ਕਿਹਾ ਜਾਂਦਾ ਹੈ ਕਿ ਮਨੁੱਖ ਨੇ ਦੁਨੀਆ ਤੇ ਆਪਣੀ ਹੋਂਦ ਤੋ ਕੁਝ ਚਿਰ ਬਾਅਦ ਹੀ
ਪੁੱਠਾ- ਸਿੱਧਾ ਸੋਚਣਾ ਸ਼ੁਰੂ ਕਰ ਦਿੱਤਾ ਸੀ ਤੇ ਇਸੇ ਪੁੱਠੀ-ਸਿੱਧੀ ਸੋਚ ਵਿਚੋਂ ਹੀ
ਅੱਗ ਦੀ ਕਾਢ ਨਿੱਕਲੀ ਸੀ, ਇਸੇ ਤਰ੍ਹਾਂ ਧਰਤੀ ਦੀ ਖਿੱਚ ਸ਼ਕਤੀ ਦਾ ਪਤਾ ਵੀ ਇਕ
ਵਿਗਿਆਨੀ ਦੇ ਪੁੱਠੇ ਦਿਮਾਗ ਦੀ ਸੋਚ ਦਾ ਹੀ ਸਿੱਟਾ ਹੈ, ਜਦੋਂ ਉਹ ਇਕ ਅੰਬ? ਦੇ
ਦਰੱਖਤ ਹੇਠ ਅਰਾਮ ਕਰ ਰਿਹਾ ਸੀ ਤੇ ਇਕ ਅੰਬ? ਟੁੱਟਕੇ ਅਚਾਨਕ ਉਸਦੇ ਸਾਹਮਣੇ ਆ
ਡਿੱਗਿਆ ਤੇ ਬੱਸ ਫੇਰ ਕੀ ਸੀ ਉਸ ਫੱਕਰ ਨੇ ਪੁੱਠਾ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹ
ਅੰਬ ਧਰਤੀ ਤੇ ਕਿਉਂ ਡਿੱਗਿਆ, ਦਰੱਖਤ ਨਾਲੋਂ ਟੁੱਟਕੇ ਉਪਰ ਵੱਲ ਕਿਉ ਨਹੀਂ ਚਲਿਆ
ਗਿਆ ਤੇ ਇਸੇ ਪੁੱਠੀ ਸੋਚ ਤੋਂ ਹੀ ਧਰਤੀ ਦੀ ਖਿੱਚ ਸ਼ਕਤੀ ਦੀ ਕਾਢ ਨਿਕਲੀ, ਚਲੋ
ਛੱਡੋ ਇਹ ਤਾਂ ਸੀ ਵੱਡੇ ਦਿਮਾਗ ਦੀਆ ਪੁੱਠੀਆ ਗੱਲਾਂ ਪਰ ਹੁਣ ਆਪਾਂ ਆਉਦੇ ਹਾਂ ਮੇਰੇ
ਵਰਗੇ ਨਿੱਕੇ ਦਿਮਾਗ ਦੀਆਂ ਪੁੱਠੀਆਂ ਗੱਲਾਂ ਵੱਲ ਜਾਣੀ ਕੇ ਇਸ ਲੇਖ ਦੇ ਅਸਲੀ ਵਿਸ਼ੇ
ਵੱਲ।
ਜੇਕਰ ਮਨੱਖ ਦੇ ਸਿੰਗ ਹੁੰਦੇ ਤਾਂ ਸੱਚ-ਮੁੱਚ ਹੀ ਸਭ ਕੁਝ ਉਲਟਾ-ਪੁਲਟਾ ਹੋਣਾ ਸੀ,
ਸਾਡਾ ਰਹਿਣ-ਸਹਿਣ, ਖਾਣ-ਪੀਣ, ਬੋਲ-ਚਾਲ, ਤੁਰਨ-ਫਿਰਨ, ਐਰਾ-ਗੈਰਾ ਨੱਥੂ-ਖੈਰਾ। ਸਭ
ਤੋਂ ਪਹਿਲਾਂ ਤਾਂ ਜਦੋਂ ਕਿਸੇ ਘਰ ਲੜਕੇ ਦਾ ਜਨਮ ਹੋਣਾ ਸੀ ਤਾਂ ਬਜੁਰਗ ਔਰਤਾ ਨੇ
ਅਸੀਸਾਂ ਦੇਣੀਆ ਸਨ ਕਿ 'ਲੰਮੀਆ ਉਮਰਾਂ ਹੋਣ ਕੁੰਢੇ ਸਿੰਗਾ ਵਾਲਾ ਹੋਵੇ’ ਤੇ ਨਾਲ ਦੀ
ਨਾਲ ਹੀ ਮੁੰਡੇ ਦੀ ਮਾਂ ਨੂੰ ਇਸ ਗੱਲੋਂ ਵੀ ਸੁਚੇਤ ਕਰਨਾ ਸੀ ਕਿ ‘ਵੱਡੀ ਕੁੜੀ ਤੋਂ
ਬਚਾ ਕੇ ਰੱਖੀਂ ਹੋਰ ਨਾ ਕਿਤੇ ਖੇਡ-ਖੇਡ ਵਿਚ ਹੀ ਆਪਣੇ ਤਿੱਖੇ ਸਿੰਗ ਮਾਰਕੇ ਮੁੰਡੇ
ਦੀ ਜਾਹ-ਜਾਂਦੀ ਕਰ ਦੇਵੇ’, ਸਕੂਲਾਂ ਵਿਚ ਅਧਿਆਪਕਾਂ ਨੇ ਜੁਆਕਾਂ ਨੂੰ ਇਸ ਤਰਾਂ
ਘੁਰਿਆ ਕਰਨਾ ਸੀ ‘ਲੜੋ ਨਾ ਉਏ ਹੋਰ ਨਾ ਕਿਤੇ ਸਿੰਗ ਫਸਾ ਲਿਓ ’ ਤੇ ਨਾਲੇ ਹਰੇਕ
ਕੁੰਢੇ ਸਿੰਗਾਂ ਵਾਲੇ ਜੁਆਕਾ ਦੇ ਵਿਚਕਾਰ ਸੇਫਟੀ ਵਾਸਤੇ ਇਕ ਘੋਨਾ ਜਾਂ ਮੀਣੇ
ਸਿੰਗਾਂ ਵਾਲਾ ਜੁਆਕ ਬਿਠਾਇਆ ਕਰਨਾ ਸੀ ਤੇ ਜੁਆਕਾਂ ਨੇ ਵੀ ਇਸ ਤਰਾਂ ਸਿ਼ਕਾਇਤਾਂ
ਲਗਾਇਆ ਕਰਨੀਆ ਸਨ ‘ਮਾਸਟਰ ਜੀ ਫਲਾਣੇ ਮੁੰਡੇ ਨੇ ਮੇਰੇ ਦੋ ਵਾਰ ਸਿੰਗ ਮਾਰਿਆ’,
ਅੱਗੋਂ ਮਾਸਟਰ ਜੀ ਹੋਰਾਂ ਨੇ ਵੀ ਡਰਾਵਾ ਦਿਅ ਕਰਨਾ ਸੀ ‘ਲਿਆਓ ਉਏ ਆਰੀ ਇਹਦੇ ਸਿੰਗ
ਵੱਢੀਏ’ ਤੇ ਜਾਂ ਉਸ ਮੁੰਡੇ ਦੇ
ਮਾਂ-ਪਿਓ ਨੂੰ ਸਕੂਲ ਸੱਦਕੇ ਆਖਿਆ ਕਰਨਾ ਸੀ ‘ ਆਪਣੇ ਬੱਚੇ ਨੁੰ ਘਰ ਕੁਝ ਸਮਝਾਇਅ
ਕਰੋ, ਇਹ ਤਾਂ ਦਿਨੋ-ਦਿਨ ਬਹੁਤ ਮਾਰਨ-ਖੰਡਾ ਬਣਦਾ ਜਾਂਦੈ, ਨਾਲੇ ਇਹਨੂੰ
ਥੋੜੀ-ਬਹੁਤੀ ਸਫਾਈ ਰੱਖਣੀ ਸਿਖਾਓ ……ਤੇ ਇਹਦੇ ਸਿੰਗਾਂ ਨੂੰ ਤੇਲ ਵਗੈਰਾ ਲਾਕੇ ਸਕੂਲ
ਭੇਜਿਆ ਕਰੋ ਕਿਵੇਂ ਖੁਸ਼ਕ-ਖੁਸ਼ਕ ਕਰੀ ਫਿਰਦੈ’।
ਹਸਪਤਾਲਾਂ ਵਿਚ ਅੱਖ, ਕੰਨ ਤੇ ਨੱਕ ਦੇ ਨਾਲ ਇਕ ਸਿੰਗਾਂ ਦਾ ਵਾਰਡ ਜਰੂਰ ਹੋਣਾ ਸੀ
ਜਿੱਥੇ ਸਿੰਗਾਂ ਦੇ ਸਪੈਸ਼ਲਿਸਟ ਬੈਠਿਆ ਕਰਨੇ ਸੀ ਤੇ ਉਸ ਵਾਰਡ ਦੀ ਲਾਈਨ ਵਿਚ ਵਾਰੀ
ਦੀ ਉਡੀਕ ਵਿਚ ਬੈਠੀਆ ਬੁੜ੍ਹੀਆਂ ਨੇ ਵੀ ਗੱਲਾਂ ਕਰਿਆ ਕਰਨੀਆਂ ਸਨ ‘ਹੁਣ ਤਾਂ ਭੈਣੇ
ਮਹਿੰਗਾਈ ਇੰਨੀ ਵਧ ਗਈ ਹੈ ਕਿ ਸਿੰਗ ਦਗਾਉਣੇ ਵੀ ਗਰੀਬਾਂ ਦੇ ਵਸ ਦਾ ਰੋਗ ਨਹੀ… ਆ
ਸਾਡੇ ਪਿੰਡ ਵਾਲੇ ਲੰਬੜਾਂ ਨੇ ਨਵੇ ਜੰਮੇ ਮੁੰਡੇ ਦੇ ਸਿੰਗ ਦਗਾਏ ਪੂਰਾ ਪੱਚੀ ਹਜ਼ਾਰ
ਰੁਪਿਆ ਲੱਗਾ’ ਤੇ ਕਿਸੇ ਹੋਰ ਬੁੜ੍ਹੀ ਨੇ ਆਖਣਾ ਸੀ ‘ਬੱਸ ਭੈਣੇ ਮਹਿੰਗਾਈ ਦਾ ਤਾਂ
ਪੁੱਛ ਹੀ ਨਾ……… ਲੈ ਮੇਰੇ ਵੱਲ ਹੀ ਦੇਖ ਲੈ ਪਿਛਲੇ ਹਫਤੇ ਨੂੰਹ ਨਾਲ ਲੜਦੀ ਦਾ ਸਿੰਗ
ਉਹਦੇ ਵੱਜਣ ਦੀ ਬਜਾਏ ਕੰਧ ਵਿਚ ਵੱਜ ਗਿਆ… ਬੱਸ ਉਸ ਦਿਨ ਦਾ ਦਰਦ ਕਰੀ ਜਾਂਦੈ ਪੂਰਾ
ਬਾਰਾਂ ਸੌ ਰੁਪਿਆ ਫੁਕ ਚੁੱਕੀ ਆਂ ਅਜੇ ਭੋਰਾ ਦਰਦ ਨੀ ਘਟਿਆ।' ਵਿਆਹ ਸ਼ਾਦੀਆ ਦੇ
ਇਸ਼ਤਿਹਾਰ ਵਿਚ ਵੀ ਹੋਰ ਗੱਲਾਂ ਦੇ ਨਾਲ-ਨਾਲ ਇਹ ਵੀ ਜਰੂਰ ਲਿਖਿਆ ਹੋਇਆ ਕਰਨਾ ਸੀ
ਕਿ ‘ਕੈਨੇਡਾ ਤੋਂ ਆਏ ਲੜਕੇ ਲਈ ਕੇਵਲ ਉਹ ਪਰਿਵਾਰ ਹੀ ਸੰਪਰਕ ਕਰਨ ਜਿ਼ਨਾਂ ਦੀ ਲੜਕੀ
ਦੇ ਸਿੰਗ ਕੁੰਢੇ ਹੋਣ’ ਤੇ ਨਾਲੇ ਇਹੋ ਜਿਹੇ ਵਿਆਹ ਮੌਕੇ ਬਜੁਰਗ ਔਰਤਾਂ ਨੇ ਇਹ ਵੀ
ਕਿਹਾ ਕਰਨਾ ਸੀ ਕਿ… ਲੈ ਭੈਣੇ ਕਲਜੁਗ ਦੇ ਰੰਗ ਐ , ਕੈਨੇਡਾ ਮਾਰਿਆਂ ਨੇ ਕੁੰਢੇ
ਸਿੰਗਾ ਵਾਲੀ ਸੋਨੇ ਵਰਗੀ ਕੁੜੀ ਨੂੰ ਟੁੱਟੇ ਸਿੰਗ ਵਾਲੇ ਨਾਲ ਵਿਆਹ ਦਿੱਤਾ ਤੇ ਮੇਰੇ
ਵਰਗੇ ਕਈ ਫੱਕਰਾਂ ਨੇ ਭੈੜੇ ਸਿੰਗਾ ਕਰਕੇ ਹੀ ਛੜੇ ਰਹਿ ਜਾਇਆ ਕਰਨਾ ਸੀ, ਬੇਸ਼ਕ
ਮਾਵਾਂ ਨੇ ਬਹੁਤ ਸਫਾਈਆਂ ਦੇਣੀਆ ਸਨ ਕਿ ‘ ……ਭਾਈ ਸਾਡੇ ਮੁੰਡੇ ਦੇ ਸਿੰਗ ਤਾਂ ਬਹੁਤ
ਸੋਹਣੇ ਸਨ ਇਹ ਤਾਂ ਅਠਾਰ੍ਹਵੇ ਵਰ੍ਹੇ ਸੀ ਬੱਸ ਐਵੇਂ ਖੇਡ-ਖੇਡ ਵਿਚ ਫਲਾਣਿਆ ਦੇ
ਮੁੰਡੇ ਨਾਲ ਅੜਾ ਬੈਠਾ ਬੱਸ ਉਦੋਂ ਇਕ ਸਿੰਗ ਵੱਢਣਾ ਪਿਆ, ਪਹਿਲਾਂ ਇਹਦੇ ਸਿੰਗ
ਦੇਖਕੇ ਸਾਕ ਕਰਨ ਵਾਲੇ ਤਾਂ ਸਾਡੀਆ ਲੇਲੜ੍ਹੀਆਂ ਕੱਢਦੇ ਹੁੰਦੇ ਸਨ………ਉਦੋਂ ਅਸੀਂ ਨਾ
ਲੱਤ ਲੱਗਣ ਦਿੱਤੀ ਕਿ ਮੁੰਡਾ ਛੋਟਾ ਹੈ…… ਤੇ ਫੇਰ ਬੱਸ ਆਹ ਬੱਜ ਪੈ ਗਈ’ ।
ਇਸ ਤੋਂ ਇਲਾਵਾ ਸਾਡੇ ਗਾਇਕ ਅਤੇ ਗੀਤਕਾਰ ਭਰਾਵਾਂ ਦੇ ਗੀਤਾਂ ਦੇ ਮੁਖੜੇ ਤੇ
ਕੈਸਿਟਾਂ ਦੇ ਨਾਮ ਵੀ ਹੋਰ ਤਰ੍ਹਾਂ ਦੇ ਹੋਇਆ ਕਰਨੇ ਸਨ ਜਿਵੇਂ ਕਿ ‘ਗਿੱਧੇ ਵਿਚ
ਸਿੰਗ ਹਿਲਦੇ’, ‘ਬਿੱਲੋ ਨੀ ਤੇਰੇ ਸਿੰਗ ਦੇਖਕੇ’, ‘ਕੁੰਢੇ ਸਿੰਗ ਮਿੱਤਰਾਂ ਦੇ’ ਜਾਂ
ਫਿਰ ‘ਜੱਟ ਤੇਰਿਆ ਸਿੰਗਾਂ ਤੇ ਮਰਦਾ’ ਵਗੈਰਾ- ਵਗੈਰਾ । ਟੀ. ਵੀ. ਚੈਨਲਾਂ ਤੇ ਵੀ
ਹਿੱਟ ਗੀਤ ਚੱਲਿਆ ਕਰਨੇ ਸਨ ਜਿਵੇਂ ਕਿ ‘ਸਿੰਗਾਂ ਨੂੰ ਹਿਲਾ ਗਈ ਜਾਂਦੀ- ਜਾਂਦੀ’,
‘ਮੇਰੀ ਜਿੰਦ ਨੂੰ ਪੁਆੜੇ ਪਾਊਣ ਵਾਲਿਆ ਦੱਸ ਸਿੰਗਾਂ ਉੱਤੇ ਕਾਹਤੋ ਲਿਖਵਾਇਆ ਮੇਰਾ
ਨਾ’, ‘ਕੁੰਢੇ ਸਿੰਗਾਂ ਵਾਲੀਏ ਨੀ ਕੁੰਢੇ ਸਿੰਗਾਂ ਵਾਲੀਏ’, ‘ਕਿਉ ਕਰਦੀ ਚਲਾਕੀਆ
ਤੂੰ ਨੀ ਕਹਿਦੇ ਸਿੰਗ ਟੁੱਟਗੇ, ਨੀ ਕਹਿਦੇ ਸਿੰਗ ਟੁੱਟਗੇ’ ਆਦਿ ।
ਇਸ ਤੋਂ ਇਲਾਵਾ ਭੀੜ-ਭੜੱਕੇ ਵਾਲੀਆਂ ਥਾਵਾਂ ਤੇ ਬੱਸਾਂ ਵਿਚ ਵੱਡੇ-ਵੱਡੇ ਤੇ
ਵਿੰਗ-ਤਿੜੰਗੇ ਸਿੰਗਾਂ ਵਾਲਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਰਨਾ
ਸੀ, ਬੱਸਾਂ ਵਿਚ ਵਿਸ਼ੇਸ਼ ਤੌਰ ਤੇ ਲਿਖਿਆ ਹੋਇਆ ਕਰਨਾ ਸੀ ਕਿ ‘ਚਲਦੀ ਬੱਸ ਵਿਚੋ
ਸਿੰਗ ਬਾਹਰ ਨਾ ਕੱਢੋ’ ਇਸ ਤੋਂ ਇਲਾਵਾ ਕੁੰਢੇ ਤੇ ਛੋਟੇ ਸਿੰਗਾਂ ਵਾਲੇ ਕਡੰਕਟਰਾਂ
ਨੂੰ ਟਿਕਟਾਂ ਕੱਟਣ ਵਿਚ ਘੱਟ ਮੁਸਿ਼ਕਲ ਹੋਇਆ ਕਰਨੀ ਸੀ ਤੇ ਇਹ ਵੀ ਹੋ ਸਕਦੈ ਹੈ ਕਿ
ਨੌਕਰੀਆ ਦੀ ਮੈਰਿਟ ਦੇ ਇਸ਼ਤਿਹਾਰਾਂ ਵਿਚ ਇਹ ਵੀ ਸ਼ਰਤ ਹੋਇਆ ਕਰਦੀ ਕਿ ਫਲਾਣੀ ਪੋਸਟ
ਵਾਸਤੇ ਕੇਵਲ ਕੁੰਢੇ ਜਾਂ ਘੱਟ ਲੰਬੇ ਸਿੰਗਾਂ ਵਾਲੇ ਹੀ ਅਪਲਾਈ ਕਰਨ ਪਰ ਪੁਲਸ ਦੀ
ਭਰਤੀ ਵਿਚ ਤਿੱਖੇ, ਅਣਘੜਤ ਤੇ ਵਿੰਗ-ਤਿੰੜਗੇ ਸਿੰਗਾਂ ਵਾਲਿਆਂ ਦੀ ਗੱਲ ਅਸਾਨੀ ਨਾਲ
ਬਣ ਜਾਇਆ ਕਰਨੀ ਸੀ ਹੋ ਸਕਦੈ ਹੈ ਫੋਜ਼ ਦੀਆਂ ਬਟਾਲੀਅਨਾਂ ਦੀ ਵੰਡ ਵੀ ਘੋਨੇ, ਚੱਪੇ
ਤੇ ਕੁੰਢੇ ਸਿੰਗਾਂ ਦੇ ਅਧਾਰ ਤੇ ਹੁੰਦੀ, ਇਕ ਸਿੰਗ ਟੁੱਟੇ ਵਾਲਿਆ ਨੂੰ ਹੈਂਡੀਕੈਪ
ਕੋਟੇ ਵਿਚ ਰੱਖਿਆ ਜਾਣਾ ਸੀ…ਵਗੈਰਾ…ਵਗੈਰਾ ।
ਇਹ ਵੀ ਹੋ ਸਕਦਾ ਸੀ ਕਿ ਸਿਆਸੀ ਪਾਰਟੀਆਂ ਲੰਮ-ਸਲੰਮੇ, ਵਿੰਗ-ਤਿੜੰਗੇ ਤੇ ਨੁਕੀਲੇ
ਸਿੰਗਾਂ ਵਾਲਿਆਂ ਨੂੰ ਵੋਟਾਂ ਵੇਲੇ ਪਹਿਲ ਦੇ ਅਧਾਰ ਤੇ ਟਿਕਟਾਂ ਦਿੰਦੀਆ ਤਾਂ ਕਿ
ਲੋਕ ਸਭਾ ਵਿਚ ਮੇਜ਼ ਕੁਰਸੀਆਂ ਹਥਿਆਰਾਂ ਵਜੋਂ ਨਾ ਵਰਤਣੀਆਂ ਪੈਣ ਤੇ ਇਹ ਕੰਮ
ਸਿੰਗਾਂ ਤੇ ਛੱਡ ਦਿੱਤਾ ਜਾਂਦਾ । ਪਰ ਲੋਕ ਸਭਾ ਦੇ ਸਪੀਕਰ ਦੀ ਪਦਵੀ ਤੇ ਹੋ ਸਕਦੈ
ਹੈ ਕੋਈ ਘੋਨਾ ਵਿਆਕਤੀ ਹੀ ਲਗਾਇਆ ਜਾਂਦਾ ਤਾਂ ਕਿ ਉਹ ਕਿਸੇ ਵੀ ਭਾਰੇ ਟੇਬਲ ਥੱਲੇ
ਅਸਾਨੀ ਨਾਲ ਵੜ ਸਕੇ ਤੇ ਸਿੰਗ ਲੁਕਣ ਸਮੇਂ ਉਹਦੇ ਰਾਹ ਵਿਚ ਰੋੜਾ ਨਾ ਬਣਨ ਤੇ ਉਹ
ਵਿਚਾਰਾ ਉਸ ਹੰਕਾਰੀ ਬਾਰਾਂ ਸਿੰਗੇ ਵਾਗੂੰ ਅਜਾਈਂ ਮੌਤ ਹੀ ਨਾ ਮਾਰਿਆ ਜਾਵੇ ।
ਇਸ ਤੋਂ ਇਲਾਵਾ ਹੋਰ ਬਹੁਤ ਕੁਝ ਉਲਟ-ਪੁਲਟ ਹੋਇਆ ਕਰਨਾ ਸੀ ਕਿਸੇ ਚੋਰ ਮਗਰ ਭੱਜਦੇ
ਪੁਲਸੀਆਂ ਦੇ ਆਪਸ ਵਿਚ ਟਕਰਾੳਣ ਨਾਲ ਹੀ ਸਿੰਗ ਫਸ ਜਾਇਆ ਕਰਨੇ ਸਨ ਤੇ ਚੋਰ ਜੀ ਨੇ
ਅਸਾਨੀ ਨਾਲ ਪਤਰਾ ਵਾਚ ਜਾਇਆ ਕਰਨਾ ਸੀ ਪਰ ਉਹਨਾਂ ਵਿਚਾਰਿਆਂ ਨੇ ਉੱਥੇ ਹੀ ਜੀਭਾਂ
ਕੱਢਕੇ ਖੜ੍ਹੇ ਰਹਿਣਾ ਸੀ । ਵਿਆਹ ਸ਼ਾਦੀਆ ਵਿਚ ਮਾਰਨ ਖੰਡੇ ਮਾਮਿਆਂ ਨੇ ਆਪਣੇ
ਭਾਣਜੇ-ਭਾਣਜੀਆਂ ਦੇ ਵਿਆਹਾਂ ਮੌਕੇ ਦਾਰੂ ਨਾਲ ਟੱਲੀ ਹੋਕੇ ਕਈਆਂ ਦੇ ਪੁੜੇ ਪਾੜ
ਛੱਡਣੇ ਸਨ, ਕੁੰਢੀਆਂ ਮਾਵਾਂ ਧੀਆਂ ਦੇ ਧੀ ਦੀ ਡੋਲੀ ਤੁਰਨ ਤੋਂ ਪਹਿਲਾ ਮਿਲਣੀ ਵੇਲੇ
ਸਿੰਗ ਫਸਣ ਦਾ ਖਤਰਾ ਰਹਿਣਾ ਸੀ, ਲੰਮੇ-ਲੰਮੇ ਸਿੰਗਾਂ ਵਾਲੀਆਂ ਮੇਲਣਾਂ ਨੇ ਨੱਚਣ
ਵੇਲੇ ਸਿੰਗ ਮਾਰ-ਮਾਰ ਟੈਂਟ ਪਾੜ ਸੁੱਟਿਆ ਕਰਨਾ ਸੀ ਤੇ ਮੂਵੀ ਵਾਲੇ ਭਾਈ ਨੂੰ ਆਪਣੀ
ਸੇਫਟੀ ਵਾਸਤੇ ਦੂਰ ਤੋਂ ਹੀ ਮੂਵੀ ਬਣਾਉਣੀ ਪਿਆ ਕਰਨੀ ਸੀ, ਹਸਪਤਾਲਾਂ ਵਿਚ
ਭੀੜ-ਭੜੱਕਾ ਵਧ ਜਾਣਾ ਸੀ ਤੇ ਹੋਰ ਬਹੁਤ ਕੁਝ ਬਦਲ ਜਾਣਾ ਸੀ ਜਿਸਦਾ ਕਿ ਪੂਰਾ-ਪੂਰਾ
ਅੰਦਾਜ਼ਾ ਲਗਾਉਣਾ ਅਸੰਭਵ ਹੈ………ਪਰ ਸ਼ੁਕਰ ਹੈ ਉਸ ਕੁਦਰਤ ਦਾ ਜਿਸਨੇ ਮਨੁੱਖ ਦੇ
ਸਿੰਗ ਨਹੀ ਲਗਾਏ ਇਹ ਤਾਂ ਬਿਨਾ ਸਿੰਗਾਂ ਤੋ ਹੀ ਪਸ਼ੂਆਂ ਤੋਂ ਵੱਧ ਭਿੜਦੇ ਫਿਰਦੇ ਨੇ
ਤੇ ਜੇ ਕਿਤੇ ਸੱਚ-ਮੁੱਚ ਸਿੰਗ ਹੁੰਦੇ ਫੇਰ ਕੀ ਹੁੰਦਾ……………?
ਬਲਜਿੰਦਰ ਸੰਘਾ ( ਕੈਲਗਰੀ) ਕੈਨੇਡਾ
ਫੋਨ ਨੂੰ (403) 680-3212
(29 ਮਾਰਚ 2008)