾਣੀ ਵਿਚ ਉਸ ਔਰਤ ਦੇ ਸੁਪਨਿਆਂ ਦੇ ਟੁੱਟਣ ਨਾਲ ਉਭਰੀ ਮਾਨਸਿਕ ਪੀੜਾਂ ਨੂੰ ਬਿਆਨ ਕਰਦਾ ਹੈ। ‘ਥੇਹ’ ਕਹਾਣੀ ਦਾਦੀ ਦੁਆਰਾ ਪੋਤੇ ਨੂੰ ਸੁਣਾਈ ਕਿਸੇ ਪਿੰਡ ਦੀ ਕਹਾਣੀ ਹੈ। ਪਿੰਡ ਸਮੇਂ ਦੇ ਗੇੜ ਅੰਦਰ ਥੇਹ ਵਿਚ ਬਦਲ ਗਿਆ। ਪਿੰਡ ਦੇ ਪੁਰਾਣੇ ਬਜ਼ੁਰਗ ਤੁਲਸੀ ਨੇ ਸਭ ਨੂੰ ਸਮਝਾਉਣ ਦੀ ਬੜੀ ਵਾਹ ਲਾਈ ਪਰ ਕੁਰਾਹੇ ਪਏ ਲੋਕ ਤੁਲਸੀ ਦੀ ਇਕ ਨਾ ਸੁਣਦੇ ਬਲਕਿ ਉਸ ਨੂੰ ਸਠਿਆ ਗਿਆ ਦੱਸਦੇ। ਇਸ ਗੱਲ ਦਾ ਉਸ ਨੂੰ ਇੰਨਾ ਧੱਕਾ ਲੱਗਾ ਕਿ ਉਸ ਨੇ ਆਤਮ ਹੱਤਿਆ ਕਰ ਲਈ। ਉਸ ਦੀ ਲਾਸ਼ ਦਾ ਵੀ ਕਿਸੇ ਨੇ ਕਿਰਿਆ ਕਰਮ ਨਾ ਕੀਤਾ ਬਲਕਿ ਚੁੱਕ ਕੇ ਪਿੰਡ ਤੋਂ ਬਾਹਰ ਦੂਰ ਝਾੜਾਂ ਵਿਚ ਸੁੱਟ ਦਿੱਤੀ ਗਈ। ਫਿਰ ਕੁਦਰਤ ਦੀ ਐਸੀ ਕਰੋਪੀ ਆਈ ਕੀ ਭੂਚਾਲ ਨਾਲ ਸਾਰਾ ਪਿੰਡ ਤਹਿਸ ਨਹਿਸ ਹੋ ਗਿਆ। ਟਿੱਬੇ ਤੋਂ ਸ਼ੁਰੂ ਹੋਈ ਇਹ ਕਹਾਣੀ ਟਿੱਬੇ ਤੇ ਹੀ ਖ਼ਤਮ ਹੁੰਦੀ ਹੈ। ਇਹ ਟਿੱਬਾ ਨਹੀਂ ਬਲਕਿ ਥੇਹ ਹੈ ਉਸ ਗਰਕੇ ਹੋਏ ਪਿੰਡ ਦੀ ਆਖਰੀ ਨਿਸ਼ਾਨੀ।

ਚੌਥੇ ਕਹਾਣੀ ਸੰਗ੍ਰੁਹਿ ਚਾਨਣ ਦੇ ਵਣਜਾਰੇ ਦੀ ਪਹਿਲੀ ਕਹਾਣੀ ‘ਉੱਲੂ ਦਾ ਪੱਠਾ’ ਦਾ ਪਾਤਰ ਪੀਟਰ ਪੁਰਾਣੇ ਪੰਜਾਬ ਦੇ ਮਾਹੌਲ ਵਿਚ ਗੁਜ਼ਾਰੇ ਦਿਨਾਂ ਨੂੰ ਯਾਦ ਕਰਦਾ ਹੈ ਤੇ ਮੁੜ ਅਜਿਹਾ ਮਾਹੌਲ ਸਿਰਜਣ ਦੀ ਇੱਛਾ ਰੱਖਦਾ ਹੈ। ‘ਅੰਦਰ ਦੇ ਜ਼ਖਮ’ ਕਹਾਣੀ ਵਿਚ ਕਹਾਣੀਕਾਰ ਕੈਨੇਡਾ ਦੀ ਧਰਤੀ ਵੱਸੇ ਆਵਾਸੀ ਨੂੰ ਤੇ ਕੈਨੇਡਾ ਵਾਸੀਆਂ ਨੂੰ ਪਿਆਰ ਨਾਲ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੰਦਾ ਹੈ। ਕਹਾਣੀ ਵਿਚ ਫੈਸਲੇ ਦੀਆਂ ਇਹ ਸਤਰਾਂ ਉਸ ਦੇ ਇਸੇ ਮਨਸੇ਼ ਨੂੰ ਪੇਸ਼ ਕਰਦੀਆਂ ਹਨ : “ਮੁਲਕ ਸਾਡੇ ਸਾਰਿਆਂ ਦਾ ਸਾਂਝਾ ਹੈ, ਕਿਸੇ ਇਕ ਨਸਲ ਦੀ ਮਲਕੀਅਤ ਨਹੀਂ। ਸਾਨੂੰ ਸਾਰਿਆਂ ਨੂੰ ਪਿਆਰ ਨਾਲ ਮਿਲ ਜੁਲ਼ ਕੇ ਰਹਿਣਾ ਚਾਹੀਦਾ ਹੈ। ਇਸ ਮੁਲਕ ਵਿਚ ਜਦੋਂ ਆਵਾਸੀ ਆ ਕੇ ਇਸ ਮੁਲਕ ਦੇ ਸ਼ਹਿਰੀ ਬਣ ਜਾਂਦੇ ਹਨ ਤਾਂ ਉਹ ਆਵਾਸੀ ਨਹੀਂ ਰਹਿੰਦੇ। ਕੈਨੇਡੀਅਨ ਬਣ ਜਾਂਦੇ ਹਨ। ਕੈਨੇਡਾ ਨੇ ਜੋ ਵੀ ਤਰੱਕੀ ਕੀਤੀ ਹੈ, ਉਸ ਵਿਚ ਆਵਾਸੀਆਂ ਦੇ ਵੱਡਮੁੱਲੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹ ਇਸ ਦੇਸ਼ ਦਾ ਅਨਿੱਖੜਵਾਂ ਅੰਗ ਹਨ। ਉਂਜ ਕੈਨੇਡਾ ਨੂੰ ਸ਼ਹਿਰੀਆਂ ਦੀ ਨਹੀਂ ਬਲਕਿ ਵਫ਼ਾਦਾਰ ਸ਼ਹਿਰੀਆਂ ਦੀ ਸਖ਼ਤ ਲੋੜ ਹੈ।”

‘ਹਨੇਰੇ ਚ’ ਕਹਾਣੀ ਕੈਨੇਡਾ ਜਿਹੇ ਆਜ਼ਾਦ ਮੁਲਕ ਵਿਚ ਆ ਕੇ ਵਸੇ ਪੰਜਾਬੀ ਪਰਿਵਾਰ ਦੇ ਟੁੱਟਦੇ ਰਿਸ਼ਤਿਆਂ ਦੀ ਦਾਸਤਾਂ ਹੈ। ਕਹਾਣੀ ਦਾ ਪਾਤਰ ਸਿ਼ੰਦੇ ਭਾਰਤੀ ਮਾਨਸਿਕਤਾ ਦਾ ਧਾਰਨੀ ਹੈ। ਉਹ ਆਪਣੇ ਪੁੱਤਰ ਦਾ ਵਿਆਹ ਪੰਜਾਬ ਵਿਚ ਵਸਦੇ ਆਪਣੇ ਇਕ ਦੋਸਤ ਦੀ ਲੜਕੀ ਨਾਲ ਵੀਹ ਲੱਖ ਦੇ ਸੌਦੇ ਨਾਲ ਤੈਅ ਕਰਦਾ ਹੈ। ਪਰ ਉਸ ਦਾ ਪੁੱਤਰ ਕੈਨੇਡਾ ਦੀ ਲੜਕੀ ਮਨਪ੍ਰੀਤ ਨਾਲ਼ ਵਿਆਹ ਕਰਨ ਦੀ ਇੱਛਾ ਰੱਖਦਾ ਹੈ ਜੋ ਸਿੰ਼ਦੇ ਨੂੰ ਮਨਜ਼ੂਰ ਨਹੀਂ। ਉਹ ਖ਼ੁਦ ਗੋਰੀ ਔਰਤ ਨਾਲ ਸੰਬੰਧ ਸਥਾਪਿਤ ਕਰ ਲੈਂਦਾ ਹੈ ਪਰ ਜਦੋਂ ਉਸ ਦਾ ਸਰੀਰ ਸੁੱਕ ਕੇ ਤੀਲ੍ਹਾ ਹੋ ਜਾਂਦਾ ਹੈ ਤੇ ਸਰੀਰ ‘ਚ ਸੱਤਿਆ ਮੁੱਕ ਜਾਂਦੀ ਹੈ ਅਤੇ ਕਮਜ਼ੋਰੀ ਕਾਰਨ ਉਸ ਦੀ ਕਮਾਈ ਵੀ ਘੱਟ ਜਾਂਦੀ ਹੈ ਤਾਂ ਇਹ ਗੋਰੀ ਔਰਤ ਉਸ ਤੋਂ ਅੱਖਾਂ ਫੇਰ ਲੈਂਦੀ ਹੈ। ਇੰਜ ਕਹਾਣੀਕਾਰ ਇਸ ਕਹਾਣੀ ਵਿਚ ਵਿਦੇਸ਼ੀ ਧਰਤੀ ਉੱਤੇ ਆ ਕੇ ਆਯਾਸ਼ੀ ਕਾਰਨ ਟੁੱਟਦੇ ਰਿਸ਼ਤਿਆਂ ਨੂੰ ਪੇਸ਼ ਕਰਦਾ ਹੈ। ਇਸ ਦੇ ਦੂਜੇ ਪਾਸੇ ਕਹਾਣੀ ‘ਧੂੰਆਂ’ ਵੀ ਵਿਦੇਸ਼ ਦੀ ਧਰਤੀ ੳੁੱਤੇ ਪਹੁੰਚੇ ਪੰਜਾਬੀ ਪਰਿਵਾਰ ਦੀ ਕਹਾਣੀ ਹੈ ਜਿਸ ਨੂੰ ਟੁੱਟਣ ਤੋਂ ਬਚਾਉਣ ਲਈ ਕਰਮ ਸਿੰਘ ਜਿਹਾ ਬਜ਼ੁਰਗ ਆਦਮੀ ਸਹਾਇਤਾ ਕਰਦਾ ਹੈ। ਕਰਮ ਸਿੰਘ ਬੱਲੀ ਨੂੰ ਸਮਝਾਉਂਦਾ ਹੈ : “ਦੇਖ ਪੁੱਤਰਾ, ਇਹ ਕੈਨੇਡਾ, ਇੰਡੀਆਂ ਨਹੀਂ। ਏਥੇ ਕੋਈ ਵੀ ਕਰਤੂਤ ਕਰਦੇ ਹੋ ਤਾਂ ਉਹ ਤੁਹਾਡੇ ਰਿਕਾਰਡ ਵਿਚ ਉਮਰ ਭਰ ਲਈ ਚਿਪਕ ਕੇ ਰਹਿ ਜਾਂਦੀ ਹੈ। ਇੰਡੀਆ ਵਿਚ ਤੁਸੀਂ ਪੁਲਸ ਨੂੰ ਪੈਸੇ ਦੇ ਰਫ਼ਾ ਦਫ਼ਾ ਕਰਵਾ ਸਕਦੇ ਹੋ ਪਰ ਏਥੇ ਨਹੀਂ।” ਮਨੁੱਖ ਗਲਤੀਆਂ ਦਾ ਪੁਤਲਾ ਹੈ ਪਰ ਅਗਰ ਉਹ ਗਲਤੀ ਕਰਕੇ ਸੁਧਾਰ ਲਈ ਜਾਵੇ ਤਾਂ ਮਾੜਾ ਨਹੀਂ। ਦੂਜੇ ਮਨੁੱਖ ਗਲਤੀਆਂ ਕਰ ਕੇ ਕੁਝ ਸਿੱਖਦਾ ਹੀ ਹੈ, ਜੇ ਨਹੀਂ ਸਿੱਖਦਾ ਤਾਂ ਮਨੁੱਖ ਬੰਦਾ ਨਹੀਂ ਡੰਗਰ ਹੈ। ਇਹੋ ਇਸ ਕਹਾਣੀ ਦਾ ਸਾਰ ਹੈ। ਜੋ ਇਕ ਪਰਿਵਾਰ ਨੂੰ ਤਿੜਕਣ ਤੋਂ ਬਚਾ ਦਿੰਦਾ ਹੈ।

‘ਚਾਨਣ ਦੇ ਵਣਜਾਰੇ’ ਕਹਾਣੀ ਵਿਚ ਕਿਰਤੀ ਲੇਖਕ ਸਰਮਾਏਦਾਰ ਦੀ ਨਿੱਜੀ ਲੁੱਟ ਦਾ ਸਿ਼ਕਾਰ ਬਣਦਾ ਹੈ। ਇਸ ਕਹਾਣੀ ਵਿਚ ਪੰਜਾਬੀ ਮਾਂ ਬੋਲੀ ਵਿਚ ਲਿਖ ਰਹੇ ਲੇਖਕ ਦੀ ਦਸ਼ਾ ਵੀ ਬਿਆਨ ਕੀਤੀ ਗਈ ਹੈ। ਕਹਾਣੀ ਦਾ ਪਾਤਰ ਲੇਖਕ ਜਸਵੰਤ ਆਪਣੇ ਪ੍ਰਤੀ ਇਮਨਦਾਰ ਹੈ। ਉਸ ਦਾ ਮੰਨਣਾ ਹੈ ਕਿ ਅਖੀਰ ਮੁੱਲ ਤਾਂ ਰਚਨਾ ਦਾ ਪੈਂਦਾ ਹੈ ਡਿਗਰੀਆਂ ਦਾ ਨਹੀਂ। ਪਾਤਰ ਨੂੰ ਸਾਹਿਤਕ ਸਮਾਗਮ ਵਲੋਂ ਮਿਲੀ ਪਲੇਕ ਪਸੰਦ ਨਹੀਂ। ਉਹ ਗੱਡੀ ਦੀ ਖਿੜਕੀ ਤੋਂ ਬਾਹਰ ਵਗਾਹ ਸੁੱਟਦਾ ਹੈ। ਇਹ ਕਹਾਣੀ ਨਵੀਂ ਕਹਾਣੀ ਨਾਲ ਮੇਲ ਖਾਂਦੀ ਹੈ। ਇਸ ਕਹਾਣੀ ਨੂੰ ਪੜ੍ਹ ਕੇ ਲੱਗਦਾ ਹੈ ਕਿ ਸਦੀਆਂ ਤੋਂ ਹੀ ਪੰਜਾਬੀ ਲੇਖਕਾਂ ਦੀ ਇਹੋ ਦਸ਼ਾ ਹੋਈ ਹੈ ਜਿਸ ਕਾਰਨ ਅੱਜ ਸਾਡੇ ਸਮਾਜ ਵਿਚ ਕੋਈ ਸਾਡੀ ਪੰਜਾਬੀ ਬੋਲੀ ਦੀ ਇਹ ਦਸ਼ਾ ਹੈ। ਅੱਜ ਸਰਕਾਰ ਵੀ ਕੇਵਲ ਸਾਹਿਤਕ ਸਮਾਰੋਹ ਕਰਕੇ ਇਨਾਮ ਵੰਡ ਕੇ ਸੋਚ ਰਹੀ ਹੈ ਕਿ ਉਹ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਸੇਵਾ ਵਿਚ ਲੱਗੀ ਹੋਈ ਹੈ ਜਦ ਕਿ ਕੇਵਲ ਉਹ ਵੀ ਇਸ ਤਰ੍ਹਾਂ ਕਰਕੇ ਆਪਣੀਆਂ ਰੋਟੀਆਂ ਹੀ ਸੇਕ ਰਹੀ ਹਨ। ‘ਗੁੰਝਲ’ ਕਹਾਣੀ ਵਿਚ ਤਿੰਨ ਦੋਸਤਾਂ ਬਿਕਰ ਸਿੰਘ, ਮੱਘਰ ਸਿੰਘ ਅਤੇ ਮੇਵਾ ਸਿੰਘ ਦੇ ਦੁਆਰਾ ਰੱਬ ਨੂੰ ਸਮਝਣ ਦੀ ਕੋਸਿ਼ਸ ਕੀਤੀ ਗਈ ਹੈ। ਅੱਜ ਹਰ ਧਰਮ ਰੱਬ ਦੇ ਨਾਂ ਤੇ ਆਪਣੀ ਆਪਣੀ ਤੂਤੀ ਵਜਾ ਰਿਹਾ ਹੈ, ਪਰ ਅਸਲ ਵਿਚ ਲੋਕਾਂ ਦਾ ਅਸਲੀ ਧਰਮ ਤੇ ਰੱਬ ਪੇੈਸਾ ਹੈ। ਇਸ ਕਹਾਣੀ ਵਿਚ ਭੇਸ ਧਾਰਨ ਕਰਕੇ ਬਣੇ ਬਾਬਿਆਂ ਤੇ ਵੀ ਵਿਅੰਗ ਕੱਸਿਆ ਗਿਆ ਹੈ। ਮੇਵਾ ਸਿੰਘ ਭਾਵੇਂ ਕਾਮਰੇਡ ਹੈ ਪਰ ਉਹ ਨਾਨਕਵਾਦੀ ਹੈ ਇਸ ਲਈ ਉਹ ਖੋਜੀ ਕਾਫ਼ਰ ਹੈ। ਉਸ ਦਾ ਮੰਨਣਾ ਹੈ ਕਿ ਕੰਮ ਹੀ ਪੂਜਾ ਹੈ। ਗੋਰਿਆਂ ਦੀਆਂ ਫੈਕਟਰੀਆਂ ਵਿਚ ਕੰਮ ਕਰਕੇ ਹੀ ਮਿਹਨਤਾਨਾ ਮਿਲਦੈ। ਇਸੇ ਲਈ ਫੈਕਟਰੀ ਹੀ ਉਸ ਲਈ ਰੱਬ ਦਾ ਘਰ ਹੈ।
‘ਲਾਲਾਂ ਦੀ ਜੋੜੀ’ ਕਹਾਣੀ ਕੈਨੇਡਾ ਵਿਚ ਪ੍ਰਵਾਸ ਤੋਂ ਬਾਦ ਦੇ ਦੁਖਾਂਤ ਨੂੰ ਸਿਰਜਦੀ ਕਹਾਣੀ ਹੈ। ਇਸ ਆਜ਼ਾਦ ਮੁਲਕ ਵਿਚ ਆਕੇ ਰੇਸ਼ਮ ਸਿੰਘ ਦੇ ਦੋਵੇ ਪੁੱਤਰ ਡਰਗਜ਼ ਦੇ ਧੰਦੇ ਵਿਚ ਫਸ ਜਾਂਦੇ ਹਨ ਅਤੇ ਰੇਸ਼ਮ ਸਿੰਘ ਦੁਆਰਾ ਪੰਜਾਬ ਵਿਚ ਕੀਤੀ ਹਰਾਮ ਦੀ ਕਮਾਈ ਭੰਗ ਦੇ ਭਾਣੇ ਰੁੜ੍ਹ ਜਾਂਦੀ ਹੈ। ਰੇਸ਼ਮ ਸਿੰਘ ਹੁਣ ਸੋਚਦਾ ਹੈ ਕਿ ਜੇ ਪਹਿਲੇ ਹੀ ਦਿਨ ਦੋਹਾਂ ਨੂੰ ਕਸਕੇ ਰੱਖਿਆ ਹੁੰਦਾ ਤਾਂ ਇਹ ਦਿਨ ਤਾਂ ਨਾ ਦੇਖਣਾ ਪੈਂਦਾ। ‘ਅਹਿਸਾਸ’ ਕਹਾਣੀ ਦਾ ਪਾਤਰ ਸੁਰਜੀਤ ਕੈਨੇਡਾ ਦੀ ਰਾਜਧਾਨੀ ਔਟਵਾ ਵਿਚ ਰਹਿ ਰਿਹਾ ਹੈ। ਜਦੋਂ ਇਹ ਪਾਤਰ ਕਾਨਫਰੰਸ ਵਿਚ ਭਾਗ ਲੈਣ ਆਏ ਨਗੇਸ਼ ਨੂੰ ਆਪਣੇ ਘਰ ਖਾਣੇ ਦਾ ਸੱਦਾ ਦਿੰਦਾ ਹੈ ਤਾਂ ਉਹ ਇਨਕਾਰ ਕਰ ਦਿੰਦਾ ਹੈ, ਪਰ ਜਦੋਂ ਉਹ ਸਾਊਥ ਇੰਡੀਅਨ ਪਰਿਵਾਰ ਦੇ ਘਰ ਖਾਣੇ ਤੇ ਜਾਂਦਾ ਹੈ ਤਾਂ ਸੁਰਜੀਤ ਨੂੰ ਬੜਾ ਦੁੱਖ ਹੁੰਦਾ ਹੈ। ਪਰ ਜਦੋਂ ਮਿਲਣ ਤੇ ਨਗੇਸ਼ ਦੱਸਦਾ ਹੈ ਕਿ ਉਸ ਦੀ ਸਰਦਾਰਾਂ ਬਾਰੇ ਬਣੀ ਰਾਏ ਨਕਾਰਾਤਮਕ ਹੈ ਤਾਂ ਉਸ ਨੂੰ ਦੁੱਖ ਹੁੰਦਾ ਹੈ। ਉਹ ਉਸ ਨੂੰ ਗੁਰਬਾਣੀ ਦੀ ‘ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ।’ ਦਾ ਸੰਦੇਸ਼ ਦਿੰਦਾ ਹੈ ਤਾਂ ਉਹ ਉਸ ਨੂੰ ਭਾਰਤ ਦਾ ਸਫ਼ੀਰ ਮੰਨਦਾ ਹੈ। ਬਿਨਾ ਸੋਚੇ ਕਿਸੇ ਬਾਰੇ ਆਪਣੀ ਰਾਏ ਨਹੀਂ ਬਣਾਉਣੀ ਚਾਹੀਦੀ ਇਹੋ ਇਸ ਕਹਾਣੀ ਦਾ ਮੂਲ ਮੁੱਦਾ ਹੈ।

‘ਮੇਰੇ ਆਪਣੇ’ ਕਹਾਣੀ ਵਿਚ ਨਾਇਕਾ ਸੁਰਜੀਤ ਜਦੋਂ ਭਾਰਤ ਆਏ ਮੁੰਡੇ ਮਾਈਕ ਨਾਲ ਵਿਆਹ ਕਰ ਲੈਂਦੀ ਤੇ ਕੈਨੇਡਾ ਉਸ ਨਾਲ ਵਾਪਸ ਆਉਂਦੀ ਹੈ ਤਾਂ ਉਸ ਨੂੰ ਇਉਂ ਲੱਗਦਾ ਹੈ ਕਿ ਜਿਵੇਂ ਕੈਨੇਡਾ ਸੱਚਮੁੱਚ ਸਾਰਿਆਂ ਦਾ ਸਾਂਝਾ ਦੇਸ਼ ਹੋਵੇ। ਰੰਗਾਂ ਦਾ ਭੇਦ ਭਾਵ ਮਿਟ ਗਿਆ ਹੋਵੇ। ਮਾਈਕ ਦੇ ਸਾਰੇ ਘਰ ਦੇ ਉਸ ਨੂੰ ਅਥਾਹ ਪਿਆਰ ਦਿੰਦੇ ਹਨ। ਮਾਈਕ ਸੁਰਜੀਤ ਨੂੰ ਸਪੱਸ਼ਟ ਦੱਸਦਾ ਹੈ ਕਿ ਉਹ ਨਹੀਂ ਚਾਹੁੰਦਾ ਬਈ ਔਰਤਾਂ ਪੈਸੇ ਲਈ ਆਦਮੀਆਂ ਤੇ ਨਿਰਭਰ ਹੋਣ। ਉਨ੍ਹਾਂ ਦਾ ਆਪਣਾ ਭਵਿੱਖ ਉਜਲਾ ਤੇ ਸੁਰੱਖਿਅਤ ਹੋਣਾ ਚਾਹੀਦਾ ਹੈ। ਪਤੀ ਪਤਨੀ ਦਾ ਰਿਸ਼ਤਾ ਇਕ ਅਜਿਹਾ ਰਿਸ਼ਤਾ ਹੈ ਜਿੱਥੇ ਇਕ ਦੂਜੇ ਪ੍ਰਤੀ ਵਚਨਬੱਧਤਾ ਬਹੁਤ ਲਾਜ਼ਮੀ ਹੈ। ਦੋਵਾਂ ਨੂੰ ਬਰਾਬਰ ਦੇ ਹੱਕ ਹਾਸਲ ਹਨ। ਸੁਰਜੀਤ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਅਜਿਹਾ ਪਤੀ ਮਿਲੇਗਾ। ਉਸ ਦਾ ਆਪਣਾ ਪਿਉ ਤਾਂ ਸ਼ਰਾਬ ਪੀ ਕੇ ਉਸਦੀ ਮਾਂ ਨੂੰ ਬਹੁਤ ਕੁੱਟਦਾ ਹੁੰਦਾ ਸੀ। ਪਰ ਸੁਰਜੀਤ ਦੇ ਮਾਪੇ ਕੈਨੇਡਾ ਦੀ ਧਰਤੀ ਤੇ ਆਉਂਦੇ ਹੀ ਉਸ ਨੂੰ ਮਾਈਕ ਤੋਂ ਤਲਾਕ ਦੀ ਪੱਟੀ ਪੜ੍ਹਾਉਣ ਲੱਗੇ ਪਰ ਸੁਰਜੀਤ ਤੇ ਇਹ ਗੱਲ ਸੁਣ ਕੇ ਜਿਵੇਂ ਚੰਡੀ ਸਵਾਰ ਹੋ ਗਈ। ਉਹ ਆਪਣੇ ਮਾਪਿਆਂ ਨੂੰ ਆਖਦੀ ਹੈ ਕਿ ਤੁਸੀਂ ਮੇਰੇ ਆਪਣੇ ਨਹੀਂ,ਮੇਰੇ ਦੁਸ਼ਮਣ ਹੋ। ਤੁਸੀਂ ਮੇਰੇ ਆਪਣੇ ਹੋਣ ਦਾ ਕੇਵਲ ਭਰਮ ਪਾਲ ਰਹੇ ਹੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਆਪਣੀ ਹੀ ਵਸਦੀ ਰਸਦੀ ਧੀ ਦਾ ਘਰ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਹੋਇਆ। ਜਿੰਨੀ ਜਲਦੀ ਹੋ ਸਕੇ ਮੇਰੇ ਘਰੋਂ ਆਪਣਾ ਬੋਰੀਆਂ ਬਿਸਤਰਾ ਗੋਲ ਕਰੋ। ਕਹਾਣੀਕਾਰ ਇਥੇ ਇਹ ਦੱਸਣ ਦਾ ਯਤਨ ਕਰਦਾ ਹੈ ਕਿ ਕਈ ਵਾਰ ਮਾਪੇ ਰੰਗ ਨਸਲ ਦੇ ਆਧਾਰ ਤੇ ਜਾਂ ਹੋਰ ਕਈ ਕਾਰਣਾਂ ਕਰਕੇ ਆਪਣੀਆਂ ਧੀਆਂ ਦੇ ਵਸਦੇ ਰਸਦੇ ਘਰ ਨੂੰ ਉਜਾੜ ਦਿੰਦੇ ਹਨ ਪਰ ਜੇਕਰ ਧੀਆਂ ਸੁਰਜੀਤ ਵਰਗੀਆਂ ਹੋਣ ਤਾਂ ਉਹ ਸਭ ਪੱਖ ਸੋਚ ਕੇ ਆਪਣੇ ਟੁੱਟਦੇ ਘਰ ਨੂੰ ਆਪਣੇ ਤੇ ਬੇਗਨਿਆਂ ਤੋਂ ਬਚਾ ਲੈਂਦੀਆਂ ਹਨ। ‘ਚਾਨਣ ਦੇ ਵਣਜਾਰੇ’ ਕਹਾਣੀ ਸੰਗ੍ਰਹਿ ਵਿਚਲੀਆਂ ਸਾਰੀਆਂ ਹੀ ਕਹਾਣੀਆਂ ਵਿਚ ਨਵੀਂ ਰੋਸ਼ਨੀ ਦਾ ਆਗਮਨ ਹੁੰਦਾ ਹੈ। ਇਹ ਲੇਖਕ ਦੀਆਂ ਕਹਾਣੀਆਂ ਦੀ ਵਿਸ਼ੇਸਤਾ ਹੈ।

ਅੰਤ ‘ਲਾਲਾਂ ਦੀ ਜੋੜੀ’ ਪੁਸਤਕ ਵਿਚ ਪੇਸ਼ ਹੋਏ ਚਾਰੇ ਕਹਾਣੀ ਸੰਗ੍ਰਹਿ ਦਾ ਅਧਿਐੈਨ ਕਰਨ ਤੋਂ ਬਾਦ ਅਸੀਂ ਇਸ ਨਤੀਜੇ ਤੇ ਪੁੱਜਦੇ ਹਾਂ ਕਿ ਕਹਾਣੀਕਾਰ ਦਾ ਰਿਸ਼ਤਾ ਅਨੁਭਵ ਕੀਤੇ ਜੀਵਨ ਨਾਲ ਹੈ। ਇਸੇ ਕਾਰਣ ਉਹ ਆਪਣੀਆਂ ਕਹਾਣੀਆਂ ਨਾਲ ਸਹਿਜਤਾ ਦਾ ਰਿਸ਼ਤਾ ਜੋੜਦਾ ਹੈ। ਕਹਾਣੀਆਂ ਵਿਚ ਪੇਸ਼ ਹੋਏ ਸਾਰੇ ਹੀ ਵਿਸ਼ੇ ਮਹੱਤਵਪੂਰਨ ਤੇ ਆਮ ਜਿੰ਼ਦਗੀ ਵਿਚਲੇ ਲੋਕਾਂ ਨਾਲ ਮੇਲ ਖਾਂਦੇ ਹਨ। ਕਹਾਣੀਆਂ ਵਿਚ ਵਰਤੀ ਗਈ ਭਾਸ਼ਾ ਵੀ ਬੜੀ ਸਾਧਾਰਣ ਤੇ ਅਖਾਣਾਂ ਤੇ ਮੁਹਾਵਰਿਆਂ ਭਰਪੂਰ ਹੈ ਜੋ ਲੇਖਕ ਦੀ ਸ਼ੈਲੀ ਨੂੰ ਰੌਚਕ ਬਣਾਉਂਦੀ ਹੈ। ਇਹ ਕਹਾਣੀਆਂ ਮਨੁੱਖ ਨੂੰ ਮਨੁੱਖ ਨਾਲ ਜੋੜਨ ਦਾ ਮਹੱਤਵਪੂਰਨ ਉਪਰਾਲਾ ਹਨ ਜਿਸ ਵਿਚ ਲੇਖਕ ਪੂਰੀ ਤਰ੍ਹਾਂ ਸਫ਼ਲ ਹੋਇਆ ਹੈ।

(ਸੀ-122, ਯੂਨੀਵਰਸਿਟੀ ਕੈਂਪਸ, ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ-136119)
 

*******

(27 ਫਰਵਰੀ 2008 -ਯੂਨੀਕੋਡ)

ਡਾ: ਰਜਨੀ ਰਾਣੀ ਦੀ 'ਲਿਖਾਰੀ' ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.