ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

ਨਰਿੰਦਰ ਸਿੰਘ ਕਪੂਰ ਦਾ ਸਫ਼ਰਨਾਮਾ ਸੱਚੋ ਸੱਚ: ਇਕ ਅਧਿਐਨ

-ਡਾ. ਨੀਲਮ ਰਾਣੀ-
ਲੈਚਰਰਰ, ਪੰਜਾਬੀ ਵਿਭਾਗ
ਗੁਰੂ ਨਾਨਕ ਗਰਲਜ ਕਾਲਜ, ਯਮੁਨਾਨਗਰ


ਨਰਿੰਦਰ ਸਿੰਘ ਕਪੂਰ ਦੁਆਰਾ ਰਚਿਤ ਸਫ਼ਰਨਾਮਾ 'ਸੱਚੋ ਸੱਚ‘ ਪੰਜਾਬੀ ਸਫ਼ਨਾਮਾ ਸਾਹਿਤ ਦੀ ਇਕ ਮਹੱਤਵਪੂਰਨ ਪ੍ਰਾਪਤੀ ਹੈ। 'ਸਫ਼ਰਨਾਮਾ‘ ਤੋਂ ਭਾਵ ਉਹ ਰਚਨਾ ਜਿਸ ਵਿਚ ਯਾਤਰਾ ਜਾਂ ਸਫ਼ਰ ਕਰਨ ਵਾਲੇ ਵਿਅਕਤੀ ਨੇ ਆਪਣੀ ਯਾਤਰਾ ਜਾਂ ਸਫ਼ਰ ਦਾ ਵਰਨਣ ਕੀਤਾ ਹੋਵੇ। ਡਾ. ਕੁਲਬੀਰ ਸਿੰਘ ਕਾਂਗ ਅਨੁਸਾਰ :
''ਸਫ਼ਰਨਾਮਾ ਨਿੱਜੀ ਘਟਨਾਵਾਂ ਦਾ ਸੰਗ੍ਰਹਿ ਮਾਤਰ ਹੀ ਨਹੀਂ, ਇਹ ਤਾਂ ਇਕ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਤੇ ਸਭਿਅਤਾ ਦਾ ਇਤਿਹਾਸ ਲਿਖਣਾ ਹੈ ਜੋ ਸਦੀਆਂ ਤੱਕ ਹਵਾਲਾ ਪੁਸਤਕ ਬਣ ਸਕਦਾ ਹੈ।”1

ਸਭ ਤੋਂ ਪਹਿਲੀ ਮਹੱਤਵਪੂਰਨ ਗੱਲ ਇਹ ਹੈ ਕਿ ਭੂਗੋਲਿਕਤਾ ਸਫ਼ਰਨਾਮਾ ਸਾਹਿਤ ਦਾ ਕੇਂਦਰ- ਬਿੰਦੂ ਹੈ। ਪਰ ਮਹੱਤਵਪੂਰਨ ਗੱਲ ਇਹ ਹੈ ਕਿ ਸਫ਼ਰਨਾਮਾ ਲੇਖਕ ਕਿਸੇ ਵਿਸ਼ੇਸ਼ ਭੂਗੋਲਿਕ ਇਕਾਈ ਦੀ ਸਿਰਫ਼ ਪ੍ਰਾਕਿਰਤਕ ਜਾਣਕਾਰੀ ਹੀ ਨਹੀਂ ਪੇਸ਼ ਕਰਦਾ ਬਲਕਿ ਉਸ ਇਕਾਈ ਦੇ ਸਾਂਸਕ੍ਰਿਤਕ ਪਾਸਾਰਾਂ ਨੂੰ ਉਨ੍ਹਾਂ ਦੀ ਜਟਿਲਤਾ ਸਮੇਤ ਪ੍ਰਸਤੁਤ ਕਰਦਾ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਅਜਿਹੀ ਜਟਿਲਤਾ ਦੀ ਪ੍ਰਸਤੁਤੀ ਤਾਂ ਹੀ ਸਫ਼ਲਤਾ ਪੂਰਨ ਸੰਭਵ ਹੈ ਜੇਕਰ ਸਫ਼ਰਨਾਮਾ ਲੇਖਕ ਪਾਸ ਭਾਵ-ਪ੍ਰਗਟਾ ਦਾ ਹੁਨਰ ਹੈ। ਭਾਵ ਇਹ ਕਿ ਉਹ ਹੀ ਲੇਖਕ ਇਕ ਸਫ਼ਲ ਸਫ਼ਰਨਾਮਾ ਲਿਖ ਸਕਦਾ ਹੈ ਜੋ ਆਪਣੇ ਅਨੁਭਵਾਂ ਨੂੰ ਕਲਾਤਮਕ ਅਤੇ ਸੁਹਜਾਤਮਕ ਰੂਪ ‘ਚ ਪ੍ਰਗਟਾਅ ਸਕਣ ਦੇ ਯੋਗ ਹੁੰਦਾ ਹੈ। ਇਸ ਸਬੰਧ ਵਿਚ ਡਾ. ਪਰਮਿੰਦਰ ਸਿਘ ਦੇ ਵਿਚਾਰ ਕਾਫੀ ਮਹੱਤਵਪੂਰਨ ਹਨ :
''ਸਫ਼ਰਨਾਮਾ ਲਿਖਣਾ ਵੀ ਇਕ ਹੁਨਰ ਹੈ ਤੇ ਇਸ ਹੁਨਰ ਵਿਚ ਪ੍ਰਬੀਨ ਉਹੋ ਹੋ ਸਕਦਾ ਹੈ ਜਿਸ ਦਾ ਸਮੁੱਚਾ ਗਿਆਨ ਵਿਸ਼ਾਲ ਹੋਵੇ, ਕਪਲਨਾ ਬਲਵਾਨ ਹੋਵੇ, ਕਲਮ ਵਿਚ ਜ਼ੋਰ ਹੋਵੇ।”2

ਸੰਖੇਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਇਕ ਸਫ਼ਲ ਸਫ਼ਰਨਾਮੇ ਦੀ ਸਿਰਜਣਾ ਲਈ ਮੁੱਖ ਤੱਤ ਵਿਸ਼ਾ-ਵਸਤੂ, ਸਥਾਨਕਤਾ, ਤਥਾਤਮਕਤਾ, ਰੌਚਿਕਤਾ, ਰਸਿਕਤਾ, ਨਿੱਜਤਵ, ਸਪੱਸ਼ਟਤਾ, ਸਰਲਤਾ, ਕਲਪਨਾ ਸ਼ਕਤੀ, ਭਾਸ਼ਾ ਅਤੇ ਸ਼ੈਲੀ ਆਦਿ ਹੋਣੇ ਜ਼ਰੂਰੀ ਹਨ। ਇਕ ਵਿਚਾਰਨ ਵਾਲੀ ਗੱਲ ਇਹ ਹੈ ਕਿ ਸਫ਼ਰਨਾਮਾ ਵਿਚ ਹੋਰ ਦੂਸਰੇ ਸਾਹਿਤ ਰੂਪ ਜਿਵੇਂ ਜੀਵਨੀ, ਸਵੈ-ਜੀਵਨੀ, ਨਿਬੰਧ, ਕਹਾਣੀ, ਨਾਵਲ ਅਤੇ ਨਾਟਕ ਆਦਿ ਦੇ ਅੰਸ਼ ਪ੍ਰਾਪਤ ਹੋ ਜਾਂਦੇ ਹਨ। ਇਉਂ ਸਫ਼ਰਨਾਮਾ ਵਾਰਤਕ ਸਾਹਿਤ ਦਾ ਇਕ ਅਜਿਹਾ ਰੂਪ ਹੈ ਜਿਸ ਵਿਚ ਲੇਖਕ ਤੁਲਨਾਤਮਕ ਜੁਗਤ ਰਾਹੀਂ ਯਾਤਰਾ ਕਰ ਰਹੇ ਸਮਾਜ ਅਤੇ ਆਪਣੇ ਸਮਾਜ ਦੇ ਸਭਿਆਚਾਰ, ਰਹੁ-ਰੀਤਾਂ, ਸਮਾਜਿਕ, ਰਾਜਨੀਤਕ, ਧਾਰਮਿਕ ਆਦਿ ਪੱਖਾਂ ਨਾਲ ਜਾਣ-ਪਛਾਣ ਕਰਾਉਂਦਾ ਹੈ। ਇਹ ਸਾਹਿਤ ਰੂਪ ਆਪਣੇ ਆਲੇ-ਦੁਆਲੇ ਨਾਲ ਇਕ ਜੀਵੰਤ ਰਿਸ਼ਤਾ ਸਥਾਪਤ ਕਰਨ ਦੀ ਰੀਝ ਵਿਚੋਂ ਉਪਜਿਆ ਹੈ। ਸਫ਼ਰਨਾਮਾ ਇਕ ਅਜਿਹੀ ਵੰਨਗੀ ਹੈ ਜਿਸ ਵਿਚ ਸਭਿਆਚਾਰਕ ਵੇਰਵੇ ਜੀਵਨ ਨੂੰ ਵਧੇਰੇ ਸਮਝਣ ਅਤੇ ਮਾਨਣਯੋਗ ਬਣਾਉਂਦੇ ਹਨ।

ਸਫ਼ਰਨਾਮਾ 'ਸੱਚੋ-ਸੱਚ‘ ਵਿਚ ਲੇਖਕ ਨੇ ਆਪਣੀ ਅਮਰੀਕਾ ਫੇਰੀ ਸਮੇਂ ਦੇ ਕੌੜ੍ਹੇ-ਮਿੱਠੇ ਅਨੁਭਵਾਂ ਨੂੰ ਲਿਖਿਆ ਹੈ। ਇਸ ਫੇਰੀ ਦੌਰਾਨ ਉਹ ਇੰਗਲੈਂਡ, ਫਰਾਂਸ, ਕੁਵੈਤ ਵਿਚ ਜਾਂਦਾ ਹੈ ਤੇ ਉਨ੍ਹਾਂ ਦੇਸ਼ਾਂ ਬਾਰੇ ਵੀ ਤਰਦੀ ਨਜ਼ਰੇ ਸੰਖੇਪ ਜਾਣਕਾਰੀ ਦਿੰਦਾ ਹੈ। ਇਸ ਸੰਖੇਪ ਜਾਣਕਾਰੀ ਰਾਹੀਂ ਹੀ ਉਹ ਇਨ੍ਹਾਂ ਦੇਸ਼ਾਂ ਦੇ ਸਭਿਆਚਾਰਕ, ਸਮਾਜਿਕ, ਧਾਰਮਿਕ, ਆਰਥਿਕ ਮਾਹੌਲ ਦੇ ਬਿੰਬ ਨੂੰ ਉਭਾਰਨ ਵਿਚ ਕਾਫੀ ਹੱਦ ਤੱਕ ਸਫ਼ਲ ਹੋਇਆ ਹੈ। ਇਸ ਸਫ਼ਰਨਾਮੇ ਵਿਚ ਵਿਸਥਾਰ ਨਾਲ ਚਰਚਾ ਉਸ ਨੇ ਕੇਵਲ ਅਮਰੀਕਾ ਬਾਰੇ ਹੀ ਕੀਤੀ ਹੈ। ਇਹ ਚਰਚਾ ਬੜੇ ਭਰਵੇਂ ਰੂਪ ਵਿਚ ਅਮਰੀਕਾ ਦੇ ਵੱਖ-ਵੱਖ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ। ਲੇਖਕ ਨੇ ਆਪਣੀ ਇਸ ਯਾਤਰਾ ਦੇ ਵਰਨਣ ਨੂੰ ਗਿਆਰਾਂ ਭਾਗਾਂ ਵਿਚ ਵੰਡਿਆ ਹੈ। 'ਦੁਨੀਆਂ ਦਾ ਸਭ ਤੋਂ ਵੱਡਾ ਮੇਲਾ‘ ਵਿਚ ਲੇਖਕ ਆਰੰਭ ਵਿਚ ਹੀ ਅਮਰੀਕਾ ਬਾਰੇ ਜਾਣਕਾਰੀ ਦਿੰਦਾ ਹੈ। ਸਫ਼ਰਨਾਮਾ 'ਸੱਚੋ-ਸੱਚ‘ ਦਾ ਅਧਿਐਨ ਕਰਨ ਉਪਰੰਤ ਅਸੀਂ ਇਸ ਕੇਂਦਰੀ ਨੁਕਤੇ ਉਪਰ ਪਹੁੰਚਦੇ ਹਾਂ ਕਿ ਇਹ ਪਹਿਲਾ ਭਾਗ ਸਫ਼ਰਨਾਮੇ ਦਾ ਸੰਖੇਪ ਰੂਪ ਹੈ ਅਤੇ ਬਾਕੀ ਸਾਰਾ ਵਿਸਥਾਰ ਹੀ ਹੈ। ਲੇਖਕ ਨੇ ਇਸ ਵਿਚ ਅਮਰੀਕੀ ਲੋਕਾਂ ਦੇ ਸਭਿਆਚਾਰ, ਆਰਥਿਕ, ਸਮਾਜਿਕ, ਧਾਰਮਿਕ ਸਥਿਤੀ ਅਤੇ ਜਿਉਣ-ਢੰਗ ਦਾ ਵਰਨਣ ਕੀਤਾ ਹੈ। ਫੇਰ ਉਸ ਦੀ ਤੁਲਨਾ ਭਾਰਤੀ ਸਮਾਜ ਨਾਲ ਕੀਤੀ ਹੈ। ਇਸ ਤੁਲਨਾ ਰਾਹੀਂ ਲੇਖਕ ਨੇ ਭਾਰਤੀ ਅਤੇ ਅਮਰੀਕਨ ਲੋਕਾਂ ਦੇ ਜੀਵਨ-ਪੱਧਰ ਨੂੰ ਨਿਖੇੜਨ ਦਾ ਯਤਨ ਕੀਤਾ ਹੈ। ਲੇਖਕ ਅਮਰੀਕਾ ਦੇ ਲੋਕਾਂ ਦੇ ਜ਼ਿੰਦਗੀ ਨੂੰ ਮਾਣਨ ਦੇ ਢੰਗ ਦੀ ਸਿਫ਼ਤ ਕਰਦਾ ਹੈ। ਭਾਵ ਉਹ ਜ਼ਿੰਦਗੀ ਦਾ ਆਨੰਦ ਲੈਂਦੇ ਹਨ ਜਦਕਿ ਭਾਰਤੀ ਲੋਕ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੇ ਹਨ। ਅਮਰੀਕਨ ਲੋਕਾਂ ਦੇ ਜਿਉਣ ਢੰਗ ਦਾ ਬਿੰਬ ਨਰਿੰਦਰ ਸਿੰਘ ਕਪੂਰ ਦੇ ਵਿਚਾਰਾਂ ਤੋਂ ਸਪੱਸ਼ਟ ਹੋ ਜਾਂਦਾ ਹੈ :
''ਅਮਰੀਕਾ ਦੀ ਅਮੀਰੀ ਨੂੰ ਵੇਖ ਕੇ ਉਤਨੀ ਹੈਰਾਨੀ ਨਹੀਂ ਹੋਈ, ਜਿਤਨੀ ਭਾਰਤ ਦੀ ਗਰੀਬੀ ਦਾ ਡੂੰਘਾ ਅਹਿਸਾਸ ਹੋਇਆ...ਅਸੀਂ ਜੂਨ ਹੰਢਾਉਣ ਆਏ ਹਾਂ, ਸਾਡਾ ਉਦੇਸ਼ ਜੀਵਨ ਨੂੰ ਮਾਣਨਾ ਨਹੀਂ।”3

ਲੇਖਕ ਦੀਆਂ ਉਪਰੋਕਤ ਸਤਰਾਂ ਤੋਂ ਜਿੱਥੇ ਅਮਰੀਕਾ ਦੀ ਅਮੀਰੀ ਦਾ ਅਹਿਸਾਸ ਹੁੰਦਾ ਹੈ ਉਥੇ ਭਾਰਤ ਦੀ ਗਰੀਬੀ ਦੇ ਦਰਸ਼ਨ ਵੀ ਹੁੰਦੇ ਹਨ। ਦੂਜਾ ਭਾਰਤੀ ਲੋਕ ਜੂਨ ਹੰਢਾਉਣ ਆਏ ਹਨ, ਪਰ ਅਮਰੀਕਾ ਵਾਸੀ ਜ਼ਿੰਦਗੀ ਨੂੰ ਪੂਰੇ ਆਨੰਦ ਨਾਲ ਮਾਣਦੇ ਹਨ। ਅਸੀਂ ਕੇਵਲ ਗਰੀਬ ਹੀ ਨਹੀਂ, ਸਾਡੀ ਮਾਨਸਿਕ ਸੋਚ ਵੀ ਬੀਮਾਰ ਹੈ। ਬੀਮਾਰ ਮਾਨਸਿਕਤਾ ਕਰਕੇ ਹੀ ਅਸੀਂ ਨੀਯਤ ਨਾਲ ਕੰਮ ਨਹੀਂ ਕਰਦੇ ਬਲਕਿ ਜਦਕਿ ਅਮਰੀਕਨ ਸਿਹਤਮੰਦ ਮਾਨਸਿਕਤਾ ਕਰਕੇ ਨੀਯਤ ਨਾਲ ਕੰਮ ਕਰਦੇ ਹਨ। ਇਸ ਬਾਰੇ ਵੀ ਲੇਖਕ ਦੀਆਂ ਹੇਠ ਲਿਖੀਆਂ ਸਤਰਾਂ ਬੜੀਆਂ ਢੁਕਵੀਆਂ ਹਨ :
''ਅਸੀਂ ਪੂਜਾ-ਪਾਠ ਨੂੰ ਹੀ ਆਪਣਾ ਕੰਮ ਬਣਾ ਲਿਆ ਹੈ ਜਦੋਂ ਕਿ ਉਹ ਕੰਮ ਨੂੰ ਵੀ ਪੂਜਾ ਵਾਲੀ ਸ਼ਰਧਾ ਨਾਲ ਕਰਦੇ ਹਨ।”4
''ਜਾਣਨਾ ਚਾਹੁੰਦੇ ਹੋ ਕਿ ਅਮਰੀਕਾ ਕਿਉਂ ਖੁਸ਼ਹਾਲ ਹੈ ਤਾਂ ਅਮਰੀਕਨਾਂ ਨੂੰ ਕੰਮ ਕਰਦੇ ਵੇਖੋ, ਤੁਹਾਨੂੰ ਉਨ੍ਹਾਂ ਦੀ ਖੁਸ਼ਹਾਲੀ ਦਾ ਭੇਤ ਸਮਝ ਆ ਜਾਵੇਗਾ।”5

ਅਮਰੀਕਾ ਵਿਚ ਕੰਮ ਨੂੰ ਇਤਨਾ ਸਤਿਕਾਰਿਆ ਜਾਂਦਾ ਹੈ ਕਿ ਉਥੋਂ ਦਾ ਨੰਬਰ ਇਕ ਸ਼ਹਿਰੀ ਭਾਵ ਰਾਸ਼ਟਰਪਤੀ ਵੀ ਖ਼ੁਦ ਆਪਣੇ ਹੱਥੀਂ ਕੰਮ ਕਰਕੇ ਖੁਸ਼ ਹੁੰਦਾ ਹੈ। ਜਿੱਥੇ ਅਮਰੀਕੀ ਲੋਕ ਕੰਮ ਨੂੰ ਪੂਜਾ ਸਮਝ ਕੇ ਕਰਦੇ ਹਨ, ਉਥੇ ਉਨ੍ਹਾਂ ਦੀ ਤਰੱਕੀ ਦਾ ਦੂਜਾ ਰਾਜ ਮਸ਼ੀਨੀਕਰਨ ਦਾ ਹੈ। ਉਨ੍ਹਾਂ ਨੇ ਹਰ ਖੇਤਰ ਨਾਲ ਸਬੰਧਤ ਵੱਖ-ਵੱਖ ਮਸ਼ੀਨਾਂ ਈਜਾਦ ਕੀਤੀਆਂ ਹੋਈਆਂ ਹਨ। ਉਨ੍ਹਾਂ ਮਸ਼ੀਨਾਂ ਨਾਲ ਘੰਟਿਆਂ ਦਾ ਕੰਮ ਸਕਿੰਟਾਂ ਵਿਚ ਹੋ ਜਾਂਦਾ ਹੈ। ਉਨ੍ਹਾਂ ਨੂੰ ਉੱਚੀਆਂ ਇਮਾਰਤਾਂ, ਲੰਮੇ ਪੁਲ ਬਣਾਉਣ ਅਤੇ ਖੇਤੀ ਦੇ ਵੱਡੇ-ਵੱਡੇ ਫਾਰਮ ਸੰਭਾਲਣ ਵਿਚ ਮਹਾਰਤ ਹਾਸਲ ਹੋਈ ਹੋਵੇ। ਉਹ ਹਰ ਖੇਤਰ ਵਿਚ ਨਵੇਂ-ਨਵੇਂ ਤਜਰਬੇ ਕਰ ਰਹੇ ਹਨ। ਜਿਵੇਂ ਲੇਖਕ ਲਿਖਦਾ ਹੈ :

''ਅਮਰੀਕਾ ਇਕ ਅਜਿਹੀ ਪ੍ਰਯੋਗਸ਼ਾਲਾ ਹੈ ਜਿੱਥੇ ਭਾਂਤ-ਭਾਂਤ ਦੇ ਤਜਰਬੇ ਕੀਤੇ ਜਾ ਰਹੇ ਹਨ। ਅਮਰੀਕਨਾਂ ਵਿਚ ਇਹ ਗੁਣ ਹੈ ਕਿ ਉਹ ਸੋਚਦੇ ਹੀ ਵਿਸ਼ਵ ਦੇ ਸੰਦਰਭ ਵਿਚ ਹਨ। ਸੰਸਾਰ ਦਾ ਸਭ ਤੋਂ ਲੰਮਾ ਪੁਲ ਉਹ ਹੀ ਬਣਾਉਣਗੇ, ਸੰਸਾਰ ਦੀ ਸਭ ਤੋਂ ਉੱਚੀ ਇਮਾਰਤ ਉਹੀ ਉਸਾਰਨਗੇ।”6
ਇਸੇ ਤਰ੍ਹਾਂ ਉਹ ਵੱਡੇ-ਵੱਡੇ ਖੇਤੀ ਦੇ ਫਾਰਮ ਸੰਭਾਲਦੇ ਹਨ। ਜਿਵੇਂ :
''ਸਾਨਫਰਾਂਸਿਸਕੋ ਵਿਚ ਮੈਂ ਪੰਜ ਹਜ਼ਾਰ ਏਕੜ ਦੇ ਇਕ ਫਾਰਮ ਨੂੰ ਕੇਵਲ ਚਾਰ ਬੰਦਿਆਂ ਵੱਲੋਂ ਸੰਭਾਲਦੇ ਵੇਖਿਆ। ਉਨ੍ਹਾਂ ਨੇ ਮਸ਼ੀਨ ਨੂੰ ਆਪਣੀ ਖੁਸ਼ਹਾਲੀ ਲਈ ਖੂਬ ਵਰਤਿਆ ਹੈ।”7

ਅਮਰੀਕਾ ਨੂੰ ਜਿੱਥੇ ਮਸ਼ੀਨੀਕਰਨ ਨੇ ਵਿਸ਼ਾਲ ਕੀਤਾ ਹੈ ਉਥੇ ਅਸੀਂ ਭਾਰਤੀ ਉਨ੍ਹਾਂ ਦੀ ਨਕਲ ਕਰ ਰਹੇ ਹਾਂ। ਸਾਡੀ ਸਾਰੀ ਮਸ਼ੀਨਰੀ ਵਿਦੇਸ਼ ਦੀ ਨਕਲ ਹੀ ਤਾਂ ਹੈ। ਅਸਾਂ ਖ਼ੁਦ ਤਾਂ ਕੇਵਲ ਖੇਤੀ ‘ਚ ਕੰਮ ਆਉਣ ਵਾਲਾ ਗੱਡਾ ਹੀ ਬਣਾਇਆ ਸੀ। ਇਹ ਸਾਡੀ ਮੌਲਿਕ ਮਸ਼ੀਨ ਹੈ। ਜਿਹੜਾ ਥੋੜ੍ਹੇ ਜਿਹੇ ਮੀਂਹ ਕਰਕੇ ਚਿੱਕੜ ਵਿਚ ਖੁਭ ਜਾਂਦਾ ਹੈ। ਅਜੋਕੇ ਸਮੇਂ ਵਿਚ ਭਾਰਤੀਆਂ ਨੇ ਵੀ ਮਸ਼ੀਨੀਕਰਨ ਵਿਚ ਕਾਫ਼ੀ ਤਰੱਕੀ ਕੀਤੀ ਹੈ।

ਅਮਰੀਕਨਾਂ ਦੇ ਖੁਸ਼ਹਾਲ ਹੋਣ ਦਾ ਤੀਜਾ ਕਾਰਨ ਔਰਤ ਦੀ ਬਰਾਬਰੀ ਹੈ। ਉਥੇ ਹਰ ਖੇਤਰ ਵਿਚ ਔਰਤ ਕੰਮ ਕਰਦੀ ਹੈ। ਭਾਵੇਂ ਟਰੱਕ, ਬੱਸਾਂ ਜਾਂ ਰੇਲ ਗੱਡੀਆਂ ਦੇ ਡਰਾਇਵਰ ਦਾ ਕਿੱਤਾ ਹੈ। ਚੌਕੀਦਾਰ ਦਾ ਕੰਮ ਵੀ ਇਸਤਰੀਆਂ ਕਰਦੀਆਂ ਹਨ। ਜਿਵੇਂ ਕਿ ਲੇਖਕ ਲਿਖਦਾ ਹੈ :
''ਰੇਲ ਗੱਡੀਆਂ, ਬੱਸਾਂ, ਟਰੱਕ, ਟੈਕਸੀਆਂ ਤਾਂ ਇਸਤਰੀਆਂ ਚਲਾਉਂਦੀਆਂ ਹੀ ਹਨ, ਮੈਂ ਨਿਊਯਾਰਕ ਵਿਚ ਇਕ ਵੀਹ ਮੰਜ਼ਲੀ ਇਮਾਰਤ ਦੀ ਚੌਕੀਦਾਰ ਵੀ ਇਕ ਇਸਤਰੀ ਵੇਖੀ, ਉਨ੍ਹਾਂ ਨੇ ਸਾਰੇ ਦੇਸ਼ ਵਿਚ ਕੰਮ ਨੂੰ ਇੰਜ ਵਿਉਂਤਿਆ ਹੋਇਆ ਹੈ ਕਿ ਇਸਤਰੀ ਅਤੇ ਪੁਰਸ਼ ਦੋਵੇਂ ਹਰ ਪ੍ਰਕਾਰ ਦੇ ਕੰਮ ਕਰ ਸਕਦੇ ਹਨ।”8

ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਵਿਚ ਔਰਤ ਨੂੰ ਹਰ ਖੇਤਰ ਵਿਚ ਕੰਮ ਕਰਨ ਦੀ ਆਜ਼ਾਦੀ ਹੈ। ਅਮਰੀਕਾ ਵਿਚ ਪੁਲਿਸ, ਮਿਲਟਰੀ ਆਦਿ ਵਿਚ ਵੀ ਔਰਤ ਮੋਢੇ ਨਾਲ ਮੋਢਾ ਜੋੜ ਕੇ ਤੁਰਦੀ ਹੈ। ਉਥੇ ਬੱਚਿਆਂ ਦੇ ਨਾਂ ਨਾਲ ਪਿਉ ਦੀ ਥਾਂ ਮਾਂ ਦਾ ਨਾਂ ਲਿਖਿਆ ਜਾਂਦਾ ਹੈ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਵਿਚ ਔਰਤ ਦੀ ਸਥਿਤੀ ਭਾਰਤੀ ਸਮਾਜ ਨਾਲੋਂ ਵਧੇਰੇ ਚੰਗੇਰੀ ਹੈ। ਉਹ ਮਰਦ ਦੇ ਰਹਿਮ ਦੀ ਪਾਤਰ ਨਹੀਂ ਬਣਦੀ ਬਲਕਿ ਆਜ਼ਾਦ ਫਿਜ਼ਾ ਵਿਚ ਜ਼ਿੰਦਗੀ ਨੂੰ ਮਾਣਦੀ ਹੈ। ਅਮਰੀਕੀ ਸਮਾਜ ਦੇ ਵਿਕਾਸ ਦਾ ਇਕ ਕਾਰਨ ਇਹ ਹੈ ਕਿ ਉਹ ਬੜੇ ਸਿਹਤਮੰਦ ਹਨ। ਸਿਹਤਮੰਦ ਹੋਣ ਦਾ ਮੂਲ ਕਾਰਨ ਇਹ ਹੈ ਕਿ ਉਹ ਰੱਜ ਕੇ ਖੁੱਲ੍ਹਾ-ਡੁੱਲ੍ਹਾ ਖਾਂਦੇ ਹਨ। ਜਿੰਨਾਂ ਭੋਜਨ ਉਹ ਖਾ ਜਾਂਦੇ ਹਨ, ਉਨਾਂ ਭਾਰਤੀ ਨਹੀਂ ਖਾ ਸਕਦੇ। ਇਸ ਬਾਰੇ ਲੇਖਕ ਲਿਖਦਾ ਹੈ :
''ਖੁਰਾਕ ਦੇ ਪੱਖੋਂ ਜੇ ਅਮਰੀਕਾ ਅਤੇ ਭਾਰਤ ਦਾ ਮੁਕਾਬਲਾ ਕਰਨਾ ਹੋਵੇ ਤਾਂ ਮੇਰੇ ਵਿਚਾਰ ਵਿਚ ਜਿਤਨਾ ਭੋਜਨ ਪੰਜ ਕਰੋੜ ਅਮਰੀਕਨ ਖਾਂਦੇ ਹਨ ਉਤਨਾ ਸਾਡੇ ਦੇਸ਼ ਦੀ ਨੱਬੇ ਕਰੋੜ ਆਬਾਦੀ ਖਾਂਦੀ ਹੈ।”9

ਉਹ ਕੇਵਲ ਭੋਜਨ ਹੀ ਜ਼ਿਆਦਾ ਨਹੀਂ ਖਾਂਦੇ ਬਲਕਿ ਉਨ੍ਹਾਂ ਦੇ ਭੋਜਨ ਵਿਚ ਬਰਾਬਰੀ ਹੈ। ਮਜ਼ਦੂਰ ਅਤੇ ਧਨਾਢ ਨੂੰ ਇਕੋ ਜਿਹਾ ਭੋਜਨ ਮਿਲਦਾ ਹੈ। ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।

ਲੇਖਕ ਜਦੋਂ ਅਮਰੀਕਾ ਲਈ ਰਵਾਨਾ ਹੁੰਦਾ ਹੈ ਤਾਂ ਕਈ ਲੋਕ ਉਸ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਪਹੁੰਚਾਉਣ ਲਈ ਕਈ ਤੋਹਫ਼ੇ ਤੇ ਸਾਮਾਨ ਦੇ ਜਾਂਦੇ ਹਨ ਜੋ ਬਹੁਤ ਜ਼ਿਆਦਾ ਹੈ। ਲੇਖਕ ਖ਼ੁਦ ਨੂੰ ਕੁਲੀ ਮਹਿਸੂਸ ਕਰਦਾ ਹੈ। ਲੇਖਕ ਜ਼ਿਆਦਾ ਸਾਮਾਨ ਅਤੇ ਆਪਣੀ ਤਰਸਯੋਗ ਹਾਲਤ ਕਰਕੇ ਆਪਣੇ ਆਪ ਨੂੰ ਨਿਮਾਣਾ ਜਿਹਾ ਸਮਝਦਾ ਹੋਇਆ ਸੋਚਦਾ ਹੈ ਕਿ ਸ਼ਾਇਦ ਮੈਨੂੰ ਜਹਾਜ਼ ਵਾਲੇ ਨਾ ਲੈ ਕੇ ਜਾਣ, ਪਰ ਜਦੋਂ ਜਹਾਜ਼ ਵਿਚ ਸਵਾਰ ਹੋ ਜਾਂਦਾ ਹੈ ਤਾਂ ਉਸ ਨੂੰ ਤਸੱਲੀ ਹੁੰਦੀ ਹੈ ਕਿ ਹੁਣ ਤਾਂ ਪੰਹੁਚ ਜਾਵਾਂਗੇ। ਲੇਖਕ ਜਹਾਜ਼ ਵਿਚ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰ ਰਿਹਾ ਹੈ। ਉਸ ਦੇ ਕੌੜੇ ਅਨੁਭਵਾਂ ਵਿਚੋਂ ਇਕ ਅਨੁਭਵ ਇਹ ਵੀ ਹੈ ਕਿ ਜਹਾਜ਼ ਵਿਚ ਸੇਵਾ ਲਈ ਜੋ ਸੇਵਕਾਵਾਂ ਹਨ, ਉਨ੍ਹਾਂ ਨਾਲ ਸਾਡੇ ਦੇਸ਼ਵਾਸੀ ਹੁਜ਼ਤਾਂ ਅਤੇ ਮੰਦਾ ਵਿਵਹਾਰ ਕਰਦੇ ਹਨ। ਇਹ ਗੱਲ ਸਾਡੇ ਸਾਰਿਆਂ ਲਈ ਸ਼ਰਮਨਾਕ ਹੈ। ਯਾਤਰਾ ਕਰਦਿਆਂ ਹੋਇਆ ਜਦੋਂ ਲੇਖਕ ਪੈਰਿਸ ਪਹੁੰਚਦਾ ਹੈ ਤਾਂ ਲੇਖਕ ਦਾ ਦਿਲ ਨੰਗੇ ਪੈਰੀਂ ਘੁੰਮਣ ਨੂੰ ਕਰਦਾ ਹੈ। ਉਹ ਪੈਰਿਸ ਦੀ ਸੁੰਦਰਤਾ ਨੂੰ ਵੇਖ ਕੇ ਬੜਾ ਪ੍ਰਭਾਵਿਤ ਹੁੰਦਾ ਹੈ। ਪੈਰਿਸ ਦੀ ਸੁੰਦਰਤਾ ਨੂੰ ਬਿਆਨ ਕਰਦਾ ਹੋਇਆ ਲੇਖਕ ਇੰਜ ਲਿਖਦਾ ਹੈ :
''ਪੈਰਿਸ ਇਕ ਸੋਹਣੀ ਇਸਤਰੀ ਵਾਂਗ ਹੈ ਜਿਸ ਦੀ ਸ਼ਮੀਜ਼ ਵਿਚੋਂ ਉਸ ਦਾ ਹੁਸਨ ਝਲਕਦਾ ਹੋਵੇ।...ਰਾਤ ਵੇਲੇ ਪੈਰਿਸ ਦਿਨ ਦੇ ਪੈਰਿਸ ਨਾਲੋਂ ਵੀ ਸੋਹਣਾ ਹੁੰਦਾ ਹੈ। ਉਥੇ ਹਰ ਰਾਤ ਪੁੰਨਿਆਂ ਦਾ ਚੰਨ ਚੜ੍ਹਦਾ ਹੈ।”10

ਪੈਰਿਸ ਦੀ ਸੁੰਦਰਤਾ ਨੂੰ ਬਿਆਨ ਕਰਦਾ ਹੋਇਆ ਲੇਖਕ ਭਾਵੁਕ ਹੋ ਗਿਆ ਪਰ ਜਿੱਥੇ ਉਹ ਪੈਰਿਸ ਦੀ ਸੁੰਦਰਤਾ ਉਪਰ ਮੋਹਿਤ ਹੈ ਉਥੇ ਉਹ ਇਸ ਨੂੰ ਮਹਿੰਗਾ ਸ਼ਹਿਰ ਵੀ ਕਹਿੰਦਾ ਹੈ। ਜਿਵੇਂ :
''ਪੈਰਿਸ ਬਹੁਤ ਹੀ ਮਹਿੰਗਾ ਸ਼ਹਿਰ ਹੈ...ਬੋਤਲ ਵਿਚਲਾ ਲਗਭਗ ਇਕ ਗਿਲਾਸ ਪਾਣੀ ਵੀਹ ਰੁਪਏ ਤੋਂ ਵੀ ਮਹਿੰਗਾ ਹੈ।”11
ਲੇਖਕ ਪੈਰਿਸ ਦੀ ਸੁੰਦਰਤਾ ਤੇ ਮਹਿੰਗਾਈ ਦਾ ਜ਼ਿਕਰ ਕਰਨ ਦੇ ਨਾਲ-ਨਾਲ ਉਥੋਂ ਦੀਆਂ ਬੱਸਾਂ, ਗੱਡੀਆਂ ਦੀਆਂ ਟਿਕਟਾਂ ਅਤੇ ਉਥੋਂ ਦੇ ਮਹਿਲਾਂ ਦੀ ਸੁੰਦਰਤਾ ਅਤੇ ਉਥੋਂ ਦੇ ਸਲੀਕੇ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਇਸ ਤਰ੍ਹਾ ਲੇਖਕ ਦੇ ਉਪਰੋਕਤ ਵਿਚਾਰਾਂ ਰਾਹੀਂ ਪੈਰਿਸ ਦਾ ਅਸਲੀ ਮੁਹਾਂਦਰਾ ਪ੍ਰਗਟ ਹੁੰਦਾ ਹੈ।

ਯੂਰਪ ਵਿਚ ਪਹੁੰਚ ਕੇ ਲੇਖਕ ਜਦੋਂ ਉਨ੍ਹਾਂ ਦੇ ਸਭਿਆਚਾਰ ਬਾਰੇ ਨਜ਼ਰ ਮਾਰਦਾ ਹੈ ਤਾਂ ਉਥੇ ਵੀ ਪਹਿਲੀ ਨਜ਼ਰੇ ਹੀ ਉਸ ਨੂੰ ਭਾਰਤੀ ਲੋਕਾਂ ਵਾਂਗ ਅਣਜੋੜ ਵਿਆਹ ਨਜ਼ਰ ਆਉਂਦੇ ਹਨ। ਇਸ ਅਣਜੋੜ ਵਿਆਹ ਕਰਕੇ ਜੋ ਦੁੱਖ ਭਾਰਤੀ ਨਾਰੀ ਭੋਗਦੀ ਹੈ ਉਹ ਯੂਰਪ ਦੀ ਨਾਰੀ ਵੀ ਭੋਗਦੀ ਹੈ। ਇਥੇ ਲੇਖਕ ਦੋਨਾਂ ਦੇਸ਼ਾਂ ਦੀਆਂ ਵਿਆਹੁਤਾ ਔਰਤਾਂ ਦੀ ਤ੍ਰਾਸਦਮਈ ਸਥਿਤੀ ਦਰਸਾ ਰਿਹਾ ਹੈ। ਲੇਖਕ ਦੇ ਆਪਣੇ ਵਿਚਾਰਾਂ ਵਿਚੋਂ ਯੂਰਪ ਦੀ ਔਰਤ ਦੀ ਤ੍ਰਾਸਦਮਈ ਸਥਿਤੀ ਬੜੇ ਭਰਵੇਂ ਰੂਪ ਵਿਚ ਪ੍ਰਗਟ ਹੁੰਦੀ ਹੈ :

''ਫਲੋਰੀਡਾ ਵਿਚ ਮੈਂ ਜਿਸ ਘਰ ਵਿਚ ਠਹਿਰਿਆ ਹੋਇਆ ਸਾਂ ਉਥੇ ਅਣਜੋੜ ਵਿਆਹ ਦੀ ਸਮੱਸਿਆ ਸੀ। ਪਤਨੀ ਕੱਟੇ ਹੋਏ ਪਰਾਂ ਵਾਲੀ ਸਹਿਮੀ ਹੋਈ ਚਿੜ੍ਹੀ ਪ੍ਰਤੀਤ ਹੋਈ ਅਤੇ ਪਤੀ ਉਮਰ ਵਿਚ ਉਸ ਤੋਂ ਦੁੱਗਣਾ ਪਰ ਥਾਣੇਦਾਰੀ ਰੋਹਬ ਨਾਲ ਰਹਿ ਰਿਹਾ ਸੀ। ਸਪੱਸ਼ਟ ਸੀ ਕਿ ਉਸ ਘਰ ਕਦੀ ਵੀ ਮਹਿਰੇ ਸਰੀਂਹ ਦੇ ਪੱਤੇ ਲਟਕਾਉਣ ਨਹੀਂ ਆਉਣਗੇ ਅਤੇ ਨਾ ਹੀ ਉਥੇ ਕਦੀ ਖੁਸਰੇ ਨੱਚਣ ਲਈ ਬੁਲਾਏ ਜਾਣਗੇ। ਉੱਭਰੀਆਂ ਨਾੜਾਂ ਵਾਲਾ ਸਫ਼ੈਦ ਹੱਥ ਪਤਨੀ ਦੇ ਸਰੀਰ ਨੂੰ ਨਿੱਘ ਨਹੀਂ ਸੀ ਦੇ ਰਿਹਾ।”12

ਉਪਰੋਕਤ ਸਤਰਾਂ ਰਾਹੀਂ ਯੂਰਪ ਦੀ ਨਾਰੀ ਦੀ ਜੋ ਤਰਸਯੋਗ ਸਥਿਤੀ ਪ੍ਰਗਟ ਹੁੰਦੀ ਹੈ, ਉਹ ਹੀ ਸਥਿਤੀ ਭਾਰਤੀ ਨਾਰੀ ਦੀ ਹੈ ਅਤੇ ਵਿਸ਼ੇਸ਼ ਤੌਰ ਤੇ ਜਗੀਰਦਾਰੀ ਸਮਾਜ ਵਿਚ ਔਰਤ ਦੀ ਜੋ ਤ੍ਰਾਸਦਮਈ ਸਥਿਤੀ ਸੀ ਉਹ ਅੱਜ ਵੀ ਵਿਕਸਤ ਸਮਾਜ ਵਿਚ ਉਵੇਂ ਹੀ ਬਰਕਰਾਰ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਲੇਖਕ ਨੇ ਦੋਹਾਂ ਦੇਸ਼ਾਂ ਦੀਆਂ ਸਾਂਝੀਆਂ ਸਮੱਸਿਆਵਾਂ ਨੂੰ ਇਸ ਸਫ਼ਰਨਾਮੇ ਰਾਹੀਂ ਬੜੇ ਕਲਾਤਮਕ ਢੰਗ ਨਾਲ ਬਿਆਨ ਕੀਤਾ ਹੈ।
'ਸੱਚੋ-ਸੱਚ‘ ਸਫ਼ਰਨਾਮੇ ਦਾ ਪਾਠਗਤ ਅਧਿਐਨ ਕਰਦਿਆਂ ਹੋਇਆ ਜਦੋਂ ਅਸੀਂ ਅਮਰੀਕਾ ਦੀ ਵਿੱਦਿਅਕ ਪ੍ਰਣਾਲੀ ਉੱਤੇ ਝਾਤ ਮਾਰਦੇ ਹਾਂ ਤਾਂ ਇਹ ਗੱਲ ਸਹਿਜੇ ਹੀ ਸਪੱਸ਼ਟ ਹੁੰਦੀ ਹੈ ਕਿ ਉਥੋਂ ਦੇ ਵਿਦਿਆਰਥੀ ਮੁੱਢਲੀ ਪੜ੍ਹਾਈ ਕਰਕੇ ਬਸ ਕਰ ਦਿੰਦੇ ਹਨ। ਬਹੁਤ ਘੱਟ ਵਿਦਿਆਰਥੀ ਯੂਨੀਵਰਸਿਟੀ ਵਿਚ ਵਿੱਦਿਆ ਹਾਸਲ ਕਰਨ ਜਾਂਦੇ ਹਨ। ਯੂਨੀਵਰਸਿਟੀ ਦੀ ਪੜ੍ਹਾਈ ਬਹੁਤ ਮਹਿੰਗੀ ਹੈ ਪਰ ਉਥੋਂ ਦੀ ਪੜ੍ਹਾਈ ਰੋਜ਼ਗਾਰਮੁਖੀ ਹੈ। ਪੜ੍ਹ ਲਿਖ ਕੇ ਵਿਦਿਆਰਥੀ ਵਿਹਲੇ ਨਹੀਂ ਫਿਰਦੇ। ਅਮਰੀਕਾ ਦੀ ਜੇ ਅਸੀਂ ਸਕੂਲੀ ਵਿੱਦਿਆ ਬਾਰੇ ਗੱਲ ਕਰਦੇ ਹਾਂ ਤਾਂ ਉਥੇ ਵਿਦਿਆਰਥੀ ਉਪਰ ਵਿੱਦਿਆ ਦਾ ਬੋਝ ਨਹੀਂ ਪਾਇਆ ਜਾਂਦਾ ਅਤੇ ਨਾ ਹੀ ਘਰ ਲਈ ਕੰਮ ਦਿੱਤਾ ਜਾਂਦਾ ਹੈ। ਉਨ੍ਹਾਂ ਦਾ ਸਕੂਲੀ ਪੱਧਰ, ਸਹੂਲਤਾਂ, ਗਿਆਨ-ਵਿਗਿਆਨ ਅਤੇ ਅਤਿ-ਆਧੁਨਿਕ ਟੈਕਨਾਲੌਜੀ ਨਾਲ ਭਰਪੂਰ ਹੈ। ਉਨ੍ਹਾਂ ਦੇ ਸਕੂਲੀ ਢਾਂਚੇ ਬਾਰੇ ਗੱਲ ਕਰਦਿਆਂ ਹੋਇਆਂ ਲੇਖਕ ਲਿਖਦਾ ਹੈ :

''ਅਮਰੀਕਾ ਵਿਚ ਸਕੂਲੀ ਬੱਚਿਆਂ ਨੂੰ ਘਰ ਲਈ ਕੰਮ ਦਿੱਤਾ ਹੀ ਨਹੀਂ ਜਾਂਦਾ ਕਿਉਂਕਿ ਉਸ ਨੂੰ ਕਰਵਾਉਣਾ ਮਾਪਿਆਂ ਦੇ ਵੱਸ ਦੀ ਗੱਲ ਨਹੀਂ। ਸਕੂਲਾਂ ਵਿਚ ਟੈਲੀਵਿਜ਼ਨ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ। ਲਿਖਣ ਦਾ ਅਭਿਆਸ ਇਤਨਾ ਘੱਟ ਹੈ ਕਿ ਉਹ ਕੁਝ ਵੀ ਨਹੀਂ ਲਿਖ ਸਕਦੇ। ਇਹੀ ਕਾਰਨ ਹੈ ਕਿ ਚਿੱਠੀ ਲਿਖਣ ਦਾ ਰਿਵਾਜ਼ ਹੀ ਨਹੀਂ, ਟੇਪਾਂ ਭਰ ਕੇ ਭੇਜੀਆਂ ਜਾਂਦੀਆਂ ਹਨ।”13

ਜਿਵੇਂ ਕਿ ਅਸੀਂ ਪਹਿਲਾਂ ਲਿਖਿਆ ਹੈ ਕਿ ਉਥੋਂ ਦੀ ਪੜ੍ਹਾਈ ਰੋਜ਼ਗਾਰਮੁਖੀ ਹੈ। ਇਸ ਦੀ ਉਦਾਹਰਣ ਉਥੋਂ ਦੀਆਂ ਯੂਨੀਵਰਸਿਟੀਆਂ ਵਿਚ ਕਰਵਾਏ ਜਾਣ ਵਾਲੇ ਕੋਰਸ ਹਨ। ਲੇਖਕ ਉਥੋਂ ਦੀਆਂ ਯੂਨੀਵਰਸਿਟੀਆਂ ਬਾਰੇ ਜਾਣਕਾਰੀ ਦਿੰਦਾ ਹੋਇਆ ਸਫ਼ਰਨਾਮਾ 'ਸੱਚੋ-ਸੱਚ‘ ਦੇ ਪੰਨਾ ਨੰਬਰ 131-132 ਉੱਪਰ ਲਿਖਦਾ ਹੈ ਕਿ :
''ਯੂਨੀਵਰਸਿਟੀਆ ਆਪਣੇ ਆਲੇ-ਦੁਆਲੇ ਦੀਆਂ ਲੋੜਾਂ ਅਨੁਸਾਰ ਕੋਰਸ ਕਰਵਾਉਂਦੀਆਂ ਹਨ। ਉਦਾਹਰਣ ਵੱਜੋਂ ਨਿਊਯਾਰਕ ਵਪਾਰ ਦਾ ਕੇਂਦਰ ਹੈ, ਉਥੇ ਯੂਨੀਵਰਸਿਟੀ ਵਿਚ ਵਪਾਰ ਨਾਲ ਸਬੰਧਤ ਕੋਰਸ ਵਧੇਰੇ ਹਨ, ਵਾਸ਼ਿੰਗਟਨ ਰਾਜਨੀਤੀ ਦਾ ਕੇਂਦਰ ਹੈ ਉਥੇ ਦੀ ਯੂਨੀਵਰਸਿਟੀ ਵਿਚ ਰਾਜਨੀਤੀ ਨਾਲ ਸਬੰਧਤ ਕੋਰਸ ਵਧੇਰੇ ਵਿਕਸਤ ਹਨ। ਲਾਸ ਵੇਗਾਸ ਜੂਏ ਦਾ ਕੇਂਦਰ ਹੈ ਉਥੇ ਜੂਆ ਖਿਡਾਉਣ ਆਦਿ ਦੇ ਕੋਰਸ ਵਧੇਰੇ ਹਨ। ਬਹੁਤੀ ਪੜ੍ਹਾਈ ਅਮਲੀ ਹੈ ਅਤੇ ਉਪਜੀਵਿਕਾ ਨਾਲ ਸਿੱਧੀ ਜੁੜੀ ਹੋਈ ਹੈ।”14

ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਜੋ ਸਥਿਤੀ ਭਾਰਤ ਦੀ ਹੈ, ਉਸ ਨਾਲੋਂ ਅਮਰੀਕਾ ਦਾ ਵਿੱਦਿਅਕ ਢਾਂਚਾ ਚੰਗਾ ਹੈ, ਪਰ ਉਸ ਵਿਚ ਵੀ ਕੁਝ ਕਮੀਆਂ ਹਨ ਜਿਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਵਿੱਦਿਅਕ ਖੇਤਰ ਵਿਚ ਕੁਝ ਗੱਲਾਂ ਵਿਚ ਅਮਰੀਕਨ ਵਿੱਦਿਅਕ ਪ੍ਰਣਾਲੀ ਬੜੀ ਮਾੜੀ ਹੈ।

ਉਨ੍ਹਾਂ ਨੂੰ ਕਿਤਾਬੀ ਅਤੇ ਆਮ ਗਿਆਨ ਭਾਵੇਂ ਜ਼ਿਆਦਾ ਨਹੀਂ ਪਰ ਉਹ ਆਪਣੇ ਖੇਤਰ ਵਿਚ ਨਿਪੁੰਨ ਹਨ। ਇਸ ਕਰਕੇ ਹੀ ਦੂਜੇ ਦੇਸ਼ਾਂ ਵਾਲੇ ਉਨ੍ਹਾਂ ਨੂੰ ਬੁਲਾਉਂਦੇ ਹਨ। ਵਿੱਦਿਅਕ ਢਾਂਚੇ ਦੇ ਨਾਲ-ਨਾਲ ਉਥੋਂ ਦੀ ਨਿਆਂ-ਪ੍ਰਣਾਲੀ ਵੀ ਬੜੇ ਸੁਚਾਰੂ ਢੰਗ ਨਾਲ ਕੰਮ ਕਰਦੀ ਹੈ। ਭਾਰਤੀ ਨਿਆਂ-ਪ੍ਰਣਾਲੀ ਵਾਂਗ ਢਿੱਲੀ ਅਤੇ ਸੁਸਤ ਨਹੀਂ। ਉਥੇ ਫੈਸਲਾ ਬਹੁਤ ਜਲਦੀ ਕੀਤਾ ਜਾਂਦਾ ਹੈ ਅਤੇ ਹਰ ਧਿਰ ਨੂੰ ਨਿਆਂ ਮਿਲਦਾ ਹੈ। ਭਾਰਤ ਵਿਚ ਤਾਂ ਮੁਕੱਦਮੇ ਦਾ ਫੈਸਲਾ ਹੁੰਦਿਆਂ ਤੱਕ ਵਿਅਕਤੀ ਬੁੱਢਾ ਹੋ ਜਾਂਦਾ ਹੈ। ਕਈ ਵਾਰੀ ਉਹ ਮਰ ਵੀ ਜਾਂਦਾ ਹੈ। ਇਸ ਤਰ੍ਹਾਂ ਲੇਖਕ ਨੇ ਇਸ ਸਫ਼ਰਨਾਮੇ ਵਿਚ ਤੁਲਨਾਤਮਕ ਜੁਗਤ ਰਾਹੀਂ ਭਾਰਤੀ ਤੇ ਅਮਰੀਕੀ ਸਮਾਜ ਨੂੰ ਬੜਾ ਘੋਖ ਕੇ ਪੇਸ਼ ਕੀਤਾ ਹੈ।

ਜਦੋਂ ਅਸੀਂ ਅਮਰੀਕੀ ਲੋਕਾਂ ਦੇ ਮਿਹਨਤ ਅਤੇ ਕੰਮ ਬਾਰੇ ਜ਼ਿਕਰ ਕਰਦੇ ਹਾਂ ਤਾਂ ਉਨ੍ਹਾਂ ਦੇ ਮਨੋਰੰਜਨ ਦੇ ਸਾਧਨਾਂ ਬਾਰੇ ਜ਼ਿਕਰ ਕੀਤੇ ਬਿਨਾਂ ਨਹੀਂ ਰਿਹਾ ਜਾ ਸਕਦਾ। ਲੇਖਕ ਨੇ ਇਸ ਸਫ਼ਰਨਾਮੇ ਵਿਚ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਜਿਸ ਸ਼ਿੱਦਤ ਨਾਲ ਅਮਰੀਕਨ ਲੋਕ ਮਿਹਨਤ ਕਰਦੇ ਹਨ। ਉਸ ਤੋਂ ਕਈ ਗੁਣਾਂ ਵੱਧ ਤਾਂਘ ਨਾਲ ਮਨੋਰੰਜਨ ਵੀ ਕਰਦੇ ਹਨ। ਪੰਜ ਦਿਨ ਨੀਯਤ ਨਾਲ ਕੰਮ ਕਰਨਾ ਅਤੇ ਦੋ ਦਿਨ ਰੱਜ ਕੇ ਮਨੋਰੰਜਨ ਕਰਨਾ ਉਨ੍ਹਾਂ ਦੀ ਜਿਉਣ-ਜਾਚ ਦਾ ਖਾਸਾ ਹੈ। ਅਮਰੀਕਨ ਸ਼ੁਕਰਵਾਰ ਦੇ ਦਿਨ ਨੂੰ ਮੁਕਲਾਵੇ ਵਾਂਗ ਉਡੀਕਦੇ ਹਨ। ਉਸ ਦਿਨ ਸ਼ਾਮ ਨੂੰ ਉਨ੍ਹਾਂ ਨੂੰ ਹਫ਼ਤੇ ਦੀ ਤਨਖਾਹ ਮਿਲਦੀ ਹੈ ਤੇ ਫੇਰ ਰੱਜ ਕੇ ਉਹ ਲੋਕ ਮੌਜ-ਮਸਤੀ ਕਰਦੇ ਹਨ। ਉਹ ਡਿਜ਼ਨੀਲੈਂਡ ਦੇ ਵੰਨ-ਸੁਵੰਨੇ ਪੰਘੂੜੇ ਅਤੇ ਖੇਡਾਂ ਦਾ ਆਨੰਦ ਮਾਣਦੇ, ਹਾਲੀਵੁੱਡ ਦੀ ਸੈਰ ਕਰਦੇ ਤੇ ਬੀਚਾਂ ਉੱਪਰ ਨਹਾਉਂਦੇ, ਸਮੁੰਦਰ ਦੇ ਪਾਣੀਆਂ ਵਿਚ ਖਤਰਨਾਕ ਖੇਡਾਂ ਖੇਡਦੇ ਹਨ। ਵੈਸੇ ਤਾਂ ਅਮਰੀਕਾ ਵਿਚ ਮਨੋਰੰਜਨ ਦੀਆਂ ਹੋਰ ਵੀ ਅਨੇਕਾਂ ਥਾਵਾਂ ਹਨ ਪਰ ਡਿਜ਼ਨੀਲੈਂਡ ਸਭ ਤੋਂ ਰਮਣੀਕ ਥਾਂ ਹੈ। ਡਿਜ਼ਨੀਲੈਂਡ ਵਿਚ ਬਹੁਤ ਹੀ ਸ਼ਕਤੀਸ਼ਾਲੀ ਤੇ ਦਿਲ ਨੂੰ ਦਹਿਲਾਉਣ ਵਾਲੇ ਝੂਟੇ ਹਨ ਲੇਕਿਨ ਜਦੋਂ ਲੇਖਕ ਭਾਰਤ ਦੇ ਮੇਲਿਆਂ ਆਦਿ ਵਿਚ ਲੱਗਣ ਵਾਲੇ ਝੂਟਿਆਂ ਦੀ ਤੁਲਨਾ ਉਥੋਂ ਦੇ ਝੂਟਿਆਂ ਨਾਲ ਕਰਦਾ ਹੈ ਤਾਂ ਉਸ ਨੂੰ ਭਾਰਤੀ ਝੂਟੇ 'ਹਦਵਾਣੇ‘ ਦੇ ਸਾਹਮਣੇ 'ਰਾਈ‘ ਦੇ ਦਾਣੇ ਵਾਂਗ ਲੱਗਦੇ ਹਨ। ਡਿਜ਼ਨੀਲੈਂਡ ਦੇ ਇਨ੍ਹਾਂ ਝੂਟਿਆਂ ਦਾ ਆਨੰਦ ਲੇਖਕ ਨੇ ਵੀ ਮਾਣਿਆ। ਡਿਜ਼ਨੀਲੈਂਡ ਵਿਚ ਘੁੰਮਣ ਫਿਰਨ ਤੋਂ ਬਾਅਦ ਲੇਖਕ ਜੋ ਮਹਿਸੂਸ ਕਰਦਾ ਹੈ ਉਸ ਬਾਰੇ ਇਸ ਪ੍ਰਕਾਰ ਲਿਖਦਾ ਹੈ :
''ਡਿਜ਼ਨੀਲੈਂਡ ਇਕ ਵੱਖਰੀ ਦੁਨੀਆਂ ਹੀ ਨਹੀਂ, ਇਕ ਵੱਖਰਾ ਅਨੁਭਵ ਵੀ ਹੈ ਅਤੇ ਇਸ ਅਨੁਭਵ ਦੀ ਕਿਸੇ ਹੋਰ ਅਨੁਭਵ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ...ਬੱਚੇ ਤਾਂ ਬੱਚੇ, ਵੱਡੇ ਵੀ ਬੱਚੇ ਬਣ ਜਾਂਦੇ ਹਨ। ਡਿਜ਼ਨੀਲੈਂਡ ਦੀਆਂ ਥਾਵਾਂ ਲੋਕਾਂ ਦੀ ਉਮਰ ਨੂੰ ਲੰਮੇਰਾ ਕਰਨ ਦਾ ਰੋਲ ਨਿਭਾਉਂਦੀਆਂ ਹਨ।”15

ਹਾਲੀਵੁੱਡ ਫ਼ਿਲਮਾਂ ਦਾ ਸੰਸਾਰ ਦਾ ਸਭ ਤੋਂ ਵੱਡਾ ਕੇਂਦਰ ਹੈ। ਇਹ ਥਾਂ ਵੀ ਬੜੀ ਰਮਣੀਕ ਹੈ। ਮਨੋਰੰਜਨ ਲਈ ਇਕ ਹੋਰ ਮਨਮੋਹਨੀ ਥਾਂ 'ਲਾਸ-ਵੇਗਾਸ ਹੈ ਜੋ ਨਵੇਡਾ ਦੇ ਵਿਸ਼ਾਲ ਮਾਰੂਥਲ ਵਿਚ ਹੈ। ਇਸ ਨੂੰ 'ਜੂਏ ਦੀ ਰਾਜਧਾਨੀ‘ ਵੱਜੋਂ ਵੀ ਜਾਣਿਆ ਜਾਂਦਾ ਹੈ। ਉਥੋਂ ਦੇ ਮਨੋਰੰਜਨ ਦੇ ਸਾਧਨ ਦੇਖ ਕੇ ਲੇਖਕ ਖ਼ੁਦ ਉਨ੍ਹਾਂ ਵਿਚ ਗੁਆਚ ਜਾਂਦਾ ਹੈ। ਜਿਸ ਬਾਰੇ ਲੇਖਕ ਲਿਖਦਾ ਹੈ :
''ਇਥੋਂ ਦੇ ਹੋਟਲਾਂ ਵਿਚ ਨਾਚ ਅਤੇ ਮਨੋਰੰਜਨ ਦੇ ਸਾਰੇ ਪ੍ਰਬੰਧ ਜੀਵਨ ਭਰ ਯਾਦ ਰਹਿਣ ਵਾਲੇ ਅਨੁਭਵ ਹੈ। ਇਥੇ ਵਿਚਰਦਿਆਂ ਇੰਜ ਲੱਗਦਾ ਹੈ ਜਿਵੇਂ ਪਰੀਆਂ ਦੇ ਦੇਸ਼ ਵਿਚੋਂ ਲੰਘ ਰਹੇ ਹੋਈਏ।”16

ਇਹ ਥਾਂ ਇਤਨੀ ਮਨਮੋਹਕ ਹੈ ਜਿਸ ਨੂੰ ਵੇਖ ਕੇ ਲੇਖਕ ਹੈਰਾਨ ਹੋ ਜਾਂਦਾ ਹੈ। ਅਜਿਹੀਆਂ ਹੋਰ ਵੀ ਕਈ ਥਾਵਾਂ ਹਨ ਪਰ ਸਭ ਤੋਂ ਵੱਧ ਲੇਖਕ ਨੂੰ 'ਲਾਸ-ਵੇਗਾਸ‘ ਨੇ ਪ੍ਰਭਾਵਿਤ ਕੀਤਾ। ਉਸ ਦੀ ਅਜਿਹੀ ਸਥਿਤੀ ਉਸ ਦੇ ਆਪਣੇ ਵਿਚਾਰਾਂ ਤੋਂ ਪ੍ਰਗਟ ਹੁੰਦੀ ਹੈ। 'ਮੈਂ ਆਪ ਸਮਾਜਵਾਦ ਦਾ ਹਾਮੀ ਹਾਂ ਪਰ ਮਨੋਰੰਜਨ ਦੇ ਪੱਖੋਂ ਮੈਂ ਅਮਰੀਕਾ ਦਾ ਮਤਵਾਲਾ ਹਾਂ।‘

ਅਮਰੀਕਾ ਦੀ ਯਾਤਰਾ ਦੌਰਾਨ ਉਥੋਂ ਦੇ ਮਨੋਰੰਜਨ ਸਾਧਨਾਂ ਨੂੰ ਵੇਖ ਕੇ ਲੇਖਕ ਉਨ੍ਹਾਂ ਦਾ ਪ੍ਰਸੰਸਕ ਬਣ ਜਾਂਦਾ ਹੈ।ਅਮਰੀਕਾ ਫੇਰੀ ਸਮੇਂ ਲੇਖਕ ਅਮਰੀਕਾ ਵਿਚ ਵਸਦੇ ਪੰਜਾਬੀਆਂ ਦੀ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਸਥਿਤੀ ” ਬੜੀ ਗਹੁ ਨਾਲ ਵਾਚਦਾ ਹੈ ਅਤੇ ਫੇਰ ਉਨ੍ਹਾਂ ਦੀ ਸਮੁੱਚੀ ਸਥਿਤੀ ਨੂੰ ਬਿਆਨ ਕਰਦਾ ਹੈ। ਅਮਰੀਕਾ ਵਿਚ ਵਸਦੇ ਪੰਜਾਬੀਆਂ ਦੀ ਆਰਥਿਕ ਖੁਸ਼ਹਾਲੀ ਦਾ ਜ਼ਿਕਰ ਕਰਦਿਆਂ ਹੋਇਆ ਲੇਖਕ ਲਿਖਦਾ ਹੈ :
''ਪੰਜਾਬੀ ਆਮ ਕਰਕੇ ਖੁਸ਼ਹਾਲ ਹਨ। ਜਿਹੜੀਆਂ ਚੀਜ਼ਾਂ, ਵਸਤਾਂ ਇਥੇ ਮਹਾਂਰਾਜਿਆਂ ਕੋਲ ਵੀ ਨਹੀਂ, ਉਹ ਉਥੇ ਆਮ ਪੰਜਾਬੀਆਂ ਕੋਲ ਹਨ।...ਜਿਹੜੀ ਕਾਰ ਅਮਰੀਕਾ ਵਿਚ ਇਕ ਪੰਜਾਬੀ ਰੱਖਦਾ ਹੈ ਉਹ ਭਾਰਤ ਦੇ ਰਾਸ਼ਟਰਪਤੀ ਕੋਲ ਵੀ ਨਹੀਂ ਹੈ।”17

ਸਫ਼ਰਨਾਮਾ 'ਸੱਚੋ-ਸੱਚ‘ ਦੇ ਅਧਿਐਨ ਤੋਂ ਪੰਜਾਬੀਆਂ ਦੀ ਆਰਥਿਕ ਸਥਿਤੀ ਬੜੀ ਖੁਸ਼ਹਾਲ ਪ੍ਰਤੀਤ ਹੁੰਦੀ ਹੈ ਪਰ ਜਦੋਂ ਅਸੀਂ ਉਨ੍ਹਾਂ ਦੇ ਧਾਰਮਿਕ ਪੱਖ ਦੀ ਗੱਲ ਕਰਦੇ ਹਾਂ ਤਾਂ ਉਹ ਲੋਕ ਆਪਣੇ ਧਰਮ ਨਾਲ ਤਾਂ ਜੁੜੇ ਹੋਏ ਹਨ ਪਰ ਉਨ੍ਹਾਂ ਨੇ ਜਾਤ ਦੇ ਆਧਾਰ ਉੱਤੇ ਗੁਰੂਦੁਆਰੇ ਬਣਾਏ ਹੋਏ ਹਨ। ਇਸ ਤਰ੍ਹਾਂ ਉਹ ਇਕ ਵਿਕਸਤ ਦੇਸ਼ ਵਿਚ ਰਹਿੰਦੇ ਹੋਏ ਜਾਤੀਵਾਦ ਦੀ ਘਿਨਾਉਣੀ ਖੇਡ ਤੋਂ ਮੁਕਤ ਨਹੀਂ ਹੋ ਸਕੇ।

ਲੇਖਕ ਜਦੋਂ ਇਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਬਾਰੇ ਲਿਖਦਾ ਹੈ ਤਾਂ ਉਸ ਵਿਚ ਬਹੁਤ ਕੁੜਿੱਤਣ ਹੈ। ਇਹ ਲੋਕ ਆਪਣੀਆਂ ਪਰਿਵਾਰਕ ਸਮੱਸਿਆਵਾਂ ਵਿਚ ਗ੍ਰਸੇ ਹੋਏ ਹਨ। ਮਿਸਾਲ ਵੱਜੋਂ ਜਦੋਂ ਇਕ ਧਿਰ ਆਪਣੇ ਰਿਸ਼ਤੇਦਾਰ ਨੂੰ ਬੁਲਾਉਣਾ ਚਾਹੁੰਦੀ ਹੈ ਤਾਂ ਪਤੀ-ਪਤਨੀ ਵਿਚ ਤਕਰਾਰ ਹੋ ਜਾਂਦਾ ਹੈ। ਬਹੁਤ ਘੱਟ ਪਰਿਵਾਰ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦੇ ਸਬੰਧ ਸੁਖਾਵੇਂ ਹੋਣ। ਅਮਰੀਕਾ ਵਿਚ ਰਹਿੰਦੇ ਹੋਏ ਭਾਰਤੀ ਲੋਕ ਆਪਣੇ ਸਭਿਆਚਾਰ ਨਾਲੋਂ ਟੁੱਟ ਚੁੱਕੇ ਹਨ ਅਤੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਬੱਚੇ। ਅਮਰੀਕਾ ਵਿਚ ਵਸਦੇ ਭਾਰਤੀਆਂ ਦੇ ਬੱਚੇ ਭਾਰਤ ਨੂੰ ਨਫ਼ਰਤ ਕਰਦੇ ਹਨ ਜਦੋਂ ਕਿ ਮਾਪੇ ਅਮਰੀਕਾ ਦੀ ਜੀਵਨ-ਜਾਚ ਨੂੰ ਨਫ਼ਰਤ ਕਰਦੇ ਹਨ। ਅਮਰੀਕਾ ਵਿਚ ਵਸਦੇ ਭਾਰਤੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਭਾਰਤੀ ਸਭਿਆਚਾਰ ਨਾਲੋਂ ਟੁੱਟੀ ਹੋਈ ਹੈ। ਇਹ ਬੱਚੇ ਅਮਰੀਕੀ ਸੰਸਕ੍ਰਿਤੀ ਵਿਚ ਗ੍ਰਸ ਚੁੱਕੇ ਹਨ। ਉਨ੍ਹਾਂ ਦੇ ਬੱਚੇ ਜਦੋਂ ਗੋਰਿਆਂ ਜਾਂ ਕਾਲਿਆਂ ਨਾਲ ਸ਼ਾਦੀ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਵਤਨ ਯਾਦ ਆਉਂਦਾ ਹੈ। ਦੂਜੇ ਪਾਸੇ ਜਦੋਂ ਭਾਰਤੀ ਗਰੀਬੀ ਨੂੰ ਦੇਖਦੇ ਹਨ ਤਾਂ ਮਾਯੂਸ ਹੁੰਦੇ ਹਨ। ਜਦੋਂ ਭਾਰਤ ਦੇ ਮੁਕਾਬਲੇ ਅਮਰੀਕਾ ਵਿਚ ਆਪਣੀ ਆਰਥਿਕ ਦਸ਼ਾ ਦੇਖਦੇ ਹਨ ਤਾਂ ਉਨ੍ਹਾਂ ਦੇ ਮਨ ਨੂੰ ਤਸੱਲੀ ਹੁੰਦੀ ਹੈ।

ਅਮਰੀਕਾ ਦੇ ਸਭਿਆਚਾਰ ਦੇ 'ਅਹਿਮ ਹਿੱਸੇ‘ ਜਦੋਂ ਪਰਿਵਾਰ ਬਾਰੇ ਗੱਲ ਕਰਦੇ ਹਾਂ ਤਾਂ ਉਥੇ ਪਰਿਵਾਰ ਦਾ ਅਰਥ ਭਾਰਤੀ ਪਰਿਵਾਰ ਵਰਗਾ ਨਹੀਂ। ਉਹ ਹੋਟਲਾਂ ਵਿਚ ਖਾਣਾ ਖਾਂਦੇ ਹਨ ਜੋ ਉਨ੍ਹਾਂ ਨੂੰ ਘਰ ਨਾਲੋਂ ਸਸਤਾ ਪੈਂਦਾ ਹੈ। ਉਥੋਂ ਦੇ ਲੋਕ ਆਪਣੀ ਜ਼ਿੰਦਗੀ ਵਿਚ ਸੱਤ-ਅੱਠ ਸ਼ਾਦੀਆਂ ਕਰਦੇ ਹਨ। ਉਨ੍ਹੇ ਹੀ ਤਲਾਕ ਹੁੰਦੇ ਹਨ। ਬੱਚਿਆਂ ਦੇ ਪਾਲਣ-ਪੋਸ਼ਣ ਦੀ ਚਿੰਤਾ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਭਾਰਤੀਆਂ ਵਰਗੀਆਂ ਰਿਸ਼ਤੇਦਾਰੀਆਂ ਦਾ ਜੰਜਾਲ ਹੈ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਬੁਢਾਪੇ ਦਾ ਵੀ ਫ਼ਿਕਰ ਨਹੀਂ। ਉਨ੍ਹਾਂ ਕੋਲ ਕਾਰ, ਟੈਲੀਫ਼ੋਨ, ਸੁੱਖ-ਸੁਵਿਧਾਵਾਂ ਦਾ ਹਰ ਸਾਮਾਨ ਹੈ। ਉਹ ਸੁਖਮਈ ਜ਼ਿੰਦਗੀ ਜਿਉਂਦੇ ਹਨ ਪਰ ਫੇਰ ਵੀ ਉਨ੍ਹਾਂ ਦੀ ਜ਼ਿੰਦਗੀ ਵਿਚ ਟੈਨਸ਼ਨ ਹੈ। ਅਮਰੀਕੀ ਲੋਕਾਂ ਦੀ ਜ਼ਿੰਦਗੀ ਨੂੰ ਲੇਖਕ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ :
''ਰਿਸ਼ਤੇਦਾਰੀਆਂ ਦਾ ਸੰਕਲਪ ਅਮਰੀਕਾ ਵਿਚ ਲਗਭਗ ਲੋਪ ਹੋ ਗਿਆ ਹੈ, ਉਥੇ ਗੁਆਂਢੀ ਦੇ ਵੀ ਕੋਈ ਅਰਥ ਨਹੀਂ, ਪਰ ਹਰ ਕੋਈ ਆਪਣੀ ਨਿੱਜੀ ਦੁਨੀਆਂ ਵਿਚ ਮਸਤ ਹੈ।...ਰਿਸ਼ਤਾ-ਨਾਤਾ ਪ੍ਰਬੰਧ ਦੀ ਮੂਲ ਇਕਾਈ ਪਰਿਵਾਰ ਹੈ ਅਤੇ ਵਿਆਹ ਨਵੇਂ ਰਿਸ਼ਤੇ-ਨਾਤੇ ਸਿਰਜਣ ਦਾ ਬੁਨਿਆਦੀ ਆਧਾਰ ਹੈ। ਅਮਰੀਕਾ ਵਿਚ ਵਿਆਹ ਇਕ ਖੇਡ ਬਣ ਗਈ ਹੈ ਅਤੇ ਨਤੀਜੇ ਵੱਜੋਂ ਪਰਿਵਾਰਕ ਜੀਵਨ ਦੀਆਂ ਧੱਜੀਆਂ ਉੱਡ ਰਹੀਆਂ ਹਨ। ਅਮਰੀਕਾ ਵਿਚ ਹਰ ਵਿਅਕਤੀ ਔਸਤ ਚਾਰ ਪੰਜ ਵਿਆਹ ਕਰਾਉਂਦਾ ਹੈ ਅਤੇ ਇਤਨੇ ਹੀ ਤਲਾਕ ਲੈਂਦਾ ਹੈ।”18

ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਮਰੀਕਾ ਕੋਲ ਪਦਾਰਥਕ ਅਮੀਰੀ ਹੈ ਪਰ ਭਾਰਤ ਵਰਗੀ ਅਧਿਆਤਮਕ ਅਮੀਰੀ ਨਹੀਂ ਜਿਸ ਕਰਕੇ ਉਹ ਇੰਨੇ ਅਮੀਰ ਤੇ ਖੁਸ਼ਹਾਲ ਹੁੰਦੇ ਹੋਏ ਵੀ ਭਟਕਣ ਵਿਚ ਜਿਉ ਰਹੇ ਹਨ। ਅਮਰੀਕਨਾਂ ਦੇ ਇੰਨੇ ਸੁੱਖ ਸਾਧਨ, ਖੁਸ਼ਹਾਲ ਸਥਿਤੀ ਅਤੇ ਮਨੋਰੰਜਨ ਦੇ ਸਾਧਨਾਂ ਦੇ ਬਾਵਜੂਦ ਵੀ ਉਹ ਜ਼ਿੰਦਗੀ ਵਿਚ ਭਟਕ ਰਹੇ ਹਨ। ਇਸ ਭਟਕਣ ਅਤੇ ਟੈਨਸ਼ਨ ਤੋਂ ਮੁਕਤ ਹੋਣ ਲਈ ਮਰਦ ਔਰਤ ਦੋਵੇਂ ਸ਼ਰਾਬ ਪੀਂਦੇ ਹਨ ਜਿਸ ਬਾਰੇ ਲੇਖਕ ਲਿਖਦਾ ਹੈ :
''ਸ਼ਰਾਬ ਇਸਤਰੀ ਪੁਰਸ਼ ਦੋਵੇਂ ਪੀਂਦੇ ਹਨ ਕਿਉਂਕਿ ਸਮੁੱਚੇ ਜੀਵਨ ਵਿਚ ਅੰਤਾਂ ਦਾ ਤਨਾਉ ਅਤੇ ਬੋਰੀਅਤ ਹੈ।”19
ਭਟਕ ਰਹੇ ਅਮਰੀਕਨਾਂ ਦੀ ਸਥਿਤੀ ਬਾਰੇ ਗੱਲ ਕਰਨ ਤੋਂ ਬਾਅਦ ਅਸੀਂ ਉਥੇ ਵਸਦੀਆਂ ਅਮਰੀਕਨ ਔਰਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਪ੍ਰਤੀ ਲੇਖਕ ਲਿਖਦਾ ਹੈ ਕਿ :
''ਅਮਰੀਕਾ ਦੀਆਂ ਇਸਤਰੀਆਂ ਮੈਨੂੰ ਪਲਾਸਟਿਕ ਦੀਆਂ ਗੁੱਡੀਆਂ ਪ੍ਰਤੀਤ ਹੋਈਆਂ। ਸੋਹਣੀਆਂ ਪਰ ਨਿੱਘ ਅਤੇ ਮੋਹ ਤੋਂ ਖਾਲੀ। ਮਮਤਾ ਨਹੀਂ, ਪਤੀਵਰਤਾ ਨਹੀਂ।”20

ਲੇਖਕ ਦੀਆਂ ਉਪਰੋਕਤ ਸਤਰਾਂ ਤੋਂ ਅਮਰੀਕਨ ਇਸਤਰੀ ਦਾ ਜੋ ਬਿੰਬ ਨਜ਼ਰ ਆਉਂਦਾ ਹੈ ਉਹ ਕੇਵਲ ਇਕ ਸੁੰਦਰ ਔਰਤ ਵਾਲਾ ਹੈ ਜਿਹੜੀ ਮਮਤਾ, ਪਿਆਰ ਅਤੇ ਪਤਿਵਰਤਾ ਤੋਂ ਖਾਲੀ (ਸੱਖਣੀ) ਹੈ। ਇਸ ਦੇ ਮੁਕਾਬਲੇ ਭਾਰਤੀ ਨਾਰੀ ਮੋਹ ਮਮਤਾ ਨਾਲ ਭਰੀ ਹੋਈ ਹੈ। ਇੰਜ ਇਹ ਕਹਿ ਸਕਦੇ ਹਾਂ ਕਿ ਅਮਰੀਕਨ ਨਾਰੀ ਸੁੰਦਰ ਹੁੰਦੀ ਹੋਈ ਵੀ ਸਭ ਕਾਸੇ ਤੋਂ ਸੱਖਣੀ ਪ੍ਰਤੀਤ ਹੁੰਦੀ ਹੈ।

ਸਫ਼ਰਨਾਮਾ 'ਸੱਚੋ-ਸੱਚ‘ ਦੇ ਆਧਾਰ ਤੇ ਜਦੋਂ ਅਸੀਂ ਅਮਰੀਕਾ ਦੇ ਦੂਜੇ ਪਾਸੇ ਵੱਲ ਝਾਤ ਮਾਰਦੇ ਹਾਂ ਤਾਂ ਅਮਰੀਕਾ ਇਕ ਅਜਿਹਾ ਦੇਸ਼ ਹੈ ਜਿੱਥੇ ਚੋਰ, ਡਾਕੂ, ਧਾਵਵੀ, ਠੱਗ ਆਦਿ ਰਹਿੰਦੇ ਹਨ ਜੋ ਲੁੱਟ ਮਾਰ ਕਰਦੇ ਹਨ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਖਾਸਾ ਹੈ। ਲੇਖਕ ਨਰਿੰਦਰ ਸਿੰਘ ਕਪੂਰ ਨੇ ਜਿਸ ਸ਼ਿੱਦਤ ਨਾਲ ਅਮਰੀਕਾ ਦੀ ਪ੍ਰਸੰਸ਼ਾ ਕੀਤੀ ਹੈ ਉਸੇ ਸ਼ਿੱਦਤ ਨਾਲ ਅਮਰੀਕਾ ਦੇ ਮਾੜੇ ਪੱਖਾਂ ਜਾਂ ਔਗੁਣਾਂ ਦਾ ਵੀ ਜ਼ਿਕਰ ਕੀਤਾ ਹੈ। ਜਿਵੇਂ :
''ਜੇ ਇਹ ਠੀਕ ਹੈ ਕਿ ਅਮਰੀਕਾ ਅਮੀਰ, ਆਜ਼ਾਦ ਅਤੇ ਬਹਾਦਰ ਲੋਕਾਂ ਦਾ ਦੇਸ਼ ਹੈ ਤਾਂ ਇਹ ਵੀ ਠੀਕ ਹੈ ਕਿ ਅਮਰੀਕਾ ਡਾਕੂਆਂ, ਚੋਰਾਂ, ਠੱਗਾਂ, ਲੁਟੇਰਿਆਂ, ਧਾੜਵੀਆਂ ਦਾ ਦੇਸ਼ ਹੈ।”21

ਸਫ਼ਰਨਾਮੇ ਵਿਚਲੀਆਂ ਉਪਰੋਕਤ ਸਤਰਾਂ ਤੋਂ ਅਮਰੀਕਾ ਦੇ ਦੋਵੇਂ ਪੱਖ ਬੜੇ ਸਪੱਸ਼ਟ ਰੂਪ ਵਿਚ ਸਾਡੇ ਸਾਹਮਣੇ ਉਜਾਗਰ ਹੋ ਜਾਂਦੇ ਹਨ। ਇੰਜ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਸਤਰਾਂ ਵਿਚ ਪੂਰੇ ਸਫ਼ਰਨਾਮੇ ਦਾ ਨਿਚੋੜ ਹੈ। ਲੇਖਕ ਨਰਿੰਦਰ ਸਿੰਘ ਕਪੂਰ ਅਮਰੀਕਾ ਦੇ ਦੋਵੇਂ ਪੱਖ ਪੇਸ਼ ਕਰਦਿਆਂ ਹੋਇਆਂ ਕੋਈ ਲੁਕਾ ਨਹੀਂ ਰੱਖਦਾ ਬਲਕਿ ਅਮਰੀਕਾ ਦੇ ਅਸਲੀ ਚਿਹਰੇ-ਮੋਹਿਰੇ ਨੂੰ ਪ੍ਰਤੱਖ ਰੂਪ ਵਿਚ ਪੇਸ਼ ਕਰ ਰਿਹਾ ਹੈ। ਜੇਕਰ ਅਸੀਂ ਅਮਰੀਕਨਾਂ ਦੀ ਰਾਜਨੀਤੀ ਅਤੇ ਵਿਸ਼ਵ ਨੀਤੀ ਨੂੰ ਦੇਖੀਏ ਤਾਂ ਉਹ ਵੀ ਲੁਟੇਰਿਆਂ ਵਰਗੀ ਹੈ। ਮਿਸਾਲ ਵੱਜੋਂ :
''ਪੰਜ ਅਰਬ ਵਾਲੀ ਸਾਡੀ ਦੁਨੀਆਂ ਵਿਚ ਛੱਬੀ ਕਰੋੜ ਦੀ ਆਬਾਦੀ ਵਾਲਾ ਅਮਰੀਕਾ ਸੰਸਾਰ ਦੇ ਹਰ ਸੌ ਰੁਪਏ ਵਿਚੋਂ ਦੋ ਤਿਹਾਈ ਖਾ ਰਿਹਾ ਹੈ। ਤਿੰਨ ਅਰਬ ਦੀ ਆਬਾਦੀ ਵਾਲੇ ਏਸ਼ੀਆਈ ਮੁਲਕਾਂ ਨੂੰ ਸੌ ਰੁਪਏ ਵਿਚੋਂ ਕਵੇਲ ਚਾਰ ਰੁਪਏ ਮਿਲਦੇ ਹਨ। ਸੰਸਾਰ ਦੇ ਹਰ ਸੌ ਰੁਪਏ ਵਿਚੋਂ ਭਾਰਤ ਨੂੰ 'ਪੰਜਾਹ ਪੈਸੇ‘ ਨਾਲੋਂ ਵੀ ਘੱਟ ਮਿਲਦੇ ਹਨ।”22

ਇਸੇ ਤਰ੍ਹਾਂ ਹੀ ਉਪਰੋਕਤ ਵਿਚਾਰ ਦੀ ਪ੍ਰੋਢਤਾ ਲੇਖਕ ਦੀਆਂ ਹੇਠ ਲਿਖੀਆਂ ਸਤਰਾਂ ਵੀ ਕਰਦੀਆਂ ਹਨ।
''ਅਮਰੀਕਾ ਨੇ ਪੈਟਰੋਲ ਆਦਿ ਦੇ ਆਪਣੇ ਖੂਹ ਬੰਦ ਕੀਤੇ ਹੋਏ ਹਨ ਅਤੇ ਆਪਣੇ ਜ਼ੋਰ ਨਾਲ ਉਹ ਦੂਜੇ ਦੇਸ਼ਾਂ ਤੋਂ ਸਸਤਾ ਤੇਲ ਖਰੀਦ ਕੇ ਵਰਤ ਰਿਹਾ ਹੈ”23

ਉਪਰੋਕਤ ਸਤਰਾਂ ਨੂੰ ਜੇ ਅਸੀਂ ਗਹੁ ਨਾਲ ਵਾਚੀਏ ਤਾਂ ਇਹ ਤੱਥ ਉਜਾਗਰ ਹੁੰਦਾ ਹੈ ਕਿ ਅਮਰੀਕਾ ਇਕ ਅਮੀਰ ਤੇ ਜੋਰਾਵਰ ਦੇਸ਼ ਹੈ। ਉਹ ਦੂਜੇ ਦੇਸ਼ਾਂ ਦੇ ਹਿੱਸੇ ਨੂੰ ਖੋਹ ਖਿੰਜ ਕੇ ਖਾ ਰਿਹਾ ਹੈ। ਅਮਰੀਕਾ ਦੀ ਰਾਜਨੀਤੀ ਅਤੇ ਵਿਸ਼ਵ ਨੀਤੀ ਦਾ ਜ਼ਿਕਰ ਕਰਨ ਤੋਂ ਬਾਅਦ ਜਦੋਂ ਅਸੀਂ ਉਥੋਂ ਦੇ ਬਜ਼ੁਰਗਾਂ ਦੀ ਸਥਿਤੀ ਬਾਰੇ ਝਾਤ ਮਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਬਜ਼ੁਰਗਾਂ ਕੋਲ ਪੈਸਾ ਤਾਂ ਹੈ ਪਰ ਉਨ੍ਹਾਂ ਦੀ ਖਬਰ-ਸਾਰ ਲੈਣਾ ਵਾਲਾ ਕੋਈ ਨਹੀਂ। ਉਥੋਂ ਦੇ ਲੋਕ ਪਰਿਵਾਰਕ ਰਿਸ਼ਤਿਆਂ ਪ੍ਰਤੀ ਇੰਨੇ ਲਾਪਰਵਾਹ ਹਨ ਕਿ ਜੇਕਰ ਕਿਸੇ ਬਜ਼ੁਰਗ ਦੀ ਮੌਤ ਹਸਪਤਾਲ ਵਿਚ ਰਾਤ ਨੂੰ ਹੋ ਜਾਂਦੀ ਹੈ ਤਾਂ ਉਸ ਦੇ ਪੁੱਤਰ ਨੂੰ ਜੇਕਰ ਰਾਤ ਨੂੰ ਹੀ ਟੈਲੀਫ਼ੋਨ ਕੀਤਾ ਜਾਂਦਾ ਹੈ ਤਾਂ ਉਸ ਬਜ਼ੁਰਗ ਦੇ ਪੁੱਤਰ ਦਾ ਜੁਆਬ ਹੁੰਦਾ ਹੈ ਕਿ ਖ਼ਬਰ ਤੁਸੀਂ ਮੈਨੂੰ ਸਵੇਰੇ ਦੱਸ ਦਿੰਦੇ, ਮੇਰੀ ਨੀਂਦ ਕਿਉਂ ਖ਼ਰਾਬ ਕਰ ਦਿੱਤੀ। ਉਥੇ ਹਰ ਧਿਰ ਆਪਣੇ ਆਪ ਵਿਚ ਮਸਤ ਹੈ, ਆਪਸੀ ਰਿਸ਼ਤਿਆਂ ਦੇ ਕੋਈ ਅਰਥ ਨਹੀਂ ਰਹਿ ਗਏ।

ਲੇਖਕ ਨੇ ਇਸ ਸਫ਼ਰਨਾਮੇ ਵਿਚ ਉਥੇ ਰਹਿਣ ਵਾਲੇ ਲੋਕਾਂ ਦੇ ਆਰਥਿਕ, ਸਮਾਜਿਕ ਤੇ ਧਾਰਮਿਕ ਪੱਖਾਂ ਨੂੰ ਹੀ ਨਹੀਂ ਬਿਆਨ ਕੀਤਾ ਬਲਕਿ ਉਥੋਂ ਦੇ ਥਾਣਿਆਂ, ਹਸਪਤਾਲਾਂ, ਬਸ ਅੱਡਿਆਂ, ਰੇਲਵੇ ਸਟੇਸ਼ਨਾਂ, ਅਦਾਲਤਾਂ ਆਦਿ ਦਾ ਜ਼ਿਕਰ ਵੀ ਕੀਤਾ ਹੈ। ਲੇਖਕ ਉਥੋਂ ਦੀ ਪੁਲਿਸ ਦੇ ਸੁਭਾਅ ਬਾਰੇ ਦੱਸਦਾ ਹੈ ਕਿ ਭਾਰਤੀ ਪੁਲਿਸ ਦੀ ਤਰ੍ਹਾਂ ਉਥੇ ਪੁਲਿਸ ਵੱਲੋਂ ਲਾਪਰਵਾਹੀ ਨਹੀਂ ਵਰਤੀ ਜਾਂਦੀ। ਉਥੇ ਕਿਸੇ ਫੈਸਲੇ ਨੂੰ ਲਮਕਾਇਆ ਨਹੀਂ ਜਾਂਦਾ ਬਲਕਿ ਝਟਪਟ ਫੈਸਲਾ ਕੀਤਾ ਜਾਂਦਾ ਹੈ। ਉਥੋਂ ਦੇ ਹਸਪਤਾਲਾਂ ਵਿਚ ਵੀ ਵਧੀਆ ਸਹੂਲਤਾਂ ਹਨ। ਉਥੇ ਹਰ ਇਕ ਦੇ ਹੱਕ ਅਤੇ ਆਜ਼ਾਦੀ ਦੀ ਕਦਰ ਹੈ।
ਅਮਰੀਕਾ ਦਾ ਪੌਣ ਪਾਣੀ ਵੀ ਕਾਫੀ ਚੰਗਾ ਹੈ। ਦੂਜਾ ਖੇਤੀਬਾੜੀ ਵਿਚ ਮਸ਼ੀਨਾਂ ਦਾ ਵਧੇਰੇ ਪ੍ਰਯੋਗ ਕੀਤਾ ਜਾਂਦਾ ਹੈ। ਉਥੋਂ ਦੀ ਜ਼ਮੀਨ (ਧਰਤੀ) ਪੱਧਰੀ ਤੇ ਉਪਜਾਊ ਹੈ ਜਿਸ ਕਰਨ ਖੇਤੀਬਾੜੀ ਵੀ ਚੰਗੀ ਹੁੰਦੀ ਹੈ। ਉਥੋਂ ਦੀ ਜ਼ਮੀਨ ਜਾਇਦਾਦ ਬਾਰੇ ਅਤੇ ਕੁਦਰਤੀ ਪੌਣ-ਪਾਣੀ ਬਾਰੇ ਲੇਖਕ ਲਿਖਦਾ ਹੈ ਕਿ :
''ਕਈ ਵਿਅਕਤੀਆਂ ਦੀ ਨਿੱਜੀ ਜਾਇਦਾਦ ਸਾਡੇ ਕਈ ਸੂਬਿਆਂ ਦੇ ਬਰਾਬਰ ਹੋਵੇਗੀ। ਉਥੇ ਦੀ ਧਰਤੀ ਪੱਧਰੀ ਹੀ ਨਹੀਂ, ਕੁਆਰੀ ਵੀ ਹੈ ਅਤੇ ਕੁਦਰਤ ਵੀ ਅਮਰੀਕਾ ਉੱਤੇ ਮਿਹਰਬਾਨ ਹੈ। ਜਿਹੜੇ ਖੇਤੀਬਾੜੀ ਵਾਲੇ ਇਲਾਕੇ ਹਨ ਉਥੇ ਪੌਣ-ਪਾਣੀ ਕੁਝ ਇਸ ਪ੍ਰਕਾਰ ਦਾ ਹੈ ਕਿ ਜਦੋਂ ਪਾਣੀ ਲਾਉਣ ਦੀ ਲੋੜ ਪੈਂਦੀ ਹੈ ਤਾਂ ਲਗਭਗ ਉਸੇ ਵੇਲੇ ਮੀਂਹ ਪੈ ਜਾਂਦਾ ਹੈ ਸੋ ਬਿਜਲੀ ਦੀ ਵੀ ਬੱਚਤ ਹੈ। ਅਮਰੀਕਾ ਦੀਆਂ ਪੰਜੇ ਉਂਗਲਾਂ ਘਿਉ ਵਿਚ ਹਨ।”24

ਸੰਖੇਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਲੇਖਕ ਨਰਿੰਦਰ ਸਿੰਘ ਕਪੂਰ ਨੇ ਸਫ਼ਰਨਾਮਾ 'ਸੱਚੋ-ਸੱਚ‘ ਵਿਚ ਭਾਰਤੀ ਅਤੇ ਅਮਰੀਕੀ ਲੋਕਾਂ ਦੇ ਜੀਵਨ ਨੂੰ ਬੜੇ ਸਪੱਸ਼ਟ ਸ਼ਬਦਾਂ ਵਿਚ ਚਿਤਰਿਆ ਹੈ। ਲੇਖਕ ਦੀ ਅਮਰੀਕਾ ਫੇਰੀ ਦੀ ਸਮੁੱਚੀ ਚਰਚਾ ਨੂੰ ਸਮੇਟਦੇ ਹੋਏ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਲੇਖਕ ਨੇ ਅਮਰੀਕਾ ਦੇ ਆਰਥਿਕ, ਸਮਾਜਿਕ, ਧਾਰਮਿਕ, ਸਭਿਆਚਾਰਕ ਤੇ ਰਾਜਨੀਤਕ ਢਾਂਚੇ ਬਾਰੇ ਬੜੀ ਅਰਥ-ਭਰਪੂਰ ਵਿਆਖਿਆ ਕੀਤੀ ਹੈ। ਇਸ ਵਿਆਖਿਆ ਦੌਰਾਨ ਲੇਖਕ ਨੇ ਅਮਰੀਕੀ ਸਮਾਜ ਦੀ ਤੁਲਨਾ ਭਾਰਤੀ ਸਮਾਜ ਨਾਲ ਕਈ ਥਾਈਂ ਕੀਤੀ ਹੈ। ਜਿਸ ਵਿਚੋਂ ਦੋਵੇਂ ਦੇਸ਼ਾਂ ਦੀਆਂ ਸਾਂਝਾਂ ਅਤੇ ਵਖਰੇਵਿਆਂ ਦਾ ਬਿੰਬ ਉੱਭਰ ਕੇ ਸਾਹਮਣੇ ਆਇਆ ਹੈ। ਲੇਖਕ ਨੇ ਸਰਲ ਅਤੇ ਸਾਦਾ ਭਾਸ਼ਾ ਦੁਆਰਾ ਅਮਰੀਕਾ ਦੇ ਦੋਹਾਂ ਪੱਖਾਂ ਭਾਵ ਮਾੜੇ ਤੇ ਚੰਗੇ ਪੱਖਾਂ ਦਾ ਵਰਨਣ ਬੜੇ ਭਰਵੇਂ ਰੂਪ ਵਿਚ ਕੀਤਾ ਹੈ। ਅੰਤ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ 'ਸੱਚੋ-ਸੱਚ‘ ਸਫ਼ਰਨਾਮੇ ਵਿਚੋਂ ਅਮਰੀਕਾ ਦੀ ਸਮੁੱਚਤਾ ਦੀ ਭਾਅ ਮਾਰਦੀ ਹੈ।
  

ਹਵਾਲੇ ਅਤੇ ਟਿੱਪਣੀਆਂ
1. ਕੁਲਬੀਰ ਸਿੰਘ ਕਾਂਗ, ਆਧੁਨਿਕ ਸਾਹਿਤ ਸਿਧਾਂਤ, ਪੰਨਾ 42.
2. ਪਰਮਿੰਦਰ ਸਿੰਘ, ਪੰਜਾਬੀ ਦੁਨੀਆ (ਕਮਲਾ ਅਕਾਲੀ ਵਿਸ਼ੇਸ਼ ਅੰਕ), ਪੰਨਾ 43.
3. ਨਰਿੰਦਰ ਸਿੰਘ ਕਪੂਰ, ਸੱਚੋ-ਸੱਚ, ਪੰਨਾ 2.
4. ਉਹੀ, ਪੰਨਾ 9.
5. ਉਹੀ, ਪੰਨਾ 16.
6. ਉਹੀ, ਪੰਨਾ 7.
7. ਉਹੀ, ਪੰਨਾ 9.
8. ਉਹੀ, ਪੰਨਾ 37.
0. ਉਹੀ, ਪੰਨਾ 6.
10. ਉਹੀ, ਪੰਨੇ 22-24.
11. ਉਹੀ, ਪੰਨਾ 21.
12. ਉਹੀ, ਪੰਨਾ 26.
13. ਉਹੀ, ਪੰਨਾ 131.
14. ਉਹੀ, ਪੰਨੇ 131-132.
15. ਉਹੀ, ਪੰਨੇ 50-51.
16. ਉਹੀ, ਪੰਨਾ 57.
17. ਉਹੀ, ਪੰਨਾ 63.
18. ਉਹੀ, ਪੰਨੇ 92-94.
19. ਉਹੀ, ਪੰਨਾ 101.
20. ਉਹੀ, ਪੰਨਾ 105.
21. ਉਹੀ, ਪੰਨਾ 107.
22. ਉਹੀ, ਪੰਨਾ 112.
23. ਉਹੀ, ਪੰਨਾ 113.
24. ਉਹੀ, ਪੰਨਾ 135.
 

*******

(4 ਮਾਰਚ 2008 -ਯੂਨੀਕੋਡ)

ਡਾ: ਨੀਲਮ ਰਾਣੀ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>>

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.