ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

 

ਕਹਾਣੀ:
ਪੂਨਮ ਦੀ ਰਾਤ

-ਰੋਜ਼ੀ ਸਿੰਘ, ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ-


-'ਅੱਜ ਪੂਨਮ ਦੀ ਰਾਤ ਏ ਨਾ ।‘‘
-‘ਹਾਂ ਰਾਤ ਤੇ ਪੂਨਮ ਦੀ ਹੀ ਏ, ਪਰ ਤੂੰ ਏਨੀ ਸ਼ਿੱਦਤ ਨਾਲ ਕਿਉਂ ਪੁਛ ਰਹੀ ਏਂ ।‘‘
-‘‘ਨਹੀਂ....! ਨ.......ਹੀਂ....ਮੈ ਤਾਂ ਚੰਦਰਮਾਂ ਵੱਲ ਵੇਖ ਕੇ ਹੀ ਕਹਿ ਦਿੱਤਾ, ਕਿਨਾਂ ਸੋਹਣਾ ਤੇ ਗੋਲ ਏ।‘‘
-''ਪੂਨਮ ਦੀ ਰਾਤੇ ਚੰਨ ਪੂਰੇ ਅਕਾਰ ਵਿੱਚ ਹੁੰਦੈ ਏ ਨਾ ਤਾਂਹੀਂ ਤੈਨੂੰ ਸੋਹਣਾ ਦਿਸਦਾ ਪਿਆ ਏ।‘‘
-''ਪਰ ਚੰਨ ਵਿੱਚ ਇਹ ਦਾਗ ਕਿਹਾ ਏ।‘‘
-‘‘ਇਹ ਤਾਂ ਇਸ ਦੀ ਖੂਬਸੂਰਤੀ ਨੂੰ ਨਜਰ ਨਾ ਲੱਗੇ ਇਸ ਕਰਕੇ ਏ।‘‘
-''ਖੋਰੇ ਮੇਰਾ ਨਾਂ ਪੂਨਮ ਕਿੰਨ੍ਹੇ ਰੱਖ ਦਿੱਤਾ ਸੀ ।‘‘
-''ਠੀਕ ਈ ਤੇ ਰੱਖਿਆ ਏ ....... ਪੂਨਮ ! ਪੁੱਨਿਆਂ ਦੇ ਚੰਨ ਵਰਗੀ ਖੂਬਸੂਰਤ।‘‘
-''ਤੈਨੂੰ ਮੇਰਾ ਨਾਮ ਚੰਗਾ ਲਗਦਾ ਏ?‘‘
-‘‘ਹਾਂ ਬੇਸ਼ਕ, ਤੇਰਾ ਨਾਂ ਤੇ ਸਾਰਿਆਂ ਨੂੰ ਚੰਗਾ ਲਗਦਾ ਏ, ਜਿਵੇਂ ਪੂਨਮ ਦੀ ਰਾਤੇ ਚੰਨ ਸਾਰਿਆਂ ਨੂੰ ਚੰਗਾ ਲਗਦਾ ਏ ।‘‘
-''ਪਰ ਮੈਨੂੰ ਤੇਰਾ ਨਾਂ ਬਹੁਤ ਚੰਗਾ ਲਗਦੈ.....! ਰਿਸ਼ਮ, ਜਾਣਦੀ ਏਂ ਰਿਸ਼ਮ ਦਾ ਕੀ ਮਤਲਬ ਹੁੰਦੈ।‘‘
-''ਹਾਂ... ਚਾਨਣ ਦੀ ਲਕੀਰ-ਰੌਸ਼ਨੀ।‘‘
-‘‘ਠੀਕ ਆਖਦੀ ਏਂ, ਤੂੰ ਹੈਂ ਹੀ ਰੋਸ਼ਨੀ ਵਰਗੀ ਏ, ਚੁੱਪ ਕਰਕੇ ਦਿਲ ਦੇ ਹਨੇਰਿਆਂ ਵਿੱਚ ਲਹਿ ਜਾਣ ਵਾਲੀ ਕਿਰਨ।‘‘
-''ਚੱਲ..... ਪਾਗਲ, ਕਿਵੇਂ ਮੱਖਣ ਲਗਾਉਦੀ ਏ ।‘‘
-‘‘ਮੱਖਣ..... ਨਹੀਂ.. ਮੱਖਣ ਤਾਂ ਨਹੀ ............।‘‘
-‘‘ਮੈਨੂੰ ਪਤੈ ਅੱਜ ਤੂੰ ਉਦਾਸ ਏਂ, ਘਰ ਦੀ ਯਾਦ ਆ ਰਹੀ ਏ।‘‘
-''ਨਈ..... ਹਾਂ.....!! ...... ਨਹੀਂ ਤੇ, ਤੇਰੇ ਹੁੰਦਿਆਂ ਮੈਨੂੰ ਘਰ ਦੀ ਯਾਦ......!! ਤੂੰ ਜੋ ਏਂ।‘‘
-''ਚੱਲ ਉਠ ਥੱਲੇ ਚਲਦੇ ਆਂ, ਛੱਤ ‘ਤੇ ਹੁਣ ਠੰਡ ਮਹਿਸੂਸ ਹੋ ਰਹੀ ਏ ।‘‘
-‘‘ਠਹਿਰ ਨਾਂ ਕੁਝ ਦੇਰ ਹੋਰ ਰਿਸ਼ਮ, ਦੇਖ ਚਾਨਣੀ ਰਾਤ ਕਿੰਨੀ ਸੀਤਲ ਏ । ਮੈਨੂੰ ਚਾਨਣੀ ਰਾਤ ਬਹੁਤ ਚੰਗੀ ਲਗਦੀ ਏ । ਖਾਸ ਤੋਰ ਤੇ ਪੁੱਨਿਆਂ ਦੀ । ਦੇਖ ਚਾਨਣੀ ਰਾਤੇ ਕੁਝ ਪੰਛੀ ਏਧਰ ਉਧਰ ਜਾ ਰਹੇ ਨੇ । ਅਜ਼ਾਦ ਫਿਜਾਵਾਂ ਵਿੱਚ ਉਡਾਰੀਆਂ ਲਾਉਂਦੇ।‘‘
-''ਹਾਂ ਕੁਝ ਪੰਛੀ ਰਾਤ ਨੂੰ ਵੀ ਉਡਦੇ ਰਹਿੰਦੇ ਨੇ। ‘‘
-''ਜਿਨਾਂ ਨੂੰ ਮੰਜਲ ਨਹੀਂ ਮਿਲਦੀ ਸ਼ਇਦ ਉਹੀ.....! ਜਾਂ ਫਿਰ ਜਿਸ ਦਾ ਕੋਈ ਵਿਛੜ ਗਿਆ ਹੁੰਦੈ..., ਹੈ ਨਾ ਰਿਸ਼ਮ ? ‘‘
-''ਹਾਂ ਸਾਇਦ ਓਹੀ ........!!‘‘
-''ਪਰ ਇਹ ਵਿਚਾਰੇ ਜਾਂਦੇ ਕਿਥੇ ਨੇ ? ‘‘
-''ਪਤਾ ਨਹੀਂ ਦੀ ਕਿਸੇ ਘਰ ਦੀ ਛੱਤ ‘ਤੇ ਰਾਤ ਕੱਟ ਲੈਦੇ ਹੋਣੇ ਨੇ, ਕਦੇ ਕਿਸੇ ਦਰਖਤ ‘ਤੇ, ਛੱਡ ਤੂੰ ਕੀ ਲੈਣੈ ਪਰਿੰਦਿਆਂ ਤੋਂ । ਉਠ ਥੱਲੇ ਚਲਦੇ ਆਂ, ਮੈਨੂੰ ਤਾਂ ਠੰਡ ਲੱਗ ਰਈ ਏ ।‘‘
-''ਚਲਦੇ ਆਂ, ਥੱਲੇ ਜਾ ਕੇ ਵੀ ਕਮਰੇ ਦੀ ਕੈਦ ‘ਚ ਘੁਟ ਜਾਵਾਂਗੀਆਂ । ਛੱਤ ‘ਤੇ ਖੜ ਕੇ ਕੁਝ ਦੇਰ ਸਾਹ ਸੋਖਾ ਹੁੰਦੈ ਏ ।‘‘
-''ਪਰ .......!‘‘
-''ਕੀ ਪਰ ਰਿਸ਼ਮ ।‘‘
-''ਨਹੀ ਕੁਝ ਨਹੀਂ , ਤੂੰ ਬੋਲ ਕੀ ਏ ।‘‘
-''ਦੇਖ ਨਾ ਸ਼ਹਿਰ ਕਿਵੇਂ ਤਾਰਿਆਂ ਦੀ ਛੱਤ ਵਾਂਗ ਲੱਗ ਰਿਹੈ ਏ ਨਾਂ ? , ਤੇ ਓ ਟਾਵਰ ਤੇ ਜਗਦਾ ਵੱਡਾ ਬਲਬ ਇਸ ਛੱਤ ਦਾ ਚੰਦਰਮਾਂ ।‘‘
-''ਤੂੰ ਪਾਗਲ ਏਂ ਪੂਨਮ, ਕਿਸ ਤਰਾਂ ਦੀਆਂ ਗੱਲਾਂ ਕਰੀ ਜਾ ਰਈ ਏਂ।‘‘
-''ਛੱਤ ‘ਤੇ ਚੜ ਕੇ ਤਾਂ ਸ਼ਹਿਰ ਰੋਜ਼ ਪੂਨਮ ਦੀ ਰਾਤ ਵਾਂਗ ਲਗਦੈ ਏ ਨਾ ਰਿਸ਼ਮ...?‘‘
ਹੋਸਟਲ ਦੀ ਛੱਤ ‘ਤੇ ਪੂਨਮ ਤੇ ਰਿਸ਼ਮ ਦੀ ਰੁਕ ਰੁਕ ਕੇ ਚਲਦੀ ਗੱਲਬਾਤ ਜਾਰੀ ਹੈ । ਦੋਵੇਂ ਕਿਸੇ ਕਾਲਪਨਿਕ ਸੰਸਾਰ ਦੀਆਂ ਗੱਲਾਂ ਕਰ ਰਹੀਆਂ ਨੇ । ਹੋਸਟਲ ਦੀ ਕੰਧ ਦੇ ਨਾਲ ਨਾਲ ਤਿੰਨ ਮੰਜਿਲਾਂ ਤੱਕ ਪਹੁੰਚੀ ਵੇਲ ਨਾਲ ਲੱਗੇ ਦੋ ਫੁੱਲ ਚਾਨਣੀ ਵਿੱਚ ਚਮਕ ਰਹੇ ਨੇ । ਛੱਤ ਤੋਂ ਥੱਲੇ ਕਮਰਿਆਂ ਵਿੱਚ ਕੁਝ ਕੁੜੀਆਂ ਪੜ੍ਹ ਰਹੀਆਂ ਹਨ ਤੇ ਕੁਝ ਆਪੋ ਆਪਣੇ ਕਮਰਿਆਂ ਵਿੱਚ ਸੰਗੀਤ ਸੁਣ ਰਹੀਆਂ ਨੇ। ਟੁਰਦੇ ਬੱਦਲ ਜਦੋਂ ਚੰਦਰਮਾਂ ਦੇ ਅੱਗੋਂ ਲੰਘਦੇ ਤਾਂ ਚੰਨ ਹੋਰ ਵੀ ਤੇਜ ਭੱਜਦਾ ਦਿਸਦਾ । ਇਕ ਪੰਛੀ ਫਰ-ਫਰ ਕਰਦਾ ਉਹਨਾਂ ਦੇ ਉਤੋਂ ਦੀ ਲੰਘ ਜਾਂਦਾ ਹੈ ।
-''ਚੱਲ ਵੀ ਯਾਰ ਨੀਦਂ ਆ ਰਈ ਏ ਹੁਣ ।‘‘ ਰਿਸ਼ਮ ਆਖਦੀ ਹੈ
ਉਹ ਦੋਹਵੇਂ ਪੋੜੀਆਂ ਉਤਰ ਆਉਂਦੀਆਂ ਹਨ, ਤੇ ਕਮਰੇ ਵਿੱਚ ਆ ਬੈਠਦੀਆਂ ਨੇ ।
-''ਮੈਂ ਵੀ ਕਿੰਨੀ ਪਾਗਲ ਹਾਂ ਤੈਨੂੰ ਵੀ ਆਪਣੇ ਨਾਲ ਜਗਾਈ ਰੱਖਦੀ ਆਂ।‘‘ਪੂਨਮ ਨੇ ਹੋਲੀ ਜਿਹੇ ਕਿਹਾ।
-''ਕੋਈ ਗੱਲ ਨਹੀ.......।‘‘ ਜਿਰਸਮ ਬੋਲੀ ।
ਕਮਰੇ ਦੀ ਖਿੜਕੀ ਵਿਚੋਂ ਵੱਡੇ ਸਾਰੇ ਦਰਖਤ ਦੀਆਂ ਨਿਪੱਤਰੀਆਂ ਟਾਹਣੀਆਂ ਦਿਸ ਰਹੀਆਂ ਹਨ । ਦਰਖਤ ਦੀ ਦੋਸਾਂਗ ‘ਤੇ ਕਿਸੇ ਪੰਛੀ ਨੇ ਆਲ੍ਹਣਾ ਪਾਇਆ ਹੋਇਆ ਹੈ। ਦਰਖਤ ਦਾ 'ਤਨਾ' ਕਿਸੇ ਵੱਡੇ ਦੈਂਤ ਵਾਂਗੂ ਅਡੋਲ ਖੜਾ ਹੈ । ਕਈ ਵਾਰੀ ਪੂਨਮ ਉਸ ਤੋਂ ਡਰ ਜਾਂਦੀ ਹੈ।
-''ਬੱਤੀ ਬੰਦ ਕਰ ਦੇਵਾਂ।‘‘
-''ਨਹੀਂ ਰਹਿਣ ਦੇ ਮੈਂ ਆਪੇ ਕਰ ਲਵਾਂਗੀ ।‘‘
-‘‘ਤੈਨੂੰ ਨੀਦ ਨਹੀਂ ਆ ਰਹੀ ਪੂਨਮ ।‘‘
-''ਨਹੀਂ...... ਹਾਂ .........!! ਨਹੀਂ ਮੈਂ ਠਹਿਰ ਕੇ ਕਰ ਦੇਵਾਂਗੀ ਬੱਤੀ ਬੰਦ ਤੂੰ ਸੋਂ ਜਾ ........।‘‘
-''ਪਰ ਮੈਨੂੰ ਰੋਸ਼ਨੀ ਵਿੱਚ ਨੀਦਂ ਨਹੀਂ ਆਉਂਦੀ । ‘‘
-''ਤੂੰ ਤੇ ਖੁਦ ਰੋਸ਼ਨੀ ਏਂ ਰਿਸ਼ਮ ਫਿਰ ਤੈਨੂੰ ਰੋਸ਼ਨੀ ਵਿੱਚ ਨੀਂਦ........!, ਚੱਲ ਕਰ ਦੇ ਬੰਦ ਬੱਤੀ ।‘‘
ਬਲਬ ਬੰਦ ਹੋਣ ਨਾਲ ਹਨਰੇ ਦਾ ਖਲਾਅ ਕਮਰੇ ਵਿੱਚ ਫੈਲ ਗਿਆ । ਚਾਨਣੀ ਰਾਤੇ ਖਿੜਕੀ ਰਾਹੀਂ ਚੰਦਰਮਾਂ ਦੀ ਰੋਸਨੀ ਕਮਰੇ ਵਿੱਚ ਆ ਰਹੀ ਏ । ਪੁਨਿਆਂ ਦੀ ਰਾਤ ਪਹਿਲੇ ਪਹਿਰ ਵਿੱਚ ਹੈ । ਖਿੜਕੀ ਚੋਂ ਆਉਂਦੀ ਰੋਸ਼ਨੀ ਵਿੱਚ ਦਰਖਤ ਦਾ ਪ੍ਰਛਾਵਾਂ ਦਿਖਾਈ ਦੇ ਰਿਹਾ ਹੈ । ਕੁਝ ਪੰਛੀ ਦਰਖਤ ਤੇ ਬੈਠੇ ਹਨ । ਪੂਨਮ ਦੀਆਂ ਜਾਗਦੀਆਂ ਅੱਖਾਂ ਰਾਹੀਂ ਕਈ ਦ੍ਰਿਸ਼ ਲੰਘ ਰਹੇ ਨੇ ।
ਉਸ ਦਿਨ ਵੀ ਪੂਨਮ ਦੀ ਰਾਤ ਸੀ, ਤੇ ਉਹ ਉਸ ਨੂੰ ਜਾਂਦੀ ਵਾਰ ਮਿਲਣ ਆਇਆ ਸੀ । ਪੂਨਮ ਨੇ ਉਸ ਦਾ ਹੱਥ ਆਪਣੇ ਅੱਥਾਂ ਵਿੱਚ ਘੁੱਟਦਿਆਂ ਆਖਿਆ ਸੀ :
-''ਅੱਜ ਪੂਨਮ ਦੀ ਰਾਤ ਏ ਨਾ ।‘‘
-''ਹਾਂ ਰਾਤ ਤੇ ਪੂਨਮ ਦੀ ਹੀ ਏ ।‘‘ ਉਸ ਨੇ ਇਕ ਸੋਗਮਈ ਹਾਉਕਾ ਲੈਦਿਆਂ ਕਿਹਾ ਸੀ ।
-''ਪਰ ਸਾਰੀਆਂ ਰਾਤਾਂ ਤੇਰੀਆਂ ਤਾਂ ਨਹੀ ਪੂਨਮ ।‘‘
-''ਮੇਰੇ ਨਹੀ ਤਾਂ ਵੀ ਤੇਰੇ ਨਾਲ ਗੁਜਾਰਿਆ ਇਕ ਪਲ ਹੀ ਹਜਾਰਾਂ ਰਾਤਾਂ ਜਿਨਾਂ ਏ ਕੁਲਦੀਪ ।‘‘
-''ਪਰ ਮੈਂ ਤਾਂ ਸਵੇਰੇ ਚਲਾ ਜਾਵਾਂਗਾ ਪੂਨਮ।‘‘
-''ਮੈਂ ਤੇਰੀ ਉਡੀਕ ਕਰਾਂਗੀ ਕੁਲਦੀਪ ।‘‘
ਫਿਰ ਇਕ ਦਿਨ ਉਹ ਐਸਾ ਗਿਆ ਕੇ ਮੁੜ ਵਾਪਿਸ ਨਾ ਮੁੜਿਆ । ਚਾਰ ਸਾਲਾਂ ਵਿੱਚ ਪਤਾ ਨਹੀ ਕਿੰਨੀਆਂ ਪੁਨਿਆਂ ਦੀਆਂ ਚਾਨਣ ਮੱਤੀਆਂ ਰਾਤਾਂ ਬੀਤੀਆਂ । ਇਸ ਸਮੇਂ ਵਿੱਚ ਉਸ ਦਾ ਕੋਈ ਚਿੱਠੀ ਪੱਤਰ, ਸੁਖ ਸੁਨੇਹਾ ਨਾ ਆਇਆ । ਉਹ ਹਰੇਕ ਪੂਨਮ ਦੀ ਰਾਤੇ ਆਪਣੇ ਅਤੇ ਕੁਲਦੀਪ ਦੇ ਗਵਾਹ ਬਣੇ ਚੰਨ ਨੂੰ ਤੱਕ ਕੇ ਆਪ ਮੁਹਾਰੇ ਬੋਲ ਪੈਂਦੀ ।
-''ਅੱਜ ਪੂਨਮ ਦੀ ਰਾਤ ਏ ਨਾ ।‘‘
ਹੋਸਟਲ ਵਿੱਚ ਚੁੱਪ ਦਾ ਸੈਲਾਬ ਪਸਰਿਆ ਹੋਇਆ ਹੈ । ਕਿਸੇ ਕਿਸੇ ਕਮਰੇ ‘ਚੋਂ ਬਲਬ ਦੀ ਰੋਸ਼ਨੀ ਦੀਆਂ ਲਕੀਰਾਂ ਬਾਹਰ ਵਿਹੜੇ ਵਿੱਚ ਪੈ ਰਹੀਆਂ ਹਨ । ਦਰਖਤ ਦੀ ਦੋਸਾਂਗ ਵਿੱਚ ਬਣੇ ਆਲਣੇ ਵਿੱਚ ਕਦੀ ਕਦੀ ਕੋਈ ਹਲਚਲ ਹੁੰਦੀ ਹੈ । ਰਿਸ਼ਮ ਆਪਣੇ ਬਿਸਤਰੇ ‘ਤੇ ਕੰਬਲ ਲਈ ਸੁੱਤੀ ਪਈ ਹੈ । ਕੰਬਲ ਵਿਚੋਂ ਬਾਹਰ ਦਿਸਦਾ ਉਸਦਾ ਚਿਹਰਾ ਵੇਲ ਨਾਲ ਲੱਗੇ ਇਕ ਫੁੱਲ ਵਰਗਾ ਹੈ । ਪੂਨਮ ਇਕ ਟੱਕ ਉਸ ਨੂੰ ਦੇਖਦੀ ਹੈ, ਫਿਰ ਅੱਖਾਂ ਬੰਦ ਕਰਕੇ ਕੁਝ ਦੇਰ ਭਗਤੀ ਵਾਲੀ ਮੁਦਰਾ ਵਿੱਚ ਬੈਠੀ ਰਹਿੰਦੀ ਹੈ । ਕਿਨਾਂ ਚਿਰ ਬੈਠੇ ਰਹਿਣ ਪਿਛੋਂ ਉਹ ਭਰਪੂਰ ਅੰਗੜਾਈ ਭਰਦੀ ਤੇ ਕੰਬਲ ਘੁੱਟ ਕੇ ਸੌਣ ਦੀ ਕੋਸ਼ਿਸ ਕਰਦੀ ਹੈ । ਖਿਆਲ ਉਸ ਦੀਆਂ ਸੋਗੀ ਅੱਖਾਂ ਰਾਹੀਂ ਨਿਰੰਤਰ ਲੰਘ ਰਹੇ ਹਨ ।

-''ਮੇਰਾ ਬਸਤਾ ਅੱਜ ਫਿਰ ਤੂੰ ਚੁਕੇਂਗਾ ਦੀਪੂ ।‘‘
-''ਨਹੀਂ ਮੈ ਰੋਜ਼ ਰੋਜ਼ ਤੇਰਾ ਬਸਤਾ ਨਹੀਂ ਚੁੱਕੂਗਾ।‘‘
-''ਚੱਲ ਚੈਨ-ਬੁੱਤ ਕਰਦੇ ਆਂ, ਜੇ ਬੁੱਤ ਹੋਇਆ ਤਾਂ ਤੂੰ ਬਸਤਾ ਚੁਕੇਗਾ, ਜੇ ਚੈਨ ਹੋਇਆ ਤੇ ਮੈ । ਠੀਕ ਏ ਨਾ ?‘‘
ਪੂਨਮ ਨੇ ਇਕ ਰੁਪਏ ਦਾ ਸਿੱਕਾ ਹਵਾ ਵਿੱਚ ਸੁੱਟਦਿਆਂ ਕਿਹਾ ।‘‘
-''ਹਾਂ ਠੀਕ ਏ ।‘‘
-''ਆ ਦੇਖ ਬੁੱਤ ਆਇਆ ।‘‘
ਤੇ ਉਹ ਬਿਨਾ ਕੁਝ ਹੋਰ ਬੋਲਿਆਂ ਪੂਨਮ ਦਾ ਬਸਤਾ ਆਪਣੇ ਦੂਜੇ ਮੋਢੇ ਤੇ ਚੁੱਕ ਲੈਂਦਾ । ਕਦੀ ਕਦੀ ਪੂਨਮ ਨੂੰ ਉਸ ‘ਤੇ ਬੜਾ ਤਰਸ ਆਉਂਦਾ ਤੇ ਉਹ ਤਰਸਮਈ ਅੱਖਾਂ ਨਾਲ ਉਸ ਨੂੰ ਦੇਖਦੀ ਤੇ ਕਹਿੰਦੀ -''ਲਿਆ ਮੈਂ ਆਪੇ ਚੁੱਕ ਲੈਂਦੀ ਆਂ ।‘‘
ਤੇ ਉਹ ਗੱਲਾਂ ਕਰਦੇ ਆਪਣੇ ਪਿੰਡ ਦੇ ਨਾਲ ਵਾਲੇ ਪਿੰਡ ਦੇ ਸਕੂਲ ਤੱਕ ਪਹੁੰਚ ਜਾਂਦੇ । ਬਚਪਨ ਤੋਂ ਲੈ ਕੇ ਉਹ ਇਕੱਠੇ ਖੇਡੇ, ਇਕੱਠੇ ਪੜ੍ਹੇ । ਕੁਝ ਦੇਰ ਲਈ ਕਾਲਜ ਦੀ ਪੜ੍ਹਾਈ ਵੀ ਉਹਨਾਂ ਇਕੱਠੇ ਕੀਤੀ । ਫਿਰ ਕੁਲਦੀਪ ਨੂੰ ਘਰ ਦੀ ਮਜਬੂਰੀ ਤੇ ਗਰੀਬੀ ਕਾਰਨ ਪੜਾਈ ਛੱਡਣੀ ਪਈ । ਉਹ ਰੋਜ਼ ਇਕ ਦੂਜੇ ਨੂੰ ਮਿਲਦੇ ।
ਪੂਨਮ ਨੇ ਕਈ ਵਾਰੀ ਉਸ ਨੂੰ ਆਖਿਆ ਸੀ :  ''ਤੂੰ ਬਾਹਰ ਜਾਣ ਦਾ ਵਿਚਾਰ ਆਪਣੇ ਦਿਲ ਵਿਚੋਂ ਕੱਢ ਦੇ, ਏਥੇ ਵੀ ਤੇ ਤੂੰ ਛੋਟੀ ਮੋਟੀ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰ ਸਕਦੈਂ ਨਾਲੇ ਮੈਂ ਵੀ ਤੇ ਪੜ੍ਹ ਲਿਖ ਕੇ ਕਿਸੇ ਨੌਕਰੀ ਦੇ ਕਾਬਲ ਹੋ ਜਾਵਾਂਗੀ । ਸਾਨੂੰ ਬਹੁਤੀਆਂ ਕਮਾਈਆਂ ਦੀ ਜਰੂਰਤ ਨਹੀਂ ਦੀਪੂ।‘‘ ਉਹ, ਉਸ ਦੀਆਂ ਗੱਲਾਂ ਨੂੰ ਅੰਤਰ ਧਿਆਨ ਹੋ ਕੇ ਸੁਣਦਾ ਰਹਿੰਦਾ, ਪਰ ਉਸ ਦੇ ਸੀਨੇ ਵਿੱਚ ਉਸ ਦੇ ਗਰੀਬੀ ਦੇ ਦਿਨ ਸੂਲਾਂ ਵਾਂਗੂ ਚੁਭ੍ਹਦੇ ਰਹਿੰਦੇ, ਜਿਨ੍ਹਾਂ ਦਿਨਾਂ ਨੇ ਉਸ ਦੇ ਬਾਪੂ ਦੀ ਜਾਨ ਲੈ ਲਈ । ਆਖਰੀ ਦਿਨਾਂ ਵਿੱਚ ਤਾਂ ਉਸ ਦੇ ਬਾਪੂ ਨੂੰ ਹਸਪਤਾਲ ਵਾਲਿਆਂ ਪੈਸੇ ਨਾ ਹੋਣ ਕਾਰਨ ਛੁੱਟੀ ਦੇ ਦਿੱਤੀ ਸੀ। ਫਿਰ ਉਹ ਕਿਸੇ ਤਰ੍ਹਾਂ ਆਪਣੀ ਮਾਂ ਤੇ ਛੋਟੀ ਭੈਣ ਨੂੰ ਨਾਨਕੇ ਛੱਡ ਕੇ ਪਿੰਡ ਵਾਲਾ ਮਕਾਨ ਵੇਚ ਅਤੇ ਕੁਝ ਰਿਸ਼ਤੇਦਾਰਾਂ ਤੋਂ ਪੈਸੇ ਫੜ ਕੇ ਵਿਦੇਸ਼ ਚਲਾ ਗਿਆ ਤੇ ਫਿਰ ਉਸ ਦਾ ਕੋਈ ਸੁਨੇਹਾ ਨਹੀਂ ਆਇਆ। ਪੂਨਮ ਨੇ ਕਈ ਵਾਰੀ ਉਸ ਦੇ ਨਾਨਕੇ ਜਾ ਕੇ ਪਤਾ ਕੀਤਾ ਪਰ ਉਸ ਦੀ ਮਾਂ ਸਿਰਫ ਏਨਾ ਆਖਦੀ:
-''ਧੀਏ ਹਰ ਮਹੀਨੇ ਪੈਸੇ ਭੇਜ ਦਿੰਦੈ..... ਜਿਵੇਂ ਮੈ ਪੈਸਿਆਂ ਨੂੰ ਚੱਟਣਾਂ ਹੋਵੇ । ਮੁੱਦਤਾਂ ਹੋ ਗਈਆਂ ਉਸ ਦੀ ਸ਼ਕਲ ਵੇਖਿਆਂ । ਕਦੀ ਕਦੀ ਟੈਲੀਫੋਨ ਕਰਦੈ, ਪਰ ਆਪਣਾ ਪਤਾ ਕਦੀ ਦੱਸਦਾ ਨ੍ਹੀ ।‘‘ ਤੇ ਪੂਨਮ ਨਿਰਾਸ਼ ਹੋਈ ਵਾਪਿਸ ਪਰਤ ਆਉਦੀ ।
ਸੂਰਜ ਦੀ ਲੋਅ ਨੇ ਚੰਦਰਮਾਂ ਦੀ ਰੋਸ਼ਨੀ ਨੂੰ ਆਪਣੇ ਵਿੱਚ ਸਮੋ ਲਿਆ ਹੈ । ਦਰਖਤ ਦੀ ਦੋਸਾਂਗ ਵਿਚਲੇ ਆਹਲਣੇ ਵਿਚੋਂ ਪੰਛੀ ਬਾਹਰ ਆ ਕੇ ਚਹਿਚਹਾ ਰਹੇ ਨੇ । ਰਿਸ਼ਮ ਨੇ ਅੱਖ ਪੁੱਟ ਕੇ ਦੇਖਿਆ ਪੂਨਮ ਤਕੀਏ ਨੂੰ ਢੋਅ ਲਾਈ ਪਈ ਏ । ਉਸ ਨੇ ਉਠ ਕੇ ਪੂਨਮ ਦਾ ਕੰਬਲ ਸਵਾਰਾ ਕੀਤਾ ਤਾਂ ਇਕ ਦਮ ਉਹ ਤ੍ਰਬਕ ਪਈ , ਜਿਵੇਂ ਕਿਸੇ ਨੂੰ ਕੱਚੀ ਨੀਂਦਰ ਉਠਾ ਦਈਦਾ ਏ । ਉਸ ਦੇ ਖਿਆਲਾਂ ਦੀ ਲੜੀ ਟੁੱਟ ਗਈ।
-''ਸੁੱਤੀ ਨਹੀਂ ਪੂਨਮ ਤੂੰ ਸਾਰੀ ਰਾਤ , ਹੁਣ ਅਰਾਮ ਕਰ ਲੈ ਸੌਂ ਜਾ ਮੇਰੀ ਭੈਣ ਅਜੇ ਤਾਂ ਪੰਜ ਵੱਜੇ ਨੇ ਕਲਾਸ ਤਾਂ 8 ਵਜੇ ਲੱਗਣੀ ਏ ।‘‘ ਰਿਸ਼ਮ ਨੇ ਕੰਬਲ ਸਵਾਰਾ ਕਰਦਿਆਂ ਕਿਹਾ ।
ਕੋਰਸ ਦਾ ਆਖਰੀ ਮਹੀਨਾਂ ਚੱਲ ਰਿਹਾ ਹੈ ਪੇਪਰ ਵੀ ਸਿਰ ਤੇ ਹਨ । ਸਿਵਲ ਇੰਜੀਨੀਰਿੰਗ ਦੀ ਪੜਾਈ ਵੀ ਕਾਫੀ ਔਖੀ ਹੈ ਪੂਨਮ ਨੂੰ ਦੋਹਰੇ ਫਿਕਰਾਂ ਨੇ ਮਧੋਲ ਦਿੱਤਾ । ਇਹਨਾਂ ਚੌਹਾਂ ਸਾਲਾਂ ਵਿੰਚ ਉਹ ਦੀਪੂ ਦਾ ਕੋਈ ਸੁਰਾਖ ਲੱਭਣ ਵਿੱਚ ਨਾਕਾਮਯਾਬ ਰਹੀ ਹੈ । ਉਸ ਦਾ ਦਿਲ ਕਰਦਾ ਕਿ ਉਹ ਆਪ ਬਾਹਰ ਚਲੀ ਜਾਵੇ, ਪਰ ਦੀਪੂ ਕਿਥੇ ਹੈ, ਕਿਸ ਮੁਲਕ ਵਿੱਚ, ਕਿਸ ਸਹਿਰ ਵਿੱਚ ਹੈ ਇਸ ਦਾ ਉਸਨੂੰ ਕੋਈ ਪਤਾ ਨਹੀ ਹੈ ।
ਪੂਨਮ ਜੋ ਹਰ ਵੇਲੇ ਚਹਿਕਦੀ ਰਹਿੰਦੀ ਸੀ, ਜਿਸ ਦੇ ਮੁਖੜੇ ‘ਤੇ ਸਦਾ ਬਹਾਰਾਂ ਖੇਡਦੀਆਂ ਸਨ । ਅੱਜ ਬਹੁਤ ਉਦਾਸ ਹੈ । ਕੁਲਦੀਪ ਦੇ ਜਾਣ ਬਾਅਦ ਖੌਰੇ ਕਿਹੜੀ ਰੁੱਤ ਆਈ ਕੇ ਉਸ ਦੇ ਚਿਹਰੇ ਦਾ ਰੰਗ ਪਤਝੜ ਵਿੱਚ ਕਿਰਦੇ ਪੀਲੇ ਪੱਤਿਆਂ ਵਰਗਾ ਹੋ ਗਿਆ । ਉਹ ਹਰ ਵੇਲੇ ਖਿਆਲਾਂ ਦੀਆਂ ਡੂੰਘੀਆਂ ਖਾਈਆਂ ਵਿੱਚ ਡਿਗੀ ਰਹਿੰਦੀ । ਚਾਰ ਸਾਲ ਹੋਸਟਲ ਦੀ ਕੰਧ ਲਾਗੇ ਖੜਾ ਵੱਡਾ ਸਾਰਾ ਦਰਖਤ ਉਸ ਨੂੰ ਡਰਾਉਂਦਾ ਰਿਹਾ । ਉਹ ਹਰ ਰਾਤ ਛੱਤ ‘ਤੇ ਜਾ ਕੇ ਚੰਦਰਮਾਂ ਨੂੰ ਦੇਖਦੀ ਮੱਸਿਆ ਦੀਆਂ ਕਾਲੀਆਂ ਰਾਤਾਂ ਵਿੱਚ ਵੀ ਉਹ ਚੰਨ ਨੂੰ ਲੱਭਣ ਦੀ ਕੋਸ਼ਿਸ ਕਰਦੀ ਤੇ ਕਹਿੰਦੀ '' ਤੇਰੇ ਦੇਸ਼ ਵੀ ਤੇ ਚੰਨ ਚੜਦਾ ਹੋਵੇਗਾ ਨਾ ਦੀਪੂ ਤੈਨੂੰ ਉਸ ਚੰਨ ਦਾ ਵਾਸਤਾ ਇਕ ਵਾਰੀ ਆ ਜਾ ।‘‘
ਪੂਨਮ ਦੇ ਘਰ ਵਾਲਿਆਂ ਉਸ ਦਾ ਬੜਾ ਸਾਥ ਦਿੱਤਾ ਉਸ ਦੀ ਹਰ ਖੁਸ਼ੀ ਪੂਰੀ ਕੀਤੀ ਪਰ ਉਸ ਦੇ ਮਾਪੇ ਉਸ ਨੂੰ ਦੁਖੀ ਨਹੀਂ ਸੀ ਦੇਖ ਸਕਦੇ। ਉਹਨਾਂ ਕਈ ਵਾਰੀ ਪੂਨਮ ਨੂੰ ਘਰ ਵਸਾਉਣ ਲਈ ਕਿਹਾ । ਫਿਰ ਇਕ ਦਿਨ ਪੂਨਮ ਨੇ ਕਿਸੇ ਦੀ ਯਾਦ ਦਾ ਪੱਲਾ ਛੱਡ ਦਿੱਤਾ । ਉਸ ਦੇ ਘਰ ਵਾਲਿਆਂ ਰਿਸ਼ਤਾ ਲੱਭਿਆ ਤੇ ਪੂਨਮ ਦਾ ਕੋਰਸ ਖਤਮ ਹੁੰਦੇ ਹੀ ਵਿਆਹ ਹੋ ਗਿਆ । ਵਿਆਹ ਤੋਂ ਕੁਝ ਚਿਰ ਬਾਅਦ ਹੀ ਉਸ ਦੇ ਪਤੀ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ । ਉਹ ਸ਼ਰਾਬੀ ਕਬਾਬੀ ਦੁਨੀਆਂ ਦਾ ਕੋਈ ਵੀ ਨਸ਼ਾ ਉਹ ਛੱਡਦਾ ਨਹੀਂ। ਪੂਨਮ ਨੂੰ ਬਸ ਘਰ ਦੀ ਇਕ ਸ਼ੈ ਤੋਂ ਸਿਵਾ ਕੁਝ ਹੋਰ ਨਾ ਸਮਝਦਾ ।
ਪੂਨਮ ਜਿਸ ਨੂੰ ਕਦੀ ਉਸ ਦੀ ਸਹੇਲੀ ਪੂਨਮ ਦਾ ਚੰਨ ਆਖਿਆ ਕਰਦੀ ਸੀ ਅੱਜ ਮੱਸਿਆ ਦੀ ਸਿਆਹ ਰਾਤ ਵਾਂਗ ਹੋ ਗਈ । ਉਹ ਹੁਣ ਰਾਤ ਨੂੰ ਕਿਸੇ ਚੰਨ ਨੂੰ ਨਹੀ ਲੱਭਦੀ । ਕਿਹੜੀ ਰਾਤ ਪੁਨਿਆਂ ਦੀ ਰਾਤ ਹੈ ੳਸੁ ਨੂੰ ਕੋਈ ਪਤਾ ਨਾ ਰਿਹਾ । ਸਾਰਾ ਦਿਨ ਸੂਦੈਣਾਂ ਵਾਂਗੂ ਡੌਰ-ਭੌਰ ਹੋਈ ਰਹਿੰਦੀ । ਜਿੰਦਗੀ ਵਿੱਚ ਰੰਗਾਂ ਦਾ ਕੀ ਮਹੱਤਵ ਹੈ ਉਸ ਨੂੰ ਕੁਝ ਨਹੀਂ ਪਤਾ । ਉਹ ਸੋਚਾਂ ਦੇ ਤੁਫਾਨਾਂ ਵਿੱਚ ਘਿਰੀ ਰਹਿੰਦੀ ।
ਅੱਜ ਅਚਾਨਕ ਉਸ ਨੂੰ ਇਕ ਪੁਰਾਣੀ ਯਾਦ ਨੇ ਹਲੂਣ ਕੇ ਰੱਖ ਦਿੱਤਾ । ਪਹਿਲਾਂ ਕਦੇ ਉਸ ਨੂੰ ਇਸ ਖਿਆਲ ਨੇ ਨਹੀਂ ਸਤਾਇਆ । ਅੱਜ ਪਤਾ ਨਹੀਂ ਕਿਵੇ ਉਸ ਦੇ ਦਿਮਾਗ ਵਿੱਚ ਇਹ ਗੱਲ ਬਾਰ ਬਾਰ ਆ ਰਹੀ ਹੈ ।
''ਕਿਉਂ ਪਿਛੇ ਆਉਦਾ ਪਿਆ ਏਂ।‘‘ ਤਿੰਨ ਦਿਨ ਲਗਾਤਾਰ ਕਾਲਜ ਤੋਂ ਹੋਸਟਲ ਤੱਕ ਉਸ ਦੇ ਪਿੱਛੇ ਆਉਂਦੇ ਉਸ ਮੁੰਡੇ ਨੂੰ ਪੂਨਮ ਨੇ ਖਿਝ ਕੇ ਆਖਿਆ ਸੀ ।
-''ਤੂੰ ਮੈਨੂੰ ਬੜੀ ਚੰਗੀ ਲਗਦੀ ਏਂ, ਮੈ ਤੈਨੂੰ ਅਪਣਾਉਣਾਂ ਚਾਹੁੰਦਾ ਹਾਂ ਪਲੀਜ਼ ਮਨਾਂ ਨਾ ਕਰੀਂ, ਮੈ ਤੈਨੂੰ ਬੜਾ ਪਿਆਰ ਕਰਦੈ ।‘‘  ਉਸ ਦੇ ਚਿਹਰੇ ਤੇ ਅੰਤਾਂ ਦੀ ਮਾਸੂਮੀਅਤ ਸੀ । ਤੇ ਉਹ ਪੂਨਮ ਦਾ ਦਿਵਾਨਾਂ ਹੋ ਗਿਆ ਸੀ ।
-''ਮੈਂ ਪਹਿਲਾਂ ਹੀ ਕਿਸੇ ਦੀ ਹੋ ਚੁੱਕੀ ਆਂ, ਮੇਰੇ ਪਿੱਛੇ ਨਾ ਆਇਆ ਕਰ ।‘‘
ਤੇ ਉਸ ਦਿਨ ਤੋਂ ਬਾਅਦ ਉਹ ਉਸ ਦੇ ਪਿਛੇ ਨਹੀ ਆਇਆ, ਪਰ ਉਸ ਦੇ ਜਾਂਦੀ ਵਾਰ ਦੇ ਕਹੇ ਬੋਲ ਪੂਨਮ ਨੂੰ ਅੱਜ ਬਾਰ ਬਾਰ ਸਤਾ ਰਹੇ ਨੇ ।
-''ਕਈ ਵਾਰੀ ਜਿਸਨੂੰ ਅਸੀ ਚਾਹੁੰਦੇ ਹਾਂ ਉਹ ਸਾਨੂੰ ਮਿਲਦਾ ਨਹੀਂ ,ਪਰ ਜੋ ਸਾਨੂੰ ਚਾਹੁੰਦਾ ਹੈ ਉਸ ਨੂੰ ਅਸੀ ਗਵਾ ਲੈਂਦੇ ਹਾਂ ।‘‘
ਉਸ ਵੇਲੇ ਤਾਂ ਇਹ ਬੋਲ ਪੂਨਮ ਨੂੰ ਸਧਾਰਨ ਜਹੇ ਲੱਗੇ ਪਰ ਅੱਜ ਬਾਰ ਬਾਰ ਉਸ ਦੇ ਧੁਰ ਅੰਦਰ ਇਹ ਬੋਲ ਗੂੰਜ ਰਹੇ ਨੇ । ਉਸ ਨੇ ਸਾਹਮਣੀ ਕੰਧ ਨਾਲ ਲੱਗੇ ਸ਼ੀਸ਼ੇ ਤੇ  ਨਜ਼ਰ ਮਾਰੀ , ਉਸ ਦੇ ਵਾਲ ਰੋਹੀ ਵਿੱਚ ਉਗੇ ਸੜਕੜੇ ਵਰਗੇ ਲੱਗੇ । ਚਿਹਰਾ ਉਜਾੜ ਜਾਪਿਆ । ਉਹ ਆਪਣੀ ਉਮਰ ਤੋਂ ਵੀਹ ਸਾਲ ਵੱਡੀ ਲੱਗ ਰਹੀ ਹੈ । ਘਰ ਦੇ ਬਾਹਰ ਦਰਖਤਾਂ ਤੋ ਕਿਰਦੇ ਪੀਲੇ ਪੱਤੇ ਵਿਹੜੇ ਵਿੱਚ ਆ ਰਹੇ ਨੇ । ਵਿਹੜੇ ‘ਚ ਪਈ ਮੰਜੀ ਤੇ ਉਹ ਕੰਬਲ ਲੈ ਕੇ ਪੈ ਗਈ । ਕੁਝ ਹੀ ਦੇਰ ਵਿੱਚ ਉਸ ਨੇ ਇਕ ਰੰਗੀਨ ਸੁਪਨਾ ਦੇਖਿਆ, ਕੁਲਦੀਪ ਉਸ ਵੱਲ ਬਾਹਵਾਂ ਉਲਾਰੀ ਖੜਾ ਹੈ । ਉਸ ਨੇ ਆਪਣੇ ਚਿਹਰੇ ‘ਤੇ ਰੰਗ ਮਹਿਸੂਸ ਕੀਤਾ । ਕੁਲਦੀਪ ਉਸ ਵੱਲ ਵੇਖ ਕੇ ਬੜਾ ਹੈਰਾਨ ਹੈ , ਪੂਨਮ ਪਹਿਚਾਣੀ ਨਹੀਂ ਜਾ ਰਹੀ । ਉਹ ਤਾਂ ਕੋਈ ਬੁੱਢੀ ਸੁਦੈਣ ਹੈ । ਕੁਝ ਦੇਰ ਪੂਨਮ ਉਸ ਵੱਲ ਵੇਖ ਕੇ ਫਿਰ ਗੁੱਸੇ ਅਤੇ ਬੇ-ਬਸੀ ਦੇ ਆਲਮ ਵਿੱਚ ਆਖਦੀ ਹੈ:
-''ਤੂੰ ਕਿਹੜੀ ਰੁੱਤੇ ਆਇਐਂ ਜਾਲਮਾਂ, ਜਦ ਮੇਰੇ ਤਨ ‘ਤੇ ਪੱਤਝੜ ਤੋ ਸਿਵਾ ਹੋਰ ਕੁਝ ਨਹੀਂ।‘‘
ਉਸ ਨੇ ਇਕ ਦਮ ਅੱਖਾਂ ਖੋਲ੍ਹੀਆਂ ਹਨੇਰਾ ਪਸਰ ਚੁੱਕਿਆ ਹੈ । ਆਸੇ ਪਾਸੇ ਉਸ ਨੂੰ ਕੁਝ ਨਹੀਂ ਦਿਸ ਰਿਹਾ । ਅਸਮਾਨ ਉਤੇ ਚੰਨ ਦੀ ਗੋਲ ਟਿੱਕੀ ਆਪਣੀ ਚਾਲੇ ਚਲ ਰਹੀ ਹੈ । ਚੰਨ ਵੱਲ ਵੇਖ ਕੇ ਉਹ ਆਪ ਮੁਹਾਰੇ ਬੋਲ ਰਹੀ ਹੈ :
''ਅੱਜ ਪੂਨਮ ਦੀ ਰਾਤ ਏ ਨਾ ਦੀਪੂ ।‘‘



ਰੋਜ਼ੀ ਸਿੰਘ
ਸੋ-ਫਾਇਨ ਕੰਪਿਉਟਰ ਇੰਸਟੀਚਿਊਟ
ਫਤਿਹਗੜ ਚੂੜੀਆਂ
98157-55184

(24 ਮਾਰਚ 2008 ਯੂਨੀਕੋਡ)
 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.