ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 June, 2008

-ਲੇਖ/ਆਲੋਚਨਾ/ਪਠਨ/ਰੀਵੀਊ/ਵਿਚਾਰ


ਨਿਸ਼ਾਨ ਸਿੰਘ

ਫ਼ਰੀਦ ਬਾਣੀ ਦਾ ਥੀਮਕ ਅਧਿਐਨ

-ਨਿਸ਼ਾਨ ਸਿੰਘ-
ਗੁਰਦੁਆਰਾ ਸੱਤਵੀਂ ਪਾਤਸ਼ਾਹੀ
, ਥਾਨੇਸਰ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ)

 


ਕਿਸੇ ਵੀ ਮਹਾਨ ਸਾਹਿਤ ਦੀ ਸਭ ਤੋਂ ਵੱਡੀ ਪਹਿਚਾਣ ਇਹ ਹੁੰਦੀ ਹੈ ਕਿ ਉਹ ਆਪਣੇ ਦੇਸ਼ ਕਾਲ ਦੀਆਂ ਸਮੱਸਿਆਵਾਂ ਨੂੰ ਉਲੰਘ ਕੇ ਦੂਜੇ ਦੇਸ਼ਾਂ ਅਤੇ ਕਾਲਾਂ ਲਈ ਵੀ ਸਾਰਥਕ ਅਤੇ ਅਰਥ ਭਰਪੂਰ ਰਹਿੰਦਾ ਹੈ। ਇਸ ਤੋਂ ਇਲਾਵਾ ਮਹਾਨ ਸਾਹਿਤ ਵਿੱਚ ਮਨੁੱਖ ਦੇ ਜੀਵਨ ਨਾਲ ਸੰਬੰਧਤ ਸੇਧ ਦੇਣ ਵਾਲੇ ਸਵਾਲ ਪੇਸ਼ ਕੀਤੇ ਜਾਂਦੇ ਹਨ। ਬਾਬਾ ਫ਼ਰੀਦ ਜੀ ਦੀ ਬਾਣੀ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਇਹ ਬਾਣੀ ਮਹਾਨ ਸਾਹਿਤ ਹੋਣ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਰੱਖਦੀ ਹੈ। ਫ਼ਰੀਦ ਬਾਣੀ ਨੂੰ ਕਿਸੇ ਖ਼ਾਸ ਕਾਲ ਅਤੇ ਖ਼ਾਸ ਦੇਸ਼ ਦੀ ਸੀਮਾ ਵਿੱਚ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਬਾਬਾ ਫ਼ਰੀਦ ਜੀ ਦੁਆਰਾ ਪੇਸ਼ ਵਿਚਾਰ/ਸਿਧਾਂਤ ਅਜੋਕੇ ਸਮੇਂ ਵੀ ਉਤਨੇ ਸਾਰਥਕ ਹਨ, ਜਿੰਨੇ ਕਿ ਫ਼ਰੀਦ ਕਾਲ ਵਿੱਚ ਸਨ।

ਫ਼ਰੀਦ ਜੀ ਨੇ ਆਪਣੀ ਬਾਣੀ ਵਿੱਚ ਆਪਣੇ ਯੁਗ ਦੀਆਂ ਪਰਿਸਥਿਤੀਆਂ ਦੇ ਸੰਦਰਭ ਵਿੱਚ ਇੱਕ ਆਦਰਸ਼ਕ ਮਨੁੱਖ ਦਾ ਮਾਡਲ ਤਿਆਰ ਕੀਤਾ। ਇਸ ਆਦਰਸ਼ਕ ਮਨੁੱਖ ਦੇ ਮਾਡਲ ਨੂੰ ਉਲੀਕਣ ਸਮੇਂ ਫ਼ਰੀਦ ਨੇ ਮਨੁੱਖੀ ਮਨ ਦੇ ਅੰਦਰਲੇ ਸੰਘਰਸ਼ ਨੂੰ ਇਤਨਾ ਵਿਆਪਕ ਧਰਾਤਲ ਪ੍ਰਦਾਨ ਕਰ ਦਿੱਤਾ ਹੈ ਕਿ ਅਜੋਕੇ ਸਮੇਂ ਦੇ ਮਨੁੱਖ ਵੀ ਇਸ ਨੂੰ ਆਪਣਾ ਪ੍ਰੇਰਣਾਸਰੋਤ ਬਣਾ ਸਕਦੇ ਹਨ। ਫ਼ਰੀਦ ਜੀ ਦੁਆਰਾ ਪੇਸ਼ ਮਨੁੱਖ ਇੱਕ ਅਜਿਹਾ ਵਿਅਕਤੀ ਹੈ ਜੋ ਸੰਸਾਰਕ ਵਸਤੂਆਂ ਦੇ ਲੋਭ ਤੋਂ ਮੁਕਤ ਅਤੇ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖਣ ਵਾਲਾ ਹੈ। ਮੋਹ ਮਾਇਆ ਦੇ ਆਕ੍ਰਸ਼ਣ ਉਸ ਨੂੰ ਆਪਣੇ ਜਾਲ ਵਿੱਚ ਗ੍ਰਿਫ਼ਤਾਰ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਵਿਕਾਰਾਂ ਦੇ ਸ਼ਿਕੰਜੇ ਵਿੱਚ ਆਉਂਦਾ ਹੈ।

ਫ਼ਰੀਦ ਜੀ ਦੀ ਸਮੁੱਚੀ ਬਾਣੀ ਵਿੱਚ ਜੀਵ ਰੂਪੀ ਕੰਨਿਆ ਦੇ ਸੱਚੀ ਸੁਹਾਗਣ ਸਿੱਧ ਹੋਣ ਦੀ ਦਾਸਤਾਨ ਕਲਮਬਦ ਹੈ। ਫ਼ਰੀਦ ਜੀ ਦੀ ਬਾਣੀ ਦਾ ਸਮੁੱਚਾ ਅਵਲੋਕਨ ਕਰਨ ਤੇ ਇਹ ਤੱਥ ਸਹਿਜੇ ਹੀ ਨਜ਼ਰ ਆ ਜਾਂਦਾ ਹੈ ਕਿ ਹਰ ਸਲੋਕ ਦੀ ਤਹਿ ਵਿੱਚ ਆਦਰਸ਼ਕ ਜੀਵ ਜਾਂ ਜੀਵ ਰੂਪੀ ਇਸਤਰੀ ਬਣਨ ਦੀ ਮਰਿਯਾਦਾ ਕ੍ਰਿਆਸ਼ੀਲ ਹੈ।

ਇਨ੍ਹਾਂ ਸਲੋਕਾਂ ਵਿੱਚ ਨੈਤਿਕਤਾ ਦੇ ਵਿਵੇਚਨ ਦੇ ਨਾਲ-ਨਾਲ ਅਧਿਆਤਮਕ ਖਿੱਚ ਜਾਂ ਖੋਹ ਵੀ ਮੂਰਤੀਮਾਨ ਹੁੰਦੀ ਹੈ। ਇਸ ਅਧਿਆਤਮਕ ਖਿੱਚ ਦੀ ਅਣਹੋਂਦ ਵਿੱਚ ਸਮੁੱਚੀ ਨੈਤਿਕਤਾ ਕੇਵਲ ਕਰਮ-ਕਾਂਡ ਬਣ ਕੇ ਹੀ ਰਹਿ ਜਾਂਦੀ ਹੈ। ਫ਼ਰੀਦ ਜੀ ਦੁਆਰਾ ਪੇਸ਼ ਕੀਤਾ ਗਿਆ ਆਦਰਸ਼ ਮਾਡਲ ਬੁਰੇ ਕਰਮ ਨਹੀਂ ਕਰਦਾ। ਉਹ ਮਨੁੱਖ ਹਿੰਸਾ ਦਾ ਜਵਾਬ ਪ੍ਰਤੀ-ਹਿੰਸਾ ਵਿੱਚ ਨਹੀਂ ਦਿੰਦਾ। ਆਪਣੇ ਸੱਜਣਾਂ ਮਿੱਤਰਾਂ ਦੀ ਸਹਾਇਤਾ ਲਈ ਹਰ ਸਮੇਂ ਤਿਆਰ ਰਹਿੰਦਾ ਹੈ। ਕਿਸੇ ਨੂੰ ਕੌੜਾ ਨਹੀਂ ਬੋਲਦਾ ਕਿਉਂਕਿ ਉਹ ਜਾਣਦਾ ਹੈ ਕਿ ਹਰ ਮਨੁੱਖ ਦੇ ਦਿਲ ਵਿੱਚ ਪਰਮਾਤਮਾ ਦਾ ਨਿਵਾਸ ਹੈ।

ਫ਼ਰੀਦ ਜੀ ਦੇ ਬਾਣੀ-ਸੰਸਾਰ ਅੰਦਰ ਮੌਤ ਅਤੇ ਇਸ ਦਾ ਡਰ ਇੱਕ ਲਗਾਤਾਰ ਆਉਣ ਵਾਲਾ ਥੀਮ ਹੈ। ਇੱਕ ਥਾਂ ਤੇ ਬਾਬਾ ਫ਼ਰੀਦ ਜੀ ਲਿਖਦੇ ਹਨ ਕਿ ਜਿਸ ਦਿਨ ਆਦਮੀ ਦਾ ਨਾੜੂਆ ਕੱਟਿਆ ਜਾਂਦਾ ਹੈ, ਜੇ ਉਸ ਦਿਨ ਥੋੜਾ ਜਿਹਾ ਗਲਾ ਵੀ ਕੱਟ ਦਿੱਤਾ ਜਾਂਦਾ ਤਾਂ ਮਨੁੱਖ ਨੂੰ ਇਤਨੀਆਂ ਸਮੱਸਿਆਵਾਂ ਨਾਲ ਨਾ ਉਲਝਣਾ ਪੈਂਦਾ। ਇਸ ਤਰ੍ਹਾਂ ਬਾਬਾ ਫ਼ਰੀਦ ਜੀ ਜੀਵਨ ਦੀ ਨਾਸ਼ਮਾਨਤਾ ਦੇ ਬੜੇ ਸਜੀਵ ਅਤੇ ਭਿਆਨਕ ਚਿੱਤਰ ਪੇਸ਼ ਕਰਦੇ ਹਨ।

ਜ਼ੰਦਗੀ ਅਤੇ ਮੌਤ ਦਾ ਇਹ ਪੜਾਅ ਫ਼ਰੀਦ ਬਾਣੀ ਵਿੱਚ ਨਿਰੰਤਰ ਗਤੀਮਾਨ ਹੈ। ਫ਼ਰੀਦ ਬਾਣੀ ਵਿੱਚ ਪਲੋ-ਪਲੀ ਵਧੀ ਆ ਰਹੀ ਮੌਤ ਦਾ ਵਰਨਣ ਤਾਂ ਭਰਵਾਂ ਹੈ ਪਰ ਜੀਵਨ ਦੀ ਪਰਵਾਹ-ਮਾਨਤਾ ਨਾਲੋਂ ਫ਼ਰੀਦ ਜੀ ਅਸਲੋਂ ਹੀ ਟੁੱਟਦੇ ਨਹੀਂ ਸਗੋਂ ਉਸ ਨੂੰ ਪ੍ਰਤੱਖ ਵਿੱਚ ਰੱਖ ਕੇ ਜੀਵਨ ਜਾਚ ਦੀ ਉਸਾਰੀ ਕਰਦੇ ਹਨ। ਜੇਕਰ ਇਸ ਪੱਖ ਨੂੰ ਹੋਰ ਸਪਸ਼ਟ ਕਰਕੇ ਵੇਖਣਾ ਹੋਵੇ ਤਾਂ ਬਾਬਾ ਫ਼ਰੀਦ ਦੇ ਸਦਾਚਾਰ ਸੰਬੰਧੀ ਉਪਦੇਸ਼ਾਂ ਨੂੰ ਰੂਪਮਾਨ ਕਰਦੇ ਸਲੋਕਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ। ਜਿਨ੍ਹਾਂ ਵਿੱਚ ਜ਼ਿੰਦਗੀ ਮੁੱਲਾਂ ਤੇ ਡਟ ਕੇ ਪਹਿਰਾ ਦੇਣ ਦੀ ਗੱਲ ਕੀਤੀ ਗਈ ਹੈ। ਐਸਾ ਦ੍ਰਿਸ਼ਟੀਕੋਣ ਜ਼ਿੰਦਗੀ ਪ੍ਰਤੀ ਸਾਰਥਕ ਪਹੁੰਚ ਰੱਖਣ ਵਾਲੇ ਫ਼ਕੀਰ ਦਾ ਹੀ ਹੋ ਸਕਦਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਬਾਬਾ ਫ਼ਰੀਦ ਜੀ ਮੌਤ ਦਾ ਉਚੇਚਾ ਜ਼ਿਕਰ ਵੀ ਉਚੇਰੀ ਜੀਵਨ ਜਾਚ ਦੀ ਪ੍ਰੇਰਣਾ ਲਈ ਕਰ ਰਹੇ ਹਨ।

ਇਸ ਤੋਂ ਇਲਾਵਾ ਫ਼ਰੀਦ ਬਾਣੀ ਵਿੱਚ ਉਨ੍ਹਾਂ ਕਾਵਿ ਜੁਗਤਾਂ ਦੀ ਸਿਰਜਣਾ ਕੀਤੀ ਗਈ ਹੈ ਜੋ ਲੋਕ ਮਨਾਂ ਲਈ ਵਧੇਰੇ ਸਮਝਣਯੋਗ ਹਨ। ਇਸ ਲਈ ਬਾਬਾ ਫ਼ਰੀਦ ਜੀ ਨੇ ਸੰਦੇਸ਼ ਸੰਚਾਰ ਕਰਨ ਲਈ ਸਲੋਕ ਕਾਵਿ ਰੂਪ ਨੂੰ ਚੁਣਿਆ ਹੈ। ਬਾਬਾ ਫ਼ਰੀਦ ਨੇ ਆਪਣੇ ਕਲਾਮ ਵਿੱਚ ਵੱਡੇ ਤੋਂ ਵੱਡੇ ਅਧਿਆਤਮਕ ਸੰਦੇਸ਼ ਨੂੰ ਸੌਖੇ ਤੋਂ ਸੌਖੇ ਪ੍ਰਤੀਕ-ਵਿਧਾਨ ਵਿੱਚ ਢਾਲ ਕੇ ਪੇਸ਼ ਕੀਤਾ ਹੈ। ਫ਼ਰੀਦ ਬਾਣੀ ਵਿੱਚ ਲੋਕਾਂ ਲਈ ਜਾਣੀਆਂ-ਪਛਾਣੀਆਂ ਵਸਤਾਂ ਜਿਵੇਂ ਬਗਲਾ, ਕੰਬਲੀ, ਮਸਾਨ, ਚੋਪੜੀ ਰੋਟੀ, ਸ਼ੱਕਰ, ਖੰਡ, ਗੁੜ, ਦੁੱਧ ਆਦਿ ਦੁਆਰਾ ਅਧਿਆਤਮਕ ਸੰਦੇਸ਼ ਦਾ ਸੰਚਾਰ ਕੀਤਾ ਗਿਆ ਹੈ। ਇਸ ਬਾਣੀ ਵਿੱਚ ਪੇਸ਼ ਕੀਤੇ ਗਏ ਅਲੰਕਾਰ, ਬਿੰਬ ਅਤੇ ਰਸ ਵਿਧਾਨ ਅਜਿਹੇ ਬਣਾ ਕੇ ਪੇਸ਼ ਕੀਤੇ ਗਏ ਹਨ ਕਿ ਪਾਠਕ ਦੇ ਬੋਧਿਕ ਪੱਧਰ ਤੇ ਜਾ ਕੇ ਉਸ ਨੂੰ ਸਮਝਾਉਂਦੇ ਹਨ। ਪਾਠਕ ਦੇ ਬੋਧਿਕ ਪੱਧਰ ਦੀ ਹੋਣ ਕਰਕੇ ਹੀ ਫ਼ਰੀਦ ਬਾਣੀ ਆਮ ਲੋਕਾਂ ਵਿੱਚ ਹਰਮਨ-ਪਿਆਰੀ ਹੈ।

ਫ਼ਰੀਦ ਬਾਣੀ ਦੇ ਸਮੁੱਚੇ ਅਧਿਐਨ ਤੋਂ ਬਾਅਦ ਇਹ ਗੱਲ ਭਲੀ-ਭਾਂਤ ਸਿੱਧ ਹੁੰਦੀ ਹੈ ਕਿ ਧਨ ਅਤੇ ਪਿਰ ਜਾਂ ਪਤਨੀ ਅਤੇ ਪਤੀ ਇਸ ਬਾਣੀ ਦੇ ਦੋ ਕੇਂਦਰੀ ਧੁਰੇ ਹਨ। ਕਈ ਵਾਰ ਇਹ ਧੁਰੇ ਦਰਵੇਸ਼/ਭਗਤ ਅਤੇ ਪਰਮਾਤਮਾ ਦੇ ਰੂਪ ਵਿੱਚ ਪ੍ਰਤੱਖ ਤੌਰ ਤੇ ਪੇਸ਼ ਹੁੰਦੇ ਹਨ। ਫ਼ਰੀਦ ਜੀ ਦੇ ਅਨੁਸਾਰ ਸੱਚਾ ਦਰਵੇਸ਼ ਉਹ ਹੈ ਜੋ ਰੁੱਖਾਂ ਵਰਗਾ ਜਿਗਰਾ ਰੱਖਦਾ ਹੈ, ਕਿਉਂਕਿ ਦਰਵੇਸ਼ ਦਾ ਜੀਵਨ ਬੜਾ ਔਖਾ ਹੈ। ਇਸ ਨੂੰ ਆਮ ਦੁਨੀਆਂ ਦੀ ਰਵਾਇਤ ਨਾਲ ਨਹੀਂ ਨਿਭਾਇਆ ਜਾ ਸਕਦਾ। ਫ਼ਰੀਦ ਜੀ ਦੁਆਰਾ ਪੇਸ਼ ਕੀਤਾ ਗਿਆ ਦਰਵੇਸ਼ ਸੰਸਾਰਕ ਸੁੰਦਰਤਾ ਦੇ ਪਿੱਛੇ ਲੱਗ ਕੇ ਵਿਲਾਸਤਾ ਵਿੱਚ ਨਹੀਂ ਡੁੱਬਦਾ। ਅਸਲ ਵਿੱਚ ਉਹ ਆਪਣੀ ਸਾਧਨਾ ਦੇ ਬਦਲੇ ਕੋਈ ਸੰਸਾਰਕ ਸੁੱਖ ਦੀ ਤਾਂਘ ਨਹੀਂ ਰੱਖਦਾ, ਉਹ ਤਾਂ ਕੇਵਲ ਪਰਮਾਤਮਾ ਦੇ ਮਿਲਾਪ ਦੀ ਇੱਛਾ ਪੂਰਤੀ ਚਾਹੁੰਦਾ ਹੈ। ਉਹ ਸੰਸਾਰ ਦੀਆਂ ਨਾਸ਼ਮਾਨ ਵਸਤਾਂ ਦੇ ਪਿੱਛੇ ਨਹੀਂ ਭਟਕਦਾ। ਬਾਬਾ ਫ਼ਰੀਦ ਜੀ ਅਨੁਸਾਰ ਆਤਮਿਕ ਤੌਰ ਉਂਤੇ ਇਤਨਾ ਸ਼ੁੱਧ ਵਿਅਕਤੀ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ।

ਫ਼ਰੀਦ ਬਾਣੀ ਦਾ ਅਸਲ ਸੰਦੇਸ਼ ਸਮੁੱਚੀ ਲੋਕਾਈ ਨਾਲ ਪਿਆਰ ਅਤੇ ਸਨੇਹ ਹੈ। ਬਾਬਾ ਫ਼ਰੀਦ ਅਨੁਸਾਰ ਇੱਟ ਦਾ ਜੁਆਬ ਪੱਥਰ ਨਾਲ ਦੇਣਾ ਜ਼ਰੂਰੀ ਨਹੀਂ, ਬਲਕਿ ਉਨ੍ਹਾਂ ਨਾਲ ਵੀ ਪਿਆਰ ਕੀਤਾ ਜਾਣਾ ਚਾਹੀਦਾ ਹੈ, ਜੋ ਤੁਹਾਨੂੰ ਮਾਰਦੇ ਹਨ। ਆਪਸੀ ਪਿਆਰ ਅਤੇ ਭਾਈਚਾਰੇ ਨੂੰ ਦਰਸਾਉਣ ਵਾਲੀ ਅਜਿਹੀ ਮਿਸਾਲ ਸ਼ਾਇਦ ਹੀ ਦੁਨੀਆਂ ਦੇ ਕਿਸੇ ਹੋਰ ਮਹਾਂਪੁਰਸ਼ ਨੇ ਦਿੱਤੀ ਹੋਵੇ। ਇਸ ਦਾ ਮਤਲਬ ਇਹ ਨਹੀਂ ਕਿ ਬਾਬਾ ਫ਼ਰੀਦ ਜੀ ਆਪਣੇ ਆਪ ਨੂੰ ਹੀਣਾ ਕਰ ਦੇਣ ਵਿੱਚ ਵਿਸ਼ਵਾਸ ਕਰਦੇ ਹਨ। ਸਵੈ-ਮਾਣ ਦੀ ਭਾਵਨਾ ਵੀ ਬਾਬਾ ਫ਼ਰੀਦ ਜੀ ਦੀ ਦੇਣ ਹੈ। ਉਹ ਆਖਦੇ ਹਨ ਕਿ ਕਿਸੇ ਦੇ ਅਧੀਨ ਹੋਣ ਨਾਲੋਂ ਮਰ ਜਾਣਾ ਚੰਗਾ ਹੈ। ਫ਼ਰੀਦ ਜੀ ਦੇ ਅਨੁਸਾਰ ਨਿਮਰਤਾ ਅਤੇ ਗ਼ੁਲਾਮੀ ਵਿੱਚ ਫ਼ਰਕ ਹੈ। ਨਿਮਰਤਾ ਮਨੁੱਖ ਨੂੰ ਮਹਾਨ ਅਤੇ ਉਦਾਰ ਬਣਾਉਂਦੀ ਹੈ, ਪਰ ਗ਼ੁਲਾਮੀ ਵਿਅਕਤੀ ਦੀ ਹੋਂਦ ਨੂੰ ਖਤਮ ਕਰ ਦਿੰਦੀ ਹੈ।

ਪੰਜਾਬੀ ਸਭਿਆਚਾਰ ਦੀ ਤਰਜ਼ਮਾਨੀ ਕਰਦਿਆਂ ਬਾਬਾ ਫ਼ਰੀਦ ਜੀ ਆਪਣੇ ਕਲਾਮ ਵਿੱਚ ਮਨੁੱਖ ਅੰਦਰ ਗ਼ੈਰਤ, ਸਵੈਮਾਨ ਦੀ ਭਾਵਨਾ ਦੇ ਵਿਭਿੰਨ ਰੂਪਾਂ ਨੂੰ ਪੇਸ਼ ਕਰਦੇ ਹਨ। ਬਾਬਾ ਫ਼ਰੀਦ ਜੀ ਵੱਲੋਂ ਪੇਸ਼ ਗ਼ੈਰਤ ਆਧੁਨਿਕ ਪੰਜਾਬੀ ਸਭਿਆਚਾਰ ਵਿੱਚ ਵੀ ਸਾਰਥਕ ਹੈ।

ਇਸ ਤੋਂ ਇਲਾਵਾ ਫ਼ਰੀਦ ਬਾਣੀ ਸਚਿਆਰੇ ਮਨੁੱਖ ਦਾ ਸੰਕਲਪ ਪੇਸ਼ ਕਰਦੀ ਹੈ। ਬਾਬਾ ਫ਼ਰੀਦ ਜੀ ਇੱਕ ਪਾਸੇ ਜਿੱਥੇ ਗ਼ੁਲਾਮੀ ਨੂੰ ਮੌਤ ਦੇ ਬਰਾਬਰ ਮੰਨਦੇ ਹਨ ਉਂਥੇ ਨਾਲ ਹੀ ਕਿਸੇ ਦੂਜੇ ਵਿਅਕਤੀ ਦੇ ਦਰਵਾਜੇ ਤੇ ਮੰਗਣ ਵਾਲੇ ਵਿਅਕਤੀ ਨੂੰ ਤਾੜਨਾ ਕਰਦੇ ਹਨ। ਉਹ ਮੰਗ ਕੇ ਖਾਣ ਨਾਲੋਂ ਮੌਤ ਨੂੰ ਵਧੇਰੇ ਚੰਗਾ ਸਮਝਦੇ ਹਨ। ਇਸ ਤੋਂ ਇਲਾਵਾ ਸੂਫ਼ੀ ਦਾ ਅਸਲ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ। ਸੂਫ਼ੀ ਸਾਧਕ ਪੂਰੀ ਜ਼ਿੰਦਗੀ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਸੂਫ਼ੀ ਦੀ ਅੰਤਮ ਮੰਜ਼ਿਲ ਪ੍ਰਭੂ ਪਿਤਾ ਪਰਮਾਤਮਾ ਵਿੱਚ ਅਭੇਦ ਹੋਣਾ ਹੈ। ਉਸ ਨੂੰ ਸੰਸਾਰਕ ਵਸਤੂਆਂ, ਸੁੱਖਾਂ ਅਤੇ ਵਿਲਾਸਤਾ ਦਾ ਮੋਹ ਨਹੀਂ ਹੈ। ਇਸ ਤੋਂ ਇਲਾਵਾ ਸੂਫ਼ੀਆਂ ਅਨੁਸਾਰ ਇਹ ਜੀਵਨ ਵਰ ਨਹੀਂ ਸਰਾਪ ਹੈ ਅਤੇ ਪ੍ਰਭੂ ਨੇ ਉਨ੍ਹਾਂ ਦੇ ਕਿਸੇ ਮਾੜੇ ਕਰਮ ਕਾਰਨ ਉਨ੍ਹਾਂ ਨੂੰ ਇਨਸਾਨੀ ਰੂਪ ਵਿਚ ਪੈਦਾ ਕੀਤਾ ਹੈ। ਇਸ ਲਈ ਉਹ ਆਪਣੇ ਆਪ ਨੂੰ ਪਰਮਾਤਮਾ ਨਾਲੋਂ ਵਿਛੜੀ ਆਤਮਾ ਮੰਨਦੇ ਹਨ ਅਤੇ ਪਰਮਾਤਮਾ ਵਿੱਚ ਅਭੇਦਤਾ ਹੀ ਉਨ੍ਹਾਂ ਦਾ ਅੰਤਮ ਲਖ਼ਸ਼ ਹੈ।

ਬਾਬਾ ਫ਼ਰੀਦ ਜੀ ਦੀ ਪੰਜਾਬੀ ਸਾਹਿਤ ਨੂੰ ਸਭ ਤੋਂ ਵੱਡੀ ਅਤੇ ਅਹਿਮ ਦੇਣ ਉਸ ਸਮੇਂ ਆਮ ਲੋਕਾਂ ਵਿੱਚ ਪ੍ਰਚਂਲਿਤ ਪੰਜਾਬੀ ਭਾਸ਼ਾ ਵਿੱਚ ਬਾਣੀ ਦੀ ਰਚਨਾ ਕਰਨਾ ਹੈ। ਇਹ ਪਹਿਲੀ ਵਾਰ ਹੋਇਆ ਕਿ ਵਿਦਵਾਨਾਂ ਦੀ ਭਾਸ਼ਾ ਦੀ ਬਜਾਇ ਕਿਸੇ ਵਿਅਕਤੀ ਨੇ ਆਮ ਬੋਲ-ਚਾਲ ਦੀ ਬੋਲੀ ਦੇ ਅੰਤਰਗਤ ਆਮ ਲੋਕਾਂ ਲਈ ਬਾਣੀ ਦੀ ਰਚਨਾ ਕੀਤੀ। ਇਸ ਵਿੱਚ ਸਭ ਨੂੰ ਸਾਂਝਾ ਉਪਦੇਸ਼ ਦਿੱਤਾ ਗਿਆ। ਫ਼ਰੀਦ ਬਾਣੀ ਵਿੱਚ ਕਿਤੇ ਵੀ ਜਾਤ-ਪਾਤ, ਧਰਮ, ਰੰਗ-ਰੂਪ, ਇਸਤਰੀ-ਪੁਰਸ਼ ਆਦਿ ਦਾ ਵਿਤਕਰਾ ਨਹੀਂ ਕੀਤਾ ਗਿਆ।

ਫ਼ਰੀਦ ਬਾਣੀ ਵਿੱਚ ਮਨੁੱਖ ਨੂੰ ਨਿਮਰਤਾ, ਬਖਸ਼ਿਸ, ਤਿਆਗ ਅਤੇ ਰੱਬੀ ਚਿੰਤਨ ਦੀ ਪ੍ਰੇਰਣਾ ਦਿੱਤੀ ਗਈ ਹੈ। ਬਾਬਾ ਫ਼ਰੀਦ ਜੀ ਨੇ ਮਨੁੱਖ ਦੇ ਕਰਮ ਨੂੰ ਹੀ ਸੱਚੀ ਭਗਤੀ ਮੰਨਿਆ ਹੈ। ਬਾਬਾ ਫ਼ਰੀਦ ਜੀ ਨੇ ਧਰਮ ਨਿਰਪੱਖਤਾ ਰਾਹੀਂ ਮਨੁੱਖ ਦੀਆਂ ਕੱਟੜਵਾਦ ਦੀਆਂ ਬੇੜੀਆਂ ਕੱਟੀਆਂ। ਉਨ੍ਹਾਂ ਨੇ ਆਪਣੇ ਕਲਾਮ ਵਿੱਚ ਮਨੁੱਖ ਨੂੰ ਆਪਸੀ ਭਾਈਚਾਰੇ, ਬਰਾਬਰੀ ਅਤੇ ਆਜ਼ਾਦੀ ਦਾ ਸੰਦੇਸ਼ ਦਿੱਤਾ।

ਫ਼ਰੀਦ ਬਾਣੀ ਦਾ ਕੇਂਦਰੀ ਬਿੰਦੂ ਪਰਮਾਤਮਾ ਦੀ ਪ੍ਰਾਪਤੀ ਹੈ। ਇਸ ਪ੍ਰਾਪਤੀ ਦਾ ਰਾਹ ਦੱਸਦੇ ਹੋਏ ਬਾਬਾ ਫ਼ਰੀਦ ਆਪਣੇ ਕਲਾਮ ਵਿੱਚ ਮਨੁੱਖ ਨੂੰ ਮੌਤ ਦਾ ਡਰ, ਅੱਗੇ ਮਿਲਣ ਵਾਲੀਆਂ ਸਜਾਵਾਂ ਦੀ ਯਾਦ ਦਿਵਾਉਂਦੇ ਹਨ ਤਾਂ ਕਿ ਮਨੁੱਖ ਪਰਮਾਤਮਾ ਦੀ ਭਗਤੀ ਦੇ ਮਾਰਗ ਤੇ ਤੁਰ ਸਕੇ। ਉਸ ਪਰਮਾਤਮਾ ਲਈ ਬਾਬਾ ਫ਼ਰੀਦ ਨੇ ਅੱਲ੍ਹਾ, ਖ਼ੁਦਾ ਜਾਂ ਸਾਹਿਬ ਦੇ ਵਿਸ਼ੇਸ਼ਣ ਵਰਤੇ ਹਨ। ਇਨ੍ਹਾਂ ਸਾਰੇ ਵਿਸ਼ੇਸ਼ਣਾਂ ਦਾ ਸੰਬੰਧ ਇਸਲਾਮੀ ਸੰਸਕ੍ਰਿਤੀ ਨਾਲ ਹੈ। ਇਸ ਲਈ ਬਾਬਾ ਫ਼ਰੀਦ ਪਰਮਾਤਮਾ ਦੇ ਇਸਲਾਮੀ ਸੰਕਲਪ ਦਾ ਚਿੱਤਰ ਪੇਸ਼ ਕਰਦੇ ਹਨ। ਜਿਸ ਅਨੁਸਾਰ ਪਰਮਾਤਮਾ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੰਦਾ ਹੈ।

ਫ਼ਰੀਦ ਬਾਣੀ ਦਾ ਪੰਜਾਬੀ ਸੂਫ਼ੀ ਕਾਵਿ ਪਰੰਪਰਾ ਵਿੱਚ ਮਹੱਤਵਪੂਰਨ ਸਥਾਨ ਹੈ। ਇਹ ਉਹ ਬਾਣੀ ਹੈ ਜਿਸ ਦੁਆਰਾ ਪੰਜਾਬੀ ਪਾਠਕਾਂ ਦੀ ਸੂਫ਼ੀ ਕਵਿਤਾ ਨਾਲ ਪਹਿਲੀ ਸਾਂਝ ਪਈ। ਫ਼ਰੀਦ ਬਾਣੀ ਵਿੱਚ ਆਤਮਾ ਅਤੇ ਪਰਮਾਤਮਾ ਦੇ ਰਿਸ਼ਤੇ ਨੂੰ ਪਤੀ-ਪਤਨੀ ਜਾਂ ਕੰਤ ਦੇ ਪ੍ਰਤੀਕ ਦੁਆਰਾ ਰੂਪਮਾਨ ਕੀਤਾ ਗਿਆ ਹੈ। ਦੂਜੇ ਪਾਸੇ ਫ਼ਰੀਦ ਬਾਣੀ ਤੋਂ ਬਾਅਦ ਦੀ ਸਾਰੀ ਸੂਫ਼ੀ ਕਵਿਤਾ ਪਤੀ-ਪਤਨੀ ਦੇ ਪ੍ਰਤੀਕ ਨੂੰ ਛੱਡ ਕੇ ਪ੍ਰੇਮੀ-ਪ੍ਰੇਮਿਕਾ ਦੇ ਪ੍ਰਤੀਕ ਦੀ ਸਿਰਜਣਾ ਵੱਲ ਪਰਤ ਜਾਂਦੀ ਹੈ। ਪੰਜਾਬੀ ਸੂਫ਼ੀ ਕਾਵਿ ਪਰੰਪਰਾ ਵਿੱਚ ਫ਼ਰੀਦ ਬਾਣੀ ਦੇ ਸਥਾਨ ਨੂੰ ਨਿਸ਼ਚਿਤ ਕਰਨ ਦਾ ਇਹ ਮਹੱਤਵਪੂਰਨ ਨੁਕਤਾ ਹੈ। ਉਪਰੋਕਤ ਕੀਤੀ ਗਈ ਸਮੁੱਚੀ ਵਿਚਾਰ ਚਰਚਾ ਦੇ ਆਧਾਰ ਤੇ ਅਸੀਂ ਇਸ ਨਤੀਜੇ ਤੇ ਪੁੱਜਦੇ ਹਾਂ ਕਿ ਫ਼ਰੀਦ ਬਾਣੀ ਦਾ ਥੀਮ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਕਰਨ ਲਈ ਪ੍ਰੇਰਿਤ ਕਰਨਾ ਹੈ। ਫ਼ਰੀਦ ਬਾਣੀ ਅਨੁਸਾਰ ਮਨੁੱਖ ਦਾ ਅਸਲ ਮਕਸਦ ਪ੍ਰਭੂ ਦੀ ਪ੍ਰਾਪਤੀ ਹੈ। ਬਾਬਾ ਫ਼ਰੀਦ ਆਪਣੀ ਬਾਣੀ ਵਿੱਚ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਸੰਸਾਰਕ ਵਸਤੂਆਂ, ਸੁੱਖਾਂ, ਐਸ਼ਪ੍ਰਸਤੀ ਅਤੇ ਵਿਲਾਸਤਾ ਦੇ ਜੀਵਨ ਦਾ ਤਿਆਗ ਕਰਨ ਦਾ ਉਪਦੇਸ਼ ਦਿੰਦੇ ਹਨ। ਫ਼ਰੀਦ ਬਾਣੀ ਅਨੁਸਾਰ ਮਨੁੱਖ ਦਾ ਪਰਮਾਤਮਾ ਵਿੱਚ ਅਭੇਦ ਹੋਣਾ ਹੀ ਅਸਲ ਅਤੇ ਅੰਤਮ ਲਖ਼ਸ਼ ਹੈ। ਜਿਸ ਨੂੰ ਸੂਫ਼ੀ ਸਾਧਕ ਆਪਣੀ ਪ੍ਰੇਮਾ-ਭਗਤੀ ਨਾਲ ਪ੍ਰਾਪਤ ਕਰਦਾ ਹੈ।

****

ਨਿਸ਼ਾਨ ਸਿੰਘ
ਗੁਰਦੁਆਰਾ ਸੱਤਵੀਂ ਪਾਤਸ਼ਾਹੀ
, ਥਾਨੇਸਰ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ)
ਮੋਬਾਈਲ ਨੰ.
094660-66683

*****  

12 ਅਪਰੈਲ 2008

*******

 ਨਿਸ਼ਾਨ ਸਿੰਘ ਦੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.