ਨਿਰਮਲ ਸਿੰਘ ਨੂੰ ਪੰਜ ਕੁ
ਵਰ੍ਹੇ ਹੋ ਗਏ ਸਨ, ਇੰਡੀਅਨ ਏਅਰਫੋਰਸ ਵਿਚੋਂ ਪੈਨਸ਼ਨ ਲੈ ਕੇ ਆਏ ਨੂੰ।
ਨਿਰਮਲਜੀਤ ਦੇ ਵਾਰ ਵਾਰ ਕਹਿਣ ’ਤੇ ਕਿ ਬੱਚਿਆਂ ਦੇ ਭਵਿੱਖ ਲਈ ਪਿਤਾ ਦਾ ਸਿਰ
’ਤੇ ਹੋਣਾ ਜ਼ਰੂਰੀ ਹੈ। ਉਸ ਨੇ ਆਰਮੀ ’ਚੋਂ ਜਲਦੀ ਰਿਟਾਇਰਮੈਂਟ ਲੈ ਲਈ। ਫੌਜੀ
ਬੰਦਾ ਹਰ ਕੰਮ ਸੁਨਿਸਚਿਤ ਢੰਗ ਨਾਲ ਕਰਦਾ ਹੈ। ਪਿੰਡ ਆ ਕੇ ਵਾਹੀ ਸ਼ੁਰੂ ਕਰਵਾ
ਦਿੱਤੀ ਅਤੇ ਦੂਜੇ ਹੀ ਸਾਲ ਟਰੈਕਟਰ ਲੈ ਕੇ ਜ਼ਮੀਨ ਸਵਾਰ ਲਈ। ਇਕ ਪੜ੍ਹਿਆ ਲਿਖਿਆ
ਅਤੇ ਉੱਤੋਂ ਫੌਜੀ, ਉਸ ਦੀ ਪਿੰਡ ਵਿਚ ਚੰਗੀ ਇੱਜ਼ਤ ਬਣ ਗਈ ਸੀ। ਸਰਕਾਰੇ ਦਰਬਾਰੇ
ਵੀ ਉਸਦੀ ਪੜਤ ਬਣਨ ਨੂੰ ਦੇਰ ਨਾ ਲੱਗੀ।
ਸਰਕਾਰ ਨੇ ਪਿੰਡਾਂ ਵਿਚ ਕਰਜ਼ੇ
ਦੇਣ ਦਾ ਕੰਮ ਵੀ ਸੁਖਾਲਾ ਕਰ ਦਿੱਤਾ। ਨਿਰਮਲ ਸਿੰਘ ਲਈ ਦੂਜੇ ਕਿਸਾਨਾਂ ਦੇ
ਮੁਕਾਬਲੇ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਵਾਉਣਾ ਸੌਖਾ ਸੀ। ਕੁਦਰਤ ਨੇ ਵੀ ਉਸਦਾ
ਸਾਥ ਦਿੱਤਾ। ਫਸਲ ਵੀ ਚੰਗੀ ਲਗਦੀ ਰਹੀ।
ਇਸ ਸਾਲ ਗਰਮੀ ਬਹੁਤ ਪੈ ਰਹੀ ਸੀ। ਸਾਵਣ ਆ ਗਿਆ, ਪਰ ਮੀਂਹ ਨਹੀਂ ਸੀ ਪੈ ਰਿਹਾ।
ਜੀਰੀ ਦੀ ਫਸਲ ਪਾਲਣ ਲਈ ਬਹੁਤ ਮਿਹਨਤ ਕਰਨੀ ਪੈ ਰਹੀ ਸੀ।
ਅੱਜ ਨਿਰਮਲ ਦਾ ਚਿੱਤ ਕੁਝ
ਢਿੱਲਾ ਸੀ। ਉਸਨੇ ਆਪਣੇ ਵੱਡੇ ਲੜਕੇ ਸੰਨੀ ਨੂੰ ਜੀਰੀ ਨੂੰ ਪਾਣੀ ਲਾਉਣ ਦਾ
ਕਿਹਾ ਤੇ ਆਪ ਘਰ ਆ ਗਿਆ।
ਸੰਨੀ ਚੰਗਾ ਜਵਾਨ ਨਿਕਲ ਆਇਆ
ਸੀ। ਵਾਹੀ ਦੇ ਕੰਮ ਵਿਚ ਆਪਣੇ ਪਿਤਾ ਦਾ ਹੱਥ ਵਟਾਉਂਦਾ ਸੀ। ਇਸ ਸਾਲ ਹਾਈ ਸਕੂਲ
ਕਰਨ ਤੋਂ ਬਾਅਦ ਉਸਨੂੰ ਪ੍ਰੀ-ਮੈਡੀਕਲ ਵਿਚ ਦਾਖਲਾ ਮਿਲ ਗਿਆ ਸੀ। ਛੋਟਾ ਪੁੱਤਰ
ਪੰਮੀ ਅਜੇ ਦਸ ਕੁ ਵਰ੍ਹਿਆਂ ਦਾ ਸੀ।
‘ਨਿੰਮੀ ਜੀ, ਅੱਜ ਮੇਰਾ ਸਰੀਰ
ਢਿੱਲਾ ਜਿਹੈ, ਮੈਨੂੰ ਕੜਕ ਜਿਹੀ ਚਾਹ ਬਣਾ ਕੇ ਪਿਲਾਓ।’ ਉਹ ਆਪਣੀ ਪਤਨੀ ਨੂੰ
ਪਿਆਰ ਨਾਲ ਨਿੰਮੀ ਬੁਲਾਉਂਦਾ ਸੀ।
‘ਅੱਜ ‘ਨਿੰਮੀ’ ਤੋਂ ‘ਨਿੰਮੀ
ਜੀ’ ਕਿਵੇਂ ਬਣ ਗਈ ਮੈਂ?’
‘ਦੇਖ ਮੈਂ ਤੈਨੂੰ ਪਿਆਰ ਨਾਲ
ਬੁਲਾਉਂਦਾ ਹਾਂ, ਤੂੰ ਮੇਰੀ ਖਿੱਲੀ ਉਡਾਉਂਦੀ ਏਂ।’ ਨਿਰਮਲ ਨੇ ਬਨਾਉਟੀ ਗ਼ੁੱਸਾ
ਦਿਖਾਉਂਦੇ ਹੋਏ ਕਿਹਾ। ਫਿਰ ਉਸਨੇ ਇਕੋ ਸਾਹੇ ਕਿਹਾ,‘ਆ ਜਾ ਛੇਤੀ ਚਾਹ ਬਣਾ ਲਿਆ
ਤੇ ਮੇਰੇ ਕੋਲ ਬਹਿ ਜਾ, ਤੇਰੇ ਨਾਲ ਗੱਲਾਂ ਕਰਨ ਨੂੰ ਜੀਅ ਕਰਦੈ।’
‘ਆਹ ਲਓ ਸਰਦਾਰ ਜੀ, ਚਾਹ ਦੇ
ਨਾਲ ਐਸਪ੍ਰੀਨ ਵੀ ਲੈ ਲਓ ਅਤੇ ਕਪੜਾ ਲੈ ਕੇ ਸੌਂ ਜਾਓ।’
ਨਿਰਮਲ ਨੇ ਉਸਦੀ ਬਾਂਹ ਖਿੱਚ ਕੇ ਆਪਣੇ ਕੋਲ ਬਿਠਾ ਲਿਆ।
‘ਹਾਂ ਹਾਂ ਦੱਸੋ ਕੀ ਗੱਲ ਐ,
ਛੇਤੀ ਕਰੋ, ਮੇਰੇ ਹੋਰ ਵੀ ਕੰਮ ਕਰਨ ਨੂੰ ਪਏ ਨੇ।’
‘ਆਹੋ ਸਰਦਾਰਨੀ ਤੇਰੀ ਇਸ
ਛੇਤੀ ਨੇ ਮਾਰਿਐ। ਗੱਲ ਇਹ ਹੈ ਕਿ ਸਰਕਾਰ ਡੂੰਘੇ ਟਿਊਬਵੈੱਲ ਲਗਾਉਣ ਲਈ ਕਰਜ਼ੇ
ਦੇ ਰਹੀ ਐ। ਆਪਣੀ ਮੋਟਰ ਦਾ ਪਾਣੀ ਹੇਠਾਂ ਚਲੇ ਗਿਐ।’
‘ਅੱਗੇ ਵੀ ਸਰਦਾਰਾ ਆਪਣੇ ਸਿਰ
ਕਾਫੀ ਕਰਜੈ।’ ਨਿੰਮੀ ਨੇ ਸੰਜੀਦਗੀ ਨਾਲ ਕਿਹਾ।
‘ਤਾਂ ਕੀ ਹੋਇਆ, ਮਿਹਨਤ ਕਰਕੇ
ਸਾਰਾ ਲਾਹ ਦਿਆਂਗੇ। ਅਜੇ ਤੱਕ ਤਾਂ ਹਾੜ੍ਹੀ ਸੌਣੀ ਚੰਗੀ ਲੱਗ ਰਹੀ ਐ। ਹਾਂ
ਨਾਲੇ ਆਪਣੇ ਸੰਨੀ ਨੇ ਜੇ ਪ੍ਰੀ-ਮੈਡੀਕਲ ਵਿਚ ਅੱਛੇ ਨੰਬਰ ਲੈ ਲਏ ਤਾਂ ਇਸਨੂੰ
ਮੈਡੀਕਲ ਕਾਲਜ ਵਿਚ ਵੀ ਤਾਂ ਪੜ੍ਹਾਉਣੈ।’ ਨਿਰਮਲ ਨੇ ਨਿੰਮੀ ਦਾ ਹੱਥ ਘੁੱਟ
ਲਿਆ,‘ਸੱਚ ਪੁੱਛੇਂ ਤਾਂ ਮੇਰੀ ਇਹ ਰੀਝ ਐ ਕਿ ਆਪਣੇ ਸੰਨੀ ਨੂੰ ਡਾਕਟਰ ਬਣਿਆਂ
ਵੇਖਾਂ।’
‘ਕੀ ਅਸੀਂ ਮੈਡੀਕਲ ਕਾਲਜ ਦਾ
ਖਰਚ ਦੇ ਸਕਾਂਗੇ?’ ਨਿੰਮੀ ਨੇ ਚਿੰਤਾ ਪਰਗਟ ਕੀਤੀ।
‘ਹਾਂ ਹਾਂ ਕਿਉਂ ਨਹੀਂ!’
ਸੰਨੀ ਨੂੰ ਡਾਕਟਰ ਬਣਾਉਣ ਲਈ ਜੇ ਮੈਨੂੰ ਵਿਕਣਾ ਵੀ ਪਿਆ ਤਾਂ ਮੈਂ ਪਿੱਛੇ ਨਹੀਂ
ਹਟਾਂਗਾ।’
‘ਹਾਏ ਰੱਬਾ, ਤੁਸੀਂ ਇਸ
ਤਰ੍ਹਾਂ ਕਿਉਂ ਸੋਚਦੇ ਹੋ। ਵਾਹਿਗੁਰੂ ਸਾਡੇ ਨਾਲ ਹੈ। ਉਸਨੇ ਬਿਧ ਆਪੇ ਬਣਾ
ਦੇਣੀ ਐ, ਇਹ ਮੇਰਾ ਵਿਸ਼ਵਾਸ ਐ।’
‘ਪਾਪਾ ਪਾਪਾ, ਅੱਜ ਸਾਡੇ
ਸਕੂਲ ਦੀ ਟੀਮ ਨੇ ਆਰੀਆ ਸਕੂਲ ਦੀ ਟੀਮ ਨੂੰ ਹਰਾ ਦਿੱਤੈ। ਪਾਪਾ ਪਲੀਜ਼ ਮੈਨੂੰ
ਵੀ ਸਨੀਕਰ ਲੈ ਦਿਉ, ਮੈਂ ਵੀ ਹਾਕੀ ਖੇਡਿਆ ਕਰਾਂਗਾ।’
‘ਹਾਂ ਤੂੰ ਅੱਜ ਹਾਕੀ
ਖੇਡੇਂਗਾ। ਕੱਲ੍ਹ ਨੂੰ ਕਹੇਂਗਾ, ਹਾਕੀ ਨਹੀਂ ਕ੍ਰਿਕਟ ਖੇਡਾਂਗਾ।’
‘ਇਸ ਤਰ੍ਹਾਂ ਬੱਚੇ ਨੂੰ
ਡਿਸਕਰਿਜ ਨਹੀਂ ਕਰੀਦਾ।’ ਨਿਰਮਲ ਨੇ ਨਿੰਮੀ ਨੂੰ ਕਿਹਾ।
‘ਹਾਂ ਪੰਮੀ ਬੇਟੇ ਸਨੀਕਰ
ਤੇਰੇ ਆ ਜਾਣਗੇ, ਤੂੰ ਖੇਡਣ ਵਾਲਾ ਬਣ।’
‘ਥੈਂਕ ਯੂ ਪਾਪਾ’ ਆਖਦਾ ਹੋਇਆ
ਪੰਮੀ ਬਾਹਰ ਨੂੰ ਭੱਜ ਗਿਆ।
ਇਸ ਸਾਲ ਮਗਰੋਂ ਬਰਸਾਤ ਚੰਗੀ
ਲੱਗੀ। ਫਸਲਾਂ ਨੇ ਝਾੜ ਵੀ ਚੰਗਾ ਦਿੱਤਾ। ਭਾਅ ਵੀ ਚੰਗਾ ਲੱਗਾ। ਨਿਰਮਲ ਦਾ
ਕਰਜ਼ੇ ਦਾ ਭਾਰ ਕੁਝ ਘਟਿਆ।
ਸਮਾਂ ਆਪਣੀ ਚਾਲ ਚਲਦਾ ਰਿਹਾ।
ਸੰਨੀ ਨੂੰ ਪਟਿਆਲੇ ਮੈਡੀਕਲ ਕਾਲਜ ਵਿਚ 3 ਸਾਲ ਪੂਰੇ ਹੋ ਗਏ। ਉਸਦਾ ਆਖ਼ਰੀ ਸਾਲ
ਸੀ। ਨਿਰਮਲ ਸਿੰਘ ਦੀ ਉਡੀਕ ਦੀਆਂ ਘੜੀਆਂ ਖ਼ਤਮ ਹੋ ਗਈਆਂ, ਜਦੋਂ ਕਾਲਜ ਵਲੋਂ
ਉਸਨੂੰ ਸੰਨੀ ਦੀ ਗਰੈਜੂਏਸ਼ਨ ’ਤੇ ਆਉਣ ਦਾ ਸੱਦਾ ਮਿਲਿਆ। ਖ਼ੁਸ਼ੀ ਖ਼ੁਸ਼ੀ ਇਹ ਖ਼ਬਰ
ਨਿੰਮੀ ਨੂੰ ਦੱਸੀ ਅਤੇ ਉਸਨੂੰ ਆਪਣੀ ਬੁੱਕਲ ਵਿਚ ਘੁੱਟ ਕੇ ਕਹਿਣ
ਲੱਗਾ,‘ਸਰਦਾਰਨੀਏ, ਤਿਆਰੀ ਕਰ ਲੈ, ਅਗਲੇ ਹਫ਼ਤੇ ਆਪਣੇ ਪੁੱਤਰ ਨੂੰ ‘ਮੈਡੀਕਲ
ਡਿਗਰੀ’ ਲੈਂਦਿਆਂ ਦੇਖਾਂਗੇ।’ ਨਾਲ ਹੀ ਦੋਹਾਂ ਨੇ ਹੱਥ ਜੋੜ ਕੇ ਪਰਮਾਤਮਾ ਦਾ
ਸ਼ੁਕਰ ਅਦਾ ਕੀਤਾ।
ਸੰਨੀ ਆਪਣੀ ਇੰਟਰਨਸ਼ਿਪ ਲਈ
ਚੰਡੀਗੜ੍ਹ ਦੇ ਜਨਰਲ ਹਸਪਤਾਲ ਵਿਚ ਚੁਣਿਆ ਗਿਆ। ਪਿੰਡ ਵੀ ਨੇੜੇ ਹੀ ਸੀ। ਜਾਬ
ਕਰਕੇ ਘਰ ਆ ਜਾਂਦਾ ਸੀ। ਨਾ ਕੇਵਲ ਪਿੰਡ ਵਾਲੇ, ਸਗੋਂ ਸਾਰੇ ਇਲਾਕੇ ਦੇ ਲੋਕ
ਨਿਰਮਲ ਸਿੰਘ ਦੀ ਮਿਹਨਤ ਅਤੇ ਉਸਦੀ ਔਲਾਦ ਨੂੰ ਸਲਾਹੁੰਦੇ ਨਹੀਂ ਸਨ ਥੱਕਦੇ।
ਇੰਟੈਰਨ ਨੂੰ ਹਸਪਤਾਲ ਵਿਚ
ਕਾਫ਼ੀ ਕੰਮ ਕਰਨਾ ਪੈਂਦਾ ਹੈ। ਕਈ ਵਾਰ ਤਾਂ ਸੰਨੀ ਕਾਫ਼ੀ ਲੇਟ ਘਰ ਆਉਂਦਾ।
ਅੱਜ ਉਹ ਜਲਦੀ ਵਿਹਲਾ ਹੋ ਗਿਆ ਸੀ। ਛੇਤੀ ਘਰ ਆ ਗਿਆ। ਨਿਰਮਲ ਵੀ ਸਬੱਬੋਂ ਘਰ
ਹੀ ਸੀ।
‘ਮੰਮੀ ਕੁਛ ਖਾਣ ਪੀਣ ਨੂੰ
ਲਿਆਓ, ਬਹੁਤ ਭੁੱਖ ਲੱਗੀ ਐ। ਪਾਪਾ ਤੁਹਾਡੇ ਨਾਲ ਇਕ ਗੱਲ ਕਰਨੀ ਐ।’ ਸੰਨੀ ਨੇ
ਕਿਹਾ।
ਨਿਰਮਲ ਸਿੰਘ ਨੇ ਕੁਝ ਸੈਕਿੰਟ ਇੰਤਜ਼ਾਰ ਕਰਕੇ ਕਿਹਾ,‘ਹਾਂ ਕਾਕਾ ਜੀ ਬੋਲ ਤਾਂ
ਸਹੀ ਕੀ ਗੱਲ ਐ?’
ਨਿੰਮੀ ਰਸੋਈ ਵਿਚੋਂ ਦੁੱਧ ਦਾ
ਗਲਾਸ ਅਤੇ ਬਿਸਕੁਟ ਲੈ ਕੇ ਆ ਗਈ।
‘ਆਓ ਮੰਮੀ ਜੀ ਤੁਸੀਂ ਵੀ ਬੈਠ
ਜਾਓ।’ ਸੰਨੀ ਨੇ ਕਿਹਾ।
ਸੰਨੀ ਅਜੇ ਵੀ ਕੁਝ ਝਿਜਕ ਰਿਹਾ ਸੀ।
‘ਹਾਂ, ਕੁਝ ਬੋਲੇਂਗਾ ਵੀ।’
ਨਿਰਮਲ ਸਿੰਘ ਬੋਲਿਆ।
ਸੰਨੀ ਨੇ ਆਪਣੀ ਮੰਮੀ ਵੱਲ ਵੇਖਦਿਆਂ ਕਿਹਾ,‘ਮੰਮੀ ਪ੍ਰੀਤੀ ਮੇਰੀ ਕੁਲੀਗ ਐ।’
ਉਹ ਥੋੜ੍ਹਾ ਰੁਕ ਕੇ ਫਿਰ ਬੋਲਿਆ,‘ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਨਾ। ਜੇ
ਤੁਸੀਂ ਠੀਕ ਸਮਝੋ।’
ਨਿਰਮਲ ਸਿੰਘ ਭੁੜਕ ਕੇ ਬੋਲਿਆ,‘ਵਹ ਜਵਾਨਾ ਬੱਸ ਐਨੀ ਕੁ ਗੱਲ ਐ।’
‘ਹਟੋ ਜੀ, ਮੇਰਾ ਸੱਤਾਂ ਧੀਆਂ
ਵਰਗਾ ਪੁੱਤ ਵਿਚਾਰਾ ਸ਼ਰਮਾਉਂਦਾ ਸੀ।’ ਨਿੰਮੀ ਵਿਚੋਂ ਹੀ ਬੋਲ ਪਈ।
‘ਉਹ ਮੁੰਡਿਆ, ਮੀਆਂ ਬੀਵੀ
ਰਾਜ਼ੀ ਤੇ ਕੀ ਕਰੇਗਾ ਕਾਜ਼ੀ।’ ਕਹਿੰਦਿਆਂ ਨਿਰਮਲ ਸਿੰਘ ਨੇ ਸੰਨੀ ਨੂੰ ਆਪਣੇ ਨਾਲ
ਘੁੱਟ ਲਿਆ।
‘ਬਹੁਤ ਖੁਸ਼ ਨਾ ਹੋਵੋ ਜੀ,
ਕਿਸੇ ਫੈਸਲੇ ਤੋਂ ਪਹਿਲਾਂ ਸਾਨੂੰ ਕੁੜੀ ਦੇ ਪਰਿਵਾਰ ਬਾਰੇ ਲੋੜੀਂਦੀ ਜਾਣਕਾਰੀ
ਲੈ ਲੈਣੀ ਚਾਹੀਦੀ ਐ। ‘ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਣ ਨੂੰ ਹੋਰ’ ਵਾਲੀ
ਗੱਲ ਨਾ ਹੋਵੇ।’ ਨਿੰਮੀ ਨੇ ਕਿਹਾ।
ਐਨੇ ਨੂੰ ਪੰਮੀ ਵੀ ਘਰ ਆ
ਵੜਿਆ ਅਤੇ ਗੱਲਾਂ ਸੁਣਨ ਲੱਗਾ।
‘ਪਾਪਾ ਕੁੜੀ ਦੇ ਪੇਰੈਂਟਸ ਕੈਨੇਡਾ ਵਿਚ ਰਹਿੰਦੇ ਨੇ। ਮੈਂ ਉਥੇ ਚਲਾ ਗਿਆ ਤਾਂ
ਤੁਸੀਂ ਵੀ ਮੇਰੇ ਮਗਰ ਆ ਸਕੋਗੇ।’
ਪੰਮੀ ਵਿਚੋਂ ਹੀ
ਬੋਲਿਆ,‘ਪਾਪਾ ਵੀਰੇ ਨੂੰ ਕੈਨੇਡਾ ਜਾਣ ਦਿਓ, ਇਸ ਦੇ ਸਹਾਰੇ ਮੈਂ ਵੀ ਕੈਨੇਡਾ
ਜਾ ਸਕਾਂਗਾ।’
ਮੁੰਡੇ ਦਾ ਝੁਕਾਅ ਦੇਖ ਕੇ
ਮਾਪਿਆਂ ਨੇ ‘ਹਾਂ’ ਕਰ ਦਿੱਤੀ। ਭਾਵੇਂ ਉਹ ਚਾਹੁੰਦੇ ਸਨ ਕਿ ਸੰਨੀ ਉਹਨਾਂ ਕੋਲ
ਰਹਿ ਕੇ ਹੀ ਉਹਨਾਂ ਦਾ ਸਹਾਰਾ ਬਣੇ।
‘ਜਵਾਨ ਪੁੱਤਰ ਮਾਪਿਆਂ ਦੀਆਂ
ਬਾਹਾਂ ਬਣਦੇ ਨੇ। ਅੱਜ ਕੱਲ੍ਹ ਦੀ ਪੀੜ੍ਹੀ ਦਾ ਬਾਹਰਲੇ ਦੇਸ਼ਾਂ ਵਿਚ ਜਾ ਕੇ ਵਸਣ
ਦਾ ਕਰੇਜ਼ ਕਿਉਂ ਵਧਦਾ ਜਾ ਰਿਹੈ।’ ਨਿਰਮਲ ਸਿੰਘ ਬੁੜਬੜਾਇਆ।
‘ਸੰਨੀ ਪੁੱਤਰ, ਕੈਨੇਡਾ ਜਾ
ਕੇ ਸਾਨੂੰ ਭੁੱਲ ਤਾਂ ਨਹੀਂ ਜਾਵੇਂਗਾ?’ ਨਿੰਮੀ ਨੇ ਹਾਉਕਾ ਭਰਿਆ।
‘ਭਲਾ ਇਹ ਕਿਵੇਂ ਹੋ ਸਕਦੈ?
ਮੈਂ ਕਿਵੇਂ ਭੁੱਲ ਸਕਦਾਂ ਆਪਣੇ ਮਾਪਿਆਂ ਦਾ ਉਪਕਾਰ।’
‘ਵੇਖੇਂ ਨਾ, ਪ੍ਰੀਤੀ ਕੈਨੇਡਾ
ਦੀ ਜੰਮਪਲ ਐ। ਉਹ ਉਥੋਂ ਦੇ ਮਾਹੌਲ ਵਿਚ ਪਲੀ ਹੈ। ਮੈਨੂੰ ਅੰਦਰੋਂ ਕੋਈ ਤੌਖਲਾ
ਜਿਹਾ ਲਗਦੈ।’
‘ਚਲੋ ਛੱਡੋ ਇਹਨਾਂ ਗੱਲਾਂ
ਨੂੰ ਸਰਦਾਰਨੀ ਜੀ, ‘ਵਹੀ ਹੋਗਾ ਜਾ ਮਨਜ਼ੂਰੇ ਖ਼ੁਦਾ ਹੋਗਾ।’ ਨਿਰਮਲ ਸਿੰਘ ਨੇ
ਨਿੰਮੀ ਨੂੰ ਚੁੱਪ ਕਰਾ ਦਿੱਤਾ।
ਸੰਨੀ ਅਤੇ ਪ੍ਰੀਤੀ ਦੀ ‘ਕੋਰਟ ਮੈਰਿਜ’ ਹੋ ਗਈ। ਸੰਨੀ ਦੇ ਇੰਮੀਗ੍ਰੇਸ਼ਨ ਲਈ
ਪੇਪਰ ਫਾਈਲ ਕਰ ਦਿੱਤੇ ਗਏ। ਪ੍ਰੀਤੀ ਦੋ ਹਫਤੇ ਬਾਅਦ ਕੈਨੇਡਾ ਚਲੀ ਗਈ।
ਸੌਣ ਲੱਗਿਆਂ ਨਿਰਮਲ ਨੇ
ਨਿੰਮੀ ਨੂੰ ਕਿਹਾ,‘ਵੇਖੇ ਨਾ, ਕਰਜ਼ੇ ਨਾਲ ਮੇਰਾ ਵਾਲ ਵਾਲ ਭਰਿਆ ਪਿਐ। ਕੁਦਰਤ
ਨੇ ਸਾਥ ਨਹੀਂ ਦਿੱਤਾ। ਹੜ੍ਹਾਂ ਨੇ ਫਸਲ ਮਾਰ ਦਿੱਤੀ. ਕਰਜ਼ੇ ਦੀਆਂ ਕਿਸ਼ਤਾਂ
ਨਹੀਂ ਮੁੜੀਆਂ। ਸੰਨੀ ਨੂੰ ਆਪਣੇ ਜਾਣ ਲਈ ਪੈਸਿਆਂ ਦੀ ਲੋੜ ਹੈ। ਉਸ ਤੋਂ ਮੇਰਾ
ਮੰਗਣ ਨੂੰ ਜੀਅ ਨਹੀਂ ਕਰਦਾ। ਮੈਂ ਸੋਚਦਾਂ ਸਵੇਰੇ ਆੜ੍ਹਤੀਏ ਤੋਂ ਪੈਸੇ ਫੜ੍ਹ
ਲਿਆਵਾਂ।’
‘ਸਰਦਾਰ ਜੀ, ਤੁਸੀਂ ਐਵੇਂ
ਦਿਲ ਹੌਲਾ ਨਾ ਕਰੋ। ਉਸ ਦਾਤੇ ਨੂੰ ਸਭ ਦਾ ਫ਼ਿਕਰ ਹੈ ਆਪੇ ਹੀ ਕੋਈ ਹੀਲਾ ਬਣ
ਜਾਵੇਗਾ। ਅੱਛਾ ਹੁਣ ਸੌਂ ਜਾਓ।’
‘ਅੱਛਾ ਮਾਲਕੋ ਜੋ ਹੁਕਮ’ ਕਹਿ
ਕੇ ਨਿਰਮਲ ਸੌਂ ਗਿਆ...।
ਉਧਰ ਪ੍ਰੀਤੀ ਅਤੇ ਉਸਦੇ
ਪਰਿਵਾਰ ਵਾਲੇ ਆਪ ਸੰਨੀ ਨੂੰ ਵੈਨਕੂਵਰ ਦੇ ਏਅਰਪੋਰਟ ’ਤੇ ਲੈਣ ਆਏ। ਸਾਰੇ ਜਣੇ
ਸੰਨੀ ਨੂੰ ਮਿਲ ਕੇ ਬਹੁਤ ਖ਼ੁਸ਼ ਹੋਏ। ਉਸਨੂੰ ਆਦਰ ਨਾਲ ਘਰ ਲੈ ਆਏ।
ਕੁਝ ਦਿਨ ਆਰਾਮ ਕਰਕੇ ਸੰਨੀ
ਨੇ ਆਪਣੇ ਵਾਸਤੇ ਜਾਬ ਲੱਭਣੀ ਸ਼ੁਰੂ ਕਰ ਦਿੱਤੀ। ਇਕ ਮਿੱਤਰ ਦੀ ਮਦਦ ਨਾਲ ਉਸਨੂੰ
ਇਕ ਖਿੜਕੀਆਂ ਬਣਾਉਣ ਵਾਲੀ ਕੰਪਨੀ ਵਿਚ ਸੇਲਜ਼ਮੈਨ ਦੀ ਨੌਕਰੀ ਮਿਲ ਗਈ।
ਕੁਝ ਮਹੀਨੇ ਸੁੱਖੀ ਸਾਂਦੀ
ਲੰਘ ਗਏ। ਪ੍ਰੀਤੀ ਗਾਈਨੋਕੌਲੇਜਟਿਸ ਗੌਰਮਿੰਟ ਹਾਸਪਿਟਲ ਵਿਚ ਲੱਗੀ ਹੋਈ ਸੀ।
ਸੰਨੀ ਨੇ ਵੀ ਆਪਣਾ ਰੈਜ਼ਮੇ ਡਾਕਟਰ ਦੀ ਨੌਕਰੀ ਲਈ ਕਈ ਥਾਂ ਭੇਜ ਦਿੱਤਾ ਸੀ।
ਪ੍ਰੀਤੀ ਅਤੇ ਉਸਦੇ ਪਰਿਵਾਰ
ਦਾ ਵਤੀਰਾ ਬਦਲਣ ਲੱਗ ਪਿਆ। ਸੰਨੀ ਨੇ ਜਦੋਂ ਵੀ ਆਪਣੇ ਮੰਮੀ ਡੈਡੀ ਬਾਰੇ ਗੱਲ
ਕਰਨੀ ਚਾਹੀ, ਪ੍ਰੀਤੀ ਆਨਾ-ਕਾਨੀ ਕਰ ਜਾਂਦੀ। ਫੇਰ ਵੀ ਸੰਨੀ ਨੇ ਆਪਣੀ ਤਨਖਾਹ
’ਚੋਂ ਪੰਜ ਸੌ ਡਾਲਰ ਦੋ ਵਾਰੀ ਆਪਣੇ ਮਾਪਿਆਂ ਨੂੰ ਭੇਜ ਦਿੱਤੇ। ਭਾਵੇਂ ਉਹ
ਜਾਣਦਾ ਸੀ ਕਿ ਇਹ ਉਹਨਾਂ ਦੀ ਲੋੜ ਤੋਂ ਕਿਤੇ ਘੱਟ ਹਨ।
ਅੱਜ ਫੇਰ ਸੰਨੀ ਨੇ ਹਿੰਮਤ
ਕਰਕੇ ਪ੍ਰੀਤੀ ਨੂੰ ਕਿਹਾ,‘ਵੇਖ ਪ੍ਰੀਤੀ ਮੇਰੇ ਪੇਰੈਂਟਸ ਨੇ ਮੈਨੂੰ ਪੜ੍ਹਾਉਣ
’ਤੇ ਬਹੁਤ ਖਰਚ ਕੀਤਾ ਹੈ। ਬਹੁਤ ਮਿਹਨਤ ਕੀਤੀ ਹੈ ਮੇਰੇ ਡੈਡੀ ਨੇ। ਲਗਾਤਾਰ
ਤਿੰਨ ਸਾਲ ਫਸਲ ਦਾ ਨੁਕਸਾਨ ਹੋਣ ਕਾਰਨ ਉਹਨਾਂ ਦੀ ਮਾਲੀ ਹਾਲਤ ਡਾਵਾਂ-ਡੋਲ ਹੈ।
ਮੇਰੇ ਪਿਤਾ ਕਰਜ਼ੇ ਦੇ ਬੋਝ ਹੇਟਾਂ ਦੱਬੇ ਹੋਏ ਨੇ। ਅਸੀਂ ਦੋਵੇਂ ਮਿਲ ਕੇ ਉਹਨਾਂ
ਨੂੰ ਇਸ ਬੋਝ ਤੋਂ ਨਿਜਾਤ ਦਿਵਾ ਸਕਦੇ ਆਂ। ਮੈਨੂੰ ਤੇਰੀ ਮਦਦ ਦੀ ਜ਼ਰੂਰਤ ਹੈ
ਪ੍ਰੀਤੀ।’
‘ਦੇਖੋ ਮਿਸਟਰ, ਅਕਲਮੰਦ ਨੂੰ
ਇਸ਼ਾਰਾ ਹੀ ਕਾਫੀ ਹੁੰਦਾ ਹੈ। ਸਾਡੀਆਂ ਵੀ ਤਾਂ ਲੋੜਾਂ ਹਨ। ਅਸੀਂ ਵੀ ਆਪਣਾ ਘਰ
ਬਣਾਉਣਾ ਹੈ। ਕਦੋਂ ਤੀਕਰ ਅਸੀਂ ਮੇਰੇ ਮਾਪਿਆਂ ’ਤੇ ਭਾਰ ਬਣੇ ਰਹਾਂਗੇ। ਜ਼ਿੰਦਗੀ
ਦੀਆਂ ਹੋਰ ਵੀ ਲੋੜਾਂ ਹਨ। ਮੈਂ ਆਪਣਾ ਘਰ ਵੀ ਬੰਨ੍ਹਣਾ ਹੈ।’ ਇਹ ਕਹਿ ਕੇ ਉਹ
ਆਪਣੇ ਕਮਰੇ ਵਿਚ ਚਲੇ ਗਈ।
ਇਸੇ ਤਰ੍ਹਾਂ ਦਿਨ ਲੰਘਦੇ ਗਏ।
ਉਹ ਸੱਚੇ ਦਿਲੋਂ ਰੱਬ ਅੱਗੇ ਅਰਦਾਸ ਕਰਦਾ ਕਿ ਉਸਦੇ ਮਾਪੇ ਸਦਾ ਸੁਖੀ ਵਸਣ।
ਕਹਿੰਦੇ ਨੇ ਜੇ ਸੱਚੇ ਦਿਲੋਂ ਅਰਦਾਸ ਕਰੋ ਤਾਂ ਰੱਬ ਵੀ ਬਹੁੜੀ ਕਰਦਾ ਹੈ।
ਅੱਜ ਸੰਨੀ ਨੂੰ ਡਾਕਟਰ ਦੀ
ਨੌਕਰੀ ਦਾ ਅਪਾਇੰਟਮੈਂਟ ਲੈਟਰ ਆ ਗਿਆ। ਉਹ ਬਹੁਤ ਖ਼ੁਸ਼ ਸੀ।
ਉਧਰ ਨਿਰਮਲ ਸਿੰਘ ’ਤੇ ਸਰਕਾਰੀ ਕਰਜ਼ੇ ਦਾ ਬੋਝ ਆੜਤੀਏ ਤੋਂ ਲਏ ਵਿਆਜ ਦੇ ਪੈਸੇ
ਦਾ ਭਾਰ ਦਿਨੋ ਦਿਨ ਵਧ ਰਿਹਾ ਸੀ। ਖੇਤੀ ਵਿਚ ਵੀ ਬਰਕਤ ਨਾ ਪਈ। ਖਰਚੇ ਵਧਦੇ ਗਏ
ਅਤੇ ਆਮਦਨ ਘਟਦੀ ਗਈ।
‘ਚਿੰਤਾ ਦੀਰਘ ਰੋਗ ਹੈ’।
ਨਿਰਮਲ ਸਿੰਘ ਆਏ ਦਿਨ ਨਿਘਰਦਾ ਜਾ ਰਿਹਾ ਸੀ। ਮਾਨੋ ਨਿਰਮਲ ਸਿੰਘ ਆਪ ਨਹੀਂ
ਉਸਦਾ ਸਾਇਆ ਚਲਦਾ ਫਿਰਦਾ ਸੀ। ਕਰਜ਼ੇ ਦੀਆਂ ਕਿਸ਼ਤਾਂ ਨਾ ਮੋੜਨ ਕਾਰਨ ਕੁਰਕੀ ਦਾ
ਨੋਟਿਸ ਆ ਚੁੱਕਿਆ ਸੀ। ਜੇ ਮਿਥੇ ਸਮੇਂ ਵਿਚ ਕਿਸ਼ਤ ਨਾ ਭਰੀ ਗਈ ਤਾਂ ਕੁਰਕੀ ਹੋ
ਜਾਣੀ ਸੀ।
ਆਪਣੇ ਪਤੀ ਨੂੰ ਕਿਸੇ ਗਹਿਰੀ
ਸੋਚ ਵਿਚ ਵੇਖ ਕੇ ਨਿੰਮੀ ਨੇ ਪੁੱਛਿਆ,‘ਕੀ ਗੱਲ, ਬੜੇ ਨਿੰਮੋਝਾਣ ਅਤੇ ਉਦਾਸ
ਬੈਠੇ ਹੋ।’
‘ਨਹੀਂ ਨਹੀਂ, ਕੋਈ ਗੱਲ ਨਈਂ ਐਵੇਂ ਥੋੜ੍ਹਾ ਜਿਹਾ ਚਿੱਤ ਢਿੱਲਾ ਹੈ।’ ਨਿਰਮਲ
ਨੇ ਇਹ ਕਹਿ ਕੇ ਨਿੰਮੀ ਨੂੰ ਟਾਲ ਦਿੱਤਾ।
ਦਿਨ ਢਲ ਗਿਆ। ਸ਼ਾਮਾਂ ਪੈ ਗਈਆਂ। ਖਾ ਪੀ ਕੇ ਸਾਰੇ ਸੌਣ ਲੱਗੇ।
ਪਰ ਨਿਰਮਲ ਨੂੰ ਨੀਂਦ ਕਿੱਥੇ?
ਆਪਣੀ ਬਣੀ ਇੱਜ਼ਤ ਨੂੰ ਬਚਾਉਣ ਦਾ ਉਸਨੂੰ ਕੋਈ ਰਸਤਾ ਨਜ਼ਰ ਨਹੀਂ ਸੀ ਆਉਂਦਾ। ਉਹ
ਸਾਰੇ ਹੀਲੇ ਕਰ ਚੁੱਕਾ ਸੀ, ਪਰ ਕਿਸੇ ਨੇ ਬਾਂਹ ਨਹੀਂ ਫੜ੍ਹਾਈ ਸੀ।
ਸੋਚਦਾ,‘ਹੁਣ ਮੈਂ ਕੀ ਕਰਾਂ? ਇਹ ਕਰਜ਼ਾ ਤਾਂ ਮੈਥੋਂ ਮੁੜਦਾ ਨਹੀਂ ਅਤੇ ਮੈਂ
ਆਪਣੀ ਪੱਗ ਵੀ ਨਹੀਂ ਰੋਲਣੀ। ’
ਅੱਧੀ ਰਾਤ ਨੂੰ ਉਹ ਉੱਠਿਆ
ਅਤੇ ਜ਼ਹਿਰੀਲੀ ਦਵਾਈ ਪੀ ਕੇ ਸਦਾ ਦੀ ਨੀਂਦਰ ਸੌਂ ਗਿਆ।
ਅੱਜ ਉਸਦੇ ਨਮਿੱਤ ਰੱਖੇ ਪਾਠ ਦਾ ਭੋਗ ਪੈਣਾ ਸੀ। ਸਵੇਰੇ ਸਵੇਰੇ ਫੋਨ ਦੀ ਘੰਟੀ
ਵੱਜੀ।
ਨਿੰਮੀ ਨੇ ਫੋਨ ਚੁੱਕਿਆ।
ਸੰਨੀ ਬੋਲਿਆ,‘ਮੰਮੀ ਤੇਰਾ ਪੁੱਤਰ ਡਾਕਟਰ ਬਣ ਗਿਆ ਹੈ। ਮੈਂ ਤੁਹਾਨੂੰ ਸਭ ਤੋਂ
ਪਹਿਲਾਂ ਇਹ ਖੁਸ਼ਖਬਰੀ ਦੇ ਰਿਹਾ ਹਾਂ। ਸੱਚ ਮੰਮੀ ਏਥੇ ਅੱਜ ਫਾਦਰਜ਼ ਡੇਅ ਮਨਾਇਆ
ਜਾ ਰਿਹਾ ਹੈ। ਜ਼ਰਾ ਪਾਪਾ ਨੂੰ ਫੋਨ ਫੜ੍ਹਾਓ, ਮੈਂ ਪਾਪਾ ਨੂੰ ਵਿਸ਼ ਕਰ ਲਵਾਂ…।’
ਨਿੰਮੀ ਦੇ ਹੱਥ ਵਿਚ ਫੋਨ ਦਾ
ਰਸੀਵਰ ਜ਼ੋਰ ਨਾਲ ਘੁੱਟਿਆ ਗਿਆ…।
*****
(29 ਅਪਰੈਲ 2008) ਯੂਨੀਕੋਡ