|
|
|
ਅਜੋਕਾ
ਵਾਧਾ::
30 April, 2008 |
ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ
ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ
ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ
|

|
ਲੇਖ/ਜਾਣਕਾਰੀ/ਮਤਾ
|

|
|
ਪੰਜਾਬੀ ਨੂੰ ਕਨੇਡਾ ਦੀ
ਬੋਲੀ ਮੰਨਿਆ ਜਾਵੇ
ਰਿਪੋਰਟ: ਹਰਪ੍ਰੀਤ
ਸੇਖਾਂ |
ਇਹ ਮਤਾ ਪੰਜਾਬੀ ਲੈਂਗੂਏਜ
ਐਜੂਕੇਸ਼ਨ ਅਸੋਸੀਏਸ਼ਨ(ਪਲੀ) ਵੱਲੋਂ ਮਨਾਏ ਗਏ ਛੇਵੇਂ ਅੰਤਰਰਾਸ਼ਟਰੀ ਮਾਂ-ਬੋਲੀ ਦਿਨ
‘ਤੇ 24 ਫਰਵਰੀ ਦਿਨ ਐਤਵਾਰ ਨੂੰ ਸਰੀ ਦੇ ਹਵੇਲੀ ਰੈਸਟੋਰੈਂਟ ਵਿੱਚ ਤਾੜੀਆਂ ਦੀ
ਗੂੰਜ ਨਾਲ ਪਾਸ ਕੀਤਾ ਗਿਆ।
ਭਰਵੀਂ ਗਿਣਤੀ ਵਿੱਚ ਪਹੁੰਚੇ ਲੋਕਾਂ ਨੂੰ ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਜੀਅ
ਆਇਆਂ ਆਖ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਅਤੇ ਮੰਚ ਸੰਚਾਲਨ ਦੀ ਜਿੰਮੇਵਾਰੀ
ਰਮਿੰਦਰਜੀਤ ਧਾਮੀ ਨੂੰ ਸੌਂਪ ਦਿੱਤੀ।
ਪਲੀ ਮੈਂਬਰ ਅਮਨ ਤੱਗੜ ਵੱਲੋਂ ਪੰਜਾਬ ਵਿੱਚ ਪੰਜਾਬੀ ਦੀ ਦਸ਼ਾ ਬਾਰੇ ਤਿਆਰ ਕੀਤੀ
ਵੀਡੀਓ ਇਸ ਮੌਕੇ ਦਿਖਾਈ ਗਈ। ਇਸ ਵੀਡੀਓ ਰਾਹੀਂ ਪੰਜਾਬ ਸਰਕਾਰ ਵੱਲੋਂ ਅੰਗ੍ਰੇਜ਼ੀ
ਵਿੱਚ ਭੇਜੇ ਜਾਂਦੇ ਸੱਦਾ ਪੱਤਰ, ਵਿਦਿਅਕ ਅਦਾਰਿਆਂ ਦੇ ਬੋਰਡ, ਸੜਕਾਂ ਉੱਪਰ ਲੱਗੇ
ਦਿਸ਼ਾ ਨਿਰਦੇਸ਼ ਬੋਰਡ ਅਤੇ ਇਸ਼ਤਿਹਾਰਬਾਜੀ ਲਈ ਅੰਗ੍ਰੇਜ਼ੀ ਦੀ ਖੁੱਲ੍ਹ ਕੇ ਕੀਤੀ
ਜਾਂਦੀ ਵਰਤੋਂ ਦਿਖਾਈ ਗਈ।
ਪਹਿਲੇ ਸੈਸ਼ਨ ਦੇ ਸ਼ੁਰੂ ਵਿਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਪੰਜਾਬੀ
ਅਧਿਆਪਕ ਸਾਧੂ ਬਿਨਿੰਗ ਨੇ ਆਪਣੇ ਲੇਖ ‘ਕਨੇਡਾ ਵਿੱਚ ਪੰਜਾਬੀ ਬੋਲੀ ਦੇ 110 ਵਰ੍ਹੇ’
ਰਾਹੀਂ ਤੱਥਾਂ ‘ਤੇ ਅਧਾਰਤ ਕਨੇਡਾ ਵਿੱਚ ਪੰਜਾਬੀ ਬੋਲੀ ਦੇ ਵਿਕਾਸ ਉੱਪਰ ਚਾਨਣਾ
ਪਾਇਆ। ਉਨ੍ਹਾਂ ਦੱਸਿਆ ਕਿ 1910 ਵਿੱਚ ਵੈਨਕੂਵਰ ਤੋਂ ਪੰਜਾਬੀ ਦਾ ਪਹਿਲਾ ਅਖ਼ਬਾਰ
‘ਸੁਦੇਸ਼ ਸੇਵਕ’ ਗੁਰਮੁਖੀ ਲਿਪੀ ਵਿੱਚ ਸ਼ੁਰੂ ਕੀਤਾ ਗਿਆ। ਇਸ ਤੋਂ ਦੋ ਸਾਲ ਬਾਅਦ
ਵਿਕਟੋਰੀਆ ਤੋਂ ਸੰਸਾਰ ਨਾਂ ਦਾ ਅਖਬਾਰ ਕੱਢਿਆ ਗਿਆ। ਉਨ੍ਹਾਂ ਦਿਨਾਂ ‘ਚ ਕਨੇਡਾ ਆਏ
ਕਈ ਪਹਿਲਾਂ ਅਨਪੜ੍ਹ ਪੰਜਾਬੀਆਂ ਨੇ ਇਹ ਅਖਬਾਰ ਪੜ੍ਹਨ ਖਾਤਿਰ ਹੀ ਪੰਜਾਬੀ
ਪੜ੍ਹਨੀ-ਲਿਖਣੀ ਸਿੱਖੀ। ਉਨ੍ਹਾਂ ਅੱਗੇ ਦੱਸਿਆ ਕਿ 1970 ਵਿਆਂ ਵਿੱਚ ਪੰਜਾਬੀਆਂ ਦੇ
ਵੱਡੀ ਗਿਣਤੀ ਵਿੱਚ ਕਨੇਡਾ ਪਹੁੰਚਣ ਨਾਲ ਕਨੇਡਾ ਵਿੱਚ ਪੰਜਾਬੀ ਬੋਲੀ ਦਾ ਤੇਜ਼ੀ ਨਾਲ
ਵਿਕਾਸ ਹੋਇਆ। ਯੂ ਬੀ ਸੀ ਵਿੱਚ 1987 ਨੂੰ ਚੇਅਰ ਸਥਾਪਤ ਹੋਣ ਨਾਲ ਅਤੇ 1994 ਵਿੱਚ
ਪੰਜਾਬੀ ਬੋਲੀ ਨੂੰ ਬੀ ਸੀ ਦੇ ਵਿਦਿਆ ਮਹਿਕਮੇ ਵਲੋਂ ਦੂਜੀ ਭਾਸ਼ਾ ਦੇ ਤੌਰ ‘ਤੇ
ਸਕੂਲਾਂ ਵਿੱਚ ਪੜਾਉਣਾ ਲਾਗੂ ਕਰਨ ਨਾਲ ਵਿਕਾਸ ਵਿੱਚ ਹੋਰ ਵੀ ਤੇਜ਼ੀ ਆਈ।
ਇਸ ਦਿਨ ਭਰ ਦੇ ਪ੍ਰੌਗਰਾਮ ਦੇ ਦੂਜੇ ਸੈਸ਼ਨ ਵਿਚ ਪੰਜਾਬੀ ਵਪਾਰਕ ਭਾਈਚਾਰੇ ਵਲੋਂ
ਪੰਜਾਬੀ ਬੋਲੀ ਦੇ ਵਿਕਾਸ ਵਿਚ ਨਿਭਾਈ ਜਾਂਦੀ ਭੂਮਿਕਾ ਬਾਰੇ ਇੱਕ ਪੈਨਲ ਡਿਸਕਸ਼ਨ
ਹੋਈ। ਇਸ ਹਿੱਸੇ ਦਾ ਸੰਚਾਲਨ ਸੁਖਵੰਤ ਹੁੰਦਲ ਨੇ ਕੀਤਾ। ਇਸ ਵਿਚਾਰ-ਵਟਾਂਦਰੇ ਵਿੱਚ
ਪੰਜਾਬੀ ਵਪਾਰੀ ਭਾਈਚਾਰੇ ਦੀਆਂ ਕੁਝ ਉੱਘੀਆਂ ਸਖਸ਼ੀਅਤਾਂ ਅਮਰਿੰਦਰ ਸਿੰਘ ਬਬਰ, ਏ
ਕਲਾਸ ਆਟੋ ਬੌਡੀ ਤੋਂ ਅਮਰਜੀਤ ਸਿੰਘ ਸਮਰਾ, ਫਰੂਟੀਕੇਨਾ ਤੋਂ ਟੋਨੀ ਸਿੰਘ, ਐਮਰੀਟੈਕ
ਕੰਮਪਿਊਟਰ ਤੋਂ ਅਮ੍ਰਿਤਪਾਲ ਸਿੰਘ ਗਿੱਲ ਅਤੇ ਵਕੀਲ ਪੁਨੀਤ ਕੌਰ ਸੰਧਰ ਸ਼ਾਮਲ ਸਨ।
ਇਸ ਵਿਚਾਰ-ਵਟਾਂਦਰੇ ਵਿੱਚ ਉੱਭਰ ਕੇ ਆਇਆ ਕਿ ਵਪਾਰਕ ਭਾਈਚਾਰਾ ਜੋ ਪਹਿਲਾਂ ਹੀ
ਪੰਜਾਬੀ ਬੋਲੀ ਦੇ ਵਿਕਾਸ ਵਿਚ ਕਾਫੀ ਵੱਡਾ ਯੋਗਦਾਨ ਪਾ ਰਿਹਾ ਹੈ ਇਸ ਕੰਮ ਨੂੰ ਹੋਰ
ਵੀ ਵਧੀਆ ਤਰੀਕੇ ਨਾਲ ਕਰ ਸਕਦਾ ਹੈ। ਪੈਨਲ ‘ਤੇ ਸ਼ਾਮਲ ਸਾਰੇ ਇਸ ਵਿਚਾਰ ਨਾਲ ਸਹਿਮਤ
ਸਨ ਕਿ ਪੰਜਾਬੀ ਬੋਲੀ ਦੀ ਸਾਂਭ ਸੰਭਾਲ ਅਤੇ ਇਸ ਦੀ ਸਹੀ ਵਰਤੋਂ ਨੂੰ ਗੰਭੀਰਤਾ ਨਾਲ
ਲੈਣਾ ਚਾਹੀਦਾ ਹੈ।
ਤੀਜੇ ਸੈਸ਼ਨ ਵਿਚ ਉੱਘੇ ਅਲੋਚਕ ਡਾ. ਰਘਬੀਰ ਸਿੰਘ ਸਿਰਜਣਾ, ਬ੍ਰਿਟਿਸ਼ ਕੋਲੰਬੀਆ
ਯੂਨੀਵਰਸਿਟੀ ਤੋਂ ਡਾ. ਐਨ ਮਰਫੀ ਅਤੇ ਜੇ ਪੀ ਸ਼ੇਸਨ ਨੇ ਭਾਗ ਲਿਆ। ਇਸ ਸੈਸ਼ਨ ਦਾ
ਸੰਚਾਲਨ ਸਾਧੂ ਬਿਨਿੰਗ ਨੇ ਕੀਤਾ। ਡਾ. ਮਰਫੀ ਅਤੇ ਜੇ ਪੀ ਸ਼ੇਸਨ ਨੇ ਆਪਣੇ ਵਿਚਾਰ
ਪੰਜਾਬੀ ਵਿੱਚ ਪੇਸ਼ ਕੀਤੇ। ਭਾਵੇਂ ਇਸ ਵਿਚਾਰ-ਵਟਾਂਦਰੇ ਦਾ ਵਿਸ਼ਾ ‘ਵਿਸ਼ਵ ਪੱਧਰ
ਉੱਤੇ ਪੰਜਾਬੀ ਬੋਲੀ ਦਾ ਸਥਾਨ ਅਤੇ ਚੁਣੌਤੀਆਂ’ ਸੀ ਪਰ ਇਸੇ ਵਿਸ਼ੇ ਉੱਪਰ ਸਿ਼ੱਦਤ
ਨਾਲ ਵਿਚਾਰ ਗੋਸ਼ਟੀ ਨਾ ਹੋ ਸਕੀ। ਡਾ. ਰਘਬੀਰ ਸਿੰਘ ਨੇ ਕਿਹਾ ਕਿ ਪੰਜਾਬੀ ਬੋਲੀ
ਨੂੰ ਕਦੇ ਵੀ ਰਾਜਸੀ ਸਰਪਰਸਤੀ ਨਹੀਂ ਮਿਲੀ ਅਤੇ ਮੰਦਭਾਗੀ ਗੱਲ ਇਹ ਹੈ ਕਿ ਪੰਜਾਬੀ
ਲੋਕ ਆਪਣੀ ਬੋਲੀ ਉੱਪਰ ਮਾਣ ਨਹੀਂ ਕਰਦੇ ਪਰ ਇਸ ਦੇ ਬਾਵਜੂਦ ਪਿਛਲੇ ਕੁਝ ਦਹਾਕਿਆਂ
ਵਿਚ ਬਹੁਤ ਕੁਝ ਸਾਰਥਿਕ ਵੀ ਹੋਇਆ ਹੈ। ਡਾ. ਐਨ ਮਰਫੀ ਨੇ ਕਿਹਾ ਕਿ ਉਸ ਦਾ ਹੇਜ
ਪੰਜਾਬੀ ਨਾਲ ਇਸ ਕਰ ਕੇ ਹੈ ਕਿ ਉਸ ਨੂੰ ਆਪਣੇ ਆਇਰਸ਼ ਪਿਛੋਕੜ ਅਤੇ ਪੰਜਾਬੀ
ਸਭਿਆਚਾਰ ਵਿੱਚ ਬਹੁਤ ਸਮਾਨਤਾਵਾਂ ਲੱਗਦੀਆਂ ਹਨ। ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ
ਉਹ ਨਹੀਂ ਚਾਹੁੰਦੇ ਕਿ ਪੰਜਾਬੀ ਬੋਲੀ ਦਾ ਹਾਲ ਵੀ ਉਸ ਦੀ ਮਾਤ ਭਾਸ਼ਾ ਗੇਲਿਕ ਵਾਲਾ
ਹੀ ਹੋਵੇ। ਉਨ੍ਹਾਂ ਕਿਹਾ ਕਿ ਉਹ ਆਪਣੀ ਵਲੋਂ ਪੰਜਾਬੀ ਬੋਲੀ ਦੇ ਵਿਕਾਸ ਲਈ ਯਤਨਸ਼ੀਲ
ਰਹੇਗੀ। ਜੇ ਪੀ ਸ਼ੇਸਨ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਵਿਚ ਉਸ ਦੀ ਦਿਲਚਸਪੀ ਦਾ
ਮੁੱਖ ਕਾਰਨ ਇਸ ਬੋਲੀ ਦੀ ਪ੍ਰਾਚੀਨਤਾ ਹੈ। ਉਨ੍ਹਾਂ ਕਿਹਾ ਕਿ ਜਿਸ ਖਿੱਤੇ ‘ਚੋਂ ਇਸ
ਬੋਲੀ ਨੇ ਜਨਮ ਲਿਆ ਹੈ ਉੱਥੇ ਦੁਨੀਆਂ ਦੇ ਸਭ ਤੋਂ ਪੁਰਾਣੇ ਸਾਹਿਤ ਰਿਗ ਵੇਦ ਦੀ
ਰਚਨਾ ਹੋਈ ਹੈ।
ਇਨ੍ਹਾਂ ਤਿੰਨਾਂ ਹੀ ਸੈਸ਼ਨਾਂ ਵਿਚ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਵੀ
ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ। ਸਰੀ ਦੀ ਅਧਿਆਪਕਾ ਗੁਰਪ੍ਰੀਤ ਬੈਂਸ ਨੇ ਸਕੂਲਾਂ
ਵਿੱਚ ਪੰਜਾਬੀ ਮਟੀਰੀਅਲ ਦੀ ਘਾਟ ਬਾਰੇ ਜਾਣਕਾਰੀ ਦਿੱਤੀ। ਪਾਕਿਸਤਾਨੀ ਪੰਜਾਬੀ
ਭਾਈਚਾਰੇ ਨਾਲ ਸਬੰਧਤ ਡਾ. ਸੈਫ਼ ਨੇ ਕਨੇਡਾ ਵਿੱਚ ਪੰਜਾਬੀ ਦੇ ਵਿਕਾਸ ਵਿੱਚ ਆਪਣੇ
ਭਾਈਚਾਰੇ ਵੱਲੋਂ ਕਦਮ ਨਾਲ ਕਦਮ ਮਿਲਾ ਕੇ ਚੱਲਣ ਦਾ ਭਰੋਸਾ ਦਿਵਾਇਆ। ਇਤਿਹਾਸਕਾਰ
ਸੋਹਣ ਸਿੰਘ ਪੂੰਨੀ ਨੇ ਦੱਸਿਆ ਕਿ ਕਨੇਡਾ ਵਿੱਚ ਪੰਜਾਬੀ ਦੀ ਪਹਿਲੀ ਕਿਤਾਬ ਮੁਨਸ਼ਾ
ਸਿੰਘ ਦੁਖੀ ਵਲੋਂ 1913 ਵਿੱਚ ਛਾਪੀ ਗਈ ਸੀ। ਰੇਡੀਓ ਸ਼ੇਰੇ ਪੰਜਾਬ ਦੇ ਹੋਸਟ
ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਵਪਾਰੀ ਸੱਜਣਾਂ ਨੂੰ ਆਇਦ ਕਰਨਾ
ਚਾਹੀਦਾ ਹੈ ਕਿ ਆਪਣੇ ਬਿਜਨਿਸ ਕਾਰਡ ਦੇ ਇੱਕ ਪਾਸੇ ਪੰਜਾਬੀ ਲਿਖਵਾਉਣ ਤੇ ਦੂਜੇ
ਪਾਸੇ ਅੰਗ੍ਰੇਜ਼ੀ। ਬੀ ਸੀ ਲੈਜਿਸਲੇਚਰ ਦੇ ਪੰਜਾਬੀ ਮੈਂਬਰਾਂ ਰਾਜ ਚੌਹਾਨ, ਹੈਰੀ
ਬੈਂਸ, ਜਗਰੂਪ ਬਰਾੜ ਅਤੇ ਦੇਵ ਹੇਅਰ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਐਮ ਪੀ ਪੈਨੀ
ਪਰਿਡੀ ਵੀ ਕੁਝ ਦੇਰ ਲਈ ਸ਼ਾਮਲ ਹੋਏ। ਛੋਟੀਆਂ ਬੱਚੀਆਂ ਹਰਲੀਨ ਅਤੇ ਗੁਰਲੀਨ ਧਾਮੀ
ਨੇ ਪੰਜਾਬੀ ਕਵਿਤਾ ਸੁਣਾਈ। ਬਿੱਲਾ ਤੱਖਰ ਅਤੇ ਉਸ ਦੇ ਸਾਥੀਆਂ ਨੇ ਸਾਰੰਗੀ ਨਾਲ
ਕਵੀਸ਼ਰੀ ਪੇਸ਼ ਕੀਤੀ। ਬੱਚੇ ਸਾਜਨ ਸਿੰਘ ਮਾਨ ਨੇ ਗੀਤ ‘ਦੇਖਿਓ ਪੰਜਾਬੀਓ, ਪੰਜਾਬੀ
ਨਾ ਭੁਲਾ ਦਿਓ’ ਗਾਇਆ। ਸਾਜਾਂ ਉੱਪਰ ਉਸ ਦਾ ਸਾਥ ਉਸ ਦੇ ਪਿਤਾ ਕਰਮਜੀਤ ਸਿੰਘ ਮਾਨ
ਨੇ ਦਿੱਤਾ।
ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਹਾਜ਼ਰੀਨ ਅਤੇ ਪੰਜਾਬੀ ਮੀਡੀਏ ਦਾ
ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਪਲੀ ਦੇ ਵਲੰਟੀਅਰਾਂ ਪਾਲ ਬਿਨਿੰਗ,
ਸੁਖੀ ਬੈਂਸ, ਰਜਿੰਦਰ ਸਿੰਘ ਪੰਧੇਰ, ਹਰਪ੍ਰੀਤ ਸੇਖਾ ਅਤੇ ਹੋਰ ਮੈਂਬਰਾਂ ਦਾ ਧੰਨਵਾਦ
ਕੀਤਾ।
ਅੰਤ ਵਿਚ ਪਲੀ ਦੇ ਉੱਪ-ਪ੍ਰਧਾਨ ਸਾਧੂ ਬਿਨਿੰਗ ਨੇ ਮਤਾ ਪੇਸ਼ ਕੀਤਾ ਕਿ ਪੰਜਾਬੀ
ਬੋਲੀ ਨੂੰ ਕਨੇਡਾ ਦੀ ਬੋਲੀ ਵਜੋਂ ਮਾਨਤਾ ਦਿੱਤੀ ਜਾਵੇ। ਹਾਜ਼ਰ ਲੋਕਾਂ ਨੇ ਜ਼ੋਰਦਾਰ
ਤਾੜੀਆਂ ਮਾਰ ਕੇ ਇਸ ਮਤੇ ਨਾਲ ਸਹਿਮਤੀ ਪ੍ਰਗਟਾਈ।
*******
(8
ਅਪਰੈਲ 2008 ਚਾਤ੍ਰਿਕ ਯੂਨੀਕੋਡ)
|

ਲਿਖਾਰੀ
Likhari
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|