ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਵਾਰਸ਼ਕ ਸਰਗਰਮੀਆਂ/ਸੂਚਨਾਵਾਂ

ਵਿਸ਼ਵ ਪੰਜਾਬੀ ਸਾਹਿਤ ਅਕਾਡਮੀ (ਵਿਪਸਾ) ਕੈਲੀਫੋਰਨੀਆ ਦੀ
ਅਹਿਮ ਸਾਹਿਤਕ ਬੈਠਕ

ਰਿਪੋਰਟ: ਜਗਜੀਤ ਨੌਸ਼ਹਿਰਵੀ


21 ਮਾਰਚ 2008 (ਕੈਲੀਫੋਰਨੀਆ): ਬੀਤੇ ਐਤਵਾਰ ਵਿਸ਼ਵ ਪੰਜਾਬੀ ਸਾਹਿਤ ਅਕਾਡਮੀ (ਵਿਪਸਾ) ਕੈਲੀਫੋਰਨੀਆ ਦੀ ਅਹਿਮ ਸਾਹਿਤਕ ਬੈਠਕ ਯੂਨੀਅਨ ਸਿਟੀ ਸ਼ਹਿਰ ਦੀ ਪਬਲਿਕ ਲਾਇਬਰੇਰੀ ਵਿੱਚ ਹੋਈ ਜਿਸ ਵਿੱਚ ਤਿੰਨ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ, ਇਹਨਾਂ ਕਿਤਾਬਾਂ ਤੇ ਜਾਣਕਾਰੀ ਭਰਪੂਰ ਪਰਚੇ ਪੜ੍ਹੇ ਗਏ ਅਤੇ ਸ਼ਾਨਦਾਨ ਕਵੀ ਦਰਬਾਰ ਵਿੱਚ ਕੈਲੀਫੋਰਨੀਆ ਦੇ ਉੱਘੇ ਕਵੀਆਂ ਨੇ ਹਿੱਸਾ ਲਿਆ। ਕਿਤਾਬ ਰਿਲੀਜ਼ ਸਮਾਗਮ ਦੀ ਪ੍ਰਧਾਨਗੀ ਸੁਰਿੰਦਰ ਸੀਰਤ, ਅਮਰਜੀਤ ਕੌਰ ਪੰਨੂ, ਅਕਾਡਮੀ ਦੇ ਪਿਛਲੇ ਸਾਲ ਦੇ ਚੇਅਰਮੈਨ ਮੇਜਰ ਭੁਪਿੰਦਰ ਦਲੇਰ ਅਤੇ ਨਵੇਂ ਚੁਣੇ ਗਏ ਚੇਅਰਮੈਨ ਰੇਸ਼ਮ ਸਿੱਧੂ ਨੇ ਕੀਤੀ। ਸੁਰਿੰਦਰ ਸੀਰਤ ਦੇ ਕਾਵਿ ਸੰਗ੍ਰਹਿ “ਸੇਜ ਸੂਲੀ ਤੇ ਸਲੀਬ” ਉਪਰ ਡਾ: ਗੁਰੂਮੇਲ ਸਿੱਧੂ ਨੇ ਪਰਚਾ ਪੜ੍ਹਿਆ ਜਿਸ ਵਿੱਚ ਉਹਨਾਂ ਨੇ ਨਵੀਂ ਕਿਤਾਬ ਸਮੇਤ ਸੁਰਿੰਦਰ ਸੀਰਤ ਦੇ ਸਮੁੱਚੇ ਕਾਵਿ-ਸੰਸਾਰ ਦਾ ਜਾਇਜ਼ਾ ਪੇਸ਼ ਕੀਤਾ। ਉਹਨਾਂ ਕਿਹਾ “ਸੀਰਤ ਵਾਸਤਵ ਵਿਚ ਵਿਸ਼ਾ ਪ੍ਰਧਾਨ ਸੂਝਵਾਨ ਕਵੀ ਹੈ, ਰੂਪ ਪ੍ਰਧਾਨ ਸੰਵੇਦਨਸ਼ੀਲ ਕਵੀ ਨਹੀਂ। ਉਹ ਵਿਸ਼ਾ ਵਸਤੂ ਨੂੰ ਮਾਨਸਿਕ ਪੱਧਰ ਤੇ ਮਹਿਸੂਸ ਜਰੂਰ ਕਰਦਾ ਹੈ ਪਰ ਉਸ ਦਾ ਸੰਚਾਰ ਕਰਨ ਲੱਗਿਆਂ ਵਿਸ਼ਲੇਸ਼ਣੀ ਵਿਧੀ ਵਧੇਰੇ ਵਰਤਦਾ ਹੈ। ਉਸ ਦੀ ਵੇਦਨਾ (ਢੲੲਲਨਿਗਸ) ਸੰਵੇਦਨਾ (ਓਮੋਟੋਿਨਸ) ਵਿਚ ਢਲਣ ਤੋਂ ਪਹਿਲਾਂ ਸੋਚ ਦੀ ਪਰਕਰਮਾਂ ਵਿਚ ਪਹੁੰਚ ਜਾਂਦੀ ਹੈ।“ ਡਾ: ਸਿੱਧੂ ਨੇ ਕਿਹਾ ਕਿ ਸੀਰਤ ਦੀ ਸਮੁੱਚੀ ਕਵਿਤਾ ਨੂੰ ਗੌਹ ਨਾਲ ਪੜ੍ਹ ਕੇ ਮੈਂ ਇਹ ਮਹਿਸੂਸ ਕੀਤਾ ਹੈ ਕਿ ਪੰਜਾਬੀ ਕਵਿਤਾ ਦੇ ਖੇਤਰ ਵਿਚ ਉਸ ਦੀ ਦੇਣ ਵਿਵੇਕੀ ਕਵਿਤਾ ਦੀ ਪੱਧਤੀ ਤੇ ਪੂਰੀ ਉਤਰਦੀ ਹੈ। ਉਸ ਨੂੰ ਧਿਆਨ ਅਤੇ ਸੰਜੀਦਗੀ ਨਾਲ ਪੜ੍ਹਨ ਦੀ ਲੋੜ ਹੈ ਜਿਸ ਵਲੋਂ ਆਲੋਚਕਾਂ ਨੇ ਅਕਸਰ ਕੁਤਾਹੀ ਦਿਖਾਈ ਹੈ। ਸ਼ਾਇਰ ਸੁਖਵਿੰਦਰ ਕੰਬੋਜ਼ ਨੇ ਇਸ ਕਿਤਾਬ ਤੇ ਬੋਲਦਿਆਂ ਕਿਹਾ ਕਿ ਸੁਰਿੰਦਰ ਸੀਰਤ ਦਾ ਸਬੰਧ ਜੰਮੂ ਕਸ਼ਮੀਰ ਨਾਲ ਹੋਣ ਕਰਕੇ ਉਹਨਾਂ ਦੀ ਸ਼ਾਇਰੀ ਵਿੱਚ ਕਸ਼ਮੀਰ ਵਲੋਂ ਭੋਗੇ ਗਏ ਸੰਤਾਪ ਦੀ ਪੀੜਾ ਬਾਰ ਬਾਰ ਨਜ਼ਰ ਆਉਂਦੀ ਹੈ। ਸੀਰਤ ਨੇ ਅਪਣੇ ਘਰ ਵਿੱਚ ਲੱਗੀ ਅੱਗ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਜਿਵੇਂ ਕਿ ਉਹਨਾਂ ਦੀ ਨਜ਼ਮ “ਚੁੰਧਿਆਈ ਨਜ਼ਰ” ਅਤੇ ਕਈ ਗ਼ਜ਼ਲਾਂ ਵਿੱਚ ਇਸਦੀ ਦਿਲ ਚੀਰਵੀਂ ਝਲਕ ਮਿਲਦੀ ਹੈ। ਸ਼ੇਅਰ ਵੇਖੋ:

ਉਦਾਸ ਗਲੀਆਂ, ਉਜਾੜ ਮੰਜ਼ਰ, ਮਿਰੇ ਗਿਰਾਂ ਦਾ ਨਸੀਬ ਹੋਇਆ।
ਹਵਾ ਹਵਾ ਦੀ ਬਣੀ ਹੈ ਬੈਰਨ, ਸਮਾਂ ਸਮੇਂ ਦਾ ਰਕੀਬ ਹੋਇਆ।
ਨਿਖਾਰ ਚਿਹਰੇ ‘ਤੇ ਜੋ ਸੀ ਤੇਰੇ, ਨਿਰੀ ਮਯੂਸੀ ‘ਚ ਢਲ ਗਿਆ ਹੈ,
ਐ ਮੇਰੀ ਜ਼ੀਨਤ, ਬਹਿਸ਼ਤ ਮੇਰੀ, ਇਹ ਹਾਦਸਾ ਕੀ ਅਜੀਬ ਹੋਇਆ।

ਇਕ ਹੋਰ ਜਗ੍ਹਾ:

ਤੁਹਾਡੀ ਆਤਮਾ ਵਿੱਚ ਬੁਜ਼ਦਿਲੀ ਦੇ ਅੰਸ਼ ਨੇ ਏਨੇ,
ਤੁਹਾਡੀ ਸਭਿਅਤਾ ਵਿਚ ਕੀ ਖੁਦਾ ਦੇ ਡਰ ਨਹੀਂ ਹੁੰਦੇ।

ਦੂਸਰੀ ਕਿਤਾਬ ਕਹਾਣੀਕਾਰਾ ਅਮਰਜੀਤ ਕੌਰ ਪੰਨੂ ਦੀ “ਅਧੂਰੀਆਂ ਕਹਾਣੀਆਂ ਦੇ ਪਾਤਰ” ਉਪਰ ਪ੍ਰਿੰ: ਦਰਸ਼ਨ ਨੱਤ ਹੋਰਾਂ ਆਪਣਾ ਪ੍ਰਸ਼ੰਸਾਜਨਕ ਪਰਚਾ ਪੜ੍ਹਿਆ ਅਤੇ ਕਿਤਾਬ ਵਿਚਲੀਆਂ ਕਈ ਕਹਾਣੀਆਂ ਤੇ ਆਪਣੀ ਰਾਏ ਦਿੱਤੀ ਜਿਵੇਂ ਦਿਉਰ ਭਰਜਾਈ ਦੇ ਪੰਜਾਬੀ ਲੋਕ ਗੀਤਾਂ ਵਿਚ ਦਰਸਾਏ ਗਏ ਅਸ਼ਲੀਲ ਰਿਸ਼ਤੇ ਦੀ ਬਿਜਾਏ “ਮੜ੍ਹੀਆਂ ਦੀ ਮਿੱਟੀ” ਕਹਾਣੀ ਵਿੱਚ ਲੇਖਕਾ ਵਲੋਂ ਉਹਨਾਂ ਦੇ ਸਬੰਧਾਂ ਨੂੰ ਸਿਹਤਮੰਦ ਅਤੇ ਮਾਨਵੀ ਦਿਸ਼ਾ ਦੇਣ ਦਾ ਸ਼ੰਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਕਿਤਾਬ ਵਿੱਚ ਸ਼ਾਮਲ ਸਾਇੰਸ ਫਿਕਸ਼ਨ ਦੀ ਕਹਾਣੀ “ਤੇਰ੍ਹਵੀਂ ਸੰਤਾਨ” ਬਾਰੇ ਉਹਨਾਂ ਕਿਹਾ ਕਿ ਸਾਇੰਸ ਫਿਕਸ਼ਨ ਦੀ ਪੰਜਾਬੀ ਵਿਚ ਅਤਿਅੰਤ ਘਾਟ ਨੂੰ ਪੂਰਣ ਦਾ ਸੋਹਣਾ ਯਤਨ ਹੈ। “ਲੰਗੜੇ ਕਤੂਰੇ” ਵਿੱਚ ਲੇਖਕਾ ਨੇ ਧਾਰਮਿਕ ਚੌਧਰੀਆਂ ਦੇ ਚਿਹਰੇ ਨੰਗੇ ਕਰਦੇ ਹੋਏ ਉਹਨਾਂ ਦੇ ਕਹਿਣੀ ਅਤੇ ਕਰਨੀ ਵਿੱਚਲੇ ਵਿਰੋਧ ਨੂੰ ਚੁਰਾਹੇ ਵਿਚ ਨਸ਼ਰ ਕੀਤਾ ਹੈ। ਪੰਨੂ ਦੀਆਂ ਕਹਾਣੀਆਂ ਵਿੱਚ ਕਈ ਅਨੂਠੀਆਂ ਤਸ਼ਬੀਹਾਂ ਮਿਲਦੀਆਂ ਹਨ ਜਿਵੇਂ ਤੇਰ੍ਹਵੀਂ ਸੰਤਾਨ ਕਹਾਣੀ ਵਿੱਚ ਕਲੋਨ ਕੀਤੇ ਆਦਮੀ ਬਾਰੇ ਉਹ ਕਹਿੰਦੀ ਹੈ: “ਉਸਦੀ ਚਮੜੀ ਦਾ ਰੰਗ ਜਿਵੇਂ ਥੋੜ੍ਹਾ ਜਿਹਾ ਸੂਰਜ, ਥੋੜ੍ਹੀ ਜਿਹੀ ਧਰਤੀ ਅਤੇ ਥੋੜ੍ਹਾ ਜਿਹਾ ਚੰਦਰਮਾ ਰਲਾ ਕਿ ਬਣਾਈ ਹੋਵੇ”। ਕਹਾਣੀਕਾਰ ਕਰਮ ਸਿੰਘ ਮਾਨ ਨੇ ਅਮਰਜੀਤ ਕੌਰ ਪੰਨੂ ਤੋਂ ਭਵਿੱਖ ਵਿੱਚ ਹੋਰ ਵੀ ਚੰਗੀਆਂ ਕਹਾਣੀਆਂ ਦੀ ਆਸ ਕੀਤੀ ਜਿਹਨਾਂ ਨੂੰ ਉਹਦੇ ਲਿਖਣ ਦੇ ਸਮਰਥ ਹੋਣ ਦੀ ਇਸ ਕਿਤਾਬ ਵਿਚੋਂ ਝਲਕ ਪੈਂਦੀ ਹੈ। ਨਵਨੀਤ ਪੰਨੂ ਅਤੇ ਜਸ ਫਿਜ਼ਾ ਨੇ ਵੀ ਅਮਰਜੀਤ ਪੰਨੂ ਦੀਆਂ ਕਹਾਣੀਆਂ ਤੇ ਆਪਣੇ ਵਿਚਾਰ ਰੱਖੇ। ਜਸ ਫਿਜ਼ਾ ਨੇ ਕਿਹਾ ਕਿ ਪੰਨੂ ਦੀਆਂ ਕਈ ਕਹਾਣੀਆਂ ਸਾਡੇ ਭਾਰਤੀ ਸਭਿਆਚਾਰ ਅਤੇ ਅਮਰੀਕੀ ਜ਼ਿੰਦਗੀ ਦੇ ਟਕਰਾਅ ਵਿਚੋਂ ਪੈਦਾ ਹੋਈਆਂ ਹਨ ਅਤੇ ਇਕ ਤਰ੍ਹਾਂ ਨਾਲ ਦੋਹਾਂ ਸਭਿਆਚਾਰਾਂ ਵਿਚਲੇ ਇਸ ਟਕਰਾਅ ਨੂੰ ਦ੍ਰਿਸ਼ਮਾਣ ਕਰਨ ਦਾ ਯਤਨ ਕਰਦੀਆਂ ਹਨ। ਜਗਜੀਤ ਨੌਸ਼ਹਿਰਵੀ ਨੇ ਕਿਹਾ ਕਿ ਅਮਰਜੀਤ ਪੰਨੂ ਦੀਆਂ ਕਹਾਣੀਆਂ ਔਰਤ ਵਲੋਂ ਜਨਮ ਤੋਂ ਮਰਣ ਤੀਕਰ ਵੱਖ ਵੱਖ ਪੜਾਵਾਂ ਤੇ ਹੰਢਾਏ ਜਾ ਰਹੇ ਸੰਤਾਪ ਵਿਰੁੱਧ ਸੁਚੇਤ ਅਵਾਜ਼ ਉੱਠਾਉਂਦੀਆਂ ਹਨ ਅਤੇ ਔਰਤ ਨੂੰ ਇਸ ਪ੍ਰਤੀ ਨਿਰਾਸ਼ ਹੋਣ ਦੀ ਬਜਾਏ ਸਹੀ ਦਿਸ਼ਾ ਦਰਸਾਉਣ ਦੀ ਕੋਸ਼ਿਸ਼ ਕਰਦੀਆਂ ਹਨ।

ਤੀਸਰੀ ਕਿਤਾਬ ਮਰਹੂਮ ਪੰਜਾਬੀ ਸ਼ਾਇਰ ਪਾਸ਼ ਦੇ ਪਿਤਾ ਸ੍ਰ: ਸੋਹਣ ਸਿੰਘ ਸੰਧੂ ਅਤੇ ਸੁਰਿੰਦਰ ਧੰਜਲ ਵਲੋਂ ਸੰਪਾਦਤ “ਪਾਸ਼ ਤਾਂ ਸੂਰਜ ਸੀ” ਨੂੰ ਬਜ਼ੁਰਗ ਸ਼ਾਇਰ ਆਜ਼ਾਦ ਜਲੰਧਰੀ ਹੋਰਾਂ ਨੇ ਰਿਲੀਜ਼ ਕੀਤਾ। ਸ੍ਰ: ਸੰਧੂ ਹੋਰਾਂ ਦੱਸਿਆ ਕਿ ਉਹ ਪੰਜਾਬੀ ਸ਼ਾਇਰਾਂ ਵਲੋਂ ਪਾਸ਼ ਉਪਰ ਲਿਖੀਆਂ ਨਜ਼ਮਾਂ ਨੂੰ ਕਈ ਸਾਲਾਂ ਤੋਂ ਸਾਂਭ ਰਹੇ ਸਨ ਤੇ 3-4 ਸਾਲ ਪਹਿਲਾਂ ਉਹਨਾਂ ਨੇ ਸਾਰੀਆਂ ਨਜ਼ਮਾਂ ਕਿਤਾਬੀ ਸ਼ਕਲ ਵਿੱਚ ਇੱਕਠੀਆਂ ਕਰਕੇ ਸੁਰਿੰਦਰ ਧੰਜਲ ਨੂੰ ਦਿੱਤੀਆਂ ਜਿਹਨਾਂ ਵਿੱਚ ਧੰਜਲ ਨੇ ਕਈ ਹੋਰ ਸ਼ਾਇਰਾਂ ਨੂੰ ਸ਼ਾਮਲ ਕੀਤਾ ਤੇ ਆਖਰ ਇਸ ਕਿਤਾਬ ਵਿੱਚ 95 ਸ਼ਾਇਰਾਂ ਦੀਆਂ ਨਜ਼ਮਾਂ ਸ਼ਾਮਲ ਹਨ। ਸੁਖਵਿੰਦਰ ਕੰਬੋਜ਼ ਹੋਰਾਂ ਪਾਸ਼ ਦੀ ਕਵਿਤਾ ਦੀ ਪੰਜਾਬੀ ਪੇਂਡੂ ਜ਼ਿੰਦਗੀ ਨਾਲ ਸਾਂਝ ਅਤੇ ਮਜ਼ਦੂਰ/ਕਿਸਾਨ ਲਈ ਇਸਦੀ ਸਾਰਥਿਤਕਤਾ ਦਾ ਜ਼ਿਕਰ ਕਰਦਿਆਂ ਆਪਣੇ ਚੇਤੇ ਵਿਚੋਂ ਪਾਸ਼ ਦੀਆਂ ਦੋ ਨਜ਼ਮਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਅਮਰਜੀਤ ਕੌਰ ਪੰਨੂੰ ਦੀ ਕਿਤਾਬ “ਅਧੂਰੀਆਂ ਕਹਾਣੀਆਂ ਦੇ ਪਾਤਰ” ਡਾ: ਗੁਰੁਮੇਲ ਸਿੱਧੂ ਨੇ ਰਿਲੀਜ਼ ਕੀਤੀ ਅਤੇ ਪੰਨੂ ਹੋਰਾਂ ਇਹ ਕਿਤਾਬ ਸਤਿਕਾਰ ਵਜੋਂ ਆਪਣੇ ਬਜ਼ੁਰਗ ਪਿਤਾ ਜੀ ਸ੍ਰ: ਇੰਦਰ ਸਿੰਘ ਪੰਨੂ ਨੂੰ ਭੇਂਟ ਕੀਤੀ। ਸੁਰਿੰਦਰ ਸੀਰਤ ਦੀ “ਸੇਜ ਸੂਲੀ ਤੇ ਸਲੀਬ” ਨੂੰ ਰਿਲੀਜ਼ ਕਰਨ ਦੀ ਰਸਮ ਸੁਖਵਿੰਦਰ ਕੰਬੋਜ਼ ਨੇ ਨਿਭਾਈ। ਸੈਸ਼ਨ ਦੇ ਅੰਤ ਤੇ ਰੇਸ਼ਮ ਸਿੱਧੂ ਅਤੇ ਮੇਜਰ ਭੁਪਿੰਦਰ ਦਲੇਰ ਨੇ ਆਪਣੇ ਵਿਚਾਰ ਰੱਖੇ ਅਤੇ ਅਕਾਡਮੀ ਦੀਆਂ ਸਰਗਰਮੀਆਂ ਨੂੰ ਇਸ ਤਰ੍ਹਾਂ ਹੀ ਚਲਾਉਂਦੇ ਰਹਿਣ ਲਈ ਦ੍ਰਿੜਤਾ ਦਿਖਾਈ।

ਪਿਛਲੇ ਮਹੀਨੇ ਸਦੀਵੀ ਵਿਛੋੜਾ ਦੇ ਗਈ ਆਜ਼ਾਦ ਜਲੰਧਰੀ ਦੀ ਸੁਪਤਨੀ ਬੀਬੀ ਗੁਰਮੀਤ ਕੌਰ ਅਤੇ ਲੁਧਿਆਣੇ ਤੋਂ ਸ਼ਾਇਰ ਕੁਲਵੰਤ ਜਗਰਾਉਂ ਨੂੰ ਸ਼ਰਧਾਜ਼ਲੀ ਭੇਂਟ ਕਰਨ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ। ਆਜ਼ਾਦ ਜਲੰਧਰੀ ਨੇ ਸਭ ਸਾਹਿਤਕਾਰ ਦੋਸਤਾਂ ਦਾ ਇਸ ਔਖੀ ਘੜੀ ਉਹਨਾਂ ਦਾ ਸਾਥ ਦੇਣ ਲਈ ਬੜੇ ਜਜ਼ਬਾਤੀ ਅੰਦਾਜ਼ ਵਿੱਚ ਧੰਨਵਾਦ ਕੀਤਾ।

ਦੂਜੇ ਪੜਾਅ ਵਿੱਚ ਭਰਭਾਵਸ਼ਾਲੀ ਕਵੀ ਦਰਬਾਰ ਹੋਇਆ ਜਿਸਦੀ ਪ੍ਰਧਾਨਗੀ ਆਜ਼ਾਦ ਜਲੰਧਰੀ, ਸੁਖਵਿੰਦਰ ਕੰਬੋਜ਼ ਅਤੇ ਪ੍ਰਿੰ: ਦਰਸ਼ਨ ਨੱਤ ਨੇ ਕੀਤੀ। ਕਵੀ ਦਰਬਾਰ ਵਿੱਚ ਈਸ਼ਰ ਸਿੰਘ ਮੋਮਨ, ਡਾ: ਗੁਰੂਮੇਲ ਸਿੱਧੂ, ਹਰਜਿੰਦਰ ਕੰਗ, ਰੇਸ਼ਮ ਸਿੱਧੂ, ਜਸ ਫਿਜ਼ਾ, ਨਵਨੀਤ ਪੰਨੂ, ਬਖ਼ਸ਼ੀ ਸੰਧੂ, ਬਲਵਿੰਦਰ ਖੋਸਾ, ਪਰਮਿੰਦਰ ਪਰਵਾਨਾ, ਪ੍ਰਿੰ: ਦਰਸ਼ਨ ਨੱਤ, ਸੁਰਿੰਦਰ ਸੀਰਤ, ਸੁਖਵਿੰਦਰ ਕੰਬੋਜ਼, ਜਗਜੀਤ ਨੌਸ਼ਹਿਰਵੀ ਅਤੇ ਆਜ਼ਾਦ ਜਲੰਧਰੀ ਨੇ ਆਪਣੀਆਂ ਨਜ਼ਮਾਂ ਅਤੇ ਗਜ਼ਲਾਂ ਨਾਲ ਸਰੋਤਿਆਂ ਦੀ ਦਾਦ ਵਸੂਲ ਕੀਤੀ।

ਸਮਾਗਮ ਦੇ ਸ਼ੁਰੂ ਵਿੱਚ ਹੋਈ ਵਿਪਸਾ ਮੈਂਬਰਾਂ ਦੀ ਮੀਟਿੰਗ ਨੇ ਰੇਸ਼ਮ ਸਿੱਧੂ ਨੂੰ ਵਿਪਸਾ ਦੀ ਬੇਅ-ਏਰੀਆ ਇਕਾਈ ਦਾ ਚੇਅਰਮੈਨ ਥਾਪਿਆ। ਕਮੇਟੀ ਵਿੱਚ ਇਕ ਨਵੇਂ ਡਾਇਰੈਕਟਰ, ਜਰਨਲ ਸਕੱਤਰ, ਸਾਹਿਤ ਸਕੱਤਰ ਅਤੇ ਖਜ਼ਾਨਚੀ ਦੇ ਅਹੁਦੇ ਲਈ ਮੈਂਬਰਾਂ ਦੀ ਅਗਲੀ ਬੈਠਕ ਵਿੱਚ ਫੈਸਲਾ ਲਿਆ ਜਾਏਗਾ।

ਵਲੋਂ,
ਜਗਜੀਤ ਨੌਸ਼ਹਿਰਵੀ
ਮੈਂਬਰ, ਬੋਰਡ ਆਡ ਡਾਇਰੈਕਟਰਜ਼
ਵਿਪਸਾ
510-676-1565

*******

(12 ਅਪਰੈਲ 2008 ਚਾਤ੍ਰਿਕ ਯੂਨੀਕੋਡ)

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.