(1)
ਧੰਨਭਾਗ…
ਧੰਨਭਾਗ ਫਿਰ ਦਿਨ ਚੜ੍ਹਿਆ ਹੈ
ਧੰਨਭਾਗ ਧੜਕਨ ਚਲਦੀ ਹੈ ।
ਧੰਨਭਾਗ ਜੇ ਜੀਵਨ ਦੇ ਵਿਚ
ਸੋਚ ਸੁਚੱਜੀ ਆ ਰਲਦੀ ਹੈ ।
ਦਿਸਹੱਦੇ ‘ਤੇ ਸੋਨੇ-ਰੰਗੀ
ਅਗਿਆਨ-ਵਿਨਾਸ਼ਿਕ ਅੱਗ ਬਲਦੀ ਹੈ ।
ਰੁਕ
ਕੇ ਜ਼ਰਾ ਸੁਹੱਪਣ ਤੱਕ ਲੳ
ਏਨੀ ਵੀ ਕਿਹੜੀ ਜਲਦੀ ਹੈ !
ਬਹੁਤ
ਕੁਝ ਹੈ ਇਸ ਦੁਨੀਆ ਵਿਚ
ਗੱਲ ਤੇ ਬੱਸ ਇਕ ਹਾਸਿਲ ਦੀ ਹੈ ।
ਬੇਸ਼ੱਕ ਭੀੜ ਭੜੱਕਾ ਬਾਹਲਾ
ਤੁਰੇ ਜਾੳ ਜੇ ਰਾਹ ਮਿਲਦੀ ਹੈ।
ਸਜ
ਲੳ, ਧਜ ਲੳ, ਜਸ਼ਨ ਮਨਾ ਲੳ
ਦੁੱਖ ਦਰਦ ਤੇ ਗੱਲ ਕੱਲ ਦੀ ਹੈ ।
ਨੱਚ
ਲੳ, ਗਾ ਲੳ, ਭੰਗੜੇ ਪਾ ਲੳ
ਜੇ ਕਿਧਰੇ ਕੋਈ ਚਾਹ ਫਲਦੀ ਹੈ ।
ਨਵ-ਆਸ਼ਾ ਕੋਈ ਭਾਲ ਕੇ ਰੱਖੋ
ਜ਼ਿੰਦਗੀ ਭਾਵੇਂ ਕੁੱਝ ਪਲ ਦੀ ਹੈ ।
‘ਜੋ
ਹੋਣੈ ਸੋ ਹੋ ਕੇ ਰਹਿਣੈ’
ਚਿੰਤਾ ਮਨ ਨੂੰ ਕਿਸ ਗੱਲ ਦੀ ਹੈ ।
ਰੁੱਸੇ ਸੱਜਣ ਫੇਰ ਮਨਾ ਲੳ
ਛਾਂ ਸੋਹਣੀ ਇਕ ਆਂਚਲ ਦੀ ਹੈ ।
ਗੱਲ
ਕੋਈ ਸੁਖਦ ਪਲਾਂ ਦੀ ਸੋਚੋ
ਆਖ਼ਰ ਸ਼ਾਮ ਜਦੋਂ ਢਲਦੀ ਹੈ॥
***