ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਵਾਰਸ਼ਕ ਸਰਗਰਮੀਆਂ/ਸੂਚਨਾਵਾਂ

 

ਸਾਲ 2008 ਦੇ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ 'ਤੇ

ਰਿਪੋਰਟ: ਸਾਧੂ ਬਿਨਿੰਗ


ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਰ੍ਹੇ ਵੀ ਪਲੀ (ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ) ਵੱਲੋਂ 24 ਫਰਵਰੀ ਵਾਲੇ ਦਿਨ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮੰਨਾਇਆ ਗਿਆ। ਦੁਨੀਆਂ ਭਰ ਵਿਚ ਮੰਨਾਏ ਜਾਂਦੇ ਇਸ ਦਿਨ ਦੀ ਸ਼ੁਰੂਆਤ 1999 ਵਿਚ ਹੋਈ ਜਦੋਂ ਬੰਗਲਾਦੇਸ਼ ਵਲੋਂ ਪੇਸ਼ ਕੀਤੇ ਰੈਜ਼ੂਲੇਸ਼ਨ ਦੇ ਨਤੀਜੇ ਵਜੋਂ ਯੁਨੈਸਕੋ ਨੇ ਫੈਸਲਾ ਕੀਤਾ ਕਿ ਹਰ ਵਰ੍ਹੇ 21 ਫਰਵਰੀ ਦਾ ਦਿਨ ਮਾਂ-ਬੋਲੀ ਦਿਨ ਹੋਵੇਗਾ। ਇਸ ਦਿਨ 1952 ਵਿੱਚ, ਬੰਗਲਾਦੇਸ਼, ਜੋ ਉਸ ਵੇਲੇ ਪੂਰਬੀ ਪਾਕਿਸਤਾਨ ਸੀ, ਵਿੱਚ ਆਪਣੀ ਭਾਸ਼ਾ ਦੀ ਪਹਿਚਾਣ ਲਈ ਜਦੋਜਹਿਦ ਕਰ ਰਹੇ ਨੌਜਵਾਨਾਂ ਨੇ ਆਪਣੇ ਜੀਵਨ ਦੀਆਂ ਕੁਰਬਾਨੀਆਂ ਦਿੱਤੀਆਂ ਸਨ. ਹੁਣ ਇਹ ਦਿਨ ਦੁਨੀਆਂ ਭਰ ਵਿਚ ਮਾਂ-ਬੋਲੀ ਦੇ ਦਿਨ ਵਜੋਂ ਮੰਨਾਇਆ ਜਾਂਦਾ ਹੈ।

ਪਲੀ ਵਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਦਾ ਇਹ ਛੇਵਾਂ ਸਲਾਨਾ ਸਮਾਗਮ ਸੀ. ਇਸ ਸਮੇਂ ਸਾਡੀ ਕੋਸ਼ਸ਼ ਹੁੰਦੀ ਹੈ ਕਿ ਪੰਜਾਬੀ ਬੋਲੀ ਨੂੰ ਦਰਪੇਸ਼ ਪਹਾੜਾਂ ਜਿੱਡੀਆਂ ਸਮੱਸਿਆਵਾਂ ਦੇ ਬਾਵਜੂਦ ਕੁਝ ਹਾਂ-ਪੱਖੀ ਵਿਚਾਰ ਕੀਤੇ ਜਾਣ। ਪੰਜਾਬੀਆਂ ਵਲੋਂ ਵੱਡੀ ਪੱਧਰ ‘ਤੇ ਜੀਵਨ ਵਿਚ ਕਾਮਯਾਬ ਹੋਣ ਦੀ ਕੁਦਰਤੀ ਖਾਹਿਸ਼ ਵਿਚ ਆਪਣੀ ਮਾਂ-ਬੋਲੀ ਨੂੰ ਛੱਡ ਕੇ ਦੂਜੀਆਂ ਬੋਲੀਆਂ ਨੂੰ ਅਪਨਾਉਣ ਨਾਲ ਪੈਦਾ ਹੋਈਆਂ ਸਮੱਸਿਆਵਾਂ ਤੋਂ ਬਹੁਤ ਲੋਕ ਜਾਣੂ ਵੀ ਹਨ ਅਤੇ ਫਿਕਰਮੰਦ ਵੀ. ਭਾਰਤ, ਪਾਕਿਸਤਾਨ ਅਤੇ ਬਾਹਰ ਵਸਣ ਵਾਲੇ ਸੂਝਵਾਨ ਪੰਜਾਬੀ ਆਪਣੀ ਜਿੰਮੇਵਾਰੀ ਨੂੰ ਪਹਿਚਾਣਦੇ ਹੋਏ ਅਕਸਰ ਇਨ੍ਹਾਂ ਮਸਲਿਆਂ ਨੂੰ ਵਿਚਾਰਦੇ ਅਤੇ ਲਿਖਦੇ ਰਹਿੰਦੇ ਹਨ. ਪਰ ਬਹੁਤੀ ਵਾਰੀ, ਬਹੁਤਾ ਧਿਆਨ ਸਮੱਸਿਆਵਾਂ ਦੀ ਨਿਸ਼ਾਨਦੇਹੀ ਵੱਲ ਹੀ ਕੇਂਦਰਿਤ ਕੀਤਾ ਜਾਂਦਾ ਹੈ ਅਤੇ ਸਮੱਸਿਆਵਾਂ ਏਨੀਆਂ ਜਿ਼ਆਦਾ ਅਤੇ ਗੰਭੀਰ ਹਨ ਕਿ ਪੜ੍ਹਨ ਸੁਣਨ ਵਾਲਾ ਸਗੋਂ ਹੋਰ ਨਿਰਾਸ਼ ਹੋ ਜਾਂਦਾ ਹੈ।

ਪਲੀ ਵਿਚ ਸਰਗਰਮ ਵਿਅਕਤੀਆਂ ਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੈ ਕਿ ਅਸੀਂ ਇਕੱਲੇ ਹੀ ਪੰਜਾਬੀ ਸਬੰਧੀ ਹਰ ਮਸਲੇ ਨੂੰ ਸਮਝਦੇ ਹਾਂ ਜਾਂ ਕੋਈ ਬਹੁਤ ਵੱਡਾ ਕੰਮ ਕਰ ਸਕਦੇ ਹਾਂ। ਅਸੀਂ ਪਿਛਲੇ ਪੰਦਰਾਂ ਸਾਲਾਂ ਤੋਂ ਆਪਣੀ ਸੂਝ ਤੇ ਹਿੰਮਤ ਦੀ ਸੀਮਾ ਨੂੰ ਧਿਆਨ ਵਿਚ ਰੱਖਦਿਆਂ ਸਿਰਫ ਉਨ੍ਹਾਂ ਹੀ ਕੁਝ ਮਸਲਿਆਂ ਵੱਲ ਸਮਾਂ ਤੇ ਸ਼ਕਤੀ ਲਾਈ ਹੈ ਜਿਸ ਬਾਰੇ ਸਾਡੀ ਸਮਝ ਅਨੁਸਾਰ ਅਮਲੀ ਤੌਰ ‘ਤੇ ਕੁਝ ਕੀਤਾ ਕਰਵਾਇਆ ਜਾ ਸਕਦਾ ਹੈ। ਸਾਡੇ ਸਾਹਮਣੇ ਦੋ ਮੁੱਖ ਨਿਸ਼ਾਨੇ ਹਨ। (ਇਕ) ਪੰਜਾਬੀ ਬੋਲੀ ਦੀ ਪੜ੍ਹਾਈ ਨੂੰ ਇੱਥੋਂ ਦੇ ਹਰ ਪੱਧਰ ਦੇ ਵਿਦਿਅਕ ਅਦਾਰਿਆ ਵਿਚ ਪੱਕੇ ਪੈਰੀਂ ਸਥਾਪਤ ਕਰਾਉਣਾ; ਦੂਜਾ) ਪੰਜਾਬੀ ਬੋਲੀ ਨੂੰ ਕਨੇਡਾ ਵਿਚ ਇਕ ਕਨੇਡੀਅਨ ਬੋਲੀ ਦੇ ਤੌਰ ‘ਤੇ ਮਾਨਤਾ ਦੁਆਉਣੀ।

ਆਪਣੇ ਪਹਿਲੇ ਨਿਸ਼ਾਨੇ ਨੂੰ ਲੈ ਕੇ ਸਾਡੀ ਸਰਗਰਮੀ ਦੀ ਸ਼ੁਰੂਆਤ 1993 ਵਿਚ ਉਸ ਸਮੇਂ ਹੋਈ ਜਦੋਂ ਬੀ ਸੀ ਦੇ ਸਕੂਲਾਂ ਵਿਚ ਪੜ੍ਹਾਈ ਲਈ ਨਵੀਂ ਭਾਸ਼ਾ ਨੀਤੀ ਬਣਾਈ ਜਾਣ ਦੀ ਗੱਲ ਚੱਲ ਰਹੀ ਸੀ. ਜੁਲਾਈ 1994 ਵਿਚ ਇਹ ਨਵੀਂ ਨੀਤੀ ਬਣੀ ਜਿਸ ਵਿਚ ਪੰਜਾਬੀ ਨੂੰ ਵੀ ਦੂਜੀਆਂ ਬੋਲੀਆਂ ਦੇ ਬਰਾਬਰ ਸਕੂਲਾਂ ਵਿਚ ਪੜ੍ਹਾਏ ਜਾਣ ਦਾ ਦਰਜਾ ਦਿੱਤਾ ਗਿਆ. ਅਸੀਂ ਉਦੋਂ ਤੋਂ ਹੀ ਬੀ ਸੀ ਦੇ ਅਤੇ ਖਾਸ ਕਰ ਵੈਨਕੂਵਰ ਦੇ ਆਸ ਪਾਸ ਦੇ ਪਬਲਿਕ ਸਕੂਲਾਂ ਵਿਚ ਨਵੀਂ ਨੀਤੀ ਅਨੁਸਾਰ ਪੰਜਾਬੀ ਦੀ ਪੜ੍ਹਾਈ ਲਾਗੂ ਕਰਵਾਉਣ ਦੇ ਯਤਨ ਕਰ ਰਹੇ ਹਾਂ. ਹੋਰ ਵੀ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੀ ਥਾਂ ਇਸ ਸਬੰਧੀ ਕੋਸ਼ਸ਼ਾਂ ਕੀਤੀਆਂ ਹਨ ਅਤੇ ਕਰ ਰਹੇ ਹਨ. ਨਤੀਜੇ ਵਜੋਂ ਕੁਝ ਪ੍ਰਾਪਤੀਆਂ ਹੋਈਆਂ ਹਨ ਪਰ ਜਿੰਨੀ ਸਭਾਵਨਾ ਸੀ ਜਾਂ ਹੈ ਉਸ ਨਾਲੋਂ ਕਿਤੇ ਘੱਟ. ਇਸ, ਨੀਤੀ ਅਨੁਸਾਰ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਲਾਗੂ ਕਰਾਉਣ ਅਤੇ ਚਲਦੀ ਰੱਖਣ ਦੇ, ਸਧਾਰਨ ਦਿਸਦੇ ਕੰਮ ਵਿਚ ਅਨੇਕਾਂ ਵੱਖਰੀਆਂ ਵੱਖਰੀਆਂ ਅੜਚਨਾਂ ਆ ਰਹੀਆਂ ਹਨ.

ਸਕੂਲਾਂ ਵਿਚ ਪੜ੍ਹਾਈ ਲਾਗੂ ਕਰਾਉਣ ਵਿਚ ਆਉਂਦੀਆਂ ਸਮੱਸਿਆਵਾਂ ਵਿੱਚੋਂ ਇਕ ਵੱਡੀ ਸਮੱਸਿਆ ਪੰਜਾਬੀ ਮਾਪਿਆਂ, ਵਿਦਿਆਰਥੀਆਂ ਅਤੇ ਇਕ ਤਰ੍ਹਾਂ ਸਮੁੱਚੇ ਭਾਈਚਾਰੇ ਨੂੰ ਇਸ ਗੱਲ ਲਈ ਰਾਜੀ ਕਰਨਾ ਹੈ ਕਿ ਪੰਜਾਬੀ ਪੜ੍ਹਨੀ, ਖਾਸ ਕਰ ਸਕੂਲ ਦੀ ਪੱਧਰ ‘ਤੇ, ਉਨ੍ਹਾਂ ਲਈ ਕਈ ਪੱਖਾਂ ਤੋਂ ਲਾਹੇਵੰਦ ਹੈ. ਦਰਅਸਲ ਇਹ ਸਮੱਸਿਆ ਹੀ ਅਸਲੀ ਜੜ੍ਹ ਹੈ. ਹੁਣ ਸੰਚਾਰ ਤੇ ਅਵਾਜਾਈ ਵਿਚ ਆਏ ਇਨਕਲਾਬ ਕਰਕੇ ਪੰਜਾਬ ਨਾਲ ਸਾਡੀ ਪਲ ਪਲ ਦੀ ਸਾਂਝ ਹੈ. ਜਿੱਥੇ ਇਸ ਦੇ ਅਨੇਕਾਂ ਵੱਡਮੁੱਲੇ ਫਾਇਦੇ ਹਨ ਉੱਥੇ ਇਹ ਗੱਲ ਵੀ ਹੈ ਕਿ ਜਿਸ ਕਿਸਮ ਦਾ ਰਵੱਈਆਂ ਬਹੁਗਿਣਤੀ ਪੰਜਾਬੀਆਂ ਦਾ ਪੰਜਾਬ ਵਿਚ ਹੈ, ਖਾਸ ਕਰ ਸ਼ਹਿਰਾਂ ਅਤੇ ਉੱਪਰਲੀਆਂ ਜਮਾਤਾਂ ਵਿਚ, ਉਸ ਦਾ ਸਿੱਧਾ ਅਸਰ ਕਨੇਡਾ ਦੇ ਪੰਜਾਬੀਆਂ ਉੱਪਰ ਵੀ ਨਿੱਤ ਪੈਂਦਾ ਹੈ. ਇਸ ਨਾਲ ਉਨ੍ਹਾਂ ਨੂੰ ਏਥੇ ਪੰਜਾਬੀ ਦੀ ਲੋੜ ਵਲ ਰੁਚਿਤ ਕਰਨਾ ਉਨਾਂ ਹੀ ਔਖਾ ਹੋ ਜਾਂਦਾ ਹੈ. ਸੋ ਸਾਡੀ ਜਾਚੇ ਮੁੱਢਲਾ ਮਸਲਾ ਪੰਜਾਬੀ ਬੋਲੀ ਦੀ ਕਨੇਡਾ ਵਿਚ ਅਹਿਮੀਅਤ ਬਾਰੇ ਆਮ ਪੰਜਾਬੀ ਦੀ ਚੇਤਨਾ ਨੂੰ ਉਭਾਰਨ ਦਾ ਹੈ. ਇਸੇ ਮਕਸਦ ਲਈ ਪਲੀ ਵਲੋਂ ਹੋਰ ਸਰਗਰਮੀਆਂ ਦੇ ਨਾਲ ਨਾਲ ਹਰ ਵਰ੍ਹੇ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ‘ਤੇ ਗੰਭੀਰ ਵਿਚਾਰ ਵਟਾਂਦਰੇ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਪਿਛਲੇ ਵਰ੍ਹਿਆਂ ਦੇ ਸਮਾਗਮਾਂ ਵਿਚ ਅਸੀਂ ਪੰਜਾਬੀ ਅਧਿਆਪਕਾਂ, ਵਿਦਿਆਰਥੀਆਂ, ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ, ਪੰਜਾਬੀ ਮੀਡੀਏ ਦੇ ਲੋਕਾਂ ਅਤੇ ਸਿਆਸੀ ਨੇਤਾਵਾਂ ਨੂੰ ਵਿਚਾਰ ਵਟਾਂਦਰੇ ਲਈ ਸੱਦਾ ਦਿੱਤਾ ਹੈ. ਇਸੇ ਹੀ ਲੜੀ ਵਿਚ ਇਸ ਸਾਲ ਅਸੀਂ ਪੰਜਾਬੀ ਭਾਈਚਾਰੇ ਵਿਚੋਂ ਕੁਝ ਸੂਝਵਾਨ ਤੇ ਸੰਵੇਦਨਸ਼ੀਲ ਵਪਾਰੀ ਲੋਕਾਂ ਨੂੰ ਇਕ ਪੈਨਲ ਵਿਚ ਵਿਚਾਰ ਕਰਨ ਦਾ ਸੱਦਾ ਦੇ ਰਹੇ ਹਾਂ. ਇਸ ਵਰ੍ਹੇ ਦੀ ਪੰਜਾਬੀ ਵਪਾਰੀਆਂ ਦੀ ਪੈਨਲ ਦੀ ਮਹੱਤਤਾ ਬਾਰੇ ਕੁਝ ਗੱਲਾਂ ਵਿਸਥਾਰ ਵਿਚ ਕਰਨ ਦੀ ਲੋੜ ਹੈ।

ਇਸ ਬਾਰੇ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਕਨੇਡਾ ਵਿਚ ਪੰਜਾਬੀ ਬੋਲੀ ਦੇ ਵਿਕਾਸ ਵਿਚ ਮੁਕਾਬਲਤਨ ਤੌਰ ‘ਤੇ ਸਭ ਤੋਂ ਵੱਡਾ ਯੋਗਦਾਨ ਪੰਜਾਬੀ ਭਾਈਚਾਰੇ ਦੇ ਵਪਾਰਾਂ ਵਲੋਂ ਹੀ ਪਾਇਆ ਜਾ ਰਿਹਾ ਹੈ. ਕਨੇਡਾ ਵਿਚ ਪੰਜਾਬੀ ਬੋਲੀ ਲੋਕਾਂ ਤੱਕ ਅਖਬਾਰਾਂ, ਰੇਡੀਓ ਅਤੇ ਟੈਲੀਵਿਯਨ ਰਾਹੀਂ ਪਹੁੰਚਦੀ ਹੈ. ਇਨ੍ਹਾਂ ਸਭਨਾਂ ਨੂੰ ਸੰਭਵ ਬਣਾਉਣ ਵਾਲੀ ਸ਼ਕਤੀ ਪੰਜਾਬੀ ਵਪਾਰ ਹਨ ਜੋ ਆਪਣੇ ਕਾਰੋਬਾਰ ਦੀ ਜਾਣਕਾਰੀ ਲੋਕਾਂ ਤੱਕ ਇਨ੍ਹਾਂ ਮਾਧਿਅਮਾਂ ਰਾਹੀਂ ਪਹੁੰਚਾਉਂਦੇ ਹਨ. ਇੱਥੇ ਇਹ ਗੱਲ ਮੰਨਣ ਵਿਚ ਵੀ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ ਕਿ ਪੰਜਾਬੀ ਵਪਾਰਾਂ ਦਾ ਨਿਸ਼ਾਨਾ ਕਨੇਡਾ ਵਿਚ ਪੰਜਾਬੀ ਬੋਲੀ ਦਾ ਵਿਕਾਸ ਨਹੀਂ ਸਗੋਂ ਆਪਣੇ ਵਪਾਰਾਂ ਦਾ ਵਾਧਾ ਹੈ. ਇਸ ਮਕਸਦ ਲਈ ਉਹ ਪੰਜਾਬੀ ਲੋਕਾਂ ਤੱਕ ਪਹੁੰਚ ਲਈ ਬੋਲੀ ਦੀ ਵਰਤੋਂ ਕਰਦੇ ਹਨ ਅਤੇ ਲੋੜ ਅਨੁਸਾਰ ਅੰਗ੍ਰੇਜ਼ੀ ਜਾਂ ਹਿੰਦੀ ਵੀ ਵਰਤ ਲੈਂਦੇ ਹਨ. ਪਰ ਕਿਉਂਕਿ ਕਨੇਡਾ ਵਿਚ ਅਤੇ ਖਾਸ ਕਰ ਵੈਨਕੂਵਰ ਦੇ ਆਲੇ ਦੁਆਲੇ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਹੈ ਇਸ ਲਈ ਪੰਜਾਬੀ ਬੋਲੀ ਦੀ ਇਸ ਵੇਲੇ ਵਰਤੋਂ ਕਾਫੀ ਵੱਡੀ ਪੱਧਰ ‘ਤੇ ਹੋ ਰਹੀ ਹੈ. ਨਤੀਜੇ ਵਜੋਂ ਪੰਜਾਬੀ ਵਪਾਰੀ ਭਾਈਚਾਰਾ ਪੰਜਾਬੀ ਬੋਲੀ ਦੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ. ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬੀ ਵਪਾਰੀ ਭਾਈਚਾਰਾ ਪੰਜਾਬੀ ਬੋਲੀ ਦੀ ਕਨੇਡਾ ਵਿਚ ਸਾਂਭ ਸੰਭਾਲ, ਵਿਕਾਸ ਅਤੇ ਅਗਲੀਆਂ ਪੀੜ੍ਹੀਆਂ ਨੂੰ ਪੰਜਾਬੀ ਨਾਲ ਪੱਕੇ ਤੌਰ ‘ਤੇ ਜੋੜਨ ਵਾਸਤੇ ਹੋਰ ਵੀ ਵੱਧ ਹਿੱਸਾ ਪਾ ਸਕਦਾ ਹੈ. ਇਸ ਪੈਨਲ ਰਾਹੀਂ ਪੰਜਾਬੀ ਬੋਲੀ ਦੇ ਵਿਕਾਸ ਅਤੇ ਪੜ੍ਹਾਈ ਸਬੰਧੀ ਹੋਰ ਸਿੱਧੇ ਯੋਗਦਾਨ ਦੀਆਂ ਸੰਭਾਵਨਾਵਾਂ ਨੂੰ ਵਿਚਾਰਿਆ ਜਾਵੇਗਾ. ਉਦਾਹਰਨ ਵਜੋਂ, ਪੰਜਾਬੀ ਵਪਾਰੀ ਭਾਈਚਾਰਾ ਕਨੇਡਾ ਵਿੱਚ ਪੰਜਾਬੀ ਬੋਲੀ ਦੇ ਵਿਕਾਸ ਅਤੇ ਪੜ੍ਹਾਈ ਸਬੰਧੀ ਆਉਂਦੀਆਂ ਹੇਠ ਲਿਖੀਆਂ ਅਤੇ ਅਜਿਹੀਆਂ ਹੋਰ ਸਮੱਸਿਆਵਾਂ ਵਿੱਚ ਆਰਥਿਕ ਸਹਿਯੋਗ ਦੇ ਕੇ ਮਦਦਗਾਰ ਹੋ ਸਕਦਾ ਹੈ:

• ਆਮ ਪੰਜਾਬੀਆਂ ਵਿਚ ਪੰਜਾਬੀ ਪ੍ਰਤੀ ਚੇਤਨਾ ਵਧਾਉਣ ਲਈ ਮਲਟੀਮੀਡੀਆ ਪ੍ਰੋਮੋਸ਼ਨਲ ਮੈਟੀਰੀਅਲ ਤਿਆਰ ਕਰਵਾਉਣਾ;
• ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਲਈ ਯੋਗ ਕਿਤਾਬਾਂ ਤੇ ਕੰਪਿਊਟਰ ਦੇ ਸਾਫਟੇਵਰ ਤਿਆਰ ਕਰਵਾਉਣੇ;
• ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਨਾਮਾਂ,ਵਜ਼ੀਫਿਆਂ ਆਦਿ ਰਾਹੀਂ ਮਾਇਕ ਸਹਾਇਤਾ ਦੇ ਕੇ ਪੰਜਾਬੀ ਦੀ ਅੱਗੋਂ ਹੋਰ ਪੜ੍ਹਾਈ ਲਈ ਉਤਸਾਹਿਤ ਕਰਨਾ;
• ਕਨੇਡਾ ਵਿੱਚ ਪੰਜਾਬੀ ਦੀ ਉੱਚ ਪੱਧਰੀ ਪੜ੍ਹਾਈ – ਬੀ ਏ, ਐਮ ਏ ਅਤੇ ਪੀ ਐਚ ਡੀ – ਦੀਆਂ ਡਿਗਰੀਆਂ ਚਾਲੂ ਕਰਵਾਉਣ ਲਈ ਵਿਦਿਅਕ ਅਦਾਰਿਆ ਨੂੰ ਲੋੜੀਂਦਾ ਆਰਥਿਕ ਸਹਿਯੋਗ ਦੇਣ ਦਾ ਭਰੋਸਾ ਦਿਵਾਉਣਾ.
• ਲਿਖਤੀ ਵਪਾਰਿਕ ਇਸ਼ਤਿਹਾਰਾਂ ਵਿਚ ਢੁੱਕਵੇਂ ਪੰਜਾਬੀ ਸ਼ਬਦ ਅਤੇ ਪੰਜਾਬੀ ਸ਼ਬਦ ਜੋੜਾਂ ਵੱਲ ਧਿਆਨ ਦੇਣ ਨਾਲ ਅਤੇ ਵੱਧ ਤੋਂ ਵੱਧ ਦੁਕਾਨਾਂ ਦੇ ਨਾਂਅ ਅਤੇ ਜਾਣਕਾਰੀ ਪੰਜਾਬੀ ਵਿਚ ਲਿਖਣ ਨਾਲ.

ਇਹ ਉੱਪਰ ਦਿੱਤੀਆਂ ਕੁਝ ਉਦਾਹਰਨਾਂ ਹਨ, ਬੋਲੀ ਨਾਲ ਸਬੰਧਤ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਪਹਿਲੂ ਹਨ ਜਿਨ੍ਹਾਂ ਵਿਚ ਪੰਜਾਬੀ ਵਪਾਰੀ ਭਾਈਚਾਰਾ ਸਿੱਧੇ ਤੌਰ ‘ਤੇ ਆਪਣਾ ਯੋਗਦਾਨ ਪਾ ਸਕਦਾ ਹੈ. ਇੱਥੇ ਇਹ ਸਵਾਲ ਉਠਾਉਣਾ ਤੇ ਵਿਚਾਰਨਾ ਵੀ ਕੁਥਾਵਾਂ ਨਹੀਂ ਕਿ ਪੰਜਾਬੀ ਭਾਈਚਾਰਾ ਇਹ ਸਭ ਕੁਝ ਕਿਉਂ ਕਰੇ? ਇਹ ਬਹੁਤ ਮਹੱਤਵਪੂਰਨ ਸਵਾਲ ਹੈ ਜਿਸ ‘ਤੇ ਵਿਚਾਰ ਕਰਨਾ ਜ਼ਰੂਰੀ ਹੈ. ਅਸੀਂ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਏਥੇ ਬੋਲੀਆਂ ਜਾਂਦੀਆਂ ਬਹੁਤ ਸਾਰੀਆਂ ਹੋਰ ਬੋਲੀਆਂ, ਜਿਵੇਂ ਚੀਨੀ, ਜਾਪਾਨੀ ਆਦਿ ਤੋਂ ਉਲਟ, ਪੰਜਾਬੀ ਬੋਲੀ ਦੀ ਫਿਕਰ ਕਰਨ ਵਾਲੀ ਕੋਈ ਸਟੇਟ ਸ਼ਕਤੀ ਨਹੀਂ ਹੈ. ਕਨੇਡਾ ਦੀ ਸਰਕਾਰ ਨੇ ਅਜੇ ਤੱਕ ਪੰਜਾਬੀ ਬੋਲੀ ਨੂੰ ਕਨੇਡਾ ਦੀ ਇਕ ਬੋਲੀ ਵਜੋਂ ਮਾਨਤਾ ਨਹੀਂ ਦਿੱਤੀ. ਇਸ ਕਰਕੇ ਕਨੇਡਾ ਵਿਚ ਪੰਜਾਬੀ ਬੋਲੀ ਦੀ ਸਾਂਭ ਸੰਭਾਲ ਲਈ ਕਨੇਡਾ ਦੀ ਸਟੇਟ ਆਪਣੇ ਆਪ ਨੂੰ ਜਿ਼ੰਮੇਵਾਰ ਨਹੀਂ ਸਮਝਦੀ. ਪਾਕਿਸਤਾਨ ਵਿਚ, ਜਿੱਥੋਂ ਦੀ ਕੁੱਲ ਆਬਾਦੀ ਵਿਚ 63% ਤੋਂ ਉੱਪਰ ਪੰਜਾਬੀ ਬੋਲਣ ਵਾਲੇ ਲੋਕ ਹਨ, ਪੰਜਾਬੀ ਨੂੰ ਇਕ ਅਧੁਨਿਕ ਬੋਲੀ ਵਜੋਂ ਹੀ ਮਾਨਤਾ ਨਹੀਂ ਦਿੱਤੀ ਜਾ ਰਹੀ. ਸੋ ਉਨ੍ਹਾਂ ਕੋਲੋਂ ਪੰਜਾਬੀ ਬੋਲੀ ਦਾ ਫਿਕਰ ਕਰਨ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ. ਭਾਰਤੀ ਪੰਜਾਬ ਵਿਚ ਪੰਜਾਬੀ ਸਰਕਾਰੀ ਬੋਲੀ ਤਾਂ ਹੈ ਪਰ ਸਰਕਾਰ ਇਸ ਨੂੰ ਪ੍ਰਫੁਲਤ ਕਰਨ ਵਲ ਲੋੜੀਂਦਾ ਧਿਆਨ ਦੇਣ ਲਈ ਤਿਆਰ ਨਹੀਂ. ਕਨੇਡਾ ਵਿਚ ਪੰਜਾਬੀ ਬੋਲੀ ਸਬੰਧੀ ਕਿਸੇ ਕਿਸਮ ਦੇ ਸਹਿਯੋਗ ਦੀ ਉਨ੍ਹਾਂ ਕੋਲੋਂ ਆਸ ਰੱਖਣੀ ਗਲਤ ਹੋਵੇਗੀ. ਸੋ ਪੰਜਾਬੀ ਬੋਲੀ ਆਪਣੀਆਂ ਲੋੜਾਂ ਲਈ ਕਿਸ ਅੱਗੇ ਹੱਥ ਅੱਡੇ? ਅਸੀਂ ਸਮਝਦੇ ਹਾਂ ਕਿ ਕਨੇਡਾ ਵਸਦੇ ਪੰਜਾਬੀ ਭਾਈਚਾਰੇ ਦੇ ਵਪਾਰ ਸਟੇਟ ਦੀ ਅਣਹੋਂਦ ਨੂੰ ਪੂਰਾ ਕਰ ਸਕਦੇ ਹਨ. ਪਰ ਇਹੋ ਜਿਹੀ ਕੋਈ ਸ਼ਕਤੀ, ਦਲੀਲ, ਸੰਸਥਾ ਜਾਂ ਵਿਅਕਤੀ ਨਹੀਂ ਹੈ ਜੋ ਪੰਜਾਬੀ ਵਪਾਰੀਆਂ ਨੂੰ ਇਸ ਗੱਲ ਲਈ ਮਜਬੂਰ ਕਰ ਸਕੇ. ਸੋ ਇਹ ਗੱਲ ਉਨ੍ਹਾਂ ਦੇ ਆਪਣੇ ਵਿਚਾਰਨ ਦੀ ਹੈ ਕਿ ਉਹ ਆਪਣੀ ਮਾਂ-ਬੋਲੀ ਨੂੰ ਕਨੇਡਾ ਵਿਚ ਪੱਕੇ ਤੌਰ ‘ਤੇ ਸਥਾਪਤ ਕਰਨ ਵਿਚ ਕੀ ਯੋਗਦਾਨ ਪਾਉਣਾ ਚਾਹੁੰਦੇ ਹਨ।

ਅਸੀਂ ਆਸ ਕਰਦੇ ਹਾਂ ਕਿ ਪੰਜਾਬੀ ਭਾਈਚਾਰੇ ਦੇ ਵਪਾਰੀ ਵੀਰ ਇਨ੍ਹਾਂ ਮਸਲਿਆਂ ਵਲ ਧਿਆਨ ਦੇਣਗੇ. ਪਲੀ ਦੀ 24 ਫਰਵਰੀ ਵਾਲੇ ਦਿਨ ਦੀ ਪੈਨਲ ‘ਤੇ ਵੀ ਉਮੀਦ ਹੈ ਕਿ ਇਹ ਗੱਲਾਂ ਵਿਚਾਰੀਆਂ ਜਾਣਗੀਆਂ. ਪਰ ਸਾਡੀ ਇਹ ਆਸ ਹੈ ਕਿ ਕਨੇਡਾ ਦੇ ਵੱਖ ਵੱਖ ਹਿੱਸਿਆਂ ਵਿਚ ਪੰਜਾਬੀ ਵਪਾਰੀਆਂ ਦੀਆਂ ਆਪਣੀਆਂ ਜਥੇਬੰਦੀਆਂ ਵਿਚ ਵੀ ਇਹ ਮਸਲੇ ਉਨ੍ਹਾਂ ਦੇ ਏਜੰਡਿਆਂ ਦਾ ਹਿੱਸਾ ਬਣਨਗੇ।

ਸਾਧੂ ਬਿਨਿੰਗ ਪੰਜਾਬੀ ਲੇਖਕ ਹਨ ਅਤੇ ਯੂ ਬੀ ਸੀ ਵਿੱਚ ਪੰਜਾਬੀ ਪੜ੍ਹਾਉਂਦੇ ਹਨ।
 

ਨੋਟ: ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ 'ਤੇ ਪਾਸ ਹੋਇਆ ਮਤਾ ਪੜ੍ਹਨ ਲਈ ਕਲਿੱਕ ਕਰੋ

*******

(8 ਅਪਰੈਲ 2008 ਚਾਤ੍ਰਿਕ ਯੂਨੀਕੋਡ)

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.