1952 ਦੀਆਂ ਗਰਮੀਆਂ ਦੀਆਂ ਛੁੱਟੀਆਂ ਸਨ ਤੇ ਮਾਸਟਰ ਹਰਬੰਸ ਸਿੰਘ ਪਿੰਡ
ਆਇਆ ਹੋਇਆ ਸੀ। ਉਨ੍ਹੀਂ ਦਿਨੀਂ ਉਹ ਜਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ
ਫਾਜਿ਼ਲਕਾ ਦੇ ਇੱਕ ਪਿੰਡ ਕਿੜਿਆਂਵਾਲੇ ਦੇ ਮਿਡਲ ਸਕੂਲ ਵਿਚ ਹੈੱਡਮਾਸਟਰ
ਸੀ। ਮੈਂ ਇੱਕ ਦਿਨ ਉਹਨੂੰ ਮਿਲਣ ਚਲਾ ਗਿਆ। ਮਾਸਟਰ ਰਘੁਬੀਰ ਸਿੰਘ ਵੀ
ਉੱਥੇ ਹੀ ਬੈਠਾ ਸੀ। ਉਹ ਵੀ ਉਦੋਂ ਤੱਕ ਖਿਆਲਾਂ ਦੀ ਸਾਂਝ ਕਰਕੇ ਮੇਰੇ
ਨੇੜੇ ਸੀ। ਗੱਲ ਤੁਰਦੀ ਤੁਰਦੀ ਮੇਰੀ ਪੜ੍ਹਾਈ ਬਾਰੇ ਚੱਲ ਪਈ। ਮਾਸਟਰ
ਹਰਬੰਸ ਸਿੰਘ ਨੇ ਪੁੱਛਿਆ, "ਸੁਣਾ ਫੇਰ ਹਰਬਖ਼ਸ਼! ਤੇਰੀ ਪੜ੍ਹਾਈ ਕਿਵੇਂ
ਚੱਲ ਰਹੀ ਹੈ?”
ਮੈਂ ਕਿਹਾ, "ਮਾਸਟਰ ਜੀ! ਕਾਲਜ ਦੀ ਪੜ੍ਹਾਈ ਤਾਂ ਮੈਂ ਮਾਇਕ ਤੰਗੀਆਂ ਕਰਕੇ
ਜਾਰੀ ਨਹੀਂ ਰੱਖ ਸਕਿਆ ਸਾਂ। ਹੁਣ ਮਾਸਟਰ ਮੂਲ ਰਾਜ ਦੇ ਸਕੂਲ ਵਿਚ
ਪੜ੍ਹਾਉਂਦਿਆਂ, ਗਿਆਨੀ ਦਾ ਇਮਤਿਹਾਨ ਪ੍ਰਾਈਵੇਟ ਪਾਸ ਕਰ ਲਿਆ ਹੈ।”
“ਮੂਲ ਰਾਜ ਤਾਂ ਬਹੁਤ ਥੋੜੇ ਪੈਸੇ ਦਿੰਦਾ ਹੋਣਾ। ਤੇਰਾ ਗੁਜ਼ਾਰਾ ਕਿਵੇਂ
ਹੁੰਦਾ ਹੋਵੇਗਾ?” ਮਾਸਟਰ ਹਰਬੰਸ ਸਿੰਘ ਨੇ ਪੁੱਛਿਆ।
“ਕਿਉਂ ਨਹੀਂ ਇਹਨੂੰ ਨਾਲ ਲੈ ਜਾਂਦੇ ਭਾਈ ਜੀ? ਮੁੰਡਾ ਹੋਣਹਾਰ ਆ ਤੇ ਨਾਲੇ
ਸਾਡਾ ਕਾਮਰੇਡ ਵੀ ਆ। ਤੁਸੀਂ ਤਾਂ ਇਹਨੂੰ ਆਪਣੇ ਸਕੂਲ ਵਿਚ ਸਥਾਪਤ ਕਰ ਹੀ
ਲਵੋਗੇ। ਸਭ ਕੁੱਝ ਤੁਹਾਡੇ ਹੱਥ ਬੱਸ ਆ”, ਮਾਸਟਰ ਰਘੁਬੀਰ ਸਿੰਘ ਨੇ ਮੇਰੀ
ਸਿਫ਼ਤ ਵੀ ਕਰ ਦਿੱਤੀ ਤੇ ਨਾਲ ਹੀ ਮੇਰੀ ਸਿਫਾਰਸ਼ ਵੀ। ਮੈਨੂੰ ਕੁੱਝ ਕਹਿਣ
ਦੀ ਲੋੜ ਹੀ ਨਾ ਪਈ।
“ਰਘੁਬੀਰ ਸਿਹਾਂ! ਇਹੀ ਤਾਂ ਮੈਂ ਕਹਿਣ ਲੱਗਾ ਸਾਂ, ਜੇ ਇਹ ਚਾਹੇ ਤਾਂ
ਮੇਰੇ ਨਾਲ ਜਾ ਸਕਦਾ ਹੈ”, ਮਾਸਟਰ ਹਰਬੰਸ ਸਿੰਘ ਨੇ ਮੇਰੇ ਮਨ ਦੀ ਕਹਿ
ਦਿੱਤੀ।
“ਮਾਸਟਰ ਜੀ! ਜਿਵੇਂ ਤੁਹਾਡਾ ਹੁਕਮ, ਮੈਂ ਤਿਆਰ ਹਾਂ। ਜਿਸ ਦਿਨ ਕਹੋਗੇ
ਤੁਰ ਪਵਾਂਗਾ,” ਮੈਂ ਨਿਮਰਤਾ ਸਹਿਤ ਕਿਹਾ।
“ਚੰਗਾ ਫੇਰ ਛੁੱਟੀਆਂ ਖਤਮ ਹੁੰਦਿਆਂ ਹੀ ਤਿਆਰ ਰਹੀਂ,” ਮਾਸਟਰ ਹਰਬੰਸ
ਸਿੰਘ ਨੇ ਬੜੇ ਠਰ੍ਹੰਮੇ ਨਾਲ ਕਿਹਾ।
ਮੈਂ ਇਹ ਸੋਚਦਾ ਘਰ ਨੂੰ ਜਾ ਰਿਹਾ ਸਾਂ, “ਇਹ ਮਾਸਟਰ ਹਰਬੰਸ ਸਿੰਘ ਮੇਰਾ
ਕੀ ਲਗਦਾ ਹੈ? ਕੀ ਲਗਦਾ ਹੈ ਮੇਰਾ ਰਘਬੀਰ ਸਿੰਘ? ਖਿਆਲਾਂ ਦੀ ਸਾਂਝ ਹੈ,
ਹੋਰ ਤਾਂ ਕੁੱਝ ਵੀ ਨਹੀਂ। ਉਦੋਂ ਕੀ ਖਿਆਲਾਂ ਦੀ ਸਾਂਝ ਸੀ, ਜਦੋਂ ਮਾਸਟਰ
ਹਰਬੰਸ ਸਿੰਘ ਨੇ ਢੇਰ ਲੱਦਦੇ ਨੂੰ ਹਟਾ ਕੇ ਵਿੱਦਿਆ ਪ੍ਰਾਪਤੀ ਦੇ ਰਾਹੇ
ਪਾਇਆ ਸੀ? ਕੋਈ ਵੀ ਨਹੀਂ? ਕਿਹੋ ਜਿਹੇ ਬੰਦੇ ਹੁੰਦੇ ਹਨ ਇਹ ਲੋਕ ਜਿਨ੍ਹਾਂ
ਨੂੰ ਕਮਿਊਨਿਸਟ ਕਿਹਾ ਜਾਂਦਾ ਹੈ? ਜੇ ਇਸ ਤਰ੍ਹਾਂ ਦੇ ਪਰਉਪਕਾਰੀ ਹੁੰਦੇ
ਹਨ, ਤਾਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਕੌਣ ਹੋਏ?”
ਅਗਸਤ ਦੇ ਆਖਰੀ ਹਫਤੇ ਛੁੱਟੀਆਂ ਖਤਮ ਹੋ ਗਈਆਂ ਤੇ ਮੈਂ ਮਾਸਟਰ ਹਰਬੰਸ
ਸਿੰਘ ਨਾਲ ਜਾਣ ਲਈ ਤਿਆਰ ਹੋ ਗਿਆ। ਮਾਸਟਰ ਮੂਲ ਰਾਜ ਨੂੰ ਦੱਸਣਾ ਹੀ ਕਾਫ਼ੀ
ਸੀ। ਸੋ ਉਹਨੂੰ ਦੱਸ ਦਿੱਤਾ। ਉਹ ਖੁਸ਼ ਸੀ ਕਿ ਮੈਂ ਠੀਕ ਰਾਹ 'ਤੇ ਜਾ
ਰਿਹਾ ਸਾਂ। ਮੈਂ ਨਾ ਪੁੱਛਿਆ ਕਿ ਮਾਸਟਰ ਹਰਬੰਸ ਸਿੰਘ ਮੈਨੂੰ ਕਿੱਥੇ ਨੂੰ
ਲਿਜਾ ਰਿਹਾ ਹੈ ਤੇ ਨਾ ਪੁੱਛਿਆ ਕਿ ਮੇਰੇ ਪਿੰਡ ਤੋਂ ਉਹ ਥਾਂ ਕਿੰਨੀ ਕੁ
ਦੂਰ ਹੈ। ਬੱਸ ਚੁੱਪ ਕੀਤਾ ਉਹਦੇ ਨਾਲ ਤੁਰ ਪਿਆ।
ਅਸੀਂ ਜਲੰਧਰ ਤੋਂ ਫਿਰੋਜ਼ਪੁਰ ਨੂੰ ਜਾਣ ਵਾਲੀ ਗੱਡੀ ਫੜੀ ਤੇ ਫੇਰ
ਫਿਰੋਜ਼ਪੁਰ ਪੁੱਜ ਕੇ ਫਾਜਿ਼ਲਕਾ ਲਈ ਗੱਡੀ ਬਦਲੀ। ਜਿਹੜੇ ਰਾਹੇ ਮੈਂ ਜਾਂ
ਰਿਹਾ ਸਾਂ, ਉਹ ਰਾਹ ਮੇਰੇ ਲਈ ਓਪਰਾ ਸੀ। ਅਜੀਬ ਅਜੀਬ ਜਿਹੇ ਨਾਵਾਂ ਵਾਲੇ
ਸਟੇਸ਼ਨ; ਗਿੱਦੜ ਪਿੰਡੀ, ਜੀਵਾਂ ਰਾਈਆਂ, ਝੋਕ ਟਹਿਲ ਸਿੰਘ ਤੇ ਬਾਹਮਣੀਵਾਲ
ਆਦਿ। ਮੇਰੇ ਲਈ ਅਜੇਹੇ ਨਾਂ ਹੀ ਓਪਰੇ ਨਹੀਂ ਸਨ, ਇੱਧਰ ਦੇ ਲੋਕ ਵੀ ਓਪਰੇ
ਜਿਹੇ ਸਨ। ਆਪਣੇ ਆਲ਼ੇ ਦੁਆਲੇ ਪਿੰਡਾਂ ਦੇ ਅਜੇਹੇ ਨਾਉਂ ਨਾ ਕਦੀ ਸੁਣੇ, ਨਾ
ਕਦੀ ਦੇਖੇ ਸਨ। ਛੇਤੀ ਹੀ ਲਾਧੂਕਾ ਸਟੇਸ਼ਨ ਆ ਗਿਆ। ਮਾਸਟਰ ਹਰਬੰਸ ਸਿੰਘ
ਨੇ ਕਿਹਾ, “ਉੱਠ ਬਈ ਚੱਲੀਏ! ਸਾਡਾ ਸਟੇਸ਼ਨ ਆ ਗਿਆ ਹੈ।” ਇੱਥੋਂ ਲੱਗ ਪੱਗ
ਇੱਕ ਮੀਲ ਦੀ ਵਿੱਥ ‘ਤੇ ਦੱਖਣ ਵਲ ਪਿੰਡ ਕਿੜਿਆਂ ਵਾਲਾ ਸੀ।
ਕਿੜਿਆਂ ਵਾਲਾ ਛੋਟਾ ਜਿਹਾ ਪਿੰਡ ਸੀ। ਇੱਥੇ ਪਹਿਲੀ ਵਾਰ ਸਕੂਲ ਖੁੱਲ੍ਹਿਆ
ਸੀ। ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਇਹ ਆਮ ਜਿਹਾ ਵਰਤਾਰਾ ਸੀ। ਆਖਰ
ਨਵੇਂ ਪੈਦਾ ਹੋਏ ਲੀਡਰਾਂ ਨੂੰ ਕੁੱਝ ਤਾਂ ਕਰਨਾ ਹੀ ਹੁੰਦਾ ਹੈ। ਇਹ ਸਕੂਲ
ਨਾ ਤਾਂ ਸਰਕਾਰ ਨੇ ਖੋਲ੍ਹਿਆ ਸੀ, ਨਾ ਕਿਸੇ ਹੋਰ ਸੰਸਥਾ ਨੇ। ਪਿੰਡ ਦੀ
ਪੰਚਾਇਤ ਨੇ ਹੀ ਇਸ ਆਸ ਨਾਲ ਚਾਲੂ ਕਰ ਲਿਆ ਸੀ ਕਿ ਚਲਦਾ ਕਰ ਕੇ ਸਰਕਾਰ ਦੇ
ਵਿੱਦਿਆ ਵਿਭਾਗ ਨੂੰ ਸਾਂਭਣ ਲਈ ਅਰਜ਼ੀ ਭੇਜ ਦਿਆਂਗੇ। ਉਨ੍ਹਾਂ ਨੇ ਮਾਸਟਰ
ਹਰਬੰਸ ਸਿੰਘ ਦੇ ਸੁਝਾਅ ‘ਤੇ ਇਸ ਸਕੂਲ ਦਾ ਨਾਂ ਗੁਰੂ ਨਾਨਕ ਮਿਡਲ ਸਕੂਲ
ਰੱਖ ਲਿਆ ਸੀ।
ਸਕੂਲ ਦੀ ਬਿਲਡਿੰਗ ਸਿਰਫ਼ ਇੱਕ ਕਮਰਾ ਤੇ ਇੱਕ ਬਰਾਂਡਾ ਸੀ। ਹੈੱਡਮਾਸਟਰ ਦੀ
ਰਿਹਾਇਸ਼ ਲਈ ਵਗਲ਼ ਜਿਹੇ ਵਿਚ ਇੱਕ ਕਮਰਾ ਸੀ। ਪਹਿਲਾ ਦਿਨ ਤਾਂ ਮੈਂ ਮਾਸਟਰ
ਹਰਬੰਸ ਸਿੰਘ ਦੇ ਕੋਲ ਹੀ ਔਖੇ ਸੌਖੇ ਕੱਟ ਲਿਆ, ਦੂਜੇ ਦਿਨ ਮੇਰਾ ਡੇਰਾ
ਪਿੰਡ ਵਿਚ ਇੱਕ ਕਮਰੇ ਵਾਲੇ ਚੁਬਾਰੇ ਵਿਚ ਲਵਾ ਦਿੱਤਾ। ਕਮਰੇ ਦੇ ਪਿਛਲੇ
ਪਾਸੇ ਛੋਟਾ ਜਿਹਾ ਵਿਹੜਾ ਸੀ। ਸਕੂਲ ਦੇ ਮੁੰਡੇ ਬਾਲਣ ਲਿਆ ਦਿੰਦੇ ਸਨ।
ਮੈਂ ਰੋਟੀ ਟੁੱਕ ਉੱਥੇ ਹੀ ਤਿਆਰ ਕਰ ਲੈਂਦਾ ਸਾਂ।
ਇਸ ਸਕੂਲ ਵਿਚ ਮੈਂ ਕੱਟਿਆ ਤਾਂ ਸਾਲ ਕੁ ਹੀ ਸੀ, ਪਰ ਕੁੱਝ ਯਾਦਾਂ ਹਨ
ਜਿਹੜੀਆਂ ਦਿਮਾਗ ਦੀ ਤਖਤੀ ਤੋਂ ਮਿਟੀਆਂ ਨਹੀਂ, ਉਹ ਤੁਹਾਡੇ ਨਾਲ ਸਾਂਝੀਆਂ
ਕਰਨ ਲਈ ਜੀਅ ਕਰ ਆਇਆ ਹੈ:-
ਸਾੜੇ ਦਾ ਤਜਰਬਾ
ਮਾਸਟਰ ਹਰਬੰਸ ਸਿੰਘ ਤੋਂ ਬਿਨਾ ਇਸ ਸਕੂਲ ਵਿਚ ਇੱਕ ਹੋਰ ਮਾਸਟਰ ਸੀ। ਨਾਉਂ
ਤਾਂ ਉਹਦਾ ਭੁੱਲ ਗਿਆ ਹੈ। ਉਹ ਮੈਨੂੰ ਦੇਖਦਿਆਂ ਹੀ ਸੜ ਬਲ਼ ਗਿਆ, ਜਿਵੇਂ
ਕਿ ਮੈਂ ਉਹਦੇ ਪਿਉ ਦੀ ਜਗੀਰ ਤੇ ਕਬਜ਼ਾ ਕਰਨ ਆਇਆ ਹੋਵਾਂ। ਮੈਂ ਉਸ ਨਾਲ
ਵਰਤਾ ਕਰਦਾ ਸਾਂ, ਜਿਵੇਂ ਕਿ ਉਹ ਮੇਰਾ ਹੀ ਭਰਾ ਹੋਵੇ, ਉਹ ਮੇਰੇ ਨਾਲ
ਵਰਤਦਾ ਸੀ ਜਿਵੇਂ ਕਿ ਮੈਂ ਹੀ ਉਹਦਾ ਦੁਸ਼ਮਣ ਨੰਬਰ ਇੱਕ ਹੋਵਾਂ। ਜਿੰਨਾ
ਚਿਰ ਮੈਂ ਇਸ ਸਕੂਲ ਵਿਚ ਪੜ੍ਹਾਉਂਦਾ ਰਿਹਾ, ਉਹ ਮੈਨੂੰ ਤੰਗ ਕਰਨ ਦੇ
ਬਹਾਨੇ ਭਾਲਦਾ ਰਿਹਾ। ਬਹਾਨੇ ਲੱਭਣ ਵਾਲੇ ਨੂੰ ਲੱਭ ਹੀ ਪੈਂਦੇ ਹਨ।
ਮੈਂ ਸਤਵੀਂ ਜਮਾਤ ਦਾ ਇਨਚਾਰਜ ਸਾਂ। ਹਾਜ਼ਰੀ ਮੈਂ ਹੀ ਲਾਉਣੀ ਹੁੰਦੀ ਸੀ।
ਮੈਥੋਂ ਗ਼ਲਤੀ ਇਹ ਹੋ ਗਈ ਕਿ ਮੈਂ ਸੋਮਵਾਰ ਨੂੰ ਜਦੋਂ ਹਾਜ਼ਰੀ ਲਾਈ ਤਾਂ
ਇਹ ਦੇਖਿਆ ਹੀ ਨਾ ਕਿ ਐਤਵਾਰ ਦੀ ਤਰੀੰਖ ਦਾ ਖਾਨਾ ਖਾਲੀ ਪਿਆ ਹੈ। ਮੈਂ
ਸੋਮਵਾਰ ਦੀ ਹਾਜ਼ਰੀ ਗ਼ਲਤੀ ਨਾਲ ਉਸ ਖ਼ਾਨੇ ਵਿਚ ਲਾ ਦਿੱਤੀ। ਉਸ ਬੰਦੇ ਨੂੰ
ਮੇਰੇ ਵਿਰੁਧ ਮਾਸਟਰ ਹਰਬੰਸ ਸਿੰਘ ਦੇ ਕੰਨ ਭਰਨ ਦਾ ਮੌਕਾ ਮਿਲ ਗਿਆ।
ਮਾਸਟਰ ਹਰਬੰਸ ਸਿੰਘ ਦਾ ਦਿਲ ਸ਼ਾਇਦ ਵਧੇਰੇ ਹੀ ਦੁੱਖ ਗਿਆ ਸੀ। ਉਹਨੂੰ
ਮੇਰੇ ਤੇ ਯਕੀਨ ਵੀ ਸੀ ਤੇ ਮਾਣ ਵੀ ਕਿ ਮੈਂ ਅਜੇਹੀ ਗ਼ਲਤੀ ਨਹੀਂ ਕਰ ਸਕਦਾ
ਸੀ। ਉਹ ਉਹਦੇ ਨਾਲ ਹੀ ਸਿੱਧਾ ਉਸ ਜਮਾਤ ਵਿਚ ਆ ਗਿਆ, ਜਿਸ ਵਿਚ ਮੈਂ
ਪੜ੍ਹਾ ਰਿਹਾ ਸਾਂ ਤੇ ਮੇਰੇ ਤੇ ਵਿਅੰਗ ਕੱਸ ਦਿੱਤਾ, “ਤੂੰ ਐਤਵਾਰ ਨੂੰ ਕਦ
ਤੋਂ ਪੜ੍ਹਾਉਣ ਲੱਗ ਪਿਆ, ਉਹ ਵੀ ਮੈਨੂੰ ਪੁੱਛੇ ਤੋਂ ਬਿਨਾ?”
ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਕੀ ਗ਼ਲਤੀ ਕਰ ਬੈਠਾ ਹਾਂ? ਮੈਂ ਇਸ
ਵਿਅੰਗ ਦੇ ਕੀ ਅਰਥ ਲੈਂਦਾ? ਸਾਰੀ ਜਮਾਤ ਸਾਹਮਣੇ ਖਸਿਆਨਾ ਜਿਹਾ ਹੋ ਕੇ
ਇੰਨਾ ਕੁ ਹੀ ਬੋਲ ਸਕਿਆ, “ਮੈਂ ਮੈਂ ਤਾਂ.......?”
ਮਾਸਟਰ ਹਰਬੰਸ ਸਿੰਘ ਨੇ ਹਾਜ਼ਰੀ ਵਾਲਾ ਰਜਿਸਟਰ ਮੇਰੀਆਂ ਅੱਖਾਂ ਸਾਹਮਣੇ
ਕਰ ਦਿੱਤਾ। ਉਹ ਜਿਵੇਂ ਆਏ ਸਨ ਉਵੇਂ ਹੀ ਕਾਹਲੀ ਕਾਹਲੀ ਚਲੇ ਗਏ। ਮੈਨੂੰ
ਜਿਵੇਂ ਧਰਤੀ ਵਿਹਲ ਨਾ ਦੇ ਰਹੀ ਹੋਵੇ। ਸਾਰੀ ਜਮਾਤ ਸਾਹਮਣੇ ਮੈਨੂੰ ਠਿੱਠ
ਕਰ ਦਿੱਤਾ ਗਿਆ ਸੀ।
"ਇਹ ਦੂਜਾ ਮਾਸਟਰ ਤਾਂ ਚਾਹੁੰਦਾ ਹੀ ਸੀ ਕਿ ਮੇਰੀ ਬੇਇੱਜ਼ਤੀ ਹੋਵੇ। ਪਰ
ਮਾਸਟਰ ਹਰਬੰਸ ਸਿੰਘ ਨੂੰ ਕੀ ਹੋ ਗਿਆ ਸੀ? ਉਹਨੇ ਜੇ ਕੁੱਝ ਕਹਿਣਾ ਸੀ,
ਜਮਾਤ ਤੋਂ ਬਾਹਰ ਪਰੇ ਲੈ ਜਾ ਕੇ ਕਹਿ ਦਿੰਦਾ। ਮੈਂ ਕਿਵੇਂ ਇਨ੍ਹਾਂ
ਮੁੰਡਿਆਂ ਦੇ ਸਾਹਮਣੇ ਅੱਖਾਂ ਚੁੱਕ ਸਕਾਂਗਾ? ਜੇ ਅੱਖਾਂ ਨਹੀਂ ਚੁੱਕ
ਸਕਾਂਗਾ ਤਾਂ ਪੜ੍ਹਾ ਕਿਵੇਂ ਸਕਾਂਗਾ?”, ਮੈਂ ਇਨ੍ਹਾਂ ਸੋਚਾਂ ਵਿਚ ਡੁੱਬਿਆ
ਵਾਪਸ ਆਪਣੀ ਕੁਰਸੀ ਤੇ ਆ ਬੈਠਾ। ਜਮਾਤ ਵਿਚ ਸਨਾਟਾ ਛਾਇਆ ਹੋਇਆ ਸੀ।
ਬੱਚਿਆਂ ਨੇ ਵੀ ਮਹਿਸੂਸ ਕਰ ਲਿਆ ਸੀ ਕਿ ਮੇਰੇ ਨਾਲ ਜਿ਼ਆਦਤੀ ਹੋਈ ਸੀ।
ਬੱਚਿਆਂ ਨਾਲ ਮੇਰਾ ਚੰਗਾ ਸਲੂਕ ਤੇ ਜੀਅ ਜਾਨ ਨਾਲ ਪੜ੍ਹਾਉਣਾ ਮੇਰੇ ਹੱਕ
ਵਿਚ ਚਲਾ ਗਿਆ। ਮੇਰਾ ਸਤਿਕਾਰ ਬੱਚਿਆਂ ਵਿਚ ਹੋਰ ਵੀ ਵਧ ਗਿਆ। ਉਹ ਜਾਣਦੇ
ਸਨ, ਉਹ ਮਾਸਟਰ ਕਿਹੋ ਜਿਹਾ ਸੀ? ਉਹ ਉਸੇ ਪਿੰਡ ਦਾ ਹੀ ਸੀ। ਮਾਸਟਰ ਹਰਬੰਸ
ਸਿੰਘ ਨੂੰ ਵੀ ਉਹਦੇ ਬਾਰੇ ਕੋਈ ਭੁਲੇਖਾ ਨਹੀਂ ਸੀ। ਉਹਨੂੰ ਤਾਂ ਬੱਸ ਇੰਨਾ
ਕੁ ਦੁੱਖ ਸੀ ਕਿ ਉਹ ਟੁਚਾ ਬੰਦਾ ਉਹਦੇ ਆਪਣੇ ਬੰਦੇ ਦਾ ਨੁਕਸ ਛਾਂਟਣ ਵਿਚ
ਕਿਉਂ ਕਾਮਯਾਬ ਹੋ ਗਿਆ? ਉਸੇ ਦਿਨ ਹੀ ਉਹਨੇ ਇਹ ਕਹਿ ਕੇ ਮੇਰੇ ਮਾੜੇ ਮੋਟੇ
ਗ਼ੁੱਸੇ ਗਿਲੇ ਵੀ ਦੂਰ ਕਰ ਦਿੱਤੇ, “ਹਰਬਖਸ਼! ਇਹ ਬੰਦਾ ਬੜਾ ਚਲਾਕ ਹੈ ਤੇ
ਕਮੀਨਾ ਵੀ। ਇਹ ਤੇਰੇ ਨਾਲ ਇਸ ਲਈ ਲੱਗਦਾ ਹੈ ਕਿਉਂਕਿ ਇਹ ਆਪਣਾ ਕੋਈ ਬੰਦਾ
ਇੱਥੇ ਲੁਆਉਣਾ ਚਾਹੁੰਦਾ ਸੀ। ਇਸ ਤੋਂ ਜ਼ਰਾ ਹੁਸਿ਼ਆਰ ਰਹਿਣ ਦੀ ਲੋੜ ਹੈ।
ਇਹ ਬੰਦਾ ਮੈਨੂੰ ਇੱਥੇ ਲਿਆਇਆ ਸੀ। ਇਹ ਹੁਣ ਅਹਿਸਾਨ ਜਤਾਉਣ ਦੀ ਕੋਸਿ਼ਸ਼
ਕਰ ਰਿਹਾ ਹੈ।” ਮਾਸਟਰ ਹਰਬੰਸ ਸਿੰਘ ਦੇ ਮੇਰੇ ਉੱਤੇ ਇੰਨੇ ਅਹਿਸਾਨ ਸਨ ਕਿ
ਮੈਂ ਕਦੀ ਵੀ ਉਹਦੇ ਨਾਲ ਨਾਰਾਜ਼ ਹੋ ਹੀ ਨਹੀਂ ਸਕਦਾ ਸਾਂ।
ਇਨ੍ਹਾਂ ਦਿਨਾਂ ਵਿਚ ਮਾਸਟਰ ਹਰਬੰਸ ਸਿੰਘ ਦੇ ਮੈਂ ਕਈ ਰੂਪ ਦੇਖੇ। ਉਹਦੇ
ਇੱਕ ਰੂਪ ਬਾਰੇ ਮੈਂ ਬੜੇ ਚਿਰ ਤੋਂ ਜਾਣਦਾ ਸਾਂ। ਉਹਦਾ ਇਹ ਰੂਪ ਸੀ ਬਿਨਾਂ
ਲੋਭ ਲਾਲਚ ਦੂਜਿਆਂ ਦੇ ਕੰਮ ਆਉਣ ਵਾਲੇ ਦਾ। ਇੱਕ ਰੂਪ ਉਹਦਾ ਸੀ, ਉਸ ਛੜੇ
ਛੜਾਂਗ ਬੰਦੇ ਦਾ, ਜਿਹੜਾ ਇਸ ਗੱਲ ਲਈ ਤਰਸ ਰਿਹਾ ਹੋਵੇ ਕਿ ਪਿਆਰ ਦੀ ਕਿਰਨ
ਕਿਤਿਓਂ ਮਿਲੇ। ਸਰੀਰ ਦੀਆਂ ਆਪਣੀਆਂ ਲੋੜਾਂ ਵੀ ਹੁੰਦੀਆਂ ਹਨ। ਉਨ੍ਹਾਂ
ਲੋੜਾਂ ਨੂੰ ਉਹ ਕਿਵੇਂ ਪੂਰੀਆਂ ਕਰਦਾ ਸੀ, ਮੈਨੂੰ ਪਤਾ ਨਹੀਂ। ਪਰ ਸਰੀਰ
ਤੋਂ ਬਿਨਾ ਬੰਦੇ ਦੀਆਂ ਮਾਨਸਕ ਲੋੜਾਂ ਵੀ ਹੁੰਦੀਆਂ ਹਨ। ਉਹਦਾ ਇੱਕ ਛੋਟਾ
ਭਰਾ ਹੁੰਦਾ ਸੀ, ਨਾਂ ਉਹਦਾ ਕਰਮ ਸਿੰਘ ਸੀ, ਕਹਿੰਦੇ ਉਹਨੂੰ ਸਾਰੇ “ਸੋਢੀ”
ਸਨ। ਉਹਨੇ ਜਵਾਨ ਜਹਾਨ ਨੇ ਆਤਮ ਹੱਤਿਆ ਕਰ ਲਈ ਸੀ। ਉਹ ਆਪਣੀ ਪੜ੍ਹਾਈ ਦੇ
ਦਿਨਾਂ ਵਿਚ ਬਹੁਤਾ ਮਾਸਟਰ ਹਰਬੰਸ ਸਿੰਘ ਕੋਲ ਹੀ ਰਹਿੰਦਾ ਹੁੰਦਾ ਸੀ। ਮੈਂ
ਦੇਖਿਆ ਕਿ ਮਾਸਟਰ ਹਰਬੰਸ ਸਿੰਘ ਕਈ ਵੇਰ ਸ਼ਰਾਬ ਪੀ ਕੇ ਉੱਚੀ ਉੱਚੀ ਰੋਣ
ਲੱਗ ਪੈਂਦਾ ਸੀ। ਇਸ ਹਾਲਤ ਵਿਚ ਇੱਕ ਦਿਨ ਮੈਂ ਉਸਨੂੰ ਪੁੱਛ ਲਿਆ, “ਮਾਸਟਰ
ਜੀ ਕੀ ਗੱਲ ਹੈ? ਰੋਂਦੇ ਕਿਉਂ ਹੋ?”
ਉਹਨੇ ਬੱਚਿਆਂ ਵਾਂਗ ਸਿਸਕੀਆਂ ਲੈਂਦੇ ਨੇ ਦੱਸਿਆ, “ਸੋਢੀ ਜਦ ਦਾ ਮਰਿਆ
ਹੈ, ਮੈਨੂੰ ਉਹ ਕਦੇ ਭੁਲਦਾ ਨਹੀਂ।” ਕਦੀ ਸ਼ਰਾਬ ਪੀ ਕੇ ਕਹਿੰਦਾ,
“ਹਰਬਖਸ਼! ਜਦ ਮੈਂ ਤੈਨੂੰ ਦੇਖਦਾਂ ਤਾਂ ਸੋਢੀ ਹੀ ਦਿਸਣ ਲੱਗ ਪੈਂਦਾ।
ਕੰਬਖ਼ਤ ਕਦੇ ਭੁਲਦਾ ਹੀ ਨਹੀਂ।” ਉਹਦੀਆਂ ਅਜੇਹੀਆਂ ਗੱਲਾਂ ਸੁਣ ਕੇ ਮੇਰੇ
ਅੰਦਰ ਉਹਦੇ ਲਈ ਬੇਇੰਤਹਾ ਤੇਹ ਜਾਗ ਪਿਆ। ਮੈਂ ਕਿਹਾ, “ਮਾਸਟਰ ਜੀ! ਮੈਂ
ਤੁਹਾਡਾ ਪੁੱਤ ਨਹੀਂ ਤਾਂ ਛੋਟਾ ਭਰਾ ਤਾਂ ਹਾਂ ਹੀ। ਕੀ ਨਹੀਂ ਕੀਤਾ ਤੁਸੀਂ
ਮੇਰੇ ਲਈ, ਜੋ ਲੋਕੀਂ ਆਪਣੇ ਪੁੱਤਾਂ ਲਈ ਕਰਦੇ ਹਨ?”
ਮਾਸਟਰ ਹਰਬੰਸ ਸਿੰਘ ਨੂੰ ਸੁਤੰਤਰਤਾ ਸੰਗਰਾਮੀਆਂ ਦੇ ਅਨੇਕਾਂ ਕਿੱਸੇ ਯਾਦ
ਸਨ। ਉਹ ਸਕੂਲ ਦੇ ਸਾਂਝੇ ਇਕੱਠਾਂ ਵਿਚ ਘੰਟਿਆਂ ਵਧੀ ਇਹ ਕਿੱਸੇ ਸੁਣਾਉਂਦਾ
ਰਹਿੰਦਾ ਸੀ। ਉਨ੍ਹਾਂ ਦਿਨਾਂ ਵਿਚ ਬਬਰ ਲਹਿਰ, ਅਕਾਲੀ ਲਹਿਰ ਤੇ ਕਿਰਤੀਆਂ
ਕਮਿਊਨਿਸਟਾਂ ਬਾਰੇ ਮੈਂ ਉਸ ਤੋਂ ਢੇਰਾਂ ਜਾਣਕਾਰੀ ਪ੍ਰਾਪਤ ਕੀਤੀ।
ਸਕੂਲ ਦੇ ਨਾਲ ਲਗਦਾ ਇੱਕ ਕਮਰਾ ਹੁੰਦਾ ਸੀ। ਉਹ ਕਮਰਾ ਚੰਗਾ ਖੁਲ੍ਹਾ
ਡੁਲ੍ਹਾ ਸੀ। ਇੱਥੇ ਇੱਕ ਸਾਧ ਜਿਹਾ ਬੰਦਾ ਰਹਿੰਦਾ ਸੀ। ਉਹ ਪਿੰਡ ਦੇ
ਗੁਰਦੁਆਰੇ ਦਾ ਗ੍ਰੰਥੀ ਸੀ। ਮਾਸਟਰ ਹਰਬੰਸ ਸਿੰਘ ਦੇ ਦਿਮਾਗ ਵਿਚ ਇਹ ਸਕੀਮ
ਕੰਮ ਕਰ ਰਹੀ ਸੀ ਕਿ ਇਹ ਗ੍ਰੰਥੀ ਤਾਂ ਕਿਤੇ ਹੋਰ ਵੀ ਰਹਿ ਸਕਦਾ ਸੀ, ਇਹ
ਕਮਰਾ ਸਕੂਲ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਸੀ। ਜਦੋਂ ਮਾਸਟਰ ਹਰਬੰਸ
ਸਿੰਘ ਨੇ ਇਹ ਸਮਝ ਲਿਆ ਕਿ ਇਹ ਕਮਰਾ ਸਕੂਲ ਲਈ ਤੇ ਸਕੂਲ ਦੇ ਵਿਦਿਆਰਥੀਆਂ
ਲਈ ਬਹੁਤ ਹੀ ਉਪਯੋਗੀ ਸੀ ਤਾਂ ਉਹਨੇ ਪਾਂਧਾ ਨਹੀਂ ਪੁੱਛਿਆ ਤੇ ਉਸ ਕਮਰੇ
‘ਤੇ ਕਬਜ਼ਾ ਕਰਨ ਲਈ ਤਿਆਰੀ ਅਰੰਭ ਕਰ ਦਿੱਤੀ। ਸਾਧਾਂ ਸੰਤਾਂ ਦੇ ਅੰਨ੍ਹੇ
ਸ਼ਰਧਾਲੂ ਤਾਂ ਹਰ ਥਾਂ ਹੁੰਦੇ ਹੀ ਹਨ। ਮਾਸਟਰ ਹਰਬੰਸ ਸਿੰਘ ਨੇ ਆਪਣੇ ਕੋਲ
ਪੜ੍ਹਦੇ ਬੱਚਿਆਂ ਦੇ ਭਵਿਖ ਨੂੰ ਮੁੱਖ ਰੱਖ ਕੇ ਉਨ੍ਹਾਂ ਸ਼ਰਧਾਲੂਆਂ ਦੀ
ਪਰਵਾਹ ਕੀਤੇ ਬਗੈਰ, ਇੱਕ ਦਿਨ, ਜਦੋਂ ਉਹ ਸਾਧ ਕਿਤੇ ਗਿਆ ਹੋਇਆ ਸੀ, ਇਸ
ਕਮਰੇ ਤੇ ਕਬਜ਼ਾ ਕਰ ਕੇ ਉੱਥੇ ਸਕੂਲ ਦੀ ਇੱਕ ਜਮਾਤ ਲਾਉਣੀ ਸ਼ੁਰੂ ਕਰ
ਦਿੱਤੀ।
ਜਦੋਂ ਉਹ ਸਾਧ ਵਾਪਸ ਆਇਆ, ਤਾਂ ਉੱਥੇ ਜਮਾਤ ਲੱਗੀ ਦੇਖ ਕੇ ਆਪਣੇ
ਸ਼ਰਧਾਲੂਆਂ ਕੋਲ ਰੋਇਆ ਪਿੱਟਿਆ। ਫੇਰ ਇਹ ਸੋਚ ਕੇ ਕਿਸੇ ਸ਼ਰਧਾਲੂ ਦੇ ਘਰ
ਕੁੱਝ ਦਿਨ ਟਿਕਿਆ ਰਿਹਾ ਕਿ ਇਸ ਪਿੰਡ ਵਿਚ ਹੋਰ ਕੋਈ ਪਾਠ ਕਰਨ ਯੋਗ ਤਾਂ
ਹੈ ਹੀ ਨਹੀਂ ਸੀ, ਇਸ ਲਈ ਵਿਆਹ ਸ਼ਾਦੀ ਵੇਲੇ ਉਹਦੀ ਹੀ ਲੋੜ ਪੈਣੀ ਸੀ।
ਇਨ੍ਹਾਂ ਦਿਨਾਂ ਵਿਚ ਸੱਚ ਮੁਚ ਹੀ ਇੱਕ ਕੁੜੀ ਦਾ ਵਿਆਹ ਆ ਗਿਆ। ਉਹਦੇ
ਸ਼ਰਧਾਲੂਆਂ ਦਾ ਪਰਚਾਰ ਸ਼ੁਰੂ ਹੋ ਗਿਆ, “ਹੁਣ ਦੇਖਾਂਗੇ ਸਾਧ ਤੋਂ ਬਿਨਾ
ਵਿਆਹ ਦੀ ਰਸਮ ਕੌਣ ਕਰਦਾ ਹੈ?” ਉਹ ਨਹੀਂ ਜਾਣਦੇ ਸਨ ਕਿ ਮਾਸਟਰ ਹਰਬੰਸ
ਸਿੰਘ ‘ਤੇ ਜਿੱਤ ਪ੍ਰਾਪਤ ਕਰਨੀ ਅਸੰਭਵ ਜਿਹੀ ਗੱਲ ਸੀ। ਉਹ ਹਾਰ ਵੀ ਕਿਵੇਂ
ਸਕਦਾ ਸੀ, ਜਿਹੜਾ ਲੋਕ-ਹਿੱਤਾਂ ਲਈ ਸਭ ਕੁੱਝ ਕਰ ਰਿਹਾ ਸੀ। ਮਾਸਟਰ ਹਰਬੰਸ
ਸਿੰਘ ਨੇ ਮੈਨੂੰ ਕਿਹਾ, “ਕੱਲ ਸਵੇਰੇ ਅਸੀਂ ਅਨੰਦ ਕਾਰਜ ਕਰਵਾਉਣਾ ਹੈ, ਇਸ
ਲਈ ਵਿਆਹ ਵਿਚ ਗ੍ਰੰਥੀ ਦੀ ਡਿਊਟੀ ਕਰਨ ਲਈ ਤਿਆਰ ਹੋ ਜਾ।”
ਮੈਂ ਲਾਵਾਂ ਤਾਂ ਪੜ੍ਹ ਹੀ ਸਕਦਾ ਸਾਂ। ਲਾਵਾਂ ਕਿਹੜੇ ਸਫ਼ੇ ਤੇ ਹਨ ਇਹ
ਮੈਨੂੰ ਪਤਾ ਨਹੀਂ ਸੀ। ਮਾਸਟਰ ਹਰਬੰਸ ਸਿੰਘ ਨੇ ਮੈਨੂੰ ਕਿਹਾ, “ਤੂੰ ਫਿਕਰ
ਨਾ ਕਰ, ਬੱਸ ਲਾਵਾਂ ਪੜ੍ਹਨ ਲਈ ਤਿਆਰ ਹੋ ਜਾ, ਬਾਕੀ ਕੰਮ ਮੈਂ ਆਪੇ ਕਰ
ਲਵਾਂਗਾ।”
ਦੂਜੇ ਦਿਨ ਵਿਆਹ ਦੇ ਸਮੇਂ ਜਦੋਂ ਲਾਵਾਂ ਪੜ੍ਹਨ ਦਾ ਸਮਾਂ ਆਇਆ ਤਾਂ ਮੈਂ
ਮਹਾਰਾਜ ਦੀ ਤਾਬਿਆ ਬੈਠਾ ਗ੍ਰੰਥੀ ਦਾ ਰੋਲ ਅਦਾ ਕਰ ਰਿਹਾ ਸਾਂ ਤੇ ਮਾਸਟਰ
ਹਰਬੰਸ ਸਿੰਘ ਮੇਰੇ ਗਾਈਡ ਦਾ। ਉਹਨੇ ਹੀ ਦੱਸਿਆ ਲਾਵਾਂ ਕਿਹੜੇ ਸਫ਼ੇ ‘ਤੇ
ਹਨ ਤੇ ਅਨੰਦ ਸਾਹਿਬ ਕਿਹੜੇ ਸਫ਼ੇ ‘ਤੇ। ਅਰਦਾਸ ਸਣੇ ਬਾਕੀ ਸਭ ਕੁੱਝ ਉਹਨੇ
ਆਪ ਹੀ ਕਰ ਦਿੱਤਾ। ਇਸ ਤਰ੍ਹਾਂ ਇਹ ਵਿਆਹ ਨਿਰਵਿਘਨ ਸਮਾਪਤ ਹੋ ਗਿਆ।
ਫੇਰ ਕੁੱਝ ਸੰਗਰਾਂਦਾਂ ਤੇ ਇੱਕ ਗੁਰਪੁਰਬ ਉੱਤੇ ਅਸੀਂ ਦੋਹਾਂ ਨੇ ਭਾਈ ਦੀ
ਥਾਂ ਬੁੱਤਾ ਸਾਰਿਆ। ਇਸ ਤਰ੍ਹਾਂ ਬਚਪਨ ਵਿਚ ਪੜ੍ਹੀ ਬਾਣੀ ਮੇਰੇ ਕੰਮ ਆ
ਗਈ। ਸਾਧ ਨੇ ਜਦ ਦੇਖਿਆ ਕਿ ਹੁਣ ਉਹਦੀ ਕੋਈ ਪੁੱਛ ਪ੍ਰਤੀਤ ਨਹੀਂ ਰਹੀ,
ਤਾਂ ਉਹ ਅਜੇਹਾ ਖਿਸਕਿਆ ਕਿ ਮੁੜ ਉਹਦੀ ਸ਼ਕਲ ਕਦੀ ਕਿਸੇ ਨਾ ਦੇਖੀ।
ਬਿਲਕੀ ਦੀ ਕਹਾਣੀ
ਮਾਸਟਰ ਹਰਬੰਸ ਸਿੰਘ ਕੋਲ ਇੱਕ ਚੰਗੀ ਨਸਲ ਦੀ ਬੌਣੇ ਕੱਦ ਦੀ ਕੁੱਤੀ ਹੁੰਦੀ
ਸੀ। ਉਸਦਾ ਨਾਂ ਬਿਲਕੀ ਰੱਖਿਆ ਹੋਇਆ ਸੀ। ਉਹ ਜਿੱਥੇ ਵੀ ਜਾਂਦਾ ਬਿਲਕੀ
ਨੂੰ ਆਪਣੇ ਨਾਲ ਹੀ ਲਿਜਾਂਦਾ। ਪਹਿਲੀ ਵਾਰ ਬਿਲਕੀ ਮੈਂ ਉਦੋਂ ਦੇਖੀ ਸੀ,
ਜਦੋਂ ਉਹ ਬਠਿੰਡੇ ਵਲ ਰਾਮਾ ਪਿੰਡ ਵਿਚ ਪੜ੍ਹਾਉਂਦਾ ਸੀ ਤੇ ਛੁੱਟੀਆਂ ਵਿਚ
ਪਿੰਡ ਆਇਆ ਹੋਇਆ ਸੀ।
ਹੈ ਤਾਂ ਇਹ ਫਿਲਮੀ ਕਹਾਣੀਆਂ ਵਰਗੀ ਘਟਨਾ, ਪਰ ਹੈ ਅਸਲ ਜੀਵਨ ਵਿਚ ਹੋਈ
ਬੀਤੀ। ਮਾਸਟਰ ਹਰਬੰਸ ਸਿੰਘ ਦੇ ਮੂੰਹੋਂ ਮੈਂ ਇਹ ਘਟਨਾ ਸੁਣੀ ਸੀ। ਜਦੋਂ
ਇਹ ਘਟਨਾ ਹੋਈ ਸੀ, ਮਾਸਟਰ ਹਰਬੰਸ ਸਿੰਘ ਉਦੋਂ ਰਾਮਾ ਵਿਚ ਹੀ ਰਹਿੰਦਾ ਸੀ।
ਉਹਦੇ ਵਰਗੇ ਕੱਲੇ ਕਾਰੇ ਬੰੇਦੇ ਲਈ ਸ਼ਰਾਬ ਐਸ਼ ਦਾ ਸਮਾਨ ਨਹੀਂ ਹੁੰਦੀ,
ਜੀਵਨ ਦੀ ਨੀਰਸਤਾ ਨੂੰ ਘਟਾਉਣ ਦਾ ਸਾਧਨ ਹੁੰਦੀ ਹੈ। ਹੌਲੀ ਹੌਲੀ ਇਹ ਆਦਤ
ਬਣ ਜਾਂਦੀ ਹੈ। ਮਾਸਟਰ ਹਰਬੰਸ ਸਿੰਘ ਨੇ ਉਸ ਰਾਤ ਕੁੱਝ ਵਧੇਰੇ ਹੀ ਪੀ ਲਈ
ਸੀ। ਉਹ ਸ਼ਰਾਬ ਦੇ ਨਸ਼ੇ ਵਿਚ ਮਦਹੋਸ਼ ਪਿਆ ਸੀ ਕਿ ਘਰ ਨੂੰ ਅੱਗ ਲੱਗ ਗਈ।
ਧੂੰਆਂ ਦੇਖ ਕੇ ਬਿਲਕੀ ਨੇ ਮਾਸਟਰ ਹਰਬੰਸ ਸਿੰਘ ਨੂੰ ਕੂਕਾਂ ਮਾਰ ਕੇ ਤੇ
ਉਹਦੇ ਉੱਤੇ ਲਿਆ ਕਪੜਾ ਖਿੱਚ ਕੇ ਉਹਨੂੰ ਜਗਾਉਣ ਦੇ ਯਤਨ ਕੀਤੇ, ਉਹ ਤਾਂ
ਨਿਸ਼ਚਿੰਤ ਮਦਹੋਸ਼ ਪਿਆ ਸੀ। ਜਦੋਂ ਬਿਲਕੀ ਨੇ ਦੇਖਿਆ ਕਿ ਉਹ ਉੱਠਦਾ ਨਹੀਂ,
ਉਹਨੇ ਸ਼਼ੂਟ ਵੱਟ ਲਈ ਤੇ ਮਾਸਟਰ ਹਰਬੰਸ ਸਿੰਘ ਦੇ ਕਿਸੇ ਜਾਣੂ ਦੇ ਘਰ ਜਾ
ਪੁੱਜੀ ਤੇ ਘਰ ਦੀ ਸਵਾਣੀ ਨੂੰ ਘੱਗਰੇ ਤੋਂ ਫੜ ਕੇ ਖਿੱਚਣ ਲੱਗ ਪਈ। ਉਸ
ਸਵਾਣੀ ਨੂੰ ਬਿਲਕੀ ਦੀ ਸਿਆਣਪ ਬਾਰੇ ਪਤਾ ਸੀ। ਉਹ ਉਹਦੇ ਪਿੱਛੇ ਪਿੱਛੇ
ਤੁਰ ਪਈ। ਜਦੋਂ ਮਾਸਟਰ ਹਰਬੰਸ ਸਿੰਘ ਦੇ ਘਰ ਨੂੰ ਅੱਗ ਲੱਗੀ ਹੋਈ ਦੇਖੀ,
ਤਾਂ ਉਹਨੇ ਰੌਲਾ ਪਾ ਕੇ ਲੋਕ ਇਕੱਠੇ ਕਰ ਲਏ। ਇਸ ਤਰ੍ਹਾਂ ਬਿਲਕੀ ਨੇ
ਮਾਸਟਰ ਹਰਬੰਸ ਸਿੰਘ ਦੀ ਜਾਨ ਬਚਾ ਲਈ ਸੀ। ਮਾਸਟਰ ਹਰਬੰਸ ਸਿੰਘ ਬਿਲਕੀ
ਨੂੰ ਆਪਣੀ ਜਾਨ ਨਾਲੋਂ ਵੱਧ ਪਿਆਰੀ ਕਿਉਂ ਰੱਖਦਾ ਸੀ? ਇਸਦੀ ਸਮਝ ਉਹਦੇ
ਮੂੰਹੋਂ ਇਹ ਕਹਾਣੀ ਸੁਣ ਕੇ ਹੀ ਪਈ ਸੀ। ਉਹ ਬਿਲਕੀ ਦੀ ਕਿੰਨੀ ਕਦਰ ਕਰਦਾ
ਸੀ, ਇਸਦੀ ਪਛਾਣ ਮੇਰੇ ਸਾਹਮਣੇ ਹੋਈ ਇੱਕ ਘਟਨਾ ਨੇ ਕਰਵਾ ਦਿੱਤੀ।
ਇੱਕ ਠਾਣੇਦਾਰ ਕਿਸੇ ਤਫ਼ਤੀਸ਼ ਦੇ ਸੰਬੰਧ ਵਿਚ ਕਿੜਿਆਂ ਵਾਲੇ ਆਪਣੇ ਕੁੱਝ
ਸਿਪਾਹੀਆਂ ਸਮੇਤ ਆਇਆ ਹੋਇਆ ਸੀ। ਉਹ ਸਕੂਲ ਦੇ ਨਾਲ ਲੱਗਦੇ ਮੈਦਾਨ ਵਿਚ
ਡੇਰਾ ਲਾਈ ਬੈਠਾ ਸੀ। ਮੇਜ਼ ਦੇ ਦੁਆਲੇ ਤਿੰਨ ਕੁਰਸੀਆਂ ਡਿੱਠੀਆਂ ਹੋਈਆਂ
ਸਨ। ਇੱਕ ਕੁਰਸੀ ‘ਤੇ ਠਾਣੇਦਾਰ ਬੈਠਾ ਸੀ, ਇੱਕ ‘ਤੇ ਮਾਸਟਰ ਹਰਬੰਸ ਸਿੰਘ
ਤੇ ਇੱਕ ਕੁਰਸੀ ‘ਤੇ ਠਾਣੇਦਾਰ ਨੇ ਆਪਣੀ ਤੁਰ੍ਹਲੇ ਵਾਲੀ ਪੱਗ ਲਾਹ ਕੇ
ਰੱਖੀ ਹੋਈ ਸੀ। ਇੰਨੇ ਚਿਰ ਨੂੰ ਬਿਲਕੀ ਮਾਸਟਰ ਹਰਬੰਸ ਸਿੰਘ ਨੂੰ ਉੱਥੇ
ਬੈਠਾ ਦੇਖ ਕੇ ਅੰਦਰੋਂ ਨੱਠੀ ਆਈ ਤੇ ਆਉਂਦਿਆਂ ਹੀ ਟਪੂਸੀ ਮਾਰ ਉਸ ਕੁਰਸੀ
ਤੇ ਜਾ ਚੜ੍ਹੀ ਜਿਸ ਉੱਤੇ ਠਾਣੇਦਾਰ ਦੀ ਪੱਗ ਪਈ ਸੀ। ਬਿਲਕੀ ਨੂੰ ਤਾਂ
ਚੁੱਕ ਕੇ ਮਾਸਟਰ ਹਰਬੰਸ ਸਿੰਘ ਨੇ ਆਪਣੇ ਪੱਟਾਂ ‘ਤੇ ਬੈਠਾ ਲਿਆ, ਪਰ
ਠਾਣੇਦਾਰ ਤੋਂ ਕਹਿ ਹੋ ਗਿਆ, “ਬੜੀ ਬਦਤਮੀਜ਼ ਕੁੱਤੀ ਹੈ।”
ਸੁਣਦਿਆਂ ਹੀ ਮਾਸਟਰ ਹਰਬੰਸ ਸਿੰਘ ਨੂੰ ਅੱਗ ਲਗ ਗਈ। ਉਹਨੇ ਭੜਕ ਕੇ ਕਿਹਾ,
“ਬਦਤਮੀਜ਼ ਕੁੱਤੀ ਨਹੀਂ ਬਦਤਮੀਜ਼ ਤੂੰ ਹੈਂ, ਜਿਹਨੂੰ ਇਹ ਵੀ ਤਮੀਜ਼ ਨਹੀਂ
ਕਿ ਕੁਰਸੀ ਬੈਠਣ ਲਈ ਹੁੰਦੀ ਹੈ, ਪੱਗ ਰਖਣ ਲਈ ਨਹੀਂ।”
ਠਾਣੇਦਾਰ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਕੋਈ ਉਹਦੀ ਇਸ ਤਰ੍ਹਾਂ ਲਾਹ ਪਾਹ
ਕਰ ਸਕਦਾ ਸੀ। ਮਾਸਟਰ ਹਰਬੰਸ ਸਿੰਘ ਦੇ ਅਚਾਨਕ ਹਮਲੇ ਨਾਲ ਉਹ ਇੰਨਾ ਘਬਰਾ
ਗਿਆ ਕਿ ਉਹਦੇ ਮੂੰਹੋਂ ਕਿੰਨਾ ਚਿਰ ਕੋਈ ਗੱਲ ਹੀ ਨਾ ਨਿਕਲ ਸਕੀ।
ਕੁਦਰਤ ਦੇ ਕ਼ਾਨੂੰਨ ਸਾਹਮਣੇ ਬੰਦਾ ਹੀ ਨਹੀਂ, ਪਸੂ ਪੰਛੀ ਵੀ ਬੇਬਸ ਹੁੰਦੇ
ਹਨ। ਬਿਲਕੀ ਵਿਚਾਰੀ ਦਾ ਕੀ ਜ਼ੋਰ ਚੱਲ ਸਕਦਾ ਸੀ? ਬਿਲਕੀ ਵੀ ਆਮ ਕੁੱਤੀਆਂ
ਵਾਂਗ ਬਹਾਰੇ ਆ ਗਈ। ਮਾਸਟਰ ਹਰਬੰਸ ਸਿੰਘ ਇਹ ਸੋਚ ਕੇ ਨਿਸਚਿੰਤ ਰਿਹਾ ਕਿ
ਉਹ ਕੱਦ ਦੀ ਇੰਨੀ ਛੋਟੀ ਸੀ ਕਿ ਕਿਸੇ ਕੁੱਤੇ ਲਈ ਸੰਭਵ ਨਹੀਂ ਸੀ ਉਹਦੇ
ਨਾਲ ਮੇਲ ਕਰ ਸਕਦਾ। ਪਰ ਜਦੋਂ ਼ਕ਼ੁਦਰਤ ਆਪਣਾ ਰੰਗ ਦਿਖਾਉਂਦੀ ਹੈ, ਅਸੰਭਵ
ਵੀ ਸੰਭਵ ਹੋ ਜਾਂਦਾ ਹੈ। ਉੱਚੇ ਕੱਦ ਦੇ ਇੱਕ ਅਫਰਊ ਜਿਹੇ ਕੁੱਤੇ ਨੇ ਪਤਾ
ਨਹੀਂ ਕਿਸ ਤਰ੍ਹਾਂ ਅਸੰਭਵ ਨੂੰ ਸੰਭਵ ਕਰ ਦਿਖਾਇਆ। ਬਿਲਕੀ ਨੂੰ ਉਹਦੀਆਂ
ਲੱਤਾਂ ਵਿਚਾਲੇ ਲਟਕਦੀਂ ਦੇਖ ਕੇ ਸਕੂਲ ਦੇ ਮੁੰਡਿਆਂ ਦਾ ਹਾਸਾ ਰੋਕਿਆਂ ਵੀ
ਰੁਕ ਨਹੀਂ ਰਿਹਾ ਸੀ।
ਮੂਧਾ ਸਿੰਘ
ਇੱਕ ਬੰਦਾ ਮਾਸਟਰ ਹਰਬੰਸ ਸਿੰਘ ਦੇ ਦੁੱਧ ਰੱਖਣ ਆਉਂਦਾ ਹੁੰਦਾ ਸੀ। ਉਮਰ
ਹੋਵੇਗੀ ਕੋਈ ਚਾਲੀ ਕੁ ਸਾਲ ਦੀ। ਚੰਗੀ ਭਰਵੀਂ ਦਾੜ੍ਹੀ ਤੇ ਕੱਦ ਦਾ ਮਧਰਾ
ਜਿਹਾ। ਉਸ ਦਿਨ ਮੈਂ ਆਪਣੀ ਆਮ ਆਦਤ ਅਨੁਸਾਰ ਕੇਸੀ ਇਸ਼ਨਾਨ ਕਰਨ ਪਿਛੋਂ
ਮੰਜੇ ‘ਤੇ ਪਿਆ ਨਾਲੇ ਵਾਲ ਸੁਕਾ ਰਿਹਾ ਸਾਂ ਤੇ ਨਾਲੇ ਕੋਈ ਕਿਤਾਬ ਪੜ੍ਹ
ਰਿਹਾ ਸਾਂ। ਉਹ ਬੰਦਾ ਦੁੱਧ ਰੱਖਣ ਪਿੱਛੋਂ ਮੇਰੇ ਕੋਲ ਮੰਜੇ ਦੀ ਹੀਂਅ ‘ਤੇ
ਆ ਬੈਠਾ। ਕਹਿੰਦਾ, “ਕੀ ਹਾਲ ਹੈ?”
ਮੈਂ ਕਿਹਾ,” ਠੀਕ ਹਾਂ।” ਹੋਰ ਮੈਂ ਉਹਦੇ ਨਾਲ ਕੋਈ ਗੱਲ ਨਾ ਕੀਤੀ ਤੇ
ਪੜ੍ਹਨ ਵਿਚ ਮਗਨ ਰਿਹਾ। ਉਹ ਕੁੱਝ ਚਿਰ ਚੁੱਪ ਚੁਪੀਤਾ ਉਸੇਤਰ੍ਹਾਂ ਬੈਠਾ
ਰਿਹਾ। ਫੇਰ ਉਹਨੇ ਚੁੱਪ ਕੀਤੇ ਨੇ ਹੀ ਮੇਰੇ ਕੱਛੇ ਅੰਦਰ ਹੱਥ ਪਾਉਣ ਦੀ
ਕੋਸਿ਼ਸ਼ ਕੀਤੀ। ਮੈਂ ਇੱਕ ਦੱਮ ਉਠ ਕੇ ਬਹਿ ਗਿਆ ਤੇ ਉਹਦੀ ਚੰਗੀ ਝਾੜ ਝੰਬ
ਕੀਤੀ। ਉਹ ਖਸਿਆਨਾ ਜਿਹਾ ਹੋਇਆ, ਤੇ਼ਜ਼ ਕਦਮੀਂ ਤੁਰ ਗਿਆ।
ਮੈਂ ਜੋ ਸਮਝਿਆ ਸੀ, ਗੱਲ ਉਸ ਤੋਂ ਉਲਟ ਨਿਕਲੀ। ਮੇਰੀ ਪੁੱਛ ਪੜਤਾਲ ਤੋਂ
ਪਤਾ ਲੱਗਾ ਕਿ ਉਸ ਬੰਦੇ ਨੂੰ ਪੁੱਠੀ ਆਦਤ ਪਈ ਹੋਈ ਸੀ। ਉਹ ਪਹਿਲਾਂ ਤਾਂ
ਇਸ ਤਰ੍ਹਾਂ ਕਿਸੇ ਨਾ ਕਿਸੇ ਬੰਦੇ ਨੂੰ ਟੋਹ ਕੇ ਦੇਖਦਾ ਸੀ। ਜੇ ਉਹ ਜ਼ਰਾ
ਹੁੰਗਾਰਾ ਭਰਦਾ ਤਾਂ ਉਹ ਉਹਨੂੰ ਆਪਣੇ ਘਰ ਸੱਦ ਲੈਂਦਾ ਤੇ ਫੇਰ ਨੰਗਾ ਹੋ
ਕੇ ਉਹਦੇ ਅੱਗੇ ਪੁੱਠਾ ਪੈ ਜਾਂਦਾ। ਉਹਦੀ ਇਸ ਆਦਤ ਦਾ ਸਾਰੇ ਪਿੰਡ ਨੂੰ
ਪਤਾ ਸੀ।
ਮੈਂ ਸਾਰੀ ਗੱਲ ਮਾਸਟਰ ਹਰਬੰਸ ਸਿੰਘ ਨੂੰ ਦੱਸੀ ਤਾਂ ਉਹਨੇ ਦੂਜੇ ਦਿਨ
ਦੁੱਧ ਰੱਖਣ ਆਏ ਦੀ ਖੂਬ ਝਾੜ ਝੰਬ ਕੀਤੀ ਤੇ ਅੱਗੋਂ ਤੋਂ ਉਸਤੋਂ ਦੁੱਧ
ਲੈਣਾ ਬੰਦ ਕਰ ਦਿੱਤਾ।
ਰੋਟੀ ਰੋਜ਼ੀ ਦਾ ਸਵਾਲ
ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਪਿੰਡਾਂ ਵਿਚ ਰਾਅ-ਸਿੱਖ ਲੋਕ ਰਹਿੰਦੇ ਸਨ।
ਸਾਡੇ ਦੁਆਬੇ ਵਿਚ ਤਾਂ ਨਾ ਇਹ ਲੋਕ ਦੇਖੇ ਸਨ ਨਾ ਸੁਣੇ ਸਨ। ਇਨ੍ਹਾਂ ਦੀਆਂ
ਜ਼ਮੀਨਾਂ ਜਾਇਦਾਦਾਂ ਕੋਈ ਹੈ ਨਹੀਂ ਸਨ। ਅੰਗਰੇਜ਼ਾਂ ਦੇ ਰਾਜ ਸਮੇਂ ਕੁੱਝ
ਕਬੀਲਿਆਂ ਨੂੰ ਜਰਾਇਮ ਪੇਸ਼ਾ ਲੋਕਾਂ ਦੀ ਲਿਸਟ ਵਿਚ ਸ਼ਾਮਲ ਕੀਤਾ ਹੋਇਆ
ਸੀ। ਜਰਾਇਮ ਪੇਸ਼ਾ ਦਾ ਮਤਲਬ ਸੀ, ਜੁਰਮ (ਕਾਨੂੰਨ ਵਿਰੋਧੀ ਕੰਮ) ਕਰ ਕੇ
ਰੋਟੀ ਕਮਾਉਣ ਵਾਲੇ ਲੋਕ। ਸੁਤੰਤਰ ਭਾਰਤ ਵਿਚ ਭਾਵੇਂ ਭਾਰਤ ਦੇ ਸਾਰੇ
ਵਸਨੀਕ ਬਰਾਬਰ ਸਨ। ਫੇਰ ਵੀ ਉਨ੍ਹਾਂ ਲੋਕਾਂ ਲਈ ਰੁ਼ਜ਼ਗਾਰ ਪੈਦਾ ਕਰਨ ਦਾ
ਸਵਾਲ ਹਾਲੀਂ ਜਿਉਂ ਦਾ ਤਿਉਂ ਖੜਾ ਸੀ। ਇਹ ਲੱਖਾਂ ਲੋਕ ਨਾ ਕੋਈ ਕਿੱਤਾ
ਕਰਨ ਦੇ ਯੋਗ ਸਨ, ਨਾ ਉਨ੍ਹਾਂ ਦੀ ਕੋਈ ਜਮੀਨ ਜਾਇਦਾਦ ਸੀ ਤੇ ਨਾ ਉਨ੍ਹਾਂ
ਨੇ ਸਕੂਲ ਦਾ ਮੂੰਹ ਦੇਖਿਆ ਸੀ। ਇਹ ਰਾਅ-ਸਿੱਖ ਵੀ ਅਜੇਹੇ ਹੀ ਲੋਕ ਸਨ।
ਸੁਤੰਤਰ ਭਾਰਤ ਵਿਚ ਹੁਣ ਉਹ ਕੀ ਕਰਦੇ ਹੋਣਗੇ? ਆਪਣਾ ਤੇ ਆਪਣੇ ਬੱਚਿਆਂ ਦਾ
ਪੇਟ ਕਿਵੇਂ ਪਾਲਦੇ ਹੋਣਗੇ? ਉਸ ਵੇਲ਼ੇ ਮੈਨੂੰ ਕੁੱਝ ਪਤਾ ਨਹੀਂ ਸੀ। ਫੇਰ
ਇੱਕ ਦਿਨ ਅਚਾਨਕ ਇਸਦਾ ਮੈਨੂੰ ਪਤਾ ਲੱਗ ਗਿਆ।
ਉਸ ਦਿਨ ਮੈਂ ਕਿੜਿਆਂਵਾਲੇ ਤੋਂ ਨੇੜੇ ਪੈਂਦੇ ਸ਼ਹਿਰ ਫਾਜ਼ਲਕਾ ਨੂੰ
ਲੋੜੀਂਦੀਆਂ ਚੀਜ਼ਾਂ ਲੈਣ ਜਾ ਰਿਹਾ ਸਾਂ। ਜਿਸ ਟਾਂਗੇ ਵਿਚ ਮੈਂ ਬੈਠਾ
ਸਾਂ, ਉਸ ਵਿਚ ਦੋ ਸਿਪਾਹੀ ਤੇ ਇੱਕ ਠਾਣੇਦਾਰ ਇੱਕ ਰਾਅ ਸਿੱਖ ਨੂੰ ਫੜੀ
ਲਿਜਾ ਰਹੇ ਸਨ। ਠਾਣੇਦਾਰ ਨੇ ਰਾਅ ਸਿੱਖ ਨੂੰ ਜ਼ਰਾ ਮਜ਼ਾਕ ਜਿਹੇ ਵਿਚ
ਕਿਹਾ, “ਮੈਂ ਤੈਨੂੰ ਅੱਜ ਪੰਜਵੀਂ ਕੁ ਵੇਰ ਸ਼ਰਾਬ ਕੱਢਣ/ਵੇਚਣ ਦੇ ਜੁਰਮ
ਵਿਚ ਫੜ ਕੇ ਲਿਜਾ ਰਿਹਾ ਹਾਂ। ਤੂੰ ਇਹ ਕੰਮ ਛੱਡ ਕਿਉਂ ਨਹੀਂ ਦਿੰਦਾ?”
ਉਹਨੇ ਬੇਝਜਕ ਉਸੇ ਤਰ੍ਹਾਂ ਤੱਤ ਫੱਟ ਜਵਾਬ ਦਿੱਤਾ, “ਹਜੂਰ ਮਾਈਬਾਪ! ਰੱਬ
ਨੇ ਜਦ ਸਾਨੂੰ ਇਸ ਦੁਨੀਆ ਵਿਚ ਭੇਜਣ ਦਾ ਫੈਸਲਾ ਕੀਤਾ ਸੀ ਤਾਂ ਉਹਨੇ
ਸਾਨੂੰ ਕਿਹਾ ਸੀ, ‘ਤੁਹਾਡੇ ਲਈ ਮਾਤ-ਲੋਕ ਵਿਚ ਰੁਜਗਾਰ ਕੋਈ ਨਹੀਂ, ਨਾ
ਜ਼ਮੀਨ ਨਾ ਜਾਇਦਾਦ। ਫੇਰ ਵੀ ਤੁਸੀਂ ਜਾਣਾ ਚਾਹੋਗੇ?’ ਅਸੀਂ ਕਿਹਾ,
‘ਰੱਬਾ! ਤੂੰ ਸਾਨੂੰ ਮਾਤ-ਲੋਕ ਵਿਚ ਪੈਦਾ ਕਰ ਛੋੜ, ਰੁਜ਼ਗਾਰ ਅਸੀਂ ਆਪੇ
ਪੈਦਾ ਕਰ ਲਵਾਂਗੇ----।”
“ਫੇਰ ਮਾਤ-ਲੋਕ ਵਿਚ ਆ ਕੇ ਕੀਤਾ ਰੋਜ਼ਗਾਰ ਪੈਦਾ?”, ਉਹਦੀ ਗੱਲ ਵਿਚੋਂ ਹੀ
ਕੱਟ ਕੇ ਕਿਸੇ ਹੋਰ ਨੇ ਮਖੌਲ ਨਾਲ ਪੁੱਛਿਆ।
“ਜੀ ਹਾਂ! ਕਰ ਹੀ ਲਿਆ ਹੈ”, ਉਹਨੇ ਉਸੇ ਤਰ੍ਹਾਂ ਬੇਝਿਜਕ ਕਿਹਾ।
“ਕਿਹੜਾ ਰੋਜ਼ਗਾਰ ਓਏ?” ਠਾਣੇਦਾਰ ਨੇ ਜ਼ਰਾ ਹੈਰਾਨੀ ਜਿਹੀ ਜ਼ਾਹਰ ਕਰਦਿਆਂ
ਹੋਇਆਂ ਪੁੱਛਿਆ।
“ਬੱਸ ਇਹੀ ਚੋਰੀ ਚਕਾਰੀ ਤੇ ਸ਼ਰਾਬ ਕੱਢਣ/ਵੇਚਣ ਦਾ ਧੰਦਾ, ਹੋਰ ਕੀ?”
“ਸਾਲਿਆ! ਇਹ ਵੀ ਕੋਈ ਧੰਦਾ ਹੈ? ਹਾਲੀਂ ਛੇ ਮਹੀਨੇ ਪਹਿਲਾਂ ਤੂੰ ਛੇ
ਮਹੀਨੇ ਦੀ ਜਿਹਲ ਕੱਟ ਕੇ ਆਇਆ ਹੈਂ। ਹੁਣ ਫੇਰ ਤੂੰ ਛੇ ਮਹੀਨੇ ਲਈ ਬੱਝ
ਜਾਣਾ ਹੈ। ਕੀ ਖੱਟਦਾ ਹੋਵੇਂਗਾ?” ਠਾਣੇਦਾਰ ਨੇ ਜ਼ਰਾ ਖਿਝ ਕੇ ਕਿਹਾ।
“ਗੁਰੂ ਦੀ ਬੜੀ ਮਿਹਰ ਆ। ਸਰਕਾਰ! ਬੱਸ ਇਸੇ ਤਰ੍ਹਾਂ ਸਾਲ ਵਿਚ ਛੇ ਮਹੀਨੇ
ਲੁਆ ਦਿਆ ਕਰੋ, ਘਰ ਦਾ ਰੋਟੀ ਫੁਲਕਾ ਤੁਰਦਾ ਰਹਿੰਦਾ ਹੈ”, ਉਹਨੇ ਜ਼ਰਾ
ਮੀਸਣਾ ਜਿਹਾ ਬਣ ਕੇ ਉੱਤਰ ਦਿੱਤਾ।
“ਉਹ ਕਿਵੇਂ ਓਏ?”, ਠਾਣੇਦਾਰ ਨੇ ਠਹਾਕਾ ਮਾਰ ਕੇ ਪੁੱਛਿਆ।
“ਤੁਹਾਡੀ ਮਿਹਰਬਾਨੀ ਨਾਲ ਹਜ਼ੂਰ! ਜੇਲ੍ਹ ਵਿਚ ਸਰਕਾਰ ਦੀਆਂ ਵਿਹਲੀਆਂ
ਖਾਧੀਆਂ। ਹੁਣ ਹਜ਼ੂਰ! ਛੇ ਮਹੀਨੇ ਲਈ ਤੁਸੀਂ ਫੇਰ ਪ੍ਰਬੰਧ ਕਰ ਦੇਣਾ ਫਿਕਰ
ਨਾ ਫਾਕਾ।”
“ਮਗਰੋ ਤੇਰੇ ਨਿਆਣੇ ਕੀ ਖਾਣਗੇ ਓਏ?” ਇੱਕ ਹੋਰ ਬੰਦੇ ਨੇ ਮਜ਼ਾਕ ਕੀਤਾ।
“ਗੁਰੂ ਦੇਣ ਵਾਲਾ ਹਜ਼ੂਰ! ਆਹ ਛੇ ਮਹੀਨੇ ਚੰਗੇ ਲੱਗ ਗਏ। ਹੁਣ ਛੇ ਮਹੀਨੇ
ਬੈਠੇ ਖਾਣਗੇ ਤੇ ਮੈਂ ਛੇ ਮਹੀੇਨੇ ਸਰਕਾਰ ਦੀਆਂ ਰੋਟੀਆਂ ਭੰਨ੍ਹਾਂਗਾ।”
“ਫੇਰ ਕੀ ਕਰਦਾ ਰਿਹਾ ਛੇ ਮਹੀਨੇ?”
“ਉਹੀ ਆਪਣਾ ਜੱਦੀ ਕੰਮ ਚੋਰੀ ਚਕਾਰੀ ਤੇ ਸ਼ਰਾਬ ਕੱਢਣੀ/ਵੇਚਣੀ ਹੋਰ ਕੀ?”
ਉਹਦੀ ਇਹ ਗੱਲ ਸੁਣ ਕੇ ਸਾਰੀਆਂ ਸਵਾਰੀਆਂ ਹੱਸ ਹੱਸ ਦੋਹਰੀਆਂ ਹੋ ਗਈਆਂ।
ਉਹਦੀਆਂ ਗੱਲਾਂ ਸੁਣ ਕੇ ਉਹ ਗੱਲ ਸਮਝ ਆ ਗਈ, ਜਿਹੜੀ ਪਤਾ ਨਹੀਂ ਕਿੰਨੀਆਂ
ਕਿਤਾਬਾਂ ਪੜ੍ਹ ਕੇ ਵੀ ਸ਼ਾਇਦ ਹੀ ਸਮਝ ਆਉਂਦੀ।
ਮੋਹ ਦੀਆਂ ਤੰਦਾਂ
ਮੇਰੇ ਸੁਭਾ ਤੋਂ ਮੇਰੇ ਸ਼ਗਿਰਦ ਤਾਂ ਹੋਰ ਵੀ ਪ੍ਰਭਾਵਤ ਸਨ ਤੇ ਸਦਾ
ਬੇਝਿਜਕ ਮੇਰੇ ਨਾਲ ਆਪਣੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰ
ਲੈਂਦੇ ਸਨ, ਇੱਕ ਮੁੰਡਾ ਸੀ ਜਿਹੜਾ ਪਿੰਡ ਚਿਮਨੇਵਾਲੇ ਤੋਂ ਪੜ੍ਹਨ ਆਉਂਦਾ
ਹੁੰਦਾ ਸੀ। ਉਹ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ। ਉਹਦਾ ਨਾਉਂ ਤਾਂ ਤੇਜ
ਸਿੰਘ ਦਿਉਲ ਸੀ ਪਰ ਉਹ ਆਪਣੇ ਨਾਉਂ ਨਾਲ ‘ਹੱਸਮੁਖ‘ ਲਿਖਣ ਲੱਗ ਪਿਆ ਸੀ,
ਸ਼ਾਇਦ ਇਸ ਲਈ ਕਿ ਉਹ ਸਦਾ ਖੁਸ਼ ਦਿਸਣ ਤੇ ਰਹਿਣ ਦਾ ਚੇਤਨ ਯਤਨ ਕਰਦਾ ਸੀ।
ਸ਼ਾ਼ਇਦ ਉਹਦੇ ਅੰਦਰ ਵੀ ਕਵਿਤਾ ਦੇ ਬੀਜ ਸਨ, ਇਸ ਲਈ ਉਹਦੀ ਮੇਰੇ ਨਾਲ
ਬਹੁਤ ਬਣਦੀ ਸੀ। ਉਹਦੀ ਮਾਂ ਦੀ ਮੌਤ ਉਦੋਂ ਹੋ ਗਈ ਸੀ ਜਦ ਉਹ ਹਾਲੀਂ ਸਾਲ
ਕੁ ਦਾ ਸੀ। ਇਸ ਲਈ ਉਹ ਰੋਟੀ ਟੁੱਕ ਦਾ ਆਹਰ ਆਪ ਹੀ ਕਰ ਲੈਂਦਾ ਸੀ ਤੇ
ਕਿਤੇ ਕਿਤੇ ਮੇਰੀ ਰੋਟੀ ਵੀ ਪਕਾ ਜਾਂਦਾ ਸੀ।
ਮੋਹ ਦੇ ਰਿਸ਼ਤੇ ਇਵੇਂ ਵੀ ਬਣ ਜਾਂਦੇ ਹਨ। ਮੈਂ ਜਦੋਂ ਇਹ ਸਕੂ਼ਲ ਛਡ ਕੇ
ਤੁਰਨ ਲੱਗਾ ਤਾਂ ਉਹ ਸਟੇਸ਼ਨ ਤੱਕ ਮੈਨੂੰ ਗੱਡੀ ਚੜ੍ਹਾਉਣ ਆਇਆ, ਨਾਲ ਉਹਦੇ
ਹੋਰ ਦੋਸਤ ਮਿਤੱਰ ਵੀ ਆਏ ਸਨ। ਮੁੰਡੇ ਉਦਾਸ ਤਾਂ ਸਾਰੇ ਸਨ ਪਰ ਉਹ ਤਾਂ
ਧਾਹਾਂ ਮਾਰ ਮਾਰ ਕੇ ਰੋ ਰਿਹਾ ਸੀ। ਕਈ ਸਾਲ ਉਹਦੇ ਪੱਤਰ ਮੈਨੂੰ ਆਉਂਦੇ
ਰਹੇ ਤੇ ਜੀਵਨ ਦੇ ਹਰ ਮੋੜ ਤੇ ਮਸਲੇ ਬਾਰੇ ਮੇਰੇ ਨਾਲ ਸਲਾਹ ਮਸ਼ਵਰਾ ਕਰਦਾ
ਰਿਹਾ।
ਇਹ ਸਕੂਲ ਛੱਡਣ ਦਾ ਮੇਰਾ ਕਾਰਣ ਵੀ ਮਾਸਟਰ ਹਰਬੰਸ ਸਿੰਘ ਦੇ ਸੁਭਾਅ ਦਾ
ਇੱਕ ਪਹਿਲੂ ਹੀ ਸੀ। ਉਹਨੂੰ ਇੱਕ ਦਿਨ ਅਚਾਨਕ ਖਿਆਲ ਆ ਗਿਆ ਕਿ ਮੈਂ ਤਾਂ
ਰੋਟੀ ਆਪ ਬਣਾ ਕੇ ਖਾਂਦਾ ਹਾਂ, ਬਾਲਣ ਦਾ ਕੀ ਕਰਦਾ ਹੋਵਾਂਗਾ? ਉਹਨੇ
ਕਿਹਾ, “ਹਰਬਖਸ਼! ਮੁੰਡਿਆਂ ਨੂੰ ਲਿਜਾ ਕੇ ਸਰਪੰਚ ਦੇ ਖੂਹ ਤੋਂ ਕਪਾਹ
ਦੀਆਂ ਛਿਟੀਆਂ ਦੀ ਇੱਕ ਭਰੀ ਚੁਕਵਾ ਲਿਆਵੀਂ। ਜੇ ਕਿਸੇ ਨੇ ਪੁੱਛਆ ਤਾਂ
ਕਹਿ ਦੇਵੀਂ ਹੈੱਡਮਾਸਟਰ ਨੇ ਭੇਜਿਆ ਹੈ।”
ਬਾਲਣ ਥੋੜਾ ਬਹੁਤਾ ਤਾਂ ਮੁੰਡੇ ਆਪ ਹੀ ਲਿਆ ਦਿੰਦੇ ਸਨ। ਪਰ ਥੁੜੋਂ ਸਦਾ
ਰਹਿੰਦੀ ਸੀ। ਮੈਂ ਸੋਚਿਆ, ਇਸ ਤਰ੍ਹਾਂ ਬਾਲਣ ਦਾ ਮਸਲਾ ਪੱਕੇ ਤੌਰ ਤੇ ਹੱਲ
ਹੋ ਜਾਵੇਗਾ। ਮੈਂ ਦੋ ਮੁੰਡਿਆਂ ਨੂੰ ਨਾਲ ਲਿਆ ਤੇ ਸਰਪੰਚ ਦੇ ਖੂਹ ਤੇ ਜਾ
ਪੁੱਜਾ। ਮੁੰਡੇ ਛਿਟੀਆਂ ਦੀ ਭਰੀ ਚੁੱਕਣ ਹੀ ਲੱਗੇ ਸਨ ਕਿ ਸਰਪੰਚ ਦੇ ਸੀਰੀ
ਨੇ ਆ ਕੇ ਰੋਕ ਦਿੱਤੇ। ਮੈਂ ਉਹਨੂੰ ਦੱਸ ਦਿੱਤਾ ਕਿ ਸਾਨੂੰ ਹੈੱਡਮਾਸਟਰ ਨੇ
ਭੇਜਿਆ ਸੀ। ਉਹਨੇ ਸਾਡੀ ਗੱਲ ਨਾ ਸੁਣੀ ਤੇ ਅਸੀਂ ਖਾਲੀ ਹੱਥ ਵਾਪਸ ਆ ਗਏ।
ਜਦੋਂ ਮਾਸਟਰ ਹਰਬੰਸ ਸਿੰਘ ਨੂੰ ਪਤਾ ਲੱਗਾ ਤਾਂ ਉਹ ਭੜਕ ਉੱਠਿਆ ਤੇ ਕਿਹਾ,
“ਹਰਬਖਸ਼! ਹੁਣੇ ਅਸਤੀਫਾ ਲਿਖ ਦੇ। ਇਨ੍ਹਾਂ ਨੇ ਸਮਝ ਕੀ ਰੱਖਿਆ ਹੈ। ਅਸੀਂ
ਇਨ੍ਹਾਂ ਦੀਆਂ ਕਪਾਹ ਦੀਆਂ ਛਿਟੀਆਂ ਨਾਲੋਂ ਵੀ ਗਏ ਗੁਜ਼ਰੇ ਹਾਂ।” ਫੇਰ
ਕੁੱਝ ਅਟਕ ਕੇ ਤੇ ਮੇਰੇ ਚਿਹਰੇ ‘ਤੇ ਫਿਕਰਾਂ ਦੇ ਪਰਛਾਂਵੇਂ ਦੇਖ ਕੇ ਕਹਿਣ
ਲੱਗਾ, “ਤੂੰ ਫਿਕਰ ਨਾ ਕਰ। ਇੱਥੇ ਨਾਲੋਂ ਤੂੰ ਚੰਗਾ ਹੀ ਰਹੇਂਗਾ। ਸਿੱਧਾ
ਰਘੁਬੀਰ ਸਿੰਘ ਕੋਲ ਦੌਲੀਕੇ-ਦੂਹੜੇ ਚਲਾ ਜਾਵੀਂ। ਉੱਥੇ ਤੇਰੇ ਲਈ ਕੰਮ
ਤਿਆਰ ਹੀ ਹੋਵੇਗਾ। ਜਾਂਦਾ ਹੋਇਆ ਉਹਦੇ ਨਾਉਂ ਮੇਰਾ ਖਤ ਲੈ ਜਾਵੀਂ। ਮੈਂ
ਵੀ ਇੱਥੋਂ ਛੇਤੀ ਹੀ ਜਾ ਰਿਹਾ ਹਾਂ। ਇਹ ਪਿੰਡ ਬੰਦਿਆਂ ਦੇ ਰਹਿਣ ਵਾਲਾ
ਨਹੀਂ।
ਮੇਰੇ ਅਸਤੀਫੇ ਨੇ ਪਿੰਡ ਵਿਚ ਤੁਫਾਨ ਜਿਹਾ ਖੜਾ ਕਰ ਦਿੱਤਾ। ਸਰਪੰਚ ਨੇ ਆਪ
ਆ ਕੇ ਮਾਸਟਰ ਹਰਬੰਸ ਸਿੰਘ ਤੋਂ ਮੁਆਫੀ ਮੰਗੀ। ਪਰ ਉਹਦੇ ਫੈਸਲੇ ਪੱਥਰ ਤੇ
ਲਕੀਰ ਹੁੰਦੇ ਸਨ। ਇਸ ਲਈ ਅਸਤੀਫਾ ਵਾਪਸ ਨਾ ਹੋਇਆ।
ਮੇਰੀ ਵਿਦਾਇਗੀ ਲਈ ਸਾਰੇ ਸਕੂ਼ਲ ਦੀ ਸਾਂਝੀ ਮੀਟਿੰਗ ਵਿਚ ਮਾਸਟਰ ਹਰਬੰਸ
ਸਿੰਘ ਨੇ ਭਰੇ ਹੋਏ ਮਨ ਨਾਲ ਮੇਰੀ ਸਿਫਤ ਵਿਚ ਕੁੱਝ ਸ਼ਬਦ ਕਹੇ। ਫੇਰ
ਮੈਨੂੰ ਕੁੱਝ ਸ਼ਬਦ ਕਹਿਣ ਲਈ ਕਿਹਾ। ਮੈਂ ਜਦੋਂ ਉੱਠ ਕੇ ਕੁੱਝ ਕਹਿਣ ਲੱਗਾ
ਤਾਂ ਮੈਂ ਦੇਖਿਆ, ਸਕੂਲ ਦੇ ਸਾਰੇ ਮੁੰਡਿਆਂ ਦੀਆਂ ਅੱਖਾਂ ਵਿਚ ਹੰਝੂ ਚਮਕ
ਰਹੇ ਸਨ। ਮੈਂ ਇੰਨਾ ਹੀ ਕਹਿ ਸਕਿਆ, “ਮੇਰੇ ਪਿਆਰੇ ਵਿਦਿਆਰਥੀਓ! ਉਸਤਾਦ
ਅਤੇ ਸ਼ਗਿਰਦਾਂ ਦਾ ਰਿਸ਼ਤਾ ਪਿਉ ਪੁੱਤਰਾਂ ਵਾਲਾ ਹੁੰਦਾ ਹੈ। ਮੇਰੀ ਉਮਰ
ਤੇ ਤੁਹਾਡੀ ਉਮਰ ਦਾ ਇੰਨਾ ਥੋੜਾ ਫਰਕ ਹੈ ਕਿ ਮੈਂ ਤੁਹਨੂੰ ਪੁੱਤਰ ਤਾਂ
ਨਹੀਂ ਕਹਿ ਸਕਦਾ, ਛੋਟੇ ਭਰਾ ਼ਜ਼ਰੂਰ ਕਹਿ ਸਕਦਾ ਹਾਂ। ਤੁਹਾਡੀਆਂ ਅੱਖਾਂ
ਵਿਚ ਚਮਕਦੇ ਹੰਝੂਆਂ ਵਿਚੋਂ ਮੈਂ ਤੁਹਾਡੇ ਦਿਲਾਂ ਤੇ ਲਿਖੀ ਲਿਖਤ ਪੜ੍ਹ
ਸਕਦਾ ਹਾਂ। ਮੈਂ ਕਿਤੇ ਵੀ ਰਹਾਂ, ਕਿਸੇ ਹਾਲਤ ਵਿਚ ਵੀ ਰਹਾਂ, ਤੁਹਾਡੀ
ਯਾਦ ਨੂੰ ਦਿਲ ਦੀ ਤਖਤੀ ਤੋਂ ਮਿਟਾ ਨਹੀਂ ਸਕਾਂਗਾ। ਮਾਸਟਰ ਹਰਬੰਸ ਸਿੰਘ
ਜੀ ਦੀ ਜਿੰਨੀ ਕਦਰ ਮੇਰੇ ਦਿਲ ਵਿਚ ਹੈ ਉਸਨੂੰ ਬਿਆਨ ਕਰਨ ਲਈ ਮੇਰੇ ਕੋਲ਼
ਸ਼ਬਦ ਨਹੀਂ ਹਨ। ਬਸ ਇੰਂਨਾ ਹੀ ਕਹਿੰਦਾ ਹਾਂ ਕਿ ਅੱਜ ਜੋ ਕੁੱਝ ਵੀ ਮੈਂ
ਹਾਂ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਦੇ ਸਦਕੇ-----”
ਮੈਂ ਹਾਲੀਂ ਆਪਣੀ ਗੱਲ ਖਤਮ ਨਹੀਂ ਕੀਤੀ ਸੀ ਕਿ ਮਾਸਟਰ ਹਰਬੰਸ ਸਿੰਘ ਚੁੱਪ
ਕੀਤਾ ਹੀ ਉੱਥੋਂ ਤੁਰ ਗਿਆ। ਉਸੇ ਵੇਲ਼ੇ ਮੀਟਿੰਗ ਖਤਮ ਕਰ ਕੇ ਜਦੋਂ ਮੈਂ
ਮਾਸਟਰ ਹਰਬੰਸ ਸਿੰਘ ਦੇ ਕਮਰੇ ਵਿਚ ਗਿਆ ਤਾਂ ਮੈਂ ਦੇਖਿਆ ਉਹ ਧਾਹੀਂ ਰੋ
ਰਿਹਾ ਸੀ। ਉਹ ਉਪਰੋਂ ਜਿੰਨਾ ਸਖਤ ਸੀ ਅੰਦਰੋਂ ਉਨਾ ਹੀ ਮੋਮ ਸੀ।
“ਮਾਸਟਰ ਜੀ! ਦਿਲ ਛੋਟਾ ਕਿਉਂ ਕਰਦੇ ਹੋ? ਤੁਹਾਡੀ ਕਿਰਪਾ ਨਾਲ ਇੱਥੋਂ ਜਾ
ਕੇ ਮੈਂ ਚੰਗਾ ਹੀ ਰਹਾਂਗਾ”, ਮੈਂ ਆਪ ਵੀ ਅੰਦਰੋਂ ਹਿੱਲਿਆ ਹੋਇਆ ਸਾਂ,
ਤਾਂ ਵੀ ਮੈਂ ਮਾਸਟਰ ਹਰਬੰਸ ਸਿੰਘ ਦਾ ਦਿਲ ਬੰਨ੍ਹਣ ਲਈ ਕਿਹਾ।
“ਹਰਬਖ਼ਸ਼! ਜਿੰਨਾ ਚਿਰ ਤੂੰ ਇੱਥੇ ਰਿਹਾਂ, ਮੈਨੂੰ ਲੱਗਦਾ ਸੀ ਸੋਢੀ ਮੁੜ
ਆਇਆ ਹੈ। ਹੁਣ ਮੈਂ ਇੱਥੇ ਫੇਰ ਇੱਕਲਾ ਰਹਿ ਗਿਆ ਹਾਂ। ਤੂੰ ਫਿਕਰ ਨਾ
ਕਰੀਂ। ਆਹ ਲੈ ਖਤ! ਮੈਂ ਰਘਬੀਰ ਸਿੰਘ ਨੂੰ ਲਿਖ ਦਿੱਤਾ ਹੈ। ਤੂੰ ਉੱਥੇ
ਜਾਂਦਾ ਹੀ ਕੰਮ ਤੇ ਲੱਗ ਜਾਵੇਂਗਾ।”
ਮੈਂ ਇਹ ਸਕੂ਼ਲ ਛੱਡ ਕੇ ਨਾਖੁ਼ਸ਼ ਨਹੀਂ ਸਾਂ। ਕੁੱਝ ਚਿਰ ਤੋਂ ਮੈਂ
ਮਹਿਸੂਸ ਕਰ ਰਿਹਾ ਸਾਂ, ਵਕ਼ਤੀ ਤੌਰ ਤੇ ਤਾਂ ਭਾਵੇਂ ਠੀਕ ਸੀ ਪਰ ਆਪਣੇ
ਸੁਪਨਿਆਂ ਨੂੰ ਸਾਕਾਰ ਕਰਨ ਲਈ ਇਹ ਪੱਛੜਿਆ ਹੋਇਆ ਤੇ ਦੂਰ ਦੁਰਾਡਾ ਪਿੰਡ
ਸਾਜ਼ਗਾਰ ਨਹੀਂ ਸੀ। ਜਦੋਂ ਦਾ ਮੈਂ ਇੱਥੇ ਆਇਆ ਸਾਂ, ਮੇਰਾ ਵਿੱਦਿਆ
ਪ੍ਰਾਪਤੀ ਦਾ ਪ੍ਰੋਗਰਾਮ ਪਿੱਛੇ ਪੈ ਗਿਆ ਸੀ ਤੇ ਇੱਥੇ ਕੋਈ ਸਿਆਸੀ ਸਰਗਰਮੀ
ਵੀ ਨਹੀਂ ਹੋ ਰਹੀ ਸੀ।
ਦੂਜੇ ਦਿਨ ਸਵੇਰੇ ਮੁੰਡੇ ਮੈਨੂੰ ਲਾਧੂਕਾ ਸਟੇਸ਼ਨ ਤੇ ਗਡੀ ਚੜ੍ਹਾ ਗਏ।
ਭਵਿਖ ਦੇ ਸਫਰ ਵਲ ਇਹ ਮੇਰਾ ਇਕ ਹੋਰ ਕਦ਼ਮ ਸੀ।
ਮੈਂ ਉਸ ਵੇਲ਼ੇ ਤੱਕ ਮਾਸਟਰ ਹਰਬੰਸ ਸਿੰਘ ਵਰਗਾ ਤਿੱਖੇ ਹਾਸ-ਵਿਅੰਗ ਤੇ
ਚੁਸਤ ਫਿਕਰੇ ਕੱਸਣ ਦਾ ਮਾਹਰ ਹੋਰ ਕੋਈ ਨਹੀਂ ਦੇਖਿਆ ਸੀ। ਬਚਪਨ ਤੋਂ ਹੀ
ਉਹਦਾ ਸਿਰ ਕੁੱਝ ਕੁੱਝ ਹਿਲਦਾ ਸੀ। ਗੱਲ ਕਰਦਿਆਂ ਇਵੇਂ ਲੱਗਦਾ ਜਿਵੇਂ ਕਿ
ਉਹ ਆਪਣੀ ਗੱਲ ਤੇ ਜ਼ੋਰ ਦੇਣ ਲਈ ਸਿਰ ਹਿਲਾ ਰਿਹਾ ਹੋਵੇ। ਇਸ ਤਰ੍ਹਾਂ
ਕਰਦਿਆਂ ਉਹਦਾ ਵਿਅੰਗ ਹੋਰ ਵੀ ਤਿੱਖਾ ਹੋ ਜਾਂਦਾ। ਉਹਦੇ ਚੁਸਤ ਹਾਸ-ਵਿਅੰਗ
ਦੀਆਂ ਕਈ ਗੱਲਾਂ ਮੈਨੂੰ ਹੁਣ ਵੀ ਯਾਦ ਹਨ। ਉਨ੍ਹਾਂ ਵਿਚੋਂ ਕੁੱਝ ਤੁਹਾਡੇ
ਨਾਲ ਸਾਂਝੀਆਂ ਕਰਨ ਲਈ ਜੀਅ ਕਰ ਆਇਆ ਹੈ:-
ਸਾਡੇ ਪਿੰਡ ਦਾ ਕਾਮਰੇਡ ਨਿਰੰਜਨ ਸਿੰਘ ਮਾਸਟਰ ਹਰਬੰਸ ਸਿੰਘ ਦਾ ਪੁਰਾਣਾ
ਸਾਥੀ ਸੀ। ਉਹ ਸੀ ਵੀ ਉਸ ਵਾਂਗ ਹਾਸ ਵਿਅੰਗ ਦਾ ਮਾਹਰ। ਗੱਲ ਚਲ ਰਹੀ ਸੀ
ਅਖੰਡਪਾਠਾਂ ਦੇ ਰਿਵਾਜ ਦੀ। ਕਾਮਰੇਡ ਨਿਰੰਜਨ ਸਿੰਘ ਇੱਕ ਹੋਈ ਬੀਤੀ ਗੱਲ
ਦਸ ਰਿਹਾ ਸੀ, “ਖੰਡ-ਪਾਠ ਲੋਕ ਦਿਖਾਵੇ ਲਈ ਕਰਾਉਂਦੇ ਆ, ਕੋਈ ਸੁਣਦਾ ਤਾਂ
ਹੈ ਨਹੀਂ। ਆਹ ਸਾਡੇ ਹੁਕਮਾਂ ਸਿਹੁੰ ਲੁਹਾਰ ਦੇ ਘਰ ਅਖੰਡ-ਪਾਠ ਸੀ। ਭਾਈ
ਇੱਕਲਾ ਹੀ ਰੌਲ ਲਾ ਰਿਹਾ ਸੀ। ਅੰਦਰ ਹੋਰ ਨਾ ਕੋਈ ਬੰਦਾ ਨਾ ਬੰਦੇ ਦੀ
ਜਾਤ। ਇੱਕ ਅਫਰਊ ਜਿਹਾ ਕੁੱਤਾ ਅੰਦਰ ਆ ਵੜਿਆ ਤੇ ਬਿਨਾਂ ਮੱਥਾ ਟੇਕਿਆਂ
ਸਿੱਧਾ ਕੜਾਹ ਪ੍ਰਸ਼ਾਦ ਦੀ ਦੇਗ ਦੇ ਦੁਆਲੇ ਜਾ ਲੱਗਾ। ਭਾਈ ਵਿਚਾਰੇ ਨੇ
ਵਥੇਰੀ ਘੈੰਟੀ ਵਜਾਈ, ਘਰ ਵਾਲੇ ਤਾਂ ਜਿਵੇਂ ਕੁੜੀ ਤੋਰ ਕੇ ਸੁੱਤੇ ਹੋਣ,
ਕੋਈ ਉੱਠਿਆ ਹੀ ਨਾ। ਭਾਈ ਨੇ ਹਾਰ ਕੇ ਘੈੰਟੀ ਦਾ ਡਗਾ ਚੁੱਕ ਕੇ ਕੁੱਤੇ ਵਲ
ਵਗਾਹ ਮਾਰਿਆ। ਕੁੱਤਾ ਟਊਂ ਟਊਂ ਕਰਦਾ ਬਾਹਰ ਨੂੰ ਦੌੜ ਗਿਆ। ਕੜਾਹ
ਪ੍ਰਸ਼ਾਦ ਦੀ ਮਹਿਕ ਨੇ ਫੇਰ ਉਸਦਾ ਜੀਅ ਲਲਚਾ ਦਿੱਤਾ ਤੇ ਉਹ ਫੇਰ ਸਿੱਧਾ
ਦੇਗ ਵਲ ਵੱਧ ਆਇਆ। ਭਾਈ ਵਿਚਾਰੇ ਕੋਲ ਹੁਣ ਡਗਾ ਵੀ ਨਹੀਂ ਸੀ ਘੈੰਟੀ
ਵਜਾਉਣ ਲਈ। ਭਾਈ ਨੇ ਦੋ ਕੁ ਵਾਰ ਹੱਥ ਹਿਲਾ ਕੇ ਉਹਨੂੰ ਨਠਾਣ ਦਾ ਯਤਨ
ਕੀਤਾ, ਉਹ ਇੱਦਾਂ ਕਿੱਥੇ ਜਾਣ ਵਾਲਾ ਸੀ। ਕੜਾਹਪ੍ਰਸ਼ਾਦ ਨੂੰ ਭੋਗ ਲਾ
ਗਿਆ। ਦੱਸੋ ਹੁਣ ਭਾਈ ਵਿਚਾਰਾ ਕੀ ਕਰ ਸਕਦਾ ਸੀ?”
ਮਾਸਟਰ ਹਰਬੰਸ ਸਿੰਘ ਨੇ ਟੋਕ ਕੇ ਕਿਹਾ, “ਕਰ ਕਿਉਂ ਨਹੀਂ ਸੀ ਸਕਦਾ? ਉਹ
ਕੁੱਤੇ ਦੇ ਘੈੰਟੀ ਚੁੱਕ ਕੇ ਮਾਰ ਦਿੰਦਾ”
“ਤੇ ਜੇ ਕੁੱਤਾ ਫੇਰ ਮੁੜ ਕੇ ਆ ਜਾਂਦਾ ਤਾਂ ਉਹ ਕੀ ਕਰਦਾ?” ਕਾਮਰੇਡ
ਨਿਰੰਜਨ ਸਿੰਘ ਨੇ ਉਹਨੂੰ ਨਿਰੁੱਤਰ ਕਰਨ ਲਈ ਕਿਹਾ।
“ ਉਹ ਚੌਰ ਚੁੱਕ ਕੇ ਮਾਰਦਾ?”
“ਜੇ ਕੁੱਤਾ ਫੇਰ ਆ ਜਾਂਦਾ?”
“ਇਹ ਕਿਹੜੀ ਔਖੀ ਗੱਲ ਸੀ। ਉਹਨੂੰ ਉੱਠਕੇ ਦੁੜਾ ਦਿੰਦਾ।”
“ ਲਓ ਦੱਸੋ! ਇਸ ਤਰ੍ਹਾਂ ਅਖੰਡ-ਪਾਠ ਖੰਡਤ ਨਾ ਹੋ ਜਾਂਦਾ?”
“ਉਹ ਪਾਠ ਕਰਦਾ ਕਰਦਾ ਉੱਠ ਕੇ ਦੁੜਾ ਦਿੰਦਾ।”
“ਭਾਈ ਜੀ! ਪਾਠ ਤਾਂ ਉਹਨੇ ਮਹਾਰਾਜ ਤੋਂ ਕਰਨਾ ਸੀ?”
“ਉਹ ਮਹਾਰਾਜ ਨੂੰ ਨਾਲ ਚੁੱਕ ਲਿਜਾਂਦਾ।”
ਗੱਲ ਤਾਂ ਇੰਨੀ ਕੁ ਸੀ ਕਿ ਲੋਕੀਂ ਅਖੰਡਪਾਠ ਰਖਾ ਲੈਂਦੇ ਹਨ ਪਰ ਪਾਠ ਸੁਣਨ
ਦੀ ਖੇਚਲ ਨਹੀਂ ਕਰਦੇ। ਜਿਹੜੀ ਗੱਲ ਸ਼ਾਇਦ ਦਲੀਲਾਂ ਨਾਲ ਕਿਸੇ ਨੂੰ ਵੀ ਨਾ
ਸਮਝਾਈ ਜਾ ਸਕਦੀਂ, ਉਹ ਇਨ੍ਹਾਂ ਦੋਹਾਂ ਦੇ ਹਾਸ-ਵਿਅੰਗ ਨੇ ਸੁਣਨ ਵਾਲਿਆ
ਦੇ ਸੌਖੀ ਹੀ ਖਾਨੇ ਪਾ ਦਿੱਤੀ ਤੇ ਨਾਲ ਹੀ ਉਨ੍ਹਾਂ ਦਾ ਮਨੋਰੰਜਨ ਵੀ ਹੋ
ਗਿਆ।
ਦੁਆਬੇ ਦਾ ਇੱਕ ਪ੍ਰਸਿੱਧ ਕਮਿਊਨਿਸਟ ਲੀਡਰ ਹੁੰਦਾ ਸੀ, ਦਸੌਂਧਾ ਸਿੰਘ।
ਉਹਨੇ ਲਹਿਰ ਵਿਚ ਕੰਮ ਕਰਦਿਆਂ ਬੜੇ ਦੁੱਖ ਤੇ ਤਸੀਹੇ ਝੱਲੇ ਸਨ। ਉਹ ਭਾਰਤ
ਨੂੰ ਆਜ਼ਾਦੀ ਮਿਲਣ ਦੇ ਛੇਤੀ ਹੀ ਪਿੱਛੋਂ ਕਲਕੱਤੇ ਵਲ ਜਾ ਕੇ ਠੇਕੇਦਾਰੀ
ਕਰਨ ਲੱਗ ਪਿਆ ਸੀ ਤੇ ਰਾਜ ਕਰਦੀ ਪਾਰਟੀ ਦਾ ਹਮਾਇਤੀ ਬਣ ਗਿਆ ਸੀ। ਉਹਦੀ
ਭੈਣ ਸਾਡੇ ਪਿੰਡ ਵਿਆਹੀ ਹੋਈ ਸੀ। ਇੱਕ ਵੇਰ ਸਾਡੇ ਪਿੰਡ ਆਇਆ, ਤਾਂ ਮਾਸਟਰ
ਹਰਬੰਸ ਸਿੰਘ ਨਾਲ ਵੀ ਮੇਲ ਹੋ ਗਿਆ। ਗੱਲਾਂ ਗੱਲਾਂ ਵਿਚ ਉਹ ਰਾਜ ਕਰਦੀ
ਪਾਰਟੀ ਦੀ ਹਮਾਇਤ ਵਿਚ ਕੁੱਝ ਕਹਿ ਬੈਠਾ। ਮਾਸਟਰ ਹਰਬੰਸ ਸਿੰਘ ਨੇ ਤੱਤ
ਫੱਟ ਕਿਹਾ, “ ਲੋਕੀਂ ਕਹਿੰਦੇ ਹੁੰਦੇ ਆ, ਨੌਂ ਸੌ ਚੂਹੇ ਖਾ ਕੇ ਬਿੱਲੀ
ਹੱਜ ਨੂੰ ਗਈ। ਦਸੌਂਧਾ ਸਿਹਾਂ! ਤੇਰੇ ਬੱਸ ਪੈ ਕੇ ਇਹ ਕਹਾਵਤ ਉਲਟ ਪੁਲਟ
ਹੋ ਗਈ। ਹੁਣ ਲੋਕ ਕਿਹਾ ਕਰਨਗੇ, ਨੌ ਸੌ ਹੱਜ ਕਰ ਕੇ ਬਿੱਲੀ ਚੂਹੇ ਖਾਣ
ਗਈ।”
ਕਿੜਿਆਂਵਾਲਾ ਵਿਚ ਆਉਣ ਤੋਂ ਪਹਿਲਾਂ ਮੇਰੀ ਬੋਲ-ਚਾਲ ਵਿਚ ਮਿੱਠਤ,
ਗੰਭੀਰਤਾ ਤੇ ਸੁਹਿਰਦਤਾ ਦੀ ਮਾਤਰਾ ਕੁੱਝ ਵਧੇਰੇ ਹੀ ਸੀ। ਇੱਥੇ ਮਾਸਟਰ
ਹਰਬੰਸ ਸਿੰਘ ਦੀ ਸੰਗਤ ਵਿਚ ਰਹਿੰਦਿਆਂ ਇਸ ਵਿਚ ਹਾਸ-ਵਿਅੰਗ ਦੀ ਚਾਸਣੀ ਵੀ
ਚੋਖੀ ਮਿਲ ਗਈ। ਹੁਣ ਮੈਂ ਗੰਭੀਰ ਤੋਂ ਗੰਭੀਰ ਮਸਲਿਆਂ 'ਤੇ ਵੀ ਹਲਕੀ
ਫੁਲਕੀ ਹਾਸ-ਵਿਅੰਗ ਨਾਲ ਭਰੀ ਸ਼ੈਲੀ ਵਿਚ ਗੱਲ ਕਰਨ ਦੇ ਯੋਗ ਹੋ ਗਿਆ ਸਾਂ।
ਮਾਸਟਰ ਹਰਬੰਸ ਸਿਘ ਤੋਂ ਪ੍ਰਾਪਤ ਕੀਤੀ ਇਹ ਸ਼ੈਲੀ ਸਦਾ ਮੇਰੇ ਨਾਲ ਰਹੀ ਹੈ
ਤੇ ਜੀਵਨ ਦੇ ਅੰਤਮ ਸਮੇਂ ਤੱਕ ਸ਼ਾਇਦ ਨਾਲ ਹੀ ਰਹੇ
(12 ਅਪਰੈਲ 2008)