|
|
|
ਅਜੋਕਾ
ਵਾਧਾ::
30 April, 2008 |
ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ
ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ
ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ
|

|
-ਲੇਖ/ਆਲੋਚਨਾ/ਪਠਨ/ਰੀਵੀਊ/ਵਿਚਾਰ
|

|
|

ਡਾ. ਗੁਲਜ਼ਾਰ ਪੰਧੇਰ |
ਦੇਸੀ ਅਤੇ ਵਿਦੇਸੀ ਸਰੋਕਾਰਾਂ ਦੀ ਸ਼ਾਇਰੀ
'ਕੁਝ ਆਰ ਦੀਆਂ ਕੁਝ ਪਾਰ ਦੀਆਂ'
ਡਾ. ਗੁਲਜ਼ਾਰ ਪੰਧੇਰ*
|

ਗੁਰਦੇਵ ਸਿੰਘ ਘਣਗਸ |
‘ਕੁਝ
ਆਰ ਦੀਆਂ ਕੁਝ ਪਾਰ ਦੀਆਂ’ ਗੁਰਦੇਵ ਸਿੰਘ ਘਣਗਸ ਦੁਆਰਾ ਰਚਿਆ ਤੀਜਾ ਕਾਵਿ
–ਸੰਗ੍ਰਹਿ ਹੈ । ਓਪਰੀ ਨਜ਼ਰੇ ਵੇਖਦਿਆਂ ਨਾਮ ਤੋਂ ਇੰਜ ਜਾਪਦਾ ਹੈ ਕਿ ਇਹ
ਏਧਰਲੀਆਂ ਓਧਰਲੀਆਂ ਗੱਲਾਂ ਹਨ ਪਰੰਤੂ ਪੁਸਤਕ ਦੇ ਅਧਿਐਨ ਤੋਂ ਬਾਅਦ ਰਾਇ ਬਣਦੀ
ਹੈ ਕਿ ਇਹ ਇਕ ਪਰਵਾਸੀ ਪੰਜਾਬੀ ਵੱਲੋਂ ਦੇਸੀ ਅਤੇ ਵਿਦੇਸੀ ਸਰੋਕਾਰਾਂ ਬਾਰੇ
ਵਿਭਿੰਨ ਕਾਵਿ ਰੂਪਾਂ ਵਿਚ ਪ੍ਰਗਟਾਏ ਵਿਚਾਰ ਹਨ। ਇਹਨਾਂ ਵਿਚਾਰਾਂ ਵਿਚ ਪੰਜਾਬੀ
ਸਭਿਆਚਾਰ, ਇਕ ਅੰਤਰਰਾਸ਼ਟਰੀ ਵਰਤਾਰੇ ਵੱਜੋਂ ਕਿਵੇਂ ਅਪਣਾ ਰੂਪ ਬਣਾ ਰਿਹਾ ਹੈ,
ਕਾਵਿਕ ਪ੍ਰਭਾਵਾਂ ਵਿਚ ਪੇਸ਼ ਹੋਇਆ ਹੈ। ਇਸ ਕਾਵਿ ਸੰਗ੍ਰਹਿ ਵਿਚ ਕਵੀ ਨੇ
ਕਵਿਤਾ, ਗਜ਼ਲ, ਬੋਲੀਆਂ, ਰੁਬਾਈਆਂ, ਬੈਂਤ, ਕਵੀਸ਼ਰੀ ਅਤੇ ਗੀਤ ਆਦਿ
ਕਾਵਿ-ਵਿਧਾਵਾਂ ਦੀ ਵਰਤੋਂ ਕੀਤੀ ਹੈ। ਸ਼ਾਇਰ ਇਸ ਰਾਇ ਦਾ ਹਾਮੀ ਹੈ ਕਿ ਕਿਸੇ
ਵਿਚਾਰ ਨੂੰ ਪੇਸ਼ ਕਰਨ ਲਈ ਵਿਭਿੰਨ ਕਾਵਿ-ਵਿਧਾਵਾਂ ਵਿਚਾਰ ਦਾ ਸੰਚਾਰ ਕਰਨ ਵਿਚ
ਸਹਾਈ ਹੁੰਦੀਆਂ ਹਨ। ਸ਼ਾਇਰ ਪੰਜਾਬੀ ਸਭਿਆਚਾਰਕ ਵਿਰਸੇ ਦੀਆਂ ਸਦੀਵੀ ਮਨੁਖੀ
ਕਦਰਾਂ ਕੀਮਤਾਂ ਲਈ ਬਹੁਤ ਸ਼ਰਧਾਮਈ ਭਾਵਕਾਂ ਰੱਖਦਾ ਹੈ। ਗੁਰਬਾਣੀ ਦੀ ਮਾਨਵੀ
ਪਹੁੰਚ ਲਈ ਉਹਦੀ ਭਰਪੂਰ ਸ਼ਰਧਾ ਹੈ। ਨਾਨਕ, ਫਰੀਦ ‘ਤੇ ਬੁਲ੍ਹੇ ਨੂੰ ਉਹ ਫੇਰ
ਬੁਲਾਉਣਾ ਚਾਹੁੰਦਾ ਹੈ। ਮਿਰਜਾ-ਸਾਹਿਬਾਂ ਹੀਰ-ਰਾਂਝੇ ਦੀਆਂ ਲੋਕ-ਕਥਾਵਾਂ ਲਈ
ਉਹਦੇ ਮਨ ‘ਚ ਸਤਿਕਾਰ ਹੈ। ਗਦਰੀ ਬਾਬਿਆਂ ‘ਤੇ ਭਗਤ ਸਰਾਭੇ ਹੋਰਾਂ ਦੀ ਕੁਰਬਾਨੀ
ਦੀ ਉਸ ਨੂੰ ਕਦਰ ਹੈ। ਪਰੰਤੂ ਪੰਜਾਬੀ ਸਭਿਆਚਾਰ ਵਿਚ ਵਿਸ ਘੋਲਦਾ ਵਿਦੇਸ਼ ਜਾਣ
ਦਾ ਲਾਲਚ ‘ਤੇ ਛਿੱਕੇ ਟੰਗੀਆਂ ਕਦਰਾਂ ਕੀਮਤਾਂ ਨੂੰ ਉਹ ਵਿਅੰਗ ਦੀਆਂ ਖੂਬਸੂਰਤ
ਜੁਗਤਾਂ ਨਾਲ ਟੱਪਿਆਂ ਵਿੱਚ ਪੇਸ਼ ਕਰਦਾ ਹੈ:
-‘ਜਦੋਂ ਦੇਖਿਆ ਮੁੰਡੇ ਦੇ ਹੱਥ ਵੀਜਾ, ਬਾਪੂ ਦੇ ਪਸੰਦ ਆ ਗਿਆ।’
-‘ਭਾਬੋ ਦੱਬ ਲਏ ਵਰੀ ਦੇ ਲੀੜੇ, ਵੀਰੇ ਨੇ ਸਿਆੜ ਦੱਬ ਲਏ।’
-‘ਭੋਇਂ ਧਰਕੇ ਕਨੇਡਾ ਚੱਲਿਆ, ਸਾਕ ਦੀ ਹੈ ਝਾਕ ਮਿੱਤਰਾ।’
-‘ਮੇਰੀ ਸੱਸ ਦੇ ਪੁੱਠੇ ਦਿਨ ਆਏ , ਕਨੇਡਾ ਆ ਕੇ ਪਾਉਂਦੀ ਸੈਂਡਲਾਂ।’ (ਪੰਨਾ
97)
1947 ਵੇਲੇ ਹਿੰਦ ਪਾਕਿ ਵੰਡੇ ਜਾਣ ਦਾ ਉਸਨੂੰ ਝੋਰਾ ਹੈ। ਪੂਰਬੀ ਪੰਜਾਬ ਦੀ
ਆਰਥਕ ਸਮਾਜਿਕ ਅਤੇ ਰਾਜਨੀਤਕ ਹਾਲਤ ਵੀ ਉਸਨੂੰ ਏਧਰਲੇ ਪੰਜਾਬ ਵਰਗੀ ਹੀ ਜਾਪਦੀ
ਹੈ । ਫਰਵਰੀ 2007 ਦੀ ਪਾਕਿਸਤਾਨ ਫੇਰੀ ਤੋਂ ਬਾਅਦ ਉਸਨੇ ਨਜ਼ਮ ਲਿਖੀ, ‘ਵੇਖ
ਲਿਆ ਤੇਰਾ ਵੀ ਪੰਜਾਬ ਦੋਸਤਾ’। ਮਾਂ ਬੋਲੀ ਉੱਤੇ ਲੱਗੀ ਰੋਕ ਟੋਕ ਉਹਨੂੰ
ਖਿਝਾਉਂਦੀ ਹੈ:
ਮਾਂ ਬੋਲੀ ਉਤੇ ਰੋਕ ਟੋਕ ਮਿਤਰਾ
ਲੋਕ ਤੇਰੇ ਅਜੇ ਵੀ ਨੇ ਲੋਕ ਮਿਤਰਾ
ਮੱਕੀ ਦੀਆਂ ਰੋਟੀਆਂ ਤੇ ਸਾਗ ਦੋਸਤਾ
ਦੇਖ ਲਿਆ ਤੇਰਾ ਵੀ ਪੰਜਾਬ ਦੋਸਤਾ । (ਪੰਨਾ 43)
ਸ਼ਾਇਰ ਦਾ ਬਹੁਤਾ ਤਜਰਬਾ ਵੱਡੇ ਸਾਮਰਾਜੀ ਦੇਸ਼ ਅਮਰੀਕਾ ਰਹਿਣ ਦਾ ਹੈ। ਉਥੋਂ ਦੀ
ਬੇਰਹਿਮ ਜ਼ਿਦਗੀ ਬਾਰੇ ਅਨੁਭਵ ਦਾ ਉਸਨੂੰ ਅਹਿਸਾਸ ਹੈ:
-‘ਅਮਰੀਕਾ ਵਿਚ ਆ ਕੇ ਦੇਖ
ਖੁਦ ਹੀ ਹੱਡ ਘਸਾਕੇ ਦੇਖ।’
-‘ਟੈਕਸੀ ਵਾਂਗੂੰ ਖੜਕ ਜਾਏਂਗਾ
ਪੰਜ ਸੱਤ ਸਾਲ ਲਗਾਕੇ ਦੇਖ।’
ਇਰਾਕ ਵਿਚ ਅਮਰੀਕਾ ਦੀ ਜ਼ਾਲਮ ਪਹੁੰਚ ਬਾਰੇ ਸ਼ਾਇਰ ਦੀਆਂ ਅਨੁਭਵੀ ਕਾਵਿ-ਸਤਰਾਂ
ਮਨੁਖੀ ਸੰਵੇਦਨਾ ਦਾ ਅਹਿਸਾਸ ਕਰਾਉਂਦੀਆਂ ਹਨ:
‘ਬਸਰਾ ਬਗਦਾਦ ਦੀ ਸੁਣੋ ਕਹਾਣੀ ਉਚੀਆਂ ਉਚੀਆਂ ਚੀਕਾਂ ਹੂ
ਅੰਦਰੋਂ ਹੈ ਦਿਲ ਪੁਰਜਾ ਪੁਰਜਾ, ਤਨ ਪਿੰਜਰੇ ਦੀਆਂ ਸੀਖਾਂ ਹੂ।’
ਗੁਰਦੇਵ ਸਿੰਘ ਘਣਗਸ ਨੇ ਉਪਰੋਕਤ ਤੋਂ ਇਲਾਵਾ ਮਾਨਵੀ ਪ੍ਰਗਤੀਸ਼ੀਲ ਦਰਿਸ਼ਟੀਕੋਨ
ਨੂੰ ਵਿਭਿੰਨ ਕਾਵਿ ਵਿਧਾਵਾਂ ਵਿਚ ਅੰਕਿਤ ਕਰਨ ਦਾ ਯਤਨ ਕੀਤਾ ਹੈ। ਵਿਭਿੰਨ
ਕਾਵਿ ਰੂਪਾਂ ਦੇ ਛੰਦ ਵਿਧਾਨ ਬਾਰੇ ਗਿਆਨ ਹੋਣ ਦਾ ਮੈਂ ਦਾਅਵੇਦਾਰ ਨਹੀਂ ਸੋ ਉਸ
ਬਾਰੇ ਅਪਣੀ ਕੋਈ ਰਾਇ ਦੇਣ ਤੋਂ ਸੰਕੋਚ ਹੀ ਕਰਾਂਗਾ ਪਰੰਤੂ ਸਮੁਚੀਆਂ ਕਾਵਿ
ਵਿਧਾਵਾਂ ਵਿਚ ਮੈਂਨੂੰ ਕਾਵਿਕ ਸੰਵੇਦਨਾ ਦੇ ਦਰਸ਼ਨ ਹੋਏ ਹਨ। ਗਜ਼ਲ ਦੇ ਵਿਧਾਨ
ਨੂੰ ਸੰਪੂਰਨ ਰੂਪ ਵਿਚ ਨਿਭਾਉਣ ਦਾ ਸ਼ਾਇਰ ਖੁਦ ਵੀ ਦਾਅਵਾ ਨਹੀਂ ਕਰਦਾ ਪਰੰਤੂ
ਕੁਝ ਕੁ ਸ਼ੇਅਰਾਂ ਦੀ ਸੰਵੇਦਨਾ ਮਿਸਾਲ ਵੱਜੋਂ ਹੇਠਾਂ ਦੇਖੀ ਜਾ ਸਕਦੀ ਹੈ ।
ਇਸਦੀ ਸ਼ਲਾਘਾ ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ ਹੁਰਾਂ ਨੇ ਕਿਤਾਬ ਦੇ ਮੁਖ-ਬੰਦ
ਵਿਚ ਵੀ ਕੀਤੀ ਹੈ:
-‘ ਕਿਉਂ ਘਣਗਸ ਤੂੰ ਛੇੜਨ ਲੱਗਿਆ ਹੁਸਨ ਇਸ਼ਕ ਦੇ ਚੋਰ ਦੀ ਗੱਲ
ਹੁਣ ਤੇ ਹੀਰ, ਹੀਰ ਦੀ ਕੈਦੋਂ, ਨਾ ਕਰ ਚੁਗਲੀ-ਖੋਰ ਦੀ ਗੱਲ।’
-‘ ਫਲਸਤੀਨ ਦੀਆਂ ਮਾਵਾਂ ਰੋ ਰੋ ਪਿਟ ਪਿਟ ਕੇ
ਦੇਖ ਨੀ ਹੁੰਦੀਆਂ ਅਜੇ ਤਾਂ ਪੁੱਤਰ ਵਾਰ ਦੀਆਂ।’
-‘ ਲਿਖਣ ਵਾਲੀ ਚੀਜ਼ ਕੋਈ ਮਿਲਦੀ ਨੀ ਸਾਨੂੰ ਤਾਂ
ਹਾਲ ਲਿਖ ਪੰਜਾਬ ਦਾ ਟੁੱਟਾ ਹੋਇਆ ਖ਼ਾਬ ਲਿਖ।’
ਇਸੇ ਤਰ੍ਹਾਂ ਰੁਬਾਈਆਂ, ਬੈਂਤ, ਕਵੀਸ਼ਰੀ ਅਤੇ ਗੀਤਾਂ ਵਿੱਚ ਅਪਣੀ ਸੰਵੇਦਨਾ ਤੇ
ਸ਼ਾਇਰੀ ਨੂੰ ਲਿਸ਼ਕਾਉਣ ਲਈ ਪਿੰਗਲ ਅਤੇ ਅਰੂਜ਼ ਦੀ ਵਰਤੋਂ ਵਿਚਾਰ ਦੇ ਅਧੀਨ ਰੱਖ
ਕੇ ਕੀਤੀ ਗਈ ਹੈ। ਉਹਦੇ ਅੰਦਾਜ਼ ਵਿਚ ਸਹਿਜਤਾ ਹੈ। ਵਿਭਿੰਨ ਕਾਵਿ-ਵਿਧਾਵਾਂ ਦੀ
ਵਰਤੋਂ ਉਸਦੀ ਕਵਿਤਾ ਨੂੰ ਧਰਤੀ ਦੇ ਲੋਕਾਂ ਦੇ ਵਧੇਰੇ ਨੇੜੇ ਲੈ ਆਉਂਦੀ ਹੈ।
ਵਿਭਿੰਨ ਵਿਧਾਵਾਂ ਦੇ ਸੁਭਾਅ ਨਾਲ ਉਹ ਰਿਸ਼ਤਿਆਂ ਨਾਤਿਆਂ ਅਤੇ ਸੱਭਿਆਚਾਰਕ
ਸਥਿਤੀਆਂ ਪ੍ਰਸਥਿਤੀਆਂ ਤੇ ਵਧੇਰੇ ਸ਼ਕਤੀਸ਼ਾਲੀ ਟਕੋਰ ਕਰਨ ਵਿਚ ਕਾਮਯਾਬ ਰਹਿੰਦਾ
ਹੈ। ਕਈ ਕਾਵਿ ਸਤਰਾਂ ਤਾਂ ਲੋਕ-ਸੱਚ ਦੀ ਤਰਾਂ ਮੂੰਹ ਤੇ ਚੜ੍ਹ ਜਾਣ ਵਾਲੀਆਂ
ਹਨ। ਵਿਭਿੰਨ ਵਿਧਾਵਾਂ ਵਿਚੋਂ ਪੰਜਾਬੀ-ਬੋਲੀ-ਪਾਉਣ ਦੀ ਵਿਧਾ ਨੂੰ ਸਭ ਤੋਂ
ਕਾਮਯਾਬੀ ਨਾਲ ਵਰਤੋਂ ਵਿਚ ਲਿਆਉਂਦਾ ਹੈ। ਪਰਵਾਸ ਦੇ ਦ੍ਰਿਸ਼ਟੀਕੋਨ ਤੋਂ ਪੰਜਾਬੀ
ਮਾਨਸਿਕਤਾ ਦੀ ਤਰਜਮਾਨੀ ਕਰਦੀਆਂ ‘ਬੋਲੀਆਂ’ ਲੋਕ ਗੀਤਾਂ ਵਰਗੀ ਵੰਨਗੀ ਦੇ ਕਾਵਿ
ਦੀ ਸਿਰਜਣਾ ਕਰ ਜਾਂਦੀਆਂ ਹਨ। ਇਕ ਮਿਸਾਲ ਦੇਖ ਸਕਦੇ ਹਾਂ:
‘ ਪੰਜਾਬ ਦੀ ਮੈਂ ਜੰਮੀ-ਜਾਈ, ਵਿਚ ਕਨੇਡਾ ਵਿਆਹੀ
ਕੁੜਮ ਕੋੜਮਾ ‘ਕੱਠੇ ਰਹਿੰਦੇ, ਚਾਚੀ ਨਾਨੀ ਤਾਈ
ਦਿਨ ਰਾਤੀਂ ਸਭ ਲਾਉਂਦੇ ਸ਼ਿਫਟਾਂ, ਨੱਕ-ਦਮ ਜਿੰਦ ਫਸਾਈ
ਇਕ ਗੱਲੋਂ ਤਾਂ ਲੋੜ ਸਮੇਂ ਦੀ ਹੋ ਜਾਊ ਪੈਰ ਟਿਕਾਈ
ਇਕ ਗੱਲੋਂ ਪਰ ਡਰ ਵੀ ਲੱਗਦੈ ਛਿੜ ਨਾ ਪਵੇ ਲੜਾਈ
ਆਖਰ ਇਕ ਦਿਨ ਕਰਨੀ ਪੈਣੀ ਸਭ ਨੂੰ ਵੰਡ ਵੰਡਾਈ
ਮੌਲਾ ਖ਼ੈਰ ਕਰੀਂ ਉਲਟਾ ਨਾ ਲਮਕਾਈਂ।’ (ਪੰਨਾ 93)
ਸਮੁੱਚੀ ਕਵਿਤਾ ਵਿਚ ਮੁਹੱਬਤ ਰਿਸ਼ਤਿਆਂ ਰਾਹੀਂ ਜਿਉਣਾ ਲੋਚਦੀ ਹੈ। ਵਿਅੰਗ ਅਤੇ
ਸਹਿਜ ਟਕੋਰ ਵਿਚੋਂ ਉਪਜਿਆ ਹਾਸਰਸ ਕਵਿਤਾ ਨੂੰ ਖੁਸ਼ਕ ਗੰਭੀਰਤਾ ਤੋਂ ਬਚਾਉਂਦਾ
ਹੈ। ਸਮੁੱਚੀ ਕਵਿਤਾ ਸਹਿਜ ਰੂਪ ਵਿਚ ਇਕ ਵਿਚਾਰ ਪ੍ਰਬੰਧ ਦਾ ਪ੍ਰਵਾਹ ਹੈ, ਕਿਸੇ
ਅਤਿ ਗੰਭੀਰ ਵਿਚਾਰ ਨੂੰ ਸਾਡੇ ਤੇ ਠੋਸਦੀ ਨਹੀਂ । ਇਹ ਕਵਿਤਾ ਕਿਸੇ ਵੀ ਕਿਸਮ
ਦੀ ਅੱਤ ਜਾਂ ਵਧੀਕੀ ਨੂੰ ਸਵੀਕਾਰ ਨਹੀਂ ਕਰਦੀ; ਇਕ ਸ਼ਿਅਰ ਸੁਣੋ:
‘ ਸੱਦਾਮ ਦੀ ਅੱਤ ਨਾ ਭਲੀ, ਭਲੀ ਨਾ ਬੁਸ਼ ਦੀ ਅੱਤ
ਰਲ਼ ਮਿਲ ਕੇ ਅੱਤਵਾਦੀਆਂ ਮਾਰੀ ਸਭਦੀ ਮੱਤ।’
ਇਓਂ ਸਹਿਜ਼ ਤੋਰ ਘਣਗਸ ਦੇ ਕਾਵਿ-ਸ਼ਾਸਤਰ ਦੀ ਆਂਤਰਿਕ ਚੂਲ਼ ਹੈ। ਪੰਜਾਬੀ ਮਾਂ
ਬੋਲੀ ਦੇ ਅਲੋਪ ਹੋ ਜਾਣ ਦੀ ਚਿੰਤਾ ਵਧੇਰੇ ਗੰਭੀਰ ਹੋ ਰਹੀ ਹੈ। ਪਰਵਾਸੀ
ਪੰਜਾਬੀ ਇਸਨੂੰ ਜਿਆਦਾ ਛਿੱਦਤ ਨਾਲ ਮਹਿਸੂਸ ਕਰ ਰਹੇ ਹਨ। ਗੁਰਦੇਵ ਘਣਗਸ
ਪ੍ਰਦੇਸ ਵਿਚ ਰਹਿਕੇ ਵੀ ਅਪਣੀ ਧਰਤੀ ਨਾਲ ਜੁੜੀ ਉਪਭਾਖਾ ਦੇ ਸ਼ਬਦ ਨਹੀਂ ਭੁਲਦਾ।
ਜਦੋਂ ਸ਼ਬਦ ਖੰਭ ਦੀ ਥਾਂ ਤੇ ਫੰਗ ਵਰਤਦਾ ਹੈ ਤਾਂ ਮੈਂਨੂੰ ਘਣਗਸ ਦੇ ਬਾਰਾਂ
ਕੋਹਾਂ ਵਿਚ ਬੋਲੀ ਜਾਂਦੀ ਬੋਲੀ ਦੀ ਯਾਦ ਆਉਂਦੀ ਹੈ। ਬਾਣ ਦੇ ਮੰਜੇ ਤੇ ਬੈਠੇ
ਜੱਟ ਦੀ ਟੌਹਰ ਤੇ ਟਕੋਰ ਉਹਦੀ ਮੌਲਿਕ ਹੈ, ਉਹਦਾ ਇਕ ਸ਼ੇਅਰ ਹੈ:
‘ਫੰਗਾਂ ਬਿਨਾ ਮੋਰ ਕੀ ਪੰਜੇ ਬਿਨਾ ਜੋਰ ਕੀ
ਜੱਟ ਬਾਣ ਮੰਜੇ ਬਿਨਾ ਲੱਗੇ ਨਾ ਨਵਾਬ ਜੀ।’
ਇਓਂ ਸਮੁੱਚੇ ਰੂਪ ਵਿਚ ਵੱਡੀ ਉਮਰ ਵਿਚ ਛਪਣ ਦੇ ਬਾਬਜੂਦ ਉਹਦੇ ਵਿਚ ਕਵਿਤਾ ਦੀ
ਕਣੀ ਮੌਜੂਦ ਹੈ। ਉਹਦੇ ਵਿਚ ਕਾਵਿ-ਸ਼ਾਸਤਰੀ ਭਾਂਡਾ ਹੈ। ਹੋਰ ਚੰਗੀ ਕਵਿਤਾ ਪੈਦਾ
ਹੋ ਸਕਦੀ ਹੈ ਜੇਕਰ ਉਹ ਸਮਕਾਲੀ ਕਵਿਤਾ ਦਾ ਵਧੇਰੇ ਅਧਿਐਨ ਕਰਨ ਅਤੇ ਅਪਣੀ ਗਹਿਨ
ਗੰਭੀਰ ਸੰਵੇਦਨਾ ਹੋਰ ਤਿੱਖੀ ਕਰਨ। ਉਂਝ ਮਾਂ ਬੋਲੀ ਵਿਚ ਇਸ ਉਮਰੇ ਤੀਸਰੀ
ਪੁਸਤਕ ਪਾਉਣਾ ਉਹਨਾ ਦੀ ਵਿਲੱਖਣ ਕਿਸਮ ਦੀ ਪ੍ਰਾਪਤੀ ਹੈ।
• Dr. Gulzar Singh Pandher
10/126 P.A.U. Campus
Ludhiana, Punjab, India
Phone: 981-554-8258
Email: gulzarpandher@yahoo.co.in
*****
30 ਅਪਰੈਲ 2008 |
*******
|
|
ਡਾ:ਗੁਲਜ਼ਾਰ ਪੰਧੇਰ ਦੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ
|

ਲਿਖਾਰੀ
Likhari
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|