ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

     -ਕਹਾਣੀਆਂ-


ਕੇਹਰ ਸ਼ਰੀਫ਼

ਹਿੰਦੀ ਕਹਾਣੀ:

(36) ਸ਼ਾਹ ਆਲਮ ਕੈਂਪ ਦੀਆਂ ਰੂਹਾਂ
-ਅਸਗਰ ਵਜਾਹਤ- ਅਨੁਵਾਦ: ਕੇਹਰ ਸ਼ਰੀਫ਼, ਜਰਮਨੀ-


ਅਸਗਰ ਵਜਾਹਤ

ਦੋ ਸ਼ਬਦ

ਕੇਹਰ ਸ਼ਰੀਫ਼ (ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 35 ਰਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ।
ਕੇਹਰ ਸ਼ਰੀਫ ਵਲੋਂ ਅਨੁਵਾਦ ਅਤੇ
ਸ੍ਰੀ ਅਸਗਰ ਵਜਾਹਤ ਦੀ ਲਿਖੀ ਇੱਕ ਹਿੰਦੀ ਕਹਾਣੀ: 'ਸ਼ਾਹ ਆਲਮ ਕੈਂਪ ਦੀਆਂ ਰੂਹਾਂ' ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'---ਲਿਖਾਰੀ

****

ਹਿੰਦੀ ਕਹਾਣੀ: ਸ਼ਾਹ ਆਲਮ ਕੈਂਪ ਦੀਆਂ ਰੂਹਾਂ

ਮੂਲ ਲੇਖਕ: ਅਸਗਰ ਵਜਾਹਤ
ਪੰਜਾਬੀ ਰੂਪ- ਕੇਹਰ ਸ਼ਰੀਫ਼

ਸ਼ਾਹ ਆਲਮ ਕੈਂਪ ਵਿਚ ਦਿਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਰ ਜਾਂਦੇ ਹਨ ਪਰ ਰਾਤਾਂ ਕਿਆਮਤ ਦੀਆਂ ਹੁੰਦੀਆਂ ਹਨ। ਅਜਿਹੀ ਹਫੜਾ ਦਫੜੀ ਦਾ ਆਲਮ ਹੁੰਦਾ ਹੈ ਕਿ ਅੱਲ੍ਹਾ ਬਚਾਵੇ। ਇੰਨੀਆਂ ਅਵਾਜ਼ਾਂ ਹੁੰਦੀਆਂ ਹਨ ਕਿ ਕੰਨ ਪਈ ਅਵਾਜ਼ ਵੀ ਸੁਣਾਈ ਨਹੀਂ ਦਿੰਦੀ। ਚੀਕ ਪੁਕਾਰ, ਰੌਲ਼ਾ-ਰੱਪਾ, ਰੋਣਾ-ਪਿੱਟਣਾ, ਆਹਾਂ-ਸਿਸਕੀਆਂ.............

ਰਾਤ ਦੇ ਸਮੇਂ ਰੂਹਾਂ ਆਪਣੇ ਬਾਲ-ਬੱਚਿਆਂ ਨੂੰ ਮਿਲਣ ਆਉਂਦੀਆਂ ਹਨ। ਰੂਹਾਂ ਆਪਣੇ ਯਤੀਮ ਬੱਚਿਆਂ ਦੇ ਸਿਰ ’ਤੇ ਹੱਥ ਫੇਰਦੀਆਂ ਹਨ, ਉਨ੍ਹਾਂ ਦੀਆਂ ਸੁੰਨੀਆਂ ਅੱਖਾਂ ਵਿਚ ਆਪਣੀਆਂ ਸੁੰਨੀਆਂ ਅੱਖਾਂ ਪਾ ਕੇ ਕੁੱਝ ਕਹਿੰਦੀਆਂ ਹਨ। ਬੱਚਿਆਂ ਨੂੰ ਛਾਤੀ ਨਾਲ ਲਾਉਂਦੀਆਂ ਹਨ। ਜੀਊਂਦੇ ਸਾੜੇ ਜਾਣ ਤੋਂ ਪਹਿਲਾਂ ਉਨ੍ਹਾਂ ਦੀਆਂ ਜਿਹੜੀਆਂ ਸੀਨਾਂ ਪਾੜਵੀਆਂ ਚੀਕਾਂ ਨਿਕਲੀਆਂ ਸਨ ਉਹ ਪਿਛੋਕੜ ਵਿਚ ਗੂੰਜਦੀਆਂ ਰਹਿੰਦੀਆਂ ਹਨ।

ਸਾਰਾ ਕੈਂਪ ਜਦੋਂ ਸੌਂ ਜਾਂਦਾ ਹੈ ਤਾਂ ਬੱਚੇ ਜਾਗਦੇ ਹਨ। ਉਨ੍ਹਾਂ ਨੂੰ ਉਡੀਕ ਰਹਿੰਦੀ ਹੈ ਆਪਣੀ ਮਾਂ ਨੂੰ ਦੇਖਣ ਦੀ.......ਅੱਬਾ ਨਾਲ ਖਾਣਾ ਖਾਣ ਦੀ। ‘ਕਿਵੇਂ ਹੋ ਸਿਰਾਜ’ ਅੰਮਾਂ ਦੀ ਰੂਹ ਨੇ ਸਿਰਾਜ ਦੇ ਸਿਰ ’ਤੇ ਹੱਥ ਫੇਰਦੇ ਹੋਏ ਕਿਹਾ।’

‘ਤੁਸੀਂ ਕਿਵੇਂ ਹੋ ਅੰਮਾਂ?’

ਮਾਂ ਖੁਸ਼ ਨਜ਼ਰ ਆ ਰਹੀ ਸੀ, ਕਹਿਣ ਲੱਗੀ ‘ਸਿਰਾਜ ਹੁਣ ਮੈਂ ਰੂਹ ਹਾਂ ਹੁਣ ਮੈਨੂੰ ਕੋਈ ਜਾਲ ਨਹੀਂ ਸਕਦਾ।’ ‘ਅੰਮਾਂ ਕੀ ਮੈਂ ਵੀ ਤੁਹਾਡੀ ਤਰ੍ਹਾਂ ਹੋ ਸਕਦਾ ਹਾਂ?’ ...............

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਤੋਂ ਬਾਅਦ ਇਕ ਔਰਤ ਦੀ ਘਬਰਾਈ, ਬੁਖਲਾਈ ਰੂਹ ਪਹੁੰਚੀ ਜੋ ਆਪਣੇ ਬੱਚੇ ਨੂੰ ਲੱਭ ਰਹੀ ਸੀ। ਉਸਦਾ ਬੱਚਾ ਨਾ ਉਸ ਦੁਨੀਆਂ ਵਿਚ ਸੀ ਨਾ ਹੀ ਉਹ ਕੈਂਪ ਵਿਚ ਸੀ। ਬੱਚੇ ਦੀ ਮਾਂ ਦਾ ਕਾਲਜਾ ਫਟਿਆ ਜਾ ਰਿਹਾ ਸੀ। ਦੂਜੀਆਂ ਔਰਤਾਂ ਦੀਆਂ ਰੂਹਾਂ ਵੀ ਇਸ ਔਰਤ ਨਾਲ ਬੱਚੇ ਨੂੰ ਢੂੰਡਣ ਲੱਗੀਆਂ। ਉਨ੍ਹਾਂ ਸਾਰੀਆਂ ਨੇ ਇਕਠੀਆਂ ਹੋ ਕੇ ਸਾਰਾ ਕੈਂਪ ਛਾਣ ਮਾਰਿਆ, ਮੁਹੱਲੇ ਗਈਆਂ, ਘਰ ਧੂਆਂ ਧੂਆਂ ਹੋਏ ਜਲ ਰਹੇ ਸਨ। ਕਿਉਂਕਿ ਉਹ ਰੂਹਾਂ ਸਨ ਇਸ ਕਰਕੇ ਜਲਦੇ ਹੋਏ ਮਕਾਨਾਂ ਦੇ ਅੰਦਰ ਚਲੀਆਂ ਗਈਆਂ। ਕੋਨਾ ਕੋਨਾ ਛਾਣ ਮਾਰਿਆ ਪਰ ਬੱਚਾ ਨਾ ਮਿਲਿਆ।

ਆਖਰ ਸਭ ਔਰਤਾਂ ਦੀਆਂ ਰੂਹਾਂ ਦੰਗਾਕਾਰੀਆਂ ਕੋਲ ਗਈਆਂ। ਉਹ ਕੱਲ੍ਹ ਵਾਸਤੇ ਪੈਟਰੋਲ ਪੰਪ ਬਣਾ ਰਹੇ ਸਨ। ਬੰਦੂਕਾਂ ਸਾਫ ਕਰ ਰਹੇ ਸਨ। ਹਥਿਆਰ ਚਮਕਾ ਰਹੇ ਸਨ।

ਬੱਚੇ ਦੀ ਮਾਂ ਨੇ ਉਨ੍ਹਾਂ ਤੋਂ ਆਪਣੇ ਬੱਚੇ ਬਾਰੇ ਪੁੱਛਿਆ ਤਾਂ ਉਹ ਹੱਸਣ ਲੱਗੇ ਤੇ ਬੋਲੇ ‘ਸੁਣ ਪਾਗਲ ਔਰਤ ਜਦੋਂ ਦਸ ਦਸ, ਵੀਹ ਵੀਹ ਲੋਕਾਂ ਨੂੰ ਇਕੱਠਿਆਂ ਜਲਾਇਆ ਜਾਂਦਾ ਹੈ ਤਾਂ ਇਕ ਬੱਚੇ ਦਾ ਹਿਸਾਬ ਕੌਣ ਰੱਖਦਾ ਹੈ? ਪਿਆ ਹੋਣੈ ਕਿਸੇ ਸੁਆਹ ਦੇ ਢੇਰ ਵਿਚ।’

ਮਾਂ ਨੇ ਕਿਹਾ ‘ਨਹੀਂ, ਨਹੀਂ ਮੈਂ ਤਾਂ ਹਰ ਥਾਵੇਂ ਦੇਖ ਲਿਆ ਹੈ, ਕਿਧਰੇ ਨਹੀਂ ਮਿਲਿਆ।’ ਉਦੋਂ ਕਿਸੇ ਦੰਗਾਕਾਰੀ ਨੇ ਕਿਹਾ ‘ਉਏ, ਇਹ ਕਿਧਰੇ ਉਸ ਬੱਚੇ ਦੀ ਮਾਂ ਤਾਂ ਨਹੀਂ ਜਿਹਨੂੰ ਅਸੀਂ ਤ੍ਰਿਸ਼ੂਲ ਉੱਤੇ ਟੰਗ ਆਏ ਸਾਂ।’ ...............

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਤੋਂ ਬਾਅਦ ਰੂਹਾਂ ਆਉਂਦੀਆਂ ਹਨ। ਰੂਹਾਂ ਆਪਣੇ ਬੱਚਿਆਂ ਵਾਸਤੇ ਸਵਰਗ ਤੋਂ ਖਾਣਾ ਲਿਆਉਂਦੀਆਂ ਹਨ, ਪਾਣੀ ਲਿਆਉਂਦੀਆਂ ਹਨ, ਦਵਾਈਆਂ ਲਿਆਉਂਦੀਆਂ ਹਨ ਅਤੇ ਬੱਚਿਆਂ ਨੂੰ ਦੇ ਦਿੰਦੀਆਂ ਹਨ। ਇਹ ਹੀ ਕਾਰਨ ਹੈ ਕਿ ਸ਼ਾਹ ਆਲਮ ਕੈਂਪ ਵਿਚ ਨਾ ਤਾਂ ਕੋਈ ਬੱਚਾ ਭੁੱਖਾ, ਨੰਗਾ ਰਹਿੰਦਾ ਹੈ ਨਾ ਹੀ ਬੀਮਾਰ। ਇਹ ਹੀ ਕਾਰਨ ਹੈ ਕਿ ਸ਼ਾਹ ਆਲਮ ਕੈਂਪ ਮਸ਼ਹੂਰ ਹੋ ਗਿਆ ਹੈ। ਦੂਰ-ਦੂਰ ਤੱਕ ਮੁਲਕਾਂ ਵਿਚ ਉਸਦਾ ਨਾਮ ਹੈ। ਦਿੱਲੀ ਤੋਂ ਇਕ ਵੱਡਾ ਨੇਤਾ ਜਦੋਂ ਸ਼ਾਹ ਆਲਮ ਕੈਂਪ ਦੇ ਦੌਰੇ ’ਤੇ ਗਿਆ ਸੀ ਤਾਂ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ, ‘ਇਹ ਤਾਂ ਬਹੁਤ ਵਧੀਆ ਥਾਂ ਹੈ। ਇੱਥੇ ਤਾਂ ਦੇਸ਼ ਦੇ ਸਾਰੇ ਮੁਸਲਮਾਨ ਬੱਚਿਆਂ ਨੂੰ ਪਹੁੰਚਾ ਦੇਣਾ ਚਾਹੀਦਾ।’ ...............

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਤੋਂ ਬਾਅਦ ਰੂਹਾਂ ਆਉਂਦੀਆਂ ਹਨ। ਰਾਤ ਭਰ ਬੱਚਿਆਂ ਨਾਲ ਰਹਿੰਦੀਆਂ ਹਨ, ਉਨ੍ਹਾਂ ਨੂੰ ਰੂਹ ਨਾਲ ਦੇਖਦੀਆਂ ਹਨ, ਉਨ੍ਹਾਂ ਦੇ ਭਵਿੱਖ ਬਾਰੇ ਸੋਚਦੀਆਂ ਹਨ। ਉਨ੍ਹਾਂ ਨਾਲ ਗੱਲਬਾਤ ਕਰਦੀਆਂ ਹਨ। ‘ਸਿਰਾਜ ਹੁਣ ਤੂੰ ਘਰ ਚਲਾ ਜਾਹ।’ ਮਾਂ ਦੀ ਰੂਹ ਨੇ ਸਿਰਾਜ ਨੂੰ ਕਿਹਾ।

‘ਘਰ?’ ਸਿਰਾਜ ਸਹਿਮ ਗਿਆ। ਉਹਦੇ ਚਿਹਰੇ ਤੇ ਮੌਤ ਦੇ ਪ੍ਰਛਾਵੇਂ ਨੱਚਣ ਲੱਗੇ।

‘ਹਾਂ, ਇੱਥੇ ਕਦੋਂ ਤੱਕ ਰਵੇਂਗਾ? ਮੈਂ ਹਰ ਰੋਜ਼ ਰਾਤ ਨੂੰ ਤੇਰੇ ਕੋਲ ਆਇਆ ਕਰਾਂਗੀ।’

‘ਨਹੀਂ, ਮੈਂ ਘਰ ਨਹੀਂ ਜਾਵਾਂਗਾ, ਕਦੀਂ ਨਹੀਂ, ਕਦੀਂ.........’

ਧੂਆਂ, ਅੱਗ, ਚੀਕਾਂ, ਰੌਲ਼ਾ ।

‘ਅੰਮਾਂ ਮੈਂ ਤੇਰੇ ਅਤੇ ਅੱਬੂ ਦੇ ਨਾਲ ਰਹਾਂਗਾ।’

‘ਤੂੰ ਸਾਡੇ ਨਾਲ ਕਿਵੇਂ ਰਹਿ ਸਕਦਾ ਏਂ ਸਿੱਕੂ.....’

‘ਭਾਈ ਜਾਨ ਤੇ ਭੈਣ ਵੀ ਰਹਿੰਦੇ ਹਨ ਨਾ ਤੁਹਾਡੇ ਨਾਲ’

‘ਉਨ੍ਹਾਂ ਨੂੰ ਵੀ ਸਾਡੇ ਨਾਲ ਹੀ ਜਲਾ ਦਿੱਤਾ ਗਿਆ ਸੀ ਨਾ।’

‘ਫੇਰ.....ਫੇਰ ਤਾਂ ਮੈਂ ਘਰ ਚਲਾ ਜਾਵਾਂਗਾ ਅੰਮਾਂ।’ ...............

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਤੋਂ ਬਾਅਦ ਇਕ ਬੱਚੇ ਦੀ ਰੂਹ ਆਉਂਦੀ ਹੈ...... ਬੱਚਾ ਰਾਤ ਵੇਲੇ ਚਮਕਦੇ ਹੋਏ ਟਟੈਹਣੇ ਵਰਗਾ ਲਗਦਾ ਹੈ। ਇੱਧਰ ਉੱਧਰ ਉਡਦਾ ਫਿਰਦਾ ਹੈ, ਪੂਰੇ ਕੈਂਪ ਵਿਚ ਦੌੜਾ ਫਿਰਦਾ ਹੈ, ਉਛਲਦਾ-ਕੁੱਦਦਾ ਹੈ, ਸ਼ਰਾਰਤਾਂ ਕਰਦਾ ਹੈ, ਤੁਤਲਾਉਂਦਾ ਨਹੀਂ ਸਾਫ ਸਾਫ ਬੋਲਦਾ ਹੈ, ਮਾਂ ਦੇ ਕੱਪੜਿਆਂ ਨਾਲ ਲਿਪਟਿਆ ਰਹਿੰਦਾ ਹੈ, ਬਾਪ ਦੀ ਉਂਗਲ ਫੜੀ ਰੱਖਦਾ ਹੈ। ਸ਼ਾਹ ਆਲਮ ਕੈਂਪ ਦੇ ਦੂਸਰੇ ਬੱਚਿਆਂ ਤੋਂ ਵੱਖਰਾ ਇਹ ਬੱਚਾ ਬਹੁੱਤ ਖੁਸ਼ ਰਹਿੰਦਾ ਹੈ।

‘ਤੂੰ ਇੰਨਾ ਖੁਸ਼ ਕਿਉਂ ਰਹਿੰਦਾ ਏਂ ਬੱਚੇ?’

‘ਤੁਹਾਨੂੰ ਨਹੀਂ ਪਤਾ, ਇਹ ਤਾਂ ਸਭ ਜਾਣਦੇ ਹਨ।’

‘ਕੀ?’

‘ਇਹ ਹੀ ਕਿ ਮੈਂ ਸਬੂਤ ਹਾਂ।’

‘ਸਬੂਤ? ਕਾਹਦਾ ਸਬੂਤ?’

‘ਬਹਾਦਰੀ ਦਾ ਸਬੂਤ ਹਾਂ।’

‘ਕਿਹਦੀ ਬਹਾਦਰੀ ਦਾ ਸਬੂਤ ਐਂ?’

‘ਉਨ੍ਹਾਂ ਦੀ ਜਿਨ੍ਹਾਂ ਨੇ ਮੇਰੀ ਮਾਂ ਦਾ ਪੇਟ ਚੀਰ ਕੇ ਮੈਨੂੰ ਕੱਢਿਆ ਸੀ ਅਤੇ ਮੇਰੇ ਦੋ ਟੁਕੜੇ ਕਰ ਦਿੱਤੇ ਸਨ।’ ...............

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਤੋਂ ਬਾਅਦ ਰੂਹਾਂ ਆਉਂਦੀਆਂ ਹਨ। ਇਕ ਲੜਕੇ ਕੋਲ ਉਹਦੀ ਮਾਂ ਦੀ ਰੂਹ ਆਈ। ਲੜਕਾ ਦੇਖ ਕੇ ਹੈਰਾਨ ਹੋ ਗਿਆ।

‘ਮਾਂ ਤੂੰ ਅੱਜ ਇੰਨੀ ਖੁਸ਼ ਕਿਉਂ ਏਂ?’

‘ਸਿਰਾਜ ਮੈਂ ਅੱਜ ਤੇਰੇ ਦਾਦੇ ਨੂੰ ਮਿਲੀ ਸੀ। ਉਨ੍ਹਾਂ ਨੇ ਮੈਨੂੰ ਆਪਣੇ ਅੱਬਾ ਨਾਲ ਮਿਲਾਇਆ। ਉਨ੍ਹਾਂ ਨੇ ਆਪਣੇ ਦਾਦੇ ਨਾਲ......ਨਕੜ ਦਾਦਾ.....ਤੇਰੇ ਨਕੜ ਦਾਦੇ ਨੂੰ ਮੈਂ ਮਿਲੀ।’ ਮਾਂ ਦੀ ਅਵਾਜ਼ ਵਿਚੋਂ ਖੁਸ਼ੀ ਫੁੱਟ ਰਹੀ ਸੀ। ‘ਸਿਰਾਜ ਤੇਰੇ ਨਕੜ ਦਾਦਾ ਹਿੰਦੂ ਸਨ .....ਹਿੰਦੂ....ਸਮਝਿਆ? ਸਿਰਾਜ ਇਹ ਗੱਲ ਸਾਰਿਆਂ ਨੂੰ ਦੱਸ ਦੇਵੀਂ।’ ...............

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਤੋਂ ਬਾਅਦ ਰੂਹਾਂ ਆਉਂਦੀਆਂ ਹਨ। ਇਕ ਭੈਣ ਦੀ ਰੂਹ ਆਈ। ਰੂਹ ਆਪਣੇ ਭਰਾ ਨੂੰ ਲੱਭ ਰਹੀ ਸੀ। ਲੱਭਦੇ ਹੋਏ ਉਸਦਾ ਭਰਾ ਉਸਨੂੰ ਪੌੜੀਆਂ ’ਤੇ ਬੈਠਾ ਦਿਖਾਈ ਦਿੱਤਾ। ਭੈਣ ਦੀ ਰੂਹ ਖੁਸ਼ ਹੋਈ। ਉਹ ਨੱਠਕੇ ਭਰਾ ਦੇ ਕੋਲ ਪਹੁੰਚੀ ਅਤੇ ਬੋਲੀ ‘ਵੀਰਾ’। ਭਰਾ ਨੇ ਸੁਣਕੇ ਵੀ ਅਨਸੁਣਿਆਂ ਕਰ ਦਿੱਤਾ। ਉਹ ਪੱਥਰ ਦੀ ਮੂਰਤੀ ਬਣਿਆ ਬੈਠਾ ਰਿਹਾ। ਭੈਣ ਨੇ ਫੇਰ ਕਿਹਾ ‘ਸੁਣ ਵੀਰਿਆ’ ਭਰਾ ਨੇ ਫੇਰ ਨਹੀਂ ਸੁਣਿਆ। ਨਾ ਭੈਣ ਵਲ ਹੀ ਦੇਖਿਆ। ‘ਤੂੰ ਮੇਰੀ ਗੱਲ ਕਿਉਂ ਨਹੀਂ ਸੁਣ ਰਿਹਾ ਵੀਰਿਆ? ਭੈਣ ਨੇ ਜੋਰ ਨਾਲ ਕਿਹਾ ਤਾਂ ਭਰਾ ਦਾ ਚਿਹਰਾ ਅੱਗ ਦੀ ਤਰ੍ਹਾਂ ਲਾਲ ਸੁਰਖ ਹੋ ਗਿਆ। ਉਹਦੀਆਂ ਅੱਖਾਂ ਉਬਲਣ ਲੱਗੀਆਂ। ਉਹ ਇਕ ਦਮ ਉੱਠਿਆ ਤੇ ਭੈਣ ਨੂੰ ਬੁਰੀ ਤਰ੍ਹਾਂ ਕੁੱਟਣ ਲੱਗ ਪਿਆ। ਲੋਕ ਇਕੱਠੇ ਹੋ ਗਏ। ਕਿਸੇ ਨੇ ਕੁੜੀ ਤੋਂ ਪੁੱਛਿਆ ਕਿ ਉਹਨੇ ਅਜਿਹਾ ਕੀ ਕਹਿ ਦਿੱਤਾ ਕਿ ਭਰਾ ਉਹਨੂੰ ਕੁੱਟਣ ਹੀ ਲੱਗ ਪਿਆ? ‘ ਮੈਂ ਤਾਂ ਸਿਰਫ ਇਹਨੂੰ ਵੀਰਾ ਕਹਿ ਕੇ ਬੁਲਾਇਆ ਹੀ ਹੈ।’ ਇਕ ਬਜ਼ੁਰਗ ਕਹਿਣ ਲੱਗਾ, ‘ਨਹੀਂ ਸਲੀਮਾ ਨਹੀਂ, ਤੂੰ ਇੰਨੀ ਵੱਡੀ ਗਲਤੀ ਕਿਉਂ ਕੀਤੀ? ਬਜ਼ੁਰਗ ਫੁੱਟ ਫੁੱਟ ਕੇ ਰੋਣ ਲੱਗਾ ਅਤੇ ਭਰਾ ਆਪਣਾ ਸਿਰ ਪਿੱਟਣ ਲੱਗਾ। ...............

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਤੋਂ ਬਾਅਦ ਰੂਹਾਂ ਆਉਂਦੀਆਂ ਹਨ। ਇਕ ਦਿਨ ਹੋਰ ਰੂਹਾਂ ਦੇ ਨਾਲ ਇਕ ਬੁੱਢੇ ਆਦਮੀ ਦੀ ਰੂਹ ਵੀ ਸ਼ਾਹ ਆਲਮ ਕੈਂਪ ਵਿਚ ਆ ਗਈ। ਬੁੱਢਾ ਆਦਮੀ ਨੰਗੇ ਪਿੰਡੇ ਸੀ, ਉੱਚੀ ਧੋਤੀ ਬੰਨ੍ਹੀ ਹੋਈ ਸੀ। ਪੈਰਾਂ ਵਿਚ ਚਪਲਾਂ ਸਨ ਅਤੇ ਹੱਥ ਵਿਚ ਇਕ ਬਾਂਸ ਦਾ ਡੰਡਾ ਸੀ। ਧੋਤੀ ਵਿਚ ਉਹਨੇ ਕਿਧਰੇ ਘੜੀ ਬੰਨੀ ਹੋਈ ਸੀ।

ਰੂਹਾਂ ਨੇ ਬੁੱਢੇ ਆਦਮੀ ਨੂੰ ਪੁੱਛਿਆ ‘ ਕੀ ਤੁਹਾਡਾ ਵੀ ਕੋਈ ਰਿਸ਼ਤੇਦਾਰ ਕੈਂਪ ਵਿਚ ਹੈ?’

ਬੁੱਢੇ ਨੇ ਕਿਹਾ ‘ਨਹੀਂ ਅਤੇ ਹਾਂ।’

ਰੂਹਾਂ ਨੇ ਬੁੱਢੇ ਆਦਮੀ ਨੂੰ ਪਾਗਲ ਸਮਝ ਕੇ ਛੱਡ ਦਿੱਤਾ ਅਤੇ ਉਹ ਕੈਂਪ ਦਾ ਗੇੜਾ ਲਾਉਣ ਲੱਗੀਆਂ।

ਕਿਸੇ ਨੇ ਬੁੱਢੇ ਆਦਮੀ ਨੂੰ ਪੁੱਛਿਆ ‘ਬਾਬਾ ਤੁਸੀਂ ਕਿਸ ਨੂੰ ਲੱਭ ਰਹੇ ਹੋ?’

ਬੁੱਢੇ ਨੇ ਕਿਹਾ ‘ ਅਜਿਹੇ ਲੋਕਾਂ ਨੂੰ ਜੋ ਮੇਰੀ ਹੱਤਿਆ ਕਰ ਸਕਣ।’

‘ਕਿਉਂ?’

‘ਮੈਨੂੰ ਅੱਜ ਤੋਂ ਪੰਜਾਹ ਸਾਲ ਪਹਿਲਾਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਹੁਣ ਮੈਂ ਚਾਹੁੰਦਾ ਹਾਂ ਦੰਗਾਕਾਰੀ ਮੈਨੂੰ ਜੀਊਂਦੇ ਨੂੰ ਜਾਲ ਕੇ ਮਾਰ ਦੇਣ।’

‘ਇਹ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ ਬਾਬਾ?’

‘ਸਿਰਫ ਇਹ ਦੱਸਣ ਲਈ ਕਿ ਨਾ ਤਾਂ ਉਨ੍ਹਾਂ ਵਲੋਂ ਗੋਲੀ ਮਾਰਿਆਂ ਹੀ ਮੈਂ ਮਰਿਆ ਸੀ ਅਤੇ ਨਾ ਹੀ ਉਨ੍ਹਾਂ ਵਲੋਂ ਜੀਊਂਦੇ ਜਾਲ ਦੇਣ ਨਾਲ ਮੈਂ ਮਰਾਂਗਾ।’ ...............

ਸ਼ਾਹ ਆਲਮ ਕੈਂਪ ਵਿਚ ਇਕ ਰੂਹ ਤੋਂ ਕਿਸੇ ਨੇ ਪੁੱਛਿਆ ‘ਤੇਰੇ ਮਾਂ-ਬਾਪ ਹਨ?’

‘ਮਾਰ ਦਿੱਤਾ ਸਾਰਿਆਂ ਨੂੰ’

‘ਭੈਣ-ਭਰਾ?’

‘ਨਹੀਂ ਹੈ।’

‘ਕੋਈ ਹੈ?’

‘ਨਹੀਂ’

‘ਇੱਥੇ ਅਰਾਮ ਨਾਲ ਹੋ?’

‘ਹਾਂ, ਹਾਂ’

‘ਖਾਣਾ-ਪੀਣਾ ਮਿਲਦਾ ਹੈ?’

‘ਹਾਂ ਮਿਲਦਾ ਹੈ?’

‘ਕੱਪੜੇ-ਲੱਤੇ ਹਨ?’

‘ਹਾਂ ਹੈਨ’

‘ਕੁੱਝ ਚਾਹੀਦਾ ਤਾਂ ਨਹੀਂ?’

‘ਕੁੱਝ ਨਹੀਂ’

‘ਕੁੱਝ ਨਹੀਂ?’

‘ਕੁੱਝ ਨਹੀਂ।’

ਨੇਤਾ ਜੀ ਖੁਸ਼ ਹੋ ਗਏ। ਸੋਚਿਆ ਲੜਕਾ ਸਮਝਦਾਰ ਹੈ। ਮੁਸਲਮਾਨਾਂ ਵਰਗਾ ਨਹੀਂ ਹੈ। ...............

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਤੋਂ ਬਾਅਦ ਰੂਹਾਂ ਆਉਂਦੀਆਂ ਹਨ। ਇਕ ਦਿਨ ਰੂਹਾਂ ਦੇ ਨਾਲ ਸ਼ੈਤਾਨ ਦੀ ਰੂਹ ਵੀ ਆ ਗਈ। ਇਧਰ ਉੱਧਰ ਦੇਖ ਕੇ ਬੜਾ ਸ਼ਰਮਿੰਦਾ ਅਤੇ ਪ੍ਰੇਸ਼ਾਨ ਹੋਇਆ । ਲੋਕਾਂ ਨਾਲ ਅੱਖਾਂ ਨਹੀਂ ਮਿਲਾ ਰਿਹਾ ਸੀ। ਕੰਨੀ ਕਤਰਾ ਰਿਹਾ ਸੀ। ਰਸਤਾ ਬਦਲ ਲੈਂਦਾ ਸੀ। ਗਰਦਨ ਝੁਕਾ ਕੇ ਤੇਜੀ ਨਾਲ ਉੱਧਰ ਮੁੜ ਜਾਂਦਾ ਸੀ ਜਿੱਧਰ ਲੋਕ ਨਹੀਂ ਹੁੰਦੇ ਸਨ। ਆਖਰ ਵਿਚ ਲੋਕਾਂ ਨੇ ਉਹਨੂੰ ਫੜ ਹੀ ਲਿਆ। ਉਹ ਅਸਲੋਂ ਸਰ਼ਮਿੰਦਾ ਹੋ ਕੇ ਕਹਿਣ ਲੱਗਾ, ‘ ਹੁਣ ਜੋ ਕੁੱਝ ਹੋਇਆ ਹੈ ਇਸ ਵਿਚ ਮੇਰਾ ਕੋਈ ਹੱਥ ਨਹੀਂ। ਅੱਲ੍ਹਾ ਦੀ ਕਸਮ ਮੇਰਾ ਕੋਈ ਹੱਥ ਨਹੀਂ।’ ਲੋਕਾਂ ਨੇ ਕਿਹਾ, ‘ਹਾਂ-ਹਾਂ ਅਸੀਂ ਜਾਣਦੇ ਹਾਂ ਕਿ ਤੂੰ ਤਾਂ ਇਵੇਂ ਕਰ ਹੀ ਨਹੀਂ ਸਕਦਾ। ਆਖਰ ਤੁਹਾਡਾ ਵੀ ਕੋਈ ਸਟੈਂਡਰਡ ਹੈ।’ ਸ਼ੈਤਾਨ ਠੰਢਾ ਸਾਹ ਲੈ ਕੇ ਕਹਿਣ ਲੱਗਾ, ‘ਚਲੋ ਦਿਲ ਤੋਂ ਇਕ ਬੋਝ੍ਹ ਉਤਰ ਗਿਆ.......ਤੁਸੀਂ ਲੋਕ ਸਚਾਈ ਜਾਣਦੇ ਹੋ।’ ਲੋਕਾਂ ਨੇ ਕਿਹਾ, ‘ਕੁੱਝ ਦਿਨ ਪਹਿਲਾਂ ਅੱਲ੍ਹਾ ਮੀਆਂ ਵੀ ਆਏ ਸਨ ਅਤੇ ਇਹ ਹੀ ਕਹਿ ਰਹੇ ਸਨ।’

_______

 

****

(30 ਅਪਰੈਲ 2008) ਚਾਤ੍ਰਿਕ ਯੂਨੀਕੋਡ

ਕੇਹਰ ਸ਼ਰੀਫ਼ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>>>>>>

e-mail:
ਲਿਖਾਰੀ

Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.