ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ। ਕਬੱਡੀ ਦਾ ਧਿਆਨ ਆਉਂਦਿਆਂ ਹੀ ਪੰਜਾਬ
ਦੇ ਨੌਜਵਾਨਾਂ ਦੇ ਭਰਵੇਂ, ਮਿਹਨਤੀ ਅਤੇ ਸਿਹਤਮੰਦ ਜੁੱਸੇ ਖਿਆਲਾਂ ‘ਚ ਦਬੀੜਾਂ ਲਾਉਣ
ਲੱਗ ਪੈਂਦੇ ਹਨ। ਕੁੱਝ ਕੁ ਸਾਲਾਂ ਵਿੱਚ ਹੀ ਕਬੱਡੀ ਦੇ ਸ਼ੁਕੀਨ ਲਿਖਾਰੀਆਂ ਨੇ ਇਸਨੂੰ
ਏਨਾ ਲਾਡ ਦੇ ਦਿੱਤਾ ਹੈ ਕਿ ਇਸਨੂੰ ‘ਮਾਂ ਖੇਡ’ ਦਾ ਨਾਮ ਦੇ ਦਿੱਤਾ ਹੈ। ਪਰ ਕਦੇ
ਕਦੇ ਦਿਮਾਗ ਸੋਚਣ ਲੱਗਦਾ ਹੈ ਕਿ ‘ਮਾਂ ਖੇਡ’ ਨਾਲੋਂ ਇਹਦਾ ਨਾਮ ‘ਬਾਪ ਖੇਡ’ ਠੀਕ
ਨਹੀਂ? ਕਿਉਂਕਿ ਇਹ ਮਾਂ ਖੇਡ ਤਾਂ ਹੋ ਸਕਦੀ ਸੀ ਜੇ ਇਹ ਅਸੀਂ ਆਪਣੀਆਂ ਮਾਵਾਂ ਤੋਂ
ਖੁਦ ਸਿੱਖੀ ਹੁੰਦੀ ਜਾਂ ਫਿਰ ਸਾਨੂੰ ਮਾਵਾਂ ਨੇ ਸਿਖਾਈ ਹੁੰਦੀ। ਜਿਵੇਂ ਕਿ ‘ਮਾਂ
ਬੋਲੀ’ ਜੋ ਅਸੀਂ ਆਪਣੀ ਮਾਂ ਤੋਂ ਸਿੱਖਦੇ ਹਾਂ। ਲੱਗਦਾ ਹੈ ਲਾਡ ਨਾਲ ਜਾਂ ਫਿਰ ਮਹਿਜ਼
ਇੱਕ ਭਾਵੁਕਤਾ ਵੱਸ ਇਹ ਨਾਮ ਦੇ ਦਿੱਤਾ ਗਿਆ ਹੈ ਇਸ ਖੇਡ ਨੂੰ। ਇੱਕ ਹੋਰ ਤਰਕ ਇਹ ਵੀ
ਦਿੱਤਾ ਜਾ ਸਕਦਾ ਹੈ ਕਿ ਇਹ ਪੰਜਾਬੀ ਖੇਡਾਂ ਦੀ ਪ੍ਰਧਾਨ ਖੇਡ ਵੀ ਨਹੀਂ ਕਿਉਂਕਿ
ਪੰਜਾਬ ਦੇ ਬਹੁਤ ਸਾਰੇ ਪਿੰਡਾਂ ਜਾਂ ਇਲਾਕਿਆਂ ਵਿੱਚ ਹਾਕੀ ਅਤੇ ਫੁੱਟਬਾਲ ਨੂੰ
ਇਸਤੋਂ ਵੱਧ ਪਿਆਰ ਅਤੇ ਵਿਸ਼ੇਸ਼ਤਾ ਹਾਸਿਲ ਹੈ ਜਿਹਨਾਂ ਨੇ ਭਾਰਤ ਦੇ ਇਤਿਹਾਸ ਵਿੱਚ
ਉਲੰਪਿਕ ਅਤੇ ਏਸ਼ੀਅਨ ਪੱਧਰ ਤੱਕ ਭਾਰਤ ਹੀ ਨਹੀਂ ਬਲਕਿ ਪੰਜਾਬ ਦਾ ਨਾਮ ਵੀ ਮਾਣ ਨਾਲ
ਉੱਚਾ ਕੀਤਾ। ਗੱਲ ਜੱਚਦੀ ਲੱਗੇ ਤਾਂ ਇਸਨੂੰ, ਮੌਜੂਦਾ ਸਮਿਆਂ ਦੇ ਸੰਦਰਭ ਵਿੱਚ,
ਅਸੀਂ ਇਸਨੂੰ ਪੰਜਾਬ ਦੀ ‘ਕੌਮੀ ਖੇਡ’ ਦਾ ਦਰਜਾ ਦੇ ਸਕਦੇ ਹਾਂ।
ਅੱਜ ਦੁਨੀਆਂ 21ਵੀਂ ਸਦੀ ‘ਚ ਪ੍ਰਵੇਸ਼ ਕਰ ਚੁੱਕੀ ਹੈ। ਜਿੱਥੇ ਇਹ ਖੇਡ ਬਹੁ ਚਰਚਿਤ
ਹੋ ਚੁੱਕੀ ਹੈ ਉੱਥੇ ਇਸਨੂੰ ਮੌਜੂਦਾ ਸਮਿਆਂ ਵਿੱਚ ਬਦਨਾਮੀ ਦੇ ਦੌਰ ‘ਚੋਂ ਵੀ ਕਈ
ਵਾਰ ਲੰਘਣਾ ਪਿਆ ਹੈ। ਜੋ ਇਸ ਲਈ ਭਾਰੀ ਨਿਮੋਸ਼ੀ ਦਾ ਕਰਨ ਵੀ ਬਣੀ। ਇੱਥੇ ਇਹਦੇ ਬਾਰੇ
ਬਹੁਤੇ ਡੂੰਘੇ ਵਿਸਥਾਰ ਦੀ ਲੋੜ ਮਹਿਸੂਸ ਨਹੀਂ। ਪਿਛਲੇ ਦਹਾਕਿਆਂ ਦਾ ਇਤਿਹਾਸ ਅਤੇ
ਤਜਰਬਾ ਗਵਾਹ ਹੈ ਕਿ ਪਹਿਲੀਆਂ ਵਿੱਚ ਇਸ ਖੇਡ ਨੂੰ ਜੀਅ-ਜਾਨ ਨਾਲ ਖੇਡਿਆ ਜਾਂਦਾ ਸੀ।
ਵੈਸੇ ਤਾਂ ਪਹਿਲੇ ਸਮਿਆਂ ਦੀ ਗੱਲ ਹੀ ਵੱਖਰੀ ਹੈ ਕਿ ਹਰ ਕੰਮ ਹੀ ਰੂਹ ਲਾ ਕੇ ਕੀਤਾ
ਜਾਂਦਾ ਸੀ। ਪਰ ਸਮੇਂ ਦੀਆਂ ਪਰਤਾਂ ਨੇ ਸੰਸਾਰ ਪੱਧਰ ਤੇ ਹੀ ਹਰ ਦੇਸ਼ ਅਤੇ ਕੌਮ ਵਿੱਚ
ਮਨੁੱਖੀ ਕਦਰਾਂ ਕੀਮਤਾਂ ਵਿੱਚ ਨਿਘਾਰ ਲੈ ਆਂਦਾ ਹੈ। ਪਰ ਪੰਜਾਬੀ ਹੋਣ ਦੇ ਨਾਤੇ
ਅਸੀਂ ਆਪਣੀ ਹੀ ਗੱਲ ਕਰਾਂਗੇ। ਪਰ ਦੂਜੀਆਂ ਕੌਮਾਂ ਦੇ ਨਾਲ ਤੁਲਨਾ ਕਰਨ ਦੇ ਲਈ
ਸਾਨੂੰ ਜ਼ਰੂਰ ਹੀ ਆਪਣੇ ਗੁਣਾਂ ਅਤੇ ਔਗੁਣਾ ਦਾ ਵਿਸ਼ਲੇਸ਼ਣ ਕਰਕੇ ਆਉੁਣ ਵਾਲੇ ਸਮਿਆਂ
ਦੀਆਂ ਚੁਣੌਤੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰ ਹੀਲੇ ਸਹੀ ਅਤੇ ਪਾਏਦਾਰ ਫੈਸਲੇ
ਕਰਨੇ ਪੈਣਗੇ ਤਾਂ ਹੀ ਅਸੀਂ ਆਉਣ ਵਾਲੀ ਪੀੜ੍ਹੀ ਲਈ ਕੋਈ ਦੇਣ ਦੇ ਸਕਾਂਗੇ। ਜਿੰਨਾ
ਚਿਰ ਸਾਰੇ ਪ੍ਰਬੰਧਾਂ ਵਿੱਚ ਸੁਹਿਰਦ ਸਾਂਝ ਅਤੇ ਪਾਰਦਰਸ਼ਤਾ ਦੀ ਘਾਟ ਰਹੇਗੀ ਵਿਦੇਸ਼ਾਂ
ਦੀ ਨਵੀਂ ਪੰਜਾਬੀ ਪੀੜ੍ਹੀ ਇਸ ਖੇਡ ਤੋਂ ਦੂਰ ਹੀ ਰਹੇਗੀ। ਧਿਆਨ ਦਿੱਤੇ ਜਾਣ ਵਾਲੀ
ਅਹਿਮ ਗੱਲ ਹੈ ਅਨੁਸ਼ਾਸਨ, ਡਿਸਪਲਿਨ ਜਿਸ ਵਿੱਚ ਸਮੇਂ ਦੀ ਪਾਬੰਦੀ ਬਹੁਤ ਜ਼ਰੂਰੀ ਹੈ।
ਪਰ ਅਫਸੋਸ ਕਿ ਪੰਜਾਬੀ ਸਮੇਂ ਦੀ ਕਦਰ ਪੱਖੋਂ ਦੂਜੀਆਂ ਕੌਮਾਂ ਮੁਕਾਬਲੇ ਅਜੇ ਬਹੁਤ
ਅਵੇਸਲੇ ਹਨ।
ਸਾਰੇ ਪੰਜਾਬੀ ਹੀ ਆਪਣੇ ਗੁਣਾਂ ਔਗੁਣਾਂ ਤੋਂ ਭਲੀ ਭਾਂਤ ਜਾਣੂੰ ਹਨ। ਕਹਿੰਦੇ ਨੇ
“ਘਰ ਦੇ ਜੰਮਿਆਂ ਦੇ ਦੰਦ ਨੀਂ ਗਿਣੀਂਦੇ”। ਪੰਜਾਬੀ ਲੋਕ ਜਿੱਥੇ ਬਹਾਦਰੀ ਅਤੇ ਫਰਾਖ
ਦਿਲੀ ਦੀ ਜਿਉਂਦੀ ਜਾਗਦੀ ਮਿਸਾਲ ਹਨ ਉੱਥੇ ‘ਨਿੱਜੀ ਹਉਮੈਂ’ ਦੇ ਵੀ ਬੇਹੱਦ ਸ਼ਿਕਾਰ
ਹਨ ਦੂਜੇ ਸ਼ਬਦਾਂ ‘ਚ ਇਸਦਾ ‘ਨਿੱਜੀ ਬੱਲੇ ਬੱਲੇ’ ਜਾਂ ‘ਖ਼ੁਦਗ਼ਰਜ਼ ਭਾਵਨਾ’ ਵਿੱਚ ਇਸਦਾ
ਅਨੁਵਾਦ ਕੀਤਾ ਜਾ ਸਕਦਾ ਹੈ। ‘ਲੱਤਾਂ ਖਿੱਚਣ ਵਾਲੀ ਗੱਲ’ ਕਰਕੇ ਖੁਦ ਤੇ ਹੱਸਣਾ ਵੀ
ਇਹਨਾਂ ਦੇ ਸੁਭਾੳੇ ਦਾ ਇੱਕ ਅਹਿਮ ਖ਼ਾਸਾ ਹੈ। ਇਹ ਹਉਮੈ, ਜਿਸ ਤੋਂ ਬਚਣ ਲਈ ਜਾਂ
ਖਹਿੜਾ ਛੁਡਾਉਣ ਲਈ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵਾਰ ਵਾਰ ਖ਼ਬਰਦਾਰ ਕੀਤਾ ਗਿਆ ਹੈ।
ਗੋਰਿਆਂ ਦੀ ‘ਪਾੜੋ ਤੇ ਰਾਜ ਕਰੋ’ ਵਾਲੀ ਨੀਤੀ ਹੁਣ ਪੰਜਾਬੀਆਂ ਲਈ ਵੱਡਾ ਹਥਿਆਰ ਬਣ
ਗਈ ਹੈ, ਜੋ ਉਹ ਹੁਣ ਆਪਣਿਆਂਵਿੱਚੇ ਹੀ ਇਸਦੀ ਵਰਤੋਂ ਬਹੁਤ ਖੁੱਲ੍ਹ ਕੇ ਅਤੇ ਬਿਨਾਂ
ਝਿਜਕ ਕਰ ਰਹੇ ਹਨ। ਇਹ ਹੁਣ ਪੰਜਾਬੀਆਂ ਦੇ ਵਿਲੱਖਣ ਸੁਭਾੳੇ ਦਾ ਇੱਕ ਵਿਲੱਖਣ ਅਤੇ
ਅਟੁੱਟ ਹਿੱਸਾ ਬਣ ਗਿਆ ਹੈ ਅਤੇ ਪੰਜਾਬੀਆਂ ਦੇ ਹਰ ਕਾਰਜ ਖੇਤਰ ਵਿੱਚ ਬਹੁਤ ਹੀ ਢਾਹੂ
ਰੋਲ ਅਦਾ ਕਰ ਰਿਹਾ ਹੈ। ਕੋਈ ਵੀ ਸੰਸਥਾ ਲੈ ਲਵੋ, ਚਾਹੇ ਉਹ ਧਾਰਮਿਕ ਹੈ ਜਾਂ
ਵਿੱਦਿਅਕ, ਖੇਡਾਂ ਨਾਲ ਸਬੰਧਿਤ ਹੈ ਜਾਂ ਸਾਹਿਤ ਨਾਲ ਜਾਂ ਫਿਰ ਸੱਭਿਆਚਾਰ ਨਾਲ ਹਰ
ਥਾਂ ਹੀ ਪੰਜਾਬ ਦੇ ਗੰਦੇ ਛੱਪੜਾਂ ਵਰਗੀ ਗੰਦੀ ਸਿਆਸਤ ਹਰ ਤਰਾਂ ਦੀਆਂ ਕੋਝੀਆਂ
ਚਾਲਾਂ ਚੱਲਦੀ ਹੈ। ਹੋਰ ਤਾਂ ਹੋਰ ਇਸਨੇ ਮੰਦਰਾਂ ਅਤੇ ਗੁਰਦਵਾਰਿਆਂ ਨੂੰ ਵੀ ਨਹੀਂ
ਬਖਸ਼ਿਆ। ਕ੍ਰੋੜਾਂ ਦੇ ਮਾਲੀ ਨੁਕਸਾਨ ਦੇ ਨਾਲ਼ ਨਾਲ਼ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ
ਬਰਬਾਦੀ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਉਹ ਨੁਕਸਾਨ ਕਿਸੇ ਤਰਾਂ ਦੇ ਵੀ
ਹਿੰਦਸਿਆਂ ਦੀ ਪਕੜ ਵਿੱਚ ਆਉਣ ਵਾਲਾ ਨਹੀਂ ਹੋਵੇਗਾ। ਕਿਉਂਕਿ ਪੰਜਾਬੀਆਂ ਸੋਚ ‘ਅੱਜ’
ਤੇ ਹੀ ਕੇਂਦਰਿਤ ਹੋ ਕੇ ਰਹਿ ਗਈ ਕਿ ‘ਕੱਲ੍ਹ ਕੀਹਨੇ ਦੇਖਿਆ ਹੈ’। ਸੱਭਿਆਚਾਰ ਦੇ
ਨਾਂਅ ਥੱਲੇ ਲਚਰ ਪ੍ਰੋਸਿਆ ਜਾ ਰਿਹਾ ਹੈ ਤੇ ਪੰਜਾਬੀ ‘ਮੈਨੂੰ ਕੀ’ ਕਹਿਕੇ ਅੱਖਾਂ
ਮੀਟ ਕੇ ਬੈਠ ਰਹੇ ਹਨ। ਕੋਈ ਸੰਸਥਾ ਹੀ ਨਹੀਂ ਜੋ ਇਸਦੀ ਜ਼ਿੰਮੇਵਾਰੀ ਲੈ ਸਕੇ।
ਖ਼ੈਰ ਸੱਭਿਆਚਾਰ ਜਾਂ ਸਾਹਿਤ ਵਿੱਚ ਲਚਰਤਾ ਸਾਡਾ ਅੱਜ ਦਾ ਵਿਸ਼ਾ ਨਹੀਂ। ਪਰ ਕੌਮ ਨੂੰ
ਢਾਹ ਲੌਣ ਵਾਲੇ ਸਾਰੇ ਵਿਸ਼ਿਆਂ ਦੀ ਆਪਸ ਵਿੱਚ ਬੜੀ ਸੁਰ ਰਲਦੀ ਹੈ। ਕੌਮਾਂ ਸਦਾ ਹੀ
ਕੁੱਝ ਕੁ ਸੁਹਿਰਦ ਅਤੇ ਰੌਸ਼ਨ ਦਿਮਾਗਾਂ ਦੀਆਂ ਨੀਹਾਂ ਤੇ ਉੱਸਰਦੀਆਂ ਹਨ। ਹੁਣੇ ਹੁਣੇ
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਬਰਸੀ ਸਾਰੇ ਹਿੰਦੋਸਤਾਨੀਆਂ ਨੇ ਬੜੀ
ਧੂਮ ਧਾਮ ਨਾਲ ਮਨਾਈ ਹੋਵੇਗੀ। ਸ਼ਹੀਦਾਂ ਦਿਆਂ ਬੁੱਤਾਂ ਨੂੰ ਤਾਜ਼ੇ ਪਰ ਸਸਤੇ ਖ੍ਰੀਦੇ
ਜਾਂ ਮੁਫ਼ਤ ‘ਚ ਪ੍ਰਾਪਤ ਕੀਤੇ ਫੁੱਲਾਂ ਦੇ ਹਾਰ ਪਹਿਨਾਏ ਗਏ ਹੋਣਗੇ। ਪਰ ਦੂਜੇ ਦਿਨ
ਹੀ ਲੀਡਰਾਂ ਸੱਭ ਭੁੱਲ ਭੁਲਾ ਦਿੱਤਾ ਹੋਵੇਗਾ। ਕਿਉਂਕਿ ਚੰਗੀਆਂ ਗੱਲਾਂ ਨੂੰ ਭੁਲਾ
ਦੇਣਾ ਵੀ ਤਾਂ ਪੰਜਾਬੀਆਂ ਦੀ ਖਾਸ ਫਿਤਰਤ ਹੈ। ਸਿਰਫ ਪੈਸੇ ਦੇ ਜ਼ੋਰ ਨਾਲ ਹੀ ਸਾਰੇ
ਕੰਮ ਕਰ ਲਏ ਜਾਣਾ ਹੀ ਯਾਦ ਰਹਿੰਦਾ ਹੈ ਜਾਂ ਨਿਸ਼ਾਨਾ ਬਣ ਗਿਆ ਹੈ। ਇਹਦੇ ‘ਚ ਕੋਈ
ਸ਼ੱਕ ਨਹੀਂ ਕਿ ‘ਬੱਗਾ ਹਰ ਖੁੱਭੀ ਪੱਟਦਾ ਹੈ’ ਪਰ ਲੋਕਾਂ ਦੀ ਸਾਂਝੀ ਸ਼ਕਤੀ ਅਤੇ
ਉੱਦਮਾਂ ਨਾਲ ਹੀ ਕੌਮਾਂ ਨਿੱਗਰ ਬਣਦੀਆਂ ਹਨ। ਜਿੱਥੇ ਪਹਿਲੀਆਂ ਵਿੱਚ ਵਿਆਹਾਂ ਲਈ
ਬਿਸਤਰੇ ਅਤੇ ਭਾਂਡੇ ਇਕੱਠੇ ਕੀਤੇ ਜਾਂਦੇ ਸਨ। ਲੋਕਾਂ ‘ਚ ਇੱਕ ਸਮਾਜਿਕ ਸਾਂਝ ਸੀ,
ਇਨਸਾਨੀ ਪਿਆਰ ਭਾਵਨਾ ਸੀ, ਕਿਸੇ ਕੰਮ ਆਉਣ ਦੀ ਚਾਹ ਹੁੰਦੀ ਸੀ ਪਰ ਹੁਣ ਪੈਸੇ ਅਤੇ
ਦਿਖਾਵੇ ਦੀ ਹਨੇਰੀ ਇਹ ਸੱਭ ਕੁੱਝ ਉਡਾਕੇ ਲੈ ਗਈ ਹੈ। ਪਿੰਡ ਹਰ ਸਾਲ ਖੇਡਾਂ ਦਾ
ਟੂਰਨਾਮੈਂਟ ਕਰਵਾਉਣਾ ਤਾਂ ਦੋ ਮਹੀਨੇ ਪਹਿਲਾਂ ਹੀ ਢਾਲ ਕੱਠੀ ਕਰਨੀ ਸ਼ੁਰੂ ਕਰ ਦੇਣੀ।
ਖਿਡਾਰੀਆਂ ਦੇ ਠਹਿਰਣ ਅਤੇ ਖਾਣ ਪੀਣ ਦੇ ਪ੍ਰਬੰਧ ਲਈ ਵੀ ਲੋੜੀਂਦੀਆਂ ਚੀਜ਼ਾਂ ਬੜੇ
ਚਾਅ ਨਾਲ ਇਕੱਠੀਆਂ ਅਤੇ ਤਿਆਰ ਕੀਤੀਆਂ ਜਾਂਦੀਆਂ ਸਨ।
ਪਰ ਹੁਣ ‘ਬਾਹਰਲੇ ਪੈਸੇ’ ਨੇ ਹਰ ਪਿੰਡ ਹੀ ਨਕਸ਼ਾ ਬਦਲ ਕੇ ਰੱਖ ਦਿੱਤਾ ਹੈ। ਪਰਿਵਾਰਕ
ਤਰਜ਼ ਤੇ ਜਾਂ ਚਾਰ ਪੰਜ ਬੰਦਿਆਂ ਦੇ ਗਰੁੱਪ ਦੀ ਤਰਜ਼ ਤੇ ਪਿੰਡ ਪਿੰਡ ਹੀ ਹੁਣ
‘ਅੰਤਰਰਾਸ਼ਟਰੀ ਗੋਲਡ’ ਕੱਪ ਹੋਣ ਲੱਗ ਪਏ ਹਨ ਜਿਸਦਾ ਪਿੰਡ ਪੱਧਰ ਦੇ ਖਿਡਾਰੀਆਂ ਕੋਈ
ਖ਼ਾਸ ਫ਼ਾਇਦਾ ਨਹੀਂ ਹੁੰਦਾ। ਉਹ ਵੀ ਮਹੀਨੇ ਵਿੱਚ ਚਾਰ ਚਾਰ ਤੇ ਇੱਕ ਦੂਜੇ ਨਾਲੋਂ ਵੱਧ
ਚੜ੍ਹਕੇ। ਜਿਹਦੇ ਵਿੱਚ ‘ਬਾਹਰਲੇ ਮੁੰਡੇ’ ਜਾ ਕੇ ਮਹੀਨਾ ਕੁ ਪੰਜਾਬ ਜਾ ਕੇ
ਖਿਡਾਰੀਆਂ ਨੂੰ ਚੰਗੀਆਂ ਭੁਆਟਣੀਆਂ ਦਿੰਦੇ ਹਨ। ਸਿਆਲਾਂ ਨੂੰ ਹੋਣ ਵਾਲੇ ਵਿਆਹਾਂ
ਵਿੱਚ ਬੈਂਡ ਬਾਜੇ ਵਾਲਿਆਂ ਦੀ ਹੁੰਦੀ ਚਾਂਦੀ ਵਾਂਗ ਇਹ ਦੋ ਤਿੰਨ ਮਹੀਨੇ ਖਿਡਾਰੀਆਂ
ਦਾ ਸੀਜ਼ਨ ਵਧੀਆ ਲੱਗ ਜਾਂਦਾ ਹੈ। ਇਹਦੇ ‘ਚ ਕੋਈ ਸ਼ੱਕ ਨਹੀਂ ਨੌਜਵਾਨਾਂ ‘ਚ ਸ਼ੌਂਕ
ਜਾਗਿਆ ਹੈ। ਬੇਰੁਜ਼ਗਾਰੀ ਨੂੰ ਠੱਲ੍ਹ ਪਵੇਗੀ। ਪਰ ਇਹ ਖੇਡਣ ਵਾਲੇ ਖਿਡਾਰੀ ਰੁਜ਼ਗਾਰ
ਦੀ ਆਸ ਤੇ ਜੀਣ ਵਾਲੇ ਮਹੌਲ ਤੋਂ ਕੋਹਾਂ ਦੂਰ ਹੁੰਦੇ ਹਨ। ਕਬੱਡੀ ਤਾਂ ਕੀ ਕੋਈ ਵੀ
ਖੇਡ ਹਰ ਐਰੇ ਗੈਰੇ ਦਾ ਸ਼ੌਕ ਨਹੀਂ ਹੋ ਸਕਦੀ। ਖੁੱਲ੍ਹੀ ਖੁਰਾਕ, ਮਿਹਨਤ ਅਤੇ
ਖੁੱਲ੍ਹੇ ਸਮੇਂ ਦੀ ਬਹੁਤ ਲੋੜ ਹੁੰਦੀ ਹੈ। ਖ਼ੈਰ ਗੱਲ ਚੱਲਦੀ ਦੀ ਸੁਹਿਰਦ ਸਾਂਝ ਦੀ
ਜੋ ਇਹਨਾਂ ਟੂਰਨਾਮੈਂਟਾਂ ‘ਚ ਇਹ ਹਮੇਸ਼ਾ ਮਨਫ਼ੀ ਹੁੰਦੀ ਹੈ। ਦੂਜੀ ਵੱਡੀ ਘਾਟ ਹੈ
ਨਿਯਮਬੱਧਤਾ ਦੀ ਕਿ ਇੱਕ ਸਾਲ ਕਰਾ ਦਿੱਤਾ, ਆਪਣੇ ਖ਼ਾਸ ਰਿਸ਼ਤੇਦਾਰਾਂ ਜਾਂ ਅਫਸਰਸ਼ਾਹੀ
ਨਾਲ਼ ਨਵੀਆਂ ਸਾਂਝਾਂ ਗੰਢ ਲਈਆਂ ਫਿਰ ਦੋ ਤਿੰਨ ਸਾਲ ਬਹੁੜੇ ਈ ਨਹੀਂ। ਪਿੰਡ ਦੇ
ਸਥਾਨਕ ਲੋਕਾਂ ਨੂੰ ਲੈ ਕੇ ਪਿੰਡਾਂ ‘ਚ ਖੇਡ ਟਰੱਸਟ ਬਣਾਏ ਜਾਣ ਜੋ ਸਾਰਾ ਸਾਲ ਨਿਯਮਤ
ਕਸਰਤ ਕਰਾਉਂਦੇ ਰਹਿਣ। ਪਿੰਡ ਪੱਧਰ ਦੇ ਕਲੱਬਾਂ ਨੂੰ ਤਰਜੀਹ ਦਿੱਤੀ ਜਾਵੇ। ਨਾਮੀ
ਖਿਡਾਰੀ ਆਪਣੇ ਪਿੰਡ ਦੀ ਟੀਮ ਤੇ ਜ਼ੋਰ ਦੇਣ ਤਾਂ ਕਿ ਪਿੰਡ ਪੱਧਰ ਤੇ ਹੀ ਟੀਮ ਭਾਵਨਾ,
ਸਪਿਰਟ ਪੈਦਾ ਹੋਵੇ।
ਖ਼ੈਰ, ਐਸ ਸਾਲ ਜੋ ਇੰਗਲੈਂਡ ਦੀ ਕਬੱਡੀ ਫੈਡਰੇਸ਼ਨ ਨੇ ਮਾਅਰਕੇ ਦੀ ਗੱਲ ਕੀਤੀ ਉਹ ਇਹ
ਹੈ ਕਿ ਜੋ ਇੰਗਲੈਂਡ ਦੇ ਸਾਰੇ ਕਲੱਬਾਂ ਨੂੰ ਸੰਗਠਤ ਰੂਪ ਵਿੱਚ ਲਾਮਬੰਦ ਕਰਕੇ ਉਹਨਾਂ
ਵਿੱਚ ਆਪਸੀ ਮਿਲਵਰਤਣ ਦੀ ਚਿਣਗ ਨੂੰ ਮਘਾਇਆ ਹੈ। ਸੱਭ ਤੋਂ ਚੰਗੀ ਗੱਲ ਜੋ ਦੇਖਣ ਅਤੇ
ਪੜ੍ਹਨ ਸੁਣਨ ਨੂੰ ਮਿਲੀ ਹੈ ਉਹ ਇਹ ਕਿ ਪ੍ਰਦੇਸੋਂ ਖਿਡਾਰੀਆਂ ਨੂੰ ਮੰਗਵਾਉਣ ਸਬੰਧੀ
ਪਿਛਲੇ ਸਮਿਆਂ ‘ਚ ਹੋਈਆਂ ਬੇ-ਨਿਯਮੀਆਂ ਅਤੇ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਅਤੇ
ਬ੍ਰਤਾਨਵੀ ਗ੍ਰਹਿ ਵਿਭਾਗ ਦੀਆਂ ਸੱਭ ਸ਼ਰਤਾਂ ਪੂਰੀਆਂ ਕਰਨ ਹਿੱਤ ਬਹੁਤ ਹੀ ਸਪਸ਼ਟ ਤੌਰ
ਤੇ ਖ਼ਾਸ ਨਿਯਮ ਬਣਾਏ ਗਏ ਹਨ। ਸਾਰੇ ਕਲੱਬਾਂ ਨੂੰ ਸੂਚਿਤ ਕੀਤਾ ਗਿਆ ਹੈ। ਕੋਈ
ਲੁਕਵੀਂ ਗੱਲ ਰਹਿਣ ਦੀ ਗੁੰਜਾਇਸ਼ ਹੀ ਨਹੀਂ ਰਹਿ ਗਈ। ਮੈਨੂੰ ਜਿਸ ਖ਼ਾਸ ਗੱਲ ਨੇ
ਪ੍ਰਭਾਵਿਤ ਕੀਤਾ ਉਹ ਇਹ ਕਿ ਇਸ ਸਾਲ ਕਿਸੇ ਕਿਸਮ ਦੇ, ਗੁੱਝੇ ਜਾਂ ਪ੍ਰਤੱਖ, ਨਸ਼ੇ ਦਾ
ਸੇਵਨ ਕਰਕੇ ਖੇਡਣ ਵਾਲੇ ਖਿਡਾਰੀਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਜੋ ਕਿ ਸਮੇਂ
ਦੇ ਹਾਣਦਾ ਕਦਮ ਹੈ। ਏਹੋ ਪਾਰਦਰਸ਼ਤਾ ਹੋਰ ਸੁਹਿਰਦ ਪੰਜਾਬੀਆਂ ਨੂੰ ਕਬੱਡੀ ਨਾਲ
ਜੋੜੇਗੀ। ਚਾਹੀਦਾ ਵੀ ਏਹੋ ਹੈ ਕਿ ਖੇਡ ਨੂੰ ਲੋਕਾਂ ਦੇ ਨੇੜੇ ਲਿਆਓ ਨਾ ਕਿ ਦੂਰ
ਕਰੋ। ਦੂਰ ਕਰਨਾ ਹੈ ਤਾਂ ਪਾੜਨ ਵਾਲਿਆਂ ਨੂੰ ਦੂਰ ਕਰੋ ਜਾਂ ਉਹਨਾਂ ਤੋਂ ਖ਼ੁਦ ਦੂਰ
ਰਹੋ। ਆਉਣ ਵਾਲੇ ਸਮੇਂ ਵਿੱਚ ਹੋਰ ਜਾਣਕਾਰੀ ਦੇ ਨਾਲ ਨਾਲ ਖ਼ਾਸ ਗੱਲਾਂ ਵੱਲ੍ਹ
ਪਾਠਕਾਂ ਅਤੇ ਪ੍ਰਬੰਧਕਾਂ ਦਾ ਧਿਆਨ ਵੀ ਦੁਆਵਾਂਗੇ। ਪਾਠਕ ਵੀ ਆਪਣੇ ਵਿਚਾਰ ਲਿਖ ਕੇ
ਭੇਜਣ ਤਾਂ ਕਿ ਉਹਨਾਂ ਨੂੰ ਪ੍ਰਬੰਧਕਾਂ ਦੇ ਸਨਮੁੱਖ ਕੀਤਾ ਜਾ ਸਕੇ। ਇਹਨਾਂ ਸਤਰਾਂ
ਦੇ ਲੇਖਕ ਦੀ ਕੋਸ਼ਿਸ਼ ਵੀ ਹੋਵੇਗੀ ਕਿ ਸਾਰੇ ਬ੍ਰਤਾਨੀਆਂ ਦੇ ਖਿਡਾਰੀਆਂ, ਦਰਸ਼ਕਾਂ ਅਤੇ
ਪ੍ਰਬੰਧਕਾਂ ਨੂੰ ਇੱਕਮਿੱਕ ਹੋਣ ਅਤੇ ਸਾਂਝੀਆਂ ਵਿਚਾਰਾਂ ਲਈ ਰੇਡੀਓ ਤੇ ਵਿਚਾਰ
ਵਟਾਂਦਰਾ ਕਰਨ ਅਤੇ ਸੱਭ ਨੂੰ ਆਪੋ ਆਪਣੇ ਵਿਚਾਰ ਪ੍ਰਗਟ ਕਰਨ ਲਈ ਮੌਕਾਂ ਅਤੇ ਸਮਾਂ
ਪ੍ਰਦਾਨ ਕੀਤਾ ਜਾ ਸਕੇ। (ਚਲਦਾ)
(ਲੇਖਕ ਹਰ ਵੀਰਵਾਰ ਤੇ ਸ਼ਨੀਵਾਰ, ਸਵੇਰੇ 11 ਵਜੇ, ਰਾਜ ਰੇਡੀਓ, ਸਕਾਈ ਚੈਨਲ 0141
ਤੋਂ ਪ੍ਰੋਗਰਾਮ ਪੇਸ਼ ਕਰਦਾ ਹੈ)
ਬ੍ਰਤਾਨਵੀ
ਝਰੋਖੇ ‘ਚੋਂ
ਨਿੱਕੀਆਂ
ਗ਼ਲਤੀਆਂ ਵੱਡੀਆਂ
ਲੈੱਸਟਰਸ਼ਾਇਰ ਦੇ ਨਿੱਕੇ ਜਹੇ ਪਿੰਡ ਰੌਥਲੇ ਦੀ ਰਹਿਣ ਵਾਲੀ, ਆਪਣੇ ਮਾਤਾ ਪਿਤਾ ਨਾਲ
ਪੁਰਤਗਾਲ ਛੁੱਟੀਆਂ ਕੱਟਣ ਗਈ ਬੱਚੀ ਮੈਡਲਿਨ ਦੇ ਪਿਛਲੇ ਸਾਲ 3 ਮਈ ਨੂੰ ਲਾਪਤਾ ਹੋਣ
ਤੋਂ ਲੈ ਕੇ ਹੁਣ ਤੱਕ, ਉਸਦੀ ਮਾਤਾ ਕੇਟ ਅਤੇ ਪਿਤਾ ਜੈਰੀ ਨੂੰ ਜੋ ਅਸਹਿ ਦੁੱਖ ਅਤੇ
ਹੀਣਤਾ ਝੱਲਣੀ ਪਈ ਇਹ ਓਹ ਹੀ ਜਾਣ ਸਕਦੇ ਹਨ। ਇੱਕ ਸਮਾਂ ਸੀ ਜਦੋਂ ਹਰ ਇੱਕ ਦੀ
ਜ਼ੁਬਾਨ ਤੇ ਜੈਰੀ ਅਤੇ ਕੇਟ ਮਕੈਨ ਵਲੋਂ ਹੀ ਆਪਣੀ ਬੱਚੀ ਨੂੰ ਮਾਰਨ ਦਾ ਦੋਸ਼ ਮ੍ਹੂੰਹ
ਚੜ੍ਹਕੇ ਬੋਲਣ ਲੱਗ ਪਿਆ ਸੀ। ਹਰ ਇੱਕ ਦੀ ਗੱਲਬਾਤ ਵਿੱਚ ਉਨ੍ਹਾਂ ਦੇ ਹੀ ਸ਼ੱਕੀ ਹੋਣ
ਦੀ ਕਹਾਣੀ ਸੁਣਨ ਨੂੰ ਮਿਲਦੀ ਸੀ। ਲੱਗਦਾ ਸੀ ਕਿ ਪੁਰਤਗੀਜੀ ਅਤੇ ਬ੍ਰਤਾਨਵੀ ਮੀਡੀਆ
ਤਾਂ ਇੱਕ ਪਾਸੇ ਕੀ ਯੂਰਪ ਦੀ ਸਾਰੀ ਹਵਾ ਹੀ ਉਹਨਾਂ ਦੇ ਖ਼ਿਲਾਫ ਹੋ ਗਈ ਸੀ। ਜਦੋਂ
ਇਨਸਾਨ ਤੇ ਬੁਰਾ ਵਕਤ ਆਉਂਦਾ ਹੈ ਤਾਂ ਸਭ ਪਾਸਿਆਂ ਤੋਂ ਹੀ ਆਸ ਦਾ ਸੂਰਜ ਅਲੋਪ ਹੋ
ਜਾਂਦਾ ਹੈ। ਪਰ ਸਿਆਣੇ ਕਹਿੰਦੇ ਹਨ ਕਿ ਇਸ ਸਮੇਂ ਇਨਸਾਨ ਨੂੰ ਹੌਸਲਾ ਨਹੀਂ ਹਾਰਨਾ
ਚਾਹੀਦਾ। ‘ਦੜ ਵੱਟ ਜ਼ਮਾਨਾ ਕੱਟ’ ਵਾਲੀ ਸਲਾਹ ਕਈ ਵਾਰ ਕਾਰਗਰ ਸਾਬਿਤ ਹੋ ਜਾਂਦੀ ਹੈ।
‘ਸਮਾਂ ਇਨਸਾਨ ਦਾ ਸੱਭ ਤੋਂ ਵਧੀਆਂ ਮਿੱਤਰ ਹੈ’। ਭਾਵੇਂ ਕਿ ਅੱਝ ਕੱਲ੍ਹ ਲੋਕਾਂ
‘ਚੋਂ ਸਬਰ ਨਾਮ ਦੀ ਸ਼ੈਅ ਖ਼ਤਮ ਹੋ ਗਈ ਹੈ ਪਰ ਇਤਿਹਾਸ ਗਵਾਹ ਹੈ ਕਿ ਸਮਾਂ ਹਰ ਦੁੱਖ
ਦਾ ਇਲਾਜ ਹੈ।
ਦੁੱਖਾਂ ਦੇ
ਪਹਾੜ
ਕਹਿੰਦੇ ਨੇ ਕਿ ਦੁੱਖ ਆਉਂਦਾ ਘੋੜੇ ਤੇ ਸਵਾਰ ਹੋ ਕੇ ਅਤੇ ਜਾਂਦਾ ਪੈਦਲ ਹੈ। 3 ਮਈ
ਤੋਂ ਲੈ ਕੇ ਹੁਣ ਤੱਕ ਦੇ ਦਿਨ ਜੈਰੀ ਅਤੇ ਕੇਟ ਲਈ ਦੁੱਖਾਂ ਦੇ ਪਹਾੜ ਬਣਕੇ ਆਏ ਜਦ
ਸਾਰਾ ਸੰਸਾਰ ਹੀ ਉਨ੍ਹਾਂ ਤੇ ਉਂਗਲਾਂ ਉਠਾ ਰਿਹਾ ਸੀ। ਅਜਿਹੇ ਸਮੇਂ ਇਨਸਾਨ ਖੁਦਕਸ਼ੀ
ਕਰਨ ਵਰਗੇ ਖਿਆਲਾਂ ਤੋਂ ਉਹ ਬਹੁਤਾ ਦੂਰ ਨਹੀਂ ਹੁੰਦਾ। ਕੇਟ ਅਤੇ ਜੈਰੀ ਨੇ ਅਹਿਜੇ
ਸਮੇਂ ਨੂੰ ਪਲ ਪਲ ਦੀ ਮੌਤ ਵਾਂਗ ਹੰਢਾਇਆ। ਇਸ ਦਰਦ ਦੀ ਦਾਸਤਾਨ ਉਹਨਾਂ ਦੇ ਚਿਹਰਿਆਂ
ਤੋਂ ਸਾਫ਼ ਪੜ੍ਹੀ ਜਾ ਸਕਦੀ ਸੀ। ਜਦੋਂ ਵੀ ਉਹਨਾਂ ਨੂੰ ਪੁਲੀਸ ਦੀ ਛਾਣ-ਬੀਣ ਲਈ ਆਪਣੇ
ਬਿਆਨ ਦੇਣ ਜਾਣਾ ਪੈਂਦਾ ਸੀ ਤਾਂ ਹਰ ਕੈਮਰੇ ਅਤੇ ਰਿਪੋਰਟਰ ਦੇ ਹਰ ਤਰ੍ਹਾਂ ਦੇ
ਸਵਾਲਾਂ ਦਾ ਸ਼ਿਕਾਰ ਪੈਂਦਾ ਸੀ। ਇੱਥੋਂ ਤੱਕ ਕਿ ਸਥਾਨਕ ਲੋਕਾਂ ਨੇ ਉਹਨਾਂ ਨੂੰ ਆਪਣੀ
ਬੱਚੀ ਦੇ ਕਾਤਲ ਕਹਿ ਕਹਿ ਕੇ ਉਹਨਾਂ ਦਾ ਜਿਉਣਾ ਹੋਰ ਵੀ ਦੁੱਭਰ ਕਰ ਦਿੱਤਾ ਸੀ। ਉਹ
ਦੋਨੋਂ ਦੂਹਰਾ ਸੰਤਾਪ ਹੰਢਾ ਰਹੇ ਸਨ। ਇੱਕ ਪਾਸੇ ਬੱਚੀ ਦਾ ਦੁੱਖ ਤੇ ਦੂਜੇ ਪਾਸੇ
ਜ਼ਾਤੀ ਦੂਸ਼ਣਬਾਜ਼ੀ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਲਈ ਆਪ ਲੋਕਾਂ
ਵਿੱਚ ਵਿਚਰਨਾ ਹੀ ਮੁਸ਼ਕਿਲ ਹੋ ਗਿਆ ਸੀ। ਉਹਦੇ ਪਰਿਵਾਰ ਦੇ ਮੈਂਬਰ ਹੀ ਜਾਣਦੇ ਹਨ
ਉਨ੍ਹਾਂ ਸਾਰਿਆਂ ਤੇ ਕੀ ਬੀਤਦੀ ਸੀ।
ਮੀਡੀਏ ਤੇ ਸ਼ੱਕ ਦੀ ਉਂਗਲ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬ੍ਰਤਾਨਵੀ ਮੀਡੀਆ ਸੰਸਾਰ ਭਰ ਵਿੱਚ ਆਪਣੀ ਆਜ਼ਾਦੀ ਅਤੇ
ਨਿਧੜਕਤਾ ਦੀ ਅਹਿਮ ਮਿਸਾਲ ਹੈ। ਪਰ ਕਈ ਵਾਰ ਇਸੇ ਨਿਧੜਕਤਾ ਦੇ ਤਹਿਤ ਬਹੁਤ ਸਾਰੇ
ਸੱਚੇ ਤੱਥ ਅੱਖੋਂ ਉਹਲੇ ਵੀ ਹੋ ਜਾਂਦੇ ਹਨ ਇਸਦਾ ਇਤਿਹਾਸ ਗਵਾਹ ਹੈ। ਮੀਡੀਏ ਨਾਲ
ਸਬੰਧਤ ਲੋਕ ਉਸ ਸਮੇਂ ਨਿੱਜੀ ਬੱਲੇ ਬੱਲੇ ਅਤੇ ਹਾਲਾਤਾਂ ਨੂੰ ਕੈਸ਼ ਕਰਨ ਲਈ ਪੱਬਾਂ
ਭਾਰ ਹੋ ਜਾਂਦੇ ਹਨ। ਲੋਕਾਂ ਨੂੰ ਬਿਆਨ ਦੇਣ ਲਈ ਤਰਾਂ ਤਰਾਂ ਦੇ ਲਾਲਚ ਦਿੱਤੇ ਜਾਂਦੇ
ਹਨ। ਇਹ ਅੱਜ ਵੀ ਬਹੁਤ ਸਾਰੇ ਕੇਸਾਂ ਵਿੱਚ ਵਾਪਰ ਰਿਹਾ ਹੈ। ਡਿਆਨਾ ਦੀ ਮੌਤ ਨੂੰ
ਇੱਕ ਬਹੁਤ ਵੱਡਾ ਮੀਡੀਆਂ ਡਰਾਮਾ ਕਿਹਾ ਜਾ ਸਕਦਾ ਹੈ। ਜਿਸ ਵਿੱਚ ਬਹੁਤ ਕੁੱਝ ਅਹਿਮ
ਲੁਕੋਇਆ ਗਿਆ ਤੇ ਬਹੁਤ ਕੁੱਝ ਬੇਲੋੜਾ ਪੇਸ਼ ਕੀਤਾ ਗਿਆ। ਇਹੋ ਜਿਹਾ ਹੀ ਹੋਇਆ ਹੈ
ਬੱਚੀ ਮੈਡਲਿਨ ਦੇ ਕੇਸ ਵਿੱਚ ਵੀ। ਬ੍ਰਤਾਨਵੀ ਪ੍ਰੈੱਸ ਨੇ ਆਪਣੀ ਨਿਧੜਕਤਾ ਦੀ ਅਤੇ
ਪੁਰਤਗੀਜੀ ਪੁਲੀਸ ਦੀ ਘਟੀਆ ਕਾਰਗੁਜ਼ਾਰੀ ਦੀ ਆੜ ਵਿੱਚ ਆਪਣੀਆਂ ਖਿਆਲ ਉਡਾਰੀਆਂ ਦੀ
ਬੇ-ਲਗਾਮ ਆਜ਼ਾਦੀ ਦੀ ਬੇ-ਰੋਕ ਵਰਤੋਂ ਕਰਦਿਆਂ ਇੱਕ ਦੂਜੇ ਤੋਂ ਅੱਗੇ ਹੋ ਕੇ ਜੈਰੀ
ਅਤੇ ਕੇਟ ਤੇ ਆਪਣੀਆਂ ਦਸੇ ਉਂਗਲਾਂ ਸਿੱਧੀਆਂ ਕਰ ਦਿੱਤੀਆਂ। ਪਰ ਜਿਓਂ ਜਿਓਂ ਸਮਾਂ
ਬੀਤਦਾ ਹੈ ਸੱਚਾਈ ਨਿੱਖਰਦੀ ਹੈ ਤਾਂ ਇਹੋ ਮੀਡੀਆ ਹੁਣ ਦੋਨੋਂ ਹੱਥ ਜੋੜ ਕੇ ਗੋਡਿਆਂ
ਭਾਰ ਹੋ ਕੇ ਮਾਫੀ ਮੰਗਣ ਲਈ ਝੁਕ ਗਿਆ ਹੈ। ਭਾਵੇਂ ਮੈਡਲਿਨ ਨੂੰ ਲੱਭਣ ਲਈ ਸੰਸਾਰ ਭਰ
ਦੇ ਅਪ੍ਰਾਧ ਮਾਹਰ ਯਤਨਸ਼ੀਲ ਹਨ ਪਰ ਹਾਲੇ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚਿਆ ਜਾ
ਸਕਿਆ। ਪਰ ਕਿਉਂਕਿ ਅਖਬਾਰਾਂ ਨੇ ਤਾਂ ਆਪਣਾ ਅਖ਼ਬਾਰ ਵੇਚਣਾ ਹੁੰਦਾ ਹੈ। ਵਪਾਰਕ
ਨਿਸ਼ਾਨਾ ਇਨਸਾਨੀ ਭਾਵਨਾਵਾਂ ਅਤੇ ਕਦਰਾਂ ਕੀਮਤਾਂ ਨੂੰ ਰੌਂਦ ਕੇ ਰੱਖ ਦਿੰਦਾ ਹੈ। ਪਰ
ਇਸ ਕੇਸ ਨਾਲ ਜੈਰੀ ਤੇ ਕੇਟ ਤੇ ਉੱਠੀ ਉਂਗਲ ਸਪਸ਼ਟ ਤੌਰ ਤੇ ਮੀਡੀਏ ਦੇ ਆਪਣੇ ਚਿਹਰੇ
ਵੱਲ੍ਹ ਹੋ ਗਈ ਹੈ ਜਿਸਨੇ ਕਿਸੇ ਹੱਦ ਤੱਕ ਜ਼ਰੂਰ ਹੀ ਇਸਦੇ ਅਕਸ ਨੂੰ ਧੁੰਦਲਾ ਕਰ
ਦਿੱਤਾ ਹੈ।
ਅਖਬਾਰਾਂ ਵਲੋਂ ਮੁਆਫੀ
ਉੱਪਰਲੇ ਵਿਚਾਰ ਇੱਕ ਪਾਸੜ ਨਾ ਲਏ ਜਾਣ। ਦੂਜੇ ਪਾਸੇ ਬ੍ਰਤਾਨਵੀ ਮੀਡੀਏ ਨੂੰ ਜਦੋਂ
ਗ਼ਲਤੀ ਦਾ ਅਹਿਸਾਸ ਹੋ ਜਾਵੇ ਤਾਂ ਉਹ ਮੁਆਫ਼ੀ ਮੰਗਣ ਲਈ ਵੀ ਦੇਰ ਨਹੀਂ ਲਾਉਂਦਾ।
ਭਾਵੇਂ ਕਈ ਕੇਸਾਂ ਦਾ ਕਚਿਹਰੀ ਦੇ ਅੰਦਰ ਜਾਂ ਬਾਹਰ ਹੀ ਸਮਝੌਤਾ ਹੋ ਜਾਂਦਾ ਹੈ।
ਜੈਰੀ ਅਤੇ ਕੇਟ ਵਲੋਂ ਦਿਲ ਵੱਡਾ ਕਰਕੇ ਖਖ਼ਬਾਰਾਂ ਦੇ ਕਿਰਦਾਰ ਨੂੰ ਚੁਣੌਤੀ ਦਿੰਦਿਆਂ
ਅਦਾਲਤ ਵਿੱਚ ਸ਼ਕਾਇਤ ਕੀਤੀ ਗਈ ਤਾਂ ਆਪਣੀ ਗ਼ਲਤੀ ਦਾ ਇਜ਼ਹਾਰ ਕਰਦਿਆਂ ਆਪਣੇ ਵਲੋਂ
ਛਾਪੀਆਂ ਖਬਰਾਂ ਨੂੰ ਨਿਰਾ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਬ੍ਰਤਾਨੀਆਂ ਦੇ
ਪ੍ਰਮੁੱਖ ਅਖਬਾਰ ਸਮੂਹ ਐਕਸਪ੍ਰੈੱਸ ਨੇ ਆਪਣੇ ਪਹਿਲੇ ਸਫੇ ਤੇ ਸਿਰਫ ਲਿਖਤੀ ਮੁਆਫੀ
ਮੰਗਣਾ ਦਾ ਸ਼ਰੇਆਮ ਐਲਾਨ ਕਰ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਸਗੋਂ ‘ਮੈਡਲਿਨ ਨੂੰ
ਲੱਭੋ’ ਨਾਮ ਦੇ ਮੁਹਾਜ਼ ਨੂੰ ਸਾਢੇ 5 ਲੱਖ ਪੌਂਡ ਦੀ ਰਾਸ਼ੀ ਦੇਣ ਦਾ ਵੀ ਐਲਾਨ ਕਰ
ਦਿੱਤਾ ਹੈ। ਜੈਰੀ ਅਤੇ ਕੇਟ ਦੀ ਸ਼ਕਾਇਤ ਤੇ ਮੁੱਖ ਅਖ਼ਬਾਰਾਂ ‘ਡੇਲੀ ਐਕਸਪ੍ਰੈੱਸ’ ਅਤੇ
‘ਡੇਲੀ ਸਟਾਰ’ ਨੇ ਆਪਣੇ ਪਹਿਲੇ ਸਫਿਆਂ ਤੇ ਲਿਖਤੀ ਅਤੇ ਇੱਕ ਖੁੱਲ੍ਹੀ ਅਦਾਲਤ ਵਿੱਚ
ਜੱਜ, ਮਿ. ਜਸਟਿਸ ਈਡੀ ਦੇ ਸਾਹਮਣੇ ਮੁਆਫੀ ਮੰਗੀ ਹੈ। ਪਰ ਇਹ ਤਾਂ ਜੈਰੀ ਤੇ ਕੇਟ ਹੀ
ਦੱਸ ਸਕਦੇ ਹਨ ਕਿ ਨ੍ਹਿਾਂ ਮੁਆਖ਼ੀਆਂ ਅਤੇ ਪੈਸੇ ਨਾਲ ਕੀ ਉਨ੍ਹਾਂ ਮਾਨਸਿਕ ਤੌਰ ਤੇ
ਹੋਇਆ ਨੁਕਸਾਨ ਪੂਰਾ ਹੋ ਸਕਦਾ ਹੈ ਕਿ ਨਹੀਂ। ਜੈਰੀ ਅਤੇ ਕੇਟ ਨੇ ਆਪਣੇ ਬਿਆਨ ‘ਚ
ਕਿਹਾ ਹੈ ਕਿ ਭਾਵੇਂ ਉਨ੍ਹਾਂ ਨੇ ਬਹੁਤ ਹੀ ਸਾਵਧਾਨੀ ਅਤੇ ਦੁਚਿੱਤੇ ਜਹੇ ਮਨ ਨਾਲ
ਨਾਲ ਇਹ ਕਦਮ ਚੁੱਕਿਆ ਸੀ ਪਰ ਉਹਨਾਂ ਨੂੰ ਇਸਦੀ ਸਫਲਤਾ ਤੇ ਭਾਰੀ ਰਾਹਤ ਅਤੇ ਖੁਸ਼ੀ
ਮਹਿਸੂਸ ਹੋਈ ਹੈ। ਉਹਨਾਂ ਦੇ ਵਕੀਲ, ਐਡਮ ਟਿਊਡਰ, ਜੋ ਕਿ ਮੀਡੀਆ ਕਨੂੰਨ ਦੀ ਮਾਹਰ
ਕੰਪਨੀ ਕਾਰਟਰ-ਰੁੱਕ ਨਾਲ ਸਬੰਧਤ ਹਨ, ਨੇ ਕਿਹਾ ਹੈ ਕਿ ਇਹ ਸਫਲ ਪ੍ਰਾਪਤੀ ਨਾਲ
ਮੀਡੀਆਂ ਸਬੰਧੀ ਕਨੂੰਨ ਵਿੱਚ ਜ਼ਰੂਰ ਹਿੱਲ ਜੁਲ ਹੋਵੇਗੀ। ਇਸਦੇ ਨਾਲ ਹੀ ਮਿ. ਟਿਊਡਰ
ਨੇ ਜੈਰੀ ਅਤੇ ਕੇਟ ਵਲੋਂ ਕੀਤੀ ਗਈ ਪੁਰਤਗੀਜੀ ਅਧਿਕਾਰੀਆਂ ਨੂੰ ਉਹਨਾਂ ਤੇ ਥੋਪੇ
ਸ਼ੱਕ ਦੇ ਇਲਜ਼ਾਮ ਨੂੰ ਵਾਪਿਸ ਲੈਣ ਦੀ ਮੰਗ ਨੂੰ ਵੀ ਦੁਰਾਇਆ ਹੈ। ਐਕਸਪ੍ਰੈਸ ਅਖਬਾਰ
ਸਮੂਹ ਨੇ ਪਿਛਲੇ ਸਾਲ ਮਈ ਤੋਂ ਲੈ ਕੇ ਇਸ ਸਾਲ ਫਰਵਰੀ ਦੇ ਅਖੀਰ ਤੱਕ 100 ਤੋਂ ਵੀ
ਵੱਧ ਲੇਖ ਛਾਪੇ ਸਨ ਜਿਹਨਾਂ ਵਿੱਚ ਸ਼ੱਕ ਦੀ ਉਂਗਲ ਉਹਨਾਂ ਵੱਲ੍ਹ ਕਰਕੇ ਉਹਨਾਂ ਨੂੰ
ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ। ਸਾਢੇ 5 ਲੱਖ ਦੇ ਕੇ ਅਖ਼ਬਾਰ ਆਰਥਿਕ ਤੌਰ
ਤੇ ਭਾਵੇਂ ਘਾਟੇ ‘ਚ ਨਹੀਂ ਰਿਹਾ ਹੋਵੇਗਾ ਪਰ ਇਸਦੇ ਕਿਰਦਾਰ ਨਾਲ ਬ੍ਰਤਾਨਵੀ ਪ੍ਰੈੱਸ
ਤੇ ਵੀ ਸ਼ੱਕ ਦੀ ਉਂਗਲ ਜ਼ਰੂਰ ਉੱਠ ਗਈ ਹੈ।
----------------- 0
------------
(ਲੇਖਕ
ਹਰ ਸ਼ਨੀਵਾਰ ਸਵੇਰ, ਰਾਜ ਰੇਡੀਓ,
ਸਕਾਈ ਚੈਨਲ 0141 ਤੋਂ ‘ਚਲਦੇ
ਮਾਮਲੇ’ ਪ੍ਰੋਗਰਾਮ ਪੇਸ਼ ਕਰਦਾ ਹੈ)khabarsar@yahoo.co.uk