ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 11 May, 2008

ਮੁੱਖ ਪੰਨਾ

          - ਸਵੈ-ਕਥਨ/ਚੇਤੇ ਦੀ ਚੰਗੇਰ/ਮੁਲਾਕਾਤ-

ਲਿਖਾਰੀ

(35) ਯਾਦਾਂ ਬਿਸ਼ਨ ਸਿੰਘ ਉਪਾਸ਼ਕ ਦੀਆਂ

Maqsoodpuri

hrbKsL mksUdpurI, zrbI (XU[ky[)


ਰਾਮਗੜ੍ਹੀਆ ਐਜੂਕੇਸ਼ਨ ਕਮੇਟੀ “ਕੌਮੀ ਸੰਦੇਸ਼” ਨਾਉਂ ਦਾ ਹਫਤੇਵਾਰ ਅਖ਼ਬਾਰ ਕੱਢਦੀ ਸੀ। ਇਸ ਅਖ਼ਬਾਰ ਦਾ ਮੰਤਵ ਇਸ ਕਮੇਟੀ ਦੇ ਕੰਮਾਂ ਦਾ ਪਰਚਾਰ ਕਰ ਕੇ ਇਸਦੇ ਪ੍ਰਬੰਧਕਾਂ ਦੀ ਸਿਫਤ ਸਲਾਹ ਕਰਨਾ ਹੀ ਸੀ। ਇਸਦਾ ਦਫ਼ਤਰ ਤੇ ਪ੍ਰੈੱਸ ਉਸੇ ਬਿਲਡਿੰਗ ਦੇ ਹੇਠਲੇ ਹਿੱਸੇ ਵਿਚ ਸਨ, ਜਿਸ ਦੇ ਉਪਰਲੇ ਹਿੱਸੇ ਵਿਚ ਰਾਮਗੜ੍ਹੀਆ ਐਜੂਕੇਸ਼ਨ ਕਮੇਟੀ ਦਾ ਦਫ਼ਤਰ ਸੀ। ਜਦੋਂ ਮੈਂ ਰਾਮਗੜ੍ਹੀਆ ਕਾਲਜੀਏਟ ਸਕੂਲ ਵਿਚ ਨਿਯੁਕਤ ਹੋਇਆ ਸਾਂ, ਉਸ ਵੇਲੇ ਮੋਹਨ ਸਿੰਘ ਮਤਵਾਲਾ ਇਸ ਅਖ਼ਬਾਰ ਦਾ ਐਡੀਟਰ ਸੀ। ਮਤਵਾਲਾ ਉਹਦਾ ਉਪਨਾਮ ਸੀ। ਮੈਂ ਨਾ ਕਦੀ ਉਹਨੂੰ ਮਤਵਾਲਾ ਹੋਇਆ ਦੇਖਿਆ ਸੀ ਤੇ ਨਾ ਉਹਦੇ ਵਿਚ ਮਤਵਾਲਿਆਂ ਵਾਲੀ ਕੋਈ ਗੱਲ ਸੀ। ਉਹਦਾ ਸਰੀਰ ਹੀ ਸੰਖੇਪ ਜਿਹਾ ਨਹੀਂ ਸੀ, ਉਹਦੀ ਗੱਲਬਾਤ ਤੇ ਰਹਿਣੀ ਬਹਿਣੀ ਵੀ ਉਹਦੇ ਵਰਗੀ ਸੰਖੇਪ ਜਿਹੀ ਸੀ। ਬਸ ਹਰ ਗੱਲ ਵਿਚ ਪਤਲਾ ਪਤੰਗ ਸੀ। ਦੋ ਕੁ ਸਾਲ ਪਿੱਛੋਂ ਉਹਦੀ ਥਾਂ ਬਿਸ਼ਨ ਸਿੰਘ ਉਪਾਸ਼ਕ ਆ ਗਿਆ ਸੀ। ਮਤਵਾਲਾ ਜਿੰਨਾ ਭਲਾ ਲੋਕ ਸੀ ਤੇ ਦਬੜੂ ਜਿਹਾ ਸੀ, ਉਪਾਸ਼ਕ ਉੰਨਾ ਹੀ ਦਬੰਗ ਤੇ ਖਰਾਂਟ ਸੀ। ਜਿੰਨਾ ਮਤਵਾਲਾ ਚੁੱਪ ਚੁਪੀਤਾ ਸੀ, ਉੰਨਾ ਹੀ ਉਪਾਸ਼ਕ ਬੜਬੋਲਾ ਸੀ। ਉਹਦੇ ਵਰਗਾ ਪੰਜੇ ਐਬ ਸ਼ਰੱਈ ਇੱਥੇ ਕਿੰਨਾ ਚਿਰ ਟਿਕ ਸਕਦਾ ਸੀ। ਇੱਥੇ ਤਾਂ ਕੀ ਉਹ ਬਹੁਤਾ ਚਿਰ ਕਿਤੇ ਵੀ ਨਹੀਂ ਟਿਕ ਸਕਦਾ ਸੀ। ਟਿਕ ਕੇ ਬੈਠਣਾ ਉਹਦੀ ਤਬੀਅਤ ਦੇ ਹੀ ਉਲਟ ਸੀ।

ਉਹਦਾ ਖੁੱਲ੍ਹਾ ਸੁਭਾ, ਮੂੰਹ ਤੇ ਸਾਫ ਗੱਲ ਕਹਿ ਦੇਣ ਦੀ ਦਲੇਰੀ ਤੇ ਬਿਨਾ ਕਿਸੇ ਝਿਜਕ ਦੇ ਰਿਕਸ਼ੇ ਵਾਲਿਆਂ ਤੋਂ ਲੈ ਕੇ ਕਾਰਖ਼ਾਨੇਦਾਰਾਂ ਤੱਕ ਨਾਲ ਯਾਰੀ, ਉਹਦਾ ਹਾਸ ਵਿਅੰਗ ਤੇ ਲਤੀਫ਼ੇਬਾਜ਼ੀ ਮੈਨੂੰ ਮੱਲੋ ਮੱਲੀਂ ਉਹਦੇ ਨੇੜੇ ਲੈ ਗਏ ਜਾਂ ਇਹ ਸਮਝ ਲਵੋ, ਉਹ ਮੱਲੋ ਮੱਲੀਂ ਮੇਰੇ ਨੇੜੇ ਆ ਗਿਆ। ਪਹਿਲੀ ਨਾਲੋਂ ਦੂਜੀ ਗਲ ਸ਼ਾਇਦ ਵਧੇਰੇ ਠੀਕ ਸੀ। ਉਹ ਇੱਕ ਵੇਰ ਜਿਹਦੇ ਨੇੜੇ ਆ ਜਾਂਦਾ ਸੀ ਫੇਰ ਉਹਦਾ ਖਹਿੜਾ ਨਹੀਂ ਛੱਡਦਾ ਸੀ। ਮੈਂ ਸੀ ਪੜ੍ਹਨ ਪੜ੍ਹਾਉਣ ਵਾਲਾ ਬੰਦਾ, ਜਿਹੜਾ ਕਿਸੇ ਨਾ ਕਿਸੇ ਇਮਤਿਹਾਨ ਦੀ ਤਿਆਰੀ ਵਿਚ ਲੱਗਾ ਰਹਿੰਦਾ ਸਾਂ, ਉਹ ਸੀ ਮਲੰਗ, ਨਾ ਦੀਨ ਦੀ, ਨਾ ਦੁਨੀਆ ਦੀ ਪਰਵਾਹ, ਜਦੋਂ ਵੀ ਉਹਦਾ ਜੀਅ ਕਰਦਾ ਆ ਵੱਜਦਾ। ਕੰਬਖਤ ਸੀ ਹੀ ਅਜੇਹਾ, ਜਿਹਨੂੰ ਰੱਖਣਾ ਵੀ ਮੁਸ਼ਕਲ ਸੀ ਤੇ ਛੱਡਣਾ ਵੀ।

ਜਦੋਂ ਵੀ ਉਹ ਆਉਂਦਾ ਮੈਂ ਕਿਤਾਬ ਫੜੀ ਪੜ੍ਹਨ ਵਿਚ ਮਗਨ ਹੁੰਦਾ। ਉਹਨੂੰ ਦੇਖ ਕੇ ਕਿਤੇ ਕਿਤੇ ਖਿਝ ਵੀ ਜਾਂਦਾ। ਉਹ ਆਉਂਦਿਆਂ ਹੀ ਦੋ ਕੁ ਲਤੀਫ਼ੇ ਅਜੇਹੇ ਛੱਡਦਾ ਕਿ ਕਿਤਾਬ ਹੱਥੋਂ ਡਿਗ ਪੈਂਦੀ ਤੇ ਉਹਦੇ ਹਾਸੇ ਦੇ ਛਣਕਾਟੇ ਵਿਚ ਉੱਥੇ ਹੀ ਪਈ ਰਹਿ ਜਾਂਦੀ ਤੇ ਮੈਨੂੰ ਪੜ੍ਹਨਾ ਪੜ੍ਹਾਉਣਾ ਸਭ ਭੁੱਲ ਜਾਂਦਾ। ਜੇ ਕਿਤੇ ਉਹਨੇ ਕੋਈ ਨਵੀਂ ਗ਼ਜ਼ਲ ਲਿਖੀ ਹੁੰਦੀ ਤਾਂ ਉਹ ਕਾਹਲੀ ਕਾਹਲੀ ਆਉਂਦਾ ਤੇ ਆਉਂਦਾ ਹੀ ਸ਼ੁਰੂ ਹੋ ਜਾਂਦਾ। ਅਵਾਜ਼ ਤਾਂ ਉਹਦੀ ਪਾਟੇ ਬਾਂਸ ਵਰਗੀ ਸੀ, ਫੇਰ ਵੀ ਉਹ ਗਾ ਕੇ ਕਹਿੰਦਾ:-

ਦੇਖ ਕੇ ਤੇਰੇ ਚਿਹਰੇ ਦਾ ਹਾਲਾ
ਰੋਜ਼ ਪੀਤਾ ਜ਼ਹਿਰ ਦਾ ਪਿਆਲਾ
ਮਾਰਦੇ ਮਰ ਗਏ ਨੇ ਜੀਣ ਜੋਗੇ
ਪਰ ਨਾ ਮਰਿਆ ਅਜੇ ਮਰਨ ਵਾਲਾ
ਪਲ ਦੀ ਪਲ ਹੈ ਹੁਸੀਨਾਂ ਦੀ ਰੌਣਕ
ਆਸ਼ਕਾਂ ਦਾ ਸਦਾ ਬੋਲ ਬਾਲਾ
ਮੈਂ ਉਪਾਸ਼ਕ ਧੁਰੋਂ ਸਰਘੀਆਂ ਦਾ
ਕਰ ਰਿਹਾ ਹਾਂ ਨਵੀਂ ਦੀਪ ਮਾਲਾ

ਕਦੀ ਕਦੀ ਆਉਂਦਿਆਂ ਹੀ ਉਹ ਇਹ ਸ਼ਿਅਰ ਗਾਉਣ ਲੱਗ ਪੈਂਦਾ:-

ਅੱਜ ਕਿਸੇ ਦੀ ਯਾਦ ਆਈ
ਬਹੁਤ ਰੋਇਆ ਬਹੁਤ ਰੋਇਆ
ਮੈਂ ਜਿਹਨੂੰ ਅਪਣਾ ਨਾ ਸਕਿਆ
ਜੋ ਕਦੇ ਮੇਰਾ ਨਾ ਹੋਇਆ

ਤੇ ਗਾਉਂਦਾ ਗਾਉਂਦਾ ਉਹ ਸੱਚ ਮੁਚ ਰੋਣ ਲੱਗ ਪੈਂਦਾ। ਜਾਪਦਾ ਸੀ ਉਹਦੇ ਅੰਦਰ ਕੋਈ ਡੂੰਘਾ ਜ਼ਖਮ ਸੀ ਜਿਹਨੂੰ ਉਹ ਹਾਸਿਆਂ, ਲਤੀਫ਼ਿਆਂ ਵਿਚ ਭੁਲਾਉਣ ਦੀ ਬੇ ਸੂਦ ਕੋਸ਼ਿਸ਼ ਕਰਦਾ ਸੀ। ਉਹਦੇ ਮੂੰਹੋਂ ਇਹ ਸ਼ਿਅਰ ਮੈਂ ਪਤਾ ਨਹੀਂ ਕਿੰਨੀ ਵੇਰ ਸੁਣੇ:-

ਤੈਨੂੰ ਦਿਲੋਂ ਭੁਲਾਉਣ ਦੀ ਕੋਸ਼ਿਸ਼ ਕਰਾਂਗਾ ਮੈਂ
ਮੁਹਰਾ ਗ਼ਮਾਂ ਦਾ ਖਾਣ ਦੀ ਕੋਸਿ਼ਸ਼ ਕਰਾਂਗਾ ਮੈਂ
ਜੀਂਦਾ ਰਹੇਂ ਜਹਾਨ ਤੇ ਖਾਬਾਂ ਦੇ ਮਾਲਕਾ!
ਦੁਨੀਆ ਨਵੀਂ ਵਸਾਉਣ ਦੀ ਕੋਸਿ਼ਸ਼ ਕਰਾਂਗਾ ਮੈਂ

ਨਾ ਉਹ ਉਹਨੂੰ ਦਿਲੋਂ ਭੁਲਾ ਸਕਿਆ ਤੇ ਨਾ ਨਵੀਂ ਦੁਨੀਆ ਵਸਾ ਸਕਿਆ। ਗ਼ਮਾਂ ਦਾ ਮੁਹਰਾ ਤਾਂ ਉਹਨੇ ਖਾਣਾ ਹੀ ਸੀ ਤੇ ਉਸਦੀ ਜ਼ਹਿਰ ਨੂੰ ਉਹ ਸ਼ਰਾਬ ਵਿਚ ਡੁਬਾਉਣ ਦਾ ਯਤਨ ਕਰਦਾ ਰਿਹਾ।

ਉਹਦੇ ਕੋਲ ਲੁੱਚੇ ਤੋਂ ਲੁੱਚੇ ਲਤੀਫ਼ਿਆਂ ਦਾ ਭੰਡਾਰ ਸੀ, ਜੋ ਕਦੀ ਮੁੱਕਦਾ ਨਹੀਂ ਸੀ। ਕਹਿੰਦਾ ਭਾਵੇਂ ਉਹ ਹਾਸੇ ਦੇ ਮੂਡ ਵਿਚ ਸੀ, “ਔਰਤ ਤੇ ਸ਼ਰਾਬ ਦੀ ਕਿਸਮ ਨਹੀਂ ਪੁੱਛੀਦੀ”, ਉਹਦੇ ਸੁਭਾ ਨਾਲ ਸ਼ਰਾਬ ਵਾਲੀ ਗੱਲ ਤਾਂ ਐਨ ਢੁਕਦੀ ਸੀ, ਦੂਜੀ ਗੱਲ ਦਾ ਤਾਂ ਉਹਨੂੰ ਹੀ ਪਤਾ ਹੋਵੇਗਾ। ਮੈਂ ਉਹਨੂੰ ਕੀਮਤੀ ਤੋਂ ਕੀਮਤੀ ਸ਼ਰਾਬ ਪੀਂਦੇ ਵੀ ਦੇਖਿਆ ਸੀ ਤੇ ਸਸਤੀ ਤੋਂ ਸਸਤੀ ਢੇਰ ਮਾਰਕਾ ਵੀ। ਔਰਤਾਂ ਬਾਰੇ ਉਹਦੇ ਕਿੱਸੇ ਵੀ ਸੁਣਦੇ ਰਹੀਦਾ ਸੀ। ਇੱਕ ਵੇਰ ਕਹਿੰਦਾ, “ਮੈਂ ਕੰਜਰੀ ਦੇ ਕੋਠੇ ‘ਤੇ ਚਲਾ ਗਿਆ। ਜਦੋਂ ਉਹਨੂੰ ਦੇਖਿਆ ਤਾਂ ਉਹ ਸੱਤਰ ਕੁ ਸਾਲ ਦੀ ਉਮਰ ਦੀ ਬੁੜ੍ਹੀ ਫਾਫਾਂ ਸੀ। ਮੈਂ ਉਹਨੂੰ ਪੈਸੇ ਦਿੱਤੇ ਤੇ ਉਨ੍ਹੀਂ ਪੈਰੀਂ ਵਾਪਸ ਮੁੜ ਪਿਆ। ਉਹ ਕਹਿੰਦੀ, 'ਸਰਦਾਰਾ ਕਿਆ ਬਾਤ ਹੈ, ਐਸੇ ਵਾਪਸ ਹੋ ਚਲੇ?' ਮੈਂ ਕਿਹਾ, “ਮੈਨੂੰ ਮਹਿਬੂਬਾ ਦੀ ਲੋੜ ਹੈ ਮਾਂ ਦੀ ਨਹੀਂ। ਮਾਂ ਤਾਂ ਮੇਰੇ ਘਰ ਵੀ ਹੈਗੀ ਆ।”

ਉਹਦਾ ਕੱਦ ਅਜੇਹਾ ਸੀ ਕਿ ਠੀਂਗਣੇ ਜਿਹੇ ਬੰਦੇ ਦੇ ਸਾਹਮਣੇ ਲੰਮਾ ਲਗਦਾ ਤੇ ਲੰਮੇ ਬੰਦੇ ਦੇ ਸਾਹਮਣੇ ਠੀਂਗਣਾ। ਉਹਦਾ ਰੰਗ ਚੋਖਾ ਪੱਕਾ ਸੀ ਤੇ ਕਰੀਨੇ ਨਾਲ ਬੰਨ੍ਹੀ ਚਿੱਟੀ ਪੱਗ ਨਾਲ ਉਹ ਹੋਰ ਵੀ ਪੱਕਾ ਲੱਗਣ ਲੱਗ ਪੈਂਦਾ ਤੇ ਉਪਰੋਂ ਉਹੋ ਜੇਹੀਆਂ ਕਾਲੀਆਂ ਐਨਕਾਂ ਲਾ ਲੈਂਦਾ। ਨਵੀਂ ਨਵੀਂ ਕਾਲੀ ਕੀਤੀ ਤੇ ਚਾੜ੍ਹ ਕੇ ਬੰਨ੍ਹੀ ਦਾੜ੍ਹੀ ਉਹਦੇ ਚਿਹਰੇ ਨਾਲ ਹੀ ਇੱਕ ਮਿੱਕ ਹੋ ਜਾਂਦੀ। ਵਿਅੰਗ ਕੱਸਣ ਵੇਲ਼ੇ ਉਹ ਆਪਣਾ ਦੇਖਦਾ ਨਾ ਪਰਾਇਆ ਤੇ ਆਪਣੇ ਆਪ ਨੂੰ ਵੀ ਨਾ ਬਖਸ਼ਦਾ।

ਇੱਕ ਦਿਨ ਉਹ ਮੇਰੇ ਨਾਲ ਹਦੀਆਬਾਦ ਰੋਡ 'ਤੇ ਤੁਰਿਆ ਜਾ ਰਿਹਾ ਸੀ ਕਿ ਸਾਮਣਿਉਂ ਅਵਤਾਰ ਜੰਡਿਆਲਵੀ ਤੇ ਸੁਰਿੰਦਰ ਗਿੱਲ ਤੁਰੇ ਆਉਂਦੇ ਦਿਸ ਪਏ। ਉਹ ਨੱਠ ਕੇ ਉਹਨਾਂ ਦੇ ਸਾਹਮਣੇ ਗਿਆ, ਫੇਰ ਭੰਬੀਰੀ ਵਾਂਗ ਉਨ੍ਹਾਂ ਦੇ ਦੁਆਲੇ ਘੁੰਮਿਆਂ ਤੇ ਅਵਤਾਰ ਵਲ ਐਨਕਾਂ ਦੇ ਉੱਤੋਂ ਦੀ ਝਾਕ ਕੇ ਕਿਹਾ, “ਅਵਤਾਰ! ਸੁਰਿੰਦਰ ਤੇਰੇ ਨਾਲ ਤੁਰਿਆ ਜਾਂਦਾ ਇਵੇਂ ਲਗਦਾ ਹੈ, ਜਿਵੇਂ ਅਲਫ਼ ਦੇ ਪੈਰਾਂ ਵਿਚ ਹਮਜਾ ਦੌੜ ਲਾ ਰਿਹਾ ਹੋਵੇ।” ਫੇਰ ਉਨ੍ਹਾਂ ਦੇ ਹਾਸੇ ਵਿਚ ਸ਼ਾਮਲ ਹੁੰਦਾ ਹੋਇਆ ਕਹਿਣ ਲੱਗਾ, “ਲਗਦਾ ਤਾਂ ਹਰਬਖਸ਼ ਨਾਲ ਤੁਰਦਾ ਕੁਝ ਮੈਂ ਵੀ ਇੰਝ ਹੀ ਹਾਂ ਜਿਵੇਂ ਬੌਲਦ ਨਾਲ ਬੱਕਰੀ ਤੁਰੀ ਆਉਂਦੀ ਹੋਵੇ।” ਮੈਂ ਉਹਦੇ ਮੋਢੇ ਤੇ ਧੱਫਾ ਮਾਰ ਕੇ ਕਿਹਾ, “ਓਏ! ਤੂੰ ਆਪ ਤਾਂ ਪਸੂ ਹੈਂ ਹੀ, ਮੈਨੂੰ ਖ਼ਾਹ-ਮਖ਼ਾਹ ਪਸੂਆਂ ਵਿਚ ਸ਼ਾਮਿਲ ਕਰੀ ਜਾਂਦੇ।”

ਉਹ ਮੂਡ ਵਿਚ ਸੀ। ਕਹਿੰਦਾ, “ਚਲੋ, ਇੱਕ ਇੱਕ ਕੱਪ ਚਾਹ ਦਾ ਹੋ ਜਾਵੇ।” ਤੇ ਫੇਰ ਘੇਰ ਕੇ ਸਾਨੂੰ ਚਾਹ ਦੀ ਦੁਕਾਨ 'ਤੇ ਲੈ ਗਿਆ। ਚਾਹ ਵਾਲੇ ਨੂੰ ਕਹਿਣ ਲੱਗਾ, “ਲੈ ਬਈ ਪਿਆਰਾ ਸਿਹਾਂ! ਅੱਜ ਚਾਰ ਸ਼ਾਇਰ ਤੇਰੀ ਕਮਾਈ ਵਿਚ ਬਰਕਤ ਪਾਉਣ ਆਏ ਆ। ਇੱਦਾਂ ਦੀ ਚਾਹ ਪਿਲਾ ਕਿ ਇਹ ਸਾਰੀ ਉਮਰ ਤੇਰੀ ਚਾਹ ਦੀ ਸਿਫ਼ਤ ਵਿਚ ਸ਼ੇਅਰ ਕਹਿੰਦੇ ਰਹਿਣ। ਨਾਲੇ ਜੋਖ ਦੇ ਇੱਕ ਪੌਂਡ ਬਰਫ਼ੀ, ਸ਼ਿਅਰ ਜ਼ਰਾ ਹੋਰ ਮਿੱਠੇ ਹੋ ਜਾਣਗੇ।” ਉਹ ਚਾਹ ਵਾਲੇ ਨਾਲ ਇਵੇਂ ਖੁਲ੍ਹ ਗਿਆ ਜਿਵੇਂ ਉਹ ਉਹਦਾ ਲੰਗੋਟੀਆ ਯਾਰ ਹੋਵੇ। ਉਹਦੇ ਸੁਭਾ ਦੇ ਇਸ ਪੱਖ ਨੂੰ ਮੈਂ ਬਹੁਤ ਵਾਰ ਨੋਟ ਕੀਤਾ ਸੀ। ਉਹ ਚਪੜਾਸੀਆਂ, ਰਿਕਸ਼ੇ ਵਾਲਿਆਂ, ਕੁਲੀਆਂ ਤੇ ਰੇੜ੍ਹੀ ਵਾਲਿਆਂ ਨਾਲ ਇਸੇ ਤਰ੍ਹਾਂ ਬੇਝਿਜਕ ਗੱਲਾਂ ਕਰਦਾ ਹੁੰਦਾ ਸੀ। ਪਤਾ ਨਹੀਂ ਕਿੰਨੇ ਕੁ ਅਜੇਹੇ ਬੰਦਿਆਂ ਦੇ ਨਾਂ ਉਹਨੂੰ ਕੰਠ ਸਨ।

ਚਾਹ ਪਾਣੀ ਛਕ ਛਕਾ ਕੇ ਕਹਿੰਦਾ, “ਹਰਬਖਸ਼! ਅਸੀਂ ਤਾਂ ਤਿੰਨੇ ਹੋਏ ਸ਼ਾਇਰ, ਤੂੰ ਹੋਇਆ ਸਾਡਾ ਆਲੋਚਕ। ਸ਼ਾਇਰ ਵਿਚਾਰੇ ਆਲੋਚਕ ਦੇ ਸਾਹਮਣੇ ਕਿਵੇਂ ਵੱਡੇ ਬਣ ਸਕਦੇ ਆ? ਇਸ ਲਈ ਕੱਢ ਪੰਜ ਰੁਪਏ ਤੇ ਤਾਰ ਬਿੱਲ। ਜੇ ਅਸੀਂ ਤਾਰ ਦਿੱਤਾ ਤਾਂ ਤੇਰੀ ਬੇਇੱਜ਼ਤੀ ਖਰਾਬ ਹੋਵੇਗੀ।” ਮੈਂ ਹੱਸ ਕੇ ਕਿਹਾ, “ਚੰਗਾ ਬਹਾਨਾ ਬਣਾਇਆ ਮੇਰੀ ਹਜਾਮਤ ਕਰਨ ਦਾ। ਚਲੋ ਇਸ ਭਾਅ ਮਾੜਾ ਨਹੀਂ, ਤੂੰ ਵੀ ਤਾਂ ਇੰਨੇ ਚਿਰ ਦਾ ਮਰਾਸੀਪੁਣਾ ਕਰ ਕੇ ਬਿਨਾ ਮੁਆਵਜ਼ੇ ਦੇ ਸਾਡਾ ਜੀਅ ਪਰਚਾਵਾ ਕਰ ਰਿਹਾਂ।” ਮੈਂ ਪੰਜ ਰੁਪਏ ਕੱਢ ਕੇ ਪਿਆਰਾ ਸਿਹੁੰ ਨੂੰ ਫੜਾ ਦਿੱਤੇ।

ਉਹ ਤੋਂ ਡਰ ਹੀ ਰਹਿੰਦਾ ਸੀ ਕਿ ਉਹ ਕਿਤੇ ਸੁੱਤੇ ਸਿੱਧ ਤੁਰਿਆਂ ਜਾਂਦਿਆਂ ਦਾ ਤੁਹਾਡਾ ਮਖੌਲ ਨਾ ਬਣਾ ਦੇਵੇ। ਉਹ ਨਾ ਆਪਣੀ ਰੱਖਦਾ ਸੀ ਤੇ ਨਾ ਦੂਜੇ ਦੀ ਰਹਿਣ ਦਿੰਦਾ ਸੀ। ਇੱਕ ਦਿਨ ਮੈਂ ਫਗਵਾੜਾ ਮਾਡਲ ਟਾਊਨ ਵਿਚ ਰਹਿੰਦੇ ਇੱਕ ਮਿੱਤਰ ਨੂੰ ਮਿਲਣ ਜਾ ਰਿਹਾ ਸਾਂ ਕਿ ਸਾਹਮਣੇ ਉਪਾਸ਼ਕ ਸਾਈਕਲ ਸਵਾਰ ਆਉਂਦਾ ਦਿਸਿਆ। ਉਹਦੇ ਮੋਹਰੇ ਕੋਈ ਕੁੜੀ ਬੈਠੀ ਸੀ। ਕੁਦਰਤੀ ਸੰਗਾਊ ਜਿਹਾ ਹੋਣ ਕਰ ਕੇ ਮੈਂ ਕੋਲੋਂ ਲੰਘਣ ਹੀ ਲੱਗਾ ਸਾਂ ਕਿ ਉਹਨੇ ਬੁਲਾ ਲਿਆ। “ਹਰਬਖਸ! ਗੱਲ ਸੁਣ”, ਇਹ ਕਹਿ ਕੇ ਉਹਨੇ ਐਨ ਮੇਰੇ ਕੋਲ ਸਾਈਕਲ ਲਿਆ ਖੜ੍ਹਾ ਕੀਤਾ। ਉਸੇ ਤਰ੍ਹਾਂ ਸਾਈਕਲ ਸਵਾਰ ਨੇ ਹੀ ਇੱਕ ਪੈਰ ਫੁੱਟ-ਪਾਥ ਦੀ ਵੱਟ ਨੂੰ ਲਾ ਲਿਆ ਤੇ ਕਿਹਾ, “ਆਹ ਕੁੜੀ ਸੁਰਜੀਤ ਗਿੱਲ ਹੈ, ਕਹਿੰਦੀ ਹੈ, ‘ਜਸਵੰਤ ਆਹਲੂਵਾਲੀਆ ਕਹਾਣੀ ਬਹੁਤ ਸੁਹਣੀ ਲਿਖਦੀ ਹੈ’, ਮੈਂ ਕਹਿੰਦਾਂ, ਉਹਨੂੰ ਕਹਾਣੀ ਲਿਖਣੀ ਆਉਂਦੀ ਹੀ ਨਹੀਂ, ਤੇਰਾ ਕੀ ਖਿਆਲ ਹੈ?”

ਮੈਂ ਤਾਂ ਪਹਿਲਾਂ ਹੀ ਤ੍ਰੇਲੀਓ ਤ੍ਰੇਲੀ ਸਾਂ, ਕੀ ਕਹਿੰਦਾ? ਮੈਂ ਖਹਿੜਾ ਛੁਡਾਉਣ ਲਈ ਉਹਦੇ ਨਾਲ ਸਹਿਮਤ ਹੋ ਗਿਆ ਤੇ ਕਹਿ ਦਿੱਤਾ, “ਉਹਨੂੰ ਕਿੱਥੇ ਕਹਾਣੀ ਲਿਖਣੀ ਆਉਂਦੀ ਆ?”

ਮੈਂ ਦੇਖਿਆ, ਉਹਦੇ ਅੱਗੇ ਬੈਠੀ ਕੁੜੀ ਕੁਝ ਔਖੀ ਜਿਹੀ ਮਹਿਸੂਸ ਕਰ ਰਹੀ ਸੀ। ਉਪਾਸ਼ਕ ਨੇ ਠਹਾਕਾ ਮਾਰ ਕੇ ਕਿਹਾ, “ਇਹਨੂੰ ਮਿਲ, ਇਹ ਜਸਵੰਤ ਆਹਲੂਵਾਲੀਆ ਹੈ।” ਇਹ ਕਹਿ ਕੇ ਉਹਨੇ ਸਾਈਕਲ ਚਲਾ ਲਿਆ ਤੇ ਤਿੱਤਰ ਹੋ ਗਿਆ।

ਉਹ ਰੋਜ਼ ਨਹੀਂ ਤਾਂ ਹਰ ਤੀਜੇ ਦਿਨ ਤਾਂ ਜ਼ਰੂਰ ਮਿਲਦਾ। ਜਦ ਵੀ ਮਿਲਦਾ ਹੱਸਦਾ ਹਸਾਉਂਦਾ ਤੇ ਆਪਣੇ ਹਾਸ ਵਿਅੰਗ ਦੇ ਜਲਵੇ ਦਿਖਾਉਂਦਾ। ਦੋ ਕੁ ਸਾਲ ਉਹਦਾ ਸਾਥ ਬਣਿਆ ਰਿਹਾ।

ਕਹਾਣੀ ਦੀ ਕਹਾਣੀ

ਫੇਰ ਇੱਕ ਦਿਨ ਜਿੱਦਾਂ ਕਹਿੰਦੇ ਹੁੰਦੇ ਹਨ, ਉਪਾਸ਼ਕ ਨੇ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰ ਲਿਆ। ਗੱਲ ਇਸ ਤਰ੍ਹਾਂ ਹੋਈ ਕਿ ਮੈਂ ਇੱਕ ਦਿਨ ਅੱਧੀ ਛੁੱਟੀ ਵੇਲੇ ਉਹਦੇ ਦਫ਼ਤਰ ਵਿਚ ਗੱਪ ਛਪ ਲਈ ਜਾ ਪੁੱਜਿਆ। ਸੋਚਿਆ ਸੀ ਨਾਲੇ ਚਾਹ ਦਾ ਅਨੰਦ ਮਾਣਾਂਗੇ, ਨਾਲੇ ਉਹਦੇ ਲਤੀਫ਼ੇ ਸੁਣ ਕੇ ਕੁਝ ਚਿਰ ਲਈ ਫਿਕਰਾਂ ਦੀਆਂ ਪੰਡਾਂ ਹਲਕੀਆਂ ਕਰਾਂਗੇ। ਉਹ ਜਾਂਦੇ ਨੂੰ ਹੀ ਕਹਿਣ ਲੱਗਾ, “ਹਰਬਖਸ਼! ਕੁਝ ਛਪਣ ਲਈ ਦੇਹ। ਅਖ਼ਬਾਰ ਦੇ ਦੋ ਸਫ਼ੇ ਖਾਲੀ ਪਏ ਆ।” ਮੈਂ ਕਿਹਾ, “ਹੋ ਜਾਵੇਗਾ ਬੰਦੋਬਸਤ, ਪਹਿਲਾਂ ਚਾਹ ਪਿਲਾਉਣ ਦਾ ਬੰਦੋਬਸਤ ਕਰ।” ਉਹਨੇ ਉਸੇ ਵੇਲੇ ਕੰਟੀਨ ਵਿਚ ਸੁਨੇਹਾ ਭੇਜ ਕੇ ਚਾਹ ਦੇ ਦੋ ਕੱਪ ਮੰਗਾ ਲਏ ਤੇ ਨਾਲ ਹੀ ਕੁਝ ਬਰਫ਼ੀ ਵੀ। ਮੈਂ ਚਾਹ ਦੀਆਂ ਚੁਸਕੀਆਂ ਲੈਂਦਿਆਂ ਕਿਹਾ, “ਯਾਰ! ਇੱਕ ਨਵੀਂ ਕਹਾਣੀ ਲਿਖੀ ਹੈ। ਹੈ ਵੀ ਮੇਰੇ ਕੋਲ। ਪਰ ਮੈਨੂੰ ਡਰ ਹੈ ਕਿ ਇਹ ਕਹਾਣੀ ਤੇਰੇ ਮਾਲਕਾਂ ਨੂੰ ਪਚਣੀ ਨਹੀਂ।”

“ਕੱਢ ਉਰੇ ਦੇਖੀਏ”, ਇਹ ਕਹਿ ਕੇ ਉਹਨੇ ਆਪ ਹੀ ਮੇਰੇ ਕੋਟ ਦੀ ਜੇਬ 'ਚੋਂ ਕਹਾਣੀ ਧੂਅ ਲਈ। ਇਹ ਕਹਾਣੀ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਅਦਾਰਿਆਂ ਵਲੋਂ ਅਧਿਆਪਕਾਂ ਦੀ ਦੁਰਵਰਤੋਂ ਬਾਰੇ ਮੈਂ ਹੁਣੇ ਹੁਣੇ ਲਿਖੀ ਸੀ ਤੇ ਹਾਲੀਂ ਹੋਰ ਕਿਤੇ ਛਪੀ ਵੀ ਨਹੀਂ ਸੀ। ਉਹ ਕਹਾਣੀ ਪੜ੍ਹਦਾ ਪੜ੍ਹਦਾ ਕੁਝ ਗੰਭੀਰ ਜਿਹਾ ਹੋ ਗਿਆ। ਫੇਰ ਆਪ ਹੀ ਕਹਿਣ ਲੱਗਾ, “ਗੱਲ ਤਾਂ ਜ਼ਰੂਰ ਪ੍ਰਬੰਧਕਾਂ ਨੂੰ ਅੱਗ ਲਾਉਣ ਵਾਲੀ ਹੈ। ਪਰ ਦੇਖਿਆ ਜਾਏਗਾ ਜੋ ਹੋਏਗਾ। ਮੈਂ ਇਹ ਅਖ਼ਬਾਰ ਵਿਚ ਜ਼ਰੂਰ ਦੇ ਦੇਣੀ ਹੈ। ਕੱਲ ਨੂੰ ਦੋਵੇਂ ਬਿਸਤਰੇ ਬੰਨ੍ਹ ਕੇ ਹੀ ਕੰਮ ਤੇ ਆਵਾਂਗੇ।”

ਉਪਾਸ਼ਕ ਆਪ ਤਾਂ ਉਹ ਕਹਾਣੀ ਪ੍ਰੈਸ ਵਿਚ ਦੇ ਕੇ ਕੁਝ ਦਿਨਾਂ ਦੀ ਛੁੱਟੀ ਤੇ ਚਲਾ ਗਿਆ। ਮਗਰੋਂ ਕਿਸ ਨੇ ਦੇਖਣਾ ਸੀ ਕੀ ਛਪ ਰਿਹਾ ਹੈ? ਜਦੋਂ ਇਸ ਕਹਾਣੀ ਵਾਲਾ ਫਰਮਾਂ ਛਪ ਵੀ ਗਿਆ ਤਾਂ ਕਿਸੇ ਸੂਹੀਏ ਨੇ ਸਰਦਾਰ ਮੇਲਾ ਸਿੰਘ ਨੂੰ ਜਾ ਦੱਸਿਆ ਕਿ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਲੇਖ ਛਪ ਰਿਹਾ ਸੀ। ਸੂਹੀਏ ਨੂੰ ਕੀ ਪਤਾ ਸੀ ਕਹਾਣੀ ਕੀ ਹੁੰਦੀ ਹੈ ਤੇ ਲੇਖ ਕੀ? ਮੇਲਾ ਸਿੰਘ ਨੂੰ ਤਾਂ ਊੜੇ ਦੀ ਪਛਾਣ ਵੀ ਮਸੀਂ ਸੀ। ਟੈਲੀਫੋਨ ਖੜਕ ਗਏ ਤੇ ਅਖ਼ਬਾਰ ਦੀ ਛਪਾਈ ਉੱਥੇ ਹੀ ਰੁਕ ਗਈ। ਫੇਰ ਉਸ ਹਫਤੇ ਦੀ ਅਖ਼ਬਾਰ ਬਿਨਾ ਦੋ ਸਫ਼ਿਆਂ ਦੇ ਡਾਕੇ ਪਾਉਣੀ ਪਈ। ਉਪਾਸ਼ਕ ਨੂੰ ਤਾਂ ਬਿਨਾ ਕਿਸੇ ਪੁੱਛ ਦੱਸ ਦੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਤੇ ਮੈਨੂੰ ਮੇਲਾ ਸਿੰਘ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਹੋ ਗਿਆ।

ਮੈਂ ਜਦ ਮੇਲਾ ਸਿੰਘ ਦੇ ਸਾਹਮਣੇ ਪੇਸ਼ ਹੋਇਆ, ਤਾਂ ਉਹਨੇ ਸੈਕਟਰੀ ਨੂੰ ਸਾਹਮਣੇ ਪਏ ਕਾਗ਼ਜ਼ਾਂ ਤੇ ਲਾਲ ਲਕੀਰਾਂ ਲੱਗੀਆਂ ਸਤਰਾਂ ਪੜ੍ਹਨ ਲਈ ਕਿਹਾ ਤੇ ਆਪ ਉਹ ਉੰਨਾ ਚਿਰ ਆਪਣੀਆਂ ਐਨਕਾਂ ਉਪਰੋਂ ਮੇਰੇ ਵਲ ਝਾਕਦਾ ਰਿਹਾ। ਮੈਨੂੰ ਕਿਸੇ ਨੇ ਬੈਠਣ ਲਈ ਕਿਹਾ ਹੀ ਨਾ, ਇਸ ਲਈ ਮੈਂ ਖੜ੍ਹਾ ਰਿਹਾ। ਜਦ ਸੈਕਟਰੀ ਪੜ੍ਹ ਹਟਿਆ ਤਾਂ ਮੇਲਾ ਸਿੰਘ ਨੇ ਮੈਨੂੰ ਕਿਹਾ, “ਕਿਉਂ ਲੈ ਲਿਆ ਸਾਦੀਫਿਟਕ (ਸਰਟੀਫੀਕੇਟ)?” ਮੈਂ ਕਿਹਾ,”ਸਰਦਾਰ ਸਾਹਿਬ ਮੈਂ ਕਿਸੇ ਦੇ ਖ਼ਿਲਾਫ਼ ਕੁਝ ਨਹੀਂ ਲਿਖਿਆ। ਇਹ ਲੇਖ ਨਹੀਂ ਕਹਾਣੀ ਹੈ। ਕਹਾਣੀ ਸਦਾ ਕਲਪਤ ਹੁੰਦੀ ਹੈ। ਇਸਦਾ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਨਾਲ ਕਿਸੇ ਤਰ੍ਹਾਂ ਵੀ ਮੇਲ ਨਹੀਂ।” ਮੇਰੀ ਸਾਰੀ ਗੱਲ ਉਹਦੇ ਸਿਰ ਤੋਂ ਲੰਘ ਗਈ। ਉਹਨੇ ਕਿਹਾ, “ਚੰਗਾ ਜਾਹ! ਹੁਣ ਤੇਰੇ ਨਾਲ ਚੇਅਰਮੈਨ ਆਪ ਹੀ ਸਿੱਝੂਗਾ।”

ਸਰਦਾਰ ਮੇਲਾ ਸਿੰਘ ਬਹੁਤ ਹੀ ਸਿੱਧਾ ਸਾਦਾ ਤੇ ਸਿੱਧੇ ਸਾਦੇ ਬੰਦਿਆਂ ਵਾਂਗ ਬਹੁਤ ਹੀ ਤਕੜਾ ਕਾਮਾ ਸੀ। ਉਹਦੀ ਬੋਲ ਬਾਣੀ ਆਮ ਜਿਹੇ ਪੇਂਡੂ ਕਿਰਤੀ ਕਾਰੀਗਰਾਂ ਵਰਗੀ ਸੀ। ਠੇਕੇਦਾਰੀ ਦੇ ਰਾਹੇ ਪੈ ਕੇ ਆਪਣੇ ਭਾਈਚਾਰੇ ਵਿਚ ਉਹਨੂੰ ਕਹਿੰਦਾ ਕਹਾਉਂਦਾ ਅਮੀਰ ਬਣਨ ਦਾ ਮੌਕਾ ਲੱਗ ਗਿਆ ਸੀ। ਉਹ ਸਰਦਾਰ ਮੋਹਨ ਸਿੰਘ ਰਈਸ ਹਦੀਆਵਾਦੀ ਤੋਂ ਦੂਜੇ ਨੰਬਰ 'ਤੇ ਸੀ ਤੇ ਇਸੇ ਕਾਰਣ ਹੀ ਰਾਮਗੜ੍ਹੀਆ ਐਜੂਕੇਸ਼ਨ ਕਮੇਟੀ ਦਾ ਵਾਈਸ-ਚੇਅਰਮੈਨ ਸੀ, ਭਾਵੇਂ ਉਹਨੂੰ ਐਜੂਕੇਸ਼ਨ ਦਾ ਬਹੁਤਾ ਪਤਾ ਨਹੀਂ ਸੀ। ਫੇਰ ਵੀ ਸੱਚ ਇਹ ਹੈ ਕਿ ਜੇ ਹਦੀਆਬਾਦ ਰੋਡ ਤੇ ਐਡੀਆਂ ਵੱਡੀਆਂ ਵਿੱਦਿਅਕ ਸੰਸਥਾਵਾਂ ਉੱਸਰ ਗਈਆਂ ਸਨ ਤਾਂ ਉਹ ਇਸ ਸਿੱਧੇ ਸਾਦੇ ਅਨਪੜ੍ਹ ਤੇ ਸਖ਼ਤ ਮਿਹਨਤੀ ਬੰਦੇ ਦੇ ਸਦਕੇ ਹੀ ਸਨ। ਸਰਦਾਰ ਮੋਹਨ ਸਿੰਘ ਹਦੀਆਬਾਦੀ ਨੇ ਤਾਂ ਇਨ੍ਹਾਂ ਸੰਸਥਾਵਾਂ ਲਈ ਜ਼ਮੀਨ ਹੀ ਦਾਨ ਕੀਤੀ ਸੀ ਤੇ ਜ਼ਮੀਨ ਦਾ ਉਹਦੇ ਕੋਲ ਘਾਟਾ ਨਹੀਂ ਸੀ।

ਮੋਹਨ ਸਿੰਘ ਨੂੰ ਕਿਸੇ ਵੀ ਅਧਿਆਪਕ ਜਾਂ ਵਿਦਿਆਰਥੀ ਨੇ ਕਦੀ ਇਨ੍ਹਾਂ ਸੰਸਥਾਵਾਂ ਵਿਚ ਆਉਂਦਿਆਂ ਨਹੀਂ ਦੇਖਿਆ ਸੀ ਸਵਾਏ ਕਿਸੇ ਸਾਲਾਨਾ ਸਮਾਗਮ ਦੇ ਸਮੇਂ ਤੋਂ। ਪਰ ਮੇਲਾ ਸਿੰਘ ਸੀ ਕਿ ਸਾਈਕਲ ਖਿੱਚੀ ਇਨ੍ਹਾਂ ਸੰਸਥਾਵਾਂ ਵਿਚ ਫਿਰਦਾ ਨਿਤ ਦਿਸਦਾ ਸੀ।
ਬੋਲ ਬਾਣੀ ਤਾਂ ਉਹਦੀ ਪੇਂਡੂ ਬੰਦਿਆਂ ਵਰਗੀ ਸੀ ਹੀ, ਉਹ ਹੈੱਡਮਾਸਟਰ ਨੂੰ ਹੈਡਮਾਸਟਰਾ ਤੇ ਕਾਲਜ ਦੇ ਪ੍ਰਿੰਸੀਪਲ ਨੂੰ ਪ੍ਰਿੰਸੀਪਲਾ ਕਹਿ ਕੇ ਬੁਲਾਉਂਦਾ ਹੁੰਦਾ ਸੀ ਤੇ ਬਿਨਾ ਪੁੱਛਿਆਂ ਦੱਸਿਆਂ ਉਨ੍ਹਾਂ ਦੇ ਦਫ਼ਤਰਾਂ ਵਿਚ ਧੁੱਸ ਦੇ ਕੇ ਜਾ ਵੜਦਾ ਸੀ। ਸ਼ਹਿਰੀ ਬੋਲ ਚਾਲ ਦਾ ਬਣਾਉਟੀਪਣ ਉਹ ਜਾਣਦਾ ਨਹੀਂ ਸੀ ਨਾ ਜਾਣਨ ਦੀ ਲੋੜ ਸਮਝਦਾ ਸੀ।

ਇੱਕ ਘਟਨਾ ਜਿਹੜੀ ਇਸ ਪ੍ਰਸੰਗ ਵਿਚ ਮੈਂ ਦੱਸਣ ਲੱਗਾ ਹਾਂ, ਪਾਠਕਾਂ ਦੀ ਦਿਲਚਸਪੀ ਦਾ ਕਾਰਣ ਬਣੇਗੀ। ਰਾਮਗੜ੍ਹੀਆ ਕਾਲਜ ਦਾ ਪ੍ਰਿੰਸੀਪਲ ਕ੍ਰਿਪਾਲ ਸਿੰਘ ਨਾਰੰਗ ਹੁੰਦਾ ਸੀ। ਉਹ ਪੰਜਾਬ ਯੂਨੀਵਰਸਿਟੀ ਦਾ ਰਜਿਸਟ੍ਰਾਰ ਨਿਯੁਕਤ ਹੋ ਗਿਆ ਸੀ ਤੇ ਰਾਮਗੜ੍ਹੀਆ ਐਜੂਕੇਸ਼ਨ ਕਮੇਟੀ ਨੂੰ ਪ੍ਰਿੰਸੀਪਲ ਮਿਲ ਗਿਆ ਇੱਕ ਬੰਗਾਲੀ ਜਿਹੜਾ ਪੰਜਾਬੀ ਦਾ ਊੜਾ ਵੀ ਨਹੀਂ ਜਾਣਦਾ ਸੀ। ਸਰਦਾਰ ਮੇਲਾ ਸਿੰਘ ਪੰਜਾਬੀ ਤੋਂ ਬਿਨਾ ਕੋਈ ਹੋਰ ਜ਼ਬਾਨ ਜਾਣਦਾ ਨਹੀਂ ਸੀ। ਉਹ ਇੱਕ ਦਿਨ ਧੁੱਸ ਦੇ ਕੇ ਲਾਲ ਅੱਖਾਂ ਕਰੀ ਪ੍ਰਿੰਸੀਪਲ ਦੇ ਦਫ਼ਤਰ ਵਿਚ ਜਾ ਵੜਿਆ ਤੇ ਜਾਂਦਾ ਹੀ ਆਪਣੀ ਸਿੱਧੀ ਸਾਦੀ ਪੇਂਡੂ ਪੰਜਾਬੀ ਵਿਚ ਬੋਲਿਆ, “ਓਏ ਪ੍ਰਿੰਸੀਪਲਾ! ਤੈਨੂੰ ਕੁਝ ਪਤਾ ਆ ਕਿ ਨਹੀਂ, ਬਾਹਰ ਮੁੰਡੇ ਰੌਲਾ ਪਾਉਂਦੇ ਫਿਰਦੇ ਆ ਤੂੰ ਅੰਦਰ ਬੈਠਾਂ ਘੁੱਗੂ ਬਣ ਕੇ। ਮੁੰਡਿਆਂ ਨੂੰ ਕਾਬੂ ਕੌਣ ਕਰੂ ਤੇਰਾ ਪੇਅ ਆ ਕੇ?”

ਪ੍ਰਿੰਸੀਪਲ ਵਿਚਾਰੇ ਨੂੰ ਉਹਦਾ ਬੋਲਿਆ ਇੱਕ ਵੀ ਲਫਜ਼ ਸਮਝ ਤਾਂ ਆਉਣਾ ਨਹੀਂ ਸੀ। ਉਹਨੇ ਸਮਝਿਆ, ਕੋਈ ਉਜੱਡ ਜਿਹਾ ਪੇਂਡੂ ਬੰਦਾ ਦਫ਼ਤਰ ਅੰਦਰ ਬਿਨਾ ਪੁੱਛੇ ਆ ਵੜਿਆ ਹੈ। ਉਹਨੇ ਘੰਟੀ ਦਾ ਬਟਨ ਦੱਬਿਆ ਤੇ ਚਪੜਾਸੀ ਨੂੰ ਆਉਂਦੇ ਨੂੰ ਹੀ ਕਿਹਾ,”ਇਸ ਬੁੜ੍ਹੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇ।” ਚਪੜਾਸੀ ਵਿਚਾਰਾ ਕੰਬੀ ਜਾਵੇ। ਨਾ ਉਹ ਆਪਣੇ ਮਾਲਕ ਦੀ ਹੁਕਮ ਅਦੂਲੀ ਕਰਨ ਯੋਗਾ ਨਾ ਸਰਦਾਰ ਮੇਲਾ ਸਿੰਘ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਯੋਗਾ। ਨਤੀਜਾ ਇਹ ਨਿਕਲਿਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਹੀ ਪ੍ਰਿੰਸੀਪਲ ਨੂੰ ਬਰਖ਼ਾਸਤਗੀ ਦਾ ਨੋਟਸ ਮਿਲ ਗਿਆ।

ਸਟਾਫ ਰੂਮ ਵਿਚ ਪੁੱਜਦਿਆਂ ਹੀ ਹੈੱਡਮਾਸਟਰ ਦੇ ਦਸਖ਼ਤਾਂ ਹੇਠ ਮੈਨੂੰ “ਕਾਰਣ ਦੱਸੋ” ਦਾ ਨੋਟਸ ਮਿਲ ਗਿਆ। ਮੈਂ ਘੰਟੇ ਕੁ ਵਿਚ ਉਹਦਾ ਜਵਾਬ ਵੀ ਲਿਖ ਦਿੱਤਾ। ਭੇਜਣ ਤੋਂ ਪਹਿਲਾਂ ਨੋਟਸ ਦਾ ਜਵਾਬ ਮੈਂ ਆਪਣੇ ਇੱਕ ਸਾਥੀ ਮਾਸਟਰ ਰਘੁਬੀਰ ਸਿੰਘ ਨੂੰ ਵੀ ਪੜ੍ਹਾ ਦਿੱਤਾ। ਉਹਨੇ ਮੇਰੀ ਉਹ ਕਹਾਣੀ ਪੜ੍ਹੀ ਹੋਈ ਸੀ। ਉਹ ਕਹਿੰਦਾ, “ਆਹ ਤਾਂ ਬਈ ਕਹਾਣੀ ਤੋਂ ਵੀ ਉਪਰ ਦੀ ਗੱਲ ਹੈ।” ਉਹ ਕਹਾਣੀ ਸੀ “ਕਹਾਣੀ ਕਦੋਂ ਲਿਖਾਂ?”

ਚੇਅਰਮੈਨ ਮੋਹਨ ਸਿੰਘ ਪੜ੍ਹਿਆ ਲਿਖਿਆ ਵੀ ਸੀ ਤੇ ਸਾਹਿਤ ਬਾਰੇ ਵੀ ਕੁਝ ਜਾਣਕਾਰੀ ਰੱਖਦਾ ਸੀ। ਜਦੋਂ ਉਹਦੇ ਕੋਲ ਸ਼ਿਕਾਇਤ ਪੁੱਜੀ ਤਾਂ ਉਹਨੇ ਇਸ ਗੱਲ ਨੂੰ ਤੂਲ ਦੇਣਾ ਠੀਕ ਨਾ ਸਮਝਿਆ। ਗੱਲ ਉੱਥੇ ਹੀ ਦੱਬੀ ਗਈ। ਇਸ ਘਟਨਾ ਦੇ ਪਿੱਛੋਂ ਵੀ ਮੈਂ ਸਾਲ ਕੁ ਇਸ ਸਕੂਲ ਵਿਚ ਕੰਮ ਕਰਦਾ ਰਿਹਾ।

ਕਾਲ ਗਤੀ ਦਾ ਬੱਝਾ ਮੈਂ 1963 ਵਿਚ ਦੇਸ਼ ਨਿਕਾਲ਼ਾ ਲੈ ਕੇ ਇੰਗਲੈਂਡ ਆ ਗਿਆ ਸਾਂ। ਥੋੜੇ ਹੀ ਚਿਰ ਪਿਛੋਂ ਖ਼ਬਰ ਮਿਲ ਗਈ ਕਿ ਉਪਾਸ਼ਕ ਸਾਈਕਲ ਤੇ ਸੜਕਾਂ ਕੱਛਦਾ ਇੱਕ ਹਾਦਸੇ ਦੀ ਲਪੇਟ ਵਿਚ ਆ ਕੇ ਇਸ ਜਹਾਨ ਤੋਂ ਵਿਦਾਇਗੀ ਲੈ ਗਿਆ ਹੈ। ਜੀਵਨ ਦੇ ਲੰਮੇ ਸਫ਼ਰ ਵਿਚ ਸੈਂਕੜੇ ਬੰਦੇ ਮਿਲਦੇ ਹਨ ਤੇ ਯਾਦ ਦੀ ਤਖਤੀ ਤੋਂ ਮਿਟ ਜਾਂਦੇ ਹਨ ਪਰ ਕੋਈ ਕੋਈ ਅਜੇਹੇ ਵੀ ਹੁੰਦੇ ਹਨ ਜਿਨ੍ਹਾਂ ਦੀ ਯਾਦ ਇੰਨੀ ਡੂੰਘੀ ਉੱਕਰੀ ਜਾਂਦੀ ਹੈ ਕਿ ਉਮਰ ਭਰ ਦਾ ਸਾਥ ਬਣ ਜਾਂਦੀ ਹੈ। ਉਪਾਸ਼ਕ ਅਜੇਹੇ ਬੰਦਿਆਂ ਵਿਚੋਂ ਇੱਕ ਸੀ।

(12 ਮਈ 2008)

e-mail:
ilKfrI

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.