ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਲੇਖ/ਖੋਜ/ਆਲੋਚਨਾ/ਰੀਵੀਊ/ਵਿਚਾਰ:

ਫੋਟੋ:ਡਾ:ਗੁਰੂਮੇਲ ਸ. ਸਿਧੂ
ਡਾ. ਗੁਰੂਮੇਲ ਸ. ਸਿੱਧੂ

ਸੁਰਿੰਦਰ ਸੀਰਤ ਦੀ ਖੁੱਲ੍ਹੀ ਕਵਿਤਾ ਦਾ ਅਧਿਐਨ

 

ਡਾ. ਗੁਰੂਮੇਲ ਸ. ਸਿੱਧੂ

ਸੁਰਿੰਦਰ ਸੀਰਤ ਦੋ ਕਾਵਿ ਰੂਪਾਂ, ਗ਼ਜ਼ਲ ਅਤੇ ਖ਼ੁੱਲ੍ਹੀ ਕਵਿਤਾ, ਵਿਚ ਕਲਾਮ ਕਹਿੰਦਾ ਹੈ। ਉਸ ਦੇ ਹੁਣ ਤੱਕ ਦੋ ਕਵਿਤਾ ਦੇ (ਛੱਲਾਂ, ਖ਼ਲਾਅ ’ਚ ਟੰਗੇ ਹਰਫ਼), ਦੋ ਗ਼ਜ਼ਲਾਂ ਦੇ (ਕਿਰਚਾਂ, ਸੂਰਤ ਸੀਰਤ ਤੇ ਸਲੀਬ) ਅਤੇ ਦੋ ਰਲਵੇਂ ਮਿਲਵੇਂ ਕਾਵਿ-ਸੰਗ੍ਰਹਿ (ਕਿੱਕਰ ਕੰਡੇ, ਸੇਜ ਸੂਲੀ ਤੇ ਸਲੀਬ) ਛਪ ਚੁੱਕੇ ਹਨ। ਹਥਲੇ ਨਿਬੰਧ ਵਿਚ ਸੀਰਤ ਦੀ ਖੱਲ੍ਹੀ ਕਵਿਤਾ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ, ਗ਼ਜ਼ਲਾਂ ਦਾ ਲੇਖਾ-ਜੋਖਾ ਕਿਸੇ ਹੋਰ ਲੇਖ ਵਿਚ ਕਰਾਂਗੇ।

ਭਾਵੇਂ ਮੈਂ ਸੀਰਤ ਦੇ ਪਹਿਲੇ ਦੋ ਕਾਵਿ-ਸੰਗ੍ਰਹਿ ਪੜ੍ਹ ਨਹੀਂ ਸਕਿਆ ਪਰ ਬਾਕੀ ਦੇ ਸਾਰੇ ਸੰਗ੍ਰਹਿ ਪੜ੍ਹਨ ਉਪਰੰਤ, ਪ੍ਰਭਾਵ ਇਹ ਪੈਂਦਾ ਹੈ ਕਿ ਸੀਰਤ ਵਾਸਤਵ ਵਿਚ ਵਿਸ਼ਾ ਪ੍ਰਧਾਨ ਸੂਝਵਾਨ ਕਵੀ ਹੈ, ਰੂਪ ਪ੍ਰਧਾਨ ਸੰਵੇਦਨਸ਼ੀਲ ਕਵੀ ਨਹੀਂ। ਉਹ ਵਿਸ਼ਾ ਵਸਤੂ ਨੂੰ ਮਾਨਸਿਕ ਪੱਧਰ ਤੇ ਮਹਿਸੂਸ ਜਰੂਰ ਕਰਦਾ ਹੈ ਪਰ ਉਸ ਦਾ ਸੰਚਾਰ ਕਰਨ ਲੱਗਿਆਂ ਵਿਸ਼ਲੇਸ਼ਣੀ ਵਿਧੀ ਵਧੇਰੇ ਵਰਤਦਾ ਹੈ। ਉਸ ਦੀ ਵੇਦਨਾ (Feelings) ਸੰਵੇਦਨਾ (Emotions) ਵਿਚ ਢਲਣ ਤੋਂ ਪਹਿਲਾਂ ਸੋਚ ਦੀ ਪਰਕਰਮਾ ਵਿਚ ਪਹੁੰਚ ਜਾਂਦੀ ਹੈ। ਵੇਦਨਾ ਅਤੇ ਸੰਵੇਦਨਾ ਵਿਚ ਵਿਚ ਅੰਤਰ ਇਹ ਹੈ ਕਿ ਵੇਦਨਾ ਸੁਚੇਤ ਮਨ ਦਾ ਵਿਚਾਰ ਹੈ ਅਤੇ ਸੰਵੇਦਨਾ ਅਚੇਤ ਮਨ ਦੀ ਤਰੰਗ। ਆਪਣੇ ਆਲੇ ਦੁਆਲੇ ਨਾਲ ਭਾਵਕ ਜਾਂ ਬੌਧਕ ਸਾਂਝ ਪਾਉਣ ਲਈ ਸਭ ਤੋਂ ਪਹਿਲਾਂ ਵੇਦਨਾ ਦਾ ਉਤਪਨ ਹੋਣਾ ਜਰੂਰੀ ਹੈ। ਇਸ ਤੋਂ ਬਾਅਦ ਵੇਦਨਾ ਇਨਸਾਨ ਦੇ ਵਾਤਾਵਰਨ ਦੀ ਤਾਸੀਰ ਅਨੁਸਾਰ, ਸੰਵੇਦਨਾ ਜਾਂ ਬੋਧਿਕਤਾ ਵਿਚ ਅਨੁਵਾਦ ਹੁੰਦੀ ਹੈ। ਸੰਜੀਦਾ ਅਤੇ ਤਲਖ਼ ਵਾਤਾਵਰਨ ਵਿੱਚੋਂ ਪੈਦਾ ਹੋਈ ਵੇਦਨਾ, ਸੰਵੇਦਨਾ ਨੂੰ ਉਤੇਜਿਤ ਕਰਨ ਤੋਂ ਬਗੈਰ ਸਿੱਧੀ ਬੌਧਿਕ ਪ੍ਰਕਿਰਿਆ ਵਿਚ ਪਹੁੰਚ ਜਾਂਦੀ ਹੈ। ਅਜਿਹੇ ਮਹੌਲ ਵਿੱਚੋਂ ਪੈਦਾ ਹੋਈ ਕਵਿਤਾ ਅਕਸਰ ਸੰਜੀਦਾ ਅਤੇ ਬੌਧਿਕ ਪੱਧਰ ਤੇ ਵਿਚਰਦੀ ਹੈ। ਸੀਰਤ ਦੀ ਕਵਿਤਾ ਵਿੱਚੋਂ ਸੰਜੀਦਾ ਵਾਤਾਵਰਨ, ਦਬੰਧਾਤਮਿਕ ਸਭਿਆਚਾਰ ਅਤੇ ਸਮਾਜਿਕ ਵਰਤਾਰੇ ਦਾ ਅਸਰ ਭਲੀਭਾਂਤ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਤੱਥ ਦਾ ਜਾਇਜ਼ਾ ਲੈਣ ਲਈ ਉਸ ਦੀ ਪਿੱਠਭੂਮੀ ਵਲ ਨਜ਼ਰ ਮਾਰਨੀ ਪਵੇਗੀ।

(1) ਗੰਭੀਰ ਅਤੇ ਗੁਸੈਲੇ ਵਾਤਾਵਰਨ ਦਾ ਪ੍ਰਭਾਵ: ਸੀਰਤ ਕਸ਼ਮੀਰ ਦੀ ਵਾਦੀ ਦੀ ਮਜ਼੍ਹਬੀ ਕੱਟੜਤਾ, ਤੁਅੱਸਵੀ ਵਿਸਫੋਟ ਅਤੇ ਸਭਿਆਚਾਰਕ ਦਬੰਧ ਨਾਲ ਗ੍ਰਸਤ, ਤਲਖ ਅਤੇ ਤੁਰਸ਼ ਵਾਤਾਵਰਣ ਦੀ ਪੈਦਾਵਾਰ ਹੈ। ਅਜਿਹਾ ਮਹੌਲ ਇਨਸਾਨ ਦੀ ਮਾਨਸਿਕ ਪਰੇਸ਼ਾਨੀ ਨੂੰ ਹੋਰ ਵੀ ਸੰਜੀਦਾ ਅਤੇ ਸੋਚਵਾਨ ਬਣਾ ਦਿੰਦਾ ਹੈ।

(2) ਵਿਗਿਆਨਕ ਪਿੱਠਭੂਮੀ: ਸੀਰਤ ਫਿਜ਼ਿੱਕਸ (Physics) ਵਰਗੇ ਨਿਰਣਾਇਕ ਵਿਗਿਅਨ ਦਾ ਵਿਦਿਆਰਥੀ ਰਿਹਾ ਹੈ। ਇਸ ਲਈ ਉਸ ਦੀ ਸੋਚ ਦਾ ਵਿਸ਼ਲੇਸ਼ਣੀ ਹੋਣ ਦੇ ਨਾਤੇ ਤਰਕਸ਼ੀਲ ਹੋਣਾ ਗ਼ੈਰਕੁਦਰਤੀ ਗੱਲ ਨਹੀਂ।

(3) ਸਿਰਜਣੀ-ਭਾਸ਼ਾ: ਸੀਰਤ ਦੀ ਮਾਂ-ਬੋਲੀ ਮੂਲ ਰੂਪ ਵਿਚ ਪੰਜਾਬੀ ਹੈ। ਪਰ ਉਸ ਦੀ ਸਿਰਜਣੀ-ਭਾਸ਼ਾ ਵਿਚ ਉਰਦੂ, ਹਿੰਦੀ ਅਤੇ ਉੱਤਰ ਪੱਛਮੀ ਉਪ-ਬੋਲੀਆਂ ਦੇ ਭਾਰੇ ਅਤੇ ਔਖੇ ਸ਼ਬਦ ਵਿਦਮਾਨ ਰਹਿੰਦੇ ਹਨ। ਜਾਪਦਾ ਹੈ ਕਿ ਸੀਰਤ ਆਪਣੇ ਵਿਚਾਰਾਂ ਨੂੰ ਹੋਰ ਪ੍ਰਚੰਡ ਕਰਨ ਲਈ ਅਜੇਹੇ ਸ਼ਬਦਾਂ ਨੂੰ ਵਰਤਣਾ ਜਰੂਰੀ ਸਮਝਦਾ ਹੈ।

ਮਾਨਸਿਕ ਵਿਕਾਸ ਪੱਖੋਂ ਸਾਹਿਤਕਾਰ ਆਪਣੇ ਸਭਿਆਚਾਰ, ਸਮਾਜਿਕ ਵਰਤਾਰੇ ਅਤੇ ਭੌਤਕ ਵਾਤਾਵਰਨ ਦੀ ਤੁਰਦੀ-ਫਿਰਦੀ ਨੁਮਾਇਸ਼ ਹੈ। ਇਹ ਸਾਰੇ ਪੱਖ ਉਸ ਦੀ ਸੋਚ, ਸੋਚਣ ਢੰਗ, ਵਿਵਹਾਰ, ਰਹਿਤਲ ਅਤੇ ਆਚਰਨ ਨੂੰ ਸੁਚੇਤ ਜਾਂ ਅਚੇਤ ਤੌਰ ਤੇ ਪ੍ਰਭਾਵਤ ਕਰਦੇ ਹਨ। ਇਹ ਦਲੀਲ ਸਰਿਤ ਦੀ ਕਵਿਤਾ ਤੇ ਬਾਖੂਬੀ ਢੁਕਦੀ ਹੈ।

ਸੁਰਿੰਦਰ ਸੀਰਤ ਮੂਲ ਰੂਪ ਵਿਚ ਹੁਲਾਸ ਜਾਂ ਖੇੜੇ ਦਾ ਨਹੀਂ ਉਦਾਸ ਅਤੇ ਸੋਗੀ ਭਾਵਨਾਵਾਂ ਦਾ ਕਵੀ ਹੈ। ਉਸ ਦੀਆਂ ਕਵਿਤਾਵਾਂ ਵਿਚ ਜ਼ਿੰਦਗੀ ਦੀਆਂ ਤਲਖ਼ ਅਤੇ ਤੁਰਸ਼ ਘਟਨਾਵਾਂ ਅਤੇ ਸਿਆਣਪੀ ਪ੍ਰਸਥਿਤੀਆਂ ਦਾ ਬਿਰਤਾਂਤ ਅਕਸਰ ਹਾਜ਼ਰ-ਨਾਜ਼ਰ ਰਹਿੰਦਾ ਹੈ। ਇਉਂ ਭਾਸਦਾ ਹੈ ਜਿਵੇਂ ਉਸ ਨੇ ਬਹੁਤ ਸਾਰੀਆਂ ਘਟਨਾਵਾਂ ਨੂੰ ਜਾਂ ਤਾਂ ਆਪਣੇ ਅੰਤਹਿਕਰਨ ਤੇ ਖ਼ੁਦ ਹੰਡਾਇਆ ਹੈ ਅਤੇ ਜਾਂ ਹੋਰਨਾਂ ਤੇ ਘਟਦਿਆਂ ਦੇਖਿਆ, ਮਹਿਸੂਸਿਆ ਅਤੇ ਪਰਖਿਆ ਹੈ। ਉਸ ਦੀ ਕਵਿਤਾ ਪੜ੍ਹਦਿਆਂ ਮਹਿਸੂਸ ਇਉਂ ਹੁੰਦਾ ਹੈ ਜਿਵੇਂ ਉਸ ਦੇ ਵਿਚਾਰਾਂ ਦੀ ਚਾਦਰ ਤੇ ਜਿੰਦਗੀ ਦੀ ਕੁੜੱਤਣ ਦੀਆਂ ਬੂਟੀਆਂ ਪੱਕੇ ਰੰਗਾਂ ਵਿਚ ਬੁਣੀਆਂ ਹੋਈਆਂ ਹੋਣ। ਭਾਵੇਂ ਇੱਕਾ-ਦੁੱਕਾ ਕਵਿਤਾਵਾਂ ਰੁਮਾਂਸਭਾਵੀ ਜਾਂ ਹੁਲਾਸਮਈ ਵੀ ਹਨ ਪਰ ਇਹ ਉਸ ਦੀ ਮਨੋਦਸ਼ਾ ਦੀ ਸਮਗਰਤਾ ਦੇ ਸਮੁੱਚ ਨੂੰ ਵਿਅਕਤ ਨਹੀਂ ਕਰਦੀਆਂ। ਇਸ ਥੀਸਿਜ਼ ਦੇ ਅਧਾਰ ਤੇ ਉਸ ਦੀਆਂ ਕਵਿਤਾਵਾਂ ਦਾ ਜਾਇਜ਼ਾ ਲਿਆ ਜਾਵੇਗਾ।

ਕਿੱਕਰ ਕੰਡੇ

ਕਾਵਿ ਸੰਗ੍ਰਹਿ ‘ਕਿੱਕਰ ਕੰਡੇ’ ਦੀ ਪਹਿਲੀ ਨਜ਼ਮ ਵਿੱਚੋਂ ਉਸ ਦੇ ਗਿਰਦ ਉੱਸਰੇ ਗੁਸੈਲੇ ਅਤੇ ਵਿਸੈਲੇ ਵਾਤਾਵਰਨ ਦੀ ਘਿਨਾਉਣੀ ਅਤੇ ਕਰੂਰ ਤਸਵੀਰ ਉੱਭਰਦੀ ਹੈ। ਜ਼ਿੰਦਗੀ ਦੀ ਡੂੰਘੀ ਵਾਟ ਅਤੇ ਬੁਖ਼ਲਾਹਟ ਭਰੇ ਔਝੜ ਪੈਂਡੇ ਦੀ ਗੱਲ ਕਰਦਿਆਂ ਸੀਰਤ ਲਿਖਦਾ ਹੈ:

ਰਾਹ ਸਮੇਟ ਇਕਸਾਰ ਤੁਰੇ ਸਾਂ!
ਇਸ ਖ਼ਦਸ਼ੇ ਤੋਂ ਬੇਹਿਸ
ਕਿ ‘ਰਾਹ’ ਸੌੜਾ ਵੀ ਹੋ ਸਕਦਾ ਹੈ
ਪੈ ਸਕਦੇ ਹਨ ਇਸ ਵਿਚ ਟੋਏ
ਲਹਿ ਸਕਦੀਆਂ ਹਨ ਇਸ ਵਿਚ ਖਾਈਆਂ
ਉੱਗ ਸਕਦੇ ਹਨ ਇਸ ‘ਤੇ ਕਿੱਕਰ-ਕੰਡੇ’
ਜਾਂ ਕੋਈ ਅੱਗ ਦਾ ਪਹਾੜ!

ਜ਼ਿੰਦਗੀ ਦੇ ਰਾਹ ਵਿਚ ਵਿਸ਼ਾਏ ਗਏ ਹਰ ਪਰਕਾਰ ਦੇ ਸ਼ੋਸ਼ਨਾਂ ਨੂੰ, ਜੋ ਸੱਚ ਨੂੰ ਦਾਗੀ ਕਰਦੇ ਹਨ, ਲੰਬੇ ਹੱਥੀਂ ਲੈਂਦਾ ਹੋਇਆ ਉਹ ਅੱਗੇ ਲਿਖਦਾ ਹੈ:

ਜਿਨ੍ਹਾਂ ਲਈ,
ਇਸ ਅੰਨ੍ਹੇ ਰਾਹ ਦੇ ਪੈਰ ਪੈਰ ਤੇ
ਵਿਛਾਏ ਗਏ ਹਨ
ਸ਼ੋਸ਼ਨ ਦੀਆਂ ਸੁਰੰਗਾਂ ਦੇ ਜਾਲ
ਜਿਸ ਰਾਹ ਦੇ ਹਰ ਮੋੜ ਉੱਤੇ
ਹੋ ਰਿਹਾ ਹੈ ਇਕ ਵਿਸਫ਼ੋਟ
ਜਿਸ ਦੇ ਹਰ ਧਮਾਕੇ ਨਾਲ
ਇਕ ਨਿਯਮ ਦੀ ਹੁੰਦੀ ਹੈ ਹੱਤਿਆ
ਇਕ ਭਰਮ ਦੀ ਬਣਦੀ ਹੈ ਲਾਸ਼
ਇਕ ਪਰਮਾਣ ਤੇ ਲਗਦਾ ਹੈ ਅੰਕੁਸ਼
ਤੇ ਬਲਾਤਕਾਰ ਹੁੰਦਾ ਹੈ ‘ਸੱਚ’ ਦਾ!
(ਪ੍ਰਤੀਕਰਮ)

ਉਪਰੋਕਤ ਕਵਿਤਾ ਵਿਚ ਰਾਹ ਦਾ ਸੌੜਾ ਹੋਣਾ, ਇਸ ਵਿਚ ਖਾਈਆਂ ਟੋਇਆਂ ਦਾ ਪੈਣਾ, ਕਿੱਕਰ ਕੰਡਿਆਂ ਦਾ ਉੱਗਣਾ ਆਦਿ ਮਾਨਸਕ ਤੌਰ ਤੇ ਜ਼ਿੰਦਗੀ ਦੀ ਵਾਟ ਦੇ ਵਿਖਮ ਅਤੇ ਔਝੜ ਪੈਂਡੇ ਦਾ ਅਹਿਸਾਸ ਪੈਦਾ ਕਰਦੇ ਹਨ। ਅਗਲੇ ਬੰਦ ਵਿਚ ਜੀਵਨ ਦੇ ਇਸ ਦੁਖਦਾਈ ਪੰਧ ਨੂੰ ਸਮਾਜ ਦੇ ਕਰੂਰ ਵਰਤਾਰੇ ਤੇ ਢੁਕਾਇਆ ਗਿਆ ਹੈ। ਰਾਹ ਵਿਚ ਪੈਰ ਪੈਰ ਤੇ ਸ਼ੋਸ਼ਨੀ ਸੁਰੰਗਾਂ ਦੇ ਜਾਲ ਅਤੇ ਮੋੜ ਮੋੜ ਤੇ ਹੋ ਰਹੇ ਅਨਿਆਂ ਦੇ ਵਿਸਫੋਟਾਂ ਕਰਕੇ ਨਿਯਮਾਂ ਦੀ ਹੱਤਿਆ, ਭਰਮਾਂ ਦਾ ਟੁੱਟ ਕੇ ਮਰ-ਮੁਕ ਜਾਣਾ, ਪਰਮਾਣਾਂ ਤੇ ਬੰਧਨ ਲੱਗਣਾ ਅਤੇ ਸੱਚ ਦਾ ਬਲਾਤਕਾਰ ਹੋਣਾ ਆਦਿ ਇਨਸਾਨੀ ਕੁਰੀਤੀਆਂ ਜਨਮ ਲੈ ਰਹੀਆਂ ਹਨ। ਸਾਰੀ ਨਜ਼ਮ ਜੀਵਨ ਦੀ ਪ੍ਰਕਿਰਤੀ ਚੋਂ ਪੈਦਾ ਹੋਈ ਇਕ ਦੁਖਦਾਇਕ ਸਥਿਤੀ ਦੀ ਤਰਜਮਾਨੀ ਕਰਦੀ ਹੈ ਜਿਸ ਨੂੰ ਸੀਰਤ ਬੜੀ ਸ਼ਿੱਦਤ ਨਾਲ ਮਹਿਸੂਸ ਕਰਕੇ ਬਿਆਨ ਕਰਦਾ ਹੈ। ਕਵੀ ਦਾ ਅਨੁਭਵ ਸੱਚਾ ਹੈ ਪਰ ਉਸ ਦਾ ਸੰਚਾਰ ਭਾਵਕਤ ਪੱਧਰ ਤੇ ਨਹੀਂ, ਜ਼ਹਿਨੀ ਧਰਾਤਲ ਤੇ ਵਿਚਰਦਾ ਹੈ। ਅਰਥਾਤ, ਵਿਸ਼ੇ ਨਾਲ ਭਾਵਕ ਸਾਂਝ ਨਹੀਂ ਜ਼ਹਿਨੀ ਸਾਂਝ ਹੈ। ਅਜੇਹੀ ਸਥਿਤੀ ਵਿਚ ਵਿਸ਼ੇ ਦਾ ਕਥਾਵਾਚਕ ਹੋ ਜਾਣਾ ਬੜਾ ਸੁਭਾਵਕ ਹੈ ਜਿਸ ਵਿਚ ਘਟਨਾਵਾਂ ਨੂੰ ਇਕ ਤਰਤੀਬ ਵਿਚ ਬਿਆਨਿਆਂ ਜਾਂਦਾ ਹੈ। ਇਹ ਯੁਕਤ ਆਧੁਨਿਕ ਬਿਰਤਾਂਤਿਕ (Narative) ਕਵਿਤਾ ਵਿਚ ਆਮ ਵਰਤੀ ਜਾਂਦੀ ਹੈ। ਪਰ ਬਿਰਤਾਂਤ ਨੂੰ ਅਕਾਊ ਅਤੇ ਰੁੱਖਾ ਹੋਣ ਤੋਂ ਬਚਾਉਣ ਲਈ ਕਈ ਕਾਵਿਕ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਵਿਚ ਸ਼ਬਦ - ਅਤੇ ਭਾਵ-ਅਲੰਕਾਰਾਂ, ਜੀਵਨ ਸੰਪੰਨ ਸਿਮਲੀਆਂ ਦਾ ਪ੍ਰਯੋਜਨ ਅਹਿਮ ਹੈ। ਭਾਵ ਨੂੰ ਸਪੱਸ਼ਟ ਕਰਨ ਲਈ ਸਮਭਾਵੀ ਅਤੇ ਸੰਯੋਜਕ ਸ਼ਬਦ ਅਲੰਕਾਰਾਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ ਜਿਸ ਨਾਲ ਵਿਸ਼ੇ ਦੇ ਸੰਬੋਧਨੀ ਪੱਖ ਨੂੰ ਰੌਚਕ ਬਣਾ ਲਿਆ ਜਾਂਦਾ ਹੈ। ਸੀਰਤ ਨੇ ਵੀ ਇਹ ਯੁਕਤ ‘ਕਿੱਕਰ-ਕੰਡੇ’ ਪੁਸਤਕ ਦੀਆਂ ਕਈ ਨਜ਼ਮਾਂ ਵਿਚ ਵਰਤੀ ਹੈ ਜਿਵੇਂ, ਜ਼ਾਤ ਦਾ ਕਰਬ, ਪਹਿਲਾ ਪੈਰ, ਪਰਛਾਵੇਂ ਅਤੇ ਆਖ਼ਰੀ ਪੜਾਅ, ਰਿਸ਼ਤੇ ਦਾ ਕੀ ਕਰੀਏ, ਅਲਵਿਦਾ ਆਦਿ। ਕੁਝ ਬੰਦ ਪਰਮਾਣ ਵਜੋਂ ਹਾਜ਼ਰ ਹਨ।

1. ਪੈਰ ਤੁਰਦੇ ਰਹੇ
ਸੜਕ ਵਿਛਦੀ ਰਹੀ
ਪੈਂਡਿਆਂ ਦੀ ਕਿਤੇ ਅਦਲਾ ਬਦਲੀ ਰਹੀ
ਮਿੱਠੀਆਂ ਕੌੜੀਆਂ
ਅਸਚਰਜਤਾਮਈ ਕਈ
ਪੰਧ ਪੂਰਨ ਦੀਆਂ ਯਾਦਾਂ ਵੀ
ਪਿੱਠ ਤੇ ਚੁੱਕ ਕੇ
ਦਿਹ ਲੰਘਦੀ ਰਹੀ। (ਪਹਿਲਾ ਪੈਰ)

2. ਪਛਾਣ ਗਵਾਚੀ ਜਿਸ ਜੰਗਲ ਵਿਚ ਮੇਰੀ
ਉਹ ਜੰਗਲ ਹੀ ਬੇਨਾਵਾਂ ਹੈ
ਹੁਣ ਇਸ ਵਿਚ ਕੁਈ ਰੁੱਖ ਨਈਂ ਉੱਗਦਾ
ਬਸ ਰੁੱਖਾਂ ਦਾ ਪਰਛਾਵਾਂ ਹੈ!
ਸੰਘਣਾ, ਕਾਲਾ ਭੂਤ ਡਰਾਉਣਾ
ਅਦਭੁਤ ਇਸ ਦਾ ਸਿਰਨਾਵਾਂ ਹੈ! (ਜ਼ਾਤ ਦਾ ਕਰਬ)

3. ਅੱਖ ਖੋਲ੍ਹ ਕੇ ਜਦ ਵੀ ਦੇਖਾਂ
ਆਸੇ ਪਾਸੇ ਪਸਰਿਆ ਹੋਇਆ
ਰੁੱਖਾਂ ਦਾ ਸੰਘਣਾ ਜੰਗਲ ਹੈ
ਨੱਚ ਰਹੇ ਹਨ,
ਜਿਸ ਵਿਚ ਕੇਵਲ ਪਰਛਾਵੇਂ ਹੀ! (ਪਰਛਾਵੇਂ)

4. ਕਿੰਨਾ ਚੰਗਾ ਹੈ ਵਿਚਰਨਾ
ਇਸ ਅਹਿਸਾਸ ਅੰਦਰ
ਕਿ ਸਾਡੇ ਵਿਚਾਲੇ ਪਨਪ ਰਿਹਾ ਹੈ
ਇਕ ਰਿਸ਼ਤਾ, ਬੇਨਾਵਾਂ! (ਰਿਸ਼ਤੇ ਦਾ ਕੀ ਰੱਖੀਏ ਨਾਂ)

ਪਹਿਲੇ ਬੰਦ ਵਿਚ ਪੈਰ, ਸੜਕ, ਪੈਂਡਾ ਅਤੇ ਪੰਧ ਸੰਯੋਜਕ ਸ਼ਬਦ ਹਨ ਅਤੇ ਅਲੰਕਾਰਕ ਤੌਰ ਤੇ ਸੰਬੰਧਤ ਹੋਣ ਦੇ ਨਾਤੇ ਭਾਵ ਪੱਖੋਂ ਇਕ ਦੂਜੇ ਦੇ ਪੂਰਕ ਹਨ। ਪੈਰ ਅਤੇ ਸੜਕ ਜਿੰਦਗੀ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਦੇ ਪੰਧ ਨੂੰ ਪੂਰਾ ਕਰਨ ਦੇ ਸਾਧਨ ਹਨ ਜਿਨ੍ਹਾਂ ਨੂੰ ਦੇਹ ਆਪਣੀ ਪਿੱਠ ਤੇ ਚੁੱਕ ਕੇ ਤੁਰੀ ਜਾਂਦੀ ਹੈ। ਦੂਜੇ ਬੰਦ ਵਿਚ ਸ਼ਬਦ ਜੰਗਲ, ਸੰਸਾਰ ਦਾ ਪ੍ਰਤੀਕ ਹੈ ਅਤੇ ਰੁੱਖ ਇਨਸਾਨਾਂ ਦੇ ਪਰਛਾਵੇਂ ਹਨ। ਅੱਜ ਦੇ ਇਨਸਾਨ ਲਈ ਇਹ ਦੁਨੀਆਂ ਅਜਨਬੀ ਅਤੇ ਬੇਅਰਥੀ ਹੋ ਗਈ ਹੈ ਜਿਸ ਵਿਚ ਇਨਸਾਨ ਦੀ ਅਸਲੀਅਤ ਨਹੀਂ ਉਸ ਦਾ ਸੰਘਣਾ ਕਾਲਾ ਭੂਤ, ਡਰਾਉਣਾ ਅਤੇ ਅਦਭੁਤ ਪਰਛਾਵਾਂ ਹੀ ਤਾਂਡਵ ਨੱਚਦਾ ਹੈ। ਅਰਥਾਤ ਇਹ ਦੁਨੀਆਂ ਵਸਣ ਯੋਗ ਨਹੀਂ ਰਹੀਂ। ਤੀਸਰਾ ਬੰਦ ਦੂਜੇ ਬੰਦ ਦਾ ਪੂਰਕ (Complementary) ਹੈ। ਅਖੀਰਲਾ ਬੰਦ ਪਹਿਲਿਆਂ ਦਾ ਤੋੜਸਾਰ ਹੈ ਜਿਸ ਅਨੁਸਾਰ ਇਹ ਸੰਸਾਰ ਪਰਛਾਵਿਆਂ ਦੀ ਲੀਲ੍ਹਾ ਹੈ ਜਿਨ੍ਹਾਂ ਨਾਲ ਰਿਸ਼ਤੇ ਨਹੀਂ ਗੰਢੇ ਜਾ ਸਕਦੇ। ਫਲਸਰੂਪ, ਇਨਸਾਨਾਂ ਵਿਚਕਾਰ ਇਕ ਬੇਨਾਵਾਂ ਰਿਸ਼ਤਾ ਪੈਦਾ ਹੋ ਰਿਹਾ ਹੈ। ਅਰਥਾਤ ਅਸੀਂ ਪਿਛਲਖੁਰੀ ਮੁੜ ਕੇ ਪਸ਼ੂ ਵਿਰਤੀ ਵਲ ਜਾ ਰਹੇ ਹਾਂ।

ਸੇਜ ਸੂਲੀ ਤੇ ਸਲੀਬ

ਸੀਰਤ ਦੀ ਨਵੀਂ ਪੁਸਤਕ, ‘ਸੇਜ ਸੂਲੀ ਤੇ ਸਲੀਬ’ ਵਿਚ 57 ਗ਼ਜ਼ਲਾਂ ਸਮੇਤ 20 ਕਵਿਤਾਵਾਂ ਵੀ ਹਨ। ਇਸ ਪੁਸਤਕ ਦੇ ਅਧਿਐਨ ਤੋਂ ਮਹਿਸੂਸ ਹੁੰਦਾ ਹੈ ਕਿ ਸੀਰਤ ਦੀ ਮਾਨਵੀ ਸੋਚ ਪ੍ਰਕਿਰਿਆ ਵਿਚ ਬਹੁਤਾ ਅੰਤਰ ਨਹੀਂ ਆਇਆ, ਫਰਕ ਕੇਵਲ ਇਹ ਆਇਆ ਹੈ ਕਿ ਜਿੱਥੇ ਪਹਿਲਾਂ ਉਹ ਸਮਾਜ ਵਿਚ ਪੱਸਰ ਰਹੇ ਅਮਾਨਵੀ ਰਿਸ਼ਤਿਆਂ ਅਤੇ ਵਹਿਸ਼ੀਪੁਣੇ ਨੂੰ ਇਕ ਸਮੁੱਚ (In totality) ਵਿਚ ਦੇਖਦਾ ਸੀ, ਹੁਣ ਇਸ ਦੇ ਅਸਰ ਨੂੰ ਵਿਅਕਤੀਗਤ ਪੱਧਰ ਤੇ ਮਹਿਸੂਸ ਕਰਦਾ ਹੈ। ਮੇਰੇ ਵਿਚਾਰ ਵਿਚ ਸੀਰਤ ਦੀ ਸੋਚ ਵਿਚ ਆਈ ਇਹ ਖਾਸ ਤਬਦੀਲੀ ਉਸ ਉੱਤੇ ਪਏ ਪੱਛਮੀ ਵਾਤਾਵਰਣ ਦੇ ਪ੍ਰਭਾਵ ਦੀ ਸੂਚਕ ਹੈ। ਪੂਰਬੀ ਅਤੇ ਪੱਛਮੀ ਸਭਿਆਚਾਰਾਂ ਵਿਚਲੇ ਅੰਤਰਾਂ ਦਾ ਲੇਖਾ ਜੋਖਾ ਕਰਦਿਆਂ ਮੈਂ ਇਕ ਲੇਖ ਵਿਚ ਲਿਖਿਆ ਸੀ ਕਿ ਪੂਰਬੀ ਸਭਿਆਚਾਰ ਇਨਸਾਨੀ ਵਰਤਾਰਿਆਂ ਪੱਖੋਂ ਅਜੇ ਵੀ ਸਹਿਜੋਗੀ ਅਤੇ ਸਦਭਾਵਨਾ ਵਾਲਾ ਹੈ ਜਦਕਿ ਪਛਮੀ ਸਭਿਆਚਾਰ ਵਿਚ ਵਿਅਕਤੀਗਤ ਰੁਝਾਨ (Individualistic attitude) ਘਰ ਕਰ ਗਿਆ ਹੈ। ਸੀਰਤ ਦੀ ਕਵਿਤਾ ਵਿਚ ਇਕ ਹੋਰ ਮਹੱਤਵਪੂਰਨ ਤਬਦੀਲੀ ਆਈ ਹੈ: ਉਸ ਦੇ ਵਿਸ਼ੇ ਬਿਰਤਾਂਤਿਕ ਬਿਆਨਵਾਜੀ ਤੋਂ ਉੱਪਰ ਉੱਠ ਕੇ ਕਲਾਮਈ ਅਤੇ ਦਾਰਸ਼ਨਿਕ ਹੋ ਗਏ ਹਨ। ਇਹ ਪਰਕਿਰਿਆ ਉਸ ਵੇਲੇ ਉਗਮਦੀ ਹੈ ਜਦ ਕਵੀ ਮਾਨਸਕ ਸਥਿਤੀ ਦਾ ਵਿਸ਼ਲੇਸ਼ਣ ਕਰਨ ਲਈ ਸਹਿਜ ਅਤੇ ਸੋਚ ਤੋਂ ਕੰਮ ਲੈਂਦਾ ਹੈ।

ਪੁਸਤਕ ‘ਸੇਜ ਸੂਲੀ ਤੇ ਸਲੀਬ’ ਦਾ ਆਰੰਭ ਕਵਿਤਾਵਾਂ ਦੀ ਤਿਕੜੀ, ਸੇਜ (Bed) ਸੂਲੀ (Crucifex) ‘ਤੇ ਸਲੀਬ (Cross), ਨਾਲ ਹੁੰਦਾ ਹੈ ਜੋ ਇਸ ਪੁਸਤਕ ਦੇ ਨਾਮਕਰਨ ਦਾ ਆਧਾਰ ਵੀ ਬਣੀ ਹੈ। ਸ਼ਬਦ ‘ਸੇਜ’ ਦਾ ਅਰਥ ਸਿੱਧਾ ਅਤੇ ਸਾਫ ਹੈ। ਦੂਜੇ ਦੋ ਸ਼ਬਦਾਂ ਦੀ ਭਾਵਾਰਥਕ ਅਨੁਕੂਲਤਾ ਬਾਰੇ ਦੱਸਦਿਆਂ, ਜਗਤਾਰ ਨੇ ਸਲੀਬ ਨੂੰ ਈਸਾ ਅਤੇ ਸੂਲੀ ਨੂੰ ਮਨਸੂਰ ਵਰਗੇ ਸ਼ਹੀਦਾਂ ਦੀਆਂ ਧਾਰਮਿਕ ਕੁਰਬਾਨੀਆਂ ਦੇ ਪਰਸੰਗ ਨਾਲ ਜੋੜਿਆ ਹੈ। ਈਸਾ-ਸਲੀਬ ਦੀ ਸੰਧੀ ਤਾਂ ਦਰੁਸਤ ਹੈ ਜਿੱਥੇ ਇਸ ਦਾ ਬਿੰਬ ਇਸਾਈ ਧਰਮ ਦੇ ਕ੍ਰੌਸ (Cross) ਦਾ ਚਿੰਨਵਾਚਿਕ ਹੈ। ਪਰ ਸ਼ਬਦ ‘ਸੂਲੀ’, ਸਲੀਬ ਸ਼ਬਦ ਦਾ ਸਮਅਰਥੀ ਹੋਣ ਦੇ ਬਾਵਜੂਦ, ਨਿਰੁਕਤੀ ਅਤੇ ਪ੍ਰਯੋਜਨ ਵਜੋਂ ਵੱਖਰਾ ਹੈ। ਇਸ ਦੀ ਨਿਰੁਕਤੀ ‘ਸੂਲ’ ਧਾਤੂ ਤੋਂ ਹੋਈ ਹੈ। ਪਿਛਲੇ ਵਕਤਾਂ ਵਿਚ ਕਿਸੇ ਧਰਮ-ਨਿੰਦਕ (Blasphemous) ਜਾਂ ਰਾਜੇ-ਮਹਾਰਾਜੇ ਦੀ ਹੱਤਿਆ ਕਰਨ ਵਾਲੇ ਨੂੰ, ਦੋ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ। ਇਕ ਤਰੀਕਾ ਸੀ ਲੱਕੜ ਦੇ ਕਿੱਲੇ ਨਾਲ ਬੰਨ੍ਹ ਕੇ ਜਿਉਂਦਾ ਸਾੜ ਦੇਣਾ ਜਿਸ ਨੂੰ ਅੰਗਰੇਜ਼ੀ ਵਿਚ To burn on stake ਕਹਿੰਦੇ ਹਨ। ਦੂਜਾ ਸੀ ਉੱਚੀ ਥਾਂ ਤੋਂ ਕਿੱਲਾਂ ਦੀ ਸੇਜ ਤੇ ਸੁਟ ਕੇ ਪਰੁੰਨ੍ਹ ਦੇਣਾ, ਜਿਸ ਨੂੰ ਸੂਲੀ ਚਾੜ੍ਹਨਾ ਕਹਿੰਦੇ ਹਨ। ਤਾਰਾ-ਵਿਗਿਆਨੀ ਬਰੂਨੋ (Bruno, 1548-1600) ਦੀ ਕੁਰਬਾਨੀ ਇਸ ਦੀ ਅਦੁੱਤੀ ਮਿਸਾਲ ਹੈ ਜਿਸ ਨੇ ਕੈਥੋਲਿਕ ਧਰਮ ਦੀ ਕੇਂਦਰੀ ਵਿਚਾਰਧਾਰਾ, ਕਿ ਧਰਤੀ ਦੁਆਲੇ ਸੂਰਜ ਘੁੰਮਦਾ ਹੈ ਅਤੇ ਬ੍ਰਹਿਮੰਡ ਸੀਮਤ ਹੈ, ਨੂੰ ਉਲਟ-ਪੁਲਟ ਕਰ ਦਿੱਤਾ ਸੀ।

ਸੀਰਤ ਨੇ ਆਪਣੀ ਕਵਿਤਾ ਰਾਹੀਂ ਸੇਜ ਅਤੇ ਸੂਲ਼ੀ ਦੇ ਅੰਤਰ ਸੰਬੰਧ ਨੂੰ ਉਘਾੜਿਆ ਹੈ। ਜਿਵੇਂ, ‘ਸੇਜ ਵੀ ਇਕ ਸੂਲੀ ਹੈ’, ‘ਸੂਲੀ ਵੀ ਇਕ ਸੇਜ ਜਿਹੀ ਏ’ ਅਤੇ ‘ਸੇਜ ਸੁਹਾਵੀ ਇਕ ਸੂਲੀ ਏ’। ਇਸ ਤੋਂ ਇਹ ਕਸ਼ੀਦ ਕੀਤਾ ਜਾ ਸਕਦਾ ਹੈ ਕਿ ਸੂਲੀ ਕੰਡਿਆਂ ਦੀ ਸੇਜ ਹੈ, ਕਿੱਲਾਂ ਦਾ ਵਿਛੌਣਾ ਹੈ। ਪੰਜਾਬੀ ਦੇ ਅਖਾਣ, ‘ਜ਼ਿੰਦਗੀ ਕੰਡਿਆਂ ਦੀ ਸੇਜ ਹੈ’ ਜਾਂ ‘ਜਾਨ ਸੂਲੀ ਤੇ ਟੰਗੀ ਹੋਈ ਹੈ’ ਅਲੰਕਾਰਕ ਤੌਰ ਤੇ ਸੂਲੀ ਦੇ ਸਮਅਰਥੀ ਹਨ। ਜਿਨ੍ਹਾਂ ਦਾ ਦਾਰਸ਼ਨਿਕ ਪ੍ਰਸੰਗ ਜੀਵਨ ਦੇ ਦੁੱਖਾਂ ਤਕਲੀਫਾਂ ਨਾਲ ਜਾ ਜੁੜਦਾ ਹੈ। ਪਰ ਦੁਨਿਆਵੀ ਪਰਿਪੇਖ ਵਿਚ ਸੀਰਤ ਨੇ ਸੂਲੀ ਦਾ ਬਿੰਬ ਵੱਖ ਵੱਖ ਅਰਥਾਂ ਵਿਚ ਵਰਤਿਆ ਹੈ ਜਿਵੇਂ ਸਲੀਬ ਅਤੇ ਫਾਂਸੀ ਆਦਿ।

ਸੂਲੀ ਵੀ ਇਕ ਸੇਜ ਜਹੀ ਏ
ਜਿਸ ਦੇ ਆਵੇ ਪਾਸ!
ਇਸ ਉੱਤੇ ਹਤਿਆਰੇ ਚੜ੍ਹਦੇ
ਇਸ ਉੱਤੇ ਬੇਚਾਰੇ ਚੜ੍ਹਦੇ
ਜਿਨ ਗਲ ਪੈ ਜਾਏ ਫ਼ਾਸ! (ਸੂਲੀ)

ਉਂਜ ਤਾਂ ਸੇਜ ਇਕ ਵੱਡੀ ਸੂਲੀ
ਜਿਸ ਤੇ ਚੜ੍ਹਦੇ ਖ਼ਾਸ!! (ਸੇਜ)

ਹਤਿਆਰੇ ਤਾਂ ਸਾਸ਼ਨ ਵਲੋਂ ਕਾਨੂੰਨੀ ਤੌਰ ਤੇ ਸੂਲੀ ਤੇ ਚਾੜ੍ਹ ਦਿੱਤੇ ਜਾਂਦੇ ਹਨ ।ਪਰ ਕੁਝ ਮਰਜੀਵੜੇ, ਸਿਰ-ਲੱਥ ਅਤੇ ਸ਼ਹਾਦਤ ਦਾ ਜਾਮ ਪੀਣ ਵਾਲੇ ਮਹਾਂ ਪੁਰਸ਼ ਆਪਣੇ ਲਖ਼ਸ਼ਾਂ, ਫਰਜ਼ਾਂ, ਅਕੀਦਿਆਂ, ਅਤੇ ਇਰਾਦਿਆਂ ਦੀ ਪਾਲਣਾ ਕਰਦੇ ਹੋਏ ਖੁਦ ਹੱਸ ਕੇ ਸੂਲੀ ਤੇ ਚੜ੍ਹ ਜਾਂਦੇ ਹਨ ਜਿਨ੍ਹਾਂ ਲਈ ਸ਼ਬਦ ‘ਖ਼ਾਸ’ ਵਰਤਿਆ ਗਿਆ ਹੈ ।

ਸ਼ਬਦ ‘ਸੂਲੀ’ ਅਤੇ ‘ਸਲੀਬ’ ਕਰਮ ਅਤੇ ਕਰਤਵ ਵਜੋਂ ਸਮਭਾਵੀ ਹੁੰਦਿਆਂ ਹੋਇਆਂ ਵੀ, ਧਰਮ ਮਰਯਾਦਾ ਪੱਖੋਂ ਕੁਰਬਾਨੀ, ਅਤੇ ਸਮਾਜਿਕ ਪਰਿਪੇਖ ਪੱਖੋਂ ਦੁੱਖ-ਦਰਦ ਵਿਚ ਅਨੁਵਾਦ ਹੁੰਦੇ ਹਨ। ਸਿੱਧ ਹੈ ਕਿ ਸੇਜ:ਸੂਲੀ+ਸਲੀਬ ਦੀ ਸੰਧੀ, ਸੁੱਖ-ਦੁੱਖ, ਵਰ-ਸਰਾਪ, ਮੋਹ-ਕਰੋਧ ਵਿਲਾਸ-ਵਿਨਾਸ ਆਦਿ ਜੁੱਟਾਂ ਦੇ ਵਿਖਮਭਾਵੀ (Contrasting) ਅਰਥਾਂ ਨੂੰ ਦਰਸਾਉਂਦੀ ਹੈ। ਦੁਨਿਆਵੀ ਪੱਧਰ ਤੇ ਸੀਰਤ ਨੇ ਇਸ ਸੰਧੀ ਨੂੰ ਸਮਾਜਿਕ ਸਰੋਕਾਰਾਂ ਤੇ ਢੁਕਾਉਂਦਿਆਂ ਕਿਹਾ ਹੈ ਕਿ ਅਮੀਰਾਂ ਲਈ ਇਹ ਦੁਨੀਆਂ ਸੁਹਾਵੀ ਸੇਜ ਹੈ ਅਤੇ ਗ਼ਰੀਬਾਂ ਲਈ ਸੂਲੀ ਅਤੇ ਸਲੀਬ। ਇਸ ਤਿਕੜੀ ਦੀ ਤੀਜੀ ਕਵਿਤਾ, ਸਲੀਬ, ਵਿਚ ਉਹ ਦੁਨਿਆਵੀ ਸੋਚ ਨੂੰ ਧਾਰਮਿਕ, ਅਧਿਆਤਮਿਕ ਅਤੇ ਦਾਰਸ਼ਨਿਕ ਵਿਚਾਰਧਾਰਾ ਵਿਚ ਉਲਥਾਉਂਦਾ ਹੈ।

ਉਂਜ ਇਹ ਜੀਵਨ ਹੀ ਸੂਲੀ ਹੈ
ਜਿਸ ਤੇ ਹਰ ਕੋਈ ਚੜ੍ਹਿਆ ਰਹਿੰਦੈ
ਜੀਵਨ ਅਰਥ ਗੁਆਵਣ ਮਗਰੋਂ
ਮਨ ਉਸ ਦਾ ਇੰਜ ਅੜਿਆ ਹੁੰਦੈ।

ਪਰ ਸੂਲੀ ਜੇ ਮਕਸਦ ਬਣ ਜੈ
ਵਿਪਰੇ ਇਕ ਅਦਭੁੱਤ ਸਲੀਬ
ਜਿਸ ਨੂੰ ਮੋਡਿਆਂ ਤੇ ਚੁੱਕਣ ਦਾ
… ਇਕ ਅਜੇਹਾ ਵਲ ਆ ਜਾਏ
ਸਹਿਨਸ਼ੀਲਤਾ ਬਲ ਆ ਜਾਏ। (ਸਲੀਬ)

ਏਥੇ ਸੂਲੀ, ਸਲੀਬ ਦੇ ਚਿੰਨ ਵਿਚ ਅਨੁਵਾਦ ਹੋ ਕੇ ਕੁਬਾਨੀ ਦੇ ਸਮੂਹਕ ਜਜ਼ਵੇ ਨੂੰ ਉਭਾਰਦੀ ਹੈ। ਈਸਾ ਮਸੀਹ ਦੇ ਸਲੀਬ ਤੇ ਚੜ੍ਹਨ ਕਾਰਨ ਲੋਕਾਂ ਵਿਚ ਅਜੇਹਾ ਕੁਰਬਾਨੀ ਦਾ ਜਜ਼ਬਾ ਪੈਦਾ ਹੋਇਆ ਜੋ ਇਕ ਸ਼ਕਤੀਸ਼ਾਲੀ ਇਸਾਈ ਧਰਮ ਦਾ ਸੋਮਾ ਸ੍ਰੋਤ ਹੋ ਨਿੱਬੜਿਆ।

ਉਪਰੋਕਤ ਕਵਿਤਾਵਾਂ ਦੀ ਤਿਕੜੀ ਵਿਚ ਸੀਰਤ ਦੀ ਸਹਿਜ ਵਿਰਤੀ ਅਤੇ ਉਸ ਦੇ ਦਾਰਸ਼ਨਿਕ ਵਿਚਾਰਾਂ ਦਾ ਉਲੇਖ ਮਿਲਦਾ ਹੈ। ਕੁਝ ਹੋਰ ਕਵਿਤਾਵਾਂ ਜਿਵੇਂ ਜਾਗ, ਪੰਜਵੀਂ ਰੁੱਤ, ਟੁੱਟੇ ਕੱਚ ਦਾ ਸੱਚ, ਅਸੰਤੁਲਨ, ਨਾਮ ਖੁਮਾਰੀ, ਸੱਚ ਵਿਚਾਰ, ਸ਼ੋਰ, ਕੁਰਾਹੇ ਆਦਿ ਵਿਚ ਵੀ ਇਸੇ ਭਾਵਨਾ ਨੂੰ ਵਿਅਕਤ ਕੀਤਾ ਗਿਆ ਹੈ। ਕੁਝ ਉਦਾਹਰਨਾਂ ਨਾਲ ਆਪਣੇ ਵਿਚਾਰ ਦੀ ਪੁਸ਼ਟੀ ਕਰਦੇ ਹਾਂ।

ਇਹ ਕਜੇਹੀ ਰੁੱਤ ਆਈ ਏ!
ਗਰਮ ਰੁੱਤੇ ਤਾਂ
ਝੁਲਸ ਜਾਂਦੇ ਹਨ ਚੰਮ ਦੇ ਪੱਤੇ
ਅੰਨ੍ਹੇ ਹੋ ਜਾਂਦੇ ਹਨ ਨੈਨਾਂ
ਬੋਲੀ ਹੋ ਜਾਂਦੀ ਏ ਬਿਰਤੀ
…………………..

ਨਾ ਭੁੱਖ ਨਾ ਸਵਾਦ
ਕੇਵਲ ਇਕ ਤ੍ਰਿਸ਼ਨਾ
ਜਿਸ ਦੀ ਤ੍ਰਿਪਤੀ ਦੀ ਭਾਲ ‘ਚ
ਪਿਘਲ ਕੇ ਰਹਿ ਜਾਂਦੀ ਏ ਉਮਰਾ
ਇਹ ਕਜੇਹੀ ਰੁੱਤ ਆਈ ਏ!

ਪਿੰਡਿਆਂ ਦੀ ਇਕ ਤਪਸ਼ ਜਹੀ ਵਿਚ
ਮ੍ਰਿਗਤ੍ਰਿਸ਼ਨਾ ਜਿਹੇ ਸੁੱਖ ਵਿਚਾਰੇ
ਜਿੰਦ ਨਿਮਾਣੀ
ਹੌਕੇ ਦੀ ਇਕ ਓਸ ਜਿਹੀ ਵਿਚ
ਢਕਦੀ ਜਾਵੇ
ਜੀਅ ਕਰਦੈ ਇਹ ਰੁੱਤ ਵੀ ਬਦਲੇ
ਇਕ ਅਜੇਹੀ ਰੁੱਤ ਆ ਜਾਵੇ! (ਪੰਜਵੀਂ ਰੁੱਤ)

ਜੀਵਨ ਦੇ ਕਿਰਿਆਸ਼ੀਲ਼ ਭੌਤਕੀ ਵਿਕਾਸ ਦੀ ਵੰਡ ਅਨੁਸਾਰ ਉਮਰ ਨੂੰ ਚਾਰ ਖੰਡਾਂ ਵਿਚ ਵੰਡਿਆ ਜਾਂਦਾ ਹੈ: ਬ੍ਰਹਿਮਚਾਰੀ, ਗ੍ਰਿਸਤ, ਵਾਣਪ੍ਰਸਤ ਅਤੇ ਸਨਿਆਸ। ਇਨ੍ਹਾਂ ਨੂੰ ਆਮ ਬੋਲੀ ਵਿਚ ਜੀਵਨ ਦੀਆਂ ਚਾਰ ਰੁੱਤਾਂ ਜਿਵੇਂ, ਬਚਪਨ, ਜਵਾਨੀ, ਗ੍ਰਿਸਤੀ ਅਤੇ ਬੁੜ੍ਹਾਪਾ ਵਿਚ ਵੀ ਵੰਡ ਸਕਦੇ ਹਾਂ। ਸੀਰਤ ਇਕ ਵੱਖਰੀ ਕਿਸਮ ਦੀ ਪੰਜਵੀਂ ਰੁੱਤ ਦੀ ਅਭਿਲਾਸ਼ਾ ਕਰਦਾ ਹੈ, ਉਹ ਹੈ ‘ਖੁਸ਼ੀ’ ਦੀ ਰੁੱਤ ਜਿਸ ਦੀ ਬੁੱਕਲ ਵਿਚ ਬਾਕੀ ਦੀਆਂ ਚਾਰੇ ਰੁੱਤਾਂ ਸਹਿਜ ਸਮਾ ਸਕਣ। ਉਹ ਚਾਹੁੰਦਾ ਹੈ ਕਿ ਖੁਸ਼ੀ ਦੀ ਰੁੱਤ ਵਿਚ ਨਵਾਂ ਜੋਬਨ ਮੌਲੇ, ਅੱਲੜ੍ਹਪੁਣਾ ਧਮੱਚੜ ਮਚਾਏ, ਰੂਪ ਦੀ ਕੰਜਕ ਉੱਸਲਵੱਟੇ ਭੰਨੇ ਅਤੇ ਇਸ਼ਕ ਦੀ ਪੂਜਾ ਹੋਵੇ; ਅਜੇਹੀ ਪੰਜਵੀਂ ਰੁੱਤ ਦੀ ਅਭਿਲਾਸ਼ਾ ਕਵੀ ਸੁਰਿੰਦਰ ਸੀਰਤ ਨੂੰ ਹੈ ।

ਸੀਰਤ ਦੀ ਕਵਿਤਾ ਵਿਚ ਇਨਸਾਨ ਦੇ ਅਸਤਿਤਵ ਅਰਥਾਤ ਹੋਂਦ, ਅਤੇ ਵਿਅਕਤੀਗਤਤਾ ਅਰਥਾਤ ਨਿੱਜਤਵ ਦਾ ਫਿਕਰ ਵੀ ਸ਼ਾਮਿਲ ਹੈ। ਹੋਂਦ ਕੀ ਹੈ? ਬੇਗਾਨਗੀ ਅਤੇ ਇਕੱਲਤਾ ਵਿੱਚੋਂ ਆਪਣੇ ਆਪ ਦੀ ਪਹਿਚਾਣ। ਨਿੱਜਤਵ ਕੀ ਹੈ? ਆਧੁਨਿਕ ਸੰਦਰਭ ਵਿਚ ਉੱਤਮ ਪਰਕਾਰ ਦੀ ਹਉਮੈਂ ।ਹੋਂਦ ਅਤੇ ਨਿੱਜਤਵ, ਦੋ ਸਵੈ-ਕੇਂਦ੍ਰਿਤ (Self centered) ਤਾਕਤਾਂ ਹੋਣ ਦੇ ਨਾਤੇ ਇਕ ਦੂਜੇ ਦੀਆਂ ਵਿਰੋਧੀ ਹਨ। ਇਨ੍ਹਾਂ ਵਿਚਲੇ ਤਣਾਉ ਦੀ ਖਿੱਚ ਗ਼ੁਜ਼ਰਦੇ ਸਮੇਂ ਦੀ ਸੱਭ ਤੋਂ ਵੱਡੀ ਤਰਾਸਦੀ ਹੈ। ਅਜੇਹੀਆਂ ਹਾਲਤਾਂ ਵਿਚ ਇਨਸਾਨ ਆਪਣੀ ਜਿੰਦਗੀ ਦੀ ਮੁਹਾਰ ਨੂੰ ਚਾਹੁੰਦਿਆਂ ਹੋਇਆਂ ਵੀ ਆਪਣੀ ਮਨਮਰਜ਼ੀ ਦੇ ਅਨੁਸਾਰ ਮੋੜ ਨਹੀਂ ਸਕਦਾ। ਫਲਸਰੂਪ, ਉਸ ਦਾ ਨਿੱਜੀ ਅਸਤਿਤਵ, ਬਾਲੂ ਦੀ ਰੇਤ ਵਾਂਗ, ਮੁੱਠੀ ਵਿੱਚੋਂ ਕਿਰਦਾ ਪ੍ਰਤੀਤ ਹੁੰਦਾ ਜਾਪਦਾ ਹੈ।

ਚਿਹਰੇ ਦਾ ਕੱਚ
ਟੁੱਟਣ ਤੋਂ ਬਾਅਦ
ਚਿਹਰੇ ਦੀਆਂ ਸਿਲਵਟਾਂ ਤੋਂ
ਪਰਦਾਫਾਸ਼ ਹੋਣ ਦਾ ਸੱਚ
ਕਿੰਨਾ ਬੇਸੁਆਦਲਾ ਹੋ ਨਿੱਬੜਦਾ ਹੈ!
ਆਪਣੇ ਅਸਤਿਤਵ ਨੂੰ
ਆਪਣਾ ਆਕਾਰ ਕਰ ਬੈਠੇ
ਸ਼ਰਧਾ-ਭਾਵ
ਕਿੰਨੇ ਅਰਥਹੀਣ ਜਾਪਦੇ ਹਨ। (ਟੁੱਟੇ ਕੱਚ ਦਾ ਸੱਚ)

ਆਪਣੇ ਅਸਤਿਤਵ ਨੂੰ ਨਿੱਜਤਵ ਦਾ ਵਿਸਥਾਰ ਸਮਝ ਬੈਠੇ ਇਨਸਾਨ ਦੀ ਅਸਲੀਅਤ ਦਾ ਪਰਦਾਫਾਸ਼ ਉਸ ਵੇਲੇ ਹੁੰਦਾ ਹੈ ਜਦ ਉਸ ਦੇ ਚਿਹਰੇ ਦੀਆਂ ਝੁਰੜੀਆਂ ਵਿੱਚੋਂ ਜਿੰਦਗੀ ਦੀ ਅਸਲੀਅਤ ਸਾਹਮਣੇ ਆਉਂਦੀ ਹੈ। ਅਸਤਿਤਵ ਕਿੰਨਾ ਅਰਥਹੀਣ ਅਤੇ ਬੇਸੁਆਦਾ ਭਾਸਦਾ ਹੈ। ਇਸੇ ਭਾਵ ਨੂੰ ਸੀਰਤ ‘ਵਾਸਤਵਿਕਤਾ’ ਨਾਮੀ ਕਵਿਤਾ ਵਿਚ ਦ੍ਰਿੜ੍ਹ ਕਰਦਾ ਹੈ।

ਕਦੀ ਸੋਚਿਆ ਵੀ ਨਹੀਂ ਸੀ
ਹੋਂਦ ਦਾ ਖਿੱਲਰ ਜਾਣਾ
ਅਤੇ ਹੋ ਜਾਣਾ ਅਸਤਿਤਵਹੀਣ
ਕਰ ਦੇਵੇਗਾ ਪਰਿਵਰਤਿਤ
ਵਿਲਾਸੀ, ਸਵੈ-ਕੇਂਦ੍ਰਿਤ। (ਵਾਸਤਵਿਕਤਾ)

ਅਸਤਿਤਵਹੀਣ ਹੋਂਦ (Existless existance) ਅਰਥਾਤ ਹੁੰਦਿਆਂ ਹੋਇਆਂ ਵੀ ਨਾ-ਹੋਣ ਦਾ ਅਹਿਸਾਸ, ਇਨਸਾਨ ਦੀ ਪਹਿਚਾਣ ਨੂੰ ਬੇਪਛਾਣ ਬਣਾ ਦਿੰਦਾ ਹੈ। ਇਹ ਸਥਿਤੀ ਇਨਸਾਨ ਦੇ ਅਣਹੋਇਆਂ ਬਰਾਬਰ ਹੈ। ਦੂਜੇ ਸ਼ਬਦਾਂ ਵਿਚ ਅਜਿਹੀ ਮਨੋਸਥਿਤੀ ਖਲਾਅ ਵਿਚ ਲਟਕਣ ਵਾਂਗ ਹੈ ਜਿੱਥੇ ਜਾਂ ਤਾਂ ਸ਼ੂਨਯ ਦਾ ਅਹਿਸਾਸ ਹੁੰਦਾ ਹੈ ਅਤੇ ਜਾਂ ਗੁਆਚੀ ਪਹਿਚਾਣ ਕਰਕੇ ਹੋਣ-ਥੀਣ ਦਾ ਮਕਸਦ ਹੀ ਗੁਆਚ ਜਾਂਦਾ ਹੈ। ਸ਼ੂਨਯ ਸਮਾਧੀ ਦੀ ਅਵਸਥਾ ਹੈ ਜੋ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ। ਪਰ ਆਮ ਇਨਸਾਨ ਹੋਣ-ਥੀਣ ਨਹੀਂ ਛੱਡ ਸਕਦਾ ਭਾਵੇਂ ਇਹ ਮਕਸਦਹੀਣ ਹੀ ਕਿਉਂ ਨਾ ਹੋਵੇ। ਇਸ ਅਖੀਰਲੀ ਸਥਿਤੀ ਦੀ ਪਹਿਚਾਣ ਸੀਰਤ ਦੀ ਕਵਿਤਾ ‘ਆਤਮ-ਖੋਜ’ ਵਿੱਚੋਂ ਹੁੰਦੀ ਹੈ।

ਗਵਾਚੇ ਜਦ ਪਛਾਣ ਆਪਣੀ
ਸੱਭੋ ਸਾਪੇਖ ਛਟ ਜਾਣ
ਬੜੀ ਮੱਠੀ ਗਤੀ ਅੰਦਰ
ਗਰਭ ਉਲਝਾਓ ਦਾ ਪਨਪੇ
ਸਿਰਾਂ ਚੋਂ ਮਰ ਹਟੇ ਸੰਕਲਪ
ਨਜ਼ਰਾਂ ਚੋਂ ਦਰਸ ਮੁੱਕੇ
ਸੁਰਤ ਵਿਚ ਚੇਸ਼ਟਾ ਮੱਚੇ
ਕਰਮ ਸਭ ਜਿਸਮ ਤੋਂ ਆਕਾਰ ਧਾਰ
ਜੀਭਾਂ ਚ ਆ ਮੁੱਕਣ
ਪਦਾਰਥ ਹੀ ਪਦਾਰਥ ਦਾ
ਰਹੇ ਹਰ ਸਿਮਤ ਵਾਵੇਲਾ
ਕਿਸੇ ਤੋਂ ਖੋ, ਕਿਸੇ ਨੂੰ ਦੇਣ ਦੀ
ਇਕ ਨੀਤ ਬੱਦ ਉਪਜੇ
ਗਵਾਚੇ ਜਦ ਪਛਾਣ ਆਪਣੀ। (ਆਤਮ ਖੋਲ)

ਇਸ ਲੰਬੀ ਕਵਿਤਾ ਵਿਚ ਸੀਰਤ ਨੇ ਪਛਾਣ ਗੁਆਚਣ ਦੇ ਅਹਿਸਾਸ ਅਤੇ ਡਰ ਵਿੱਚੋਂ ਪੈਦਾ ਹੋਏ ਜਿੰਦਗੀ ਦੇ ਵੱਖ ਵੱਖ ਪਹਿਲੂਆਂ ਨੂੰ ਚਿਤਰਿਆ ਅਤੇ ਚਿਤਵਿਆ ਹੈ। ਕਵਿਤਾ ਦੇ ਅੰਤ ਵਿਚ ਕੁਝ ਪ੍ਰਸ਼ਨ ਖੜ੍ਹੇ ਕੀਤੇ ਗਏ ਹਨ:

ਪਛਾਣ ਆਪਣੀ ਦਾ ਕਿਉਂ
ਇਹਸਾਸ ਫਿਰ ਆ ਸਾਹਮਣੇ ਢੁੱਕੇ
ਨਿਰਾ ਇਕ ਪ੍ਰਸ਼ਨ ਚਿੰਨ੍ਹ ਹੀ ਬਸ
ਖ਼ਲਾਅ ਵਿਚ ਆਣ ਚੜ੍ਹ ਮੱਚੇ
ਮਿਲੇ ਉੱਤਰ ਨਾ ਜਿਸ ਦਾ
ਉਹ ਤਾਂ ਹੈ ਇਕ ਪ੍ਰਸ਼ਨ ਮਾਰਗ ਦਾ
ਗਵਾਚੀ ਹੋਈ ਇਕ ਪਹਿਚਾਣ ਦਾ
ਧੁਰ ਦਾ
ਪ੍ਰਾਪਤ ਹੋਈ ਉਸ ਸੌਗਾਤ ਦਾ
ਲੱਭਦੀ ਹੈ ਜੋ ਆਤਮ ਨੂੰ!

ਪੁਰਾਣੇ ਰੁਮਾਂਸਵਾਦੀ ਕਵੀਆਂ ਦੇ ਮੁਕਾਬਲੇ ਤੇ ਆਧੁਨਿਕ ਕਵੀ ਦੀ ਸੰਵੇਦਨਾ ਭਾਵਕ ਨਹੀਂ ਸਗੋਂ ਸਿਧੀ ਹੋਈ ਹੈ, ਜਿਸ ਨੂੰ ਕਨੇਡੀਅਨ ਆਲੋਚਕ, ਨੌਰਥਰੌਪ ਫ੍ਰਾਈ, ਗੁੜ੍ਹੀ ਹੋਈ ਕਲਪਨਾ (Educated Imagination) ਦਾ ਨਾਂ ਦਿੰਦਾ ਹੈ। ਇਸ ਵਿਚਾਰ ਅਨੁਸਾਰ ਆਧੁਨਿਕ ਮਨੁੱਖ ਬੌਧਿਕਤਾ ਅਤੇ ਭਾਵਕਤਾ ਨੂੰ ਰਲਗਡ ਨਹੀਂ ਹੋਣ ਦਿੰਦਾ, ਦਿਮਾਗ ਅਤੇ ਦਿਲ ਦੀ ਜ਼ੁਬਾਨ ਦੀ ਵੱਖਰੀ ਵੱਖਰੀ ਨਿਸ਼ਾਨਦਹੀ ਕਰਦਾ ਹੈ। ਇਹੋ ਕਾਰਨ ਅੱਜ ਦੇ ਇਨਸਾਨ ਨੂੰ ਹੋਂਦਵਾਦੀ ਅਤੇ ਨਿੱਜਵਾਦੀ ਬਣਾਉਂਦੇ ਹਨ। ਸੀਰਤ ਦੀਆਂ ਕਵਿਤਾਵਾਂ ਅਜੇਹੇ ਇਨਸਾਨ ਦੀ ਮਨੋਸਥਿਤੀ ਦੀ ਦੀਆਂ ਪਰਤਾਂ ਖੋਲ੍ਹਦੀਆਂ ਹਨ।

ਸਤਰਬੰਦੀ

ਸੀਰਤ ਦੀ ਕਵਿਤਾ ‘ਤੇ ਖੁੱਲ੍ਹੀ ਕਵਿਤਾ ਦੇ ਕੁਝ ਮਾਪਦੰਡ ਲਾਗੂ ਕਰਕੇ ਦੇਖਦੇ ਹਾਂ। ਸਤਰਬੰਦੀ ਖੁੱਲ੍ਹੀ ਕਵਿਤਾ ਦੀ ਸ਼ਾਹਰਗ ਹੈ। ਜਿਸ ਵਿਚ ਸਤਰ ਦੇ ਤੋਲ ਅਤੇ ਲੈਅ ਨੂੰ ਉਭਾਰਨ ਲਈ ਕੁਝ ਯੁਕਤਾਂ ਵਰਤੀਆਂ ਜਾਂਦੀਆਂ ਹਨ, ਜਿਵੇਂ ਸਤਰ-ਵੰਡ (Line break), ਸਤਰ-ਅੰਤ (Line end), ਸਤਰ-ਮੋੜ (Enjambment), ਸਤਰ-ਜੋੜ (Line-joint), ਸਤਰਾਂ ਵਿਚਲੀ ਅਤੇ ਵਿਚਕਾਰ ਖਾਲੀ ਥਾਂ (Empty space), ਸਤਰਾਂ ਦੀ ਸਫ਼ੇ ਤੇ ਸਜਾਵਟ ਅਤੇ ਸ਼ਬਦਾਂ ਦੀ ਮੀਨਾਕਾਰੀ, ਸਤਰ ਦੇ ਆਦਿ ਅਤੇ ਅੰਤ ਤੇ ਸੰਯੁਕਤ ਅਤੇ ਸੰਜੋਜਕ ਸ਼ਬਦਾਂ ਦੀ ਦੁਰਵਰਤੋਂ ਆਦਿ ਸ਼ਾਮਿਲ ਹਨ। ਜੇ ਇਨ੍ਹਾਂ ਯੁਕਤਾਂ ਦੀ ਧਿਆਨ ਨਾਲ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਦੇਖੋਗੇ ਕਿ ਖੁੱਲ੍ਹੀ ਕਵਿਤਾ ਦੀਆਂ ਸਤਰਾਂ ਅਕਸਰ ਪਿੰਗਲ ਦੇ ਛੰਦਾਂ ਦੇ ਪੂਰੇ, ਅੱਧੇ, ਪੌਣੇ ਜਾਂ ਚੁਥਾਈ ਜੁਯਾਂ/ਹਿੱਸੀਆਂ ਦੇ ਆਲੇ ਦੁਆਲੇ ਹੀ ਵਿਚਰਦੀਆਂ ਹਨ। ਫਲਸਰੂਪ, ਤੋਲ ਅਤੇ ਲੈਅ ਦੀ ਘਾਟ ਮਹਿਸੂਸ ਨਹੀਂ ਹੁੰਦੀ। ਤੋਲ ਸਤਰ ਦੀ ਗਤੀ ਵਿੱਚੋਂ ਪੈਦਾ ਹੋਣ ਵਾਲੇ ਨਿਰੰਤਰ ਪੈਟ੍ਰਨਜ਼ ਨੂੰ ਕਹਿੰਦੇ ਹਾਂ ਅਤੇ ਲੈਅ ਇਸ ਗਤੀ ਵਿੱਚੋਂ ਪੈਦਾ ਹੋਣ ਵਾਲੀ ਧੁਨੀ ਹੈ। ਅਰੂਜ਼ ਵਿਚ ਨਿਪੁੰਨ ਹੋਣ ਕਰਕੇ ਸੀਰਤ ਨੇ ਤੋਲ (Rhythm) ਨੂੰ ਅਕਸਰ ਵਰਕਰਾਰ ਰੱਖਿਆ ਹੈ ਪਰ ਕਈ ਥਾਵਾਂ ਤੇ ਗਤੀ ਅਤੇ ਲੈਅ (Cadence) ਟੁੱਟਦੇ ਹਨ। ਵਹਾਉ ਦੀ ਇਹ ਤਰੁਟੀ ਹਿੰਦੀ/ਪੰਜਾਬੀ ਦੇ ਭਾਰੇ ਅਤੇ ਔਖੇ ਸ਼ਬਦ ਵਰਤਣ ਕਰਕੇ ਆਈ ਹੈ। ਇਸ ਤਰ੍ਹਾਂ ਕਰਨ ਨਾਲ ਸਤਰ ਨੀਰਸ ਅਤੇ ਅਕਾਊ ਹੋਣ ਦਾ ਖਤਰਾ ਸਹੇੜ ਲੈਂਦੀ ਹੈ ਜਿਵੇਂ:

ਵਿਸਤ੍ਰਿਤ ਹੋ ਨਿੱਬੜਦਾ ਏ
ਪਾਸਾਰ
ਵਿਗਿਆਨ ਦਾ,
ਉਤਾਂਹ ਵਲ ਉੱਗ ਪੈਂਦੀ ਹੈ
ਫਸਲ
ਕਿਰਤੀ ਦੀ
ਅਤੇ
ਪੈਂਦੀ ਹੈ ਪੁੰਗਰ
ਖ਼ੁਸ਼ਬੂ
ਅਸਤਿਤਵ ਦੀ! (ਸ਼ੁੰਨਤਾ)

ਇਸ ਬੰਦ ਦੀ ਸਤਰਬੰਦੀ ਵਿਚ ਤੋਲ ਅਤੇ ਲੈਅ ਖਟਕਦੇ ਹੈ। ਇਸ ਸਤਰ ਨੂੰ ਕਾਵਮਈ ਬਣਾਇਆ ਜਾ ਸਕਦਾ ਸੀ ਜੇ ਸ਼ਬਦ ਵਿਸਤ੍ਰਿਤ ਦੀ ਥਾਂ ਵਿਸ਼ਾਲ ਜਾਂ ਖੁੱਲ੍ਹਾ, ਵਿਗਿਆਨ ਦੀ ਥਾਂ ਗਿਆਨ ਅਤੇ ਅਸਤਿਤਵ ਦੀ ਥਾਂ ਹੋਂਦ ਵਰਤੇ ਜਾਂਦੇ। ਪੁਸਤਕ ਦੀਆਂ ਕਈ ਹੋਰ ਕਵਿਤਾਵਾਂ ਵਿਚ ਵੀ ਭਾਰੇ ਅਤੇ ਔਖੇ ਸ਼ਬਦ ਖਟਕਦੇ ਹਨ ਜਿਵੇਂ ਸੰਤੁਲਿਤ (ਸਾਵਾਂ), ਪਰਿਵਰਤਿਤ (ਬਦਲਵਾਂ, ਬਦਲਾਵ/ਬਦਲਣਹਾਰ), ਵਾਸਤਵਿਕਤਾ (ਅਸਲੀਅਤ, ਅਸਲ), ਪਰਵਿਰਤੀਆਂ (ਦੁਨਿਆਵੀ ਜਾਂ ਦੀਨਦੁਨੀ ਦੇ ਮਸਲੇ/ਸਿਲਸਲੇ), ਆਦਿ। ਅਜੇਹੇ ਸ਼ਬਦ ਕਵਿਤਾ ਦੇ ਬੌਧਿਕਤ ਹੋਣ ਦਾ ਭਰਮ ਪਾਲਦੇ ਹਨ ਪਰ ਉਸ ਦੀ ਪੜ੍ਹਤ, ਗੁੜ੍ਹਤ ਅਤੇ ਰੌਚਿਕਤਾ ਵਿਚ ਵਾਧਕ ਸਿੱਧ ਹੁੰਦੇ ਹਨ।

ਸੀਰਤ ਦੀ ਸਮੁੱਚੀ ਕਵਿਤਾ ਨੂੰ ਗੌਹ ਨਾਲ ਪੜ੍ਹ ਕੇ ਮੈਂ ਇਹ ਮਹਿਸੂਸ ਕੀਤਾ ਹੈ ਕਿ ਪੰਜਾਬੀ ਕਵਿਤਾ ਦੇ ਖੇਤਰ ਵਿਚ ਉਸ ਦੀ ਦੇਣ ਵਿਵੇਕੀ ਕਵਿਤਾ ਦੀ ਪੱਧਤੀ ਤੇ ਪੂਰੀ ਉੱਤਰਦੀ ਹੈ। ਉਸ ਨੂੰ ਧਿਆਨ ਅਤੇ ਸੰਜੀਦਗੀ ਨਾਲ ਪੜ੍ਹਨ ਦੀ ਲੋੜ ਹੈ ਜਿਸ ਵਲੋਂ ਆਲੋਚਕਾਂ ਨੇ ਅਕਸਰ ਕੁਤਾਹੀ ਦਿਖਾਈ ਹੈ।

*****

(30 ਮਾਰਚ 2008)

e-mail:
ilKfrI

ਡਾ: ਗੁਰੂਮੇਲ ਸ. ਸਿੱਧੂ ਦੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.