ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

-ਲੇਖ/ਆਲੋਚਨਾ/ਪਠਨ/ਰੀਵੀਊ/ਵਿਚਾਰ/ਮੁਲਾਕਾਤ

ਡਾ. ਜੋਗਿੰਦਰ ਸਿੰਘ ਨਿਰਾਲਾ

ਗੁਰਦੇਵ ਸਿੰਘ ਘਣਗਸ ਨਾਲ ਕੁਝ ਗੱਲਾਂ
ਮੁਲਾਕਾਤ: ਡਾ. ਜੋਗਿੰਦਰ ਸਿੰਘ ਨਿਰਾਲਾ



ਗੁਰਦੇਵ ਸਿੰਘ ਘਣਗਸ

 

ਨੋਟ: ਪਿਛਲੇ ਦਿਨੀਂ ਜਦੋਂ ਪੰਜਾਬੀ ਲੇਖਕ ਗੁਰਦੇਵ ਸਿੰਘ ਘਣਗਸ ਪੰਜਾਬ ਗਏ ਤਾਂ ਬਰਨਾਲੇ ਤੋਂ ਛਪਦੇ ਤਿਮਾਹੀ ਸਾਹਿਤਕ ਪੱਤਰ ‘ਮੁਹਾਂਦਰਾ’ ਦੇ ਸੰਪਾਦਕ ਜੋਗਿੰਦਰ ਸਿੰਘ ਨਿਰਾਲਾ ਨੇ ਉਨ੍ਹਾਂ ਨਾਲ ਇਕ ਮੁਲਾਕਾਤ ਕੀਤੀ। ਉਸ ਮੁਲਾਕਾਤ ਦੇ ਕੁਝ ਅੰਸ਼ ਅਸੀਂ ‘ਲਿਖਾਰੀ’ ਦੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ ... ਲਿਖਾਰੀ।

? ਘਣਗਸ ਸਾਹਿਬ, ਤੁਸੀਂ ਸਭ ਤੋਂ ਪਹਿਲਾਂ ਅਪਣੇ ਪਰਿਵਾਰਕ ਪਿਛੋਕੜ ਵਾਰੇ ਦੱਸੋ।

: ਮੇਰਾ ਪਿਛੋਕੜ ਪਿੰਡ ਵੀ ‘ਘਣਗਸ’ ਹੈ ਜੋ ‘ਰਾੜਾ ਸਾਹਿਬ’ (ਕਰਮਸਰ) ਗੁਰਦੁਆਰੇ ਤੋਂ ਨਹਿਰੋਂ ਪਾਰ ਦਿਖਦਾ ਹੈ। ਇਹ ਪਿੰਡ ਸਰਹੰਦ ਨਹਿਰ ਦੀ ਬਠਿੰਡਾ ਸ਼ਾਖ ਦੇ ਕੰਢੇ ਤੇ ਹੈ। ਪਹਿਲਾਂ ਇਹ ਪੈਪਸੂ ਦੇ ਪਟਿਆਲਾ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ, ਹੁਣ ਲੁਧਿਆਣਾ ਜ਼ਿਲ੍ਹੇ ਵਿਚ ਸ਼ਾਮਲ ਹੈ। ਮੇਰੇ ਮਾਂ-ਬਾਪ ਦਰਮਿਆਨੇ ਜਿਹੇ ਅਨਪੜ੍ਹ ਕਿਸਾਨੀ ਲੋਕ ਸਨ। ਘਰ ਵਿਚ ਖਾਣ ਨੂੰ ਬਥੇਰਾ ਸੀ, ਖਰਚਣ ਲਈ ਕੌਡੀ ਨਹੀਂ ਸੀ ਹੁੰਦੀ। ਸਾਰਾ ਪਰਿਵਾਰ ਖੇਤੀ ਦੇ ਕੰਮਾਂ ਵਿਚ ਲੱਗਿਆ ਰਹਿੰਦਾ ਸੀ; ਸਹਾਇਤਾ ਲਈ ਇੱਕ ਸੀਰੀ ਰੱਖਿਆ ਹੁੰਦਾ ਸੀ ਜਿਸਨੂੰ ਉਪਜ ਦਾ ਪੰਜਵਾਂ ਭਾਗ ਦਿੱਤਾ ਜਾਂਦਾ ਸੀ। ਮੇਰਾ ਇਕ ਭਰਾ M.A. ਤੱਕ ਪੜ੍ਹਿਆ ਹੈ, ਦੂਜਾ ਪਰਾਇਮਰੀ ਤੋਂ ਬਾਅਦ ਖੇਤੀ ਕਰਦਾ ਰਿਹਾ। ਤਿੰਨਾਂ ਭੈਣਾਂ ਵਿਚੋਂ ਦੋ M.A ਪੜ੍ਹੀਆਂ, ਇਕ ਤਕਰੀਬਨ ਅਨਪੜ੍ਹ ਸੀ। ਦੋ ਭੈਣਾਂ ਹੁਣ ਦੁਨੀਆ ਛੱਡ ਗਈਆਂ ਹਨ। ਮੇਰੀ ਪਤਨੀ ਪੰਜਾਬੀ ਪੇਂਡੂ ਪਰਿਵਾਰ ਵਿਚ ਜੰਮੀ-ਪਲ਼ੀ ਹੋਈ ਹੈ। ਸਾਡੇ ਤਿੰਨ ਬੱਚੇ ਆਪੋ-ਆਪਣੇ ਪੈਰਾਂ ਤੇ ਖੜ੍ਹੇ ਹੋ ਰਹੇ ਹਨ। ਪਿੰਡ ਦੇ ਪਰਾਇਮਰੀ ਸਕੂਲ ਤੋਂ ਬਾਅਦ ਗੁਰੂ ਨਾਨਕ ਖਾਲਸਾ ਹਾਈ ਸਕੂਲ ਕਰਮਸਰ ਤੋਂ ਦਸਵੀਂ ਪਾਸ ਕਰਕੇ ਮੈਂ ਲੁਧਿਆਣੇ ਚਲਾ ਗਿਆ ਤੇ 1966 ਵਿਚ M.Sc. ਖਤਮ ਕਰਕੇ ਲੈਕਚਰਾਰ ਲੱਗ ਗਿਆ। ਤੇ ਫੇਰ ਅਮਰੀਕਾ ਵਿਚ 1971 ਵਿਚ Ph.D. ਖਤਮ ਕਰਕੇ ਭਾਰਤ ਟਿਕਣ ਦੇ ਜਤਨ ਕਰਦਾ ਕਰਦਾ 1984 ਤੋਂ ਬਾਅਦ ਅਮਰੀਕਾ ਵਿਚ ਹੀ ਟਿਕ ਗਿਆ।

? ਕੀ ਤੁਹਾਡੇ ਪਰਿਵਾਰ ਵਿਚ ਹੋਰ ਵੀ ਕੋਈ ਲੇਖਕ ਹੋਇਆ ਹੈ ਜਾਂ ਸੀ?

: ਜਦੋਂ ਮੈਂ ਆਪਣੀ ਪਹਿਲੀ ਪੁਸਤਕ ਛਪਵਾਈ ਤਾਂ ਮੈਂਨੂੰ ਗਿਆਨ ਹੋਇਆ ਕਿ ਮੇਰਾ ਛੋਟਾ ਭਰਾ ਵੀ ਲਿਖਦਾ ਰਿਹਾ ਹੈ। ਮੈਂਨੂੰ ਇਸ ਵਾਰੇ ਪਤਾ ਨਹੀਂ ਸੀ। ਮੇਰੇ ਪਿੰਡ ਦੇ ਇਕ ਸੱਜਣ ਨੇ ਮੇਰੀ ਕਿਤਾਬ ਪੜ੍ਹਕੇ ਮੈਨੂੰ ਪੁੱਛਣ ਲਈ ਫੋਨ ਕੀਤਾ ਕਿ ਸ਼ਾਇਦ ਮੈਂ ਛੋਟੇ ਭਰਾ ਤੋਂ ਲਿਖਵਾਕੇ ਹੀ ਆਪਣਾ ਨਾਂ ਠੱਪ ਲਿਆ ਹੋਵੇ।

? ਤੁਸੀਂ ਸੱਠ ਵਰ੍ਹਿਆਂ ਦੀ ਉਮਰ ਪਾਰ ਕਰਨ ਤੋਂ ਬਾਅਦ ਕਾਵਿ-ਰਚਨਾ ਸ਼ੁਰੂ ਕੀਤੀ, ਇਸਦਾ ਕੋਈ ਵਿਸ਼ੇਸ਼ ਕਾਰਨ?

: ਇਸਦਾ ਲੰਬਾ ਜਵਾਬ ਮੈਂ ਆਪਣੀ ਪਲੇਠੀ ਪੁਸਤਕ ‘ਸੱਠਾਂ ਤੋਂ ਬਾਅਦ’ ਜੋ 2005 ਵਿਚ ਛਪੀ ਸੀ, ਉਸ ਵਿਚ ਵੀ ਦਿੱਤਾ ਹੋਇਆ ਹੈ। ਮੇਰਾ ਮੂਲ ਕਿੱਤਾ ਤਾਂ ਵਿਗਿਆਨਕ ਖੋਜ ਅਤੇ ਪੜ੍ਹਾਈ-ਸਿਖਲਾਈ ਦੇ ਕੰਮ ਦਾ ਰਿਹਾ ਹੈ, ਜਿਸ ਵਿਚ ਸਾਹਿਤਕ ਰਚਨਾ ਕਰਨ ਲਈ ਸਮੇਂ ਦੀ ਗੁੰਜਾਇਸ਼ ਹੀ ਨਹੀਂ ਸੀ। ਇਸੇ ਕਰਕੇ ਜਦੋਂ ਮੈਂ ਬੀਮਾਰੀ ਦਾ ਸ਼ਿਕਾਰ ਹੋ ਕੇ ਸਾਇੰਸ ਤੋਂ ਹੱਥ ਧੋ ਬੈਠਿਆ ਤਾਂ ਸਾਹਿਤ ਵੱਲ ਖਿੱਚਿਆ ਗਿਆ ਤੇ ਲਿਖਣਾ ਆਰੰਭ ਕਰ ਦਿੱਤਾ। ਉਦੋਂ ਮੈਂ ਸਠਿਆ ਵੀ ਗਿਆ ਸੀ।

? ਅੱਜਕਲ ਤੁਸੀਂ ਅਮਰੀਕਾ, ਇਕ ਵਿਕਸਤ ਦੇਸ ਵਿਚ ਰਹਿ ਰਹੇ ਹੋ, ਉੱਥੇ ਜਾਣ ਦਾ ਸਬੱਬ ਕਿਵੇਂ ਬਣਿਆ?

: ਜਾਣ ਦਾ ਸਬੱਬ ਵੀ ਸਾਹਿਤਕ ਰਚਨਾ ਵਰਗਾ ਹੀ ਸੀ। ਸੰਨ 1966 ਵਿਚ ਮੈਂ ਕਾਫੀ ਗੁੰਝਲਾਂ ਤੋਂ ਬਾਅਦ ਮਰ-ਭਰ ਕੇ M.Sc. ਖਤਮ ਕੀਤੀ ਅਤੇ ਲੈਕਚਰਾਰ ਲੱਗ ਗਿਆ। ਅਮਰੀਕਾ ਤੋਂ ਮੈਂਨੂੰ ਵਜੀਫੇ ਦਾ ਸੱਦਾ ਆ ਗਿਆ। ਉਸ ਸਮੇਂ ਤੱਕ ਮੈਂ ਉਤਲਿਆਂ ਤੋਂ ਦੂਰ ਜਾਣ ਦਾ ਮਨ ਬਣਾ ਲਿਆ ਹੋਇਆ ਸੀ।

? ਤੁਸੀਂ ਇਕ ਵਿਗਿਆਨੀ ਹੋ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਸੰਬੰਧਿਤ ਵੀ ਰਹੇ ਹੋ। ਵਿਗਿਆਨ ਅਤੇ ਸਾਹਿੱਤ ਦੇ ਸੰਬੰਧਾਂ ਬਾਰੇ ਤੁਹਾਡੇ ਕੀ ਵਿਚਾਰ ਹਨ?

: ਵਿਗਿਆਨ ਜਿੰਦਗੀ ਦਾ ਜਰੂਰੀ ਭਾਗ ਹੈ, ਸਾਹਿਤ ਤਾਂ ਹੈ ਹੀ। ਇਸ ਲਈ ਵਿਗਿਆਨ ਅਤੇ ਸਾਹਿਤ ਨੂੰ ਨਿਖੇੜਿਆ ਨਹੀਂ ਜਾ ਸਕਦਾ। ਵਿਗਿਆਨ ਮੇਰੀ ਸੋਚ ਦਾ ਬਹੁਤ ਵੱਡਾ ਅੰਗ ਹੈ ਇਸ ਲਈ ਮੇਰੀ ਲਿਖਤ ਵਿਚੋਂ ਵਿਗਿਆਨ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਜੇ ਅਸੀਂ ਸਾਹਿਤ ਪੱਖੋਂ ਅੱਗੇ ਤੁਰਨਾ ਹੈ ਤਾਂ ਵਿਗਿਆਨ ਨੂੰ ਸਾਹਿਤ ਨਾਲ ਰਲਾ ਕੇ ਤੁਰਨਾ ਪਵੇਗਾ। ਪਰ ਇਹ ਰਲਾਵਟ ਖਾਲਾ ਜੀ ਕਾ ਵਾੜਾ ਨਹੀਂ, ਵਿਗਿਆਨ ਅਤੇ ਸਾਹਿਤ ਦਾ ਸਹੀ ਮੇਲ ਮੇਰੇ ਲਈ ਇਕ ਵੰਗਾਰ ਵੀ ਹੈ ਅਤੇ ਸੁਨਹਿਰੀ ਮੌਕਾ ਵੀ ਹੈ।

? ਤੁਸੀ ਕਿਉਂ, ਕਿਸ ਲਈ ਅਤੇ ਕਦੋਂ ਲਿਖਦੇ ਹੋ?

: ਇਹ ਸਵਾਲ ਸਾਦਾ ਲਗਦਾ ਹੈ ਪਰ ਇਸਦਾ ਸਹੀ ਜਵਾਬ ਸ਼ਾਇਦ ਮੇਰੇ ਕੋਲ ਨਹੀਂ ਹੈ। ਲਿਖਣਾ ਮੇਰੇ ਲਈ ਦੂਸਰੇ ਲੋਕਾਂ ਨਾਲ ਜੁੜਨ ਦੀ ਤਾਂਘ ਨੂੰ ਪੂਰਾ ਕਰਨ ਦਾ ਸਾਧਨ ਹੈ। ਦੂਜਿਆਂ ਨਾਲ ਜੁੜਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਮੇਰਾ ਲਿਖਣ ਦਾ ਕੋਈ ਨਿਸਚਿਤ ਸਮਾਂ ਨਹੀਂ। ਮੈਂ ਨਵੀਂ ਲਿਖਤ ਨੂੰ ਸ਼ੁਰੂ ਕਰਨ ਦੀ ਤਲਾਸ਼ ਵਿਚ ਰਹਿੰਦਾ ਹਾਂ, ਤੇ ਕੁਝ ਨਾ ਕੁਝ ਝਰੀਟਦਾ ਰਹਿੰਦਾ ਹਾਂ।

? ਤੁਹਾਡੀਆਂ ਕਵਿਤਾਵਾਂ ਲੋਕ-ਮੁਹਾਵਰੇ ਵਾਲੀਆਂ ਅਤੇ ਅੱਜਕਲ ਲਿਖੀ ਜਾ ਰਹੀ ਖੁੱਲ੍ਹੀ ਕਵਿਤਾ ਤੋਂ ਬਹੁਤ ਦੂਰ ਹਨ, ਇਹ ਕਿਉਂ ਹੈ?

: ਸ਼ਾਇਦ ਇਸ ਕਰਕੇ ਕਿ ਜਦੋਂ ਪੰਜਾਬੀ ਦੀ ਖੁੱਲ੍ਹੀ ਕਵਿਤਾ ਦਾ ਵਿਕਾਸ ਹੋ ਰਿਹਾ ਸੀ, ਉਦੋਂ ਮੈਂ ਸਾਇੰਸ ਵਿਚ ਗੜੁੱਚ ਸਾਂ। ਅੱਜਕਲ ਲਿਖੀ ਜਾ ਰਹੀ ਕੋਈ ਕੋਈ ਖੁੱਲ੍ਹੀ ਕਵਿਤਾ ਮੈਂਨੂੰ ਬਹੁਤ ਪਸੰਦ ਹੈ, ਬਹੁਤੀ ਤਾਂ ਮੈਂਨੂੰ ਇਸ ਤਰ੍ਹਾਂ ਲਗਦੀ ਹੈ ਜਿਵੇਂ ਅਨਪੜ੍ਹ ਲੋਕ ਵਿਗਿਆਨ ਨੂੰ ਸਮਝਣ ਦੀ ਕੋਸ਼ਿਸ ਕਰ ਰਹੇ ਹੋਣ ਜਾਂ ਅੱਖਰ ਉਠਾਉਣ ਦਾ ਜਤਨ ਕਰ ਰਹੇ ਹੋਣ। ਜਤਨ ਕੋਈ ਵੀ ਮਾੜਾ ਨਹੀਂ ਕਿਹਾ ਜਾ ਸਕਦਾ, ਪਰ ਪਸੰਦ ਆਪੋ ਆਪਣੀ।

? ਤੁਹਾਡੀਆਂ ਕਵਿਤਾਵਾਂ ਵਿਚ ਪਿੰਡ ਬੋਲਦਾ ਹੈ, ਕੋਈ ਖਾਸ ਕਾਰਨ?

: ਸ਼ਾਇਦ ਇਸ ਕਰਕੇ ਕਿ ਮੈਂ ਪਿੰਡ ਦਾ ਜੰਮ-ਪਲ ਹਾਂ। ਹੁਣ ਸ਼ਹਿਰ ਵੀ ਬੋਲਣ ਲੱਗ ਪਿਆ ਹੈ। ਨਿਰਾਲਾ ਸਾਹਿਬ ਤੁਸੀਂ ਮੇਰੀ ਨਵੀਂ ਪੁਸਤਕ ਤਾਂ ਪੜ੍ਹੀ ਨਹੀਂ ਲਗਦੀ। ਇਹ ਤੁਹਾਡੀ ਗੱਲ ਹੀ ਨਹੀਂ, ਕਈ ਹੋਰ ਲੋਕ ਵੀ ਮੇਰੀ ਪੁਸਤਕ ਕਿਵੇਂ ਨਾ ਕਿਵੇਂ ਲੈ ਤਾਂ ਲੈਂਦੇ ਹਨ, ਪਰ ਪੜ੍ਹਦੇ ਵਿਚਾਰਦੇ ਨਹੀਂ ਲਗਦੇ।

? ਅੱਜਕਲ ਪੰਜਾਬੀ ਵਿਚ ਗਜ਼ਲ ਬਹੁਤ ਲਿਖੀ ਜਾ ਰਹੀ ਹੈ, ਤੁਹਾਡੀ ਨਵੀਂ ਕਿਤਾਬ ‘ਕੁਝ ਆਰ ਦੀਆਂ ਕੁਝ ਪਾਰ ਦੀਆਂ’ ਵਿਚ ਵੀ ਅਧਿਕ ਗ਼ਜ਼ਲਾਂ ਹੀ ਹਨ, ਕਿਉਂ?

: ਸ਼ਾਇਦ ਇਸ ਕਰਕੇ ਕਿ ਮੇਰੀਆਂ ਕਵਿਤਾਵਾਂ ਦੇ ਵਿਸ਼ੇ ਕੁਝ ਸੀਮਤ ਹਨ। ਗ਼ਜ਼ਲਾਂ ਵਿਚ ਬਹੁਤ ਕੁਝ ਸਮੇਟਿਆ ਜਾ ਸਕਦਾ ਹੈ ਜੋ ਇਕ ਕਵਿਤਾ ਲਈ ਛੋਟਾ ਹੁੰਦਾ ਹੈ। ਜੇ ਗ਼ਜ਼ਲ ਲਿਖਣੀ ਆ ਜਾਵੇ ਤਾਂ ਕਾਵਿ-ਰਚਨਾ ਹੋਰ ਵੀ ਸੌਖੀ ਹੋ ਜਾਂਦੀ ਹੈ।

? ਤੁਸੀਂ ਪੰਜਾਬੀ ਦੇ ਕਿਸ ਗ਼ਜ਼ਲ-ਸਕੂਲ ਨਾਲ ਸੰਬੰਧਤ ਹੋ?

: ਮੈਂ ਪੁਰਾਣੇ ਗ਼ਜ਼ਲ ਸਕੂਲਾਂ ਵਾਰੇ ਪੜ੍ਹਿਆ ਹੈ, ਘੋਖਿਆ ਵੀ ਹੈ, ਇਹ ਮੇਰੇ ਵੱਸ ਦਾ ਰੋਗ ਨਹੀਂ ਹਨ। ਹੁਣ ਸਾਨੂੰ ਨਵੇਂ ਢੰਗ ਨਾਲ ਵੀ ਗ਼ਜ਼ਲ ਸਿੱਖਣ-ਸਿਖਾਉਣ ਦੀ ਜ਼ਰੂਰਤ ਹੈ। ਮੈਂ ਇਸ ਵਿਸ਼ੇ ਤੇ ਵਿਚਾਰ ਕਰਦਾ ਰਹਿੰਦਾ ਹਾਂ।

? ਕੀ ਕੋਈ ਗੁਰੂ ਵੀ ਧਾਰਿਆ?

ਜਵਾਬ: ਜਿਸ ਤਰ੍ਹਾਂ ਦਾ ਗੁਰੂ ਮੈਂਨੂੰ ਚਾਹੀਦਾ ਹੈ, ਉਹ ਇੱਕ ਬੰਦੇ ਜਾਂ ਕਿਤਾਬ ਵਿਚ ਨਹੀਂ ਮਿਲ ਸਕਦਾ। ਇਸ ਲਈ ‘ਸ਼ਬਦ ਗੁਰੂ’ ਦਾ ਸੰਕਲਪ ਮੇਰੀ ਗ਼ਜ਼ਲ ਦੇ ਲਈ ਵੀ ਬਹੁਤ ਢੁਕਦਾ ਹੈ।

? ‘ਕਾਵਿ ਗ਼ਜ਼ਲਾਂ’ ਤੁਸੀਂ ਨਵਾਂ ਸ਼ਬਦ ਘੜਿਆ ਹੈ, ਇਸ ਤੋਂ ਤੁਹਾਡਾ ਕੀ ਭਾਵ ਹੈ?

ਜਵਾਬ: ਮੈਂ ਹੀ ਨਹੀਂ, ਕੁਝ ਹੋਰ ਲੋਕਾਂ ਨੇ ਵੀ ਇਸ ਤਰ੍ਹਾਂ ਦੇ ਜਤਨ ਕੀਤੇ ਲਗਦੇ ਹਨ। ਗ਼ਜ਼ਲ ਅਤੇ ਛੰਦ-ਬੱਧ ਕਵਿਤਾ ਵਿਚ ਬਹੁਤ ਸਾਂਝ ਹੁੰਦੀ ਹੈ। ਜਦੋਂ ਮੈਂ ਗ਼ਜ਼ਲ ਸ਼ੁਰੂ ਕੀਤੀ ਮੈਂਨੂੰ ਇਹ ਗਿਆਨ ਹੋ ਗਿਆ ਸੀ ਕਿ ਮੈਂ ਪਿੰਗਲ ਆਰੂਜ਼ ਦੇ ਸਿਧਾਤਾਂ ਤੋਂ ਪੂਰੀ ਤਰ੍ਹਾਂ ਵਾਕਿਫ ਨਹੀਂ ਸੀ। ਇਸ ਲਈ ਮੈਂ ਇਨ੍ਹਾਂ ਰਚਨਾਵਾਂ ਨੂੰ ਕਾਵਿ-ਜ਼ਲ (ਕਵਿਤਾ+ਗ਼ਜ਼ਲ ਦਾ ਸੁਮੇਲ) ਆਖਣ ਵਿਚ ਸਿਆਣਪ ਸਮਝੀ। ਹੁਣ ਮੈਂਨੂੰ ਗ਼ਜ਼ਲ ਦੀ ਬਣਤਰ ਵਾਰੇ ਕੁਝ ਵਧੇਰੇ ਸਮਝ ਹੈ।

? ਕੁਝ ਕਾਵਿ ਰਚਨਾਵਾਂ ਵਿਚ ਵਿਅੰਗ ਦੀ ਸੁਰ ਬਹੁਤ ਹੀ ਤਿੱਖੀ ਹੈ, ਕਿਉਂ?

: ਜਦੋਂ ਵੀ ਮੈਂਨੂੰ ਕਿਸੇ ਦੇ ਹੱਕ ਦੀ ਉਲੰਘਣਾ ਕੀਤੀ ਦਿਸ ਪਵੇ ਜਾਂ ਦੂਸਰੇ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਦਿਸ ਪਵੇ ਤਾਂ ਮੇਰੀ ਕਵਿਤਾ ਦਾ ਪ੍ਰਤੀਕਰਮ ਸਖਤ ਹੋ ਜਾਣਾ ਸੁਭਾਵਿਕ ਹੈ। ਇਹ ਭੌਤਿਕ-ਵਿਗਿਆਨ ਦੇ ਅਸੂਲ ਅਨਸਾਰ ਵੀ ਹੈ (For every action, there is equal and opposite reaction); ਅਤੇ ਬਾਬੇ ਦੀ ਬਾਣੀ ਅਨੁਸਾਰ ਵੀ ਠੀਕ ਹੈ (ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ)। ਮੇਰੇ ਤੇ ਭਾਈ ਗੁਰਦਾਸ ਦੀ ਲਿਖਤ ਦਾ ਅਸਰ ਵੀ ਹੈ।

? ਤੁਸੀਂ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕਰਦੇ ਹੋ, ਪਰ ਕੀ ਕਈ ਵਾਰ ਹਿੰਸਾ ਜਾਇਜ਼ ਨਹੀਂ ਹੋ ਜਾਂਦੀ?

: ਅੱਤਵਾਦ ਓਹੀ ਕਰ ਸਕਦਾ ਹੈ ਜੀਹਦੇ ਹੱਥ ਤਾਕਤ ਜਾਂ ਤਾਕਤ ਦਾ ਵਹਿਮ ਹੋਵੇ। ਇਸ ਨਾਲ ਬੇਅੰਤ ਬੇਕਸੂਰ ਲੋਕਾਂ ਦਾ ਨੁਕਸਾਨ ਹੁੰਦਾ ਰਹਿੰਦਾ ਹੈ। ਆਪਣੇ ਹੱਕਾਂ ਲਈ ਹਿੰਸਾ ਤੋਂ ਪਹਿਲਾਂ ਸਾਨੂੰ ਸਾਰੇ ਅਹਿੰਸਕ ਹਥਿਆਰ ਖਤਮ ਕਰ ਲੈਣੇ ਚਾਹੀਦੇ ਹਨ। ਇਸਦਾ ਸਹੀ ਜਵਾਬ ਗੁਰੂ ਗੋਬਿੰਦ ਸਿੰਘ ਜੀ ਦੇ ਗਏ ਹਨ: ‘ਚੂੰ ਕਾਰ ਅਜ਼ ਹਮਾ ਹੀਲਤੇ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ।’

? ਤੁਹਾਡੇ ਪਰਿਵਾਰ ਵਾਲੇ ਤੁਹਾਡੇ ਕਾਵਿ-ਕਰਮ ਨੂੰ ਕਿਸ ਤਰ੍ਹਾਂ ਲੈਂਦੇ ਨੇ?

ਜਵਾਬ: ਮੈਂ ਕਵਿਤਾ ਉਦੋਂ ਸ਼ੁਰੂ ਕੀਤੀ ਜਦੋਂ ਮੈਂਨੂੰ ਪਰਿਵਾਰ ਦੀਆਂ ਲੋੜਾਂ ਲਈ ਪੈਸਾ ਕਮਾਉਣ ਦਾ ਫਿਕਰ ਨਹੀਂ ਸੀ ਰਹਿ ਗਿਆ; ਇਸ ਲਈ ਮੇਰੀ ਕਵਿਤਾ ਦਾ ਕਿਸੇ ਪਰਿਵਾਰ ਦੇ ਜੀਅ ਤੇ ਕੋਈ ਮਾੜਾ ਅਸਰ ਨਹੀਂ ਪਿਆ। ਸਗੋਂ ਕਵਿਤਾ ਨਾਲ ਮੇਰੇ ਮੱਥੇ ਤੋਂ ਤਿਉੜੀਆਂ ਵੀ ਘਟ ਗਈਆਂ ਹਨ।

? ਅਮਰੀਕਾ ਵਿਚ ਬਹੁਤ ਸਾਰੇ ਪੰਜਾਬੀ ਲੇਖਕ ਅਤੇ ਸਾਹਿਤਕ ਸੰਸਥਾਵਾਂ ਹਨ, ਕੀ ਉਹਨਾਂ ਵਿਚ ਵੀ ਇੱਧਰ ਵਾਂਗ ਗੁੱਟਬੰਦੀਆਂ ਹਨ?

: ਥੋੜ੍ਹੀ ਬਹੁਤ ਗੁੱਟ-ਬੰਦੀ ਜਰੂਰ ਦੇਖੀ ਜਾਂਦੀ ਹੈ। ਜਿਸ ਤਰ੍ਹਾਂ ਲਿਬੜੀਆਂ ਮੱਝਾਂ ਹੋਰਾਂ ਨੂੰ ਲਬੇੜ ਵੀ ਦਿੰਦੀਆਂ ਹਨ, ਗੁੱਟ-ਬੰਦੀ ਕਰਨ ਵਾਲੇ ਲੋਕਾਂ ਦਾ ਸਾਥ ਵੀ ਅਸਰ ਪਾ ਜਾਂਦਾ ਹੈ। ਵੈਸੇ ਮੈਂ ਸਮਝਦਾ ਹਾਂ ਕਿ ਕਿਸੇ ਨਾਲ ਬੈਠ ਕੇ ਚਾਹ ਪੀ ਲੈਣ ਨਾਲ ਬੰਦਾ ਕਿਸੇ ਗੁੱਟ ਨਾਲ ਨਹੀਂ ਬੱਝ ਜਾਂਦਾ।

? ਅੱਛਾ ਇਹ ਟਰਿੱਪ ਕਿੱਦਾਂ ਰਿਹਾ? ਜਿਸ ਮਕਸਦ ਨਾਲ ਤੁਸੀਂ ਆਏ ਸੀ, ਉਹ ਪੂਰਾ ਹੋ ਗਿਆ?

: ਇਹ ਟਰਿੱਪ ਠੀਕ ਹੀ ਰਿਹਾ। ਮੈਂ ਆਪਣੀ ਇਕ ਕਿਤਾਬ ਛਪਵਾਉਣ ਦੇ ਸਬੰਧ ਵਿਚ ਇੱਥੇ ਆਇਆ ਸੀ। ਕਿਤਾਬ ਦੀ ਰਿਲੀਜ਼ ਗੋਸ਼ਟੀ ਮੇਰੇ ਲਈ ਨਵਾਂ ਤਜਰਬਾ ਸੀ। ਤੁਹਾਡੇ ਅਤੇ ਤੁਹਾਡੇ ਵਰਗੇ ਹੋਰ ਸੱਜਣਾਂ ਦੇ ਦਰਸ਼ਣ ਹੋ ਗਏ। ... ਇਸੇ ਸਬੱਬ ਅੰਗਾਂ-ਸਾਕਾਂ ਅਤੇ ਦੋਸਤਾਂ-ਮਿੱਤਰਾਂ ਨੂੰ ਮਿਲ ਲਿਆ।

? ਹੁਣ ਫੇਰ ਕਦੋਂ ਆਓਗੇ?

: ਹੁਣ ਮੈਂ ਆਉਂਦੇ ਹੀ ਰਹਿਣਾ, ਜਿੰਨਾ ਚਿਰ ਹੱਡ ਪੈਰ ਚਲਦੇ ਆ। ਜੇ ਮਹਿੰਗਾਈ ਵਧ ਗਈ, ਫੇਰ ਤਾਂ ਹੋਰ ਗੱਲ ਹੈ। ਕੁਝ ਪੈਸੇ ਆਉਣ ਜਾਣ ਲਈ ਅਸੀਂ ਇਕ ਖਾਤੇ ਵਿਚ ਜੁਦੇ ਹੀ ਰੱਖਦੇ ਹਾਂ। ਇਵੇਂ ਆਉਣ-ਜਾਣ ਦਾ ਕੰਮ ਕੁਝ ਸੌਖਾ ਰਹਿੰਦਾ ਹੈ।

******

(30 ਅਪਰੈਲ 2008) ਚਾਤ੍ਰਿਕ ਯੂਨੀਕੋਡ

ਡਾ. ਜੋਗਿੰਦਰ ਸਿੰਘ ਨਿਰਾਲਾ ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.