ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 June, 2008

ਚੇਤੇ ਦੀ ਚੰਗੇਰ


ਪ੍ਰਿੰ. ਸਰਵਣ ਸਿੰਘ

ਮੇਰੀ ਜੀਵਨ ਗਾਥਾ-1
ਮੇਰਾ ਜਨਮ ਤੇ ਮੇਰਾ ਪਿੰਡ
-ਪ੍ਰਿੰ. ਸਰਵਣ ਸਿੰਘ-


ਪ੍ਰਿੰ. ਸਰਵਣ ਸਿੰਘ ਪੰਜਾਬੀ ਦਾ ਇੰਟਰਨੈਸ਼ਨਲ ਖੇਡ ਲੇਖਕ ਹੈ। ਉਸ ਨੇ ਰੇਖਾ ਚਿੱਤਰ, ਨਿਬੰਧ, ਕਹਾਣੀਆਂ, ਵਿਅੰਗ ਤੇ ਸਫ਼ਰਨਾਮੇ ਵੀ ਲਿਖੇ ਹਨ। ਉਸ ਦੀ ਵਾਰਤਕ ਸ਼ੈਲੀ ਦਾ ਆਪਣਾ ਅੰਦਾਜ਼ ਹੈ ਜਿਸ ਨੂੰ ਆਲੋਚਕਾਂ ਨੇ ਅਥਲੈਟਿਕ ਸ਼ੈਲੀ ਆਖਿਆ ਹੈ। ਉਸ ਦੀਆਂ ਲਿਖਤਾਂ ਵਿਚ ਅਮਲੀਆਂ ਵਾਲੀ ਰੌਣਕ ਤੇ ਖਿੱਚ੍ਹ ਹੈ। ਪੇਸ਼ ਹੈ ਉਸ ਦੇ ਸਾਧਾਰਨ ਜੀਵਨ ਦੀ ਅਸਾਧਾਰਨ ਗਾਥਾ-(ਸੰਪਾਦਕ-ਲਿਖਾਰੀ)

ਮੇਰੀ ਜੀਵਨ ਗਾਥਾ-1
ਮੇਰਾ ਜਨਮ ਤੇ ਮੇਰਾ ਪਿੰਡ
ਪ੍ਰਿੰ: ਸਰਵਣ ਸਿੰਘ

1990 ਦੀ ਅਮਰੀਕਾ ਫੇਰੀ ਸਮੇਂ ਮੈਨੂੰ ਹਾਲੀਵੁੱਡ ‘ਚ ਯੂਨੀਵਰਸਲ ਸਟੂਡੀਓ ਵੇਖਣ ਦਾ ਮੌਕਾ ਮਿਲਿਆ। ਉਥੇ ਬੜਾ ਕੁਝ ਨਵਾਂ ਤੇ ਹੈਰਾਨ ਕਰਨ ਵਾਲਾ ਸੀ। ਮਸਨੂਈ ਮੀਂਹ, ਸ਼ੂਕਦੀਆਂ ਹਨ੍ਹੇਰੀਆਂ ਤੇ ਭੁਚਾਲ ਸਭ ਕੁਝ ਸੀ। ਕਿਸੇ ਪਾਸੇ ਕੱਚੇ ਕੋਠੇ ਸਨ ਤੇ ਕਿਸੇ ਪਾਸੇ ਆਲੀਸ਼ਾਨ ਮਹੱਲ। ਇਕ ਜਗ੍ਹਾ ਪੁਰਾਣੇ ਅਖ਼ਬਾਰ ਸੰਭਾਲੇ ਹੋਏ ਸਨ। ਗਾਈਡ ਕਹਿ ਰਿਹਾ ਸੀ, “ਏਥੇ ਤੁਸੀਂ ਆਪਣੇ ਜਨਮ ਦਿਨ ਦਾ ਅਖ਼ਬਾਰ ਵੇਖ ਸਕਦੇ ਓ।” ਕੁਝ ਸੈਲਾਨੀ ਆਪਣੀਆਂ ਜਨਮ ਤਾਰੀਖਾਂ ਦੇ ਅਖ਼ਬਾਰ ਪਹਿਲਾਂ ਹੀ ਖੋਲ੍ਹੀ ਬੈਠੇ ਸਨ। ਮੈਂ ਵੀ ਆਪਣੇ ਜਨਮ ਦਿਨ ਦਾ ਅਖ਼ਬਾਰ ਲੱਭ ਲਿਆ ਜਿਸ ਦੀ ਮੋਟੀ ਸੁਰਖ਼ੀ ਸੀ-ਹਿਟਲਰ ਦੀਆਂ ਫੌਜਾਂ ਹੋਰ ਅੱਗੇ। ਉਹ ਅਖ਼ਬਾਰ 8 ਜੁਲਾਈ 1940 ਦਾ ਸੀ ਜੋ ਦੂਜੀ ਵਿਸ਼ਵ ਜੰਗ ਦੀਆਂ ਖ਼ਬਰਾਂ ਨਾਲ ਭਰਿਆ ਹੋਇਆ ਸੀ।

ਆਪਣੀ ਪੰਜਾਹ ਸਾਲ ਦੀ ਉਮਰ ਵਿਚ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਦੂਜੀ ਵਿਸ਼ਵ ਜੰਗ ਦੇ ਦਿਨਾਂ ‘ਚ ਜੰਮਿਆ ਸਾਂ। ਮੈਂ ਸੋਚਣ ਲੱਗਾ, “ਜੇ ਮੇਰਾ ਬਾਪੂ ਫੌਜੀ ਹੁੰਦਾ ਤਾਂ ਉਹ ਬਸਰੇ ਦੀ ਲਾਮ ‘ਤੇ ਗਿਆ ਹੁੰਦਾ। ਮੇਰੇ ਜੰਮਣ ਦਾ ਪਤਾ ਨਹੀਂ ਉਹਨੂੰ ਕਦੋਂ ਪਤਾ ਲੱਗਦਾ? ਪਤਾ ਨਹੀਂ ਉਹ ਲੋਹੜੀ ਤਕ ਮੁੜਦਾ ਜਾਂ ਨਾ। ਪਰਦੇਸਾਂ ਦੀ ਜੰਗ ਵਿਚ ਕੀ ਪਤਾ ਉਹਦੇ ਨਾਲ ਕੀ ਭਾਣਾ ਵਰਤਦਾ? ਕੀ ਪਤਾ ਸਾਡੇ ਪਿੰਡ ਦੇ ਹੋਰ ਫੌਜੀਆਂ ਵਾਂਗ ਉਹ ਵੀ ਆਜ਼ਾਦ ਹਿੰਦ ਫੌਜ ਦਾ ਸਿਪਾਹੀ ਬਣ ਜਾਂਦਾ ਤੇ ਜੇਲ੍ਹਾਂ ਦੇ ਤਸੀਹੇ ਝੱਲਦਾ। ਕੀ ਪਤਾ...?”

ਹੁਣ ਮੈਂ ਅਠ੍ਹਾਟ ਸਾਲਾਂ ਦਾ ਹੋ ਗਿਆ ਹਾਂ। ਮਾਂ ਬਾਪ ਕਈ ਵਰ੍ਹੇ ਪਹਿਲਾਂ ਪੂਰੇ ਹੋ ਚੁੱਕੇ ਨੇ। ਅੱਗੋਂ ਪੋਤੇ ਪੋਤੀਆਂ ਨੇ ਜਨਮ ਲੈ ਲਿਆ ਹੈ। ਇਨ੍ਹਾਂ ਸਾਲਾਂ ਦੌਰਾਨ ਬਹੁਤ ਕੁਝ ਬਦਲ ਗਿਆ ਹੈ। ਧਰਤੀ ਇਕ ਵੱਡਾ ਪਿੰਡ ਬਣ ਗਈ ਹੈ। ਮਹਾਂਦੀਪ ਉਸ ਦੇ ਅਗਵਾੜ ਲਗਦੇ ਹਨ ਅਤੇ ਮੁਲਕ ਮਹੱਲੇ ਤੇ ਪੱਤੀਆਂ। ਧਰਤੀ ਦੇ ਕਿਸੇ ਕੋਨੇ ਵਿਚ ਵਾਪਰੀ ਵਾਰਦਾਤ ਦਾ ਉਸੇ ਵੇਲੇ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਂਦਾ ਹੈ ਜਿਵੇਂ ਪਹਿਲਾਂ ਬੀਹੀ ਵਿਹੜੇ ਦੀ ਕਿਸੇ ਵੀ ਗੱਲ ਦਾ ਪਿੰਡ ਨੂੰ ਉਦੋਂ ਹੀ ਪਤਾ ਲੱਗ ਜਾਂਦਾ ਸੀ। ਹੁਣ ਤਾਂ ਲਾਹੌਰ ਦੀਆਂ ਬਾਂਗਾਂ ਲੰਡਨ ਸੁਣਦੀਆਂ ਹਨ ਤੇ ਅੰਮ੍ਰਿਤਸਰ ਦੇ ਜੈਕਾਰੇ ਟੋਰਾਂਟੋ ਤਕ ਗੂੰਜਦੇ ਹਨ। ਕਦੇ ਲੁਧਿਆਣਾ ਈ ਵਲਾਇਤ ਲੱਗਦਾ ਸੀ ਪਰ ਹੁਣ ਕੈਨੇਡਾ-ਅਮਰੀਕਾ ਮੋਗਾ-ਜਗਰਾਵਾਂ ਬਣੇ ਪਏ ਹਨ।

ਮੈਨੂੰ ਪਿੰਡ ਤੋਂ ਪਰਦੇਸਾਂ ਤਕ ਨਿੱਕੇ ਵੱਡੇ ਸਫ਼ਰ ਕਰਨ ਦੇ ਅਨੇਕਾਂ ਮੌਕੇ ਮਿਲੇ ਹਨ। ਦੇਸ ਪਰਦੇਸ ਦੇ ਅਨੇਕਾਂ ਖੇਡ ਮੇਲੇ ਵੇਖੇ ਹਨ ਅਤੇ ਅਨੇਕਾਂ ਖਿਡਾਰੀਆਂ ਤੇ ਲੋਕਾਂ ਨੂੰ ਮਿਲਿਆ ਹਾਂ। ਅੱਖਾਂ ਨੇ ਕਾਫੀ ਕੁਝ ਵੇਖਿਆ ਹੈ ਪਰ ਇਹ ਰੱਜੀਆਂ ਨਹੀਂ। ਇਸੇ ਲਈ ਮੈਂ ਆਪਣੇ ਇਕ ਸਫ਼ਰਨਾਮੇ ਦਾ ਨਾਂ ‘ਅੱਖੀਂ ਵੇਖ ਨਾ ਰੱਜੀਆਂ’ ਰੱਖਿਆ ਸੀ। ਲੇਖਕ ਜਿਵੇਂ ਦੁਨੀਆਂ ਨੂੰ ਵੇਖਦੇ ਹਨ ਉਸੇ ਤਰ੍ਹਾਂ ਉਹ ਹੋਰਨਾਂ ਨੂੰ ਵਿਖਾਉਣ ਦੀ ਕੋਸਿ਼ਸ਼ ਕਰਦੇ ਹਨ। ਮੇਰੀ ਵੀ ਕੋਸਿ਼ਸ਼ ਹੈ ਕਿ ਮੈਂ ਜੀਵਨ ਦਾ ਸਫ਼ਰ ਕਰਦਿਆਂ ਜੋ ਕੁਝ ਜਿਵੇਂ ਵੇਖਿਆ ਉਹ ਆਪਣੇ ਪਾਠਕਾਂ ਨੂੰ ਉਸੇ ਤਰ੍ਹਾਂ ਵਿਖਾਵਾਂ।

ਜਦੋਂ ਮੈਂ ਪਿੱਛਲਝਾਤ ਮਾਰਦਾ ਹਾਂ ਤਾਂ ਮੇਰਾ ਚੇਤਾ ਮੈਨੂੰ ਪੈਰਾਂ ‘ਚ ਪਾਏ ਸਗਲਿਆਂ ਤਕ ਲੈ ਜਾਂਦਾ ਹੈ। ਮੈਂ ਤਪਦੇ ਵਿਹੜੇ ਵਿਚ ਨਿੱਕੇ-ਨਿੱਕੇ ਕਦਮ ਪੁੱਟਦਾ ਰੋ ਰਿਹਾ ਸਾਂ ਤੇ ਮੇਰੇ ਸਗਲੇ ਛਣਕ ਰਹੇ ਸਨ। ਘਰ ਦੀਆਂ ਤ੍ਰੀਮਤਾਂ ਥੋੜ੍ਹੀ ਦੂਰ ਖੂਹੀ ਕੋਲ ਬੈਠੀਆਂ ਮੈਨੂੰ ‘ਵਾਜ਼ਾਂ ਮਾਰ ਰਹੀਆਂ ਸਨ। ਉਤੋਂ ਦੁਪਹਿਰ ਦੀ ਧੁੱਪ ਪੈ ਰਹੀ ਸੀ। ਖੂਹੀ ਕੋਲ ਛਤੜੇ ਦੀ ਛਾਂ ਸੀ ਜਿਥੇ ਰੌਣਕ ਲੱਗੀ ਰਹਿੰਦੀ ਸੀ। ਘਰ ਦੇ ਵਿਹੜੇ ਤੋਂ ਖੂਹੀ ਤਕ ਜਾਣਾ ਮੇਰੇ ਚੇਤੇ ਦਾ ਪਹਿਲਾ ਪੈਂਡਾ ਸੀ ਜਿਸ ਦੀ ਤਪਸ਼ ਤੇ ਸਗਲਿਆਂ ਦੀ ਛਣਕਾਰ ਮੈਨੂੰ ਹਾਲਾਂ ਤਕ ਮਹਿਸੂਸ ਹੁੰਦੀ ਤੇ ਸੁਣਾਈ ਦਿੰਦੀ ਹੈ।

ਪਿੰਡ ਦੇ ਚੌਕੀਦਾਰ ਨੇ ਮੇਰੀ ਜਨਮ ਤਾਰੀਖ਼ 8 ਜੁਲਾਈ 1940 ਦੀ ਦਰਜ ਕਰਾਈ ਸੀ। ਮੇਰੇ ਮਾਪੇ ਮੇਰਾ ਜਨਮ ਹਾੜ੍ਹ ਦੇ ਪਿਛਲੇ ਪੱਖ ਦਾ ਦੱਸਦੇ ਸਨ। ਜਨਮ ਤਾਰੀਖ਼ ਦਰਜ ਕਰਾਉਣ ਲੱਗਿਆਂ ਦੋ ਚਾਰ ਦਿਨ ਏਧਰ ਓਧਰ ਹੋ ਜਾਣੇ ਮਾਮੂਲੀ ਗੱਲ ਹੈ। ਸਕੂਲ ਦੇ ਦਾਖਲੇ ਵੇਲੇ ਮੇਰੀ ਜਨਮ ਮਿਤੀ 20 ਜੂਨ 1940 ਲਿਖੀ ਗਈ ਸੀ ਜੋ ਮੇਰੇ ਪੜ੍ਹਾਈ ਦੇ ਸਰਟੀਫਿਕੇਟਾਂ ਤੇ ਨੌਕਰੀ ਲਈ ਵਰਤੀ ਜਾਂਦੀ ਰਹੀ। ਮੈਨੂੰ ਲੱਗਦਾ ਹੈ ਕਿ ਮੇਰਾ ਜਨਮ 20 ਜੂਨ ਤੋਂ 8 ਜੁਲਾਈ ਦੇ ਵਿਚਕਾਰ ਹੀ ਕਿਸੇ ਦਿਨ ਹੋਇਆ ਹੋਵੇਗਾ।

ਉਨ੍ਹਾਂ ਦਿਨਾਂ ਵਿਚ ਜਰਮਨੀ ਦੇ ਡਿਕਟੇਟਰ ਹਿਟਲਰ ਦੀਆਂ ਫੌਜਾਂ ਅੱਗੇ ਤੋਂ ਅੱਗੇ ਵਧ ਰਹੀਆਂ ਸਨ। ਹਿੰਦੁਸਤਾਨ ਵਿਚ ਅੰਗਰੇਜ਼ਾਂ ਦਾ ਰਾਜ ਸੀ ਤੇ ਉਹਨਾਂ ਨੇ ਹਿਟਲਰ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਲਈ ਬਸਰੇ ਦੀ ਲਾਮ ਲਾਈ ਹੋਈ ਸੀ। ਅੰਗਰੇਜ਼ਾਂ ਦੀ ਫੌਜ ਵਿਚੋਂ ਹੀ ਆਜ਼ਾਦ ਹਿੰਦ ਫੌਜ ਬਣ ਰਹੀ ਸੀ ਤੇ ਸੁਤੰਤਰਤਾ ਸੰਗਰਾਮ ਜਾਰੀ ਸੀ। ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਤੇ ਜਵਾਹਰ ਲਾਲ ਨਹਿਰੂ ਵੱਡੇ ਲੀਡਰ ਸਨ। ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਸ਼ਹੀਦ ਹੋ ਚੁੱਕੇ ਸਨ। ਸਿੱਖਾਂ ਦਾ ਨੇਤਾ ਮਾਸਟਰ ਤਾਰਾ ਸਿੰਘ ਸੀ। ਮੁਹੰਮਦ ਜਿਨਾਹ ਮੁਸਲਮਾਨਾਂ ਦਾ ਲੀਡਰ ਸੀ। ਸਾਡੀ ਬੀਹੀ ਵਿਚ ਮੁਸਲਮਾਨਾਂ ਦੇ ਵੀ ਘਰ ਸਨ। ਜੁਲਾਹਿਆਂ ਤੇ ਮਿਰਾਸੀਆਂ ਦੇ ਮੁੰਡੇ ਮੇਰੇ ਪਹਿਲੇ ਆੜੀ ਬਣੇ ਸਨ। ਬਚਪਨ ਦੀਆਂ ਉਹ ਆਲੀਆਂ ਭੋਲੀਆਂ ਆੜੀਆਂ ਪਾਕਿਸਤਾਨ ਬਣਨ ਨਾਲ ਟੁੱਟੀਆਂ।

ਜਦੋਂ ਮੈਂ ਤੁਰਨ ਜੋਗਾ ਹੋਇਆ ਤਾਂ ਵਿਹੜੇ ‘ਚੋਂ ਬੀਹੀ ਵਿਚ ਜਾਣ ਲੱਗਾ। ਮੈਨੂੰ ਯਾਦ ਹੈ ਕਿ ਮੇਰੇ ਤੜਾਗੀ ਪਾਈ ਹੁੰਦੀ ਸੀ ਜੀਹਦੇ ‘ਚ ਮਣਕੇ ਵੀ ਸਨ। ਕੱਛੀ ਮੇਰੇ ਪਾਈ ਨਹੀਂ ਸੀ ਹੁੰਦੀ ਤੇ ‘ਕੱਲਾ ਝੱਗਾ ਈ ਡੰਗ ਸਾਰੀ ਜਾਂਦਾ ਸੀ। ਪੈਰੋਂ ਨੰਗਾ, ਸਿਰ ‘ਤੇ ਜੂੜੀ ਤੇ ਉਤੋਂ ਦੀ ਪਾਏ ਝੱਗੇ ਨਾਲ ਮੈਂ ਘਰੋਂ ਬਾਹਰ ਨਿਕਲਿਆ। ਉਦੋਂ ਹੋਵਾਂਗਾ ਕੋਈ ਪੰਜਾਂ ਛੇਆਂ ਸਾਲਾਂ ਦਾ। ਸਮਝ ਲਓ ਉਹ ਮੇਰੇ ਜੀਵਨ ਦੇ ਸਫ਼ਰ ਦੀ ਸ਼ੁਰੂਆਤ ਸੀ। ਬੀਹੀ ਦੇ ਮੋੜ ਉਤੇ ਮੁਸਲਮਾਨਾਂ ਦੇ ਘਰ ਸਨ। ਉਨ੍ਹਾਂ ਦਾ ਕੋਈ ਦਿਨ ਦਿਹਾਰ ਸੀ ਤੇ ਉਹ ਮਿੱਠੇ ਚੌਲ ਵਰਤਾਅ ਰਹੇ ਸਨ। ਮੈਂ ਵੀ ਹਾਣੀਆਂ ਦੀ ਢਾਣੀ ‘ਚ ਬਹਿ ਗਿਆ ਤੇ ਚੌਲ ਝੋਲੀ ‘ਚ ਪੁਆ ਕੇ ਖਾਣ ਲੱਗਾ।

ਚੌਲ ਬੜੇ ਮਿੱਠੇ ਸਨ ਤੇ ਆੜੀਆਂ ਨਾਲ ਰਲ ਕੇ ਖਾਣ ਦਾ ਸੁਆਦ ਵੀ ਆ ਰਿਹਾ ਸੀ ਕਿ ਅਚਾਨਕ ਬਿੱਜ ਪੈ ਗਈ। ਘਰਾਂ ‘ਚੋਂ ਲੱਗਦੇ ਇਕ ਬਾਬੇ ਨੇ ਮੈਨੂੰ ਬਾਹੋਂ ਫੜ ਕੇ ਘੜੀਸ ਲਿਆ ਤੇ ਸਾਡੇ ਘਰ ਲੈ ਆਇਆ। ਝੋਲੀ ਭਾਵੇਂ ਮੇਰੀ ਘੁੱਟੀ ਹੋਈ ਸੀ ਪਰ ਫਿਰ ਵੀ ਚੌਲ ਬੀਹੀ ਵਿਚ ਖਿੰਡਦੇ ਗਏ ਤੇ ਘਰ ਤਕ ਝੋਲੀ ਖਾਲੀ ਹੋ ਗਈ। ਮੈਂ ਰੋਸ ਵਿਚ ਰੋ ਰਿਹਾ ਸਾਂ ਤੇ ਬਾਬਾ ਘਰ ਵਾਲਿਆਂ ਨੂੰ ਉਲਾਂਭੇ ਦੇ ਰਿਹਾ ਸੀ,
“ਮੁੰਡੇ ਦਾ ਖ਼ਿਆਲ ਨੀ ਰੱਖਦੇ। ਇਹ ਮੁਸਲਮਾਨਾਂ ਦੇ ਚੌਲ ਖਾ ਆਇਆ। ਭਿੱਟਿਆ ਗਿਆ ਇਹ ਛੋਹਰ। ਲੱਭੋ ਹੁਣ ਗੰਗਾ ਜਲ ਤੇ ਬਣਾਓ ਇਹਨੂੰ ਮੁੜ ਕੇ ਸਿੱਖ!”

ਉਸੇ ਵੇਲੇ ਕਿਸੇ ਦੇ ਘਰੋਂ ਗੰਗਾ ਜਲ ਲਿਆਂਦਾ ਗਿਆ ਤੇ ਉਹਦੀ ਇਕ ਘੁੱਟ ਪਿਆ ਕੇ ਮੇਰੀ ਭਿੱਟ ਹਟਾਈ ਗਈ। ਮਿੱਠੇ ਚੌਲ ਖਾਣ ਪਿਛੋਂ ਮੈਨੂੰ ਲੱਗਦਾ ਸੀ ਕਿ ਗੰਗਾ ਜਲ ਚੌਲਾਂ ਤੋਂ ਵੀ ਸੁਆਦੀ ਹੋਵੇਗਾ ਪਰ ਬੋਤਲ ਦਾ ਉਹ ਬੇਹਾ ਤੇ ਫਿੱਕਾ ਪਾਣੀ ਮੈਂ ਮਸਾਂ ਸੰਘੋਂ ਲੰਘਾਇਆ।

ਫਿਰ ਮੈਂ ਸਕੂਲ ਪੜ੍ਹਨ ਤੇ ਡੰਗਰਾਂ ਮਗਰ ਜਾਣ ਲੱਗ ਪਿਆ ਜਿਸ ਨਾਲ ਘਰੋਂ ਬਾਹਰਲੀ ਦੁਨੀਆਂ ਦੇ ਦਰਸ਼ਨ ਹੋਣ ਲੱਗੇ। ਸਕੂਲ ਪਿੰਡ ਦੇ ਗੁਰਦੁਆਰੇ ਵਿਚ ਹੀ ਸੀ ਜਿਥੇ ਅਸੀਂ ਗੁਰਮੁਖੀ ਦੇ ਬਾਲ ਉਪਦੇਸ਼ ਤੇ ਉਰਦੂ ਦੇ ਕਾਇਦੇ ਨਾਲ ਪੰਜ ਗ੍ਰੰਥੀ ਪੜ੍ਹਦੇ, ਸ਼ਬਦ ਗਾਉਂਦੇ ਤੇ ਅੱਗੋਂ ਪਿਛੋਂ ਕੌਡੀ ਬਾਡੀ ਖੇਡਦੇ। ਕਦੇ ਬੋਹੜ ‘ਤੇ ਚੜ੍ਹ ਜਾਂਦੇ ਤੇ ਟਾਹਣਿਆਂ ਨਾਲ ਲੰਗੂਰਾਂ ਵਾਂਗ ਝੂਟਦੇ। ਗੁਰੂਘਰ ਦਾ ਸਕੂਲ ਹੋਣ ਦੇ ਬਾਵਜੂਦ ਸਾਨੂੰ ਉਰਦੂ ਵੀ ਪੜ੍ਹਾਇਆ ਜਾਂਦਾ ਸੀ ਜੋ ਮੈਂ ਪਾਕਿਸਤਾਨ ਬਣਨ ਤਕ ਪੜ੍ਹਿਆ। ਗੁਰਦੁਆਰੇ ‘ਚ ਮੱਸਿਆ, ਸੰਗਰਾਂਦ ਜਾਂ ਗੁਰਪੁਰਬ ਸਮੇਂ ਪ੍ਰਸ਼ਾਦ ਵੰਡਿਆ ਜਾਂਦਾ ਤਾਂ ਅਸੀਂ ਚਲਾਕੀ ਨਾਲ ਦੋ ਤਿੰਨ ਵਾਰ ਥੋੜ੍ਹਾ ਬਹੁਤਾ ਲੈ ਜਾਂਦੇ। ਇਕ ਚਲਾਕੀ ਤਾਂ ਆਮ ਹੀ ਚਲਦੀ ਸੀ ਕਿ ਪਹਿਲਾ ਪ੍ਰਸ਼ਾਦ ਖਾ ਕੇ ਥਿੰਧੇ ਹੱਥ ਝੱਗੇ ਨਾਲ ਪੂੰਝ ਲੈਂਦੇ ਤੇ ਮੁੜ ਕੇ ਭਾਈ ਜੀ ਅੱਗੇ ਜਾ ਅੱਡਦੇ। ਦੂਜੀ ਚਲਾਕੀ ਘਰ ਦੇ ਕਿਸੇ ਖ਼ਾਸ ਜੀਅ ਦੀ ਬਿਮਾਰੀ ਦਾ ਬਹਾਨਾ ਲਾ ਕੇ ਭੋਗ ਘਰ ਲੈ ਜਾਣ ਦੀ ਵਰਤ ਲਈਦੀ ਸੀ। ਉਨ੍ਹਾਂ ਚਲਾਕੀਆਂ ਦੀ ਸਜ਼ਾ ਹੁਣ ਭੁਗਤ ਰਿਹਾਂ ਜਦੋਂ ਤਿੰਨ ਮੇਲ ਦੇ ਪ੍ਰਸ਼ਾਦ ਦਾ ਪਹਿਲਾ ਗੱਫਾ ਹੀ ਮੂੰਹ ਮੋੜ ਦਿੰਦੈ। ਪ੍ਰਸ਼ਾਦ ਘੱਟ ਤੋਂ ਘੱਟ ਲੈਣ ਲਈ ਪਹਿਲਾਂ ਹੀ ਕਹਿਣਾ ਪੈਂਦੈ, “ਭਾਈ ਜੀ, ਸਵਾਇਆ ਗੱਫਾ!”

ਅੱਜ ਸੋਚਦਾਂ ਕਿ ਇਹ ਚੁਸਤੀ ਚਲਾਕੀ ਵੀ ਕਮਾਲ ਦੀ ਸ਼ੈਅ ਏ ਜਿਹੜੀ ਬਚਪਨ ਵਿਚ ਈ ਕਰਨੀ ਆ ਜਾਂਦੀ ਏ ਤੇ ਪਿੱਛੋਂ ਸਾਰੀ ਉਮਰ ਪਿੱਛਾ ਨਹੀਂ ਛੱਡਦੀ।

ਡੰਗਰਾਂ ਮਗਰ ਤੁਰੇ ਫਿਰਦੇ ਅਸੀਂ ਗੰਨੇ ਭੰਨ ਲੈਂਦੇ ਤੇ ਛੱਲੀਆਂ ਤੋੜ ਲੈਂਦੇ ਸਾਂ। ਫੜੇ ਜਾਣ ‘ਤੇ ਕੁੱਟ ਵੀ ਪੈ ਜਾਂਦੀ ਸੀ। ਪਰ ਉਦੋਂ ਕੁੱਟਾਂ-ਕੱਟਾਂ ਦੀ ਕਿੱਥੇ ਪਰਵਾਹ ਸੀ? ਦੋ ਪਈਆਂ ਵਿਸਰ ਗਈਆਂ ਵਾਲਾ ਹਿਸਾਬ ਸੀ। ਤਾਂ ਹੀ ਤਾਂ ਚੋਰੀ ਦੀਆਂ ਰਿਓੜੀਆਂ ਤੇ ਪਕੌੜੀਆਂ ਖਾਣ ਲਈ ਸੰਤ ਰਾਮ ਖੱਤਰੀ ਤੇ ਅਮਰੀ ਸੁਨਿਆਰੇ ਦੀ ਹੱਟੀ ‘ਚ ਹੱਥ ਮਾਰ ਆਈਦਾ ਸੀ। ਚੋਰੀ ਦਾ ਮਾਲ ਲੱਗਦਾ ਵੀ ਬੜਾ ਸੁਆਦ ਸੀ। ਬਚਪਨ ਦੀਆਂ ਚੋਰੀਆਂ ਤੇ ਚਲਾਕੀਆਂ ਮਸੂਮ ਜਿਹੀਆਂ ਸਨ ਪਰ ਉਦੋਂ ਜਾਪਦਾ ਸੀ ਜਿਵੇਂ ਵੱਡੇ ਮਾਰ੍ਹਕੇ ਮਾਰ ਰਹੇ ਹੋਈਏ।

ਮੇਰਾ ਜਨਮ ਪਿੰਡ ਚਕਰ ਦਾ ਹੈ ਜਿਸ ਦੀ ਮੋੜ੍ਹੀ ਮੁਕਲ ਚੰਦ ਨਾਂ ਦੇ ਰਾਜਪੂਤ ਨੇ ਗੱਡੀ ਸੀ। ਬਾਬਾ ਫਰੀਦ ਦੇ ਆਗਮਨ ਤੋਂ ਕੁਝ ਸਮਾਂ ਪਹਿਲਾਂ ਉਹ ਜੈਸਲਮੇਰ ਤੋਂ ਚੱਲਿਆ ਤੇ ਥੇਹ ਹੋਏ ਇਤਿਹਾਸਕ ਨਗਰ ਹਠੂਰ ਕੋਲ ਵਸ ਗਿਆ। ਹਠੂਰ ਤੋਂ ਸਾਡਾ ਪਿੰਡ ਸਿਰਫ ਪੰਜ ਕਿਲੋਮੀਟਰ ਹੈ ਤੇ ਮਹਿਦੀਆਣੇ ਦੇ ਗੁਰਦਵਾਰੇ ਤੋਂ ਵੀ ਏਨੀ ਕੁ ਦੂਰ ਹੀ ਪੈਂਦਾ ਹੈ। ਜਗਰਾਓਂ ਸ਼ਹਿਰ ਤੇ ਕਲੇਰਾਂ ਦਾ ਨਾਨਕਸਰ ਠਾਠ ਪਿੰਡੋਂ ਵੀਹ ਕੁ ਕਿਲੋਮੀਟਰ ਹਨ। ਢੁੱਡੀਕੇ ਦਾ ਲਾਲਾ ਲਾਜਪਤ ਰਾਏ ਕਾਲਜ ਵੀ ਏਨੀ ਕੁ ਦੂਰ ਹੀ ਹੈ ਜਿਥੇ ਮੈਂ ਤੀਹ ਸਾਲ ਦੇ ਕਰੀਬ ਪੜ੍ਹਾਇਆ ਤੇ ਮੇਰੇ ਨਾਂ ਨਾਲ ਢੁੱਡੀਕੇ ਜੁੜ ਗਿਆ। ਹੁਣ ਵੀ ਬਹੁਤੇ ਪਾਠਕ ਮੈਨੂੰ ਢੁੱਡੀਕੇ ਦਾ ਹੀ ਸਮਝਦੇ ਹਨ।

ਅਪਰੈਲ 2001 ‘ਚ ਜਦੋਂ ਅਸੀਂ ਆਲਮੀ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਲਾਹੌਰ ਗਏ ਤਾਂ ਉਥੇ ਰਾਏ ਅਜ਼ੀਜ਼ਉੱਲਾ ਖਾਂ ਨਾਲ ਮੇਲ ਹੋਇਆ। ਉਨ੍ਹਾਂ ਨੇ ਸਾਨੂੰ ਆਪਣੇ ਘਰ ਸੱਦਿਆ। ਉਨ੍ਹਾਂ ਦੇ ਘਰੋਂ ਜੋ ਦਸਤਾਵੇਜ਼ ਮਿਲੇ ਉਨ੍ਹਾਂ ਤੋਂ ਪਤਾ ਲੱਗਾ ਕਿ ਸਾਡਾ ਪਿੰਡ ਉਨ੍ਹਾਂ ਦੇ ਵਡ-ਵਡੇਰੇ ਨੇ ਬੰਨ੍ਹਿਆ ਸੀ। ਮੁਕਲ ਚੰਦ ਦੀ ਚੌਥੀ ਪੀੜ੍ਹੀ ਦੇ ਮੁਖੀ ਦਾ ਨਾਂ ਤੁਲਸੀ ਦਾਸ ਸੀ ਜਿਸ ਨੇ ਇਸਲਾਮ ਧਰਮ ਧਾਰਨ ਕੀਤਾ ਤੇ ਉਹਦਾ ਨਾਂ ਸ਼ੇਖ਼ ਚੱਕੂ ਰੱਖਿਆ ਗਿਆ। ਸੰਭਵ ਹੈ ਚਕਰ ਦਾ ਵਸਨੀਕ ਹੋਣ ਕਾਰਨ ਉਹਨੂੰ ਸ਼ੇਖ਼ ਚਕਰ ਦਾ ਨਾਂ ਦਿੱਤਾ ਗਿਆ ਹੋਵੇ ਤੇ ਉਹ ਘਸ ਕੇ ਸ਼ੇਖ਼ ਚੱਕੂ ਜਾਂ ਰੋਮਨ ਅੱਖਰਾਂ ਵਿਚ ਸ਼ੇਖ਼ ਚਾਚੂ ਬਣ ਗਿਆ ਹੋਵੇ। ਰਾਏ ਸਾਹਿਬ ਆਪਣੇ ਵਡ-ਵਡੇਰੇ ਦਾ ਨਾਂ ਸ਼ੇਖ਼ ਚਾਚੂ ਹੀ ਲੈ ਰਹੇ ਸਨ।

ਸ਼ੇਖ਼ ਦੀ ਸੱਤਵੀਂ ਪੀੜ੍ਹੀ ਵਿਚ ਰਾਏ ਕੱਲ੍ਹਾ ਪਹਿਲਾ ਪੈਦਾ ਹੋਇਆ ਜਿਸ ਨੂੰ ਸ਼ਹਿਨਸ਼ਾਹ ਅਲਾਉੱਦੀਨ ਨੇ ਰਾਏਕੋਟ ਦੀ ਜਗੀਰ ਦਿੱਤੀ ਤੇ ‘ਰਾਏ’ ਦਾ ਖ਼ਿਤਾਬ ਬਖ਼ਸ਼ਿਆ। ‘ਰਾਏ’ ਰਾਜਪੂਤ ਦਾ ਹੀ ਛੋਟਾ ਰੂਪ ਹੈ। ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਜੰਗਲ ਵਿਚ ਦੀ ਹੁੰਦੇ ਹੋਏ ਜਦੋਂ ਰਾਏਕੋਟ ਦੇ ਇਲਾਕੇ ਵਿਚ ਦਾਖਲ ਹੋਏ ਤਾਂ ਉਸ ਸਮੇਂ ਰਾਏ ਕੱਲ੍ਹਾ ਤੀਜਾ ਉਥੋਂ ਦਾ ਜਗੀਰਦਾਰ ਸੀ। ਉਸ ਨੇ ਮੁਗ਼ਲ ਬਾਦਸ਼ਾਹ ਤੇ ਸੂਬਾ ਸਰਹੰਦ ਦੀ ਪਰਵਾਹ ਨਾ ਕਰਦਿਆਂ ਗੁਰੂ ਜੀ ਨੂੰ ਰਿਹਾਇਸ਼ ਦਿੱਤੀ ਤੇ ਨੂਰੇ ਮਾਹੀ ਨੂੰ ਉਨ੍ਹਾਂ ਦੀ ਟਹਿਲ ਸੇਵਾ ਸੌਂਪੀ।

ਸਾਖੀ ਪ੍ਰਚਲਿਤ ਹੈ ਕਿ ਨੂਰੇ ਮਾਹੀ ਨੇ ਗੁਰੂ ਜੀ ਦੇ ਲੋਟਾਨੁਮਾ ਬਰਤਨ ਗੰਗਾ ਸਾਗਰ ਵਿਚ ਔਸਰ ਝੋਟੀ ਦਾ ਦੁੱਧ ਚੋ ਕੇ ਗੁਰੂ ਜੀ ਨੂੰ ਪਿਆਇਆ। ਬਾਅਦ ਵਿਚ ਉਹੀ ਗੰਗਾ ਸਾਗਰ ਗੁਰੂ ਜੀ ਨੇ ਰਾਏ ਕੱਲ੍ਹੇ ਨੂੰ ਸੌਂਪ ਦਿੱਤਾ। ਅਨੇਕਾਂ ਛੇਕਾਂ ਤੇ ਨਿੱਕੇ ਢੱਕਣ ਵਾਲਾ ਸੁਰਾਹੀ ਵਰਗਾ ਪਵਿੱਤਰ ਬਰਤਨ ਹੁਣ ਰਾਏ ਕੱਲ੍ਹਾ ਦੇ ਵਾਰਸ ਰਾਏ ਅਜ਼ੀਜ਼ਉੱਲਾ ਖਾਂ ਪਾਸ ਸੁਰੱਖਿਅਤ ਹੈ। ਉਹਦੀ ਬਣਤਰ ਹੀ ਅਜਿਹੀ ਹੈ ਕਿ ਉਹਦੇ ਵਿਚੋਂ ਰੇਤ ਕਿਰ ਜਾਂਦੀ ਹੈ ਪਰ ਦੁੱਧ ਨਹੀਂ ਡੁਲ੍ਹਦਾ। ਸਿੱਖ ਸੰਗਤਾਂ ਬੜੀ ਸ਼ਰਧਾ ਨਾਲ ਗੰਗਾ ਸਾਗਰ ਦੇ ਦਰਸ਼ਨ ਕਰਦੀਆਂ ਹਨ। ਇਹ ਤੱਥ ਅਜੇ ਖੋਜ ਦਾ ਮੁਥਾਜ ਹੈ ਕਿ ਉਹ ਇਸਲਾਮੀ ਬਣਤਰ ਵਾਲਾ ਪਰ ਬ੍ਰਾਹਮਣੀ ਨਾਂ ਵਾਲਾ ਅਦਭੁਤ ਬਰਤਨ ਗੁਰੂ ਗੋਬਿੰਦ ਸਿੰਘ ਦੇ ਹੱਥ ਕਿਵੇਂ ਆਇਆ? ਕੀ ਉਹ ਚਮਕੌਰ ਦੀ ਗੜ੍ਹੀ ‘ਚੋਂ ਨਿਕਲਣ ਵੇਲੇ ਵੀ ਉਨ੍ਹਾਂ ਪਾਸ ਸੀ ਜਾਂ ਰਸਤੇ ਵਿਚ ਕਿਸੇ ਨੇ ਭੇਟ ਕੀਤਾ? ਕੀ ਉਹੋ ਜਿਹੀ ਬਣਤਰ ਵਾਲਾ ਹੋਰ ਵੀ ਕੋਈ ਬਰਤਨ ਹੈ? ਕਿਸ ਨੇ ਤੇ ਕਿਥੋਂ ਦੇ ਕਾਰੀਗਰ ਨੇ ਉਸ ਨੂੰ ਢਾਲਿਆ ਤੇ ਬਣਾਇਆ ਹੋਵੇਗਾ?

ਰਾਏ ਅਜ਼ੀਜ਼ਉੱਲਾ ਕਹਿੰਦੇ ਹਨ, “ਗੰਗਾ ਸਾਗਰ ਸਾਡੇ ਬਜ਼ੁਰਗਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਆ ਅਨਮੋਲ ਤੋਹਫ਼ਾ ਹੈ ਜੋ ਸਾਨੂੰ ਜਿੰਦ ਤੋਂ ਪਿਆਰਾ ਹੈ ਤੇ ਜਿਸ ਦੀ ਸੰਭਾਲ ਅਸੀਂ ਪੁਸ਼ਤਾਂ ਤੋਂ ਪੂਰਨ ਸ਼ਰਧਾ ਨਾਲ ਕਰਦੇ ਆ ਰਹੇ ਹਾਂ। ਇਸ ਨਾਲ ਲੱਖਾਂ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਇਸ ਦੀ ਆਮ ਬਰਤਨ ਵਾਂਗ ਨਿਰਖ ਪਰਖ ਹੋਵੇ।”

ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਲਾਗੇ ਪਿੰਡ ਲੰਮੇ ਵਿਖੇ ਵਿਸਰਾਮ ਕਰ ਰਹੇ ਸਨ ਜਦੋਂ ਨੂਰੇ ਮਾਹੀ ਨੇ ਸਰਹੰਦ ਤੋਂ ਮੁੜ ਕੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋ ਜਾਣ ਦੀ ਦੁੱਖ ਭਰੀ ਵਿਥਿਆ ਸੁਣਾਈ। ਦੋ ਵੱਡੇ ਸਾਹਿਬਜ਼ਾਦੇ ਗੁਰੂ ਜੀ ਦੀਆਂ ਅੱਖਾਂ ਸਾਹਮਣੇ ਹੀ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਚੁੱਕੇ ਸਨ। ਉਸ ਵੇਲੇ ਗੂਰੂ ਜੀ ਦੇ ਮਨ ਉਤੇ ਜੋ ਬੀਤੀ ਹੋਵੇਗੀ ਸੰਵੇਦਨਸ਼ੀਲ ਵਿਅਕਤੀ ਸਹਿਜੇ ਹੀ ਉਸ ਦਾ ਅੰਦਾਜ਼ਾ ਲਾ ਸਕਦੇ ਹਨ। ਮਾਤਾ ਪਿਤਾ ਤੇ ਚਾਰੇ ਪੁੱਤਰਾਂ ਦੀ ਸ਼ਹੀਦੀ ਦਾ ਦੁੱਖ ਅਸਹਿ ਸੀ। ਅਜਿਹੇ ਮੌਕੇ ਗੁਰੂ ਜੀ ਤੁਰਕ ਦੇ ਜ਼ੁਲਮ ਦੀ ਜੜ੍ਹ ਪੁੱਟਣ ਦੀ ਗੱਲ ਨਾ ਕਰਦੇ ਤਾਂ ਹੋਰ ਕੀ ਕਰਦੇ?

ਉਥੋਂ ਉਹ ਮਹਿਦੀਆਣੇ ਆਏ ਤੇ ਢਾਬ ਵਿਚ ਇਸ਼ਨਾਨ ਕੀਤਾ। ਫਿਰ ਸਾਡੇ ਪਿੰਡ ਰਾਤ ਕੱਟੀ। ਮੈਂ ਅਕਸਰ ਸੋਚਦਾਂ, ਉਸ ਪੋਹ ਮਾਘ ਦੀ ਠਰੀ ਹੋਈ ਰਾਤ ਨੂੰ ਗੁਰੂ ਜੀ ਨੂੰ ਸਾਡੇ ਪਿੰਡ ਨੀਂਦ ਆਈ ਹੋਵੇਗੀ ਜਾਂ ਨਹੀਂ? ਪਰ ਕਿਥੇ! ਉਸ ਹਾਲਤ ਵਿਚ ਕੌਣ ਸੌਂ ਸਕਦਾ ਹੈ? ਵੀਹ ਵਿਸਵੇ ਉਨ੍ਹਾਂ ਨੇ ਰਾਤ ਜਾਗਦਿਆਂ ਕੱਟੀ ਹੋਵੇਗੀ। ਉਦੋਂ ਤਾਂ ਪਿੰਡ ਵੀ ਨਿੱਕਾ ਜਿਹਾ ਹੋਵੇਗਾ।
ਪਤਾ ਨਹੀਂ ਸਾਡੇ ਪਿੰਡ ਵਾਲਿਆਂ ਤੋਂ ਗੁਰੂ ਜੀ ਦੀ ਕੋਈ ਟਹਿਲ ਸੇਵਾ ਹੋ ਸਕੀ ਹੋਵੇਗੀ ਜਾਂ ਨਹੀਂ? ਕਿਸੇ ਨੇ ਦੁੱਖ ਵੰਡਾਇਆ ਹੋਵੇਗਾ ਜਾਂ ਨਾ? ਕੀ ਸੋਚਦੇ ਹੋਣਗੇ ਉਹ ਸਾਡੇ ਪਿੰਡ ਬਾਰੇ? ਸੰਭਵ ਹੈ ਕਿਸੇ ਨੇ ਮੰਜਾ ਬਿਸਤਰਾ ਦੇ ਦਿੱਤਾ ਹੋਵੇ ਤੇ ਰੋਟੀ ਪਾਣੀ ਦੀ ਸੇਵਾ ਕੀਤੀ ਹੋਵੇ। ਪਰ ਇਹ ਸਾਰਾ ਕੁਝ ਹਨ੍ਹੇਰੇ ਵਿਚ ਹੈ। ਜਿਥੇ ਉਨ੍ਹਾਂ ਨੇ ਰਾਤ ਕੱਟੀ ਉਹ ਜਗ੍ਹਾ ਤਾਂ ਪਿੰਡ ਦੇ ਕਿਲੇ ਤੋਂ ਕੁਝ ਹਟਵੀਂ ਸੀ। ਉਦੋਂ ਉਥੇ ਵਸੋਂ ਨਹੀਂ ਸੀ ਹੋ ਸਕਦੀ। ਬਜ਼ੁਰਗ ਦੱਸਦੇ ਰਹੇ ਹਨ ਕਿ ਜਿਥੇ ਹੁਣ ਸਰੋਵਰ ਹੈ ਉਥੇ ਗੁਰੂ ਜੀ ਦਾਤਣ ਕਰ ਕੇ ਤਖਤੂਪੁਰੇ ਹੁੰਦੇ ਹੋਏ ਦੀਨੇ ਕਾਂਗੜ ਚਲੇ ਗਏ ਸਨ ਜਿਥੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ।

ਗੁਰੂ ਹਰਗੋਬਿੰਦ ਸਾਹਿਬ ਵੀ ਲੋਪੋਂ ਤੋਂ ਚਕਰ ਆ ਗਏ ਸਨ ਤੇ ਸਾਡੇ ਪਿੰਡ ਦੀ ਮਿੱਟੀ ਨੂੰ ਆਪਣੇ ਪਵਿੱਤਰ ਚਰਨਾਂ ਦੀ ਛੋਹ ਬਖ਼ਸ਼ ਗਏ ਸਨ। ਗੁਰੂ ਸਾਹਿਬਾਨ ਦੀ ਯਾਦ ਵਿਚ ਸਾਡੇ ਪਿੰਡ ਗੁਰਦਵਾਰਾ ਗੁਰੂਸਰ ਬਣਿਆ ਹੋਇਆ ਹੈ। ਜਿਸ ਕੱਚੇ ਕੋਠੇ ਵਿਚ ਮੇਰਾ ਜਨਮ ਹੋਇਆ ਗੁਰਦਵਾਰੇ ਤੋਂ ਸੌ ਕੁ ਕਰਮਾਂ ਦੀ ਵਿੱਥ ‘ਤੇ ਹੀ ਸੀ। ਉਹ ਕੱਚਾ ਕੋਠਾ ਢਹਿ ਚੁੱਕਾ ਹੈ ਤੇ ਹੁਣ ਉਥੇ ਵਿਹੜਾ ਹੈ। ਮੈਂ ਖ਼ੁਸ਼ਕਿਸਮਤ ਹਾਂ ਕਿ ਜਦੋਂ ਚਾਹਾਂ ਆਪਣਾ ਜਨਮ ਸਥਾਨ ਵੇਖ ਸਕਦਾ ਹਾਂ। ਮੇਰਾ ਜਨਮ ਲਹਿੰਦੇ ਪੰਜਾਬ ਦੇ ਕਿਸੇ ਪਿੰਡ ਵਿਚ ਹੋਇਆ ਹੁੰਦਾ ਤਾਂ ਮੈਂ ਆਪਣੀ ਜਨਮ ਭੋਇੰ ਨੂੰ ਵੇਖਣ ਲਈ ਤਰਸਦਾ ਰਹਿੰਦਾ। ਬਥੇਰੇ ਲੋਕ ਹਨ ਜੋ ਆਪਣਾ ਜਨਮ ਸਥਾਨ ਵੇਖਣ ਲਈ ਝੂਰਦੇ ਤੇ ਹੰਝੂ ਵਗਾਉਂਦੇ ਰਹਿੰਦੇ ਹਨ।

ਜਦ ਮੈਂ ਛੇ ਕੁ ਸਾਲਾਂ ਦਾ ਹੋਇਆ ਤਾਂ ਆਪਣੇ ਨਿੱਕੇ ਨਿੱਕੇ ਕਦਮਾਂ ਨਾਲ ਘਰ ਤੋਂ ਗੁਰੂਘਰ ਵਿਚਲੇ ਸਕੂਲ ਤਕ ਚਲਾ ਜਾਂਦਾ ਤੇ ਫਿਰ ਘਰ ਪਰਤ ਆਉਂਦਾ। ਉਹੀ ਨਿੱਕੇ ਕਦਮ ਉਮਰ ਨਾਲ ਵੱਡੇ ਬਣ ਕੇ ਮੈਨੂੰ ਦਿੱਲੀ-ਦੱਖਣ, ਲੰਡਨ-ਲਾਹੌਰ ਤੇ ਅਮਰੀਕਾ-ਕੈਨੇਡਾ ਤਕ ਘੁਮਾਈ ਫਿਰੇ ਹਨ। ਜ਼ਿਲ੍ਹਾ ਲੁਧਿਆਣੇ ਦੇ ਪਛੜੇ ਹੋਏ ਪਿੰਡ ਚਕਰ ਤੋਂ ਚੱਲ ਕੇ ਹੁਣ ਮੈਂ ਕੈਨੇਡਾ ਦੇ ਆਧੁਨਿਕ ਸ਼ਹਿਰ ਟੋਰਾਂਟੋ ਦਾ ਵਸਨੀਕ ਬਣ ਗਿਆ ਹਾਂ ਤੇ ਇਹ ਸਤਰਾਂ ਇਥੇ ਬੈਠਾ ਈ ਲਿਖ ਰਿਹਾਂ। ਦੇਸ ਪਰਦੇਸ ਦੇ ਖੇਡ ਮੇਲਿਆਂ ਤੇ ਹੋਰਨਾਂ ਥਾਂਵਾਂ ‘ਤੇ ਜਾਂਦਿਆਂ ਆਉਂਦਿਆਂ ਜਿੰਨਾ ਕੁ ਜਗਤ ਤਮਾਸ਼ਾ ਮੈਂ ਵੇਖ ਸਕਿਆਂ ਉਹ ਵਿਖਾਉਣ ਦੀ ਕੋਸ਼ਿਸ਼ ਕਰਾਂਗਾ। ਇਹ ਤਾਂ ਸਮਾਂ ਹੀ ਦੱਸੇਗਾ ਕਿ ਮੈਂ ਕੀ ਕੁਝ ਬਿਆਨ ਕਰ ਸਕਾਂਗਾ?

***

(ਪ੍ਰਿੰ: ਸਰਵਣ ਸਿੰਘ ਦਾ ਨਵਾਂ ਸਫ਼ਰਨਾਮਾ ‘ਫੇਰੀ ਵਤਨਾਂ ਦੀ’ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ ਛਾਪਿਆ ਹੈ। ਪੁਸਤਕ ਦੇ ਇਕੱਤੀ ਕਾਂਡ ਹਨ ਤੇ ਕੀਮਤ ਹੈ ਦਸ ਡਾਲਰ। ਪੁਸਤਕ ਬਾਰੇ ਲੇਖਕ ਦੇ ਫੋਨ 905-799-1661 ਅਤੇ ਪ੍ਰਕਾਸ਼ਕ ਦੇ ਫੋਨ 0161-2740738, 6540738 ਉਤੇ ਸੰਪਰਕ ਕੀਤਾ ਜਾ ਸਕਦਾ ਹੈ।)

(5 ਜੂਨ 2008) ਸੂਰਜ ਯੂਨੀਕੋਡ

ਪ੍ਰਿੰ. ਸਰਵਣ ਸਿੰਘ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>>>>

e-mail:
ਲਿਖਾਰੀ

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.