ਜਨਵਰੀ 2006!
ਪੱਤਝੜ ਦੀ ਰੁੱਤ ਸੀ। ਦਰੱਖ਼ਤ ਜਿਵੇਂ ਸੌਂ ਗਏ ਸਨ। ਹਰ ਪਾਸੇ ਘਸਮੈਲੀਆਂ
ਘਸਮੈਲੀਆਂ ਛਿਟੀਆਂ ਹੀ ਨਜ਼ਰ ਆ ਰਹੀਆਂ ਸਨ। ਦਰਖ਼ਤ ਨਹੀਂ, ਸੜਕਾਂ ਕਿਨਾਰੇ
ਘੁਸਮੁਸਾ ਫੈਲਿਆ ਹੋਇਆ ਸੀ।
ਮੈਂ
ਪੁਰਾਣੀ ਡਾਇਰੀ ਫੋਲ ਰਿਹਾ ਸਾਂ। ਅਚਾਨਕ ਮੈਡਮ ਗੁਰਜੀਤ ਕੌਰ ਬੈਦਵਾਨ ਦਾ ਨੰਬਰ
ਦਿਸ ਪਿਆ। ਮੈਨੂੰ ਖ਼ਿਆਲ ਆਇਆ, ਮੈਡਮ ਨਾਲ ਗੱਲ ਕੀਤੀ ਨੂੰ ਦਿਨ-ਮਹੀਨੇ ਨਹੀਂ,
ਸਗੋਂ ਸਾਲ ਹੀ ਹੋ ਗਏ ਹਨ। ਪਤਾ ਨਹੀਂ ਮੈਡਮ ਇਥੇ ਹੋਣਗੇ ਜਾਂ ਇੰਡੀਆ। ਬਹੁਤ
ਸਾਲ ਪਹਿਲਾਂ ਰਣਧੀਰ ਸਿੰਘ ਨਿਊਯਾਰਕ ਦੇ ਘਰ ਮੈਡਮ ਗੁਰਜੀਤ ਹੋਰਾਂ ਕੋਲੋਂ
ਉਹਨਾਂ ਦੀ ਕਹਾਣੀ ‘ਤਾਂਗੇ ਵਾਲਾ’ ਸੁਣੀ ਸੀ। ਕਹਾਣੀ ਦੀ ਗੱਲ ਤਾਂ ਇਕ ਪਾਸੇ,
ਮੈਡਮ ਦੇ ਕਹਾਣੀ ਸੁਣਾਉਣ ਦੇ ਅੰਦਾਜ਼ ਨੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ ਸੀ।
ਮੈਡਮ ਕਹਾਣੀ ਸੁਣਾ ਨਹੀਂ ਰਹੇ ਸਨ, ਦਿਖਾ ਰਹੇ ਸਨ। ਡਾਇਲਾਗ ਮੈਡਮ ਨਹੀਂ,
ਸੱਚੀਮੁਚੀ ਪਾਤਰ ਬੋਲ ਰਹੇ ਸਨ। ਕਹਾਣੀ ਦਾ ਵਿਸ਼ਾ ਪਿੰਡ ਤੋਂ ਲੈ ਕੇ ਅਮਰੀਕਾ
ਤੱਕ ਫੈਲਿਆ ਹੋਇਆ ਸੀ। ‘ਤਾਂਗੇ ਦੀ ਸਹਿਜ ਤੋਰ ਤੁਰਦੀ ਜ਼ਿੰਦਗੀ’ ਤੇ ‘ਅਮਰੀਕਾ
ਵਰਗੇ ਮੁਲਕਾਂ ਵਿਚ ਬਿਜਲੀ ਦੀ ਰਫ਼ਤਾਰ ਨਾਲ ਤੁਰਦੀ ਜ਼ਿੰਦਗੀ’ ਦਾ ਅਜਿਹਾ ਝਲਕਾਰਾ
ਸੀ ਇਸ ਕਹਾਣੀ ਵਿਚ ਕਿ ਇਹ ਕਹਾਣੀ ਸਭ ਨੂੰ ਆਪਣੀ ਕਹਾਣੀ ਹੀ ਲੱਗਦੀ ਸੀ। ਤੇਜ਼
ਰਫ਼ਤਾਰ ਤੋਂ ਅੱਕ ਚੁੱਕੇ ਪਰਵਾਸੀਆਂ ਨੂੰ ‘ਤਾਂਗੇ ਦੀ ਸਹਿਜ ਤੋਰ’ ਦਾ ਸੁਆਦ
ਦਿੰਦੀ ਇਹ ਕਹਾਣੀ ਕਈ ਦਿਨ ਮੇਰੇ ਨਾਲ ਨਾਲ ਚੱਲਦੀ ਰਹੀ ਸੀ।
ਮੁੜ ਕੇ ਫਿਰ ਅਸੀਂ
ਤੇਜ਼-ਰਫ਼ਤਾਰ ਜ਼ਿੰਦਗੀ ਦੀ ਘੁੰਮਣਘੇਰੀ ਵਿਚ ਇੰਝ ਵਲੇ ਗਏ, ਜਿਵੇਂ ਵਾਵਰੋਲੇ ਵਿਚ
ਕੱਖ-ਕਾਨ ਦਾ ਹਾਲ ਹੁੰਦਾ ਹੈ। ਮੈਡਮ ਗੁਰਜੀਤ ਸਾਹਿਤਕ ਮੀਟਿੰਗਾਂ ਵਿਚ ਆਉਣੋਂ
ਹਟ ਗਏ। ਉਹਨਾਂ ਦੀ ਗ਼ੈਰ-ਹਾਜ਼ਰੀ ਤਾਂ ਤਦ ਨਜ਼ਰ ਆਉਂਦੀ ਜੇ ਵਾਵਰੋਲੇ ਦਾ ਘੱਟਾ
ਅੱਖਾਂ ਅੱਗੋਂ ਹਟਦਾ।
ਅਚਾਨਕ ਮੈਡਮ ਦਾ ਫੋਨ ਮੇਰੇ
ਸਾਹਮਣੇ ਆ ਗਿਆ। ਇਕ ਛਿਨ ਲਈ ਜਿਵੇਂ ਮੈਂ ਵਾਵਰੋਲੇ ਵਿਚੋਂ ਬਾਹਰ ਆ ਗਿਆ ਸਾਂ।
ਮੈਂ ਫੋਨ ਮਿਲਾਇਆ। ਕੁਝ ਦੇਰ ਘੰਟੀਆਂ ਵਜਦੀਆਂ ਰਹੀਆਂ ਤੇ ਫਿਰ ‘ਹੈਲੋ’ ਦੀ
ਆਵਾਜ਼ ਆਈ।
‘ਭੈਣ ਜੀ, ਮੈਂ ਸੁਰਿੰਦਰ
ਸੋਹਲ ਬੋਲ ਰਿਹਾਂ।’
‘ਸੋਹਲ, ਤੈਨੂੰ ਬਹੁਤ ਬਹੁਤ
ਮੁਬਾਰਕਾਂ। ਅੱਜ ਈ ਅਖ਼ਬਾਰ ਪੜ੍ਹ ਰਹੀ ਸੀ। ਤੇਰੀ ਉਰਦੂ ਤੋਂ ਅਨੁਵਾਦ ਕੀਤੀ
ਕਿਤਾਬ ‘ਸ਼ਬਰੀ’ ਦੀ ਖ਼ਬਰ ਪੜ੍ਹੀ ਐ। ਬਹੁਤ ਖ਼ੁਸ਼ੀ ਹੋਈ।’ ਮੈਡਮ ਦਾ ਪਹਿਲਾ ਵਾਕ
ਸੀ। ਵਾਕ ਸੀ, ਕਿ ਪੱਤਝੜ ਦੀ ਰੁੱਤ ਵਿਚ ਇਸ ਨੇ ਮੇਰੇ ਦਿਲ ਵਿਚ ਕਿੰਨੇ ਫੁੱਲ
ਖਿੜਾ ਦਿੱਤੇ ਸਨ।
ਮੈਨੂੰ ਪਛਤਾਵਾ ਜਿਹਾ ਵੀ
ਹੋਇਆ। ਮੈਂ ਬਹੁਤ ਸਾਲਾਂ ਤੋਂ ਮੈਡਮ ਨਾਲ ਗੱਲ ਵੀ ਨਹੀਂ ਸਾਂ ਕਰ ਸਕਿਆ, ਪਰ ਉਹ
ਮੇਰੇ ਬਾਰੇ ਛਪੀ ਖ਼ਬਰ ਨੂੰ ਕਿੰਨੀ ਨੀਝ ਨਾਲ ਪੜ੍ਹੀ ਬੈਠੇ ਸਨ।
ਉਹਨਾਂ ਤੋਂ ਪਹਿਲੀ ਵਾਰ
ਮੈਨੂੰ ਪਤਾ ਲੱਗਾ ਸੀ, ਉਹਨਾਂ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ। ਉਹਨਾਂ ਨੇ ਘਰ
ਵੀ ਬਦਲ ਲਿਆ ਸੀ। ਮੈਂ ਉਹਨਾਂ ਦਾ ਨਵਾਂ ਸਿਰਨਾਵਾਂ ਵੀ ਲਿਆ, ਡਾਇਰੈਕਸ਼ਨਾਂ ਵੀ
ਲਈਆਂ। ਮੈਨੂੰ ਲਗਦਾ ਸੀ ਕਿ ਮੈਂ ਇਕ ਦੋ ਹਫ਼ਤਿਆਂ ਵਿਚ ਉਹਨਾਂ ਨੂੰ ਜ਼ਰੂਰ ਮਿਲ
ਕੇ ਆਵਾਂਗਾ।
ਪਰ ਅੱਜ ਕੱਲ੍ਹ ਕਰਦਿਆਂ
ਮਹੀਨਿਆਂ ਦੇ ਮਹੀਨੇ ਫਿਰ ਸੁੱਕੇ ਪੱਤਿਆਂ ਵਾਂਗ ਉੱਡ ਗਏ।
ਮਈ 2007!
ਰਣਧੀਰ ਸਿੰਘ ਨਿਊਯਾਰਕ ਦਾ ਫੋਨ ਆਇਆ ਸੀ,‘ਸੁਰਿੰਦਰ ਬੜੀ ਮਾੜੀ ਖ਼ਬਰ ਐ। ਮੈਡਮ
ਗੁਰਜੀਤ ਨਹੀਂ ਰਹੇ। ਉਹਨਾਂ ਦੀ ਯਾਦ ਵਿਚ ਸਾਨੂੰ ਕੋਈ ਸ਼ੋਕ ਮੀਟਿੰਗ ਰੱਖਣੀ
ਚਾਹੀਦੀ ਐ।’
ਪਰ ਨਿਊਯਾਰਕੀ ਪਟੇ ’ਤੇ
ਚੜ੍ਹੀ ਜ਼ਿੰਦਗੀ ਵਿਚੋਂ ਅਸੀਂ ਸ਼ੋਕ-ਮੀਟਿੰਗ ਲਈ ਚੰਦ ਪਲ ਕੱਢ ਹੀ ਨਾ ਸਕੇ।
ਅਗਸਤ 2007!
ਰਾਜਿੰਦਰ ਜਿੰਦ ਨੇ ਮੈਨੂੰ ਫੋਨ ਕੀਤਾ,‘ਮੈਡਮ ਗੁਰਜੀਤ ਦੇ ਹਸਬੈਂਡ ਸੁਰਿੰਦਰ
ਬੈਦਵਾਨ ਦੀ ਕਾਲ ਆਈ ਸੀ। ਵੱਡੇ ਗੁਰੂਘਰ ਮੈਡਮ ਦੀ ਯਾਦ ਵਿਚ ਭੋਗ ਹੈ।’
ਮੈਨੂੰ ਯਾਦ ਆਇਆ, ਮੈਡਮ ਨਾਲ ਮੇਰੀ ਆਖ਼ਰੀ ਮੁਲਾਕਾਤ ਵੀ ਫੋਨ ’ਤੇ ਹੀ ਹੋਈ ਸੀ।
ਹੁਣ ਉਹਨਾਂ ਦੀ ਮੌਤ ਦੀ ਖ਼ਬਰ ਵੀ ਫੋਨ ’ਤੇ ਹੀ ਮਿਲੀ ਸੀ ਤੇ ਉਹਨਾਂ ਦੇ ਭੋਗ
ਬਾਰੇ ਵੀ ਫੋਨ ’ਤੇ ਹੀ ਪਤਾ ਲੱਗਿਆ ਹੈ। ਜ਼ਿੰਦਗੀ ਤਾਰਾਂ ਵਿਚ ਉਲਝ ਕੇ ਰਹਿ ਗਈ
ਹੈ। ਕਾਸ਼! ‘ਤਾਂਗੇ ਵਰਗੀ ਸਹਿਜ ਜ਼ਿੰਦਗੀ’ ਹਰ ਮਨੁੱਖ ਨੂੰ ਨਸੀਬ ਹੋ ਜਾਵੇ।
ਭੋਗ ਵਾਲੇ ਦਿਨ ਸੁਰਿੰਦਰ
ਸਿੰਘ ਬੈਦਵਾਨ ਹੋਰਾਂ ਨਾਲ ਮਾੜੀ ਜਿਹੀ ਗੱਲ ਹੋਈ ਸੀ। ਪਹਿਲਾਂ ਮੀਟਿੰਗਾਂ ਵਿਚ
ਤਾਂ ਉਹਨਾਂ ਨਾਲ ਸਰਸਰੀ ‘ਸਤਿ ਸ੍ਰੀ ਅਕਾਲ’ ਤੋਂ ਗੱਲ ਅੱਗੇ ਨਹੀਂ ਸੀ ਤੁਰਦੀ।
ਫਿਰ ਬੈਦਵਾਨ ਹੋਰਾਂ ਨਾਲ ਮੇਰੀਆਂ ਇਕ ਦੋ ਮੁਲਾਕਾਤਾਂ ਹੋਈਆਂ। ਮੈਂ ਦੱਸਿਆ
ਸੀ,‘ਮੇਰੀ ਭੈਣਜੀ ਹੋਰਾਂ ਨਾਲ ਗੱਲ ਹੋਈ ਸੀ, ਕਈ ਮਹੀਨੇ ਪਹਿਲਾਂ..।’
ਬੈਦਵਾਨ ਹੋਰਾਂ ਦੱਸਿਆ,‘ਹਾਂ
ਗੁਰਜੀਤ ਨੇ ਮੈਨੂੰ ਦੱਸਿਆ ਸੀ, ਉਹ ਉਡੀਕ ਵੀ ਕਰਦੀ ਰਹੀ ਸੀ..।’
ਮੈਂ ਬੈਦਵਾਨ ਹੋਰਾਂ ਨੂੰ ਪੰਜਾਬੀ ਸਾਹਿਤ ਅਕੈਡਮੀ ਦੀ ਮੀਟਿੰਗ ਵਿਚ ਆਉਣ ਲਈ
ਆਖਿਆ। ਮੀਟਿੰਗ ਮਨੋਹਰ ਸਿੰਘ ਮਾਰਕੋ ਹੋਰਾਂ ਦੇ ਘਰ ਹੋ ਰਹੀ ਸੀ। ਸੁਰਿੰਦਰ
ਸਿੰਘ ਬੈਦਵਾਨ ਹੋਰਾਂ ਨੇ ਗੁਰਜੀਤ ਕੌਰ ਦੀ ਕਹਾਣੀ ‘ਗੰਗਾ ਜਲ’ ਪੜ੍ਹੀ ਸੀ।
‘ਗੰਗਾ ਜਲ’ ਕਹਾਣੀ ਭਰੂਣ
ਹੱਤਿਆ ਦੇ ਵਿਸ਼ੇ ਨੂੰ ਲੈ ਕੇ ਲਿਖੀ ਗਈ ਇਕ ਮਾਰਮਿਕ ਕਹਾਣੀ ਸੀ। ਭਰੂਣ ਹੱਤਿਆ
ਦੇ ਬਹਾਨੇ ਕਹਾਣੀਕਾਰਾ ਨੇ ਬਹੁਤ ਹੀ ਸੂਖਮ ਅੰਦਾਜ਼ ਵਿਚ ਔਰਤ ਦੇ ਹੁੰਦੇ ਸ਼ੋਸ਼ਣ
ਨੂੰ ਉਜਾਗਰ ਕੀਤਾ ਸੀ। ਦਾਦੀ ਤੇ ਪੋਤੀ ਦੇ ਸੰਵਾਦ ਰਾਹੀਂ ਉਸਰਿਆ ਕਹਾਣੀ ਦਾ
ਪਲਾਟ ਬੇਹੱਦ ਰੌਚਕ ਤੇ ਕਰੁਣਾਮਈ ਸੀ। ਕਹਾਣੀ ਤੋਂ ਸਪੱਸ਼ਟ ਸੀ ਕਿ ਗੁਰਜੀਤ ਕੌਰ
ਬੇਹੱਦ ਆਸ਼ਾਵਾਦੀ ਸੋਚ ਵਾਲੀ ਕਹਾਣੀਕਾਰਾ ਸੀ। ਪੋਤੀ ਦੇ ਕਾਟਵੇਂ ਵਾਰਤਾਲਾਪ ਇਸ
ਗੱਲ ਦਾ ਪ੍ਰਮਾਣ ਸਨ ਕਿ ਔਰਤ ਆਪਣੀ ਹਸਤੀ, ਆਪਣੇ ਹੱਕਾਂ ਅਤੇ ਆਪਣੇ ਮਹੱਤਵਪੂਰਨ
ਸਮਾਜਿਕ ਰੋਲ ਪ੍ਰਤੀ ਜਾਗ੍ਰਤ ਹੋ ਚੁੱਕੀ ਹੈ। ਕਹਾਣੀ ਵਿਚ ਬਿਰਤਾਂਤ ਦੀ ਥਾਂ
ਵਾਰਤਾਲਾਪਾਂ ਨੂੰ ਪ੍ਰਮੁੱਖ ਰੱਖਿਆ ਗਿਆ ਸੀ। ਇੰਝ ਇਹ ਰਚਨਾ ਕਹਾਣੀ ਹੁੰਦੇ ਹੋਏ
ਵੀ ਨਾਟਕ ਵਰਗਾ ਸਵਾਦ ਦੇ ਜਾਂਦੀ ਸੀ।
ਕਹਾਣੀ ਨੂੰ ਸਭ ਨੇ ਸਲਾਹਿਆ
ਸੀ। ਇਹ ਕਹਾਣੀ ਪੰਜਾਬੀ ਦੀ ਇਕ ਅਖਬਾਰ ਵਿਚ ਛਪੀ ਤਾਂ ਦਲਜੀਤ ਮੋਖਾ ਨੇ ਮੈਨੂੰ
ਦੱਸਿਆ,‘ਮੈਂ ਇਹ ਕਹਾਣੀ ਆਪਣੀ ਬੇਟੀ ਤੇ ਬੀਵੀ ਨੂੰ ਪੜ੍ਹਨ ਲਈ ਸੁਜੈਸਟ ਕੀਤੀ
ਐ।’
ਦਲਜੀਤ ਮੋਖਾ ਪੰਜਾਬੀ ਦਾ ਪਹੁੰਚਿਆ ਹੋਇਆ ਕਵੀ ਹੈ। ਉਸਨੂੰ ਪੰਜਾਬੀ ਵਿਚ ਰਚੀ
ਰਚਨਾ ਬੜੀ ਘਟ ਪਸੰਦ ਆਉਂਦੀ ਹੈ। ਉਸਦੇ ਬੋਲਾਂ ਨੇ ਮੇਰੇ ਅੰਦਰ ਹੋਰ ਵੀ ਉਤਸ਼ਾਹ
ਭਰ ਦਿੱਤਾ ਸੀ।
ਮੈਂ ਸੁਰਿੰਦਰ ਸਿੰਘ ਬੈਦਵਾਨ
ਹੋਰਾਂ ਤੋਂ ਸਾਰੀਆਂ ਕਹਾਣੀਆਂ ਲੈ ਲਈਆਂ। ਰਾਤ ਨੂੰ ਕੰਮ ਨਿਬੇੜ ਕੇ ਮੈਂ ਇਕ-ਦੋ
ਵਜੇ ਘਰ ਆਉਂਦਾ ਤੇ ਕੰਪਿਊਟਰ ’ਤੇ ਬੈਠ ਜਾਂਦਾ। ਇਕ ਇਕ ਕਰਕੇ ਮੈਂ ਸਾਰੀਆਂ
ਕਹਾਣੀਆਂ ਟਾਈਪ ਕਰ ਲਈਆਂ।
ਮੈਂ ਜਦੋਂ ਬੈਦਵਾਨ ਹੋਰਾਂ ਨਾਲ ਇਹਨਾਂ ਦੀ ਕਿਤਾਬ ਛਪਾਉਣ ਬਾਰੇ ਗੱਲ ਤੋਰੀ ਤਾਂ
ਉਹਨਾਂ ਕਿਹਾ,‘ਤੂੰ ਯਾਰ ਕਿਤੇ ਪਹਿਲਾਂ ਮਿਲ ਜਾਂਦਾ ਤਾਂ ਇਹ ਕਿਤਾਬ ਗੁਰਜੀਤ ਦੇ
ਜਿਊਂਦੇ ਜੀ ਛਪ ਜਾਂਦੀ।’
ਮੈਨੂੰ ਤਸੱਲੀ ਇਸ ਗੱਲ ਦੀ ਹੈ
ਕਿ ਬੈਦਵਾਨ ਹੋਰਾਂ ਨੇ ਮੇਰੇ ’ਤੇ ਵਿਸ਼ਵਾਸ ਕਰਕੇ ਇਹ ਕਾਰਜ ਮੈਨੂੰ ਸੌਂਪਿਆ।
ਜਦੋਂ ਮੈਂ ਡਾ. ਬਲਦੇਵ ਸਿੰਘ ਧਾਲੀਵਾਲ ਹੋਰਾਂ ਨਾਲ ਕਿਤਾਬ ਬਾਰੇ ਗੱਲ ਕੀਤੀ
ਤਾਂ ਉਹ ਬਹੁਤ ਖੁਸ਼ ਹੋਏ ਤੇ ਬੋਲੇ,‘ਚੰਗਾ ਕੰਮ ਐ, ਗੁਰਜੀਤ ਦਾ ਕੰਮ ਪੰਜਾਬੀ
ਸਾਹਿਤ ਦੇ ਇਤਿਹਾਸ ਵਿਚ ਸੰਭਾਲਿਆ ਜਾਊ।’ ਉਹ ਮੈਡਮ ਗੁਰਜੀਤ ਦੀ ਸ਼ਖਸੀਅਤ ਬਾਰੇ
ਅਤੇ ਕਹਾਣੀਆਂ ਬਾਰੇ ਲਿਖਣ ਲਈ ਤਿਆਰ ਹੋ ਗਏ।
ਪੰਜਾਬੀ ਵਿਚ ਸਾਧੂ-ਸੁਖਵੰਤ
ਇਕੱਠੇ ਲਿਖਦੇ ਤੇ ਛਪਦੇ ਰਹੇ ਹਨ। ਇਸੇ ਰਿਵਾਇਤ ਨੂੰ ਅੱਗੇ ਤੋਰਦੇ ਹੋਏ ਪੰਜਾਬੀ
ਸਾਹਿਤ ਅਕੈਡਮੀ ਨਿਊਯਾਰਕ ਦੇ ਪ੍ਰਧਾਨ ਰਣਧੀਰ ਸਿੰਘ ਨਿਊਯਾਰਕ ਅਤੇ ਉਹਨਾਂ ਦੀ
ਪਤਨੀ ਅਜਮੇਰ ਕੌਰ ਨੇ ਸਾਂਝੇ ਤੌਰ ’ਤੇ ਮੈਡਮ ਗੁਰਜੀਤ ਦੀਆਂ ਕਹਾਣੀਆਂ ਲਿਖ ਕੇ
ਧੰਨਵਾਦੀ ਬਣਾਇਆ ਹੈ।
ਪੰਜਾਬੀ ਸ਼ਾਇਰ ਰਾਜਿੰਦਰ ਜਿੰਦ
ਦਾ ਤਹਿ ਦਿਲੋਂ ਸ਼ੁਕਰੀਆ, ਜਿਸ ਨੇ ਕਾਵਿ-ਸ਼ਰਧਾਂਜਲੀ ਲਿਖੀ ਹੈ।
ਉਂਝ ਤਾਂ ਆਪਣੀ ਛਪੀ ਕਿਤਾਬ
ਦੇਖ ਕੇ ਜਿੰਨੀ ਖ਼ੁਸ਼ੀ ਲੇਖਕ ਨੂੰ ਹੁੰਦੀ ਹੈ, ਹੋਰ ਕਿਸੇ ਨੂੰ ਨਹੀਂ ਹੋ ਸਕਦੀ,
ਪਰ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਭ ਨੇ ਜਿੰਨਾਂ ਉਤਸ਼ਾਹ ਦਿਖਾਇਆ ਹੈ, ਉਸ
ਤੋਂ ਸਪੱਸ਼ਟ ਹੈ ਕਿ ਇਹ ਕਹਾਣੀ-ਸੰਗ੍ਰਹਿ ਛਪਣ ਦੀ ਸਭ ਨੂੰ ਬੇਹੱਦ ਖ਼ੁਸ਼ੀ ਹੋ ਰਹੀ
ਹੈ, ਬੇਸ਼ੱਕ ਇਸ ਖ਼ੁਸ਼ੀ ਦੇ ਧੁਰ ਅੰਦਰ ਇਕ ਚੀਸ ਵੀ ਛੁਪੀ ਹੋਈ ਹੈ।
ਹੁਣ ਫਿਰ ਪੱਤਝੜ ਦੀ ਰੁੱਤ
ਹੈ। ਇਸ ਪੱਤਝੜ ਦੀ ਰੁੱਤ ਵਿਚ ‘ਗਰੀਨ ਕਾਰਡ’ ਦੀ ਪ੍ਰਕਾਸ਼ਨਾ ਫੁੱਲਾਂ ਦੇ ਖਿੜਨ
ਤੋਂ ਘੱਟ ਨਹੀਂ।
ਲੋਕਗੀਤ ਪ੍ਰਕਾਸ਼ਨ ਨੇ ਬੇਹੱਦ ਰੀਝ ਨਾਲ ਇਸ ਕਿਤਾਬ ਨੂੰ ਛਾਪਿਆ ਹੈ।
*****