‘ਕੁਝ ਆਰ ਦੀਆਂ ਕੁਝ ਪਾਰ ਦੀਆਂ’ ਗੁਰਦੇਵ ਸਿੰਘ ਘਣਗਸ ਦੀ ਤੀਜੀ ਕਾਵਿ ਪੁਸਤਕ
ਹੈ, ਇਸ ਤੋਂ ਪਹਿਲਾਂ ‘ਸੱਠਾਂ ਤੋਂ ਬਾਅਦ’ ਅਤੇ ‘ਤੁਰਦੇ ਭੁਰਦੇ ਜੁੜਦੇ ਰਿਸ਼ਤੇ’
ਕਾਵਿ–ਸੰਗ੍ਰਹਿ ਛਪੇ, ਜਿਨ੍ਹਾਂ ਦੀ ਚਰਚਾ ਪੰਜਾਬੀ ਕਾਵਿ ਜਗਤ ਵਿਚ ਬਹੁਤ ਹੋਈ।
‘ਕੁਝ ਆਰ ਦੀਆਂ ਕੁਝ ਪਾਰ ਦੀਆਂ’ ਜ਼ਾਹਿਰ ਹੈ, ਭਿੰਨ ਭਿੰਨ ਰੂਪਾਂ ਦਾ ਜੋੜ ਮੇਲ
- - -‘ਕੁਝ ਆਰ ਦੀਆਂ ਕੁਝ ਪਾਰ ਦੀਆਂ’ ਸੱਤਾਂ ਵਿਧਾਵਾਂ ਦਾ ‘ਸਤਨਾਂਜਾ’,
‘ਸਤਨਾਂਜਾ’ ਸੱਤਾਂ ਅਨਾਜਾਂ ਦਾ ਪਵਿੱਤ੍ਰ ਦਾਨ - - - ਉਸ ਪਾਠਕਾਂ ਨੂੰ ਕਾਵਿ
–ਸ਼ਾਸਤ੍ਰ ਵਿਚਲੀਆਂ ਵਿਧਾਵਾਂ ਦਾ ਦਾਨ ਦਿੱਤਾ ਏ - - - ਕਵਿਤਾ, ਗਜ਼ਲ, ਗੀਤ,
ਬੈਂਤ, ਟੱਪੇ ‘ਤੇ ਰੁਬਾਈਆਂ, ਦੋਹੇ ਅਤੇ ਬੋਲੀਆਂ। ਗੁਰਦੇਵ ਸਿੰਘ ਘਣਗਸ ਨੇ
ਪ੍ਰਗੀਤਕ ਕਵਿਤਾ ਰਚੀ, ਕਿਉਂ ਜੁ ਰਾਗ ਤੇ ਲੈਅ ਦੀ ਹੋਂਦ ਮਨੁੱਖੀ ਮਨ ਨੂੰ
ਵਧੇਰੇ ਟੁੰਬਦੀ ਏ। ਪ੍ਰਗੀਤ ਗੀਤ ਵਿਚਲਾ ਸੁਹਜ ਸੁਆਦ ਦਾ ਤੱਤ ਮਨੁੱਖੀ ਮਨ ਦੀਆਂ
ਮੂਲ ਭਾਵਨਾਵਾਂ ਦੀ ਤ੍ਰਿਪਤੀ ਕਰਦਾ ਹੈ। ਜੋ ਸ਼ਾਇਰ ਪਰਮਾਤਮਾ ਦੀ ਅਰਾਧਨਾ ਕਰਦਾ
ਹੈ, ਜੋ ਪ੍ਰਭੂ ਤੋਂ ਦੁਆ ਮੰਗ ਆਪਣਾ ਕਾਰਜ ਸ਼ੁਰੂ ਕਰਦਾ ਹੈ ਉਸਦਾ ਸਦਾ ਸੁਆਗਤ
ਹੁੰਦਾ ਹੈ। ‘ਕੁਝ ਆਰ ਦੀਆਂ ਕੁਝ ਪਾਰ ਦੀਆਂ’ - - - ਸ਼ੁਰੂ ਕਰਨ ਤੋਂ ਪਹਿਲਾਂ
ਉਹ ‘ਮੰਗਲਾ ਚਰਣ’ ਲਿਖਦਾ ਪਹਿਲੀ ਰਚਨਾ ਇਓਂ ਕਰਦਾ ਹੈ:
‘ਉੱਚਾ ਦਰ ਬਾਬੇ ਨਾਨਕ ਦਾ, ਸਤਿਗੁਰ ਦੀ ਮਹਿਮਾ ਕਰਕੇ।’
ਸ਼ਾਇਰ ਆਪਣੇ ਆਪ ਉੱਤੇ ਹੋਈ ਮਿਹਰ ਦਾ ਜ਼ਿਕਰ ਇਓਂ ਕਰਦਾ ਹੈ:
‘ਸਿੱਖਦੇ ਸਿੱਖਦੇ ਸਿੱਖ ਲਏ ਲਿਖਣੇ ਦੇ ਕਈ ਢੰਗ
ਹੁੰਦੀ ਹੁੰਦੀ ਹੋ ਗਈ , ਮੌਲਾ ਦੀ ਕੋਈ ਮਿਹਰ।’
ਤੇ ਉਹ ਫਿਰ ਹੌਲੀ ਹੌਲੀ ਕਵਿਤਾ ਕਹਿਣ ਲੱਗਾ ਤੇ ਫਿਰ ਸਹਿਜੇ ਸਹਿਜੇ ਸ਼ਿਅਰ ਕਹਿਣ
ਲੱਗਾ ਤੇ ਸ਼ਾਇਰੀ ਦੀਆਂ ਹੋਰ ਵੱਖ ਵੱਖ ਵਿਧਾਵਾਂ ਰਚਨ ਲੱਗ ਪਿਆ। ਉਸਦੀ ਕਵਿਤਾ
ਵਿਚ ਮਾਨਵਧਾਰਾ ਦੀ ਪ੍ਰਤੀਨਿਧਤਾ ਹੈ, ਉਹ ਲੋਕਾਈ ਦੇ ਸਮਾਂਨਾਤਰ ਟੁਰਦਾ ਕਵਿਤਾ
ਰਚਦਾ ਹੈ। ਪਰਦੇਸਾਂ ਵਿਚ ਰਹਿੰਦਾ ਵੀ ਉਹ ਆਪਣੇ ਦੇਸ ਨੂੰ ਨਹੀਂ ਭੁਲਦਾ। ਉਹ
ਵਾਰ ਵਾਰ ਆਪਣੇ ਦੇਸ ਨੂੰ ਯਾਦ ਕਰਦਾ, ਆਪਣੇ ਦੇਸ ਪਰਤਦਾ ਹੈ, ਦੋਸਤਾਂ,
ਮਿੱਤਰਾਂ, ਬੇਲੀਆਂ ਦਾ ਸਾਥ ਮਾਣਦਾ ਹੈ:
ਜਿਸ ਸ਼ਹਿਰ ਵਿਚ ਹੋਣ ਇਕੱਠੇ
ਰਲ-ਮਿਲ ਬੇਲੀ ਚਾਰ
ਭਾਵੇਂ ਹੋਵਣ ਦੇਸ ਆਪਣੇ,
ਭਾਵੇਂ ਦੇਸ ਤੋਂ ਬਾਹਰ
ਉਸੇ ਨਾਲ ਮੇਰਾ ਪਿਆਰ
ਇਹ ਵੀ ਦਾਤ ਤੇਰੀ ਦਾਤਾਰ - -
ਉਹ ਮਾਨਵਵਾਦੀ ਸ਼ਾਇਰ ਹੁੰਦਾ ਮਾਨਵਵਾਦ ਦਾ ਧਾਰਨੀ ਹੈ। ਉਹ ਕਿਸੇ ਨਾਲ ਵੈਰ
ਵਿਰੋਧ ਨਹੀਂ ਰਖਦਾ, ਉਸਦੀਆਂ ਹੇਠਲੀਆਂ ਸਤਰਾਂ ਉਸਦੇ ਮਾਨਵਵਾਦੀ ਹੋਣ ਦੀਆਂ
ਲਖਾਇਕ ਹਨ:
ਕਿਸੇ ਦੇ ਵੈਰੀ ਕਿਉਂ ਬਣੀਏ
ਹਰ ਇਨਸਾਨ ਹੀ ਭਾਈ ਹੈ।
ਜਿੰਦਗੀ ਦੀ ਸਚਾਈ ਤੇ ਉਸ ਨਾਲ ਜੂਝਣਾ, ਇਨਸਾਨੀਅਤ ਨੂੰ ਖੋਜਣਾ, ਇਨਸਾਨੀਅਤ
ਕਰਨੀ ਆਦਿ ਨਵੇਕਲੇ ਮੁਹਾਂਦਰੇ-ਮਿਥਕ ਨੂੰ ਉਹ ਆਪਣੀ ਸ਼ਾਇਰੀ ਵਿਚ ਤਰਜੀਹ ਦਿੰਦਾ
ਹੈ ਉਹ ਸੱਚੀ ਕਿਰਤ ਕਮਾਈ ਕਰਨ ਦਾ ਹਾਮੀ ਹੈ।
ਅਪਣੀ ਕਿਰਤ ਕਮਾਈ ਕਰਨੀ, ਹਿੱਸੇ ਆਈ ਵੰਡਕੇ ਛਕਣੀ
ਬਿਨ ਮਤਲਬ ਤੋਂ ਕਦੇ ਨੀ ਖਹਿਣਾ, ਐਧਰ ਵੀ ਤੇ ਓਧਰ ਵੀ
‘ਕੁਝ ਆਰ ਦੀਆਂ ਕੁਝ ਪਾਰ ਦੀਆਂ’, ਐਧਰ ਵੀ ਤੇ ਓਧਰ ਵੀ ਕਹਿੰਦਾ ਉਹ ਨਾਲ ਨਾਲ
ਆਪਣੇ ਪਰਵਾਸ ਨੂੰ ਵੀ ਯਾਦ ਰਖਦਾ ਹੈ। ਉਹ ਪੂਰਬ ਪੱਛਮ ਦੋਹਾਂ ਦੇਸ਼ਾਂ ਨੂੰ ਹੀ
ਚੰਗਾ ਬਨਾਉਣਾ ਲੋਚਦਾ ਹੈ। ਉਸਦੀ ਮਾਨਵਵਾਦੀ ਸੋਚਣੀ ਉਸਨੂੰ ਹੋਰਾਂ ਤੋਂ ਬਿਗਾਨਾ
ਨਹੀਂ ਕਰ ਸਕਦੀ। ਅਜੋਕੇ ਸੰਤਾਪੇ ਮਨੁੱਖ ਦੀ, ਜੋ ਧੀਆਂ ਨੂੰ ਬੇਗਾਨਾ ਧਨ ਆਖਦੇ
ਹਨ, ਜੋ ਧੀਆਂ ਨੂੰ ਪੁੱਤਰਾਂ ਬਰਾਬਰ ਹੱਕ ਨਹੀਂ ਦਿੰਦੇ ਤੇ ਜੋ ਧੀਆਂ ਨੂੰ
ਮਾਰਦੇ ਹਨ, ਦੀ ਗੱਲ ਕਰਦਾ ਲਿਖਦਾ ਹੈ,
ਧੀਆਂ ਪੁੱਤ ਬਰਾਬਰ ਕਹਿਣਾ ਸਿੱਖ ਲਈਏ
ਇਕੋ ਪੱਧਰ ਉੱਤੇ ਰਹਿਣਾ ਸਿੱਖ ਲਈਏ
- - -
ਧੀਆਂ ਵੀ ਇਨਸਾਨ ਨੇ, ਪੂਰੇ ਹੱਕ ਦਿਓ
ਜਿਨ੍ਹਾਂ ਜੰਮੇ ਰਾਜਾਨ ਨੇ, ਪੂਰੇ ਹੱਕ ਦਿਓ
- - -
ਧੀਆਂ ਪੁੱਤਰਾਂ ਵਾਂਗਰ, ਪੜ੍ਹਨੇ ਪਾ ਦਿਓ ਜੀ
ਅਪਣੇ ਪੈਰੀਂ ਸਭਨੂੰ ਖੜ੍ਹਨੇ ਲਾ ਦਿਓ ਜੀ
- - -
ਚੰਗੇ ਕੰਮ ਤੋਂ ਹਿੰਮਤ ਕਦੇ ਵੀ ਹਾਰੋ ਨਾ
ਜੰਮਣ ਤੋਂ ਹੀ ਪਹਿਲਾਂ ਧੀਆਂ ਮਾਰੋ ਨਾ
- - -
ਅਜ ਅਜੋਕੇ ਮਸਲੇ ‘ਭਰੂਣ ਹੱਤਿਆ’ ਦੀ ਭਖਵੀਂ ਸਮੱਸਿਆਵਾਂ ਨੂੰ, ਧੀਆਂ ਦੇ ਹੱਕਾਂ
ਨੂੰ , ਔਰਤ ਦੇ ਅਸਤਿਤਵ ਨੂੰ ਪੇਸ਼ ਕਰ, ਗੁਰਦੇਵ ਸਿੰਘ ਘਣਗਸ ਨੇ ਜਾਗਰੂਕਤਾ ਦਾ
ਪਾਠ ਪੜ੍ਹਾਇਆ ਹੈ, ਜਿਸ ਵਿਚ ਉਹ ਪੂਰਾ ਸਫਲ ਰਿਹਾ ਹੈ। ਸਮੇਂ ਦੀ ਨਬਜ਼ ਨੂੰ
ਪਛਾਣਦਿਆਂ ਸ਼ਾਇਰ ਨੇ ਸਾਰਥਕ ਤੇ ਬਹੁਮੁੱਲੀ ਸ਼ਾਇਰੀ ਰਾਹੀਂ ਨਰੋਆ ਸੁਨੇਹਾ ਸਮਾਜ
ਨੂੰ ਦਿੱਤਾ ਹੈ। ਅਜੋਕੇ ਸਾਇੰਸੀ ਯੁਗ ਵਿਚੋਂ ਗੁਜ਼ਰਦਿਆਂ ਉਸ ਵਿਗਿਆਨਕ ਤੱਥ
ਪੇਸ਼ ਕੀਤਾ ਹੈ। ਉਸ ਆਸ਼ਾਵਾਦੀ ਸੋਚਣੀ ਸੰਗ ਇਸ ਗੈਰ-ਕਾਨੂੰਨੀ ਤੱਥ ਨੂੰ
ਉਭਾਰਦਿਆਂ ਡਾਕਟਰਾਂ ਨੂੰ ਲਾਲਚ ਵਸ ਹੋ ਇਹ ਮਾੜਾ ਕੰਮ ਕਰਨ ਤੋਂ ਰੋਕਿਆ ਹੈ।
ਉਹ ਸਰਕਾਰੂ ਬੇਨਿਯਮੀਆਂ ਨੂੰ, ਭ੍ਰਿਸ਼ਟਾਚਾਰੀ ਨੂੰ ਤੇ ਨਾਲੇ ਲੋਕਾਂ ਦੀ ਫੁੱਟ
ਨੂੰ ਅਤੇ ਗਰੀਬੀ ਦੇ ਦਰਦ ਨੂੰ ਸ਼ਿਦਤ ਨਾਲ ਦੁਖੀ ਮਨ ਨਾਲ, ਇਓਂ ਲਿਖਦਾ ਹੈ:
ਥਾਂ ਥਾਂ ਝੁੱਗੀਆਂ ਦੇ ਵਿਚ ਫਿਰਦੇ ਢਿੱਡ ਭੁੱਖੇ
ਲਹੂ ਪੀਣੀਆਂ ਨੀਤੀਆਂ ਹਰ ਸਰਕਾਰ ਦੀਆਂ
ਅਜੋਕੇ ਪਦਾਰਥਵਾਦੀ ਯੁਗ ਵਿਚ ਹੁਣ ਕਿਸੇ ਦੀ ਵੀ ਸੁਰੱਖਿਆ ਨਹੀਂ ਹੈ। ਡਰ ਦੀ
ਭਾਵਨਾ ਹੈ। ਹਰ ਪਾਸੇ ਆਪੋ-ਧਾਪੀ ਹੈ। ਸ਼ਾਇਰ ਨੇ ਆਪਣੀ ਖੂਬਸੂਰਤ ਗਜ਼ਲ ਵਿਚ
ਅਜਿਹੇ ਅਹਿਸਾਸ ਨੂੰ ਇਓਂ ਬਿਆਨਿਆ ਹੈ,
ਬਾਰੂਦਾਂ ਦੀ ਦੁਨੀਆ ਵਿਚ ਹੁਣ, ਕੀ ਇਤਬਾਰ ਸੁਰੱਖਿਆ ਦਾ
ਹਰ ਪਾਸੇ ਹੈ ਆਪੋ-ਧਾਪੀ, ਡਰ ਦੀ ਤੇ ਘਣਘੋਰ ਦੀ ਗੱਲ
ਉਪਰੋਂ ਦੇਖਣ ਨੂੰ ਇਹ ਗਜ਼ਲਾਂ ਸਿਧ ਪਧਰੀਆਂ ਭਾਵੇਂ ਲਗਦੀਆਂ ਹਨ ਪਰ ਇਕ ਪ੍ਰੋੜ
ਸ਼ਾਇਰ ਦਾ ਝਾਵਲਾ ਪਾਉਂਦੀਆਂ ਇਕ ਤਰਕ-ਵਿਧਾਨ ਜਰੂਰ ਸਿਰਜਦੀਆਂ ਹਨ। ਭਾਵੇਂ ਉਹ
ਆਪਣੇ ਆਪ ਤਾਈਂ ਇਕ ਨਹੋਰਾ ਦਿੰਦਾ ਕਹਿੰਦਾ ਹੈ, ਦੇਖ ਲਿਆ ਤੇਰਾ ਵੀ ਪੰਜਾਬ
ਦੋਸਤਾ, ਕਿਓਂ? ਕਿਉਂਕਿ,
ਵੋਟਾਂ ਵੇਲੇ ਬੋਤਲਾਂ ਦੇ ਡੱਟ ਖੁੱਲਦੇ
ਰੱਬ ਦਿਆਂ ਡੇਰਿਆਂ ‘ਚ ਫੱਟ ਖੁੱਲਦੇ
ਅਕਲਾਂ ਨੂੰ ਲੱਗਿਆ ਸਲਾਬ੍ਹ ਦੋਸਤਾ
ਦੇਖ ਲਿਆ ਤੇਰਾ ਵੀ ਪੰਜਾਬ ਦੋਸਤਾ
- - -
ਉਹ ਦੋਹਾਂ ਪੰਜਾਬਾਂ ਨੂੰ ਇਕੋ ਜਿਹੇ ਆਖਦਾ ਮਿਹਣਾ ਤਾਂ ਦਿੰਦਾ ਹੈ ਪਰ ਉਹ
ਪੰਜਾਬੀ ਸਭਿਆਚਾਰ ਨੂੰ ਅੱਖੋਂ ਪਰੋਖੇ ਨਹੀਂ ਕਰਦਾ, ਪੰਜਾਬ ਤਾਂ ਉਹਦੇ ਅੰਗ ਸੰਗ
ਹੈ।
ਲੋਕ ਤੇਰੇ ਅਜੇ ਵੀ ਨੇ ਲੋਕ ਮਿਤਰਾ
ਮੱਕੀ ਦੀਆਂ ਰੋਟੀਆਂ ਤੇ ਸਾਗ ਦੋਸਤਾ
- - -
ਮੇਰੀ ਚਾਲ ਪੰਜਾਬੀ ਹੈ, ਮੇਰਾ ਦਿਲ ਪੰਜਾਬੀ ਹੈ
- - -
ਮਹਿਲ ਚੁਬਾਰੇ ਪਾ ਲਏ ਮੈਂ ਤੂੰ
ਮਨ ਤਰਸੇ ਖੂਹ ਦੀ ਮੌਣ ਨੂੰ ਯਾਰੋ
ਸ਼ਾਇਰ ਗੁਰਦੇਵ ਸਿੰਘ ਘਣਗਸ ਨੇ ਪੰਜਾਬੀ ਸਭਿਆਚਾਰਕ ਵਿਰਸੇ ਨੂੰ ਯਾਦ ਰੱਖਿਆ ਹੈ।
ਉਸ ਆਪਣੀ ਸ਼ਾਇਰੀ ਵਿਚ ਬਹੁਤੀ ਥਾਈਂ ਪੇਂਡੂ ਜੀਵਨ ਨੂੰ ਚਿਹਨਤ ਕਰਦਿਆਂ ਪੰਜਾਬੀ
ਸਭਿਆਚਾਰ ਨੂੰ ਫਰੋਲਿਆ ਹੈ। ਉਸ ਆਪਣੇ ਇਤਿਹਾਸ ਮਿਥਿਆਸ ਨੂੰ ਵੀ ਯਾਦ ਕੀਤਾ ਹੈ;
ਰਬ ਕਰੇ ਰੌਸ਼ਨੀ ਦਾ ਝੁੱਲਾ ਆ ਜਾਏ
ਨਾਨਕ ਫਰੀਦ ਕੋਈ ਬੁੱਲਾ ਆ ਜਾਏ
ਘਰ ਘਰ ਵਿਚ ਗਰਮ ਚੁੱਲ੍ਹਾ ਆ ਜਾਏ
ਤਾਂ ਫਿਰ ਖਿੜੇਗਾ ਗੁਲਾਬ ਦੋਸਤਾ
ਸ਼ਾਇਰ ਦੀ ਸ਼ਾਇਰੀ ਦੇ ਪੈਰਾਡਾਈਮ ਨੂੰ ਸਮਝਦਿਆਂ ਉਸਦੀ ਥੀਮਕ ਚੇਤੰਨਤਾ ਵੀ ਪ੍ਰਤਖ
ਹੋ ਜਾਂਦੀ ਹੈ। ਉਹ ਭਵਿਖ ਲਈ ਆਸ਼ਾਵਾਦੀ ਹੈ, ਹਿੰਮਤ ਨਾਲ ਕੋਈ ਵੀ ਆਸ ਪੂਰੀ ਹੋ
ਸਕਦੀ ਹੈ।
ਹਿੰਮਤੀਂ ਹੀ ਹੁੰਦੇ ਕੰਮ ਰਾਸ ਮਿੱਤਰਾ
ਦਿਲ ਵਿਚ ਰੱਖ ਚੰਗੀ ਆਸ ਮਿੱਤਰਾ।
ਕਾਵਿਕ ਵਿਸ਼ਲੇਸ਼ਣ ਦੀ ਪ੍ਰਕ੍ਰਿਆ ਅਧੀਨ ‘ਕੁਝ ਆਰ ਦੀਆਂ ਕੁਝ ਪਾਰ ਦੀਆਂ’ ਦੀ
ਕਾਵਿਕਤਾ ਨੂੰ ਰਖਦਿਆਂ , ਕਵਿਤਾ ਬੋਧ ਦੇ ਚਿੰਤਨ-ਬੋਧ ਅੰਦਰ ਕੁਝ ਕੁ ਨਿਸ਼ਚਿਤ
ਸ਼ਬਦਾਂ ਦੀਆਂ ਖਾਮੀਆਂ ਕਲਾਤਮਕ ਰੁਪਾਂਤਰਣ ਵਿਚ ਅੜਿਕਾ ਡਾਹੁੰਦੀਆਂ ਹਨ ਤੇ ਕਈ
ਵਾਰ ਅਰਥ ਦਾ ਅਨਰਥ ਵੀ ਹੋ ਜਾਂਦਾ ਹੈ। ਕੇਂਦਰੀ ਭਾਸ਼ਾ ਸੰਗ ਵਾਕ-ਬੋਧ ਦੀ ਬਣਤਰ,
ਅਰਥ ਭਰਪੂਰ ਤੇ ਸਪਸ਼ਟ ਹੋਣੀ ਜਰੂਰੀ ਹੁੰਦੀ ਹੈ। “ਸਿੱਖਾਂ ਦੇ ਵੀ ਖਤ ਹੋ ਸਕਦੀ
ਹੈ
ਹਿੰਦੂਆਂ ਦੇ ਵੀ ਜੱਤ ਹੋ ਸਕਦੀ ਹੈ
- - - - -
ਨਫਰਤ ਘਿਰਨਾ ਲੱਥ ਹੋ ਸਕਦੀ ਹੈ
- - - - -
ਤੋੜ ਦਿਆਂ ਲੱਤਾਂ ਰਖਵਾਕੇ ਦੇਖ ਨੀ
- - - - -
ਅਸਭਿਅਕ ਭਾਸ਼ਾ ਵਿਚਲਾ ਤਰਕ ਬੋਧ ਕਈ ਵਾਰ ਭਾਸ਼ਾ ਨੂੰ ਬੇ-ਬੁਨਿਆਦ ਕਰ ਦਿੰਦਾ ਹੈ।
ਘਣਗਸ ਨੇ ਦੋਹੇ ਲਿਖਦਿਆਂ ਸੁਚੇਤ ਰੂਪ ਵਿਚ ਸ਼ਾਇਰੀ ਕੀਤੀ ਹੈ - - - -:
ਅਜੇ ਵੀ ਸਮਾਂ ਹੈ ਸੋਹਣਿਓ, ਸਭ ਕੁਝ ਸਾਡੇ ਹੱਥ
ਭੱਠ ਅਸਾਡਾ ਜੀਵਣਾ ਜੇ ਰੱਖ ਸਕੇ ਨਾ ਪੱਤ
‘ਕੁਝ ਆਰ ਦੀਆਂ ਕੁਝ ਪਾਰ ਦੀਆਂ’ ਕਾਵਿ-ਸੰਗ੍ਰਿਹ ਵਿਚ ਹਾਸ-ਵਿਅੰਗ ਵੀ ਹੈ ਜਿਸ
ਨਾਲ ਸ਼ਾਇਰ ਨੇ ਹਲਕਾ ਫੁਲਕਾ ਕਾਵਿ-ਸੁਨੇਹਾ ਦਿਤਾ ਹੈ। ਹਾਸ-ਵਿਅੰਗ ਪੰਜਾਬੀ
ਸਾਹਿਤ ਵਿਚਲੀ ਇਕ ਵਿਸ਼ੇਸ਼ ਵਿਧਾ ਹੈ। ਸ਼ਾਇਰ ਗੁਰਦੇਵ ਸਿੰਘ ਘਣਗਸ ਵਿਚ ਈਸਰ ਸਿੰਘ
‘ਭਾਈਆ’ ਦਾ ਝਾਉਲਾ ਪੈਂਦਾ ਹੈ ਜਦੋਂ ਉਹ ਲਿਖਦਾ ਹੈ - - -
ਪਤਨੀ ਜੀ ਮੇਰੇ ਮਰਨੇ ਪਿਛੋਂ ਕੌਲ-ਕਰਾਰ ਨਿਬਾਹ ਦੇਣਾ।
ਪੰਜ ਰਤਨੀ ਥਾਂ ਪੰਜ ਕੱਪ ਚਾਹ ਦੇ ਮੇਰੇ ਮੂੰਹ ਵਿਚ ਪਾ ਦੇਣਾ।
ਜਿੱਥੇ ਇਸ ਸ਼ਾਇਰ ਦੀ ਕਵਿਤਾ ਈਸਰ ਸਿੰਘ ‘ਭਾਈਆ’ ਪੈਟਰਨ ਉਸਾਰਦੀ ਹੈ, ਉੱਥੇ ਕਈ
ਥਾਵੇਂ ਸਟੇਜੀ ਕਵਿਤਾ ਦਾ ਪੈਟਰਨ ਵੀ ਦਰਸਾਂਦੀ ਹੈ:
ਨੌਕਰੀ ਛੱਡ ਬਣੇ ਲਿਖਾਰੀ ਪਰ ਲਿਖੇ ਕੂੜ
ਏਹੋ ਜਹੀ ਲਿਖਤ ਅਤੇ ਲਿਖਾਰੀ ਦਾ ਫਿੱਟੇ ਮੂੰਹ - - -
‘ਕੁਝ ਆਰ ਦੀਆਂ ਕੁਝ ਪਾਰ ਦੀਆਂ’ ਕਾਵਿ-ਸੰਗ੍ਰਿਹ ਵਿਚ ਸ਼ਾਇਰ ਗੁਰਦੇਵ ਸਿੰਘ
ਘਣਗਸ ਨੇ ਪਾਠਕਾਂ ਲਈ ਢੇਰ ਸਾਰਾ ਕਾਵਿ-ਬੋਧ ਪਰੋਸਿਆ ਹੈ ਜਿਸ ਲਈ ਉਹ ਵਧਾਈ ਦਾ
ਪਾਤਰ ਹੈ। ਪੰਜਾਬੀ ਪ੍ਰਗੀਤਕ ਕਾਵਿ-ਸਾਹਿਤ ਵਿਚ ‘ਕੁਝ ਆਰ ਦੀਆਂ ਕੁਝ ਪਾਰ
ਦੀਆਂ’ ਦਾ ਸੁਆਗਤ ਹੈ।
* Dr. Sharanjit Kaur
House 640
Sector 20-A
Chandigarh, INDIA Phone: 172-277-5547 (Mobile: 985-560-6432)
*****