ਬੇਹੋਸ਼
ਅਨਮੋਲ ਕੌਰ (ਕੈਨੇਡਾ)
ਅੱਜ ਜਦੋਂ ਉਹ ਵੋਟਾਂ ਮੰਗਣ ਉਸ ਘਰ ਵਿਚ ਆਇਆ ਜਿਸ ਵਿਚ
ਮੈ ਰਹਿੰਦਾ ਹਾਂ ਤਾਂ ਮੇਰਾ ਦਿਲ ਕੀਤਾ ਕਿ ਮੈਂ ਉਸ ਦਾ ਸਿਰ ਪਾੜ ਦੇਵਾਂ।
ਪਰ ਘਰ ਦੇ ਬਾਕੀ
ਮੈਂਬਰਾਂ ਨੂੰ ਦੇਖਦੇ ਹੋਏ ਮੈਂ ਕੁੱਝ ਵੀ ਨਹੀਂ ਸੀ ਕਰ ਸਕਦਾ।
ਜੇ ਇਹ ਮੇਰਾ ਘਰ
ਹੁੰਦਾ ਤਾਂ ਸ਼ਾਇਦ ਮੈਂ ਉਸ ਦੇ ਉੱਪਰ ਗੁੱਸਾ ਕੱਢ ਕੇ ਆਪਣਾ ਮਨ ਥੋੜ੍ਹਾ ਬਹੁਤਾ ਹਲਕਾ
ਕਰ ਹੀ ਲੈਂਦਾ।
ਪਰ ਜਿਉਂ ਹੀ ਉਸ ਨੇ ਆਪਣਾ ਪੈਰ ਘਰ ਦੀ ਦਲਹੀਜ਼ ਉੱਪਰ ਧਰਿਆ,
ਮੈਂ ਮਹਿਸੂਸ ਕੀਤਾ ਜਿਵੇਂ ਮੇਰੇ ਦਿਲ ਦੇ ਵਿਚ ਗੋਲੀ ਵਜੀ ਹੋਵੇ,
ਉਸ ਦਾ ਮੁਸਕਰਾਉਂਦਾ ਚਿਹਰਾ ਇੰਝ ਜਾਪਿਆ ਜਿਵੇ ਮੈਨੂੰ ਦੰਦੀਆਂ
ਚਿੜਾ ਰਿਹਾ ਹੋਵੇ।
ਬਾਹਰ ਭਾਵੇਂ
ਬਾਰਸ਼ ਹੋ ਰਹੀ ਸੀ ਅਤੇ ਹਲਕੀ ਹਲਕੀ ਠੰਡ ਵੀ ਸੀ।
ਪਰ ਮੈਨੂੰ
ਚੋਗਿਰਦੇ ਲਾਟਾਂ ਬਲਦੀਆਂ ਨਜ਼ਰ ਆਈਆਂ।
ਚੀਕ- ਚਿਹਾੜਾ
ਅਤੇ ਅੱਗਾਂ ਲਾਉਂਦੇ ਦਰਿੰਦੇ ਨਜ਼ਰ ਆਏ।
ਮੇਰੇ ਪਿਉ ਦੇ
ਗੱਲ ਵਿਚ ਪਾਏ ਬਲੱਦੇ ਟਾਇਰ ਦੀਆਂ ਲਾਟਾਂ ਦੂਰ ਦੂਰ ਤੱਕ ਉੱਡਦੀਆਂ ਦਿਸੀਆਂ।
ਮੈਂ ਆਪਣੀ ਮਾਂ,
ਦੁਸ਼ਟਾਂ ਦੇ ਪੈਰ ਫੜਦੀ,
ਮੇਰੇ ਪਿਉ ਦੀ ਜ਼ਿੰਦਗੀ ਲਈ ਭੀਖ ਮੰਗਦੀ ਦੇਖੀ।
ਪਰ ਉਹਨਾਂ ਮੇਰੀ ਮਾਂ ਨਾਲ ਜੋ ਕੀਤਾ ਮੈਂ ਉਸ ਨੂੰ ਯਾਦ ਕਰਕੇ ਫਿਰ ਬੇਹੋਸ਼ ਹੋ
ਜਾਵਾਂਗਾ।
ਬੇਹੋਸ਼ ਹੋਣ ਤੋਂ
ਪਹਿਲਾ ਹੀ ਮੇਰੇ ਮਾਲਕ ਨੇ ਮੈਨੂੰ ਅਵਾਜ਼ ਮਾਰੀ,
“ ਕਾਕਾ, ਦੁਕਾਨ ਤੋਂ
ਮਠਿਆਈ ਹੀ ਲੈ ਆ, ਲੀਡਰ ਸਾਹਿਬ ਲਈ।
ਮਾਲਕਣ ਨੂੰ ਕਹਿ ਚਾਹ ਵੀ ਰੱਖ ਦੇਵੇ।”
“
ਦੂਜੀ ਚਾਹ ਤਾਂ ਸਾਡੇ ਕੋਲ ਗੱਡੀ ਵਿਚ ਬਥੇਰੀ ਪਈ ਹੈ।
” ਲੀਡਰ
ਨੇ ਢੀਠਾਂ ਵਾਂਗ ਕਿਹਾ, ਤੁਸੀ ਪੀਂਦੇ ਨਹੀਂ ਇਸ ਲਈ
ਅਸੀਂ ਲਿਆਏ ਨਹੀਂ।
ਵੈਸੇ ਬਹੁਤੇ
ਘਰਾਂ ਵਿਚ ਅਸੀ ਪੇਟੀ ਨਾਲ ਲੈ ਕੇ ਹੀ ਵੜੀਦਾ ਹੈ।”
ਪੈਸੇ ਲੈ ਕੇ ਮਠਿਆਈ ਲੈਣ
ਲਈ ਭਾਂਵੇ ਮੈ ਤੁਰ ਪਿਆ,
ਪਰ ਦਿਲ ਕਰੇ ਇਸ ਬੇਅਣਖੀ ਲੀਡਰ ਲਈ ਮੈਂ ਜ਼ਹਿਰ ਲੈ ਆਵਾਂ ਅਤੇ ਘਰੇ ਆਏ ਬੰਦਿਆਂ ਨੂੰ
ਘੋਲ ਕੇ ਪਿਲਾ ਦੇਵਾਂ ਜਿਹਨਾ ਨੂੰ ਨਾ ਆਪਣੇ ਦੇਸ਼ ਅਤੇ ਨਾ ਹੀ ਆਪਣੀ ਕੌਮ ਲਈ ਕੋਈ
ਪਿਆਰ ਹੈ, ਬਸ ਪਿਆਰ ਹੈ ਤਾਂ ਸਿਰਫ ਕੁਰਸੀ ਲਈ।
ਮਠਿਆਈ ਲੈਣ ਦੀ ਮੈਂ ਕੋਈ ਕਾਹਲੀ ਨਾ ਕੀਤੀ।
ਹੌਲੀ ਹੌਲੀ ਦੁਕਾਨ ਤੋਂ ਮਠਿਆਈ ਲੈ, ਮੁੜ ਘਰ ਦੀ ਡਿਊੜੀ ਵਿਚ ਦਾਖਲ ਹੋਇਆ ਤਾਂ
ਅਦਰੋਂ ਸਾਫ ਅਵਾਜ਼ਾਂ ਬਾਹਰ ਤਕ ਆ ਰਹੀਆਂ ਸਨ।
ਮੇਰਾ ਮਾਲਕ ਕਹਿ
ਰਿਹਾ ਸੀ,
“ ਚਾਹ ਠੰਡੀ ਹੋ ਰਹੀ ਹੈ,
ਲੜਕਾ ਮਠਿਆਈ ਲੈ ਕੇ ਹੀ ਨਹੀਂ ਮੁੜਿਆ”
“ ਸਰਦਾਰ ਸਾਹਿਬ, ਇਹ
ਲੜਕਾ ਹੈ ਕੌਣ ?” ਲੀਡਰ ਨੇ ਪੁੱਛਿਆ।
“ ਇਸ ਦੀ ਬਹੁਤ ਲੰਮੀ ਕਹਾਣੀ ਹੈ।”
ਮਾਲਕ ਨੇ ਦੱਸਿਆ, ਰੁਲਦਾ-ਖੁਲਦਾ
ਪਲਿਆ ਹੈ ਹੁਣੇ ਜਿਹੇ ਸਾਡੇ ਕੋਲ ਆਇਆ ਹੈ।”
ਆਪਣੇ ਬਾਰੇ ਗੱਲ ਸੁਣ ਕੇ ਮੇਰਾ ਦਿਲ ਕਰੇ ਕਿ ਮੈਂ
ਦਰਵਾਜ਼ੇ ਪਿੱਛੇ ਲੁੱਕ ਕੇ ਕੁੱਝ ਹੋਰ ਗੱਲਾਂ ਸੁਣਾ।
ਨਾ ਚਾਹੁੰਦਿਆ
ਹੋਇਆ ਵੀ ਮੈਂ ਮਠਿਆਈ ਉਹਨਾਂ ਦੇ ਅੱਗੇ ਪੇਸ਼ ਕਰ ਦਿੱਤੀ ਅਤੇ ਉਹਨਾਂ ਦੇ ਕੋਲ ਹੀ ਪਏ
ਮੂੜ੍ਹੈ ਤੇ ਇਕ ਪਾਸੇ ਜਿਹੇ ਨੂੰ ਹੋ ਕੇ ਬੈਠ ਗਿਆ।
ਉਹਨਾਂ ਚਾਹ ਪੀਦਿਂਆ ਇਕ ਦੋ ਵਾਰੀ ਮੇਰੇ ਮੂੰਹ ਵੱਲ ਨੂੰ ਦੇਖਿਆ,
ਪਰ ਆਪਣੀਆਂ ਗੱਲਾਂ ਜਾਰੀ ਰੱਖਦਿਆਂ ਮੇਰੇ ਮਾਲਕ ਨੇ ਕਿਹਾ,
“ ਲੀਡਰ ਸਾਹਿਬ, ਪਿਛਲੇ
ਸਾਲ ਤੁਸੀਂ ਕਾਫੀ ਜੋਰ ਲਾਇਆ ਸੀ ਕਿ ਪੰਜਾਬ ਦੇ ਲਟਕਦੇ ਮਸਲੇ ਹਲ ਕੀਤੇ ਜਾਣ,
ਹੁਣ ਜੇ ਤੁਸੀਂ ਪਾਵਰ ਵਿਚ ਆ ਗਏ ਤਾਂ ਉਮੀਦ ਹੈ ਸਾਰੇ ਰਹਿੰਦੇ
ਮਸਲੇ ਪੂਰੇ ਹੋ ਜਾਣਗੇ।”
ਲੀਡਰ ਨੇ ਨਾਲ ਆਏ ਦੂਸਰੇ ਬੰਦੇ ਵੱਲ ਦੇਖਿਆ ਤਾਂ
ਦੋਨੋ ਮੁਸਕ੍ਰਾ ਪਏ।
ਉਹਨਾਂ ਦੇ ਦੰਦ
ਮੈਨੂੰ ਹਾਥੀ ਦੇ ਲੱਗੇ ਜੋ ਖਾਣ ਲਈ ਹੋਰ ਅਤੇ ਦਿਖਾਣ ਨੂੰ ਹੋਰ ਹੋਣ।
ਮੈਂ ਨਾਲ ਆਏ
ਬੰਦੇ ਵੱਲ ਗਹੁ ਨਾਲ ਦੇਖਿਆ ਤਾ ਮੈਨੂੰ ਲੱਗਾ ਜਿਵੇਂ ਮੈਂ ਉਸ ਨੂੰ ਪਹਿਲਾ ਵੀ ਕਿਤੇ
ਦੇਖਿਆ ਹੋਵੇ।
“ ਤੁਸੀਂ ਪਾਵਰ ਵਿਚ ਲਿਆਉ ਤਾਂ ਸਹੀ,
ਫਿਰ ਦੇਖਿਉ ਮਸਲੇ ਇਕੱਲੇ ਪੰਜਾਬ ਦੇ ਨਹੀਂ ਸਾਰੀ ਦੁਨੀਆ ਦੇ ਹੱਲ
ਕਰਾਂਗੇ।”
ਇਹ ਕਹਿ ਕੇ ਉਹ ਬੰਦਾ ਜ਼ੋਰ ਦੀ ਹੱਸਿਆ।
ਜਦੋਂ ਉਹ ਹੱਸਦੇ ਤਾਂ ਮੈਨੂੰ ਹੋਰ ਵੀ ਗੁੱਸਾ ਚੜ੍ਹ
ਜਾਂਦਾ।
ਪਰ ਮੈਂ ਆਪਣਾ
ਗੁੱਸਾ ਲੁਕਾਉਂਦਾ ਹੋਇਆ ਖਾਮੋਸ਼ ਬੈਠਾ ਰਿਹਾ।ਹੌਲੀ
ਹੌਲੀ ਉਹਨਾਂ ਦੀਆਂ ਗੱਲਾਂ ਦੁਨੀਆ ਦੇ ਮਸਲੇ ਛੱਡ,
ਪੰਜਾਬ ਦੇ ਮਸਲਿਆਂ ਦੇ ਵਿਚੋਂ ਦੀ ਲੰਘਦੀਆ ਸਿੱਖਾਂ ਦੇ ਮਸਲੇ ਤੇ
ਅਟਕ ਗਈਆਂ।
“ ਜੇ ਸਾਡੀ ਜਿੱਤ ਹੋਈ ਤਾਂ ਅਸੀਂ 'ਚੌਰਾਸੀ' ਦੇ
ਦੰਗਾਕਾਰੀਆਂ ਨੂੰ ਸਜ਼ਾ ਜ਼ਰੂਰ ਦਵਾਵਾਂਗੇ।”
ਉਹ ਬੰਦਾ ਫਿਰ ਬੋਲਿਆ।
ਇਹ ਗੱਲ ਸੁਣ ਕੇ ਮੇਰਾ ਮੂੰਹ ਅਤੇ ਕੰਨ ਲਾਲ ਹੋ ਗਏ,
ਮੇਰੇ ਸਾਰੇ ਸਰੀਰ ਦੀ ਲੂਈਂ ਖੜ੍ਹ ਗਈ।
ਮੇਰਾ ਦਿਲ
ਲੌਹਾਰ ਦੀ ਧੋਂਕਣੀ ਵਾਂਗ ਚਲਣ ਲੱਗਾ।
ਇਸ ਤੋਂ ਜ਼ਿਆਦਾ
ਮੇਰੀ ਹਾਲਤ ਹੋਰ ਵੀ ਖਰਾਬ ਹੋ ਜਾਣੀ ਸੀ,
ਜਦੋਂ ਕਿ ਮੇਰੇ ਮਾਲਕ ਨੇ ਉੱਚੀ ਅਵਾਜ਼ ਵਿਚ ਮੇਰਾ ਨਾਮ ਲਿਆ ਤਾਂ
ਮੈਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ।
ਇਸ ਗਲੋਂ ਮੇਰਾ
ਮਾਲਕ ਬੜਾ ਹੀ ਸਿਆਣਾ ਹੈ।
ਉਹ ਬਹੁਤ ਵਾਰੀ
ਮੈਨੂੰ ਉਸ ਹਾਲਤ ਵਿਚ ਜਾਣ ਨਹੀ ਦਿੰਦਾ ਜਿਸ ਵਿਚ ਜਾ ਕੇ ਮੇਰੀ ਜਾਨ ਨੂੰ ਖਤਰਾ ਵੀ
ਹੋ ਸਕਦਾ ਹੋਵੇ।
ਡਾਕਟਰ ਨੇ ਵੀ
ਉਹਨਾਂ ਨੂੰ ਇਹੀ ਦੱਸਿਆ ਹੈ,
ਜਿੰਨਾ ਤੁਸੀਂ ਇਸ ਨੂੰ ਉਸ ਹਾਲਤ ਵਿਚ ਜਾਣ ਤੋਂ ਰੋਕੋਗੇ,
ਉਨੀਂ ਛੇਤੀ ਇਸ ਦੇ ਠੀਕ ਹੋਣ ਦੀ ਸੰਭਾਵਣਾ ਹੈ।
ਵੈਸੇ ਅੱਜ ਤਾਂ
ਮੈਨੂੰ ਵੀ ਥੋੜ੍ਹਾ ਫਰਕ ਨਜ਼ਰ ਆਇਆ।
ਅੱਗੇ ਤਾਂ ਕਿਸੇ
ਨੇ ਚੌਰਾਸੀ ਦਾ ਨਾਮ ਲਿਆ ਨਹੀਂ ਤੇ ਮੈਂ ਬੇਹੋਸ਼ ਹੋਇਆ ਨਹੀ।
ਉਸ ਤਰਾਂ ਵੀ
ਉਮਰ ਤੀਹਾਂ ਦੇ ਨੇੜੇ ਢੁਕਣ ਵਾਲੀ ਹੈ ਅਤੇ ਅੱਗੇ ਨਾਲੋਂ ਤਕੜਾ ਹੋਇਆ ਮਹਿਸ਼ੂਸ ਕਰਦਾ
ਪਿਆ ਹਾਂ।
ਬਚਪਨ ਦੇ ਦੁੱਖ
ਨੇ ਜੋ ਮੇਰੇ ਸਰੀਰ ਵਿਚ ਛੇਕ ਕੀਤੇ ਸਨ,
ਉਹ ਦੂਜਿਆਂ ਦੇ ਦੁੱਖ ਦੇਖ ਦੇਖ ਥੋੜੇ ਭਰਨੇ ਸ਼ੁਰੂ ਹੋ ਗਏ ਸਨ।
ਮਾਲਕ ਦੇ ਕਹਿਣ
ਤੇ ਭਾਵੇਂ ਮੈਂ ਕਮਰੇ ਤੋਂ ਬਾਹਰ ਆ ਗਿਆ,
ਪਰ ਮੇਰੇ ਕੰਨ ਕਮਰੇ ਵੱਲ ਹੀ ਸਨ।
“ ਸਰਦਾਰ ਸਾਹਿਬ,
ਤੁਸੀਂ ਉਸ ਨੂੰ ਬਾਹਰ ਕਿਉਂ ਭੇਜ ਦਿੱਤਾ?” ਲੀਡਰ ਨੇ
ਪੁੱਛਿਆ।
“ ਇਸ ਦੇ ਸਾਹਮਣੇ ਜਦੋਂ ਕੋਈ ਵੀ ਚੌਰਾਸੀ ਦੇ ਦੰਗਿਆ
ਦੀ ਗੱਲ ਕਰਦਾ ਹੈ, ਇਹ ਬੇਹੋਸ਼ ਹੋ ਜਾਂਦਾ ਹੈ।”
“ ਉਹ ਕਿਉਂ?”
“ ਇਹ ੳਦੋਂ ਛੋਟਾ ਜਿਹਾ ਸੀ ਜਦੋਂ ਦੰਗਾਕਾਰੀਆਂ ਨੇ
ਇਹਨਾ ਦੇ ਘਰ ਤੇ ਹਮਲਾ ਕਰ ਦਿੱਤਾ, ਇਸ ਦੀ ਮਾਂ ਨੇ ਇਸ
ਨੂੰ ਇਕ ਅਲਮਾਰੀ ਵਿਚ ਲੁਕਾ ਦਿੱਤਾ, ਪਰ ਜੋ ਕੁੱਝ ਵੀ
ਇਹਨਾਂ ਦੇ ਘਰ ਵਿਚ ਵਾਪਰਿਆ ਉਹ ਅਲਮਾਰੀ ਦੀਆਂ ਵਿਰਲੀਆਂ ਫੱਟੀਆਂ ਰਾਹੀ ਇਸ ਦੀਆਂ
ਅੱਖਾਂ ਤੱਕ ਪੁੰਹਚਦਾ ਰਿਹਾ।
ੳਦੋਂ ਵੀ ਇਕ
ਦਇਆਵਾਨ ਆਦਮੀ ਨੇ ਇਸ ਨੂੰ ਬੇਹੋਸ਼ ਹੋਏ ਨੂੰ ਅਲਮਾਰੀ ਵਿਚੋਂ ਕੱਢਿਆ ਸੀ।”
“ ਡਾਕਟਰ ਨੂੰ ਨਹੀ ਪੁੱਛਿਆ-ਪੱਛਿਆ?”
ਨਾਲ ਆਏ ਬੰਦੇ ਨੇ ਉਪਰਾ
ਜਿਹਾ ਕਿਹਾ, “ੳਦੋਂ
ਤਾਂ ਜੀ ਦਿੱਲੀ ਵਿਚ ਕਹਿਰ ਹੀ ਵਰਤਿਆ ਹੋਇਆ ਸੀ ਮੇਰਾ ਦੋਸਤ ਦਸੱਦਾ ਸੀ ਕਿ ਡਾਕਟਰਾਂ
ਨੇ ਕਿਹਾ ਹੈ ਕਿ ਉਦੋਂ ਦਾ ਇਸ ਦੇ ਬਾਲ ਮਨ ਤੇ ਇਸ ਹਾਦਸੇ ਦਾ ਅਜਿਹਾ ਡੂੰਘਾ ਅਸਰ ਹੋ
ਗਿਆ ਹੈ ਕਿ ਸਾਰੀ ਉਮਰ ਵੀ ਰਹਿ ਸਕਦਾ ਹੈ ਅਤੇ ਸਮਾਂ ਪਾ ਕੇ ਠੀਕ ਵੀ ਹੋ ਸਕਦਾ ਹੈ।”
ਮਾਲਕ ਮੇਰੀ ਜ਼ਿੰਦਗੀ ਦੀ ਕਿਤਾਬ ਦੇ ਵਰਕੇ ਉਹਨਾਂ ਦੇ ਅੱਗੇ
ਫਰੋਲਣ ਲੱਗਾ, “ ਮਾਂ-ਬਾਪ ਦੋਹਾਂ ਨੂੰ ਹੀ ਇਸ ਦੀਆਂ
ਅੱਖਾਂ ਦੇ ਸਾਹਮਣੇ ਤੜਪਾ ਤੜਪਾ ਕੇ ਮਾਰ ਦਿੱਤਾ ਗਿਆ ਸੀ।”
“ ਤੁਹਾਡੇ ਕੋਲ ਕਿਵੇ ਪੁੰਹਚਿਆ?”
“ਜਿਸ ਨੇ ਇਸ ਨੂੰ ਅਲਮਾਰੀ ਵਿਚੋਂ ਕੱਢਿਆ ਸੀ ਉਹ ਵੀ
ਵਿਚਾਰਾ ਗਰੀਬ ਜਿਹਾ ਤੇ ਸਿਆਣਾ ਬੰਦਾ ਸੀ।
ਮੇਰੇ ਦੌਸਤ ਦੇ
ਘਰ ਵਿਚ ਨੌਕਰੀ ਕਰਦਾ ਸੀ,
ਇਹ ਵੀ ਉਸ ਦੇ ਨਾਲ ਹੀ ਘਰ ਦੇ ਕੰਮਾਂ ਵਿਚ ਹੱਥ ਵਟਾਉਂਦਾ ਸੀ।
ਪਹਿਲਾਂ ਤਾਂ ਉਹ
ਬੁੱਢਾ ਇਸ ਨੂੰ ਆਪਣਾ ਦੋਹਤਾ ਜਾਂ ਪੋਤਾ ਹੀ ਕਹਿੰਦਾ ਸੀ।”
“ ਮਰਨ ਲੱਗਾ ਹੀ ਦੱਸ ਕੇ ਗਿਆ ਹੋਵੇਗਾ।”
ਨਾਲ ਦੇ ਬੰਦੇ ਨੇ ਫਿਰ ਅੰਦਾਜ਼ਾ ਲਾਇਆ।
“ ਇਹ ਪੜ੍ਹਿਆ ਕਿੰਨਾ ਕੁ ਹੈ?”
ਲੀਡਰ ਨੇ ਪੁੱਛਿਆ, “ ਜੇ ਜਿੱਤ ਗਏ
ਤਾਂ ਕਿਤੇ ਇਸ ਦੀ ਰੋਟੀ ਦਾ ਹੀ ਜੁਗਾੜ ਕਰ ਦੇਵਾਂਗੇ।”
“ ਇਸ ਮੰਹਗਾਈ ਵਿਚ ਤਾਂ ਆਪਣੇ ਬੱਚੇ ਪੜਾਉਣੇ ਔਖੇ
ਨੇ।
ਇਸ ਨੂੰ ਕਿਸੇ
ਨੇ ਕੀ ਪੜ੍ਹਾਉਣਾ ਸੀ”
ਮੇਰੇ ਮਾਲਕ ਨੇ ਜਵਾਬ ਦਿੱਤਾ, “
ਪੰਜਾਬੀ ਹਿੰਦੀ ਤਾਂ ਪੜ੍ਹਨੀ ਲ਼ਿਖਣੀ ਜਾਣਦਾ ਹੈ।”
ਇਹ ਗੱਲ
ਸੁਣ ਕੇ ਮੇਰਾ ਦਿਲ ਕਰੇ ਕਹਾਂ ਮੰਹਗਾਈ ਦੀ ਤਾਂ ਗੱਲ ਹੈ ਹੀ,
ਉੰਝ ਵੀ ਅੱਜ ਦਾ ਮੁੱਨਖ ਇਤਨਾ ਖੁਦਗਰਜ਼ ਹੋ ਗਿਆ ਹੈ ਕਿ ਆਪਣੇ
ਸਵਾਰਥ ਤੋਂ ਬਗ਼ੈਰ ਕਿਸੇ ਦੂਜੇ ਦਾ ਭਲਾ ਨਹੀ ਸੋਚਦਾ।
ਪਰ ਇਹ ਗੱਲ ਮੈਂ
ਆਪਣੇ ਅੰਦਰ ਹੀ ਦੱਬ ਗਿਆ ਅਤੇ ਫਿਰ ਉਹਨਾਂ ਦੀ ਗੱਲ ਸੁੱਨਣ ਲੱਗਾ।
“ ਦੇਖਣ ਨੂੰ ਅਨਪੜ੍ਹ ਨਹੀਂ ਲਗਦਾ।”
“ ਸ਼ੁਰੂ ਤੋਂ ਅਫਸਰਾਂ ਨਾਲ ਰਹਿਣ ਕਾਰਣ ਇਸ ਦੀ
ਰਹਿਣੀ ਬਹਿਣੀ ਵੀ ਉਸ ਤਰਾਂ ਦੀ ਹੋ ਗਈ ਹੈ।”
“ ਇਸ ਦਾ ਕੋਈ ਹੋਰ ਰਿਸ਼ਤੇਦਾਰ ਵੀ ਨਹੀ ਹੈ?”
“ ਇਸ ਨੂੰ ਤਾਂ ਕਿਸੇ ਦਾ ਪਤਾ ਨਹੀ ਹੈ,
ਬਾਕੀ ਕਿਸੇ ਨੇ ਕੋਸ਼ਿਸ਼ ਵੀ ਨਹੀ ਕੀਤੀ ਇਸ ਦੇ ਰਿਸ਼ਤੇਦਾਰਾਂ ਨੂੰ
ਲ਼ੱਭਣ ਦੀ।”
ਮੇਰੇ ਮਨ ਨੇ ਫਿਰ ਮੈਨੂੰ ਹੀ ਜ਼ਵਾਬ ਦਿੱਤਾ,
“ ਕਈ ਰਿਸ਼ਤੇਦਾਰ ਤਾਂ ਸੰਕਟ ਸਮੇਂ ਆਪ ਹੀ ਲੁਕ ਜਾਂਦੇ ਨੇ ਕਿ
ਕਿਤੇ ਕਿਸੇ ਬੇਆਸਰੇ ਦਾ ਆਸਰਾ ਨਾ ਬਣਨਾ ਪੈ ਜਾਵੇ।”
“ ਕਾਕਾ, ਚਾਹ ਵਾਲੇ
ਭਾਂਡੇ ਲੈ ਜਾ।”
ਮੇਰੇ ਮਾਲਕ ਨੇ ਅਦਰੋਂ ਅਵਾਜ਼ ਲਗਾਈ।
ਭਾਂਡੇ ਚੁੱਕਦਾ ਮੈ ਸੋਚ ਰਿਹਾ ਸਾਂ ਕਿ ਮੈਂ ਇਹਨਾਂ
ਦੋਨਾਂ ਨੂੰ ਦੇਖ ਕੇ ਖਿੱਝੀ ਕਿਉਂ ਜਾਂਦਾ ਹਾਂ।
ਲੀਡਰ ਤਾਂ
ਮੈਨੂੰ ਇਸ ਲਈ ਬੁਰਾ ਲੱਗਦਾ ਹੈ ਕਿ ਚੌਰਾਸੀ ਤੋਂ ਬਾਅਦ ਏਨੀ ਵਾਰੀ ਜਿੱਤਿਆ,
ਕਹਾਉਂਦਾ ਵੀ ਆਪਣੇ ਆਪ ਨੂੰ ਸਿੱਖਾਂ ਦੀ ਮਜ਼ਬੂਤ ਪਾਰਟੀ ਦਾ
ਮੋਹਰੀ, ਪਰ ਮੇਰੇ ਵਰਗੇ ਲੋਕਾਂ ਲਈ ਇਸ ਕੁੱਝ ਨਾ ਕੀਤਾ।
ਪਰ ਨਾਲ ਦਾ
ਬੰਦਾ ਮੈਨੂੰ ਲੀਡਰ ਨਾਲੋਂ ਵੀ ਭੈੜਾ ਲੱਗਦਾ ਹੈ।
“ ਤੁਹਾਡੀਆਂ ਪਾਰਟੀਆਂ ਤਾਂ ਵੱਖ ਵੱਖ ਹਨ,
ਪਰ ਵੋਟਾਂ ਮੰਗਣ ਲਈ ਇਕੱਠੇ ਹੀ ਆਏ ਹੋ,
ਇਹ ਕਿਵੇ”? ਮਾਲਕ ਨੇ ਸਵਾਲ ਪਾਇਆ।
“ ਸਾਡੀਆਂ ਪਾਰਟੀਆਂ ਆਪਸ ਵਿਚ ਮਿਲ ਕੇ ਚੋਣ ਲੜ
ਰਹੀਆ ਹਨ, ਸਾਂਝੇ ਉਮੀਦਵਾਰ ਖੜ੍ਹੇ ਕਰਾਂਗੇ।”
“ ਪਰ ਪਹਿਲਾਂ ਤੁਸੀ ਆਪਣੀ ਹੁਣ ਵਾਲੀ ਵਿਰੋਧੀ
ਪਾਰਟੀ ਦੇ ਵਿਚ ਕਾਫੀ ਸਰਗਗਰਮ ਨਹੀ ਸੀ?” ਮਾਲਕ ਨੇ ਨਾਲ
ਵਾਲੇ ਬੰਦੇ ਨੂੰ ਸਿੱਧਾ ਪੁੱਛਿਆ।
“ ਸਰਦਾਰ ਸਾਹਿਬ ਜੀ,
ਉਸ ਪਾਰਟੀ ਨੂੰ ਤਾਂ ਮੈ ਕਾਫੀ ਚਿਰ ਤੋਂ ਤਿਆਗ ਚੁੱਕਾ ਹਾਂ।”
“ ਹੁਣ ਤਾਂ ਰਾਜਨੀਤਕ ਇਸ ਤਰਾਂ ਦਲ ਬਦਲ ਲੈਂਦੇ ਹਨ,
ਜਿਵੇ ਕਪੱੜੇ ਬਦਲ ਲਈਏ।
ਪਤਾ ਹੀ ਨਹੀ
ਲੱਗਦਾ।”
ਮਾਲਕ ਨੇ ਸੱਚਾਈ ਦੱਸੀ।
ਇਹ ਸੁਣ ਕੇ ਉਹ ਬੰਦਾ ਉੱਚੀ ਅਵਾਜ਼ ਵਿਚ ਹੱਸਿਆ।
ਉਸ ਦਾ ਹਾਸਾ
ਮੈਨੂੰ ਝੰਜੋੜ ਗਿਆ।
ਪੂਰਾ ਜ਼ੋਰ ਲਗਾ
ਕੇ ਮੈਂ ਉਸ ਦੇ ਹਾਸੇ ਨੂੰ ਪਹਿਚਾਨਣ ਲੱਗਾ।
ਮੇਰਾ ਦਿਲ,ਦਿਮਾਗ,
ਮੇਰੀਆਂ ਨਜ਼ਰਾਂ ਅਤੇ ਮੇਰੀਆਂ ਸਾਰੀਆਂ ਸ਼ਕਤੀਆ ਉਸ ਨੂੰ ਟੋਹਣ ਲੱਗ
ਪਈਆਂ।
ਉਸ ਦੇ ਹੱਸਦੇ
ਗੰਦੇ ਦੰਦ ਪਹਿਚਾਣ ਵਿਚ ਆਉਣ ਲੱਗੇ।
ਇਹ ਉਦੋਂ ਵੀ ਇਸ
ਤਰਾਂ ਦਾ ਹਾਸਾ ਹੀ ਹੱਸ ਰਿਹਾ ਸੀ,
ਜਦੋਂ ਮੇਰਾ ਪਿਉ ਗੱਲ ਵਿੱਚ ਪਾਏ ਗਏ, ਅੱਗ ਲੱਗੇ ਟਾਇਰ ਵਿਚ ਜਲ
ਰਿਹਾ ਸੀ।
ਫਰਕ ਸਿਰਫ ਏਨਾ
ਸੀ ਕਿ ਉਦੋਂ ਜਵਾਨੀ ਵਿਚ ਹੋਣ ਕਾਰਣ ਇਸ ਦੇ ਹਾਸੇ ਦੀ ਅਵਾਜ਼ ਟਾਇਰ ਨੂੰ ਲੱਗੀ ਹੋਈ
ਅੱਗ ਨਾਲੋਂ ਵੀ ਜ਼ਿਆਦਾ ਮੱਚ ਰਹੀ ਸੀ।
ਉਹ ਸਾਰਾ ਦ੍ਰਿਸ਼
ਉਸ ਦੀਆਂ ਅੱਖਾਂ ਸਾਹਮਣੇ ਘੁੰਮਣ ਲੱਗਾ।
ਚਾਹ ਦੀ ਕੇਤਲੀ
ਮੇਰੇ ਹੱਥਾਂ ਵਿਚੋਂ ਛੁੱਟ ਗਈ ਤੇ ਮੇਰੇ ਹੱਥ 'ਬੰਦੂਕ ਦੀ ਗੋਲੀ' ਵਾਂਗ ਉਸ ਬੰਦੇ ਦੀ
ਧੋਣ ਨੂੰ ਜਾ ਚਿੰਬੜੇ।
ਉਹ ਦੰਗਾਕਾਰੀ
ਮੇਰੇ ਹੱਥਾਂ ਵਿਚ ਮੇਰੇ ਬਾਪ ਵਾਂਗ ਹੀ ਤੜਪਣ ਲੱਗਾ।
ਮੈਂ ਵੀ ਉਸ
ਤਰਾਂ ਪਾਗਲਾਂ ਵਾਂਗ ਹੱਸਣ ਲੱਗਾ।
ਮਾਲਕ ਅਤੇ ਲੀਡਰ
ਸਾਰਾ ਜ਼ੋਰ ਲਗਾ ਕੇ ਮੈਨੂੰ ਹਟਾਉਣ ਲੱਗੇ।
ਰੌਲਾ-ਰੱਪਾ ਸੁਣ
ਕੇ ਮਾਲਕਣ ਦੋੜੀ ਆਈ।
ਮੈਨੂੰ ਬੇਕਾਬੂ
ਹੁੰਦਾ ਦੇਖ ਉਸ ਨੇ ਆਂਢ –ਗੁਆਂਢ
ਕੱਠਾ ਕਰ ਲਿਆ।
ਸਾਰਿਆਂ ਰੱਲ ਕੇ
ਮੈਨੂੰ ਕੋਠੜੀ ਵਿਚ ਬੰਦ ਕਰ ਦਿੱਤਾ।
ਦਰਵਾਜ਼ੇ ਵਿਚ
ਲੱਤਾਂ ਮੁੱਕੇ ਮਾਰਦਾ ਮੈਂ ਨਿਢਾਲ ਹੋ ਕੇ ਇਕ ਪਾਸੇ ਡਿਗ ਪਿਆ।
“ ਅੱਗੇ ਤਾਂ ਜੀ ਇਹ ਬੇਹੋਸ਼ ਜ਼ਰੂਰ ਹੋ ਜਾਂਦਾ ਸੀ,
ਪਰ ਅੱਜ ਤਾਂ ਪਾਗਲਪਨ ਦਾ ਦੌਰਾ ਪੈ ਗਿਆ ਲੱਗਦਾ ਹੈ।”
ਮਾਲਕਣ ਨੇ ਕਿਹਾ।
“ ਬੀਬੀ, ਗੱਲਾਂ ਛੱਡੋ,
ਪਾਣੀ ਲੈ ਕੇ ਆਉ, ਦੇਖੋ ਇਸ ਨੇ
ਮੇਰੇ ਸਾਥੀ ਨੂੰ ਬੇਹੋਸ਼ ਕਰ ਦਿੱਤਾ।”
ਥੋੜ੍ਹੀ ਦੇਰ ਬਾਅਦ ਹੀ ਐਂਬੂਲੈਂਸ ਅਤੇ ਪੁਲੀਸ ਦੀ
ਗੱਡੀ ਆ ਗਈ।
ਐਂਬੂਲੈਂਸ ਵਾਲੇ
ਬੇਹੋਸ਼ ਨੂੰ ਜਰਨਲ ਹਸਪਤਾਲ ਵਿਚ ਲੈ ਗਏ ਅਤੇ ਪੁਲੀਸ ਵਾਲਿਆਂ ਨੇ ਮੈਨੂੰ ਪਾਗਲਾਂ ਦੀ
ਜੇਲ੍ਹ-ਹਸਪਤਾਲ ਵਿਚ ਪਾ ਦਿੱਤਾ।
ਜਦੋਂ ਇਕ ਦਿਨ
ਮੇਰਾ ਮਾਲਕ ਮੈਨੂੰ ਦੇਖਣ ਆਇਆ ਤਾਂ ਡਾਕਟਰ ਉਸ ਨੂੰ ਦਸ ਰਿਹਾ ਸੀ,
“
ਇਸ ਦਾ ਅੰਦਰਲਾ ਗੁਭਾਰ ਇਕਦਮ ਉਸ ਦਿਨ ਬਾਹਰ ਆ ਗਿਆ,
ਇਸ ਕਰਕੇ ਬੰਦੇ ਦੇ ਗਲ ਨੂੰ ਚੰਬੜ ਗਿਆ।
ਵੈਸੇ ਹੁਣ ਇਸ
ਦਾ ਵਤੀਰਾ ‘ਨੋਰਮਲ’
ਇਨਸਾਨ ਵਰਗਾ ਹੈ।
ਉਮੀਦ ਹੈ ਇਹ
ਹੁਣ ਕਦੀ ਵੀ ਬੇਹੌਸ਼ ਨਹੀ ਹੋਵੇਗਾ
ਮਾਲਕ ਦਿਆਲੂ ਸੁਭਾਅ ਦਾ ਹੋਣ ਕਾਰਣ ਛੇਤੀ ਹੀ ਮੈਨੂੰ
ਆਪਣੇ ਘਰ ਫਿਰ ਲੈ ਆਇਆ।
ਹੁਣ ਕਦੀ ਵੀ
ਕੋਈ ਦੰਗਿਆ ਦੀ ਗਲ ਕਰਦਾ ਮੈਂ ਸਹਿ ਜਾਂਦਾ ਅਤੇ ਬੇਹੋਸ਼ੀ ਤੋਂ ਬਚਿਆ ਰਹਿੰਦਾ।
ਅੱਜ ਸਵੇਰੇ ਸਵੇਰੇ ਮੇਰਾ ਮਾਲਕ ਉੱਚੀ ਉੱਚੀ ਅਖਬਾਰ
ਪੜ੍ਹ ਕੇ ਮਾਲਕਣ ਨੂੰ ਦਸ ਰਿਹਾ ਸੀ: “ਲੈ ਬਈ,
ਉਹ ਬੰਦਾ ਵੋਟਾਂ ਵਿਚ ਜਿਤ ਗਿਆ,
ਜਿਸ ਨੂੰ ਇਸ ਨੇ ਧੋਣ ਤੋਂ ਫੜਿਆ ਸੀ।”
ਮਾਲਕ ਦੀ ਇਹ
ਗੱਲ ਕਹਿਣ ਦੀ ਦੇਰ ਸੀ ਕਿ ਮੇਰਾ ਸਰੀਰ ਕੰਬਣ ਲੱਗਾ,
ਪਸੀਨਾ ਛੁੱਟਣ ਲੱਗਾ, ਮੇਰੀ ਹਾਲਤ
ਫਿਰ ਬੇਹੋਸ਼ੀ ਵਾਲੀ ਹੋਣ ਲੱਗੀ, ਪਰ ਮੈਂ ਆਪਣੇ ਆਪ ਨੂੰ
ਸੰਭਾਲ ਲਿਆ।
ਮੈਨੂੰ ਅਦਰੋਂ
ਹੀ ਅਵਾਜ਼ ਆਈ ਤੂੰ ਬੇਹੋਸ਼ ਨਹੀ ਹੈਂ,
ਬੇਹੋਸ਼ ਤਾਂ ਉਹ ਜਨਤਾ ਹੈ ਜਿਹੜੀ ਵੋਟਾਂ ਪਾ ਕੇ ਅਜਿਹੇ ਬੰਦਿਆਂ
ਨੂੰ ਜਿਤਾਉਂਦੀ ਹੈ ਤਾਂ ਜੋ ਇਹ ਬਦਮਾਸ਼ ਕਿਸਮ ਦੇ ਦੰਗਾਕਾਰੀ, ਤਾਕਤ ਵਿਚ ਆ ਕੇ,
ਦਿੱਲੀ ਵਾਲੇ ਦੰਗੇ ਮੁੜ ਕਿਸੇ ਸਮੇਂ, ਕਿਤੇ ਵੀ ਦੁਹਰਾਉਣ ਵਿਚ
ਢਿਲ ਨਾ ਕਰ ਸਕਣ।
ਮੈਨੂੰ ਇੰਝ
ਲੱਗਾ ਜਿਵੇਂ ਮੇਰੇ ਅੰਦਰਲੀ ਅਵਾਜ਼ ਆਪਣੇ ਆਪ ਹੀ ਬਾਹਰ ਆ ਕੇ ਚੁਗਿਰਦੇ ਵਿਚ ਫੈਲ ਗਈ
ਹੋਵੇ ਅਤੇ ਹਰ ਪਾਸਉਂ ਅਵਾਜ਼ਾਂ ਆਉਣ ਲੱਗੀਆਂ,
“ ਇਸ ਦੰਗਾਕਾਰੀ ਨੂੰ ਲੀਡਰ ਬਣਾਉਣ ਵਾਲੇ ਬੇਹੋਸ਼ ਨੇ,
ਬੇਹੋਸ਼ ਨੇ, ਬੇਹੋਸ਼…..।
ਭਾਂਵੇ ਇਹਨਾਂ
ਅਵਾਜ਼ਾਂ ਦਾ ਸਾਰੇ ਪਾਸੇ ਸ਼ੋਰ ਸੀ,
ਪਰ ਮੈਨੂੰ ਆਪਣੇ ਅੰਦਰ ਸ਼ਾਂਤੀ ਮਹਿਸੂਸ ਹੋਈ ਅਤੇ ਮੈਂ ਕਿਸੇ ਭੇਦ
ਭਰੀ ਆਸ ਵਿਚ ਮੁੜ ਬੇਹੋਸ਼ ਹੋਣ ਤੋਂ ਬਚ ਗਿਆ।
****
(24
ਮਾਰਚ 2008) -ਚਾਤ੍ਰਿਕ ਯੂਨੀਕੋਡ