ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 June, 2008

-ਲੇਖ/ਆਲੋਚਨਾ/ਪਠਨ/ਰੀਵੀਊ/ਵਿਚਾਰ

-ਸੁਰਿੰਦਰ ਸੋਹਲ-

ਪ੍ਰੋ: ਸ. ਸੋਜ਼ ਦੀ
ਵਿਲੱਖਣ ਲਿਖਣ ਕਲਾ ਨੂੰ ਸਲਾਮ

-ਸੁਰਿੰਦਰ ਸੋਹਲ-


(ਪ੍ਰੋ. ਸ. ਸੋਜ਼ ਦਾ ਪੂਰਾ ਨਾਮ ਸੋਹਣ ਸਿੰਘ ਸੋਜ਼ ਸੀ। ਉਹਨਾਂ ਦਾ ਜਨਮ 10 ਅਕਤੂਬਰ 1939 ਨੂੰ ਪੇਸ਼ਾਵਰ ਪਾਕਿਸਤਾਨ ਵਿਚ ਹੋਇਆ। ਉਹਨਾਂ ਐਮ ਏ ਅੰਗਰੇਜ਼ੀ, ਐਮ ਏ ਪੰਜਾਬੀ ਅਤੇ ਐਮ ਏ ਉਰਦੂ ਕੀਤੀ। ਗੌਰਮਿੰਟ ਕਾਲਜ ਪਟਿਆਲਾ ਵਿਚ ਉਹਨਾਂ ਨੇ ਅੰਗਰੇਜ਼ੀ ਪੜ੍ਹਾਈ ਅਤੇ ਪੰਜਾਬੀ ਵਿਚ ਲਿਖਿਆ। ਉਹਨਾਂ ਨੇ ਪੰਜਾਬੀ ਵਿਚ ਲਗਪਗ 52 ਤੋਂ ਵੱਧ ਕਿਤਾਬਾਂ ਦੀ ਰਚਨਾ ਕੀਤੀ, ਜਿਹਨਾਂ ਵਿਚ 25 ਕਿਤਾਬਾਂ ਆਲੋਚਨਾ ਨਾਲ ਸੰਬੰਧਿਤ ਹਨ। 11 ਨਾਵਲਾਂ ਤੋਂ ਬਿਨਾਂ ਉਹਨਾਂ ਨੇ ਅੰਗਰੇਜ਼ੀ ਵਿਚ ਸ਼ਿਵ ਕੁਮਾਰ ਬਟਾਲਵੀ ਬਾਰੇ ਵੀ ਇਕ ਕਿਤਾਬ ਲਿਖੀ। ਹਿੰਦੀ ਅਤੇ ਉਰਦੂ ਵਿਚ ਵੀ ਉਹਨਾਂ ਦੀ ਰਚਨਾ ਦਾ ਅਨੁਵਾਦ ਹੋਇਆ। ਉਹਨਾਂ ਦਾ ਨਾਵਲ ‘ਪਾਤਰ-ਵਿਪਾਤਰ’ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਵਲੋਂ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋਇਆ। ਪ੍ਰੋ. ਸੋਜ਼ ਹੋਰਾਂ ਨੇ ਆਲੋਚਨਾ, ਨਾਵਲ, ਕਹਾਣੀ, ਕਵਿਤਾ, ਅਨੁਵਾਦ, ਵਿਅੰਗ, ਸਫਰਨਾਮਾ, ਸ਼ਬਦ-ਚਿੱਤਰ ਤੋਂ ਇਲਾਵਾ ‘ਸ਼ਹਿਰ’ ਨਾਮੀ ਪੁਸਤਕ ਲਿਖ ਕੇ ਗਲਪ-ਤਜਰਬਾ ਵੀ ਕੀਤਾ। ਉਹਨਾਂ ਦੀ ਜ਼ਿੰਦਗੀ ਵਿਚ ਇਕ ਸਮਾਂ ਅਜਿਹਾ ਵੀ ਸੀ ਜਦੋਂ ਪੰਜਾਬ ਦੀਆਂ ਤਿੰਨਾਂ ਯੂਨੀਵਰਸਿਟੀਆਂ ਦੇ ਪੰਜਾਬੀ ਕੋਰਸ ਵਿਚ ਉਹਨਾਂ ਦੀਆਂ ਕਿਤਾਬਾਂ ਇਕੋ ਸਮੇਂ ਲੱਗੀਆਂ ਹੋਈਆਂ ਸਨ। ਨਾਨਕ ਸਿੰਘ ਨਾਵਲਕਾਰ ਪੁਰਸਕਾਰ (ਭਾਸ਼ਾ ਵਿਭਾਗ) ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਐਵਾਰਡ (ਭਾਸ਼ਾ ਵਿਭਾਗ) ਨਾਲ ਸਨਮਾਨਿਤ ਪ੍ਰੋ. ਸੋਜ਼ ਦਾ ਆਖਰੀ ਨਾਵਲ ‘ਬੱਘੀ ਖਾਨਾ’ ਪ੍ਰਕਾਸ਼ਤ ਹੋਇਆ। ਇਹਨੀਂ ਦਿਨੀਂ ਉਹ ਆਪਣੇ ਨਾਵਲ ‘ਚੱਕ ਮਲੂਕ’ ਉਪਰ ਕੰਮ ਕਰ ਰਹੇ ਸਨ।
ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਪੰਜਾਬੀ ਦੇ ਮਹਿਬੂਬ ਲੇਖਕ ਨੂੰ 21 ਅਪ੍ਰੈਲ 2008 ਨੂੰ ਪੰਜਾਬੀ ਪਾਠਕਾਂ ਤੋਂ ਹਮੇਸ਼ਾ ਲਈ ਖੋਹ ਲਿਆ, ਪਰ ਆਪਣੀ ਵਿਲੱਖਣ ਲਿਖਣ ਕਲਾ ਕਰਕੇ ਉਹਨਾਂ ਦਾ ਨਾਮ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਹਮੇਸ਼ਾ ਹਮੇਸ਼ਾ ਲਈ ਸਾਂਭਿਆ ਗਿਆ ਹੈ। ਪੰਜਾਬੀ ਲਿਟਰੇਰੀ ਐਂਡ ਕਲਚਰਲ ਸੁਸਾਇਟੀ ਨਿਊਯਾਰਕ ਵਲੋਂ 17 ਅਗਸਤ 1998 ਨੂੰ ਪ੍ਰੋ. ਸੋਜ਼ ਦੇ ਸਨਮਾਨ ਸਮਾਗਮ ਵਿਚ ਇਹ ਨਿਬੰਧ ਪੜ੍ਹਿਆ ਗਿਆ ਸੀ -ਸੰਪਾਦਕ ‘ਲਿਖਾਰੀ’)

***

ਪ੍ਰੋ: ਸ. ਸੋਜ਼ ਦੀ
ਵਿਲੱਖਣ ਲਿਖਣ ਕਲਾ ਨੂੰ ਸਲਾਮ

-ਸੁਰਿੰਦਰ ਸੋਹਲ-

ਜੇ ਲੇਖਕ ਸਮਾਜਿਕ ਵਿਸੰਗਤੀ ’ਤੇ ਕਟਾਖ਼ਸ਼ ਕਰਦਾ ਹੈ, ਤਾਂ ਤੁਹਾਡੇ ਬੁੱਲ੍ਹਾਂ ’ਤੇ ਮੁਸਕਾਨ ਨਹੀਂ ਫੈਲਦੀ, ਜੇ ਲੇਖਕ ਚਿੰਤਨਮਈ ਸੰਵਾਦ ਛੇੜਦਾ ਹੈ ਤਾਂ, ਤੁਹਾਡੇ ਚਿਹਰੇ ’ਤੇ ਚਿੰਤਨ ਦੀ ਗੰਭੀਤਾ ਨਹੀਂ ਪਸਰਦੀ, ਜੇ ਲੇਖਕ ਜਲ਼ ਰਹੇ ਘਰ ਦਾ ਵਰਣਨ ਕਰਦਾ ਹੈ, ਤਾਂ ਉਸ ਘਰ ਦਾ ਧੂੰਆਂ ਤੁਹਾਡੀਆਂ ਅੱਖਾਂ ਵਿਚ ਕੁੜੱਤਣ ਪੈਦਾ ਨਹੀਂ ਕਰਦਾ, ਸੱਚ ਮੰਨਣਾ ਤੁਸੀਂ ਸਾਹਿਤਕ ਰਚਨਾ ਨਹੀਂ ਪੜ੍ਹ ਰਹੇ, ਸਫ਼ਿਆਂ ’ਤੇ ਵਿਛੀਆਂ ਕਾਲੀਆਂ ਲਕੀਰਾਂ ’ਤੇ ਨਜ਼ਰ ਮਾਰ ਰਹੇ ਹੋ।

ਹਰਿਭਜਨ ਸਿੰਘ ਅਨੁਸਾਰ-ਨਾਵਲਕਾਰ ਲੰਮੀ ਨਜ਼ਰ ਜਾਂ ਦੀਰਘ ਦ੍ਰਿਸ਼ਟੀ ਵਾਲਾ ਕਲਾਕਾਰ ਹੈ। ਨਾਵਲਕਾਰੀ ਕਿਸੇ ਕਹਾਣੀ ਦਾ ਆਦਿ, ਮੱਧ ਜਾਂ ਅੰਤ ਸਿਰਜ ਸਕਣ ਦੀ ਹੀ ਪ੍ਰਤਿਭਾ ਜਾਂ ਸਮਰੱਥਾ ਨਹੀਂ। ਨਾਵਲਕਾਰ ਇਕ ਅਨੁਭਵ ਖੰਡ ਨੂੰ ਲੰਮੇ ਸਮੇਂ ਵਿਚ ਇਸ ਤਰ੍ਹਾਂ ਵਿਸਤਾਰਦਾ ਹੈ ਕਿ ਉਸ ਦਾ ਸਮੁੱਚਾ ਸੱਚ ਉਜਾਗਰ ਹੋ ਜਾਂਦਾ ਹੈ। (ਪਾਰਗਾਮੀ-ਪੰਨਾ 39)

ਜੇਕਰ ਤੁਹਾਡੇ ਜ਼ਿਹਨ ਵਿਚ ਕੋਈ ਨਾਵਲ ਸ਼ਾਸਤਰ ਪਹਿਲਾਂ ਵਸਿਆ ਹੋਇਆ ਤਾਂ, ਠਹਿਰ ਜਾਣਾ। ਤੁਸੀਂ ਸ. ਸੋਜ਼ ਦਾ ਕੋਈ ਨਾਵਲ ਨਾ ਪੜ੍ਹਨਾ। ਤੁਹਾਨੂੰ ਨਿਰਾਸ਼ਾ ਹੋਵੇਗੀ। ਸੋਜ਼ ਦੇ ਨਾਵਲ ਸਾਡੇ ਰਿਵਾਇਤੀ ਸੂਝ ਮਾਡਲਾਂ ਨੂੰ ਤੋੜਦੇ ਅਤੇ ਨਵੇਂ ਸਿਰਿਉਂ ਘੜਦੇ ਹਨ। ਉਸ ਦੇ ਨਾਵਲਾਂ ਦਾ ਆਪਣਾ ਵਿਧਾਨ ਹੈ, ਆਪਣਾ ਸ਼ਾਸਤਰ ਹੈ। ਸੋਜ਼ ਦੇ ਨਾਵਲਾਂ ਨੂੰ ਕਿਸੇ ਰਿਵਾਇਤੀ ਵਿਚਾਰਧਾਰਾ ਨਾਲ ਜੋੜ ਕੇ ਦੇਖਣਾ ਸਾਡੀ ਭੁੱਲ ਹੋਵੇਗੀ।

ਸੋਜ਼ ਨੂੰ ਸ਼ਬਦ ਸ਼ਕਤੀ ਦਾ ਨਿਰਾ ਭਰਪੂਰ ਗਿਆਨ ਹੀ ਨਹੀਂ ਹੈ, ਸਗੋਂ ਇਸ ਸ਼ਕਤੀ ਨੂੰ ਵਰਤਣ ਦੀ ਜਾਚ ਹੀ ਉਸ ਨੂੰ ਪੰਜਾਬੀ ਦੇ ਬਾਕੀ ਨਾਵਲਕਾਰਾਂ ਨਾਲੋਂ ਨਿਖੇੜਦੀ ਹੈ। ਇਕ ਸ਼ਬਦ ਨੂੰ ਵਾਰ ਵਾਰ ਅਤੇ ਵਖੋ ਵੱਖਰੇ ਅਰਥਾਂ ਵਿਚ ਵਰਤਣ ਦੀ ਉਸ ਨੂੰ ਮੁਹਾਰਤ ਹਾਸਿਲ ਹੈ। ਬਹੁ-ਅਰਥੀ ਹੋਣ ਕਰਕੇ ਉਸ ਦੀ ਸ਼ੈਲੀ ਕਾਵਿ ਮੁਹਾਂਦਰੇ ਵਾਲੀ ਹੈ। ਉਹ ਲੱਛੇਦਾਰ ਸ਼ੈਲੀ ਪਾਠਕ ਦਾ ਧਿਆਨ ਆਪਣੀਆਂ ਕਮਜ਼ੋਰੀਆਂ ਤੋਂ ਪਰ੍ਹਾਂ ਕਰਨ ਲਈ ਨਹੀਂ ਵਰਤਦਾ, ਸਗੋਂ ਆਪਣੇ ਵਿਸ਼ੇ ਨੂੰ ਨਿਖਾਰਨ, ਸੰਵਾਰਨ, ਸੁਹਜਮਈ ਬਣਾਉਣ, ਅਭਿਵਿਅਕਤੀ ਨੂੰ ਸਪਸ਼ਟਤਾ ਦੇਣ ਲਈ ਇਕ ਜੁਗਤ ਵਜੋਂ ਇਸਤੇਮਾਲ ਕਰਦਾ ਹੈ। ਛੋਟੇ ਛੋਟੇ ਚੁਸਤ ਵਾਕਾਂ ਰਾਹੀਂ ਪਾਠਕ ਦੇ ਦਿਲ ਅੰਦਰ ਲਹਿ ਜਾਣ ਵਾਲੀ ਸ਼ੈਲੀ ਘੜਨ ਵਿਚ ਉਹ ਉਸਤਾਦ ਹੈ।

ਸੋਜ਼ ਦੇ ਨਾਵਲ ਸਹੀ ਅਰਥਾਂ ਵਿਚ ਜ਼ਿੰਦਗੀ ਦਾ ਯਥਾਰਥਵਾਦੀ ਅਕਸ ਹਨ। ਜ਼ਿੰਦਗੀ ਤੁਰੀ ਜਾਂਦੀ ਹੈ। ਹਰ ਘਟਨਾ ਨੂੰ ਹਰ ਵਿਅਕਤੀ ਆਪਣੇ ਆਪਣੇ ਅੰਦਾਜ਼ ਵਿਚ ਪੇਸ਼ ਕਰਦਾ ਹੈ। ਜ਼ਿੰਦਗੀ ਦਾ ਇਹ ਜ਼ੋਰਦਾਰ ਤੱਤ ਸੋਜ਼ ਦੇ ਨਾਵਲਾਂ ਵਿਚ ਭਰਪੂਰ ਹੈ। ਨਾਵਲ ਸ਼ੁਰੂ ਹੋ ਜਾਂਦਾ ਹੈ। ਪਾਤਰ ਆਈ ਜਾਂਦੇ ਹਨ। ਆਪੋ ਆਪਣੇ ਢੰਗ ਨਾਲ ਗੱਲਾਂ ਕਰੀ ਜਾਂਦੇ ਹਨ। ਪਾਠਕ ਨੂੰ ਆਪਣੇ ਜਜ਼ਬਿਆਂ ਦੇ ਹੜ੍ਹ ਵਿਚ ਵਹਾਈ ਜਾਂਦੇ ਹਨ। ਸੋਜ਼ ਦੀ ਨਾਵਲ ਕਲਾ ਦੀ ਵਿਲੱਖਣਤਾ ਇਹ ਹੈ ਕਿ ਉਹ ਲੇਖਕ ਵਜੋਂ ਪਾਠਕ ਤੇ ਪਾਤਰ ਦਰਮਿਆਨ ਲੰਮਾ ਸਮਾਂ ਵਿਚੋਲਗਿਰੀ ਨਹੀਂ ਕਰਦਾ। ਪਾਤਰਾਂ ਦਾ ਸਿੱਧਾ ਸੰਬੰਧ ਪਾਠਕ ਨਾਲ ਹੁੰਦਾ ਹੈ। ਹਰ ਪਾਤਰ ਬਿਨਾਂ ਕਿਸੇ ਝਿਜਕ ਦੇ ਆਪਣਾ ਦੁੱਖ, ਆਪਣੀ ਖ਼ੁਸ਼ੀ, ਆਪਣੀ ਦੁਬਿਧਾ, ਆਪਣੀਆਂ ਕਮੋਜ਼ਰੀਆਂ ਦਸਦਾ ਜਾਂਦਾ ਹੈ। ਭਾਵੇਂ ਉਹ ‘ਕੋਲਾਜ’ ਨਾਵਲ ਦੇ ਸਵਿੰਦਰ ਵਰਗਾ ਬੁੱਧੀਮਾਨ, ਸ਼ਰੀਫ ਵਿਅਕਤੀ ਅਖੌਤੀ ਬੁੱਧੀਜੀਵੀਆਂ ਦਾ ਸਤਾਇਆ ਹੋਵੇ, ਚਾਹੇ ਜ਼ਿੰਦਗੀ ਦਾ ਖ਼ਾਲੀਪਨ ਭਰਨ ਦੀ ਕੋਸ਼ਿਸ਼ ਵਿਚ ਕਦਮ ਦਰ ਕਦਮ ਫਿਸਲਦੀ ਜਾਂਦੀ ‘ਊਣੇ ਸੱਖਣੇ’ ਦੀ ਰਮਾ ਹੋਵੇ, ਚਾਹੇ ਆਪਣੀ ਭਾਣਜੀ ਨਾਲ ਨਜਾਇਜ਼ ਸੰਬੰਧ ਬਣਾਉਣ ਵਾਲਾ ‘ਖ਼ਲੀਫ਼ੇ’ ਨਾਵਲ ਦਾ ਘਿਰਣਾਯੋਗ ਪਾਤਰ ਮਾਮਾ ਹੋਵੇ।

ਇਸ ਕਰਕੇ ਇਹ ਪਾਤਰ ਪ੍ਰਭਾਵਸ਼ਾਲੀ ਢੰਗ ਨਾਲ ਪਾਠਕ ਦੇ ਦਿਲ ਵਿਚ ਵਸ ਜਾਂਦੇ ਹਨ। ਪਾਠਕ ਨੂੰ ਇਹ ਪਾਤਰ ਆਪਣੇ ਆਪਣੇ ਲੱਗਣ ਲੱਗ ਪੈਂਦੇ ਹਨ। ਪਾਠਕ ਇਹਨਾਂ ਦੀ ਖ਼ੁਸ਼ੀ ਵਿਚ ਆਪਣੇ ਆਪ ਨੂੰ ਸ਼ਾਮਿਲ ਸਮਝਦਾ ਹੈ, ਇਹਨਾਂ ਦੇ ਦੁੱਖ ਵਿਚ ਡੁੱਬ ਕੇ ਉਦਾਸ ਹੋ ਜਾਂਦਾ ਹੈ।

ਲੇਖਕ ਕਿਸੇ ਪਾਤਰ ਬਾਰੇ ਕੋਈ ਵਿਚਾਰ ਪੇਸ਼ ਨਹੀਂ ਕਰਦਾ। ਪਾਤਰਾਂ ਦਾ ਸੁਭਾਅ ਉਹਨਾਂ ਦੇ ਕਾਰ-ਵਿਹਾਰ ਤੋਂ ਆਪਣੇ ਆਪ ਉਜਾਗਰ ਹੁੰਦਾ ਜਾਂਦਾ ਹੈ। ਉਹਨਾਂ ਪ੍ਰਤੀ ਪਿਆਰ, ਤਰਸ, ਹਮਦਰਦੀ, ਘਿਰਣਾ ਸਮੁੱਚੇ ਹਾਲਾਤ ਵਿਚੋਂ ਉਤਪੰਨ ਹੁੰਦੇ ਹਨ।

ਸੋਜ਼ ਅੰਗਰੇਜ਼ੀ ਦਾ ਅਧਿਆਪਕ ਰਿਹਾ ਹੈ। ਅੰਗਰੇਜ਼ੀ ਅਧਿਐਨ ਤੋਂ ਉਸ ਨੇ ਪੂਰਾ ਪੂਰਾ ਲਾਭ ਉਠਾਇਆ ਹੈ। ਉਹ ਆਪਣੇ ਨਾਵਲਾਂ ਵਿਚ ਪੱਛਮੀਂ ਸਾਹਿਤ, ਮਿਥਿਹਾਸ ਅਤੇ ਹਿੰਦੂ ਅਤੇ ਇਸਲਾਮਿਕ ਮਿਥਿਹਾਸ ਵਿਚੋਂ ਭਰਪੂਰ ਹਵਾਲੇ ਦਿੰਦਾ ਹੈ। ਇਹ ਹਵਾਲੇ ਉਸ ਦੇ ਨਾਵਲਾਂ ਵਿਚ ਰੂਹ ਵਾਂਗ ਸਮਾਏ ਹੋਏ ਹਨ, ਜੋ ਰਤਾ ਵੀ ਓਪਰੇ ਨਹੀਂ ਲਗਦੇ। ਉਸ ਦੀ ਇਹ ਜੁਗਤ ਇਹ ਗੱਲ ਵੀ ਸਾਬਿਤ ਕਰਦੀ ਹੈ ਕਿ ਸਾਹਿਤ, ਕਲਾ ਜਾਂ ਮਿਥਿਹਾਸ ਕਿਸੇ ਵੀ ਵਕਤ, ਦੁਨੀਆ ਦੇ ਕਿਸੇ ਵੀ ਖਿਤੇ ਵਿਚ ਰਚਿਆ ਗਿਆ ਹੋਵੇ, ਉਸ ਦਾ ਸਿੱਧਾ ਸੰਬੰਧ ਸਾਧਾਰਨ ਮਨੁੱਖ ਦੀਆਂ ਮਾਨਸਿਕ ਪਰਤਾਂ ਨਾਲ ਹੁੰਦਾ ਹੈ।

ਸੋਜ਼ ਵਲੋਂ ਕੀਤਾ ਗਿਆ ਰੰਗਾਂ ਦਾ ਅਜਨਬੀਕਰਨ ਉਸ ਦੀ ਨਾਵਲ ਕਲਾ ਵਿਚ ਵਿਲੱਖਣਤਾ ਦੇ ਰੰਗ ਭਰਦਾ ਹੈ। ਬਾਹਰੀ ਵਰਣਨ ਦੇ ਨਾਲ ਨਾਲ ਮਨ ਦਾ ਵਰਣਨ ਕਰਨ ਵੇਲੇ ਇਹ ਰੰਗ ਬਾਹਰੀ ਸਥਿਤੀ ਅਤੇ ਮਨ ਦੇ ਹਾਲਾਤ ਦੀ ਪੇਸ਼ਕਾਰੀ ਦਰਮਿਆਨ ਸੰਯੋਜਕ ਦਾ ਕਾਰਜ ਨਿਭਾਉਂਦੇ ਹਨ-

ਮੇਲਾ ਬਸੰਤ ਦਾ। ਬਸੰਤ ਪੰਚਮੀਂ। ਕੁਲਫ਼ੀਆਂ ਵੀ ਬਸੰਤੀ। ਲੱਡੂ ਜਲੇਬੀਆਂ ਵੀ ਬਸੰਤੀ। ਤੇ ਸਾਫ਼ੇ ਚੁੰਨੀਆਂ ਵੀ ਬਸੰਤੀ।
(ਖ਼ਲੀਫ਼ੇ, ਪੰਨਾ-1)
ਮਨਾਂ ਵਿਚ ਖਿਲਰਿਆ ਖ਼ੁਸ਼ੀਆਂ ਦਾ ਬਸੰਤੀ ਰੰਗ ਆਪਣੇ ਆਪ ਉਘੜ ਆਉਂਦਾ ਹੈ।
ਸ਼ੈਲੀ ਦਾ ਉਪਰੇਸ਼ਨ ਥੀਏਟਰ ਵਿਚ ਹੈ। ਬਾਹਰ ਚਿੰਤਾਤੁਰ ਪਿਤਾ ਆਖਦਾ ਹੈ-
‘ਅਸੀਂ ਕਾਲੇ ਬੈਂਚ ’ਤੇ ਬੈਠ ਗਏ।’

ਏਥੇ ਇਕੱਲਾ ਬੈਂਚ ਦਾ ਕਾਲਾ ਰੰਗ ਜਿੰਨਾਂ ਸੋਗੀਪਨ ਪਾਠਕ ਦੇ ਮਨ ਭਰਦਾ ਹੈ, ਸ਼ਾਇਦ ਉਦਾਸੀ ਬਾਰੇ ਲਿਖੀਆਂ ਕਈ ਸਤਰਾਂ ਨਾ ਭਰ ਸਕਦੀਆਂ।

ਸੋਜ਼ ਦੇ ਨਾਵਲਾਂ ਵਿਚ ਪ੍ਰਤੱਖ ਤੌਰ ’ਤੇ ਵਾਪਰੀਆਂ ਘਟਨਾਵਾਂ ਨਾਲੋਂ ਮਾਨਸਿਕ ਤੌਰ ’ਤੇ ਵਾਪਰੀਆਂ ਘਟਨਾਵਾਂ ਦਾ ਵਰਣਨ ਏਨੇ ਵਿਸਥਾਰ ਤੇ ਸ਼ਿੱਦਤ ਨਾਲ ਹੋਇਆ ਹੈ, ਜੋ ਸੋਜ਼ ਪੂਰਬਲੇ ਪੰਜਾਬੀ ਨਾਵਲ ਵਿਚ ਬਹੁਤ ਘੱਟ ਨਜ਼ਰ ਆਉਂਦਾ ਹੈ।

ਪਾਤਰ-ਵਿਪਾਤਰ ਵਿਚ ਸ਼ੈਲੀ ਦਾ ਬਰੇਨ ਟਿਊਮਰ ਉਸ ਦੇ ਮਾਪਿਆਂ ਲਈ ਦਿਲ ਦਾ ਨਾਸੂਰ ਬਣ ਜਾਂਦਾ ਹੈ। ਸ਼ੈਲੀ ਦੀ ਇਕ ਇਕ ਆਹ, ਇਕ ਇਕ ਲੇਰ, ਮਾਪਿਆਂ ਦੇ ਜ਼ਿਹਨ ਵਿਚ ਕਿੱਲਾਂ ਵਾਂਗ ਠੁੱਕਦੀ ਜਾਂਦੀ ਹੈ।

ਕਿਸੇ ਸਰੀਰਕ ਬੀਮਾਰੀ ਨੂੰ ਲੈ ਕੇ ਸਮੁੱਚੇ ਸਮਾਜ ਵਿਚ, ਰਿਸ਼ਤਿਆਂ ਨਾਤਿਆਂ ਵਿਚ, ਇਖਲਾਕੀ ਕਦਰਾਂ ਕੀਮਤਾਂ ਵਿਚ ਫੈਲੀਆਂ ਬੀਮਾਰੀਆਂ ਦੀ ਚੀਰ ਫਾੜ ਕਰਨ ਵਾਲਾ ਇਹ ਪੰਜਾਬੀ ਦਾ ਪਹਿਲਾ ਨਾਵਲ ਹੈ।
ਮਨੁੱਖੀ ਰਿਸ਼ਤਿਆਂ ਨੂੰ ਖ਼ੂਨ ਦੇ ਇਕੋ ਰੰਗ ਦੇ ਸੰਦਰਭ ਵਿਚ ਦੇਖਣ ਦੀ ਦ੍ਰਿਸ਼ਟੀ ਇਸ ਨਾਵਲ ਨੂੰ ਮੁਲਕਾਂ ਦੀਆਂ ਹੱਦਾਂ ਦੇ ਵੀ ਆਰ ਪਾਰ ਲੈ ਜਾਂਦੀ ਹੈ-

‘ਲਹੂਆਂ ਦਾ ਵੀ ਕੋਈ ਧਰਮ ਹੁੰਦੈ, ਕੋਈ ਮਜ਼ਬ ਹੁੰਦੈ? ਉਮਰਾਂ ਦਾ ਤਕਾਜ਼ਾ ਕੋਈ ਨਹੀਂ, ਜਿਨਸ ਦਾ ਰੌਲਾ ਕੋਈ ਨਹੀਂ। ਰੁਤਬਿਆਂ ਦੀ ਪਛਾਣ ਉੱਕਾ ਨਹੀਂ। ਕਿਉਂ ਸਾਰੇ ਲਹੂ ਨੂੰ ਮਜ਼ਬ ਨਹੀਂ ਮੰਨ ਲੈਂਦੇ ਆਪਣਾ? ਲਹੂ ਈ ਈਮਾਨ ਹੋ ਜਾਏ। ਲਹੂ ਨੂੰ ਜ਼ਲੀਲ ਨਾ ਕਰਨਾ ਧਰਮ ਹੋ ਜਾਵੇ। ਬਲੱਡ ਬੈਂਕ, ਵਰਲਡ ਰਿਲਿਜਨ। ਬਲੱਡ ਰਿਲਿਜਨ....।’
(ਪਾਤਰ-ਵਿਪਾਤਰ, ਪੰਨਾ 18)

‘ਕੋਲਾਜ’ ਦੇ ਸਵਿੰਦਰ ਦਾ ਦੁਖਾਂਤ ਅੱਜ ਦੇ ਬੁੱਧੀਜੀਵੀ ਦਾ ਦੁਖਾਂਤ ਹੈ। ਸਵਿੰਦਰ ਦੀ ਤਿਲ ਤਿਲ ਕਰਕੇ ਹੁੰਦੀ ਮੌਤ ਵਿਦਿਅਕ ਢਾਂਚੇ, ਬੁੱਧੀਜੀਵੀ ਵਰਗ ਦੀ ਦਿਨੋ ਦਿਨ ਨਿਘਰਦੀ ਜਾ ਰਹੀ ਹਾਲਤ ਦਾ ਚਿੰਨ੍ਹ ਬਣ ਕੇ ਰੂਪਮਾਨ ਹੁੰਦੀ ਹੈ।

ਲੋਕਾਂ ਦੇ ਸ਼ੋਧ ਪ੍ਰਬੰਧ ਸੋਧਦਾ ਸੋਧਦਾ ਸਵਿੰਦਰ ਬੁੱਧੀਜੀਵੀ ਵਰਗ ਦੀ ‘ਈਗੋ’ ਦਾ ਸ਼ਿਕਾਰ ਹੋ ਕੇ ਆਪਣਾ ਸ਼ੋਧ ਪ੍ਰਬੰਧ ਮੁਕੰਮਲ ਨਹੀਂ ਕਰ ਸਕਦਾ। ਇਹ ਨਾਵਲ ਉਸ ਵਰਗ ਦੇ ਅੰਨ੍ਹੇਪਨ ਨੂੰ ਜ਼ਾਹਰ ਕਰਦਾ ਜਿਸ ਨੇ ਪੂਰੇ ਸਮਾਜ ਨੂੰ ਰੌਸ਼ਨੀ ਪ੍ਰਦਾਨ ਕਰਨੀ ਹੈ।
ਸਵਿੰਦਰ ਦੀ ਦੁਬਿਧਾ, ਉਸ ਦੀ ਅਸਫਲਤਾ, ਉਸ ਦੇ ਸੁਪਨਿਆਂ ਦੀ ਮੌਤ ਦੀ ਪੇਸ਼ਕਾਰੀ ’ਚੋਂ ਅੱਜ ਦੇ ਅਸਲੀ ਬੁੱਧੀਜੀਵੀ ਦੇ ਦੁਖਾਂਤ ਦੇ ਕਾਰਨ ਲੱਭੇ ਜਾ ਸਕਦੇ ਹਨ।

‘ਊਣੇ ਸੱਖਣੇ’ ਨਾਵਲ ਰਿਸ਼ਤਿਆਂ, ਦੋਸਤੀਆਂ, ਸਮਾਜਿਕ ਕਦਰਾਂ ਕੀਮਤਾਂ ਵਿਚ ਫੈਲੇ ਖੋਖਲੇਪਨ ਦੀ ਤਸਵੀਰ ਪੇਸ਼ ਕਰਦਾ ਹੈ।
ਪਤੀ ਦੇ ਐਕਸੀਡੈਂਟ ਤੋਂ ਬਾਅਦ ਵਿਧਵਾ ਹੋਈ ਰਮਾ ਜ਼ਿੰਦਗੀ ਵਿਚ ਪੈਦਾ ਹੋਇਆ ਸੱਖਣਾਪਨ ਭਰਨ ਲਈ ਲੋਕਾਂ ਦੇ ਹੱਥਾਂ ਵਿਚ ਇਕ ਮੋਹਰਾ ਬਣ ਕੇ ਰਹਿ ਜਾਂਦੀ ਹੈ।
ਬੀ ਐਮ ਬਤਰਾ ਦੀ ਅਸਲੀਅਤ ਤੋਂ ਵਾਕਿਫ਼ ਹੁੰਦੇ ਹੋਏ ਵੀ ਵਿਧਵਾ ਰਮਾ ਦਾ ਭਰਾ ਵਿਕੀ ਆਪਣੇ ਸੁਆਰਥ ਲਈ ਬਤਰਾ ਨਾਲ ਉਸ ਦਾ ਵਿਆਹ ਕਰ ਦਿੰਦਾ ਹੈ।

ਬੀ ਐਮ ਬਤਰਾ ਤੋਂ ਬਾਲ ਮੁਕੰਦ ਅਤੇ ਬਾਲ ਮੁਕੰਦ ਤੋਂ ਸਿਰਫ਼ ਮੁਕੰਦ ਰਹਿ ਗਿਆ ਪਾਤਰ ਆਪਣੀ ਤਰ੍ਹਾਂ ਦੀ ਬੇਗਾਨਗੀ ਭੋਗਦਾ ਹੈ। ਰਮਾ ਭਾਰਦਵਾਜ ਤੋਂ ਨਿਰੀ ਰਮਾ ਰਹਿ ਗਈ ਮੁਕੰਦ ਦੀ ਪਤਨੀ, ਖੋਖਲੇ ਰਿਸ਼ਤੇ ਨਾਤਿਆਂ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਵਿਚ ਕਦਮ ਦਰ ਕਦਮ ਫਿਸਲਦੀ ਜਾਂਦੀ ਹੈ। ਜ਼ਿੰਦਗੀ ਦੇ ਖ਼ਾਲੀਪਨ ਨੂੰ ਜਦੋਂ ਉਹ ਕੀਮਤੀ ਵਸਤਾਂ ਦੀ ਪ੍ਰਾਪਤੀ ਤੋਂ ਬਾਅਦ ਵੀ ਭਰ ਨਹੀਂ ਸਕਦੀ ਤਾਂ ਉਹ ਹਾਰੀ ਹਾਰੀ ਮਹਿਸੂਸ ਕਰਦੀ ਹੈ-

‘ਅਸੀਂ ਸਾਰੇ ਤਾਸ਼ ਦੇ ਪੱਤੇ ਆਂ...। ਕੋਈ ਬਲਾਈਂਡ ਚੱਲ ਕੇ ਵੀ ਜਿੱਤਦਾ ਚਲਿਆ ਜਾਂਦਾ ਹੈ ਤੇ ਕੋਈ ਪੱਤੇ ਵੇਖ ਵੇਖ ਕੇ ਚਲਦਿਆਂ ਵੀ ਹਰ ਬਾਜ਼ੀ ਹਰ ਜਾਂਦੈ।’

ਕਦੇ ਕਦੇ ਉਸ ਨੂੰ ਜ਼ਿੰਦਗੀ ਲੁੱਡੋ ਦੀ ਖੇਡ ਵਾਂਗ ਜਾਪਣ ਲੱਗ ਪੈਂਦੀ ਹੈ। ਤੇ ਇਸ ਖੇਡ ਵਿਚ ਸੱਪਾਂ ਦੀ ਨਿਸ਼ਾਨਦੇਹੀ ਏਨੀ ਸਫਲਤਾ ਨਾਲ ਹੋਈ ਹੈ ਕਿ ਕਦੇ ਕਦੇ ਸਾਨੂੰ ਆਪਣਾ ਆਪ ਵੀ ਉਹਨਾਂ ਸੱਪਾਂ ਵਿਚ ਸ਼ਾਮਿਲ ਮਹਿਸੂਸ ਹੋਣ ਲੱਗ ਪੈਂਦਾ ਹੈ।
ਭਾਵੇਂ ਅੱਜ ਹਰ ਵਿਅਕਤੀ ਪਦਾਰਥ ਦੀ ਦੌੜ ਵਿਚ ਸ਼ਾਮਿਲ ਹੈ, ਪਰ ਜ਼ਿੰਦਗੀ ਦਾ ਸਿਖਰ ਬਿੰਦੂ ਉਹੀ ਹੈ ਜਦੋਂ ਭਾਵਨਾਵਾਂ, ਪਦਾਰਥ ’ਤੇ ਭਾਰੂ ਹੋ ਜਾਂਦੀਆਂ ਹਨ।

ਜ਼ਿੰਦਗੀ ਦੇ ਖ਼ਾਲੀਪਨ ਨੂੰ ਭਰਨ ਲਈ ਰਮਾ ਤਿਲਕਦੀ ਜਾਂਦੀ ਹੈ। ਉਸ ਨੂੰ ਆਪਣੀ ਬਾਪ ਦੀ ਉਮਰ ਦੇ ਮਕਾਨ ਮਾਲਕ ਦਾ ਚਿਹਰਾ ਵੀ ਹੋਰ ਹੋਰ ਨਜ਼ਰ ਆਉਣ ਲੱਗ ਪੈਂਦਾ। ਮਕਾਨ ਮਾਲਕ, ਤੇਜਵੰਤ ਦੀ ਪਤਨੀ ਅਮਰੀਕਾ ਵਿਚ ਰਹਿੰਦੀ ਹੈ। ਉਸ ਨੂੰ ਵੀ ਰਮਾ ਦੇ ਚਿਹਰੇ ਵਿਚੋਂ ਆਪਣੀ ਪਤਨੀ ਦਾ ਚਿਹਰਾ ਦਿਸਣ ਲੱਗ ਪੈਂਦਾ। ਇਹੀ ਨਾਵਲ ਦਾ ਕਲਾਈਮੈਕਸ ਹੈ। ਬਸ ਏਥੇ ਹੀ ਰਮਾ ਨਹੀਂ ਤਿਲਕਦੀ।

ਤਿਲਕਦੀ ਤਿਲਕਦੀ ਰਮਾ ਸੰਭਲ ਜਾਂਦੀ ਹੈ। ਉਹ ਮਕਾਨ ਮਾਲਕ ਤੇਜਵੰਤ ਦੀ ਪਤਨੀ ਨੂੰ ਚਿੱਠੀ ਲਿਖ ਕੇ ਅਮਰੀਕਾ ਤੋਂ ਬੁਲਾ ਲੈਂਦੀ ਹੈ। ਰਮਾ ਦੀ ਉਖੜੀ ਉਖੜੀ, ਸੱਖਣੀਂ ਸੱਖਣੀਂ ਜ਼ਿੰਦਗੀ, ਇਸ ਤਸੱਲੀ ਨਾਲ ਭਰ ਜਾਂਦੀ ਹੈ ਕਿ ਉਸ ਨੇ ਕਿਸੇ ਦੀ ਜ਼ਿੰਦਗੀ ’ਚੋਂ ਸੱਖਣਾਪਨ ਦੂਰ ਕਰ ਦਿੱਤਾ ਹੈ।

ਰਮਾ ਦਾ ਡਿਗਦਾ ਡਿਗਦਾ ਕਿਰਦਾਰ ਉਸ ਦੇ ਇਸ ਕਾਰਜ ਨਾਲ ਸੰਭਲਦਾ ਹੀ ਨਹੀਂ, ਸਗੋਂ ਇਸ ਗੱਲ ਦੀ ਜ਼ਾਮਨੀ ਵੀ ਭਰਦਾ ਹੈ ਕਿ ਉੱਚੀਆਂ ਕਦਰਾਂ ਕੀਮਤਾਂ ਦਾ ਸੂਰਜ ਅਜੇ ਡੁਬਿਆ ਨਹੀਂ ਹੈ।

ਬਾਹਰੀ ਵਰਣਨ ਬਾਰੇ ਨਾਵਲਾਂ ਨਾਲ ਪੰਜਾਬੀ ਸਾਹਿਤ ਭਰਿਆ ਪਿਆ ਹੈ, ਪਰ ਜੇ ਮਨ ਦਾ ਬਿਰਤਾਂਤ ਪੜ੍ਹਨਾ ਹੋਵੇ ਤਾਂ ਸੋਜ਼ ਦੇ ਨਾਵਲ ਹੀ ਹਨ।
ਜੇਕਰ ਸਮਾਜਿਕ ਵਿਸੰਗਤੀ ’ਤੇ ਕਟਾਖਸ਼ ਪੜ੍ਹ ਕੇ ਤੁਹਾਡੇ ਬੁੱਲ੍ਹਾਂ ’ਤੇ ਮੁਸਕਾਨ ਫੈਲ ਜਾਵੇ, ਜੇ ਚਿੰਤਨਮਈ ਸੰਵਾਦ ਪੜ੍ਹ ਕੇ ਤੁਹਾਡੇ ਚਿਹਰੇ ’ਤੇ ਚਿੰਤਨ ਦੀ ਗੰਭੀਰਤਾ ਪਸਰ ਜਾਵੇ, ਜੇ ਜਲ ਰਹੇ ਘਰ ਦਾ ਵਰਣਨ ਪੜ੍ਹ ਕੇ, ਉਸ ਘਰ ਦਾ ਧੂੰਆਂ ਤੁਹਾਡੀਆਂ ਅੱਖਾਂ ਵਿਚ ਕੁੜੱਤਣ ਪੈਦਾ ਕਰ ਦੇਵੇ, ਸੱਚ ਮੰਨਣਾ ਤੁਸੀਂ ਸਫ਼ਿਆਂ ’ਤੇ ਵਿਛੀਆਂ ਕਾਲੀਆਂ ਲਕੀਰਾਂ ’ਤੇ ਨਜ਼ਰ ਨਹੀਂ ਮਾਰੀ ਪ੍ਰੋ. ਸੋਜ਼ ਦੀ ਕੋਈ ਰਚਨਾ ਪੜ੍ਹੀ ਹੈ।
*****  

25 ਮਈ 2008

*******

ਸੁਰਿੰਦਰ ਸੋਹਲ ਦੀਆਂ ਲਿਖਾਰੀ ਵਿੱਚ ਛਪੀਆਂ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.