ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com

                   lyK/aflf-duaflf/jfxkfrI

likari2001@yahoo.co.uk

‘ਔਰਤਾਂ ਤੇ ਅੱਤਿਆਚਾਰ ਮਾਨਸਿਕ ਪਛੜੇਪਣ ਦੀ ਨਿਸ਼ਾਨੀ ਹੈ’
-ਮੇਜਰ ਮਾਂਗਟ-

ਅਸੀਂ ਭਾਵੇਂ ਵਿਕਸਤ ਮੁਲਕਾਂ ਦੇ ਵਸ਼ਿੰਦੇ ਬਣ ਗਏ ਤੇ ਆਪਣੇ ਆਪ ਨੂੰ ਕਨੇਡੀਅਨ, ਅਮਰੀਕਣ ਅਤੇ ਬਰਤਾਨਵੀ ਅਖਵਾਉਣ ਵਿੱਚ ਮਾਣ ਵੀ ਮਹਿਸੂਸ ਕਰਦੇ ਹਾਂ। ਪਰ ਜਗਾ ਬਦਲਣ ਨਾਲ ਮਾਨਸਿਕਤਾ ਨਹੀਂ ਬਦਲ ਜਾਂਦੀ। ਕਿਸੇ ਮਨੁੱਖ ਦਾ ਵਿਕਸਤ ਹੋਣਾ ਉਸ ਦੇ ਦੇਸ਼ ਤੋਂ ਨਹੀਂ ਬਲਕਿ ਉਸਦੀ ਮਾਨਸਿਕਤਾ ਤੋਂ ਪਤਾ ਲੱਗਦਾ ਹੈ। ਪੱਛਮੀਂ ਸਮਾਜ ਸਾਡੇ ਨਿੱਤ ਵਿਚਰਨ ਦੇ ਤੌਰ ਤਰੀਕੇ ਦੇਖਦਾ ਹੀ ਸ਼ਾਇਦ ਆਪਣੇ ਆਪ ਤੋਂ ਘਟੀਆ ਮਹਿਸੂਸ ਕਰਦਾ ਹੈ। ਜਿਸ ਲਈ ਅਸੀਂ ਖੁਦ ਵੀ ਜਿੰਮੇਵਾਰ ਹਾਂ। ਅਸੀਂ ਆਪਣੇ ਰਹਿਣ ਸਹਿਣ ਲਈ ਵਿਕਸਤ ਮੁਲਕ ਤਾਂ ਚੁਣ ਲਏ ਪਰ ਆਪਣੀ ਮਾਨਸਿਕਤਾ ਦਾ ਵਿਕਾਸ ਨਹੀਂ ਕੀਤਾ। ਅਸੀਂ ਬਹੁਤ ਸਾਰੀਆਂ ਰੂੜੀਆਂ ਆਪਣੇ ਨਾਲ ਚੁੱਕ ਲਿਆਏ ਹਾਂ ਤੇ ਉਨ੍ਹਾਂ ਅਨੁਸਾਰ ਹੀ ਜੀਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਹੂਲਤਾਂ ਤਾਂ ਅਸੀਂ ਪੱਛਮੀਂ ਮੁਲਕਾਂ ਦੀਆਂ ਮਾਣੀਏ ਪਰ ਜੀਵੀਏ ਉਹ ਹੀ ਜੋ ਅਸੀਂ ਛੱਡਕੇ ਆਏ ਸੀ। ਜਿੱਥੇ ਔਰਤਾਂ ਦੀ ਅਜ਼ਾਦੀ ਦਾ ਮਤਲਬ ਬੇਹਯਾਈ ਹੈ। ਜਿੱਥੇ ਔਰਤ ਮਰਦ ਦੇ ਪੈਰ ਦੀ ਜੁੱਤੀ ਹੈ ਤੇ ਪਤੀ ਪ੍ਰਮੇਸ਼ਰ ਦੀ ਦਾਸੀ।

ਬਾਬੇ ਦੀ ਬਾਣੀ ਦਾ ਪਾਠ ਅਸੀਂ ਦਿਖਾਵਾ ਦਿਖਾਉਣ ਲਈ ਕਰਵਾਉਂਦੇ ਹਾਂ ਤਾਂ ਕਿ ਲੋਕ ਬਹਾਨੇ ਨਾਲ ਸਾਡਾ ਨਵਾਂ ਲਿਆ ਘਰ ਦੇਖ ਸਕਣ। ਸਾਡੀ ਪਾਵਰ ਤੇ ਲੀਡਰਾਂ ਨਾਲ ਸੰਪਰਕ ਦੇਖ ਸਕਣ। ਅਸੀਂ ਪੜ੍ਹਦੇ ਹਾਂ, ਲੋਕਾਂ ਵਿੱਚ ਚੰਗੇ ਬਣਨ ਲਈ ਅਮਲ ਕਰਨ ਲਈ ਨਹੀਂ। ‘ਸੋ ਕਿਉ ਮੰਦਾ ਆਖੀਏ' ਵੀ ਸਿਰਫ ਪੜ੍ਹਨ ਤੱਕ ਹੀ ਸੀਮਿਤ ਹੈ। ਉਦਾਂ ਤਾਂ ਅਸੀਂ ਬਾਬੇ ਨਾਲੋਂ ਮਨੂੰ ਦੇ ਵਧੇਰੇ ਨੇੜੇ ਹਾਂ। ਮਨੂੰ ਸਿਮ੍ਰਤੀ ਹੀ ਸਾਡੇ ਜੀਵਨ ਦਾ ਸੁਨਿਹਰਾ ਅਸੂਲ ਹੈ। ਜਿਵੇਂ ਔਰਤ ਮਰਦ ਦੇ ਪੈਰ ਦੀ ਜੁੱਤੀ ਹੈ ਜਿਸ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈ ਤੇ ਤਿੰਨ ਸੌ ਪੈਂਹਟ ਚਲਿੱਤਰ ਹੁੰਦੇ ਨੇ। ਉਸ ਵਕਤ ਅਸੀਂ ਭੁੱਲ ਜਾਂਦੇ ਹਾਂ ਕਿ ਉਹਨਾਂ ਔਰਤਾਂ ਵਿੱਚ ਸਾਡੀ ਮਾਂ ਭੈਣ ਤੇ ਬੇਟੀ ਵੀ ਹੁੰਦੀ ਹੈ।

ਲੇਕਿਨ ਸਾਨੂੰ ਇਹ ਦੋਸ਼ ਬੇਗਾਨੀਆਂ ਧੀਆਂ ਵਿੱਚ ਹੀ ਨਜ਼ਰ ਆਂਉਂਦੇ ਹਨ। ਉਦੋਂ ਅਸੀਂ ਸ਼ੂਦਰ ਢੋਰ ਤੇ ਨਾਰੀ ਤਿੰਨੋਂ ਤਾੜਨ ਦੇ ਅਧਿਕਾਰੀ ਵਾਲਾ ਫਾਰਮੂਲਾ ਅਪਣਾ ਲੈਂਦੇ ਹਾਂ। ਅੱਜ ਜੇ ਸਾਡੀਆਂ ਬਜ਼ੁਰਗ ਔਰਤਾਂ ਕੁੜੀ ਦੇ ਜਨਮ ਨੂੰ ਘ੍ਰਿਣਾ ਨਾਲ ਵੇਖਦੀਆਂ ਨੇ ਤਾਂ ਉਸ ਵਕਤ ਉਨ੍ਹਾਂ ਨੂੰ ਇੱਕ ਔਰਤ ਦੀ ਹੋਣੀ ਨਜ਼ਰ ਆ ਰਹੀ ਹੁੰਦੀ ਆ। ਜਿਸ ਨੇ ਸਾਰੀ ਉਮਰ ਛਿੱਤਰ ਹੀ ਖਾਣੇ ਹੁੰਦੇ ਨੇ, ਕਦੇ ਮਾਪਿਆਂ ਤੋਂ ਕਦੇ ਭਰਾਵਾਂ ਤੋਂ ਕਦੇ ਪਤੀ ਤੋਂ ਤੇ ਕਦੀ ਪੁੱਤਰਾਂ ਤੋਂ। ਅੱਗੇ ਤਾਂ ਕੁੜੀ ਨੂੰ ਜੰਮਣ ਤੋਂ ਬਾਅਦ ਮਾਰਿਆ ਜਾਂਦਾ ਸੀ, ਹੁਣ ਅਸੀਂ ਏਨੀ ਕੁ ਤਰੱਕੀ ਕਰ ਲਈ ਹੈ ਕਿ ਜੰਮਣ ਹੀ ਨਹੀਂ ਦਿੰਦੇ।

ਕੁੱਖ ਵਿੱਚ ਹੋ ਰਹੇ ਹਜ਼ਾਰਾਂ ਕਤਲਾਂ ਨੇ ਸਾਡੇ ਤੇ ਕੁੜੀ ਮਾਰਾਂ ਦਾ ਠੱਪਾ ਵੀ ਲਾ ਦਿੱਤਾ ਹੈ। ਸਾਡੇ ਗੁਰੂ ਜਿਹੜੇ ਕਹਿੰਦੇ ਸੀ ਕਿ ਕੁੜੀ ਮਾਰਾਂ ਨਾਲ ਰੋਟੀ ਬੇਟੀ ਦਾ ਰਿਸ਼ਤਾ ਨਹੀਂ ਰੱਖਣਾ। ਉਹ ਗੁਰੂ ਸਾਹਿਬਾਨ ਆਪਣੇ ਪੈਰੋਕਾਰਾਂ ਦੀ ਤਰੱਕੀ ਤੇ ਕੀ ਮਹਿਸੂਸ ਕਰਦੇ ਹੋਣਗੇ?
ਅਫਸੋਸ ਅਸੀਂ ਇੱਹ ਰੂੜੀਆਂ ਨਾਲ ਹੀ ਚੁੱਕ ਲਿਆਏ ਹਾਂ। ਰੋਜ਼ ਖਬਰਾਂ ਛਪਦੀਆਂ ਨੇ ਭਾਰਤੀ ਮੂਲ ਦੇ ਬੰਦੇ ਨੇ ਆਪਣੀ ਔਰਤ ਮਾਰ ਦਿੱਤੀ। ਬ੍ਰਟਿਸ਼ ਕੁਲੰਬੀਆ ਵਿੱਚ ਤਾਂ ਇਹ ਇੱਕ ਰੁਝਾਨ ਹੀ ਬਣ ਗਿਆ ਹੈ। ਆਏ ਦਿਨ ਔਰਤਾਂ ਕਤਲ ਹੁੰਦੀਆਂ ਨੇ ਤੇ ਅਸੀਂ ਆਪਣੀ ਨਸਲ ਦਾ ਨਾਂ ਬਦਨਾਮ ਕਰਦੇ ਹਾਂ। ਮੁੜ ਇਹ ਵੀ ਆਸ ਰੱਖਦੇ ਕੇ ਸਾਡੇ ਬੱਚੇ ਸਾਡੇ ਸੱਭਿਆਚਾਰ ਨੂੰ ਅਪਣਾਉਣ। ਕੀ ਉਸ ਸੱਭਿਆਚਾਰ ਨੂੰ ਜਿਸ ਵਿੱਚ ਔਰਤ ਪੈਰ ਦੀ ਜੁੱਤੀ ਹੈ। ਜਿੱਥੇ ਖੁਸ਼ੀ ਸਿਰਫ ਮੁੰਡੇ ਜੰਮਣ ਤੇ ਮਨਾਈ ਜਾਂਦੀ ਹੈ। ਜਿੱਥੇ ਪੁੱਤਰ ਦੀ ਦਾਤ ਲਈ ਅਰਦਾਸਾਂ ਕਰਕੇ ਉਸੇ ਬਾਬੇ ਦੀ ਬਾਣੀ ਦਾ ਮਜ਼ਾਕ ਉਡਾਇਆ ਜਾਂਦਾ ਹੈ ਜਿਸ ਨੇ ਔਰਤ ਨੂੰ ਮਹਾਨ ਕਿਹਾ ਸੀ...?

ਕੀ ਕਰ ਰਹੇ ਹਾਂ ਅਸੀ? ਮੁੰਡੇ ਵੇਚ ਰਹੇ ਹਾਂ ਪੱਚੀ ਪੱਚੀ ਲੱਖ ਵਿੱਚ। ਕੁੜੀਆਂ ਦੀ ਬੋਲੀ ਲਾ ਰਹੇ ਹਾਂ। ਕੁੜੀ ਨੂੰ ਬਾਹਰਲੇ ਮੁਲਕ ਭੇਜਣ ਲਈ ਅਸੀਂ ਕਿਸੇ ਵੀ ਬਘਿਆੜ ਅੱਗੇ ਪਰੋਸ ਸਕਦੇ ਹਾਂ। ਭਾਵੇਂ ਉਹ ਇੱਕੋ ਵਾਰ ‘ਚ ਖਾ ਲਏ ਜਾਂ ਨੋਚ ਨੋਚ ਕੇ ਖਾਂਦਾ ਰਹੇ। ਹੁਣ ਤਾਂ ਇਹ ਬਘਿਆੜ ਵੀ ਹੱਡਾਂ ਰੋੜੀਆਂ ਦੇ ਕੁੱਤੇ ਬਣ ਗਏ ਨੇ। ਨਵੀਆਂ ਹੱਡੀਆਂ ਚੂੰਡਣਾ ਹੀ ਇਨ੍ਹਾਂ ਦਾ ਸੱਭਿਆਚਾਰ ਹੈ।

ਟੋਰਾਂਟੋ ਵਿੱਚ ਇੱਕ ਅਜਿਹਾ ਹੀ ਵਿਅੱਕਤੀ ਭਾਰਤ ਤੋਂ ਵਿਆਹ ਕੇ ਲਿਆਂਦੀਆਂ ਤਿੰਨ ਕੁੜੀਆਂ ਨੂੰ ਮਾਰ ਕੇ ਉਨ੍ਹਾਂ ਦੀ ਇਨਸ਼ੋਰੈਂਸ ਲੈ ਚੁੱਕਾ ਸੀ ਤੇ ਆਖਰ ਕਨੂੰਨ ਦੇ ਸ਼ਿਕੰਜੇ ਵਿੱਚ ਫਸ ਗਿਆ। ਕਈਆਂ ਨੇ ਇਨ੍ਹਾਂ ਪੈਸਿਆਂ ਨਾਲ ਘਰ ਫਰੀ ਕੀਤੇ ਤੇ ਉਧਰੋਂ ਹੋਰ ਅੱਲ੍ਹੜ ਮੁਟਿਆਰਾ ਵਿਆਹ ਲਿਆਏ। ਬੱਲੇ ਉਹ ਪੰਜਾਬੀਉ ਨਹੀਂਉਂ ਰੀਸਾਂ ਥੋਡੀਆਂ। ਦੂਸਰੀਆਂ ਕਮਿਉਨਟੀਆਂ ਵਾਲੇ ਤਾਂ ਇਹ ਵੀ ਕਹਿ ਰਹੇ ਨੇ ਕਿ ਤੁਸੀ ਆਪਣੇ ਗੁਰੂਆਂ ਦੀ ਨੀ ਮੰਨੀ ਹੁਣ ਹੋਰ ਕੀਹਦੀ ਮੰਨ ਲਵੋਂਗੇ। ਕਨੂੰਨ ਤੁਹਾਡਾ ਕੀ ਵਿਗਾੜ ਸਕਦਾ ਹੈ। ਸਾਹਿਤ ਜੋ ਇਸ ਬਾਰੇ ਗੱਲ ਕਰਦਾ ਹੈ ਉਸ ਨਾਲ ਤੁਹਾਡਾ ਵਾਸਤਾ ਹੀ ਕੋਈ ਨਹੀਂ।

ਕਿਵੇਂ ਤੁਸੀਂ ਇੰਡੀਆਂ ਜਾ ਕੇ ਸਕੈਨਿੰਗ ਕਰਵਾ ਕੇ ਲਿੰਗ ਪਰਖ ਕੇ ਸਸਤੇ ਭਾਅ ਕੁੜੀਆਂ ਦਾ ਫਸਤਾ ਵੱਢ ਆਂਉਦੇ ਹੋ। ਕੁੜੀਆਂ ਮਾਰਨ ਦੇ ਤੁਸੀਂ ਕੀ ਕੀ ਤਰੀਕੇ ਲੱਭੇ ਹੋਏ ਨੇ। ਹੁਣ ਤਾਂ ਜੀਂਦੀਆਂ ਨੂੰ ਵੀ ਮਾਰਨ ਦਾ ਕੰਮ ਸੌਖਾ ਹੋ ਗਿਆ ਹੈ। ਕਿ ਪਹਿਲਾਂ ਪੱਚੀ ਤੀਹ ਲੱਖ ਲੈਕੇ ਵਿਆਹ ਕਰੋ। ਸਾਲ ਉਹਦੇ ਨਾਲ ਮੌਜਾ ਮਾਣੋ ਜਦੋਂ ਜੀ ਕਰੇ ਤਲਾਕ ਲੈ ਲਉ ਫਿਰ ਜੇ ਗਲੇ ਦੀ ਹੱਡੀ ਬਣੇ ਤਾਂ ਇੰਡੀਅ ਭੇਜ ਦਿਉ ਅਤੇ ਉੱਥੇ ਜਾਣ ਸਾਰ ਘੋਗਾ ਚਿੱਤ ਕਰਵਾ ਦਿਉ। ਪੁਲੀਸ ਨੂੰ ਖਬਰ ਪਹੁੰਚਣ ਤੋਂ ਪਹਿਲਾਂ ਸੰਸਕਾਰ ਕਰਕੇ ਸਬੂਤ ਮਿਟਾ ਦਿਉ। ਜਾਂ ਪੁਲੀਸ ਨੂੰ ਬੰਨ੍ਹ ਲਵੋ। ਤੁਹਾਡੀ ਨਜ਼ਰ ਵਿੱਚ ਸਭ ਕੁੱਝ ਵਿਕਾਊ ਹੈ।

ਸਾਲ ਦੋ ਸਾਲ ਬਾਅਦ ਫੇਰ ਜਾਉ ਕਨੇਡਾ ਦੇ ਨਾਂ ਨੂੰ ਫੇਰ ਭੱਦਰ ਪੁਰਸ਼ ਆਪਣੀਆਂ ਗਊ ਧੀਆਂ ਦੇ ਰੱਸੇ ਜਿਬਾਹ ਹੋਣ ਲਈ ਤੁਹਾਡੇ ਹੱਥ ਫੇਰ ਫੜਾ ਦੇਣਗੇ। ਕੁੜੀਆਂ ਨੂੰ ਪੌੜੀਆਂ ਬਣਾਉਣ ਵਾਲਿਆ ਦਾ ਘਾਟਾ ਉੱਥੇ ਵੀ ਨਹੀਂ ਜੋ ਇਹ ਸੋਚਦੇ ਨੇ ਕਿ ਇੱਕ ਖੂਹ ਵਿੱਚ ਸੁੱਟਣ ਨਾਲ ਸਾਰ ਟੱਬਰ ਤਰਦਾ ਹੈ।

ਪਿਛਲੇ ਦਿਨੀ ਕੈਲਗਰੀ ਅਤੇ ਵੈਨਕੋਵਰ ਵਿੱਚ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਨੇ ਜਿੱਥੇ ਔਰਤਾਂ ਨੂੰ ਬਹਾਨੇ ਨਾਲ ਇੰਡੀਆ ਭੇਜ ਕੇ ਕਤਲ ਕਰਵਾਇਆ ਗਿਆ। ਕਈ ਤਾਂ ਬਹੁਤੇ ਤੱਤਿਆਂ ਨੇ ਇਹ ਕੰਮ ਏਥੇ ਹੀ ਸ਼ੁਰੂ ਕਰ ਦਿੱਤਾ ਹੈ। ਜੋ ਸਾਡੇ ਸਾਰਿਆਂ ਲਈ ਇੱਕ ਸ਼ਰਮਨਾਕ ਗੱਲ ਹੈ। ਜੇ ਏਹੋ ਹਾਲ ਰਿਹਾ ਤਾਂ ਭਾਰਤੀ ਮੂਲ ਦੀਆਂ ਕੁੜੀਆਂ ਹੀ ਭਾਰਤੀ ਮੂਲ ਦੇ ਮੁੰਡਿਆਂ ਨਾਲ ਵਿਆਹ ਨਹੀਂ ਕਰਵਾਉਣਗੀਆਂ। ਕਿਉਂਕਿ ਵਿਆਹ ਸਾਡੇ ਸਮਾਜ ਵਿੱਚ ਸਿਰਫ ਸੌਦੇਬਾਜੀ ਬਣਦੀ ਜਾ ਰਹੀ ਹੈ। ਅਸੀਂ ਇਸਦੀ ਕੀਮਤ ਹੀ ਨਹੀਂ ਵਸੂਲਦੇ ਸਗੋਂ ਇਸ ਦੀ ਆੜ ਵਿੱਚ ਬਿਜਨਸ ਵੀ ਕਰਦੇ ਹਾਂ।

ਵੱਟੇ ਸੱਟੇ ਦੇ ਵਿਆਹਾਂ ਨਾਲ ਅਖਬਾਰਾਂ ਭਰੀਆਂ ਪਈਆਂ ਨੇ ਕਿ ਸਾਡੀ ਕੁੜੀ ਕੱਢੋ ਅਸੀਂ ਥੋਡਾ ਮੁੰਡਾ ਕੱਢਾਂਗੇ। ਧਰਮ ਵਾਲੇ ਪਾਠਾਂ ਅਰਦਾਸਾਂ ਦਾ ਬਿਜਨਸ ਕਰ ਰਹੇ ਨੇ। ਉਹ ਤਿੰਨ ਕੁੜੀਆਂ ਦੇ ਅਬੌਰਸ਼ਨ ਪਿੱਛੋ ਹੋਏ ਮੁੰਡੇ ਨੂੰ ਵੀ ਗੁਰੂ ਦੀ ਦਾਤ ਦੱਸਦੇ ਨੇ ਤੇ ਘਰ ਵਾਲੀ ਨੂੰ ਮਾਰ ਕੇ ਉਸੇ ਇੰਨਸ਼ੋਰੈਂਸ ਨਾਲ ਲਏ ਘਰ ਨੂੰ ਵੀ। ਸੱਭਿਆਚਾਰ ਦੀ ਡੌਂਡੀ ਪਿੱਟਣ ਵਾਲੇ ਖੁਦ ਇਸ ਤੋਂ ਕੋਹਾਂ ਦੂਰ ਨਿੱਕਲ ਚੁੱਕੇ ਨੇ।

ਵੈਨਕੋਵਰ ਏਰੀਏ ਵਿੱਚ ਡਰੱਗ ਦੇ ਧੰਦੇ ਤੋਂ ਬਾਅਦ ਭਾਰਤੀ ਭਾਈਚਾਰਾ ਤੀਵੀਆਂ ਤੇ ਤਸ਼ੱਦਦ ਕਰਨ ਲਈ ਬਦਨਾਮ ਹੋ ਰਿਹਾ ਹੈ। ਅਸੀਂ ਭੁੱਲ ਜਾਂਦੇ ਹਾਂ ਕਿ ਸਾਡੇ ਬੱਚੇ ਕਨੇਡਾ ਵਿੱਚ ਜੰਮੇ ਪਲ਼ੇ ਹਨ ਤੇ ਏਥੋਂ ਦੇ ਸੱਭਿਆਚਾਰ ਅਨੁਸਾਰ ਹੀ ਉਨ੍ਹਾਂ ਜੀਣਾ ਹੈ। ਅਸੀਂ ਪਤਾ ਨਹੀਂ ਕਿਉਂ ਖੁਦ ਹੀ ਏਹ ਮੁਲਕ ਚੁਣ ਕੇ ਉਨ੍ਹਾਂ ਨੂੰ ਆਪਣੇ ਪਿਤਾ ਪੁਰਖਿਆਂ ਤੋਂ ਸਿੱਖੇ ਸਦੀਆਂ ਪੁਰਾਣੇ ਸੱਭਿਆਚਾਰ ਵਿੱਚੋਂ ਲੰਘਾਉਣਾ ਚਾਹੁੰਦੇ ਹਾਂ। ਜਿੱਥੇ ਧੀ ਪਿਤਾ ਦੀ ਜਾਇਦਾਦ ਹੈ। ਪਿਤਾ ਉਸ ਦੀ ਜ਼ਿੰਦਗੀ ਦੇ ਜੋ ਮਰਜੀ ਫੈਸਲੇ ਕਰੇ ਪਰ ਉਹ ਮੂੰਹੋਂ ਕੁੱਝ ਨਾ ਉਚਰੇ। ਆਪਣੇ ਜੀਵਨ ਬਾਰੇ ਉਸ ਨੂੰ ਕੋਈ ਫੈਸਲਾ ਕਰਨ ਦਾ ਅਧਿਕਾਰ ਨਹੀਂ। ਜੇ ਉਹ ਸੁਤੇ ਸਿੱਧ ਕਿਸੇ ਹੋਰ ਕਮਿਊਂਨਟੀ ਦੇ ਮੁੰਡੇ ਨਾਲ ਪਿਆਰ ‘ਚ ਪੈ ਕੇ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਅਸੀਂ ਹੱਥੀਂ ਪਾਲੀ ਪਲੋਸੀ ਧੀ ਨੂੰ ਵੈਨਕੋਵਰ ਦੇ ਪਹਾੜਾਂ ‘ਚ ਲਿਜਾ ਕੇ ਖਤਮ ਕਰ ਦਿੰਦੇ ਹਾਂ।

ਸਾਡੀ ਕਮਿਊਨਟੀ ‘ਚ ਵੱਟੇ ਸੱਟੇ ਦੇ ਵਿਆਹ ਅਧੀਨ ਤਾਂ ਸਾਰੀ ਇੱਜਤ ਛਿੱਕੇ ਤੇ ਟੰਗ ਦਿੱਤੀ ਜਾਂਦੀ ਹੈ। ਬਾਹਰ ਲਿਜਾਣ ਦਾ ਝਾਂਸਾ ਦੇ ਕੇ ਭਾਵੇਂ ਕੋਈ ਕੁੜੀ ਨੂੰ ਹੋਟਲਾਂ ‘ਚ ਰੱਖੇ, ਮੰਤਰੀਆਂ ਨੂੰ ਪੇਸ਼ ਕਰੇ ਜਾਂ ਆਪਣੇ ਮਨੋਰੰਜਨ ਦਾ ਸਾਧਨ ਬਣਾਵੇ, ਸਭ ਜਾਇਜ ਹੈ। ਜੇ ਕੁੜੀ ਭਾਰਤ ਜਾ ਕੇ ਆਪਣੀ ਮਰਜੀ ਨਾਲ ਪ੍ਰੇਮ ਵਿਆਹ ਕਰਨਾ ਚਾਹਵੇ ਫੇਰ ਸਾਡੇ ਅੰਦਰ ਸੁੱਤੀ ਇੱਜਤ ਜਾਗ ਪੈਂਦੀ ਹੈ ਫੇਰ ਉਸ ਦਾ ਕਤਲ ਕਰਵਾ ਦਿਉ।
ਉਂਝ ਅਸੀਂ ਮੌਡਰਨ ਹਾਂ ਏਧਰਲੀਆਂ ਪੜ੍ਹੀਆਂ ਲਿਖੀਆਂ ਤੇ ਨੌਕਰੀ ਸ਼ੁਦਾ ਕੁੜੀਆਂ ਨਾਲ ਵਿਆਹ ਕਰਵਾਉਣਾ ਲੋਚਦੇ ਹਾਂ। ਪਰ ਵਿਆਹ ਤੋਂ ਬਾਅਦ ਜਦੋਂ ਇਹ ਟੀਚਰ ਜਾਂ ਡਾਕਟਰ ਕੁੜੀਆਂ ਬਰਾਬਰ ਦੇ ਹੱਕ ਮੰਗਦੀਆਂ ਨੇ ਉਹ ਸਾਨੂੰ ਪ੍ਰਵਾਨ ਨਹੀਂ। ਫੇਰ ਸਾਨੂੰ ਹਾਊਸ ਸਰਵੈਂਟ ਚੰਗੀ ਲੱਗਦੀ ਜੋ ਘਰ ਸਾਫ ਕਰੇ, ਬੱਚੇ ਪਾਲ਼ੇ, ਮਾਂ ਬਾਪ ਦੀ ਸੇਵਾ ਕਰੇ, ਨੌਕਰੀ ਵੀ ਕਰੇ ਅਤੇ ਪੇਅ ਚੈੱਕ ਲਿਆ ਕੇ ਤੁਹਾਡੇ ਹੱਥ ਤੇ ਧਰ ਦੇਵੇ। ਮੁੜਕੇ ਤੁਸੀਂ ਪੰਜ ਡਾਲਰ ਵੀ ਮਸਾਂ ਦੇ ਕੇ ਉਸ ਦਾ ਹਿਸਾਬ ਮੰਗੋ। ਫੇਰ ਉਸ ਦੀ ਆਧੁਨਿਕਤਾ ਹਜ਼ਮ ਨਹੀਂ ਹੁੰਦੀ। ਤੁਸੀਂ ਜੋ ਮਰਜੀ ਕਰੋਂ ਉਹ ਤੁਹਾਨੂੰ ਕੁੱਝ ਵੀ ਪੁੱਛੇ ਨਾ...। ਉਹ ਤੁਹਾਡੇ ਪੁੱਛੇ ਬਗੈਰ ਸਾਹ ਵੀ ਨਾਂ ਲੈ ਸਕੇ। ਕਿੰਨਾ ਧੱਕਾ ਹੈ...?
ਏਸ ਧੱਕੇ ਵਿੱਚ ਮਾਂ ਬਾਪ, ਭੈਣ ਭਰਾ ਸਾਰੇ ਸ਼ਾਮਲ ਹੋ ਜਾਂਦੇ ਨੇ। ਜੋ ਆਪਣੇ ਮੁੰਡੇ ਨੂੰ ਘਰਵਾਲੀ ਪਿੱਛੇ ਲੱਗਿਆ ਹੋਇਆ ਦੇ ਤਾਹਨੇ ਮਾਰ ਮਾਰ ਉਸ ਦੀ ਸੁੱਤੀ ਪਈ ਪਸ਼ੂ ਬ੍ਰਿਤੀ ਨੂੰ ਜਗਾ ਕੇ ਕੁੱਟ ਮਾਰ ਦਾ ਕਾਰਨਾਮਾ ਕਰਵਾਉਂਦੇ ਨੇ। ਉਂਝ ਭਾਵੇਂ ਭਰਾ ਕਿਸੇ ਗੱਲ ਵਿੱਚ ਸਾਥ ਨਾ ਦੇਣ ਪਰ ਮਾੜੀ ਔਰਤ ਦਾ ਫਾਹਾ ਵੱਢਣ ਵਿੱਚ (ਜੋ ਉਨਾਂ ਨੂੰ ਸੂਤ ਨਾ ਬੈਠਦੀ ਹੋਵੇ) ਸਭ ਤੋਂ ਅੱਗੇ ਹੁੰਦੇ ਨੇ। ਕਈ ਔਰਤਾਂ ਦੇ ਕਤਲ ਪਤੀ ਦੇ ਭਰਾਵਾਂ ਦੀ ਹੱਲਾ ਸ਼ੇਰੀ ਕਾਰਨ ਵੀ ਹੋਏ ਨੇ। ਅੱਜ ਕੱਲ ਪੰਜਾਬੀ ਦੇ ਆ ਰਹੇ ਗੀਤ, ਘਰ ਦੀ ਦਾਰੂ ਕੱਢਣੀ, ਬੁੱਕਣਾ, ਮੱਘੇ ਕੱਢਣਾ, ਕਤਲੇ ਕਰਨੇ ਅਤੇ ਹਥਿਆਰ ਰੱਖਣੇ ਬਲਦੀ ਤੇ ਤੇਲ ਦਾ ਕੰਮ ਕਰ ਰਹੇ ਨੇ। ਅਗਲੀ ਪੀੜੀ ਸੋਚਦੀ ਕਿ ਜੱਟਾਂ ਦੇ ਪੁੱਤਾਂ ਦਾ ਖਾਸਾ ਹੀ ਏਹੋ ਹੁੰਦਾ ਹੈ।

ਸਾਡੀ ਅਗਲੀ ਪੀੜ੍ਹੀ ਦਾ ਕੀ ਬਣੇਗਾ? ਅਸੀਂ ਨਹੀਂ ਸੋਚ ਰਹੇ। ਧੜਾ ਧੜ ਤਲਾਕ ਹੋ ਰਹੇ ਨੇ, ਬੱਚੇ ਰੁਲ਼ ਰਹੇ ਨੇ ਅਸੀਂ ਚੁੱਪ ਹਾਂ। ਤੀਵੀਆਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਬੱਚਿਆ ਦੇ ਸਾਹਮਣੇ ਹੀ। ਸ਼ਰਾਬ ਹਰ ਰੋਜ ਸਾਡੇ ਸਿਰ ਚੜ ਕੇ ਨੱਚਦੀ ਹੈ। ਬੱਚੇ ਪੜ੍ਹਾਈ ਵਿੱਚ ਘਰ ਦੇ ਮਹੌਲ ਕਰਕੇ ਪਛੜ ਰਹੇ ਨੇ। ਉਸ ਦਾ ਦੋਸ਼ ਵੀ ਤੀਵੀਂ ਸਿਰ ਮੜ੍ਹ ਦਿਉ ਕੇ ਤੇਰੇ ਕਰਕੇ ਹੈ। ਜੇ ਅੱਗਿਉ ਬੋਲੇ ਤਾਂ ਕੁੱਟ ਸਿੱਟੋ, ਜੋ ਹੋਰ ਉੱਚੀ ਬੋਲੇ ਤਾਂ ਜ਼ੁਬਾਨ ਸਦਾ ਲਈ ਬੰਦ ਕਰ ਦਿਉ। ਤੁਸੀਂ ਜੱਟਾਂ ਦੇ ਪੁੱਤ ਜੋ ਹੋਏ...।

ਵਾਹ ਉਏ ਪੰਜਾਬੀਉ ਕੀ ਏਹੀ ਹੈ ਤੁਹਾਡਾ ਸੱਭਿਆਚਾਰ...। ਮੈਨੂੰ ਤਾਂ ਨੀ ਲੱਗਦਾ ਕਿ ਅਗਲੀ ਜਨਰੇਸ਼ਨ ਇਹ ਪਸ਼ੂ ਬਿਰਤੀ ਨਾਲ ਲੈ ਕੇ ਚੱਲੇਗੀ। ਪੰਜਾਬੀ ਬਹੁਤ ਚੰਗੇ ਵੀ ਹਨ ਪਰ ਉਨਾਂ ਦੀ ਬਾਤ ਕੋਈ ਨਹੀਂ ਪੁੱਛਦਾ। ਮੈਂ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਕਹਿੰਦਾ। ਪਰ ਜਦੋਂ ਸਾਡੇ ਕੋਹਝੇ ਕਾਰਨਾਮਿਆਂ ਤੇ ਟੈਲੀ ਫਿਲਮਾਂ ਬਣਾ ਕੇ ਮੁੱਖ ਧਾਰਾ ਦੇ ਚੈਨਲ ਸਾਡੀ ਮੁੱਖ ਪਛਾਣ ਏਹੋ ਦੱਸਦੇ ਨੇ ਤਾਂ ਮਨ ਇੱਕ ਪੰਜਾਬੀ ਹੋਣ ਦੇ ਨਾਤੇ ਵਾਕਿਆ ਹੀ ਸੋਚਦਾ ਹੈ ਕਿ ਕੀ ਅਸੀਂ ਸੱਚ ਮੁੱਚ ਕੁੜੀ ਮਾਰ ਲੋਕ ਹਾਂ ਤੇ ਅਪਣੇ ਗੁਰੂਆਂ ਵਲ ਪਿੱਠ ਕਰਕੇ ਖੜੇ ਹਾਂ?

ਆਉ ਆਪਣੀ ਪਛਾਣ ਬਦਲੀਏ। ਸੋ ਕਿਉ ਮੰਦਾ ਆਖੀਏ, ਤੇ ਏਕ ਨੂਰ ਦੀ ਵਿਚਾਰਧਾਰਾ ਨਾਲ ਜੁੜੀਏ। ਲਿੰਗ ਭੇਦ, ਭਰੂਣ ਹੱਤਿਆ, ਅਮੀਰੀ ਦੀ ਲਾਲਾਸਾ ਅਧੀਨ ਡਰੱਗ ਧੰਦਾ, ਵੱਟੇ ਸੱਟੇ ਦੇ ਰਿਸ਼ਤੇ, ਔਰਤਾਂ ਦੀ ਕੁੱਟ ਤੇ ਕਤਲਮਾਰ ਵਰਗੇ ਸਾਡੇ ਤੇ ਲੱਗਦੇ ਕਲੰਕ ਧੋ ਕੇ ਇਹ ਸਾਬਤ ਕਰੀਏ ਕਿ ਸਾਡਾ ਧਰਮ ਸਿਰਫ ਤੇ ਸਿਰਫ ਪੈਸਾ ਨਹੀਂ ਹੈ। ਗਲੋਬਲਾਈਜੇਸ਼ਨ ਦੇ ਦੌਰ ਵਿੱਚ ਅਸੀਂ ਪੂਰੇ ਵਿਸ਼ਵ ਵਿੱਚ ਉਹ ਸਨਮਾਨਯੋਗ ਸਥਾਨ ਹਾਸਲ ਕਰਨਾ ਹੈ ਜਿਸ ਨੂੰ ਵੇਖ ਕੇ ਸਾਡੇ ਬੱਚੇ ਸਾਡੇ ਕਦਮ ਚਿੰਨ੍ਹਾਂ ਤੇ ਖੁਦ ਹੀ ਚੱਲ ਕੇ ਮਾਣ ਮਹਿਸੂਸ ਕਰਨ। ਕਿਉਂਕਿ ਅਗਲਾ ਸਮਾਂ ਹੁਣ ਉਨ੍ਹਾਂ ਦਾ ਹੈ...।

*****
(5 ਮਾਰਚ 2008 ਯੂਨੀਕੋਡ

 ਮੇਜਰ ਮਾਂਗਟ ਦੀਆਂ ਲਿਖਾਰੀ ਵੱਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari


? likhari: Punjabi Likhari Forum-2001-2008