ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 June, 2008

ਸਵੈ-ਕਥਨ/ਚੇਤੇ ਦੀ ਚੰਗੇਰ/ਮੁਲਾਕਾਤ

ਸਿਰ ਸਲਾਮਤ ਹੈ
-ਗੁਰਚਰਨ ਰਾਮਪੁਰੀ-


ਉੱਘੇ ਲੇਖਕ ਗੁਰਚਰਨ ਰਾਮਪੁਰੀ ਪਿਛਲੇ ਦੋ ਸਾਲਾਂ ਵਿਚ ਸਮੇਂ ਸਮੇਂ ਬਹੁਤ ਬੀਮਾਰ ਰਹੇ ਹਨ। ਹੁਣ ਤੰਦਰੁਸਤ ਹੋ ਕੇ ਉਨ੍ਹਾਂ ਨੇ ਇਕ ਲੇਖ ਲਿਖਿਆ ਹੈ। ਮੌਤ ਦੇ ਰੂਬਰੂ ਹੋਏ ਮਨੁੱਖ ਦੀ ਮਾਨਸਿਕ ਅਵਸਥਾ, ਪਰਿਵਾਰ ਦੇ ਜੀਆਂ ਦੀ ਫਿਕਰਮੰਦੀ, ਕੈਨੇਡਾ ਦੇ ਸਿਹਤ ਸਿਸਟਮ ਦਾ ਲੇਖਾ-ਜੋਖਾ ਅਤੇ ਹੁਣ ਠੀਕਠਾਕ ਹੋ ਕੇ ਜੀਵਨ ਨੂੰ ਆਪਣੇ ਰੰਗ ਵਿਚ ਜੀਉਣਾ, ਇਸ ਲੇਖ ਦਾ ਸਾਰ ਹੈ।
ਹੁਣ ਜਦੋਂ ਗੁਰਚਰਨ ਰਾਮਪੁਰੀ ਨੂੰ ਪੁੱਛੋ ਕਿ ਕੀ ਹਾਲ ਹੈ ਤਾਂ ਉੱਤਰ ਮਿਲਦਾ ਹੈ: ਸਿਰ ਸਲਾਮਤ ਹੈ।
‘ਲਿਖਾਰੀ’ ਦੇ ਪਾਠਕਾਂ ਲਈ ਗੁਰਚਰਨ ਰਾਮਪੁਰੀ ਹੋਰਾਂ ਦੀ ਵਾਰਤਕ ਦਾ ਕਮਾਲ ਹਾਜ਼ਰ ਹੈ। ...
ਲਿਖਾਰੀ
......................

ਸਿਰ ਸਲਾਮਤ ਹੈ
ਗੁਰਚਰਨ ਰਾਮਪੁਰੀ

ਦਸੰਬਰ 2005 ਦੀ ਗੱਲ ਹੈ। ਮੈਂ ਤਿੰਨ ਦਿਨ ਅਧਮੋਇਆ ਪਿਆ ਰਿਹਾ। ਡਾਕਟਰ ਮੈਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਾ ਰਹੇ ਸਨ। ਮੇਰੇ ਸਾਰੇ ਸਰੀਰ ਵਿਚ ਜ਼ਹਿਰ ਫੈਲ ਗਈ ਸੀ।

ਮੈਂ ਮਾਰਫ਼ੀਨ ਦੇ ਨਸ਼ੇ ਵਿਚ ਬੇਖ਼ਬਰ ਭਿਆਨਕ ਸੁਪਨੇ ਦੇਖਦਾ ਸਟਪਟਾਉਂਦਾ ਰਿਹਾ। ਮੇਰੇ ਬੱਚੇ, ਚਿੰਤਾ ਵਿਚ ਡੁੱਬੇ, ਅਪਰੇਸ਼ਨ ਥੀਏਟਰ ਦੇ ਬਾਹਰ ਬੇਚੈਨ ਘੁੰਮ ਰਹੇ ਸਨ। ਉਹਨਾਂ ਨੂੰ ਡਾਕਟਰਾਂ ਨੇ ਫ਼ੋਨ ਕਰਕੇ ਓਦੋਂ ਬੁਲਾ ਲਿਆ ਸੀ, ਜਦੋਂ ਮੇਰੀ ਹਾਲਤ ਬਹੁਤ ਗੰਭੀਰ ਹੋ ਗਈ ਸੀ। ਮੇਰੀ ਵੱਡੀ ਧੀ ਦੇਵਿੰਦਰ ਅਤੇ ਮੇਰੇ ਦੋ ਪੁੱਤਰ ਜਸਬੀਰ ਅਤੇ ਰਾਵਿੰਦਰ ਤੁਰਤ ਹਸਪਤਾਲ ਪਹੁੰਚ ਗਏ। ਮੇਰਾ ਸਾਰਾ ਸਰੀਰ ਸੁੱਜਿਆ ਪਿਆ ਸੀ, ਖ਼ਾਸ ਕਰ ਖੱਬਾ ਗੋਡਾ। ਪਰਿਵਾਰ ਨੂੰ ਲੱਗਿਆ ਕਿ ਸ਼ਾਇਦ ਮੇਰਾ ਅੰਤਿਮ ਸਮਾਂ ਨੇੜੇ ਆ ਗਿਆ ਹੈ। ਸੋ ਉਹਨਾਂ ਨੇ ਹੋਰ ਸਬੰਧੀਆਂ ਨੂੰ ਵੀ ਮੇਰੀ ਬੀਮਾਰੀ ਬਾਰੇ ਫ਼ੋਨ ਕਰ ਦਿੱਤੇ।

ਮੈਡੀਕਲ ਟੈਸਟਾਂ ਸਮੇਂ ਡਾਕਟਰਾਂ ਨੇ ਮੇਰੇ ਅੰਦਰ ਕੋਈ ਰੰਗਦਾਰ ਦਵਾਈ ਪਾਈ ਤਾਂ ਮੇਰੇ ਸਰੀਰ ਉੱਤੇ ਉਹਦਾ ਬੁਰਾ ਅਸਰ ਪਿਆ ਅਤੇ ਮੇਰੇ ਗੁਰਦੇ ਫੇਲ੍ਹ ਹੋ ਗਏ।

ਮੇਰੇ ਸਾਲ਼ੇ ਦਾ ਪੋਤਾ ਨੀਲ ਸਰਾਂ ਡਾਕਟਰ ਹੈ। ਉਹ ਐਫ਼.ਆਰ.ਸੀ.ਐੱਸ (ਓਰਥੋ) ਦੀ ਡਿਗਰੀ ਲੈ ਕੇ ਅੱਜ ਕੱਲ੍ਹ ਮਾਂਟਰੀਅਲ ਵਿਚ ਕੰਮ ਕਰ ਰਿਹਾ ਹੈ, ਵੈਨਕੂਵਰੋਂ ਚਾਰ ਹਜ਼ਾਰ ਮੀਲ ਦੂਰ। ਉਹ ਆਪਣੇ ਪਿਤਾ ਨੂੰ ਮਿਲਣ ਸਿਰਫ਼ ਦੋ ਦਿਨਾਂ ਲਈ ਵੈਨਕੂਵਰ ਆਇਆ ਹੋਇਆ ਸੀ। ਨੀਲ ਨੇ ਮੇਰੀ ਅਤਿ-ਮੰਦੀ ਹਾਲਤ ਦੇਖੀ, ਡਾਕਟਰਾਂ ਨੂੰ ਮੇਰੇ ਨਾਲ ਆਪਣਾ ਨਾਤਾ ਦੱਸਿਆ, ਆਪਣਾ ਪਛਾਣ ਕਾਰਡ ਦਿੱਤਾ ਅਤੇ ਬੇਨਤੀ ਕੀਤੀ, “ਕੀ ਮੈਨੂੰ ਮਰੀਜ਼ ਦੀ ਮੈਡੀਕਲ-ਹਿਸਟਰੀ ਦੇਖਣ ਦੀ ਆਗਿਆ ਮਿਲ ਸਕਦੀ ਹੈ?”

ਡਾਕਟਰਾਂ ਨੇ ਡਾਕਟਰ ਦਾ ਲਿਹਾਜ਼ ਕੀਤਾ ਅਤੇ ਮੇਰਾ ਕੰਪਿਊਟਰ ਕੋਡ ਨੀਲ ਨੂੰ ਦੇ ਦਿੱਤਾ। ਡਾ. ਨੀਲ ਨੇ ਮੇਰਾ ਮੈਡੀਕਲ ਪਿਛੋਕੜ ਵਾਚਿਆ। ਅਧੀਨਗੀ ਨਾਲ ਡਾਕਟਰਾਂ ਨੂੰ ਆਪਣੇ ਵਿਚਾਰ ਦੱਸੇ, “ਮੇਰਾ ਅਨੁਮਾਨ ਹੈ ਕਿ ਇਨਫੈਕਸ਼ਨ ਸ਼ਾਇਦ ਖੱਬੇ ਗੋਡੇ ‘ਤੇ ਸੱਟ ਲੱਗਣ ਨਾਲ ਸ਼ੁਰੂ ਹੋਈ ਹੋਵੇ। ਇਹ ਗੋਡਾ ਕੁਝ ਸਾਲ ਪਹਿਲਾਂ ਬਦਲਿਆ ਗਿਆ ਸੀ, ਇਸ ਦੀ ਪੜਤਾਲ ਕਰਨ ਬਾਰੇ ਵਿਚਾਰ ਕਰੋ।”

ਮੇਰਾ ਇਲਾਜ ਕਰ ਰਹੇ ਸਰਜਨ ਨੇ ਸਹਿਮਤ ਹੁੰਦਿਆਂ ਮੇਰੇ ਗੋਡੇ ਵਿਚ ਗਲ਼ੀ ਕੀਤੀ ਤਾਂ ਰਾਧ ਦੀ ਮੋਟੀ ਧਾਰ ਵਗ ਤੁਰੀ। ਫਿਰ ਡਾਕਟਰਾਂ ਨੇ ਗੋਡੇ ਦਾ ਅਪਰੇਸ਼ਨ ਕਰਕੇ ਬਹੁਤ ਸਾਰੀ ਰਾਧ ਜੰਤਰਾਂ ਨਾਲ ਚੂਸੀ। ਸ਼ਾਇਦ ਸਰੀਰ ਵਿਚ ਜ਼ਹਿਰ ਘਟਣ ਨਾਲ ਮੇਰੇ ਗੁਰਦੇ ਮੁੜ ਕੰਮ ਕਰਨ ਲੱਗੇ। ਡਾਕਟਰਾਂ ਨੂੰ ਮੇਰੇ ਬਾਰੇ ਆਸ ਬੱਝ ਗਈ। ਉਹਨਾਂ ਮੇਰੇ ਹੋਰ ਟੈਸਟ ਕੀਤੇ ਅਤੇ ਇਲਾਜ ਸ਼ੁਰੂ ਕਰ ਦਿੱਤਾ।

ਜਦ ਮੈਨੂੰ ਰਤਾ ਕੁ ਹੋਸ਼ ਆਈ ਤਾਂ ਮੈਂ ਆਪਣਾ ਹੱਥ ਹਿਲਾਉਣ ਦਾ ਜਤਨ ਕੀਤਾ, ਪਰ ਹੱਥ ਨਾ ਹਿੱਲਿਆ। ਮੈਨੂੰ ਆਪਣੇ ਬੀਮਾਰ ਹੋਣ ਦਾ ਅਤੇ ਆਪਣੀ ਨਤਾਕਤੀ ਦਾ ਅਹਿਸਾਸ ਹੋਇਆ। ਮੇਰਾ ਮਨ ਘੋਰ-ਉਦਾਸੀ ਵਿਚ ਡੁੱਬ ਗਿਆ, ਪਰ ਮਾਰਫ਼ੀਨ ਦੇ ਨਸ਼ੇ ਵਿਚ ਮੇਰੀ ਉਹ ਸੋਚ ਛੇਤੀ ਖੋ ਗਈ।

ਦੇਵਿੰਦਰ ਨੇ ਮੈਨੂੰ ਛੋਹਿਆ ਅਤੇ ਵਾਜ਼ ਮਾਰੀ, “ਪਿਤਾ ਜੀ!” ਮੈਂ ਜ਼ੋਰ ਲਾ ਕੇ ਅੱਖਾਂ ਪੁੱਟੀਆਂ ਤਾਂ ਮੇਰੀਆਂ ਦੋਵੇਂ ਧੀਆਂ ਖੜ੍ਹੀਆਂ ਮੈਨੂੰ ਦਿਸੀਆਂ। ਛੋਟੀ ਧੀ ਹਰਮੁਹਿੰਦਰ, ਮੈਨੂੰ ਮਿਲਣ ਸਿਆਟਲ (ਅਮਰੀਕਾ) ਤੋਂ ਇਕ ਦਿਨ ਪਹਿਲਾਂ ਆਈ ਸੀ। ਮੈਂ ਬਹੁਤ ਮੁਸ਼ਕਿਲ ਨਾਲ ਬੋਲ ਕੇ, ਉਹਨਾਂ ਨੂੰ ਪੁੱਛਿਆ, “ਤੁਸੀਂ ਸਾਰੇ ਠੀਕ ਹੋ?” ਅਤੇ ਮੇਰਾ ਮੂੰਹ ਸੁੱਕ ਗਿਆ।

ਦੇਵਿੰਦਰ ਬੋਲੀ, “ਹਾਂ, ਅਸੀਂ ਸਾਰੇ ਠੀਕ ਹਾਂ। ਹਰਮੋ ਤੁਹਾਡੇ ਕੋਲ, ਹਫ਼ਤਾ ਭਰ ਰਹਿਣ ਆਈ ਹੈ; ਪਰ ਤੁਸੀਂ ਬੀਮਾਰ ਹੋ ਕੇ ਹਸਪਤਾਲ ਪਹੁੰਚ ਗਏ!”

ਮੈਂ ਆਪਣੇ ਦੋ ਪੁੱਤਰਾਂ ਵੱਲ ਦੇਖਿਆ ਤੇ ਪੁੱਛਿਆ, “ਤੁਸੀਂ ਸਾਰੇ ਸਹੀ ਸਲਾਮਤ ਹੋ? ਆਪਣਾ ਘਰ ਤਾਂ ਲੁਟੇਰਿਆਂ ਨੇ ਸਾੜ ਦਿੱਤਾ ਹੈ।”

ਦੇਵਿੰਦਰ ਬੋਲੀ, “ਕਿਹੜਾ ਘਰ?”

“ਜਿਹੜਾ ਕਿੰਗਜ਼ਵੇ ’ਤੇ ਸੀ।”

“ਕਿੰਗਜ਼ਵੇ ਉੱਤੇ ਆਪਣਾ ਕੋਈ ਘਰ ਹੈ ਹੀ ਨਹੀਂ। ਆਪਾਂ ਤਾਂ ਕੋਕੁਇਟਲਮ ਵਿਚ ਰਹਿੰਦੇ ਹਾਂ।”

“ਅੱਛਾ?” ਮੈਂ ਸੋਚੀਂ ਪੈ ਕੇ ਚੁੱਪ ਕਰ ਲਿਆ। ਮੈਨੂੰ ਯਾਦ ਆਇਆ ਕਿ ਲੁਟੇਰਿਆਂ ਨੇ ਮੇਰੇ ਅਤੇ ਮੇਰੇ ਭਰਾ ਦੇ ਟੱਬਰ ਨੂੰ ਸਾਡੇ ਘਰ ਦੀ ਟਾਂਡ ਵਿਚ ਕੈਦ ਕੀਤਾ ਹੋਇਆ ਸੀ। ਸਾਡੇ ਕੈਦ ਕੀਤੇ ਜਾਣ ਦੀ ਗੱਲ ਮੈਨੂੰ ਐਨ ਵਿਸਤਾਰ ਨਾਲ ਚੇਤੇ ਸੀ। ਠੱਗਾਂ ਦਾ ਟੋਲਾ ਸਾਥੋਂ ਤੀਹ ਲੱਖ ਡਾਲਰ ਦੀ ਮੰਗ ਕਰ ਰਿਹਾ ਸੀ। ਸਾਡੇ ਦੋਹਾਂ ਟੱਬਰਾਂ ਨੂੰ ਮਜ਼ਬੂਤ ਰੱਸੀਆਂ ਨਾਲ ਨੂੜਿਆ ਹੋਇਆ ਸੀ। ਠੱਗ ਛੁਰੀਆਂ, ਭਾਲੇ, ਨੇਜ਼ੇ ਸਾਡੇ ਨੇੜੇ ਕਰ-ਕਰ ਕੇ ਸਾਨੂੰ ਡਰਾ ਰਹੇ ਸਨ।

ਮੈਨੂੰ ਖ਼ਿਆਲ ਆਇਆ ਕਿ ਇਰਾਕ, ਅਫ਼ਗਾਨਿਸਤਾਨ ਅਤੇ ਹੋਰ ਦੇਸ਼ਾਂ ਵਿਚ ਦਹਿਸ਼ਤਗਰਦਾਂ ਦੇ ਗੈਂਗ ਅਖ਼ਬਾਰ ਨਵੀਸਾਂ, ਬਦੇਸ਼ੀਆਂ ਜਾਂ ਆਪਣੇ ਵਿਰੋਧੀ ਸਿਆਸਤਦਾਨਾਂ ਨੂੰ ਅਗਵਾ ਕਰਕੇ ਕੈਦ ਕਰ ਲੈਂਦੇ ਹਨ। ਉਹ ਵੀ ਸਾਡੇ ਵਾਂਗ ਨੂੜ ਦਿੱਤੇ ਜਾਂਦੇ ਹੋਣਗੇ। ਉਹਨਾਂ ਦੇ ਹੱਥ ਵੀ ਸਾਡੇ ਵਾਂਗ ਪਿੱਛੇ ਬੰਨ੍ਹ ਦਿੱਤੇ ਜਾਂਦੇ ਹੋਣਗੇ ਅਤੇ ਉਹ ਵੀ ਬੇਬਸੀ ਵਿਚ ਸਾਡੇ ਵਾਂਗ ਸਟਪਟਾਂਦੇ ਹੋਣਗੇ। ਫਿਰ ਮੈਂ ਸਿਰ ਮੋੜ ਕੇ ਟਾਂਡ ਵਿਚੋਂ ਘਰ ਦੀ ਕੰਧ ਅੰਦਰ ਝਾਕਿਆ। ਓਥੇ ਮੈਨੂੰ ਕਾਲੀ ਹਬਸ਼ੀ ਸੁੰਦਰੀ ਦੀਆਂ ਕੰਧ ਉੱਤੇ ਲਟਕਾਉਣ ਵਾਲੀਆਂ ਕਈ ਮੂਰਤੀਆਂ ਦਿਸੀਆਂ। ਹਰ ਮੂਰਤੀ ਦੇ ਗਲ ਦੁਆਲੇ ਸੁਨਹਿਰੀ ਹਾਰ ਪੇਂਟ ਕੀਤਾ ਹੋਇਆ ਸੀ। ਮੈਨੂੰ ਇਹ ਗੱਲ ਅਜੀਬ ਲੱਗੀ ਕਿ ਮੂਰਤੀਆਂ ਕੰਧ ਦੇ ਅੰਦਰ ਰੱਖੀਆਂ ਹੋਈਆਂ ਹਨ। ਠੱਗਾਂ ਦਾ ਮੋਹਰੀ ਧਮਕੀ ਭਰੇ ਅੰਦਾਜ਼ ਵਿਚ ਬੋਲਿਆ, “ਮਾਇਆ ਛੇਤੀ ਮੰਗਾਓ। ਦੱਸੋ! ਕਿਸ ਨੂੰ ਫ਼ੋਨ ਕਰਾਂ?”

“ਸਾਡੇ ਕੋਲ ਏਨੀਂ ਮਾਇਆ ਕਿੱਥੇ ਹੈ? ਅਸੀਂ ਤਾਂ ਮਸਾਂ ਗੁਜ਼ਾਰਾ ਕਰਦੇ ਹਾਂ। ਸਾਡੇ ਉੱਤੇ ਰਹਿਮ ਕਰੋ। ਸਾਨੂੰ ਛੱਡ ਦਿਓ।”

“ਤੂੰ ਝੂਠ ਬੋਲ ਰਿਹਾ ਹੈਂ। ਸਿੱਧਾ ਹੋ ਕੇ ਡਾਲਰ ਮੰਗਵਾ; ਤਾਂ ਹੀ ਤੁਹਾਨੂੰ ਛੱਡਾਂਗੇ, ਨਹੀਂ ਤਾਂ ਇਸ ਘਰ ਨੂੰ ਅੱਗ ਲਾ ਦਿਆਂਗੇ।”

“ਮੈਂ ਸੱਚ ਬੋਲਦਾ ਹਾਂ। ਸਾਡੇ ਕੋਲ ਏਨੀ ਮਾਇਆ ਨਹੀਂ ਹੈ।”
ਠੱਗਾਂ ਨੇ ਘਰ ਨੂੰ ਅੱਗ ਲਾ ਦਿੱਤੀ ਤੇ ਆਪ ਭੱਜ ਗਏ।

ਪਤਾ ਨਹੀਂ ਮੈਂ ਕਿਵੇਂ ਹਸਪਤਾਲ ਪਹੁੰਚ ਗਿਆ। ਦੂਜੀ ਮੰਜ਼ਿਲ ਦੇ ਕਮਰੇ ‘ਚੋਂ ਮੈਂ ਹਸਪਤਾਲ ਦੀ ਕੰਧ ਦੇ ਅੰਦਰ ਹੇਠਾਂ ਝਾਕਿਆ। ਓਥੇ ਵੀ ਮੈਨੂੰ ਕਾਲੀ ਹਬਸ਼ਣ ਦੀਆਂ ਮੂਰਤੀਆਂ ਪਈਆਂ ਦਿਸੀਆਂ। ਮੈਂ ਸੋਚਿਆ ਇਸ ਹਸਪਤਾਲ ਦੇ ਅਮਲੇ ਦੇ ਲੋਕ ਵੀ ਉਹਨਾਂ ਠੱਗਾਂ ਨਾਲ ਰਲੇ ਹੋਏ ਹਨ।

ਨਰਸ ਮੇਰੇ ਇਨਜੈਕਸ਼ਨ ਲਾਉਣ ਲੱਗੀ ਤਾਂ ਮੈਂ ਚੀਖਿਆ, “ਖ਼ਬਰਦਾਰ! ਮੇਰੇ ਕੋਈ ਟੀਕਾ ਨਾ ਲਾਓ। ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ।”

ਨਰਸ ਬੋਲੀ, “ਅਸੀਂ ਤਾਂ ਤੇਰਾ ਇਲਾਜ ਕਰ ਰਹੇ ਹਾਂ। ਤੂੰ ਬਹੁਤ ਬੀਮਾਰ ਹੈਂ?” ਭਿਆਨਕ ਸੁਪਨਾ ਟੁੱਟ ਗਿਆ। ਮੈਂ ਨਿਢਾਲ ਪਿਆ ਸੋਚ ਰਿਹਾ ਸੀ ਕਿ ਇਹ ਮੈਨੂੰ ਕੀ ਹੋ ਗਿਆ ਹੈ? ਮੈਨੂੰ ਚੇਤੇ ਆਇਆ ਕਿ ਮੈਂ 20 ਦਸੰਬਰ 2005 ਨੂੰ ਆਥਣ ਵੇਲੇ ਆਪਣੇ ਘਰ ਦੇ ਕਿਚਨ ਵਿਚ, ਗਿੱਠ ਕੁ ਉੱਚੇ, ਪਲਾਸਟਿਕ ਦੇ ਇਕ ਸਟੂਲ ਉੱਤੇ ਖੜੋ ਕੇ ‘ਸ਼ਰਬਤ-ੲ-ਰੂਹ ਅਫਜ਼ਾਂ’ ਦੀ ਬੋਤਲ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਬੋਤਲ ਅਲਮਾਰੀ ਦੇ ਸਿਖ਼ਰ ਦੇ ਖ਼ਾਨੇ ਦੇ ਐਨ ਪਿੱਛੇ ਦੂਰ ਪਈ ਸੀ। ਮੈਂ ਉਸ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਬੇਧਿਆਨੀ ਵਿਚ ਮੇਰਾ ਖੱਬਾ ਪੈਰ ਰਤਾ ਉੱਪਰ ਚੁੱਕਿਆ ਗਿਆ ਅਤੇ ਸਟੂਲ ਟੇਢਾ ਹੋ ਕੇ ਮੇਰੇ ਹੇਠੋਂ ਨਿਕਲ ਗਿਆ। ਮੈਂ ਏਧਰ ਓਧਰ ਫਰਿੱਜ਼, ਸਟੋਵ, ਅਲਮਾਰੀ, ਕਾਊਂਟਰ ਵਿਚ ਟਕਰਾ ਕੇ, ਟਾਈਲਾਂ ਦੇ ਸਖ਼ਤ ਫਰਸ਼ ਉੱਤੇ ਮੂੰਹ ਭਾਰ ਡਿੱਗ ਪਿਆ। ਕੁਝ ਪਲ ਲਈ ਮੇਰਾ ਚਿਹਰਾ ਸੁੰਨ ਹੋ ਗਿਆ। ਮੇਰਾ ਨੱਕ, ਮੱਥਾ, ਫਰਸ਼ ਨਾਲ ਬੁਰੀ ਤਰ੍ਹਾਂ ਟਕਰਾ ਗਏ ਸਨ। ਮੈਂ ਦੇਖਿਆ ਕਿ ਮੇਰੀ ਬਾਂਹ ਲੱਗਣ ਨਾਲ ਵੋਦਕਾ ਦੀ ਬੋਤਲ ਫਰਸ਼ ਉੱਤੇ ਡਿਗ ਕੇ ਟੁੱਟ ਗਈ ਸੀ। ਕੱਚ ਦੇ ਹਜ਼ਾਰਾਂ ਟੁਕੜੇ ਮੇਰੇ ਆਲੇ-ਦੁਆਲੇ ਖਿੰਡੇ ਪਏ ਸਨ। ਫਰਸ਼ ਉੱਤੇ ਵੋਦਕਾ ਦਾ ਛੱਪੜ ਲੱਗਾ ਪਿਆ ਸੀ। ਮੈਂ ਏਧਰ ਓਧਰ ਦੇਖਿਆ ਕਿ ਕਿਸੇ ਨੇ ਮੈਨੂੰ ਡਿੱਗਦਿਆਂ ਦੇਖਿਆ ਤਾਂ ਨਹੀਂ। ਫਿਰ ਮੈਨੂੰ ਖ਼ਿਆਲ ਆਇਆ “ਮੂਰਖਾ! ਤੂੰ ਤਾਂ ਘਰ ਵਿਚ ਹੈਂ ਹੀ ਇਕੱਲਾ। ਤੈਨੂੰ ਵੇਖਣਾ ਕੀਹਨੇ ਹੈ!”

ਮੈਂ ਕੱਚ ਦੇ ਟੁਕੜਿਆਂ ਤੋਂ ਬਚ ਕੇ ਆਪਣੇ ਹੱਥ ਫ਼ਰਸ਼ ‘ਤੇ ਟਿਕਾਏ ਅਤੇ ਖੜ੍ਹੇ ਹੋਣ ਦੀ ਕੋਸ਼ਿਸ਼ ਕੀਤੀ। ਜਦ ਮੈਂ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਗਿਆ ਤਾਂ ਮੈਂ ਸ਼ੁਕਰ ਕੀਤਾ ਕਿ ਮੇਰੀ ਦੇਹ ਸਹੀ ਸਲਾਮਤ ਹੈ। ਕੋਈ ਹੱਡੀ ਨਹੀਂ ਟੁੱਟੀ। ਮੈਂ ਆਪਣੇ ਆਪ ਨੂੰ ਸਾਂਭਿਆ ਅਤੇ ਫੈਮਿਲੀ-ਰੂਮ ਵਿਚ ਕਾਊਚ ਉੱਤੇ ਬੈਠ ਗਿਆ। ਮੈਨੂੰ ਯਾਦ ਆਇਆ ਕਿ ਦੋ ਕੁ ਮਹੀਨੇ ਪਹਿਲਾਂ ਮੈਂ ਕਾਰ ਵਿਚ, ਲੇਖਕ ਮਿੱਤਰਾਂ ਨਾਲ ਵੈਨਕੂਵਰ ਤੋਂ 800 ਮੀਲ ਦੂਰ, ਕੈਲਗਰੀ ਸ਼ਹਿਰ ਨੂੰ ਜਾ ਰਿਹਾ ਸਾਂ। 300 ਮੀਲ ਸਫ਼ਰ ਕਰਕੇ ਅਸੀਂ ਕੈਮਲੂਪਸ ਸ਼ਹਿਰ ਵਿਚ ਰੁਕੇ। ਓਥੇ ਮੈਂ ਕਾਸੇ ਵਿਚ ਅੜ੍ਹਕ ਕੇ ਡਿੱਗ ਪਿਆ ਸਾਂ ਅਤੇ ਮੇਰੀ ਖੱਬੀ ਕੂਹਣੀ ਟੁੱਟ ਗਈ ਸੀ ਜਿਸ ਦਾ ਕਬਜ਼ਾ ਦੋ ਮਹੀਨੇ ਹਸਪਤਾਲ ਰਹਿਣ ਪਿੱਛੋਂ ਪਾਇਆ ਗਿਆ ਕਿਉਂਕਿ ਮੇਰੇ ਦਿਲ ਵਿਚ ਕੋਈ ਨੁਕਸ ਸੀ।
ਹੁਣ ਘਰ ਵਿਚ ਦੋਬਾਰਾ ਡਿੱਗਣ ਬਾਰੇ ਸੋਚ ਕੇ ਮੈਂ ਉਦਾਸ ਹੋ ਗਿਆ।

ਮੈਨੂੰ ਚਿੰਤਾ ਹੋਈ। ਮੇਰੇ ਨਾਲ ਅੱਜ ਕੱਲ੍ਹ ਇਹ ਹਾਦਸੇ ਕਿਉਂ ਹੋ ਰਹੇ ਹਨ? ਮੈਨੂੰ ਸਮਝ ਆਈ ਕਿ ਮੇਰੀ ਬੇਧਿਆਨੀ ਵਾਲੇ ਸੁਭਾਅ ਕਰਕੇ ਇਹ ਦੁਰਘਟਨਾਵਾਂ ਹੋ ਰਹੀਆਂ ਹਨ। ਸ਼ਾਇਦ ਇਹ ਮੇਰੇ ਬੁਰੇ ਦਿਨਾਂ ਦੀ ਨਿਸ਼ਾਨੀ ਹੈ। ਅਸਲ ਵਿਚ ਜਦੋਂ ਮੈਂ ਕੁਝ ਕਰ ਰਿਹਾ ਹੋਵਾਂ, ਉਸੇ ਕੰਮ ਵੱਲ ਆਪਣਾ ਸੰਪੂਰਨ ਧਿਆਨ ਦੇਵਾਂ। ਇਕ ਸਮੇਂ ਇਕੋ ਕੰਮ ਕਰਾਂ; ਇਹ ਨਹੀਂ ਕਿ ਫ਼ਰਸ਼ ਧੋਣ ਵੇਲੇ ਖ਼ਬਰਾਂ ਵੀ ਸੁਣੀ ਜਾਵਾਂ। ਮੈਂ ਉੱਠ ਕੇ ਫ਼ਰਸ਼ ਉੱਤੇ ਖਿੰਡਿਆ ਕੱਚ ਇਕੱਠਾ ਕਰਕੇ ਸੁੱਟਿਆ। ਵੋਦਕਾ ਸਵੇਰ ਤੱਕ ਆਪਣੇ ਆਪ ਉੱਡ ਗਈ। ਮੈਂ ਸੋਚਿਆ, ਅੱਜ ਸ਼ਰਬਤ ਨੇ ਮੇਰੀ ਰੂਹ ਰਤਾ ਵਧੇਰੇ ਹੀ ਅਫਜ਼ਾ ਕਰ ਦਿੱਤੀ। ਮੇਰਾ ਅੰਦਰ ਹੱਸਿਆ ਅਤੇ ਉਦਾਸ ਵੀ ਹੋਇਆ। ਦੂਜੇ ਦਿਨ ਮੇਰੇ ਖੱਬੇ ਗੋਡੇ ਵਿਚ ਦਰਦ ਹੋਣ ਲੱਗ ਗਿਆ, ਜੋ ਚਾਰ ਦਿਨਾਂ ਵਿਚ ਵਧ ਕੇ ਅਸਹਿ ਹੋ ਗਿਆ। ਮੈਂ ਦੇਵਿੰਦਰ ਨੂੰ ਫ਼ੋਨ ਕਰਕੇ ਬੁਲਾ ਲਿਆ। ਉਹ ਘਰ ਨੂੰ ਜਿੰਦਾ ਲਾ ਕੇ ਚਾਬੀਆਂ ਲੈ ਗਈ।

ਮੈਨੂੰ ਕੋਈ ਪਤਾ ਨਹੀਂ ਕਿ ਮੈਂ ਬੇਹੋਸ਼ ਹੋ ਕੇ ਕਦੋਂ ਕੋਮੇ ਵਿਚ ਚਲਾ ਗਿਆ। ਪਿੱਛੋਂ ਮੈਨੂੰ ਮੇਰੇ ਬੱਚਿਆਂ ਨੇ ਦੱਸਿਆ ਕਿ 27 ਦਸੰਬਰ 05 ਨੂੰ ਮੈਂ ਬੇਹੋਸ਼ ਹੋ ਗਿਆ ਸੀ।

ਮੈਨੂੰ ਆਪਣਾ ਭਵਿੱਖ ਬਹੁਤ ਹਨੇਰਾ ਜਾਪਿਆ। ਮੈਂ ਸੋਚਿਆ, ‘ਹੋ ਸਕਦਾ ਹੈ ਕਿ ਮੈਂ ਕਦੇ ਵੀ ਤੁਰ ਨਾ ਸਕਾਂ; ਲਿਖ ਪੜ੍ਹ ਨਾ ਸਕਾਂ। ਫਿਰ ਮੇਰਾ ਜਿਊਣਾ ਕਿਸ ਕੰਮ? ਇਸ ਤੋਂ ਚੰਗਾ ਸੀ ਕਿ ਮੈਂ ਮਰ ਹੀ ਜਾਂਦਾ।’ ਪਰ ਹੁਣ ਕੁਝ ਵੀ ਮੇਰੇ ਵੱਸ ਨਹੀਂ ਸੀ।

ਮੇਰੇ ਮਾਰਫ਼ੀਨ ਦੇ ਟੀਕੇ ਲੱਗ ਰਹੇ ਸਨ। ਜਦ ਨਸ਼ਾ ਘਟਦਾ ਤਾਂ ਮੇਰਾ ਸਾਰਾ ਸਰੀਰ ਦੁਖਦਾ। ਸਾਰੇ ਅੰਗ ਪੀੜ ਪੀੜ ਹੋ ਜਾਂਦੇ। ਮੈਂ ਨਰਸ ਨੂੰ ਬੁਲਾਉਂਦਾ, ਆਪਣੀ ਮੰਦੀ ਹਾਲਤ ਦੱਸਦਾ ਅਤੇ ਉਹ ਮੇਰੇ ਮਾਰਫ਼ੀਨ ਦਾ ਟੀਕਾ ਲਾ ਦੇਂਦੀ।

ਕੁਝ ਦਿਨ ਮੈਨੂੰ ਇੰਟੈਨਸਿਵ ਕੇਅਰ ਯੂਨਿਟ ਵਿਚ ਰੱਖਿਆ ਗਿਆ। ਇਕ ਦਿਨ ਮੈਂ ਮਾਰਫ਼ੀਨ ਦੇ ਨਸ਼ੇ ਵਿਚ ਅਹਿੱਲ ਪਿਆ ਸੀ ਕਿ ਲਾਗਲੇ ਕਮਰੇ ‘ਚੋਂ ਬੜੀ ਲੰਮੀ ਤਿੱਖੀ ਚੀਖ਼ ਉੱਭਰੀ ਅਤੇ ਹਵਾ ਵਿਚ ਖਿੰਡ ਗਈ। ਫਿਰ ਇਹ ਚੀਖਾਂ ਵਾਰ-ਵਾਰ ਉੱਭਰੀਆਂ। ਚੀਖਾਂ ਸੁਣ ਕੇ ਮੈਂ ਸੋਚਿਆ : ‘ਕੋਈ ਵਿਚਾਰਾ ਮੇਰੇ ਨਾਲੋਂ ਵੀ ਔਖਾ ਹੈ, ਤਾਂ ਹੀ ਇੰਝ ਚੀਖ਼ ਰਿਹਾ ਹੈ। ਜਦ ਮੇਰੀ ਰਤਾ ਕੁ ਅੱਖ ਲੱਗਦੀ ਤਾਂ ਲੰਮੀ ਚੀਖ਼ ਮੈਨੂੰ ਜਗਾ ਦਿੰਦੀ। ਮੇਰਾ ਮਨ ਦੁਖੀ ਹੋ ਜਾਂਦਾ। ਏਨੇ ਨੂੰ ਕੋਈ ਸੋਹਣੀ ਨੌਜਵਾਨ ਕੁੜੀ ਮੇਰੇ ਦਰ ਵਿਚ ਰੁਕ ਕੇ ਬੋਲੀ, “ਮਿਸਟਰ ਰਾਮਪੁਰੀ! ਤੁਸੀਂ ਏਥੇ ਕਿਵੇਂ?”

ਆਵਾਜ਼ ਜਾਣੀ ਪਛਾਣੀ ਲੱਗੀ। ਮੈਂ ਜ਼ੋਰ ਲਾ ਕੇ ਅੱਖਾਂ ਖੋਲ੍ਹੀਆਂ ਤੇ ਫ਼ਤਨੇਹ ਨੂੰ ਪਹਿਚਾਣਿਆ। ਇਹ ਮੇਰੇ ਬੈਂਕ ਦੀ ਕਰਜ਼ਾ ਮੈਨੇਜਰ ਹੈ। ਇਹ ਈਰਾਨ ਵਿਚ ਜੰਮੀ, ਬਹਾਈ ਮਤ ਦੀ ਬੀਬੀ ਹੈ, ਅਤੀ ਮਿੱਠ-ਬੋਲੜੀ। ਇਸ ਨੂੰ ਮੈਂ ਦਿੱਲੀ ਦੇ ਪ੍ਰਸਿੱਧ ਬਹਾਈ-ਮੰਦਿਰ ਦੀਆਂ ਫ਼ੋਟੋਆਂ ਲਿਆ ਕੇ ਦਿੱਤੀਆਂ ਸਨ। ਇਹ ਮੰਦਿਰ ਕੰਵਲ ਦੀ ਸ਼ਕਲ ਦਾ ਹੈ, ਬੇਹੱਦ ਖ਼ੂਬਸੂਰਤ, ਦਿੱਲੀ ਦੇ ਨਰਕ ਵਿਚ ਸੁਰਗ, ਸੋਹਣਾ ਤੇ ਬੇਦਾਗ਼।

ਮੈਂ ਫ਼ਤਨੇਹ ਨੂੰ ਦੱਸਿਆ, “ਮੈਂ ਆਪਣੇ ਘਰ ਵਿਚ ਡਿੱਗ ਪਿਆ ਸੀ। ਮੇਰੇ ਸਰੀਰ ਅੰਦਰ ਜ਼ਹਿਰ ਫੈਲ ਗਈ ਹੈ। ਤੁਸੀਂ ਏਥੇ ਕਿਵੇਂ?”

“ਮੇਰੇ ਸੋਲਾਂ ਸਾਲ ਦੇ ਪੁੱਤਰ ਨੂੰ ਛਾਤੀ ਦਾ ਕੈਂਸਰ ਹੋ ਗਿਆ ਹੈ। ਉਹਦਾ ਅਪਰੇਸ਼ਨ ਅੱਜ ਹੀ ਹੋਇਆ ਹੈ। ਵਿਚਾਰਾ ਦਰਦ ਨਾਲ ਚੀਖ਼ ਰਿਹਾ ਹੈ।”

“ਇਹ ਤਾਂ ਬੜੀ ਮਾੜੀ ਖ਼ਬਰ ਹੈ। ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਬੜੀ ਨਾਮੁਰਾਦ ਬੀਮਾਰੀ ਹੈ। ਏਨੀ ਛੋਟੀ ਉਮਰ ਵਿਚ ਏਡਾ ਦੁੱਖ! ਡਾਕਟਰ ਕੀ ਦੱਸਦੇ ਹਨ?”

“ਆਸ ਹੈ ਮੇਰਾ ਪੁੱਤਰ ਛੇਤੀ ਹੀ ਠੀਕ ਹੋ ਜਾਵੇਗਾ। ਡਾਕਟਰ ਬਹੁਤ ਆਸਵੰਦ ਹਨ।” ਫ਼ਤਨੇਹ ਦੀ ਆਵਾਜ਼ ਗ਼ਮ ਵਿਚ ਡੁੱਬੀ ਹੋਈ ਸੀ। “ਅੱਛਾ, ਮਿਸਟਰ ਰਾਮਪੁਰੀ! ਮੈਂ ਚੱਲਦੀ ਹਾਂ।”

ਮੈਂ ਸੋਚਿਆ, ਹਸਪਤਾਲ ਦੁਖੀਆਂ ਨਾਲ ਭਰਿਆ ਜਗਤ ਹੈ।

-------

ਜਦ ਮੈਂ ਜਾਗਿਆ ਤਾਂ ਪਾਸਾ ਬਦਲਣ ਦਾ ਸੋਚਿਆ, ਪਰ ਮੈਂ ਆਪਣਾ ਹੱਥ ਵੀ ਹਿਲਾ ਨਾ ਸਕਿਆ। ਮਨ ਵਿਚ ਪੁੱਠੀਆਂ ਸੋਚਾਂ ਜਾਗ ਪਈਆਂ, ‘ਮੈਂ ਸ਼ਾਇਦ ਹੁਣ ਕਦੇ ਵੀ ਤੰਦਰੁਸਤ ਨਾ ਹੋ ਸਕਾਂ। ਅਜਿਹਾ ਜਿਊਣਾ ਤਾਂ ਬੇਕਾਰ ਹੈ, ਜੇ ਮੈਂ ਮਰ ਜਾਂਦਾ ਤਾਂ ਚੰਗਾ ਹੁੰਦਾ। ਪਰ ਇਹ ਹੋਇਆ ਨਹੀਂ। ਆਤਮ ਹੱਤਿਆ ਕਰ ਲਵਾਂ। ਇਹ ਮੈਂ ਕਿਵੇਂ ਕਰਾਂਗਾ? ਮੈਂ ਤਾਂ ਆਪਣਾ ਹੱਥ ਵੀ ਹਿਲਾਉਣ ਜੋਗਾ ਨਹੀਂ।’

ਨਿਰਾਸ਼ਾ-ਭਰੀਆਂ ਇਹਨਾਂ ਸੋਚਾਂ ਵਿਚ ਮੈਨੂੰ ਮੇਰੇ ਕਿਸੇ ਮਿੱਤਰ ਦਾ ਚੇਤਾ ਆਇਆ, ਜਿਹਦੇ ਵੀਹ ਸਾਲ ਦੇ ਜਵਾਨ ਪੁੱਤਰ ਨੇ ਦਰਿਆ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਮਰਨ ਵਾਲੇ ਦੇ ਦਿਲ ਵਿਚ ਵੀ ਗ਼ਮਾਂ ਦੀ ਕੋਈ ਸਿਖ਼ਰ ਹੋਵੇਗੀ। ਪੁੱਤਰ ਦੀ ਮੌਤ ਪਿੱਛੋਂ ਮਾਂ-ਪਿਓ ਦੀ ਬੇਬਸੀ ਚੇਤੇ ਕਰਕੇ ਮੈਂ ਕੰਬ ਗਿਆ। ਮੇਰੇ ਮਰਨ ਪਿੱਛੋਂ ਮੇਰੇ ਪਰਿਵਾਰ ਦੇ ਜੀਆਂ ਦਾ ਕੀ ਹਾਲ ਹੋਵੇਗਾ? ਉਹ ਸਾਰੇ ਅਤੇ ਮੇਰੇ ਅਣਗਿਣਤ ਮਿੱਤਰ ਪਿਆਰੇ ਭਿਆਨਕ ਮਾਨਿਸਕ ਪੀੜ ਵਿਚੋਂ ਲੰਘਣਗੇ। ਮੇਰੇ ਬਾਰੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ। ‘ਹੋਰਾਂ ਨੂੰ ਮੱਤਾਂ ਦਿੰਦਾ ਹੁੰਦਾ ਸੀ, ‘ਆਤਮਘਾਤੀ ਮਹਾਂ ਕਸਾਈ...’ ਜਦ ਆਪਣੇ ‘ਤੇ ਪਈ ਤਾਂ ਭਾਂਜ ਦਾ ਰਾਹ ਫੜ ਲਿਆ। ਇਸ ਨਾਲ ਮੇਰੇ ਸਾਰੇ ਜੀਵਨ ਦੀ ਕੀਤੀ-ਕਰਾਈ ਸਦਾ ਲਈ ਕਲੰਕਿਤ ਹੋ ਜਾਏਗੀ।

ਦੋ ਡਾਕਟਰ ਆਏ, ਇਕ ਨੇ ਮੇਰੀ ਨਬਜ਼ ਦੇਖੀ, ਫਿਰ ਦੂਜੇ ਨਾਲ ਕੋਈ ਗੱਲਾਂ ਕੀਤੀਆਂ, ਕੋਲ ਖੜ੍ਹੀ ਨਰਸ ਨੂੰ ਕੁਝ ਹਦਾਇਤਾਂ ਦੇ ਕੇ ਚਲੇ ਗਏ।

ਮੈਂ ਸੋਚਣ ਲੱਗਾ: ਕਿੰਨੇ ਲੋਕ ਮੇਰੇ ਬਾਰੇ ਫ਼ਿਕਰਮੰਦ ਹਨ! ਕਿੰਨੇ ਓਹੜ-ਪੋਹੜ ਕਰ ਰਹੇ ਹਨ। ਮੇਰੇ ਪਰਿਵਾਰ ਦੇ ਜੀਅ ਸ਼ਾਇਦ ਅਰਦਾਸਾਂ ਕਰ ਰਹੇ ਹੋਣਗੇ। ਮੈਨੂੰ ਇਹਨਾਂ ਸਾਰੇ ਲੋਕਾਂ ਦੀ ਕਰਨੀ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਪੁੱਠੀਆਂ ਸੋਚਾਂ ਬੰਦ ਕਰਨੀਆਂ ਚਾਹੀਦੀਆਂ ਹਨ। ਚੰਗੇ ਵੇਲੇ ਦੀ ਆਸ ਕਰਨੀ ਚਾਹੀਦੀ ਹੈ। ਜੇ ਮੈਂ ਮਰਿਆ ਨਹੀਂ, ਤਾਂ ਇਹਦਾ ਵੀ ਕੋਈ ਕਾਰਨ ਹੋਵੇਗਾ। ਖ਼ਬਰੇ ਕੁਦਰਤ ਨੇ ਮੇਰੇ ਕੋਲੋਂ ਕੋਈ ਹੋਰ ਕੰਮ ਕਰਾਉਣੇ ਹੋਣ। ਮੇਰੇ ਅੰਗਾਂ ਵਿਚੋਂ ਚੀਸ ਉੱਠੀ ਤਾਂ ਮੈਂ ਨਰਸ ਨੂੰ ਬੁਲਾ ਕੇ ਬੇਨਤੀ ਕੀਤੀ, “ਮੇਰਾ ਦਰਦ ਵਧ ਗਿਆ ਹੈ। ਕੋਈ ਇੰਜੈਕਸ਼ਨ ਲਾਣ ਦੀ ਕਿਰਪਾ ਕਰੋ।”

ਨਰਸ ਮਾਰਫ਼ੀਨ ਦਾ ਸੂਆ ਲਾ ਗਈ। ਮੈਂ ਘੂਕ ਸੌਂ ਗਿਆ। ਕਈ ਦਿਨ ਮੈਨੂੰ ਇਨਟੈਨਸਿਵ ਕੇਅਰ ਯੂਨਿਟ ਵਿਚ ਰੱਖਿਆ ਗਿਆ। ਕਈ ਡਾਕਟਰ ਮੈਨੂੰ ਦੇਖਣ ਰੋਜ਼ ਆਉਂਦੇ। ਘੰਟੀ ਵਜਾਣ ‘ਤੇ ਨਰਸ ਤੁਰੰਤ ਹਾਜ਼ਿਰ ਹੁੰਦੀ ਤੇ ਮੇਰੀ ਲੋੜ ਪੂਰੀ ਕਰਦੀ। ਖ਼ੂਨ ਟੈਸਟ ਕਰਨ ਲਈ ਨਰਸ ਖ਼ੂਨ ਦੀਆਂ ਕਈ ਸ਼ੀਸ਼ੀਆਂ ਭਰ ਕੇ ਲੈ ਜਾਂਦੀ। ਖ਼ੂਨ ਦਾ ਨਮੂਨਾ ਦੇਣ ਵੇਲੇ ਮੈਨੂੰ ਸੂਈ ਤੋਂ ਡਰ ਲੱਗਦਾ। ਕਦੇ ਮੇਰੀ ਨਾੜ ਛੇਤੀ ਲੱਭ ਜਾਂਦੀ, ਕਦੇ ਦੋ ਤਿੰਨ ਵਾਰ ਸੂਈ ਦੀ ਪੀੜ ਸਹਿਣੀ ਪੈਂਦੀ। ਪਲਾਸਟਿਕ ਦੀ ਪਤਲੀ ਪਾਈਪ ਵਿਚ ਜਦ ਮੈਂ ਆਪਣਾ ਖ਼ੂਨ ਆਇਆ ਦੇਖਦਾ ਤਾਂ ਮੈਨੂੰ ਤਸੱਲੀ ਮਿਲਦੀ ਕਿ ਸੂਈ ਦਾ ਦੁੱਖ ਮੁੜ ਨਹੀਂ ਝੱਲਣਾ ਪਵੇਗਾ, ਪਰ ਮੇਰੇ ਲਹੂ ਨਾਲ ਭਰੀਆਂ ਸ਼ੀਸ਼ੀਆਂ ਮੈਨੂੰ ਚੰਗੀਆਂ ਨਾ ਲੱਗਦੀਆਂ। ਅਸਲ ਵਿਚ ਮੇਰਾ ਪਾਲਣ ਪੋਸ਼ਣ ਅਜਿਹੇ ਪਰਿਵਾਰ ਵਿਚ ਹੋਇਆ ਹੈ, ਜਿੱਥੇ ਕਦੇ ਮੁਰਗਾ ਵੀ ਨਹੀਂ ਵੱਢਿਆ ਗਿਆ, ਮੀਟ ਨਹੀਂ ਰਿੱਝਿਆ। ਉਂਝ ਮੇਰੇ ਪਿਤਾ ਨੇ ਜਾਂ ਮੈਂ ਕੋਈ ਪੱਕੀ ਲਕੀਰ ਕਦੇ ਨਹੀਂ ਕੱਢੀ। ਅਸੀਂ ਘਰੋਂ ਬਾਹਰ ਮੀਟ ਖਾ ਲੈਂਦੇ ਰਹੇ ਸਾਂ। ਮੈਂ ਤਾਂ ਫ਼ਿਲਮ ਵਿਚ ਵੀ ਡੁੱਲ੍ਹਦਾ ਖ਼ੂਨ ਦੇਖ ਨਹੀਂ ਸਕਦਾ।
ਮੇਰੀ ਮਾਤਾ ਸੰਨ 1973 ਵਿਚ ਸਾਡੇ ਕੋਲ ਆ ਗਈ। ਫਿਰ ਉਹਨੇ ਸਾਨੂੰ ਮੀਟ ਵਾਲੀ ਕੜਛੀ ਨਾਲ ਦਾਲ ਨਹੀਂ ਵਰਤਾਣ ਦਿੱਤੀ।

ਕੁਝ ਦਿਨਾਂ ਪਿੱਛੋਂ ਮੈਨੂੰ ਆਈਸੋਲੇਸ਼ਨ ਵਾਰਡ ਵਿਚ ਬਦਲ ਦਿੱਤਾ ਗਿਆ। ਏਥੇ ਮੈਂ ਕਮਰੇ ਵਿਚ ਇਕੱਲਾ ਸੀ, ਕਿਉਂਕਿ ਮੇਰੇ ਅੰਦਰ ਇਨਫੈਕਸ਼ਨ ਸੀ। ਇਸ ਕਮਰੇ ਦੇ ਬਾਹਰ ਦੋ ਵੱਡੇ ਡੱਬਿਆਂ ਵਿਚ ਗਾਊਨਾਂ ਅਤੇ ਮੂੰਹ ਉੱਤੇ ਲਾਉਣ ਵਾਲੀਆਂ ਛਾਣਨੀਆਂ ਦੇ ਢੇਰ ਪਏ ਸਨ। ਜਦ ਵੀ ਕੋਈ ਨਰਸ ਕਮਰੇ ਵਿਚ ਆਉਂਦੀ ਉਹ ਹਰ ਵਾਰ ਨਵਾਂ ਗਾਊਨ ਪਾਉਂਦੀ, ਮੂੰਹ ਉੱਤੇ ਨਵੀਂ ਪੱਟੀ ਬੰਨ੍ਹਦੀ। ਡਾਕਟਰ ਵੀ ਏਹੀ ਕਰਦੇ। ਬਾਹਰ ਜਾਣ ਵੇਲੇ ਪਾਇਆ ਹੋਇਆ ਗਾਊਨ ਅਤੇ ਮੂੰਹ ਦੀ ਪੱਟੀ ਦਰੋਂ ਬਾਹਰ ਪਏ ਹੋਰ ਡੱਬਿਆਂ ਵਿਚ ਸੁੱਟ ਜਾਂਦੇ।

ਮੇਰੇ ਇਸ ਕਮਰੇ ਵਿਚ ਆਣ ਤੋਂ ਕੁਝ ਚਿਰ ਪਿੱਛੋਂ ਨਰਸ ਆਈ ਤੇ ਬੋਲੀ, “ਮੈਂ ਮੀਨੂੰ ਹਾਂ, ਤੁਹਾਡੀ ਨਰਸ; ਤੁਹਾਡਾ ਬਲੱਡ ਪਰੈਸ਼ਰ ਅਤੇ ਟੈਂਪਰੇਚਰ ਚੈੱਕ ਕਰਨਾ ਹੈ।”

ਮੈਂ ਬਾਂਹ ਉਸ ਅੱਗੇ ਕਰ ਦਿੱਤੀ ਅਤੇ ਆਪਣਾ ਮੂੰਹ ਖੋਲ੍ਹ ਕੇ ਥਰਮਾਮੀਟਰ ਜੀਭ ਹੇਠਾਂ ਰੱਖ ਕੇ ਬੁੱਲ੍ਹ ਮੀਚ ਲਏ। ਦੋਵੇਂ ਕੰਮ ਕਰਕੇ ਮੀਨੂੰ ਬੋਲੀ, “ਤੁਹਾਡਾ ਦਵਾਈਆਂ ਲੈਣ ਦਾ ਵੀ ਵੇਲਾ ਹੈ, ਮੈਂ ਲੈ ਆਈ ਹਾਂ।”

ਉਹ ਇਕ ਗੋਲੀ ਮੇਰੇ ਮੂੰਹ ਵਿਚ ਪਾ ਕੇ ਪਾਣੀ ਦਾ ਗਿਲਾਸ ਮੇਰੇ ਬੁੱਲ੍ਹਾਂ ਨੂੰ ਲਾਉਂਦੀ। ਜਦ ਦਵਾਈਆਂ ਮੁੱਕ ਗਈਆਂ ਤਾਂ ਮੀਨੂੰ ਚਲੀ ਗਈ। ਮੈਂ ਕਮਰੇ ਵਿਚ ਇਕੱਲਾ ਰਹਿ ਗਿਆ। ਕੁਝ ਚਿਰ ਪਿੱਛੋਂ ਮੀਨੂੰ ਫਿਰ ਆਈ ਅਤੇ ਬੋਲੀ, “ਤੁਹਾਡੀ ਇਨਫੈਕਸ਼ਨ ਦੇ ਇਲਾਜ ਲਈ ਤੁਹਾਡੀ ਨਾੜ ਰਾਹੀਂ ਐਂਟੀਬਾਇਓਟਿਕ ਦਵਾਈ ਲਗਾਤਾਰ ਲੰਮਾ ਸਮਾਂ ਦੇਣੀ ਹੈ। ਕਿਹੜੀ ਬਾਂਹ ਵਿਚ ਸੂਈ ਲਾਵਾਂ?”

“ਖੱਬੀ ਬਾਂਹ ਵਿਚ ਲਾ ਦਿਓ। ਸੱਜਾ ਹੱਥ ਮੈਂ ਖਾਣ ਪੀਣ ਲਈ ਵਰਤ ਸਕਾਂਗਾ। ਮੀਨੂੰ ਨੇ ਬੜੇ ਧਿਆਨ ਨਾਲ ਮੇਰੀ ਨਾੜ ਟੋਲੀ ਅਤੇ ਸੂਈ ਲਾ ਦਿੱਤੀ।

“ਮੀਨੂੰ ਜੀ! ਤੁਹਾਡਾ ਜਨਮ ਕਿੱਥੇ ਹੋਇਆ ਸੀ?" ਮੈਂ ਉਹਦੇ ਸਾਂਵਲੇ ਨੈਣ ਨਕਸ਼ਾਂ ਵੱਲ ਦੇਖਦਿਆਂ ਪੁੱਛਿਆ।

“ਕੀਨੀਆ (ਅਫਰੀਕਾ) ਵਿਚ। ਮੇਰੇ ਮਾਤਾ-ਪਿਤਾ ਇੰਡੀਆ ਦੀ ਰਿਆਸਤ ਕੱਛ ਵਿਚੋਂ ਆਏ ਸਨ।”

ਮੈਂ ਸੋਚਣ ਲੱਗਿਆ, ਇਸਦਾ ਪੂਰਾ ਨਾਂ ਸ਼ਾਇਦ ਮੀਨਾਕਸ਼ੀ ਹੋਵੇ। “ਤੁਹਾਡਾ ਪੂਰਾ ਨਾਂ ਕੀ ਹੈ?”

‘ਰੁਮੀਨਾ ਅਲੀ।”

“ਤੁਸੀਂ ਇਸਮਾਇਲੀ ਹੋ?”

“ਤੁਸੀਂ ਕਿਵੇਂ ਬੁੱਝਿਆ?”

“ਸੰਨ 71-72 ਦੇ ਨੇੜੇ ਕਿੰਨੇ ਸਾਰੇ ਏਸ਼ੀਆਈ ਲੋਕ ਯੂਗੰਡਾ ਅਤੇ ਹੋਰ ਅਫ਼ਰੀਕੀ ਦੇਸ਼ਾਂ ‘ਚੋਂ ਕੈਨੇਡਾ ਆਏ ਸੀ। ਉਹਨਾਂ ‘ਚੋਂ ਵੱਡੀ ਗਿਣਤੀ ਇਸਮਾਇਲੀ ਲੋਕਾਂ ਦੀ ਸੀ। ਉਹਨਾਂ ‘ਚੋਂ ਅਨੇਕਾਂ ਮੇਰੇ ਮਿੱਤਰ ਹਨ।”

“ਤੁਸੀਂ ਗੁਜਰਾਤੀ ਬੋਲਦੇ ਹੋ?”

“ਨਹੀਂ, ਅਸੀਂ ਘਰ ਵਿਚ ਕੱਛੀ ਬੋਲਦੇ ਹਾਂ। ਕੱਛੀ ਗੁਜਰਾਤੀ ਤੋਂ ਵੱਖਰੀ ਹੈ।”

ਮੀਨੂੰ ਦੂਜੀ ਸਵੇਰ ਆਈ ਤੇ ਬੋਲੀ, “ਮੈਂ ਤੁਹਾਨੂੰ ਟਾਵਲ-ਬਾਥ ਦੇਣ ਆਈ ਹਾਂ।”

ਉਸ ਨੇ ਕਈ ਛੋਟੇ ਵੱਡੇ ਤੌਲੀਏ ਮੇਰੇ ਮੰਜੇ ਉੱਤੇ ਰੱਖ ਦਿੱਤੇ ਤੇ ਤਸਲੇ ਵਿਚ ਗਰਮ ਪਾਣੀ ਲੈ ਆਈ। ਤੌਲੀਆ ਭਿਉਂ ਕੇ ਉਸ ਨੇ ਮੇਰੇ ਚਿਹਰੇ ਉੱਤੇ ਰੱਖਿਆ। ਤੌਲੀਆ ਭਾਫ਼ਾਂ ਛੱਡ ਰਿਹਾ ਸੀ, ਇਸ ਨਾਲ ਮੈਨੂੰ ਬੜਾ ਸੁੱਖ ਮਹਿਸੂਸ ਹੋਇਆ। ਉਹਨੇ ਮੇਰਾ ਸਾਰਾ ਸਰੀਰ ਅੱਗਾ-ਪਿੱਛਾ ਬੜੇ ਧਿਆਨ ਨਾਲ ਸਾਫ਼ ਕੀਤਾ। ਫਿਰ ਸੁੱਕੇ ਤੌਲੀਏ ਨਾਲ ਸੁਕਾਇਆ। ਕਈ ਦਿਨਾਂ ਪਿੱਛੋਂ ਮੇਰੀ ਕਾਇਆ ਨੇ ਸਫ਼ਾਈ ਮਹਿਸੂਸ ਕੀਤੀ।

ਮੈਂ ਕਿਹਾ, “ਧੰਨਵਾਦ! ਮੀਨੂੰ ਜੀ।”

“ਯੂ ਆਰ ਵੈਲਕਮ।” ਮੀਨੂੰ ਨੇ ਮੈਨੂੰ ਦਵਾਈਆਂ ਦੇ ਦਿੱਤੀਆਂ। ਮੇਰੇ ਬਿਸਤਰੇ ਦੀ ਚਾਦਰ ਬਦਲ ਦਿੱਤੀ। ਸਰਹਾਣਿਆਂ ਦੇ ਗਿਲਾਫ਼ ਬਦਲ ਦਿੱਤੇ।

ਇੱਕੋ ਫੇਰੀ ਵਿਚ ਸਾਰੇ ਕੰਮ ਮੁਕਾ ਕੇ ਉਹ ਬਾਹਰ ਜਾਣ ਲੱਗੀ ਤਾਂ ਮੈਂ ਕਿਹਾ, “ਮੀਨੂੰ ਜੀ! ਤੁਸੀਂ ਬਹੁਤ ਪਿਆਰੀ ਸ਼ਖ਼ਸੀਅਤ ਹੋ।” “ਥੈਂਕ ਯੂ।” ਉਹ ਮੁਸਕਰਾਈ! ਆਪਣੀਆਂ ਦੋਵੇਂ ਬਾਹਾਂ ਉਸ ਨੇ ਉੱਚੀਆਂ ਚੁੱਕੀਆਂ ਤੇ ਘੁੰਮ ਕੇ ਗੇੜਾ ਦਿੱਤਾ, “ਆਈ ਐੱਮ ਦਾ ਬੈੱਸਟ।”

ਉਸਦੀ ਇਹ ਬੇਬਾਕ ਅਦਾ ਮੈਨੂੰ ਚੰਗੀ ਲੱਗੀ। ਮੈਂ ਕਿਹਾ, “ਤੁਸੀਂ ਨੱਚਦੇ ਬਹੁਤ ਚੰਗੇ ਲੱਗਦੇ ਹੋ।”

“ਮੈਂ ਬਾਲ-ਰੂਮ ਡਾਂਸ ਬਹੁਤ ਕੀਤਾ ਹੈ। ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਨੱਚੀ ਹਾਂ, ਪਰ ਨਾਚ ਵੇਲੇ ਦੋ ਗੱਲਾਂ ਮੈਂ ਕਦੇ ਬਰਦਾਸ਼ਤ ਨਹੀਂ ਕਰਦੀ। ਪਹਿਲੀ ਗੱਲ ਏਹੇ ਕਿ ਨਾਲ ਨੱਚਣ ਵਾਲਾ ਮੇਰੇ ਗੋਡਿਆਂ ਵਿਚਕਾਰ ਗੋਡਾ ਘਸੋੜੇ, ਦੂਜਾ ਬਦਬੂਦਾਰ ਸਾਹ। ਅਜਿਹੇ ਨਾਚੇ ਦੀ ਮੈਂ ਤੁਰਤ ਛੁੱਟੀ ਕਰ ਦਿੰਦੀ ਹਾਂ।”

ਇਕ ਦਿਨ ਹੋਰ ਨਰਸ ਮੈਨੂੰ ਦਵਾਈਆਂ ਦੇਣ ਆਈ। ਗੱਲਾਂ ਵਿਚ ਮੀਨੂੰ ਦਾ ਜ਼ਿਕਰ ਆ ਗਿਆ। ਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ, “ਮੀਨੂੰ ਬਹੁਤ ਔਰਗੇਨਾਈਜ਼ਡ ਹੈ।”

ਉਹ ਨਰਸ ਚੁੱਪ-ਚਾਪ ਮੇਰੇ ਵੱਲ ਝਾਕੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਸ ਕੋਲ ਕਿਸੇ ਹੋਰ ਦੀ ਸ਼ਲਾਘਾ ਕਰ ਰਿਹਾ ਹਾਂ। ਅਗਲੇ ਹੀ ਪਲ ਮੈਂ ਕਿਹਾ, “ਤੇਰੇ ਵਾਂਗੂੰ।”

ਉਹ ਖਿੜ ਗਈ ਤੇ ਬੋਲੀ, “ਧੰਨਵਾਦ।” ਤੇ ਮੁਸਕਰਾਂਦੀ ਚਲੀ ਗਈ।

ਮੇਰੇ ਬੱਚੇ ਮੈਨੂੰ ਮਿਲਣ ਆਏ ਤਾਂ ਮੇਰਾ ਸਪੁੱਤਰ ਜਸਬੀਰ ਥੋੜ੍ਹਾ ਚਿਰ ਗੱਲਾਂ ਕਰਕੇ ਬੋਲਿਆ, “ਮੈਨੂੰ ਇਹ ਮੂੰਹ ਉੱਤੇ ਲਾਇਆ ਪਟਾ ਬਹੁਤ ਬੁਰਾ ਲੱਗਦਾ ਹੈ। ਇਸ ਨਾਲ ਤਾਂ ਗੱਲ ਵੀ ਚੱਜ ਨਾਲ ਨਹੀਂ ਕਰ ਹੁੰਦੀ।”

ਮੈਂ ਕਿਹਾ, “ਤੂੰ ਇਹ ਫ਼ਿਲਟਰ ਲਾਹੀਂ ਨਾ। ਨਹੀਂ ਤਾਂ ਨਰਸ ਨੇ ਤੈਨੂੰ ਕਮਰੇ ਵਿਚੋਂ ਕੱਢ ਦੇਣਾ ਹੈ।”

“ਦੇਖੀ ਜਾਊ।”

ਉਹੀ ਗੱਲ ਹੋਈ। ਮੇਰੇ ਦਰਵਾਜ਼ੇ ਦੇ ਸਾਹਮਣੇ ਲੰਘੀ ਜਾਂਦੀ ਨਰਸ ਕਮਰੇ ਦੇ ਅੰਦਰ ਝਾਕੀ ਅਤੇ ਬੋਲੀ, “ਆਪਣੇ ਮਹਿਮਾਨ ਨੂੰ ਕਹੋ ਕਿ ਇਹ ਆਪਣੇ ਮੂੰਹ ‘ਤੇ ਫ਼ਿਲਟਰ ਲਾਵੇ। ਨਹੀਂ ਤਾਂ ਕਮਰੇ ‘ਚੋਂ ਬਾਹਰ ਆ ਜਾਵੇ।”

ਜਸਬੀਰ ਨੇ ਫਿਲਟਰ ਮੂੰਹ ‘ਤੇ ਲਾ ਲਿਆ।

ਮੇਰੀ ਨਾੜ ਵਿਚ ਲਾਈ ਸੂਈ ਜੇ ਰਤਾ ਵੀ ਹਿੱਲ ਜਾਂਦੀ ਜਾਂ ਦਵਾਈ ਮੁੱਕ ਜਾਂਦੀ ਤਾਂ ਅਲਾਰਮ ਵੱਜ ਜਾਂਦਾ। ਮੈਂ ਨਰਸ ਨੂੰ ਬੁਲਾਉਂਦਾ ਅਤੇ ਉਹ ਸੂਈ ਠੀਕ ਕਰਕੇ ਜਾਂ ਹੋਰ ਲੋੜੀਂਦੀ ਕਾਰਵਾਈ ਕਰਦੀ ਤੇ ਚਲੀ ਜਾਂਦੀ। ਇਸ ਤਰ੍ਹਾਂ ਹਰ ਰਾਤ ਮੇਰੀ ਨੀਂਦ ਕਈ ਵਾਰ ਖੁੱਲ੍ਹ ਜਾਂਦੀ। ਫਿਰ ਮੈਂ ਕਿੰਨਾ ਚਿਰ ਜਾਗਦਾ ਰਹਿੰਦਾ। ਨਾੜ ਵਿਚਲੀ ਸੂਈ ਨੂੰ ਹਿੱਲਣ ਤੋਂ ਬਚਾਉਣ ਲਈ ਮੈਨੂੰ ਅਹਿੱਲ ਪਏ ਰਹਿਣ ਖ਼ਾਤਰ ਬਹੁਤ ਧਿਆਨ ਰੱਖਣਾ ਪੈਂਦਾ; ਪਰ ਨੀਂਦ ਸਮੇਂ ਕੋਈ ਕੀ ਕਰੇ? ਵਾਰ-ਵਾਰ ਅਲਾਰਮ ਵੱਜਣ ਤੋਂ ਮੈਂ ਵੀ ਦੁਖੀ ਸਾਂ ਅਤੇ ਨਰਸਾਂ ਵੀ। ਫਿਰ ਇਕ ਦਿਨ ਮੈਨੂੰ ਐਕਸਰੇ ਰੂਮ ਵਿਚ ਲਿਜਾਇਆ ਗਿਆ। ਮੇਰੇ ਡੌਲੇ ਵਿਚ ਛੋਟੀ ਜਹੀ ਗਲੀ ਕੀਤੀ ਗਈ। ਉਸ ਰਾਹੀਂ ਪਲਾਸਟਿਕ ਦੀ ਇਕ ਬਾਰੀਕ ਪਾਈਪ ਮੇਰੇ ਦਿਲ ਤੱਕ ਨਾੜ ਰਾਹੀਂ ਧੱਕੀ ਗਈ ਅਤੇ ਮੇਰੇ ਅੰਦਰ ਦਿਲ ਦੇ ਨੇੜੇ ਛੱਡ ਦਿੱਤੀ ਗਈ । ਦਵਾਈ ਵਾਲੀ ਸੂਈ ਉਸ ਪਾਈਪ ਦੇ ਸਿਰੇ ਵਿਚ ਲਾ ਦਿੱਤੀ ਗਈ। ਇਸ ਨਾਲ ਮੇਰੇ ਕਮਰੇ ਵਿਚ ਵੱਜਣ ਵਾਲੇ ਅਲਾਰਮ ਲੱਗਭਗ ਮੁੱਕ ਗਏ। ਨਰਸਾਂ ਅਤੇ ਮੈਂ ਖ਼ੁਸ਼ ਸਾਂ। ਮੈਨੂੰ ਐਂਟੀਬਾਇਔਟਿਕ ਦੇਣ ਦੇ ਛੇ ਹਫ਼ਤੇ ਮੁੱਕਣ ਤੱਕ, ਉਹ ਪਾਈਪ ਮੇਰੇ ਅੰਦਰ ਰਹੀ। ਫਿਰ ਟੈਸਟ ਕੀਤੇ ਗਏ ਅਤੇ ਫਿਰ ਲੋੜ ਮੁੱਕਣ ਉੱਤੇ ਉਹ ਪਾਈਪ ਬਾਹਰ ਖਿੱਚ ਲਈ ਗਈ। ਟੈਸਟਾਂ ਦੇ ਠੀਕ ਨਤੀਜੇ ਆਉਣ ਉੱਤੇ ਸਾਰੇ ਲੋਕ ਖ਼ੁਸ਼ ਸਨ। ਮੈਨੂੰ ਆਪ ਵੀ ਰਾਜ਼ੀ ਹੋਣ ਦਾ ਰਤਾ ਭਰੋਸਾ ਆ ਗਿਆ।

ਮੈਨੂੰ ਪਿਆਸ ਲੱਗੀ, ਤਾਂ ਮੈਂ ਘੰਟੀ ਦਾ ਬਟਨ ਦੱਬਿਆ। ਇਕ ਮਰਦ-ਨਰਸ ਆਇਆ ਅਤੇ ਬੋਲਿਆ, “ਕਿੱਦਾਂ ... ਆ ...?” ਉਹਦਾ ਲਹਿਜਾ ਬਹੁਤ ਸ਼ੁੱਧ ਦੁਆਬੀ ਸੀ। ਮੈਂ ਉਸਦੇ ਮੂੰਹ ਵੱਲ ਦੇਖਦਾ ਹੈਰਾਨ ਸਾਂ।

“ਠੀਕ ਹਾਂ। ਮਿੱਤਰਾ! ਤੂੰ ਕਿਹੜੇ ਦੇਸ਼ ਤੋਂ ਹੈਂ?”

“ਫ਼ਿਲੀਪੀਨ ਤੋਂ।”

“ਤੂੰ ਪੰਜਾਬੀ ਕਿੱਥੋਂ ਸਿੱਖੀ?”

“ਲੋਕਾਂ ਤੋਂ। ਮੈਂ ਪੰਦਰਾਂ ਬੋਲੀਆਂ ਦੇ ਮੋਟੇ-ਮੋਟੇ ਸ਼ਬਦ ਸਿੱਖੇ ਹੋਏ ਆ। ਜਿੱਥੋਂ ਦਾ ਮਰੀਜ਼ ਹੁੰਦਾ, ਮੈਂ ਉਹਦਾ ਅੰਦਾਜ਼ਾ ਲਾਉਂਦਾ ਹਾਂ ਅਤੇ ਵਾਹ ਲੱਗਦੀ ਉਹਦੀ ਬੋਲੀ ਵਿਚ ਉਸ ਨਾਲ ਹੈਲੋ ਕਰਦਾ ਹਾਂ। ਇਸ ਨਾਲ ਮਰੀਜ਼ ਤੁਰਤ ਮੇਰੇ ਨੇੜੇ ਆ ਜਾਂਦਾ ਹੈ। ਸੋ ਸਾਡੀ ਚੰਗੀ ਨਿਭਦੀ ਹੈ।”

“ਤੇਰਾ ਨਾਂ ਕੀ ਹੈ?”

“ਜੇਸਨ ਸਿੰਘ।”

“ਮੇਰੇ ਲਈ ਤਾਂ ਤੂੰ ਸ਼ਹਿਜ਼ਾਦਾ ਹੈਂ। ਮੈਂ ਤੈਨੂੰ ਪ੍ਰਿੰਸ ਕੰਵਰ ਸਿੰਘ ਕਹਿ ਕੇ ਬੁਲਾਇਆ ਕਰਾਂਗਾ।”

“ਸ਼ੁਕਰੀਆ।”

ਜਿੰਨਾ ਚਿਰ ਮੈਂ ਇਸ ਹਸਪਤਾਲ ਵਿਚ ਰਿਹਾ। ਸਾਡੀ ਬਹੁਤ ਸੁਹਣੀ ਨਿਭੀ।
ਇਸ ਹਸਪਤਾਲ ਵਿਚ ਨਰਸਾਂ ਤੀਜਾ ਹਿੱਸਾ ਚਿੱਟੀਆਂ, ਤੀਜਾ ਹਿੱਸਾ ਫ਼ਿਲੀਪੀਨੋ ਅਤੇ ਤੀਜਾ ਹਿੱਸਾ ਭਾਰਤੀ ਪਾਕਿਸਤਾਨੀ ਹਨ, ਟਾਵੀਆਂ-ਟਾਵੀਆਂ ਅਫ਼ਰੀਕਨ ਕਾਲ਼ੀਆਂ ਨਰਸਾਂ ਵੀ ਹਨ।

ਮੈਂ ਬਹੁਤ ਦਿਨਾਂ ਦਾ ਲੰਮਾ ਪਿਆ ਸੀ, ਬੇਬਸ ਅਤੇ ਅਹਿੱਲ। ਅਤੀ ਕਮਜ਼ੋਰ। ਪਾਸਾ ਲੈਣਾ ਵੀ ਮੇਰੇ ਵਸ ਵਿਚ ਨਹੀਂ ਸੀ। ਮੈਨੂੰ ਪਿੱਠ ਉੱਤੇ ਸਿੱਧੇ ਸੌਣ ਦੀ ਆਦਤ ਹੈ। ਨਰਸ ਆ ਕੇ ਕਹਿਣ ਲੱਗੀ, “ਇਸੇ ਤਰ੍ਹਾਂ ਲੰਮਾ ਸਮਾਂ ਪਿੱਠ ਉੱਤੇ ਪਏ ਰਹਿਣ ਨਾਲ ਤੇਰੇ ਪਿੱਛੇ ਬੈੱਡ ਸੋਰ ਹੋ ਜਾਣਗੇ। ਇਹ ਛੇਤੀ ਰਾਜ਼ੀ ਵੀ ਨਹੀਂ ਹੁੰਦੇ। ਤੈਨੂੰ ਪਾਸਾ ਦਿਵਾ ਦੇਵਾਂ?”

“ਜ਼ਰੂਰ! ਤੁਸੀਂ ਬਹੁਤ ਠੀਕ ਕਹਿ ਰਹੋ ਹੋ।”

ਮੇਰੀ ਨਰਸ ਨੇ ਦੂਜੀ ਨਰਸ ਨੂੰ ਵਾਜ ਮਾਰੀ। ਉਹਨਾਂ ਨੇ ਬਹੁਤ ਧਿਆਨ ਨਾਲ ਮੇਰੇ ਸਰੀਰ ਨੂੰ ਖੱਬਿਓਂ ਧੱਕ ਕੇ ਵੱਖੀ ਪਰਨੇ ਕਰ ਦਿੱਤਾ। ਦੋ ਵੱਡੇ ਸਰਹਾਣੇ ਮੇਰੀ ਪਿੱਠ ਪਿੱਛੇ ਰੱਖ ਦਿੱਤੇ ਅਤੇ ਇਕ ਸਿਰਹਾਣਾ ਮੇਰੀਆਂ ਲੱਤਾਂ ਵਿਚਕਾਰ ਦੇ ਦਿੱਤਾ। ਮੇਰੀ ਪਿੱਠ ਵਿੱਚੋਂ ਭਾਫ਼ ਨਿਕਲੀ। ਮੈਂ ਨਰਸਾਂ ਦਾ ਧੰਨਵਾਦ ਕੀਤਾ ਅਤੇ ਆਪਣਾ ਸਰੀਰ ਢਿੱਲਾ ਛੱਡ ਦਿੱਤਾ। ਮੇਰੇ ਖੱਬੇ ਗੋਡੇ ਅਤੇ ਖੱਬੀ ਕੂਹਣੀ ਵਿਚ ਤਿੱਖੀ ਚੀਸ ਪਈ। ਮੈਂ ਕਸੀਮ ਵੱਟ ਕੇ ਦਰਦ ਬਰਦਾਸ਼ਤ ਕਰ ਲਿਆ। ਮੈਂ ਦਰਦ ਵਲੋਂ ਆਪਣਾ ਧਿਆਨ ਹਟਾ ਕੇ ਆਪਣੇ ਸੱਜਣਾਂ ਮਿੱਤਰਾਂ ਬਾਰੇ ਸੋਚਣ ਦੀ ਕੋਸ਼ਿਸ਼ ਕੀਤੀ। ਥੋੜ੍ਹਾ ਚਿਰ ਪਿੱਛੋਂ ਮੇਰੀ ਅੱਖ ਲੱਗ ਗਈ। ਕੋਈ ਸੁਪਨਾ ਆਇਆ। ਸੁਪਨੇ ਵਿਚ ਮੈਂ ਆਪਣੇ ਪਿੰਡ ਰਾਮਪੁਰ ਘੁੰਮਦਾ ਰਿਹਾ। ਜਦ ਮੈਂ ਜਾਗਿਆ ਤਾਂ ਘੜੀ ਦੇਖੀ। ਖੱਬੀ ਵੱਖੀ ਪਿਆਂ ਮੈਨੂੰ ਡੇਢ ਘੰਟਾ ਲੰਘ ਗਿਆ ਸੀ। ਮੈਂ ਘੰਟੀ ਵਜਾਈ, ਨਰਸ ਆਈ ਤਾਂ ਮੈਂ ਬੇਨਤੀ ਕੀਤੀ, “ਮੇਰੀ ਵੱਖੀ ਥੱਕ ਗਈ ਹੈ। ਕਿਰਪਾ ਕਰਕੇ ਮੈਨੂੰ ਪਿੱਠ ਪਰਨੇ ਕਰ ਦਿਓ।”

ਨਰਸ ਨੇ ਸਰਹਾਣੇ ਚੁੱਕ ਦਿੱਤੇ ਅਤੇ ਮੋਢੇ ਤੋਂ ਫੜ ਕੇ ਮੈਨੂੰ ਪਿੱਠ ਪਰਨੇ ਕਰ ਦਿੱਤਾ। ਮੈਂ ਬੇਹੱਦ ਆਰਾਮ ਮਹਿਸੂਸ ਕੀਤਾ ਅਤੇ ਦਰਦ ਘਟਾਉਣ ਲਈ ਟੈਲੇਨੋਲ ਦੀਆਂ ਗੋਲੀਆਂ ਮੰਗੀਆਂ। ਨਰਸ ਨੇ ਇਕ ਗੋਲੀ ਮੇਰੇ ਮੂੰਹ ਵਿਚ ਰੱਖੀ ਅਤੇ ਪਾਣੀ ਦਾ ਗਿਲਾਸ ਮੇਰੇ ਮੂੰਹ ਨੂੰ ਲਾਇਆ। ਮੇਰੇ ਹੱਥ ਵਿਚ ਗਿਲਾਸ ਫੜਣ ਜੋਗੀ ਤਾਕਤ ਨਹੀਂ ਸੀ।

ਇਸ ਤਰ੍ਹਾਂ ਨਰਸਾਂ ਇਕ ਵਾਰ ਦਿਨ ਵੇਲੇ ਅਤੇ ਇਕ ਵਾਰ ਰਾਤ ਵੇਲੇ ਮੇਰਾ ਪਾਸਾ ਬਦਲਦੀਆਂ। ਮੈਨੂੰ ਨਰਸਾਂ ਦੀ ਇਹ ਗੱਲ ਬਹੁਤ ਚੰਗੀ ਲੱਗੀ।

ਮੈਂ ਸੋਚਣ ਲੱਗਾ, ‘ਮੇਰੀ ਬਿਮਾਰੀ ਤਾਂ ਬਹੁਤ ਵਿਗੜ ਗਈ ਲੱਗਦੀ ਹੈ, ਲੰਮਾ ਸਮਾਂ ਦੁੱਖ ਭੋਗਣਾ ਪਵੇਗਾ। ਕੀ ਮੈਂ ਕਦੇ ਤੰਦਰੁਸਤ ਹੋ ਕੇ ਉੱਠ ਬੈਠ ਸਕਾਂਗਾ? ਤੁਰ ਸਕਾਂਗਾ। ਲਿਖ ਸਕਾਂਗਾ? ਮੈਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਮੈਨੂੰ ਮਨ ਤਕੜਾ ਰੱਖਣਾ ਚਾਹੀਦਾ ਹੈ।

ਮੈਂ ਸੋਚਾਂ ਵਿਚ ਡੁੱਬਾ ਹੋਇਆ ਸੀ ਕਿ ਲੰਮੀ-ਝੰਮੀ ਮਲੂਕ ਜਿਹੀ ਗੋਰੀ ਕੁੜੀ ਮੇਰੇ ਕੋਲ ਆਈ ਅਤੇ ਕਹਿਣ ਲੱਗੀ, “ਮਿਸਟਰ ਰਾਮਪੁਰੀ। ਮੈਂ ਐਲੀਸਨ ਹਾਂ, ਤੁਹਾਡੀ ਫਿਜ਼ੀਓ ਥੈਰਾਪਿਸਟ, ਮੈਂ ਤੁਹਾਨੂੰ ਕੁਝ ਕਸਰਤਾਂ ਕਰਵਾਉਣੀਆਂ ਹਨ।”

“ਠੀਕ ਹੈ।”

“ਚਿਰ ਤੱਕ ਲੰਮੇ ਪਏ ਰਹਿਣ ਨਾਲ ਅੰਗ ਬਹੁਤ ਕਮਜ਼ੋਰ ਹੋ ਜਾਂਦੇ ਹਨ, ਤੁਸੀਂ ਆਪਣੇ ਹੱਥਾਂ ਪੈਰਾਂ ਦੀਆਂ ਉਂਗਲਾਂ ਹਿਲਾਓ; ਲੱਤਾਂ ਖੱਬੇ ਸੱਜੇ ਕਰੋ, ਖ਼ਾਸ ਕਰ ਖੱਬੀ ਲੱਤ ਜਿਸਦਾ ਅਪਰੇਸ਼ਨ ਹੋਇਆ ਹੈ। ਮੈਂ ਉਹਦੇ ਕਹਿਣ ਅਨੁਸਾਰ ਹੱਥ ਪੈਰ ਲੱਤਾਂ ਹਿਲਾਈਆਂ ਤਾਂ ਖੱਬੇ ਗੋਡੇ ਵਿਚ ਤਿੱਖਾ ਦਰਦ ਹੋਇਆ। ਮੈਂ ਕਿਹਾ, “ਮੇਰੀ ਤਾਂ ਜਾਨ ਨਿਕਲਦੀ ਹੈ, ਮੈਂ ਖੱਬੀ ਲੱਤ ਨਹੀਂ ਚੁੱਕ ਸਕਦਾ। ਇਸ ਗੋਡੇ ਦੀ ਬੜੀ ਕੱਟ ਵੱਢ ਹੋਈ ਹੈ।”

“ਨਹੀਂ, ਤੂੰ ਚੁੱਕ ਸਕਦਾ ਹੈਂ। ਕੋਸ਼ਿਸ਼ ਕਰ। ਚਾਹੇ ਇਕ ਇੰਚ ਉੱਤੇ ਚੁੱਕ।” ਮੈਂ ਲੱਤ ਚੁੱਕੀ ਤਾਂ ਸਖ਼ਤ ਪੀੜ ਹੋਈ। ਲੱਤ ਮੈਂ ਮੰਜੇ ਉੱਤੇ ਰੱਖ ਲਈ।

ਮੈਂ ਹੌਸਲਾ ਕੀਤਾ, ਪੀੜ ਸਹੀ ਅਤੇ ਲੱਤ ਪੰਜ ਵਾਰੀ ਚੁੱਕੀ।

“ਤੂੰ ਹੁਣ ਪੈਰਾਂ ਨੂੰ ਸੱਜੇ ਖੱਬੇ, ਉੱਪਰ ਥੱਲੇ ਕਰ।”

ਇਸ ਤਰ੍ਹਾਂ ਉਹਨੇ ਕੁਝ ਹੋਰ ਕਸਰਤਾਂ ਕਰਵਾਈਆਂ ਤੇ ਕਹਿਣ ਲੱਗੀ, “ਅੱਜ ਸਿਰਫ਼ ਏਨਾ ਹੀ। ਮੈਂ ਸ਼ਾਮ ਨੂੰ ਫਿਰ ਥੋੜ੍ਹਾ ਚਿਰ ਲਈ ਆਵਾਂਗੀ!”

ਮੈਨੂੰ ਡਰ ਲੱਗਿਆ, “ਇਹ ਫਿਰ ਆਏਗੀ, ਫਿਰ ਦਰਦ ਹੋਏਗਾ।”

ਸ਼ਾਮ ਨੂੰ ਐਲੀਸਨ ਫੇਰ ਆਈ ਤੇ ਉਹਨੇ ਮੈਨੂੰ ਕਸਰਤਾਂ ਕਰਵਾਈਆਂ। ਇਸ ਵਾਰ ਦਰਦ ਰਤਾ ਘੱਟ ਹੋਇਆ। ਐਲੀਸਨ ਰੋਜ਼ ਦੋ ਵੇਲੇ ਆਉਣ ਲੱਗੀ। ਮੇਰੇ ਅੰਗ ਰਤਾ ਹਿੱਲਣ ਲੱਗੇ। ਮੈਨੂੰ ਦਰਦ ਸਹਿਣ ਦੀ ਆਦਤ ਪੈ ਗਈ, ਐਲੀਸਨ ਤੋਂ ਡਰ ਲੱਗਣੋਂ ਹਟ ਗਿਆ।

ਮੈਨੂੰ ਕਸਰਤਾਂ ਕਰਵਾ ਕੇ ਐਲੀਸਨ ਬੋਲੀ, “ਕੱਲ੍ਹ ਅਤੇ ਪਰਸੋਂ ਮੇਰੀ ਛੁੱਟੀ ਦੇ ਦਿਨ ਹਨ। ਹੁਣ ਮੈਂ ਤੈਨੂੰ ਚੌਥੇ ਨੂੰ ਮਿਲਾਂਗੀ। ਮੇਰੀ ਥਾਂ ਸੋਫ਼ੀਆ ਤੈਨੂੰ ਕਸਰਤਾਂ ਕਰਵਾਏਗੀ।” ਮੇਰੇ ਮਨ ਵਿਚ ਸੰਸਾ ਉੱਠਿਆ, ‘ਕੀ ਸੋਫ਼ੀਆ ਏਨੇ ਹੀ ਧਿਆਨ ਨਾਲ ਮੈਨੂੰ ਕਸਰਤਾਂ ਕਰਵਾਏਗੀ?’

ਸੋਫ਼ੀਆ ਨੇ ਅਗਲੇ ਦੋ ਦਿਨ ਮੈਨੂੰ ਕਸਰਤਾਂ ਕਰਵਾਈਆਂ। ਸੋਫ਼ੀਆ ਐਲੀਸਨ ਤੋਂ ਰਤਾ ਕੁ ਕਰੜੀ ਸੀ। ਮੈਂ ਐਲੀਸਨ ਨੂੰ ਉਡੀਕਣ ਲੱਗਾ।

ਐਲੀਸਨ ਆਈ ਤਾਂ ਮੈਂ ਪੁੱਛਿਆ, “ਛੁੱਟੀਆਂ ਕਿਵੇਂ ਸਨ? ਮੈਨੂੰ ਤੇਰਾ ਵਿਗੋਚਾ ਲੱਗਾ ਸੀ।”
ਉਹ ਮੁਸਕਰਾ ਪਈ। ਮੈਨੂੰ ਕਸਰਤ ਕਰਾਉਂਦਿਆਂ ਉਹ ਬੋਲੀ, “ਮੈਂ ਇੰਡੀਅਨ ਫ਼ਿਲਮ ਦੇਖਣੀ ਹੈ ਪੂਰਾ ਨਾ ਚੇਤੇ ਨਹੀਂ ਆ ਰਿਹਾ, ਰੈਂਗ... ਰੈਂਗ... ਜਾਂ ਇਹੋ ਜਿਹਾ ਕੁਝ ਹੈ।”

ਮੈਂ ਅੰਦਾਜ਼ਾ ਲਾਇਆ, “ਰੰਗ ਦੇ ਬਸੰਤੀ?”

“ਹਾਂ, ਹਾਂ ਏਹੀ ਹੈ। ਇਸ ਨਾਂ ਦਾ ਮਤਲਬ ਕੀ ਹੈ?”

“ਡਾਈ ਮੀ ਇਨ ਦਾ ਕਲਰ ਆਫ਼ ਸਪਰਿੰਗ!” ਮੈਂ ਅਟਕਲ-ਪੱਚੂ ਅਨੁਵਾਦ ਕੀਤਾ।

“ਬਹੁਤ ਦਿਲਚਸਪ ਹੈ।”

“ਤੂੰ ਇਹ ਫ਼ਿਲਮ ਕਿਉਂ ਦੇਖਣਾ ਚਾਹੁੰਦੀ ਹੈਂ?”

“ਮੇਰਾ ਮਿੱਤਰ-ਮੁੰਡਾ ਸ੍ਰੀਲੰਕਾ ਤੋਂ ਹੈ, ਪਰ ਉਹ ਪਲ਼ਿਆ ਤੇ ਪੜ੍ਹਿਆ ਬੰਬਈ ਹੈ। ਸੋ ਉਹ ਹਿੰਦੀ ਸਮਝਦਾ ਹੈ।”

“ਉਹ ਫ਼ਿਲਮ ਤੈਨੂੰ ਕਿਵੇਂ ਸਮਝ ਆਏਗੀ?”

“ਅੰਗਰੇਜ਼ੀ ਸਬ-ਟਾਈਟਲ ਹੋਣਗੇ। ਮੈਂ ਆਪਣੇ ਮਿੱਤਰ ਤੋਂ ਕਹਾਣੀ ਬਾਰੇ ਕੁਝ ਪੁੱਛ ਲਵਾਂਗੀ। ਉਹ ਇਕ ਵਾਰੀ ਫ਼ਿਲਮ ਦੇਖ ਚੁੱਕਾ ਹੈ। ਹੁਣ ਉਹਦੀ ਇੱਛਾ ਹੈ ਕਿ ਅਸੀਂ ਦੋਵੇਂ ਇਕੱਠੇ ਉਹ ਫ਼ਿਲਮ ਦੇਖੀਏ।”

ਮੈਂ ਸੋਚਿਆ, ‘ਕੀ ਪਤਾ ਮੇਰਾ ਰੰਗ ਉਹਦੇ ਮਿੱਤਰ ਨਾਲ ਕੁਝ ਮਿਲਦਾ ਹੋਵੇ।’

“ਐਲੀਸਨ! ਤੁਹਾਡਾ ਜਨਮ ਕਿੱਥੇ ਹੋਇਆ ਸੀ?”

“ਲੰਡਨ, ਇੰਗਲੈਂਡ ਵਿਚ। ਮੈਂ ਪੰਜ ਕੁ ਸਾਲ ਪਹਿਲਾਂ ਕੈਨੇਡਾ ਆਈ ਸਾਂ। ਤੂੰ ਕੈਨੇਡਾ ਕਦੋਂ ਆਇਆ ਸੀ?”

“ਬਿਆਲੀ ਸਾਲ ਪਹਿਲਾਂ। ਸੰਨ 1964 ਵਿਚ।”

“ਮੈਂ ਤਾਂ ਓਦੋਂ ਜੰਮੀ ਵੀ ਨਹੀਂ ਸਾਂ।”

ਅਸੀਂ ਦੋਵੇਂ ਹੱਸ ਪਏ ਅਤੇ ਉਹ ਮੁਸਕਰਾਉਂਦੀ ਚਲੀ ਗਈ।

-------

ਇਕ ਰਾਤ ਮੈਂ ਲੰਮਾ ਪਿਆ ਨੀਂਦ ਦੀ ਉਡੀਕ ਕਰ ਰਿਹਾ ਸੀ। ਮੇਰੇ ਕਮਰੇ ਦੇ ਬਾਹਰੋਂ ਉੱਚੀ-ਉੱਚੀ ਗ਼ੁੱਸੇ ਭਰੀਆਂ ਗੱਲਾਂ ਦਾ ਰੌਲਾ ਸੁਣਨ ਲੱਗਾ। ਕੋਈ ਕਹਿ ਰਿਹਾ ਸੀ, “ਤੁਸੀਂ ਏਸ਼ੀਅਨ ਲੋਕ ਏਸ ਮੁਲਕ ਵਿਚ ਕਿਉਂ ਆਏ ਹੋ? ਇਹ ਵਲੈਤ ਦੇ ਗੋਰਿਆਂ ਦਾ ਮੁਲਕ ਹੈ। ਮੈਨੂੰ ਪੂਰਬੀ ਯੂਰਪ ਤੋਂ ਆਏ ਲੋਕ ਵੀ ਚੰਗੇ ਨਹੀਂ ਲੱਗਦੇ। ਮੇਰੇ ਮੱਥੇ ਨਾ ਲੱਗੋ। ਮੈਨੂੰ ਕੁਰਸੀ ਵਿਚ ਕਿਉਂ ਬੰਨ੍ਹਿਆ ਹੋਇਆ ਹੈ? ਮੈਨੂੰ ਖੋਲ੍ਹੋ।”

ਵਾਰਡ ਦੀ ਇਨਚਾਰਜ ਨਰਸ ਬੋਲੀ, “ਮਿਸਟਰ! ਤੁਹਾਡੇ ਹਿੱਪ ਦੀ ਸਰਜਰੀ ਅੱਜ ਹੀ ਹੋਈ ਹੈ। ਦੋ ਰਾਤਾਂ ਤੁਹਾਡਾ ਇਸ ਤਰ੍ਹਾਂ ਬੈਠੇ ਰਹਿਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਹਿੱਪ ਬਾਹਰ ਨਿਕਲ ਸਕਦਾ ਹੈ। ਬਹੁਤ ਹਿੱਲੋ ਜੁੱਲੋ ਨਾ।”

“ਮੈਨੂੰ ਹੁਕਮ ਦੇਣ ਵਾਲੀ ਤੂੰ ਕੌਣ ਹੈ? ਮੈਨੂੰ ਖੋਲ੍ਹੋ।”

“ਮਿਸਟਰ! ਹੋਰ ਮਰੀਜ਼ ਸੁੱਤੇ ਪਏ ਨੇ। ਤੁਸੀਂ ਵੀ ਸੌਣ ਦੀ ਕੋਸ਼ਿਸ਼ ਕਰੋ। ਮੈਂ ਤੁਹਾਡੇ ਉੱਤੇ ਹੋਰ ਤੱਤਾ ਕੀਤਾ ਕੰਬਲ ਦੇ ਦਿੰਦੀ ਹਾਂ। ਠੰਢ ਕਾਫ਼ੀ ਹੈ।"

“ਖ਼ਬਰਦਾਰ! ਜੇ ਕੋਈ ਮੇਰੇ ਨੇੜੇ ਆਇਆ। ਮੇਰੀ ਮਰਜ਼ੀ ਹੈ। ਮੈਂ ਨਹੀਂ ਸੌਂਦਾ। ਲਾ ਲਓ ਜਿਹੜਾ ਜ਼ੋਰ ਲਾਉਣਾ ਹੈ। ਮੈਨੂੰ ਖੋਲ੍ਹੋ।"

“ਮਿਸਟਰ! ਤੁਸੀਂ ਦਵਾਈ ਲੈ ਲਓ ਅਤੇ ਸੌਂ ਜਾਓ।”

“ਮੈਂ ਤੁਹਾਡੇ ਗੰਦੇ ਹੱਥਾਂ ਤੋਂ ਕੁਝ ਨਹੀਂ ਲੈਣਾ।”

ਇਹ ਰੌਲਾ ਇਕ ਘੰਟਾ ਚੱਲਦਾ ਰਿਹਾ। ਮੇਰਾ ਜੀਅ ਕੀਤਾ ਕਿ ਦਰ ਕੋਲ ਖੜ੍ਹਕੇ ਕਹਾਂ, “ਭਾਈ ਸਾਹਿਬ! ਹੋਰ ਮਰੀਜ਼ਾਂ ਉੱਤੇ ਰਹਿਮ ਕਰੋ।” ਪਰ ਮੈਂ ਤਾਂ ਆਪਣੇ ਮੰਜੇ ਉੱਤੇ ਪਾਸਾ ਲੈਣ ਜੋਗਾ ਵੀ ਨਹੀਂ ਸਾਂ।

ਇਕ ਹੋਰ ਰਾਤ ਕੋਈ ਮਰੀਜ਼ ਔਰਤ ਉੱਚੀ-ਉੱਚੀ ਰੌਲਾ ਪਾਉਣ ਲੱਗੀ, “ਇਸ ਹਸਪਤਾਲ ਨੂੰ ਅੱਗ ਲੱਗ ਜਾਣੀ ਹੈ। ਅਸੀਂ ਸਾਰੇ ਵਿੱਚੇ ਸੜ ਜਾਵਾਂਗੇ। ਮੈਨੂੰ ਪਾਲ਼ਾ ਲੱਗ ਰਿਹਾ ਹੈ, ਮੇਰੇ ਉੱਤੇ ਹੋਰ ਕੰਬਲ ਦੇ ਦਿਓ ਓਏ।”

ਅੰਗਰੇਜ਼ੀ ਬੋਲਣ ਦੇ ਉਸਦੇ ਲਹਿਜੇ ਤੋਂ ਮੈਨੂੰ ਜਾਪਿਆ ਕਿ ਇਹ ਔਰਤ ਪੰਜਾਬੀ ਹੈ। ਫਿਰ ਉਹ ਗਾਉਣ ਲੱਗੀ :-
“ਭਤੀਜੇ! ਨਿਸ਼ਾ ਕਰਾ ਦੇ, ਨਿਸ਼ਾ ਕਰਾ ਦੇ।”

ਜਦ ਉਹ ਬੋਲਣੋ ਨਾ ਹਟੀ ਤਾਂ ਡਿਊਟੀ ਉਤਲੇ ਮਰਦ-ਨਰਸ ਨੇ ਪੰਜਾਬੀ ਵਿਚ ਕਿਹਾ, “ਚਾਚੀ! ਤੂੰ ਚੁੱਪ ਕਰਦੀ ਹੈਂ ਕਿ ਨਹੀਂ, ਕਿ ਕਰਾਵਾਂ ਤੇਰੀ ਨਿਸ਼ਾ! ਖ਼ਬਰਦਾਰ ਜੇ ਬੋਲੀ, ਹੈਂ!” ਇਹ ਕਹਿ ਕੇ ਉਹਨੇ ਆਪਣੇ ਕੋਲ ਪਈ ਖੂੰਡੀ ਫ਼ਰਸ਼ ਉੱਤੇ ਜ਼ੋਰ ਨਾਲ ਠਕੋਰੀ। ਉਹ ਔਰਤ ਚੁੱਪ ਕਰ ਗਈ।
ਡੇਵ ਉਸ ਰਾਤ ਮੇਰੀ ਵੀ ਦੇਖਭਾਲ ਕਰ ਰਿਹਾ ਸੀ। ਉਹ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਹੈ। ਉਹ ਮੈਨੂੰ ਕੋਈ ਦਵਾਈ ਦੇਣ ਆਇਆ ਤਾਂ ਮੈਂ ਪੁੱਛਿਆ, “ਇਹ ਰੌਲਾ ਪਾਉਣ ਵਾਲੀ ਤੀਵੀਂ ਕੌਣ ਹੈ?”

“ਇਹ ਪੰਜਾਹ ਕੁ ਸਾਲ ਦੀ ਪੰਜਾਬਣ ਹੈ। ਇਹਦਾ ਦਿਮਾਗ਼ ਹਿੱਲ ਚੁੱਕਾ ਹੈ। ਇਹ ਕਦੇ ਕੁਝ ਮੰਗਦੀ ਹੈ, ਕਦੇ ਕੁਝ। ਅਸੀਂ ਇਹਨੂੰ ਬਹੁਤ ਕੁਝ ਕਹਿ ਵੀ ਨਹੀਂ ਸਕਦੇ। ਨਰਸਿੰਗ ਦੇ ਸਾਡੇ ਕੰਮ ਵਿਚ ਸਭ ਕੁਝ ਦੇਖਣਾ, ਸੁਣਨਾ, ਸਹਿਣਾ ਪੈਂਦਾ ਹੈ। ਮਨ ਤੇ ਸਰੀਰ ਕੰਮ ਵਿਚ ਬਹੁਤ ਥੱਕ ਜਾਂਦੇ ਹਨ। ਆਥਣ ਨੂੰ ਘਰ ਜਾ ਕੇ ਮਸਾਂ ਮੰਜੇ ਉੱਤੇ ਡਿਗੀਦਾ ਹੈ।”

ਮੇਰੇ ਬੀਮਾਰ ਹੋਣ ਤੋਂ ਚਾਰ ਕੁ ਹਫ਼ਤੇ ਪਿੱਛੋਂ ਮੇਰਾ ਸਤੱਤਰਵਾਂ ਜਨਮ ਦਿਨ ਆ ਗਿਆ। ਮੇਰੇ ਪੁੱਤ, ਧੀਆਂ, ਦੋਹਤਾ, ਪੋਤੀਆਂ ਇਕੱਠੇ ਹੋ ਕੇ ਹਸਪਤਾਲ ਆ ਗਏ। ਨਰਸਾਂ ਨੇ ਮੈਨੂੰ ਸਹਾਰਾ ਦੇ ਕੇ ਬਿਠਾ ਦਿੱਤਾ। ਪਿੱਠ ਪਿੱਛੇ ਰਜ਼ਾਈ ਸਰਹਾਣੇ ਰੱਖ ਦਿੱਤੇ। ਮੈਂ ਬਹੁਤ ਥੱਕਿਆ ਟੁੱਟਿਆ ਹੋਇਆ ਸੀ। ਮੇਰਾ ਮੂੰਹ ਦੰਦਾਂ ਬਿਨਾਂ ਖੋਖਲਾ ਸੀ। ਮੇਰਾ ਚਿਹਰਾ ਬੀਮਾਰੀ ਕਾਰਨ ਲਟਕ ਗਿਆ ਸੀ। ਮੇਰੀ ਮੰਦੀ ਹਾਲਤ ਦੇਖ ਕੇ ਮੇਰੀ ਪੋਤੀ ਐਸ਼ਲੀ ਹੱਸੀ ਅਤੇ ਬੋਲੀ, “ਮਾਂ ਜੀ ਬੈਠੀ ਹੈ। ਇੰਨ ਬਿਨ ਮਾਂ ਜੀ!” ਉਹ ਮੈਨੂੰ ਦੇਖ ਕੇ ਮੇਰੀ ਬੀਮਾਰ ਕਮਜ਼ੋਰ ਮਾਤਾ ਦੇ ਆਖ਼ਰੀ ਦਿਨਾਂ ਨੂੰ ਚੇਤੇ ਕਰ ਰਹੀ ਸੀ। ਮੈਂ ਤੀਹ ਦਿਨਾਂ ਵਿਚ ਤੀਹ ਸਾਲ ਬੁੱਢਾ ਹੋ ਗਿਆ ਸਾਂ। ਮੇਰੀਆਂ ਲੱਤਾਂ ਬਾਹਾਂ ਸੁੱਕ ਗਈਆਂ ਸਨ। ਮੇਰੀ ਇਸ ਹਾਲਤ ਸਮੇਂ ਬੱਚਿਆਂ ਵਲੋਂ ਮੇਰਾ ਜਨਮ ਦਿਨ ਮਨਾਉਣ ਦੀ ਗੱਲ ਉੱਤੇ ਮੇਰਾ ਅੰਦਰ ਹੱਸਿਆ, “ਮੈਂ ਮੌਤ-ਕੰਢਿਓਂ ਮੁੜ ਕੇ ਆਇਆ ਹਾਂ। ਪਤਾ ਨਹੀਂ ਕਿੰਨਾ ਚਿਰ ਬੀਮਾਰ ਰਹਿਣਾ ਹੈ। ਇਹ ਬੱਚੇ ਮੇਰੇ ਜਨਮ ਦਿਨ ਦੀਆਂ ਮੋਮਬੱਤੀਆਂ ਬਾਲ਼ ਰਹੇ ਹਨ।” ਪਰ ਮੈਂ ਚੁੱਪ ਰਿਹਾ ਅਤੇ ਆਪਣੇ ਪਰਿਵਾਰ ਦੇ ਚਾਅ ਵਿਚ ਸ਼ਾਮਲ ਹੁੰਦਾ ਹੌਲ਼ੀ-ਹੌਲ਼ੀ ਗੱਲਾਂ ਕਰੀ ਗਿਆ।

ਹਸਪਤਾਲ ਦਾ ਖਾਣਾ ਆਉਂਦਾ, ਪਰ ਮੈਨੂੰ ਉਹ ਫਿੱਕਾ ਤੇ ਬੇਰਸ ਲੱਗਦਾ। ਮੈਂ ਦੁੱਧ, ਦਹੀਂ, ਆਈਸ ਕਰੀਮ ਤੇ ਹੋਰ ਨਰਮ ਚੀਜ਼ਾਂ ਖਾ ਲੈਂਦਾ; ਪਰ ਕਰੜੀਆਂ ਸਬਜ਼ੀਆਂ ਮੈਂ ਨਹੀਂ ਖਾ ਸਕਦਾ ਸਾਂ ਕਿਉਂਕਿ ਮੇਰੀ ਬਣਾਉਟੀ ਦੰਦਾਵਲੀ ਹੁਣ ਫਿੱਟ ਨਹੀਂ ਸੀ ਰਹੀ। ਮੇਰਾ ਭਾਰ ਚਾਲੀ ਪੌਂਡ ਘਟ ਗਿਆ ਸੀ।

ਇੱਕ ਦਿਨ ਡਾਕਟਰ ਕੇ ਆਈ ਤੇ ਬੋਲੀ, “ਤੇਰੇ ਸਰੀਰ ਵਿਚ ਸੋਡੀਅਮ ਲੋੜ ਤੋਂ ਘੱਟ ਹੈ। ਤੇਰਾ ਵਜ਼ਨ ਵੀ ਘਟ ਗਿਆ ਹੈ। ਮੈਨੂੰ ਕਿਚਨ ਵਾਲਿਆਂ ਨੇ ਦੱਸਿਆ ਕਿ ਤੇਰੀ ਥਾਲੀ ਭਰੀ ਭਰਾਈ ਮੁੜ ਜਾਂਦੀ ਹੈ। ਕੀ ਗੱਲ ਹੈ?”

“ਮੇਰਾ ਮੂੰਹ ਜਮ੍ਹਾ ਈ ਬੋੜਾ ਹੋ ਗਿਐ। ਸਖ਼ਤ ਚੀਜ਼ਾਂ ਮੈਂ ਖਾ ਨਹੀਂ ਸਕਦਾ। ਜੋ ਹੋ ਸਕਦਾ ਹੈ ਮੈਂ ਖਾ ਲੈਂਦਾ ਹਾਂ।”

“ਸੋਡੀਅਮ ਠੀਕ ਕਰਨ ਲਈ ਤੈਨੂੰ ਲੂਣ ਵਾਲੀਆਂ ਚੀਜ਼ਾਂ ਵਧੇਰੇ ਖਾਣੀਆਂ ਚਾਹੀਦੀਆਂ ਹਨ। ਪਾਣੀ ਘੱਟ ਪੀਣਾ ਪਵੇਗਾ, ਚੌਵੀ ਘੰਟੇ ਵਿਚ ਸਿਰਫ਼ ਡੇਢ ਲਿਟਰ।"

“ਪਰ ਮੇਰਾ ਤਾਂ ਬਲੱਡ ਪਰੈਸ਼ਰ ਹਾਈ ਹੈ। ਲੂਣ ਨਾਲ ਉਹ ਹੋਰ ਵਧ ਜਾਏਗਾ।”

“ਮੈਂ ਜਾਣਦੀ ਹਾਂ। ਦਵਾਈਆਂ ਦਾ ਇਹ ਦੁਸ਼ਟ-ਚੱਕਰ ਹੈ। ਇਕ ਗੱਲ ਠੀਕ ਕਰੋ। ਕਿਧਰੇ ਹੋਰ ਨੁਕਸ ਪੈ ਜਾਂਦਾ ਹੈ। ਪਰ ਤੇਰੀ ਸੋਡੀਅਮ ਤਾਂ ਠੀਕ ਕਰਨੀ ਹੀ ਪਵੇਗੀ। ਤੂੰ ਕੋਈ ਬਦਲਵੀਂ ਖ਼ੁਰਾਕ ਖਾ ਕੇ ਦੇਖ। ਮੈਂ ਜਾਣਦੀ ਹਾਂ ਕਿ ਹਸਪਤਾਲ ਦਾ ਖਾਣਾ ਬਹੁਤ ਹੀ ਬੇਰਸ ਹੁੰਦਾ ਹੈ। ਤੂੰ ਘਰੋਂ ਕੁਝ ਮੰਗਵਾ ਲਿਆ ਕਰ।"

“ਠੀਕ ਹੈ। ਧੰਨਵਾਦ।”

ਇਹ ਗੱਲਾਂ ਕਰਦੀ ਡਾ. ਕੇ ਸਾਰਾ ਸਮਾਂ ਮੁਸਕਰਾਉਂਦੀ ਰਹੀ। ਉਹ ਲੰਮੀ ਝੰਮੀ ਸੋਹਣੀ ਹੈ। ਗੋਰਾ ਨਿਛੋਹ ਰੰਗ ਖ਼ੂਬਸੂਰਤ ਪਰ ਸਰੀਰ ਖਾਸੇ ਮੋਟੇ ਅੰਗ ਦਾ। ਮੇਰੇ ਨਾਲ ਗੱਲਾਂ ਕਰਨ ਸਮੇਂ ਉਹ ਵਾਰ-ਵਾਰ ਆਪਣੇ ਬਲਾਊਜ਼ ਨੂੰ ਹੇਠਾਂ ਖਿੱਚਦੀ ਅਤੇ ਆਪਣੀ ਪੈਂਟ ਨੂੰ ਉੱਤੇ ਚੁੱਕਦੀ ਰਹੀ।

“ਤੇਰੀ ਸੋਡੀਅਮ ਠੀਕ ਕਰਨ ਲਈ ਮੈਂ ਤੈਨੂੰ ਨਵੀਂ ਦਵਾਈ ਵੀ ਦੇਵਾਂਗੀ।”

ਡਾ. ਕੇ ਚਲੀ ਗਈ। ਮੈਂ ਸੋਚਣ ਲੱਗਿਆ, “ਡਾ. ਕੇ ਤਾਂ ਡਾਕਟਰ ਹੈ, ਲੋਕਾਂ ਦੀ ਸਿਹਤ ਠੀਕ ਕਰਦੀ ਹੈ। ਮੋਟਾਪਾ ਘਟਾਉਣ ਲਈ ਲੋਕਾਂ ਨੂੰ ਸਲਾਹਾਂ ਦਿੰਦੀ ਹੋਵੇਗੀ, ਪਰ ਇਹ ਆਪ?”
ਮੇਰੀ ਨਰਸ ਆਈ ਅਤੇ ਮੇਰੇ ਪਾਣੀ ਦਾ ਜੱਗ ਚੁੱਕ ਕੇ ਲੈ ਗਈ। ਮੇਰੇ ਸਿਰਹਾਣੇ ਲੱਗੇ ਬੋਰਡ ‘ਤੇ ਲਿਖ ਦਿੱਤਾ ਗਿਆ-ਚੌਵੀ ਘੰਟੇ ਵਿਚ ਸਿਰਫ਼ ਡੇਢ ਲਿਟਰ ਪਾਣੀ। ਨਰਸ ਜੱਗ ਅੱਧਾ ਭਰ ਕੇ ਮੇਰੇ ਕੋਲ ਰੱਖ ਗਈ। ਮੇਰਾ ਮੂੰਹ ਸੁੱਕਣ ਲੱਗਿਆ। ਮੈਂ ਜੱਗ ‘ਚੋਂ ਥੋੜ੍ਹਾ ਜਿਹਾ ਪਾਣੀ ਪਾ ਕੇ ਪੀਤਾ ਅਤੇ ਪਾਣੀ ਵੱਲ ਹਸਰਤ ਭਰੀ ਨਜ਼ਰ ਨਾਲ ਦੇਖਿਆ।

ਮੈਂ ਲੂਣ ਵਧੇਰੇ ਖਾਣ ਲੱਗਿਆ। ਮੈਨੂੰ ਵਧੇਰੇ ਪਿਆਸ ਲੱਗਣ ਲੱਗੀ। ਮੈਂ ਨਰਸ ਨੂੰ ਆਪਣੀ ਮੁਸ਼ਕਿਲ ਦੱਸੀ, ਤਾਂ ਉਹ ਡੰਡੀ ਵਾਲਾ ਨਿੱਕਾ ਜਿਹਾ ਸਪੰਜ ਮੈਨੂੰ ਦੇ ਗਈ ਤੇ ਬੋਲੀ, “ਪਾਣੀ ਵਿਚ ਡਬੋ ਕੇ ਇਸ ਨਾਲ ਮੂੰਹ ਰਤਾ ਗਿੱਲਾ ਕਰ ਲਿਆ ਕਰ। ਤੈਨੂੰ ਪਾਣੀ ਬੰਨ੍ਹਵਾਂ ਹੀ ਮਿਲੇਗਾ। ਮੈਂ ਸੋਚਿਆ, “ਕਿਤੇ ਇਕ ਮੁਸੀਬਤ ਹੈ?! ਮੈਨੂੰ ਹਜ਼ਰਤ ਮੁਹੰਮਦ ਸਾਹਿਬ ਦਾ ਦੋਹਤਾ ਇਮਾਮ ਹੁਸੈਨ ਯਾਦ ਆਇਆ, ਜਿਹਨੂੰ ਤਿੰਨ ਦਿਨ ਪਿਆਸਾ ਰੱਖਿਆ ਗਿਆ ਤੇ ਫਿਰ ਕਤਲ ਕਰ ਦਿੱਤਾ ਗਿਆ ਸੀ। ਮੇਰੇ ਲਈ ਹਸਪਤਾਲ ਹੀ ਕਰਬਲਾ ਬਣ ਗਿਆ ਸੀ। ਮੈਂ ਅੱਠ ਹਫ਼ਤੇ ਪਾਣੀ ਲਈ ਤਰਸਦਾ ਰਿਹਾ। ਇਕ ਦਿਨ ਮੇਰਾ ਪਾਣੀ ਥੋੜ੍ਹਾ ਰਹਿ ਗਿਆ। ਮੇਰਾ ਪੁੱਤਰ ਰਵੀ ਮੈਨੂੰ ਮਿਲਣ ਆਇਆ। ਜਦ ਨਰਸ ਕਿਸੇ ਹੋਰ ਕਮਰੇ ਵੱਲ ਗਈ, ਤਾਂ ਮੈਂ ਰਵੀ ਨੂੰ ਕਿਹਾ, “ਮੇਰੇ ਜੱਗ ਵਿਚ ਥੋੜ੍ਹਾ ਹੋਰ ਪਾਣੀ ਪਾ ਲਿਆ। ਉਹ ਲੈ ਆਇਆ। ਫਿਰ ਮੈਂ ਸੋਚਿਆ, “ਮੇਰੇ ਤਾਂ ਪਿਸ਼ਾਬ ਵਾਲੀ ਨਾਲੀ ਅਤੇ ਥੈਲੀ ਲੱਗੀ ਹੋਈ ਹੈ। ਜਦ ਨਰਸ ਥੈਲੀ ਵਾਲਾ ਪਿਸ਼ਾਬ ਮਿਣੇਗੀ ਤਾਂ ਮੇਰੀ ਚੋਰੀ ਫੜੀ ਜਾਵੇਗੀ। ਮੈਂ ਅਜਬ ਦੁਬਿਧਾ ਵਿਚ ਅੱਠ ਹਫ਼ਤੇ ਪਾਣੀ ਨੂੰ ਤਰਸਦਾ ਰਿਹਾ, ਪਰ ਮੇਰੀ ਸੋਡੀਅਮ ਨਾ ਵਧੀ, ਤਾਂ ਡਾਕਟਰ ਹਾਰ ਕੇ ਕਹਿਣ ਲੱਗੀ, “ਤੇਰੀ ਸੋਡੀਅਮ ਦੀ ਪੱਧਰ ਸ਼ਾਇਦ ਪੱਕੀ ਹੀ ਨੀਵੀਂ ਹੈ, ਮੈਂ ਪਾਣੀ ਦੀ ਪਾਬੰਦੀ ਤੇਰੇ ਤੋਂ ਚੁੱਕ ਰਹੀ ਹਾਂ।”

ਮੇਰਾ ਜੱਗ ਨਰਸ ਨੇ ਫਿਰ ਵੀ ਨਾ ਭਰਿਆ। ਮੈਂ ਉਹਨੂੰ ਪਾਣੀ ਹੋਰ ਲਿਆਉਣ ਲਈ ਕਿਹਾ ਤਾਂ ਉਹ ਬੋਲੀ, “ਤੈਨੂੰ ਹੋਰ ਪਾਣੀ ਨਹੀਂ ਮਿਲ ਸਕਦਾ।”

ਨਰਸ ਨੂੰ ਇਤਬਾਰ ਨਾ ਆਇਆ। ਉਹਨੇ ਬਾਹਰ ਜਾ ਕੇ ਮੇਰਾ ਚਾਰਟ ਚੈੱਕ ਕੀਤਾ ਅਤੇ ਮੇਰਾ ਜੱਗ ਪੂਰਾ ਭਰ ਗਈ। ਮੈਂ ਰੱਜ ਕੇ ਪਾਣੀ ਪੀਤਾ ਅਤੇ ਲੰਮਾ ਪੈ ਗਿਆ। ਦੋ ਤਿੰਨ ਦਿਨਾਂ ਪਿਛੋਂ ਮੈਂ ਮਹਿਸੂਸ ਕੀਤਾ ਕਿ ਹੁਣ ਮੈਨੂੰ ਪਿਆਸ ਹੀ ਘੱਟ ਲੱਗਦੀ ਹੈ, ਮੇਰਾ ਮੂੰਹ ਨਹੀਂ ਸੁੱਕਦਾ। ਮੈਂ ਆਪਣੀ ਖ਼ੁਰਾਕ ਬਾਰੇ ਆਪਣੇ ਬੱਚਿਆਂ ਨਾਲ ਗੱਲ ਕੀਤੀ ਉਹ ਕਹਿਣ ਲੱਗੇ, ਇਹ ਤਾਂ ਬਹੁਤ ਚੰਗੀ ਗੱਲ ਹੈ, ਇਸ ਨਾਲ ਤੁਸੀਂ ਛੇਤੀ ਤੰਦਰੁਸਤ ਹੋ ਜਾਵੋਗੇ।

ਸਬਜ਼ੀਆਂ, ਮੀਟ ਦੀ ਤਰੀ, ਮੂਲੀ ਤੇ ਗੋਭੀ ਤੇ ਵੇੜ੍ਹਵੇਂ ਪਰਾਉਂਠੇ, ਰੈਤਾ, ਦਾਲਾਂ, ਦਹੀਂ, ਅਚਾਰ, ਫੁਲਕੇ, ਖੀਰ, ਸੇਵੀਆਂ ਆਉਣ ਲੱਗੀਆਂ। ਮੈਂ ਸੁਆਦ ਨਾਲ ਜਦ ਜੀਅ ਕਰਦਾ ਓਦੋਂ ਖਾਂਦਾ। ਮੇਰੀ ਗਿਆਰਾਂ ਵਜੇ ਲੰਚ ‘ਤੇ ਸਾਢੇ ਚਾਰ ਵਜੇ ਸ਼ਾਮ ਦੀ ਰੋਟੀ ਖਾਣ ਦੀ ਮਜਬੂਰੀ ਖ਼ਤਮ ਹੋ ਗਈ। ਰਾਤ ਨੂੰ ਸੌਣ ਲੱਗਿਆਂ, ਜੇ ਮੈਨੂੰ ਭੁੱਖ ਹੁੰਦੀ ਤਾਂ ਖਾਣਾ ਮਾਈਕਰੋਵੇਵ ਵਿਚ ਗਰਮ ਕਰਕੇ ਖਾ ਲੈਂਦਾ। ਘਰ ਦਾ ਖਾਣਾ ਖਾਣਾ ਨਾਲ ਮੇਰਾ ਭਾਰ ਘਟਣੋਂ ਹਟ ਗਿਆ। ਮੇਰੀ ਸੋਡੀਅਮ ਦੀ ਪੱਧਰ ਵੀ ਰਤਾ ਉੱਤੇ ਆਉਣ ਲੱਗੀ, ਪਰ ਠੀਕ ਪੱਧਰ ਉੱਤੇ ਕਦੇ ਨਾ ਆਈ।

ਆਈਸੋਲੇਸ਼ਨ ਵਾਰਡ ਦੇ ਕਮਰੇ ਦੀ ਬਾਰੀ ਵਿਚੋਂ ਮੈਨੂੰ ਅਸਮਾਨ ਦਿਸਦਾ; ਦੂਰ ਕਿਸੇ ਉੱਚੀ ਸੜਕ ਦੇ ਕੰਢੇ ਲੱਗੇ ਲੰਮੇ ਦਰੱਖ਼ਤਾਂ ਦੀ ਕਤਾਰ ਦਿਸਦੀ। ਇਹ ਨਜ਼ਾਰਾ ਮੈਨੂੰ ਚੰਗਾ ਲੱਗਦਾ ਪਰ ਇੱਕੋ ਤਸਵੀਰ ਕੋਈ ਕਿੰਨਾ ਕੁ ਚਿਰ ਦੇਖ ਸਕਦਾ ਹੈ! ਮੇਰੀ ਇਕੱਲ ਮੇਰੇ ਮਨ ਵਿਚ ਰੜਕਦੀ।
ਜਦੋਂ ਮੇਰੀ ਰੂਹ ਰਤਾ ਕੁ ਤਕੜੀ ਹੋਈ ਤਾਂ ਮੈਂ ਘਰੋਂ ਰੇਡੀਓ-ਟੇਪ ਰੀਕਾਰਡਰ ਮੰਗਵਾ ਲਿਆ। ਮੈਂ ਕਦੇ ਖ਼ਬਰਾਂ ਸੁਣ ਲੈਂਦਾ, ਕਦੇ ਕੋਈ ਪੰਜਾਬੀ ਰੇਡੀਓ ਸਟੇਸ਼ਨ ਲਾ ਲੈਂਦਾ। ਕਦੇ ਗ਼ਜ਼ਲਾਂ ਦੀ ਟੇਪ ਲਾ ਲੈਂਦਾ। ਚੰਗਾ ਸੰਗੀਤ ਅਤੇ ਚੰਗੇ ਸ਼ੇਅਰ ਸੁਣਨ ਨਾਲ ਮੇਰੇ ਦਿਨ ਰਤਾ ਕੁ ਸੌਖੇ ਲੰਘਣ ਲੱਗੇ। ਫੇਰ ਵੀ ਕਦੇ ਮੈਂ ਉਦਾਸ ਹੋ ਜਾਂਦਾ, ਨਿਰਾਸ਼ਾ ਦਾ ਬੁੱਲਾ ਆਉਂਦਾ। ਮੈਂ ਆਪਣੀ ਬੇਧਿਆਨੀ ਕਾਰਨ ਜ਼ਖ਼ਮੀ ਹੋ ਕੇ, ਏਡੀ ਬੀਮਾਰੀ ਸਹੇੜ ਲੈਣ ਲਈ ਆਪਣੇ ਆਪ ਨੂੰ ਕੋਸਦਾ, ਪਛਤਾਉਂਦਾ। ਫਿਰ ਸੋਚਦਾ ਕਿ ਜੋ ਹੋ ਗਿਆ ਹੈ, ਉਸ ਨੂੰ ਮੈਂ ਬਦਲ ਨਹੀਂ ਸਕਦਾ।

ਮੈਂ ਆਪਣੇ ਕਮਰੇ ਵਿਚ ਆਪਣਾ ਫ਼ੋਨ ਲਗਵਾ ਲਿਆ, ਪਰ ਮੈਨੂੰ ਫ਼ੋਨ ਚੁੱਕਣ ਸਮੇਂ ਪੀੜ ਹੁੰਦੀ। ਜੇ ਫ਼ੋਨ ਰਤਾ ਪਰੇ ਪਿਆ ਹੋਵੇ, ਤਾਂ ਮੈਂ ਉਸ ਤਕ ਪਹੁੰਚਣ ਜੋਗਾ ਨਹੀਂ ਸਾਂ। ਫ਼ੋਨ ਕਰਕੇ ਮੇਰਾ ਨਾਤਾ, ਬਾਹਰਲੀ ਦੁਨੀਆ ਨਾਲ ਰਤਾ ਕੁ ਜੁੜ ਗਿਆ।

ਇਕ ਦਿਨ ਮੈਂ ਆਪਣੇ ਕਵੀ-ਮਿੱਤਰ ਨਦੀਮ ਪਰਮਾਰ ਨੂੰ ਆਪਣੀ ਹਾਲਤ ਦੱਸ ਦਿੱਤੀ ਅਤੇ ਬੇਨਤੀ ਕੀਤੀ ਕਿ ਉਹ ਲੇਖਕ-ਮੰਚ ਦੇ ਮਿੱਤਰਾਂ ਨੂੰ ਮੇਰੀ ਬੀਮਾਰੀ ਅਤੇ ਅਜੋਕੀ ਹਾਲਤ ਬਾਰੇ ਦੱਸ ਦੇਵੇ; ਨਾਲ ਹੀ ਸਲਾਹ ਦਿੱਤੀ ਕਿ ਲੇਖਕ-ਮਿੱਤਰ ਮੇਰੀ ਖ਼ਬਰ-ਸਾਰ ਲੈਣ ਹਸਪਤਾਲ ਨਾ ਆਉਣ; ਕਿਉਂਕਿ ਮੈਂ ਆਈਸੋਲੇਸ਼ਨ-ਵਾਰਡ ਵਿਚ ਹਾਂ।

ਪੰਜਾਬੋਂ ਸੈਰ ਕਰਨ ਆਏ ਤੇ ਵੈਨਕੂਵਰ ਦੇ ਪੰਜਾਬੀ ਲਿਖਾਰੀ ਮਿੱਤਰ ਮੇਰੀ ਖ਼ਬਰ ਲੈਣ ਆਉਣ ਲੱਗੇ। ਇਹਨਾਂ ਸਾਰਿਆਂ ਦੀਆਂ ਮਿਲਣੀਆਂ ਨੇ ਮੈਨੂੰ ਸਾਹਿਤ-ਜਗਤ ਨਾਲ ਜੋੜੀ ਰੱਖਿਆ। ਇਕ ਦਿਨ ਨਰਿੰਦਰ ਭਾਗੀ ਮੇਰੇ ਲਈ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਦੋ ਟੇਪਾਂ ਲਿਆਏ, ਜੋ ਮੈਂ ਅਨੇਕਾਂ ਵਾਰ ਸੁਣੀਆਂ ਤੇ ਮਾਣੀਆਂ।

ਕਦੇ-ਕਦੇ ਰਾਮਪੁਰ-ਵਾਸੀ ਮੈਨੂੰ ਮਿਲਣ ਆਉਂਦੇ ਜਾਂ ਫ਼ੋਨ ਕਰਦੇ ਤਾਂ ਅਸੀਂ ਰਾਮਪੁਰ ਦੀਆਂ, ਲਿਖਾਰੀ ਸਭਾ ਰਾਮਪੁਰ ਦੀਆਂ, ਰਾਮਪੁਰ ਨਾਲ ਖਹਿ ਕੇ ਵਗਦੀ ਨਹਿਰ ਸਰਹੰਦ ਦੀਆਂ, ਪਿੰਡ ਦੇ ਸਾਧਾਂ ਦੇ ਰੰਗੀਨ ਜੀਵਨ ਦੀਆਂ ਗੱਲਾਂ ਕਰਦੇ। ਮਨ ਲੰਘੇ ਸਮੇਂ ਦੀਆਂ ਗੱਲਾਂ ਕਰ ਕੇ ਜੀਵਨ ਦੀਆਂ ਅਨੇਕ ਘੜੀਆਂ ਮੁੜ ਕੇ ਜਿਊਂਦਾ ਰਿਹਾ। ਇਸ ਨਾਲ ਮੈਂ ਆਪਣੀ ਉਮਰ ਦੇ ਅਨੇਕਾਂ ਪੜਾਅ ਮੁੜ ਕੇ ਹੰਢਾਉਂਦਾ ਰਿਹਾ।

ਇਕ ਦਿਨ ਇਕ ਗੋਰੀ ਨਰਸ ਮੇਰਾ ਬਲੱਡ ਪ੍ਰੈਸ਼ਰ ਆਦਿ ਚੈੱਕ ਕਰਨ ਆਈ ਅਤੇ ਆਪਣਾ ਕੰਮ ਮੁਕਾ ਦੇ ਬੋਲੀ, “ਮਿਸਟਰ ਰਾਮਪੁਰੀ! ਤੁਸੀਂ ਕਿਹੜੇ ਦੇਸ਼ ਵਿਚ ਜਨਮੇ ਸੀ।”

“ਇੰਡੀਆ।”

“ਇੰਡੀਆ ਦੇ ਕਿਹੜੇ ਸੂਬੇ ਵਿਚ?”

“ਪੰਜਾਬ ਵਿਚ।”

“ਮੈਂ ਪੰਜਾਬੀ ਪੜ੍ਹ ਰਹੀ ਹਾਂ।”

“ਕਿੱਥੇ?”

“ਯੂਨੀਵਰਸਿਟੀ ਆਫ਼ ਬ੍ਰਿਟਿਸ਼-ਕੋਲੰਬੀਆ ਵਿਚ।”

“ਤੂੰ ਰਹਿੰਦੀ ਕਿਹੜੇ ਕਸਬੇ ਵਿਚ ਹੈਂ?”

“ਮੈਪਲ-ਰਿੱਜ ਵਿਚ।”

“ਤੇਰੇ ਕਸਬੇ ਤੋਂ ਯੂ.ਬੀ.ਸੀ. ਤਾਂ ਚਾਲੀ ਮੀਲ ਦੂਰ ਹੈ। ਪੰਜਾਬੀ ਪੜ੍ਹਨ ਲਈ ਤੈਨੂੰ ਬਹੁਤ ਲੰਮਾ ਸਫ਼ਰ ਕਰਨਾ ਪੈਂਦਾ ਹੈ, ਆਉਣ-ਜਾਣ ਅੱਸੀ ਮੀਲ।”

“ਫੇਰ ਕੀ ਹੋਇਆ? ਮੈਨੂੰ ਇਹ ਪੈਂਡਾ ਲੰਮਾ ਨਹੀਂ ਲੱਗਦਾ।”

“ਤੂੰ ਪੰਜਾਬੀ ਕਿਉਂ ਪੜ੍ਹ ਰਹੀ ਹੈਂ?”

“ਮੇਰਾ ਬੁਆਇ ਫਰੈਂਡ ਪੰਜਾਬੀ ਸਿੱਖ ਹੈ।”

“ਤੁਹਾਡਾ ਮੇਲ-ਜੋਲ ਕਿੰਨਾ ਚਿਰ ਤੋਂ ਚੱਲ ਰਿਹਾ ਹੈ?”

“ਅੱਠ ਸਾਲ ਤੋਂ।”

“ਵਿਆਹ ਨਹੀਂ ਕਰਵਾਇਆ?”

“ਉਹਦੇ ਮਾਪੇ ਨਹੀਂ ਮੰਨਦੇ। ਉਹ ਤਾਂ ਮੇਰਾ ਮੂੰਹ ਦੇਖਣ ਨੂੰ ਵੀ ਤਿਆਰ ਨਹੀਂ।”

“ਕਿਉਂ?”

“ਕਿਉਂਕਿ ਮੈਂ ਬਰਮਿੰਘਮ ਇੰਗਲੈਂਡ ਦੀ ਜੰਮੀ ਚਿੱਟੀ ਕੁੜੀ ਹਾਂ।”

“ਕੀ ਉਹਦੇ ਮਾਪੇ ਅਨਪੜ੍ਹ ਹਨ?”

“ਨਹੀਂ! ਉਹ ਤਾਂ ਯੂਨੀਵਰਸਿਟੀ ਡਿਗਰੀਆਂ ਵਾਲੇ ਹਨ।”

ਮੈਨੂੰ ਬੜੀ ਨਮੋਸ਼ੀ ਮਹਿਸੂਸ ਹੋਈ। ਮੈਂ ਘੜੀ ਕੁ ਲਈ ਬੌਂਦਲ ਗਿਆ। ਫਿਰ ਮੈਂ ਆਪਣੇ ਆਪ ਨੂੰ ਸਾਂਭਿਆ ਤੇ ਕਿਹਾ, “ਡਟੇ ਰਹੋ। ਅਖ਼ੀਰ ਵਿਚ ਜਿੱਤ ਤੁਹਾਡੀ ਹੋਵੇਗੀ!”

“ਮੈਨੂੰ ਪਤੈ।” ਉਹਨੇ ਘੜੀ ਕੁ ਮੇਰੇ ਵੱਲ ਇਕ-ਟਕ ਦੇਖਿਆ ਤੇ ਬੋਲੀ, “ਧੰਨਵਾਦ।”

ਸਾਡੇ ਭਾਈਚਾਰੇ ਦੇ ਕੁਝ ਹਿੱਸੇ ਦਾ ਪੁੱਠਾ-ਨਸਲਵਾਦ ਕਿੰਨਾ ਚਿਰ ਮੇਰੇ ਮਨ ਨੂੰ ਦੁੱਖ ਦਿੰਦਾ ਰਿਹਾ।

ਕਸਰਤ ਮਾਹਿਰ ਐਲੀਸਨ ਨੇ ਇਕ ਦਿਨ ਮੈਨੂੰ ਸਹਾਰਾ ਦੇ ਕੇ ਬਿਠਾਇਆ ਅਤੇ ਮੰਜੇ ਦੇ ਸੱਜੇ ਪਾਸੇ ਲੱਤਾਂ ਲਮਕਾਉਣ ਲਈ ਕਿਹਾ। ਆਪਣੀ ਸੱਜੀ ਲੱਤ ਮੈਂ ਸੌਖ ਨਾਲ ਸੱਜੇ ਪਾਸੇ ਲਮਕਾ ਲਈ; ਜਦ ਖੱਬੀ ਲੱਤ ਖਿਸਕਾ ਕੇ ਹੇਠਾਂ ਲਮਕਾਉਣ ਲੱਗਾ; ਤਾਂ ਤਿੱਖਾ ਦਰਦ ਹੋਇਆ, ਪਰ ਫਿਰ ਵੀ ਮੈਂ ਦੋਵੇਂ ਲੱਤਾਂ ਲਮਕਾ ਕੇ ਬੈਠਾ ਰਿਹਾ। ਐਲੀਸਨ ਬੋਲੀ, “ਵਾਹ ਬਈ ਵਾਹ, ਬਹੁਤ ਅੱਛੇ! ਹਰ ਰੋਜ਼ ਦੋਨੋਂ ਵੇਲੇ ਇੰਝ ਹੀ ਕਰਿਆ ਕਰ। ਇਸ ਨਾਲ ਤੇਰਾ ਖੱਬਾ ਗੋਡਾ ਰਤਾ ਵਧੇਰੇ ਮੁੜਨ ਲੱਗ ਜਾਏਗਾ, ਇਹ ਬਹੁਤ ਜ਼ਰੂਰੀ ਹੈ।”

ਕੁਝ ਦਿਨ ਪਿੱਛੋਂ ਐਲੀਸਨ ਨੇ ਕਿਹਾ, “ਲੱਤਾਂ ਸੱਜੇ ਲਮਕਾ ਅਤੇ ਫਰਸ਼ ਉੱਤੇ ਖੜ੍ਹਾ ਹੋ।” ਉਹਨੇ ਮੇਰੇ ਲੱਕ ਦੁਆਲੇ ਪੇਟੀ ਕਸ ਕੇ ਬੰਨ੍ਹੀ, ਫਿਰ ਮੈਨੂੰ ਪੇਟੀ ਖਿੱਚ ਕੇ ਸਹਾਰਾ ਦਿੱਤਾ। ਮੈਂ ਖੜ੍ਹਨ ਦੀ ਕੋਸ਼ਿਸ਼ ਕੀਤੀ ਪਰ ਖੱਬੀ ਲੱਤ ਵਿਚ ਤੇਜ਼ ਦਰਦ ਕਾਰਨ, ਧੜੰਮ ਕਰਦਾ ਮੰਜੇ ‘ਤੇ ਡਿੱਗ ਪਿਆ। ਦੋ ਕੁ ਦਿਨਾਂ ਵਿਚ ਮੈਂ ਆਪਣੇ ਪੈਰਾਂ ਉੱਤੇ ਖੜ੍ਹਨ ਵਿਚ ਕਾਮਯਾਬ ਹੋ ਗਿਆ। ਫਿਰ ਇਕ ਦਿਨ ਐਲੀਸਨ ਬੋਲੀ, “ਇਕ ਕਦਮ ਪੁੱਟ।” ਮੈਂ ਇਕ ਕਦਮ ਪੁੱਟਿਆ, ਪਰ ਦੂਜਾ ਕਦਮ ਨਾ ਪੁੱਟ ਸਕਿਆ। ਮੈਂ ਕਿਹਾ, “ਮੇਰੀ ਤਾਂ ਜਾਨ ਨਿਕਲਦੀ ਹੈ।” ਉਸ ਨੇ ਸਹਾਰਾ ਦੇ ਕੇ ਮੈਨੂੰ ਮੰਜੇ ਉੱਤੇ ਬਿਠਾ ਦਿੱਤਾ। ਕੁਝ ਦਿਨਾਂ ਵਿਚ ਮੈਂ ਚਾਰ ਪੰਜ ਕਦਮ ਪੁੱਟਣ ਲੱਗਾ। ਐਲੀਸਨ ਮੈਨੂੰ ਉਤਸ਼ਾਹ ਦੇਂਦੀ, ਵੀਲ੍ਹ-ਚੇਅਰ ਲੈ ਕੇ ਐਨ ਮੇਰੇ ਪਿੱਛੇ ਤੁਰਦੀ। ਥੱਕਣ ਸਾਰ ਮੈਂ ਚੇਅਰ ਉੱਤੇ ਬੈਠ ਜਾਂਦਾ। ਉਹ ਸਹਾਰਾ ਦੇ ਕੇ ਮੈਨੂੰ ਮੰਜੇ ਉੱਤੇ ਲੰਮਾ ਪਾ ਦਿੰਦੀ। ਮੈਂ ਸੋਚਿਆ ਮੇਰਾ ਹਾਲ ਤਾਂ ਨਿੱਕੜੇ ਬੱਚੇ ਵਰਗਾ ਹੈ, ਜੋ ਮਸਾਂ-ਮਸਾਂ, ਪਹਿਲਾਂ ਬੈਠਣਾ, ਫਿਰ ਰੁੜ੍ਹਨਾ ਅਤੇ ਫਿਰ ਤੁਰਨਾ ਸਿੱਖਦਾ ਹੈ। ਮੇਰੀ ਦੋਹਤੀ ਦੀ ਹਾਨਣ ਐਲੀਸਨ ਮਾਂ ਵਾਂਗ, ਮੈਨੂੰ ਹੁਣ ਬੁੱਢੇ ਵਾਰੇ ਮੁੜਕੇ ਤੁਰਨਾ ਸਿਖਾ ਰਹੀ ਹੈ ਅਤੇ ਮੈਂ, ਬੁਢਾਪੇ ਵਿਚ ਆਪਣਾ ਬਚਪਨ ਮੁੜ ਕੇ ਜਿਉਂ ਰਿਹਾ ਹਾਂ।

ਮੈਨੂੰ ਰਾਇਲ ਕੋਲੰਬੀਅਨ ਹਸਪਤਾਲ ਵਿਚ ਦਾਖ਼ਿਲ ਹੋਏ ਨੂੰ ਢਾਈ ਮਹੀਨੇ ਹੋ ਗਏ ਸਨ। ਇਕ ਦਿਨ ਮੇਰੀ ਨਰਸ ਨੇ ਮੈਨੂੰ ਦੱਸਿਆ, “ਕੱਲ੍ਹ ਨੂੰ ਤੈਨੂੰ, ਤੇਰੀ ਬਾਕੀ ਰੋਗ-ਮੁਕਤੀ ਲਈ ਕੁਈਨਜ਼ ਪਾਰਕ ਕੇਅਰ ਹੋਮ ਹਸਪਤਾਲ ਵਿਚ ਬਦਲ ਦਿੱਤਾ ਜਾਏਗਾ।” ਮੈਨੂੰ ਝਟਕਾ ਲੱਗਾ : ਜੋ ਸਬੰਧ ਮੈਂ, ਹੌਲੀ-ਹੌਲੀ, ਇਸ ਹਸਪਤਾਲ ਦੇ ਡਾਕਟਰਾਂ ਤੇ ਨਰਸਾਂ ਨਾਲ ਬਣਾਏ ਹਨ, ਉਹਨਾਂ ਤੋਂ ਇਕ ਦਮ ਵਾਂਝਾ ਹੋ ਜਾਵਾਂਗਾ। ਨਵੀਂ ਅਣਜਾਣ ਥਾਂ ਜਾਣ ਦੇ ਡਰ ਨਾਲ ਮੈਂ ਉਦਾਸ ਹੋ ਗਿਆ। ਦੂਜੀ ਘੜੀ ਮੈਂ ਸੋਚਿਆ ਕਿ ਇਹ ਉਦਾਸੀ ਬੇਕਾਰ ਹੈ, ਜਦ ਨਵੇਂ ਹਸਪਤਾਲ ਵਿਚ ਪਹੁੰਚੇ ਤਾਂ ਦੇਖਾਂਗੇ ਕੀ ਹੁੰਦਾ ਹੈ?

ਨਵਾਂ ਹਸਪਤਾਲ ਵੀ ਮੈਨੂੰ ਠੀਕ ਲੱਗਣ ਲੱਗਾ। ਏਸ ਵਿਚ ਮਰੀਜ਼ਾਂ ਦੀ ਕਸਰਤ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਸੀ।

ਦੂਜੀ ਸਵੇਰ ਅੱਠ ਵਜੇ ਬਰੇਕਫ਼ਾਸਟ ਆ ਗਈ। ਮੈਂ ਅਜੇ ਕੁਝ ਖਾ ਪੀ ਹੀ ਰਿਹਾ ਸੀ ਕਿ ਪੰਜਾਹ ਕੁ ਵਰ੍ਹਿਆਂ ਦੀ ਲੰਮੀ-ਝੰਮੀ ਸੋਹਣੀ ਔਰਤ ਆਈ ਅਤੇ ਬੋਲੀ, “ਗੁਡ ਮੌਰਨਿੰਗ! ਮੈਂ ਐਲਵੀਰਾ ਹਾਂ, ਤੁਹਾਡੀ ਫਿਜ਼ੀਓ-ਥੈਰਾਪਿਸਟ; ਮੈਂ ਤੁਹਾਨੂੰ ਚੇਤੇ ਕਰਾਉਣ ਆਈ ਹਾਂ ਕਿ ਕਸਰਤ ਕਰਨ ਦਾ ਵੇਲਾ ਸਾਢੇ ਨੌ ਵਜੇ ਸ਼ੁਰੂ ਹੁੰਦਾ ਹੈ। ਉਸ ਤੋਂ ਪਹਿਲਾਂ ਕਸਰਤ-ਕਮਰੇ ਵਿਚ ਪਹੁੰਚਣ ਦੀ ਕਿਰਪਾ ਕਰਨੀ।”

ਮੈਂ ਕਿਹਾ, “ਮੇਰੇ ਤਾਂ ਖੱਬੇ ਗੋਡੇ ਦਾ ਅਪਰੇਸ਼ਨ ਹੋਇਆ ਹੈ। ਮੈਂ ਤਾਂ ਪੈਰ ਵੀ ਜ਼ਮੀਨ ਉੱਤੇ ਨਹੀਂ ਲਾ ਸਕਦਾ। ਸਖ਼ਤ ਦਰਦ ਹੁੰਦਾ ਹੈ। ਮੈਨੂੰ ਆਉਣਾ ਔਖਾ ਹੈ।”

“ਤੈਨੂੰ ਤਾਂ ਕਸਰਤ ਕਰਨ ਦੀ ਬਹੁਤ ਲੋੜ ਹੈ। ਨਹੀਂ ਤਾਂ ਤੇਰਾ ਗੋਡਾ ਜਾਮ ਹੋ ਜਾਏਗਾ। ਮੈਂ ਤੇਰੇ ਲਈ ਵੀਲ੍ਹ-ਚੇਅਰ ਲੈ ਕੇ ਆਊਂਗੀ। ਉਸ ਵਿਚ ਮੈਂ ਤੈਨੂੰ ਆਪ ਲੈ ਕੇ ਜਾਊਂਗੀ, ਸਵਾ ਨੌਂ ਵਜੇ ਤਿਆਰ ਰਹੀਂ।”

ਐਲਵੀਰਾ ਮਿੱਥੇ ਸਮੇਂ ਉੱਤੇ ਆ ਗਈ। ਮੈਂ ਕਾਫ਼ੀ ਔਖ ਨਾਲ ਉੱਠਿਆ ਅਤੇ ਵੀਲ-ਚੇਅਰ ਵਿਚ ਬਹਿ ਗਿਆ। ਉਹ ਮੈਨੂੰ ਕਸਰਤ-ਕਮਰੇ ਵਿਚ ਲੈ ਗਈ ਅਤੇ ਸਹਾਰਾ ਦੇ ਕੇ ਕੁਰਸੀ ਉੱਤੇ ਬਿਠਾ ਦਿੱਤਾ। ਮੈਂ ਦੇਖਿਆ ਕਿ ਦਸ ਕੁ ਮਰੀਜ਼ ਪਹਿਲਾਂ ਹੀ ਆਏ ਬੈਠੇ ਸਨ। ਮੈਂ ਆਪਣਾ ਸੱਜਾ ਹੱਥ ਲਹਿਰਾ ਕੇ ਸਾਰਿਆਂ ਨੂੰ ਸਲਾਮ ਕੀਤੀ। ਹੌਲੀ-ਹੌਲੀ ਹੋਰ ਮਰੀਜ਼ ਵੀ ਆ ਕੇ ਬੈਠ ਗਏ। ਮੈਂ ਦੇਖਿਆ ਕਿ ਕਈ ਮਰੀਜ਼ ਮੇਰੇ ਕੋਲੋਂ ਵੀ ਵਡੇਰੀ ਉਮਰ ਦੇ ਅਤੇ ਕਮਜ਼ੋਰ ਸਨ, ਕਈਆਂ ਦੇ ਨੱਕ ਨੂੰ ਆਕਸੀਜਨ ਦੀਆਂ ਪਾਈਪਾਂ ਲੱਗੀਆਂ ਹੋਈਆਂ ਸਨ। ਉਹਨਾਂ ਵੱਲ ਦੇਖ ਕੇ ਮੇਰੇ ਮਨ ਦਾ ਤੌਖਲਾ ਰਤਾ ਘਟ ਗਿਆ।

ਸਾਢੇ ਨੌਂ ਵੱਜ ਗਏ। ਐਲਵੀਰਾ ਨੇ ਦੋ ਫੁੱਟ ਤੋਂ ਵੱਡੀ ਮਹਾਂ-ਗੇਂਦ ਮਰੀਜ਼ਾਂ ਦੇ ਵਿਚਕਾਰ ਲਿਆ ਸੁੱਟੀ ਅਤੇ ਰਤਾ ਕੁ ਕਿੱਕ ਮਾਰ ਕੇ ਇਕ ਮਰੀਜ਼ ਦੇ ਨੇੜੇ ਕਰ ਦਿੱਤੀ। ਉਸ ਮਰੀਜ਼ ਨੇ ਕਿੱਕ ਮਾਰ ਕੇ ਗੇਂਦ ਦੂਜੇ ਪਾਸੇ ਰੇੜ੍ਹ ਦਿੱਤੀ। ਕਿੱਕਾਂ ਦੀ ਵਾਛੜ ਵਿਚ ਗੇਂਦ, ਕਮਰੇ ਵਿਚ ਚਾਰੇ ਪਾਸੇ ਘੁੰਮਣ ਲੱਗੀ। ਮਰੀਜ਼ਾਂ ਦੇ ਪੈਰ ਮਹਾਂ-ਗੇਂਦ ਨੂੰ ਉਡੀਕਣ ਲੱਗੇ। ਖੇਡ-ਖੇਡ ਵਿਚ ਮਰੀਜ਼ਾਂ ਦੀਆਂ ਲੱਤਾਂ ਦੀ ਕਸਰਤ ਹੋਣ ਲੱਗੀ। ਕੁਝ ਚਿਰ ਪਿੱਛੋਂ ਐਲਵੀਰਾ ਨੇ ਉਹ ਗੇਂਦ ਆਪਣੇ ਕਲਾਵੇ ਵਿਚ ਲੈ ਕੇ ਕਿਸੇ ਮਰੀਜ਼ ਨੂੰ ਫੜਾ ਦਿੱਤੀ ਤੇ ਕਿਹਾ, “ਅਗਲੇ ਦੋਸਤ ਨੂੰ ਫੜਾਓ।” ਲੋਕਾਂ ਦੀਆਂ ਬਾਹਾਂ ਦੀ ਕਸਰਤ ਹੋਣ ਲੱਗੀ। ਇਸੇ ਤਰ੍ਹਾਂ ਗੇਂਦ ਨਾਲ ਮਰੀਜ਼ਾਂ ਨੂੰ ਕੁਝ ਹੋਰ ਕਸਰਤਾਂ ਕਰਵਾਈਆਂ ਗਈਆਂ। ਫਿਰ ਐਲਵੀਰਾ ਨੇ ਸੀ.ਡੀ. ਪਲੇਅਰ ਦਾ ਬਟਨ ਦੱਬ ਦਿੱਤਾ। ਦੱਖਣੀ ਅਮਰੀਕਾ ਦਾ ਮਧੁਰ ਸੰਗੀਤ ਫ਼ਿਜ਼ਾ ਵਿਚ ਗੂੰਜਿਆ। ਐਲਵੀਰਾ ਸੰਗੀਤ ਦੇ ਤਾਲ ਨਾਲ ਆਪਣੀਆਂ ਬਾਹਾਂ ਖੱਬੇ ਸੱਜੇ ਹੇਠਾਂ ਉੱਤੇ ਲਹਿਰਾਉਣ ਲੱਗੀ। ਸਾਰੇ ਮਰੀਜ਼ ਉਹਦੀ ਨਕਲ ਕਰਨ ਲੱਗੇ। ਜਦ ਬਾਹਾਂ ਥੱਕ ਗਈਆਂ ਤਾਂ ਐਲਵੀਰਾ ਨੇ ਮੋਢਿਆਂ ਅਤੇ ਸਰੀਰ ਦੇ ਹੋਰ ਅੰਗਾਂ ਦੀਆਂ ਕਈ ਕਸਰਤਾਂ ਕਰਵਾਈਆਂ। ਜਦੋਂ ਸੰਗੀਤ ਦਾ ਤਾਲ ਤੇਜ਼ ਹੋ ਜਾਂਦਾ, ਤਾਂ ਮਰੀਜ਼ਾਂ ਦੇ ਅੰਗ ਹੋਰ ਤੇਜ਼ੀ ਨਾਲ ਹਿੱਲਣ ਲੱਗਦੇ। ਇਸ ਤਰ੍ਹਾਂ ਅੱਧਾ ਘੰਟਾ ਬੀਤ ਗਿਆ; ਕਲਾਸ ਦਾ ਸਮਾਂ ਮੁੱਕ ਗਿਆ, ਪਰ ਟੀਚਰ ਨੇ ਮੈਨੂੰ ਅਤੇ ਕੁਝ ਹੋਰ ਮਰੀਜ਼ਾਂ ਨੂੰ ਰੁਕਣ ਲਈ ਕਹਿ ਦਿੱਤਾ। ਫਿਰ ਉਹ ਬਾਕੀ ਦੇ ਕੁਝ ਮਰੀਜ਼ਾਂ ਨੂੰ ਆਪ ਉਹਨਾਂ ਦੇ ਕਮਰਿਆਂ ਵਿਚ ਛੱਡ ਆਈ; ਕੁਝ ਮਰੀਜ਼ ਆਪ ਚਲੇ ਗਏ।

ਐਲਵੀਰਾ ਨੇ ਮੈਨੂੰ ਕਿਹਾ, “ਤੂੰ ਇਹ ਸਥਿਰ-ਸਾਈਕਲ ਚਲਾ। ਇਸ ਨਾਲ ਤੇਰੇ ਗੋਡੇ ਵਿਚ ਲਚਕ ਪੈਦਾ ਹੋਵੇਗੀ।” ਮੈਂ ਸਾਈਕਲ ਚਲਾਉਣ ਲੱਗਾ।

ਕੁਝ ਚਿਰ ਸਾਈਕਲ ਚਲਾ ਕੇ ਮੇਰਾ ਗੋਡਾ ਥੱਕ ਗਿਆ। ਉਸ ਵਿਚ ਪੀੜ ਵਧ ਗਈ। ਮੈਨੂੰ ਜੈਨੀ ਸਾਧੂ ਯਾਦ ਆਏ, ਜੋ ਤੁਣਕਾ ਮਾਰ ਕੇ ਆਪਣੇ ਵਾਲ ਪੁੱਟਦੇ ਹੁੰਦੇ ਸਨ। ਉਹ ਹਰ ਤੁਣਕੇ ਨਾਲ ਕਹਿੰਦੇ, “ਅਬ ਦੁਖ ਫਿਰ ਸੁੱਖ।” ਮੇਰਾ ਮਨ ਵੀ ਸਾਈਕਲ ਦੇ ਹਰ ਗੇੜੇ ਏਹੀ ਰਟਨ ਕਰਦਾ ਰਿਹਾ। ਫਿਰ ਇਸ ਰਟਨ ਬਾਰੇ ਸੋਚ ਕੇ ਮੈਂ ਆਪ ਹੀ ਮੁਸਕਰਾ ਪਿਆ।

ਤੀਜੇ ਪਹਿਰ ਦੇ ਸੈਸ਼ਨ ਵਿਚ ਬੈਠਣ ਉੱਠਣ ਦੀਆਂ ਅਜਿਹੀਆਂ ਕਸਰਤਾਂ ਕਰਾਈਆਂ ਜਾਂਦੀਆਂ, ਜੀਹਨਾਂ ਵਿਚ ਲੱਤਾਂ ਬਾਹਾਂ ਦੀ ਵਧੇਰੇ ਵਰਤੋਂ ਕਰਨੀ ਪਵੇ ਅਤੇ ਮਰੀਜ਼, ਖੜੋਣ ਵੇਲੇ ਆਪਣਾ ਸੰਤੁਲਨ ਕਾਇਮ ਰੱਖ ਸਕੇ। ਮੇਰੇ ਅੰਗਾਂ ਵਿਚ ਹੌਲੀ-ਹੌਲੀ ਨਵੀਂ ਤਾਕਤ ਅਤੇ ਵਧੇਰੇ ਸੰਤੁਲਨ ਆਉਣ ਲੱਗਾ; ਮੇਰੇ ਗੋਡੇ ਦੀ ਪੀੜ ਵੀ ਰਤਾ ਰਤਾ ਘਟਣ ਲੱਗੀ। ਇਹ ਤੀਜਾ ਸੈਸ਼ਨ ਮੁੱਕਣ ਪਿੱਛੋਂ ਮਰੀਜ਼ਾਂ ਨੂੰ ਆਈਸਕਰੀਮ ਜਾਂ ਫਲਾਂ ਦਾ ਜੂਸ ਦਿੱਤਾ ਜਾਂਦਾ। ਹਰ ਕੋਈ ਆਪਣੀ ਮਰਜ਼ੀ ਦੀ ਚੀਜ਼ ਖਾ ਪੀ ਲੈਂਦਾ, ਕਈ ਸਿਰਫ਼ ਪਾਣੀ ਪੀਂਦੇ।

ਇਕ ਦਿਨ ਤੀਜੀ ਕਲਾਸ ਖਿੰਡਣ ਪਿੱਛੋਂ ਮੈਂ ਐਲਵੀਰਾ ਨੂੰ ਪੁੱਛਿਆ, “ਤੁਸੀਂ ਕਿਸ ਦੇਸ਼ ਤੋਂ ਆਏ ਹੋ?”

“ਪੋਲੈਂਡ ਤੋਂ।”

“ਕਿੰਨਾ ਚਿਰ ਹੋ ਗਿਆ?”

“ਬਾਰਾਂ ਸਾਲ।”

“ਕਿਹੜੇ ਸ਼ਹਿਰ ਤੋਂ।”

“ਗਡੈਂਸਕ ਤੋਂ।”

“ਫਿਰ ਤਾਂ ਤੁਸੀਂ ਪੋਲੈਂਡ ਵਿਚ ਹੋਈਆਂ ਇਨਕਲਾਬੀ ਤਬਦੀਲੀਆਂ ਅੱਖੀਂ ਦੇਖੀਆਂ ਹੋਣਗੀਆਂ।”

“ਹਾਂ! ਮੈਂ ਬਹੁਤ ਕੁਝ ਅੱਖੀਂ ਦੇਖਿਆ ਹੈ। ਮੈਂ ਉਸ ਚੌਕ ਦੇ ਬਹੁਤ ਨੇੜੇ ਰਹਿੰਦੀ ਸਾਂ, ਜਿਸ ਵਿਚ ਲੈਖ ਬਵੈਂਸਾ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਜਲੂਸ ਕੱਢਿਆ ਅਤੇ ਜਲਸਾ ਕੀਤਾ ਸੀ। ਉਹ ਚੌਕ ਮੇਰੇ ਘਰ ਦੀ ਬਾਰੀ ਵਿਚੋਂ ਦਿਸਦਾ ਸੀ।”

ਸਾਡੀ ਗੱਲਬਾਤ ਤੁਰਦੀ ਤੁਰਦੀ ਪੋਲੈਂਡ ਵਿਚ ਹੋਏ ਰਾਜ-ਪਲਟੇ ਤੱਕ ਜਾ ਪਹੁੰਚੀ। ਐਲਵੀਰਾ ਕਹਿਣ ਲੱਗੀ, “ਬਾਕੀ ਤੁਹਾਨੂੰ ਪਤਾ ਹੀ ਹੈ ਕਿ ਪੂਰਬੀ ਯੂਰਪ ਦੇ ਦੇਸ਼ਾਂ ਵਿਚ ਪਿੱਛੋਂ ਕੀ ਹੋਇਆ ਹੈ! ਉਸ ਵੱਡੀ ਤਬਦੀਲੀ ਦਾ ਮੁੱਢ ਗਡੈਂਸਕ ਵਿਚ ਬੱਝਾ ਸੀ।”

“ਮੈਨੂੰ ਪੂਰਬੀ ਯੂਰਪ ਦੇ ਮੁਲਕਾਂ ਵਿਚ ਬਹੁਤ ਦਿਲਚਸਪੀ ਰਹੀ ਹੈ। ਕਦੇ ਫੇਰ ਖੁੱਲ੍ਹ ਕੇ ਗੱਲਾਂ ਕਰਾਂਗੇ।”

ਇਕ ਦਿਨ ਐਲਵੀਰਾ ਬੋਲੀ, “ਅੱਜ ਵੀਰਵਾਰ ਹੈ। ਅੱਜ ਕੋਈ ਸਰੀਰਕ ਕਸਰਤ ਨਹੀਂ ਹੋਵੇਗੀ। ਅੱਜ ਆਪਾਂ ਇਕੱਠੇ ਕੋਈ ਖੇਡ ਖੇਡਾਂਗੇ। ਦੋ ਟੀਮਾਂ ਬਣਾ ਲਓ।” ਮੇਜ਼ਾਂ ਦੇ ਸੱਜੇ ਖੱਬੇ ਦੋ ਟੀਮਾਂ ਬਣ ਗਈਆਂ। ਇਕ ਡੱਬੇ ਵਿਚ ਸੈਂਕੜੇ ਕਾਰਡ ਸਨ। ਉਹਨਾਂ ਉੱਤੇ ਸਵਾਲ ਲਿਖੇ ਹੋਏ ਸਨ, ਜਿਹਨਾਂ ਦੇ ਵਿਸ਼ੇ ਵੱਖੋ-ਵੱਖ ਸਨ। ਇਕ ਕਾਰਡ ਕੱਢਿਆ ਜਾਂਦਾ, ਸਵਾਲ ਪੜ੍ਹਿਆ ਜਾਂਦਾ ਅਤੇ ਐਲਵੀਰਾ ਕਹਿੰਦੀ, “ਸੱਜੇ ਪਾਸੇ ਦੀ ਟੀਮ ਜਵਾਬ ਦੇਵੇ। ਖੱਬੇ ਪਾਸੇ ਵਾਲੇ ਬਿਲਕੁਲ ਚੁੱਪ ਰਹਿਣ। ਖੱਬੇ ਪਾਸੇ ਦੇ ਕਈ ਲੋਕ, ਜਿਹਨਾਂ ਨੂੰ ਸਵਾਲ ਦਾ ਜਵਾਬ ਪਤਾ ਹੁੰਦਾ, ਬੋਲਣ ਲਈ ਬੇਚੈਨ ਹੁੰਦੇ; ਤਾਂ ਐਲਵੀਰਾ ਆਪਣੇ ਬੁੱਲ੍ਹ ‘ਤੇ ਉਂਗਲ ਰੱਖ ਕੇ ਕਹਿੰਦੀ, “ਚੁੱਪ, ਤੁਸੀਂ ਆਪਣੀ ਵਾਰੀ ਆਉਣ ‘ਤੇ ਬੋਲਣਾ।”

ਅਗਲੀ ਵਾਰੀ ਖੱਬੂ ਟੀਮ ਦੀ ਹੁੰਦੀ। ਜਿਸ ਟੀਮ ਨੇ ਵਧੇਰੇ ਠੀਕ ਜਵਾਬ ਦਿੱਤੇ ਹਨ, ਉਹ ਜਿੱਤ ਜਾਂਦੀ।”

ਮਰੀਜ਼ਾਂ ਨੇ ਇਹ ਸਮਾਂ ਸਿਰ ਖੁਰਕਦਿਆਂ, ਸੋਚਦਿਆਂ ਮਾਣਿਆ। ਸਮਾਂ ਬਹੁਤ ਛੇਤੀ ਬੀਤ ਗਿਆ ਜਾਪਿਆ।

ਕਸਰਤ-ਕਮਰੇ ਨੂੰ ਜਾਂਦਿਆਂ ਮੈਨੂੰ ਰਾਹ ਵਿਚ ਖੜ੍ਹੀ, ਪੰਜਾਬਣ ਨਰਸ ਮਿਲੀ, ਮੈਂ ਉਸ ਦਾ ਨੇਮ-ਟੈਗ ਪੜ੍ਹਿਆ, “ਅੰਮ੍ਰਿਤਾ”। ਰੁਕ ਕੇ ਮੈਂ ਕਿਹਾ, “ਸਤਿ ਸ੍ਰੀ ਅਕਾਲ। ਬੀਬਾ! ਕੀ ਹਾਲ ਹੈ?”
“ਚੰਗਾ ਹੈ, ਅੰਕਲ! ਤੁਸੀਂ ਆਪਣੀ ਦੱਸੋ, ਕਿਵੇਂ ਹੋ?”

“ਪਹਿਲਾਂ ਨਾਲੋਂ ਚੰਗਾ ਹਾਂ। ਬਹੁਤ ਹੌਲੀ-ਹੌਲੀ ਠੀਕ ਹੋ ਰਿਹਾ ਹਾਂ। ਤੁਹਾਡਾ ਨਾਂ ਤਾਂ ਬੜਾ ਮਸ਼ਹੂਰ ਨਾਂ ਹੈ।”

“ਮੇਰੀ ਭੂਆ ਨੇ ਰੱਖਿਆ ਸੀ। ਉਸ ਨੂੰ ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਬਹੁਤ ਪਸੰਦ ਸਨ, ਤਾਂ ਹੀ ਉਸ ਨੇ ਮੇਰਾ ਨਾਂ ਅੰਮ੍ਰਿਤਾ ਰੱਖ ਦਿੱਤਾ ਤੇ ਮੇਰੇ ਮਾਪਿਆਂ ਨੇ ਪਰਵਾਨ ਕਰ ਲਿਆ।”
“ਕੀ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਾ ਪ੍ਰੀਤਮ ਹੋਰੀਂ ਪਿਛਲੇ ਦਿਨੀਂ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹ ਬਹੁਤ ਲੰਮਾ ਸਮਾਂ ਬੀਮਾਰ ਰਹੇ ਸਨ।”

“ਸੁਣਿਆ ਸੀ। ਆਪਣੇ ਰੇਡੀਓ ਸਟੇਸ਼ਨਾਂ ਨੇ ਅੰਮ੍ਰਿਤਾ ਜੀ ਬਾਰੇ ਕਈ ਪ੍ਰੋਗਰਾਮ ਬਰਾਡਕਾਸਟ ਕੀਤੇ ਸੀ। ਬਹੁਤ ਅਫ਼ਸੋਸ ਹੋਇਆ ਹੈ।”

ਕਈ ਦਿਨਾਂ ਪਿੱਛੋਂ ਇਕ ਦਿਨ ਮੈਂ ਕਸਰਤ-ਕਲਾਸ ਮੁੱਕਣ ਮਗਰੋਂ ਆਪਣੇ ਮੰਜੇ ‘ਤੇ ਲੰਮਾ ਪਿਆ ਸੋਚ ਰਿਹਾ ਸਾਂ। ਮੈਂ ਆਪਣੇ ਦੁਆਲੇ ਪਰਦੇ ਤਾਣੇ ਹੋਏ ਸਨ ਕਿ ਕਿਸੇ