ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਕਿੰਨਾ ਕੁ ਗਲੈਮਰ ਹੈ ਕਾਲਜੀੲਟ ਹੋਣ ਦਾ(30)

-ਹਰਬੀਰ ਸਿੰਘ ਭੰਵਰ-

ਅੰਗਰੇਜ਼ੀ ਦੀ ਇਕ ਕਹਾਵਤ ਹੈ “ਅਨਪੜ੍ਹ ਤੋਂ ਅਣਜੰਮਿਆ ਚੰਗਾ” ਜਿਸ ਤੋਂ ਪਤਾ ਲਗਦਾ ਹੈ ਕਿ ਪੜ੍ਹਾਈ ਦਾ ਕਿਤਨਾ ਕੁ ਮਹਤੱਵ ਹੈ। ਪੜ੍ਹਾਈ ਸਕੂਲ ਦੀ ਹੋਵੇ, ਕਾਲਜ ਜਾਂ ਕਿਸੇ ਯੁਨੀਵਰਸਿਟੀ ਦੀ, ਹਰ ਇਕ ਦੀ ਆਪਣੀ ਆਪਣੀ ਮਹੱਤਤਾ ਹੈ। ਪੜ੍ਹਾਈ ਦੀ ਇਹ ਪ੍ਰਤਿਸ਼ਠਾ ਤਾਂ ਹਮੇਸ਼ਾ ਰਹੀ ਹੈ, ਪਰ ਸਾਡੇ ਦੇਸ਼ ਵਿਚ ਆਜ਼ਾਦੀ ਤੋਂ ਬਾਅਦ ਹੀ ਇਸ ਦੀ ਕੀਮਤ ਨੂੰ ਸਮਝਦਿਆਂ ਵਿਸ਼ੇਸ਼ ਧਿਆਨ ਦਿਤਾ ਜਾਣ ਲਗਾ ਹੈ। ਪਹਿਲਕੇ ਸਮਿਆਂ ਵਿਚ ਪੜ੍ਹਾਈ ਕੇਵਲ ਨੌਕਰੀ ਲੈਣ ਲਈ ਹੀ ਸਮਝੀ ਜਾਂਦੀ ਸੀ, ਕੁੜੀਆਂ ਦੀ ਪੜ੍ਹਾਈ ਵਲ ਤਾਂ ਕੋਈ ਧਿਆਨ ਹੀ ਨਹੀਂ ਦਿਤਾ ਜਾਂਦਾ ਸੀ। ਗੁਰਦੁਆਰਿਆਂ ਵਿਚ ਗ੍ਰੰਥੀ, ਮੰਦਰਾਂ ਵਿਚ ਪੁਜਾਰੀ ਅਤੇ ਮੱਸਜਦਾਂ ਵਿਚ ਮੌਲਵੀ ਬੱਚਿਆਂ ਨੂੰ ਆਪਣੇ ਧਰਮ ਅਨੁਸਾਰ ਚਾਰ ਅੱਖਰ ਪੜ੍ਹਣ ਲਿਖਣ ਲਈ ਥੋੜੀ ਜਿਹੀ ਵਿਦਿਆ ਦੇ ਦਿਆ ਕਰਦੇ ਸਨ। ਸਕੂਲ ਤਾਂ ਕਿਸੇ ਕਿਸੇ ਪਿੰਡ ਵਿਚ ਹੁੰਦੇ ਸਨ, ਕਾਲਜ ਕੇਵਲ ਸ਼ਹਿਰਾਂ ਵਿਚ ਹੀ ਹੁੰਦੇ ਸਨ। ਆਪਣੇ ਬੱਚਿਆਂ ਨੂੰ ਵਿਦਿਆ ਦਾ ਗਿਆਨ ਦੇਣ ਬਾਰੇ ਧਨਾਢ ਅਤੇ ਵੱਡੇ ਜ਼ਿਮੀਦਾਰ ਲੋਕ ਅਕਸਰ ਇਹ ਕਹਿ ਦਿੰਦੇ ਸਨ, “ਅਸੀ ਕਿਹੜਾ ਮੁੰਡੇ ਤੋਂ ਨੌਕਰੀ ਕਰਵਾਉਣੀ ਹੈ।” ਪਿਛਲੇ ਛੇ ਦਹਾਕਿਆਂ ਵਿਚ ਸਾਰੇ ਇਲਾਕਿਆਂ ਵਿਚ ਸਰਕਾਰੀ ਤੇ ਗੈਰ ਸਰ-ਸਰਕਾਰੀ ਖੇਤਰ ਵਿਚ ਥਾਂ ਥਾਂ ਸਕੂਲ ਤੇ ਕਾਲਜ ਖੋਹਲਣ ਦਾ ਸ਼ਲਾਘਾਯੋਗ ਰੁਝਾਣ ਵਧਿਆ ਹੈ। ਅਜ ਸਮਾਜ ਦਾ ਹਰ ਵਰਗ ਆਪਣੇ ਬੱਚਿਆਂ ਨੂੰ ਵਧੀਆ ਤੋਂ ਵੱਧੀਆ ਵਿਦਿਆ ਦਿਵਾਉਣ ਦਾ ਯਤਨ ਕਰ ਰਿਹਾ ਹੈ। ਆਮ ਲੋਕ ਤਾਂ ਸਕੂਲ ਦੀ ਪੜ੍ਹਾਈ ਹੀ ਕਾਫੀ ਸਮਝਦੇ ਹਨ। ਬਹੁਤ ਥੋੜੇ ਮਾਪੇ ਆਪਣੇ ਬੱਚਿਆਂ ਨੂੰ ਕਾਲਜ ਵਿਚ ਵਿਦਿਆ ਦੇਣ ਦੇ ਸਮਰੱਥ ਹੁੰਦੇ ਹਨ।

ਸਕੂਲੀ ਵਿਦਿਆ ਤੋਂ ਬਾਅਦ ਕਾਲਜ ਦੀ ਪੜ੍ਹਾਈ ਦਾ ਸਟੈਡਰਡ ਵੀ ਇਕ ਦਮ ਵੱਧ ਜਾਂਦਾ ਹੈ। ਵਿਦੇਸ਼ਾਂ ਵਿਚ ਕਾਲਜ ਤੇ ਯੁਨੀਵਰਸਿਟੀ ਦੀ ਪੜ੍ਹਾਈ ਬਹੁਤ ਹੀ ਮਹਿੰਗੀ ਹੈ, ਕੇਵਲ ਉਹੋ ਪੜ੍ਹਦੇ ਹਨ ਜਿਨ੍ਹਾਂ ਨੂੰ ਪੜ੍ਹਾਈ ਵਿਚ ਦਿਲਚਸਪੀ ਹੁੰਦੀ ਹੈ ਅਤੇ ਆਪਣਾ ਚੰਗਾ ਕੈਰੀਅਰ ਬਣਾ ਕੇ ਕੁਝ ਬਣਨਾ ਲੋਚਦੇ ਹਨ। ਭਾਰਤ ਵਿਚ ਇਹ ਗਲ ਨਹੀਂ, ਕਈ ਤਾਂ ਸਮਾ ਟਪਾਉਣ ਲਈ ਹੀ ਕਾਲਜ ਚਲੇ ਜਾਂਦੇ ਹਨ। ਅਤੇ ਕੰਟੀਨ ਤੇ ਹੋਰ ਥਾਵਾਂ ਤੇ ਬੈਠ ਕੇ ਮੁੜ ਆਉਂਦੇ ਹਨ। ਕਈ ਮਾਪੇ ਆਪਣੇ ਧੀਆਂ ਪੁੱਤਰਾਂ ਦੀ ਵਿਆਹ ਸ਼ਾਦੀ ਲਈ ਚੰਗੇ ਰਿਸ਼ਤੇ ਮਿਲਣ ਦੀ ਆਸ ਉਤੇ ਕਾਲਜ ਵਿਚ ਦਾਖਲ ਕਰਵਾ ਦਿੰਦੇ ਹਨ। ਕਈ ਕੋਈ ਕੰਮ ਕਾਰ ਨਾ ਹੋਣ ਕਾਰਨ ਅਤੇ ਵਿਹਲੇ ਫਿਰਨ ਤੋਂ ਬਚਾਅ ਲਈ ਕਾਲਜ ਦਾਖਲ ਕਰਵਾ ਦਿੰਦੇ ਹਨ। ਅਮੀਰਾਂ ਦੇ ਬੱਚੇ ਮੌਜ ਮਸਤੀ ਕਰਨ ਦੇ ਵਿਚਾਰ ਨਾਲ ਕਾਲਜ ਵਿਚ ਦਾਖਲਾ ਲੈ ਲੈਂਦੇ ਹਨ। ਅਜੇਹੇ ਬੱਚਿਆਂ ਚੋਂ ਬਹੁਤੇ ਭਲਵਾਨੀ ਗੇੜਾ ਮਾਰਨ ਹੀ ਕਾਲਜ ਆਉਂਦੇ ਹਨ। ਇਹ ਵਿਦਿਆਰਥੀ ਕਾਲਜ ਦੇ ਪ੍ਰਿੰਸੀਪਲ ਸਮੇਤ ਪ੍ਰਬੰਧਕਾਂ ਲਈ ਕਈ ਪ੍ਰੇਸ਼ਾਨੀਆਂ ਖੜੀਆਂ ਕਰ ਦਿੰਦੇ ਹਨ। ਪੇਂਡੂ ਖੇਤਰ ਦੇ ਇਕ ਪ੍ਰਾਈਵੇਟ ਕਾਲਜ ਦੇ ਨਾਮਵਰ ਸਿਖਿਆ ਸ਼ਾਸ਼ਤਰੀ ਦੇ ਅਜੇਹੇ ਹਾਲਾਤ ਲਈ ਸ਼ਬਦ ਬੜੇ ਹੀ ਅਰਥ-ਭਰਪੁਰ ਹਨ, ਜੋ ਕਹਿੰਦੇ ਹਨ, “ ਇਹ ਸੋਚ ਕੇ ਕਿ ਇਕ ਬੁੱਕ ਦਾਨਿਆਂ ਜਾਂ ਆਟੇ ਦੀ ਹੀ ਦੇਣੀ ਹੁੰਦੀ ਹੈ, ਕਈ ਵਿਅਕਤੀ ਆਪਣੇ ਪਸ਼ੂਆਂ ਨੂੰ ਵੱਗ ਵਿਚ ਭੇਜ ਦਿੰਦੇ ਹਨ ਕਿ ਦਿਨੇ ਕੁਝ ਸਮਾਂ ਤਾਂ ਆਰਾਮ ਰਹੇ ਗਾ।”

ਕਿਹਾ ਜਾਂਦਾ ਹੈ ਕਿ ਕਾਲਜ ਵਿਚ ਪੜ੍ਹਣ ਤੋਂ ਬਿਨਾ ਗਿਆਨ ਹਾਸਲ ਨਹੀ ਹੋ ਸਕਦਾ, ਕਾਲਜ ਦੇ ਕਈ ਪੜ੍ਹਾਕੂ ਅਕਸਰ ਇਹ ਆਖਿਆ ਕਰਦੇ ਹਨ “ਨੋ ਨਾਲਜ ਵਿਦਾਊਟ ਕਾਲਜ।” ਕਿਸੇ ਕਾਲਜ ਵਿਚ ਪੜ੍ਹਣਾ ਇਕ ਮਾਣ ਵਾਲੀ ਗਲ ਵੀ ਹੈ, ਖਾਸ ਕਰ ਪੇਂਡੂ ਖੇਤਰਾਂ ਵਿਚ, ਜਿਥੇ ਕਾਲਜੀਏਟ ਮੂੰਡੇ ਜਾਂ ਕੁੜੀ ਨੂੰ ਹੋਨਿਹਾਰ ਤੇ ਪ੍ਰਤਿਭਵਾਨ ਸਮਝਿਆ ਜਾਂਦਾ ਹੈ। ਕਾਲਜ ਵਿਚ ਜਾ ਕੇ ਨੌਜਵਾਨਾਂ ਨੂੰ ਗਿਆਨ ਮਿਲਦਾ ਹੈ ਜਾਂ ਨਹੀਂ, ਪਰ ਇਹ ਹਕੀਕਤ ਹੈ ਕਿ ਕਾਲਜੀਏਟ ਹੋਣਾ ਆਪਣੇ ਆਪ ਵਿਚ ਇਕ ਗਲੈਮਰ ਹੈ। ਕਾਲਜੀਏਟ ਮੁੰਡੇ ਕੁੜੀਆਂ ਦਾ ਇਕ ਵੱਖਰਾ ਹੀ ਸੰਸਾਰ ਹੁੰਦਾ ਹੈ। ਜ਼ਜ਼ਬਿਆਂ ਦਾ ਠਾਠਾਂ ਮਾਰਦਾ ਸਮੁੰਦਰ। ਦਿਲ ਦਿਮਾਗ ਵਿੱਚ ਸੁਪਨੇ ਹੀ ਸੁਪਨੇ। ਕੱਲ੍ਹ, ਅੱਜ ਤੇ ਭਲਕ ਦੀ ਤਿਕੋਨ ‘ਚ ਵਿਚਰਦੇ ਨੇ ਕਾਲਜੀਏਟ। ਇਕ ਇਹ ਸ਼ਬਦ ਪਿਆਰਾ ਵੀ ਹੈ, ਨਿਆਰਾ ਵੀ ਅਤੇ ਵਿਚਾਰਾ ਵੀ।

ਵਿਦਿਆ ਦੇ ਪਸਾਰ ਕਾਰਨ ਅਤੇ ਪੜ੍ਹੇ ਲਿਖੇ ਬੇਰੋਜ਼ਗਾਰਾਂ ਦੀ ਦਿਨੋ ਦਿਨ ਵੱਧਦੀ ਗਿਣਤੀ ਨੂੰ ਦੇਖ ਕੇ ਹੁਣ ਤਾਂ ਉਹ ਗਲ ਨਹੀਂ ਰਹੀ, ਕਿਸੇ ਸਮੇਂ ਪਿੰਡਾਂ ਵਿਚ ਕਾਲਜ ਪੜ੍ਹਦੇ ਮੂੰਡੇ ਜਾਂ ਕੁੜੀ ਦੀ ਬੜੀ ਸ਼ਾਨ ਹੁੰਦੀ ਸੀ, ਸਾਰੇ ਉਸ ਵਲ ਬੜੇ ਸਤਿਕਾਰ ਨਾਲ ਦੇਖਦੇ ਸਨ। ਕਾਲਜ ਵਿਚ ਪੜ੍ਹਦੇ ਮੁੰਡੇ ਕੁੜੀਆਂ ਆਪਣੇ ਮਾਪਿਆਂ ਦੇ ਆਖਣ ‘ਤੇ ਦਾਖਲ ਹੋਏ ਹਨ ਜਾਂ ਖੁਦ ਹੀ ਉਚੇਰੀ ਸਿਖਿਆ ਲੈਣ ਦੇ ਵਿਚਾਰ ਨਾਲ, ਇਹ ਬਹੁਤ ਹੀ ਮਹਤੱਵਪੂਰਨ ਹੈ ਕਿਓਂ ਜੋ ਇਹ ਉਨ੍ਹਾਂ ਦੇ ਕੈਰੀਅਰ ਬਣਾਉਣ ਵਿਚ ਕੰਮ ਆਉਂਦੇ ਹਨ। ਜੀਵਨ ਵਿਚ ਉਨ੍ਹਾਂ ਦਾ ਕੀ ਨਿਸ਼ਾਨਾਂ ਹੈ ਭਾਵ ਉਹ ਆਪਣਾ ਕੈਰੀਅਰ ਕਿਹੋ ਜਿਹਾ ਬਣਾਉਣਾ ਲੋਚਦੇ ਹਨ, ਇਹ ਮਜ਼ਮੂਨ ਉਨ੍ਹਾਂ ਦੇ ਇਸ ਉਦੇਸ਼ ਦੀ ਪੂਰਤੀ ਲਈ ਹੋਣ, ਸਮਾਂ ਟਪਾਉਣ ਲਈ ਨਹੀਂ। ਇਸ ਤਰ੍ਹਾਂ ਦੇ ਅਨੇਕਾਂ ਸਵਾਲ ਹਨ ਜੋ ਜਵਾਬ ਦੀ ਮੰਗ ਕਰਦੇ ਹਨ। ਕਈ ਵੱਡੇ ਸ਼ਹਿਰਾਂ ਵਿਚ ਤਾਂ ਬੱਚਿਆ ਨੂੰ ਇਸ ਬਾਰੇ ਗਾਈਡ ਕਰਨ ਲਈ ਕਈ ਅਕਾਡਮੀਆਂ, ਸੰਸਥਾਵਾਂ ਤੇ ਸਮਾਜ-ਸੇਵੀ ਜੱਥੇਬੰਦੀਆਂ ਹਨ। ਅਜ ਕਲ ਤਾਂ ਕਈ ਅਖ਼ਬਾਰ ਵੀ ਆਪਣੇ ਹਫਤਾਵਾਰੀ ਸਿਖਿਆ ਅੰਕ ਵਿਚ ਨਾਮਵਰ ਸਿਖਿਆ ਸ਼ਾਸਤਰੀਆਂ ਦੁਆਰਾ ਲਿਖੇ ਕੈਰੀਅਰ ਬਾਰੇ ਜਾਣਕਾਰੀ ਭਰਪੂਰ ਲੇਖ ਦੇ ਰਹੇ ਹਨ। ਇਸੇ ਤਰ੍ਹਾਂ ਕਈ ਟੀ.ਵੀ. ਚੈਨਲ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕਰ ਰਹੇ ਹਨ, ਖਾਸ ਕਰ ਨਵੇਂ ਵਿਦਿਅਕ ਸੈਸ਼ਨ ਦੇ ਸ਼ੁਰੂ ਹੋਣ ਸਮੇਂ, ਪਰ ਕਾਲਜਾਂ ਵਿਚ ਦਾਖਲਾ ਲੈਣ ਵਾਲੇ ਬਹੁਤ ਨੌਜਵਾਨ ਇੱਧਰ ਧਿਆਨ ਨਹੀਂ ਦਿੰਦੇ। ਕਾਲਜ ਵਿਚ ਪੜ੍ਹਦੇ ਬਹੁਤੇ ਵਿਦਿਆਰਥੀਆਂ ਨੇ ਹਾਲੇ ਤਕ ਵੀ ਆਪਣੇ ਜੀਵਨ ਜਾਂ ਕੈਰੀਅਰ ਬਾਰੇ ਕੋਈ ਨਿਸ਼ਾਨਾ ਨਹੀਂ ਮਿਥਿਆ ਕਿ ਉਹ ਪੜ੍ਹ ਲਿਖ ਕੇ ਡਾਕਟਰ, ਇੰਜਨੀਅਰ, ਅਧਿਆਪਕ, ਵਕੀਲ ਜਾ ਕੁਝ ਹੋਰ ਬਣ ਕੇ ਆਪਣੀ ਰੋਜ਼ੀ ਰੋਟੀ ਦੇ ਨਾਲ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਹੋਣ।

ਗੁਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣਾ ਦੀ ਐਮ.ਐਸ.ਸੀ. (ਆਈ.ਟੀ.) ਸਾਲ ਪਹਿਲਾ ਦੀ ਵਿਦਿਆਰਥਣ ਗੁਰਪ੍ਰੀਤ ਬੇਦੀ ਉਰਫ ਸੋਨੀਆ ਦਾ ਕਹਿਣਾ ਹੈ ਕਿ ਉਹ ਕੰਪਿਊਟਰ ਵਿਚ ਪੂਰੀ ਤਰ੍ਹਾਂ ਮਾਹਰ ਹੋਣਾ ਚਾਹੁੰਦੀ ਹੈ ਅਤੇ ਉਸ ਨੇ ਹੁਣ ਐਮ.ਐਸ.ਸੀ ਲਈ ਸਬਜੈਕਟ ਦੀ ਚੋਣ ਆਪ ਆਪਣੀ ਦਿਲਚਸਪੀ ਅਨੁਸਾਰ ਕੀਤੀ ਹੈ। ਉਸ ਨੇ ਬੀ.ਏ. ਵਿਚ ਇੰਗਲਿਸ਼ (ਇਲੈਕਟਿਵ) ਦੇ ਨਾਲ ਹੋਰ ਮਜ਼ਮੂਨ ਲਏ ਸਨ। ਕਾਲਜੀਏਟ ਦਾ ਆਪਣੇ ਆਸੇ ਪਾਸੇ ਗੁਆਂਢ ਜਾਂ ਸਮਾਜ ਵਿਚ ਮਾਣ ਸਤਿਕਾਰ ਹੁੰਦਾ ਹੈ, ਦੇ ਜਵਾਬ ਵਿਚ “ਹਾਂ” ਕਹਿੰਦੇ ਹੋਏ ਉਸ ਨੇ ਕਿਹਾ, “ਆਪਣੀ ਰੈਪੂਟੇਸ਼ਨ ਬਣਾਉਣਾ ਹਰ ਕਿਸੇ ਦੇ ਆਪਣੇ ਹੱਥ ਹੁੰਦਾ ਹੈ। ਗੰਭੀਰਤਾ ਨਾਲ ਪੜ੍ਹਣ ਵਾਲੇ ਵਿਦਿਆਰਥੀ ਕੋਈ ਛੁੱਟੀ ਵੀ ਆਪਣੇ ਪ੍ਰੋਫੈਸਰਾਂ ਦੀ ਸਲਾਹ ਨਾਲ ਕਰਦੇ ਹਨ।”

ਮਾਲਵਾ ਕਾਲਜ ਬੋਂਦਲੀ (ਸਮਰਾਲਾ) ਵਿਚ ਬੀ.ਏ. ਭਾਗ ਦੂਜਾ ਵਿਚ ਪੜ੍ਹਦੇ ਮੁਨੀਸ਼ ਸਚਦੇਵਾ ਇਕ ਪੱਤਰਕਾਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਅੰਗਰੇਜ਼ੀ (ਇਲੈਕਟਿਵ) ਸਮੇਤ ਵਿਸ਼ੇ ਆਪਣੇ ਪਾਪਾ ਦੇ ਇਕ ਦੋਸਤ ਪ੍ਰੋਫੈਸਰ ਦੀ ਸਲਾਹ ਨਾਲ ਲਏ ਹਨ। ਉਹ ਆਪਣੀ ਪੜ੍ਹਾਈ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ। ਇਸ ਕਲਾਸ ਵਿਚ ਪੜ੍ਹਦੇ ਸੰਦੀਪ ਕੁਮਾਰ ਨੇ ਮਜ਼ਮੂਨ ਆਪਣੇ ਸਾਥੀਆਂ ਦੀ ਸਲਾਹ ਨਾਲ ਲਏ ਹਨ। ਜ਼ਿੰਦਗੀ ਵਿਚ ਕੀ ਕਰਨਾ ਹੈ, ਇਸ ਬਾਰੇ ਹਾਲੇ ਉਸ ਨੇ ਨਹੀਂ ਸੋਚਿਆ, ਕਹਿਣ ਲਗਾ: “ਬੀ.ਏ. ਪਾਸ ਕਰ ਕੇ ਹੀ ਸੋਚਾਂ ਗੇ।” ਇਸੇ ਕਾਲਜ ਵਿਚ ਐਮ.ਏ. ਭਾਗ ਪਹਿਲਾ ਦੇ ਵਿਦਿਆਰਥੀ ਹਰਪ੍ਰੀਤ ਸਿੰਘ, ਜੋ ਪਿੰਡ ਬੁਲਾਣਾ ਤੋਂ ਆਉਂਦਾ ਹੈ, ਨੇ ਦਸਿਆ ਕਿ ਉਸ ਨੇ ਬੀ.ਏ. ਵਿਚ ਮਜ਼ਮੂਨ ਤੇ ਹੁਣ ਐਮ.ਏ. ਲਈ ਸਬਜੈਕਟ ਦੀ ਚੋਣ ਆਪਣੇ ਮਾਪਿਆਂ ਦੀ ਸਲਾਹ ਨਾਲ ਕੀਤੀ ਹੈ। ਉਹ ਬੀ.ਐਡ. ਦਾ ਕੋਰਸ ਕਰ ਕੇ ਇਕ ਅਧਿਆਪਕ ਵਜੋਂ ਨੌਕਰੀ ਕਰਨ ਦਾ ਇੱਛਕ ਹੈ। ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਕਾਲਜ ਵਿਚ ਪੜ੍ਹਦੇ ਹੋਏ ਉਹ ਮਾਣ ਮਹਿਸੂਸ ਕਰ ਰਹੇ ਹਨ।

ਡੀ.ਏ.ਵੀ. ਕਾਲਜ ਜਗਰਾਓਂ ਵਿਚ ਬੀ.ਏ. ਭਾਗ ਦੂਜਾ ਦਾ ਵਿਦਿਆਰਥੀ ਅਜੈ ਰਾਣਾ ਤਾਂ ਵਿਦੇਸ਼ ਜਾਣ ਦੇ ਯਤਨ ਕਰ ਰਿਹਾ ਹੈ, ਉਸ ਦਾ ਇਕ ਭਰਾ ਇਟਲੀ ਵਿਚ ਹੈ ਅਤੇ ਉਹ ਸਮਾਂ ਬਿਤਾਉਣ ਲਈ ਹੀ ਪੜ੍ਹ ਰਿਹਾ ਹੈ, ਬੀ.ਏ . ਪਾਸ ਕਰ ਲਈ ਤਾਂ ਵੀ ਠੀਕ ਹੈ, ਨਾ ਵੀ ਹੋਈ ਤਾਂ ਵੀ ਕੋਈ ਗਲ ਨਹੀਂ, ਵਿਦੇਸ਼ ਜਾਣ ਦਾ ਨਿਸ਼ਾਨਾ ਪੂਰਾ ਹੋਣਾ ਚਾਹੀਦਾ ਹੈ। ਇਸੇ ਕਾਲਜ ਵਿਚ ਕਾਮਰਸ ਦਾ ਵਿਦਿਆਰਥੀ ਨਿਤੰਨ ਢੰਡ ਪੜ੍ਹਾਈ ਲਈ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਚਾਰਟਰ ਅਕਾਊਂਟੈਂਟ ਬਣ ਕੇ ਸੇਵਾ ਕਰਨ ਦਾ ਚਾਹਵਾਨ ਹੈ। ਉਸ ਨੇ ਵਿਸ਼ੇ ਅਪਣੀ ਮਰਜ਼ੀ ਨਾਲ ਚੁਣੇ ਹਨ।

ਅਕਾਲ ਕਾਲਜ ਮਸਤੂਆਣਾ ਦੇ 15 ਸਾਲ ਮੁਖੀ ਰਹੇ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਦਾ ਕਹਿਣਾ ਹੈ ਕਿ “ਪੇਂਡੂ ਖੇਤਰਾਂ ਦੇ ਬਹੁਤੇ ਮਾਪੇ ਆਪਣੇ ਬੱਚਿਆ ਨੂੰ ਸਮਾਂ ਟਪਾਉਣ ਲਈ ਕਾਲਜ ਭੇਜ ਦਿੰਦੇ ਹਨ ਜਾਂ ਇਸ ਵਿਚਾਰ ਨਾਲ ਕਿ ਸ਼ਾਦੀ ਲਈ ਚੰਗਾ ਰਿਸ਼ਤਾ ਮਿਲ ਜਾਏ ਗਾ। ਪੇਂਡੂ ਖੇਤਰਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਕੈਰੀਅਰ ਬਣਾਉਣ ਲਈ ਉਚੇਰੀ ਸਿਖਿਆਂ ਲੈਣ ਲਈ ਸਹੀ ਅਗਵਾਈ ਨਹੀਂ ਦੇ ਰਹੇ। ਬੱਚੇ ਆਪਣੀ ਮਰਜ਼ੀ ਨਾਲ ਜਾਂ ਮਾਪਿਆਂ ਦੀ ਮਰਜ਼ੀ ਅਨੁਸਾਰ ਨੇੜਲੇ ਕਾਲਜ ਵਿਚ ਦਾਖਲ ਹੋਣ ਸਮੇ “ਸਬਜੈਕਟ” (ਵਿਸ਼ਿਆਂ) ਦੀ ਚੋਣ ਕਰਨ ਵਾਲ ਵਧੇਰੇ ਧਿਆਨ ਨਹੀਂ ਦਿੰਦੇ।” ਉਨ੍ਹਾ ਦਸਿਆ, “ਇਕ ਵਾਰੀ ਇਕ ਵਿਦਿਆਰਥੀ ਆਇਆ ਤੇ ਕਹਿਣ ਲਗਾ ਸਰ, ਮੈਂ ਫਲਾਂ ਸਬਜੈਕਟ ਦੀ ਥਾਂ ਫਲਾਂ ਸਬਜੈਕਟ ਬਦਲਣਾ ਹੈ। ਜਦੋਂ ਮੈ ਕਾਰਨ ਪੁਛਿਆ ਤਾਂ ਕਹਿਣ ਲਗਾ ਕਿ ਸਾਡੇ ਪਿੰਡ ਦੇ ਦੂਸਰੇ ਮੁੰਡੇ ਜਿਸ ਬਸ ਵਿਚ ਜਾਂਦੇ ਹਨ, ਮੈਂ ਵੀ ਉਨ੍ਹਾਂ ਨਾਲ ਜਾ ਸਕਿਆ ਕਰਾਂਗਾ।”

ਪ੍ਰਿੰਸੀਪਲ ਕੁਲਾਰ ਨੇ ਦਸਿਆ “ਇਕ ਵਾਰੀ ਇਕ ਪਿੰਡ ਤੋਂ ਇਕ ਵਿਅਕਤੀ ਆਇਆ, ਪੁਛਣ ਲਗਾ ਕਿ ਕੀ ਸਾਡਾ ਮੁੰਡਾ ਕਾਲਜ ਆਉਂਦਾ ਹੈ ਕਿ ਨਹੀਂ? ਮੈਂ ਕਿਹਾ ਕਿ ਇਹ ਗਲ ਤਾਂ ਮੈਨੂੰ ਪੁਛਣੀ ਚਾਹੀਦੀ ਸੀ ਕਿ ਤੁਹਾਡਾ ਮੁੰਡਾ ਕਾਲਜ ਕਿਓਂ ਨਹੀਂ ਆ ਰਹਾ ? ਉਹ ਕਹਿਣ ਲਗਾ ਕਿ ਮੁੰਡਾ ਘਰੋਂ ਸਵੇਰੇ ਕਾਲਜ ਦੇ ਸਮੇਂ ਅਨੁਸਾਰ ਹਰ ਰੋਜ਼ ਆਉਂਦਾ ਹੈ, ਤੇ ਸ਼ਾਮ ਨੂੰ ਵਾਪਸ ਜਾਂਦਾ ਹੈ, ਸਾਨੂੰ ਤਾਂ ਇਹੋ ਆਖਦਾ ਹੈ ਕਿ ਕਾਲਜ ਜਾਂਦਾ ਹਾਂ, ਪਰ ਕੁਝ ਦਿਨ ਪਹਿਲਾਂ ਸਾਨੂੰ ਪਤਾ ਲਗਾ ਕਿ ਉਹ ਕਾਲਜ ਨਹੀਂ ਆ ਰਿਹਾ।” ਪ੍ਰਿੰਸੀਪਲ ਕੁਲਾਰ ਅਨੁਸਾਰ ਕੁੜੀਆਂ ਪੜ੍ਹਣ ਵਲ ਧਿਆਨ ਦਿੰਦੀਆਂ ਹਨ, ਉਹ ਅਨੁਸ਼ਾਸਨ ਵਿਚ ਵੀ ਰਹਿੰਦੀਆਂ ਹਨ, ਉਨ੍ਹਾਂ ਨੂੰ ਘੂਰ ਵੀ ਦਿਓ, ਤਾਂ ਡਰਦੀਆਂ ਹਨ।

ਲੁਧਿਆਣਾ ਦੇ ਮੁੰਡਿਆਂ ਤੇ ਕੁੜੀਆਂ ਲਈ ਦੋਨੋਂ ਸਰਕਾਰੀ ਕਾਲਜ ਬੜੀ ਹੀ ਪ੍ਰਤਿਸ਼ਠਾ ਵਾਲੇ ਹਨ ਅਤੇ ਇਨ੍ਹਾਂ ਵਿਚ ਦਾਖਲਾ ਲੈਣਾ ਗੈਰ-ਸਰਕਾਰੀ ਕਾਲਜਾਂ ਨਾਲੋਂ ਬਹੁਤ ਔਖਾ ਹੈ। ਮੁੰਡਿਆਂ ਦੇ ਕਾਲਜ ਵਿਚ ਆਰਟਸ ਸਬਜੈਕਟਸ ਵਿਚ ਵੀ ਦਾਖਲਾ ਲੈਣ ਲਈ ਸੀਨੀਅਰ ਸੈਕੰਡਰੀ ਇਮਤਿਹਾਨ ਵਿਚ 60 ਫੀਸਦੀ ਤੋਂ ਉਪਰ ਨੰਬਰ ਲੈਣ ਵਾਲਿਆਂ ਅਤੇ ਸਾਇੰਸ ਜਾਂ ਕਾਮਰਸ ਆਦਿ ਵਿਸ਼ਿਆ ਵਾਲੇ ਕੋਰਸ ਵਿਚ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲਿਆਂ ਨੂੰ ਹੀ ਤਰਜੀਹ ਦਿਤੀ ਜਾਂਦੀ ਹੈ। ਇਸ ਕਾਲਜ ਦੇ ਪ੍ਰੋਫੈਸਰ ਤੇ ਨਾਮਵਰ ਪੰਜਾਬੀ ਲੇਖਕ ਡਾ. ਪ੍ਰਿਥੀਪਾਲ ਸਿੰਘ ਸੋਹੀ ਦਾ ਕਹਿਣਾ ਹੈ, “ਸਾਇੰਸ ਅਤੇ ਕਾਮਰਸ ਗਰੁਪ ਵਾਲੇ ਵਧੇਰੇ ਵਿਦਿਆਰਥੀ ਅਕਸਰ ਕਿਸੇ ਅਗਵਾਈ ਸਦਕਾ ਇਹ ਵਿਸ਼ੇ ਚੁਣਦੇ ਹਨ ਅਤੇ ਪੜ੍ਹਾਈ ਲਈ ਪੂਰੇ ਗੰਭੀਰ ਹੁੰਦੇ ਹਨ। ਆਰਟਸ ਮਜ਼ਮੂਨਾਂ ਵਾਲੇ ਬਹੁਤ ਥੋੜੇ, ਮਸੀਂ 15 ਕੁ ਫੀਸਦੀ ਵਿਦਿਆਰਥੀ ਦਿਲਚਸਪੀ ਨਾਲ ਪੜ੍ਹਦੇ ਹਨ, ਬਾਕੀ 85 ਫੀਸਦੀ ਤਾਂ ਕਾਲਜ ਗੇੜਾ ਮਾਰਨ ਹੀ ਆਉਂਦੇ ਹਨ, ਕਾਲਜ ਕੰਟੀਨ ਵਿਚ ਬੈਠ ਕੇ ਚਲੇ ਜਾਂਦੇ ਹਨ, ਇਤਨਾ ਕੁ ਖਿਆਲ ਰਖਦੇ ਹਨ ਕਿ ਇਮਤਿਹਾਨ ਵਿਚ ਬੈਠਣ ਲਈ ਹਾਜ਼ਰੀਆਂ ਨਾ ਘਟ ਜਾਣ, ਇਸ ਲਈ ਕਲਾਸ ਵਿਚ ਵੀ ਹਾਜ਼ਰੀ ਲਗਵਾ ਜਾਂਦੇ ਹਨ। ਅਜੇਹੇ ਵਿਦਿਆਰਥੀ ਸਬਜੈਕਟ ਵੀ ਉਹ ਚੁਣਦੇ ਹਨ ਜੋ ਬਹੁਤ ਆਸਾਨ ਹੋਣ, ਉਨ੍ਹਾਂ ਨੂੰ ਇਹ ਜ਼ਰਾ ਵੀ ਵਿਚਾਰ ਨਹੀਂ ਹੁੰਦਾ ਕਿ ਇਨ੍ਹਾਂ ਵਿਸ਼ਿਆਂ ਦੀ ਕੋਈ ਮਾਰਕਿਟ ਵੈਲਯੂ ਹੈ ਜਾਂ ਨਹੀਂ, ਇਹ ਵਿਸ਼ੇ ਉਨ੍ਹਾਂ ਨੂੰ ਅਗੇ ਜਾ ਕੇ ਨੌਕਰੀ ਜਾਂ ਕੈਰੀਅਰ ਲਈ ਲਾਹੇਵੰਦ ਹੋਣਗੇ ਜਾਂ ਨਹੀਂ।” ਉਨ੍ਹਾਂ ਦਸਿਆ ਕਿ ਅਕਸਰ ਬੱਚੇ ਸਬਜੈਕਟਾਂ ਦੀ ਚੋਣ ਆਪਣੇ ਮਾਪਿਆਂ ਜਾਂ ਸਾਥੀਆਂ ਦੀ ਸਲਾਹ ਨਾਲ ਕਰਦੇ ਹਨ।

ਇਸੇ ਤਰ੍ਹਾਂ ਕੁੜੀਆਂ ਦੇ ਸਰਕਾਰੀ ਕਾਲਜ ਲੁਧਿਆਣਾ ਵਿਚ ਵੀ ਦਾਖਲਾ ਮੁਸ਼ਕਲ ਨਾਲ ਮਿਲਦਾ ਹੈ। ਇਸ ਕਾਲਜ ਵਿਚ ਪੰਜਾਬੀ ਦੇ ਪ੍ਰੋਫੈਸਰ ਡਾ. ਸਰਬਜੋਤ ਕੌਰ ਨੇ ਦਸਿਆ, “ਕੁੜੀਆਂ ਇਥੋਂ ਤਕ ਕਿ ਪਿੰਡਾਂ ਵਿਚੋਂ ਆਉਣ ਵਾਲੀਆਂ ਵੀ, ਆਪਣੇ ਕੈਰੀਅਰ ਬਾਰੇ ਬਹੁਤ ਹੀ ਸੁਚੇਤ ਹਨ ਅਤੇ ਉਨ੍ਹਾਂ ਪੜ੍ਹਾਈ ਪੂਰੀ ਕਰ ਕੇ ਆਪਣੇ ਕੈਰੀਅਰ ਬਣਾਏ ਵੀ ਹਨ। ਉਹ ਬਹੁਤ ਹੀ ਲਗਨ ਤੇ ਦਿਲਚਸਪੀ ਨਾਲ ਆਪਣੀ ਪੜ੍ਹਾਈ ਕਰਦੀਆਂ ਹਨ। ਉਹ ਆਪਣੇ ਸਬਜੈਕਟ ਵੀ ਬਹੁਤ ਸਿਆਣਪ ਨਾਲ ਚੁਣਦੀਆਂ ਹਨ, ਜੋ ਅਗੇ ਜਾ ਕੇ ਉਨ੍ਹਾਂ ਦੇ ਕੈਰੀਅਰ ਲਈ ਸਹਾਈ ਹੋਣ।” ਉਨ੍ਹਾਂ ਦਸਿਆ ਕਿ ਸਾਡੇ ਕਾਲਜ ਵਿਚ ਬੱਚਿਆਂ ਨੂੰ ਇਸ ਬਾਰੇ ਗਾਈਡ ਕਰਨ ਲਈ ਇਕ ਸੈਲ ਵੀ ਸਥਾਪਤ ਕੀਤਾ ਹੋਇਆ ਹੈ, ਅਤੇ ਅਕਸਰ ਲੜਕੀਆਂ ਇਥੇ ਆ ਕੇ ਆਪਣੇ ਸਬਜੈਕਟ ਦੀ ਚੋਣ ਕਰਨ ਬਾਰੇ ਸਲਾਹ ਮਸ਼ਵਰਾ ਲੈਂਦੀਆਂ ਹਨ। ਜੂਨ ਦੇ ਮਹੀਨੇ ਕਾਲਜ ਵਿਚ ਦੋ-ਰੋਜ਼ਾ ਕੈਂਪ ਵੀ ਲਗਾਇਆ ਗਿਆ ਸੀ। ਅਨੇਕਾਂ ਕੁੜੀਆਂ ਨੇ ਬਹੁਤ ਉੱਚੇ ਮੈਰਿਟ ਪ੍ਰਾਪਤ ਕਰ ਕੇ ਆਪਣੇ ਇਮਤਿਹਾਨ ਪਾਸ ਕੀਤੇ ਹਨ।

ਉਨ੍ਹਾਂ ਸੁਝਾਅ ਦਿਤਾ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬੱਚਿਆਂ ਨੂੰ ਕਾਲਜ ਵਿਚ ਜਾ ਕੇ ਸਬਜੈਕਟ ਦੌ ਚੋਣ ਕਰਨ ਅਤੇ ਕੈਰੀਅਰ ਸਬੰਧੀ ਗਾਈਡ ਕਰਨ ਵਾਸਤੇ ਸੈਲ ਸਥਾਪਤ ਕਰਨੇ ਚਾਹੀਦੇ ਹਨ।

ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਇਕ ਸੀਨੀਅਰ ਪ੍ਰੋਫੈਸਰ ਤੇ ਨਾਮਵਰ ਪੰਜਾਬੀ ਲੇਖਕ/ਆਲੋਚਕ ਡਾ. ਗੁਰਇਕਬਾਲ ਸਿੰਘ ਕਹਿੰਦੇ ਹਨ, “ਅਕਸਰ ਬੱਚੇ ਵਿਦੇਸ਼ ਜਾਣ ਦੀ ਦੌੜ ਵਿਚ ਹਨ। ਉਹ ਆਪਣੇ ਸਾਥੀਆਂ ਤੇ ਸੀਨੀਅਰ ਦੀ ਸਲਾਹ ਨਾਲ ਹੀ ਸਬਜੈਕਟਾਂ ਦੀ ਚੋਣ ਕਰਦੇ ਹਨ। ਅਸੀਂ ਉਨ੍ਹਾਂ ਨੂੰ ਸਮਝਾਉਣ ਦਾ ਬਹੁਤ ਯਤਨ ਕਰਦੇ ਹਾਂ ਕਿ ਫਲਾਂ ਫਲਾਂ ਸਬਜੈਕਟ ਅਗੇ ਜਾ ਕੇ ਉਨ੍ਹਾਂ ਦਾ ਕੈਰੀਅਰ ਬਣਾਉਣ ਵਿਚ ਸਹਾਈ ਹੋਣ ਗੇ, ਪਰ ਉਹ ਇੱਧਰ ਧਿਆਨ ਨਹੀਂ ਦਿੰਦੇ।”

ਬੱਚਿਆਂ ਦੀ ਪੜ੍ਹਾਈ ਵਿਚ ਦਿਲਚਸਪੀ ਬਾਰੇ ਉਹ ਕਹਿੰਦੇ ਹਨ ਕਿ ਵਿਦਿਆਰਥੀ ਤੋਂ ਬਿਨਾ ਇਹ ਅਧਿਆਪਕ ਦੀ ਯੋਗਤਾ ਅਤੇ ਸਮਰਥਾ ਉਤੇ ਵੀ ਨਿਰਭਰ ਕਰਦਾ ਹੈ ਕਿ ਬੱਚਿਆਂ ਦੀ ਪੜ੍ਹਾਈ ਵਿਚ ਦਿਲਚਸਪੀ ਪੈਦਾ ਕਰ ਕੇ ਆਪਣੇ ਨਾਲ ਤੋਰ ਸਕਣ । ਜੇ ਅਧਿਆਪਕ ਨੂੰ ਆਪਣੀ ਜ਼ਿਮੇਵਾਰੀ ਦਾ ਅਹਿਸਾਸ ਨਹੀਂ, ਉਹ ਕੀ ਪੜ੍ਹਾਏਗਾ। ਉਨ੍ਹਾ ਦਾ ਕਹਿਣਾ ਹੈ ਕਿ ਹਰ ਕਾਲਜ ਵਿਚ 10 ਕੁ ਫੀਸਦੀ ਬੱਚੇ ਅਜੇਹੇ ਹੁੰਦੇ ਹਨ, ਜੋ ਪੜ੍ਹਾਈ ਵਲ ਪੂਰਾ ਧਿਆਨ ਨਹੀਂ ਦਿੰਦੇ । ਉਨ੍ਹਾਂ ਦਸਿਆ ਕਿ ਸ਼ਹਿਰੀ ਖੇਤਰਾਂ ਦੇ ਕਾਲਜਾਂ ਨਾਲੋਂ ਪੇਂਡੂ ਖੇਤਰ ਦੇ ਕਾਲਜ ਭਾਵੇਂ ਛੋਟੇ ਹਨ, ਪਰ ਅਸੀਂ ਸਾਰੇ ਅਧਿਆਪਕ ਸਾਰੇ ਵਿਦਿਆਰਥੀਆਂ ਨੂੰ ਨਿੱਜੀ ਤੌਰ ‘ਤੇ ਜਾਣਦੇ ਹੁੰਦੇ ਹਾਂ। ਉਨ੍ਹਾਂ ਦੇ ਮਾਪਿਆਂ ਨੂੰ ਅਕਸਰ ਕਾਲਜ ਬੁਲਾਉਂਦੇ ਰਹਿੰਦੇ ਹਾਂ, ਇਸ ਲਈ ਮਾਪਿਆਂ ਨੂੰ ਵੀ ਜਾਣਦੇ ਹਾਂ। ਬੱਚਿਆਂ ਦੀ ਮਾਨਸਿਕਤਾ ਨੂੰ ਸਮਝਦੇ ਹਾਂ।

ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਵੈਸੇ ਸਮੁਚੇ ਤੌਰ ‘ਤੇ ਸਿਖਿਆ ਦਾ ਢਾਂਚਾ ਹੀ ਸੁਧਾਰ ਕਰਨ ਵਾਲਾ ਹੈ। ਮਾਪੇ ਬੱਚਿਆਂ ਨੂੰ ਕਾਲਜ ਭੇਜ ਕੇ ਆਪਣੀ ਜ਼ਿਮੇਦਾਰੀ ਤੋਂ ਸੁਰਖੁਰੂ ਹੋ ਗਏ, ਅਧਿਆਪਕ ਕਲਾਸ ਵਿਚ ਪੜ੍ਹਾ ਕੇ ਆਪਣੀ ਜ਼ਿਮੇਵਾਰੀ ਤੋਂ ਮੁਕਤ ਹੋ ਗਏ, ਤੇ ਸਰਕਾਰ ਆਪਣੀ ਜ਼ਿਮੇਵਾਰੀ ਤੋਂ ਮੁਕਤ ਹੋਈ ਸਮਝਦੀ ਹੈ, ਬੱਚਿਆਂ ਨੂੰ ਸਹੀ ਗਾਈਡੈਂਸ ਦੇ ਕੇ ਸਹੀ ਰਸਤੇ ਕੌਣ ਪਾਏ? ਵਿਦਿਅਕ ਸਿਸਟਮ ਨੂੰ ਸੁਧਾਰਣ ਵਲ ਕਿਸੇ ਦਾ ਧਿਆਨ ਨਹੀਂ ਹੈ ।

# 194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ, ਸੈ-98762-95829
(4 ਫਰਵਰੀ 2008)

ਹਰਬੀਰ ਸਿੰਘ ਭੰਵਰ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>>>

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.