ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 01 ਜਨਵਰੀ, 2009

ਵਾਰਸ਼ਕ ਸਰਗਰਮੀਆਂ/ਸੂਚਨਾਵਾਂ

ਪ੍ਰੋ. ਪ੍ਰੀਤਮ ਸਿੰਘ ਗਰੇਵਾਲ ਦੀ ਪਲੇਠੀ ਪੁਸਤਕ ‘ਅਨਿਕ ਤਰੰਗ’ ਦਾ ਰੀਲੀਜ਼ ਸਮਾਰੋਹ

ਰਿਪੋਰਟ: ਪ੍ਰੋ. ਚਰਨਪਾਲ ਸਿੰਘ


ਸਿਖਿਆ ਤੇ ਸਾਹਿਤ ਦੇ ਖੇਤਰ ਵਿਚ ਜਾਣੇ ਪਹਿਚਾਣੇ ਕੈਨੇਡਾ ਨਿਵਾਸੀ ਰਿਟਾਇਰਡ ਪ੍ਰੋਫੈਸਰ ਪ੍ਰੀਤਮ ਸਿੰਘ ਗਰੇਵਾਲ ਦੀ ਪਹਿਲੀ ਪੁਸਤਕ ‘ਅਨਿਕ ਤਰੰਗ’ 6 ਅਪ੍ਰੈਲ ਨੂੰ ਇਕ ਵਿਲੱਖਣ ਤਰੀਕੇ ਨਾਲ ਪਾਠਕਾਂ ਦੇ ਰੂਬਰੂ ਕੀਤੀ ਗਈ।

ਪ੍ਰਿੰਸੀਪਲ ਇੰਦਰਪਾਲ ਸਿੰਘ ਹੰਸ, ਲੇਖਕ, ਬੀਬੀ ਗੁਰਸ਼ਰਨ ਕੌਰ ਤੇ ਸ੍ਰੀਮਤੀ ਰਣਜੀਤ ਕੌਰ ਗਰੇਵਾਲ

ਸ੍ਰੀ ਯਸ਼ ਪਾਲ ਮਾਨਵੀ ਯਾਦਾਂ ਸਾਂਝੀਆਂ ਕਰਦੇ ਹੋਏ

ਪੰਜਾਬੀ ਲਿਖਾਰੀ ਸਭਾ, ਰਾਮਪੁਰ ਦੇ ਸਰਪ੍ਰਸਤ, ਹਰਚਰਨ ਮਾਂਗਟ ਵੀਚਾਰ ਸਾਂਝੇ ਕਰ ਰਹੇ

ਆਮ ਕਰਕੇ ਲੇਖਕ ਦੀ ਇੱਛਾ ਹੁੰਦੀ ਹੈ ਕਿ ਇਹ ਕਾਰਜ ਕਿਸੇ ਸ਼ਹਿਰ ਜਾਂ ਸਥਾਪਤ ਸੰਸਥਾ ਵਿਖੇ ਮੰਨੇ ਪ੍ਰਮੰਨੇ ਸਾਹਿਤਕਾਰ ਜਾਂ ਸਿਆਸੀ ਸ਼ਖ਼ਸੀਅਤ ਪਾਸੋਂ ਸੰਪੰਨ ਕਰਵਾਇਆ ਜਾਵੇ ਤਾਂ ਕਿ ਇਹ ਲੋਕਾਂ ਦਾ ਧਿਆਨ ਖਿਚ੍ਹੇ ਤੇ ਮੀਡੀਆ ਦਾ ਵਿਸ਼ਾ ਵੀ ਬਣ ਸਕੇ।

ਪਰ ‘ਅਨਿਕ ਤਰੰਗ’ ਦਾ ਰੀਲੀਜ਼ ਸਮਾਰੋਹ ਇਸ ਦੇ ਲੇਖਕ ਵਲੋਂ ਵਿਲੱਖਣ ਲੀਹਾਂ ਤੇ ਉਲੀਕਿਆ ਗਿਆ। ਇਸ ਕਾਰਜ ਲਈ ਸਥਾਨ, ਲੇਖਕ ਨੇ, ਆਪਣਾ ਪਿੰਡ ਆਸੀ ਕਲਾਂ ਚੁਣਿਆ ਜੋ ਕਿ ਗਰੇਵਾਲਾਂ ਦੀ ਮਸ਼ਹੂਰ ਤ੍ਰਿਬੇਣੀ ਕਿਲਾ ਰਾਇਪੁਰ, ਨਾਰੰਗਵਾਲ ਤੇ ਗੁੱਜਰਵਾਲ ਦੇ ਪ੍ਰਛਾਵੇਂ ਵਿਚ ਅਣਗੌਲਿਆ ਜਿਹਾ ਵਧ ਫੁਲ ਰਿਹਾ ਹੈ।

ਪਰ ਜਿਸ ਪੇਂਡੂ ਨਿਵਾਸ ਸਥਾਨ ਵਿਚ ਸਮਾਰੋਹ ਸੰਪੰਨ ਕੀਤਾ ਗਿਆ, ਉਹ ਆਲੇ ਦੁਆਲੇ ਕੁਝ ਹੀ ਮਹੀਨਿਆਂ ਅੰਦਰ ‘ਤਾਰੇ ਦੀ ਨਵੀਂ ਕੋਠੀ’ ਵਜੋਂ ਜਾਣਿਆ ਜਾਣ ਲਗ ਗਿਆ ਹੈ। ਇਸ ਦੀ ਦਿਲਕਸ਼ ਦਿੱਖ, ਸ਼ੈਲੀ ਅਤੇ ਇਮਾਰਤ-ਸਾਜ਼ੀ ਦਰਸ਼ਕ ਨੂੰ ਪਹਿਲੇ ਜਲਵੇ ਨਾਲ ਹੀ ਕੀਲ ਲੈਂਦੀ ਹੈ। ‘ਤਾਰਾ (ਕੁਲਵਿੰਦਰ ਸਿੰਘ) ਪ੍ਰੋ.ਪ੍ਰੀਤਮ ਸਿੰਘ ਗਰੇਵਾਲ ਦਾ ਅਜੀਜ਼ ਪੋਤਰਾ ਅਤੇ ਮੇਜ਼ਬਾਨ ਹੈ।

ਦੂਜੀ ਵਿਲੱਖਣਤਾ ਇਹ ਸੀ ਕਿ ‘ਅਨਿਕ ਤਰੰਗ’ ਨੂੰ ਲੇਖਕ ਦੇ ਵਿਦਿਆਰਥੀ ਤੇ ਵਿਦਿਆਰਥੀਆਂ ਦੇ ਵਿਦਿਆਰਥੀ ਹੀ ਰੀਲੀਜ਼ ਕਰਨਗੇ; ਭਾਵ ਲੇਖਕ ਦੇ ਲਫਜ਼ਾਂ ਵਿਚ ਉਸ ਦੇ
students and grand-students.

ਪਹੁੰਚ ਦੇ ਘੇਰੇ ਅੰਦਰ ਲਭੇ ਅਜਿਹੇ 50ਕੁ ਵਿਅੱਕਤੀਆਂ ਨਾਲ ਨਿਜੀ ਸੰਪਰਕ ਕਰ ਕੇ ਸਮਾਰੋਹ ਲਈ ਸੰਭਵ ਦਿਨ (6 ਅਪ੍ਰੈਲ, 2008) ਅਤੇ ਵਕਤ (3 ਤੋਂ 5 ਬਜੇ ਸ਼ਾਮ) ਨਿਸ਼ਚਿਤ ਕੀਤਾ ਗਿਆ। ਖਾਣ ਪੀਣ ਖ਼ਾਤਰ ਕੋਲਡ ਡ੍ਰਿੰਕ, 3 ਕਿਸਮ ਦੇ ਤਾਜ਼ਾ ਤਲੇ ਪਕੌੜੇ ਅਤੇ ਲੁਧਿਆਣੇ ਦੇ ਮਸ਼ਹੂਰ ਹਲਵਾਈ ਦੀ ਵੰਨ ਸੁਵੰਨੀ ਬਰਫੀ। ਮੇਜ਼ ਕੁਰਸੀਆਂ ਤੇ ਬਰਤਨ ਆਦਿ ਪਿੰਡ ਦੇ ਹੀ ਮਹਿਲਾ ਮੰਡਲ ਤੋਂ ਕਿਰਾਏ ਤੇ ਲਏ ਗਏ। ਕੋਠੀ ਦੀ ਵਿਸ਼ਾਲ ਲਾਬੀ ਵਿਚ ਸਮਾਰੋਹ ਦੇ ਬੈਨਰ, ਸਟੇਜ ਤੇ ਸੀਟਾਂ ਦਾ ਪ੍ਰਬੰਧ ਬਾਖ਼ੂਬੀ ਹੋ ਗਿਆ।

ਦਿਤੇ ਸਮੇ ਅਨੁਸਾਰ ਨਿਮੰਤ੍ਰਤ ਵਿਅੱਕਤੀ ਅਦਬ ਭਰੀ ਤੀਬਰਤਾ ਬਿਖੇਰਦੇ ਹੋਏ ਪੁਜਣ ਲਗ ਗਏ। ਆਪਣੇ ਅਧਿਆਪਕ ਨੂੰ ਦਹਾਕਿਆਂ ਬਾਅਦ ਮਿਲ ਕੇ, ਵਧੇਰੇ ਗਲਵੱਕੜੀ ਪਾ ਕੇ, ਅਸਚਰਜਤਾ ਭਰਪੂਰ ਖ਼ੁਸ਼ੀ ਮਹਿਸੂਸ ਕਰਦੇ। ਸੁਆਗਤ ਦਾ ਕਾਰਜ ਪ੍ਰੋ. ਚਰਨਪਾਲ ਸਿੰਘ, ਕੁਲਵਿੰਦਰ ਸਿੰਘ, ਸ੍ਰੀਮਤੀ ਪਰਮਿੰਦਰ ਕੌਰ, ਮਨਪ੍ਰੀਤ ਗਰੇਵਾਲ, ਪ੍ਰਮਜੀਤ ਸਿੰਘ, ਸੰਦੀਪ, ਦੀਪੀ, ਬਿੱਟੂ ਆਦਿ ਨੇ ਪੂਰੇ ਸਲੀਕੇ ਨਾਲ ਨਿਭਾਇਆ।

ਪ੍ਰੋ.ਪ੍ਰੀਤਮ ਸਿੰਘ ਗਰੇਵਾਲ ਦੇ ਵਿਦਿਆਰਥੀ ਕਿਤਾਬ ਰੀਲੀਜ਼ ਕਰਦੇ ਹੋਏ

ਸ਼ਾਮਲ ਵਿਅਕਤੀਆਂ ਦਾ ਇਕ ਭਾਗ ਮੰਤਰ-ਮੁਗਧ ਬੈਠਾ ਹੋਇਆ

ਲੇਖਕ ਸ਼ਾਮਲ ਵਿਅੱਕਤੀਆਂ ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹੋਇਆ

ਤਕਰੀਬਨ 3.30 ਬਜੇ ਸਮਾਰੋਹ ਸ਼ੁਰੂ ਹੋ ਗਿਆ। ਪ੍ਰੋ.ਪ੍ਰੀਤਮ ਸਿੰਘ ਗਰੇਵਾਲ ਅਤੇ ਆਪ ਦੀ ਪਤਨੀ ਸ੍ਰੀਮਤੀ ਰਣਜੀਤ ਕੌਰ ਨੂੰ ਸਾਹਮਣੇ ਬਿਠਾਉਣ ਪਿਛੋਂ ਪ੍ਰਿੰਸੀਪਲ ਇੰਦਰਪਾਲ ਸਿੰਘ ਹੰਸ ਨੇ ਸਮਾਰੋਹ ਦੀ ਕਾਰਵਾਈ ਅਰੰਭ ਕਰਦਿਆਂ ਸ਼ਾਮਲ ਹੋਣ ਵਾਲਿਆਂ ਦਾ ਸੁਅਗਤ ਸਮੁਚੇ ਤੌਰ ਤੇ ਕੀਤਾ। ਸ੍ਰੀਮਤੀ ਰਣਜੀਤ ਕੌਰ ਨੂੰ ਇਕ ਲਤ ਦੀ ਸਰਜਰੀ ਹੋਣ ਕਾਰਨ ਸੁਵਿਧਾ ਅਨੁਸਾਰ ਵਖਰੇ ਸੋਫੇ ਤੇ ਬਿਠਾਇਆ ਗਿਆ।

ਸਮਾਰੋਹ ਦਾ ਅਰੰਭ ਬੀਬੀ ਗੁਰਸ਼ਰਨ ਕੌਰ ਜੀ ਪਤਨੀ ਇੰਜ. ਕੁਲਬੀਰ ਸਿੰਘ ਵਲੋਂ ਗਾਏ ਸ਼ਬਦ- ਜਿਥੈ ਬੈਸਨਿ ਸਾਧ ਜਨ ਸੁ ਥਾਨੁ ਸੁਹੰਦਾ- ਨਾਲ ਹੋਇਆ।

ਪ੍ਰਿੰਸੀਪਲ ਹੰਸ ਜੀ ਨੇ ਪੁਸਤਕ ‘ਅਨਿਕ ਤਰੰਗ’ ਦੀ ਤਿਆਰੀ, ਪ੍ਰਕਾਸ਼ਨਾ, ਨਿਵੇਕਲੀ ਰੂਪ ਰੇਖਾ, ਸ਼ੈਲੀ, ਵੰਨ-ਸੁਵੰਨਤਾ ਆਦਿ ਬਾਰੇ ਸੰਖੇਪ ਜਾਣਕਾਰੀ ਦਿਤੀ ਅਤੇ ਮਹਿਮਾਨਾਂ ਨੂੰ ਪ੍ਰੋ. ਗਰੇਵਾਲ ਨਾਲ ਬਿਤਾਏ ਅਧਿਆਪਨ ਪਲ ਸਾਂਝੇ ਕਰਨ ਦਾ ਸੱਦਾ ਦਿਤਾ। ਸਿੱਟੇ ਵਜੋਂ ਇੰਜ. ਕੁਲਬੀਰ ਸਿੰਘ ਰਿਟਾਇਰਡ ਐਕਸੀਅਨ, ਉਪ ਜ਼ਿਲਾ ਸਿਖਿਆ ਅਫਸਰ ਪਟਿਆਲਾ ਸ੍ਰੀ ਯਸ਼ ਪਾਲ ਮਾਨਵੀ, ਪ੍ਰਿੰਸੀਪਲ ਦਰਬਾਰਾ ਸਿੰਘ ਗਰੇਵਾਲ, ਪ੍ਰੋ. ਐਸ.ਐਸ. ਕਾਲੀਆ, ਪ੍ਰਿੰਸੀਪਲ ਹਰਦਲਜੀਤ ਸਿੰਘ ਗੋਸਲ, ਡਾ. ਮੋਹਨ ਸਿੰਘ, ਸ਼ਾਇਰਾ ਸੁਖਚਰਨਜੀਤ ਕੌਰ ਗਿਲ, ਐਡਵੋਕੇਟ ਮੋਹਨ ਲਾਲ ਸੱਘੜ ਪੰਜਾਬ ਹਾਈ ਕੋਰਟ ਤੇ ਪ੍ਰੋ. ਸੋਹਨ ਸਿੰਘ ਨੇ ਆਪਣੇ ਤਜਰਬੇ, ਯਾਦਾਂ ਤੇ ਵੀਚਾਰ ਸਾਂਝੇ ਕੀਤੇ।

ਇਹਨਾਂ ਤੋਂ ਇਲਾਵਾ ਪ੍ਰੋ. ਇੰਦਰਪਾਲ ਸਿੰਘ ਕਰਮਸਰ, ਐਡਵੋਕੇਟ ਨਰਿੰਦਰ ਪੁਰੀ, ਅਮਿਤ ਪੁਰੀ ਤੇ ਕੈਲਾਸ਼ ਸ਼ਰਮਾ, ਪ੍ਰੋ. ਕੰਵਰ ਰਣਵੀਰ ਸਿੰਘ, ਪ੍ਰੋ. ਬਲਦੇਵ ਸਿੰਘ, ਪ੍ਰੋ. ਸਿਕੰਦਰ ਸਿੰਘ ਗਿਲ, ਬੈਂਕ ਮੈਨੇਜਰ ਅਵਤਾਰ ਸਿੰਘ ਖਟੜਾ, ਜਸਵਿੰਦਰ ਸਿੰਘ ਘਲੋਟੀ ਤੇ ਸਤਵੰਤ ਸਿੰਘ, ਸ. ਹਰਚਰਨ ਸਿੰਘ ਮਾਂਗਟ ਸਰਪ੍ਰਸਤ ਲਿਖਾਰੀ ਸਭਾ ਰਾਮਪੁਰ ਅਤੇ ਸ੍ਰੀਮਤੀ ਮਨਜੀਤ ਕੌਰ ਸਿਧੂ, ਖੁਸ਼ਪਾਲ ਕੌਰ ਤੇ ਗੁਰਮਿੰਦਰ ਕੌਰ ਨੇ ਭਾਗ ਲਿਆ।

ਹੁਣ ਵਾਰੀ ਆਈ ‘ਅਨਿਕ ਤਰੰਗ’ ਨੂੰ ਰੀਲੀਜ਼ ਕਰਨ ਦੀ। ਇਹ ਕਾਰਜ ਪ੍ਰੋ.ਪ੍ਰੀਤਮ ਸਿੰਘ ਗਰੇਵਾਲ ਦੇ ਸੱਦੇ ਰਾਹੀਂ ਹਾਜ਼ਰ ਹੋਏ ਆਪ ਦੇ 20ਕੁ
students and grand-students  ਨੇ ਬੜੇ ਚਾਅ, ਉਮਾਹ ਨਾਲ ਅਦਾ ਕੀਤਾ। ਇਹਨਾਂ ਸਭਨਾਂ ਨੂੰ ਲੇਖਕ ਦੇ ਦਸਤਖ਼ਤਾਂ ਵਾਲੀ ਕਿਤਾਬ ਦੀਆਂ ਕਾਪੀਆਂ ਭੇਟ ਕੀਤੀਆਂ ਗਈਆਂ। ਪ੍ਰੋ.ਗਰੇਵਾਲ ਨੇ ਪੁਸਤਕ ਦੀ ਤਿਆਰੀ ਵਿਚ ਸਹਾਇਤਾ ਤੇ ਸਹਿਯੋਗ ਦੇਣ ਅਤੇ ਇਸ ਸਮਾਰੋਹ ਵਿਚ ਸ਼ਮੂਲੀਅਤ ਕਰਨ ਵਾਲਿਆਂ ਤੇ ਪ੍ਰਬੰਧਕਾਂ ਦਾ ਦਿਲੋਂ ਸ਼ੁਕਰੀਆ ਕੀਤਾ।

ਅਖ਼ੀਰ ਵਿਚ ਇੰਜ. ਕੁਲਬੀਰ ਸਿੰਘ ਜੀ ਨੇ ਹੀਰ ਵਾਰਿਸ ਦਾ ਇਕ ਬੰਦ ਆਪਣੇ ਨਿਵੇਕਲੇ ਜਜ਼ਬਾਤੀ ਅੰਦਾਜ਼ ਵਿਚ ਗਾਇਆ। ਉਪਰੰਤ ਚਾਹ ਪਾਣੀ ਛਕਦਿਆਂ, ਕੀਮਤੀ ਯਾਦਾਂ ਸਾਂਝੀਆਂ ਕਰਦਿਆਂ ਅਤੇ ਮਨਾਂ ਵਿਚ ਸਾਂਭਦਿਆਂ ਸ਼ਾਮਲ ਵਿਅਕਤੀ ਸਮਾਰੋਹ ਤੋਂ ਵਿਦਾ ਹੋਏ।
-ਪ੍ਰੋ. ਚਰਨਪਾਲ ਸਿੰਘ

*******

(1 ਮਈ 2008 ਚਾਤ੍ਰਿਕ ਯੂਨੀਕੋਡ)

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.